Monday 27 July 2015

'ਚੱਕ ਦੇ ਫੱਟੇ, ਚੱਕ ਦੇ ਫੱਟੇ'!

ਅੱਜ ਪੂਰੇ ਵਿਸ਼ਵ ਦੇ ਵਿਦਵਾਨ ਮੰਨਦੇ ਹਨ ਕਿ ਅੰਬੇਡਕਰਵਾਦ ਹੀ ਦੁਨੀਆਂ ਨੂੰ ਬਚਾਅ ਸਕਦਾ ਹੈ। ਪਰ ਕੀ ਕਾਰਣ ਹੈ ਕਿ ਭਾਰਤ ਵਿੱਚ ਅੰਬੇਡਕਰਵਾਦ ਮਜ਼ਬੂਤ ਹੋਣ ਦੀ ਬਜਾਏ ਦਿਨ-ਬ-ਦਿਨ ਕਮਜ਼ੋਰ ਹੋ ਰਿਹਾ ਹੈ। ਇਕ ਪਾਸੇ ਅੰਬੇਡਕਰ ਨੂੰ ਮੰਨਣ ਵਾਲਿਆਂ ਦੀ ਗਿਣਤੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ, ਦੂਸਰੇ ਪਾਸੇ ਅੰਬੇਡਕਰਵਾਦ ਦਾ ਪਤਨ ਹੋ ਰਿਹਾ ਹੈ। ਉਸ ਦਾ ਕਾਰਣ ਇਹ ਹੈ ਕਿ ਅਸੀਂ ਅੰਬੇਡਕਰ ਭਗਤੀ ਦੇ ਨਾਂ 'ਤੇ ਜੋ ਕੁਝ ਕਰਦੇ ਹਾਂ, ਉਸ ਨੂੰ ਅੰਬੇਡਕਰਵਾਦ ਸਮਝਦੇ ਹਾਂ, ਪਰ ਸੱਚ ਇਹ ਹੈ ਕਿ ਅੰਨ੍ਹੀ ਭਗਤੀ ਨਾਲ ਅੰਬੇਡਕਰਵਾਦ ਦਾ ਦੂਰ-ਦੂਰ ਤੱਕ ਕੋਈ ਸਬੰਧ ਨਹੀਂ। ਅੰਬੇਡਕਰ ਦੀ ਫੋਟੋ ਲਗਾਉਣਾ, ਜਗ੍ਹਾ-ਜਗ੍ਹਾ ਅੰਬੇਡਕਰ ਦੇ ਬੁਤ ਲਗਾਉਣਾ, ਅੰਬੇਡਕਰ ਦੀਆਂ ਸ਼ੋਭਾ ਯਾਤਰਾਵਾਂ ਕੱਢਣੀਆਂ, ਅੰਬੇਡਕਰ ਦੇ ਨਾਂ 'ਤੇ ਗੀਤ ਗਾਉਣਾ ਨੂੰ ਅੰਬੇਡਕਰ ਪ੍ਰਤੀ ਸ਼ਰਧਾ ਤਾਂ ਕਹਿ ਸਕਦੇ ਹਾਂ ਪਰ ਇਹ ਅੰਬੇਡਕਰਵਾਦ ਨਹੀਂ ਹੈ। ਅੰਬੇਡਕਰਵਾਦ ਨੂੰ ਅਮਲੀ ਜਾਮਾ ਪਹਿਨਾਉਣ ਵਿੱਚ ਅਸਫਲ ਰਹਿਣ ਦਾ ਮਤਲਬ ਮਨੂੰਵਾਦੀ ਤਾਕਤਾਂ ਨੂੰ ਮਜ਼ਬੂਤੀ ਦੇਣਾ ਹੈ। ਅੰਬੇਡਕਰਵਾਦ ਸਮੇਂ ਦੀ ਮੰਗ ਹੈ, ਇਸ ਨੂੰ ਆਉਣ ਤੋਂ ਕੋਈ ਨਹੀਂ ਰੋਕ ਸਕਦਾ। ਸਿਆਣੇ ਆਖਦੇ ਹਨ ਕਿ ਸਮੇਂ ਰਹਿੰਦਿਆਂ ਤੈਅ ਕਰ ਲੈਣਾ ਚਾਹੀਦਾ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਨਹੀਂ ਤਾਂ ਸਮਾਂ ਤੈਅ ਕਰ ਦੇਵੇਗਾ ਕਿ ਉਸ ਨੇ ਸਾਡਾ ਕੀ ਕਰਨਾ ਹੈ। ਜੇ ਅਸੀਂ ਨਾ ਸੰਭਲੇ ਤਾਂ ਸਮਾਂ ਸਾਨੂੰ ਅਜਿਹੀ ਦਲਦਲ ਵਿੱਚ ਸੁੱਟ ਦੇਵੇਗਾ, ਜਿੱਥੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਵੇਗਾ। ਆਓ ਵਿਚਾਰ ਕਰੀਏ ਕਿ ਇਸ ਤੋਂ ਪਹਿਲਾਂ ਸਮਾਂ ਤੈਅ ਕਰੇ ਕਿ ਤੁਹਾਡਾ ਕੀ ਬਣਨਾ ਹੈ, ਅਸੀਂ ਖੁਦ ਤੈਅ ਕਰੀਏ ਕਿ ਕਿਵੇਂ ਅੰਬੇਡਕਰਵਾਦ ਨੂੰ ਬੁਲੰਦ ਕਰਕੇ ਕਿਵੇਂ ਦੇਸ਼ ਵਿੱਚੋਂ ਗਰੀਬੀ, ਅਨਪੜ੍ਹਤਾ, ਸਵਾਰਥੀ ਨੇਤਾਵਾਂ ਨੂੰ ਟਿਕਾਣੇ ਲਗਾਉਣਾ ਹੈ ਤਾਂ ਜੋ ਸਾਡਾ ਭਵਿੱਖ ਸੁਰੱਖਿਅਤ ਬਣਿਆ ਰਹੇ ਜੇ ਅਸੀਂ ਆਪਣੇ ਕਾਰਜ 'ਚ ਅਸਫ਼ਲ ਰਹੇ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਡੀਆਂ ਨਾਕਾਮੀਆਂ ਕਾਰਣ ਸਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ। ਸਾਡਾ ਫ਼ਰਜ਼ ਹੈ ਕਿ ਆਉਣ ਵਾਲੀਆਂ ਨਸਲਾਂ ਲਈ ਫੁੱਲ ਬੋਈਏ ਤਾਂ ਜੋ ਉਹ ਖੁਸ਼ਬੂਦਾਰ ਆਜ਼ਾਦ ਹਵਾ ਵਿੱਚ ਸਾਹ ਲੈਂਦੇ ਰਹਿਣ ਪਰ ਜੋ ਅਜੇ ਅਸੀਂ ਕਰ ਰਹੇ ਹਾਂ, ਉਹ ਆਉਣ ਵਾਲੀਆਂ ਨਸਲਾਂ ਲਈ ਕੰਢੇ ਬੀਜਣ ਵਾਲਾ ਕੰਮ ਹੈ ਜੋ ਉਨ੍ਹਾਂ ਦੇ ਆਤਮ ਸਨਮਾਨ ਨੂੰ ਛਲਣੀ ਕਰ ਦੇਵੇਗਾ। ਲੜਾਈ ਜਾਤ ਦੀ ਨਹੀਂ, ਜਮਾਤ ਦੀ ਹੈ ਜੇ ਅਸੀਂ ਲੜਾਈ ਜਾਤ ਦੀ ਲੜੀ ਤਾਂ ਮਨੂੰਵਾਦ ਦਾ ਹਿੱਸਾ ਬਣਾਂਗੇ ਅਤੇ ਜੇ ਲੜਾਈ ਜਮਾਤ ਦੀ ਲੜਦੇ ਹਾਂ ਤਾਂ ਅਸੀਂ ਅੰਬੇਡਕਰਵਾਦ ਨੂੰ ਮਜ਼ਬੂਤੀ ਦੇ ਰਹੇ ਹਾਂ। ਇਹ ਫੈਸਲਾ ਤੁਸੀਂ ਕਰਨਾ ਹੈ ਕਿ ਕਿਹੜੀ ਲੜਾਈ ਲੜਨੀ ਹੈ ਅਤੇ ਕਿਵੇਂ ਲੜਨੀ ਹੈ। ਏਨੀ ਗੱਲ ਪੱਕੀ ਹੈ ਕਿ ਆਪਣੇ ਹਾਲਾਤ ਸੁਧਾਰਣ ਲਈ ਲੜਾਈ ਲੜਨੀ ਪਵੇਗੀ। ਹੁਣ ਤੁਸੀਂ ਤੈਅ ਕਰਨਾ ਹੈ ਕਿ ਲੜਾਈ ਫੌਜ ਵਾਂਗ ਕਰਨੀ ਹੈ ਜਾਂ ਮੌਬ ਵਾਂਗੂ। ਫੌਜ ਦੀ ਲੜਾਈ ਤੁਸੀਂ ਜਾਣਦੇ ਹੋ। ਸਿਪਾਹੀ ਤੋਂ ਲੈ ਕੇ ਜਰਨੈਲ ਤੱਕ ਆਪੋ-ਆਪਣੀ ਡਿਊਟੀ ਸਮਝਦਾ ਹੈ, ਇਕ ਮੰਤਵ ਨੂੰ ਸਾਹਮਣੇ ਰੱਖਦੇ ਹੋਏ ਸਮੂਹ ਫੌਜ ਦਾ ਇਕ-ਇਕ ਸਿਪਾਹੀ ਆਪੋ-ਆਪਣਾ ਬਣਦਾ ਯੋਗਦਾਨ ਦਿੰਦਾ ਹੈ ਤੇ ਦੁਸ਼ਮਣ 'ਤੇ ਫ਼ਤਹਿ ਹਾਸਿਲ ਕਰਦੇ ਹੋਏ ਆਪਣੀ ਮੰਜ਼ਿਲ ਨੂੰ ਹਾਸਿਲ ਕਰਦਾ ਹੈ। ਦੂਸਰੇ ਪਾਸੇ ਹੁੰਦੀ ਹੈ ਮੌਬ ਦੀ ਲੜਾਈ। ਮੌਬ ਇਕ ਅੰਗਰੇਜ਼ੀ ਦਾ ਸ਼ਬਦ ਹੈ, ਜਿਸ ਦਾ ਇਸਤੇਮਾਲ ਬੇਕਾਬੂ ਭੀੜ ਲਈ ਕੀਤਾ ਜਾਂਦਾ ਹੈ। ਮੌਬ ਵੀ ਲੜਦਾ ਹੈ, ਅੱਗਾਂ ਲਗਾਉਂਦਾ ਹੈ, ਖੋਹਾਂ ਕਰਦਾ ਹੈ, ਵੱਡੇ-ਵੱਡੇ ਨਾਅਰੇ ਲਗਾਉਂਦਾ ਹੈ ਪਰ ਹੁੰਦਾ ਇਹ ਹੈ ਕਿ ਜ਼ਿਆਦਾਤਰ ਮੌਬ 'ਚ ਹਿੱਸਾ ਲੈਣ ਵਾਲੇ ਅਸਫ਼ਲ ਹੋ ਕੇ, ਜੁੱਤੀਆਂ ਖਾ ਕੇ ਆਪੋ-ਆਪਣੇ ਘਰ ਬੈਠੇ ਨਜ਼ਰ ਆਉਂਦੇ ਹਨ। ਜਿੱਥੇ ਫੌਜ ਦੀ ਲੜਾਈ ਕੌਮਾਂ ਨੂੰ ਮਜ਼ਬੂਤੀ ਦਿੰਦੀ ਹੈ, ਉੱਥੇ ਮੌਬ ਦੀ ਲੜਾਈ ਕੌਮਾਂ ਕਮਜ਼ੋਰ ਕਰ ਦਿੰਦੀ ਹੈ। ਮੌਬ ਦੀ ਲੜਾਈ ਤੋਂ ਮੈਨੂੰ ਆਪਣੇ ਮੁਹੱਲੇ 'ਚ ਰਹਿਣ ਵਾਲੇ ਤਾਏ ਲਾਹੌਰੀਏ ਦੀ ਇਤ ਕਹਾਣੀ ਯਾਦ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਇਕ ਵਾਰ ਕੁਸ਼ਤੀ ਦਾ ਜੋੜ ਮੇਲਾ ਲੱਗਿਆ ਤਾਂ ਮੈਂ ਕੁਸ਼ਤੀ ਕਰਨ ਚਲਾ ਗਿਆ। ਮੈਨੂੰ ਦੇਖਦਿਆਂ ਹੀ ਮੇਰੇ ਸਾਥੀ ਨਾਅਰੇ ਲਗਾਉਣ ਲੱਗੇ 'ਫੱਟੇ ਚੱਕ ਦਿਆਂਗੇ' 'ਫੱਟੇ ਚੱਕ ਦਿਆਂਗੇ'। ਮੈਂ ਵੀ ਆਪਣੇ ਸਾਥੀਆਂ ਦਾ ਜੋਸ਼ ਦੇਖ ਕੇ ਉਨ੍ਹਾਂ ਦੇ ਨਾਅਰਿਆਂ 'ਚ ਸਾਥ ਦੇਣ ਲੱਗਾ, 'ਚੱਕ ਦਿਓ ਫੱਟੇ' 'ਚੱਕ ਦਿਓ ਫੱਟੇ'। ਜੋਸ਼ 'ਚ ਆਏ ਮੇਰੇ ਸਾਥੀਆਂ ਨੇ ਮੈਨੂੰ ਆਪਣੇ ਮੋਢਿਆਂ 'ਤੇ ਚੁੱਕ ਲਿਆ, ਧੱਕਾ-ਮੁੱਕੀ ਵਿੱਚ ਮੈਂ ਮੂਧੇ-ਮੂੰਹ ਧੜੱਮ ਕਰਦਾ ਥੱਲੇ ਆ ਡਿੱਗਿਆ, ਜਿਸ ਕਾਰਣ ਮੇਰੇ ਬੁਲ੍ਹ ਫਟ ਗਏ ਅਤੇ ਮੇਰਾ ਸੱਜਾ ਗੁੱਟ ਵੀ ਟੁੱਟ ਗਿਆ। ਜਦੋਂ ਮੈਂ ਘਰ ਆਇਆ ਤਾਂ ਮੇਰੇ ਘਰਦੇ ਮਜ਼ਾਕ ਕਰਨ ਲੱਗੇ ਕਿ ਗਿਆ ਤਾਂ ਫੱਟੇ ਚੁੱਕਣ ਸੀ ਤੇ ਚੁੱਕ ਤੂੰ ਆਪਣੇ ਫੱਟੇ ਲਏ। ਸ਼ਾਬਾਸ਼ ਓਏ ਭਲਵਾਨਾ ਬੇਗਾਨਿਆਂ ਨਾਲ ਲੜਨ ਤੋਂ ਪਹਿਲਾਂ ਆਪਣਿਆਂ ਤੋਂ ਹੀ ਮਾਰ ਖਾ ਕੇ ਆ ਗਿਐਂ। ਕੁਝ ਅਜਿਹਾ ਹੀ ਹਾਲ ਸਾਡੇ ਦਲਿਤਾਂ ਦੀ ਲੜਾਈ ਦਾ ਹੈ। ਨਾਅਰੇ ਵੱਡੇ-ਵੱਡੇ ਲੱਗਦੇ ਹਨ। ਚੱਕਦੇ ਫੱਟੇ, ਚੱਕਦੇ ਫੱਟੇ ਦੀਆਂ ਆਵਾਜ਼ਾਂ ਆਉਂਦੀਆਂ ਹਨ ਪਰ ਪਤਾ ਲੱਗਦਾ ਹੈ ਕਿ ਆਪਣਿਆਂ ਨੇ ਹੀ ਆਪਣਿਆਂ ਨੂੰ ਮਾਰ ਦਿੱਤਾ। ਜੇ ਇਸੇ ਤਰ੍ਹਾਂ ਲੜਾਈਆਂ ਚੱਲਦੀਆਂ ਰਹੀਆਂ ਤਾਂ ਯਕੀਨ ਮੰਨੋ ਜੋ ਤਾਇਆ ਲਾਹੌਰੀਏ ਦਾ ਹਾਲ ਹੋਇਆ, ਉਸ ਤੋਂ ਮਾੜਾ ਹਾਲ ਸਾਡਾ ਹੁੰਦਾ ਰਹੇਗਾ। ਇਨ੍ਹਾਂ ਹਾਲਾਤਾਂ 'ਚ ਫੱਟੇ ਵੈਰੀਆਂ ਦੇ ਨਹੀਂ ਚੁੱਕੇ ਜਾਣੇ, ਆਪਣੇ ਹੀ ਚੁਕਾਏ ਜਾਣੇ ਹਨ।
- ਅਜੇ ਕੁਮਾਰ   

Monday 13 July 2015

''ਦੇਖੀ ਜਾ, ਛੇੜੀਂ ਨਾ''

2012 ਦੀਆਂ ਚੋਣਾਂ ਵਿੱਚ ਅਕਾਲੀ-ਭਾਜਪਾ ਨੂੰ ਇਕ ਵਾਰ ਫਿਰ ਪੰਜਾਬ 'ਚ ਸਰਕਾਰ ਬਣਾਉਣ ਦਾ ਮੌਕਾ ਮਿਲਿਆ, ਇਕ ਵਾਰ ਫਿਰ ਕਾਂਗਰਸ ਦੀ ਹਾਰ ਹੋਈ ਅਤੇ ਹੁਣ ਅਕਾਲੀ-ਭਾਜਪਾ ਸਰਕਾਰ ਨੂੰ ਰਾਜ ਕਰਦਿਆਂ 3 ਸਾਲ ਤੋਂ ਵੱਧ ਸਮਾਂ ਗੁਜ਼ਰ ਚੁੱਕਾ ਹੈ। ਸਿਆਣੇ ਦੱਸਦੇ ਹਨ ਕਿ ਜਿਉਂ-ਜਿਉਂ ਚੋਣਾਂ ਦਾ ਸਮਾਂ ਨੇੜੇ ਆਉਂਦਾ ਹੈ, ਤਿਉਂ-ਤਿਉਂ ਲੀਡਰਾਂ ਨੂੰ ਵੋਟਰਾਂ ਦੀ ਯਾਦ ਆਉਣ ਲੱਗ ਜਾਂਦੀ ਹੈ। ਆਕੜੀਆਂ ਗਰਦਨਾਂ ਝੁਕਣ ਲੱਗ ਜਾਂਦੀਆਂ ਹਨ, ਕੌੜੀਆਂ ਜੀਭਾਂ 'ਚ ਮਿਸ਼ਰੀ ਘੁਲ ਕੇ ਮਿੱਠੇ-ਮਿੱਠੇ ਬੋਲ ਮੂੰਹ 'ਚੋਂ ਨਿਕਲਣ ਲੱਗ ਜਾਂਦੇ ਹਨ। ਪੁਰਾਣੇ ਹੰਢੇ-ਛੰਢੇ ਵਰਕਰ, ਜਿਨ੍ਹਾਂ ਦੀ ਰਾਜ ਵਿੱਚ ਕਦੇ ਸੁੱਧ ਨਹੀਂ ਲਈ ਜਾਂਦੀ, ਉਹ ਵੀ ਸੁਪਨਿਆਂ 'ਚ ਆ-ਆ ਕੇ ਲੀਡਰਾਂ ਨੂੰ ਸਤਾਉਂਦੇ ਹਨ ਕਿ ਜੇ ਮੇਰੀ ਤੂੰ ਸੁੱਧ ਅਜੇ ਵੀ ਨਾ ਲਈ ਤਾਂ ਫਿਰ ਦੇਖ ਮੈਂ ਤੇਰਾ ਚੋਣਾਂ 'ਚ ਕੀ ਹਾਲ ਕਰਦਾਂ ਅਤੇ ਉਹੀ ਲੀਡਰ, ਜਿਸ ਨੂੰ ਜਨਤਾ ਤੋਂ ਬਦਬੂ ਆਉਂਦੀ ਸੀ, ਓਹਨੂੰ ਹੁਣ ਚੋਣਾਂ ਦੇ ਨੇੜੇ ਆਉਂਦਿਆਂ ਹੀ ਖੁਸ਼ਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਪੰਜਾਬ ਦੇ ਮੌਜੂਦਾ ਰਾਜਨੀਤਿਕ ਹਾਲਾਤ ਦਰਸਾਉਂਦੇ ਹਨ ਕਿ ਚੋਣਾਂ ਦੀ ਮਿੱਠੀ-ਮਿੱਠੀ ਹਵਾ ਵਹਿਣੀ ਸ਼ੁਰੂ ਹੋ ਗਈ ਹੈ। ਹੁਣ ਬਾਦਲ ਨਵੀਆਂ-ਨਵੀਆਂ ਸਕੀਮਾਂ ਲੈ ਕੇ ਆਉਣਗੇ, ਕੈਪਟਨ ਸਾਹਿਬ ਵੀ ਸੜਕਾਂ 'ਤੇ ਉਤਰ ਕੇ ਜਨ-ਸੰਪਰਕ ਅਭਿਆਨ ਚਲਾ ਰਹੇ ਹਨ ਅਤੇ ਲੱਗਦਾ ਇੰਝ ਹੈ ਕਿ ਭਾਜਪਾ ਵੀ ਇਕੱਲੇ ਚੋਣਾਂ ਲੜ ਕੇ ਸੱਤਾ 'ਤੇ ਕਾਬਜ਼ ਹੋਣ ਦੀ ਚਾਹਵਾਨ ਹੈ। ਇਨ੍ਹਾਂ ਸਾਰਿਆਂ ਦੀਆਂ ਇੱਛਾਵਾਂ ਪੂਰੀਆਂ ਕਰਨ ਵਿੱਚ ਇੱਕੋ-ਇਕ ਰੋੜਾ ਜਾਂ ਕਿਹਾ ਜਾਵੇ ਕਿ ਇੱਕੋ-ਇਕ ਆਸ਼ਾ ਦੀ ਕਿਰਨ ਹੈ ਦਲਿਤ ਵੋਟ। ਪੰਜਾਬ ਵਿੱਚ ਵੱਡੇ ਦਲਿਤ ਵੋਟ ਬੈਂਕ ਨੂੰ ਸਭ ਪਾਰਟੀਆਂ ਦੀਆਂ ਗਿੱਦ ਨਿਗਾਹਾਂ ਲੱਗੀਆਂ ਹੋਈਆਂ ਹਨ, ਕਿਸ ਤਰ੍ਹਾਂ ਦਲਿਤ ਵੋਟ ਨੂੰ ਭਰਮਾਇਆ ਜਾਵੇ, ਲਲਚਾਇਆ ਜਾਵੇ, ਘਬਰਾਇਆ ਜਾਵੇ ਤਾਂ ਜੋ ਵਿਰੋਧੀ ਨੂੰ ਹਰਾਇਆ ਜਾਵੇ। ਦਲਿਤ ਵੋਟ ਦੀ ਖ਼ਾਤਿਰ ਇਹ ਪਾਰਟੀਆਂ ਆਪਸ ਵਿੱਚ ਇੰਝ ਲੜਦੀਆਂ ਹਨ, ਜਿਵੇਂ ਕਸਾਈ ਦੀ ਦੁਕਾਨ ਦੇ ਬਾਹਰ ਛਿਛੜਿਆਂ ਨੂੰ ਖਾਣ ਲਈ ਕੁੱਤੇ। ਚਲੋ! ਵੋਟ ਦਲਿਤ ਦਾ ਹੱਕ ਹੈ, ਦਲਿਤ ਸ਼ਸ਼ੋਪੰਜ 'ਚ ਹੈ, ਕਿਸ 'ਤੇ ਯਕੀਨ ਕਰੇ, ਕਿਉਂਕਿ ਪੁਰਾਣਾ ਤਜ਼ਰਬਾ ਤਾਂ ਇਹੀ ਦੱਸਦਾ ਹੈ, ਜਿਸ 'ਤੇ ਵੀ ਯਕੀਨ ਕੀਤਾ, ਉਸ ਨੇ ਹੀ ਧੋਖਾ ਦਿੱਤਾ। ਇਕ ਪੁਰਾਣਾ ਮਜ਼ਾਕੀਆ ਕਿੱਸਾ ਯਾਦ ਆ ਰਿਹਾ ਹੈ ਇਕ ਮਹਾ ਕੰਜੂਸ ਬਾਣੀਏ ਦੇ ਬੱਚਿਆਂ ਨੂੰ ਜ਼ਿਦ ਕੀਤੀ ਕਿ ਸਾਡੇ ਗੁਆਂਢੀ ਦੇਸੀ ਘਿਓ 'ਚ ਚੋਪੜ ਕੇ ਰੋਟੀਆਂ ਖਾਂਦੇ ਹਨ, ਅਸੀਂ ਵੀ ਰੋਟੀ ਘਿਓ ਨਾਲ ਚੋਪੜ ਕੇ ਹੀ ਖਾਣੀ ਹੈ। ਬਾਣੀਏ ਦੀ ਪਤਨੀ ਵੀ ਬੱਚਿਆਂ ਨਾਲ ਸਹਿਮਤ ਸੀ। ਏਨਾ ਵਿਰੋਧ ਦੇਖਦੇ ਹੋਏ ਬਾਣੀਆ ਦੇਸੀ ਘਿਓ ਦਾ ਡੱਬਾ ਘਰ ਲੈ ਆਇਆ, ਬੱਚਿਆਂ ਨੂੰ ਹਦਾਇਤ ਦਿੱਤੀ ਕਿ ਜਦੋਂ ਤੁਹਾਡੀ ਮਾਂ ਰੋਟੀ ਬਣਾ ਕੇ ਲਿਆਵੇ ਤੇ ਘਿਓ ਦੇ ਡੱਬੇ ਕੋਲੋਂ ਕੱਢ ਲਿਆ ਕਰੋ, ਤੁਹਾਨੂੰ ਦੇਸੀ ਘਿਓ ਦਾ ਆਨੰਦ ਆ ਹੀ ਜਾਵੇਗਾ। ਬੱਚਿਆਂ ਦੀ ਤਸੱਲੀ ਤਾਂ ਨਹੀਂ ਸੀ ਪਰ ਗੁਜ਼ਾਰਾ ਕਰਨਾ ਸੀ, ਇਕ ਬੱਚੇ ਕੋਲੋਂ ਬਰਦਾਸ਼ਤ ਨਾ ਹੋਇਆ, ਉਸ ਨੇ ਰੋਟੀ ਘਿਓ ਦੇ ਡੱਬੇ ਨਾਲ ਰਗੜ ਕੇ ਕੱਢ ਲਈ, ਦੇਖਦੇ ਹੀ ਬਾਣੀਏ ਨੂੰ ਆ ਗਿਆ ਗੁੱਸਾ ''ਓਏ ਜੇ ਇਸ ਤਰ੍ਹਾਂ ਰੋਟੀ ਖਾਓਗੇ ਤਾਂ ਘਿਓ ਦਾ ਡੱਬਾ ਤਾਂ ਫਟਾਫਟ ਹੀ ਮੁਕ ਜਾਣੈ।'' ਅਤੇ ਬਾਣੀਏ ਨੇ ਡੱਬਾ ਚੁੱਕ ਕੇ ਅਲਮਾਰੀ 'ਚ ਰੱਖਿਆ ਤੇ ਬਾਹਰ ਤਾਲਾ ਲਗਾ ਦਿੱਤਾ। ਬੱਚੇ ਫਿਰ ਬੱਚੇ ਹਨ, ਇਕ ਬੱਚੇ ਕੋਲੋਂ ਰਿਹਾ ਨਾ ਗਿਆ, ਉਸ ਨੇ ਰੋਟੀ ਲਿਜਾ ਕੇ ਅਲਮਾਰੀ 'ਤੇ ਲੱਗੇ ਤਾਲੇ ਨਾਲ ਰਗੜ ਲਈ, ਜੋ ਦੇਖ ਬਾਣੀਏ ਨੂੰ ਗੁੱਸਾ ਆ ਗਿਆ, ਓਹਨੇ ਜੁੱਤੀ ਚੁੱਕੀ ਤੇ ਬੱਚੇ ਨੂੰ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ''ਓਏ ਬੜੇ ਹੀ ਨਾਲਾਇਕ ਅਤੇ ਬੱਦਨੀਅਤੇ ਬੱਚੇ ਹੋ, ਇਕ ਦਿਨ ਵੀ ਦੇਸੀ ਘਿਓ ਬਿਨਾਂ ਰੋਟੀ ਹਜਮ ਨਹੀਂ ਹੁੰਦੀ।'' ਕੁਝ ਬਾਣੀਏ ਦੇ ਬੱਚਿਆਂ ਵਾਲਾ ਹਾਲ ਦਲਿਤਾਂ ਦਾ ਵੀ ਹੈ। ਰੰਗ-ਬਰੰਗੇ ਦੇਸੀ-ਘਿਓ ਦੇ ਡੱਬੇ ਲੈ ਦਲਿਤਾਂ ਨੂੰ ਭਰਮਾਉਣ ਲਈ ਸਭ ਰਾਜਨੀਤਿਕ ਪਾਰਟੀਆਂ ਮੈਦਾਨ ਵਿੱਚ ਨਿਤਰ ਚੁੱਕੀਆਂ ਹਨ। ਕਿਸੇ ਕੋਲ ਤੱਕੜੀ ਮਾਰਕਾ ਘਿਓ ਹੈ, ਕਿਸੇ ਕੋਲ ਫੁੱਲ ਮਾਰਕਾ, ਕਿਸੇ ਕੋਲ ਗਾਂਧੀ ਟੋਪੀ ਮਾਰਕਾ ਤੇ ਕਿਸੇ ਕੋਲ ਪੰਜਾ ਮਾਰਕਾ। ਡੱਬੇ ਸਾਰੇ ਹੀ ਬਹੁਤ ਖੂਬਸੂਰਤ ਹਨ, ਉਨ੍ਹਾਂ ਨੂੰ ਵੇਚਣ ਵਾਲੀਆਂ ਸ਼ਕਲਾਂ ਵੀ ਬਹੁਤ ਖੂਬਸੂਰਤ ਹਨ। ਗੱਲਾਂ ਵੀ ਬਹੁਤ ਮਨ ਭਰਮਾਉਣ ਵਾਲੀਆਂ ਹਨ ਪਰ ਯਕੀਨ ਮੰਨੋ ਕਿ ਕਿਸੇ ਦਲਿਤ ਨੂੰ ਘਿਓ ਸੁੰਘਣ ਨੂੰ ਵੀ ਨਹੀਂ ਮਿਲਣਾ। ਦੂਰੋਂ-ਦੂਰੋਂ ਰੋਟੀ ਰਗੜੀ ਜਾ, ਡੱਬਾ ਬਾਹਰੋਂ-ਬਾਹਰ ਚੱਟੀ ਜਾ ਜੇ ਹੱਥ ਲਾਇਆ ਘਿਓ ਨੂੰ ਤਾਂ ਯਕੀਨ ਮੰਨੀ ਜੁੱਤੀਆਂ ਪੱਕੀਆਂ ਹਨ। ਇਹ ਹੈ ਦਲਿਤ ਦੀ ਤਕਦੀਰ। ਰਾਜ ਵਿੱਚ ਆਉਣ ਲਈ ਵੋਟਾਂ ਚਾਹੀਦੀਆਂ ਹਨ ਤੇ ਤੁਸੀਂ ਪਿਓ ਜੀ ਹੋ। ਨਹੀਂ ਤਾਂ ਜੁੱਤੀ 'ਤੇ ਰੱਖ ਕੇ ਵੀ ਖੀਰ ਨਹੀਂ ਜੇ ਮਿਲਣੀ। ਤੁਹਾਨੂੰ ਸਦਾ ਜੁੱਤੀਆਂ ਹੀ ਮਿਲਣੀਆਂ ਹਨ।  ਅਜੇ ਵੀ ਵਕਤ ਹੈ ਅਸੀਂ ਸੱਤਾ ਦੇ ਸੱਚੇ ਹੱਕਦਾਰ, ਸੱਤਾ ਹਥਿਆਉਣ ਲਈ ਕੋਈ ਪਾਲਿਸੀ,  ਕੋਈ ਰਣਨੀਤੀ, ਕੋਈ ਯੋਜਨਾ ਬਣਾਈਏ ਤਾਂ ਜੋ ਇਨ੍ਹਾਂ ਹੱਥਾਂ 'ਚ ਖੇਡਣ ਵਾਲੇ ਖਿਡਾਉਣੇ ਬਣਨ ਦੀ ਬਜਾਏ ਇਨ੍ਹਾਂ ਨੂੰ ਡਰਾਉਣ ਵਾਲੇ ਹਥਿਆਰ ਬਣ ਜਾਈਏ। ਜੇ ਅਸੀਂ ਨਾ ਸਮਝੇ ਤਾਂ ਸਾਡੇ ਹਾਲਾਤਾਂ ਵਿੱਚ ਸੁਧਾਰ ਹੋਣ ਦੇ ਆਸਾਰ ਬਹੁਤ ਘੱਟ ਹਨ। ਮੇਰੇ ਮਿੱਤਰ ਨੇ ਨਵੀਂ ਮੋਟਰ ਸਾਈਕਲ ਲਈ ਤਾਂ ਪਿੱਛੇ ਲਿਖਵਾ ਦਿੱਤਾ ''ਦੇਖੀ ਜਾ, ਛੇੜੀਂ ਨਾ।'' ਸਮਝ ਲਓ ਕੁਝ ਅਜਿਹੀ ਹੀ ਨੀਅਤ ਇਨ੍ਹਾਂ ਸਭ ਲੀਡਰਾਂ ਦੀ ਹੈ, ਦਿਖਾਉਣਗੇ ਬਹੁਤ ਕੁਝ ਪਰ ਹੱਥ ਨਹੀਂ ਲਾਉਣ ਦੇਣਾ। ਸੁੰਘਾਉਣਗੇ ਬਹੁਤ ਕੁਝ ਪਰ ਖਾਣ ਕੁਝ ਨਹੀਂ ਦੇਣਾ।       
- ਅਜੇ ਕੁਮਾਰ