Tuesday 27 October 2015

ਓਵਰ ਸਮਾਰਟ

ਇਸ ਲੇਖ ਵਿੱਚ ਮੈਂ ਓਵਰ ਸਮਾਰਟ (ਕਾਗਜ਼ੀ ਪਹਿਲਵਾਨ) ਜਲੰਧਰ ਸ਼ਹਿਰ ਦੇ ਸੱਤਾ ਧਿਰ ਦੇ ਰਾਜਨੀਤਿਕ ਨੇਤਾਵਾਂ ਨੂੰ ਕਹਿ ਰਿਹਾ ਹਾਂ। ਵੈਸੇ ਤਾਂ ਪੂਰੇ ਦੇਸ਼ 'ਚ ਜ਼ਿਆਦਾਤਰ ਰਾਜਨੀਤਿਕ ਨੇਤਾਵਾਂ ਨੂੰ ਓਵਰ ਸਮਾਰਟ ਕਿਹਾ ਜਾ ਸਕਦਾ ਹੈ ਪਰ ਦੇਸ਼ ਦੇ ਨੇਤਾਵਾਂ ਦੀ ਗੱਲ ਫਿਰ ਕਦੇ ਅੱਜ ਸਿਰਫ ਜਲੰਧਰ ਸ਼ਹਿਰ ਦੇ ਨੇਤਾਵਾਂ ਦੀ ਗੱਲ ਕਰਾਂਗੇ। ਅੱਜ-ਕੱਲ੍ਹ ਸੱਤਾਧਿਰ ਦੇ ਨੇਤਾਵਾਂ ਨੇ ਬਹੁਤ ਖਪ-ਰੌਲਾ ਪਾਇਆ ਹੋਇਆ ਹੈ ਕਿ ਸ਼ਹਿਰ ਨੂੰ ਸਮਾਰਟ ਬਣਾਵਾਂਗੇ, ਸੁਝਾਅ ਮੰਗੇ ਜਾ ਰਹੇ ਹਨ ਪੈਸੇ ਖਰਚ ਕੀਤੇ ਜਾ ਰਹੇ ਹਨ ਪਰ ਜ਼ਿਆਦਾਤਰ ਜਲੰਧਰ ਸ਼ਹਿਰ ਦੇ ਵਸਨੀਕ ਚੰਗੀ ਤਰ੍ਹਾਂ ਜਾਣਦੇ ਹੀ ਹਨ ਕਿ ਜਲੰਧਰ ਸ਼ਹਿਰ ਇਸ ਸਮੇਂ ਨਰਕ ਦਾ ਨਮੂਨਾ ਬਣਿਆ ਹੋਇਆ ਹੈ, ਕਿਉਂਕਿ ਉਹ ਇਸ ਨਰਕ ਰੂਪੀ ਸ਼ਹਿਰ ਨੂੰ ਆਪਣੇ ਸਰੀਰ 'ਤੇ ਹੰਢਾ ਰਹੇ ਹਨ। ਨਰਕ ਬਣਾਇਆ ਵੀ ਸੱਤਾਧਿਰ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਨੇ ਮਿਲ ਕੇ ਹੀ ਹੈ। ਆਓ ਜਲੰਧਰ ਸ਼ਹਿਰ 'ਤੇ ਇਕ ਉਡਦੀ-ਉਡਦੀ ਝਾਤ ਮਾਰੀਏ। ਬਰਸਾਤਾਂ ਦੇ ਦਿਨਾਂ ਵਿੱਚ ਜਲੰਧਰ ਸ਼ਹਿਰ 'ਚ ਲੱਗਭਗ 600 ਜਗ੍ਹਾ ਪਾਣੀ ਖੜ੍ਹਾ ਹੁੰਦਾ ਹੈ, ਸੀਵਰੇਜ਼ ਵਿਵਸਥਾ ਤਕਰੀਬਨ ਹਰ ਮੁਹੱਲੇ ਵਿੱਚ ਖਰਾਬ ਹੀ ਹੈ, ਜਿਸ ਕਾਰਣ ਸ਼ਹਿਰ ਵਾਸੀਆਂ ਨੂੰ ਅਨੇਕਾਂ ਕਿਸਮ ਦੀਆਂ ਮੁਸ਼ਕਿਲਾਂ ਤੇ ਬਿਮਾਰੀਆਂ ਘੇਰ ਲੈਂਦੀਆਂ ਹਨ। ਜਲੰਧਰ ਸ਼ਹਿਰ ਵਿੱਚ 25000 ਦੇ ਕਰੀਬ ਅਵਾਰਾ ਕੁੱਤੇ ਹਨ ਜੋ ਸਿਰਫ ਲੋਕਾਂ 'ਤੇ ਦਹਿਸ਼ਤ ਪਾਉਣ, ਕੱਟਣ ਅਤੇ ਗੰਦਗੀ ਫੈਲਾਉਣ ਤੋਂ ਇਲਾਵਾ ਕੁਝ ਨਹੀਂ ਕਰਦੇ। ਅਖਬਾਰਾਂ ਵਿੱਚ ਸਮਾਰਟ ਸਿਟੀ ਦੇ ਬਾਰੇ ਇਸ ਤਰ੍ਹਾਂ ਖਬਰਾਂ ਛਪਦੀਆਂ ਹਨ ਜਿਵੇਂ ਦੀਵਾਲੀ ਦੇ ਦਿਨਾਂ 'ਚ ਹਰ ਕੋਈ ਆਪਣੇ-ਆਪਣੇ ਢੰਗ ਨਾਲ, ਆਪਣੀਆਂ ਸ਼ੁਰਲੀਆਂ-ਪਟਾਕੇ ਚਲਾਉਂਦਾ ਹੈ ਅਤੇ ਉਹ ਪਟਾਕੇ ਚਲਾਉਣ ਦਾ ਕੁਲ ਮਿਲਾ ਕੇ ਇਸ ਗੱਲ ਨਾਲ ਖ਼ਾਤਮਾ ਹੁੰਦਾ ਹੈ ਕਿ ਕਈ ਥਾਵਾਂ 'ਤੇ ਦੁਰਘਟਨਾਵਾਂ ਵਾਪਰ ਜਾਂਦੀਆਂ ਹਨ, ਜਿਨ੍ਹਾਂ ਦਾ ਨੁਕਸਾਨ ਕਰੋੜਾਂ ਵਿੱਚ ਅਤੇ ਕਈ ਵਾਰ ਜਾਨੀ ਨੁਕਸਾਨ ਵੀ ਕਾਫ਼ੀ ਜ਼ਿਆਦਾ ਹੋ ਜਾਂਦਾ ਹੈ ਪਰ ਪਟਾਕੇ ਚਲਾਉਣ ਵਾਲੇ ਮੁੜਦੇ ਨਹੀਂ। ਅਨੇਕਾਂ ਦੁਰਘਟਨਾਵਾਂ ਹੋਣ ਦੇ ਬਾਵਜੂਦ ਉਹ ਅਗਲੀ ਦੀਵਾਲੀ ਦੀ ਉਡੀਕ ਵਿੱਚ ਇਕ-ਦੂਸਰੇ ਨੂੰ ਬੈਸਟ ਵਿਸ਼ਿਜ਼ ਦੇ ਮੈਸਿਜ ਕਰਦੇ ਹਨ। ਮੈਂ ਸਮਾਰਟ ਸਿਟੀ ਬਣਾਉਣ ਦਾ ਰੌਲਾ ਪਾਉਣ ਵਾਲਿਆਂ ਨੂੰ ਇਕ ਗੱਲ ਕਹਿਣਾ ਚਾਹੁੰਦਾ ਹਾਂ ਕਿ ਜਲੰਧਰ ਦੇ 60 ਵਾਰਡਾਂ 'ਚੋਂ, ਜਿੱਥੋਂ ਉਨ੍ਹਾਂ ਦਾ ਦਿਲ ਕਰਦਾ ਹੈ, ਕਿਸੇ ਵੀ ਜਗ੍ਹਾ ਤੋਂ ਉਹ ਨਗਰ ਨਿਗਮ ਵੱਲੋਂ ਮੁਹੱਈਆ ਕਰਵਾਇਆ ਗਿਆ ਪਾਣੀ ਆਪ ਪੀਣ ਲਈ ਇਸਤੇਮਾਲ ਕਰਨ ਤਾਂ ਉਨ੍ਹਾਂ ਨੂੰ ਅਸਲ 'ਚ ਆਪਣੀਆਂ ਕਰਤੂਤਾਂ ਦਾ ਪਤਾ ਲੱਗੇਗਾ ਕਿ ਉਹ ਕਿਸ ਤਰ੍ਹਾਂ ਸ਼ਹਿਰੀਆਂ ਦੇ ਸੁਖ-ਚੈਨ ਦਾ ਬਲਾਤਕਾਰ ਕਰ ਰਹੇ ਹਨ। ਖ਼ਾਸ ਕਰਕੇ ਗਰੀਬ ਦਲਿਤ ਬਸਤੀਆਂ ਦੇ ਹਾਲਾਤ ਤਾਂ ਹੱਦੋਂ ਵੱਧ ਮਾੜੇ ਹਨ। ਹਾਲਾਂਕਿ ਸਮਾਰਟ ਸਿਟੀ ਦੇ ਖਿਲਾਫ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਬੋਲਣਾ ਚਾਹੀਦਾ ਹੈ ਪਰ ਛੱਜ-ਛਾਨਣੀ ਨੂੰ ਕਿਵੇਂ ਮੇਹਣਾ ਮਾਰ ਸਕਦਾ ਹੈ, ਕਿਉਂਕਿ ਜਿਸ ਸ਼ਹਿਰ ਨੂੰ ਸੱਤਾਧਿਰ ਸਮਾਰਟ ਸਿਟੀ ਬਣਾਉਣ ਜਾ ਰਹੀ ਹੈ, ਇਸੇ ਸ਼ਹਿਰ ਨੂੰ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਪਾਰਟੀ ਇਸ ਸ਼ਹਿਰ ਨੂੰ ਪੈਰਿਸ ਬਨਾਉਣ ਦਾ ਦਾਅਵਾ ਕਰਦੀ ਸੀ। ਨਗਰ ਨਿਗਮ ਦੀਆਂ ਜ਼ਿਆਦਾਤਰ ਗਲ੍ਹੀਆਂ ਜਾਂ ਸੜਕਾਂ ਦੀ  ਸਹੀ ਤਰੀਕੇ ਨਾਲ ਚੈਕਿੰਗ ਹੋ ਜਾਵੇ ਤਾਂ 90 ਪ੍ਰਤੀਸ਼ਤ ਉਹ ਐਸਟੀਮੇਟ ਦੇ ਮੁਤਾਬਿਕ ਨਹੀਂ ਬਣੀਆਂ ਹੋਣਗੀਆਂ ਪਰ ਠੇਕੇਦਾਰ ਵੱਲੋਂ ਨਗਰ ਨਿਗਮ ਵਿਭਾਗ ਦੇ ਭ੍ਰਿਸ਼ਟ ਕਰਮਚਾਰੀਆਂ ਨੂੰ ਲੱਗਭਗ 30 ਪ੍ਰਤੀਸ਼ਤ ਕਮਿਸ਼ਨ ਦਿੱਤੀ ਜਾਣ ਕਰਕੇ ਸਮਾਰਟ ਸਿਟੀ ਦੇ ਵਾਰਿਸ ਮੌਨ ਧਾਰਨ ਕਰ ਲੈਂਦੇ ਹਨ। ਕੁਝ ਇਹੋ ਹੀ ਹਾਲ ਜ਼ਿਆਦਾਤਰ ਵਿਰੋਧੀ ਧਿਰ ਦੇ ਨੇਤਾਵਾਂ  ਦਾ ਵੀ ਰਿਹਾ ਹੈ। ਸਮਾਰਟ ਸਿਟੀ ਦੇ ਸੁਪਨੇ ਦਿਖਾ ਕੇ ਲੋਕਾਂ ਨੂੰ ਮੂਰਖ ਬਣਾਉਣ ਦਾ ਵਧੀਆ ਉਪਰਾਲਾ ਚੰਗੇ ਢੰਗ ਨਾਲ ਕੀਤਾ ਜਾ ਰਿਹਾ ਹੈ ਪਰ ਕੁਦਰਤ ਕਰੇ ਕਿਸੇ ਤਰੀਕੇ ਵੀ ਸਮਾਰਟ ਸਿਟੀ ਬਣ ਜਾਵੇ। ਹਾਲਾਂਕਿ ਓਨੀ ਦੇਰ ਤੱਕ ਇਸ ਸ਼ਹਿਰ ਦਾ ਸਮਾਰਟ ਬਣਨਾ ਮੁਸ਼ਕਿਲ ਹੈ, ਜਿੰਨੀ ਦੇਰ ਤੱਕ ਹਰ ਇਕ ਸ਼ਹਿਰੀ ਨਗਰ ਨਿਗਮ ਕਰਮਚਾਰੀ ਦਾ ਸਹਿਯੋਗ ਨਹੀਂ ਕਰਦਾ ਅਤੇ ਨਗਰ ਨਿਗਮ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਖਤਮ ਨਹੀਂ ਕਰਵਾਉਂਦਾ, ਏਨੀ ਗੱਲ ਜ਼ਰੂਰ ਹੈ ਸ਼ਹਿਰ ਸਮਾਰਟ ਬਣੇ ਜਾਂ ਨਾ ਬਣੇ। ਸਾਡੇ ਸ਼ਹਿਰ ਦੇ ਨੇਤਾ ਕਾਗਜ਼ੀ ਪਹਿਲਵਾਨ, ਓਵਰ ਸਮਾਰਟ ਜ਼ਰੂਰ ਹਨ। ਹੁਣ ਦੇਖਣਾ ਇਹ ਹੈ ਕਿ ਪੈਰਿਸ ਬਨਾਉਣ ਦਾ ਦਾਅਵਾ ਕਰਨ ਵਾਲੇ ਨੇਤਾ ਓਵਰ ਸਮਾਰਟ ਨੇਤਾਵਾਂ ਨੂੰ ਨੱਥ ਪਾਉਂਦੇ ਹਨ ਜਾਂ ਓਵਰ ਸਮਾਰਟ ਨੇਤਾ ਆਪਣੇ ਮੁੱਖ ਲੀਡਰ ਮੋਦੀ ਵਾਂਗ ਵਿਰੋਧੀ ਧਿਰ ਦੇ ਨਾਲ-ਨਾਲ, ਸ਼ਹਿਰ ਵਾਸੀਆਂ ਨੂੰ ਵੀ ਗੇੜਾ ਦੇਈ ਜਾਂਦੇ ਹਨ। ਸੱਤਾਧਿਰ ਦੇ ਨੇਤਾ ਸਕੀਮਾਂ 'ਤੇ ਸਕੀਮਾਂ ਅਨਾਊਂਸ ਕਰਕੇ ਲੋਕਾਂ ਨਾਲ ਕੀਤੇ ਹੋਏ ਵਾਅਦਿਆਂ ਤੋਂ ਲੋਕਾਂ ਦਾ ਧਿਆਨ ਹਟਾ ਰਹੇ ਹਨ। ਸਮਾਰਟ ਸਿਟੀ ਬਣੇ ਚਾਹੇ ਨਾ ਬਣੇ, ਇਹ ਗੱਲ ਯਕੀਨੀ ਹੈ ਕਿ ਸਾਡੇ ਸ਼ਹਿਰ ਦੇ ਨੇਤਾ ਜ਼ਰੂਰ ਓਵਰ ਸਮਾਰਟ ਹਨ। ਜਿੰਨੇ ਉਹ ਓਵਰ ਸਮਾਰਟ ਹਨ, ਜਨਤਾ ਓਨੀ ਹੀ ਭੋਲੀਭਾਲੀ ਹੈ। ਹੁਣ ਦੇਖਣਾ ਇਹ ਹੈ ਕਿ ਓਵਰ ਸਮਾਰਟ ਨੇਤਾ ਭੋਲੀਭਾਲੀ ਜਨਤਾ ਨੂੰ ਗੁੰਮਰਾਹ ਕਰਨ ਵਿੱਚ ਕਾਮਯਾਬ ਹੁੰਦੇ ਹਨ।
- ਅਜੇ ਕੁਮਾਰ

Monday 12 October 2015

ਗਾਂਧੀ ਤੇ ਗੰਦਗ਼ੀ

ਲੱਗਭਗ ਪਿਛਲੇ ਛੇ-ਸੱਤ ਦਹਾਕਿਆਂ ਤੋਂ ਗੰਦਗੀ ਦੇ ਖ਼ਿਲਾਫ ਅੰਬੇਡਕਰਵਾਦ ਅਤੇ ਗਾਂਧੀਵਾਦ ਲੜਾਈ ਲੜ ਰਿਹਾ ਹੈ। ਦੋਨਾਂ ਦੇ ਕੰਮ ਕਰਨ ਦੇ ਤਰੀਕੇ ਵਿੱਚ ਫਰਕ ਇੰਨਾ ਹੈ ਕਿ ਗਾਂਧੀ ਦਾ ਵਿਚਾਰ ਚਾਹੁੰਦਾ ਹੈ ਕਿ ਗੰਦਗੀ ਰੋਜ਼ ਸਾਫ ਹੋਵੇ ਤੇ ਅੰਬੇਡਕਰ ਦਾ ਵਿਚਾਰ ਕਹਿੰਦਾ ਹੈ ਕਿ ਗੰਦਗੀ ਪੈਣ ਹੀ ਨਹੀਂ ਦੇਣੀ। ਗਾਂਧੀ ਗੰਦਗੀ ਪਾਉਣ ਵਾਲਿਆਂ ਨੂੰ ਗੰਦਗੀ ਪਾਉਣ ਤੋਂ ਮਨ੍ਹਾ ਕਰਨ ਲਈ ਕੋਈ ਠੋਸ ਉਪਰਾਲਾ ਨਹੀਂ ਕਰਨਾ ਚਾਹੁੰਦਾ, ਅੰਬਡੇਕਰ ਗੰਦਗੀ ਪਾਉਣ ਵਾਲਿਆਂ ਖਿਲਾਫ ਹੰਟਰ ਵੀ ਇਸਤੇਮਾਲ ਕਰਨਾ ਚਾਹੁੰਦਾ ਹੈ। ਹੰਟਰ ਤੋਂ ਭਾਵ ਹੈ ਸਖਤ ਕਾਨੂੰਨ। ਗਾਂਧੀ ਝਾੜੂ ਮਾਰਨ ਵਾਲਿਆਂ ਲਈ ਉਨ੍ਹਾਂ ਦੇ ਜੀਵਨ ਵਿੱਚ ਸੁਧਾਰ ਲਿਆਉਣ ਲਈ ਕੋਈ ਠੋਸ ਨੀਤੀ ਨਹੀਂ ਅਪਣਾਉਂਦਾ, ਉਹ ਉਨ੍ਹਾਂ ਨੂੰ ਗੰਦਗੀ ਸਾਫ਼ ਕਰਨਾ ਪੁੰਨ ਦਾ ਕੰਮ ਦੱਸਦਾ ਹੈ ਤੇ ਵਿਚ-ਵਿਚਾਲੇ ਉਹ ਆਪ ਕਦੇ-ਕਦੇ ਝਾੜੂ ਮਾਰ ਕੇ ਸਫ਼ਾਈ ਕਰਮਚਾਰੀਆਂ ਦਾ ਰਹਿਬਰ ਤੇ ਰਹਿਨੁਮਾ ਹੋਣ ਦਾ ਦਾਅਵਾ ਵੀ ਕਰਦਾ ਹੈ, ਜਦਕਿ ਅੰਬੇਡਕਰ ਸਾਹਿਬ ਗੰਦਗੀ ਸਾਫ ਕਰਨਾ ਘਟੀਆ ਕੰਮ ਮੰਨਦੇ ਹਨ ਅਤੇ ਗੰਦਗੀ ਪਾਉਣਾ ਜ਼ੁਰਮ ਮੰਨਦੇ ਹਨ। ਗਾਂਧੀ ਜਿਵੇਂ ਗੰਦਗੀ ਵਾਲੇ ਪੇੜ ਤੋਂ ਗੰਦਗੀ ਝੜਨ 'ਤੇ ਰੋਜ਼ ਝਾੜੂ ਮਾਰ ਉਸ ਨੂੰ ਸਾਫ ਕਰਨਾ ਚਾਹੁੰਦਾ ਹੈ ਤੇ ਅੰਬੇਡਕਰ ਉਸ ਗੰਦਗੀ ਫੈਲਾਉਣ ਵਾਲੇ ਪੇੜ ਨੂੰ ਜੜੋਂ੍ਹ ਵੱਢਣਾ ਚਾਹੁੰਦਾ ਹੈ। ਅੱਜ-ਕੱਲ੍ਹ ਸਵੱਛ ਭਾਰਤ ਦਾ ਨਾਅਰਾ ਚੱਲ ਰਿਹਾ ਹੈ। ਅੱਜ-ਕੱਲ੍ਹ ਤਿਉਹਾਰਾਂ ਦੇ ਦਿਨ ਚੱਲ ਰਹੇ ਹਨ। ਧਰਮ ਦੇ ਨਾਂ 'ਤੇ ਪੂਜਾ-ਪਾਠ, ਰੰਗ-ਰੋਗਨ ਨਵੀਆਂ ਚੀਜ਼ਾਂ ਖਰੀਦਣ ਦਾ ਜ਼ੋਰ ਹੈ ਪਰ ਅਫਸੋਸ ਇਸ ਗੱਲ ਵੱਲ ਕਿਸੇ ਦਾ ਧਿਆਨ ਨਹੀਂ ਕਿ ਇਨ੍ਹਾਂ ਦਿਨਾਂ ਵਿੱਚ ਕੀਤੇ ਜਾ ਰਹੇ ਫਜ਼ੂਲ ਤੇ ਖਤਰਨਾਕ ਕੰਮ ਨਾਲ ਹੋਣ ਵਾਲੇ ਨੁਕਸਾਨ ਅਤੇ ਪੈਣ ਵਾਲੀ ਗੰਦਗੀ ਕਦੀ ਭਾਰਤ ਨੂੰ ਸਵੱਛ ਤੇ ਸਾਫ-ਸੁਥਰਾ ਨਹੀਂ ਹੋਣ ਦੇਵੇਗੀ। ਦੀਵਾਲੀ ਦੇ ਮੌਕੇ 'ਤੇ ਅਰਬਾਂ-ਖਰਬਾਂ ਦੇ ਪਟਾਕੇ ਚਲਾਏ ਜਾਂਦੇ ਹਨ, ਇਸ ਨਾਲ ਜਿੱਥੇ ਇਕ ਪਾਸੇ ਆਰਥਿਕ ਨੁਕਸਾਨ ਹੁੰਦਾ ਹੈ ਉਥੇ ਹੀ ਜਗ੍ਹਾ-ਜਗ੍ਹਾ ਗੰਦਗੀ ਫੈਲਦੀ ਹੈ ਅਤੇ ਪ੍ਰਦੂਸ਼ਣ ਫੈਲਦਾ ਹੈ ਜੋ ਕਿ ਲੋਕਾਂ ਦੀ ਸਿਹਤ ਨਾਲ ਬਹੁਤ ਵੱਡਾ ਖਿਲਵਾੜ ਹੈ। ਇਸ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਮੈਂ ਅਕਸਰ ਟੀ. ਵੀ., ਅਖਬਾਰਾਂ ਵਿੱਚ ਮੋਦੀ ਦੁਆਰਾ ਚਲਾਏ ਗਏ ਸਵੱਛ ਅਭਿਆਨ ਦੇ ਬਿਆਨ, ਲੀਡਰਾਂ ਦੇ ਜਗ੍ਹਾ-ਜਗ੍ਹਾ ਲੱਗੇ ਪੋਸਟਰ ਦੇਖਦਾ ਹਾਂ ਕਿ ਇਕ ਪਾਸੇ ਸਵੱਛ ਤੇ ਦੂਜੇ ਪਾਸੇ ਭਾਰਤ ਲਿਖਿਆ ਹੁੰਦਾ ਹੈ ਮੈਂ ਸੋਚਦਾ ਹਾਂ ਕਿ ਗਾਂਧੀ ਦੀ ਸੋਚ ਨਾਲ ਜੇ ਭਾਰਤ ਨੂੰ ਸਵੱਛ ਕਰਨ ਦਾ ਤਰੀਕਾ ਸਰਕਾਰ ਅਪਣਾਏਗੀ ਤਾਂ ਭਾਵੇਂ 100 ਸਾਲ ਲੱਗੀ ਰਹੇ ਭਾਰਤ ਕਦੇ ਸਵੱਛ ਨਹੀਂ ਹੋ ਸਕੇਗਾ, ਕਿਉਂਕਿ ਬਿਮਾਰੀ ਨੂੰ ਠੀਕ ਕਰਨ ਲਈ ਇਲਾਜ ਤਾਂ  ਜ਼ਰੂਰੀ ਹੈ ਪਰ ਇਲਾਜ ਨਾਲੋਂ ਪਰਹੇਜ਼ ਕਿਤੇ ਜ਼ਿਆਦਾ ਜ਼ਰੂਰੀ ਹੈ। ਜਿੰਨੀ ਦੇਰ ਤੱਕ ਗੰਦਗੀ ਪਾਉਣ ਵਾਲਿਆਂ ਨੂੰ ਸਖ਼ਤ ਸਜ਼ਾ ਨਹੀਂ ਦਿੱਤੀ ਜਾਂਦੀ, ਉਨ੍ਹਾਂ ਖ਼ਿਲਾਫ ਸਖਤ ਕਦਮ ਨਹੀਂ ਉਠਾਏ ਜਾਂਦੇ, ਜਿੰਨੀ ਦੇਰ ਤੱਕ ਗੰਦਗੀ ਪਾਉਣ ਵਾਲਿਆਂ ਦੀਆਂ ਆਦਤਾਂ 'ਚ ਸੁਧਾਰ ਨਹੀਂ ਲਿਆਇਆ ਜਾਂਦਾ, ਸਫ਼ਾਈ ਮਜ਼ਦੂਰ ਨੂੰ ਕੋਸਣ ਦੀ ਬਜਾਏ ਉਨ੍ਹਾਂ ਦੇ ਹਾਲਾਤਾਂ ਨੂੰ ਸੁਧਾਰਨ ਵੱਲ ਕੋਈ ਠੋਸ ਕਦਮ ਨਹੀਂ ਚੁੱਿਕਆ ਜਾਂਦਾ ਤਾਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਦੇਸ਼ ਗੰਦਾ ਹੀ ਰਹੇਗਾ। ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਬਜ਼ਾਰਾਂ, ਚੌਰਾਹਿਆਂ, ਘਰਾਂ ਦੇ ਸਾਹਮਣੇ ਕੂੜੇ ਦੇ ਢੇਰ ਲੱਗੇ ਹੁੰਦੇ ਹਨ ਲੋਕ ਜਦੋਂ ਦਿਲ ਕਰਦਾ ਹੈ ਜਿੱਥੇ ਦਿਲ ਕਰਦਾ ਹੈ ਕੂੜਾ ਸੁੱਟ ਜਾਂਦੇ ਹਨ ਤੇ ਮੀਡੀਆ ਵਾਲੇ ਵੀ ਕੂੜੇ ਦੇ ਢੇਰਾਂ ਦੀ ਫੋਟੋ ਅਖਬਾਰ ਵਿੱਚ ਲਾ ਕੇ ਨਗਰ ਨਿਗਮ ਦੇ ਅਧਿਕਾਰੀਆਂ ਜਾਂ ਸਫਾਈ ਕਰਮਚਾਰੀਆਂ ਦਾ ਤਵਾ ਲਾਉਂਦੇ ਰਹਿੰਦੇ ਹਨ ਪਰ ਅਸਲ ਵਿੱਚ ਉਹ ਇਹ ਗੱਲ ਭੁੱਲ ਜਾਂਦੇ ਹਨ ਕਿ ਗੰਦਗੀ ਪਾਉਣ ਵਾਲੇ ਇੰਨੇ ਬੇਦਰਦ ਤੇ ਬੇਖੌਫ ਹੋ ਚੁੱਕੇ ਹਨ ਕਿ ਉਹ ਗੰਦਗੀ ਪਾਉਣਾ ਆਪਣਾ ਧਰਮ ਤੇ ਗੰਦਗੀ ਸਾਫ ਕਰਨ ਵਾਲੇ ਨੂੰ ਨਫਰਤ ਕਰਨਾ ਤੇ ਗਾਲ੍ਹਾਂ ਕੱਢਣਾ ਆਪਣਾ ਹੱਕ ਸਮਝਦੇ ਹਨ। ਜੇਕਰ ਸੱਚੀ ਨੀਯਤ ਨਾਲ ਭਾਰਤ ਨੂੰ ਸਾਫ਼ ਕਰਨਾ ਹੈ ਤਾਂ ਲੋਕਾਂ ਵਿੱਚ ਜਾਗਰੂਕਤਾ ਲਿਆਉਣ ਦੇ ਨਾਲ ਇਹ ਨਾਟਕੀ ਢਕੋਂਸਲੇ ਕਰਨ ਦੀ ਬਜਾਏ ਟੀ.ਵੀ, ਅਖਬਾਰਾਂ ਮੀਡੀਆ ਵਿੱਚ ਗੰਦਗੀ ਪਾਉਣ ਵਾਲਿਆਂ ਨੂੰ ਸੈਨੀਟੇਸ਼ਨ ਦੇ ਕਾਨੂੰਨਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਤੇ ਕਸੂਰਵਾਰਾਂ ਨੂੰ ਇੰਨੀ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ ਕਿ ਇਹ ਮਿਸਾਲ ਬਣ ਜਾਵੇ। ਜਿਹੜੇ ਲੋਕ ਗੰਦਗੀ ਦੇ ਢੇਰਾਂ ਉੱਤੇ ਦੇਵੀ-ਦੇਵਤਿਆਂ, ਪਰਮਾਤਮਾ ਭਗਵਾਨਾਂ ਦੀਆਂ ਫੋਟੋਆਂ ਲਾ ਕੇ ਆਪਣੇ-ਆਪ ਨੂੰ ਉਸ ਕਬੂਤਰ ਵਾਂਗ ਬੇਫਿਕਰ ਸਮਝਦੇ ਹਨ ਜਿਹੜਾ ਬਿੱਲੀ ਨੂੰ ਦੇਖ ਕੇ ਅੱਖਾਂ ਬੰਦ ਕਰ ਲੈਂਦਾ ਹੈ। ਉਹ ਇਹ ਗੱਲ ਕਦੇ ਨਾ ਭੁੱਲਣ ਕਿ ਬਿੱਲੀ ਨੂੰ ਸਾਹਮਣੇ ਦੇਖ ਕੇ ਅੱਖਾਂ ਬੰਦ ਕਰਨ ਵਾਲੇ ਜ਼ਿਆਦਾਤਰ ਕਬੂਤਰਾਂ ਦੇ ਕੁਝ ਹੀ ਪਲਾਂ ਵਿੱਚ ਪ੍ਰਾਣ ਪਖੇਰੂ ਉੱਡੇ ਹੁੰਦੇ ਹਨ ਤੇ ਖੰਭ ਧਰਤੀ 'ਤੇ ਖਿਲਰੇ ਮਿਲਦੇ ਹਨ। ਅਗਰ ਝੰਡਾ ਗੱਡ ਕੇ ਕੁਛ ਲਾਉਣਾ ਹੀ ਹੈ ਤਾਂ ਸੈਨੀਟੇਸ਼ਨ ਦੇ ਕਾਨੂੰਨ ਲਾਏ ਜਾਣ, ਸਕੂਲਾਂ, ਸਰਕਾਰੀ ਦਫਤਰਾਂ, ਰੇਲਵੇ ਸਟੇਸ਼ਨਾਂ ਅਤੇ ਹੋਰ ਸਰਵਜਨਕ ਸਥਾਨਾਂ 'ਤੇ ਸੈਨੀਟੇਸ਼ਨ ਦੇ ਕਾਨੂੰਨਾਂ ਦੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਸਵੱਛ ਭਾਰਤ ਦਾ ਵਿਚਾਰ ਜ਼ਮੀਨੀ ਹਕੀਕਤ ਬਣ ਸਕੇ, ਜੇਕਰ ਇਵੇਂ ਹੀ ਗੰਦਗੀ ਸਾਫ ਕਰਨ ਦੇ ਫੋਕੇ ਉਪਰਾਲੇ ਹੁੰਦੇ ਰਹੇ ਤਾਂ ਅਨੇਕਾਂ ਬਿਮਾਰੀਆਂ ਦੇ ਮਾਲਕ ਤਾਂ ਤੁਸੀਂ ਰਹੋਗੇ ਹੀ।
- ਅਜੈ ਕੁਮਾਰ

Monday 5 October 2015

ਕੱਟੜਤਾ ਅਭਿਸ਼ਾਪ ਹੈ

