Wednesday 11 February 2015

'ਹੱਥ ਕਾਰ ਵੱਲ, ਚਿਤ ਯਾਰ ਵੱਲ'

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 638ਵਾਂ ਗੁਰਪੁਰਬ ਬੜੇ ਹੀ ਉਤਸ਼ਾਹ ਅਤੇ ਚਾਵਾਂ ਨਾਲ ਪੂਰੇ ਵਿਸ਼ਵ ਵਿੱਚ ਮਨਾਇਆ ਗਿਆ। ਹਰ ਪਾਸੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੈਕਾਰੇ ਗੂੰਜ ਰਹੇ ਸਨ। ਬੱਚਾ, ਬੁੱਢਾ, ਜਵਾਨ ਹਰ ਕੋਈ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਵਿੱਚ ਰੰਗਿਆ ਹੋਇਆ ਸੀ। ਦੇਸ਼ਾਂ-ਵਿਦੇਸ਼ਾਂ ਵਿੱਚ ਗੁਰਪੁਰਬ ਦੇ ਸਮਾਗਮ ਲੱਗਭਗ ਪੂਰਾ ਮਹੀਨਾ ਮਨਾਏ ਜਾਣੇ ਹਨ। ਇਕ ਸਰਵੇਖਣ ਮੁਤਾਬਿਕ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮਲੇਵਾ ਲੋਕਾਂ ਨੇ ਗੁਰੂ ਮਹਾਰਾਜ ਜੀ ਦੇ ਗੁਰਪੁਰਬ 'ਤੇ ਤਕਰੀਬਨ 200 ਕਰੋੜ ਰੁਪਿਆ ਖਰਚ ਕਰਨਾ ਹੈ। ਪੰਜਾਬ ਵਿੱਚ ਦੂਜੇ ਪਰਦੇਸਾਂ ਦੇ ਮੁਕਾਬਲੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ 'ਤੇ ਸਮਾਗਮ ਵੱਡੇ ਅਤੇ ਜ਼ਿਆਦਾ ਹੁੰਦੇ ਹਨ। ਪੰਜਾਬ 'ਚ ਵੀ ਅਸੀਂ ਜੇ ਦੋਆਬੇ ਦੀ ਗੱਲ ਕਰੀਏ ਤਾਂ ਦੋਆਬੇ ਦੀ ਧਰਤੀ 'ਤੇ ਰਵਿਦਾਸੀਆਂ ਦੀ ਪ੍ਰਤੀਸ਼ਤ ਦਰ ਜ਼ਿਆਦਾ ਹੈ। ਦੋਆਬੇ 'ਚ ਰਵਿਦਾਸ ਨਾਮਲੇਵਾ ਲੋਕ ਦੂਜਿਆਂ ਦੇ ਮੁਕਾਬਲੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਮੰਨਣ ਦਾ ਦਾਅਵਾ ਜ਼ਿਆਦਾ ਕਰਦੇ ਹਨ। ਇਸ ਵਾਰ ਦੇ ਸਮਾਗਮ ਦੇ ਦ੍ਰਿਸ਼ ਦੇਖਣਯੋਗ ਸਨ। ਕਈ ਸ਼ਹਿਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪੋਸਟਰਾਂ, ਬੋਰਡਾਂ, ਪੈਂਫਲੇਟਾਂ ਨਾਲ ਭਰੇ ਹੋਏ ਸਨ। ਮੈਂ ਸੋਚਦਾ ਹਾਂ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਉਸਤਤ ਕਰਨਾ ਤਾਂ ਠੀਕ ਹੈ ਪਰ ਅਸੀਂ ਲੋਕ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਸੇਧ ਲੈ ਕੇ ਕੋਈ ਠੋਸ ਸੰਦੇਸ਼ ਦੇਣ ਵਿੱਚ ਕਾਮਯਾਬ ਨਹੀਂ ਹੋ ਸਕੇ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਉਸਤਤ ਤੇ ਕੁਦਰਤ ਵੀ ਕਰ ਰਹੀ ਹੈ। ਸਾਡੀ ਉਸਤਤ ਕਰਨ ਨਾਲ ਕੋਈ ਖ਼ਾਸ ਫ਼ਰਕ ਨਹੀਂ ਪੈਣਾ। ਹਾਂ...! ਜੇਕਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਫਲਸਫੇ ਨੂੰ ਅਸੀਂ ਆਪਣੇ ਜੀਵਨ ਵਿੱਚ ਲਾਗੂ ਕਰਨ ਲਈ ਸੰਘਰਸ਼ ਕਰੀਏ ਤਾਂ ਉਸਤਤ ਤੋਂ ਕਈ ਗੁਣਾਂ ਵਧੀਆ ਰਹੇਗਾ। ਜੇਕਰ ਦੋਆਬੇ ਦੀ ਹੀ ਗੱਲ ਕਰੀਏ, ਦੋਆਬਾ ਰਵਿਦਾਸ ਨਾਮਲੇਵਾ ਲੋਕਾਂ ਦਾ ਮੱਕਾ ਮੰਨਿਆ ਜਾਂਦਾ ਹੈ ਪਰ ਇਸ ਮੱਕੇ ਵਿੱਚ ਹਾਲੇ ਵੀ ਅਣਗਿਣਤ ਪਿੰਡ ਹਨ, ਜਿਨ੍ਹਾਂ ਪਿੰਡਾਂ 'ਚ ਬੱਚੇ-ਔਰਤਾਂ ਮਜ਼ਦੂਰੀ ਕਰਨ ਲਈ ਮਜਬੂਰ ਹਨ, ਜਿੱਥੇ ਉਨ੍ਹਾਂ ਦਾ ਸ਼ੋਸ਼ਣ ਹੋਣ ਦੇ ਅਕਸਰ ਮੌਕੇ ਰਹਿੰਦੇ ਹਨ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਹਰ ਤਰ੍ਹਾਂ ਦੇ ਸ਼ੋਸ਼ਣ ਦੇ ਖਿਲਾਫ਼ ਬੁਲੰਦ ਆਵਾਜ਼ 'ਚ ਉਸ ਸਮੇਂ ਦੇ ਹਾਕਮਾਂ ਨੂੰ ਲਲਕਾਰਿਆ ਸੀ ਅਤੇ ਆਪਣੇ ਗਿਆਨ ਨਾਲ ਤਰਕ ਦੀ ਕਸੌਟੀ 'ਤੇ ਉਨ੍ਹਾਂ ਦੇ ਪੱਥਰਾਂ ਵਰਗੇ ਦਿਲਾਂ ਨੂੰ ਪਿਘਲਾ ਕੇ ਮਨੁੱਖਤਾ ਪ੍ਰਤੀ ਪਿਆਰ ਦੀ ਜੋਤ ਜਗਾ ਦਿੱਤੀ ਸੀ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ-ਸੰਘਰਸ਼ ਦਾ ਮੂਲ ਸੰਦੇਸ਼ ਇਹੋ ਹੀ ਹੈ ਕਿ ਕੰਮ ਹੀ ਪੂਜਾ ਹੈ ਪਰ ਮੈਨੂੰ ਲੱਗਦਾ ਹੈ ਕਿ ਅਸੀਂ ਪੂਜਾ ਨੂੰ ਹੀ ਸਭ ਤੋਂ ਵੱਡਾ ਅਤੇ ਜ਼ਰੂਰੀ ਕੰਮ ਸਮਝ ਬੈਠੇ ਹਾਂ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਇਕ ਵਾਰ ਟੀ. ਵੀ. 'ਤੇ ਮੈਂ ਸ. ਖੁਸ਼ਵੰਤ ਸਿੰਘ ਦੀ ਇੰਟਰਵਿਊ ਦੇਖੀ, ਜਿਸ ਵਿੱਚ ਐਂਕਰ ਨੇ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਪੂਜਾ ਕਿਸ ਸਮੇਂ ਕਰਦੇ ਹੋ? ਸ. ਖੁਸ਼ਵੰਤ ਸਿੰਘ ਨੇ ਕਿਹਾ ਕਿ ਮੇਰਾ ਕੰਮ ਹੀ ਪੂਜਾ ਹੈ, ਐਂਕਰ ਨੇ ਹੱਸਦਿਆਂ ਜਵਾਬ ਦਿੱਤਾ, ਮੈਂ ਸਮਝ ਗਈ, ਤੁਹਾਡਾ ਕੰਮ ਹੀ ਪੂਜਾ ਹੈ ਅਤੇ ਪੂਜਾ ਹੀ ਕੰਮ ਹੈ। ਸ. ਖੁਸ਼ਵੰਤ ਸਿੰਘ ਨੇ ਕਿਹਾ ''ਨਹੀਂ...ਨਹੀਂ...