Thursday 1 February 2018

ਮਨੁੱਖਤਾ ਦੇ ਮਸੀਹਾ : ਸਤਿਗੁਰੂ ਰਵਿਦਾਸ ਮਹਾਰਾਜ ਜੀ



ਬਹੁਤ ਸਾਰੇ ਉੱਚ ਕੋਟੀ ਦੇ ਵਿਦਵਾਨਾਂ ਦੀ ਅਣਥੱਕ ਖੋਜ ਤੋਂ ਪਤਾ ਚਲਦਾ ਹੈ ਕਿ ਮਨੁੱਖ ਦੀ ਹਰ ਤਰ੍ਹਾਂ ਦੀ ਅਜ਼ਾਦੀ, ਸੁਰੱਖਿਆ ਅਤੇ ਤਰੱਕੀ ਦੇ ਹਾਮੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਬਨਾਰਸ ਦੇ ਸ਼ਹਿਰ ਕਾਂਸ਼ੀ (ਉੱਤਰ ਪ੍ਰਦੇਸ਼) ਵਿੱਚ 15 ਜਨਵਰੀ, 1376 ਈ. ਦਿਨ ਐਤਵਾਰ ਨੂੰ ਹੋਇਆ। ਗੁਰੂ ਰਵਿਦਾਸ ਜੀ ਦੇ ਜਨਮ ਸਮੇਂ ਪੂਰੇ ਭਾਰਤ ਦੇ ਲੋਕਾਂ ਨੂੰ ਵਰਣ ਵਿਵਸਥਾ ਦੇ ਕਾਰਣ ਭੇਦ-ਭਾਵ, ਊਚ-ਨੀਚ ਜ਼ਹਿਰੀਲੇ ਫਨੀਅਰ ਨਾਗ ਵਾਂਗੂੰ ਡੱਸ ਰਹੀ ਸੀ, ਜਿਸਦੇ ਕਾਰਣ ਮਨੁੱਖਤਾ ਤਾਰ-ਤਾਰ ਹੋ ਰਹੀ ਸੀ। ਆਪਣੇ-ਆਪ ਨੂੰ ਉੱਚ ਜਾਤੀ ਅਖਵਾਉਣ ਵਾਲੇ ਅਖੌਤੀ ਧਰਮ ਦੇ ਠੇਕੇਦਾਰ ਧਰਮ ਦੇ ਨਾਂ ਤੇ ਪਾਖੰਡ, ਕਰਮ-ਕਾਂਡ, ਤਪ-ਤੀਰਥ, ਧਾਗੇ-ਤਾਵੀਜ਼, ਝਾੜ-ਫੂਕ, ਭਿਭੂਤੀ ਮਲ, ਅਤੇ ਮੂਰਤੀ ਪੂਜਾ ਭਗਤੀ ਦੇ ਬਹਾਨੇ ਲੋਕਾਂ ਨੂੰ ਸਵਰਗ ਦਾ ਸੁਪਨਾ ਅਤੇ ਨਰਕ ਦਾ ਡਰ ਦਿਖਾ ਕੇ ਲੁੱਟ ਰਹੇ ਸਨ। ਜਿਸ ਕਾਰਣ ਮਨੁੱਖਤਾ ਦਾ ਬੁਰੀ ਤਰ੍ਹਾਂ ਘਾਣ ਹੋ ਰਿਹਾ ਸੀ। ਮਨੁੱਖਤਾ ਦਾ ਘਾਣ ਕਰਨ ਵਾਲੇ ਪਰੋਹਿਤਾਂ ਨੂੰ ਉਸ ਸਮੇਂ ਦੇ ਜਾਲਮ ਹਾਕਮਾਂ ਦਾ ਵੀ ਪੂਰਾ ਸਾਥ ਹੀ ਨਹੀਂ ਸੀ ਮਿਲਦਾ ਬਲਕਿ ਬਹਤ ਸਾਰੇ ਜਾਲਮ ਹਾਕਮ ਅਜਿਹੇ ਪਰੋਹਿਤਾਂ ਦੇ ਚੇਲੇ-ਚਪਾਟੇ ਵੀ ਬਣ ਗਏ ਸਨ। ਬਾਲ ਅਵਸਥਾ ਵਿੱਚ ਹੀ ਇਨ੍ਹਾਂ ਬੁਰਾਈਆਂ ਦੇ ਖਿਲਾਫ ਸ੍ਰੀ ਗੁਰੂ ਰਵਿਦਾਸ ਮਹਾਰਾਜ  ਨਿਡਰ ਹੋ ਕੇ ਤੁਰ ਪਏ ਸਨ। ਗੁਰੂ ਜੀ ਨੇ ਆਪਣੇ ਜੀਵਨ ਦੇ 151 ਵਰ੍ਹੇ ਇਸੇ ਰਾਹ ਤੇ ਚਲਦਿਆਂ ਬਿਤਾਏ। ਉਨ੍ਹਾਂ ਆਪਣੇ ਸਾਰੇ ਜੀਵਨ 'ਚ ਹਰ ਤਰ੍ਹਾਂ ਦੇ ਵਹਿਮਾਂ-ਭਰਮਾਂ, ਪਾਖੰਡਾਂ ਦਾ ਭਾਂਡਾ ਫੋੜਦੇ ਹੋਏ ਮਨੁੱਖ ਨੂੰ ਹਮੇਸ਼ਾ ਇਹੋ ਹੀ ਪ੍ਰੇਰਿਆ ਕਿ ਮਿਹਨਤ ਹੀ ਰੱਬ ਹੈ, ਉਨ੍ਹਾਂ ਨੇ ਮਨੁੱਖ ਨੂੰ ਸਮਝਾਉਂਦਿਆਂ ਇਹ ਵੀ ਕਿਹਾ ਕਿ ਕਿਸੇ ਦੀ ਵੀ ਗੁਲਾਮੀ ਕਰਨਾ ਘੋਰ ਪਾਪ ਹੈ। ਇਸ ਦੇ ਨਾਲ ਹੀ ਉਹਨਾਂ ਨੇ ਆਪਣੀ ਗੁਰਬਾਣੀ ਵਿੱਚ ਬੜੇ ਸਪੱਸ਼ਟ ਰੂਪ ਵਿੱਚ ਇਹ ਵੀ ਕਿਹਾ ਕਿ ਅਨਪੜ੍ਹਤਾ ਇਕ ਅਜਿਹਾ ਅਭਿਸ਼ਾਪ ਹੈ ਜਿਸ ਨਾਲ ਆਦਮੀ ਗੁਲਾਮ ਹੋ ਜਾਂਦਾ ਹੈ ਤੇ ਗੁਲਾਮ ਆਦਮੀ ਕਦੇ ਵੀ ਜੀਵਨ ਵਿੱਚ ਆਤਮ-ਗਿਆਨ ਪ੍ਰਾਪਤ ਨਹੀਂ ਕਰ ਸਕਦਾ। ਕਿਉਂਕਿ ਆਤਮ-ਗਿਆਨ ਪ੍ਰਾਪਤ ਕਰਨ ਲਈ ਵਿਅਕਤੀ ਨੂੰ ਤੰਦਰੁਸਤ ਸਰੀਰ, ਨਿਰਮਲ ਬੁੱਧੀ ਅਤੇ ਹਰ ਤਰ੍ਹਾਂ ਦੀ ਗੁਲਾਮੀ ਤੋਂ ਅਜ਼ਾਦ ਹੋਣਾ ਜ਼ਰੂਰੀ ਹੈ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਅਨੇਕ ਸਤਿਸੰਗ ਅਤੇ ਬਹੁਤ ਸਾਰੀਆਂ ਯਾਤਰਾਵਾਂ ਕੀਤੀਆਂ। ਜਿਨ੍ਹਾਂ ਵਿੱਚ ਮੁੱਖ ਤੌਰ ਤੇ ਪੰਜਾਬ, ਰਾਜਸਥਾਨ, ਗੁਜਰਾਤ, ਮਹਾਂਰਾਸ਼ਟਰ, ਮੱਧ ਪ੍ਰਦੇਸ਼, ਪੁਸ਼ਕਰ, ਪ੍ਰਯਾਗ, ਹਰਦੁਆਰ, ਮੁਲਤਾਨਪੁਰੀ, ਪਨਘਟ, ਹੈਦਰਾਬਾਦ ਹਨ। ਜਿੱਥੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਦਬੇ-ਕੁਚਲੇ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਦੇ ਜ਼ੁਰਮ ਵਿੱਚ ਕਈ ਤਰ੍ਹਾਂ ਦੇ ਤਸੀਹੇ ਵੀ ਸਹਿਣੇ ਪਏ। ਉਥੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਰੂਹਾਨੀ ਅਧਿਆਤਮਿਕ ਤਾਕਤ, ਤਰਕਸ਼ੀਲ ਬੁੱਧੀਮਾਨੀ, ਕਥਾ, ਵਚਨ ਅਤੇ ਸਾਹਸੀ ਹਿੰਮਤ ਦੇਖ ਕੇ ਬਹੁਤ ਸਾਰੇ ਉਸ ਸਮੇਂ ਦੇ ਜਾਲਮ ਰਾਜੇ ਗੁਰੂ ਜੀ ਦੇ ਚੇਲੇ ਬਣ ਗਏ। ਫਿਰ ਉਨ੍ਹਾਂ ਰਾਜਿਆਂ ਨੇ ਆਪਣੇ ਜੀਵਨ 'ਚ ਤਬਦੀਲੀ ਲਿਆਉਂਦੇ ਹੋਏ ਮਨੁੱਖਤਾ ਦੀ ਭਲਾਈ ਲਈ ਬਹੁਤ ਸਾਰੇ ਉਪਰਾਲੇ ਕੀਤੇ। ਗੁਰੂ ਜੀ ਦੇ ਅਨੇਕ ਚੇਲੇ ਸਨ ਜਿਨ੍ਹਾਂ ਵਿੱਚੋਂ ਮੁੱਖ ਤੌਰ ਤੇ ਹੀਰੂ ਫਾਂਧੀ, ਮੀਰਾਂ ਬਾਈ, ਰਾਣੀ ਝਾਲਾ, ਰਾਜਾ ਬੈਨ, ਰਾਣਾ ਸਾਂਗਾ, ਸਿਕੰਦਰ ਲੋਧੀ ਆਦਿ ਸਨ। ਜਦੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਪੂਰੇ ਭਾਰਤ 'ਚ ਹੋਣ ਲੱਗ ਪਈ ਤਾਂ ਇਸ ਨੂੰ ਨਾ ਬਰਦਾਸ਼ਤ ਕਰਦੇ ਹੋਏ ਉਸ ਸਮੇਂ ਦੇ ਢੋਂਗੀ-ਪਾਖੰਡੀ ਅਤੇ ਚਰਿੱਤਰਹੀਣ ਪਰੋਹਿਤਾਂ ਨੇ ਗੁਰੂ ਰਵਿਦਾਸ ਮਹਾਰਾਜ ਦੇ ਜੀਵਨ ਨਾਲ ਸਬੰਧਤ ਕਈ ਤਰਕਹੀਣ, ਦਿਸ਼ਾਹੀਣ, ਉਲਟੀਆਂ-ਪੁਲਟੀਆਂ ਕਹਾਣੀਆਂ ਜੋੜ ਕੇ ਉਨ੍ਹਾਂ ਦੇ ਉਪਾਸਕਾਂ ਅਤੇ ਉਨ੍ਹਾਂ ਦੇ ਪੈਰੋਕਾਰਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਕਿਉਂਕਿ ਉਨ੍ਹਾਂ ਪਾਖੰਡੀਆਂ ਨੂੰ ਪਤਾ ਚੱਲ ਚੁੱਕਿਆ ਸੀ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਜਿਸ ਤਰ੍ਹਾਂ ਤਨੋਂ-ਮਨੋਂ ਅਤੇ ਆਪਣੇ ਹਮ-ਵਿਚਾਰਕ ਸੰਤਾਂ-ਮਹਾਂਪੁਰਸ਼ਾਂ ਨਾਲ ਪੂਰੀ ਦੁਨੀਆਂ 'ਚ ਮਨੁੱਖ ਦੀ ਹਰ ਤਰ੍ਹਾਂ ਦੀ ਅਜ਼ਾਦੀ, ਸੁਰੱਖਿਆ ਅਤੇ ਤਰੱਕੀ ਦਾ ਝੰਡਾ ਬੁਲੰਦ ਕਰ ਰਹੇ ਹਨ ਜੇਕਰ ਇਨ੍ਹਾਂ ਨੂੰ ਨਾ ਰੋਕਿਆ ਗਿਆ ਤਾਂ ਵਰਣ ਵਿਵਸਥਾ ਦਾ ਤਹਿਸ-ਨਹਿਸ ਹੋਣਾ ਨਿਸ਼ਚਿਤ ਹੀ ਹੈ ਜਿਸ ਕਾਰਨ ਧਰਮ ਦੇ ਨਾਂ 'ਤੇ ਖੁੱਲ੍ਹੀਆਂ ਉਨ੍ਹਾਂ ਦੀਆਂ ਦੁਕਾਨਾਂ ਠੱਪ ਹੋ ਜਾਣੀਆਂ ਸਨ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਉਸ ਸਮੇਂ ਦੇ ਵਰਣ-ਵਿਵਸਥਾ ਦੇ ਪੱਖਵਾਦੀ ਪਰੋਹਿਤਾਂ ਅਤੇ ਹਾਕਮਾਂ ਨੇ ਕਈ ਤਰ੍ਹਾਂ ਦੀਆਂ ਮਨਘੜਤ ਕਹਾਣੀਆਂ ਗੁਰੂ ਰਵਿਦਾਸ ਜੀ ਨਾਲ ਜੋੜੀਆਂੇ ਤੇ ਉਨ੍ਹਾਂ ਦਾ ਪ੍ਰਚਾਰ ਕੀਤਾ। ਜਿਸ ਕਾਰਣ ਗੁਰੂ ਜੀ ਦੇ ਬਹੁਤ ਸਾਰੇ ਸ਼ਰਧਾਲੂਆਂ ਨੂੰ ਹਾਲੇ ਵੀ ਭਰਮ-ਭੁਲੇਖੇ ਪਏ ਹੋਏ ਹਨ ਪਰ ਫਿਰ ਵੀ ਬਹੁਤ ਸਾਰੇ ਸੂਝਵਾਨ ਸੱਚੇ-ਸੁੱਚੇ ਤਰਕਸ਼ੀਲ ਪੈਰੋਕਾਰ ਅੱਜ ਵੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲ ਕੇ ਆਪਣੇ ਜੀਵਨ ਦਾ ਆਨੰਦ ਮਾਣ ਰਹੇ ਹਨ ਅਤੇ ਇਸੇ ਧਰਤੀ ਤੇ ਸਵਰਗ ਭੋਗ ਰਹੇ ਹਨ । ਇੰਨਾ ਹੀ ਨਹੀਂ ਉਹ ਆਪਣੇ ਬੱਚਿਆਂ ਦੇ ਬੇਹਤਰ ਜੀਵਨ ਜੀਣ ਲਈ ਵੀ ਸਹੀ ਪੈਂਡੇ ਉਲੀਕ ਰਹੇ ਹਨ ਅਤੇ ਸਮਾਜ ਦੀ ਵੀ ਭਰਪੂਰ ਸੇਵਾ ਕਰ ਰਹੇ ਹਨ। ਅੱਜ ਦੇ ਇਸ ਸ਼ੁਭ ਦਿਹਾੜੇ ਤੇ ਜਿੱਥੇ ਮੈਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਨਤਮਸਤਕ ਹੁੰਦਾ ਹਾਂ ਉਥੇ ਹੀ ਉਨ੍ਹਾਂ ਦੇ ਪੈਰੋਕਾਰਾਂ ਨੂੰ ਵੀ ਪ੍ਰਣਾਮ ਕਰਦਾ ਹਾਂ ਜੋ ਕਿ ਗੁਰੂ ਰਵਿਦਾਸ ਮਹਾਰਾਜ ਜੀ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਭਾਰਤ ਨੂੰ ਬੇਗਮਪੁਰਾ ਬਣਾਉਣ ਲਈ ਤਨੋਂ-ਮਨੋਂ ਗੁਰੂ ਜੀ ਦੀ ਸੋਚ ਤੇ ਪਹਿਰਾ ਦੇ ਰਹੇ ਹਨ। ਮੈਂ ਆਪਣੇ ਲੇਖ ਰਾਹੀਂ ਸਾਰੇ ਭਾਰਤ ਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਸਮਾਂ ਬੜਾ ਨਾਜ਼ੁਕ ਚੱਲ ਰਿਹਾ ਹੈ, ਬੜਾ ਧਿਆਨ ਦੇਣ ਯੋਗ ਮੌਕਾ ਹੈ। ਆਓ ਸਾਰੇ ਮਿਲ ਕੇ ਭਾਰਤ ਦੇ ਸੰਵਿਧਾਨ ਦਾ ਸਤਿਕਾਰ ਕਰੀਏ, ਇਸ ਨੂੰ ਪੂਰੀ ਇਮਾਨਦਾਰੀ ਨਾਲ ਲਾਗੂ ਕਰੀਏ ਤੇ ਕਰਵਾਈਏ ਤਾਂ ਜੋ ਸੱਚੇ ਮਾਇਨੇ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਬੇਗਮਪੁਰਾ ਭਾਰਤ 'ਚ ਵਸਾਇਆ ਜਾ ਸਕੇ।
- ਜੈ ਗੁਰੂ ਰਵਿਦਾਸ
ਅਜੈ ਕੁਮਾਰ