Wednesday 26 April 2017

ਬੰਦ ਕਰੋ ਫੋਕੀਆਂ ਬੜਕਾਂ ਫੋਕੇ ਫਾਇਰ

ਮੈਂ ਲੱਗਭਗ ਪਿਛਲੇ 30 ਸਾਲਾਂ ਤੋਂ ਅੰਬੇਡਕਰ ਮਿਸ਼ਨ ਦੇ ਸਿਪਾਹੀਆਂ, ਬੁੱਧੀਜੀਵੀਆਂ ਕੋਲੋਂ, ਦਲਿਤ ਲੇਖਕਾਂ ਕੋਲੋਂ, ਦਲਿਤ ਲੀਡਰਾਂ ਕੋਲੋਂ ਇਹ ਸੁਣਦਾ ਆ ਰਿਹਾ ਹਾਂ ਕਿ ਮੀਡੀਆ ਸਾਡੀ ਆਵਾਜ਼ ਬੁਲੰਦ ਨਹੀਂ ਕਰਦਾ। ਅਸੀਂ ਹਮੇਸ਼ਾ ਮੀਡੀਆ ਨੂੰ ਗਾਲ੍ਹਾਂ ਕੱਢਦੇ ਰਹਿੰਦੇ ਹਾਂ, ਮੀਡੀਆ ਦੇ ਖਿਲਾਫ ਬੋਲਦੇ ਰਹਿੰਦੇ ਹਾਂ, ਮੀਡੀਆ ਨੂੰ ਚੋਰ ਵੀ ਆਖਦੇ ਹਾਂ। ਨਾਲ ਹੀ ਦੂਜੇ ਪਾਸੇ ਮੀਡੀਆ 'ਚ ਆਪਣੀ ਖਬਰ ਲਵਾਉਣ ਲਈ ਤੱਤਪਰ ਵੀ ਰਹਿੰਦੇ ਹਾਂ, ਆਪਣੇ-ਆਪ ਨੂੰ ਮੀਡੀਆ 'ਚ ਲਿਆਉਣ ਲਈ ਵੀ ਤੱਤਪਰ ਰਹਿੰਦੇ ਹਾਂ ਤੇ ਬੁਰਾ ਬੋਲਣ ਲਈ ਵੀ ਤੱਤਪਰ ਰਹਿੰਦੇ ਹਾਂ। ਇਹ ਦੋਵੇਂ ਕੰਮ ਇਕੱਠੇ ਨਹੀਂ ਹੋ ਸਕਦੇ। ਜੇਕਰ ਅਸੀਂ ਮੀਡੀਆ 'ਚ  ਰਹਿਣਾ ਹੈ ਤਾਂ ਸਾਨੂੰ ਮੀਡੀਆ ਨੂੰ ਬੁਰਾ ਕਹਿਣ ਦੀ ਆਦਤ ਛੱਡਣੀ ਪਵੇਗੀ ਜੇ ਅਸੀਂ ਮੀਡੀਆ ਨੂੰ ਬੁਰਾ ਕਹਿਣਾ ਹੈ ਤਾਂ ਫਿਰ ਸਾਨੂੰ ਮੀਡੀਆ ਕਿਸੇ ਵੀ ਹਾਲਤ 'ਚ ਆਪਣਾ ਪਲੇਟਫਾਰਮ ਵਰਤਣ ਦੀ ਆਗਿਆ ਨਹੀਂ ਦੇਵੇਗਾ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਮੈਂ 8 ਸਾਲ ਪਹਿਲਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ 'ਤੇ 'ਆਪਣੀ ਮਿੱਟੀ' ਅਖਬਾਰ ਦੀ ਸ਼ੁਰੂਆਤ ਕੀਤੀ, ਜਿਸ ਨੂੰ ਮੈਂ ਬਹੁਜਨ ਸਮਾਜ ਦੇ ਬਿਹਤਰ ਭਵਿੱਖ ਨੂੰ ਦੇਖਦੇ ਹੋਏ ਬਹੁਜਨ ਸਮਾਜ ਨੂੰ ਸਮਰਪਿਤ ਕਰ ਦਿੱਤਾ। ਉਸ ਸਮੇਂ ਮੈਂ ਬਹੁਜਨ ਸਮਾਜ ਪਾਰਟੀ ਪੰਜਾਬ ਦਾ ਜਨਰਲ ਸਕੱਤਰ ਸੀ। ਫਿਰ ਮੈਂ ਜਲੰਧਰ ਮਹਾਂਨਗਰ ਦਾ ਪ੍ਰਧਾਨ ਬਣਾਇਆ ਗਿਆ। ਇਸ ਕਰਕੇ ਮੈਂ ਆਪਣੀ ਅਖਬਾਰ ਬਹੁਜਨ ਸਮਾਜ ਪਾਰਟੀ ਨੂੰ ਸਮਰਪਿਤ ਕਰ ਦਿੱਤੀ, ਸਾਹਿਬ ਕਾਂਸ਼ੀ ਰਾਮ ਨੂੰ ਸਮਰਪਿਤ ਕਰ ਦਿੱਤੀ। ਪਤਾ ਨਹੀਂ ਕੀ ਕਾਰਣ ਹੋਇਆ, ਕਿਨ੍ਹਾਂ ਕਾਰਣਾਂ ਤੋਂ ਬਿਨਾਂ ਮੈਨੂੰ ਦੱਸੇ, ਬਿਨਾਂ ਮੇਰੇ ਧਿਆਨ 'ਚ ਲਿਆਏ ਉਸ ਸਮੇਂ ਦੀ ਬਸਪਾ ਦੀ ਮੁੱਖ ਲੀਡਰਸ਼ਿਪ ਦੇ ਸਿਰਫ ਦੋ ਬੰਦੇ ਇਕ ਕਰੀਮਪੁਰੀ ਅਤੇ ਦੂਸਰਾ ਇਸ ਸਮੇਂ ਆਪਣੀ ਨੂੰਹ ਦੇ ਕਤਲ ਦੇ ਕੇਸ ਨੂੰ ਭੁਗਤ ਰਿਹਾ ਕਸ਼ਯਪ, ਇਹ ਦੋਨੋਂ 'ਆਪਣੀ ਮਿੱਟੀ' ਅਖਬਾਰ ਦੇ ਇੰਨੇ ਖਿਲਾਫ ਹੋ ਗਏ ਕਿ ਸ਼ਰੇਆਮ ਸਟੇਜਾਂ 'ਤੇ ਖਿਲਾਫ ਬੋਲਦੇ ਰਹੇ ਤੇ ਦੂਜੇ ਪਾਸੇ ਮੇਰੇ ਦਫ਼ਤਰ ਵੀ ਹਾਜ਼ਰੀ ਭਰਦੇ ਰਹੇ। ਮੇਰੀ ਸਮਝ ਤੋਂ ਇਹ ਗੱਲਾਂ ਬਾਹਰ ਹੋ ਗਈਆਂ ਪਰ ਇਕ ਗੱਲ ਮੈਨੂੰ ਸਮਝ ਲੱਗ ਗਈ ਕਿ ਇਨ੍ਹਾਂ ਦੋਨਾਂ ਤੋਂ ਸਿਵਾਏ ਬਹੁਜਨ ਸਮਾਜ ਦੇ ਸਾਰੇ ਲੋਕ ਅਤੇ ਵਰਕਰ 'ਆਪਣੀ ਮਿੱਟੀ' ਅਖਬਾਰ ਨੂੰ ਆਪਣੀ ਸਮਝਦੇ ਹਨ ਤੇ ਇਸ ਨੂੰ ਚਲਾਉਣਾ ਚਾਹੁੰਦੇ ਹਨ। ਇਸ ਨੂੰ ਧਿਆਨ 'ਚ ਰੱਖਦੇ ਮੈਂ ਹਿੰਮਤ ਨਹੀਂ ਹਾਰੀ, ਮੈਂ ਅਖਬਾਰ ਨੂੰ ਜਾਰੀ ਰੱਖਿਆ। ਅਖ਼ਬਾਰ ਦੇ ਪਾਠਕਾਂ, ਪੱਤਰਕਾਰਾਂ, ਸ਼ੁਭਚਿੰਤਕਾਂ, ਬੁੱਧੀਜੀਵੀਆਂ ਨੇ ਹਰ ਤਰ੍ਹਾਂ ਦੀ ਅਖਬਾਰ ਦੀ ਮਦਦ ਕੀਤੀ। ਕਹਿਣ ਦਾ ਭਾਵ ਅਖਬਾਰ ਨੂੰ ਪਿਆਰ ਦਿੱਤਾ, ਸਤਿਕਾਰ ਦਿੱਤਾ ਅਤੇ ਪੂਰਾ ਸਹਿਯੋਗ ਦਿੱਤਾ। ਇਸੇ ਵਜ੍ਹਾ ਕਰਕੇ ਇਸ ਸਮੇਂ 'ਆਪਣੀ ਮਿੱਟੀ' ਅਖਬਾਰ ਦੇ ਦੇਸ਼ਾਂ-ਵਿਦੇਸ਼ਾਂ ਵਿੱਚ ਲੱਗਭਗ 40 ਹਜ਼ਾਰ ਤੋਂ ਵੱਧ ਪਾਠਕ ਹਨ, ਜਿਹੜੇ ਇਸ ਨੂੰ ਸਿੱਧੇ ਰੂਪ 'ਚ, ਫੇਸਬੁੱਕ ਰਾਹੀਂ, ਨੈੱਟ ਰਾਹੀਂ, ਵਟਸਐਪ ਰਾਹੀਂ, ਵੈਬਸਾਈਟ ਰਾਹੀਂ ਪੜ੍ਹ ਕੇ ਆਨੰਦ ਮਾਣਦੇ ਹਨ ਤੇ ਸਾਨੂੰ ਸਮੇਂ-ਸਮੇਂ 'ਤੇ ਅਖਬਾਰ ਸਬੰਧੀ ਸਲਾਹ-ਮਸ਼ਵਰਾ ਦਿੰਦੇ ਰਹਿੰਦੇ ਹਨ। ਸਾਥੀਓ, ਇਸ ਸਮੇਂ ਦਲਿਤ ਸਮਾਜ ਦੇ ਹਾਲਾਤ ਹਰ ਖੇਤਰ ਵਿੱਚ ਭਾਵ ਸਮਾਜਿਕ, ਧਾਰਮਿਕ, ਰਾਜਨੀਤਿਕ ਅਤੇ ਆਰਥਿਕ ਤੌਰ 'ਤੇ ਬਹੁਤ ਚਿੰਤਾਜਨਕ ਹਨ। ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਮੈਨੂੰ ਲੱਗਦਾ ਹੈ ਕਿ ਸਾਨੂੰ 'ਆਪਣੀ ਮਿੱਟੀ' ਅਖਬਾਰ ਨੂੰ ਬੜੀ ਤੇਜ਼ੀ ਨਾਲ ਵੱਧ ਤੋਂ ਵੱਧ ਪਾਠਕਾਂ ਹੱਥ ਭੇਜ ਕੇ ਸਮਾਜ ਦੀ ਖੁਸ਼ਹਾਲੀ ਦੇ ਰਸਤੇ ਖੋਲ੍ਹਣੇ ਚਾਹੀਦੇ ਹਨ ਅਤੇ ਆਪਣਾ ਅੰਬੇਡਕਰੀ ਹੋਣ ਦਾ ਪੂਰਾ ਫਰਜ਼ ਨਿਭਾਉਣਾ ਚਾਹੀਦਾ ਹੈ। ਇਸ ਕੰਮ ਨੂੰ ਮੈਂ ਨੇਪਰੇ ਚਾੜ੍ਹਨ ਲਈ ਆਪਣੇ ਲੇਖ ਰਾਹੀਂ ਅਖਬਾਰ ਦੇ ਪਾਠਕਾਂ, ਸ਼ੁਭਚਿੰਤਕਾਂ, ਸਹਿਯੋਗੀਆਂ, ਬੁੱਧੀਜੀਵੀਆਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਸੁਝਾਅ ਛੇਤੀ ਤੋਂ ਛੇਤੀ ਮੈਨੂੰ ਲਿਖਤੀ ਰੂਪ 'ਚ ਦਿਓ ਤਾਂ ਜੋ ਅਸੀਂ ਇਸ ਕੰਮ ਨੂੰ ਜਲਦੀ ਨੇਪਰੇ ਚਾੜ੍ਹ ਸਕੀਏ ਤੇ ਨਾਲ ਹੀ ਮੈਂ ਆਪ ਸਾਰਿਆਂ ਨੂੰ ਇਕ ਇਹ ਵੀ ਖਾਸ ਬੇਨਤੀ ਕਰਦਾ ਹਾਂ ਕਿ ਜੇਕਰ ਕੋਈ ਵੀ ਬਹੁਜਨ ਸਮਾਜ ਦਾ ਯੋਧਾ ਇਸ ਅਖਬਾਰ ਨੂੰ ਚਲਾਉਣ ਵਾਲੀ ਕਮੇਟੀ ਦਾ ਹਿੱਸਾ ਜਾਂ ਮੁੱਖ ਹਿੱਸਾ ਬਣਨਾ ਚਾਹੁੰਦਾ ਹੈ ਤਾਂ ਉਸ ਲਈ 'ਆਪਣੀ ਮਿੱਟੀ' ਅਖਬਾਰ ਦੇ ਸਾਰੇ ਦਰਵਾਜ਼ੇ ਖੁੱਲ੍ਹੇ ਹਨ। ਤੁਹਾਡਾ ਨਿੱਘਾ ਸਵਾਗਤ ਹੈ, ਕਿਉਂਕਿ ਹੁਣ ਸਮਾਂ ਆ ਗਿਆ ਹੈ ਫੋਕੀਆਂ ਬੜਕਾਂ ਅਤੇ ਫੋਕੇ ਫਾਇਰ ਨਾਲ ਕੰਮ ਨਹੀਂ ਬਣਨਾ। ਹੁਣ ਸਾਨੂੰ ਸਮਾਜ ਨੂੰ ਇਕਜੁੱਟ ਕਰਕੇ ਬਿਹਤਰ ਬਣਾਉਣ ਲਈ ਠੋਸ ਨੀਤੀ ਬਣਾਉਣੀ ਪੈਣੀ ਹੈ। ਠੋਸ ਨੀਤੀ ਬਣਾਉਣ ਲਈ ਮੀਡੀਆ ਦੀ ਬਹੁਤ ਸਖ਼ਤ ਲੋੜ ਹੈ। ਇਕੱਲੀ ਅਖਬਾਰ ਹੀ ਨਹੀਂ ਸਾਨੂੰ ਕਈ ਤਰ੍ਹਾਂ ਦੇ ਮੀਡੀਆ ਉੱਤੇ ਕਾਬਜ਼ ਹੋਣਾ ਪੈਣਾ ਹੈ। ਜਿਵੇਂ ਟੀ. ਵੀ. ਚੈਨਲ ਆਦਿ। ਤੁਹਾਡੇ ਫ਼ੈਸਲੇ ਦੇ ਇੰਤਜ਼ਾਰ 'ਚ। 
ਅਜੇ ਕੁਮਾਰ    

Wednesday 19 April 2017

ਜੈ-ਜੈ ਕਾਰ ਨੇ ਮਚਾਈ ਹਾਹਾਕਾਰ

ਭੇਦ-ਭਾਵ ਪੂਰੇ ਵਿਸ਼ਵ 'ਚ ਅਲੱਗ-ਅਲੱਗ ਢੰਗ ਨਾਲ ਹੈ। ਪਰ ਜਿਹੋ ਜਿਹਾ ਭੇਦਭਾਵ ਭਾਰਤ 'ਚ ਹੈ ਅਜਿਹਾ ਭੇਦਭਾਵ ਪੂਰੇ ਸੰਸਾਰ 'ਚ ਹੋਰ ਕਿਧਰੇ ਨਹੀਂ ਹੈ ਕਿਉਂਕਿ ਭਾਰਤ ਦੇ ਭੇਦਭਾਵ ਦੀਆਂ ਜੜ੍ਹਾਂ ਬਹੁਤ ਗਹਿਰੀਆਂ ਹਨ ਅਤੇ ਇਸ ਦਾ ਫੈਲਾਅ ਭਾਰਤ ਦੇ ਕਣ-ਕਣ 'ਚ ਹੈ। ਇਹ ਵਰਣ ਵਿਵਸਥਾ ਤੇ ਟਿਕਿਆ ਹੋਇਆ ਹੈ। ਵਰਣ-ਵਿਵਸਥਾ ਦਾ ਭਾਵ ਹੈ ਠੋਸ ਵਿਵਸਥਾ, ਜਿੱਥੇ ਕਿਸੇ ਨੂੰ ਟਿਕਾ ਦਿੱਤਾ ਉਥੇ ਉਹ ਟਿਕਿਆ ਰਹੇਗਾ ਤੇ ਕਈ ਪੀੜ੍ਹੀਆਂ ਤੋਂ ਟਿਕਿਆ ਵੀ ਹੋਇਆ ਹੈ। ਇਸ ਵਰਣ-ਵਿਵਸਥਾ ਨੂੰ ਖਤਮ ਕਰਨ ਲਈ ਕਈ ਮਾਨਵਤਾ ਦੇ ਮਸੀਹਾ ਆਏ, ਉਨ੍ਹਾਂ ਨੇ ਆਪਣੇ-ਆਪਣੇ ਸਮੇਂ ਕਾਲ ਦੇ ਦੌਰਾਨ ਆਪਣੀ ਸਮਰੱਥਾ ਦੇ ਮੁਤਾਬਿਕ ਕੰਮ ਕੀਤਾ, ਉਹੀ ਲਹਿਰ ਨੂੰ ਅਗਾਂਹ ਵਧਾਉਂਦੇ ਹੋਏ ਡਾ. ਭੀਮ ਰਾਓ ਅੰਬੇਡਕਰ ਜੀ ਨੇ ਵਰਣ-ਵਿਵਸਥਾ ਦਾ ਮਲੀਆਮੇਟ ਕਰਨ ਲਈ ਠੋਸ  ਉਪਰਾਲੇ ਕੀਤੇ। ਇਨ੍ਹਾਂ ਉਪਰਾਲਿਆਂ ਦੌਰਾਨ ਉਨ੍ਹਾਂ ਨੇ ਆਪਣਾ ਆਪ, ਆਪਣੇ ਪਰਿਵਾਰ ਦੀਆਂ ਖੁਸ਼ੀਆਂ ਅਤੇ ਸਾਰਾ ਜੀਵਨ ਵੀ ਨਿਸ਼ਾਵਰ ਕਰ ਦਿੱਤਾ। ਨਤੀਜੇ ਵਜੋਂ ਹੋਂਦ 'ਚ ਆਇਆ ਭਾਰਤੀ ਸੰਵਿਧਾਨ। ਸਰੀਰਿਕ ਰੂਪ 'ਚ ਦੁਨੀਆਂ ਛੱਡਣ ਤੋਂ ਪਹਿਲਾਂ ਉਨ੍ਹਾਂ ਨੇ ਭਾਰਤ ਦੇ ਲੋਕਾਂ ਨੂੰ ਆਪਣੇ ਸੰਦੇਸ਼ 'ਚ ਕਿਹਾ ਸੀ ਕਿ ਜੇਕਰ ਤੁਸੀਂ ਮਜ਼ਬੂਤ ਰਾਸ਼ਟਰ ਅਤੇ ਖੁਸ਼ਹਾਲ ਭਾਰਤੀ ਬਣਨਾ ਚਾਹੁੰਦੇ ਹੋ ਤਾਂ ਭਾਰਤੀ ਸੰਵਿਧਾਨ ਨੂੰ ਪੂਰੀ ਇਮਾਨਦਾਰੀ ਨਾਲ ਲਾਗੂ ਕਰੀਉੁ। ਨਾਲ ਹੀ ਉਨ੍ਹਾਂ ਨੇ ਖ਼ਾਸ ਤੌਰ 'ਤੇ ਇਹ ਵੀ ਹਦਾਇਤ ਦਿੱਤੀ ਸੀ ਕਿ ਮੇਰੀ ਜੈ-ਜੈ ਕਾਰ ਕਰਨ ਦੀ ਬਜਾਇ ਮੇਰੇ ਦੱਸੇ ਹੋਏ ਮੂਲ ਮੰਤਰ ਨੂੰ ਅਪਨਾ ਕੇ ਮੇਰੇ ਮਿਸ਼ਨ ਨੂੰ ਅੱਗੇ ਵਧਾਉਂਦੇ ਰਿਹੋ, ਮੇਰਾ ਮਿਸ਼ਨ ਹੈ ਮਨੁੱਖ ਦੀ ਖੁਸ਼ਹਾਲੀ। ਉਨ੍ਹਾਂ ਦੇ ਵਿਰੋਧੀਆਂ ਨੇ ਤਾਂ ਕਿਸੇ ਵੀ ਕੀਮਤ 'ਚ ਉਨ੍ਹਾਂ ਦੇ ਸੰਦੇਸ਼ ਨੂੰ ਮਹੱਤਤਾ ਦੇਣੀ ਨਹੀਂ ਸੀ ਤੇ ਨਾ ਹੀ ਉਨ੍ਹਾਂ ਨੇ ਦਿੱਤੀ। ਪਰ ਉਨ੍ਹਾਂ ਦੇ ਪੈਰੋਕਾਰਾਂ ਵੱਲੋਂ ਵੀ ਉਨ੍ਹਾਂ ਦੇ ਸੰਦੇਸ਼ ਨੂੰ ਸੰਕਲਪ ਵਜੋਂ ਆਪਣਾ ਮਿਸ਼ਨ ਬਣਾਉਣ ਦੀ ਬਜਾਇ ਉਨ੍ਹਾਂ ਦੀ ਜੈ-ਜੈ ਕਾਰ ਕਰਨੀ ਸ਼ੁਰੂ ਕਰ ਦਿੱਤੀ ਗਈ। ਫਲਸਰੂਪ ਉਨ੍ਹਾਂ ਦੇ ਨਾਂ 'ਤੇ ਮੁਹੱਲਿਆਂ ਦੇ ਨਾਂ, ਕਲੋਨੀਆਂ ਦੇ ਨਾਂ, ਪਿੰਡਾਂ ਦੇ ਨਾਂ, ਜ਼ਿਲ੍ਹਿਆਂ ਦੇ ਨਾਂ, ਕਸਬਿਆਂ ਦੇ ਨਾਂ, ਸਕੂਲਾਂ ਦੇ ਨਾਂ, ਕਾਲਜਾਂ ਦੇ ਨਾਂ, ਯੂਨੀਵਰਸਿਟੀਆਂ ਦੇ ਨਾਂ ਰੱਖ ਦਿੱਤੇ। ਇੰਨਾ ਹੀ ਨਹੀਂ ਪੂਰੇ ਦੇਸ਼ 'ਚ 10 ਲੱਖ ਤੋਂ ਉੱਪਰ ਉਨ੍ਹਾਂ ਦੇ ਬੁੱਤ ਲਗਾ ਦਿੱਤੇ। ਪਰ ਉਨ੍ਹਾਂ ਦੀ ਵਿਚਾਰਧਾਰਾ 'ਤੇ ਪਹਿਰਾ ਨਹੀਂ ਦਿੱਤਾ। ਬਲਕਿ ਉਨ੍ਹਾਂ ਦੇ ਲਗਾਏ ਬੁੱਤਾਂ ਅਤੇ ਉਨ੍ਹਾਂ ਦੇ ਨਾਂ 'ਤੇ ਸੰਸਥਾਨਾਂ ਦੇ ਕਾਰਣ ਹੋ ਰਹੇ ਝਗੜਿਆਂ 'ਚ ਹੀ ਉਲਝ ਕੇ ਉਨ੍ਹਾਂ ਦੇ ਮਿਸ਼ਨ ਤੋਂ ਦੂਰ ਹੋ ਗਏ ਜਿਸ ਕਾਰਣ ਭਾਰਤ ਮਜ਼ਬੂਤ ਅਤੇ ਭਾਰਤੀ ਖੁਸ਼ਹਾਲ ਕੀ ਹੋਣੇ ਸੀ, ਬਲਕਿ ਉਸ ਦੇ ਉਲਟ ਦੇਸ਼ ਦੇ ਹਾਲਾਤ ਇਹ ਹਨ ਕਿ ਦੇਸ਼ ਇਸ ਸਮੇਂ ਭਿਅੰਕਰ ਦੌਰ 'ਚੋਂ ਗੁਜ਼ਰ ਰਿਹਾ ਹੈ। ਕਿਸੇ ਸਮੇਂ ਵੀ ਦੇਸ਼ ਦੇ ਟੋਟੇ-ਟੋਟੇ ਹੋ ਜਾਣ ਦੇ ਪੂਰੇ ਆਸਾਰ ਹਨ। ਦੇਸ਼ ਵਿੱਚ ਗ੍ਰਹਿ ਯੁੱਧ ਲੱਗਣ ਦੇ ਪੱਕੇ ਆਸਾਰ ਹਨ ਅਤੇ ਇਹ ਗ੍ਰਹਿ ਯੁੱਧ ਇੰਨਾ ਭਿਅੰਕਰ ਹੋਵੇਗਾ ਕਿ ਦੇਸ਼ ਦਾ ਨਾਮੋ-ਨਿਸ਼ਾਨ ਹੀ ਵਿਸ਼ਵ ਦੇ ਨਕਸ਼ੇ ਤੋਂ ਮਿਟ ਜਾਵੇਗਾ। ਇਸ ਸਮੇਂ ਬਹੁਤ ਜ਼ਰੂਰੀ ਹੈ ਕਿ ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ ਨੂੰ ਸਮਝ ਕੇ ਦੇਸ਼ ਨੂੰ ਖੁਸ਼ਹਾਲੀ ਵੱਲ ਤੋਰਿਆ ਜਾਵੇ ਨਹੀਂ ਤਾਂ ਬਾਅਦ 'ਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੋਵੇਗਾ। ਆਉ ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮ ਦਿਵਸ ਨੂੰ ਉਨ੍ਹਾਂ ਦੇ ਮਿਸ਼ਨ ਨੂੰ ਪੂਰਾ ਕਰਨ ਲਈ ਸੰਕਲਪ ਦਿਵਸ ਦੇ ਰੂਪ ਵਿੱਚ ਬਦਲ ਕੇ ਉਨ੍ਹਾਂ ਦਾ ਮਿਸ਼ਨ ਪੂਰਾ ਕਰੀਏ ਤਾਂ ਜੋ ਭਾਰਤ ਅਤੇ ਭਾਰਤੀ ਖੁਸ਼ਹਾਲ ਹੋ ਸਕਣ।
                                                             ਜੈ ਭੀਮ ਜੈ ਭਾਰਤ
                                                                                                ਅਜੇ ਕੁਮਾਰ

Wednesday 5 April 2017

ਮਸਲੇ ਨਹੀਂ ਮਸਾਲਾ ਸਹੀ

ਕਈ ਸਦੀਆਂ ਤੱਕ ਵਿਦੇਸ਼ੀਆਂ ਦੇ ਗੁਲਾਮ ਰਹਿਣ ਤੋਂ ਬਾਅਦ ਲੱਗਭਗ 70 ਸਾਲ ਪਹਿਲਾਂ ਸਾਡਾ ਦੇਸ਼ ਵਿਦੇਸ਼ੀ ਗੁਲਾਮੀ ਤੋਂ ਆਜ਼ਾਦ ਹੋਇਆ। 