Monday 23 February 2015

ਸੂਟ ਸਵਾ ਚਾਰ ਕਰੋੜੀ

ਅੱਛੇ ਦਿਨ ਆਨੇ ਵਾਲੇ ਹੈਂ, ਮੋਦੀ ਲਾਓ ਦੇਸ਼ ਬਚਾਓ, ਹਰ ਹਰ ਮੋਦੀ-ਹਰ ਘਰ ਮੋਦੀ, ਇਨ੍ਹਾਂ ਨਾਅਰਿਆਂ ਨੇ ਨਰਿੰਦਰ ਮੋਦੀ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾ ਦਿੱਤਾ। ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਵਿੱਚ ਇਨ੍ਹਾਂ ਨਾਅਰਿਆਂ ਦੇ ਨਾਲ-ਨਾਲ ਵੱਡੇ ਉਦਯੋਗਿਕ ਘਰਾਣਿਆਂ ਦਾ ਹਜ਼ਾਰਾਂ ਕਰੋੜ ਦਾ ਧਨ ਵੀ ਸੀ ਜੋ ਉਨ੍ਹਾਂ ਨੇ ਮੋਦੀ ਦੀ ਅਗਵਾਈ ਵਿੱਚ ਭਾਜਪਾ ਨੂੰ ਚੋਣਾਂ ਲੜਨ ਲਈ ਦਿੱਤਾ। ਮੋਦੀ ਨੇ ਇਨ੍ਹਾਂ ਹਜ਼ਾਰ ਕਰੋੜ ਰੁਪਇਆਂ ਦਾ ਬੜੇ ਤਰੀਕੇ ਨਾਲ ਇਸਤੇਮਾਲ ਕੀਤਾ ਤੇ 2014 ਦੀਆਂ ਚੋਣਾਂ ਇਸੇ ਧਨ ਦੀ ਬਦੌਲਤ ਜਿੱਤੀਆਂ। ਇਸ ਪੈਸੇ ਦਾ ਇਸਤੇਮਾਲ ਕਰਕੇ ਮੋਦੀ ਨੇ ਮੀਡੀਆ ਆਪਣੇ ਹੱਕ ਵਿੱਚ ਖੜ੍ਹਾ ਕਰ ਲਿਆ। ਮੀਡੀਆ ਨੇ ਮੋਦੀ ਦੇ ਹੱਕ ਵਿੱਚ ਐਸਾ ਪ੍ਰਚਾਰ ਕੀਤਾ ਕਿ ਲੋਕਾਂ ਨੂੰ ਮੋਦੀ ਤੋਂ ਇਲਾਵਾ ਕੁਝ ਨਜ਼ਰ ਹੀ ਨਾ ਆਇਆ ਤੇ ਮੋਦੀ 300 ਤੋਂ ਵੱਧ ਸੀਟਾਂ ਲੈ ਕੇ ਕੇਂਦਰ 'ਚ ਆਪਣੀ ਸਰਕਾਰ ਬਣਾਉਣ 'ਚ ਕਾਮਯਾਬ ਹੋ ਗਿਆ। ਚੋਣਾਂ ਦੌਰਾਨ ਮੋਦੀ ਨੇ ਜਨਤਾ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸੀ। ਲੋਕਾਂ ਨੂੰ ਭਰੋਸਾ ਦੁਆਇਆ ਸੀ ਕਿ ਭਾਰਤ ਦਾ ਵਿਦੇਸ਼ਾਂ ਵਿੱਚ ਜਮ੍ਹਾ ਕਾਲਾ ਧਨ ਵਾਪਸ ਲਿਆਂਦਾ ਜਾਵੇਗਾ ਤੇ ਹਰ ਭਾਰਤੀ ਦੇ ਖਾਤੇ ਵਿੱਚ 15-15 ਲੱਖ ਰੁਪਇਆ ਜਮ੍ਹਾ ਹੋ ਜਾਵੇਗਾ। ਇਸੇ ਤਰ੍ਹਾਂ ਦੇ ਹੋਰ ਵੀ ਕਈ ਝੂਠੇ-ਸੱਚੇ ਵਾਅਦੇ ਕੀਤੇ ਗਏ। ਇਕ ਜ਼ਮਾਨਾ ਸੀ ਕਿ ਲੋਕ ਡਰਾਮੇਬਾਜ਼ੀਆਂ ਦੇ ਚੱਕਰ 'ਚ ਫਸ ਕੇ ਲੀਡਰਾਂ ਦੁਆਰਾ ਕੀਤੇ ਵਾਅਦੇ ਭੁੱਲ ਜਾਂਦੇ ਸਨ। ਉਹ ਜ਼ਮਾਨਾ ਸੀ ਇੰਦਰਾ ਗਾਂਧੀ ਦਾ, ਉਹ ਜ਼ਮਾਨਾ ਸੀ ਰਾਜੀਵ ਗਾਂਧੀ ਦਾ, ਉਹ ਜ਼ਮਾਨਾ ਸੀ ਵੀ. ਪੀ. ਸਿੰਘ ਦਾ। ਪਰ ਹੁਣ ਵਕਤ ਬਦਲ ਚੁੱਕਾ ਹੈ। ਲੀਡਰ ਭਾਵੇਂ ਆਪਣੇ ਵਾਅਦੇ ਭੁੱਲ ਜਾਣ ਪਰ ਜਨਤਾ ਯਾਦ ਰੱਖਦੀ ਹੈ ਕਿ ਇਸ ਨੇ ਚੋਣਾਂ ਜਿੱਤਣ ਤੋਂ ਪਹਿਲਾਂ ਸਾਡੇ ਨਾਲ ਕਿਹੜੇ-ਕਿਹੜੇ ਝੂਠ ਬੋਲੇ ਸਨ ਤੇ ਹੱਥੋ-ਹੱਥੀ ਉਸ ਦਾ ਬਦਲਾ ਲੈਣ ਦੀ ਵੀ ਤਾਕਤ ਜਨਤਾ ਵਿੱਚ ਹੈ। ਅੱਜ ਹਰ ਭਾਰਤੀ ਪੁੱਛ ਰਿਹਾ ਹੈ ਮੋਦੀ ਸਾਹਿਬ ਅੱਛੇ ਦਿਨ ਕਬ ਆਏਂਗੇ। ਇਹ ਉਹੀ ਜਨਤਾ ਹੈ ਜਿਸ ਨੇ ਕਾਂਗਰਸ ਦੇ ਝੂਠੇ ਵਾਅਦਿਆਂ 'ਤੇ ਭਰੋਸਾ ਕਰਦੇ ਹੋਏ ਉਸ ਨੂੰ 60 ਸਾਲ ਦਾ ਰਾਜ ਦਿੱਤਾ, ਉਸ ਜਨਤਾ 'ਚ ਹੁਣ ਇੰਨਾ ਬਰਦਾਸ਼ਤ ਮਾਦਾ ਨਹੀਂ ਕਿ ਅੱਛੇ ਦਿਨਾਂ ਦੀ ਉਮੀਦ ਵਿੱਚ ਮੋਦੀ ਨੂੰ ਵੀ ਜਾਂ ਭਾਜਪਾ ਨੂੰ ਵੀ 50 ਸਾਲਾਂ ਦਾ ਵਕਤ ਹੋਰ ਦੇਵੇ। ਦਿੱਲੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਜਨਤਾ ਨੇ ਆਪਣੀ ਮੰਸ਼ਾ ਸਪੱਸ਼ਟ ਤੌਰ 'ਤੇ ਦਰਸ਼ਾ ਵੀ ਦਿੱਤੀ। ਜਦੋਂ ਭਾਜਪਾ ਨੂੰ 70 ਸੀਟਾਂ 'ਚੋਂ ਸਿਰਫ 3 ਸੀਟਾਂ ਹੀ ਮਿਲੀਆਂ। ਜਦਕਿ ਇਸ ਤੋਂ ਪਿਛਲੀਆਂ ਚੋਣਾਂ 'ਚ 32 ਸੀਟਾਂ ਜਿੱਤ ਕੇ ਭਾਜਪਾ ਸਭ ਤੋਂ ਵੱਡੀ ਪਾਰਟੀ ਦੇ ਤੌਰ 'ਤੇ ਉੱਭਰੀ ਸੀ ਤੇ ਉਸ ਨੂੰ ਬਹੁਮਤ ਤੋਂ ਸਿਰਫ 3 ਸੀਟਾਂ ਹੀ ਘੱਟ ਮਿਲੀਆਂ ਸਨ। ਹਾਸੇ ਵਿੱਚ ਕਿਹਾ ਜਾ ਰਿਹਾ ਹੈ ਕਿ ਭਾਜਪਾ ਨੂੰ 3 ਸੀਟਾਂ ਦੀ ਲੋੜ ਸੀ ਤੇ ਲੋਕਾਂ ਨੇ ਉਨ੍ਹਾਂ ਨੂੰ 3 ਸੀਟਾਂ ਦੇ ਦਿੱਤੀਆਂ ਤੇ 32 ਖੋਹ ਲਈਆਂ। ਭਾਜਪਾ ਵੱਲੋਂ ਮੋਦੀ ਨੂੰ ਬਚਾਉਣ ਲਈ ਕਈ ਤਰ੍ਹਾਂ ਦੀ ਬਹਾਨੇਬਾਜ਼ੀ ਕੀਤੀ ਜਾ ਰਹੀ ਹੈ। ਕਿਰਨ ਬੇਦੀ ਨੂੰ ਖੜ੍ਹਾ ਕੀਤਾ ਤਾਂ ਚੋਣਾਂ ਹਾਰ ਗਏ, ਵਰਕਰਾਂ ਨੇ ਸਾਥ ਨਹੀਂ ਦਿੱਤਾ ਤਾਂ ਚੋਣਾਂ ਹਾਰ ਗਏ ਜਾਂ ਕੁਝ ਹੋਰ ਅਜਿਹੀਆਂ ਹੀ ਬਹਾਨੇਬਾਜ਼ੀਆਂ। ਜਦਕਿ ਸੱਚ ਇਹ ਹੈ ਕਿ ਲੋਕਾਂ ਨੇ ਮੋਦੀ ਦੇ ਖਿਲਾਫ ਜਾ ਕੇ ਵੋਟ ਪਾਈ ਤੇ ਉਸ ਨੂੰ ਆਪਣੀ ਤਾਕਤ ਨਾਲ ਜਾਣੂ ਕਰਾ ਦਿੱਤਾ। ਦਿੱਲੀ ਚੋਣਾਂ ਦੌਰਾਨ ਮੋਦੀ ਦਾ 10 ਲੱਖ ਵਾਲਾ ਸੂਟ ਚਰਚਾ ਵਿੱਚ ਆਇਆ। ਰਾਹੁਲ ਗਾਂਧੀ ਨੇ ਆਪਣੇ ਹਰ ਭਾਸ਼ਣ ਵਿੱਚ 10 ਲੱਖ ਦੇ ਸੂਟ ਦਾ ਜ਼ਿਕਰ ਕੀਤਾ ਜੋ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਓਬਾਮਾ ਨੂੰ ਮਿਲਣ ਵੇਲੇ ਪਹਿਨਿਆ ਸੀ। ਜਨਤਾ ਸੋਚਣ 'ਤੇ ਮਜਬੂਰ ਹੋ ਗਈ ਕਿ ਇਹ ਕਿਹੜਾ ਗਰੀਬਾਂ ਦਾ ਪ੍ਰਧਾਨ ਮੰਤਰੀ ਹੈ ਜਿਹੜਾ ਆਪਣੇ ਆਪ ਨੂੰ ਚਾਹ ਵਾਲੇ ਦਾ ਮੁੰਡਾ ਕਹਿੰਦਾ ਹੈ, ਗਰੀਬਾਂ ਦਾ ਹਮਦਰਦ ਦੱਸਦਾ ਹੈ ਤੇ 10-10 ਲੱਖ ਦਾ ਸੂਟ ਪਾਉਂਦਾ ਹੈ ਤੇ ਉਸ ਨੇ ਵੋਟਾਂ ਰਾਹੀਂ ਆਪਣੇ ਵਿਚਾਰ ਮੋਦੀ ਤੱਕ ਪਹੁੰਚਾ ਦਿੱਤੇ ਕਿ ਸਾਨੂੰ ਗਰੀਬਾਂ ਦੇ ਹੱਕ ਵਿੱਚ ਕੰਮ ਕਰਨ ਵਾਲਾ ਪ੍ਰਧਾਨ ਮੰਤਰੀ ਚਾਹੀਦਾ ਹੈ ਨਾ ਕਿ ਗਰੀਬਾਂ ਦੇ ਹੱਕ ਵਿੱਚ ਵੱਡੀਆਂ-ਵੱਡੀਆਂ ਗੱਪਾਂ ਮਾਰਨ ਵਾਲਾ ਪ੍ਰਧਾਨ ਮੰਤਰੀ। ਚੰਗੇ ਰਾਜਨੀਤਿਕ ਦੀ ਪਹਿਚਾਣ ਦੱਸੀ ਜਾਂਦੀ ਹੈ, ਉਹ ਆਪਣੇ 'ਤੇ ਪੈਣ ਵਾਲੇ ਇਕ-ਇਕ ਵੱਟੇ ਨੂੰ ਇਕੱਠਾ ਕਰਕੇ ਆਪਣੇ ਲਈ ਮਕਾਨ ਬਣਾ ਲੈਂਦਾ ਹੈ ਤੇ ਮੋਦੀ ਵੀ ਕੁਝ ਉਸੇ ਤਰ੍ਹਾਂ ਦਾ ਲੀਡਰ ਹੈ। ਜਿਸ ਨੇ 10 ਲੱਖ ਦੇ ਸੂਟ ਨੂੰ ਗੰਗਾ ਸਫ਼ਾਈ ਅਭਿਆਨ 'ਚ ਦਾਨ ਕਰਨ ਖਾਤਿਰ ਨੀਲਾਮ ਕਰ ਦਿੱਤਾ ਤੇ ਨੀਲਾਮੀ 'ਚ ਇਹ ਸੂਟ 4 ਕਰੋੜ 31 ਲੱਖ ਦਾ ਵਿਕਿਆ। ਮੋਦੀ ਨੂੰ ਲੱਗਾ ਹੋਵੇਗਾ ਨੀਲਾਮੀ ਕਰਵਾ ਕੇ ਉਸ ਨੇ ਬਦਨਾਮੀ ਖਤਮ ਕਰ ਦਿੱਤੀ। ਪਰ ਉਸ ਤੋਂ ਉਲਟ ਆਮ ਜਨਤਾ ਵਿੱਚ ਇਹ ਆਵਾਜ਼ ਨਿਕਲ ਕੇ ਆ ਰਹੀ ਹੈ ਕਿ ਮੋਦੀ ਦਾ ਸੂਟ ਗੁਜਰਾਤ ਦੇ ਉਨ੍ਹਾਂ ਵਪਾਰੀਆਂ ਵਿੱਚੋਂ ਇਕ ਨੇ ਖਰੀਦਿਆ ਹੈ ਜੋ ਮੋਦੀ ਨੂੰ ਚੋਣਾਂ ਲਈ ਕਰੋੜਾਂ ਰੁਪਏ ਦੇ ਫੰਡ ਦਿੰਦੇ ਰਹੇ ਹਨ ਤੇ ਉਸ ਲਈ 4-5 ਕਰੋੜ ਰੁਪਇਆ ਖਰਚਣਾ ਕੋਈ ਵੱਡੀ ਗੱਲ ਨਹੀਂ। ਸਵਾ 4 ਕਰੋੜ ਰੁਪਏ ਦਾ ਸੂਟ ਵੇਚਣ ਦੀ ਡਰਾਮੇਬਾਜ਼ੀ ਕਰਕੇ ਲੋਕਾਂ ਦਾ ਧਿਆਨ ਮੁੱਦੇ ਤੋਂ ਭਟਕਾਉਣ ਦੀ ਕੋਸ਼ਿਸ਼ ਨਾਕਾਮ ਸਿੱਧ ਹੋਈ ਹੈ। ਪਿਛਲੇ 9 ਮਹੀਨਿਆਂ 'ਚ ਅਭਿਆਨ ਤਾਂ ਬੜੇ ਲੰਬੇ-ਚੌੜੇ ਚੱਲ ਰਹੇ ਹਨ। ਸਫ਼ਾਈ ਅਭਿਆਨ, ਬੇਟੀ ਬਚਾਓ ਅਭਿਆਨ, ਗੰਗਾ ਬਚਾਓ ਅਭਿਆਨ, ਮੇਕ ਇਨ ਇੰਡੀਆ ਅਭਿਆਨ
, ਪਰ ਇਹ ਸਾਰੇ ਹਵਾਈ ਅਭਿਆਨ ਹਵਾ ਦੇ ਵਿੱਚ ਹੀ ਚੱਲ ਰਹੇ ਹਨ। ਮੀਡੀਆ ਰਾਹੀਂ ਪ੍ਰਾਪੋਗੰਡਾ ਪੂਰਾ ਕੀਤਾ ਜਾਂਦਾ ਹੈ, ਪਰ ਜ਼ਮੀਨੀ ਪੱਧਰ 'ਤੇ ਕੋਈ ਕੰਮ ਹੋਵੇ, ਐਸਾ ਅਜੇ ਤੱਕ ਮਹਿਸੂਸ ਨਹੀਂ ਹੋ ਰਿਹਾ। ਚੋਣਾਂ ਜਿੱਤਣ ਤੋਂ ਪਹਿਲਾਂ ਮੋਦੀ ਨੇ ਇਕ ਵਾਰੀ ਕਿਹਾ ਸੀ 'ਦੇਵਾਲਯਾ ਨਹੀਂ ਸ਼ੌਚਾਲਯ'। ਇਹ ਵਿਚਾਰ ਥੋੜ੍ਹਾ ਮੇਰੇ ਦਿਲ ਨੂੰ ਵੀ ਛੂਹਿਆ ਸੀ। ਲੱਗਦਾ ਸੀ ਕਿ ਸ਼ਾਇਦ ਸਾਡੇ ਦੇਸ਼ ਵਿੱਚ ਕੋਈ ਅਜਿਹਾ ਲੀਡਰ ਪੈਦਾ ਹੋ ਰਿਹਾ ਹੈ ਜੋ ਮੰਦਿਰਾਂ-ਮਸਜ਼ਿਦਾਂ ਤੋਂ ਉੱਪਰ ਉੱਠ ਕੇ ਜ਼ਮੀਨੀ ਹਕੀਕਤ 'ਤੇ ਵੀ ਸੋਚ ਸਕਦਾ ਹੈ। ਆਰਐਸਐਸ ਦਾ ਬੰਦਾ ਹੋਵੇ ਤੇ ਉਹ ਆਵਾਜ਼ ਦੇਵੇ 'ਦੇਵਾਲਯ ਨਹੀਂ ਸ਼ੌਚਾਲਯ' ਸੁਣ ਕੇ ਚੰਗਾ ਤਾਂ ਲੱਗਦਾ ਹੀ ਹੈ। ਲੱਗ ਰਿਹਾ ਸੀ ਕਿ ਕੋਈ ਯੋਜਨਾ ਬਣਾ ਕੇ ਇਸ ਵਿਚਾਰ ਨੂੰ ਹਰ ਪਿੰਡ, ਹਰ ਘਰ ਵਿੱਚ ਲਾਗੂ ਕੀਤਾ ਜਾਵੇਗਾ। ਹੁਣ ਲੱਗ ਰਿਹਾ ਹੈ ਕਿ ਇਹ ਵੀ ਇਕ ਸਫ਼ਾਈ ਅਭਿਆਨ ਦੇ ਪ੍ਰਾਪੋਗੰਡਾ ਦਾ ਹੀ ਹਿੱਸਾ ਬਣ ਕੇ ਰਹਿ ਜਾਵੇਗਾ। ਮੋਦੀ ਸਾਹਿਬ, ਦੇਸ਼ ਵੱਡੀਆਂ-ਵੱਡੀਆਂ ਗੱਲਾਂ ਨਾਲ ਨਹੀਂ ਚੱਲਣਾ, ਛੋਟੇ-ਛੋਟੇ ਕੰਮਾਂ ਨਾਲ ਚੱਲਣਾ ਹੈ। ਲੰਬੇ-ਚੌੜੇ ਭਾਸ਼ਣ ਦੇਣ ਦੀ ਬਜਾਏ ਕੁਝ ਜ਼ਮੀਨੀ ਪੱਧਰ 'ਤੇ ਕਰੋ ਤਾਂ ਜੋ ਲੋਕ ਮਹਿਸੂਸ ਕਰਨ ਕਿ ਅੱਛੇ ਦਿਨ ਆ ਰਹੇ ਹੈਂ। ਕਦੇ-ਕਦੇ ਤਾਂ ਇੰਝ ਲੱਗਦਾ ਹੈ ਕਿ ਮੋਦੀ ਨੇ ਸਾਡੇ ਦੇਸ਼ ਵਿੱਚ ਝੂਠ ਬੋਲਣ ਦਾ ਮੁਕਾਬਲਾ ਸ਼ੁਰੂ ਕਰਵਾ ਦਿੱਤਾ ਹੈ। ਹੁਣ ਤਾਂ ਹਰ ਪਾਰਟੀ ਦਾ ਲੀਡਰ ਵੱਧ ਤੋਂ ਵੱਧ ਝੂਠ ਬੋਲਣ ਦੀ ਤਿਆਰੀ ਕਰਦਾ ਹੈ। ਕੇਜਰੀਵਾਲ 67 ਸੀਟਾਂ ਲੈ ਕੇ ਜਿੱਤ ਤਾਂ ਗਿਆ ਪਰ ਦੇਖਣਾ ਹੈ ਕਿ ਉਹ ਮੁਫ਼ਤ ਬਿਜਲੀ, ਮੁਫ਼ਤ ਪਾਣੀ, ਮੁਫ਼ਤ ਵਾਈ-ਫਾਈ ਕਿਵੇਂ ਲੋਕਾਂ ਤੱਕ ਪਹੁੰਚਾਉਂਦਾ ਹੈ ਜੇ ਕਿਸੇ ਤਰੀਕੇ ਨਾਲ ਆਪਣੇ ਵਾਅਦੇ ਪੂਰੇ ਕਰਨ 'ਚ ਕਾਮਯਾਬ ਹੋ ਗਿਆ ਫਿਰ ਉਸ ਦਾ ਰਸਤਾ ਬੜਾ ਸਪਸ਼ਟ ਹੈ। ਸਾਰਾ ਦੇਸ਼ ਆਮ ਆਦਮੀ ਦੀ ਝੋਲੀ 'ਚ ਡਿੱਗਣ ਨੂੰ ਤਿਆਰ ਹੈ ਤੇ ਬੀਜੇਪੀ ਨੂੰ ਉਸੇ ਹੀ ਬੇਦਰਦੀ ਨਾਲ ਹਰਾਏਗਾ ਜਿਸ ਤਰੀਕੇ ਨਾਲ ਦਿੱਲੀ ਵਿੱਚ ਹਰਾਇਆ ਸੀ ਤੇ ਸਭ ਤੋਂ ਪਹਿਲਾਂ ਦਿੱਲੀ ਤੋਂ ਬਾਅਦ ਪੰਜਾਬ ਸੂਬਾ ਬਣੇਗਾ ਜਿੱਥੇ ਆਮ ਆਦਮੀ ਪਾਰਟੀ ਦਾ ਰਾਜ ਆ ਸਕਦਾ ਹੈ ਪਰ ਇਸ ਦੀ ਸਿਰਫ ਇਕ ਹੀ ਸ਼ਰਤ ਹੈ ਕਿ ਕੇਜਰੀਵਾਲ ਆਪਣੇ ਕੀਤੇ ਵਾਅਦੇ ਦਿੱਲੀ 'ਚ ਲਾਗੂ ਕਰਕੇ ਦਿਖਾਵੇ। ਨਹੀਂ ਤਾਂ ਇਸ ਦਾ ਹਾਲ ਜਨਤਾ ਨੇ ਮੋਦੀ ਤੋਂ ਵੀ ਬੱਦਤਰ ਕਰਨਾ ਹੈ। ਮੋਦੀ ਦਾ ਸੂਟ ਸਵਾ 4 ਕਰੋੜੀ ਵਿਕਿਆ, ਕੇਜਰੀਵਾਲ ਦਾ ਮਫਲਰ ਹੋ ਸਕਦਾ ਹੈ ਸਵਾ 5 ਕਰੋੜ ਵਿੱਚ ਵਿਕ ਜਾਵੇ। ਪਰ ਇਨ੍ਹਾਂ ਪਖੰਡਾਂ ਦੇ ਨਾਲ ਲੋਕਾਂ ਦੇ ਢਿੱਡ ਨਹੀਂ ਭਰਨੇ। ਸਫ਼ਾਈਆਂ ਨਹੀਂ ਹੋਣੀਆਂ, ਲੋਕਾਂ ਨੂੰ ਬਿਜਲੀ-ਪਾਣੀ ਨਹੀਂ ਮਿਲਣਾ, ਸਿੱਖਿਆ ਨਹੀਂ ਬੱਚਿਆਂ ਤੱਕ ਪਹੁੰਚਣੀ, ਦਵਾਈਆਂ ਦੁੱਖੋਂ ਮਰੀਜ਼ ਮਰਦੇ ਰਹਿਣੇ ਹਨ, ਡਰਾਮੇਬਾਜ਼ੀਆਂ ਛੱਡੋ ਲੀਡਰੋ, ਲੋਕਾਂ ਬਾਰੇ ਵੀ ਸੋਚ ਲਓ। 
