Monday 27 June 2016


ਰੋਗਮੁਕਤ ਭਾਰਤ ਲਈ ਵਰਦਾਨ ਹੈ ਯੋਗ ਵਿੱਦਿਆ

ਯੋਗ ਵਿੱਦਿਆ ਭਾਰਤ ਦੇ ਮੂਲ ਨਿਵਾਸੀਆਂ ਦੀ ਵਿੱਦਿਆ ਹੈ। ਸਿੰਧੂ ਘਾਟੀ ਦੀ ਸੱਭਿਅਤਾ ਦੇ ਜੋ ਅਵਸ਼ੇਸ਼ ਮਿਲੇ ਉਨ੍ਹਾਂ ਵਿੱਚ ਬੁੱਧ ਦੀਆਂ ਜੋ ਮੂਰਤੀਆਂ ਮਿਲੀਆਂ, ਜ਼ਿਆਦਾਤਰ ਬੁੱਧ ਦੀਆਂ ਮੂਰਤੀਆਂ ਯੋਗ ਮੁਦਰਾ ਵਿੱਚ ਹਨ। ਯੋਗ ਇਕ ਅਜਿਹੀ ਵਿੱਦਿਆ ਹੈ, ਜਿਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਭਗਵਾਨ ਵਾਲਮੀਕਿ ਮਹਾਰਾਜ ਨੇ ਯੋਗ ਵਸ਼ਿਸ਼ਟ ਵਿੱਚ ਕਿਹਾ ਹੈ ਕਿ ਗੁਰੂ ਅਤੇ ਸ਼ਾਸਤਰ ਤੁਹਾਨੂੰ ਕਦੇ ਆਤਮ ਦਰਸ਼ਨ ਨਹੀਂ ਕਰਵਾ ਸਕਦੇ। ਆਤਮ ਦਰਸ਼ਨ ਤੁਸੀਂ ਸਿਰਫ ਸਵਸਥ ਸਰੀਰ ਅਤੇ ਨਿਰਮਲ ਬੁੱਧੀ ਦੁਆਰਾ ਹੀ ਕਰ ਸਕਦੇ ਹੋ। ਜ਼ਿਆਦਾਤਰ ਸਰੀਰਿਕ ਸਿੱਖਿਆ ਦੇ ਮਾਹਿਰਾਂ ਦਾ ਅਨੁਭਵ ਦੱਸਦਾ ਹੈ ਕਿ ਯੋਗ ਵਿੱਦਿਆ ਹੀ ਇਕ ਅਜਿਹੀ ਵਿੱਦਿਆ ਹੈ, ਜਿਸ ਨਾਲ ਤੁਸੀਂ ਆਪਣਾ ਸਰੀਰ ਤੰਦਰੁਸਤ ਬਣਾ ਸਕਦੇ ਹੋ ਅਤੇ ਆਪਣੀ ਬੁੱਧੀ ਵੀ ਨਿਰਮਲ ਬਣਾ ਸਕਦੇ ਹੋ। ਨਿਯਮਿਤ ਰੂਪ ਵਿੱਚ ਯੋਗ ਕਰਨਾ ਇਸ ਲਈ ਵੀ ਜ਼ਰੂਰੀ ਹੈ, ਕਿਉਂਕਿ ਇਹ ਮਨੁੱਖ ਨੂੰ ਬੀਮਾਰੀ ਲੱਗਣ ਹੀ ਨਹੀਂ ਦਿੰਦਾ, ਹਾਲਾਂਕਿ ਸਾਡੇ ਸਿਆਸਤਦਾਨ ਹਰ ਗੱਲ, ਹਰ ਵਿਚਾਰ ਨੂੰ ਆਪਣੇ ਅਤੇ ਆਪਣੀ ਪਾਰਟੀ ਦਾ ਫਾਇਦਾ-ਨੁਕਸਾਨ ਦੇਖਦੇ ਹੋਏ ਹਰ ਮੁੱਦੇ 'ਤੇ ਸਿਆਸਤ ਕਰਨ ਤੋਂ ਬਾਜ਼ ਨਹੀਂ ਆਉਂਦੇ। ਇਨ੍ਹਾਂ ਦੀ ਅਜਿਹੀ ਹੀ ਘਟੀਆ ਰਾਜਨੀਤੀ ਕਾਰਣ ਭਾਰਤ ਦੇ 70 ਪ੍ਰਤੀਸ਼ਤ ਲੋਕ ਯੋਗ ਵਿੱਦਿਆ ਜਿਹੀ ਲਾਜਵਾਬ ਅਤੇ ਅਮੁੱਲ ਦੇਣ ਤੋਂ ਵਾਂਝੇ ਹਨ। ਹਾਲਾਂਕਿ ਵਿਸ਼ਵ ਦੇ 90 ਪ੍ਰਤੀਸ਼ਤ ਬੁੱਧੀਮਾਨ ਅਤੇ ਤੰਦਰੁਸਤ ਲੋਕ ਰੋਜ਼ ਨਿਯਮਿਤ ਰੂਪ ਵਿੱਚ ਯੋਗਾ ਕਰਦੇ ਹਨ ਪਰ ਯੋਗ 'ਤੇ ਆਪਣਾ ਮਾਅਰਕਾ ਸਾਬਤ ਕਰਨ ਦੇ ਚੱਕਰ 'ਚ ਸਾਡੇ ਅਖੌਤੀ ਲੀਡਰ ਅਤੇ ਭਗਵੇਂ ਚੋਲੇ ਪਾ ਕੇ ਯੋਗ ਰਾਹੀਂ ਵਪਾਰ ਕਰਨ ਵਾਲੇ ਬਾਬੇ ਜੋ ਆਪਣੇ ਆਪ ਨੂੰ ਯੋਗ ਦੇ ਸਰਵਸ੍ਰੇਸ਼ਠ ਅਚਾਰਿਆ ਸਾਬਤ ਕਰਨਾ ਚਾਹੁੰਦੇ ਹਨ ਤਾਂ ਜੋ ਉਹ ਸਭ ਤੋਂ ਵੱਡੇ ਦੇਸ਼ ਪ੍ਰੇਮੀ ਅਖਵਾ ਸਕਣ ਤੇ ਜੇਕਰ ਦੂਜੇ ਪਾਸੇ ਯੋਗ ਦਾ ਕਿਸੇ ਧਰਮ ਜਾਂ ਕਿਸੇ ਜਾਤ ਅਤੇ ਵਿਅਕਤੀ ਵਿਸ਼ੇਸ਼ ਨਾਲ ਜੋੜ ਕੇ ਇਸ ਦਾ ਵਿਰੋਧ ਕਰਨ ਵਾਲੇ ਲੋਕ ਗਾਹੇ-ਬਗਾਹੇ ਬਿਨਾਂ ਸੋਚੇ-ਸਮਝੇ ਯੋਗ ਵਿੱਦਿਆ ਦੇ ਖਿਲਾਫ ਬੋਲ ਜਾਂਦੇ ਹਨ। ਕਈ ਲੋਕ ਤਾਂ ਇਹ ਵੀ ਉਦਾਹਰਣ ਦਿੰਦੇ ਹਨ ਕਿ ਮਜ਼ਦੂਰ ਨੂੰ ਯੋਗ ਕਰਨ ਦੀ ਕੀ ਲੋੜ ਹੈ। ਮਜ਼ਦੂਰ ਦੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਮੈਂ ਬੜੀ ਚੰਗੀ ਤਰ੍ਹਾਂ ਸਮਝਦਾ ਹਾਂ, ਕਿਉਂਕਿ ਮੈਂ ਵੀ ਇਕ ਮਜ਼ਦੂਰ ਦਾ ਪੁੱਤ ਹਾਂ ਤੇ ਮੇਰੇ ਭਰਾ ਨੇ ਅਫ਼ਸਰ ਬਣਨ ਤੋਂ ਪਹਿਲਾਂ ਵੀ ਖੁਦ ਬੜੀ ਮਿਹਨਤ ਕੀਤੀ ਹੈ। ਇਸ ਲਈ ਮੈਂ ਯੋਗ ਦੇ ਖਿਲਾਫ ਬੋਲਣ ਵਾਲੇ ਵਿਅਕਤੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਹਾਡੀ ਸੋਚ ਤਥਾਗਤ ਬੁੱਧ ਜਾਂ ਡਾ. ਭੀਮ ਰਾਓ ਅੰਬੇਡਕਰ ਤੋਂ ਉੱਤੇ ਤਾਂ ਨਹੀਂ, ਕਿਉਂਕਿ ਡਾ. ਭੀਮ ਰਾਓ ਅੰਬੇਡਕਰ ਜੀ ਰੋਜ਼ ਯੋਗ ਨਿਯਮਿਤ ਰੂਪ ਵਿੱਚ ਕਰਦੇ ਸਨ। ਇਸ ਦਾ ਸਬੂਤ ਤੁਸੀਂ ਨਾਨਕ ਚੰਦ ਰੱਤੂ ਵੱਲੋਂ ਲਿਖੀ ਪੁਸਤਕ 'ਦਿਨ ਚਰਿਆ' ਅਤੇ ਅਣਛੂਹੇ ਪਹਿਲੂ ਪੜ੍ਹ ਸਕਦੇ ਹੋ। ਸਵਾਮੀ ਵਿਵੇਕਾਨੰਦ, ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਆਦਿ ਹੋਰ ਵੀ ਕਈ ਰਾਜਨੀਤਿਕ ਹਸਤੀਆਂ ਦੇ ਨਾਲ-ਨਾਲ ਸਮਾਜਿਕ ਅਤੇ ਧਾਰਮਿਕ ਹਸਤੀਆਂ ਵੀ ਯੋਗ ਕਰਦੀਆਂ ਸਨ ਅਤੇ ਕਰਦੀਆਂ ਹਨ। ਇਸ ਲਈ ਯੋਗ ਵਿੱਦਿਆ ਦਾ ਪ੍ਰਚਾਰ ਸਾਨੂੰ ਬਿਨਾਂ ਕਿਸੇ ਭੇਦਭਾਵ ਤੋਂ ਕਰਨਾ ਚਾਹੀਦਾ ਹੈ। ਸਾਨੂੰ ਖੁਦ ਆਪ ਵੀ ਰੋਜ਼ ਯੋਗ ਕਰਨਾ ਚਾਹੀਦਾ ਹੈ ਅਤੇ ਦੂਸਰਿਆਂ ਨੂੰ ਵੀ ਯੋਗ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸੇ ਲਈ ਯੋਗ ਦਾ ਪ੍ਰਚਾਰ-ਪ੍ਰਸਾਰ ਕਰਨ ਲਈ ਅਸੀਂ 'ਆਪਣੀ ਮਿੱਟੀ ਆਪਣੇ ਲੋਗ' ਸੰਸਥਾ ਵੱਲੋਂ ਸ੍ਰੀ ਗੁਰੂ ਰਵਿਦਾਸ ਮੰਦਿਰ ਗੋਪਾਲ ਨਗਰ ਵਿਖੇ 10 ਜੁਲਾਈ ਨੂੰ ਡਾ. ਬੀ. ਆਰ. ਅੰਬੇਡਕਰ ਯੋਗ ਕੇਂਦਰ ਖੋਲ੍ਹਣ ਜਾ ਰਹੇ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਯੋਗ ਵਿੱਦਿਆ ਸਿੱਖ ਕੇ ਆਪਣੀ ਸਿਹਤ ਵੀ ਠੀਕ ਕਰੋ ਅਤੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਨੂੰ ਵੀ ਦੂਰ ਕਰੋ। ਉਮੀਦ ਹੈ ਜਿਨ੍ਹਾਂ ਨੇ ਕਦੇ ਆਪਣੇ ਜੀਵਨ 'ਚ ਯੋਗ ਨਹੀਂ ਕੀਤਾ, ਉਹ ਮੇਰੇ ਇਸ ਲੇਖ 'ਤੇ ਆਪਣੀ ਟੀਕਾ-ਟਿੱਪਣੀ ਕਰਨ ਤੋਂ ਪਹਿਲਾਂ ਸੋਚਣਗੇ ਜ਼ਰੂਰ, ਮੈਂ ਉਨ੍ਹਾਂ ਨੂੰ ਬੇਨਤੀ ਕਰਦਾ ਹਾਂ ਕਿ ਜੇ ਉਨ੍ਹਾਂ ਨੇ ਮੇਰੇ ਇਸ ਲੇਖ ਬਾਰੇ ਆਪਣੇ ਵਿਚਾਰ ਪ੍ਰਗਟ ਕਰਨੇ ਹਨ ਤਾਂ ਘੱਟੋ-ਘੱਟ 10 ਦਿਨ ਯੋਗ ਜ਼ਰੂਰ ਕਰਨ, ਫਿਰ ਉਨ੍ਹਾਂ ਵੱਲੋਂ ਕੀਤੀ ਗਈ ਟਿੱਪਣੀ ਮੈਨੂੰ ਬੜੀ ਪਸੰਦ ਆਵੇਗੀ ਤੇ ਮੇਰੇ ਗਿਆਨ ਵਿੱਚ ਹੋਰ ਵਾਧਾ ਵੀ ਕਰੇਗੀ ਪਰ ਬਿਨਾਂ ਯੋਗ ਨੂੰ ਸਮਝੇ ਯੋਗ ਦੇ ਖਿਲਾਫ ਬੋਲਣ ਵਾਲੇ ਲੋਕ ਆਪਣੀ ਸਿਹਤ ਦੇ ਨਾਲ-ਨਾਲ ਦੂਸਰਿਆਂ ਦੀ ਸਿਹਤ ਦੇ ਵੀ ਦੁਸ਼ਮਣ ਹਨ, ਆਓ ਭਾਰਤ ਨੂੰ ਰੋਗ ਮੁਕਤ ਬਨਾਉਣ ਦੇ ਲਈ ਯੋਗ ਕਰੀਏ ਤੇ ਦੂਸਰਿਆਂ ਨੂੰ ਕਰਾਈਏ।                                                                                                                    - ਅਜੈ ਕੁਮਾਰ 

Monday 20 June 2016

'ਉੜਤਾ ਪੰਜਾਬ'

ਪਿਛਲੇ ਥੋੜ੍ਹੇ ਦਿਨਾਂ ਤੋਂ 'ਉੜਤਾ ਪੰਜਾਬ' ਫਿਲਮ ਪੂਰੀ ਚਰਚਾ ਵਿੱਚ ਹੈ। ਮੀਡੀਆ 'ਉੜਤੇ ਪੰਜਾਬ' ਦੀ ਚਰਚਾ ਕਰ ਰਿਹਾ ਹੈ। ਸਭ ਰਾਜਨੀਤਿਕ ਪਾਰਟੀਆਂ ਦੇ ਲੀਡਰ 'ਉੜਤੇ ਪੰਜਾਬ' 'ਤੇ ਰੌਲਾ ਪਾ ਰਹੇ ਹਨ। ਸੱਤਾਧਾਰੀ ਅਕਾਲੀ ਦਲ ਕਹਿ ਰਿਹਾ ਹੈ ਕਿ ਪੰਜਾਬ ਵਿੱਚ ਕੋਈ ਨਸ਼ਾ ਨਹੀਂ ਕਰਦਾ, ਦੂਸਰੇ ਪਾਸੇ ਵਿਰੋਧੀ ਧਿਰ ਦਾ ਇਹ ਸਿੱਧ ਕਰਨ 'ਤੇ ਜ਼ੋਰ ਲੱਗਾ ਹੈ ਕਿ ਪੰਜਾਬ ਦਾ ਹਰ ਦੂਜਾ ਨੌਜਵਾਨ ਨਸ਼ੇੜੀ ਹੈ। ਫਿਲਮ ਨਸ਼ਿਆਂ 'ਤੇ ਬਣੀ ਹੈ, ਪੰਜਾਬੀ ਨੌਜਵਾਨ ਦੇ ਨਸ਼ੇ ਦੀ ਆਦਤ ਨੂੰ ਫਿਲਮ ਵਿੱਚ ਦਿਖਾਇਆ ਗਿਆ ਹੈ। ਮੈਂ ਫਿਲਮਾਂ ਬਹੁਤ ਘੱਟ ਦੇਖਦਾ ਹਾਂ ਪਰ ਏਨਾ ਰੌਲਾ ਸੁਣ ਕੇ ਦਿਲ ਕਰਦਾ ਹੈ ਮੈਂ ਇਹ ਫਿਲਮ ਜ਼ਰੂਰ ਦੇਖਾਂ ਪਰ ਜੋ ਅਜੇ ਜਾਣਕਾਰੀਆਂ ਮਿਲ ਰਹੀਆਂ ਹਨ ਉਸ ਤੋਂ ਪਤਾ ਲੱਗਦਾ ਹੈ ਕਿ ਫਿਲਮ ਵਿੱਚ ਲਗਾਤਾਰ ਨਸ਼ੇ ਦੀ ਗਰਕ ਵਿੱਚ ਡਿਗ ਰਹੇ ਨੌਜਵਾਨਾਂ ਦੀ ਕਹਾਣੀ ਹੈ। ਇਹ ਇਕ ਬਹੁਤ ਗੰਭੀਰ ਮੁੱਦਾ ਹੈ ਪਰ ਜਿਸ ਤਰ੍ਹਾਂ ਸਾਡੇ ਰਾਜਨੀਤਿਕ ਲੀਡਰ ਬਿਆਨਬਾਜ਼ੀਆਂ ਕਰ ਰਹੇ ਹਨ, ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਾਡੇ ਨੇਤਾ ਅਤਿ ਗੰਭੀਰ ਮੁੱਦਿਆਂ 'ਤੇ ਵੀ ਮਜ਼ਾਕੀਆ ਰੁਖ ਅਖਤਿਆਰ ਕਰਦੇ ਹਨ. ਇਨ੍ਹਾਂ ਦਾ ਕੋਈ ਤਾਅਲੁਕ ਨਹੀਂ ਪੰਜਾਬ ਦੀ ਜਵਾਨੀ ਨਾਲ, ਕੋਈ ਇੱਛਾ-ਸ਼ਕਤੀ ਨਹੀਂ ਨਸ਼ੇ ਦੇ ਸੌਦਗਾਰਾਂ ਦਾ ਕਾਰੋਬਾਰ ਰੋਕਣ ਵਿੱਚ। ਕੋਈ ਵਿਚਾਰ ਨਹੀਂ ਕਿ ਕਿਵੇਂ ਨਸ਼ੇ ਦੇ ਕਾਰੋਬਾਰੀਆਂ ਨੂੰ ਨੱਥ ਪਾ ਕੇ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ। ਮੇਰੇ ਕੋਲ ਅਜਿਹੇ ਅੰਕੜੇ ਨਹੀਂ, ਜਿਨ੍ਹਾਂ ਤੋਂ ਸਿੱਧ ਹੋ ਸਕੇ ਕਿ ਪੰਜਾਬ ਦਾ ਕਿੰਨੇ ਪ੍ਰਤੀਸ਼ਤ ਨੌਜਵਾਨ ਨਸ਼ਾ ਕਰਦਾ ਹੈ, ਕਿਉਂਕਿ ਇਕ ਪਾਸੇ ਵਿਰੋਧੀ ਧਿਰ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਅੰਕੜੇ ਹਨ ਜੋ ਦਰਸਾਉਂਦੇ ਹਨ ਕਿ ਤਕਰੀਬਨ ਹਰ ਪੰਜਾਬੀ ਨੌਜਵਾਨ ਨਸ਼ੇੜੀ ਹੈ ਅਤੇ ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਸੱਤਾਧਾਰੀ ਨੇਤਾਵਾਂ ਦਾ ਥਾਪੜਾ ਮਿਲਿਆ ਹੋਇਆ ਹੈ। ਹਰ ਪਾਸੇ ਲੁੱਟ-ਖਸੁੱਟ ਪਈ ਹੈ। ਦੂਸਰੇ ਪਾਸੇ ਸੱਤਾਧਾਰੀ ਧਿਰ ਦੇ ਅੰਕੜੇ ਹਨ ਜੋ ਦਰਸਾਉਣਾ ਚਾਹੁੰਦੇ ਹਨ ਕਿ ਪੰਜਾਬ ਦਾ ਹਰ ਨੌਜਵਾਨ ਦੁੱਧ ਦਾ ਧੋਤਾ ਹੈ। ਉਹ ਕੋਈ ਨਸ਼ਾ ਨਹੀਂ ਕਰਦਾ, ਉਹ ਸਵੇਰੇ-ਸ਼ਾਮ ਆਪਣੇ ਵਿਕਾਸ ਦੇ ਗੁਣ ਗਾਉਂਦੇ ਹਨ ਅਤੇ ਨਸ਼ੇ ਨੂੰ ਕੋਈ ਖਾਸ ਮੁੱਦਾ ਨਹੀਂ ਮੰਨਦੇ ਅਤੇ ਸਰਕਾਰ ਦੀ ਬੱਲੇ-ਬੱਲੇ ਕਰਨ ਵਿੱਚ ਮਸਤ ਹਨ। ਕੁਲ ਮਿਲਾ ਕੇ ਕੋਈ ਅਜਿਹਾ ਅੰਕੜਾ ਜਾਂ ਅਜਿਹਾ ਵਿਚਾਰ ਕਿਸੇ ਪਾਰਟੀ ਜਾਂ ਲੀਡਰ ਵੱਲੋਂ ਨਹੀਂ ਆਇਆ ਜੋ ਕਿਸੇ ਤਰ੍ਹਾਂ ਨਾਲ ਇਸ ਸਮੱਸਿਆ ਦੇ ਹੱਲ ਵੱਲ ਇਸ਼ਾਰਾ ਕਰਦਾ ਹੋਵੇ। ਵਿਰੋਧੀ ਧਿਰਾਂ ਕਾਂਗਰਸ ਹੋਵੇ, ਆਮ ਆਦਮੀ ਪਾਰਟੀ ਹੋਵੇ ਜਾਂ ਕੋਈ ਹੋਰ ਉਹ ਦਾਅਵਾ ਕਰ ਰਹੀਆਂ ਹਨ ਕਿ ਸੱਤਾ ਵਿੱਚ ਆਉਣ ਦੇ ਕੁਝ ਹਫਤਿਆਂ ਵਿੱਚ ਹੀ ਅਸੀਂ ਪੰਜਾਬ ਨੂੰ ਨਸ਼ਾਮੁਕਤ ਕਰ ਦਿਆਂਗੇ, ਜਿਸ ਮਜ਼ਬੂਤੀ ਨਾਲ ਦਾਅਵਾ ਕਰਦੀਆਂ ਹਨ, ਇੰਝ ਜਾਪਦਾ ਹੈ ਕਿ ਇਹ ਸਭ ਨਸ਼ੇ ਦੇ ਵਪਾਰੀ ਉਨ੍ਹਾਂ ਦੀ ਜਾਣਕਾਰੀ ਵਿੱਚ ਹਨ। ਉਨ੍ਹਾਂ ਦੀ ਜੇਬ ਵਿੱਚ ਲਿਸਟਾਂ ਪਈਆਂ ਹਨ ਕਿ ਕਿਹੜਾ-ਕਿਹੜਾ ਨਸ਼ਾ ਕਰਦਾ ਹੈ ਅਤੇ ਕਿਹੜਾ-ਕਿਹੜਾ ਵੇਚਦਾ ਹੈ। 