Friday 17 March 2017

ਰਾਈਟ ਆਫ ਰਾਈਟ ਐਜੂਕੇਸ਼ਨ

ਬਾਬਾ ਸਾਹਿਬ ਅੰਬੇਡਕਰ ਭਾਰਤ ਨੂੰ ਇਕ ਸ਼ਕਤੀਸ਼ਾਲੀ ਰਾਸ਼ਟਰ ਬਣਾਉਣਾ ਚਾਹੁੰਦੇ ਸਨ। ਇਸ ਸੁਪਨੇ ਨੂੰ ਪੂਰਾ ਕਰਨ ਲਈੇ ਉਨ੍ਹਾਂ ਨੇ ਭਾਰਤ ਦੇ ਲੋਕਾਂ ਨੂੰ ਸਭ ਤੋਂ ਪਹਿਲਾਂ ਰਾਈਟ ਆਫ ਰਾਈਟ ਐਜੂਕੇਸ਼ਨ ਨੂੰ ਯਕੀਨੀ ਬਣਾਉਣ ਲਈ ਸਰਕਾਰਾਂ ਨੂੰ ਸੰਵਿਧਾਨ ਰਾਹੀਂ ਵਚਨਬੱਧ ਕੀਤਾ ਸੀ ਪਰ ਸਮੇਂ ਦੀਆਂ ਸਰਕਾਰਾਂ ਨੇ ਸੰਵਿਧਾਨ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਨਾ ਤਾਂ ਅਨਪੜ੍ਹਤਾ ਦੇ ਖ਼ਿਲਾਫ ਕੋਈ ਠੋਸ ਕਦਮ ਚੁੱਕੇ ਤੇ ਨਾ ਹੀ ਸਹੀ ਸਿੱਖਿਆ ਦੇ ਪ੍ਰਤੀ ਗੰਭੀਰਤਾ ਦਿਖਾਈ। ਨਤੀਜੇ ਵਜੋਂ ਅੱਜ ਸਾਡੇ ਸਮਾਜ ਦੇ ਪੜ੍ਹੇ-ਲਿਖੇ ਲੋਕ ਵੱਡੀਆਂ-ਵੱਡੀਆਂ ਡਿਗਰੀਆਂ ਅਤੇ ਵੱਡੇ ਅਹੁਦਿਆਂ 'ਤੇ ਬੈਠਣ ਦੇ ਬਾਵਜੂਦ ਮੜ੍ਹੀਆਂ-ਮਸੀਤਾਂ, ਮੰਦਿਰਾਂ ਦੀਆਂ ਘੰਟੀਆਂ, ਆਰਤੀਆਂ, ਕਬਰਾਂ ਅਤੇ ਅੰਗੂਠਾ ਛਾਪ ਠੱਗ ਬਾਬਿਆਂ ਦੇ ਚਰਨਾਂ ਵਿੱਚ ਆਪਣਾ ਅਤੇ ਆਪਣੇ ਪਰਿਵਾਰ ਦਾ ਭਵਿੱਖ ਤਲਾਸ਼ ਰਹੇ ਹਨ। ਇੰਨਾ ਹੀ ਨਹੀਂ ਉਹ ਆਪਣੇ ਜੀਵਨ ਨੂੰ ਸੁੱਖਮਈ ਬਣਾਉਣ ਲਈ ਮੂਰਖ ਅਤੇ ਸਵਾਰਥੀ ਲੋਕਾਂ ਦੇ ਕਹਿਣ 'ਤੇ ਲੱਖਾਂ ਰੁਪਏ ਦੇ ਉਪਾਅ ਵੀ ਕਰਦੇ ਹਨ। ਕਈ ਵਾਰੀ ਤਾਂ ਇਹ ਵੀ ਦੇਖਣ-ਸੁਣਨ ਜਾਂ ਪੜ੍ਹਨ ਨੂੰ ਮਿਲਦਾ ਹੈ ਕਿ ਆਪਣੇ ਨਿਆਣਿਆਂ ਦੀਆਂ ਬਲੀਆਂ ਤੱਕ ਵੀ ਦੇ ਦਿੰਦੇ ਹਨ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿ ੁਮੁਲਕ ਨੇ ਤਰੱਕੀ ਨਹੀਂ ਕੀਤੀ ਜਾਂ ਸਾਰੇ ਲੋਕ ਇਸ ਤਰ੍ਹਾਂ ਦੀ ਮੂਰਖਤਾ ਕਰਦੇ ਹਨ। ਬਹੁਤ ਸਾਰੇ ਲੋਕ ਹਨ ਜਿਹੜੇ ਦੇਸ਼ ਲਈ ਜੀਅ ਰਹੇ ਹਨ, ਉਹ ਦੇਸ਼ ਨੂੰ ਤਾਕਤਵਰ ਬਣਾਉਣ ਲਈ ਆਪਣਾ ਪੂਰਾ ਯੋਗਦਾਨ ਪਾ ਰਹੇ ਹਨ ਪਰ ਹੁਣ ਤੱਕ ਦੇ ਹਾਲਾਤਾਂ ਨੂੰ ਦੇਖ ਕੇ ਸਾਫ ਨਜ਼ਰ ਆ ਰਿਹਾ ਹੈ ਕਿ ਦੇਸ਼ ਨੂੰ ਤਾਕਤਵਰ ਬਣਾਉਣ ਲਈ ਅਸੀਂ ਜਿੰਨਾ ਮਰਜ਼ੀ ਜ਼ੋਰ ਲਗਾ ਲਈਏ, ਜਿੰਨੀ ਦੇਰ ਤੱਕ ਅਸੀਂ ਬਾਬਾ ਸਾਹਿਬ ਅੰਬੇਡਕਰ ਜੀ ਦੀ ਪਹਿਲੀ ਗੱਲ ਰਾਈਟ ਆਫ ਐਜੂਕੇਸ਼ਨ ਅਤੇ ਰਾਈਟ ਐਜੂਕੇਸ਼ਨ ਨੂੰ ਲਾਗੂ ਨਹੀਂ ਕਰਦੇ, ਉਦੋਂ ਤੱਕ ਅਸੀਂ ਨਾ ਤਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਬੇਗਮਪੁਰਾ ਵਸਾ ਸਕਦੇ ਹਾਂ ਤੇ ਨਾ ਹੀ ਬਾਬੇ ਨਾਨਕ ਦੇ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਲਾਗੂ ਕਰਵਾ ਸਕਦੇ ਹਾਂ। ਬਾਕੀ ਅਸੀਂ ਖੱਪ-ਰੌਲਾ ਜਿੰਨਾ ਮਰਜ਼ੀ ਪਾਈ ਜਾਈਏ। ਸਾਨੂੰ ਅੱਜ ਨਹੀਂ ਤੇ ਕੱਲ੍ਹ ਮੰਨਣਾ ਹੀ ਪਵੇਗਾ ਕਿ ਬਾਬਾ ਸਾਹਿਬ ਅੰਬੇਡਕਰ ਜੀ ਦੀ ਸੋਚ 'ਤੇ ਚੱਲ ਕੇ ਹੀ ਤਾਕਤਵਰ ਰਾਸ਼ਟਰ ਬਣਾਇਆ ਜਾ ਸਕਦਾ ਹੈ। ਬਾਬਾ ਸਾਹਿਬ ਅੰਬੇਡਕਰ ਜੀ ਕੁਦਰਤ ਦੇ ਪ੍ਰੇਮੀ ਸਨ, ਉਹ ਮਨੁੱਖ ਨੂੰ ਕੁਦਰਤ ਦਾ ਅਨਮੋਲ ਤੋਹਫ਼ਾ ਮੰਨਦੇ ਸਨ ਤੇ ਜਾਣਦੇ ਸਨ। ਅਧਿਆਪਕ ਨੂੰ ਵੀ. ਆਈ. ਪੀ., ਸੁਰੱਖਿਆ ਕਰਮਚਾਰੀ ਨੂੰ ਮਹਾਂਨਾਇਕ ਮੰਨਦੇ ਸਨ। ਉਨ੍ਹਾਂ ਦੇ ਵਿਰੋਧੀ ਸਿਰਫ ਉਹ ਹੀ ਲੋਕ ਸਨ, ਜਿਹੜੇ ਵਰਣ ਵਿਵਸਥਾ ਨੂੰ ਮੰਨਦੇ ਸਨ ਜਾਂ ਵਰਣ ਵਿਵਸਥਾ ਨੂੰ ਮਜਬੂਤ ਕਰਦੇ ਸਨ, ਉਨ੍ਹਾਂ ਦੀ ਨਿਗਾਹ ਵਿੱਚ ਜਾਤ ਜਨਮ ਤੋਂ ਨਹੀਂ, ਕਰਮ ਤੋਂ ਨਿਰਧਾਰਿਤ ਹੋਣੀ ਚਾਹੀਦੀ ਹੈ। ਉਨ੍ਹਾਂ ਦਾ ਸਾਫ਼ ਸ਼ਬਦਾਂ 'ਚ ਕਹਿਣਾ ਸੀ ਕਿ ਜਿਹੜੇ ਲੋਕ ਕਰ ਕੇ ਖਾਂਦੇ ਹਨ, ਉਹ ਉੱਚ ਵਰਗ ਦੇ ਹਨ, ਜਿਹੜੇ ਵਿਹਲੇ ਬੈਠ ਕੇ ਠੱਗੀ-ਠੋਰੀ ਕਰਕੇ ਵਹਿਮ-ਭਰਮ ਪਾਖੰਡ ਫੈਲਾ ਕੇ ਰੱਬ ਦੇ ਨਾਂ 'ਤੇ ਲੋਕਾਂ ਨੂੰ ਲੁੱਟਦੇ ਹਨ, ਉਹ ਨੀਵੀਂ ਜਾਤ ਦੇ ਹਨ। ਆਉ ਬਾਬਾ ਸਾਹਿਬ ਅੰਬੇਡਕਰ ਜੀ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਰਾਈਟ ਆਫ ਐਜੂਕੇਸ਼ਨ ਅਤੇ ਰਾਈਟ ਐਜੂਕੇਸ਼ਨ 'ਤੇ ਅਮਲ ਕਰੀਏ ਤੇ ਇਸ ਮਿਸ਼ਨ ਵਿੱਚ ਆਪਣਾ ਯੋਗਦਾਨ ਪਾਈਏ।                                                                                                                               ਅਜੇ ਕੁਮਾਰ