- ਅਜੇ ਕੁਮਾਰ

Monday 16 February 2015

ਵਿਰੋਧ 'ਚ ਵੀ ਵਿਕਾਸ ਹੈ

ਵੰਸ਼ਦਾਨੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਨੇ ਆਪਣੇ ਜੀਵਨ ਦੇ ਸੰਘਰਸ਼ ਉਪਰੰਤ ਆਪਣੇ ਫਲਸਫੇ ਵਿੱਚ ਸ਼ੋਸ਼ਿਤ ਸਮਾਜ ਲਈ ਅਨਮੋਲ ਖਜ਼ਾਨਾ 'ਭਾਰਤੀ ਸੰਵਿਧਾਨ' ਦਿੱਤਾ। ਉਨ੍ਹਾਂ ਨੇ ਸ਼ੋਸ਼ਿਤ ਸਮਾਜ ਦੇ ਆਗੂਆਂ ਨੂੰ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਖੇਤਰ ਵਿੱਚ ਅੱਗੇ ਵਧਣ ਦੇ ਹਰ ਸੰਭਵ ਮੌਕੇ ਅਤੇ ਹਦਾਇਤਾਂ ਦਿੱਤੀਆਂ। ਉਨ੍ਹਾਂ ਵੱਲੋਂ ਦਿੱਤੀਆਂ ਗਈਆਂ ਦਲੀਲਾਂ ਅਤੇ ਸਮਾਜ ਨੂੰ ਕੀਤੀਆਂ ਗਈਆਂ ਅਪੀਲਾਂ ਵੱਲ ਹਾਲੇ ਵੀ ਸਾਡੇ ਸਮਾਜ ਦੇ ਆਗੂਆਂ ਨੇ ਡੂੰਘੀ ਝਾਤ ਨਹੀਂ ਮਾਰੀ। ਜੇਕਰ ਇਮਾਨਦਾਰੀ ਨਾਲ ਉਨ੍ਹਾਂ ਦੀਆਂ ਦਲੀਲਾਂ ਅਤੇ ਅਪੀਲਾਂ ਵੱਲ ਸਮਾਜ ਦੇ ਆਗੂਆਂ ਨੇ ਝਾਤ ਮਾਰੀ ਹੁੰਦੀ ਤਾਂ ਅੱਜ ਦਲਿਤ ਸਮਾਜ ਦਾ ਅਟੁਟ ਹਿੱਸਾ ਸਫ਼ਾਈ ਮਜ਼ਦੂਰ ਦੇ ਹਾਲਾਤ ਏਨੇ ਚਿੰਤਾਜਨਕ ਨਾ ਹੁੰਦੇ, ਅੱਜ ਖੇਤ ਮਜ਼ਦੂਰਾਂ ਦੇ ਘਰ ਵਿੱਚ ਉਦਾਸੀ ਨਾ ਹੁੰਦੀ, ਉਨ੍ਹਾਂ ਦੇ ਚਿਹਰਿਆਂ ਤੋਂ ਰੌਣਕ ਬੇਮੁਖ ਨਾ ਹੁੰਦੀ। ਕਈ ਵਿਦਵਾਨਾਂ ਨੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਜੀਵਨ ਮਿਸ਼ਨ ਨੂੰ ਆਪਣੇ ਢੰਗ ਨਾਲ ਪੇਸ਼ ਕਰਕੇ ਦਲਿਤਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਹਾਲੇ ਤੱਕ ਇਹ ਸਾਰੇ ਉਪਰਾਲੇ ਦਲਿਤਾਂ ਦੀ ਦਸ਼ਾ ਅਤੇ ਦਿਸ਼ਾ ਨੂੰ ਸਹੀ ਮੰਜ਼ਿਲ ਤੱਕ ਨਹੀਂ ਪਹੁੰਚਾ ਸਕੇ। ਅੱਜ-ਕੱਲ੍ਹ ਦੇ ਦਲਿਤ ਆਗੂ ਜ਼ਿਆਦਾਤਰ ਦੂਸਰਿਆਂ ਦਾ ਵਿਰੋਧ ਕਰਦੇ ਹਨ, ਖ਼ਾਸ ਕਰਕੇ ਆਪਣੇ ਦਲਿਤ ਸਮਾਜ ਦੇ ਆਗੂਆਂ ਦਾ। ਸਭਾ-ਸੁਸਾਇਟੀ ਅਤੇ ਰਾਜਨੀਤਿਕ ਪਾਰਟੀਆਂ ਦੇ ਅਹੁਦੇ ਹੀ ਉਨ੍ਹਾਂ ਦੀ ਮੰਜ਼ਿਲ ਬਣ ਗਏ ਹਨ। ਜਿਹੜੇ ਕਿ ਅੱਜ-ਕੱਲ੍ਹ ਦੇ ਯੁਗ ਵਿੱਚ ਕਿਸੇ ਗਿਣਤੀ 'ਚ ਨਹੀਂ ਆਉਂਦੇ। ਇਸ ਦਾ ਮੁੱਖ ਕਾਰਨ ਇਹ ਹੈ ਕਿ ਪਹਿਲਾਂ ਲੋਕ ਲੀਡਰ ਚੁਣਦੇ ਸਨ, ਹੁਣ ਇਸ ਦੇ ਉਲਟ ਹੋ ਰਿਹਾ ਹੈ, ਹੁਣ ਲੀਡਰ ਲੋਕਾਂ ਨੂੰ ਚੁਣ ਰਿਹਾ ਹੈ। ਇਸ ਤਰ੍ਹਾਂ ਦੀ ਨੀਤੀ ਜ਼ਿਆਦਾ ਲੰਬੀ ਦੇਰ ਨਹੀਂ ਚੱਲ ਸਕਦੀ। ਬਾਬਾ ਸਾਹਿਬ ਨੇ ਸਮੇਂ-ਸਮੇਂ 'ਤੇ ਕਈ ਦਲੀਲਾਂ ਦਿੱਤੀਆਂ, ਜਿਹੜੀਆਂ ਦਲਿਤ ਸਮਾਜ ਨੂੰ ਤਰੱਕੀ ਦੀਆਂ ਲੀਹਾਂ ਤੱਕ ਲਿਜਾ ਸਕਦੀਆਂ ਸਨ, ਉਨ੍ਹਾਂ ਨੇ ਇਕ ਦਲੀਲ ਇਹ ਵੀ ਦਿੱਤੀ ਸੀ ਕਿ ਵਿਰੋਧ ਵਿੱਚ ਵੀ ਵਿਕਾਸ ਹੈ। ਹਾਲਾਂਕਿ ਇਹ ਸੰਵਾਦ ਤਕਰੀਬਨ ਸਾਰੇ ਦਲਿਤ ਲੀਡਰ ਬੋਲਦੇ ਹਨ ਪਰ ਫਿਰ ਵੀ ਦੂਸਰਿਆਂ ਦਾ ਵਿਰੋਧ ਕਰੀ ਜਾਂਦੇ ਹਨ। ਬਹੁਤ ਪੁਰਾਣੀ ਗੱਲ ਹੈ ਕਿ ਕਿਸੇ ਪੇਂਟਰ ਨੇ ਇਕ ਖੂਬਸੂਰਤ ਚਿੱਤਰ ਬਣਾਇਆ, ਉਸ ਨੇ ਚਿੱਤਰ ਬਣਾ ਕੇ ਆਪਣੇ ਘਰ ਦੇ ਬਾਹਰ ਰੱਖ ਦਿੱਤਾ ਅਤੇ ਉਸ ਚਿੱਤਰ 'ਤੇ ਲਿਖ ਦਿੱਤਾ ਕਿ ਜਿਸ ਨੂੰ ਵੀ ਇਸ ਚਿੱਤਰ 'ਚ ਜੋ ਵੀ ਗਲਤੀ ਨਜ਼ਰ ਆਉਂਦੀ ਹੈ, ਉਹ ਕ੍ਰਿਪਾ ਕਰਕੇ ਮੈਨੂੰ ਆਪਣਾ ਸੁਝਾਅ ਜ਼ਰੂਰ ਦਿਓ, ਜਿਹੜੇ ਲੋਕ ਵੀ ਉਸ ਚਿੱਤਰ ਨੂੰ ਵੇਖਣ, ਆਪਣੇ-ਆਪਣੇ ਹਿਸਾਬ ਨਾਲ ਉਸ ਚਿੱਤਰ ਵਿੱਚ ਗਲਤੀ ਕੱਢ ਕੇ ਉਸ ਜਗ੍ਹਾ 'ਤੇ ਗੋਲੇ ਦਾ ਨਿਸ਼ਾਨ ਲਗਾ ਦੇਣ। ਕੁਝ ਦਿਨਾਂ ਬਾਅਦ ਉਹ ਚਿੱਤਰ ਛੋਟੇ-ਛੋਟੇ ਗੋਲਿਆਂ ਵਿੱਚ ਤਬਦੀਲ ਹੋ ਗਿਆ ਅਤੇ ਉਸ ਚਿੱਤਰ 'ਚ ਅਣਗਿਣਤ ਗੋਲੇ ਲੱਗ ਗਏ। ਥੋੜ੍ਹੇ ਦਿਨਾਂ ਬਾਅਦ ਉਸ ਚਿੱਤਰਕਾਰ ਨੇ ਇਕ ਖ਼ਾਲੀ ਕੈਨਵਸ ਫਰੇਮ 'ਚ ਲਗਾ ਕੇ ਉਸ ਚਿੱਤਰ ਦੇ ਨਾਲ ਹੀ ਰੱਖ ਦਿੱਤੀ ਅਤੇ ਉਸ ਦੇ ਅੱਗੇ ਰੰਗ ਤੇ ਬਰੱਸ਼ ਰੱਖ ਦਿੱਤੇ ਅਤੇ ਨਾਲ ਹੀ ਇਹ ਲਿਖ ਦਿੱਤਾ ਕਿ ਜਿਸ ਸੱਜਣ ਨੇ ਵੀ ਇਸ ਚਿੱਤਰ ਵਿੱਚ ਗੋਲਾ ਲਗਾਇਆ ਹੈ, ਉਹ ਇਸ ਗੋਲੇ ਨੂੰ ਠੀਕ ਕਰਕੇ ਚਿੱਤਰ ਦੀ ਜੋ ਵੀ ਕਮੀ ਹੈ, ਉਸ ਨੂੰ ਦੂਰ ਕਰ ਦੇਵੇ, ਉਹ ਖ਼ਾਲੀ ਕੈਨਵਸ ਕਈ ਦਿਨ ਪਈ ਰਹੀ, ਸੁਝਾਅ ਦੇਣ ਵਾਲੇ ਕਿਸੇ ਵੀ ਵਿਅਕਤੀ ਨੇ ਉਸ ਚਿੱਤਰ ਨੂੰ ਠੀਕ ਕਰਨ ਵਿੱਚ ਆਪਣੀ ਅਸਮਰੱਥਤਾ ਜਤਾਈ। ਕਹਿਣ ਦਾ ਭਾਵ ਹੈ ਕਿ ਵਿਰੋਧ ਕਰਨਾ ਬਹੁਤ ਆਸਾਨ ਹੈ ਪਰ ਕੰਮ ਕਰਨ ਵਾਲੇ ਤੋਂ ਲੰਬੀ ਲੀਕ ਖਿੱਚਣੀ ਬਹੁਤ ਮੁਸ਼ਕਿਲ ਹੈ। ਹਾਲਾਂਕਿ ਬਾਬਾ ਸਾਹਿਬ ਅੰਬੇਡਕਰ ਦਾ ਫਲਸਫਾ ਪੜ੍ਹ ਕੇ ਜੇਕਰ ਮਨੁੱਖ ਉਸ 'ਤੇ ਅਮਲ ਕਰੇ ਤਾਂ ਕੁਝ ਵੀ ਨਾਮੁਮਕਿਨ ਨਹੀਂ ਹੈ, ਕਿਉਂਕਿ ਹੁਣ ਸਾਨੂੰ ਜਾਤ-ਪਾਤ ਖ਼ਤਮ ਕਰਨ ਲਈ ਜਾਂ ਬਰਾਬਰ ਦੇ ਹੱਕ ਲੈਣ ਲਈ ਕਿਧਰੇ ਹੋਰ ਪਾਸੇ ਤਾਂ ਜਾਣ ਦੀ ਲੋੜ ਹੀ ਨਹੀਂ, ਸਾਨੂੰ ਤਾਂ ਲੋੜ ਹੈ ਸਿਰਫ਼ ਭਾਰਤ ਦਾ ਸੰਵਿਧਾਨ ਇਮਾਨਦਾਰੀ ਨਾਲ ਲਾਗੂ ਕਰਵਾਉਣ ਦੀ। ਸਾਡੇ ਨਾਅਰੇ, ਸਾਡਾ ਜੋਸ਼ ਤੇ ਸਾਡੇ ਹੋਸ਼ ਦਾ ਆਪਸ ਵਿੱਚ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ। ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ ਕਿ ਗੁਣ ਤੁਹਾਨੂੰ ਤੁਹਾਡੇ ਦੁਸ਼ਮਣ ਕੋਲੋਂ ਵੀ ਮਿਲ ਸਕਦੇ ਹਨ। ਇਸ ਸਮੇਂ ਭਾਰਤ ਦੀ ਰਾਜਨੀਤੀ ਇਕ ਅਲੱਗ ਤਰ੍ਹਾਂ ਦਾ ਕਰਵਟ ਲੈ ਰਹੀ ਹੈ। ਉਸ ਦੀ ਮਿਸਾਲ ਦਿੱਲੀ ਚੋਣਾਂ ਵਿੱਚ ਦੇਖਣ ਨੂੰ ਮਿਲੀ। ਇੱਥੇ ਮੈਂ ਆਮ ਆਦਮੀ ਪਾਰਟੀ ਦੀ ਬੁਰਾਈ ਜਾਂ ਅੱਛਾਈ ਨਹੀਂ ਗਿਣਾਉਣ ਜਾ ਰਿਹਾ। ਇੱਥੇ ਮੈਂ ਸਿਰਫ਼ ਇਹ ਜ਼ਿਕਰ ਕਰ ਰਿਹਾ ਹਾਂ ਕਿ ਆਮ ਆਦਮੀ ਪਾਰਟੀ ਦੇ ਮੁਖੀ ਕੇਜਰੀਵਾਲ ਦੀ ਟੀਮ ਨੇ ਭਾਰਤ ਦੇ ਸੰਵਿਧਾਨ ਦੇ ਬਲਬੂਤੇ 'ਤੇ ਦੇਸ਼ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਭਾਜਪਾ ਅਤੇ ਦੇਸ਼ ਦੇ ਸਭ ਤੋਂ ਵੱਡੇ ਆਰ. ਐਸ. ਐਸ. ਦੇ ਸੰਗਠਨ ਨੂੰ ਰੋਲ ਕੇ ਰੱਖ ਦਿੱਤਾ। ਮੀਡੀਆ ਦੇ ਮੂੰਹ 'ਤੇ ਵੀ ਟੇਪ ਲਗਾ ਦਿੱਤੀ। ਚੋਣਾਂ ਖ਼ਤਮ ਹੋਣ ਤੋਂ ਬਾਅਦ ਜਿੱਤਣ ਵਾਲੀ ਪਾਰਟੀ ਇਕ ਰਾਜਨੀਤਿਕ ਪਾਰਟੀ ਨਾ ਹੋ ਕੇ ਉਹ ਦੇਸ਼ ਦੀ ਪਾਰਟੀ ਹੋ ਜਾਂਦੀ ਹੈ, ਉਸ ਦਾ ਕੰਮ ਦੇਸ਼ ਦੇ ਲੋਕਾਂ ਲਈ ਵਧੀਆ ਕੰਮ ਕਰਨਾ ਹੈ। ਹੁਣ ਅਸੀਂ ਸਿਰਫ਼ ਇਹੋ ਗੀਤ ਨਾ ਗਾਈਏ ਕਿ ਕੇਜਰੀਵਾਲ ਦਲਿਤ ਵਿਰੋਧੀ ਹੈ, ਉਸ ਨੂੰ ਆਰ. ਐਸ. ਐਸ. ਨੇ ਜਿਤਾਇਆ ਹੈ, ਉਹ ਸਾਡੇ ਲਈ ਕੁਝ ਨਹੀਂ ਕਰ ਸਕੇਗਾ, ਉਹ ਆਰ. ਐਸ. ਐਸ. ਦਾ ਪਿੱਠੂ ਹੈ, ਉਹ ਸਰਮਾਏਦਾਰਾਂ ਦੀ ਕਠਪੁਤਲੀ ਹੈ, ਸਾਨੂੰ ਇਨ੍ਹਾਂ ਗੱਲਾਂ ਤੋਂ ਪਰ੍ਹੇ ਹਟ ਕੇ ਇਸ ਸਮੇਂ ਕੇਜਰੀਵਾਲ ਅਤੇ ਉਸ ਦੀ ਟੀਮ 'ਤੇ ਭਾਰਤ ਦੇ ਸੰਵਿਧਾਨ ਨੂੰ ਪੂਰੀ ਇਮਾਨਦਾਰੀ ਨਾਲ ਲਾਗੂ ਕਰਨ ਲਈ ਦਬਾਅ ਬਣਾਉਣਾ ਚਾਹੀਦਾ ਹੈ, ਕਿਉਂਕਿ ਕੇਜਰੀਵਾਲ ਕੋਲ ਦਿੱਲੀ ਵਿੱਚ ਇਸ ਸਮੇਂ ਪੂਰਾ ਬਹੁਮਤ ਹੈ, ਉਸ ਨੂੰ ਕਿਸੇ ਵੱਲ ਨਹੀਂ ਦੇਖਣਾ ਪਵੇਗਾ। ਸਾਨੂੰ ਆਮ ਆਦਮੀ ਪਾਰਟੀ ਦੇ ਹਰ ਲੀਡਰ ਨੂੰ ਇਹ ਅਹਿਸਾਸ ਕਰਵਾਉਣਾ ਚਾਹੀਦਾ ਹੈ ਕਿ ਇਹ ਭਾਰਤ ਦਾ ਸੰਵਿਧਾਨ ਹੀ ਹੈ ਕਿ ਜਿਹੜਾ ਚਾਹ ਵੇਚਣ ਵਾਲੇ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਅਤੇ ਸੌ ਰੁਪਏ ਦਾ ਮਫ਼ਰਲ ਪਾਉਣ ਵਾਲੇ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾ ਸਕਦਾ ਹੈ, ਨਾਲ ਹੀ ਸਾਨੂੰ ਕੇਜਰੀਵਾਲ ਦੀ ਮਿਹਨਤ ਅਤੇ ਉਸ ਵੱਲੋਂ ਜ਼ਮੀਨ ਨਾਲ ਜੁੜੇ ਲੋਕਾਂ ਨਾਲ ਦਿਖਾਈ ਗਈ ਸੱਚੀ ਹਮਦਰਦੀ ਵੱਲ ਧਿਆਨ ਮਾਰਨਾ ਚਾਹੀਦਾ ਹੈ ਅਤੇ ਆਪਣੇ ਵਿੱਚ ਸੁਧਾਰ ਲਿਆਉਣਾ ਚਾਹੀਦਾ ਹੈ। ਅਸੀਂ ਬਿਨਾਂ ਮਤਲਬ ਤੋਂ ਆਪਣੇ ਵਿਰੋਧੀਆਂ ਦੇ ਗੁਗੇ ਗਾਈ ਚੱਲੀਏ, ਇਸ ਨਾਲ ਦੇਸ਼ ਵਿੱਚ ਅੰਬੇਡਕਰਵਾਦ ਨਹੀਂ ਆਉਣਾ। ਇੱਥੇ ਮੈਂ ਇਹ ਵੀ ਗੱਲ ਕਹਿਣਾ ਚਾਹੁੰਦਾ ਹਾਂ ਕਿ ਜਿਹੜੇ ਲੋਕ ਇਹ ਗੱਲ ਕਹਿੰਦੇ ਹਨ ਕਿ ਵਿਰੋਧ ਨਾਲ ਵਿਕਾਸ ਹੁੰਦਾ ਹੈ ਤਾਂ ਜਦੋਂ ਕੋਈ ਉਨ੍ਹਾਂ ਦਾ ਵਿਰੋਧ ਕਰਦਾ ਹੈ, ਉਹ ਇਸ ਗੱਲ ਦਾ ਸਹਾਰਾ ਲੈ ਲੈਂਦੇ ਹਨ, ਉਹ ਇਹ ਵੀ ਗੱਲ ਯਾਦ ਰੱਖਣ ਕਿ ਵਿਰੋਧ 'ਚ ਵਿਕਾਸ ਜ਼ਰੂਰ ਹੁੰਦਾ ਹੈ, ਜੇਕਰ ਤੁਹਾਡੀ ਦਸ਼ਾ ਤੇ ਦਿਸ਼ਾ ਸਹੀ ਹੋਵੇ ਅਤੇ ਵਿਰੋਧ ਕਰਨ ਵਾਲੇ ਕੰਮ ਕਰਨ ਦੀ ਬਜਾਏ ਸਿਰਫ਼ ਗੱਲਾਂ-ਬਾਤਾਂ ਵਿੱਚ ਹੀ ਵਿਸ਼ਵਾਸ ਰੱਖਦੇ ਹੋਣ, ਕਿਉਂਕਿ ਅੱਜ-ਕੱਲ੍ਹ ਜ਼ਿਆਦਾਤਰ ਦਲਿਤ ਨੁਮਾਇੰਦੇ ਗੱਲਾਂ ਕਰਕੇ ਹੀ ਦੂਸਰਿਆਂ ਦਾ ਵਿਰੋਧ ਕਰਨ ਵਿੱਚ ਹੀ ਵਿਸ਼ਵਾਸ ਰੱਖ ਰਹੇ ਹਨ। 

Wednesday 11 February 2015

'ਹੱਥ ਕਾਰ ਵੱਲ, ਚਿਤ ਯਾਰ ਵੱਲ'

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 638ਵਾਂ ਗੁਰਪੁਰਬ ਬੜੇ ਹੀ ਉਤਸ਼ਾਹ ਅਤੇ ਚਾਵਾਂ ਨਾਲ ਪੂਰੇ ਵਿਸ਼ਵ ਵਿੱਚ ਮਨਾਇਆ ਗਿਆ। ਹਰ ਪਾਸੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੈਕਾਰੇ ਗੂੰਜ ਰਹੇ ਸਨ। ਬੱਚਾ, ਬੁੱਢਾ, ਜਵਾਨ ਹਰ ਕੋਈ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਵਿੱਚ ਰੰਗਿਆ ਹੋਇਆ ਸੀ। ਦੇਸ਼ਾਂ-ਵਿਦੇਸ਼ਾਂ ਵਿੱਚ ਗੁਰਪੁਰਬ ਦੇ ਸਮਾਗਮ ਲੱਗਭਗ ਪੂਰਾ ਮਹੀਨਾ ਮਨਾਏ ਜਾਣੇ ਹਨ। ਇਕ ਸਰਵੇਖਣ ਮੁਤਾਬਿਕ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮਲੇਵਾ ਲੋਕਾਂ ਨੇ ਗੁਰੂ ਮਹਾਰਾਜ ਜੀ ਦੇ ਗੁਰਪੁਰਬ 'ਤੇ ਤਕਰੀਬਨ 200 ਕਰੋੜ ਰੁਪਿਆ ਖਰਚ ਕਰਨਾ ਹੈ। ਪੰਜਾਬ ਵਿੱਚ ਦੂਜੇ ਪਰਦੇਸਾਂ ਦੇ ਮੁਕਾਬਲੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ 'ਤੇ ਸਮਾਗਮ ਵੱਡੇ ਅਤੇ ਜ਼ਿਆਦਾ ਹੁੰਦੇ ਹਨ। ਪੰਜਾਬ 'ਚ ਵੀ ਅਸੀਂ ਜੇ ਦੋਆਬੇ ਦੀ ਗੱਲ ਕਰੀਏ ਤਾਂ ਦੋਆਬੇ ਦੀ ਧਰਤੀ 'ਤੇ ਰਵਿਦਾਸੀਆਂ ਦੀ ਪ੍ਰਤੀਸ਼ਤ ਦਰ ਜ਼ਿਆਦਾ ਹੈ। ਦੋਆਬੇ 'ਚ ਰਵਿਦਾਸ ਨਾਮਲੇਵਾ ਲੋਕ ਦੂਜਿਆਂ ਦੇ ਮੁਕਾਬਲੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਮੰਨਣ ਦਾ ਦਾਅਵਾ ਜ਼ਿਆਦਾ ਕਰਦੇ ਹਨ। ਇਸ ਵਾਰ ਦੇ ਸਮਾਗਮ ਦੇ ਦ੍ਰਿਸ਼ ਦੇਖਣਯੋਗ ਸਨ। ਕਈ ਸ਼ਹਿਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪੋਸਟਰਾਂ, ਬੋਰਡਾਂ, ਪੈਂਫਲੇਟਾਂ ਨਾਲ ਭਰੇ ਹੋਏ ਸਨ। ਮੈਂ ਸੋਚਦਾ ਹਾਂ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਉਸਤਤ ਕਰਨਾ ਤਾਂ ਠੀਕ ਹੈ ਪਰ ਅਸੀਂ ਲੋਕ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਸੇਧ ਲੈ ਕੇ ਕੋਈ ਠੋਸ ਸੰਦੇਸ਼ ਦੇਣ ਵਿੱਚ ਕਾਮਯਾਬ ਨਹੀਂ ਹੋ ਸਕੇ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਉਸਤਤ ਤੇ ਕੁਦਰਤ ਵੀ ਕਰ ਰਹੀ ਹੈ। ਸਾਡੀ ਉਸਤਤ ਕਰਨ ਨਾਲ ਕੋਈ ਖ਼ਾਸ ਫ਼ਰਕ ਨਹੀਂ ਪੈਣਾ। ਹਾਂ...! ਜੇਕਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਫਲਸਫੇ ਨੂੰ ਅਸੀਂ ਆਪਣੇ ਜੀਵਨ ਵਿੱਚ ਲਾਗੂ ਕਰਨ ਲਈ ਸੰਘਰਸ਼ ਕਰੀਏ ਤਾਂ ਉਸਤਤ ਤੋਂ ਕਈ ਗੁਣਾਂ ਵਧੀਆ ਰਹੇਗਾ। ਜੇਕਰ ਦੋਆਬੇ ਦੀ ਹੀ ਗੱਲ ਕਰੀਏ, ਦੋਆਬਾ ਰਵਿਦਾਸ ਨਾਮਲੇਵਾ ਲੋਕਾਂ ਦਾ ਮੱਕਾ ਮੰਨਿਆ ਜਾਂਦਾ ਹੈ ਪਰ ਇਸ ਮੱਕੇ ਵਿੱਚ ਹਾਲੇ ਵੀ ਅਣਗਿਣਤ ਪਿੰਡ ਹਨ, ਜਿਨ੍ਹਾਂ ਪਿੰਡਾਂ 'ਚ ਬੱਚੇ-ਔਰਤਾਂ ਮਜ਼ਦੂਰੀ ਕਰਨ ਲਈ ਮਜਬੂਰ ਹਨ, ਜਿੱਥੇ ਉਨ੍ਹਾਂ ਦਾ ਸ਼ੋਸ਼ਣ ਹੋਣ ਦੇ ਅਕਸਰ ਮੌਕੇ ਰਹਿੰਦੇ ਹਨ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਹਰ ਤਰ੍ਹਾਂ ਦੇ ਸ਼ੋਸ਼ਣ ਦੇ ਖਿਲਾਫ਼ ਬੁਲੰਦ ਆਵਾਜ਼ 'ਚ ਉਸ ਸਮੇਂ ਦੇ ਹਾਕਮਾਂ ਨੂੰ ਲਲਕਾਰਿਆ ਸੀ ਅਤੇ ਆਪਣੇ ਗਿਆਨ ਨਾਲ ਤਰਕ ਦੀ ਕਸੌਟੀ 'ਤੇ ਉਨ੍ਹਾਂ ਦੇ ਪੱਥਰਾਂ ਵਰਗੇ ਦਿਲਾਂ ਨੂੰ ਪਿਘਲਾ ਕੇ ਮਨੁੱਖਤਾ ਪ੍ਰਤੀ ਪਿਆਰ ਦੀ ਜੋਤ ਜਗਾ ਦਿੱਤੀ ਸੀ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ-ਸੰਘਰਸ਼ ਦਾ ਮੂਲ ਸੰਦੇਸ਼ ਇਹੋ ਹੀ ਹੈ ਕਿ ਕੰਮ ਹੀ ਪੂਜਾ ਹੈ ਪਰ ਮੈਨੂੰ ਲੱਗਦਾ ਹੈ ਕਿ ਅਸੀਂ ਪੂਜਾ ਨੂੰ ਹੀ ਸਭ ਤੋਂ ਵੱਡਾ ਅਤੇ ਜ਼ਰੂਰੀ ਕੰਮ ਸਮਝ ਬੈਠੇ ਹਾਂ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਇਕ ਵਾਰ ਟੀ. ਵੀ. 'ਤੇ ਮੈਂ ਸ. ਖੁਸ਼ਵੰਤ ਸਿੰਘ ਦੀ ਇੰਟਰਵਿਊ ਦੇਖੀ, ਜਿਸ ਵਿੱਚ ਐਂਕਰ ਨੇ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਪੂਜਾ ਕਿਸ ਸਮੇਂ ਕਰਦੇ ਹੋ? ਸ. ਖੁਸ਼ਵੰਤ ਸਿੰਘ ਨੇ ਕਿਹਾ ਕਿ ਮੇਰਾ ਕੰਮ ਹੀ ਪੂਜਾ ਹੈ, ਐਂਕਰ ਨੇ ਹੱਸਦਿਆਂ ਜਵਾਬ ਦਿੱਤਾ, ਮੈਂ ਸਮਝ ਗਈ, ਤੁਹਾਡਾ ਕੰਮ ਹੀ ਪੂਜਾ ਹੈ ਅਤੇ ਪੂਜਾ ਹੀ ਕੰਮ ਹੈ। ਸ. ਖੁਸ਼ਵੰਤ ਸਿੰਘ ਨੇ ਕਿਹਾ ''ਨਹੀਂ...ਨਹੀਂ...ਨਹੀਂ'' ਕੰਮ ਪੂਜਾ ਹੈ, ਪੂਜਾ ਕੋਈ ਕੰਮ ਨਹੀਂ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ 'ਅੰਮ੍ਰਿਤ ਬਾਣੀ' ਵਿੱਚ ਸਾਫ਼ ਤੌਰ 'ਤੇ ਮਨੁੱਖ ਨੂੰ ਪੂਜਾ ਦੇ ਨਾਂ 'ਤੇ ਪਖੰਡ ਕਰਨ ਤੋਂ ਮਨ੍ਹਾ ਕੀਤਾ ਹੈ। ਅਡੰਬਰ ਅਤੇ ਵਹਿਮਾਂ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਆਪਣੇ ਬਚਨਾਂ ਵਿੱਚ ਇਹ ਵੀ ਕਿਹਾ ਹੈ ਕਿ 'ਮਿਹਨਤ ਹੀ ਪ੍ਰਮਾਤਮਾ ਹੈ। ਇਕ ਸਲੋਕ ਵਿੱਚ ਉਨ੍ਹਾਂ ਨੇ ਮਨੁੱਖ ਨੂੰ ਆਪਣੇ ਕੰਮ ਪ੍ਰਤੀ ਰੁਚੀ ਰੱਖਣ ਲਈ ਪ੍ਰੇਰਿਤ ਕਰਦਿਆਂ ਕਿਹਾ ਹੈ ਕਿ 'ਹੱਥ ਕਾਰ ਵੱਲ ਤੇ ਚਿਤ ਯਾਰ ਵੱਲ' ਕਹਿਣ ਦਾ ਭਾਵ ਇਹ ਹੈ ਕਿ ਮਨੁੱਖ ਨੂੰ ਵਿਹਲੇ ਬੈਠ ਕੇ ਕਦੇ ਵੀ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ, ਸਗੋਂ ਆਪਣੀ ਤਰੱਕੀ ਲਈ ਆਪਣੇ ਕੰਮ ਵਿੱਚ ਹੀ ਰੁੱਝੇ ਰਹਿਣਾ ਚਾਹੀਦਾ ਹੈ ਅਤੇ ਪ੍ਰਮਾਤਮਾ ਨੂੰ ਆਪਣੇ ਚਿਤ ਵਿੱਚ ਹੀ ਯਾਦ ਕਰ ਲੈਣਾ ਚਾਹੀਦਾ ਹੈ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਪ੍ਰਮਾਤਮਾ ਨੂੰ ਮੰਨਣ ਤੋਂ ਜ਼ਿਆਦਾ ਉਸ ਨੂੰ ਜਾਨਣ 'ਤੇ ਜ਼ੋਰ ਦਿੰਦੇ ਹਨ। ਸਾਨੂੰ ਵੀ ਆਪਣੇ ਰਹਿਬਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਮੰਨਣ ਦੀ ਬਜਾਏ ਜਾਨਣ 'ਤੇ ਜ਼ੋਰ ਦੇਣਾ ਚਾਹੀਦਾ ਹੈ। ਸਾਨੂੰ ਜਾਨਣਾ ਚਾਹੀਦਾ ਹੈ, ਪੜ੍ਹਨਾ ਚਾਹੀਦਾ ਹੈ ਕਿ ਉਨ੍ਹਾਂ ਦਾ ਇਤਿਹਾਸ ਕੀ ਹੈ, ਉਨ੍ਹਾਂ ਦਾ ਸੰਘਰਸ਼ਮਈ ਜੀਵਨ ਕੀ ਹੈ, ਉਨ੍ਹਾਂ ਨੇ ਸਾਡੀ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਆਜ਼ਾਦੀ ਦੇ ਲਈ ਕਿਹੜੀਆਂ ਘਾਲਣਾਵਾਂ ਘਾਲੀਆਂ ਹਨ ਅਤੇ ਸਾਨੂੰ ਕਿਹੜੀਆਂ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ ਹੈ, ਕਿਉਂਕਿ ਪ੍ਰਭੂ ਵਾਲਮੀਕਿ ਮਹਾਰਾਜ ਜੀ ਨੇ ਵੀ ਯੋਗ ਵਸ਼ਿਸ਼ਟ ਵਿੱਚ ਕਿਹਾ ਹੈ ਕਿ ਤੁਸੀਂ ਜਿੰਨਾ ਮਰਜ਼ੀ ਦੇਵੀ-ਦੇਵਤਿਆਂ ਦੀ ਪੂਜਾ ਕਰ ਲਓ, ਚਾਹੇ ਮੇਰੀ ਵੀ ਪੂਜਾ ਕਰ ਲਓ, ਤੁਸੀਂ ਆਪਣੇ ਜੀਵਨ ਵਿੱਚ ਸਫ਼ਲ ਨਹੀਂ ਹੋ ਸਕਦੇ, ਜਿੰਨੀ ਦੇਰ ਤੱਕ ਤੁਸੀਂ ਮਿਹਨਤ ਨਹੀਂ ਕਰਦੇ, ਓਨੀ ਦੇਰ ਤੱਕ ਤੁਹਾਡੀ ਤਕਦੀਰ ਨਹੀਂ ਬਦਲ ਸਕਦੀ, ਕਿਉਂਕਿ ਪੁਰਸ਼ਾਰਥ ਹੀ ਦੇਵ ਹੈ। ਜੇਕਰ ਇਸ ਤਰ੍ਹਾਂ ਹੀ ਅਸੀਂ ਸਿਰਫ਼ ਸਾਲ ਵਿੱਚ ਦੋ-ਚਾਰ ਦਿਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਦੇ ਜੈਕਾਰੇ ਲਗਾ ਕੇ ਉਨ੍ਹਾਂ ਨੂੰ ਯਾਦ ਕਰਨ ਦੀ ਰਸਮ ਹੀ ਨਿਭਾਉਂਦੇ ਰਹੇ ਤਾਂ ਅਸੀਂ ਆਪਣੀ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਆਜ਼ਾਦੀ ਨੂੰ ਫਿਰ ਖ਼ਤਰੇ 'ਚ ਪਾ ਲਵਾਂਗੇ, ਕਿਉਂਕਿ ਇਹ ਸਾਰੀਆਂ ਚੀਜ਼ਾਂ ਸਾਨੂੰ ਬ੍ਰਾਹਮਣਵਾਦ ਵੱਲ ਲਿਜਾ ਰਹੀਆਂ ਹਨ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਫਲਸਫੇ ਤੋਂ ਦੂਰ ਲਿਜਾ ਰਹੀਆਂ ਹਨ। ਮੈਂ ਇਹ ਵੀ ਦੇਖਿਆ ਹੈ ਕਿ ਇਸ ਵਾਰ ਕਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮਿਸ਼ਨਰੀ ਸਾਥੀਆਂ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਸਿੱਖਿਆ ਨੂੰ ਸਮਰਪਿਤ ਕੀਤਾ ਹੈ ਅਤੇ ਉਨ੍ਹਾਂ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਸਿੱਖਿਆ 'ਤੇ ਅਧਾਰਿਤ ਪ੍ਰੋਗਰਾਮ ਵੀ ਕਰਵਾਏ ਹਨ, ਉਹੀ ਲੋਕ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਅਸਲੀ ਵਾਰਸ ਹਨ ਅਤੇ ਇਤਿਹਾਸ ਵਿੱਚ ਇਨ੍ਹਾਂ ਦਾ ਨਾਮ ਯੁਗਾਂ-ਯੁਗਾਂ ਤੱਕ ਰਹੇਗਾ, ਕਿਉਂਕਿ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਹੈ ਕਿ 'ਮਨੁੱਖ ਦੁਨੀਆਂ ਤੋਂ ਤੁਰ ਜਾਂਦਾ ਹੈ ਪਰ ਉਸ ਦੇ ਵਿਚਾਰ ਹਮੇਸ਼ਾ ਜਿਊਂਦੇ ਰਹਿੰਦੇ ਹਨ' ਸ਼ਰਤ ਏਨੀ ਹੈ ਕਿ ਉਨ੍ਹਾਂ ਦੇ ਵਿਚਾਰਾਂ ਦਾ ਪ੍ਰਚਾਰ-ਪ੍ਰਸਾਰ ਹੁੰਦਾ ਰਹਿਣਾ ਚਾਹੀਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਆਪਣੇ ਅਨੁਸਾਰ ਨਹੀਂ, ਸਗੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆ ਅਨੁਸਾਰ ਮਨਾਉਣਾ ਚਾਹੀਦਾ ਹੈ।