ਜਵਾਹਰ ਲਾਲ ਨਹਿਰੂ ਦੁਆਰਾ ਲਿਖੀ ਕਿਤਾਬ 'ਡਿਸਕਵਰੀ ਆਫ ਇੰਡੀਆ', ਜਾਵੇਦ ਪਟੇਲ ਦੁਆਰਾ ਬਣਾਈ ਫਿਲਮ 'ਡਾ. ਅੰਬੇਡਕਰ' ਅਤੇ ਹੋਰ ਅਨੇਕਾਂ ਇਤਿਹਾਸਕ ਪੁਸਤਕਾਂ ਤੋਂ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਬ੍ਰਾਹਮਣ ਵਿਦੇਸ਼ੀ ਹਨ ਜਦਕਿ ਦਲਿਤ ਸਮਾਜ ਅਤੇ ਪੱਛੜੇ ਸਮਾਜ ਦੇ ਲੋਕ ਇਸ ਦੇਸ਼ ਦੇ ਮੂਲ ਨਿਵਾਸੀ ਹਨ। ਬ੍ਰਾਹਮਣ ਲੋਕ ਮੱਧ ਏਸ਼ੀਆ ਤੋਂ ਆਏ, ਇਨ੍ਹਾਂ ਨੇ ਆ ਕੇ ਭਾਰਤ 'ਤੇ ਆਪਣਾ ਰਾਜ ਸਥਾਪਿਤ ਕਰਕੇ ਆਪਣੀ ਸੰਸਕ੍ਰਿਤੀ ਅਤੇ ਆਪਣਾ ਸੱਭਿਆਚਾਰ ਵੀ ਸਥਾਪਿਤ ਕਰ ਦਿੱਤਾ । ਇਨ੍ਹਾਂ ਦੇ ਆਉਣ ਤੋਂ ਪਹਿਲਾਂ ਜਾਤ-ਪਾਤ ਨਾਂ ਦੀ ਚੀਜ਼ ਭਾਰਤ ਵਿੱਚ ਨਹੀਂ ਸੀ, ਕੋਈ ਵਰਣ ਵਿਵਸਥਾ ਨਹੀਂ ਸੀ ਪਰ ਇਨ੍ਹਾਂ ਦਾ ਰਾਜ ਸਥਾਪਿਤ ਹੁੰਦਿਆਂ ਹੀ ਮੂਲ ਨਿਵਾਸੀ ਲੋਕਾਂ ਨੂੰ ਗੁਲਾਮ ਬਣਾ ਲਿਆ ਗਿਆ ਸਰੀਰਿਕ ਰੂਪ 'ਚ ਗੁਲਾਮੀ ਦੇ ਨਾਲ-ਨਾਲ ਕਈ ਪ੍ਰਕਾਰ ਦੀਆਂ ਸਜ਼ਾਵਾਂ ਮੂਲ ਨਿਵਾਸੀਆਂ ਨੂੰ ਦਿੱਤੀਆਂ ਗਈਆਂ। ਉਨ੍ਹਾਂ ਸਜ਼ਾਵਾਂ ਨੂੰ ਚੰਗੀ ਤਰ੍ਹਾਂ ਲਾਗੂ ਕਰਨ ਲਈ ਅਨੇਕਾਂ ਕਹਾਣੀਆਂ ਘੜ੍ਹੀਆਂ ਗਈਆਂ, ਉਨ੍ਹਾਂ ਦੇ ਮਨ ਵਿੱਚ ਰੱਬ, ਭੂਤ, ਚੜੇਲ, ਜਾਦੂ-ਟੋਣਾ ਰਾਹੀਂ ਡਰ ਪੈਦਾ ਕੀਤਾ ਗਿਆ, ਮੂਰਤੀ ਪੂਜਾ ਅਤੇ ਹੋਰ ਕਈ ਤਰ੍ਹਾਂ ਦੇ ਪਾਖੰਡਾਂ, ਵਹਿਮਾਂ-ਭਰਮਾਂ ਰਾਹੀਂ ਮੂਲ ਨਿਵਾਸੀਆਂ ਨੂੰ ਮਾਨਸਿਕ ਗੁਲਾਮ ਬਣਾ ਦਿੱਤਾ ਗਿਆ, ਜਦਕਿ ਵਿਦੇਸ਼ੀ ਆਰੀਅਨ ਲੋਕਾਂ ਦੇ ਆਉਣ ਤੋਂ ਪਹਿਲਾਂ ਇਨਸਾਨ ਨੂੰ ਹੀ ਭਗਵਾਨ ਸਮਝਿਆ ਜਾਂਦਾ ਸੀ, ਇਨਸਾਨ ਦੇ ਕਰਮਾਂ ਨੂੰ ਹੀ ਧਰਮ ਸਮਝਿਆ ਜਾਂਦਾ ਸੀ ਉਥੇ ਪਾਖੰਡ ਵਹਿਮ-ਭਰਮ ਦਾ ਬੋਲਬਾਲਾ ਹੋ ਗਿਆ। ਇਸ ਦੇ ਵਿਰੋਧ ਵਿੱਚ ਮੂਲ ਨਿਵਾਸੀਆਂ ਦੇ ਰਹਿਬਰਾਂ ਨੇ ਘੋਰ ਸੰਘਰਸ਼ ਕੀਤਾ। ਇਹ ਸੰਘਰਸ਼ ਭਗਵਾਨ ਵਾਲਮੀਕਿ ਮਹਾਰਾਜ ਨੇ ਵੀ ਕੀਤਾ, ਜਿਨ੍ਹਾਂ ਨੇ ਯੋਗ ਵਸ਼ਿਸ਼ਟ ਵਿੱਚ ਆਪਣੇ ਉਪਦੇਸ਼ਾਂ ਰਾਹੀਂ ਲੋਕਾਂ ਨੂੰ ਸਮਝਾਇਆ ਕਿ ਜਨਨੀ ਅਤੇ ਜਨਮ ਭੂਮੀ ਸਵਰਗ ਤੋਂ ਸੁੰਦਰ ਹੈ, ਗਿਆਨ ਹੀ ਸੰਸਾਰ ਦਾ ਮੂਲ ਅਧਾਰ ਹੈ, ਉਨ੍ਹਾਂ ਨੇ ਬੇਸਹਾਰਾ ਲੋਕਾਂ ਦੀ ਸਹਾਇਤਾ ਕਰਨਾ ਅਤੇ ਉਨ੍ਹਾਂ ਨੂੰ ਗਿਆਨਵਾਨ ਬਣਾਉਣਾ ਮਨੁੱਖ ਦਾ ਪਰਮ ਧਰਮ ਦੱਸਿਆ। ਬੁੱਧ ਨੇ ਸਮਾਨਤਾ, ਭਾਈਚਾਰੇ ਦੇ ਉਪਦੇਸ਼ ਦਿੱਤੇ, ਸਤਿਗੁਰੂ ਕਬੀਰ ਮਹਾਰਾਜ ਜੀ ਨੇ ਕ੍ਰਾਂਤੀਕਾਰੀ ਸੋਚ ਰਾਹੀਂ ਭਾਰਤ ਦੇ ਮੂਲ ਨਿਵਾਸੀ ਨੂੰ ਜਾਗ੍ਰਿਤ ਕੀਤਾ, ਸਤਿਗੁਰੂ ਰਵਿਦਾਸ ਮਹਾਰਾਜ ਜੀ, ਸਤਿਗੁਰੂ ਸੈਨ, ਸਤਿਗੁਰੂ ਸਦਨਾ, ਸਤਿਗੁਰੂ ਨਾਮਦੇਵ, ਸ੍ਰੀ ਗੁਰੂ ਨਾਨਕ ਦੇਵ ਜੀ, ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੱਚ-ਹੱਕ ਨੂੰ ਕਾਇਮ ਕਰਨ ਲਈ ਅਨੇਕ ਪ੍ਰਕਾਰ ਦੀਆਂ ਕੁਰਬਾਨੀਆਂ ਦਿੱਤੀਆਂ। ਇਨ੍ਹਾਂ ਦੀਆਂ ਕੁਰਬਾਨੀਆਂ ਨੂੰ ਨਿਰੰਤਰ ਅੱਗੇ ਜਾਰੀ ਰੱਖਦੇ ਹੋਏ ਮਹਾਤਮਾ ਜੋਤੀ ਰਾਓ ਫੂਲੇ, ਡਾ. ਭੀਮ ਰਾਓ ਅੰਬੇਡਕਰ ਆਦਿ ਨੇ ਭਾਰਤ ਵਿੱਚ ਵਰਣ ਵਿਵਸਥਾ ਨੂੰ ਖਤਮ ਕਰਨ ਲਈ, ਸਮਾਨਤਾ, ਏਕਤਾ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ, ਭਾਰਤ ਦੇਸ਼ ਨੂੰ ਦੁਨੀਆਂ ਦੇ ਨਕਸ਼ੇ 'ਤੇ ਉਭਾਰਨ ਲਈ, ਭਾਰਤ ਨੂੰ ਸਵਰਗ ਬਣਾਉਣ ਲਈ, ਮਨੁੱਖਤਾ ਦੀ ਭਲਾਈ ਲਈ ਵਧੀਆ ਨਿਯਮ ਬਣਾ ਕੇ ਉਨ੍ਹਾਂ ਨੂੰ ਭਾਰਤੀ ਸੰਵਿਧਾਨ ਦੇ ਰੂਪ ਵਿੱਚ ਪੇਸ਼ ਕੀਤਾ। ਪਰ ਅਫਸੋਸ ਇਹ ਹੈ ਕਿ ਜਿਹੜੀ ਕੱਟੜਤਾ, ਅਸਮਾਨਤਾ ਦੇ ਖਿਲਾਫ ਸਾਡੇ ਰਹਿਬਰ ਲੜੇ ਉਸੇ ਕੱਟੜਤਾ ਨੂੰ ਭਾਰਤ ਦੇ ਮੂਲਨਿਵਾਸੀਆਂ ਨੇ ਅੱਜ-ਕੱਲ੍ਹ ਤਕਰੀਬਨ ਪੂਰੀ ਤਰ੍ਹਾਂ ਅਪਣਾਇਆ ਹੋਇਆ ਹੈ ਤੇ ਮੂਲ ਨਿਵਾਸੀਆਂ ਦੀਆਂ ਆਪਣੀਆਂ-ਆਪਣੀਆਂ ਡਫਲੀਆਂ ਤੇ ਆਪਣੇ-ਆਪਣੇ ਰਾਗ ਹਨ ਅਤੇ ਆਪਣੇ ਆਪਣੇ ਮਿਸ਼ਨ ਹਨ। ਇਸ ਦਾ ਹੀ ਮੁੱਖ ਕਾਰਣ ਅੱਜ ਇਹ ਹੈ ਕਿ ਭਾਰਤ ਦੇ ਮੂਲ ਨਿਵਾਸੀ ਸਫ਼ਾਈ ਕਰਮਚਾਰੀਆਂ ਦੇ ਹਾਲਾਤ ਇੰਨੇ ਚਿੰਤਾਜਨਕ ਹਨ, ਇੰਨੇ ਨਾਜ਼ੁਕ ਹਨ ਕਿ ਹਰ ਮਨੁੱਖ ਉਨ੍ਹਾਂ ਨੂੰ ਨਫ਼ਰਤ ਦੀ ਨਿਗਾਹ ਨਾਲ ਦੇਖ ਰਿਹਾ ਹੈ। ਮੂਲ ਨਿਵਾਸੀਆਂ ਦੇ ਬੱਚੇ ਸਿੱਖਿਆ ਦੇ ਮੰਦਿਰ ਸਕੂਲਾਂ/ਕਾਲਜਾਂ, ਯੂਨੀਵਰਸਿਟੀਆਂ ਵਿੱਚ ਪੜ੍ਹਨ ਦੀ ਬਜਾਏ ਆਪਣੇ-ਆਪਣੇ ਅਨੁਸਾਰ ਆਪਣੇ ਬਣਾਏ ਡੇਰਿਆਂ, ਆਪਣੇ-ਆਪਣੇ ਗੋਤਰਾਂ, ਆਪਣੀਆਂ-ਆਪਣੀਆਂ ਉੱਪ ਜਾਤਾਂ ਦੇ ਬਣਾਏ ਧਾਰਮਿਕ ਸਥਾਨਾਂ ਵਿੱਚ ਬੁਰੀ ਤਰ੍ਹਾਂ ਉਲਝੇ ਹੋਏ ਹਨ ਅਤੇ ਆਪਣੀ -ਆਪਣੀ ਕੌਮ ਨੂੰ ਲੈ ਕੇ ਇੰਨੇ ਕੱਟੜ ਹੋਏ ਹਨ ਕਿ ਇੰਨਾ ਖਤਰਾ ਮੂਲ ਨਿਵਾਸੀਆਂ ਨੂੰ ਆਰੀਆ ਲੋਕਾਂ ਦੁਆਰਾ ਬਣਾਈਆਂ ਗਈਆਂ ਸੰਸਥਾਵਾਂ ਦਾ ਨਹੀਂ ਜਿੰਨਾ ਖਤਰਾ ਮੂਲ ਨਿਵਾਸੀਆਂ ਵੱਲੋਂ ਆਪਣੀਆਂ ਬਣਾਈਆਂ ਗਈਆਂ ਸੰਸਥਾਵਾਂ ਤੋਂ ਹੋ ਰਿਹਾ ਹੈ। ਇਹ ਸਮੇਂ ਦੀ ਮੰਗ ਹੈ ਅਤੇ ਪੰਜਾਬ ਵਿੱਚ ਇਸ ਦੀ ਖਾਸ ਜ਼ਰੂਰਤ ਹੈ ਕਿਉਂਕਿ ਪੰਜਾਬ ਵਿੱਚ ਲੱਗਭਗ 2 ਸਾਲਾਂ ਵਿੱਚ ਚੋਣਾਂ ਹੋਣ ਵਾਲੀਆਂ ਹਨ ਤੇ ਜਿੱਥੇ ਪੰਜਾਬ ਦੇ ਲੋਕਾਂ ਦਾ ਭਵਿੱਖ ਸੁਰੱਖਿਅਤ ਹੋਣਾ ਨਿਸ਼ਚਿਤ ਕੀਤਾ ਜਾਣਾ ਹੈ, ਉਸ ਵਿਧਾਨ ਸਭਾ ਵਿੱੱਚ ਅੰਬੇਡਕਰੀ ਸੋਚ ਦੇ ਲੋਕਾਂ ਦਾ ਪਹੁੰਚਣਾ ਬਹੁਤ ਜ਼ਰੂਰੀ ਹੈ ਪਰ ਨਾਲ ਹੀ ਇਹ ਵੀ ਖਿਆਲ ਰੱਖਣਾ ਪਵੇਗਾ ਕਿ ਅੰਬੇਡਕਰੀ ਸੋਚ ਦੇ ਨੁਮਾਇੰਦੇ ਉੱਥੇ ਪੁੱਜਣ ਕਿਵੇਂ। ਉਨ੍ਹਾਂ ਨੂੰ ਉੱਥੇ ਪਹੁੰਚਾਉਣ ਲਈ ਤਰੀਕਾ ਵੀ ਅੰਬੇਡਕਰੀ ਸੋਚ ਵਾਂਗ ਹੀ ਹੋਣਾ ਚਾਹੀਦਾ ਹੈ, ਕਿਉਂਕਿ ਜੇਕਰ ਅਸੀਂ ਇਹ ਸੋਚਦੇ ਹਾਂ ਕਿ ਅਸੀਂ ਕਿਸੇ ਦੇ ਮੋਢਿਆਂ 'ਤੇ ਜਾਂ ਕਿਸੇ ਦੀ ਝੋਲੀ ਵਿੱਚ ਬੈਠ ਕੇ ਵਿਧਾਨ ਸਭਾ ਵਿੱਚ ਪੁੱਜ ਕੇ ਗਰੀਬ ਸਮਾਜ ਦੀ ਗੱਲ ਕਰ ਸਕਦੇ ਹਾਂ ਤਾਂ ਇਹ ਭਲੇਖਾ ਸਾਨੂੰ ਆਪਣੇ ਦਿਲ-ਦਿਮਾਗ 'ਚੋਂ ਕੱਢ ਦੇਣਾ ਚਾਹੀਦਾ ਹੈ। ਇਸ ਦੀ ਤਾਜ਼ਾ ਉਦਾਹਰਣ ਇਹ ਹੈ ਕਿ ਪਿਛਲੇ ਦਿਨੀਂ ਪੰਜਾਬ ਵਿੱਚ 3 ਲੱਖ 5 ਹਜ਼ਾਰ ਬੱਚਿਆਂ ਦਾ ਭਵਿੱਖ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਅਧੀਨ ਖਤਰੇ ਵਿੱਚ ਸੀ। ਥੋੜ੍ਹੇ ਦਿਨ ਪਹਿਲਾਂ ਹੀ ਵਿਧਾਨ ਸਭਾ ਦਾ ਸੈਸ਼ਨ ਲੱਗਿਆ ਸੀ ਪਰ ਕਿਸੇ ਵੀ ਗੈਰ-ਦਲਿਤ ਐਮ. ਐਲ. ਏ ਜਾਂ ਦਲਿਤ ਐਮ. ਐਲ. ਏ ਨੇ ਦਲਿਤ ਵਿਦਿਆਰਥੀਆਂ ਦੇ ਭਵਿੱਖ ਦੀ ਚਿੰਤਾ ਨਹੀਂ ਕੀਤੀ ਕਿਉਂਕਿ ਉਹ ਵਿਧਾਨ ਸਭਾ ਵਿੱਚ ਦਲਿਤਾਂ ਦੇ ਨੁਮਾਇੰਦੇ ਵਜੋਂ ਨਹੀਂ ਬਲਕਿ ਆਪਣੀ ਪਾਰਟੀ ਦੇ ਨੁਮਾਇੰਦੇ ਵਜੋਂ ਬੈਠੇ ਸਨ। ਭਾਰਤ ਦੇ ਮੂਲ ਨਿਵਾਸੀਆਂ ਨੂੰ ਆਪਣੇ ਦਿਮਾਗ ਵਿੱਚੋਂ ਕੱਟੜਤਾ ਕੱਢ ਕੇ ਆਪਣੇ ਰਹਿਬਰਾਂ ਦੇ ਮਿਸ਼ਨ ਨੂੰ ਲੈ ਕੇ ਚੱਲਣਾ ਚਾਹੀਦਾ ਹੈ, ਨਹੀਂ ਤਾਂ ਦਲਿਤਾਂ ਨੂੰ ਕੋਈ ਹੱਕ ਨਹੀਂ ਕਿ ਉਹ ਕਿਸੇ ਨੂੰ ਗਾਲ੍ਹਾਂ ਕੱਢਣ ਕਿਉਂਕਿ ਜਿੰਨੀ ਦੇਰ ਤੱਕ ਅਸੀਂ ਆਪਣੇ ਆਪ ਨੂੰ ਬਰਾਬਰਤਾ ਦੇ ਮਿਸ਼ਨ ਨੂੰ ਸਮਰਪਿਤ ਨਹੀਂ ਕਰਦੇ ਓਨੀ ਦੇਰ ਤੱਕ ਦੇਸ਼, ਸਮਾਜ ਅਤੇ ਮਨੁੱਖ ਦਾ ਭਲਾ ਹੋਣ ਵਾਲਾ ਨਹੀ। ਕੱਟੜਤਾ ਤੁਹਾਡੇ ਅਤੇ ਦੇਸ਼ ਦੇ ਸੱਤਿਆਨਾਸ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦੀ। ਬਰਾਬਰਤਾ ਤੁਹਾਡੀ ਅਤੇ ਦੇਸ਼ ਦੀ ਖੁਸ਼ਹਾਲੀ ਲੈ ਕੇ ਆ ਸਕਦੀ ਹੈ। ਸਿਰਫ ਭਾਰਤ ਦੇ ਸੰਵਿਧਾਨ ਨੂੰ ਹੀ ਇਮਾਨਦਾਰੀ ਨਾਲ ਲਾਗੂ ਕਰਵਾ ਦਿੱਤਾ ਜਾਵੇ ਤਾਂ ਇਹ ਵੀ ਬਰਾਬਰਤਾ ਵੱਲ ਇਕ ਬਹੁਤ ਵੱਡਾ ਕਦਮ ਹੋਵੇਗਾ। ਭਾਰਤੀ ਸੰਵਿਧਾਨ ਇਮਾਨਦਾਰੀ ਨਾਲ ਲਾਗੂ ਹੋਣ 'ਤੇ ਹੀ ਪੂਰਾ ਦੇਸ਼ ਖੁਸ਼ਹਾਲ ਹੋ ਸਕਦਾ ਹੈ। ਫ਼ੈਸਲਾ ਤੁਹਾਡੇ ਹੱਥ ਹੈ ਕਿ ਤੁਸੀਂ ਕੱਟੜ ਰਹਿਣਾ ਹੈ ਜਾਂ ਆਪਣੇ ਰਹਿਬਰਾਂ ਦਾ ਸਮਾਨਤਾ ਦਾ ਫਲਸਫਾ ਸਮਝ ਕੇ ਬਰਾਬਰਤਾ ਦਾ ਕੰਮ ਕਰਨਾ ਹੈ।
- ਅਜੇ ਕੁਮਾਰ