Wednesday 19 December 2018

ਛੋੜੋ ਬੰਦੂਕ ਦੀ ਗੋਲੀ, ਬੋਲੋ ਪਿਆਰ ਦੀ ਬੋਲੀ

ਤਕਰੀਬਨ 71 ਸਾਲ ਪਹਿਲਾਂ ਸੰਨ 1947 ਵਿਚ ਉਸ ਵੇਲੇ ਦੇ ਹੁਕਮਰਾਨਾਂ, ਅੰਗਰੇਜ਼ਾਂ ਤੇ ਸਾਡੇ ਸਿਆਸਤਦਾਨਾਂ ਦੀਆਂ ਲੂੰਬੜ ਚਾਲਾਂ ਅਤੇ ਸਵਾਰਥ ਦੀ ਭੁੱਖ ਨੇ ਭਾਰਤ ਦੇ ਦੋ ਟੁਕੜੇ ਕਰਵਾ ਦਿੱਤੇ। ਇਕ ਹਿੱਸਾ ਪਾਕਿਸਤਾਨ ਬਣਿਆ ਤੇ ਦੂਸਰਾ ਹਿੱਸਾ ਭਾਰਤ ਬਣ ਗਿਆ। ਇਸ ਵੰਡ ਦਾ ਸਭ ਤੋਂ ਵੱਡਾ ਨੁਕਸਾਨ ਪੰਜਾਬ ਅਤੇ ਪੰਜਾਬੀਆਂ ਨੇ ਭੁਗਤਿਆ। ਜਦ ਮੈਂ ਪੰਜਾਬ ਕਹਿ ਰਿਹਾ ਹਾਂ ਤੇ ਇਸ ਦਾ ਮਤਲਬ ਹੈ ਸਮੁੱਚਾ ਪੰਜਾਬ। ਚਾਹੇ ਉਹ ਪਾਕਿਸਤਾਨ ਦਾ ਹੋਵੇ ਜਾਂ ਭਾਰਤ ਦਾ। ਬਾਬਾ ਸਾਹਿਬ ਤੋਂ ਬਿਨਾਂ ਕਿਸੇ ਨੇ ਨਹੀਂ ਸੋਚਿਆ ਕਿ ਅੰਗਰੇਜ਼ਾਂ ਵੱਲੋਂ ਬਣਾਈ ਗਈ ਪਾਕ-ਭਾਰਤ ਦੀ ਸਰਹੱਦ ਇੰਨੇ ਗਹਿਰੇ ਜ਼ਖ਼ਮ ਦੇਵੇਗੀ ਜੋ ਕਦੇ ਭਰਨਗੇ ਨਹੀਂ। ਲੰਬਾ ਅਰਸਾ ਗੁਜ਼ਰ ਜਾਣ ਤੋਂ ਬਾਅਦ ਵੀ ਅੱਜ ਤੱਕ ਵੰਡ ਦੇ ਜ਼ਖ਼ਮ ਅੱਲੇ ਹਨ। ਨਫ਼ਰਤ ਦੀ ਦੀਵਾਰ ਦਿਨ-ਪਰ-ਦਿਨ ਅੱਗੇ ਨਾਲੋਂ ਵੱਧ ਮਜ਼ਬੂਤ ਹੁੰਦੀ ਜਾ ਰਹੀ ਹੈ । 47 ਦੀ ਵੰਡ  ਕਾਰਣ ਲੱਖਾਂ ਹਿੰਦੂਆਂ ਨੂੰ, ਦਲਿਤਾਂ ਨੂੰ, ਸਿੱਖਾਂ ਨੂੰ ਆਪਣੀ ਜਨਮ ਭੂਮੀ, ਰੈਣ-ਵਸੇਰਾ, ਕੰਮ-ਕਾਜ, ਸ਼ਹਿਰ, ਪਿੰਡ ਅਤੇ ਆਪਣਾ ਆਲਾ-ਦੁਆਲਾ ਛੱਡ ਕੇ ਰਾਤੋ-ਰਾਤ ਜਾਨ ਬਚਾ ਕੇ ਦੌੜਨਾ ਪਿਆ। ਜਿਵੇਂ ਮੌਜੂਦਾ ਪਾਕਿਸਤਾਨ ਤੋਂ ਹਿੰਦੂ ਭਾਰਤ ਵਿੱਚ ਆਏ ਕੁਝ ਉਸੇ ਤਰ੍ਹਾਂ ਲੱਖਾਂ ਮੁਸਲਮਾਨਾਂ ਨੂੰ ਵੀ ਆਪਣੀ ਜਨਮ-ਭੂਮੀ ਛੱਡ ਕੇ ਪਾਕਿਸਤਾਨ ਦੌੜਨਾ ਪਿਆ। ਤਕਲੀਫ਼ ਬਹੁਤ ਗਹਿਰੀ ਸੀ ਬਹੁਤ ਘੱਟ ਲੋਕ ਇਸ ਵੇਲੇ ਜਿਉਂਦੇ ਬਚੇ ਹਨ ਜਿਨ੍ਹਾਂ ਨੇ Àਨ੍ਹਾਂ ਹਾਲਾਤਾਂ ਨੂੰ ਦੇਖਿਆ ਅਤੇ ਹੰਢਾਇਆ ਸੀ। ਹਾਲਾਂਕਿ ਮੇਰੇ ਜਨਮ ਤੋਂ ਬਹੁਤ ਪਹਿਲਾਂ ਬਟਵਾਰਾ ਹੋ ਚੁੱਕਾ ਸੀ। ਪਰ ਮੈਂ ਅਕਸਰ ਬਟਵਾਰੇ ਦਾ ਦਰਦ ਆਪਣੇ ਪਿਤਾ ਜੀ ਦੀਆਂ ਅੱਖਾਂ ਦੇ ਹੰਝੂਆਂ 'ਚੋਂ ਮਹਿਸੂਸ ਕਰਦਾ ਰਿਹਾਂ। ਉਹ 15 ਵਰ੍ਹੇ ਦੇ ਸਨ ਜਦੋਂ  ਉਨ੍ਹਾਂ ਨੂੰ ਆਪਣਾ ਜਨਮ ਸਥਾਨ ਸਿਆਲਕੋਟ ਛੱਡਣਾ ਪਿਆ। ਬਹੁਤ ਸਾਰੇ ਰਿਸ਼ਤੇਦਾਰ ਸਾਥੀਆਂ ਦੇ ਨਾਲ ਉਨ੍ਹਾਂ ਨੂੰ ਜਲੰਧਰ 'ਚ ਆ ਕੇ ਵਸਣਾ ਪਿਆ। ਆਪਣੇ ਆਖਰੀ ਸਾਹ ਛੱਡਣ ਤੱਕ ਉਨ੍ਹਾਂ ਦੇ ਮਨ 'ਚ ਸਿਆਲਕੋਟ ਵਾਪਸ ਜਾਣ ਤੇ ਦੇਖਣ ਦੀ ਚਾਅ ਬਾਕੀ ਰਹੀ। ਅਸੀਂ ਪਰਿਵਾਰ ਵਾਲੇ ਚਾਅ ਕੇ ਵੀ ਉਨ੍ਹਾਂ ਨੂੰ ਕਦੇ ਸਿਆਲਕੋਟ ਨਾ ਦਿਖਾ ਸਕੇ। ਇਹ ਕਸਕ ਮੇਰੇ ਮਨ 'ਚ ਉਦੋਂ ਤੱਕ  ਰਹੇਗੀ ਜਦੋਂ ਤੱਕ ਮੈਂ ਜਿਉਂਦਾ ਰਹਾਂਗਾ। ਮੈਂ ਮਹਿਸੂਸ ਕਰਦਾ ਹਾਂ ਕਿ ਮੇਰੇ ਜਿਹੇ ਲੱਖਾਂ ਲੋਕ ਭਾਰਤ-ਪਾਕਿਸਤਾਨ ਦੇ ਵਿੱਚ ਮੌਜੂਦ ਹਨ ਜੋ ਆਪਣੀਆਂ ਜੜ੍ਹਾਂ ਨੂੰ ਚਾਅ ਕੇ ਵੀ ਨਹੀਂ ਭੁੱਲ ਸਕਦੇ। ਮੈਨੂੰ ਲਗਦਾ ਹੈ ਕਿ ਯਕੀਨਨ ਇਮਰਾਨ ਖਾਨ ਵੀ ਉਨ੍ਹਾਂ ਵਿੱਚੋਂ ਇਕ ਹੈ। ਸਾਡੇ ਬਜ਼ੁਰਗ ਦੱਸਦੇ ਹੁੰਦੇ ਸਨ ਕਿ ਇਮਰਾਨ ਖਾਨ ਦੇ ਨਾਨਕੇ ਬਸਤੀ ਨੌਂ ਜਲੰਧਰ ਸ਼ਹਿਰ ਤੋਂ ਹੀ ਸਨ। 2004 ਵਿੱਚ ਸਾਡੀ ਸੰਸਥਾ ਸਹਾਰਾ ਯੂਥ ਇੰਡੀਆ ਨੇ ਵੰਡ ਵਿੱਚ ਮਾਰੇ ਗਏ ਬਜ਼ੁਰਗਾਂ ਦੀ ਯਾਦ ਵਿੱਚ ਇਕ ਰੈਲੀ ਦਾ ਆਯੋਜਨ ਕੀਤਾ ਜਿਸ ਦਾ ਨਾਅਰਾ ਸੀ 'ਇੰਡੋ-ਪਾਕ ਛੋੜੋ ਬੰਦੂਕ ਦੀ ਗੋਲੀ, ਦੋਨੋਂ ਮਿਲ ਕਰ ਬੋਲੋ ਪਿਆਰ ਦੀ ਬੋਲੀ' ਅਸੀਂ ਉਸ ਵੇਲੇ ਇਮਰਾਨ ਖਾਨ ਨੂੰ ਵੀ ਨਿਓਤਾ ਦਿੱਤਾ ਸੀ। ਪਰ ਨਿੱਜੀ ਕਾਰਣਾਂ ਕਾਰਨ ਉਹ ਇਸ ਪ੍ਰੋਗਰਾਮ ਵਿੱਚ ਹਿੱਸਾ ਨਹੀਂ ਲੈ ਸਕਿਆ। ਮੈਂ ਅੱਜ ਵੀ ਆਪਣੀ ਉਸੇ ਵਿਚਾਰਧਾਰਾ ਨਾਲ ਜੁੜਿਆ ਹਾਂ ਕਿ ਦੋਨਾਂ ਮੁਲਕਾਂ ਨੂੰ ਬੰਦੂਕ ਦੀਆਂ ਗੋਲੀਆਂ ਛੱਡ ਕੇ ਪਿਆਰ ਦੀ ਬੋਲੀ ਬੋਲਣੀ ਚਾਹੀਦੀ ਹੈ। ਅਜੇ ਤੱਕ ਦੋਨੋਂ ਮੁਲਕਾਂ ਦੇ ਲੀਡਰ ਆਪੋ-ਆਪਣੀਆਂ ਲੂੰਬੜ ਚਾਲਾਂ ਛੱਡ ਕੇ ਆਮ ਆਦਮੀ ਦਾ ਹਿੱਤ ਸੋਚਦੇ ਹੋਏ ਆਪਸੀ ਚੰਗੇ ਸਬੰਧ ਨਹੀਂ ਬਣਾ ਸਕੇ। ਮੈਨੂੰ ਇੰਝ ਮਹਿਸੂਸ ਹੁੰਦਾ ਹੈ ਕਿ ਭਾਰਤ-ਪਾਕਿਸਤਾਨ ਦੇ ਸਬੰਧ ਦੋ ਭਰਾਵਾਂ ਦੀ ਲੜਾਈ ਵਾਂਗ ਹਨ। ਜੋ ਆਪਸੀ ਲੜਾਈ ਤੋਂ ਬਾਅਦ ਸ਼ਰੀਕ ਬਣ ਕੇ ਬੈਠ ਗਏ। ਜਿਸ ਵਿੱਚ ਭਰਾ ਦੀ ਹਰ ਇਕ ਹਰਕਤ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ ਹੈ। ਆਪਸੀ ਕੁੜੱਤਣ ਗਾਹੇ-ਬਗਾਹੇ ਸਾਹਮਣੇ ਆਉਂਦੀ ਰਹਿੰਦੀ ਹੈ। ਮੈਂ ਸਮਾਜ ਵਿੱਚ ਵਿਚਰਦਾ ਰਹਿੰਦਾ ਹਾਂ ਇਸ ਕਰਕੇ ਤਕਰੀਬਨ ਰੋਜ਼ ਮੇਰੇ ਕੋਲ ਭਰਾਵਾਂ ਦੇ ਝਗੜੇ ਆਉਂਦੇ ਹਨ ਤੇ ਮੇਰੀ ਹਰ ਵਾਰੀ ਇਹੋ ਸਲਾਹ ਹੁੰੰਦੀ ਹੈ ਕਿ ਇਕ-ਦੂਜੇ ਦੀ ਬਰਬਾਦੀ ਦੇਖਣ ਨਾਲੋਂ ਸ਼ਾਂਤੀ ਨਾਲ ਰਹੋ ਤੇ ਕੋਰਟ-ਕਚਹਿਰੀਆਂ ਵਿੱਚ ਖੱਜਲ ਹੋਣ ਦੀ ਬਜਾਇ ਆਪੋ-ਆਪਣੇ ਕੰਮ ਅਤੇ ਪਰਿਵਾਰ ਦੀ ਤਰੱਕੀ ਵੱਲ ਧਿਆਨ ਦਿਓ। ਤੁਸੀਂ ਆਪਸੀ ਸਬੰਧ ਖਰਾਬ ਕਰਕੇ ਦੁਨੀਆਂ ਵਿੱਚ ਤਮਾਸ਼ਾ ਨਾ ਬਣੋ । ਘੋਖ ਕਰਨ ਤੋਂ ਬਾਅਦ ਸਾਹਮਣੇ ਆਇਆ ਕਿ ਹਰ ਘਰੇਲੂ ਝਗੜੇ ਵਿੱਚ ਇਕ ਸ਼ਖਸ਼ ਐਸਾ ਹੁੰਦਾ ਹੈ ਜੋ ਦੋਹਾਂ ਨੂੰ ਭੜਕਾ ਕੇ ਆਪਣੀਆਂ ਮੌਜਾਂ ਲੁੱਟਦਾ ਹੈ। ਕੁਝ ਅਜਿਹੇ ਹਾਲਾਤ ਭਾਰਤ-ਪਾਕਿਸਤਾਨ ਦੇ ਵੀ ਹਨ। ਆਪਣੇ-ਆਪ ਨੂੰ ਮਹਾਂਸ਼ਕਤੀਆਂ ਕਹਿਣ ਵਾਲੇ ਮੁਲਕ ਅਮਰੀਕਾ, ਚੀਨ, ਰਸ਼ੀਆ ਜਾਂ ਹੋਰ ਜਿਨ੍ਹਾਂ ਦਾ ਅਰਬਾਂ-ਖਰਬਾਂ ਦਾ ਹਥਿਆਰਾਂ ਦਾ ਵਪਾਰ ਭਾਰਤ-ਪਾਕਿਸਤਾਨ ਨਾਲ ਹੈ। ਜਿਸ ਵੇਲੇ ਭਾਰਤ-ਪਾਕਿਸਤਾਨ ਇਕੱਠੇ ਹੋ ਗਏ ਇਨ੍ਹਾਂ ਦੇਸ਼ਾਂ ਦਾ ਖਰਬਾਂ ਰੁਪਏ ਦਾ ਵਪਾਰ ਖਤਮ ਹੋ ਜਾਵੇਗਾ ਤੇ ਭਾਰਤ-ਪਾਕ ਵੀ ਉਨ੍ਹਾਂ ਦੇ ਬਰਾਬਰ ਵਿਕਸਤ ਦੇਸ਼ਾਂ  ਦੀ ਕਤਾਰ ਵਿੱਚ ਖੜੇ ਹੋ ਜਾਣਗੇ। ਪਰ ਅਫਸੋਸ ਜਦੋਂ ਤੱਕ ਸਾਡੇ ਦੋਨਾਂ ਦੇਸ਼ਾਂ ਦੇ ਲੀਡਰ ਘਟੀਆ ਸੋਚ ਤੋਂ ਬਾਹਰ ਨਹੀਂ ਆਉਦੇ ਉਦੋਂ ਤੱਕ ਦੋਨਾਂ ਮੁਲਕਾਂ 'ਚ ਸ਼ਾਂਤੀ ਸਥਾਪਤ ਨਹੀਂ ਹੋ ਸਕਦੀ, ਦੋਨੋਂ ਮੁਲਕ ਆਪਣਾ ਪੂਰਾ ਧਿਆਨ ਤਰੱਕੀ ਵੱਲ ਨਹੀਂ ਲਗਾ ਸਕਦੇ। ਲੀਡਰ ਭਾਵੇਂ ਭਾਰਤੀ ਹੋਵੇ ਜਾਂ ਪਾਕਿਸਤਾਨੀ ਉਹਨੂੰ ਇਹੋ ਰਾਜਨੀਤੀ ਫਾਇਦਾ ਪਹੁੰਚਾਉਂਦੀ ਹੈ ਕਿ ਆਪਣੀਆਂ ਮਾੜੀਆਂ ਕਰਤੂਤਾਂ 'ਤੇ ਪਰਦਾ ਪਾ ਕੇ ਦੂਸਰੇ ਦਾ ਕਸੂਰ ਕੱਢ ਕੇ ਗੱਦੀ ਦੀਆਂ ਮੌਜਾਂ ਮਾਣੀਆਂ ਜਾਣ। ਸਾਡਾ ਲੀਡਰ ਬੈਠਾ ਹੁੰਦਾ ਮਹਾਂਰਾਸ਼ਟਰ, ਬੰਗਾਲ 'ਚ ਬਾਰਡਰ ਤੋਂ ਹਜ਼ਾਰਾਂ ਕੋਹ ਦੂਰ ਤੇ ਆਪਣੀ ਹਰ ਨਾਕਾਮੀ ਲਈ ਪਾਕਿਸਤਾਨ ਨੂੰ ਬੜੇ ਅਰਾਮ ਨਾਲ ਜ਼ਿੰਮੇਦਾਰ ਠਹਿਰਾ ਦਿੰਦਾ ਹੈ। ਕੁਝ ਇਸੇ ਤਰ੍ਹਾਂ ਦਾ ਵਤੀਰਾ ਪਾਕਿਸਤਾਨੀ ਲੀਡਰਾਂ ਦਾ ਵੀ ਹੈ। ਉਹ ਰਾਜਨੀਤੀ 'ਚ ਆਪਣਾ ਘਰ ਤਾਂ ਭਰਦੇ ਹਨ ਪਰ ਆਪਣੇ ਦੇਸ਼ ਦੀ ਹਰ ਨਾਕਾਮੀ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਇਮਰਾਨ ਖਾਨ ਵੱਲੋਂ ਕਰਤਾਰਪੁਰ ਕੋਰੀਡੋਰ ਦੀ ਨੀਂਹ ਨਵਾਂ ਯੁੱਗ ਸ਼ੁਰੂ ਕਰ ਸਕਦੀ ਹੈ। ਸ਼ਾਂਤੀ ਦੇ ਮਸੀਹਾ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨਾਲ ਜੁੜਨ ਵਾਲਾ ਕੋਰੀਡੋਰ ਦੋਹਾਂ ਮੁਲਕਾਂ ਦੇ ਦਿਲਾਂ ਨੂੰ ਜੋੜਨ ਵਾਲਾ ਪੁਲ ਬਣ ਸਕਦਾ ਹੈ। ਬਾਬਾ ਨਾਨਕ ਸਾਡੇ ਲੀਡਰਾਂ ਨੂੰ ਚੰਗੀ ਨੀਅਤ, ਚੰਗੀ ਅਕਲ ਦੀ ਬਖਸ਼ਿਸ਼ ਕਰੇ। ਤਾਂ ਜੋ ਆਪਸੀ ਝਗੜੇ ਭੁੱਲ ਕੇ ਇਕ ਵਾਰ ਫਿਰ ਦੋਵੇਂ ਦੇਸ਼ ਖੁਸ਼ਹਾਲੀ ਦੀ ਰਾਹ ਤੇ ਜਾ ਸਕਣ। ਜਿੱਥੇ ਅਸੀਂ ਇਮਰਾਨ ਖਾਨ, ਨਵਜੋਤ ਸਿੰਘ ਸਿੱਧੂ ਨੂੰ ਇਸ ਚੰਗੇ ਕੰਮ ਦੀ ਵਧਾਈ ਦਿੰਦੇ ਹਾਂ ਉਥੇ ਅਸੀਂ ਸ਼੍ਰੋਮਣੀ ਗਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਮੁਬਾਰਕਬਾਦ ਦਿੰਦੇ ਹਾਂ ਜਿਨ੍ਹਾਂ ਨੇ ਹਮੇਸ਼ਾ ਇਸ ਮੰਗ ਨੂੰ ਪੂਰਾ ਕਰਨ ਲਈ ਯਤਨ ਕੀਤਾ। ਜੇਕਰ ਇਹ ਉਪਰਾਲਾ ਸਹੀ ਢੰਗ ਨਾਲ ਸਿਰੇ ਚੜ੍ਹ ਜਾਵੇ ਤਾਂ ਇਹ ਗੱਲ ਬਿਲਕੁਲ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਜੇਕਰ ਵੰਡ ਦਾ ਸਭ ਤੋਂ ਵੱਧ ਨੁਕਸਾਨ ਪੰਜਾਬ ਅਤੇ ਪੰਜਾਬੀਆਂ ਨੂੰ ਹੋਇਆ ਹੈ ਤਾਂ ਚੰਗੇ ਸੰਬੰਧਾਂ ਦਾ ਸਭ ਤੋਂ ਜ਼ਿਆਦਾ ਫਾਇਦਾ ਵੀ ਪੰਜਾਬ ਅਤੇ ਪੰਜਾਬੀਆਂ ਨੂੰ ਹੀ ਹੋਵੇਗਾ। ਬਾਕੀ ਸਾਡਾ ਇਸ ਲੇਖ ਦਾ ਮਕਸਦ ਸਿਰਫ਼ ਇੰਨਾ ਹੈ ਕਿ ਵੰਡ ਵੇਲੇ ਬਾਬਾ ਸਾਹਿਬ ਅੰਬੇਡਕਰ ਜੀ ਦੀ ਗੱਲ ਅਗਰ ਦੋਨੋਂ ਮੁਲਕਾਂ ਦੇ ਸਿਆਸਤਦਾਨਾਂ ਨੇ ਮੰਨ ਲਈ ਹੁੰਦੀ ਤਾਂ ਅੱਜ ਦੋਨੋਂ ਮੁਲਕ ਕਰਜ਼ਦਾਰ ਨਾ ਹੁੰਦੇ ਅਤੇ ਦੋਨੋਂ ਸਚਮੁੱਚ ਵਿਸ਼ਵ ਦੀਆਂ ਮਹਾਂਸ਼ਕਤੀਆਂ ਹੁੰਦੀਆਂ ਕਿਉਂਕਿ ਬਾਬਾ ਸਾਹਿਬ ਦੀ ਵਿਚਾਰਧਾਰਾ ਤੇ ਪਹਿਰਾ ਦੇਣਾ ਸਾਡਾ ਧਰਮ ਅਤੇ ਫਰਜ਼ ਹੈ ਸੋ ਅਸੀਂ ਦੋਨਾਂ ਮੁਲਕਾਂ ਦੇ ਚੰਗੇ ਸਬੰਧਾਂ ਨੂੰ ਚਾਹੁੰਦੇ ਹੋਏ ਇਹ ਲੇਖ ਤੁਹਾਡੇ ਨਾਲ ਸਾਂਝਾ ਕੀਤਾ ਹੈ।
ਅਜੈ ਕੁਮਾਰ