Monday 25 July 2016

ਦੇਸ਼ ਧਰਮ

ਵਿਸ਼ਵ ਪ੍ਰਸਿੱਧ ਵਿਦਵਾਨ, ਯੁਗਪੁਰਸ਼ ਡਾ. ਭੀਮ ਰਾਓ ਅੰਬੇਡਕਰ ਜੀ ਨੇ ਆਪਣੇ ਜੀਵਨ ਦੇ ਅਧਿਐਨ ਦਾ ਨਿਚੋੜ ਸਾਡੇ ਸਾਹਮਣੇ ਰੱਖਦੇ ਹੋਏ ਕਿਹਾ ਕਿ ਸਾਰੇ ਧਾਰਮਿਕ ਸ਼ਾਸਤਰ ਪੁਰਾਣੇ ਜ਼ਮਾਨੇ ਦੇ ਕਾਨੂੰਨ ਹਨ ਅਤੇ ਕਾਨੂੰਨਾਂ ਨੂੰ  ਮਨੁੱਖਤਾ ਦੀ ਭਲਾਈ ਲਈ ਹੋਰ ਵੀ ਵਧੀਆ ਢੰਗ ਨਾਲ ਬਦਲਿਆ ਜਾ ਸਕਦਾ ਹੈ। ਭਾਰਤੀ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਭਾਰਤ ਦਾ ਸੰਵਿਧਾਨ ਹੀ ਦੇਸ਼ ਦਾ ਸਰਵਪ੍ਰਿਯ ਗ੍ਰੰਥ ਹੈ ਅਤੇ ਸਾਰੇ ਭਾਰਤੀਆਂ ਨੂੰ ਸੰਵਿਧਾਨ ਦੇ ਮੁਤਾਬਿਕ ਹੀ ਚੱਲਣਾ ਹੋਵੇਗਾ। ਸਾਰੇ ਪ੍ਰਸ਼ਾਸਨਿਕ ਅਧਿਕਾਰੀ ਇਸ ਨੂੰ ਮੰਨਣਗੇ ਅਤੇ ਇਮਾਨਦਾਰੀ ਨਾਲ ਲਾਗੂ ਕਰਨਗੇ ਅਤੇ ਸੰਵਿਧਾਨ ਬਾਰੇ ਆਮ ਨਾਗਰਿਕਾਂ ਨੂੰ ਜਾਗ੍ਰਿਤ ਵੀ ਕਰਨਗੇ ਤਾਂ ਜੋ ਉਹ ਆਪਣੇ ਹੱਕ ਲੈ ਸਕਣ ਅਤੇ ਫਰਜ਼ ਨਿਭਾ ਸਕਣ। ਲੋਕਾਂ ਵੱਲੋਂ ਚੁਣੇ ਗਏ ਨੁਮਾਇੰਦਿਆਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਭਾਰਤ ਦੇ ਸੰਵਿਧਾਨ ਦੀ ਰੱਖਿਆ ਕਰਨ ਅਤੇ ਉਸ ਨੂੰ ਇਮਾਨਦਾਰੀ ਨਾਲ ਲਾਗੂ ਕਰਵਾਉਣ ਲਈ ਪੂਰੇ ਯਤਨ ਕਰਨ। ਭਾਰਤ ਦਾ ਸੰਵਿਧਾਨ ਹੀ ਦੇਸ਼ ਦਾ ਗ੍ਰੰਥ ਹੈ। ਦੇਸ਼ ਭਗਤੀ ਹੀ ਸਭ ਤੋਂ ਉੱਤਮ ਧਰਮ ਹੈ। ਕਹਿਣ ਦਾ ਭਾਵ ਇਹ ਹੈ ਕਿ ਸਾਰੇ ਮਨੁੱਖ ਆਪਣੇ-ਆਪਣੇ ਧਰਮ ਨੂੰ ਮੰਨ ਤਾਂ ਸਕਦੇ ਹਨ, ਆਪਣੇ ਰਹਿਬਰਾਂ ਦੀ ਪੂਜਾ-ਉਸਤਤ ਜਾਂ ਉਨ੍ਹਾਂ ਦਾ ਪ੍ਰਚਾਰ-ਪ੍ਰਸਾਰ ਤਾਂ ਕਰ ਸਕਦੇ ਹਨ ਪਰ ਸਮਾਜਿਕ ਤੌਰ 'ਤੇ ਉਨ੍ਹਾਂ ਨੂੰ ਸੰਵਿਧਾਨ ਦੇ ਮੁਤਾਬਿਕ ਹੀ ਚੱਲਣਾ ਪਵੇਗਾ। ਤੁਹਾਡਾ ਆਪਣਾ ਧਰਮ, ਰੀਤੀ-ਰਿਵਾਜ਼, ਤੌਰ-ਤਰੀਕਾ ਹੋ ਸਕਦਾ ਹੈ, ਤੁਸੀਂੇ ਆਪਣੀ ਅਜ਼ਾਦੀ ਦਾ ਆਪਣੇ ਧਰਮ 'ਚ ਰਹਿ ਕੇ ਅਨੰਦ ਤਾਂ ਮਾਣ ਸਕਦੇ ਹੋ, ਪਰ ਆਪਣੀ ਧਾਰਮਿਕ ਕੱਟੜਤਾ ਕਿਸੇ 'ਤੇ ਥੋਪ ਨਹੀਂ ਸਕਦੇ ਤੇ ਕਿਸੇ ਦੇ ਧਰਮ ਅਤੇ ਕਿਸੇ ਦੀ ਆਸਥਾ ਨੂੰ ਠੇਸ ਨਹੀਂ ਪਹੁੰਚਾ ਸਕਦੇ ਪਰ ਮੌਜੂਦਾ ਸਮੇਂ ਭਾਰਤ 'ਚ ਧਰਮ ਦੇ ਠੇਕੇਦਾਰਾਂ ਨੇ ਆਪਣੇ-ਆਪਣੇ ਧਰਮ, ਆਪੋ-ਆਪਣੀਆਂ ਕੌਮਾਂ ਦੇ ਪੈਰੋਕਾਰ ਬਣ ਕੇ ਅੰਧ-ਵਿਸ਼ਵਾਸ ਫੈਲਾਉਣਾ ਮੁੱਖ ਧੰਦਾ ਬਣਾ ਲਿਆ ਹੈ। ਜਿਨ੍ਹਾਂ ਦਾ ਇੱਕੋ-ਇਕ ਕੰਮ ਹੈ ਕਿ ਕਿਵੇਂ ਇਕ-ਦੂਜੇ ਪ੍ਰਤੀ ਵੱਧ ਤੋਂ ਵੱਧ ਨਫ਼ਰਤ ਪੈਦਾ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੀ ਝੂਠੀ ਸ਼ਾਨੋ-ਸ਼ੌਕਤ ਅਤੇ ਉਨ੍ਹਾਂ ਦਾ ਹਲਵਾ-ਮੰਡਾ ਚੱਲਦਾ ਰਹੇ। ਇਸ ਸਮੇਂ ਬਹੁਤ ਸਾਰੇ ਦਾਰਸ਼ਨਿਕ, ਬੁੱਧੀਮਾਨ ਅਤੇ ਮੀਡੀਆ ਨਾਲ ਜੁੜੇ ਲੋਕ ਮੌਜੂਦਾ ਹਾਲਾਤ ਨੂੰ ਗ੍ਰਹਿ ਯੁੱਧ ਵਜੋਂ ਦੇਖ ਰਹੇ ਹਨ। ਮੈਂ ਮੌਜੂਦਾ ਦੌਰ ਨੂੰ ਦੇਸ਼ ਦਾ ਬਹੁਤ ਮਾੜਾ ਦੌਰ ਤਾਂ ਮੰਨਦਾ ਹਾਂ ਪਰ ਇਸ ਨੂੰ ਗ੍ਰਹਿ ਯੁੱਧ ਵਜੋਂ ਨਹੀਂ ਦੇਖ ਰਿਹਾ। ਕਿਉਂਕਿ ਗ੍ਰਹਿ ਯੁੱਧ ਲੱਗਣ ਦੇ ਲਈ ਦੋ ਵਿਚਾਰਧਾਰਾਵਾਂ ਚਾਹੀਦੀਆਂ ਹਨ ਪਰ  ਇਸ ਸਮੇਂ ਦੇਸ਼ ਵਿੱਚ ਅਣਗਿਣਤ ਕਹਿਣ ਦਾ ਭਾਵ ਲੱਖਾਂ ਵਿਚਾਰਧਾਰਾਵਾਂ ਚੱਲ ਰਹੀਆਂ ਹਨ। ਜਿਸ ਕਰਕੇ ਆਮ ਆਦਮੀ ਦਾ ਬਹੁਤ ਮਾੜਾ ਹਾਲ ਹੈ। ਉਸ ਦਾ ਕਚੂੰਮਰ ਨਿਕਲਿਆ ਹੈ ਉਹ ਤ੍ਰਾਹੀ-ਤ੍ਰਾਹੀ ਕਰ ਰਿਹਾ ਹੈ। ਇਸ ਲਈ ਹਰ ਇਕ ਭਾਰਤੀ ਦਾ ਫਰਜ਼ ਬਣਦਾ ਹੈ ਕਿ ਉਹ ਦੇਸ਼ ਦਾ ਧਰਮ ਨਿਭਾਉਣ ਲਈ ਜਾਗਰੂਕ ਹੋਵੇ। ਇਸ ਸਮੇਂ ਜ਼ਿਆਦਾਤਰ ਪ੍ਰਸ਼ਾਸਨਿਕ ਅਧਿਕਾਰੀ ਦੇਸ਼ ਦਾ ਧਰਮ ਨਿਭਾਉਣ ਵਿੱਚ ਅਸਫਲ ਹਨ। ਹਾਲਾਂਕਿ ਭਾਰਤੀ ਸੰਵਿਧਾਨ ਨੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਲਈ ਲੋਕਾਂ ਵੱਲੋਂ ਨੁਮਾਇੰਦੇ ਚੁਣੇ ਜਾਣ ਦੀ ਵਿਵਸਥਾ ਵੀ ਕੀਤੀ ਹੋਈ ਹੈ ਤੇ ਇਨ੍ਹਾਂ ਚੁਣੇ ਹੋਏ ਨੁਮਾਇੰਦਿਆਂ ਨੂੰ ਹਦਾਇਤਾਂ ਵੀ ਹਨ ਕਿ ਉਹ ਇਸ ਗੱਲ 'ਤੇ ਚੌਕਸ ਰਹਿਣ ਕਿ ਪ੍ਰਸ਼ਾਸਨਿਕ ਅਧਿਕਾਰੀ ਭਾਰਤੀ ਸੰਵਿਧਾਨ ਦੀ ਉਲੰਘਣਾ ਨਾ ਕਰਨ, ਕਿਤੇ ਉਹ ਲੋਕਾਂ ਦੇ ਹਿਤਾਂ ਨਾਲ ਖਿਲਵਾੜ ਤਾਂ ਨਹੀਂ ਕਰ ਰਹੇ?ਇਸ ਗੱਲ ਦਾ ਖਿਆਲ ਵੀ ਚੁਣੇ ਹੋਏ ਨੁਮਾਇੰਦਿਆਂ ਨੇ ਰੱਖਣਾ ਹੈ ਪਰ ਇਸ ਸਮੇਂ ਲੋਕਤੰਤਰ ਦਾ ਬੁਰੀ ਤਰ੍ਹਾਂ ਵਾਜਾ ਵੱਜਿਆ ਹੋਇਆ ਹੈ ਕਿਉਂਕਿ ਚੁਣੇ ਹੋਏ ਨੁਮਾਇੰਦੇ ਆਪਣੇ ਨਿੱਜੀ ਸਵਾਰਥ ਤੋਂ ਉੱਪਰ ਨਹੀਂ ਉੱਠ ਪਾ ਰਹੇ। ਉਹ ਆਪਣੀ ਜਾਤ, ਧਰਮ ਦੇ ਗੁਣਗਾਨ ਵਿੱਚ ਹੀ ਇੰਨੇ ਮਸਤ ਹੋ ਚੁੱਕੇ ਹਨ ਕਿ ਭੁੱਲ ਗਏ ਹਨ ਕਿ ਉਨ੍ਹਾਂ ਦਾ ਆਪਣੇ ਦੇਸ਼ ਪ੍ਰਤੀ ਵੀ ਕੁਝ ਫਰਜ਼ ਹੈ, ਨਾਲ ਉਹ ਇਹ ਵੀ ਭੁੱਲ ਗਏ ਹਨ ਕਿ ਉਹ ਵੀ ਆਮ ਨਾਗਰਿਕ ਹੀ ਹਨ ਜਿਨ੍ਹਾਂ ਨੂੰ ਭਾਰਤ ਦੇ ਸੰਵਿਧਾਨ ਮੁਤਾਬਿਕ ਹੀ ਚੱਲਣਾ ਪੈਣਾ ਹੈ। ਦੂਸਰੇ ਦੀ ਦੁਖਦੀ ਰਗ ਛੇੜ ਕੇ ਕੋਈ ਸਮਾਜ ਅੱਗੇ ਨਹੀਂ ਵਧ ਸਕਦਾ। ਪਰ ਮੌਜੂਦਾ ਦੌਰ 'ਚ ਜ਼ਿਆਦਾਤਰ ਲੋਕਾਂ ਨੇ ਧਾਰਨਾ ਇਸ ਪ੍ਰਕਾਰ ਦੀ ਬਣਾਈ ਹੋਈ ਹੈ ਕਿ ਜੇਕਰ ਜ਼ਿਕਰ ਕਮਿਊਨਿਸਟਾਂ ਦਾ ਹੁੰਦਾ ਹੈ ਤਾਂ ਗੱਲ ਨਕਸਲੀਆਂ 'ਤੇ ਆ ਕੇ ਰੁਕ ਜਾਂਦੀ ਹੈ, ਜਦੋਂ ਰਾਹੁਲ ਗਾਂਧੀ ਜਾਂ ਸੋਨੀਆ ਦਾ ਨਾਂ ਆਉਂਦਾ ਹੈ ਤਾਂ ਧਿਆਨ ਇਟਲੀ ਵੱਲ ਜ਼ਰੂਰ ਜਾਂਦਾ ਹੈ, ਚਰਚਾ ਮੋਦੀ ਦੀ ਹੋਵੇ ਤਾਂ ਦੰਗਿਆਂ ਦਾ ਜ਼ਿਕਰ ਜ਼ਰੂਰ ਹੋਵੇਗਾ, ਜੇਕਰ ਸੰਘ ਦਾ ਰਾਗ ਸ਼ੁਰੂ ਕਰੀਏ ਤਾਂ ਖਾਖੀ ਨਿੱਕਰ ਤੋਂ ਲੈ ਕੇ ਗੋਡਸੇ ਤੱਕ ਦਾ ਜ਼ਿਕਰ ਹੁੰਦਾ ਹੈ, ਇਸੇ ਤਰ੍ਹਾਂ ਮਹਾਤਮਾ ਗਾਂਧੀ ਦੀ ਗੱਲ ਹੋਵੇ ਤਾਂ ਬ੍ਰਹਮਚਾਰਿਆ, ਬੱਕਰੀ ਦੇ ਢੋਂਗ ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਇਸੇ ਕੜੀ ਦੇ ਵਿੱਚ ਜੇਕਰ ਗੱਲ ਡਾ. ਭੀਮ ਰਾਓ ਅੰਬੇਡਕਰ ਦੀ ਹੋਵੇ ਤਾਂ ਬਹਿਸ ਦਲਿਤਾਂ ਵੱਲ ਮੁੜ ਜਾਂਦੀ ਹੈ। ਸਾਨੂੰ ਸਭ ਦੀਆਂ ਖਾਮੀਆਂ ਨਜ਼ਰ ਆਉਂਦੀਆਂ ਹਨ, ਕਿਉਂਕਿ ਖੂਬੀਆਂ ਦੇਖਣ ਵਾਲੀ ਨਜ਼ਰ ਧੁੰਦਲੀ ਪੈ ਚੁੱਕੀ ਹੈ। ਮੌਜੂਦਾ ਸਮੇਂ ਵਿੱਚ ਦਲਿਤ ਦਾ ਮਤਲਬ ਹੈ ਕੋਟਾ, ਮੁਸਲਮਾਨ ਦਾ ਮਤਲਬ ਹੈ ਪਾਕਿਸਤਾਨ, ਬ੍ਰਾਹਮਣ ਦਾ ਮਤਲਬ ਹੈ ਮਨੂੰ, ਬਣੀਏ ਦਾ ਮਤਲਬ ਖੂਨ ਚੂਸਣ ਵਾਲਾ ਲਾਲਾ, ਕਸ਼ਮੀਰੀ ਦਾ ਅਰਥ ਹੈ ਅਲਗਾਵਵਾਦੀ, ਨੇਪਾਲੀ ਸਭ ਲਈ ਬਹਾਦਰ ਹੋ ਗਿਆ,  ਠਾਕੁਰ ਜੇ ਰਸੂਖਦਾਰ ਹੈ ਤਾਂ ਸ਼ੋਸ਼ਕ ਹੈ, ਕਹਿਣ ਦਾ ਭਾਵ ਹਰ ਜਾਤ-ਪਾਤ ਦੀਆਂ ਕਮੀਆਂ ਤੇ ਖਾਮੀਆਂ ਹਮੇਸ਼ਾ ਸਾਡੀ ਜ਼ੁਬਾਨ 'ਤੇ ਰਹਿੰਦੀਆਂ ਹਨ, ਫਰਕ ਸਿਰਫ ਇੰਨਾ ਹੈ ਕਿ ਕੁਝ ਲੋਕ ਮੂੰਹ 'ਤੇ ਬੋਲ ਦਿੰਦੇ ਹਨ ਤੇ ਜ਼ਿਆਦਾਤਰ ਪਿੱਠ 'ਤੇ। ਸਾਰਿਆਂ ਦੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਕਿਵੇਂ ਸਾਹਮਣੇ ਵਾਲੇ ਦੀ ਕਮਜ਼ੋਰ ਨਸ ਨੂੰ ਦਬਾਇਆ ਜਾਵੇ ਤਾਂ ਕਿ ਉਸ ਦਾ ਤ੍ਰਾਹ ਨਿਕਲ ਜਾਵੇ। ਜੇ ਪੱਤਰਕਾਰ ਹੈ ਤਾਂ ਉਹ ਬਲੈਕਮੇਲਰ ਹੈ, ਪੁਲਿਸ ਵਾਲਾ ਹੈ ਤਾਂ ਠੁੱਲਾ ਹੈ, ਸਰਕਾਰ 'ਚ ਅਫਸਰ ਜਾਂ ਲੀਡਰ ਹੈ ਤਾਂ ਕਰਪਟ ਹੈ, ਡਾਕਟਰ ਹੈ ਤਾਂ ਲੁਟੇਰਾ ਹੈ, ਵਪਾਰੀ ਠੇਕੇਦਾਰ ਜਾਂ ਸਾਹੂਕਾਰ ਹੈ ਤਾਂ ਜ਼ਰੂਰ ਗੁੰਡਾ ਹੋਵੇਗਾ, ਜੇ ਕੋਈ ਲੜਕੀ ਮਾਡਲ, ਐਂਕਰ, ਹੋਸਟਸ, ਰਿਸੈਪਸ਼ਨਿਸਟ, ਲੀਡਰ ਤਲਾਕਸ਼ੁਦਾ ਹੈ ਤਾਂ ਸਾਡੇ ਕੋਲ ਬੇਸਿਰ ਪੈਰ ਦੀਆਂ ਟਿੱਪਣੀਆਂ ਦੀ ਕੋਈ ਕਮੀ ਨਹੀਂ। ਸਰਵਜਨਕ ਤੌਰ 'ਤੇ ਭਾਵੇਂ ਇਸ ਘਟੀਆ ਸੋਚ ਨੂੰ ਢਕ ਲਈਏ ਪਰ ਅੰਦਰ ਹੀ ਅੰਦਰ ਇਹ ਸੋਚ ਸਾਡੇ ਸਮਾਜ ਨੂੰ, ਸਾਡੇ ਦੇਸ਼ ਨੂੰ ਖਾਈ ਜਾ ਰਹੀ ਹੈ ਤੇ ਕੁਲ ਮਿਲਾ ਕੇ ਮੇਰੀ ਤਕਲੀਫ ਦਾ ਮੁੱਖ ਕਾਰਣ ਇਹ ਹੈ ਕਿ ਅਜ਼ਾਦੀ ਦੇ 70 ਸਾਲ ਬਾਅਦ ਵੀ ਮਾੜੀ ਸੋਚ ਦੀ ਬਿਮਾਰੀ ਘਟਣ ਦੀ ਬਜਾਏ ਵਧਦੀ ਜਾ ਰਹੀ ਹੈ। ਦਲਿਤ ਢਿੱਡੋਂ ਸਵਰਨਾਂ ਨਾਲ ਨਫਰਤ ਕਰਦੇ ਹਨ ਜਿਵੇਂ ਸਾਹਮਣੇ ਬੈਠਾ ਹਿੰਦੂ ਹੀ ਮੇਰੀਆਂ ਸਭ ਤਕਲੀਫਾਂ ਲਈ ਜ਼ਿੰਮੇਵਾਰ ਹੈ। ਬ੍ਰਾਹਮਣ ਅਜੇ ਤੱਕ ਆਪਣੇ ਆਪ ਨੂੰ ਚਾਣੱਕਿਆ ਸਮਝਦਾ ਹੈ। ਜੱਟ, ਠਾਕੁਰ, ਖੱਤਰੀ ਖਬਰੇ ਕਿਹੜੇ ਨਸ਼ੇ 'ਚ ਮਗਰੂਰ ਹੈ ਆਪੋ-ਆਪਣੀਆਂ ਜਾਤਾਂ, ਮੁਹੱਲੇ ਇਕੱਠ ਬਣਦੇ ਹਨ ਤੇ ਆਪਣੀ ਜਾਤ ਦੇ ਮੁਹੱਲੇ ਵਿੱਚ ਰਹਿ ਕੇ ਹੀ ਹਰ ਕਿਸੇ ਨੂੰ ਤਸੱਲੀ ਮਿਲਦੀ ਹੈ। ਮੋਦੀ ਭਾਰਤ ਦੇਸ਼ ਨੂੰ ਕਾਂਗਰਸ ਮੁਕਤ ਦੇਖਣਾ ਚਾਹੁੰਦਾ ਹੈ, ਸੋਨੀਆਂ ਨੂੰ ਹਰ ਕੀਮਤ 'ਤੇ ਸੱਤਾ ਚਾਹੀਦੀ ਹੈ, ਬਾਦਲਾਂ ਨੂੰ ਆਪਣੇ ਪਰਿਵਾਰ ਵਿੱਚ ਹੀ ਪੰਜਾਬ ਨਜ਼ਰ ਆਉਂਦਾ ਹੈ, ਕੇਜਰੀਵਾਲ ਨੇ ਸਾਰਿਆਂ ਨੂੰ 'ਟੋਪੀਆਂ ਪਾਉਣ' ਦਾ ਜ਼ਿੰਮਾ ਚੁੱਕ ਲਿਆ ਹੈ। ਭਾਜਪਾ ਵੈਸੇ ਤਾਂ ਆਪਣੇ-ਆਪ ਨੂੰ ਬੜੀ ਦੇਸ਼ ਭਗਤ ਪਾਰਟੀ ਮੰਨਦੀ ਹੈ ਪਰ ਸੱਤਾ ਦਾ ਮਜ਼ਾ ਲੈਣ ਲਈ ਉਹ ਭ੍ਰਿਸ਼ਟ ਅਕਾਲੀਆਂ ਦਾ ਸਾਥ ਵੀ ਲੈਂਦੀ ਹੈ ਤੇ ਲੋੜ ਪੈਣ 'ਤੇ ਕਸ਼ਮੀਰ ਵਿੱਚ ਪੀਡੀਪੀ ਨਾਲ ਵੀ ਸਮਝੌਤਾ ਕਰ ਲੈਂਦੀ ਹੈ। ਮੈਨੂੰ ਨਜ਼ਰ ਨਹੀਂ ਆਉਂਦੀ ਕਿ ਕੋਈ ਅਜਿਹਾ ਹੈ ਜੋ ਸਾਨੂੰ ਦੱਸੇ ਕਿ ਅਸੀਂ ਭਾਰਤੀ ਹਾਂ, ਅਸੀਂ ਇੱਕੋ-ਮਿੱਟੀ ਦੇ ਬਣੇ ਹਾਂ, ਸਾਡੇ ਆਪਸੀ ਹਾਲਾਤਾਂ ਵਿੱਚ ਕੋਈ ਖਾਸ ਲੰਬਾ-ਚੌੜਾ ਫਰਕ ਨਹੀਂ ਹੈ। ਸਭ ਨੂੰ ਇੱਕੋ ਜਿਹੀ ਭੁੱਖ ਲੱਗਦੀ ਹੈ, ਸਭ ਨੂੰ ਇੱਕੋ ਜਿਹੇ ਬਰਾਬਰੀ ਦੇ ਮੌਕੇ ਮਿਲਣੇ ਚਾਹੀਦੇ ਹਨ ਪਰ ਅਸੀਂ ਆਦਤ ਤੋਂ ਮਜਬੂਰ ਸਾਹਮਣੇ ਵਾਲੇ ਦੀ ਥਾਲੀ, ਉਸ ਦੀ ਜੇਬ੍ਹ 'ਤੇ ਜ਼ਰੂਰ ਨਿਗਾਹ ਰੱਖਦੇ ਹਾਂ। ਕਹਿੰਦੇ ਹਨ ਆਪਣੀ ਅਕਲ , ਬੇਗਾਨਾ ਧਨ ਸਦਾ ਜ਼ਿਆਦਾ ਹੀ ਲੱਗਦਾ ਹੈ। ਦੇਸ਼ ਇਕ ਰੇਲ ਗੱਡੀ ਹੈ, ਜਿਸ ਦੇ ਵੱਖਰੇ-ਵੱਖਰੇ ਡਿੱਬੇ ਇਕ ਸਾਂਝੇ ਉਦੇਸ਼ ਨੂੰ ਸਾਹਮਣੇ ਰੱਖ ਕੇ ਇਕੱਠੇ ਟੀਚੇ ਵੱਲ ਵੱਧਦੇ ਰਹਿਣੇ ਚਾਹੀਦੇ ਹਨ ਪਰ ਇੰਝ ਲੱਗਦਾ ਹੈ ਕਿ ਹਰ ਡੱਬਾ ਆਪਣੇ-ਆਪ 'ਚ ਗੱਡੀ ਬਣਨ ਨੂੰ ਕਾਹਲਾ ਹੈ। ਹਰ ਡੱਬਾ ਆਪਣੀ ਦਿਸ਼ਾ, ਆਪਣਾ ਟੀਚਾ ਵੱਖਰਾ ਨਿਰਧਾਰਿਤ ਕਰਨਾ ਚਾਹੁੰਦਾ ਹੈ। ਆਪੋ-ਆਪਣੇ ਰਾਹ ਤੇ ਸੋਚ ਦੇ ਚੱਕਰ ਵਿੱਚ ਗੱਡੀ ਇਕ ਜਗ੍ਹਾ 'ਤੇ ਖੜ ਹੀ ਨਹੀਂ ਗਈ ਬਲਕਿ ਡੱਬਿਆਂ ਵਿੱਚ ਵੀ ਬਿਖਰਾਅ ਆ ਗਿਆ ਹੈ। ਸੋਚ ਕੇ ਦੇਖੋ ਕਿਧਰੇ ਤੁਸੀਂ ਵੀ ਬੇਤਰਤੀਬ ਗੱਡੀ ਦੇ ਕਿਸੇ ਡੱਬੇ ਵਿੱਚ ਬੰਦ ਹੋ ਕੇ ਤਾਂ ਨਹੀਂ ਰਹਿ ਗਏ। ਜਿੱਥੇ ਬਾਹਰਲੀ ਸੋਚ ਦੇ ਸਭ ਖਿੜਕੀਆਂ-ਦਰਵਾਜ਼ੇ ਬੰਦ ਹਨ ਤੇ ਤੁਸੀਂ ਇਸ ਵਿੱਚ ਬੈਠ ਕੇ ਸੜ ਰਹੇ ਹੋ। ਜੀਵਨ ਨੂੰ ਜਿਉਣ ਲਈ ਠਹਿਰਾਅ ਨਹੀਂ ਨਿਰੰਤਰਤਾ ਦੀ ਜ਼ਰੂਰਤ ਹੈ। ਹਰ ਨਵੇਂ ਸਾਹ ਦੇ ਨਾਲ ਸਾਨੂੰ ਤਾਜ਼ੀ ਨਵੀਂ ਹਵਾ ਦੀ ਲੋੜ ਹੈ। ਇਕ ਜਗ੍ਹਾ 'ਤੇ ਖੜਾ ਪਾਣੀ ਬੋਅ ਮਾਰਨ ਲੱਗ ਜਾਂਦਾ ਹੈ ਤੇ ਪੀਣ ਯੋਗ ਨਹੀਂ ਰਹਿੰਦਾ। ਇਹ ਗੱਲ ਸਹੀ ਹੈ ਕਿ ਜੇਕਰ ਅਸੀਂ ਭਾਰਤ ਦੇ ਸੰਵਿਧਾਨ ਦੇ ਮੁਤਾਬਿਕ ਇਮਾਨਦਾਰੀ ਨਾਲ ਚੱਲਦੇ ਤਾਂ ਸਾਡਾ ਦੇਸ਼ ਖੁਸ਼ਹਾਲੀ, ਏਕਤਾ, ਪ੍ਰੇਮ-ਭਾਈਚਾਰੇ ਦੇ ਨਾਲ ਤਰੱਕੀ ਦੀਆਂ ਲੀਹਾਂ ਵੱਲ ਚੱਲ ਕੇ ਇਕ ਖੂਬਸੂਰਤ ਵਧੀਆ ਸੰਗੀਤਕਾਰ ਦੀ ਟੀਮ ਵਾਂਗੂੰ ਹੋਣਾ ਸੀ ਪਰ ਜਿਹੜਾ ਹੁਣ ਸਬਜ਼ੀ ਮੰਡੀ ਦਾ ਰੌਲਾ ਜਿਹਾ ਬਣ ਕੇ ਰਹਿ ਗਿਆ ਹੈ। ਇਸ ਬੇਮਤਲਬ ਦੇ ਰੌਲੇ ਨੇ ਹਰ ਭਾਰਤੀ ਦਾ ਜੀਵਨ ਔਖਾ ਕਰ ਦਿੱਤਾ ਹੈ। ਹੁਣ ਦੇਖਣਾ ਇਹ ਹੈ ਸਮਾਂ ਰਹਿੰਦੇ ਮੌਜੂਦਾ ਸਰਕਾਰਾਂ ਤੇ ਪ੍ਰਸ਼ਾਸਨਿਕ ਅਧਿਕਾਰੀ ਦੇਸ਼ ਦਾ ਧਰਮ ਨਿਭਾਉਂਦੇ ਹਨ ਜਾਂ ਸਾਰੇ ਦੇਸ਼ ਵਾਸੀਆਂ ਨੂੰ ਆਪਸ 'ਚ ਟੱਕਰਾਂ ਮਾਰਨ ਲਈ ਖੁੱਲ੍ਹੇ ਛੱਡ ਦਿੰਦੇ ਹਨ। ਆਉ ਦੇਸ਼ ਧਰਮ ਨਿਭਾਈਏ ਤੇ ਇਸ ਦੀ ਸ਼ੁਰੂਆਤ ਆਪਣੇ ਆਪ ਤੋਂ, ਆਪਣੇ ਪਰਿਵਾਰ ਤੋਂ, ਗਲ੍ਹੀ-ਮੁਹੱਲੇ, ਪਿੰਡ, ਸਮਾਜ, ਸ਼ਹਿਰ ਤੋਂ ਕਰੀਏ।                                                                                                             - ਅਜੇ ਕੁਮਾਰ

Wednesday 20 July 2016

ਨੱਕ ਬਚਾਇਆ ਲੱਕ ਤੁੜਾਇਆ

ਕੁਦਰਤ ਦੇ ਕੁਝ ਅਜਿਹੇ ਨਿਯਮ ਹਨ ਕਿ ਪੇੜ-ਪੌਦਿਆਂ ਤੋਂ ਲੈ ਕੇ ਜੀਵ-ਜੰਤੂਆਂ ਤੱਕ ਸਭ ਨਵਾਂ ਜੀਵਨ ਪੈਦਾ ਕਰਦੇ ਹਨ ਤੇ ਇਹ ਨਿਯਮ ਲੱਖਾਂ-ਕਰੋੜਾਂ ਸਾਲਾਂ ਤੋਂ ਚਲੇ ਆ ਰਹੇ ਹਨ ਤੇ ਜਦ ਤੱਕ ਜੀਵਨ ਹੈ ਉਦੋਂ ਤੱਕ ਚੱਲਦੇ ਰਹਿਣਗੇ। ਹਰ ਜੀਵ ਜਨਮਦਾ ਹੈ, ਸਾਹ ਲੈਂਦਾ ਹੈ, ਭੋਜਨ ਖਾਂਦਾ ਹੈ ਤੇ ਨਵਾਂ ਜੀਵਨ ਬਣਾ ਕੇ ਮੌਤ ਨੂੰ ਪ੍ਰਾਪਤ ਹੋ ਜਾਂਦਾ ਹੈ। ਆਦਮੀ ਤੇ ਹੋਰ ਜੀਵ-ਜੰਤੂਆਂ 'ਚ ਸਿਰਫ਼ ਇੰਨਾ ਹੀ ਫ਼ਰਕ ਹੈ ਕਿ ਆਦਮੀ ਚਿੰਤਨ ਕਰ ਸਕਦਾ ਹੈ, ਆਦਮੀ ਅਣਖ ਦੀ ਜ਼ਿੰਦਗੀ ਜਿਊਣਾ ਜਾਣਦਾ ਹੈ। ਉਸ ਦੇ ਵੀ ਨਿਯਮ ਹਨ, ਉਸ ਦਾ ਇਕ ਸਮਾਜਿਕ ਤਾਣਾ-ਬਾਣਾ ਹੈ, ਜਿਸ ਵਿੱਚ ਰਹਿ ਕੇ ਉਹ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾਉਂਦਾ ਹੈ, ਜਿਸ ਕਰਕੇ ਉਹ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ, ਇਸ ਸਮਾਜਿਕ ਤਾਣੇ-ਬਾਣੇ ਤੋਂ ਉਸ ਨੂੰ  ਸ਼ੌਹਰਤ ਵੀ ਮਿਲਦੀ ਹੈ। ਅਣਖ ਨਾਲ ਜਿਊਣ ਦਾ ਮਤਲਬ ਹੈ ਸਖ਼ਤ ਮਿਹਨਤ, ਚੰਗੇ ਸੰਸਕਾਰ, ਚੰਗੇ ਗੁਣ ਤੇ ਚੰਗੇ ਸਾਥੀਆਂ ਨਾਲ ਮਿਲ ਕੇ ਚੰਗਾ ਮਾਹੌਲ ਪੈਦਾ ਕਰਨਾ, ਜਿਸ ਨਾਲ ਮਨੁੱਖ ਆਪ ਵੀ ਅਤੇ ਸਮਾਜ ਨੂੰ ਵੀ ਚੰਗੀ ਰਾਹ 'ਤੇ ਚਲਾ ਸਕੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੰਗੀ ਰਾਹ ਦੇ ਕੇ ਦੁਨੀਆਂ ਤੋਂ ਵਿਦਾ ਲੈ ਸਕੇ ਪਰ ਜੇ ਤੁਸੀਂ ਚੰਗੇ ਸਮਾਜ ਦੀ ਸਿਰਜਣਾ ਕਰਨੀ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਦੀ ਕੀਮਤ ਮਿਹਨਤ ਦੇ ਰੂਪ 'ਚ , ਤਿਆਗ ਦੇ ਰੂਪ 'ਚ ਚੁਕਾਉਣੀ ਪਵੇਗੀ ਤੇ ਸਹਿਣ-ਸ਼ਕਤੀ ਆਪਣੇ 'ਚ ਪੈਦਾ ਕਰਨੀ ਪਵੇਗੀ ਪਰ ਬੜੇ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਅੱਜ ਦੇ ਦੌਰ 'ਚ ਜ਼ਿਆਦਾਤਰ ਲੋਕ ਇੱਜ਼ਤ ਨਾਲ ਜਿਊਣ ਦਾ ਮਤਲਬ ਸਹੀ ਢੰਗ ਨਾਲ ਨਹੀਂ ਸਮਝ ਪਾ ਰਹੇ। ਉਹ ਅੱਖਾਂ ਮੀਚ ਕੇ ਅੰਧ-ਵਿਸ਼ਵਾਸਾਂ 'ਚ ਪੈ ਕੇ ਆਪਣੇ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਆਗੂਆਂ ਦੇ ਪਿੱਛੇ ਲੱਗ ਕੇ ਝੂਠੀਆਂ ਸ਼ਾਨੋ-ਸ਼ੌਕਤਾਂ ਨੂੰ ਹੀ ਆਪਣੀ ਇੱਜ਼ਤ ਸਮਝੀ ਬੈਠੇ ਹਨ। ਜ਼ਿਆਦਾਤਰ ਲੋਕ ਇਸ ਝੂਠੀ ਇੱਜ਼ਤ ਨੂੰ ਜੱਫਾ ਮਾਰ ਕੇ ਸਮਾਜ ਅੰਦਰ ਇਹੋ ਜਿਹੇ ਭਰਮ-ਭੁਲੇਖੇ ਪੈਦਾ ਕਰ ਬੈਠੇ ਹਨ, ਜਿਸ ਕਰਕੇ ਸਮਾਜ ਦਾ ਬਹੁਤ ਵੱਡਾ ਘਾਣ ਹੋ ਰਿਹਾ ਹੈ। ਅੱਜ-ਕੱਲ੍ਹ ਦੇ ਜ਼ਿਆਦਾਤਰ ਅਖੌਤੀ ਸੰਤਾਂ ਦੀ ਇੱਜ਼ਤ ਉਨ੍ਹਾਂ ਦੇ ਗਿਆਨ ਨਾਲ ਨਹੀਂ ਹੁੰਦੀ, ਬਲਕਿ ਇਸ ਨਾਲ ਹੁੰਦੀ ਹੈ ਕਿ ਉਹ ਕਿੱਡੇ ਵੱਡੇ ਡੇਰੇ ਵਿੱਚ ਬੈਠਾ ਹੈ। ਕਿਸੇ ਰਾਜਨੀਤਿਕ ਆਗੂ ਦੀ ਇੱਜ਼ਤ ਇਸ ਕਾਰਣ ਨਹੀਂ ਹੁੰਦੀ ਕਿ ਉਸ ਨੇ ਆਪਣੇ ਸਮਾਜ ਅਤੇ ਦੇਸ਼ ਲਈ ਕੀ ਕੀਤਾ ਹੈ, ਬਲਕਿ ਇਸ ਲਈ ਹੁੰਦੀ ਹੈ ਕਿ ਉਹ ਕਿੰਨੀ ਕੁ ਵੱਡੀ ਪਾਰਟੀ ਦਾ ਪਿਛਲੱਗੂ ਬਣ ਕੇ ਕਿਵੇਂ ਸਮਾਜ ਦਾ ਘਾਣ ਕਰਕੇ ਅੱਗੇ ਆਇਆ ਹੈ। ਮੌਜੂਦਾ ਸਮੇਂ ਸਮਾਜ 'ਚ ਧਰਮ, ਰਸਮਾਂ-ਰਿਵਾਜ਼ ਦੇ ਨਾਂ 'ਤੇ ਇਸ ਤਰ੍ਹਾਂ ਦੇ ਖੇਖਣ ਸ਼ੁਰੂ ਹੋ ਚੁੱਕੇ ਹਨ, ਜਿਸ ਨਾਲ ਮਨੁੱਖ ਦਾ ਬੁਰੀ ਤਰ੍ਹਾਂ ਕਚੂੰਮਰ ਨਿਕਲ ਜਾਂਦਾ ਹੈ। ਉਹ ਭਾਰੀ ਕਰਜ਼ੇ ਹੇਠ ਆ ਜਾਂਦਾ ਹੈ ਪਰ ਫਿਰ ਵੀ ਉਹ ਇਸ ਨੂੰ ਬੜੇ ਸ਼ਾਨ ਨਾਲ ਸਿਰਧੜ ਦੀ ਬਾਜ਼ੀ ਲਾ ਕੇ ਨਿਭਾਉਂਦਾ ਹੈ ਤੇ ਇਸ ਨੂੰ ਨਾਂ ਦਿੰਦਾ ਹੈ ਕਿ ਮੈਂ ਆਪਣੀ ਨੱਕ ਬਚਾਈ ਹੈ, ਉਹ ਕਹਿੰਦਾ ਹੈ ਮੈਂ ਕਿਸੇ ਕੀਮਤ 'ਤੇ ਆਪਣੀ ਨੱਕ ਕੱਟ ਹੋਣ ਨਹੀਂ ਦੇਣੀ। ਧਰਮ ਦੇ ਨਾਂ 'ਤੇ ਧਾਰਮਿਕ ਰੀਤੀ-ਰਿਵਾਜ਼ਾਂ 'ਤੇ ਆਪਣੇ-ਆਪਣੇ ਨੱਕ ਬਚਾਉਣ ਦੇ ਲਈ ਕੀਤੇ ਜਾਣ ਵਾਲੇ ਰਸਮਾਂ-ਰਿਵਾਜ਼ਾਂ ਨੇ ਆਮ ਗਰੀਬ ਆਦਮੀ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਜਿਹਦੇ ਕੋਲ ਚਾਰ ਪੈਸੇ ਹਨ ਉਹ ਰੀਤੀ-ਰਿਵਾਜ਼ ਨਿਭਾ ਦਿੰਦਾ ਹੈ, ਉਸ ਦੇ ਦੇਖਾ-ਦੇਖੀ ਜੇ ਕਮਜ਼ੋਰ ਆਦਮੀ ਰੀਤੀ-ਰਿਵਾਜ਼ ਨਿਭਾਉਂਦਾ ਹੈ, ਉਸ ਦਾ ਕਚੂੰਮਰ ਨਿਕਲ ਜਾਂਦਾ ਹੈ। ਇਹ ਫੋਕੇ ਰਿਵਾਜ਼ ਹਨ ਮਨੁੱਖ ਦੇ ਜਨਮ, ਨਾਮਕਰਣ, ਵਿਆਹ-ਸ਼ਾਦੀ ਅਤੇ ਇਸ ਦਰਮਿਆਨ ਹੋਰ ਆਉਂਦੇ ਰਸਮੋ-ਰਿਵਾਜ਼, ਜਿਹੜੇ ਕਿ ਮਰਨ ਤੋਂ ਬਾਅਦ ਵੀ ਮਨੁੱਖ ਦਾ ਪਿੱਛਾ ਨਹੀਂ ਛੱਡਦੇ ਹਨ। ਮੈਂ ਪਿਛਲੇ ਲੱਗਭਗ 20 ਸਾਲਾਂ ਤੋਂ ਸਮਾਜ ਦੇ ਜ਼ਮੀਨੀ ਹਾਲਾਤਾਂ ਨਾਲ ਚੰਗੀ ਤਰ੍ਹਾਂ ਜਾਣੂ ਹੋਇਆ ਹਾਂ ਤੇ ਹੋ ਰਿਹਾ ਹਾਂ। ਮੇਰੇ ਤਜ਼ਰਬੇ ਮੁਤਾਬਿਕ ਮਨੁੱਖ ਦੀ ਤਰੱਕੀ ਲਈ ਪੈਸਾ ਹੀ ਸਭ ਕੁਝ ਨਹੀਂ ਹੈ ਪਰ ਅੱਜ-ਕੱਲ੍ਹ ਦੇ ਦੌਰ ਵਿੱਚ ਪੈਸੇ ਬਿਨਾਂ ਵੀ ਕੁਝ ਨਹੀਂ। ਜਿੱਥੇ ਮਨੁੱਖ ਦੀ ਤਰੱਕੀ ਲਈ ਪੈਸਾ ਕਮਾਉਣਾ ਜ਼ਰੂਰੀ ਹੈ, ਉੱਥੇ ਮਨੁੱਖ ਦੀ ਤਰੱਕੀ ਲਈ ਫਜ਼ੂਲ ਖਰਚੇ ਨੂੰ ਬੰਦ ਕਰਕੇ ਪੈਸੇ ਭਵਿੱਖ ਲਈ ਜ਼ਰੂਰਤ ਅਨੁਸਾਰ ਬਚਾਉਣੇ ਵੀ ਬਹੁਤ ਜ਼ਰੂਰੀ ਹਨ ਪਰ ਮੈਂ ਦੇਖਿਆ ਹੈ ਕਿ ਅਸੀਂ ਲੋਕ ਜਨਮ, ਜਨਮ ਦਿਨ, ਵਿਆਹ-ਸ਼ਾਦੀਆਂ ਦੇ ਰੀਤੀ-ਰਿਵਾਜ਼, ਮਰਨ ਦੇ ਮੌਕੇ ਤੇ ਮਰਨ ਦੇ ਬਾਅਦ ਵੀ ਬੇਮਤਲਬੇ ਢੰਗ-ਤਰੀਕਿਆਂ ਨੂੰ ਅਪਣਾ ਕੇ ਉਨ੍ਹਾਂ ਨੂੰ ਆਪਣੇ ਬਜ਼ੁਰਗਾਂ ਦੀ ਚਲਾਈ ਰੀਤ ਨਾਲ ਜੋੜ ਕੇ ਇੰਨਾ ਫਜ਼ੂਲ ਖਰਚ ਕਰਦੇ ਹਾਂ ਕਿ ਕਈ ਵਾਰ ਤਾਂ ਅਸੀਂ ਆਲੇ-ਦੁਆਲੇ ਕੋਲੋਂ ਕਰਜ਼ਾ ਲੈ ਲੈਂਦੇ ਹਾਂ ਤੇ ਸਾਰੀ ਉਮਰ ਉਨ੍ਹਾਂ ਦੇ ਦਬਕੇ ਖਾਂਦੇ ਰਹਿੰਦੇ ਹਾਂ, ਕਿਉਂਕਿ ਅਸੀਂ ਉਨ੍ਹਾਂ ਨੂੰ ਇਸ ਗੱਲ ਦੀ ਛੋਟ ਦੇ ਦਿੰਦੇ ਹਾਂ ਕਿ ਤੁਸੀਂ ਸਮਾਜ ਵਿੱਚ ਸਾਡੀ ਨੱਕ ਬਚਾਉਣ ਲਈ ਸਾਡਾ ਸਾਥ ਦਿੱਤਾ ਸੀ। ਇਸ ਤੋਂ ਵੀ ਕਿਤੇ ਹੋਰ ਹਾਸੋਹੀਣੀ ਗੱਲ ਹੈ ਕਿ ਜਦੋਂ ਅਸੀਂ ਸਮਾਜਿਕ ਤਾਣੇ-ਬਾਣੇ 'ਚ ਉਲਝ ਕੇ ਫੋਕੇ ਰਿਵਾਜ਼ਾਂ ਨੂੰ ਆਪਣੀ ਨੱਕ ਨਾਲ ਜੋੜ ਕੇ ਪੈਸੇ ਬੈਂਕਾਂ, ਫਾਇਨਾਂਸ ਕੰਪਨੀਆਂ ਅਤੇ ਆਲੇ-ਦੁਆਲੇ ਦੇ ਸ਼ਾਹੂਕਾਰਾਂ ਤੋਂ ਵਿਆਜ 'ਤੇ ਚੁੱਕ ਕੇ ਉਹ ਰਿਵਾਜ਼ ਪੂਰੇ ਕਰਦੇ ਹਾਂ। ਮੈਂ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੇ ਆਪਣੇ ਮਾਂ-ਪਿਉ ਦੀ ਜਿਉਂਦੇ ਜੀਅ ਸੇਵਾ ਨਹੀਂ ਕੀਤੀ ਪਰ ਉਨ੍ਹਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਦੇ ਅੰਤਿਮ ਸੰਸਕਾਰ, ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਉਨ੍ਹਾਂ ਦੇ ਭੋਗ ਅਤੇ ਭੋਗ ਤੋਂ ਬਾਅਦ ਵੀ ਮਾਸਿਕ, ਛਿਮਾਹੀ, ਸਾਲਾਨਾ ਉਨ੍ਹਾਂ ਦੇ ਨਾਂ 'ਤੇ ਸਮਾਜਿਕ ਰਿਵਾਜ਼ਾਂ ਨੂੰ ਪੂਰਾ ਕਰਨ ਲਈ ਆਪਣਾ ਨੱਕ ਬਚਾਉਣ ਦੀ ਖਾਤਰ ਮੋਟੇ ਕਰਜ਼ੇ ਲਏ ਹਨ, ਜਿਹੜੇ ਕਿ ਉਨ੍ਹਾਂ ਲਈ ਅਤੇ ਉਨ੍ਹਾਂ ਦੀ ਆਉਣ ਵਾਲੀ ਪੀੜ੍ਹੀ ਲਈ ਤਰੱਕੀ ਵਿੱਚ ਰੁਕਾਵਟ ਬਣ ਗਏੇ ਹਨ। ਕਹਿਣ ਦਾ ਭਾਵ ਉਹ ਆਪਣਾ ਨੱਕ ਤਾਂ ਜ਼ਰੂਰ ਬਚਾਅ ਲੈਂਦੇ ਹਨ ਪਰ ਲੱਕ ਤੁੜਾ ਲੈਂਦੇ ਹਨ। ਮੈਂ ਸਮਾਜ ਦੇ ਆਗੂਕਾਰਾਂ ਨੂੰ ਆਪਣੇ ਲੇਖ ਰਾਹੀਂ ਅਪੀਲ ਕਰਦਾ ਹਾਂ ਤੇ ਉਮੀਦ ਕਰਦਾ ਹਾਂ ਕਿ ਸਾਨੂੰ ਝੂਠੇ ਰਸਮੋ-ਰਿਵਾਜ਼ਾਂ ਨੂੰ ਬੇਮਤਲਬੀ ਬੇਲੋੜੇ ਨਿਯਮਾਂ ਨੂੰ ਬੰਦ ਕਰਕੇ ਇਨ੍ਹਾਂ ਨੂੰ ਨਿਭਾਉਣ ਦੀ ਬਜਾਏ ਇਨ੍ਹਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ, ਕਿਉਂਕਿ ਫੋਕੀ ਸ਼ੌਹਰਤ ਲਈ ਇਸ ਨੂੰ ਨੱਕ ਬਚਾਉਣ ਦਾ ਨਾਂ ਦੇ ਕੇ ਲੱਕ ਤੁੜਾਉਣਾ ਬਹੁਤ ਮੰਦਭਾਗੀ ਗੱਲ ਹੈ। ਨਾਲ ਹੀ ਉਨ੍ਹਾਂ ਸ਼ਾਹੂਕਾਰਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਰੱਬ ਦਾ ਵਾਸਤਾ ਸਮਾਜ 'ਤੇ ਰਹਿਮ ਖਾਉ ਤੁਸੀਂ ਤਾਂ ਚਾਰ ਪੈਸੇ ਕਮਾ ਕੇ ਰੀਤੀ-ਰਿਵਾਜ਼ ਪੂਰੇ ਕਰ ਲਉਗੇ ਪਰ ਤੁਹਾਡਾ ਦੇਖਾ ਦੇਖੀ ਸਮਾਜ ਉਨ੍ਹਾਂ ਪਾਖੰਡਾਂ ਨੂੰ ਨਹੀਂ ਨਿਭਾ ਸਕਦਾ ਜੋ ਤੁਸੀਂ ਨਿਭਾ ਸਕਦੇ ਹੋ। ਇਸ ਲਈ ਕਿਰਪਾ ਕਰਕੇ ਉਸ ਤੋਂ ਪਹਿਲਾਂ ਤੁਸੀਂ ਇਹ ਢਕੋਸਲੇਬਾਜ਼ੀ ਬੰਦ ਕਰੋ ਤਾਂ ਜੋ ਸਮਾਜ ਨੂੰ ਨਵੀਂ ਸੇਧ ਮਿਲ ਸਕੇ, ਤੁਹਾਡੇ ਦੇਖਾ-ਦੇਖੀ ਸਮਾਜ ਨੂੰ ਵੀ ਸਮਝ ਆਵੇ ਤੇ ਪਾਖੰਡਬਾਜ਼ੀ ਦੀਆਂ ਕੁਰੀਤੀਆਂ ਖਤਮ ਹੋ ਸਕਣ, ਇਹੀ ਤੁਹਾਡੀ ਸਮਾਜ ਨੂੰ ਸਭ ਤੋਂ ਵੱਡੀ ਦੇਣ ਹੋਵੇਗੀ। ਜਿਹੜਾ ਪੈਸਾ ਤੁਸੀਂ ਢਕੋਸਲਿਆਂ 'ਤੇ ਖਰਚ ਕਰਨਾ ਚਾਹੁੰਦੇ ਹੋ ਚੰਗਾ ਹੋਵੇਗਾ ਸਮਾਜ ਦੀ ਭਲਾਈ ਲਈ ਖਰਚ ਕਰੋ, ਬੱਚਿਆਂ ਦੀ ਪੜ੍ਹਾਈ ਲਈ ਖਰਚ ਕਰੋ, ਕਿਸੇ ਗਰੀਬ ਬੀਮਾਰ ਦੀ ਦਵਾਈ 'ਤੇ ਖਰਚ ਕਰੋ, ਇਸ ਨਾਲ ਤੁਹਾਡਾ ਅੱਜ ਵੀ ਸੁਧਰੇਗਾ ਤੇ ਤੁਹਾਡੇ ਜਾਣ ਤੋਂ ਬਾਅਦ ਵੀ ਤੁਹਾਨੂੰ ਸਮਾਜ ਯਾਦ ਕਰੇਗਾ। ਇਹੋ ਜਿਹੇ ਮਨੁੱਖ ਦੀ ਇੱਜ਼ਤ ਜਿਊਂਦੇ ਜੀਅ ਵੀ ਹੁੰਦੀ ਹੈ, ਉਸ ਦਾ ਨਾਂ ਅਦਬ ਨਾਲ ਲਿਆ ਜਾਂਦਾ ਹੈ ਤੇ ਮਰਨ ਤੋਂ ਬਾਅਦ ਵੀ ਸਮਾਜ ਉਨ੍ਹਾਂ ਨੂੰ ਆਪਣੇ ਆਦਰਸ਼ ਵਜੋਂ ਯਾਦ ਕਰਦਾ ਹੈ। ਮਰਨ ਤੋਂ ਬਾਅਦ ਉਨ੍ਹਾਂ ਦੀਆਂ ਮੂਰਤਾਂ ਨੂੰ ਹੀ ਹਾਰ ਪੈਂਦੇ ਹਨ, ਜਿਨ੍ਹਾਂ ਨੇ ਸਮਾਜ ਲਈ ਕੁਝ ਕੀਤਾ ਹੋਵੇ। ਜਿਹੜਾ ਆਪਣੀ ਝੂਠੀ ਸ਼ਾਨੋ-ਸ਼ੌਕਤ ਖਾਤਿਰ ਲੱਖਾਂ ਰੁਪਏ ਖਰਚ ਕੇ ਮਰਦਾ ਹੈ, ਉਸ ਨੂੰ ਸ਼ਾਇਦ ਉਸ ਦੇ ਜੰਮੇ ਵੀ ਯਾਦ ਕਰਨ ਜਾਂ ਨਾ ਕਰਨ। ਆਉ ਨਵੇਂ ਸਮਾਜ ਦੀ ਸਿਰਜਣਾ ਕਰੀਏ। ਆਪਣੇ ਰਹਿਬਰਾਂ ਦੇ ਦੱਸੇ ਫਲਸਫੇ 'ਤੇ ਚੱਲਦੇ ਹੋਏ ਮਾਨਵਤਾ ਦੀ ਹੋਂਦ ਨੂੰ ਹੋਰ ਪੁਖਤਾ ਢੰਗ ਨਾਲ ਮਜ਼ਬੂਤ ਕਰਨ ਦੇ ਵਧੀਆ ਉਪਰਾਲੇ ਕਰੀਏ ਤੇ ਫੋਕੀਆਂ ਡਰਾਮੇਬਾਜ਼ੀਆਂ ਤੋਂ ਲਾਮ ਵੱਟੀਏ।                                                     - ਅਜੈ ਕੁਮਾਰ

Monday 11 July 2016

ਨੀਯਤ ਨਾਲ ਨੀਤੀ ਵੀ ਜ਼ਰੂਰੀ

ਦੁਨੀਆਂ ਦਾ ਹਰੇਕ ਇਨਸਾਨ ਕਿਸੇ ਨਾ ਕਿਸੇ ਫਲਸਫੇ ਦੇ ਤਹਿਤ ਜਿਊਂਦਾ ਹੈ, ਚਾਹੇ ਉਸ ਨੂੰ ਇਸ ਗੱਲ ਦਾ ਪਤਾ ਹੋਵੇ ਜਾਂ ਨਾ ਪਰ ਜਿਊਂਦਾ ਇਨਸਾਨ ਇਕ ਫਲਸਫੇ ਦੇ ਅਧੀਨ ਹੀ ਹੈ। 19ਵੀਂ ਸਦੀ ਵਿੱਚ ਜਨਮੇ ਯੁਗਪੁਰਸ਼ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੇ ਮਾਨਵਤਾ ਦੇ ਫਲਸਫੇ ਦੇ ਤਹਿਤ ਆਪਣਾ ਜੀਵਨ ਬਤੀਤ ਕੀਤਾ। ਮਾਨਵਤਾ ਦੀਆਂ ਮਜ਼ਬੂਤ ਨੀਹਾਂ ਪ੍ਰੇਮ, ਆਪਸੀ ਭਾਈਚਾਰਾ ਅਤੇ ਬਰਾਬਰਤਾ ਹੁੰਦੀ ਹੈ। ਇਨ੍ਹਾਂ ਨੀਹਾਂ ਨੂੰ ਮਜ਼ਬੂਤ ਕਰਨ ਲਈ ਗਿਆਨ ਦੀ ਲੋੜ ਹੁੰਦੀ ਹੈ। ਬਾਬਾ ਸਾਹਿਬ ਨੇ ਅਥਾਹ ਗਿਆਨ ਪ੍ਰਾਪਤ ਕਰਕੇ ਮਾਨਵਤਾ ਦੀਆਂ ਨੀਹਾਂ ਨੂੰ ਮਜ਼ਬੂਤ ਕਰਨ ਲਈ ਆਪਣਾ ਵੰਸ਼ ਅਤੇ ਆਪਣਾ-ਆਪ ਕੁਰਬਾਨ ਕਰਕੇ ਭਾਰਤ ਨੂੰ ਸੰਵਿਧਾਨ ਦਿੱਤਾ। ਭਾਰਤ ਦਾ ਸੰਵਿਧਾਨ ਨਚੋੜ ਹੈ ਤਥਾਗਤ ਬੁੱਧ ਦੀਆਂ ਸਾਰੀਆਂ ਸਿੱਖਿਆਵਾਂ ਦਾ। ਭਾਰਤ ਦਾ ਸੰਵਿਧਾਨ ਯੋਗ ਵਸ਼ਿਸ਼ਟ ਵਿੱਚ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਦੱਸੇ ਹੋਏ ਕਥਨਾਂ ਨੂੰ ਵੀ ਆਪਣੇ ਜੀਵਨ 'ਚ ਅਪਣਾਉਣ ਲਈ ਆਖਦਾ ਹੈ। ਭਾਰਤ ਦਾ ਸੰਵਿਧਾਨ ਸਰਬੱਤ ਦੇ ਭਲੇ ਵਾਲੇ ਸਿਧਾਂਤ 'ਤੇ ਪਹਿਰਾ ਦਿੰਦਾ ਹੈ। ਭਾਰਤੀ ਸੰਵਿਧਾਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਬੇਗਮਪੁਰੇ ਦਾ ਆਦਰਸ਼ ਮਾਡਲ ਹੈ ਪਰ ਬਾਬਾ ਸਾਹਿਬ ਅੰਬੇਡਕਰ ਦੇ ਫਲਸਫੇ ਦੇ ਤਹਿਤ ਜਿਊਣ ਦਾ ਦਾਅਵਾ ਕਰਨ ਵਾਲੇ ਉਨ੍ਹਾਂ ਦੇ ਪੈਰੋਕਾਰ ਨਾ ਚਾਹੁੰਦੇ ਹੋਏ ਵੀ ਇਸ ਸਮੇਂ ਬਾਬਾ ਸਾਹਿਬ ਨੂੰ ਭਗਵਾਨ ਦਾ ਦਰਜਾ ਦੇਣ ਵਿੱਚ ਲੱਗੇ ਹੋਏ ਹਨ, ਹਾਲਾਂਕਿ ਕਿ ਉਨ੍ਹਾਂ ਦੇ ਪੈਰੋਕਾਰਾਂ ਦੀ ਨੀਯਤ ਬਿਲਕੁਲ ਸਾਫ ਹੈ ਪਰ ਨੀਤੀ ਠੀਕ ਨਾ ਹੋਣ ਕਰਕੇ ਇਸ ਸਮੇਂ ਬਾਬਾ ਸਾਹਿਬ ਅੰਬੇਡਕਰ ਦਾ ਬ੍ਰਾਹਮਣੀਕਰਣ ਕੀਤਾ ਜਾ ਰਿਹਾ ਹੈ। ਹਾਲਾਂਕਿ ਬਾਬਾ ਸਾਹਿਬ ਅੰਬੇਡਕਰ ਨੇ ਆਪਣੇ ਜੀਵਨ ਵਿੱਚ ਸਪੱਸ਼ਟ ਕਰ ਦਿੱਤਾ ਕਿ ਤਥਾਗਤ ਬੁੱਧ ਕੋਈ ਧਰਮ ਨਹੀਂ ਹੈ। ਇਹ ਤਾਂ ਇਕ ਰਾਹ ਹੈ, ਜਿਹੜਾ ਚੰਗੇ ਕੰਮ ਕਰਨ ਦਾ ਸੰਕਲਪ ਦਿਵਾਉਂਦਾ ਹੈ ਅਤੇ ਇਸ ਰਾਹ 'ਤੇ ਚੱਲ ਕੇ ਆਦਮੀ ਚਰਿੱਤਰਵਾਨ ਤੇ ਬੁੱਧੀਮਾਨ ਬਣ ਸਕਦਾ ਹੈ। ਇਸ ਸਮੇਂ ਪੂਰੇ ਭਾਰਤ ਵਿੱਚ ਬਾਬਾ ਸਾਹਿਬ ਅੰਬੇਡਕਰ ਜੀ ਦੇ 5 ਲੱਖ ਤੋਂ ਉੱਪਰ  ਬੁੱਤ ਲੱਗੇ ਹੋਏ ਹਨ, ਜਦ ਕਿ ਬਾਬਾ ਸਾਹਿਬ ਖੁਦ ਆਖਦੇ ਸਨ ਕਿ ਉਹ ਬੁੱਤ ਪੂਜਾ ਨਹੀਂ, ਬੁੱਤਾਂ ਨੂੰ ਤੋੜਨ ਵਿੱਚ ਵਿਸ਼ਵਾਸ ਰੱਖਦੇ ਹਨ। ਅੱਜ-ਕੱਲ੍ਹ ਘਰ-ਘਰ, ਗਲ੍ਹੀ-ਗਲ੍ਹੀ ਬਾਬਾ ਸਾਹਿਬ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ, ਕੇਕ ਕੱਟੇ ਜਾ ਰਹੇ ਹਨ, ਦੀਪਮਾਲਾ ਕੀਤੀ ਜਾ ਰਹੀ ਹੈ, ਲੰਗਰ ਲਗਾਏ ਜਾ ਰਹੇ ਹਨ, ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਗ੍ਰਾਂਟਾਂ ਦੇ ਚੱਕਰ 'ਚ ਕੁਝ ਲੋਕਾਂ ਨੂੰ ਮਾਨ-ਸਨਮਾਨ ਵੀ ਦਿੱਤਾ ਜਾਂਦਾ ਹੈ ਪਰ ਬਾਬਾ ਸਾਹਿਬ ਦੇ ਫਲਸਫੇ ਦਾ ਨਚੋੜ ਭਾਰਤੀ ਸੰਵਿਧਾਨ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਉਣ ਲਈ ਬਹੁਤ ਘੱਟ ਵਿਅਕਤੀ ਯੋਗਦਾਨ ਪਾ ਰਹੇ ਹਨ। ਜੇਕਰ ਬਾਬਾ ਸਾਹਿਬ ਦੇ ਤਿੰਨ ਮੂਲ ਮੰਤਰ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾ ਮੂਲ ਮੰਤਰ ਸਿੱਖਿਆ ਹੈ। ਭਾਰਤ ਦਾ ਸਿੱਖਿਆ ਦਾ ਸਿਸਟਮ ਇਸ ਸਮੇਂ ਰਾਜਨੀਤਿਕ ਪਾਰਟੀਆਂ ਅਤੇ ਸਮਾਜ ਦੇ ਸਮਾਜਿਕ ਲੀਡਰਾਂ ਦੀ ਡਰਾਮੇਬਾਜ਼ੀ ਦੀ ਭੇਂਟ ਚੜ੍ਹ ਚੁੱਕਾ ਹੈ। ਹਰ ਰਾਜਨੀਤਿਕ ਪਾਰਟੀ ਵਿੱਚ ਬੈਠਾ ਦਲਿਤ ਲੀਡਰ ਦਲਿਤਾਂ ਦਾ ਰਾਜ ਚਾਹੁੰਦਾ ਹੈ ਪਰ ਰਾਜ-ਪਾਠ ਲਿਆਉਣ ਲਈ ਦਲਿਤ ਵੋਟਰ ਨੂੰ ਜਾਗ੍ਰਿਤ ਕਰਨ ਲਈ ਬਿਲਕੁਲ ਤਿਆਰ ਨਹੀਂ ਹੈ। ਇਸ ਮਾਮਲੇ ਵਿੱਚ ਪੰਜਾਬ ਦੀ ਉਦਾਹਰਣ ਲੈ ਲਓ, ਇਸ ਸਮੇਂ ਪੰਜਾਬ ਵਿੱਚ ਤਕਰੀਬਨ ਚਾਰ ਲੱਖ ਬੱਚਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਅਧੀਨ ਆਉਂਦਾ ਹੈ ਪਰ ਇਹ ਸਿਰਫ ਨਾਂ ਦੀ ਹੀ ਸਕੀਮ ਬਣ ਕੇ ਰਹਿ ਗਈ ਹੈ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਉਹ ਦਲਿਤ ਪਰਿਵਾਰ ਆਉਂਦੇ ਹਨ, ਜਿਨ੍ਹਾਂ ਦਲਿਤ ਪਰਿਵਾਰਾਂ ਦੀ ਸਾਲਾਨਾ ਆਮਦਨ 2.50 ਲੱਖ ਰੁਪਏ ਤੋਂ ਘੱਟ ਹੈ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਆਉਣ ਵਾਲੇ ਬੱਚਿਆਂ ਦੀ ਕਿਸੇ ਵੀ ਕਾਲਜ 'ਚ ਕਿਸੇ ਵੀ ਤਰ੍ਹਾਂ ਦੀ ਫੀਸ ਨਹੀਂ ਲਈ ਜਾਣੀ ਅਤੇ ਉਸ ਬੱਚੇ ਨੂੰ ਸਕਾਲਰਸ਼ਿਪ ਵੀ ਮਿਲਣੀ ਹੈ, ਇਸ ਦੇ ਲਿਖਤੀ ਹੁਕਮ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੇ ਜਾਰੀ ਵੀ ਕੀਤੇ ਹੋਏ ਹਨ। ਪਿਛਲੇ 