'ਉੜਤਾ ਪੰਜਾਬ' ਦਾ ਜ਼ਿਕਰ ਤਾਂ ਹੋ ਰਿਹਾ ਹੈ ਪਰ ਕਿਧਰੇ ਜ਼ਿਕਰ ਨਹੀਂ ਹੁੰਦਾ ਕਿ ਇਸ 'ਉੜਤਾ ਪੰਜਾਬ' ਨੂੰ ਜ਼ਮੀਨ 'ਤੇ ਕਿੱਦਾਂ ਉਤਾਰਿਆ ਜਾਵੇ। ਮੈਨੂੰ ਤਾਂ ਇਹ ਲੱਗਦਾ ਹੈ ਕਿ ਜੇ ਕੁਝ ਨਸ਼ਾਖੋਰ ਚਿੱਟੇ ਦੇ ਨਸ਼ੇ 'ਚ ਮਸਤ ਹਨ ਤੇ ਸਾਡੇ ਲੀਡਰ ਵੀ ਮਸਤੀ ਦੇ ਮਾਮਲੇ 'ਚ ਕਿਸੇ ਤੋਂ ਘੱਟ ਨਹੀਂ। ਇਹ ਵੀ ਸੱਤਾ ਦੇ ਨਸ਼ੇ ਵਿੱਚ ਉੱਡੂੰ-ਉੱਡੂੰ ਹੀ ਕਰਦੇ ਰਹਿੰਦੇ ਹਨ। ਜ਼ਮੀਨੀ ਗੱਲਾਂ ਕਰਨੀਆਂ ਆਮ ਲੋਕਾਂ ਦੀਆਂ ਗੱਲਾਂ ਕਰਨੀਆਂ, ਸਮੱਸਿਆਵਾਂ ਦਾ ਹੱਲ ਲੱਭਣਾ ਜਾਂ ਪੰਜਾਬੀ ਤੇ ਪੰਜਾਬੀਅਤ ਨੂੰ ਸਹੀ ਰਸਤੇ 'ਤੇ ਚਲਾਉਣ ਬਾਰੇ ਕਿਸੇ ਕੋਲ ਕੋਈ ਵਿਚਾਰ ਨਹੀਂ ਹਨ। ਇਹ ਉੱਡਦੇ ਲੀਡਰ ਹੀ ਸਹੀ ਅਰਥਾਂ 'ਚ 'ਉੜਤਾ ਪੰਜਾਬ' ਦੇ ਜਨਮਦਾਤਾ ਹਨ, ਜਿਨ੍ਹਾਂ ਨੇ ਕਦੇ ਸਮੱਸਿਆ ਦੀ ਗੰਭੀਰਤਾ ਨੂੰ ਨਹੀਂ ਸਮਝਿਆ, ਕਦੇ ਕੋਸ਼ਿਸ਼ ਨਹੀਂ ਕੀਤੀ ਕਿ ਸਮੱਸਿਆ ਦਾ ਕੋਈ ਵਿਵਹਾਰਕ ਹੱਲ ਲੱਭਿਆ ਜਾਵੇ। ਇੱਕੋ ਇਕ ਤਰੀਕਾ ਹੈ ਕਿ ਸੱਤਾਧਾਰੀ ਪਾਰਟੀ ਦੇ Àੁੱਤੇ ਇਲਜ਼ਾਮਾਂ ਦੀ ਬੌਛਾਰ ਕਰ ਦਿਉ, ਉਸ ਦੇ ਲੀਡਰਾਂ ਨੂੰ ਨਸ਼ੇ ਦੇ ਵਪਾਰੀ ਦੱਸੋ ਤੇ ਜਨਤਾ ਨੂੰ ਭਰਮਾ ਕੇ ਕਿਸੇ ਵੀ ਤਰ੍ਹਾਂ ਸੱਤਾ 'ਚ ਆ ਜਾਉ। ਆਮ ਆਦਮੀ ਹੁਣ ਓਨਾ ਬੇਵਕੂਫ ਨਹੀਂ ਹੈ, ਜਿੰਨਾ ਕਿ ਪਾਰਟੀਆਂ ਸਮਝਦੀਆਂ ਹਨ। ਆਮ ਆਦਮੀ ਪੁੱਛ ਰਿਹਾ ਹੈ ਕਿ ਕੌਣ ਸੀ ਜਿਸ ਨੇ 2002 ਤੋਂ 2007 ਵਿੱਚ ਸੱਤਾ 'ਚ ਆ ਕੇ ਪੌਂਟੀ ਚੱਢੇ ਨੂੰ ਬੁਲਾ ਕੇ ਪੰਜਾਬ ਵਿੱਚ ਸ਼ਰਾਬ ਮਾਫੀਆ ਬਣਾਇਆ ਸੀ ਤੇ ਸ਼ਰਾਬ ਪੀਣ ਵਾਲਿਆਂ ਦੀਆਂ ਜੇਬ੍ਹਾਂ 'ਤੇ ਡਾਕਾ ਮਾਰਿਆ ਸੀ। ਆਪੋ-ਆਪਣਾ ਵਪਾਰ ਹੈ, ਨਸ਼ੇ ਦਾ ਕਾਰੋਬਾਰ ਹੈ, ਲੁੱਟ ਸਭ ਨੇ ਪਾਉਣੀ ਹੈ, ਜਿਸ ਦੇ ਹੱਥ 'ਚ ਵੀ ਸੱਤਾ ਆਏਗੀ ਉਸ ਨੇ ਲੁੱਟ ਜ਼ਰੂਰ ਪਾਉਣੀ ਹੈ। ਪੰਜਾਬ ਭਾਰਤ ਦੀ ਸਰਹੱਦ 'ਤੇ ਵਸਿਆ ਉਹ ਸੂਬਾ ਹੈ, ਜਿਸ 'ਤੇ ਸਦਾ ਤੋਂ ਹੀ ਪਾਕਿਸਤਾਨ ਦੀ ਨਿਗਾਹ ਰਹੀ ਹੈ। ਵਿਦੇਸ਼ੀ ਤਾਕਤਾਂ ਸਦਾ ਤੋਂ ਕੋਸ਼ਿਸ਼ਾਂ ਕਰਦੀਆਂ ਰਹੀਆਂ ਹਨ ਕਿ ਕਿਵੇਂ ਪੰਜਾਬ ਨੂੰ ਅਸ਼ਾਂਤ ਕਰਕੇ ਅਸਤ-ਵਿਅਸਤ ਕੀਤਾ ਜਾਵੇ ਤੇ ਇਹ ਮਨਸੂਬੇ ਪੂਰੇ ਕਰਨ ਲਈ ਕਦੇ ਅੱਤਵਾਦ ਦਾ ਸਹਾਰਾ ਲਿਆ ਜਾਂਦਾ ਹੈ ਤੇ ਕਦੇ ਚਿੱਟੇ ਦਾ। ਪੰਜਾਬ ਸਰਕਾਰ ਦੇ ਉਪ ਮੁੱਖ ਮੰਤਰੀ ਕੁਝ ਸਮਾਂ ਪਹਿਲਾਂ ਤੱਕ ਬੀਐਸਐਫ ਦੇ ਵਿਰੁੱਧ ਧਰਨਾ ਲਗਾਉਂਦੇ ਸਨ ਕਿ ਇਹ ਪੰਜਾਬ 'ਚ ਨਸ਼ੇ ਦੀ ਤਸਕਰੀ ਰੋਕਣ 'ਚ ਨਾਕਾਮ ਸਿੱਧ ਹੋਏ ਹਨ ਤੇ ਵਿਰੋਧੀ ਧਿਰ ਪੰਜਾਬ ਪੁਲਿਸ ਦੇ ਵਿਰੁੱਧ ਧਰਨਾ ਲਾਉਂਦੀ ਹੈ ਕਿ ਪੰਜਾਬ ਪੁਲਿਸ ਦੀ ਵਜ੍ਹਾ ਨਾਲ ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ ਹੁੰਦਾ ਹੈ। ਬਦਕਿਸਮਤੀ ਨਾਲ ਚਿੱਟੇ ਦਾ ਜਾਂ ਨਸ਼ੇ ਦੇ ਕਾਰੋਬਾਰ ਦਾ ਸਭ ਤੋਂ ਮਾੜਾ ਅਸਰ ਦਲਿਤ ਨੌਜਵਾਨਾਂ 'ਤੇ ਹੁੰਦਾ ਹੈ। ਇਕ ਉੱਘਾ ਦਲਿਤ ਲੀਡਰ ਮੇਰੇ ਨਾਲ ਆ ਕੇ ਸਲਾਹ ਕਰਨ ਲੱਗਾ ਕਿ ਅਜੇ ਵੀ ਇੰਝ ਲੱਗਦਾ ਹੈ ਕਿ ਬੜੀ ਗਹਿਰੀ ਸਾਜ਼ਿਸ਼ ਹੋ ਰਹੀ ਹੈ ਦਲਿਤ ਸੰਘਰਸ਼ ਨੂੰ ਰੋਕਣ ਦੇ ਲਈ। ਦਲਿਤ ਬਸਤੀਆਂ ਵਿੱਚ ਹੀ ਨਸ਼ਾ ਵੇਚਣ ਵਾਲੇ ਕਿਉਂ ਬੈਠਦੇ ਹਨ, ਜਦੋਂ ਵੀ ਕਿਸੇ ਇਲਾਕੇ ਦੇ ਨਸ਼ਾ ਵੇਚਣ ਵਾਲਿਆਂ ਦਾ ਜ਼ਿਕਰ ਆਉਂਦਾ ਹੈ ਉਸ ਦੇ ਵਿੱਚ ਕਿਸੇ ਨਾ ਕਿਸੇ ਦਲਿਤ ਬਸਤੀ ਦਾ ਨਾਮ ਜ਼ਰੂਰ ਜੁੜਿਆ ਨਜ਼ਰ ਆ ਜਾਵੇਗਾ। ਕਿਧਰੇ ਦਲਿਤ ਸੰਘਰਸ਼ ਨੂੰ ਰੋਕਣ ਦੀ ਕੋਈ ਵੱਡੀ ਸਾਜ਼ਿਸ਼ ਤਾਂ ਨਹੀਂ? ਨੌਜਵਾਨ ਕਿਸੇ ਵੀ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ, ਜਿਨ੍ਹਾਂ 'ਤੇ ਕਿਸੇ ਸਮਾਜ ਦਾ ਭਵਿੱਖ ਨਿਰਭਰ ਕਰਦਾ ਹੈ। ਚਾਹੇ ਉਹ ਨੌਜਵਾਨ ਦਲਿਤ ਹੋਵੇ ਜਾਂ ਕੋਈ ਹੋਰ ਜਿਹੜਾ ਨਸ਼ੇ ਦੀ ਗਰਤ ਵਿੱਚ ਡੁੱਬਿਆ ਉਹਦਾ ਤਾਂ ਪੂਰਾ ਪਰਿਵਾਰ ਹੀ ਡੁੱਬ ਗਿਆ। ਨਸ਼ੇ ਦੀ ਸਮੱਿਸਆ ਪੰਜਾਬ ਦੀ ਨਹੀਂ ਪੂਰੇ ਵਿਸ਼ਵ ਦੀ ਹੈ ਪਰ ਇੱਥੇ ਵਿਦੇਸ਼ੀ ਲੋਕ ਇਸ ਸਮੱਸਿਆ ਦਾ ਸਮਾਧਾਨ ਬੜੇ ਸੁਚੱਜੇ ਵਿਗਿਆਨਕ ਤਰੀਕੇ ਨਾਲ ਕਰਦੇ ਹਨ। ਅਸੀਂ ਹਵਾ ਵਿੱਚ ਤੀਰ ਚਲਾ ਕੇ ਆਪਣੇ-ਆਪ 'ਚ ਤੀਸ ਮਾਰ ਖਾਂ ਬਣ ਜਾਂਦੇ ਹਾਂ। ਅਜਿਹਾ ਨਹੀਂ ਹੈ ਕਿ ਪੰਜਾਬ ਸਰਕਾਰ ਕੋਸ਼ਿਸ਼ ਨਹੀਂ ਕਰਦੀ ਨਸ਼ੇ ਨੂੰ ਖਤਮ ਕਰਨ ਦੀ। ਪੰਜਾਬ ਸਰਕਾਰ ਨੇ ਥੋੜ੍ਹੀ ਦੇਰ ਪਹਿਲਾਂ ਮੁਹਿੰਮ ਚਲਾਈ ਤੇ ਬਹੁਤ ਸਾਰੇ ਨਸ਼ਾ ਕਰਨ ਵਾਲੇ ਨੌਜਵਾਨਾਂ 'ਤੇ ਚਿੱਟੇ ਦਾ ਪਰਚਾ ਕਰਵਾ ਕੇ ਉਨ੍ਹਾਂ ਨੂੰ ਜੇਲ੍ਹਾਂ 'ਚ ਸੁੱਟ ਦਿੱਤਾ ਤੇ ਜਿਹੜਾ ਵੀ ਬੰਦਾ ਜੇਲ੍ਹ 'ਚ ਗਿਆ ਉਹ ਨਸ਼ੇੜੀ ਬਾਹਰ ਨਸ਼ੇ ਦਾ ਵਪਾਰੀ ਬਣ ਕੇ ਹੀ ਨਿਕਲਿਆ। ਨਸ਼ਾ ਓਨੀ ਦੇਰ ਖਤਮ ਨਹੀਂ ਹੋ ਸਕਦਾ, ਜਦੋਂ ਤੱਕ ਨਸ਼ੇ ਦਾ ਵਪਾਰ ਕਰਨ ਵਾਲਾ ਵਪਾਰੀ ਜਿਉਂਦਾ ਹੈ। ਨਸ਼ਾ ਓਨੀ ਦੇਰ ਖਤਮ ਨਹੀਂ ਹੋ ਸਕਦਾ, ਜਦੋਂ ਤੱਕ ਨਸ਼ੇ ਦੇ ਵਪਾਰ ਵਿੱਚ ਬਹੁਤ ਜ਼ਿਆਦਾ ਮੁਨਾਫ਼ਾ ਹੈ। ਕਹਿੰਦੇ ਹਨ ਕਿ ਜਿਹੜਾ ਨਸ਼ਾ ਪਾਕਿਸਤਾਨ ਜਾਂ ਅਫਗਾਨਿਸਤਾਨ ਤੋਂ ੋ 10 ਰੁਪਏ ਦਾ ਤੁਰਦਾ ਹੈ ਉਹ ਪੰਜਾਬ ਵਿੱਚ 500 ਰੁਪਏ ਦਾ ਵਿਕਦਾ ਹੈ। ਇੰਨੇ ਵੱਡੇ ਮੁਨਾਫ਼ੇ ਦੀ ਲਾਲਚ ਵਿੱਚ ਬਹੁਤ ਸਾਰੇ ਲਾਲਚੀ ਲੋਕ ਨਸ਼ੇ ਦੇ ਵਪਾਰ ਵਿੱਚ ਦਾਖਲ ਹੋ ਰਹੇ ਹਨ ਤੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਰਹੇ ਹਨ। ਯੂਰਪ ਦੇ ਬਹੁਤ ਸਾਰੇ ਦੇਸ਼ਾਂ ਨੇ ਨਸ਼ੇ ਦੀ ਗੰਭੀਰ ਸਮੱਸਿਆ ਨੂੰ ਨਿਪਟਾਉਣ ਦਾ ਇਕ ਅਜਿਹਾ ਨੁਕਤਾ ਕੱਢਿਆ, ਜਿਸ ਨੇ ਬਹੁਤ ਪੁਰਾਣੀ ਚੱਲੀ ਆ ਰਹੀ ਨਸ਼ੇ ਦੀ ਸਮੱਸਿਆ ਦਾ ਹੱਲ ਹੋਣ ਦੀ ਉਮੀਦ ਕਰ ਦਿੱਤੀ। ਸਪੇਨ, ਪੁਰਤਗਾਲ, ਸਵੀਡਨ, ਨਾਰਵੇ, ਡੈਨਮਾਰਕ ਇਨ੍ਹਾਂ ਦੇਸ਼ਾਂ ਵਿੱਚ ਨਸ਼ਾ ਛੁਡਾਉਣ ਦੇ ਅਜਿਹੇ ਕੇਂਦਰ ਖੋਲ੍ਹੇ ਗਏ, ਜਿੱਥੇ ਨਸ਼ੇ ਦੇ ਹੱਥੋਂ ਮਜਬੂਰ ਹੋ ਚੁੱਕੇ ਨਸ਼ੇੜੀਆਂ ਨੂੰ ਸੀਮਿਤ ਮਾਤਰਾ ਵਿੱਚ ਨਸ਼ੇ ਦੇ ਬਦਲ ਦੇ ਰੂਪ ਵਿੱਚ ਦਵਾਈਆਂ ਦਿੱਤੀਆਂ ਗਈਆਂ। ਇਸ ਦੇ ਸਿੱਟੇ ਵਜੋਂ ਉਥੇ ਅਪਰਾਧ ਕਰਨ ਦੀ ਦਰ 'ਚ ਵੱਡੀ ਕਮੀ ਆਈ, ਕਿਉਂਕਿ ਨਸ਼ੇੜੀ ਆਪਣਾ ਨਸ਼ਾ ਪੂਰਾ ਕਰਨ ਦੀ ਖਾਤਿਰ ਕਿਸੇ ਵੀ ਤਰ੍ਹਾਂ ਦਾ ਅਪਰਾਧ ਕਰਨ ਵਿੱਚ ਗੁਰੇਜ਼ ਨਹੀਂ ਕਰਦਾ ਤੇ ਜਦੋਂ ਉਹਨੂੰ ਸਸਤੀ ਦਰ 'ਤੇ ਸਰਕਾਰੀ ਡਿਸਪੈਂਸਰੀਆਂ ਤੋਂ ਜਾਂ ਨਸ਼ਾ ਛੁਡਾਊ ਕੇਂਦਰਾਂ ਤੋਂ ਨਸ਼ੇ ਦਾ ਬਦਲ ਮਿਲਣ ਲੱਗਾ ਤਾਂ ਉਸ ਨੇ ਅਪਰਾਧਾਂ ਤੋਂ ਦੂਰੀ ਬਣਾ ਲਈ ਤੇ ਇਨ੍ਹਾਂ ਡਿਸਪੈਂਸਰੀਆਂ ਕਾਰਨ ਸਭ ਤੋਂ ਵੱਡਾ ਨੁਕਸਾਨ ਨਸ਼ੇ ਦੇ ਕਾਰੋਬਾਰੀਆਂ ਦਾ ਹੋਇਆ ਤੇ ਜਿਹੜਾ ਮਾਫੀਆ ਪੁਲਿਸ, ਤਾਕਤ, ਮਿਲਟਰੀ ਨਹੀਂ ਤੋੜ ਸਕੀ ਸੀ, ਉਸ ਨੂੰ ਸਰਕਾਰ ਦੀਆਂ ਨਸ਼ਾ ਛੁਡਾਊ ਡਿਸਪੈਂਸਰੀਆਂ ਨੇ ਤੋੜ ਦਿੱਤਾ। ਅੱਜ ਯੂਰਪ ਦੀਆਂ ਸਰਕਾਰਾਂ ਦੀਆਂ ਕੋਸ਼ਿਸ਼ਾਂ ਦੇ ਚੰਗੇ ਸਿੱਟੇ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ, ਜਿੱਥੇ ਯੂਰਪ ਕਿਸੇ ਵੇਲੇ ਨਸ਼ੇ ਦੇ ਸੌਦਾਗਰਾਂ ਦੀ ਵੱਡੀ ਮੰਡੀ ਸੀ, ਉਹ ਹੁਣ ਸਿਮਟ ਚੁੱਕਾ ਹੈ। ਨਸ਼ੇੜੀਆਂ ਦੀ ਗਿਣਤੀ ਵਿੱਚ ਵੀ ਦਿਨ-ਪਰ-ਦਿਨ ਕਮੀ ਆ ਰਹੀ ਹੈ। ਪੰਜਾਬ ਸਰਕਾਰ ਵੀ ਕੁਝ ਅਜਿਹਾ ਹੀ ਉਪਰਾਲਾ ਕਰੇ ਕਿ ਨਸ਼ੇ ਦੀ ਸਮੱਸਿਆ ਦਾ ਹੱਲ ਹੋ ਸਕਦਾ ਹੈ। ਨਸ਼ੇੜੀ ਨੂੰ ਸਜ਼ਾ ਦੇ ਕੇ ਸਮੱਸਿਆ ਦਾ ਹੱਲ ਨਹੀਂ ਹੈ। ਨਸ਼ੇੜੀ ਤਾਂ ਆਪ ਤਰਸਯੋਗ ਹਾਲਾਤਾਂ 'ਚੋਂ ਨਿਕਲ ਰਿਹਾ ਹੈ, ਜਿਸ ਨੂੰ ਇਹ ਨਹੀਂ ਪਤਾ ਕਿ ਕੱਲ੍ਹ ਸੂਰਜ ਚੜ੍ਹਦਾ ਦੇਖਣਾ ਹੈ ਜਾਂ ਨਹੀਂ ਦੇਖਣਾ ਕਿ ਉਹਨੂੰ ਅਗਲਾ ਸਾਹ ਆਉਣਾ ਹੈ ਜਾਂ ਨਹੀਂ ਆਉਣਾ। ਸਾਨੂੰ 'ਉੜਤੇ ਪੰਜਾਬ' ਦੀ ਨਹੀਂ 'ਖਿੜਦੇ ਪੰਜਾਬ' ਦੀ ਲੋੜ ਹੈ। ਸਾਨੂੰ ਝੂਠੇ ਲੀਡਰਾਂ ਦੀ ਨਹੀਂ ਗੰਭੀਰ ਪੰਜਾਬੀਆਂ ਦੀ ਲੋੜ ਹੈ ਜੋ ਪੰਜਾਬ ਦਾ ਦਰਦ ਸਮਝ ਸਕਣ, ਪੰਜਾਬੀਆਂ ਦੇ ਹਾਲਾਤ ਸਮਝ ਸਕਣ ਤੇ ਪੰਜਾਬ ਨੂੰ ਸੁਚੱਜੀ ਰਾਹ ਦਿਖਾ ਸਕਣ। ਖਿੜਦੇ ਪੰਜਾਬ ਲਈ ਸਹਿਯੋਗ ਕਰਨ ਲਈ ਅੱਗੇ ਆਓ।                                                                                                                                             - ਅਜੈ ਕੁਮਾਰ

Tuesday 14 June 2016

ਮਜ਼ਦੂਰ-ਮਜ਼ੇ ਤੋਂ ਦੂਰ

