Saturday 16 October 2021

ਕਨੇਡਾ ਜਾਂ ਪੰਜਾਬ -ਫਰਕ ਸਥਾਨ ਦਾ ਨਹੀਂ ਸਰਕਾਰ ਦਾ ਹੈ

ਇਕ ਪੁਰਾਣੀ ਕਹਾਣੀ ਯਾਦ ਆ ਗਈ, ਇਕ ਰਾਹਗੀਰ ਜੰਗਲ ’ਚੋਂ ਗੁਜਰ ਰਿਹਾ ਸੀ, ਉਸ ਨੇ ਜੰਗਲ ’ਚ ਇਕ ਝੌਂਪੜੀ ਦੇਖੀ, ਜਗਿਆਸਾ ਵਸ ਉਹ ਝੌਂਪੜੀ ’ਚ ਦਾਖਲ ਹੋਇਆ ਤੇ ਦੇਖਿਆ ਇਕ ਬੁੱਢੀ ਔਰਤ ਬੈਠੀ ਸੀ, ਉਸ ਨੇ ਬੁੱਢੀ ਤੋਂ ਪੁੱਛਿਆ, ਮਾਤਾ ਤੂੰ ਇਸ ਘਣੇ ਜੰਗਲ ’ਚ ਇਕੱਲੀ ਕਿਵੇਂ ਰਹਿੰਦੀ ਏਂ। ਬੁੱਢੀ ਨੇ ਦੱਸਿਆ ਕਿ ਮੇਰਾ ਵੀ ਪਰਿਵਾਰ ਸੀ, ਮੇਰੇ ਪਤੀ ਨੂੰ ਸ਼ੇਰ ਖਾ ਗਿਆ, ਮੇਰਾ ਮੁੰਡਾ ਵੀ ਸੀ, ਉਸ ਨੂੰ ਵੀ ਸ਼ੇਰ ਖਾ ਗਿਆ। ਰਾਹਗੀਰ ਨੇ ਕਿਹਾ ਕਿ ਜੰਗਲ ’ਚ ਆਦਮਖੋਰ ਸ਼ੇਰ ਹਨ ਤਾਂ ਇਥੇ ਜੀਣਾ ਤਾਂ ਫਿਰ ਬਹੁਤ ਮੁਸ਼ਕਲ ਹੈ, ਮਾਤਾ ਤੂੰ ਆਪਣਾ ਘਰ ਗੁਆਂਢੀ ਰਾਜ ਵਿੱਚ ਕਿਉ ਨਹੀਂ ਬਣਾ ਲੈਂਦੀ, ਬੁੱਢੀ ਮਾਤਾ ਨੇ ਕਿਹਾ ਔਕੜਾਂ ਬਹੁਤ ਹਨ ਪਰ ਮੈਂ ਕਿਸੇ ਵੀ ਕੀਮਤ ’ਤੇ ਆਪਣਾ ਘਰ ਨਹੀਂ ਛੱਡਣਾ, ਕਿਉਕਿ ਸਾਡਾ ਰਾਜਾ ਬਹੁਤ ਚੰਗਾ ਹੈ, ਉਹ ਸਾਰੀ ਜਨਤਾ ਦਾ ਪੂਰਾ ਧਿਆਨ ਰੱਖਦਾ ਹੈ। ਇਹ ਸਹੀ ਹੈ ਕਿ ਕਿਸੇ ਨੂੰ ਸੌਖੇ ਤਰੀਕੇ ਨਾਲ ਗੱਲ ਸਮਝਾਉਣ ਲਈ ਕਹਾਣੀਆਂ ਬਣਾਈਆਂ ਜਾਂਦੀਆਂ ਹਨ। ਬੁੱਢੀ ਆਪਣਾ ਪਤੀ, ਪੁੱਤ ਸ਼ੇਰ ਤੋਂ ਮਰਵਾ ਚੁੱਕੀ ਸੀ, ਫਿਰ ਵੀ ਘਰ ਛੱਡ ਕੇ ਰਾਜੀ ਨਹੀਂ ਕਿਉਕਿ ਰਾਜਾ ਚੰਗਾ ਹੈ। ਜੇਕਰ ਅੱਜ ਦੇ ਪੰਜਾਬ ਦੇ ਹਾਲਾਤ ਦੇਖੀਏ ਤਾਂ ਕਹਾਣੀ ਆਪਬੀਤੀ ਜਿਹੀ ਲਗਦੀ ਹੈ। ਅੱਜ ਪੰਜਾਬ ਦੇ ਹਰ ਦੂਜੇ ਨੌਜਵਾਨ ਦਾ ਸੁਪਨਾ ਹੈ ਕਿ ਕਿਸੇ ਵੀ ਤਰ੍ਹਾਂ ਉਹ ਅਮਰੀਕਾ, ਕਨੇਡਾ ਜਾਂ ਕਿਸੇ ਚੰਗੇ ਮੁਲਕ ਪਹੁੰਚ ਜਾਵੇ। ਉਸ ਲਈ ਭਾਵੇਂ ਉਸ ਨੂੰ ਕੁਝ ਵੀ ਹੀਲਾ-ਵਸੀਲਾ ਕਰਨਾ ਪੈ ਜਾਵੇ। 