Monday 2 February 2015

ਪਹਿਰਾ ਤਾਂ ਦਿਓ, ਠੋਕ ਕੇ ਨਹੀਂ, ਸੋਚ ਵਿਚਾਰ ਕੇ


  • 31 ਜਨਵਰੀ ਨੂੰ ਡੇਰਾ ਸੱਚਖੰਡ ਬੱਲਾਂ ਤੋਂ ਬਨਾਰਸ ਬੇਗਮਪੁਰਾ ਐਕਸਪ੍ਰੈਸ ਗਈ। ਸ਼ਰਧਾਲੂਆਂ ਦਾ ਸਵਾਗਤ ਕਰਨ ਦੇ ਲਈ ਮੈਂ ਤੇ ਮੇਰਾ ਦੋਸਤ ਚੰਦਨ ਗਰੇਵਾਲ ਪ੍ਰਧਾਨ  ਸਫ਼ਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਆਪਣੇ ਸਾਥੀਆਂ ਨਾਲ ਗਏ। ਸਟੇਸ਼ਨ ਦੇ ਬਾਹਰ ਖਚਾਖਚ ਭੀੜ ਸੀ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੈਕਾਰੇ ਲੱਗ ਰਹੇ ਸਨ। ਸੰਤ ਨਿਰੰਜਨ ਦਾਸ ਜੀ ਦੇ ਅਤੇ ਬੱਲਾਂ ਡੇਰੇ ਦੀ ਉਸਤਤੀ ਵਿੱਚ ਵੀ ਨਾਅਰੇ ਲੱਗ ਰਹੇ ਸੀ। ਬੜਾ ਸ਼ਰਧਾਪੂਰਵਕ ਮਾਹੌਲ ਸੀ। ਲੋਕਾਂ 'ਚ ਬਹੁਤ ਉਤਸ਼ਾਹ ਸੀ। ਕੁਝ ਨੌਜਵਾਨ ਬੜੇ ਜ਼ੋਸ਼ ਨਾਲ ਜੈਕਾਰੇ ਲਗਾ ਰਹੇ ਸਨ 'ਗੁਰੂ ਰਵਿਦਾਸ ਤੇਰੀ ਸੋਚ 'ਤੇ, ਪਹਿਰਾ ਦਿਆਂਗੇ ਠੋਕ ਕੇ' ਅਕਸਰ ਇਹ ਜੈਕਾਰੇ ਅਤੇ ਨਾਅਰੇ ਦਲਿਤਾਂ ਦੇ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸਮਾਗਮਾਂ ਵਿੱਚ ਮੇਰੇ ਕੰਨਾਂ 'ਚ ਗੂੰਜਦੇ ਹਨ। ਮਹਾਂਪੁਰਸ਼ਾਂ ਦੇ ਨਾਂ ਬਦਲ-ਬਦਲ ਕੇ ਉਨ੍ਹਾਂ ਦੇ ਪੈਰੋਕਾਰ ਉਨ੍ਹਾਂ ਦੀ ਸੋਚ 'ਤੇ ਪਹਿਰਾ ਦੇਣ ਲਈ ਕਹਿੰਦੇ ਹਨ। ਹੁਣ ਸੋਚਣਾ ਇਹ ਹੈ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਸੋਚ ਕੀ ਸੀ? ਕੀ ਅਸੀਂ ਉਨ੍ਹਾਂ ਦੀ ਸੋਚ 'ਤੇ ਪਹਿਰਾ ਦੇ ਰਹੇ ਹਾਂ? ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਇਸ ਤੋਂ ਇਲਾਵਾ ਅੰਮ੍ਰਿਤ ਬਾਣੀ ਅਤੇ ਹੋਰ ਧਾਰਮਿਕ ਪੁਸਤਕਾਂ ਵਿੱਚ ਵੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਅਤੇ ਸਲੋਕ ਦਰਜ ਹਨ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 151 ਸਾਲ ਦਾ ਜੀਵਨ ਬਹੁਤ ਸੰਘਰਸ਼ਮਈ, ਸਾਦਾ ਪਹਿਰਾਵਾ, ਸ਼ੂਦਰਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣ ਵਾਲਾ ਅਤੇ ਪ੍ਰਮਾਤਮਾ ਦੀ ਭਗਤੀ ਵਾਲਾ ਸੀ। ਇਹ ਗੱਲ ਠੀਕ ਹੈ ਕਿ ਇਸ ਸਮੇਂ ਪੂਰੇ ਵਿਸ਼ਵ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮਲੇਵਾ ਅਤੇ ਪੈਰੋਕਾਰ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਅੰਮ੍ਰਿਤ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਨ ਦਾ ਦਾਅਵਾ ਕਰਦੇ ਹਨ। ਇਤਿਹਾਸ ਗਵਾਹ ਹੈ ਕਿ ਅੱਜ ਤੋਂ 638 ਸਾਲ ਪਹਿਲਾਂ ਜਦੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਹੋਇਆ ਉਸ ਸਮੇਂ ਸ਼ੂਦਰਾਂ ਨੂੰ ਧਾਰਮਿਕ, ਸਮਾਜਿਕ, ਰਾਜਨੀਤਿਕ ਆਜ਼ਾਦੀ ਨਹੀਂ ਸੀ। ਗੁਰੂ ਰਵਿਦਾਸ ਮਹਾਰਾਜ ਜੀ ਨੇ ਹਮੇਸ਼ਾ ਜਾਤ-ਪਾਤ, ਪਾਖੰਡ, ਅਡੰਬਰ, ਵਹਿਮ-ਭਰਮ ਨੂੰ ਨਕਾਰਿਆ। ਸ਼ੂਦਰਾਂ ਦੇ ਨਾਲ-ਨਾਲ ਹਰ ਇਕ ਨੂੰ ਸਿੱਖਿਅਤ ਹੋਣ ਦੇ ਲਈ ਪ੍ਰੇਰਿਤ ਕੀਤਾ। ਸ਼ੂਦਰਾਂ ਦੀ ਸਮਾਜਿਕ ਅਤੇ ਧਾਰਮਿਕ ਆਜ਼ਾਦੀ ਲਈ ਬਹੁਤ ਕਰੜਾ ਸੰਘਰਸ਼ ਕੀਤਾ। ਇਸ ਦੇ ਫਲਸਰੂਪ ਉਨ੍ਹਾਂ ਨੂੰ ਬਹੁਤ ਤਸੀਹੇ ਝੱਲਣੇ ਪਏ, ਕਈ ਵਾਰ ਜੇਲ੍ਹ ਵੀ ਜਾਣਾ ਪਿਆ। ਗੁਰੂ ਰਵਿਦਾਸ ਮਹਾਰਾਜ ਜੀ ਨੇ ਵਿਅਕਤੀਗਤ ਕਿਸੇ ਮਨੁੱਖ ਦੇ ਖਿਲਾਫ ਕਦੇ ਆਪਣੇ ਵਿਚਾਰ ਪ੍ਰਗਟ ਨਹੀਂ ਕੀਤੇ। ਉਨ੍ਹਾਂ ਨੇ ਹਮੇਸ਼ਾ ਮਨੁੱਖ ਦੀ ਬਿਹਤਰੀ ਲਈ, ਭਾਈਚਾਰੇ ਲਈ ਅਤੇ ਸਮਾਨਤਾ ਲਈ ਸੰਦੇਸ਼ ਦਿੱਤੇ ਅਤੇ ਆਪਣਾ ਜੀਵਨ ਮਨੁੱਖੀ ਸੇਵਾ ਵਿੱਚ ਬਤੀਤ ਕੀਤਾ। ਉਨ੍ਹਾਂ ਦੇ ਸੰਘਰਸ਼ ਸਦਕਾ ਸ਼ੂਦਰਾਂ ਨੂੰ ਆਪਣੀ ਗੱਲ ਕਹਿਣ ਦਾ ਅਤੇ ਆਪਣਾ ਜੀਵਨ ਪੱਧਰ ਉੱਚਾ ਚੁੱਕਣ ਦਾ ਮੌਕਾ ਮਿਲਿਆ। ਇਹ ਗੱਲ ਠੀਕ ਹੈ ਕਿ ਗੁਰੂ ਰਵਿਦਾਸ ਮਹਾਰਾਜ ਜੀ ਦੀ ਉਸਤਤਿ ਵਿਸ਼ਵ ਭਰ ਵਿੱਚ ਬਹੁਤ ਲੋਕ ਕਰ ਰਹੇ ਹਨ। ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਅਸੀਂ ਉਨ੍ਹਾਂ ਦੀ ਸੋਚ 'ਤੇ ਪਹਿਰਾ ਦੇ ਰਹੇ ਹਾਂ? ਅੱਜ ਭਾਰਤ ਦੇ 80%  ਦਲਿਤ ਲੋਕ ਰੋਟੀ, ਕੱਪੜਾ, ਮਕਾਨ, ਸਿਹਤ, ਸਿੱਖਿਆ, ਨੌਕਰੀ ਇਨ੍ਹਾਂ ਮੁਢਲੀਆਂ ਚੀਜ਼ਾਂ ਤੋਂ ਵਾਂਝੇ ਹਨ। ਸ੍ਰੀ ਗੁਰੂ ਰਵਿਦਾਸ ਮਹਾਰਾਜ ਆਪਣੀ ਗੁਰਬਾਣੀ 'ਚ ਫਰਮਾਉਂਦੇ ਹਨ 'ਜਿਹੜੇ ਲੋਕ ਸਿੱਖਿਆ ਪ੍ਰਾਪਤ ਨਹੀਂ ਕਰਦੇ ਉਹ ਸ਼ੂਦਰ ਬਣ ਜਾਂਦੇ ਹਨ, ਉਹ ਫਰਮਾਉਂਦੇ ਹਨ ਕਿ ਸ਼ੂਦਰਾਂ 'ਤੇ ਸਵਾਰਥੀ ਤੇ ਜ਼ਾਲਮ ਲੋਕ ਰਾਜ ਕਰਦੇ ਹਨ'। ਸ੍ਰੀ ਗੁਰੂ ਰਵਿਦਾਸ ਮਹਾਰਾਜ ਐਸਾ ਰਾਜ-ਪਾਠ ਚਾਹੁੰਦੇ ਹਨ ਜਿਸ ਵਿੱਚ ਸਾਰੇ ਬਰਾਬਰ ਹੋਣ ਅਤੇ ਹਰ ਇਕ ਨੂੰ ਬਰਾਬਰ ਦੇ ਹੱਕ ਹੋਣ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਫਲਸਫੇ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਦਲਿਤਾਂ ਦੇ ਮਸੀਹਾ ਡਾ. ਭੀਮ ਰਾਓ ਅੰਬੇਡਕਰ ਨੇ ਭਾਰਤ ਦੇ ਸੰਵਿਧਾਨ ਦੇ ਵਿੱਚ ਸ਼ੂਦਰਾਂ ਦੇ ਨਾਲ-ਨਾਲ ਹਰ ਗਰੀਬ ਆਦਮੀ ਨੂੰ ਬਰਾਬਰ ਦੇ ਹੱਕ-ਹਕੂਕ ਦਿੱਤੇ ਪਰ ਫਿਰ ਵੀ ਭਾਰਤ 'ਚ ਦਲਿਤਾਂ ਦੇ ਹਾਲਾਤ ਬਹੁਤ ਚਿੰਤਾਜਨਕ ਹਨ। ਇੰਨੇ ਬੁਰੇ ਹਾਲਾਤਾਂ ਵਿੱਚ ਦਲਿਤ ਖ਼ਾਸ ਕਰਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮਲੇਵਾ ਲੋਕ ਗੁੰਮਰਾਹ ਹੋ ਚੁੱਕੇ ਹਨ, ਧੜਿਆਂ ਵਿੱਚ ਵੰਡੇ ਜਾ ਚੁੱਕੇ ਹਨ। ਉਹ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਦੇ ਉਲਟ ਬ੍ਰਾਹਮਣਵਾਦ ਵਿੱਚ ਫਸ ਚੁੱਕੇ ਹਨ, ਅਸੀਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਫਲਸਫੇ ਨੂੰ ਤਾਂ ਭੁੱਲਦੇ ਜਾ ਰਹੇ ਹਾਂ ਪਰ ਉਨ੍ਹਾਂ ਦੀਆਂ ਮੂਰਤੀਆਂ, ਮੰਦਿਰ-ਗੁਰਦੁਆਰਿਆਂ ਦੀਆਂ ਪ੍ਰਧਾਨਗੀਆਂ ਤੇ ਕਰਵਾਏ ਜਾਣ ਵਾਲੇ ਸਮਾਗਮਾਂ ਵਿੱਚ ਹਾਜ਼ਰੀ ਨੂੰ ਕਾਮਯਾਬੀ ਦਾ ਪੈਮਾਨਾ ਮੰਨਦੇ ਹਾਂ, ਕੀ ਇਸ ਤਰ੍ਹਾਂ ਕਰਕੇ ਅਸੀਂ ਉਨ੍ਹਾਂ ਦੀ ਸੋਚ 'ਤੇ ਪਹਿਰਾ ਦੇ ਸਕਾਂਗੇ? ਨਹੀਂ, ਸਿਰਫ਼ ਦੁਨਿਆਵੀ ਦਿਖਾਵੇਯੋਗ ਕਾਰਜ ਕਰ ਅਸੀਂ ਆਪਣੀ ਵਾਹ-ਵਾਹੀ ਤਾਂ ਕਰਵਾ ਲਵਾਂਗੇ ਅਸੀਂ ਦਿਖਾ ਦਿਆਂਗੇ ਕਿ ਗੁਰੂ ਰਵਿਦਾਸ ਨਾਮਲੇਵਾ ਸੰਗਤ ਕਮਜ਼ੋਰ ਨਹੀਂ ਹੈ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਉਸਤਤ ਕਰਨਾ, ਉਨ੍ਹਾਂ ਦੀ ਬਾਣੀ ਦਾ ਗੁਣਗਾਨ ਕਰਨਾ, ਉਨ੍ਹਾਂ ਨੂੰ ਸਿਮਰਨਾ ਜ਼ਰੂਰੀ ਹੈ ਪਰ ਜਿਵੇਂ ਇਹ ਸਭ ਕਾਰਜ ਜ਼ਰੂਰੀ ਹਨ, ਉਸੇ ਤਰ੍ਹਾਂ ਰਵਿਦਾਸ ਮਹਾਰਾਜ ਜੀ ਦੀ ਸੋਚ ਨੂੰ ਅਮਲ 'ਚ ਲਿਆਉਣਾ ਵੀ ਸਮੇਂ ਦੀ ਜ਼ਰੂਰਤ ਹੈ। ਇਸ ਲਈ ਸਾਨੂੰ ਬੜੇ ਸੁਚੱਜੇ ਢੰਗ ਨਾਲ ਗਿਆਨਵਾਨ ਹੋ ਕੇ ਮਧੁਪ-ਮਖੀਰੇ ਵਾਂਗੂੰ ਇਕਜੁੱਟ ਹੋ ਕੇ ਠੋਸ ਰੂਪ-ਰੇਖਾ ਤਿਆਰ ਕਰਨੀ ਪਵੇਗੀ ਅਤੇ ਉਸ 'ਤੇ ਅਮਲ ਕਰਨਾ ਪਵੇਗਾ। ਪਹਿਰੇ ਤੋਂ ਭਾਵ ਵੱਡੀਆਂ-ਵੱਡੀਆਂ ਗੱਲਾਂ ਕਰਕੇ ਹਵਾਈ ਕਿਲੇ ਬਣਾਉਣਾ ਨਹੀਂ, ਬਲਕਿ ਠੋਸ ਜ਼ਮੀਨ 'ਤੇ ਗਹਿਰੀਆਂ ਨੀਹਾਂ ਖੋਦ ਕੇ ਸਾਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਸੋਚ ਦੀ ਮੀਨਾਰ ਬਨਾਉਣੀ ਪਵੇਗੀ। ਉਨ੍ਹਾਂ ਦੀ ਸੋਚ 'ਤੇ ਸਾਨੂੰ ਪਹਿਰਾ ਠੋਕ ਕੇ ਦੇਣ ਦੀ ਬਜਾਏ, ਵਿਚਾਰ ਕਰਕੇ, ਚਿੰਤਨ ਕਰਕੇ ਦੇਣਾ ਹੋਵੇਗਾ। ਜਿਵੇਂ ਕਿ ਇਕ ਦਲਿਤ ਲੇਖਕ ਸੰਜੀਵ ਭੁੱਲਾਰਾਈ ਨੇ ਗੀਤ ਲਿਖਿਆ ਹੈ 'ਵਿਹਲੇ ਬਹਿ ਕੇ ਨੀ ਹੋਣੇ ਕਾਰਜ ਰਾਸ, ਗੱਲਾਂ ਨਾਲ ਨਹੀਂ ਬਣਨੇ ਇਤਿਹਾਸ, ਗੁਰੂ ਰਵਿਦਾਸ ਅਤੇ ਭੀਮ ਰਾਓ ਜੀ ਦੋਵੇਂ ਕਹਿ ਗਏ ਇਕ ਸੁਰ ਨਾਲ, ਥਾਲੀ 'ਚ ਪਰੋਸ ਕੇ ਨਹੀਂ ਹੱਕ ਮਿਲਣੇ, ਲੋਕੋ ਖੋਹਣੇ ਪੈਣੇ ਸੰਘਰਸ਼ਾਂ ਦੇ ਨਾਲ' ਸਾਨੂੰ ਚਾਹੀਦਾ ਹੈ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਬੇਗਮਪੁਰਾ ਨੂੰ ਵਸਾਉਣ ਲਈ ਜਿਹੜੀ ਸੰਘਰਸ਼ ਦੀ ਮਸ਼ਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਬਾਲੀ ਸੀ, ਉਸ ਨੂੰ ਬੁੱਝਣ ਨਹੀਂ ਦੇਣਾ, ਉਸ ਮਸ਼ਾਲ ਵਿੱਚ ਸਾਨੂੰ ਆਪਣੀ ਤਿਆਗ ਭਾਵਨਾ ਦਾ ਤੇਲ ਪਾਉਣਾ ਪਵੇਗਾ ਤਾਂ ਜੋ ਮਸ਼ਾਲ ਜਲਦੀ ਰਹੇ, ਨਹੀਂ ਤਾਂ ਇਹ ਜੈਕਾਰੇ ਫੋਕੇ ਅਤੇ ਬੇਕਾਰ ਜਾਪਣਗੇ। ਕਿਤੇ ਇਹ ਨਾ ਹੋਵੇ ਕਿ ਅਸੀਂ ਜੈਕਾਰਿਆਂ ਵਿੱਚ ਉਲਝ ਕੇ ਰਹਿ ਜਾਈਏ। ਜੇ ਇੰਝ ਹੀ ਅਸੀਂ ਬ੍ਰਾਹਮਣਵਾਦ ਨੂੰ ਅਪਣਾਉਂਦੇ ਰਹੇ ਤਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਬੇਗਮਪੁਰਾ ਦਾ ਸਪਨਾ, ਸਪਨਾ ਹੀ ਰਹਿ ਜਾਵੇਗਾ।

- ਅਜੇ ਕੁਮਾਰ