ਪੈਸਾ ਜੇਬ੍ਹ ਵਿੱਚ ਹੋਵੇ ਤਾਂ ਤਾਕਤ ਹੈ ਜੇ ਪੈਸਾ ਦਿਮਾਗ ਵਿੱਚ ਹੋਵੇ ਤਾਂ ਮਨੁੱਖ ਦੀ ਕਮਜ਼ੋਰੀ ਹੁੰਦੀ ਹੈ। ਭਾਰਤ ਵਿੱਚ ਮਜ਼ਦੂਰਾਂ ਦਾ ਸ਼ੋਸ਼ਣ ਕਰਨ ਵਾਲੇ ਲੋਕਾਂ ਦੀ ਸਥਿਤੀ ਇਹ ਹੈ ਕਿ ਪੈਸਾ ਜੇਬ੍ਹ ਵਿੱਚ ਵੀ ਹੈ ਅਤੇ ਦਿਮਾਗ ਵਿੱਚ ਵੀ ਹੈ ਇਸ ਲਈ ਉਹ ਆਪਣੇ ਜੇਬ੍ਹ ਦੇ ਪੈਸੇ ਦੀ ਤਾਕਤ ਨੂੰ ਇਸਤੇਮਾਲ ਕਰਕੇ ਆਪਣੀ ਕਮਜ਼ੋਰੀ ਨੂੰ ਦੂਰ ਕਰਨ ਦੇ ਲਈ ਹਰ ਦਾਅ-ਪੇਚ ਖੇਡਦੇ ਹਨ ਜਿਸ ਨਾਲ ਸ਼ੋਸ਼ਿਤ ਲੋਕ ਇਸ ਹੱਦ ਤੱਕ ਪਹੁੰਚ ਚੁੱਕੇ ਹਨ ਕਿ ਜਿਸ ਦੇਸ਼ ਵਿੱਚ 1 ਲੀਟਰ ਪੀਣ ਵਾਲੇ ਪਾਣੀ ਦੀ ਬੋਤਲ 20 ਰੁਪਏ ਦੀ ਮਿਲਦੀ ਹੈ ਉਸ ਦੇਸ਼ ਦੇ ਸ਼ਹਿਰ ਦੇ ਜੋ ਸ਼ੋਸ਼ਿਤ ਲੋਕ 30-40 ਰੁਪਏ ਕਮਾ ਲੈਣ ਉਹ ਗਰੀਬ ਨਹੀਂ ਸਮਝੇ ਜਾਣਗੇ। ਇਹ ਫ਼ਰਮਾਨ ਜਾਰੀ ਕੀਤਾ ਹੈ ਦੇਸ਼ ਦੀ ਪਹਿਲੀ ਤੇ ਹੁਣ ਵਾਲੀ ਸਰਕਾਰ ਨੇ। ਸਮਝਣਯੋਗ ਗੱਲ ਇਹ ਹੈ ਕਿ ਗਰੀਬਾਂ ਦਾ ਸ਼ੋਸ਼ਣ ਕਰਨ ਵਾਲੇ ਇਕ ਹੀ ਮੰਚ 'ਤੇ ਹਨ ਅਤੇ ਇਕ ਹੀ ਸੁਰ ਵਿੱਚ ਹਨ। ਦੇਖਣ ਨੂੰ ਭਾਵੇਂ ਇਨ੍ਹਾਂ ਦਾ ਆਪਸ ਵਿੱਚ ਬਹੁਤ ਕੰਪੀਟੀਸ਼ਨ ਹੈ ਪਰ ਮਜ਼ਦੂਰਾਂ ਦੇ ਸ਼ੋਸ਼ਣ ਦੇ ਮਾਮਲੇ ਵਿੱਚ ਇਕ ਹਨ। ਬਾਹਰੋਂ ਭਾਵੇਂ ਵੱਖ-ਵੱਖ ਦਿਸਣ ਪਰੰਤੂ ਅੰਦਰੋਂ ਉਹ ਇਕ ਹੀ ਹਨ, ਕਿਉਂਕਿ ਉਨ੍ਹਾਂ ਦਾ ਇਕ ਹੀ ਉਦੇਸ਼ ਹੈ ਕਿ ਉਹ ਆਪਣੀ ਕਮਜ਼ੋਰੀ (ਰੁਪਏ) ਨੂੰ ਕਿਵੇਂ ਇਕੱਠਾ ਕਰਨ, ਇਸ ਲਈ ਉਹ ਹਰ ਵੇਲੇ ਜੋਸ਼ ਤੇ ਹੋਸ਼ ਨਾਲ ਲੱਗੇ ਹੋਏ ਹਨ। ਦੂਸਰੇ ਪਾਸੇ ਦੁੱਖ ਦੀ ਗੱਲ ਇਹ ਹੈ ਕਿ ਜਿਹੜੇ ਲੋਕ ਮਜ਼ਦੂਰ ਹਨ, ਜਿਨ੍ਹਾਂ ਦਾ ਸਦੀਆਂ ਤੋਂ ਸ਼ੋਸ਼ਣ ਹੋ ਰਿਹਾ ਹੈ ਜਿਨ੍ਹਾਂ ਦੀ ਜ਼ਰੂਰਤ ਇਕ ਹੈ, ਦੁੱਖ ਇਕ ਹੈ, ਦੁੱਖ ਦੀ ਬਿਮਾਰੀ ਦਾ ਇਲਾਜ ਇਕ ਹੈ ਇਸ ਨਾਲ ਲੜਨ ਦਾ ਮੂਲਮੰਤਰ ਵੀ ਇਕ ਹੈ ਪਰੰਤੂ ਫਿਰ ਵੀ ਉਹ ਇਕ ਮੰਚ 'ਤੇ ਨਹੀਂ ਹਨ। ਮਜ਼ਦੂਰ ਹਿੱਸਿਆਂ ਵਿੱਚ, ਜਾਤੀਆਂ, ਉੱਪ ਜਾਤੀਆਂ, ਗੋਤਰਾਂ, ਨਸਲ, ਖੇਤਰ, ਭਾਸ਼ਾਵਾਂ ਆਦਿ ਵਿੱਚ ਵੰਡੇ ਹੋਏ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਹੁਣ ਤੱਕ ਜੋ ਲੋਕ 'ਮਜ਼ੇ ਤੋਂ ਦੂਰ' ਕਹਿਣ ਦਾ ਭਾਵ ਮਜ਼ਦੂਰ ਹਨ, ਉਨ੍ਹਾਂ ਨੇ ਪੱਕੇ ਤੌਰ 'ਤੇ ਅਸਿੱਧੇ ਰੂਪ ਵਿੱਚ ਮੌਜੂਦਾ ਸਥਿਤੀ ਨੂੰ ਸਵੀਕਾਰ ਕਰ ਲਿਆ ਹੈ, ਉਨ੍ਹਾਂ ਨੇ ਆਪਣੇ ਦੁੱਖਾਂ ਦੀ ਜਨਨੀ ਗੁਲਾਮੀ ਨੂੰ ਆਪਣੇ ਗਲ ਪਾ ਕੇ ਸ਼ੋਸ਼ਣ ਕਰਨ ਵਾਲਿਆਂ ਦੇ ਖ਼ਿਲਾਫ ਲੜਨ ਦੀ ਬਜਾਏ ਆਪਣੇ ਛੋਟੇ-ਛੋਟੇ ਅਲੱਗ-ਅਲੱਗ ਮੰਚ ਬਣਾ ਲਏ ਹਨ ਤਾਂ ਬਕਾਇਦਾ ਉਨ੍ਹਾਂ ਨੂੰ ਆਪਣੇ-ਆਪਣੇ ਮਹਾਂਪੁਰਸ਼ਾਂ ਦੇ ਨਾਂ 'ਤੇ ਉਨ੍ਹਾਂ ਦਾ ਸਰੂਪ ਵੀ ਦਿੱਤਾ ਹੋਇਆ ਹੈ। ਹਾਲਾਂਕਿ ਜਿਨ੍ਹਾਂ ਮਹਾਂਪੁਰਖਾਂ ਦੇ ਨਾਂ 'ਤੇ ਮੰਚ ਬਣਾਏ ਹਨ, ਉਨ੍ਹਾਂ ਦੀ ਵਿਚਾਰਧਾਰਾ 'ਤੇ ਕੰਮ ਕਰਨ ਦੀ ਬਜਾਏ ਉਨ੍ਹਾਂ ਨੂੰ ਪੂਜਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਨਤੀਜੇ ਵਜੋਂ ਆਜ਼ਾਦੀ ਦੇ 66 ਵਰ੍ਹਿਆਂ ਬਾਅਦ ਵੀ ਮਜ਼ਦੂਰ ਹਰ ਤਰ੍ਹਾਂ ਦੇ ਮਜ਼ੇ ਤੋਂ ਕੋਹਾਂ ਦੂਰ ਹੈ। ਕੋਈ ਮਾਰਕਸਵਾਦੀ ਵਿਚਾਰਧਾਰਾ ਨੂੰ ਗਲਤ ਕਹਿੰਦਾ ਹੈ, ਕੋਈ ਅੰਬੇਡਕਰ ਦੀ ਵਿਚਾਰਧਾਰਾ ਨੂੰ, ਕੋਈ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਪੜ੍ਹਨਾ ਨਹੀਂ ਚਾਹੁੰਦਾ, ਕੋਈ ਤਰਕਸ਼ੀਲ ਵਿਗਿਆਨਕ ਸੋਚ ਨੂੰ ਅਗਾਂਹ ਤੋਰਨਾ ਹੀ ਨਹੀਂ ਚਾਹੁੰਦਾ, ਉਹ ਆਪਸ ਵਿੱਚ ਹੀ ਹਜ਼ਾਰਾਂ ਮਜ਼ਦੂਰ ਜਥੇਬੰਦੀਆਂ ਬਣਾਈ ਬੈਠੇ ਹਨ ਤੇ ਜਿਹੜਾ ਸ਼ੋਸ਼ਣ ਪੂੰਜੀਪਤੀ ਸੋਚ ਦੇ ਲੋਕ ਕਰਦੇ ਹਨ, ਉਸੇ ਤਰ੍ਹਾਂ ਹੀ ਕੁਝ ਉਨ੍ਹਾਂ ਦੇ ਲੀਡਰ ਕਰ ਰਹੇ ਹਨ। ਅਸੀਂ ਥਾਣੇ, ਕਚਹਿਰੀਆਂ ਤੇ ਹੋਰ ਸਰਕਾਰੀ ਦਫ਼ਤਰਾਂ ਵਿੱਚ ਆਪਣੇ-ਆਪ ਨੂੰ ਅਖੌਤੀ ਮਜ਼ਦੂਰਾਂ ਦੇ ਲੀਡਰ ਕਹਾਉਣ ਵਾਲੇ ਨੇਤਾਵਾਂ ਨੂੰ ਗਰੀਬ-ਗੁਰਬਿਆਂ ਦਾ ਆਰਥਿਕ, ਮਾਨਸਿਕ, ਸਰੀਰਿਕ ਸ਼ੋਸ਼ਣ ਕਰਦਿਆਂ ਬੜੀ ਸਹਿਜਤਾ ਨਾਲ ਦੇਖ ਸਕਦੇ ਹਾਂ। ਮਜ਼ਦੂਰਾਂ ਦੇ ਹੱਕ ਵਿੱਚ ਬਣੇ ਕਾਨੂੰਨ ਰਜਵਾੜੇ ਅਫਸਰਸ਼ਾਹੀ ਨੇ ਛਿੱਕਿਆਂ 'ਤੇ ਟੰਗੇ ਹੋਏ ਹਨ। ਮਜ਼ਦੂਰਾਂ ਲਈ ਬਣੀਆਂ ਹੋਈਆਂ ਅਦਾਲਤਾਂ ਵਿੱਚ ਰੋਜ਼ ਮਜ਼ਦੂਰਾਂ ਦੀ ਪੱਤ ਲੱਥਦੀ ਹੈ ਅਤੇ ਇਹ ਓਨੀ ਦੇਰ ਲੱਥਦੀ ਵੀ ਰਹੇਗੀ, ਜਿੰਨੀ ਦੇਰ ਪੂਰੇ ਭਾਰਤ ਵਿੱਚ ਮਜ਼ਦੂਰੀ ਕਰ ਰਹੇ ਮਜ਼ਦੂਰ ਜਾਤ-ਪਾਤ ਤੋਂ ਉੱਪਰ ਉੱਠ ਕੇ ਆਪਣਾ ਖੁਸ਼ਹਾਲ ਜੀਵਨ ਜਿਊਣ ਲਈ ਸਾਂਝਾ ਅੰਦੋਲਨ ਨਹੀਂ ਛੇੜਦੇ ਪਰ ਕਦੇ-ਕਦੇ ਮੈਨੂੰ ਇੰਝ ਜਾਪਦਾ ਹੈ ਕਿ ਸਭ ਕੁਝ ਸੋਚਦਿਆਂ-ਸਮਝਦਿਆਂ ਵੀ ਇਨ੍ਹਾਂ ਮਜ਼ਦੂਰਾਂ ਨੂੰ ਮਜ਼ਦੂਰੀ ਅਤੇ ਗੁਲਾਮੀ ਵਿੱਚ ਹੀ ਕਿਤੇ ਆਪਣੇ ਸੁੱਖ ਦੀ ਖੁਸ਼ਬੂ ਤਾਂ ਨਹੀਂ ਆਉਣ ਲੱਗ ਪਈ? ਜੇ ਇਹ ਗੱਲ ਸਹੀ ਹੈ ਤਾਂ ਬਹੁਤ ਜਲਦੀ ਭਾਰਤ ਦੁਨੀਆਂ ਦੇ ਨਕਸ਼ੇ ਤੋਂ ਲੁਪਤ ਹੋ ਜਾਵੇਗਾ, ਕਿਉਂਕਿ ਸ਼ੋਸ਼ਣ ਕਰਨ ਵਾਲੇ ਲੋਕ ਪੈਸਾ ਕਮਾਉਣ ਦੇ ਚੱਕਰ ਵਿੱਚ ਆਪਣੇ ਵਤੀਰੇ ਨੂੰ ਇਸ ਤੋਂ ਵੀ ਕਿਤੇ ਹੋਰ ਅੱਗੇ ਲਿਜਾ ਸਕਦੇ ਹਨ, ਕਿਉਂਕਿ ਉਨ੍ਹਾਂ ਅੱਗੇ ਮਜ਼ਦੂਰਾਂ ਦੇ ਹੱਕਾਂ ਵਿੱਚ ਲੜਨ ਵਾਲੇ ਲੀਡਰ ਇਕ ਕਾਗਜ਼ ਦੇ ਪੁਤਲੇ ਵਾਂਗ ਸਾਬਤ ਹੋ ਰਹੇ ਹਨ। ਇਨ੍ਹਾਂ ਕਾਗਜ਼ ਦੇ ਪੁਤਲਿਆਂ ਨੂੰ ਪਾੜਨ-ਸਾੜਨ ਜਾਂ ਗਲਣ ਵਿੱਚ ਕੋਈ ਜ਼ਿਆਦਾ ਲੰਬੇ-ਚੌੜੇ ਸਮੇਂ ਦੀ ਲੋੜ ਨਹੀਂ ਹੁੰਦੀ। ਨਾਲ ਹੀ ਇਤਿਹਾਸ ਇਸ ਗੱਲ ਦੀ ਗਵਾਹੀ ਵੀ ਭਰਦਾ ਹੈ ਕਿ ਜਿਹੜੇ ਲੋਕ ਮਜ਼ਦੂਰਾਂ ਦੇ ਹੱਕਾਂ ਵਿੱਚ ਸੰਘਰਸ਼ ਕਰਦੇ ਹਨ, ਉਹ ਲੋਕ ਇਤਿਹਾਸ ਦੇ ਪੰਨਿਆਂ ਵਿੱਚ ਸੁਨਹਿਰੀ ਅੱਖਰਾਂ ਵਿੱਚ ਆਪਣਾ ਨਾਂ ਲਿਖਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ। ਹੁਣ ਦੇਖਣਾ ਇਹ ਹੈ ਕਿ ਮੌਜੂਦਾ ਮਜ਼ਦੂਰਾਂ ਦੇ ਲੀਡਰ ਸ਼ੋਸ਼ਣ ਕਰਨ ਵਾਲਿਆਂ ਦੇ ਖ਼ਿਲਾਫ ਸੰਘਰਸ਼ ਨੂੰ ਤਿੱਖਾ ਕਰਦੇ ਹਨ ਜਾਂ ਮਜ਼ਦੂਰਾਂ ਨੂੰ ਆਪਣੇ ਹੀ ਚੁੰਗਲ ਵਿੱਚ ਹੋਰ ਤਕੜੇ ਤਰੀਕੇ ਨਾਲ ਦਬੋਚਣ ਲਈ ਕੋਝੀਆਂ ਚਾਲਾਂ ਦੀ ਖੇਡ ਨੂੰ ਹੋਰ ਖ਼ੂਬਸੂਰਤੀ ਨਾਲ ਖੇਡਦੇ ਹਨ। ਭਾਵੇਂ ਇਹ ਫ਼ੈਸਲਾ ਭਵਿੱਖ ਦੀ ਬੁੱਕਲ ਵਿੱਚ ਹੈ ਕਿ ਹੋਰ ਕਿੰਨੀ ਦੇਰ ਮਜ਼ਦੂਰਾਂ ਦਾ ਸ਼ੋਸ਼ਣ ਹੋਣਾ ਹੈ ਪਰ ਮੈਂ ਇਹ ਲੇਖ ਲਿਖਣ ਵੇਲੇ ਜ਼ਰੂਰ ਫ਼ੈਸਲਾ ਕਰ ਲਿਆ ਹੈ ਕਿ ਮੈਂ ਸ਼ੋਸ਼ਿਤ ਹੋਏ ਲੋਕਾਂ ਦੀ ਧਿਰ ਹਾਂ ਤੇ ਇਨ੍ਹਾਂ ਦੀ ਧਿਰ ਬਣਿਆ ਰਹਾਂਗਾ। ਇਹ ਲੇਖ ਮੈਂ ਪਾਠਕਾਂ ਦੀ ਪੁਰਜ਼ੋਰ ਮੰਗ 'ਤੇ ਦੁਬਾਰਾਂ ਆਪਣੀ ਅਖ਼ਬਾਰ ਵਿੱਚ ਪ੍ਰਕਾਸ਼ਿਤ ਕੀਤਾ ਹੈ। ਇਹ ਮੇਰਾ ਲੇਖ ਅੱਜ ਤੋਂ ਤਕਰੀਬਨ 5 ਸਾਲ ਪਹਿਲਾਂ ਵੀ ਛਪ ਚੁੱਕਾ ਹੈ।                                                                                                                                   - ਅਜੇ ਕੁਮਾਰ

Tuesday 7 June 2016

ਪੰਜਾਬ ਦਾ ਭਵਿੱਖ


2017 ਦੇ ਸ਼ੁਰੂ ਵਿੱਚ ਪੰਜਾਬ 'ਚ ਚੋਣਾਂ ਹੋਣੀਆਂ ਹਨ। ਇਨ੍ਹਾਂ ਚੋਣਾਂ ਤੋਂ ਬਾਅਦ ਫੈਸਲਾ ਹੋਵੇਗਾ ਕਿਹੜਾ ਅਗਲੇ ਪੰਜ ਸਾਲ ਤੱਕ ਪੰਜਾਬ ਨੂੰ ਲੁੱਟੇਗਾ। ਹਰ ਰਾਜਨੀਤਿਕ ਯੋਧਾ ਉਮੀਦ ਲਾਈ ਬੈਠਾ ਹੈ ਕਿ ਆਉਣ ਵਾਲੇ ਪੰਜ ਸਾਲ ਉਹ ਪੰਜਾਬ ਦੀ ਰੱਜ ਕੇ ਸੇਵਾ ਕਰੇਗਾ। ਥੋੜ੍ਹੇ ਦਿਨਾਂ ਦੇ ਵਿੱਚ ਪੰਜਾਬ ਦਾ ਰਾਜਨੀਤਿਕ ਅਖਾੜਾ ਬੜੇ ਜ਼ੋਰਾਂ-ਸ਼ੋਰਾਂ ਨਾਲ ਭਖ ਜਾਏਗਾ। ਪੰਜਾਬ ਦੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਛੋਟੇ ਤੋਂ ਲੈ ਕੇ ਵੱਡੇ ਲੀਡਰ ਨੇ ਆਪਣੇ-ਆਪਣੇ ਲੰਗੋਟ ਕੱਸ ਲਏ ਹਨ ਤੇ ਆਪਣੇ-ਆਪਣੇ ਪੱਧਰ 'ਤੇ ਲੜਾਈ ਦੀ ਤਿਆਰੀ ਸ਼ੁਰੂ ਕਰ ਦਿੱਤੀ। ਜਿੱਥੇ ਹਰ ਪਾਰਟੀ ਦਾ ਵਰਕਰ ਜਿਸ ਨੂੰ ਕਦੇ ਵੀ ਆਪਣੇ ਲੀਡਰਾਂ ਕੋਲੋਂ ਕੁਝ ਹਾਸਿਲ ਨਹੀਂ ਹੋਇਆ। ਉਹ ਲੜਾਈ 'ਚ ਆਪਣੀ ਜਾਨ ਦੇਣ ਲਈ ਸਭ ਤੋਂ ਮੂਹਰਲੀ ਕਤਾਰ ਵਿੱਚ ਖੜ੍ਹਾ ਹੈ। ਉਸ ਤੋਂ ਪਿੱਛੇ ਐਮ. ਐਲ. ਏ. ਬਣਨ ਦੇ ਇਛੁੱਕ ਲੀਡਰਾਂ ਦੀ ਲੰਬੀ ਕਤਾਰ ਹੈ ਅਤੇ ਸਭ ਤੋਂ ਪਿੱਛੇ ਮੁੱਖ ਮੰਤਰੀ ਜਾਂ ਮੰਤਰੀ ਬਣਨ ਦੇ ਇਛੁੱਕ ਲੀਡਰ ਇਨ੍ਹਾਂ ਸਾਰਿਆਂ ਨੂੰ ਭੇਡਾਂ-ਬੱਕਰੀਆਂ ਵਾਂਗੂ ਹੱਕ ਕੇ ਆਪਣਾ ਰਾਜ ਕਰਨ ਦਾ ਟੀਚਾ ਹਾਸਿਲ ਕਰਨ ਲਈ ਹਰ ਤਰ੍ਹਾਂ ਦੀ ਜੁਗਤਬਾਜ਼ੀ ਲੜਾ ਰਹੇ ਹਨ। ਨਿਤ ਨਵੀਆਂ ਤੋਂ ਨਵੀਆਂ ਡਰਾਮੇਬਾਜ਼ੀਆਂ ਦੇਖਣ ਨੂੰ ਮਿਲਦੀਆਂ ਹਨ ਜੋ ਆਉਣ ਵਾਲੇ ਦਿਨਾਂ ਵਿੱਚ ਹੋਰ ਤੇਜ਼ੀ ਨਾਲ ਲੋਕਾਂ ਦੇ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਣਗੀਆਂ। ਐਸੇ-ਐਸੇ ਡਾਇਲਾਗ ਸੁਣਨ ਨੂੰ ਮਿਲਣਗੇ ਕਿ ਲੋਕਾਂ ਨੂੰ 'ਸ਼ੋਲੇ' ਫਿਲਮ ਦੇ ਡਾਇਲਾਗ ਵੀ ਫਿੱਕੇ ਲੱਗਣ ਲੱਗ ਜਾਣਗੇ। ਐਸੀਆਂ-ਐਸੀਆਂ ਕਹਾਣੀਆਂ ਘੜ੍ਹੀਆਂ ਜਾਣਗੀਆਂ ਕਿ ਚੰਗਾ-ਭਲਾ ਲੇਖਕ ਵੀ ਸ਼ਰਮਿੰਦਾ ਹੋ ਜਾਏਗਾ।  