ਮੇਰਾ ਬਚਪਨ ਦਾ ਮਿੱਤਰ ਜੋ ਕਨੇਡਾ ਦਾ ਵਸਨੀਕ ਹੋ ਚੁੱਕਾ ਹੈ, ਪਿਛਲੇ ਦਿਨੀਂ ਪੰਜਾਬ ’ਚ ਆਇਆ, ਮੇਰੇ ਨਾਲ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਲੱਗਾ, ਗੱਲਾਂ ਕਰਦੇ ਅੱਖਾਂ ਭਰ ਆਈਆਂ ਤੇ ਕਹਿਣ ਲੱਗਾ ਦੁਨੀਆਂ ਘੁੰਮ ਲਓ ਨਹੀਂ ਰੀਸਾਂ ਪੰਜਾਬ ਦੀਆਂ। ਮੈਂ ਕਿਹਾ ਕਿ ਜੇ ਇਹ ਗੱਲ ਹੈ ਤਾਂ ਛੱਡ ਪਰੇ ਕਨੇਡਾ ਆ ਜਾ ਵਾਪਸ ਸੋਹਣੇ ਪੰਜਾਬ ’ਚ। ਮੇਰੀ ਗੱਲ ਸੁਣ ਜਿਵੇਂ ਉਹ ਜਜਬਾਤੀ ਦੁਨੀਆਂ ਤੋਂ ਵਾਪਸ ਪਰਤ ਕੇ ਅਸਲੀ ਜ਼ਿੰਦਗੀ ’ਚ ਆ ਗਿਆ। ਕਹਿਣ ਲੱਗਾ ਕਿ ਮੇਰਾ ਆਉਣ ਨੂੰ ਦਿਲ ਤਾਂ ਸਚਮੁੱਚ ਕਰਦਾ ਹੈ, ਕਿਉਕਿ ਉਹ ਮੁਲਕ ਬੇਗਾਨਾ ਹੈ, ਉਥੇ ਦੀ ਭਾਸ਼ਾ ਵੱਖਰੀ ਹੈ, ਉਨ੍ਹਾਂ ਦਾ ਰਹਿਣ-ਸਹਿਣ ਵੀ ਅਲੱਗ ਹੈ, ਮੌਸਮ ਵੀ ਜ਼ਿਆਦਾਤਰ ਠੰਡਾ ਰਹਿੰਦਾ ਹੈ, ਖਾਣ-ਪੀਣ ਨੂੰ ਵੀ ਮਨ ਮੁਤਾਬਕ ਨਹੀਂ ਮਿਲਦਾ, ਜ਼ਿਆਦਾਤਰ ਗੋਰੀ ਚਮੜੀ ਵਾਲੇ ਸਾਨੂੰ ਤੁੱਛ ਨਿਗਾਹਾਂ ਨਾਲ ਦੇਖਦੇ ਹਨ, ਇੰਝ ਸਮਝ ਲਓ ਜਿਵੇਂ ਪੰਜਾਬ ’ਚ ਸਾਡਾ ਵਤੀਰਾ ਪ੍ਰਵਾਸੀਆਂ ਨਾਲ ਹੈ, ਉਵੇਂ ਕਨੇਡਾ ’ਚ ਪੰਜਾਬੀ ਇਕ ਤਰ੍ਹਾਂ ਬੇਗਾਨੇ ਹੀ ਹਨ, ਹਾਂ ਪਰ ਇਕ ਗੱਲ ਹੈ ਕਿ ਉਥੇ ਕਾਨੂੰਨ ਦਾ ਰਾਜ ਹੈ ਤੇ ਕਨੂੰਨ ਦੀ ਨਿਗ੍ਹਾ ’ਚ ਸਭ ਬਰਾਬਰ ਹਨ। ਕੋਈ ਕਿਸੇ ਨਾਲ ਧੱਕਾ ਨਹੀਂ ਕਰ ਸਕਦਾ, ਊਚ-ਨੀਚ, ਭੇਦਭਾਵ ਨਹੀਂ ਕਰ ਸਕਦਾ, ਇਮਾਨਦਾਰੀ ਪੂਰੀ ਹੈ, ਟੈਕਸ ਚੋਰੀ ਨਾਂਹ ਦੇ ਬਰਾਬਰ ਹੈ, ਸਰਕਾਰੀ ਤੰਤਰ ’ਚ ਭਿ੍ਰਸ਼ਟਾਚਾਰ ਨਹੀਂ ਹੈ। ਸਿੱਖਿਆ ਤੇ ਸਿਹਤ ਸੇਵਾਵਾਂ ਦੀ ਕੋਈ ਚਿੰਤਾ ਨਹੀਂ, ਇਹ ਕਨੇਡਾ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ। ਵਾਤਾਵਰਣ ਲਈ ਉਹ ਲੋਕ ਬਹੁਤ ਜਾਗਰੂਕ ਹਨ, ਉਨ੍ਹਾਂ ਦੀ ਸੋਚ ਵਿਗਿਆਨਕ ਹੈ, ਟਰੂਡੋ ਨੇ ਜਦ ਆਪਣਾ ਮੰਤਰੀ ਮੰਡਲ ਬਣਾਇਆ ਤਾਂ ਜਾਤਾਂ ਨੂੰ ਤਰਜੀਹ ਦੇਣ ਦੀ ਬਜਾਇ ਆਪਣੇ ਕਿੱਤੇ ਦੇ ਮਾਹਿਰਾਂ ਨੂੰ ਮੰਤਰੀ ਬਣਾਇਆ, ਜਿਵੇਂ ਅਰਥ ਸ਼ਾਸਤਰੀ ਨੂੰ ਵਿੱਤ ਮੰਤਰੀ, ਡਾਕਟਰ ਨੂੰ ਸਿਹਤ ਮੰਤਰੀ, ਖਿਡਾਰੀ ਨੂੰ ਖੇਡ ਮੰਤਰੀ ਬਣਾਇਆ। ਟਰੂਡੋ ਦੀ ਕੈਬਨਿਟ ’ਚ ਔਰਤਾਂ ਤੇ ਮਰਦਾਂ ਨੂੰ ਬਰਾਬਰ ਦੀ ਹਿੱਸੇਦਾਰੀ ਦਿੱਤੀ ਗਈ ਹੈ। ਮੰਤਰੀ ਮੰਡਲ ’ਚ 17 ਔਰਤਾਂ ਤੇ 17 ਹੀ ਪੁਰਸ਼ ਹਨ। ਮੈਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਫਰਕ ਪੰਜਾਬ ਤੇ ਕਨੇਡਾ ਦਾ। ਇਥੇ ਪੰਜਾਬ ਵਿੱਚ ਸਭ ਕੁਝ ਆਪਣਾ ਹੈ ਪਰ ਸੁਰੱਖਿਆ ਦੀ ਕੋਈ ਗਰੰਟੀ ਨਹੀਂ, ਉਥੇ ਸਭ ਕੁਝ ਬੇਗਾਨਾ ਹੈ ਪਰ ਸੁਰੱਖਿਆ ਦੀ ਪੂਰੀ ਗਰੰਟੀ ਹੈ, ਉਥੇ ਦਾ ਜੀਵਨ ਚਿੰਤਾ ਮੁਕਤ ਹੈ, ਕਹਿਣ ਦਾ ਭਾਵ ਪੰਜਾਬ ਤੇ ਕਨੇਡਾ ਦਾ ਫਰਕ ਕੋਈ ਸਥਾਨ ਦਾ ਫਰਕ ਨਹੀਂ ਬਲਕਿ ਸਰਕਾਰ ਦਾ ਹੈ। ਸਰਕਾਰ ਚੰਗੀ ਹੋਵੇ ਤਾਂ ਉਜਾੜ ’ਚ ਵੀ ਪੰਜਾਬ ਬਣਾ ਦਿੰਦੀ ਹੈ ਤੇ ਮਾੜੀਆਂ ਸਰਕਾਰਾਂ ਹੱਸਦੇ-ਵੱਸਦੇ ਪੰਜਾਬ ਨੂੰ ਵੀ ਉਜਾੜ ਦਿੰਦੀਆਂ ਹਨ। ਇਹ ਪੰਜਾਬ ਦੀ ਬਦਕਿਸਮਤੀ ਹੈ ਕਿ ਅਜੇ ਤੱਕ ਕੋਈ ਐਸੀ ਸਰਕਾਰ ਨਹੀਂ ਮਿਲੀ ਜੋ ਲੋਕਾਂ ਦੇ ਦੁੱਖ-ਤਕਲੀਫਾਂ ਨੂੰ ਸਮਝ ਸਕੇ, ਕੋਈ ਵਿਗਿਆਨਕ ਸੋਚ ਨਹੀਂ, ਕੋਈ ਦੂਰਦਰਸ਼ਤਾ ਨਹੀਂ, ਕੋਈ ਵਿਚਾਰ ਨਹੀਂ, ਕੋਈ ਇਮਾਨਦਾਰੀ ਨਹੀਂ, ਕੋਈ ਕਨੂੰਨ ਦਾ ਰਾਜ ਨਹੀਂ, ਰਾਜ ਦਾ ਮਤਲਬ ਲੁੱਟ-ਖੋਹ ਕਰ ਆਪਣੇ ਕੁਨਬੇ ਪਾਲਣਾ ਨਹੀਂ ਹੁੰਦਾ। ਪਰ ਇਸ ਲੁੱਟ-ਖੋਹ ਲਈ ਮੁੱਖ ਰੂਪ ਵਿੱਚ ਜ਼ਿੰਮੇਵਾਰ ਤਾਂ ਅਸੀਂ ਹੀ ਹਾਂ, ਅਸੀਂ ਲਾਲਚ ’ਚ ਆ ਕੇ ਵੋਟਾਂ ਪਾਉਦੇ ਹਾਂ, ਧਰਮ ਅਤੇ ਜਾਤ ਦੇ ਅਧਾਰ ’ਤੇ ਵੋਟਾਂ ਪਾਉਦੇ ਹਾਂ। ਪੰਜਾਬ ਦੀ ਰਾਜਨੀਤੀ ਦੇ ਘਾਗ ਖਿਡਾਰੀ ਸਾਡੀ ਮਾਨਸਿਕਤਾ ਅਤੇ ਸਾਡੀ ਸੋਚ ਨੂੰ ਕਮਜ਼ੋਰ ਕਰ ਚੁੱਕੇ ਹਨ, ਉਹ ਆਪਣੀ ਲੁੱਟ ਨੂੰ ਜਾਰੀ ਰੱਖਣ ਲਈ ਸਾਨੂੰ ਮੁਫ਼ਤ ਦਾ ਮਾਲ ਬਿਜਲੀ, ਪਾਣੀ, ਆਟਾ, ਲੈਪਟਾਪ, ਸਮਾਰਟ ਫੋਨ, ਸਾਇਕਲ, ਸ਼ਰਾਬ, ਭੁੱਕੀ, ਅਫੀਮ, ਚਿੱਟਾ, ਝਗੜੇ, ਦਲਾਲੀਆਂ ਆਦਿ ਦੇ ਕੇ ਅਸਲ ਮੁੱਦਿਆਂ ਤੋਂ ਭਟਕਾ ਦਿੰਦੇ ਹਨ ਤਾਂ ਜੋ ਉਨ੍ਹਾਂ ਤੋਂ ਕੋੋਈ ਪੁੱਛ ਨਾ ਸਕੇ ਕਿ ਭਾਈ ਪੰਜਾਬ ਤੇ 2 ਲੱਖ 75 ਹਜ਼ਾਰ ਕਰੋੜ ਦਾ ਕਰਜ਼ਾ ਕਿਸ ਨੇ, ਕਦੋਂ ਅਤੇ ਕਿਉ ਚੜਾਇਆ ਜਿਸ ਦਾ ਕਿ ਅੱਜ ਕੱਲ੍ਹ 10 ਹਜ਼ਾਰ ਕਰੋੜ ਸਲਾਨਾ ਵਿਆਜ ਦੇਣਾ ਮੁਸ਼ਕਲ ਹੋ ਗਿਆ ਹੈ ਤੇ ਇਹ ਮੁਫਤ ਦੀਆਂ ਘੋਸ਼ਣਾਵਾਂ ਕਰਕੇ ਲੀਡਰ ਕੀ ਸਾਬਤ ਕਰਨਾ ਚਾਹੁੰਦੇ ਹਨ ਕਿ ਅਸੀਂ ਬਿਲਕੁਲ ਮੂਰਖ ਹਾਂ। ਤੁਹਾਨੂੰ ਕੀ ਲੱਗਦੈ ਮੁਫ਼ਤ ਸਹੂਲਤਾਂ ਦੇਣ ਵਾਲੇ ਲੀਡਰ ਆਪਣੀਆਂ ਨਿੱਜੀ ਜਾਇਦਾਦਾਂ ਘਰ, ਜ਼ਮੀਨਾ, ਹੋਟਲ ਤੇ ਵਪਾਰਕ ਅਦਾਰੇ ਵੇਚ ਕੇ ਤੁਹਾਨੂੰ ਦੇਣਗੇ। ਇਹ ਬਿਲਕੁਲ ਸਰਾਸਰ ਝੂਠ ਹੈ। ਉਹ ਤੁਹਾਡੀ ਹੀ ਛਿੱਲ ਲਾਹ ਕੇ ਤੁਹਾਡੇ ਤੋਂ ਵੱਧ ਟੈਕਸ ਇਕੱਠਾ ਕਰਕੇ ਤੁਹਾਡੀ ਚਪੇੜ ਤੁਹਾਡੇ ਹੀ ਮੂੰਹ ’ਤੇ ਮਾਰਨਗੇ। ਯਾਦ ਰੱਖਿਓ ਇਹ ਮੁਫ਼ਤ ਦੀਆਂ ਸਹੂਲਤਾਂ ਤੁਹਾਡਾ ਵੋਟ ਲੈਣ ਲਈ ਰਾਜਨੀਤਕ ਪਾਰਟੀਆਂ ਵੱਲੋਂ ਰਿਸ਼ਵਤ ਦੀ ਆਫਰ ਹੈ ਤੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਨੇ ਕਿਹਾ ਸੀ ਕਿ ਆਪਣੀ ਵੋਟ ਦੀ ਇੱਜ਼ਤ ਆਪਣੀ ਧੀ-ਭੈਣ ਵਾਂਗ ਕਰਨਾ। ਇਹ ਵੀ ਗੱਲ ਸਾਨੂੰ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਹਰ ਇਕ ਨੂੰ ਵੋਟ ਦਾ ਅਧਿਕਾਰ ਦੁਆਉਣ ਲਈ ਬਾਬਾ ਸਾਹਿਬ ਅੰਬੇਡਕਰ ਨੇ ਆਪਣੀ, ਆਪਣੀ ਪਤਨੀ ਅਤੇ ਆਪਣੇ ਬੱਚਿਆਂ ਦੀ ਕੁਰਬਾਨੀ ਦੇ ਦਿੱਤੀ ਸੀ। ਸੁਰੱਖਿਅਤ ਜੀਵਨ ਤੇ ਭਵਿੱਖ ਮੰਗੋਗੇੇ ਤਾਂ ਕਨੇਡਾ ਬਣ ਜਾਊ ਤੇ ਜੇ ਮੁਫਤ ਦੇ ਦਿੱਤੇ ਲਾਲਚਾਂ ’ਚ ਫਸੇ ਤਾਂ ਪੰਜਾਬ ਦੇ ਹਾਲਾਤ ਤੁਹਾਡੇ ਸਾਹਮਣੇ ਹਨ। ਜਿਸ ਦਿਨ ਤੁਸੀਂ ਇਨ੍ਹਾਂ ਦੀਆਂ ਭਰਮਾਊ ਲਾਲਚਾਂ ’ਚ ਫਸਣ ਤੋਂ ਇਨਕਾਰ ਕਰ ਦਿੱਤਾ ਉਸ ਦਿਨ ਨਵੇਂ ਪੰਜਾਬ ਦੀ ਨੀਂਹ ਰੱਖੀ ਜਾਏਗੀ। ਸਾਨੂੰ ਲੁੱਟ-ਖੋਹ ਦੇ ਮਾਹਿਰਾਂ ਦੀ ਨਹੀਂ ਤਰਕਸ਼ੀਲ ਸੋਚ ਰੱਖਣ ਵਾਲਿਆਂ ਦੀ ਲੋੜ ਹੈ, ਜੋ ਜਾਤ ਧਰਮ ਤੋਂ ਉੱਠ ਕੇ ਨਵਾਂ ਪੰਜਾਬ ਸਿਰਜ ਸਕਣ।

-ਅਜੈ ਕੁਮਾਰ

   

Friday 11 June 2021

ਜਾਤਾਂ ਦੀ ਭੀੜ ਵਿੱਚ ਗੁਆਚਿਆ ਦਲਿਤ


150 ਪੀੜ੍ਹੀਆਂ ਦੀ ਗੁਲਾਮੀ ਦੇ ਖ਼ਾਤਮੇ ਦਾ ਮੁੱਢ ਬਾਬਾ ਸਾਹਿਬ ਅੰਬੇਡਕਰ ਜੀ ਨੇ ਆਪਣੇ ਪੂਰੇ ਜੀਵਨ ਦੇ ਸੰਘਰਸ਼ ਸਦਕਾ ਭਾਰਤ ਨੂੰ ਭਾਰਤੀ ਸੰਵਿਧਾਨ ਦੇ ਕੇ ਬੰਨ੍ਹ ਦਿੱਤਾ ਸੀ। ਭਾਰਤੀ ਸੰਵਿਧਾਨ ਨੂੰ ਲਾਗੂ ਹੋਣ ਦੇ 70 ਸਾਲ ਬਾਅਦ ਵੀ ਅੱਜ ਵੀ ਦਲਿਤਾਂ ਦੇ ਹਾਲਾਤ ਉਹ ਨਹੀਂ ਹਨ ਜਿਸ ਦਾ ਸੁਪਨਾ ਬਾਬਾ ਸਾਹਿਬ ਅੰਬੇਡਕਰ ਨੇ ਦੇਖਿਆ ਸੀ। ਉਸ ਦਾ ਮੁੱਖ ਕਾਰਣ ਹੈ ਭਾਰਤ ਦੇ ਸੰਵਿਧਾਨ ਦਾ ਪੂਰੀ ਇਮਾਨਦਾਰੀ ਨਾਲ ਲਾਗੂ ਨਾ ਹੋਣਾ। ਬਾਬਾ ਸਾਹਿਬ ਅੰਬੇਡਕਰ ਨੇ ਜਿਹੜੀਆਂ ਸਮਾਜਿਕ ਕੁਰੀਤੀਆਂ ਦੇ ਖ਼ਿਲਾਫ ਆਪਣੇ ਸਮਾਜ ਨੂੰ ਪੜ੍ਹ-ਲਿਖ ਕੇ ਇਕਜੁੱਟ ਹੋ ਕੇ ਉਨ੍ਹਾਂ ਦੇ ਨਾਲ ਲੜਨ ਲਈ ਕਿਹਾ ਸੀ। ਬਾਬਾ ਸਾਹਿਬ ਦਾ ਸਮਾਜ ਅੱਜ ਉਹ ਤਮਾਮ ਕੁਰੀਤੀਆਂ ਆਪਣੇ ਅੰਦਰ ਭਰ ਚੁੱਕਿਆ ਹੈ। ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ ਕਿ ਹਿੰਦੂ ਇਕ ਬਹੁਮੰਜ਼ਿਲਾ ਇਮਾਰਤ ਹੈ, ਜਿਹੜਾ ਜਿਸ ਇਮਾਰਤ ’ਚ ਜੰਮਿਆ ਹੈ, ਉਸੇ ਇਮਾਰਤ ’ਚ ਹੀ ਮਰ ਜਾਵੇਗਾ। ਅਸੀਂ ਵਿਚਾਰ ਕਰੀਏ ਕਿ ਕੀ ਦਲਿਤਾਂ ਵਿੱਚ ਵੀ ਹਿੰਦੂਆਂ ਦਾ ਇਹੋ ਸਿਸਟਮ ਪੂਰੀ ਤਰ੍ਹਾਂ ਲਾਗੂ ਨਹੀਂ ਹੈ? ਜੇਕਰ ਅਸੀਂ ਦਲਿਤ ਸਮਾਜ ਦੀ ਗੱਲ ਕਰੀਏ ਤਾਂ ਸਵਾਲ ਪੈਦਾ ਹੁੰਦਾ ਹੈ ਦਲਿਤ ਹੈ ਕਿੱਥੇ? ਜਿਵੇਂ ਅਸੀਂ ਕਿਸੇ ਕਰਿਆਨੇ ਦੀ ਦੁਕਾਨ ’ਤੇ ਲਿਖਿਆ ਪੜ੍ਹਦੇ ਹਾਂ ਕਿ ਕਰਿਆਨਾ ਜਨਰਲ ਸਟੋਰ, ਪਰ ਜਦੋਂ ਅਸੀਂ ਉਸ ਦੁਕਾਨ ਦੇ ਮਾਲਕ ਨੂੰ ਕਹੀਏ ਕਿ ਦੋ ਕਿਲੋ ਕਰਿਆਨਾ ਦੇ ਦੇ ਤਾਂ ਉਹ ਕਹੇਗਾ ਕਿ ਕਰਿਆਨਾ ਨਾਂ ਦੀ ਕੋਈ ਚੀਜ਼ ਨਹੀਂ ਹੈ। ਉਹ ਕਹੇਗਾ ਮੇਰੇ ਕੋਲ ਆਟਾ, ਦਾਲ, ਖੰਡ, ਘਿਓ, ਲੂਣ, ਮਿਰਚ, ਮਸਾਲਾ, ਤੇਲ, ਸਾਬਣ ਆਦਿ ਹਰ ਚੀਜ਼ ਹੈ ਪਰ ਕਰਿਆਨਾ ਨਾਂ ਦੀ ਕੋਈ ਚੀਜ਼ ਨਹੀਂ ਹੈ। ਇਸੇ ਤਰ੍ਹਾਂ ਅੱਜ ਕਿਸੇ ਵੀ ਦਲਿਤ ਨੂੰ ਪੁੱਛੀਏ ਤਾਂ ਉਹ ਆਖਦਾ ਹੈ ਮੈਂ ਚਮਾਰ ਹਾਂ, ਮੈਂ ਵਾਲਮੀਕਨ ਹਾਂ, ਮੈਂ ਭਗਤ ਹਾਂ, ਮੈਂ ਰਾਏ ਸਿੱਖ ਹਾਂ, ਮੈਂ ਧੋਬੀ ਹਾਂ, ਉਸ ਵਿੱਚੋਂ ਦਲਿਤ ਕਿੱਧਰੇ ਨਜ਼ਰ ਨਹੀਂ ਆਉਦਾ। ਭਾਰਤ ਵਿੱਚ ਦਲਿਤਾਂ ਨੇ ਠੀਕ ਹਿੰਦੂਆਂ ਦੀ ਤਰ੍ਹਾਂ ਆਪਣੀ ਵਿਵਸਥਾ ਕਾਇਮ ਕਰਦੇ ਹੋਏ ਇਕ ਸੰਤਰੇ ਦੀ ਤਰ੍ਹਾਂ ਰੂਪ ਲੈ ਲਿਆ ਹੈ। ਜਿਵੇਂ ਸੰਤਰੇ ਦਾ ਬਾਹਰਲਾ ਹਿੱਸਾ ਬਹੁਤ ਨਾਜ਼ੁਕ ਹੁੰਦਾ ਹੈ, ਹਲਕਾ ਜਿਹਾ ਹੱਥ ਲਾਇਆਂ ਵੀ ਛਿਲਕਾ ਟੁੱਟ ਜਾਂਦਾ ਹੈ, ਤਾਂ ਅੰਦਰੋਂ ਸੰਤਰੇ ਦੀਆਂ ਫਾੜੀਆਂ ਅਲੱਗ-ਅਲੱਗ ਨਜ਼ਰ ਆਉਦੀਆਂ ਹਨ ਜਿਨ੍ਹਾਂ ਨੂੰ ਬੜੇ ਅਰਾਮ ਨਾਲ ਖਾਧਾ ਜਾ ਸਕਦਾ ਹੈ। ਇਸੇ ਕਰਕੇ ਦਲਿਤ ਸਮਾਜ ਦੀਆਂ ਸਮੱਸਿਆਵਾਂ ਸਾਂਝੀਆਂ ਹਨ। ਪਰ ਦਲਿਤ ਸਮਾਜ ਵਿੱਚ ਫਸੀਆਂ ਜਾਤਾਂ ਤੇ ਗੋਤਰ ਆਪਣੇ-ਆਪਣੇ ਢੰਗ ਨਾਲ ਇਨ੍ਹਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਨਤੀਜੇ ਵਜੋਂ ਦਲਿਤਾਂ ਦੀ ਤਰੱਕੀ ਬਹੁਤ ਮੱਧਮ ਰਫ਼ਤਾਰ ਨਾਲ ਹੋ ਰਹੀ ਹੈ ਤੇ ਦੂਜੇ ਪਾਸੇ ਗੈਰ-ਦਲਿਤਾਂ ਨੇ ਅਸਮਾਨ ਸਿਰ ’ਤੇ ਚੁੱਕਿਆ ਹੋਇਆ ਹੈ, ਦਲਿਤ ਓਹ ਲੈ ਗਏ, ਦਲਿਤ ਓਹ ਖਾ ਗਏ। ਉਦਾਹਰਣ ਵਜੋਂ ਪੂਰੇ ਭਾਰਤ ਵਿੱਚ ਤਕਰੀਬਨ 25 ਲੱਖ ਨੌਕਰੀ ਬੈਕਲਾਗ ਕੋਟੇ ਵਜੋਂ ਕੇਂਦਰ ਸਰਕਾਰ ਦੀ ਪਈ ਹੋਈ ਹੈ ਅਤੇ ਭਾਰਤ ਦੇ ਸਾਰੇ ਰਾਜਾਂ ਦੀ ਨੌਕਰੀਆਂ ਦੇ ਬੈਕਲਾਗ ਕੋਟੇ ਦੀ ਗੱਲ ਕਰੀਏ ਤਾਂ ਇਨ੍ਹਾਂ ਦਾ ਕੁੱਲ ਜੋੜ 50 ਲੱਖ ਤੋਂ ਪਾਰ ਪਹੁੰਚਦਾ ਹੈ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਜਿਹੜੇ ਪੱਖੋਂ ਦਲਿਤਾਂ ਨੇ ਮੁੱਖ ਤਰੱਕੀ ਕਰਨੀ ਹੈ, ਉਸ ਪੱਖੋਂ ਹੀ ਸਮੇਂ ਦੀਆਂ ਸਰਕਾਰਾਂ ਨੇ ਰੁਕਾਵਟ ਪੈਦਾ ਕੀਤੀ ਹੋਈ ਹੈ। ਮਜ਼ੇ ਵਾਲੀ ਗੱਲ ਇਹ ਹੈ ਕਿ ਹਰ ਸਟੇਟ ਅਤੇ ਕੇਂਦਰ ਵਿੱਚ ਹਰ ਪਾਰਟੀ ’ਚ ਦਲਿਤਾਂ ਦੇ ਨੁਮਾਇੰਦੇ ਬੈਠੇ ਹੋਏ ਹਨ। ਉਨ੍ਹਾਂ ਦੇ ਗਲੇ ਵਿੱਚ ਆਪਣੀ-ਆਪਣੀ ਪਾਰਟੀ ਦੀ ਤਖ਼ਤੀ ਹੈ। ਇਸ ਦੇ ਬਿਲਕੁਲ ਬਰਾਬਰ ਬਾਹਰ ਕੰਮ ਕਰ ਰਹੀਆਂ ਸਮਾਜਿਕ ਜਥੇਬੰਦੀਆਂ ਉਨ੍ਹਾਂ ਕੋਲ ਵੀ ਆਪਣਾ-ਆਪਣਾ ਬੈਨਰ ਹੈ ਅਤੇ ਉਹ ਇਕ-ਦੂਜੇ ਦੇ ਬੈਨਰ ਹੇਠਾਂ ਕਿਸੇ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੁੰਦੀਆਂ। ਭਾਵੇਂ ਭਾਰਤ ਵਿੱਚ 131 ਐਮ. ਪੀ., 1120 ਐਮ. ਐਲ. ਏ., ਲੱਖਾਂ ਪੰਚ-ਸਰਪੰਚ, ਹਜ਼ਾਰਾਂ ਕੌਂਸਲਰ ਹਨ ਪਰ ਫਿਰ ਵੀ ਦਲਿਤਾਂ ਦੀ ਤਰੱਕੀ ਦੇ ਰਾਹ ਖੋਲ੍ਹਣ ਵਿੱਚ ਇਹ ਸਾਰੇ ਆਪਣੀ ਮਜ਼ਬੂਰੀ ਦਰਸਾਉਦੇ ਹਨ। ਇਸ ਲਈ ਮੈਨੂੰ ਲੱਗਦਾ ਹੈ ਕਿ ਸਮੇਂ ਦੀ ਮੰਗ ਹੈ ਜਾਤ-ਗੋਤਰ ਦੀ ਲੜ੍ਹਾਈ ਛੱਡ ਕੇ ਅਸੀਂ ਜਮਾਤ ਦੀ ਲੜ੍ਹਾਈ ਲੜੀਏ ਤਾਂ ਜੋ ਰਾਜਸੱਤਾ ’ਤੇ ਬੈਠੇ ਲੋਕ ਦਲਿਤਾਂ ਦੇ ਮੁੱਦਿਆਂ ਨੂੰ ਹੱਲ ਕਰਨ ਵੱਲ ਧਿਆਨ ਦੇਣ ਨਾ ਕਿ ਦਲਿਤਾਂ ਨੂੰ ਅਹੁਦਿਆਂ ਦਾ ਲੌਲੀਪੱਪ ਦੇ ਕੇ ਹੀ ਉਨ੍ਹਾਂ ਦਾ ਮੂੰਹ ਬੰਦ ਕਰੀ ਰੱਖਣ। ਇਥੇ ਖਾਸ ਕਰਕੇ ਇਕ ਗੱਲ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਜਿਵੇਂ ਅੱਜ ਕੱਲ੍ਹ ਪੰਜਾਬ ਵਿੱਚ ਸਾਰੀਆਂ ਪਾਰਟੀਆਂ ਦਲਿਤਾਂ ਨੂੰ ਮੂਰਖ ਬਣਾਉਣ ਲਈ ਕੋਈ ਦਲਿਤ ਮੁੱਖਮੰਤਰੀ, ਕੋਈ ਦਲਿਤ ਉਪ ਮੁੱਖ ਮੰਤਰੀ ਕਹਿ ਰਿਹਾ ਹੈ ਤੇ ਕੋਈ ਦਲਿਤਾਂ ਨੂੰ ਵੱਡੇ-ਵੱਡੇ ਅਹੁਦਿਆਂ ’ਤੇ ਬਿਠਾ ਰਿਹਾ ਹੈ। 

ਇਥੇ ਪੰਜਾਬ ਦੇ ਸਾਰੇ ਦਲਿਤਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਕੀ ਜਿਹੜੀਆਂ ਵੀ ਪਾਰਟੀਆਂ ਦਲਿਤਾਂ ਨੂੰ ਮੁੱਖ ਮੰਤਰੀ, ਉਪ ਮੁੱਖ ਮੰਤਰੀ ਜਾਂ ਹੋਰ ਵੱਡੇ ਅਹੁਦੇ ਦੇਣ ਦੀ ਗੱਲ ਕਰਦੀਆਂ ਹਨ ਕੀ ਇਸ ਨਾਲ ਦਲਿਤਾਂ ਦੇ ਮਸਲੇ ਹੱਲ ਹੋ ਜਾਣਗੇ ਜੇ ਵਾਕਿਆ ਹੀ ਉਹ ਦਲਿਤਾਂ ਦੇ ਸਾਰੇ ਮਸਲੇ ਹੱਲ ਕਰਨਾ ਚਾਹੁੰਦੇ ਹਨ ਤਾਂ ਉਹ ਪੰਜਾਬ ਵਿੱਚ ਰਹਿ ਰਹੇ ਸਾਰੇ ਦਲਿਤਾਂ ਦੇ ਲਈ ਰੋਟੀ, ਕੱਪੜਾ, ਮਕਾਨ, ਸਿਹਤ, ਸਿੱਖਿਆ ਸੁਰੱਖਿਅਤ ਹੋਵੇ ਇਹ ਗੱਲ ਯਕੀਨੀ ਬਣਾਉਣ। 

ਅਜੇ ਕੁਮਾਰ   

Thursday 15 April 2021

ਮਹਾਨ ਯੁੱਗ ਪੁਰਸ਼ ਡਾ. ਬੀ. ਆਰ. ਅੰਬੇਡਕਰ


ਭੁੱਖ, ਪਿਆਸ, ਨੀਂਦ ਅਤੇ ਹਰ ਤਰ੍ਹਾਂ ਦਾ ਸਵਾਰਥ ਤਿਆਗ ਕੇ ਹਰ ਪਲ ਦੇਸ਼ ਲਈ ਜਿਊਣ ਵਾਲੇ ਮਹਾਨ ਯੁੱਗ ਪੁਰਸ਼ ਡਾ. ਬੀ. ਆਰ. ਅੰਬੇਡਕਰ ਜੀ ਦਾ ਜਨਮ 14 ਅਪ੍ਰੈਲ 1891 ਈ. ਨੂੰ ਮਹੂ (ਮੱਧ ਪ੍ਰਦੇਸ਼) ਵਿੱਚ ਸੂਬੇਦਾਰ ਰਾਮ ਜੀ ਰਾਓ ਦੇ ਘਰ ਹੋਇਆ। ਉਨ੍ਹਾਂ ਦੀ ਮਾਤਾ ਦਾ ਨਾਮ ਭੀਮਾ ਬਾਈ ਸੀ। ਛੋਟੀ ਉਮਰ ਵਿੱਚ ਹੀ ਉਨ੍ਹਾਂ ਦੀ ਮਾਤਾ ਜੀ ਦਾ ਦੇਹਾਂਤ ਹੋ ਗਿਆ ਅਤੇ ਭੀਮ ਰਾਓ ਜੀ ਦਾ ਪਾਲਣ-ਪੋਸ਼ਣ ਉਨ੍ਹਾਂ ਦੀ ਭੂਆ ਨੇ ਕੀਤਾ ਜੋ ਕੁੱਬੜੀ ਸੀ। ਪੂਰੀ ਦੁਨੀਆਂ ਅੱਜ ਡਾ. ਬੀ. ਆਰ. ਅੰਬੇਡਕਰ ਨੂੰ ਬਾਬਾ ਸਾਹਿਬ ਦੇ ਨਾਮ ਨਾਲ ਜਾਣਦੀ ਹੈ। ਜਿਸ ਸਮੇਂ ਉਨ੍ਹਾਂ ਦਾ ਜਨਮ ਹੋਇਆ ਉਸ ਸਮੇਂ ਦੇ ਸਾਮਾਜਿਕ ਹਾਲਾਤ ਤਾਂ ਬਹੁਤ ਭਿਅੰਕਰ ਸਨ ਹੀ, ਕੁਦਰਤ ਦਾ ਕਹਿਰ ਵੀ ਚਰਮ ਸੀਮਾ ਤੇ ਸੀ ਅਤੇ ਪਲੇਗ ਬੀਮਾਰੀ ਮਹਾਂਮਾਰੀ ਦਾ ਰੂਪ ਧਾਰਣ ਕਰ ਰਹੀ ਸੀ ਜਿਸ ਨਾਲ ਹਜ਼ਾਰਾਂ ਲੋਕਾਂ ਨੂੰ ਰੋਜ਼ ਮੌਤ ਦਾ ਨਿਵਾਲਾ ਬਣਨਾ ਪੈ ਰਿਹਾ ਸੀ। ਬਾਬਾ ਸਾਹਿਬ ਅੰਬੇਡਕਰ ਨੂੰ ਬਚਪਨ ਵਿੱਚ ਹੀ ਸਰਵਜਨਕ ਸਥਾਨਾਂ ’ਤੇ ਅਪਮਾਨ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਕਦਮ-ਕਦਮ ਤੇ ਅਪਮਾਨਿਤ ਹੋਣਾ ਪਿਆ ਪਰੰਤੂ ਉਨ੍ਹਾਂ ਨੇ ਅਪਮਾਨ ਦਾ ਬਦਲਾ ਲੈਣ ਲਈ ਕਿਸੇ ਨੂੰ ਅਪਮਾਨਤ ਕਰਨ ਦੀ ਬਜਾਇ ਆਪਣਾ ਧਿਆਨ ਪੂਰੀ ਇਮਾਨਦਾਰੀ ਨਾਲ ਦੇਸ਼ ਨੂੰ ਵਿਕਸਿਤ ਕਰਨ ਲਈ ਕੇੇਂਦਿ੍ਰਤ ਕੀਤਾ। ਦੇਸ਼ ਨੂੰ ਵਿਕਸਿਤ ਬਣਾਉਣ ਲਈ ਸਭ ਤੋਂ ਵੱਡੀ ਰੁਕਾਵਟ ਸੀ ਛੂਆਛਾਤ, ਭੇਦਭਾਵ ਅਤੇ ਜਾਤ-ਪਾਤ। ਸਭ ਤੋਂ ਪਹਿਲਾਂ ਬਾਬਾ ਸਾਹਿਬ ਅੰਬੇਡਕਰ ਨੇ ਇਸ ਲਾਇਲਾਜ ਬੀਮਾਰੀ ਦਾ ਇਲਾਜ ਕਰਨ ਲਈ ਦੋ ਸੂਤਰੀ ਪ੍ਰੋਗਰਾਮ ਝਾੜੂ ਅਤੇ ਹੰਟਰ ਤੇ ਜ਼ੋਰ ਦਿੱਤਾ। ਝਾੜੂ ਤੋਂ ਉਨ੍ਹਾਂ ਦਾ ਭਾਵ ਸੀ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਦੇ ਖਿਲਾਫ ਆਵਾਜ਼ ਬੁਲੰਦ ਕਰਕੇ ਵਿਵਹਾਰਿਕ ਰੂਪ ਵਿੱਚ ਸਮਾਜ ਨੂੰ ਸਾਫ਼-ਸੁਥਰਾ ਮਾਰਗ ਦਰਸ਼ਨ ਪ੍ਰਦਾਨ ਕਰਨਾ ਅਤੇ ਹੰਟਰ ਤੋੋਂ ਉਨ੍ਹਾਂ ਦਾ ਭਾਵ ਸੀ ਕਿ ਜਿਹੜੇ ਲੋਕ ਸਮਾਜ ਵਿੱਚ ਕੁਰੀਤੀਆਂ ਫੈਲਾਉਦੇ ਹਨ ਉਨ੍ਹਾਂ ਦੇ ਖਿਲਾਫ ਸਖਤ ਕਾਨੂੰਨ ਲਾਗੂ ਕਰਕੇ ਉਨ੍ਹਾਂ ਨੂੰ ਸਜ਼ਾ ਦੁਆਉਣਾ। ਉਨ੍ਹਾਂ ਦਾ ਸਪੱਸ਼ਟ ਮਤ ਸੀ ਕਿ ਧਰਮ ਆਦਮੀ ਲਈ ਹੈ ਆਦਮੀ ਧਰਮ ਲਈ ਨਹੀਂ ਹੈ ਇਸ ਲਈ ਧਰਮ ਦੇ ਨਾਂ ’ਤੇ ਪਾਖੰਡ ਅਤੇ ਵਪਾਰ ਦੇ ਉਹ ਸਖ਼ਤ ਖਿਲਾਫ ਸਨ। ਬਾਬਾ ਸਾਹਿਬ ਨੇ ਦੇਸ਼ ਨੂੰ ਮਜ਼ਬੂਤ ਕਰਨ ਲਈ ਸਭ ਤੋਂ ਪਹਿਲਾਂ ਜਾਤ-ਪਾਤ ਵਿਵਸਥਾ ਦਾ ਸਰਵਨਾਸ਼ ਕਰਨ ਲਈ ਅਖੌਤੀ ਪੁਰੋਹਿਤਾਂ ਨੂੰ ਧੂੜ ਚਟਾਉਦੇ ਹੋਏ ਅਤੇ ਦੱਬੇ-ਕੁਚਲੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਆਪਣੀ ਛਵੀ ਅਤੇ ਚਰਿੱਤਰ ਨੂੰ ਇੰਨਾ ਮਜ਼ਬੂਤ ਕਰ ਲਿਆ ਕਿ ਉਨ੍ਹਾਂ ਦੇ ਸਾਹਮਣੇ ਉਨ੍ਹਾਂ ਦੇ ਸਮਕਾਲੀਨ ਜ਼ਿਆਦਾਤਰ ਰਾਜਨੀਤਕ ਨੇਤਾ ਬੌਣੇ ਨਜ਼ਰ ਆਉਣ ਲੱਗੇ। ਬਾਬਾ ਸਾਹਿਬ ਦੀ ਬੁੱਧੀਮਤਾ, ਦਿ੍ਰੜ ਇਰਾਦੇ, ਸਖ਼ਤ ਮਿਹਨਤ ਅਤੇ ਬੁਲੰਦ ਹੌਸਲੇ ਦੀ ਬਦੌਲਤ ਬਾਬਾ ਸਾਹਿਬ ਨੂੰ ਆਜ਼ਾਦ ਭਾਰਤ ਦਾ ਸੰਵਿਧਾਨ ਬਣਾਉਣ ਲਈ ਮੁੱਖ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ। ਉਨ੍ਹਾਂ ਨੇ ਭਾਰਤ ਨੂੰ ਬੇਮਿਸਾਲ ਸੰਵਿਧਾਨ ਦਿੱਤਾ ਜੋ ਯੁੱਧ ਅਤੇ ਸ਼ਾਂਤੀ ਦੋੋਨੋਂ ਸਮੇਂ ਅਨੁਕੂਲ ਹੈ। ਬਾਬਾ ਸਾਹਿਬ ਅੰਬੇਡਕਰ ਨੇ ਦੇਸ਼ ਨੂੰ ਵਿਕਸਿਤ ਬਣਾਉਣ ਲਈ ਕਿਸਾਨ, ਮਜ਼ਦੂਰ, ਵਪਾਰੀ ਨੂੰ ਮਜ਼ਬੂਤ ਅਤੇ ਪ੍ਰਗਤੀਸ਼ੀਲ ਬਣਾਉਣ ਲਈ ਕਈ ਸੁਝਾਵ ਸਮੇਂ ਦੀਆਂ ਸਰਕਾਰਾਂ ਨੂੰ ਦਿੱਤੇ। ਪਰੰਤੂ ਸਰਕਾਰਾਂ ਨੇ ਬਾਬਾ ਸਾਹਿਬ ਦੇ ਸੁਝਾਆਂ ਵੱਲ ਧਿਆਨ ਦੇਣ ਦੀ ਬਜਾਏ ਆਪਣੇ ਹਿੱਤ ਸਾਧਣ ਵਿੱਚ ਹੀ ਜ਼ਿਆਦਾ ਦਿਲਚਸਪੀ ਦਿਖਾਈ। ਇਸੇ ਦਾ ਨਤੀਜਾ ਹੈ ਕਿ ਅੱਜ ਭਾਰਤ ਦੇਸ਼ ਹਰ ਤਰ੍ਹਾਂ ਦੇ ਕੁਦਰਤੀ ਸਾਧਨਾਂ ਤੋਂ ਭਰਪੂਰ ਹੋਣ ਦੇ ਬਾਵਜੂਦ ਵਿਕਸਿਤ ਦੇਸ਼ ਨਹੀਂ ਬਣ ਸਕਿਆ। ਬਾਬਾ ਸਾਹਿਬ ਨੇ ਸੰਵਿਧਾਨ ਲਿਖਣ ਵਿੱਚ ਆਪਣੀ ਮੁੱਖ ਭੂਮਿਕਾ ਜ਼ਰੂਰ ਨਿਭਾਈ ਪਰੰਤੂ ਸੰਵਿਧਾਨ ਨੂੰ ਉਹ ਆਪਣੀ ਸੋਚ ਦਾ ਸੰਵਿਧਾਨ ਬਣਾ ਕੇ ਲਾਗੂ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੇ। ਬਾਬਾ ਸਾਹਿਬ ਚਾਹੁੰਦੇ ਸਨ ਕਿ ਹਰ ਭਾਰਤੀ ਨੂੰ ਰੋਟੀ, ਕੱਪੜਾ, ਮਕਾਨ, ਸਿਹਤ, ਸਿੱਖਿਆ ਅਤੇ ਰੁਜ਼ਗਾਰ ਦੇਣਾ ਸਰਕਾਰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝੇ ਅਤੇ ਇਨ੍ਹਾਂ ਸਭ ਨੂੰ ਸੰਵਿਧਾਨ ਵਿੱਚ ਮੌਲਿਕ ਅਧਿਕਾਰਾਂ ਵਿੱਚ ਸ਼ਾਮਲ ਕਰੇ। ਬਾਬਾ ਸਾਹਿਬ ਹਰ ਇਕ ਭਾਰਤੀ ਨੂੰ ਸਹੀ ਸਿੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਹੋਵੇ, ਇਸ ਗੱਲ ’ਚ ਵਿਸ਼ੇਸ਼ ਰੁਚੀ ਰੱਖਦੇ ਸਨ ਤੇ ਜ਼ੋਰ ਦਿੰਦੇ ਸਨ। ਸਹੀ ਸਿੱਖਿਆ ਤੋਂ ਉਨ੍ਹਾਂ ਦਾ ਭਾਵ ਸੀ ਕਿ ਹਰ ਵਿਅਕਤੀ ਨੂੰ ਇਹ ਪਤਾ ਹੋਵੇ ਕਿ ਪੂਰਾ ਰਾਸ਼ਟਰ ਉਸਦੀ ਨਿੱਜੀ ਸੰਪੱਤੀ ਹੈ ਅਤੇ ਰਾਸ਼ਟਰ ਦੀ ਸੰਪੱਤੀ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਉਹ ਖੁਦ ਪਹੁੰਚਾਵੇ ਅਤੇ ਨਾ ਹੀ ਦੂਜਿਆਂ ਨੂੰ ਪਹੁੰਚਾਉਣ ਦੇਵੇ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਬਾਬਾ ਸਾਹਿਬ ਅੰਬੇਡਕਰ ਨੇ ਇਕ ਵਾਰ ਸਭਾ ਵਿੱਚ ਆਪਣੇ ਭਾਸ਼ਣ ਦੌਰਾਨ ਇਹ ਕਿਹਾ ਸੀ ਕਿ ਮੈਂ ਇਸ ਭਾਰਤ ਨੂੰ ਬੁੱਧਮਈ ਦੇਸ਼ ਬਣਾਉਣਾ ਚਾਹੁੰਦਾ ਹਾਂ ਅਤੇ ਨਾਲ ਹੀ ਮੈਂ ਇਹ ਵੀ ਕਹਿੰਦਾ ਹਾਂ ਕਿ ਰਾਸ਼ਟਰ ਮੇਰੇ ਲਈ ਬੁੱਧ ਤੋਂ ਵੀ ਉੱਪਰ ਹੈ, ਜੇਕਰ ਮੇਰੇ ਰਾਸ਼ਟਰ ਨੂੰ ਨੁਕਸਾਨ ਪਹੁੰਚਾਉਣ ਲਈ ਬੁੱਧ ਵੀ ਧਰਤੀ ’ਤੇ ਆ ਜਾਵੇ ਤਾਂ ਮੈਂ ਪਹਿਲਾ ਵਿਅਕਤੀ ਹੋਵਾਂਗਾ ਜੋ ਬੁੱਧ ਦੇ ਸਾਹਮਣੇ ਸੀਨਾ ਤਾਣ ਕੇ ਖੜਾ ਹੋ ਜਾਵਾਂਗਾ। ਅੱਜ ਜਿੰਨੀਆਂ ਵੀ ਸਮੱਸਿਆਵਾਂ ਨਾਲ ਭਾਰਤ ਦੇਸ਼ ਜੂਝ ਰਿਹਾ ਹੈ ਉਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਕਈ ਕਾਰਣ ਹੋ ਸਕਦੇ ਹਨ ਪਰੰਤੂ ਮੁੱਖ ਕਾਰਣ ਭਾਰਤ ਦੀ ਵਧਦੀ ਆਬਾਦੀ ਹੈ ਜੋ ਕਿ ਬਾਬਾ ਸਾਹਿਬ ਅੰਬੇਡਕਰ 1938 ਤੋਂ ਇਸ ਗੱਲ ਤੇ ਜ਼ੋਰ ਦੇ ਰਹੇ ਸਨ ਕਿ ਭਾਰਤ ਵਿੱਚ ਵਧਦੀ ਅਬਾਦੀ ਤੇ ਰੋਕ ਲਗਾਉਣ ਲਈ ਕਨੂੰਨ ਬਣਨਾ ਚਾਹੀਦਾ ਹੈ ਪਰੰਤੂ ਉਸ ਸਮੇਂ ਦੇ ਰੂੜ੍ਹੀਵਾਦੀ ਨੇਤਾਵਾਂ ਨੇ ਮਹਾਤਮਾ ਗਾਂਧੀ ਦੀ ਅਗਵਾਈ ਵਿਚ ਇਸ ਸੁਝਾਅ ਨੂੰ ਨਕਾਰ ਦਿੱਤਾ। ਅੱਜ ਅਸੀਂ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦਾ 130ਵਾਂ ਜਨਮ ਦਿਵਸ ਮਨਾ ਰਹੇ ਹਾਂ। ਮੇਰੀ ਸਰਕਾਰ ਤੋਂ ਮੰਗ ਹੈ ਕਿ ਉਹ ਦੋਨਾਂ ਸਦਨਾਂ ਵਿੱਚ ਤੁਰੰਤ ਜਨਸੰਖਿਆ ਕੰਟਰੋਲ ਅਤੇ ਰੋਜ਼ਗਾਰ ਗਰੰਟੀ ਯੋਜਨਾ ਬਿਲ ਲੈ ਕੇ ਦੋਨਾਂ ਬਿੱਲਾਂ ਨੂੰ ਕਾਨੂੰਨ ਬਣਾ ਕੇ ਭਾਰਤ ਦੀ ਤਰੱਕੀ ਦੀ ਡੁੱਬਦੀ ਬੇੜੀ ਨੂੰ ਬਚਾ ਕੇ ਡਾ. ਬੀ. ਆਰ. ਅੰਬੇਡਕਰ ਨੂੰ ਸੱਚੀ ਸ਼ਰਧਾਂਜਲੀ ਦੇਵੇ ਅਤੇ ਉਥੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਪੈਰੋਕਾਰ ਵਹਿਮ, ਭਰਮ, ਪਖੰਡ, ਘਟੀਆ ਰੀਤੀ-ਰਿਵਾਜ ਤਿਆਗ ਕੇ ਉਨ੍ਹਾਂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਸੰਵਿਧਾਨ ਵਿੱਚ ਲਿਖੇ ਕਾਨੂੰਨਾਂ ਦਾ ਪਾਲਣ ਕਰਨ ਅਤੇ ਦੂਸਰਿਆਂ ਨੂੰ ਸੰਵਿਧਾਨ ਵਿੱਚ ਲਿਖੇ ਕਾਨੂੰਨਾਂ ਦਾ ਪਾਲਣ ਕਰਨ ਲਈ ਪ੍ਰੇਰਿਤ ਕਰਨ।  

                                                                                                                                                  -ਅਜੇ ਕੁਮਾਰ   

Saturday 27 February 2021

ਸੱਚੇ ਕਰਮਯੋਗੀ ਸਤਿਗੁਰੂ ਰਵਿਦਾਸ ਮਹਾਰਾਜ ਜੀ


ਸਦੀਆਂ ਪਹਿਲਾਂ ਭਾਰਤ ਦੇ ਦੱਬੇ-ਕੁਚਲੇ ਮਜ਼ਲੂਮ ਗਰੀਬਾਂ ਅੰਦਰ ਸਵੈ-ਮਾਣ, ਸਵੈ-ਵਿਸ਼ਵਾਸ ਤੇ ਸਵੈ-ਸ਼ਕਤੀ ਦਾ ਅਹਿਸਾਸ ਜਗਾਉਣ ਵਾਲੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਜਨਮ 15 ਜਨਵਰੀ 1376 ਈ. ਭਾਵ 1433 ਸੰਮਤ ਵਿਕਰਮੀ ਮਾਘ ਸ਼ੁਕਲ ਪੂਰਣਿਮਾ ਪਰਵਿਸ਼ਟੇ (ਪੰਦਰ੍ਹਾਂ) ਦਿਨ ਐਤਵਾਰ ਨੂੰ ਹੋਇਆ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਇਕ ਮਹਾਨ ਆਕਰਸ਼ਕ, ਵਿਲੱਖਣ, ਬੇਮਿਸਾਲ ਵਿਅਕਤੀਤਵ ਦੇ ਮਾਲਕ ਸਨ। ਆਪ ਜੀ ਦੀਆਂ ਸਮਕਾਲੀਨ ਪ੍ਰਸਥਿਤੀਆਂ ਇੰਨੀਆਂ ਵਿਕਟ ਸਨ ਕਿ ਸਮੁੱਚੇ ਦੇਸ਼ ਵਿੱਚ ਛੂਤ-ਛਾਤ, ਜਾਤ-ਪਾਤ, ਊਚ-ਨੀਚ ਅਤੇ ਆਡੰਬਰ ਪੂਰਨ ਕਰਮਕਾਂਡ ਪ੍ਰਧਾਨ ਸਨ। ਧਰਮ ਦੇ ਠੇਕੇਦਾਰ ਮਨੁੱਖਤਾ ਨੂੰ ਪੈਰਾਂ ਹੇਠ ਰੋਲ ਰਹੇ ਸਨ, ਵੈਰ, ਵਿਰੋਧ, ਨਫ਼ਰਤ, ਸਾੜਾ, ਈਰਖਾ ਆਦਿ ਮਾਨਵਤਾ ਦਾ ਅਤੀ ਘਾਣ ਕਰ ਰਹੇ ਸਨ। ਅਜਿਹੇ ਸੰਕਟ-ਗ੍ਰਸਟ ਸਮੇਂ ਵਿੱਚ ਦੁਖੀ, ਪੀੜਤ, ਪਛਾੜੇ, ਲਤਾੜੇ ਤੇ ਸਤਾਏ ਹੋਏ ਜਨਸਾਧਾਰਨ ਨੂੰ ਗੁਰੂ ਰਵਿਦਾਸ ਜੀ ਨੇ ਆਪਣੀ ਅੰਮਿ੍ਰਤ ਬਾਣੀ ਦੁਆਰਾ ਇਕ ਨਵੀਂ ਜ਼ਿੰਦਗੀ ਬਖਸ਼ ਕੇ ਧਾਰਮਿਕ ਤੇ ਸਮਾਜਿਕ ਸੇਧ ਦਿੱਤੀ ਅਤੇ ਭਾਰਤ ਨੂੰ ਬਚਾਉਣ ਦੀ ਭਰਪੂਰ ਕੋਸ਼ਿਸ਼ ਕੀਤੀ। ਸਤਿਗੁਰੂ ਰਵਿਦਾਸ ਮਹਾਰਾਜ ਚੇਤਨਾ ਦੀ ਬਲਦੀ ਇਕ ਅਜਿਹੀ ਮਸ਼ਾਲ ਸੀ ਜਿਸ ਨੇ ਨਿਮਨ ਵਰਗ ਵਿੱਚ ਜੋਸ਼ ਅਤੇ ਉਤਸ਼ਾਹ ਦੀ ਇਕ ਅਜਿਹੀ ਅਗਨੀ ਪ੍ਰਚੰਡ ਕੀਤੀ, ਜੋ ਤਤਕਾਲੀਨ ਸਮਾਜ ਦੀਆਂ ਬੁਰਾਈਆਂ ਅਤੇ ਕੁਰੀਤੀਆਂ ਨੂੰ ਸਾੜ ਕੇ ਇਕ ਅਜਿਹਾ ਪ੍ਰਕਾਸ਼ ਪਿੱਛੇ ਛੱਡ ਗਈ ਕਿ ਅੱਜ ਵੀ ਕਰੋੜਾਂ ਪ੍ਰਾਣੀ ਉਸ ਤੋਂ ਰੌਸ਼ਨੀ ਪ੍ਰਾਪਤ ਕਰ ਰਹੇ ਹਨ। ਗੁਰੂ ਜੀ ਸੱਚੇ ਕਰਮਯੋਗੀ, ਮਾਨਵਤਾਵਾਦੀ, ਨਿਰਵੈਰ ਤੇ ਨਿਰਵਿਰੋਧ ਸ਼ਖਸ਼ੀਅਤ, ਚੰਗੇ ਗ੍ਰਹਿਸਥੀ, ਸਹਿਣਸ਼ੀਲ, ਦਿਆਲੂ, ਪਰਉਪਕਾਰੀ, ਕੁਦਰਤੀ ਰਜ਼ਾ ਵਿੱਚ ਰਹਿਣ ਵਾਲੇ, ਅਮਨ ਪਸੰਦ, ਕਥਨੀ-ਕਰਨੀ ਵਿੱਚ ਸਮਾਨਤਾ ਰੱਖਣ ਵਾਲੇ, ਮਿੱਠ-ਬੋਲੜੇ, ਨਿਰਭੈ, ਤਰਕਸ਼ੀਲ ਅਤੇ ਮਹਾਨ ਸੰਤ ਸਨ। ਉਨ੍ਹਾਂ ਦੀ ਬੇਮਿਸਾਲ ਸ਼ਖਸੀਅਤ ਦਾ ਹੀ ਪ੍ਰਭਾਵ ਸੀ ਕਿ ਅਖੌਤੀ ਨਿਮਨ ਵਰਗ ਵਿੱਚ ਪੈਦਾ ਹੋ ਕੇ ਵੀ ਉਹ ਸ਼ਾਹੀ ਖ਼ਾਨਦਾਨ ਦੇ ਰਾਜਗੁਰੂ ਬਣੇ ਅਤੇ ਅਨੇਕ ਰਾਜੇ-ਮਹਾਰਾਜੇ, ਪੰਡਤ ਅਤੇ ਕਥਿਤ ਉੱਚਤਮ ਵਰਗ ਦੇ ਲੋਕ ਉਨ੍ਹਾਂ ਦੇ ਸ਼ਿਸ਼ ਬਣੇ।

ਸੱਤ ਸਾਲ ਦੀ ਉਮਰ ਵਿੱਚ ਆਪ ਨੇ ਧਾਗੇ ਦਾ ਜਨੇਊ ਗਲ ਵਿੱਚ ਪਾ ਲਿਆ, ਜੁੱਤੀਆਂ ਗੰਢਣ ਵਾਲੀ ਪੱਥਰੀ ਨੂੰ ਠਾਕੁਰ ਬਣਾ ਲਿਆ, ਧੇਲੇ ਦਾ ਰੰਗ ਲੈ ਕੇ ਮੱਥੇ ਤੇ ਮਲ ਲਿਆ ਅਤੇ ਪ੍ਰੋਹਿਤਾਂ ਵਾਲਾ ਰੂਪ ਧਾਰ ਕੇ ਪੁਰਾਤਨ ਧਰਮ ਦੇ ਗੜ੍ਹ ਕਾਸ਼ੀ ਵਿਚ ਸੰਖ ਵਜਾ ਦਿੱਤਾ। ਇਨਕਲਾਬੀ ਰਹਿਬਰ ਵੱਲੋਂ ਪੁਰੋਹਿਤਾਂ ਵਾਲਾ ਪਹਿਰਾਵਾ ਧਾਰਨ ਕਰਨਾ ਧਰਮ ਨੂੰ ‘ਜੱਦੀ ਕਿੱਤਾ’ ਬਣਾਉਣ ਵਾਲੇ ਲੋਕਾਂ ਉੱਪਰ ਕਰਾਰੀ ਚੋਟ ਸੀ, ਇੱਕ ਵਾਰ ਸੀ, ਵੰਗਾਰ ਸੀ ਅਤੇ ਭਾਰਤ ਦੇ ਅਰਸ਼ਾਂ ਵਿੱਚ ਕਰਮਕਾਂਡੀ ਧਰਮ ਦੇ ਝੁਲ ਰਹੇ ਝੰਡੇ ਨੂੰ ਲੀਰੋ-ਲੀਰ ਕਰਨ ਲਈ ਬਗ਼ਾਵਤ ਵੱਲ ਪੁੱਟਿਆ ਪਹਿਲਾ ਕਦਮ ਸੀ। ਕਾਸ਼ੀ ਦੇ ਪੰਡਤਾਂ-ਪੁਰੋਹਿਤਾਂ ਵੱਲੋਂ ਵਿਰੋਧ ਕਰਨ ਤੇ ਉਨ੍ਹਾਂ ਨੇ ਬੁਲੰਦ ਅਵਾਜ਼ ਵਿੱਚ ਕਿਹਾ :

