Wednesday 31 December 2014

ਬਾਗ਼ੀ...!

'ਲੜਨਾ ਕਰਮ ਹੈ ਮੇਰਾ, ਮਰਨਾ ਧਰਮ ਹੈ ਮੇਰਾ, ਕਿਉਂਕਿ ਮੈਂ ਬਾਗ਼ੀ ਹਾਂ।' ਬਾਗ਼ੀ ਹੋਣਾ  ਵੀ ਇਕ ਧਰਮ ਹੈ। ਮਾੜੀ ਵਿਵਸਥਾ ਦੇ ਖਿਲਾਫ਼ ਬਾਗ਼ੀ ਹੋ ਕੇ ਆਪਣੇ ਨਿੱਜੀ ਸਵਾਰਥ ਤੋਂ ਉੱਪਰ ਉੱਠ ਕੇ ਲੜਨ ਵਾਲੇ ਬਾਗ਼ੀਆਂ ਦੇ ਫਲਸਫ਼ੇ ਦਾ ਇਤਿਹਾਸ ਬੜੀ ਜਾਨਦਾਰ ਅਤੇ ਸ਼ਾਨਦਾਰ ਗਵਾਹੀ ਭਰਦਾ ਹੈ। ਮੈਂ ਉਨ੍ਹਾਂ ਰਹਿਬਰ ਬਾਗ਼ੀਆਂ ਦੀ ਗੱਲ ਕਰ ਰਿਹਾ ਹਾਂ, ਜਿਨ੍ਹਾਂ ਨੇ ਮਨੁੱਖਤਾ ਦੀ ਖ਼ਾਤਿਰ ਹਮੇਸ਼ਾ ਆਪਣੀ ਜਾਨ ਤਲੀ 'ਤੇ ਰੱਖ ਤੇ ਨਿਡਰ ਹੋ ਕੇ ਜਮਾਤ ਦੀ ਗੱਲ ਕੀਤੀ, ਜਾਤ ਦੀ ਗੱਲ ਨਹੀਂ ਕੀਤੀ। ਜੇ ਇਤਿਹਾਸ 'ਤੇ ਝਾਤ ਮਾਰੀਏ ਤਾਂ ਭਗਵਾਨ ਵਾਲਮੀਕਿ ਮਹਾਰਾਜ ਨੇ ਅਯੁਧਿਆ ਦੇ ਰਾਜਾ ਰਾਮ ਦੀ ਮਾੜੀ ਵਿਵਸਥਾ ਦੇ ਖਿਲਾਫ਼ ਲਵ ਅਤੇ ਕੁਸ਼ ਨੂੰ ਸਿੱਖਿਆ ਦੇ ਕੇ ਬਾਗ਼ੀ ਬਣਾ ਦਿੱਤਾ। ਇਨ੍ਹਾਂ ਬਾਗ਼ੀਆਂ ਨੇ ਹੀ ਰਾਮ ਦੇ ਹੰਕਾਰ ਦੇ ਘੋੜੇ ਨੂੰ ਨੱਥ ਪਾਈ ਅਤੇ ਰਾਜਾ ਰਾਮ ਸਮੇਤ ਸਾਰੀ ਸੈਨਾ ਨੂੰ ਕਰਾਰੀ ਮਾਤ ਦਿੱਤੀ। ਫਿਰ ਰਾਜਾ ਰਾਮ ਨੂੰ ਅਹਿਸਾਸ ਵੀ ਕਰਵਾਇਆ ਕਿ ਉਨ੍ਹਾਂ ਨੇ ਸੀਤਾ ਮਾਤਾ ਦੇ ਗਰਭ ਦੌਰਾਨ ਉਨ੍ਹਾਂ ਨਾਲ ਘੋਰ ਅਨਿਆਇ ਕੀਤਾ ਸੀ ਅਤੇ ਆਪਣਾ ਪਤੀਵਰਤਾ ਧਰਮ ਨਹੀਂ ਨਿਭਾਇਆ ਸੀ। ਭਗਵਾਨ ਵਾਲਮੀਕਿ ਮਹਾਰਾਜਾ ਜੀ ਦੀਆਂ ਸਿੱਖਿਆਵਾਂ ਅਤੇ ਬਾਗ਼ੀ ਧਰਮ ਦੇ ਫਲਸਫ਼ੇ ਨੂੰ ਹੋਰ ਅੱਗੇ ਵਧਾਉਂਦੇ ਹੋਏ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ, ਸ੍ਰੀ ਗੁਰੂ ਨਾਨਕ ਦੇਵ ਜੀ, ਸਤਿਗੁਰੂ ਕਬੀਰ ਮਹਾਰਾਜ ਜੀ, ਸਤਿਗੁਰੂ ਸਦਨਾ ਜੀ ਅਤੇ ਸਤਿਗੁਰੂ ਸੈਨ ਜੀ ਨੇ ਆਪਣੇ ਜੀਵਨ ਕਾਲ ਦੇ ਸਮੇਂ ਧਰਮ ਦੇ ਨਾਂ 'ਤੇ ਪਖੰਡ ਪਰੋਸ ਕੇ ਮਾਨਵਤਾ ਦਾ ਘਾਣ ਕਰਨ ਵਾਲੇ ਕਾਂਸ਼ੀ-ਬਨਾਰਸ ਦੇ ਪਾਂਡਿਆਂ ਖਿਲਾਫ਼ ਬਗ਼ਾਵਤ ਦੇ ਝੰਡੇ ਨੂੰ ਬੁਲੰਦ ਕੀਤਾ ਅਤੇ ਆਪਣਾ ਪੂਰਾ ਜੀਵਨ ਸੰਘਰਸ਼ਮਈ ਬਤੀਤ ਕਰਦੇ ਹੋਏ ਸਮੁੱਚੀ ਮਾਨਵਤਾ ਲਈ ਵਿਦਰੋਹ ਦਾ ਚਿੰਨ੍ਹ ਬਣ ਕੇ ਵਿਦਰੋਹੀ ਸਥਾਪਿਤ ਹੋਏ।  ਉਹ ਵੱਖਰੀ ਗੱਲ ਹੈ ਕਿ ਇਤਿਹਾਸਕਾਰਾਂ ਨੇ ਇਨ੍ਹਾਂ ਮਹਾਂਪੁਰਖਾਂ ਵੱਲੋਂ ਸਾਡੇ ਲਈ ਕੀਤੀਆਂ ਕੁਰਬਾਨੀਆਂ ਨੂੰ ਭਗਤੀ ਦਾ ਰੂਪ ਦੇ ਕੇ ਫਿਰ ਆਪਣੀ ਦੁਕਾਨਦਾਰੀ ਚਮਕਾ ਲਈ। ਇੱਥੇ ਹੀ ਬਸ ਨਹੀਂ, ਮਹਾਤਮਾ ਜੋਤੀ ਰਾਏ ਫੂਲੇ, ਸਵਿਤਰੀ ਬਾਈ ਫੂਲੇ ਅਤੇ ਯੁਗਪੁਰਸ਼ ਡਾ. ਭੀਮ ਰਾਓ ਅੰਬੇਡਕਰ ਨੇ ਇਨ੍ਹਾਂ ਮਹਾਂਪੁਰਖਾਂ ਦੇ ਬਾਗ਼ੀ ਧਰਮ ਨੂੰ ਬਾਖੂਬੀ ਨਿਭਾਉਂਦੇ ਹੋਏ ਮਨੁੱਖਤਾ ਦੀ ਸੇਵਾ ਵਿੱਚ ਭਾਰਤ ਦੇ ਲੋਕਾਂ ਨੂੰ ਨਵਾਂ ਇਤਿਹਾਸ ਸਿਰਜ ਕੇ ਭਾਰਤੀ ਸੰਵਿਧਾਨ ਦਿੱਤਾ, ਜਿਹੜਾ ਭਾਰਤ ਦੇ ਹਰ ਮਨੁੱਖ ਨੂੰ ਬਰਾਬਰ ਦੇ ਹੱਕ-ਹਕੂਕ ਅਤੇ ਪੂਰਨ ਆਜ਼ਾਦੀ ਦਿੰਦਾ ਹੈ। ਤਾਹੀਓਂ ਤਾਂ ਅੱਜ ਸਮੁੱਚਾ ਵਿਸ਼ਵ ਕਹਿ ਰਿਹਾ ਹੈ ਕਿ ਭਾਰਤ ਨੇ ਲੋਕਤੰਤਰ ਦੀਆਂ ਨਵੀਆਂ ਲੀਹਾਂ ਸਿਰਜੀਆਂ ਹਨ। ਹੁਣ ਪੂਰੇ ਵਿਸ਼ਵ ਵਿੱਚ ਇਸ ਗੱਲ ਦਾ ਚਰਚਾ ਵੀ ਹੈ ਕਿ ਸਾਨੂੰ ਯੁੱਧ ਨਹੀਂ ਚਾਹੀਦਾ, ਸਾਨੂੰ ਬੁੱਧ ਚਾਹੀਦਾ ਹੈ। ਹਾਲਾਂਕਿ ਵਿਸ਼ਵ ਦੇ ਬੁੱਧੀਮਾਨਾਂ ਨੇ ਭਾਰਤੀ ਸੰਵਿਧਾਨ ਦੀ ਸਰਾਹਨਾ ਕੀਤੀ ਹੈ ਪਰ ਆਪਣੇ ਹੀ ਦੇਸ਼ ਵਿੱਚ ਧਰਮ ਦੇ ਨਾਂ 'ਤੇ ਪਖੰਡ ਫੈਲਾਉਣ ਵਾਲਿਆਂ ਨੇ ਸੰਵਿਧਾਨ 'ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਲਈ ਇਹ ਸਮਾਂ ਬਾਗ਼ੀਆਂ ਨੂੰ ਲਲਕਾਰ ਰਿਹਾ ਹੈ ਕਿ ਆਓ ਆਪਸੀ ਮਤਭੇਦਾਂ ਨੂੰ ਭੁਲਾ ਕੇ ਭਾਰਤ ਦੇ ਸੰਵਿਧਾਨ ਨੂੰ ਅਤੇ ਉਸ ਦੀ ਸੋਚ ਨੂੰ ਸੁਰੱਖਿਅਤ ਕੀਤਾ ਜਾ ਸਕੇ। ਭਾਰਤ ਦੇ ਸੰਵਿਧਾਨ ਤੇ ਤਥਾਗਤ ਧਰਮ ਦੇ ਠੇਕੇਦਾਰਾਂ ਦੇ ਨਾਲ-ਨਾਲ ਛਾਤਿਰ ਬੁੱਧੀ ਵਾਲੇ ਰਾਜਨੀਤਿਕ ਲੋਕ ਵੀ ਬੜੇ ਤੇਜ਼-ਤਰਾਰ ਅਤੇ ਗੰਭੀਰ ਹਮਲੇ ਕਰ ਰਹੇ ਹਨ। ਇਨ੍ਹਾਂ ਹਮਲਿਆਂ ਨੂੰ ਨਕਾਰਾ ਕਰਨ ਲਈ ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ ਜਨ-ਜਨ ਤੱਕ ਪਹੁੰਚਾਉਣ ਲਈ ਕਿਸੇ ਠੋਸ ਉਪਰਾਲੇ ਦਾ ਹੋਂਦ ਵਿੱਚ ਨਾ ਆਉਣਾ ਸਾਡੇ ਰਹਿਬਰਾਂ ਦੀ ਕੁਰਬਾਨੀ ਸਦਕਾ ਮਨੁੱਖਤਾ ਦੀ ਹਰ ਪ੍ਰਕਾਰ ਦੀ ਆਜ਼ਾਦੀ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦੇ ਹਨ। ਇਹ ਗੱਲ ਸਹੀ ਹੈ  ਕਿ ਸਾਡੇ ਕੋਲ, ਸਾਡੇ ਘਰਾਂ 'ਚ ਆਪਣੇ ਰਹਿਬਰਾਂ ਦੀਆਂ ਤਸਵੀਰਾਂ ਤੇ ਲਿਖਤੀ ਰੂਪ ਵਿੱਚ ਇਤਿਹਾਸ ਜ਼ਰੂਰ ਪਿਆ ਹੈ ਪਰ ਤਸਵੀਰਾਂ ਅਤੇ ਇਤਿਹਾਸ ਦੇ ਲਿਟਰੇਚਰ 'ਤੇ ਪਈ ਧੂੜ ਕਾਰਣ ਸਾਡਾ ਸਿਰ ਸ਼ਰਮ ਨਾਲ ਝੁਕ ਜਾਣਾ ਚਾਹੀਦਾ ਹੈ। ਸਾਡੀ ਰਹਿਬਰਾਂ ਦੀ ਵਿਚਾਰਧਾਰਾ ਦੇ ਵਿਰੋਧੀ ਇਕਜੁੱਟ ਹਨ, ਉਨ੍ਹਾਂ ਕੋਲ ਤਕੜਾ ਸਰਮਾਇਆ ਹੈ। ਉਹ ਮਜ਼ਦੂਰਾਂ ਨੂੰ ਮਜ਼ੇ ਤੋਂ ਦੂਰ ਰੱਖਣ ਦੇ ਹਰ ਹੀਲੇ-ਵਸੀਲੇ ਅਖ਼ਤਿਆਰ ਕਰ ਰਹੇ ਹਨ। ਅਜਿਹੇ ਮੌਕੇ 'ਤੇ ਬਾਗ਼ੀ ਧਰਮ ਦੇ ਝੰਡੇ ਨੂੰ ਬੁਲੰਦ ਰੱਖਣ ਦਾ ਦਾਅਵਾ ਕਰਨ ਵਾਲੇ ਲੋਕ ਆਪਣੇ ਰੁਝੇਵਿਆਂ ਅਤੇ ਆਪਸੀ ਮਤਭੇਦਾਂ ਵਿੱਚ ਉਲਝੇ ਹੋਏ ਹਨ, ਜਿਹੜਾ ਕਿ ਬੜਾ ਖ਼ਤਰਨਾਕ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦਾ ਬਹੁਤ ਵੱਡਾ ਹਰਜਾਨਾ ਭੁਗਤਣਾ ਪਵੇਗਾ। ਹਾਲਾਂਕਿ ਅਜਿਹਾ ਨਹੀਂ ਹੈ ਕਿ ਬਾਗ਼ੀਆਂ ਦੀ ਨਸਲ ਖ਼ਤਮ ਹੋ ਗਈ, ਇੰਝ ਕਦੇ ਨਹੀਂ ਹੋ ਸਕਦਾ। ਕਦੀ ਕੋਈ ਨਸਲ ਖ਼ਤਮ ਨਹੀਂ ਹੁੰਦੀ। ਕਿਸੇ ਸ਼ਾਇਰ ਨੇ ਖੂਬ ਕਿਹਾ ਹੈ ਕਿ :-
ਅਜੀਬ ਦਿਲਕਸ਼ੀ ਹੈ ਅੱਜ-ਕੱਲ੍ਹ ਮਾਹੌਲ ਅੰਦਰ
ਨ੍ਹੇਰੀ ਵੀ ਚੱਲ ਰਹੀ ਹੈ ਤੇ ਦੀਵੇ ਵੀ ਬਲ ਰਹੇ ਹਨ
ਅੱਜ ਦੇ ਮਾਹੌਲ ਮੁਤਾਬਿਕ ਇਹ ਸ਼ੇਅਰ ਕਾਫੀ ਅਨੁਕੂਲ ਹੈ, ਕਿਉਂਕਿ ਮਨੂੰਵਾਦ ਦੇ ਤੂਫ਼ਾਨ ਵੀ ਬੜੀ ਤੇਜ਼ੀ ਨਾਲ ਚੱਲ ਰਹੇ ਹਨ ਅਤੇ ਮਾਨਵਵਾਦੀਆਂ ਦੇ ਦੀਵੇ ਵੀ ਬੜੇ ਜੋਸ਼ 'ਚ ਜਗਮਗਾ ਰਹੇ ਹਨ। ਕਿਤੇ-ਕਿਤੇ ਇਨ੍ਹਾਂ ਦੀਵਿਆਂ ਦੀ ਲੋਅ ਮੂਹਰੇ ਸੂਰਜ ਦੀ ਲੋਅ ਵੀ ਮੱਧਮ ਪੈ ਜਾਂਦੀ ਹੈ। ਇੱਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਮਾਨਵਤਾ ਵਿਰੋਧੀ ਮਨੂੰ ਦੇ ਟੋਲੇ ਨੂੰ ਨੱਥ ਪਾਉਣ ਲਈ ਮਜ਼ਦੂਰ ਜਥੇਬੰਦੀਆਂ, ਗਰੀਬਾਂ ਦੇ ਉੱਥਾਨ ਲਈ ਬਣੀਆਂ ਜਥੇਬੰਦੀਆਂ ਅਲੱਗ-ਅਲੱਗ ਜਥਿਆਂ ਵਿੱਚ ਕਿਉਂ ਲੜ ਰਹੀਆਂ ਹਨ? ਕੀ ਮਾਰਕਸ ਦੇ ਚੇਲੇ ਅਤੇ ਅੰਬੇਡਕਰ ਦੇ ਪੈਰੋਕਾਰਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਜੇ ਸੰਵਿਧਾਨ 'ਤੇ ਡਾਕਾ ਪਏਗਾ ਤਾਂ ਮਾਰਕਸ ਅਤੇ ਅੰਬੇਡਕਰ ਦੀ ਵਿਚਾਰਧਾਰਾ ਦਾ ਨਸ਼ਟ ਹੋਣਾ ਲਾਜ਼ਮੀ ਹੀ ਹੈ। ਫਿਰ ਇਹ ਕਿਉਂ ਆਪਸ ਵਿੱਚ ਲੜ ਕੇ ਸਮਾਂ ਖ਼ਰਾਬ ਕਰ ਰਹੇ ਹਨ। ਮੈਨੂੰ ਲੱਗਦਾ ਹੈ ਕਿ ਇਨ੍ਹਾਂ ਨੂੰ ਇਕ ਕਰਨਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਇਨ੍ਹਾਂ ਦੀ ਆਪਸੀ ਲੜਾਈ ਬੜੇ ਅਰਾਮ ਨਾਲ ਮਨੂੰਵਾਦੀ ਸਰਮਾਏਦਾਰਾਂ ਦਾ ਰਸਤਾ ਸਾਫ਼ ਕਰ ਦੇਵੇਗੀ ਅਤੇ ਉਹ ਆਪਣੇ ਮਣਸੂਬੇ ਵਿੱਚ ਕਾਮਯਾਬ ਹੋ ਜਾਣਗੇ। ਇਕ ਅੰਗਰੇਜ਼ੀ ਦੀ ਕਹਾਵਤ ਹੈ ਕਿ : 'ਚੈਰਿਟੀ ਬਿਗੇਨ ਐਟ ਹੋਮ'। ਚਲੋ ਇਸ ਕਹਾਵਤ ਨੂੰ ਆਪਣੇ ਤੋਂ ਹੀ ਸ਼ੁਰੂ ਕਰਦੇ ਹਾਂ। ਮੈਂ ਵਾਅਦਾ ਕਰਦਾ ਹਾਂ ਮੇਰੀ ਕਲਮ ਕਦੇ ਵੀ ਬਾਗ਼ੀ ਰਹਿਬਰਾਂ ਦੀ ਕੁਰਬਾਨੀ ਨੂੰ ਅਜਾਈਂ ਨਹੀਂ ਜਾਣ ਦੇਵੇਗੀ। ਮੇਰੀ ਕਲਮ ਹਮੇਸ਼ਾ ਮਜ਼ਦੂਰ ਹਿੱਤ ਲਈ ਲੜੇਗੀ। ਮੈਂ ਇਹ ਜਾਣਦਾ ਹਾਂ ਕਿ ਦੁਸ਼ਮਣ ਤਕੜਾ ਹੈ ਪਰ ਇਹ ਮੰਨਣ ਲਈ ਤਿਆਰ ਨਹੀਂ ਕਿ ਸਾਡਾ ਸਮਾਂ ਬਹੁਤ ਮਾੜਾ ਹੈ, ਕਿਉਂਕਿ ਜੇ ਆਪਣੇ ਰਹਿਬਰਾਂ ਦੇ ਸਮੇਂ ਵੱਲ ਝਾਤ ਮਾਰੀਏ ਤਾਂ ਰੂਹ ਕੰਬ ਜਾਂਦੀ ਹੈ। ਕਿਵੇਂ ਉਨ੍ਹਾਂ ਨੇ ਉਨ੍ਹਾਂ ਹਾਲਾਤਾਂ ਵਿੱਚ ਧਰਮ ਦੇ ਠੇਕੇਦਾਰਾਂ ਅਤੇ ਰਾਜੇ-ਮਹਾਰਾਜਿਆਂ ਨੂੰ ਆਪਣੀਆਂ ਤਰਕ ਭਰਪੂਰ ਦਲੀਲਾਂ ਨਾਲ ਇਸ ਗੱਲ 'ਤੇ ਸਹਿਮਤ ਕਰ ਲਿਆ ਸੀ ਕਿ 'ਐਸਾ ਚਾਹੁੰ ਰਾਜ ਮੈਂ ਜਹਾਂ ਮਿਲੇ ਸਭਨੁ ਕੇ ਅੰਨੁ।' ਮੈਨੂੰ ਲੱਗਦਾ ਹੈ ਕਿ ਬਾਬਾ ਸਾਹਿਬ ਅੰਬੇਡਕਰ ਅਤੇ ਬਾਕੀ ਰਹਿਬਰਾਂ ਦੇ ਸਦਕਾ ਸਾਡੇ ਕੋਲ ਵੀਰ ਏਕਲਵਿਯ, ਵੀਰ ਬਬਰੀਕ, ਝਲਕਾਰੀ ਬਾਈ, ਮਾਤਾ ਦੀਨ ਭੰਗੀ ਆਦਿ ਸ਼ੂਰਵੀਰਾਂ ਦੀ ਬੜੀ ਲੰਮੀ-ਚੌੜੀ ਫੌਜ ਹਾਲੇ ਵੀ ਮੌਜੂਦ ਹੈ। ਬਸ ਖ਼ਿਆਲ ਏਨਾ ਰੱਖਣਾ ਹੈ ਕਿ ਕਿਸੇ ਦਰੌਣਾਚਾਰਿਆ ਦੇ ਕਹਿਣ 'ਤੇ ਅਸੀਂ ਅੰਗੂਠੇ ਨਹੀਂ ਦੇਣੇ।