ਪਿਛਲੇ 9 ਸਾਲਾਂ ਤੋਂ ਪੰਜਾਬ ਦੀ ਸੱਤਾ 'ਤੇ ਕਾਬਜ਼ ਅਕਾਲੀ-ਭਾਜਪਾ ਸਿੱਧ ਕਰਨ ਦੀ ਕੋਸ਼ਿਸ਼ ਕਰੇਗੀ ਕਿ ਜਿੰਨਾ ਵਿਕਾਸ ਪਿਛਲੇ 9 ਸਾਲਾਂ 'ਚ ਹੋਇਆ, ਓਨਾ ਕਦੇ ਵੀ ਨਹੀਂ ਹੋਇਆ। ਦੂਸਰੇ ਪਾਸੇ ਵਿਰੋਧੀ ਧਿਰ 'ਚ ਮੌਜੂਦ ਕਾਂਗਰਸ ਦਰਸਾਏਗੀ ਕਿ ਇਸ ਸਰਕਾਰ ਨੇ ਲੁੱਟ-ਖਸੁੱਟ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪੰਜਾਬ ਨੂੰ ਅਕਾਲੀਆਂ ਨੇ ਘੁਣ ਵਾਂਗੂ ਖਾ-ਖਾ ਕੇ ਖੋਖਲਾ ਕਰ ਦਿੱਤਾ ਤੇ ਤੀਜੀ ਉੱਭਰ ਰਹੀ ਖਾਸ ਲੋਕਾਂ ਦੀ ਜਮਾਤ ਜਿਸ ਨੂੰ 'ਆਮ ਆਦਮੀ ਪਾਰਟੀ' ਕਿਹਾ ਜਾਂਦਾ ਹੈ, ਉਸ ਪਾਸ ਤਾਂ ਡਰਾਮੇਬਾਜ਼ੀਆਂ ਦੀਆਂ ਐਸੀਆਂ-ਐਸੀਆਂ ਤਰਕੀਬਾਂ ਹਨ ਕਿ 60 ਸਾਲਾਂ ਤੋਂ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀਆਂ ਮੁੱਖ ਧਾਰਾ ਦੀਆਂ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਵੀ ਸ਼ਰਮਿੰਦੀਆਂ ਹੋ ਜਾਣ ਪਰ ਏਨੀ ਗੱਲ ਪੱਕੀ ਹੈ, ਜਿਹੜੀਆਂ ਵੀ ਬਿਆਨਬਾਜ਼ੀਆਂ ਇਨ੍ਹਾਂ ਪਾਰਟੀਆਂ ਵੱਲੋਂ ਅਖ਼ਬਾਰਾਂ, ਟੀ. ਵੀ. ਚੈਨਲਾਂ ਵਿੱਚ ਪੜ੍ਹਨ-ਸੁਣਨ ਨੂੰ ਮਿਲਦੀਆਂ ਹਨ, ਉਹ ਸਭ ਅਸਲੀਅਤ ਤੋਂ ਕੋਹਾਂ ਦੂਰ ਬਿਨਾਂ ਸਿਰ-ਪੈਰ ਅਤੇ ਊਲ-ਜਲੂਲ ਹਨ। ਅੱਜ ਪੰਜਾਬ ਬਹੁਤ ਨਾਜ਼ੁਕ ਸਮੇਂ ਵਿੱਚੋਂ ਗੁਜ਼ਰ ਰਿਹਾ ਹੈ। ਚਾਹੇ ਕਿਸਾਨ ਨੂੰ ਬਿਜਲੀ, ਪਾਣੀ, ਖਾਦਾਂ ਆਦਿ ਸਬਸਿਡੀਆਂ ਤੇ ਮਿਲ ਰਹੀਆਂ ਹਨ, ਇਸ ਦੇ ਬਾਵਜੂਦ ਉਸ ਦੀ ਆਰਥਿਕ ਹਾਲਤ ਬੇਹੱਦ ਪਤਲੀ ਹੈ ਤੇ ਮਜਬੂਰ ਹੋ ਕੇ ਉਸ ਨੂੰ ਆਤਮਹੱਤਿਆ ਕਰਨੀ ਪੈ ਰਹੀ ਹੈ। ਸਰਕਾਰੀ ਸਕੂਲਾਂ ਦੇ ਹਾਲਾਤ ਖ਼ਸਤਾ ਹਨ। ਅਧਿਆਪਕਾਂ ਦੀ ਜੰਗੀ ਪੱਧਰ 'ਤੇ ਖਿਚ-ਧੂਹ ਹੋ ਰਹੀ ਹੈ। ਵਪਾਰ ਤੇ ਉਦਯੋਗ ਦਿਨ-ਬ-ਦਿਨ ਖਾਤਮੇ ਵੱਲ ਜਾ ਰਿਹਾ ਹੈ। ਮਿਹਨਤ ਮਜ਼ਦੂਰੀ ਕਰਕੇ ਆਪਣਾ ਢਿੱਡ ਪਾਲਣ ਵਾਲਾ ਗਰੀਬ ਲਾਚਾਰ ਹੈ ਅਤੇ ਉਸ ਨੂੰ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ। ਪੰਜਾਬ ਦੇ ਵੱਡੀ ਸੰਖਿਆ ਵਿੱਚ ਨੌਜਵਾਨ ਵਿਦੇਸ਼ ਜਾਣ ਦੀ ਉਮੀਦ ਵਿੱਚ ਆਪਣਾ ਜੀਵਨ ਅਤੇ ਪੈਸਾ ਖਰਾਬ ਕਰ ਰਹੇ ਹਨ ਤੇ ਨਾਉਮੀਦੀ ਵਿੱਚ ਕੁਝ ਨੌਜਵਾਨ ਨਸ਼ੇ ਵੱਲ ਵੀ ਆਕਰਸ਼ਿਤ ਹੋ ਜਾਂਦੇ ਹਨ। ਰੋਜ਼ ਕਿਤੇ ਨਾ ਕਿਤੇ ਧਰਨੇ ਪ੍ਰਦਰਸ਼ਨ ਹੋ ਰਹੇ ਹਨ। ਸਰਕਾਰ ਆਮ ਆਦਮੀ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੀ ਬਜਾਏ ਲੋਕਾਂ ਦਾ ਧਿਆਨ ਖਿੱਚਣ ਲਈ ਨਿਤ ਨਵੀਆਂ ਤੋਂ ਨਵੀਆਂ ਸਕੀਮਾਂ ਦਾ ਐਲਾਨ ਕਰੀ ਜਾ ਰਹੀ ਹੈ ਤਾਂ ਜੋ ਆਮ ਪੰਜਾਬੀ ਦਾ ਧਿਆਨ ਮੁੱਖ ਮੁੱਦਿਆਂ ਤੋਂ ਪਰ੍ਹੇ ਹਟ ਕੇ ਸਰਕਾਰ ਦੀਆਂ ਨਾਕਾਮਯਾਬੀਆਂ ਭੁੱਲ ਜਾਵੇ। ਪਹਿਲਾਂ ਮੁਫ਼ਤ ਦੀ ਆਟਾ-ਦਾਲ ਸਕੀਮ, ਫਿਰ ਸ਼ਗਨ ਸਕੀਮ ਅਤੇ ਕੁਝ ਅਜਿਹੀਆਂ ਸਕੀਮਾਂ ਜਿਸ ਨਾਲ ਭਵਿੱਖ ਸਵਰੇ ਨਾ ਸਵਰੇ ਡੰਗ ਜ਼ਰੂਰ ਟੱਪ ਜਾਂਦਾ ਹੈ।  ਇਹ ਸਕੀਮਾਂ ਦੇ ਕੇ ਲੋਕਾਂ ਨੂੰ ਮਾਨਸਿਕ ਤੌਰ 'ਤੇ ਅਪਾਹਿਜ ਕੀਤਾ ਜਾ ਰਿਹਾ ਹੈ ਜੇ ਰਾਜ ਕਰਨ ਵਾਲੇ ਅਸਫਲ ਸਿੱਧ ਹੋਏ ਹਨ ਤਾਂ ਵਿਰੋਧੀ ਧਿਰ ਵੀ ਬਰਾਬਰ ਦੀ ਨਾਕਾਮਯਾਬ ਹੈ ਨਾ ਵਿਰੋਧੀ ਧਿਰ ਕੋਲ ਸੋਚ ਹੈ, ਨਾ ਇੱਛਾ ਸ਼ਕਤੀ ਹੈ, ਨਾ ਨੇਤਰਤਵ ਹੈ, ਨਾ ਜੋਸ਼ ਹੈ, ਨਾ ਹੌਂਸਲਾ ਹੈ, ਉਹ ਵੀ ਉਮੀਦ ਲਾਈ ਬੈਠੇ ਹਨ ਕਿ ਸਤਿਆ ਆਦਮੀ ਜਾਊ ਕਿੱਥੇ। ਇਨ੍ਹਾਂ ਦੀ ਚੁੰਗਲ 'ਚੋਂ ਨਿਕਲ ਕੇ ਸਾਡੀ ਝੋਲੀ ਹੀ ਡਿਗਣਾ ਪੈਣਾ ਹੈ ਅਤੇ ਨਵੀਆਂ ਬਣੀਆਂ ਰਾਜਨੀਤਿਕ ਪਾਰਟੀਆਂ ਆਪਣੀ ਜ਼ਮੀਨ ਤਲਾਸ਼ਣ ਲਈ ਕਿਸੇ ਵੀ ਹੱਦ ਤੱਕ ਲੋਕਾਂ ਨਾਲ ਡਰਾਮੇਬਾਜ਼ੀ, ਝੂਠ, ਫਰੇਬ ਕਰ ਸਕਦੀਆਂ ਹਨ। ਜੇ ਦਲਿਤਾਂ ਦੀਆਂ ਪਾਰਟੀਆਂ ਵੱਲ ਧਿਆਨ ਮਾਰਿਆ ਜਾਵੇ ਤਾਂ ਇਨ੍ਹਾਂ ਵਿੱਚ ਤਾਂ ਲੋਕਤੰਤਰ ਦੀ ਬੇਹੱਦ ਘਾਟ ਹੈ। ਉਹ ਆਪਣੇ ਆਪ ਨੂੰ ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ ਦਾ ਠੇਕੇਦਾਰ ਦੱਸਦੀਆਂ ਹਨ, ਚਾਹੇ ਉਨ੍ਹਾਂ ਦੀ ਕਰਨੀ, ਉਨ੍ਹਾਂ ਦੀ ਸੋਚ ਬਾਬਾ ਸਾਹਿਬ ਦੇ ਵਿਚਾਰਾਂ ਦੇ ਆਸ-ਪਾਸ ਵੀ ਨਹੀਂ ਹੁੰਦੀ, ਨਾ ਇਨ੍ਹਾਂ 'ਚ ਕੋਈ ਤਿਆਗ ਭਾਵਨਾ ਹੈ, ਨਾ ਗਰੀਬ ਦਲਿਤ ਲਈ ਕੋਈ ਦਰਦ ਹੈ, ਨਾ ਇਨ੍ਹਾਂ ਦੀ ਬੁੱਧੀ ਦਾ ਪੱਧਰ ਏਨਾ ਉੱਚਾ ਹੈ ਕਿ ਆਪਣੇ ਵਿਚਾਰ ਮੰਨਣ 'ਤੇ ਕਿਸੇ ਨੂੰ ਮਜਬੂਰ ਕਰ ਸਕਣ ਤੇ ਇਨ੍ਹਾਂ ਦੀ ਸਿੱਖਿਆ ਬਾਰੇ ਮੈਂ ਕੁਝ ਨਾ ਹੀ ਕਹਾਂ ਤਾਂ ਚੰਗਾ। ਸ਼ਾਇਦ ਬਹੁਤਿਆਂ ਨੂੰ ਤਾਂ ਮੇਰੇ ਆਰਟੀਕਲ ਪੜ੍ਹਨ ਲੱਗਿਆਂ ਵੀ ਤਕਲੀਫ ਹੁੰਦੀ ਹੈ। ਇਹ ਗੱਲ ਯਕੀਨੀ ਹੈ ਕਿ ਜੇ ਇਹ ਪੜ੍ਹ ਲੈਂਦੇ ਹਨ ਤੇ ਇਨ੍ਹਾਂ ਦੀ ਸਮਝ ਤੋਂ ਪਰ੍ਹੇ ਹੈ ਕਿ ਮੈਂ ਕੀ ਕਹਿਣਾ ਚਾਹੁੰਦਾ ਹਾਂ। ਚਾਹੇ ਹਰ ਇਕ ਛੋਟੇ ਤੋਂ ਛੋਟਾ ਸੰਘਰਸ਼ਸ਼ੀਲ ਦਲਿਤ ਮੇਰੀ ਗੱਲ ਸਮਝਦਾ ਹੈ ਪਰ ਇਨ੍ਹਾਂ ਦੇ ਪੱਲੇ ਮੇਰੀ ਗੱਲ ਨਹੀਂ ਪੈਂਦੀ। ਇਸ ਦਾ ਕਾਰਣ ਹੈ ਇਨ੍ਹਾਂ ਦੀਆਂ ਅੱਖਾਂ 'ਤੇ ਬੰਨ੍ਹੀ ਸਵਾਰਥ ਦੀ ਪੱਟੀ, ਜਿਹੜੀ ਇਨ੍ਹਾਂ ਨੂੰ ਉਸ ਹਨ੍ਹੇਰੇ ਵਿੱਚ ਲੈ ਜਾਂਦੀ ਹੈ, ਜਿੱਥੇ ਇਨ੍ਹਾਂ ਨੂੰ ਸਾਰਾ ਕੁਝ ਹਰਾ ਹੀ ਹਰਾ ਨਜ਼ਰ ਆਉਂਦਾ ਹੈ। ਹਰੇ-ਹਰੇ ਤੋਂ ਹਰਿਆਲੀ ਨਾ ਸਮਝਿਆ ਜਾਵੇ, ਕੁਝ ਐਸੇ ਹਰੇ ਹੁੰਦੇ ਹਨ, ਜਿਸ 'ਤੇ ਗਾਂਧੀ ਛਪਿਆ ਹੁੰਦਾ ਹੈ। ਕੁਲ ਮਿਲਾ ਕੇ ਏਨੀ ਗੱਲ ਪੱਕੀ ਹੈ ਕਿ ਪੰਜਾਬ ਦੇ ਭਵਿੱਖ ਦਾ ਫੈਸਲਾ ਦਲਿਤਾਂ ਦੇ ਹੱਥ ਵਿੱਚ ਹੈ। ਜਿਹੜੀ ਮਰਜ਼ੀ ਪਾਰਟੀ ਹੋਵੇ, ਉਹ ਇਹੀ ਉਮੀਦ ਲਾਈ ਬੈਠੀ ਹੈ ਕਿ ਬਹੁਗਿਣਤੀ ਦਲਿਤ ਮੈਨੂੰ ਵੋਟ ਪਾਣਗੇ ਤਾਂ ਮੈਂ ਸੱਤਾ ਵਿੱਚ ਆ ਜਾਵਾਂਗਾ ਪਰ ਅਸਲੀਅਤ ਇਹ ਹੈ ਕਿ ਅੱਜ ਪੰਜਾਬ ਦਾ ਦਲਿਤ ਬੇਹੱਦ ਮਾਯੂਸ ਹੈ। ਸਭ ਲੀਡਰਾਂ ਕੋਲ ਵੱਡੀਆਂ-ਵੱਡੀਆਂ ਬਿਆਨਬਾਜ਼ੀਆਂ ਤਾਂ ਹਨ ਪਰ ਕੋਈ ਪਾਰਟੀ ਜਾਂ ਲੀਡਰ ਅਜੇ ਤੱਕ ਇਹ ਦੱਸਣ 'ਚ ਨਾਕਾਮ ਰਿਹਾ ਹੈ ਕਿ ਆਉਣ ਵਾਲੇ ਸਮੇਂ 'ਚ ਸੱਤਾ ਵਿੱਚ ਆਉਣ ਤੋਂ ਬਾਅਦ ਦਲਿਤਾਂ ਦੇ ਹਾਲਾਤ ਸੁਧਾਰਨ ਲਈ ਉਹ ਕੀ ਕਰਨਗੇ? ਫਿਲਹਾਲ ਤਾਂ ਨਤੀਜਿਆਂ ਦੀ ਉਮੀਦ ਧੁੰਦਲੀ ਹੈ, ਪੰਜਾਬੀ ਸ਼ਸ਼ੋਪੰਜ ਵਿੱਚ ਹੈ ਪਰ ਜਲਦ ਹੀ ਤਸਵੀਰ ਸਪੱਸ਼ਟ ਹੋ ਜਾਵੇਗੀ ਕਿ ਪੰਜਾਬ ਦਾ ਭਵਿੱਖ ਕਿਹੜੇ ਹੱਥਾਂ ਵਿੱਚ ਖੇਡੇਗਾ। ਇਸ ਸਿਆਸੀ ਅਖਾੜੇ ਦਾ ਮਾਹੌਲ ਗਰਮ ਹੋਣ ਤੋਂ ਪਹਿਲਾਂ-ਪਹਿਲਾਂ ਪੂਰੇ 2 ਮਹੀਨੇ ਲਗਾ ਕੇ 'ਆਪਣੀ ਮਿੱਟੀ' ਦੇ ਪੱਤਰਕਾਰਾਂ ਅਤੇ ਸਹਿਯੋਗੀਆਂ ਨੇ ਵੱਡੀ ਸੰਖਿਆ ਵਿੱਚ ਵੋਟਰਾਂ ਦਾ ਸਰਵੇ ਕੀਤਾ, ਜਿਨ੍ਹਾਂ ਵਿੱਚ 50% ਔਰਤਾਂ ਸਨ। ਅਜੇ ਤੱਕ ਜੋ ਇਸ਼ਾਰੇ ਨਜ਼ਰ ਆ ਰਹੇ ਹਨ,  ਉਹ ਦਰਸਾਉਂਦੇ ਹਨ ਕਿ ਦੋਆਬੇ ਵਿੱਚ ਭਾਜਪਾ ਅਤੇ ਬਸਪਾ ਆਪਣਾ ਖਾਤਾ ਖੋਲ੍ਹਣ ਵਿੱਚ ਵੀ ਨਾਕਾਮ ਰਹੇਗੀ। 'ਆਪ' ਨੂੰ 3 ਸੀਟਾਂ ਮਿਲਣ ਦਾ ਅਨੁਮਾਨ ਹੈ। ਮੁੱਖ ਮੁਕਾਬਲਾ ਅਕਾਲੀ ਦਲ ਅਤੇ ਕਾਂਗਰਸ ਦਾ ਹੀ ਹੋਵੇਗਾ। ਹੁਣ ਦੇਖਣਾ ਇਹ ਹੈ ਕਿ ਹੱਦ ਤੋਂ ਜ਼ਿਆਦਾ ਆਪਣੇ ਆਪ 'ਤੇ ਵਿਸ਼ਵਾਸ ਕੀਤੀ ਬੈਠੇ ਅਕਾਲੀ ਸਮਾਂ ਰਹਿੰਦੇ ਜਾਗ ਕੇ ਕੈਪਟਨ ਨੂੰ ਧੋਬੀ ਪਟਕਾ ਮਾਰਦੇ ਹਨ ਜਾਂ ਬੁੱਢਾ ਸ਼ੇਰ ਇਸ ਵਾਰ ਅਕਾਲੀਆਂ ਨੂੰ ਚਿੱਤ ਕਰਨ ਵਿੱਚ ਕਾਮਯਾਬ ਹੋ ਜਾਂਦਾ ਹੈ। ਇਹ ਤਾਂ ਭਵਿੱਖ ਦੀ ਗੋਦ 'ਚ ਛੁਪਿਆ ਹੈ, ਪਰ ਇੰਨੀ ਗੱਲ ਪੱਕੀ ਹੈ ਕਿ ਇਹ ਸਰਵੇ ਸਰਕਾਰੀ ਸਰਵਿਆਂ ਅਤੇ ਆਪਣੀ-ਆਪਣੀ ਪਾਰਟੀ ਵੱਲੋਂ ਕੀਤੇ ਗਏ ਸਰਵਿਆਂ ਤੋਂ ਕਿਤੇ ਜ਼ਿਆਦਾ ਬਿਹਤਰ ਢੰਗ ਨਾਲ ਕੀਤਾ ਗਿਆ ਸਰਵੇ ਹੇ। ਇਸ ਕਰਕੇ ਸਾਡਾ ਦਾਅਵਾ ਹੈ ਕਿ ਪੰਜਾਬ ਦੇ ਸਮੀਕਰਣ ਬਿਲਕੁਲ ਇਸੇ ਤਰ੍ਹਾਂ ਹੀ ਬਣਨਗੇ। ਸਾਡਾ ਇਹ ਸਰਵੇ ਕਰਨ ਦਾ ਮਕਸਦ ਕਿਸੇ ਨੂੰ ਪ੍ਰਭਾਵਹੀਣ ਜਾਂ ਪ੍ਰਭਾਵਸ਼ਾਲੀ ਦੱਸਣਾ ਨਹੀਂ, ਸਾਡਾ ਮਕਸਦ ਸਿਰਫ ਆਪਣੇ ਪਾਠਕਾਂ ਨੂੰ ਸੱਚੀ ਤੇ ਸਾਫ-ਸੁਥਰੀ ਰਾਜਨੀਤੀ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨਾ ਹੈ। ਕਿਉਂਕਿ ਜਿੰਨੀ ਦੇਰ ਤੱਕ ਅੰਬੇਡਕਰੀ ਸੋਚ ਦੇ ਲੋਕ ਪੰਜਾਬ ਦੀ ਸੱਤਾ 'ਤੇ ਕਾਬਜ਼ ਨਹੀਂ ਹੁੰਦੇ, ਉਨੀ ਦੇਰ ਸਿਆਸਤਦਾਨ ਡਰਾਮੇ ਕਰਦੇ ਰਹਿਣਗੇ ਤੇ ਜਾਤਾਂ ਦੇ ਨਾਂ 'ਤੇ ਨੀਲੀਆਂ, ਚਿੱਟੀਆਂ ਪੱਗਾਂ ਵਾਲੇ, ਨੀਲੇ ਭਗਵੇ ਸਿਰੋਪੇ ਵਾਲੇ ਪੰਜਾਬੀਆਂ ਨੂੰ ਮੂਰਖ ਬਣਾ ਕੇ ਆਪਣੇ ਘਰ ਭਰਦੇ ਰਹਿਣਗੇ। ਪੰਜਾਬ ਦੇ ਬਿਹਤਰ ਭਵਿੱਖ ਦੀ ਸੱਚੀ ਕਾਮਨਾ ਕਰਦੇ ਹੋਏ ਅਦਾਰਾ 'ਆਪਣੀ ਮਿੱਟੀ' ਵੱਲੋਂ ਸਰਵੇਖਣ ਦੀ ਰਿਪੋਰਟ ਆਉਣ ਵਾਲੇ ਦਿਨਾਂ ਵਿੱਚ ਡਿਟੇਲ 'ਚ ਛਾਪੀ ਜਾਵੇਗੀ।                              
                                                                                                                  - ਅਜੈ ਕੁਮਾਰ