ਆਪਨ ਬਾਪੈ ਨਾਹੀ ਕਿਸੀ ਕੋ

ਭਾਵਨ ਕੋ ਹਰਿ ਰਾਜਾ।

ਅਰਥਾਤ : ਪਰਮਾਤਮਾ ਕਿਸੇ ਦਾ ਬਾਪ ਨਹੀਂ ; ਕਿਸੇ ਦੇ ਪਿਉ ਦੀ ਜਾਗੀਰ ਨਹੀਂ, ਉਸ ਵਿੱਚ ਨਿਸ਼ਚਾ ਅਤੇ ਪ੍ਰੇਮ-ਭਾਵਨਾ ਰੱਖਣ ਵਾਲਾ ਕੋਈ ਵੀ ਜੀਵ ਉਸ ਦਾ ਸਿਮਰਨ ਕਰ ਸਕਦਾ ਹੈ। ਧਰਮ ਵਿੱਚ ਪ੍ਰਚੱਲਤ ‘ਝੂਠੇ ਸਗਲ ਪਸਾਰੇ’ ਕਹਿ ਕੇ ਕੇਵਲ ਇੱਕ ਦਿਖਾਵਾ ਘੋਸ਼ਿਤ ਕੀਤਾ। ਮੂਰਤੀ ਪੂਜਕ ਭਗਤਾਂ ਵੱਲੋਂ ਅਖੌਤੀ ਦੇਵ-ਪੂਜਾ ਸਮੇਂ ਸੁੱਚੇ ਜਲ, ਫਲ-ਫੁੱਲ ਅਤੇ ਦੁੱਧ ਆਦਿ ਨਾਲ ਪੱਥਰਾਂ ਨੂੰ ਇਸ਼ਨਾਨ ਕਰਾਉਣ ਅਤੇ ਠਾਕੁਰਾਂ ਨੂੰ ਭੋਗ ਲੁਆਉਣ ਦੇ ਤਰੀਕੇ ਨੂੰ ਆਪ ਨੇ ਪ੍ਰੋਹਿਤਵਾਦੀ ਪਾਖੰਡ ਦੱਸਿਆ। ਆਪਨੇ ਇਹ ਗੱਲ ਡੱਟ ਕੇ ਆਖੀ ਕਿ ਪੱਥਰਾਂ ਨੂੰ ਭੋਗ ਲੁਆਉਣ ਲਈ ਭੇਂਟ ਕੀਤਾ ਦੁੱਧ, ਜਲ ਅਤੇ ਫੁੱਲ ਤਾਂ ਪਹਿਲਾਂ ਹੀ ਕ੍ਰਮਵਾਰ ਗਾਂ ਦੇ ਵੱਛੇ, ਮਛਲੀ ਅਤੇ ਭੌਰੇ ਨੇ ਜੂਠੇ ਕੀਤੇ ਹੋਏ ਹਨ ਅਤੇ ਇਸ ਜੂਠੀ ਸਮੱਗਰੀ ਨਾਲ ਇਹ ਪੂਜਾ ਪਵਿੱਤਰ ਕਿਵੇਂ ਹੋਈ? ਆਪ ਦਾ ਫੁਰਮਾਨ ਹੈ :

ਦੂਧੁ ਤ ਬਛਰੈ ਥਨਹੁ ਬਿਟਾਰਿਓ॥

ਫੂਲ ਭਬਰਿ ਜਲੁ ਮੀਨਿ ਬਿਗਾਰਿਓ॥

ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ॥3

ਸਤਿਗੁਰੂ ਰਵਿਦਾਸ ਜੀ ਦੀ ਬਾਣੀ ਨੇ ਜਨ-ਚੇਤਨਾ ਪੈਦਾ ਕਰਕੇ ਸਦੀਆਂ ਤੋਂ ਲਤਾੜੇ ਅਤੇ ਪੀੜਤ ਵਰਗ ਦੇ ਲੋਕਾਂ ਨੂੰ ਸਮਾਜ ਦਾ ਨਵ ਨਿਰਮਾਣ ਕਰਕੇ ਮਾਨਵਤਾ ਲਈ ਸਮਾਨਤਾ, ਸੁਤੰਤਰਤਾ, ਮਨੁੱਖੀ ਭਾਈਚਾਰੇ ਵਿੱਚ ਏਕਤਾ, ਪਿਆਰ ਅਤੇ ਸਮਨਵੈ ਦੀ ਭਾਵਨਾ ਪੈਦਾ ਕਰਕੇ ‘ਸਤ ਸੰਗਤਿ ਮਿਲਿ ਰਹੀਐ’ ਵਾਲਾ ਇਕ ਸੁਚੱਜਾ ਸਮਾਜ ਸਿਰਜਣ ਦੀ ਪ੍ਰੇਰਨਾ ਪ੍ਰਦਾਨ ਕੀਤੀ।

ਗੁਰੂ ਰਵਿਦਾਸ ਜੀ ਇਨਕਲਾਬੀ ਯੋਧੇ ਸਨ। ਆਪ ਨੇ ਸਮਾਜਿਕ, ਰਾਜਨੀਤਕ ਅਤੇ ਆਰਥਿਕ ਪਰਾਧੀਨਤਾ ਵਿਰੁੱਧ ਝੰਡਾ ਬੁਲੰਦ ਕੀਤਾ। ਉਨ੍ਹਾਂ ‘ਪਰਾਧੀਨਤਾ ਪਾਪ ਹੈ’ ਦਾ ਨਾਅਰਾ ਬੁਲੰਦ ਕਰਦਿਆਂ ਗੁਲਾਮੀ ਵਿਰੁੱਧ ਸੰਘਰਸ਼ ਕਰਨ ਲਈ ਪ੍ਰੇਰਨਾ ਦਿੱਤੀ। ਉਨ੍ਹਾਂ ਨੇ ਸਮਾਜਿਕ ਅਤੇ ਆਰਥਿਕ ਸਮਾਨਤਾ ਵਾਲਾ ਭਾਈਚਾਰਕ ਸਮਾਜ ਸਿਰਜਣ ਦਾ ਚਿੰਤਨ ਪ੍ਰਸਤੁਤ ਕੀਤਾ। ਆਪ ਦਾ ਕਥਨ ਹੈ :

(ੳ) ਐਸਾ ਚਾਹੂੰ ਰਾਜ ਮੈਂ

ਜਹਾਂ ਮਿਲੈ ਸਭਨ ਕੋ ਅੰਨ॥

ਛੋਟ ਬੜੋ ਸਭ ਸਮ ਬਸੈ

ਰਵਿਦਾਸ ਰਹੇ ਪ੍ਰਸੰਨ॥

(ਅ) ਪਰਾਧੀਨਤਾ ਪਾਪ ਹੈ

ਜਾਨ ਲੇਹੁ ਰੇ ਮੀਤ॥

ਰਵਿਦਾਸ ਦਾਸ ਪਰਾਧੀਨ ਸੋ

ਕੌਨ ਕਰੈ ਹੈ ਪ੍ਰੀਤ’

ਆਪ ਮਾਨਵਵਾਦੀ ਸੰਤ ਸਨ। ਆਪ ਭਾਰਤੀ ਸਮਾਜ ਵਿੱਚ ਧਰਮ, ਜਾਤ ਅਤੇ ਮਜ਼ਹਬ ਦੇ ਨਾਂ ਤੇ ਪਾਈਆਂ ਵੰਡੀਆਂ ਨੂੰ ਦੂਰ ਕਰਕੇ ਅਜਿਹਾ ਸਮਾਜ ਸਥਾਪਿਤ ਕਰਨਾ ਚਾਹੁੰਦੇ ਸਨ ਜਿਸ ਵਿੱਚ ਧਾਰਮਿਕ ਅੰਧ-ਵਿਸ਼ਵਾਸਾਂ, ਆਡੰਬਰਾਂ, ਕਰਮਕਾਂਡਾਂ ਅਤੇ ਵਿਤਕਰਿਆਂ ਦਾ ਬੋਲਬਾਲਾ ਨਾ ਹੋਵੇ। ਆਪ ਨੇ ਵੇਦਾਂ-ਸ਼ਾਸ਼ਤਰਾਂ ਦੀ ਪ੍ਰਭੂਸੱਤਾ ਨੂੰ ਇਹ ਕਹਿ ਕੇ ਵੰਗਾਰਿਆ ਕਿ ਇਹ ਸ਼ੰਕਿਆਂ ਨਾਲ ਭਰੇ ਪਏ ਹਨ। ਆਪ ਦਾ ਸਪਸ਼ਟ ਫੁਰਮਾਨ ਹੈ :