70 ਸਾਲ ਦਾ ਵਕਫਾ ਬਹੁਤ ਵੱਡਾ ਹੁੰਦਾ ਹੈ। ਅੱਜ ਦੇ ਭਾਰਤੀ ਨੌਜਵਾਨ ਲਈ ਤਾਂ ਇਹ ਇਤਿਹਾਸ ਦੇ ਪੰਨਿਆਂ ਦੀ ਕਹਾਣੀ ਮਾਤਰ ਹੈ ਪਰ ਸਾਡੇ ਬਜ਼ੁਰਗਾਂ ਨੇ ਅਤੇ ਕੁਝ ਹੱਦ ਤੱਕ ਅਸੀਂ ਵੀ ਅਜ਼ਾਦੀ ਦੀ ਝੁਨਝਨਾਹਟ ਆਪਣੇ ਹੱਡਾਂ 'ਚ ਮਹਿਸੂਸ ਕੀਤੀ। ਕਹਿੰਦੇ ਸਨ ਸਾਡਾ ਦੇਸ਼ ਵੀ ਅਗਾਂਹਵਧੂ ਮੁਲਕਾਂ ਵਾਂਗੂੰ ਤਰੱਕੀ ਕਰ ਜਾਵੇਗਾ। ਸਾਡੇ ਬੱਚਿਆਂ ਨੂੰ ਇੰਗਲੈਂਡ, ਅਮਰੀਕਾ ਜਾਣ ਦੀ ਲੋੜ ਨਹੀਂ ਪਵੇਗੀ, ਸਾਡਾ ਦੇਸ਼ ਇੰਨੀ ਤਰੱਕੀ ਕਰੇਗਾ ਕਿ ਦੁਨੀਆਂ ਦਾ ਸਿਰਮੌਰ ਬਣ ਜਾਵੇਗਾ ਪਰ ਹਰ ਲੰਘਦੀ ਸ਼ਾਮ ਦੇ ਨਾਲ ਉਮੀਦ ਠੰਡੀ ਪੈਂਦੀ ਜਾ ਰਹੀ ਹੈ। ਦੇਸ਼ ਦੇ ਮਸਲੇ ਬਹੁਤ ਹਨ ਜਿਨ੍ਹਾਂ ਮਸਲਿਆਂ ਦਾ ਅਗਰ ਗੰਭੀਰਤਾ ਨਾਲ ਹੱਲ ਕੀਤਾ ਜਾਵੇ ਤਾਂ ਕੋਈ ਕਾਰਣ ਨਹੀਂ ਕਿ ਸਾਡਾ ਦੇਸ਼ ਵਿਸ਼ਵ ਦਾ ਸਿਰਮੌਰ ਬਣ ਜਾਵੇ ਤੇ ਅਮੀਰ ਦੇਸ਼ਾਂ 'ਚ ਇਹਦੀ ਗਿਣਤੀ ਹੋਵੇ ਪਰ ਟਾਲ ਮਟੋਲ ਵਾਲੀ ਤਰਕਹੀਣ ਸੋਚ ਸਾਡੇ ਦੇਸ਼ ਦੀ ਤਰੱਕੀ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ। ਇਕ ਪਾਸੇ ਦੁਨੀਆਂ ਚੰਨ ਨੂੰ ਹੱਥ ਲਾ ਰਹੀ ਹੈ ਤੇ ਅਸੀਂ ਅਜੇ ਵੀ ਟੂਣੇ-ਟੋਟਕਿਆਂ, ਪਾਖੰਡਾਂ 'ਚ ਫਸੇ ਹੋਏ ਹਾਂ। ਦੇਸ਼ ਦਾ 90 ਪ੍ਰਤੀਸ਼ਤ ਧਨ 1 ਪ੍ਰਤੀਸ਼ਤ ਅਮੀਰਾਂ ਦੇ ਹੱਥ ਵਿੱਚ ਹੈ ਜੋ ਦੇਸ਼ ਦੀ ਸੱਤਾ ਨੂੰ ਚਲਾਉਂਦੇ ਹਨ, ਦੇਸ਼ ਦੀ ਰਾਜਨੀਤੀ ਚਲਾਉਂਦੇ ਹਨ, ਦੇਸ਼ ਦੀ ਅਫਸਰਸ਼ਾਹੀ ਨੂੰ ਆਪਣੀ ਮਨਮਰਜ਼ੀ ਨਾਲ ਘੁਮਾਉਂਦੇ ਹਨ। ਹੱਦ ਤਾਂ ਇਹ ਹੈ ਨਿਆਂ ਦੇ ਮੰਦਿਰਾਂ ਵਿੱਚ ਵੀ ਇਨ੍ਹਾਂ ਦੇ ਪਾਲੇ ਦਲਾਲ ਹੀ ਆਪਣੇ ਤਰੀਕੇ ਨਾਲ ਗੁਣਾ-ਤਕਸੀਮ ਕਰਕੇ ਨਿਆਂ ਆਪਣੇ ਹੱਕ 'ਚ ਮੋੜਦੇ ਹਨ। ਭਾਰਤ ਦੇਸ਼ ਦੇ ਬਹੁਗਿਣਤੀ ਨਾਗਰਿਕ ਆਪਣੀਆਂ ਮੁਢਲੀਆਂ ਜ਼ਰੂਰਤਾਂ ਰੋਟੀ, ਕੱਪੜਾ, ਮਕਾਨ, ਸਿਹਤ ਸਿੱਖਿਆ, ਨੌਕਰੀ ਤੋਂ ਹਾਲੇ ਵੀ ਵਾਂਝੇ ਹਨ। ਸਮਾਜ ਅਜੇ ਵੀ ਵਰਣ ਵਿਵਸਥਾ ਵਿੱਚ ਫਸਿਆ ਹੋਇਆ ਹੈ। ਦੇਸ਼ ਦਾ ਨੌਜਵਾਨ ਵੀਜ਼ਾ ਲੈਣ ਲਈ ਧੱਕੇ ਖਾ ਰਿਹਾ ਹੈ, ਬੇਰੁਜ਼ਗਾਰੀ ਚਰਮ 'ਤੇ ਹੈ, ਮਜ਼ਦੂਰਾਂ ਦਾ ਸ਼ੋਸ਼ਣ ਆਮ ਗੱਲ ਹੈ, ਕਿਸਾਨਾਂ ਦੀ ਲੁੱਟ ਤਾਂ ਹੱਕ ਸਮਝ ਕੇ ਕੀਤੀ ਜਾਂਦੀ ਹੈ, ਅਧਿਆਪਕਾਂ ਦੀ ਬੇਕਦਰੀ, ਮਜ਼੍ਹਬ ਦੇ ਨਾਂ 'ਤੇ ਦੰਗੇ, ਅੱਤਵਾਦ ਆਦਿ ਗੰਭੀਰ ਮਸਲਿਆਂ ਨਾਲ ਨਜਿੱਠਣ ਲਈ ਸਰਕਾਰਾਂ ਕੋਲ ਨਾ ਕੋਈ ਠੋਸ ਰਣਨੀਤੀ ਹੈ, ਨਾ ਇੱਛਾ ਸ਼ਕਤੀ ਹੈ। ਸ਼ਰਮ ਦੀ ਗੱਲ ਤਾਂ ਇਹ ਹੈ ਕਿ ਦੇਸ਼ ਅਤੇ ਲੋਕਾਂ ਦੇ ਨਾਲ ਜੁੜੇ ਗੰਭੀਰ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਸਾਡੇ ਵੱਲੋਂ ਚੁਣੇ ਗਏ ਨੇਤਾ ਇਨ੍ਹਾਂ ਮਸਲਿਆਂ ਦਾ ਮਜ਼ਾਕ ਉਡਾਉਂਦੇ  ਹਨ ਅਤੇ ਆਮ ਤੌਰ 'ਤੇ ਇਨ੍ਹਾਂ ਮਸਲਿਆਂ ਦਾ ਇਸਤੇਮਾਲ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਲਈ ਕਰਦੇ ਹਨ। ਉਮੀਦਾਂ ਜ਼ਰੂਰ ਜਗਾਈਆਂ ਜਾਂਦੀਆਂ ਹਨ ਪਰ ਹੱਲ ਕਦੇ ਵੀ ਨਹੀਂ ਕੱਢਿਆ ਜਾਂਦਾ। ਇੰਝ ਲੱਗਦਾ ਹੈ ਸਾਡੇ ਲੀਡਰਾਂ ਨੂੰ ਮਸਲਿਆਂ ਨਾਲੋਂ ਜ਼ਿਆਦਾ ਮਸਾਲਿਆਂ ਦਾ ਚਸਕਾ ਹੈ, ਜਿਸ ਨਾਲ ਲੋਕਾਂ ਦਾ ਧਿਆਨ ਆਪਣੀਆਂ ਮੁੱਢਲੀਆਂ ਜ਼ਰੂਰਤਾਂ ਜਾਂ ਸਮੱਸਿਆਵਾਂ ਤੋਂ ਹਟ ਕੇ ਕਿਸੇ ਹੋਰ ਜਜ਼ਬਾਤੀ ਭਾਵਨਾਵਾਂ 'ਚ ਫਸ ਜਾਂਦਾ ਹੈ। ਇਨ੍ਹਾਂ ਭਾਵਨਾਵਾਂ ਨੂੰ ਭੜਕਾਉਣ ਲਈ ਰਾਖਵਾਂਕਰਨ ਦਾ ਮੁੱਦਾ ਇਸਤੇਮਾਲ ਕੀਤਾ ਜਾਂਦਾ ਹੈ, ਗਊ ਹੱਤਿਆ ਦਾ ਮੁੱਦਾ ਉਠਾਇਆ ਜਾਂਦਾ ਹੈ, ਰਾਮ ਮੰਦਿਰ ਨੂੰ ਮੁੱਦਾ ਬਣਾਇਆ ਜਾਂਦਾ ਹੈ, ਤਲਾਕ ਤਲਾਕ ਤਲਾਕ ਦੇ ਮਸਾਲੇ ਦਾ ਇਸਤੇਮਾਲ ਕੀਤਾ ਜਾਂਦਾ ਹੈ, ਗੁਆਂਢੀ ਦੇਸ਼ਾਂ ਨਾਲ ਸਬੰਧ ਵਿਗਾੜਨ ਦਾ ਮਸਾਲਾ ਇਸਤੇਮਾਲ ਕੀਤਾ ਜਾਂਦਾ ਹੈ, ਮਸਾਲੇ ਦਾ ਰੰਗ ਕੁਝ ਵੀ ਹੋਵੇ ਉਸ ਦਾ ਮਕਸਦ ਇੱਕੋ ਹੈ ਕਿਵੇਂ ਲੋਕਾਂ ਦਾ ਧਿਆਨ ਮੁੱਖ ਮਸਲਿਆਂ ਤੋਂ ਚੁੱਕ ਕੇ ਰੰਗ-ਬਿਰੰਗੇ ਮਸਾਲਿਆਂ 'ਚ ਪਾਇਆ ਜਾਵੇ। ਮਸਾਲਾ ਤੁਸੀਂ ਜਾਣਦੇ ਹੀ ਹੋ, ਸਬਜ਼ੀ ਬਦਸੁਆਦ ਹੋਵੇ, ਬੇਰੰਗ ਹੋਵੇ ਉਸ ਨੂੰ ਖੁਸ਼ਬੂਦਾਰ ਜਾਂ ਸਵਾਦ ਬਣਾਉਣ ਲਈ ਮਸਾਲਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਖੁੱਲ੍ਹੇ ਮਸਾਲੇ ਪਏ ਹੋਣ ਤਾਂ ਜੀਭ ਨੂੰ ਦਾਲ-ਸਬਜ਼ੀ ਦਾ ਚੰਗਾ ਸੁਆਦ ਆਉਂਦਾ ਹੈ। ਇਸੇ ਤਰੀਕੇ ਨਾਲ ਮਸਲਿਆਂ ਤੋਂ ਧਿਆਨ ਵੰਡਾਉਣ ਲਈ ਮਸਾਲਿਆਂ ਦਾ ਇਸਤੇਮਾਲ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਦੇਸ਼ ਦੀ ਬਦਕਿਸਮਤੀ ਤਾਂ ਇਹ ਹੈ ਕਿ ਸਰਕਾਰ ਚਲਾਉਣ ਵਾਲੇ ਲੀਡਰਾਂ ਦੇ ਨਾਲ-ਨਾਲ ਵਿਰੋਧੀ ਧਿਰ ਵੀ ਮਸਾਲਿਆਂ ਦਾ ਪੂਰਾ ਮਜ਼ਾ ਲੈਂਦੀ ਹੈ। ਉਸ ਤੋਂ ਵੀ ਜ਼ਿਆਦਾ ਬਦਕਿਸਮਤੀ ਦੀ ਗੱਲ ਇਹ ਹੈ ਕਿ ਧਰਮ ਦੇ ਮੋਹਰੀ ਬਣੇ ਅਖੌਤੀ ਸੰਤ ਵੀ ਮਸਲਿਆਂ ਦੀ ਬਜਾਏ ਮਸਾਲਿਆਂ ਦਾ ਇਸਤੇਮਾਲ ਕਰ ਦਿਨ-ਬ-ਦਿਨ ਆਪਣੇ ਆਸ਼ਰਮ, ਆਪਣੇ ਡੇਰੇ, ਆਪਣੀ ਸੰਪਦਾ ਨੂੰ ਵਧਾਉਣ ਵਿੱਚ ਲੱਗੇ ਹਨ ਤਾਂ ਜੋ ਸੱਤਾ ਦੀ ਧੁਰ ਉਨ੍ਹਾਂ ਹੱਥ ਰਹੇ ਤੇ ਉਨ੍ਹਾਂ ਦੀ ਤਾਕਤ ਦਿਨ-ਬ-ਦਿਨ ਵਧਦੀ ਰਹੇ। ਸੰਤਾਂ ਦਾ ਰਾਜਨੀਤੀ ਨਾਲ ਤਾਲਮੇਲ ਦੇਸ਼ ਅਤੇ ਸਮਾਜ ਲਈ ਬਹੁਤ ਖਤਰਨਾਕ ਹੈ। ਉਸ ਤੋਂ ਵੱਡੀ ਸਮੱਸਿਆ ਇਹ ਹੈ ਜਦੋਂ ਦਲਿਤਾਂ ਦੇ ਰਾਜਨੀਤਿਕ, ਸਮਾਜਿਕ ਜਾਂ ਧਾਰਮਿਕ ਨੇਤਾ ਅਖੌਤੀ ਮਨੂੰਵਾਦੀਆਂ ਦੇ ਖਾਣੇ ਦੀ ਟੇਬਲ 'ਤੇ ਸਜੀਆਂ ਮਸਾਲੇਦਾਨੀਆਂ ਦਾ ਕੰਮ ਕਰਦੇ ਹਨ। ਇਹ ਦਲਿਤ ਨੇਤਾ ਮਨੂੰਵਾਦੀਆਂ ਦੇ ਹੱਥ ਦੇ ਖਿਡੌਣੇ ਬਣ ਮਸਾਲਾ ਛਿੜਕਾਉਣ ਦਾ ਕੰਮ ਕਰਦੇ ਹਨ ਤਾਂ ਜੋ ਸਮਾਜ ਵੰਡਿਆ ਰਹੇ ਤਾਂ ਜੋ ਗਰੀਬ ਦੇ ਹੱਕ ਮਰਦੇ ਰਹਿਣ, ਤਾਂ ਜੋ ਸੱਤਾ ਦੀ ਚਾਬੀ ਅਮੀਰਾਂ ਦੇ ਹੱਥ ਹੀ ਰਹੇ ਤਾਂ ਜੋ ਦਲਿਤ ਕਦੀ ਅੱਖ ਖੋਲ੍ਹ ਕੇ ਆਪਣੇ ਹੱਕ ਨਾ ਮੰਗ ਸਕਣ। ਇਹ ਜੋ ਦਲਿਤ ਨੇਤਾ ਆਪਣੇ ਮਜਬੂਰ ਤੇ ਮਾਯੂਸ ਸਮਾਜ ਨੂੰ ਲੁੱਟ ਕੇ ਕੁਰਾਹੇ ਪਾ ਰਹੇ ਹਨ ਉਹ ਜੱਗ ਦੇ ਹਾਸੋਹੀਣ ਦਾ ਪਾਤਰ ਬਣ ਰਹੇ ਹਨ। ਅੱਜ ਸਮੇਂ ਦੀ ਮੰਗ ਹੈ ਕਿ ਭਾਰਤੀਆਂ ਦੇ ਗੰਭੀਰ ਮਸਲਿਆਂ ਨੂੰ ਹੱਲ ਕਰਵਾਉਣ ਲਈ ਹਰ ਭਾਰਤੀ ਨਾਗਰਿਕ ਆਪਣੀ ਆਵਾਜ਼ ਚੁੱਕੇ। ਅੰਬੇਡਕਰੀ ਮਿਸ਼ਨ ਨੂੰ ਸਮਝੇ ਬਿਨਾਂ ਮਸਲਿਆਂ ਦਾ ਹੱਲ ਨਹੀਂ ਹੋ ਸਕਦਾ। ਮਸਾਲਿਆਂ ਦੀ ਅੱਗ ਵਿੱਚ ਅੰਬੇਡਕਰੀ ਵਿਚਾਰਧਾਰਾ ਹੀ ਪਾਣੀ ਦਾ ਕੰਮ ਕਰੇਗੀ।
                                                                                                                  ਅਜੈ ਕੁਮਾਰ