ਨਹੀਂ'' ਕੰਮ ਪੂਜਾ ਹੈ, ਪੂਜਾ ਕੋਈ ਕੰਮ ਨਹੀਂ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ 'ਅੰਮ੍ਰਿਤ ਬਾਣੀ' ਵਿੱਚ ਸਾਫ਼ ਤੌਰ 'ਤੇ ਮਨੁੱਖ ਨੂੰ ਪੂਜਾ ਦੇ ਨਾਂ 'ਤੇ ਪਖੰਡ ਕਰਨ ਤੋਂ ਮਨ੍ਹਾ ਕੀਤਾ ਹੈ। ਅਡੰਬਰ ਅਤੇ ਵਹਿਮਾਂ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਆਪਣੇ ਬਚਨਾਂ ਵਿੱਚ ਇਹ ਵੀ ਕਿਹਾ ਹੈ ਕਿ 'ਮਿਹਨਤ ਹੀ ਪ੍ਰਮਾਤਮਾ ਹੈ। ਇਕ ਸਲੋਕ ਵਿੱਚ ਉਨ੍ਹਾਂ ਨੇ ਮਨੁੱਖ ਨੂੰ ਆਪਣੇ ਕੰਮ ਪ੍ਰਤੀ ਰੁਚੀ ਰੱਖਣ ਲਈ ਪ੍ਰੇਰਿਤ ਕਰਦਿਆਂ ਕਿਹਾ ਹੈ ਕਿ 'ਹੱਥ ਕਾਰ ਵੱਲ ਤੇ ਚਿਤ ਯਾਰ ਵੱਲ' ਕਹਿਣ ਦਾ ਭਾਵ ਇਹ ਹੈ ਕਿ ਮਨੁੱਖ ਨੂੰ ਵਿਹਲੇ ਬੈਠ ਕੇ ਕਦੇ ਵੀ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ, ਸਗੋਂ ਆਪਣੀ ਤਰੱਕੀ ਲਈ ਆਪਣੇ ਕੰਮ ਵਿੱਚ ਹੀ ਰੁੱਝੇ ਰਹਿਣਾ ਚਾਹੀਦਾ ਹੈ ਅਤੇ ਪ੍ਰਮਾਤਮਾ ਨੂੰ ਆਪਣੇ ਚਿਤ ਵਿੱਚ ਹੀ ਯਾਦ ਕਰ ਲੈਣਾ ਚਾਹੀਦਾ ਹੈ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਪ੍ਰਮਾਤਮਾ ਨੂੰ ਮੰਨਣ ਤੋਂ ਜ਼ਿਆਦਾ ਉਸ ਨੂੰ ਜਾਨਣ 'ਤੇ ਜ਼ੋਰ ਦਿੰਦੇ ਹਨ। ਸਾਨੂੰ ਵੀ ਆਪਣੇ ਰਹਿਬਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਮੰਨਣ ਦੀ ਬਜਾਏ ਜਾਨਣ 'ਤੇ ਜ਼ੋਰ ਦੇਣਾ ਚਾਹੀਦਾ ਹੈ। ਸਾਨੂੰ ਜਾਨਣਾ ਚਾਹੀਦਾ ਹੈ, ਪੜ੍ਹਨਾ ਚਾਹੀਦਾ ਹੈ ਕਿ ਉਨ੍ਹਾਂ ਦਾ ਇਤਿਹਾਸ ਕੀ ਹੈ, ਉਨ੍ਹਾਂ ਦਾ ਸੰਘਰਸ਼ਮਈ ਜੀਵਨ ਕੀ ਹੈ, ਉਨ੍ਹਾਂ ਨੇ ਸਾਡੀ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਆਜ਼ਾਦੀ ਦੇ ਲਈ ਕਿਹੜੀਆਂ ਘਾਲਣਾਵਾਂ ਘਾਲੀਆਂ ਹਨ ਅਤੇ ਸਾਨੂੰ ਕਿਹੜੀਆਂ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ ਹੈ, ਕਿਉਂਕਿ ਪ੍ਰਭੂ ਵਾਲਮੀਕਿ ਮਹਾਰਾਜ ਜੀ ਨੇ ਵੀ ਯੋਗ ਵਸ਼ਿਸ਼ਟ ਵਿੱਚ ਕਿਹਾ ਹੈ ਕਿ ਤੁਸੀਂ ਜਿੰਨਾ ਮਰਜ਼ੀ ਦੇਵੀ-ਦੇਵਤਿਆਂ ਦੀ ਪੂਜਾ ਕਰ ਲਓ, ਚਾਹੇ ਮੇਰੀ ਵੀ ਪੂਜਾ ਕਰ ਲਓ, ਤੁਸੀਂ ਆਪਣੇ ਜੀਵਨ ਵਿੱਚ ਸਫ਼ਲ ਨਹੀਂ ਹੋ ਸਕਦੇ, ਜਿੰਨੀ ਦੇਰ ਤੱਕ ਤੁਸੀਂ ਮਿਹਨਤ ਨਹੀਂ ਕਰਦੇ, ਓਨੀ ਦੇਰ ਤੱਕ ਤੁਹਾਡੀ ਤਕਦੀਰ ਨਹੀਂ ਬਦਲ ਸਕਦੀ, ਕਿਉਂਕਿ ਪੁਰਸ਼ਾਰਥ ਹੀ ਦੇਵ ਹੈ। ਜੇਕਰ ਇਸ ਤਰ੍ਹਾਂ ਹੀ ਅਸੀਂ ਸਿਰਫ਼ ਸਾਲ ਵਿੱਚ ਦੋ-ਚਾਰ ਦਿਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਦੇ ਜੈਕਾਰੇ ਲਗਾ ਕੇ ਉਨ੍ਹਾਂ ਨੂੰ ਯਾਦ ਕਰਨ ਦੀ ਰਸਮ ਹੀ ਨਿਭਾਉਂਦੇ ਰਹੇ ਤਾਂ ਅਸੀਂ ਆਪਣੀ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਆਜ਼ਾਦੀ ਨੂੰ ਫਿਰ ਖ਼ਤਰੇ 'ਚ ਪਾ ਲਵਾਂਗੇ, ਕਿਉਂਕਿ ਇਹ ਸਾਰੀਆਂ ਚੀਜ਼ਾਂ ਸਾਨੂੰ ਬ੍ਰਾਹਮਣਵਾਦ ਵੱਲ ਲਿਜਾ ਰਹੀਆਂ ਹਨ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਫਲਸਫੇ ਤੋਂ ਦੂਰ ਲਿਜਾ ਰਹੀਆਂ ਹਨ। ਮੈਂ ਇਹ ਵੀ ਦੇਖਿਆ ਹੈ ਕਿ ਇਸ ਵਾਰ ਕਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮਿਸ਼ਨਰੀ ਸਾਥੀਆਂ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਸਿੱਖਿਆ ਨੂੰ ਸਮਰਪਿਤ ਕੀਤਾ ਹੈ ਅਤੇ ਉਨ੍ਹਾਂ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਸਿੱਖਿਆ 'ਤੇ ਅਧਾਰਿਤ ਪ੍ਰੋਗਰਾਮ ਵੀ ਕਰਵਾਏ ਹਨ, ਉਹੀ ਲੋਕ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਅਸਲੀ ਵਾਰਸ ਹਨ ਅਤੇ ਇਤਿਹਾਸ ਵਿੱਚ ਇਨ੍ਹਾਂ ਦਾ ਨਾਮ ਯੁਗਾਂ-ਯੁਗਾਂ ਤੱਕ ਰਹੇਗਾ, ਕਿਉਂਕਿ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਹੈ ਕਿ 'ਮਨੁੱਖ ਦੁਨੀਆਂ ਤੋਂ ਤੁਰ ਜਾਂਦਾ ਹੈ ਪਰ ਉਸ ਦੇ ਵਿਚਾਰ ਹਮੇਸ਼ਾ ਜਿਊਂਦੇ ਰਹਿੰਦੇ ਹਨ' ਸ਼ਰਤ ਏਨੀ ਹੈ ਕਿ ਉਨ੍ਹਾਂ ਦੇ ਵਿਚਾਰਾਂ ਦਾ ਪ੍ਰਚਾਰ-ਪ੍ਰਸਾਰ ਹੁੰਦਾ ਰਹਿਣਾ ਚਾਹੀਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਆਪਣੇ ਅਨੁਸਾਰ ਨਹੀਂ, ਸਗੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆ ਅਨੁਸਾਰ ਮਨਾਉਣਾ ਚਾਹੀਦਾ ਹੈ।

No comments:

Post a Comment