5 ਸਾਲਾਂ ਵਿੱਚ ਪੰਜ ਲੱਖ ਬੱਚਾ ਪੈਸੇ ਦੁੱਖੋਂ +2 ਕਰਕੇ ਆਪਣੇ ਘਰ ਬੈਠ ਗਿਆ ਪਰ ਇਸ ਸਕੀਮ ਦਾ ਫਾਇਦਾ ਉਹ ਨਾ ਲੈ ਸਕਿਆ, ਕਿਉਂਕਿ ਉਸ ਨੂੰ ਜਾਣਕਾਰੀ ਨਹੀਂ ਸੀ ਅਤੇ ਨਾ ਹੀ ਪੰਜਾਬ ਸਰਕਾਰ ਤੇ ਵਿਰੋਧੀ ਧਿਰ ਇਸ ਸਕੀਮ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਚਾਹੁੰਦੀ ਹੈ, ਇੱਥੇ ਇਹ ਵੀ ਜ਼ਿਕਰਯੋਗ ਗੱਲ ਹੈ ਕਿ ਦਲਿਤ ਚਿੰਤਨ ਮੰਥਨ ਕਰਨ ਵਾਲੀ ਪਾਰਟੀ ਬਹੁਜਨ ਸਮਾਜ ਪਾਰਟੀ ਨੇ ਵੀ ਇਸ ਸਕੀਮ ਤਹਿਤ ਕੋਈ ਠੋਸ ਰਣਨੀਤੀ ਨਹੀਂ ਬਣਾਈ, ਜਦ ਕਿ ਉਨ੍ਹਾਂ ਨੂੰ ਪਤਾ ਵੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹੀ ਬੱਚੇ ਕਿਸੇ ਨਾ ਕਿਸੇ ਰਾਜਨੀਤਿਕ ਪਾਰਟੀ ਦੇ ਵੋਟਰ ਵੀ ਬਣਨਗੇ ਪਰ ਇੰਝ ਲੱਗਦਾ ਹੈ ਕਿ ਬਾਬਾ ਸਾਹਿਬ ਅੰਬੇਡਕਰ ਦੇ ਪੈਰੋਕਾਰਾਂ ਦਾ ਪੂਰਾ ਜ਼ੋਰ ਬਾਬਾ ਸਾਹਿਬ ਅੰਬੇਡਕਰ ਨੂੰ ਰੱਬ ਬਣਾਉਣ ਵਿੱਚ ਲੱਗਿਆ ਹੋਇਆ ਹੈ, ਕਿਉਂਕਿ ਉਨ੍ਹਾਂ ਕੋਲ ਦਲੀਲ ਹੈ ਕਿ ਵਿਅਕਤੀ ਰੱਬ ਵਾਲੇ ਕੰਮ ਨਹੀਂ ਕਰ ਸਕਦਾ, ਇਸ ਕਰਕੇ ਉਹ ਬਾਬਾ ਸਾਹਿਬ ਨੂੰ ਪੂਜ ਤਾਂ ਸਕਦੇ ਹਨ ਪਰ ਬਾਬਾ ਸਾਹਿਬ ਦੇ ਦੱਸੇ ਰਾਹਾਂ 'ਤੇ ਨਹੀਂ ਚੱਲ ਸਕਦੇ। ਬਾਬਾ ਸਾਹਿਬ ਦੇ ਰੱਬ ਬਣਦੇ ਹੀ ਉਨ੍ਹਾਂ ਦੇ ਪੈਰੋਕਾਰਾਂ ਨੂੰ ਉਨ੍ਹਾਂ ਦੇ ਫਲਸਫੇ 'ਤੇ ਨਾ ਚੱਲਣ ਦੀ ਛੋਟ ਮਿਲ ਜਾਂਦੀ ਹੈ। ਇਹੋ ਹੀ ਕਾਰਨ ਹੈ ਕਿ ਅੱਜ-ਕੱਲ੍ਹ ਦੇ ਨੌਜਵਾਨ ਬਾਬਾ ਸਾਹਿਬ ਅੰਬੇਡਕਰ ਦੀ ਰਾਹ 'ਤੇ ਚੱਲਣ ਦੀ ਥਾਂ ਉਨ੍ਹਾਂ ਨੂੰ ਪੂਜਣ ਵਿੱਚ ਵਿਸ਼ਵਾਸ ਰੱਖਣ ਲੱਗ ਪਏ ਹਨ, ਜਦ ਕਿ ਇਸ ਦੇ ਉਲਟ ਬਾਬਾ ਸਾਹਿਬ ਚਿੱਤਰ ਪੂਜਾ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਸੀ ਰੱਖਦੇ, ਉਹ ਚਰਿੱਤਰਵਾਨ ਬਣਨ ਵਿੱਚ ਵਿਸ਼ਵਾਸ ਰੱਖਦੇ ਸਨ।                                                                                                                            - ਅਜੇ ਕੁਮਾਰ

Monday 4 July 2016

'ਜਿਹੜਾ ਕੰਮ ਕਰਨਾ ਸੀ ਉਹ ਕੀਤਾ ਨਹੀਂ, ਜੋ ਕੀਤਾ ਉਹ ਕਿਸੇ ਕੰਮ ਦਾ ਨਹੀਂ'

ਮਿਸ਼ਨਰੀ ਕਵੀ ਗੁਰਦਾਸ ਰਾਮ ਆਲਮ ਦੀ ਕਵਿਤਾ ਦੀਆਂ ਇਹ ਸਤਰਾਂ ਅੱਜ ਦੇ ਮੇਰੇ ਲੇਖ ਦਾ ਸਾਰ ਹਨ। ਸਰਕਾਰਾਂ ਨੇ ਯੁਗਪੁਰਸ਼ ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ ਨਾ ਅਪਣਾ ਕੇ ਭਾਰਤ ਨੂੰ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਬਹੁਤ ਪਿਛਾਂਹ ਕਰ ਦਿੱਤਾ ਹੈ, ਜਿਸ ਦਾ ਖਮਿਆਜ਼ਾ ਭਾਰਤ ਦੀ 125 ਕਰੋੜ ਜਨਤਾ ਭੁਗਤ ਰਹੀ ਹੈ। ਆਮ ਤੌਰ 'ਤੇ ਬੁੱਧੀਮਾਨ ਲੋਕ ਆਮ ਆਦਮੀ ਨੂੰ ਔਖੀ ਗੱਲ ਸਮਝਾਉਣ ਲਈ ਕਹਾਣੀਆਂ ਦਾ ਸਹਾਰਾ ਲੈਂਦੇ ਹਨ। ਬਚਪਨ ਵਿੱਚ ਮੈਂ ਵੀ ਇਕ ਕਹਾਣੀ ਪੜ੍ਹੀ ਸੀ ਜੋ ਅੱਜ ਵੀ ਮੇਰੇ ਜ਼ਿਹਨ ਵਿੱਚ ਹੈ, ਜਿਸ ਵਿੱਚ ਇਕ ਲੱਕੜਹਾਰਾ ਉਸੇ ਹੀ ਟਾਹਣੀ ਨੂੰ ਵੱਢ ਰਿਹਾ ਹੁੰਦਾ ਹੈ, ਜਿਸ 'ਤੇ ਉਹ ਬੈਠਾ ਹੁੰਦਾ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਕਰਨ ਤੋਂ ਬਾਅਦ ਨਤੀਜਾ ਉਹ ਦਰੱਖ਼ਤ ਤੋਂ ਡਿੱਗ ਕੇ ਰੋਜ਼ੀ-ਰੋਟੀ ਕਮਾਉਣ ਦੀ ਥਾਂ ਆਪਣੀ ਲੱਤ ਤੁੜਵਾ ਕੇ ਬੈਠ ਜਾਂਦਾ ਹੈ। ਇਸੇ ਤਰ੍ਹਾਂ ਭਾਰਤ ਦੀਆਂ ਸਰਕਾਰਾਂ ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਅਮਲੀ ਜਾਮਾ ਨਾ ਪਹਿਨਾ ਕੇ ਠੀਕ ਉਸੇ ਲੱਕੜਹਾਰੇ ਵਾਂਗ ਦੇਸ਼ ਨੂੰ ਤਰੱਕੀ ਦੀਆਂ ਲੀਹਾਂ 'ਤੇ ਤੋਰਨ ਦੀ ਥਾਂ ਦੇਸ਼ ਵਿੱਚ ਤਰੱਕ ਪਾ ਰਹੀਆਂ ਹਨ। ਅੱਜ ਭਾਰਤ ਦੀ 60 ਪ੍ਰਤੀਸ਼ਤ ਧਰਤੀ ਵੱਖ-ਵੱਖ ਤਰ੍ਹਾਂ ਦੇ ਅੱਤਵਾਦਾਂ ਨਾਲ ਜੂਝ ਰਹੀ ਹੈ। ਪੂਰੇ ਵਿਸ਼ਵ ਦੇ ਦੇਸ਼ਾਂ ਵਿੱਚੋਂ ਸਭ ਤੋਂ ਵੱਧ ਪ੍ਰਤੀਸ਼ਤ ਦਰ ਨੌਜਵਾਨਾਂ ਦੀ ਭਾਰਤ ਵਿੱਚ ਹੈ। ਭਾਰਤ 'ਚ ਲੱਗਭਗ 65 ਪ੍ਰਤੀਸ਼ਤ ਨੌਜਵਾਨ ਹਨ ਪਰ ਇਹ ਵਿਚਾਰੇ ਤਕਰੀਬਨ ਸਾਰੇ ਦਿਸ਼ਾਹੀਣ ਹਨ। ਸਰਕਾਰਾਂ ਕੋਲ ਇਨ੍ਹਾਂ ਲਈ ਕੋਈ ਪ੍ਰੋਗਰਾਮ ਨਹੀਂ ਹੈ। ਭਾਰਤ ਦੇ 85 ਪ੍ਰਤੀਸ਼ਤ ਲੋਕਾਂ ਕੋਲ ਮੁਢਲੀਆਂ ਸਹੂਲਤਾਂ ਰੋਟੀ, ਕੱਪੜਾ, ਮਕਾਨ, ਸਿਹਤ, ਸਿੱਖਿਆ, ਰੋਜ਼ਗਾਰ ਨਹੀਂ ਹਨ। ਭਾਰਤ ਵਿੱਚ ਸੰਤ, ਨੇਤਾ, ਗੁਰੂ, ਸਰਕਾਰੀ ਨੌਕਰ ਇੱਥੋਂ ਤੱਕ ਕਿ ਸ਼ਹੀਦ ਦੀ ਵੀ ਪਰਿਭਾਸ਼ਾ ਬਦਲ ਚੁੱਕੀ ਹੈ। ਉਦਾਹਰਣ ਦੇ ਤੌਰ 'ਤੇ ਸ਼ਹੀਦਾਂ ਦੇ ਸਿਰਤਾਜ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ, ਸ਼ਹੀਦ ਊਧਮ ਸਿੰਘ, ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਮਾਤਾ ਦੀਨ ਭੰਗੀ ਅਤੇ ਝਲਕਾਰੀ ਬਾਈ ਦੇ ਨਾਲ ਉਨ੍ਹਾਂ ਲੋਕਾਂ ਨੂੰ ਵੀ ਸ਼ਹੀਦ ਕਰਾਰ ਦੇਣ ਦੀ ਮੰਗ ਭਾਰਤ ਵਿੱਚ ਉੱਠ ਰਹੀ ਹੈ, ਜਿਨ੍ਹਾਂ ਲੋਕਾਂ ਨੇ ਕਈ ਵਾਰ ਭਾਰਤ ਦੀ ਸ਼ਾਂਤੀ ਨੂੰ ਭੰਗ ਕੀਤਾ ਅਤੇ ਨਿਰਦੋਸ਼ ਲੋਕਾਂ ਨੂੰ ਮਾਰਨ ਦੀ ਯੋਜਨਾ ਬਣਾਈ ਅਤੇ ਯੋਜਨਾ ਵਿੱਚ ਆਪ ਵੀ ਸ਼ਾਮਿਲ ਹੋਏ। ਭਾਰਤ ਵਿੱਚ ਵਿਅਕਤੀ ਦੀਆਂ ਕਦਰਾਂ-ਕੀਮਤਾਂ ਦੀ ਘਾਟ ਤਾਂ ਸਦੀਆਂ ਤੋਂ ਪਾਈ ਜਾਂਦੀ ਹੈ ਪਰ 19ਵੀਂ ਤੇ 20ਵੀਂ ਸਦੀ ਦੇ ਯੁਗਪੁਰਸ਼ ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ ਸਵਾਮੀ ਵਿਵੇਕਾਨੰਦ ਜੀ ਦੇ ਇਸ ਵਿਚਾਰ ਨੂੰ ਹੋਰ ਬਲ ਦਿੰਦੀ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ''ਮੈਂ ਉਸ ਨੂੰ ਭਗਵਾਨ ਮੰਨਦਾ ਹਾਂ, ਜਿਸ ਨੂੰ ਮੂਰਖ ਲੋਕ ਮਨੁੱਖ ਕਹਿੰਦੇ ਹਨ। ਬਾਬਾ ਸਾਹਿਬ ਦੀ ਵਿਚਾਰਧਾਰਾ ਦਾ ਹੀ ਹਿੱਸਾ ਹੈ ਭਾਰਤੀ ਸੰਵਿਧਾਨ। ਜੇਕਰ ਭਾਰਤੀ ਸੰਵਿਧਾਨ ਪੂਰੀ ਤਰ੍ਹਾਂ ਲਾਗੂ ਹੋ ਜਾਵੇ ਤਾਂ ਫਿਰ ਭਾਰਤ ਦਾ ਨੌਜਵਾਨ ਸਭ ਕੁਝ ਵੇਚ-ਵੱਟ ਕੇ ਉਨ੍ਹਾਂ ਗੋਰਿਆਂ ਕੋਲ ਜਾ ਕੇ ਗੁਲਾਮੀ ਨਹੀਂ ਕਰੇਗਾ, ਜਿਨ੍ਹਾਂ ਨੇ 200 ਸਾਲ ਭਾਰਤ 'ਤੇ ਰਾਜ ਕੀਤਾ। ਉਹ ਉਨ੍ਹਾਂ ਅਰਬ ਕੰਟਰੀਆਂ ਵਿੱਚ ਜਾ ਕੇ ਧੱਕੇ ਨਹੀਂ ਖਾਏਗਾ, ਜਿੱਥੇ ਮੁਗਲਾਂ ਨੇ ਭਾਰਤ ਦੀਆਂ ਅਬਲਾ ਨਾਰੀਆਂ ਨੂੰ ਟਕੇ-ਟਿੰਡ ਵੇਚਿਆ ਪਰ ਸਮੇਂ ਦੀਆਂ ਹਕੂਮਤਾਂ ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ ਨੂੰ ਲਾਗੂ ਇਸ ਕਰਕੇ ਨਹੀਂ ਕਰਦੀਆਂ, ਕਿਉਂਕਿ ਇਨ੍ਹਾਂ ਨੂੰ ਪਤਾ ਹੈ ਕਿ ਭਾਰਤੀ ਸੰਵਿਧਾਨ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ 'ਸਰਬੱਤ ਦਾ ਭਲਾ' ਨੂੰ ਲਾਗੂ ਕਰਨ ਦਾ ਨਿਰਦੇਸ਼ ਦਿੰਦਾ ਹੈ। ਭਾਰਤ ਦਾ ਸੰਵਿਧਾਨ ਹੀ ਭਾਰਤ ਦੇ 125 ਕਰੋੜ ਲੋਕਾਂ ਨੂੰ ਇਕੱਠਾ ਰੱਖ ਰਿਹਾ ਹੈ। ਇਸ ਤੋਂ ਇਲਾਵਾ ਕੋਈ ਵੀ ਅਜਿਹੀ ਚੀਜ਼ ਨਹੀਂ ਹੈ, ਜਿਹੜੀ ਭਾਰਤ ਦੇ 125 ਕਰੋੜ ਲੋਕਾਂ ਨੂੰ ਇਕੱਠਾ ਕਰ ਸਕੇ ਪਰ ਫਿਰ ਵੀ ਭਾਰਤ ਦੇਸ਼ ਦੀਆਂ ਸਰਕਾਰਾਂ ਭਾਰਤ ਦੇ ਸੰਵਿਧਾਨ ਨੂੰ ਲਾਗੂ ਕਰਨ ਦੀ ਥਾਂ ਉਲਟਾ ਕਮਜ਼ੋਰ ਹੀ ਕਰ ਰਹੀਆਂ ਹਨ। ਦੂਜੇ ਪਾਸੇ ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ 'ਤੇ ਪਹਿਰਾ ਦੇਣ ਦੀ ਥਾਂ ਉਨ੍ਹਾਂ ਦੇ ਪੈਰੋਕਾਰ ਆਪਸ ਵਿੱਚ ਹੀ ਕਈ ਭਾਗਾਂ 'ਚ ਵੰਡੇ ਹੋਏ ਹਨ। ਆਪਸੀ ਫੁੱਟ ਨੂੰ ਲੁਕਾਉਣ ਲਈ ਬਾਬਾ ਸਾਹਿਬ ਦੇ ਪੈਰੋਕਾਰ ਸਾਰਾ ਦੋਸ਼ ਅੰਬੇਡਕਰ ਵਿਚਾਰਧਾਰਾ ਦੇ ਧੁਰ ਵਿਰੋਧੀ ਕਾਂਗਰਸ, ਆਰ. ਐੱਸ. ਐੱਸ. ਅਤੇ ਹੋਰਨਾਂ ਸਿਆਸੀ ਪਾਰਟੀਆਂ ਸਿਰ ਮੜ੍ਹਦੇ ਹਨ, ਜਦ ਕਿ ਬਾਬਾ ਸਾਹਿਬ ਦੇ ਪੈਰੋਕਾਰਾਂ ਨੂੰ ਚਾਹੀਦਾ ਹੈ ਕਿ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਸਭ ਤੋਂ ਪਹਿਲਾਂ ਭਾਰਤੀ ਸੰਵਿਧਾਨ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਉਣ ਲਈ ਇਕਜੁੱਟ ਹੋ ਕੇ ਜਾਗ ਕੇ ਸੰਘਰਸ਼ ਕਰਨ, ਕਿਉਂਕਿ ਬਾਬਾ ਸਾਹਿਬ ਦੇ ਪੈਰੋਕਾਰਾਂ ਦਾ ਭਾਰਤ ਦੇ ਸੰਵਿਧਾਨ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਉਣਾ ਇਸ ਕਰਕੇ ਵੀ ਲਾਜ਼ਮੀ ਹੈ, ਕਿਉਂਕਿ ਉਹ ਦੇਸ਼ ਦੇ ਅਸਲੀ ਵਾਰਸ ਹਨ। ਅਜਿਹਾ ਨਹੀਂ ਹੈ ਕਿ ਬਾਬਾ ਸਾਹਿਬ ਅੰਬੇਡਕਰ ਦੇ ਪੈਰੋਕਾਰ ਆਪਣਾ ਕੰਮ ਨਹੀਂ ਕਰ ਰਹੇ ਪਰ ਜੇ ਸਰਸਰੀ ਝਾਤ ਮਾਰੀਏ ਤਾਂ ਜ਼ਿਆਦਾਤਰ ਲੋਕ ਬਾਬਾ ਸਾਹਿਬ ਅੰਬੇਡਕਰ ਦਾ ਨਾਂ ਲੈ ਕੇ ਕੰਮ ਉਨ੍ਹਾਂ ਦੀ ਵਿਚਾਰਧਾਰਾ ਦੇ ਉਲਟ ਹੀ ਕਰ ਰਹੇ ਹਨ, ਜਿਸ ਦਾ ਸਮਾਜ ਅਤੇ ਦੇਸ਼ ਨੂੰ ਕੋਈ ਫਾਇਦਾ ਨਹੀਂ ਹੈ।       
                                                                                                                 - ਅਜੈ ਕੁਮਾਰ