(ੳ) ਕਰਮ ਅਕਰਮ ਬੀਚਾਰੀਐ।

    ਸੰਕਾ ਸੁਨਿ ਬੇਦ ਪੁਰਾਨ॥

(ਅ) ਰਵਿਦਾਸ ਇਕ ਹੀ ਬੂੰਦ ਸੋ, ਸਭ ਹੀ ਭਯੋ ਵਿਯਾਰ।

     ਮੂਰਖਿ ਹੈ ਜੋ ਕਰਤ ਹੈ, ਬਰਨ ਅਬਰਨ ਬਿਚਾਰ।

ਗੁਰੂ ਜੀ ਵੱਲੋਂ ਵਰਣ-ਵਿਵਸਥਾ ਦੇ ਸਿਰਜਕਾਂ ਨੂੰ ਮੁੂਰਖਾਂ ਦੀ ਸੰਗਿਆ ਦੇਣਾ ਅਤੇ ‘‘ਮਾਥੈ ਤਿਲਕ ਹਾਥ ਜਪਮਾਲਾ, ਜਗ ਠਗਨੇ ਨੂੰ ਸਵਾਂਗ ਬਨਾਇਆ’’ ਕਹਿ ਕੇ ਇਸ ਵਿਵਸਥਾ ਨੂੰ ਵੰਗਾਰਨਾ ਇੱਕ ਵਿਦਰੋਹ ਹੀ ਤਾਂ ਸੀ। ਆਪ ਨੇ ਆਪਣੀ ਬਾਣੀ ਵਿੱਚ ਮਨੁੱਖ ਨੂੰ ਮਾਨਸਿਕ ਰੂਪ ਵਿੱਚ ਕਮਜ਼ੋਰ ਤੇ ਗੁਲਾਮ ਬਣਾਈ ਰੱਖਣ ਵਾਲੇ ਇਨ੍ਹਾਂ ਅਖੌਤੀ ਧਰਮ-ਸ਼ਾਸਤਰਾਂ ਅਤੇ ਇਨ੍ਹਾਂ ਦੀ ਰਚਨਾ ਕਰਨ ਵਾਲਿਆਂ ਵਿਰੁੱਧ ਨਿਰਭੈ ਹੋ ਕੇ ਆਵਾਜ਼ ਬੁਲੰਦ ਕੀਤੀ। ਆਪ ਨੇ ਅੰਧ-ਵਿਸ਼ਵਾਸਾਂ ਅਧੀਨ ਫੈਲਾਏ ਭਰਮ-ਜਾਲ ਜਪ, ਤਪ, ਦਾਨ, ਤੀਰਥ-ਇਸ਼ਨਾਨ, ਪੂਜਾ, ਅਰਚਨਾ, ਮੂਰਤੀਆਂ ਅੱਗੇ ਨੱਚਣ, ਗਾਉਣ ਆਦਿ ਦਾ ਜ਼ੋਰਦਾਰ ਖੰਡਣ ਕੀਤਾ। ਕਹਿਣ ਦਾ ਭਾਵ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਰਾ ਜੀਵਨ ਅੰਡਬਰ, ਪਖੰਡਾਂ ਅਤੇ ਮਨੁੱਖਤਾ ਵਿਰੋਧੀ ਅਖੌਤੀ ਧਾਰਮਿਕ ਤੇ ਸਮਾਜਿਕ ਵੰਡ ਪ੍ਰਣਾਲੀ ਖਿਲਾਫ ਸੰਘਰਸ਼ ਕੀਤਾ। ਇਨ੍ਹਾਂ ਸਾਰੀਆਂ ਬੁਰਾਈਆਂ ਦਾ ਵਿਰੋਧ ਕੀਤਾ। ਅੱਜ ਅਸੀਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 644ਵਾਂ ਪ੍ਰਕਾਸ਼ ਉਤਸਵ ਮਨਾ ਰਹੇ ਹਾਂ। ਅੱਜ ਦਾ ਦੌਰ ਬਹੁਤ ਨਾਜ਼ੁਕ ਹੈ, ਦੇਸ਼ ਦੀ ਏਕਤਾ ਅਤੇ ਅਖੰਡਤਾ ’ਤੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ। ਇਸ ਸਮੇਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਦਾ ਫਲਸਫਾ ਤੇ ਉਨ੍ਹਾਂ ਦੀ ਵਿਚਾਰਧਾਰਾ ਭਾਰਤ ਦੇ ਹਰ ਨਾਗਰਿਕ ਨੂੰ ਰਾਸ਼ਟਰ ਹਿੱਤ ਵਿੱਚ ਕੰਮ ਕਰਨ ਲਈ ਸੁਚੇਤ ਕਰ ਸਕਦੀ ਹੈ। ਸੋ ਆਓ ਅਸੀਂ ਸਾਰੇ ਰਲ ਕੇ ਪ੍ਰਣ ਕਰੀਏ ਕਿ ਇਸ ਵਾਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਰਾਸ਼ਟਰ ਹਿੱਤ ’ਚ ਸਮਰਪਿਤ ਕਰਕੇ ਆਪਸੀ ਲੜਾਈਆਂ, ਝਗੜੇ ਖਤਮ ਕਰਕੇ ਇਕੱਠੇ ਹੋ ਕੇ ਦੇਸ਼ ਨੂੰ ਤਰੱਕੀ ਦੀਆਂ ਲੀਹਾਂ ਵੱਲ ਤੋਰੀਏ ਤਾਂ ਜੋ ਸਾਡਾ ਦੇਸ਼ ਤਰੱਕੀ ਕਰੇ ਤੇ ਹਰ ਭਾਰਤੀ ਖੁਸ਼ਹਾਲ ਹੋਵੇ।

ਅਜੈ ਕੁਮਾਰ

   

Saturday 20 February 2021

ਸਤਿਗੁਰੂ ਰਵਿਦਾਸ ਮਹਾਰਾਜ ਅਤੇ ਉਨ੍ਹਾਂ ਦੀ ਵਿਚਾਰਧਾਰਾ


ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਕਾਲ ਬਾਰੇ ਬਹੁਤੇ ਸਾਰੇ ਵਿਦਵਾਨਾਂ ਦੀਆਂ ਲਿਖਤਾਂ ਤੋਂ ਪਤਾ ਚਲਦਾ ਹੈ ਕਿ ਉਹ ਅਜਿਹਾ ਦੌਰ ਸੀ ਜਿਸ ਵਿੱਚ ਬਹੁਤੇ ਪਾਸੇ ਰਾਜ ਸੱਤਾ ਦੀ ਡੋਰ ਜ਼ਾਲਮ ਮੁਗਲਾਂ ਹੱਥ ਤੇ ਧਰਮ ਸੱਤਾ ਦੀ ਡੋਰ ਧਰਮ ਦੇ ਨਾਂ ’ਤੇ ਵਪਾਰ ਕਰਨ ਵਾਲੇ ਪੁਰੋਹਿਤਾਂ ਦੇ ਹੱਥ ਸੀ। ਜਿਨ੍ਹਾਂ ਨੇ ਆਪਣੇ-ਆਪ ਨੂੰ ਸਰਵਸ੍ਰੇਸ਼ਠ ਸਿੱਧ ਕਰਨ ਲਈ ਇਕ ਮੂਲ ਮੰਤਰ ਸਾਰੀਆਂ ਦਿਸ਼ਾਵਾਂ ’ਚ ਜਨ-ਜਨ ਤੱਕ ਪਹੁੰਚਾਇਆ ਹੋਇਆ ਸੀ ਕਿ ਮਨੁੱਖ ਜਨਮ ਤੋੋਂ ਮਹਾਨ ਹੁੰਦਾ ਹੈ, ਜਾਤ-ਪਾਤ ਧੁਰੋਂ ਹੀ ਬਣ ਕੇ ਆਈ ਹੈ, ਬੰਦਾ ਆਪਣੇ ਕਰਮ ਲਿਖਾ ਕੇ ਹੀ ਧਰਤੀ ’ਤੇ ਆਉਦਾ ਹੈ। ਇਸ ਤੋਂ ਇਲਾਵਾ ਧਰਮ ਦੇ ਨਾਂ ’ਤੇ ਵਪਾਰ ਕਰਨ ਲਈ ਉਨ੍ਹਾਂ ਨੇ ਕਈ ਤਰ੍ਹਾਂ ਦੇ ਅਡੰਬਰ, ਪਖੰਡ ਰਚੇ ਹੋਏ ਸਨ ਅਜਿਹੇ ਰੀਤੀ-ਰਿਵਾਜ ਬਣਾਏ ਹੋਏ ਸਨ ਤੇ ਪ੍ਰਚਾਰੇ ਹੋਏ ਸਨ ਕਿ ਔਰਤ ਤੇ ਮਰਦ ਵਿੱਚ ਵਖਰੇਵਾਂ ਅਤੇ ਮਰਦ ਦੀ ਸ੍ਰੇਸ਼ਠਤਾ ਨੂੰ ਇੰਨਾ ਵਧਾ-ਚੜ੍ਹਾ ਕੇ ਦੱਸਿਆ ਹੋਇਆ ਸੀ ਕਿ ਔਰਤ ਨੂੰ ਪੈਰ ਦੀ ਜੁੱਤੀ ਤੋਂ ਵੱਧ ਦਰਜਾ ਦੇਣ ਵਾਲੇ ਵਿਅਕਤੀ ਨੂੰ ਮੂਰਖ, ਅਗਿਆਨੀ ਤੇ ਨਾਸਤਿਕ ਮੰਨਿਆ ਜਾਂਦਾ ਸੀ। ਪੁਰੋਹਿਤਾਂ ਨੇ ਵਰਣ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਅਨੇਕਾਂ ਪੁਸਤਕਾਂ ਲਿਖ ਕੇ ਇਹ ਝੂਠ ਫੈਲਾਇਆ ਹੋਇਆ ਸੀ ਕਿ ਇਹ ਪੁਸਤਕਾਂ ਧੁਰੋਂ ਹੀ ਲਿਖੀਆਂ ਆਈਆਂ ਹਨ। ਅਜਿਹੇ ਜ਼ਾਲਮ ਰਾਜੇ ਅਤੇ ਪਖੰਡੀ ਧਰਮ ਦੇ ਠੇਕੇਦਾਰਾਂ ਖਿਲਾਫ ਮਾਨਵਤਾ ਦਾ ਝੰਡਾ ਬੁਲੰਦ ਕਰਨ ਲਈ ਕਰਮਯੋਗੀ ਕ੍ਰਾਂਤੀਕਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਬਚਪਨ ਕਾਲ ਤੋਂ ਹੀ ਇਨ੍ਹਾਂ ਵਿਰੁੱਧ ਸੱਚ ਦਾ ਬਿਗਲ ਵਜਾ ਕੇ ਸਮਾਜ ਸੁਧਾਰ ਦੀ ਲਹਿਰ ਨੂੰ ਮਜ਼ਬੂਤ ਕਰਨ ਲਈ ਆਪਣਾ ਪੂਰਾ ਜੀਵਨ ਬਿਤਾਇਆ। ਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੇ ਅਨੁਭਵ ਦਾ ਨਿਚੋੜ ਕੱਢਦੇ ਹੋਏ ਮਨੁੱਖ ਨੂੰ ਸਮਝਾਉਦਿਆਂ ਇਹ ਸੰਦੇਸ਼ ਦਿੱਤਾ ਕਿ ਹਮੇਸ਼ਾ ਕੁਦਰਤ ਨਾਲ ਪਿਆਰ ਕਰੋ ਅਤੇ ਆਪਣੇ ਕੰਮ ਵਿਚ ਜੁਟੇ ਰਹੇ, ਆਪਣੀ ਮਾਨਸਿਕ ਬੁੱਧੀ ਨੂੰ ਵਿਕਸਿਤ ਕਰਨ ਲਈ ਗਿਆਨਵਾਨ ਬਣੋ, ਤਰਕਸ਼ੀਲ ਬਣੋ ਤੇ ਕਦੇ ਕਿਸੇ ਦੇ ਗੁਲਾਮ ਨਾ ਬਣੋੋ। ਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਹਨ ਕਿ ਗੁਲਾਮ ਮਨੁੱਖ ਦੀ ਕੋਈ ਹੋਂਦ ਨਹੀਂ ਹੁੰਦੀ, ਗੁਲਾਮ ਨੂੰ ਕੋਈ ਪਿਆਰ ਨਹੀਂ ਕਰਦਾ, ਇਸ ਲਈ ਉਹ ਹਰ ਮਨੁੱਖ ਨੂੰ ਵਿੱਦਿਆ ਪ੍ਰਾਪਤ ਕਰਕੇ ਵਿਦਵਾਨ ਬਣਨ ਲਈ ਕਹਿੰਦੇ ਹਨ ਤੇ ਵਿਦਵਾਨ ਬਣ ਕੇ ਸੰਸਾਰੀ ਜੀਵਨ ਦੀਆਂ ਸਮੱਸਿਆਵਾਂ ਨੂੰ ਖਤਮ ਕਰਨ ਲਈ ਆਪਣਾ ਯੋਗਦਾਨ ਪਾਉਣ ਲਈ ਕਹਿੰਦੇ ਹਨ। ਉਹ ਦੱਬੇ-ਕੁਚਲੇ ਲੋਕਾਂ ਨੂੰ ਇਕੱਠੇ ਹੋ ਕੇ ਰਾਜ ਸੱਤਾ ’ਤੇ ਬੈਠੇ ਜ਼ੁਲਮੀ ਰਾਜੇ ਅਤੇ ਪਖੰਡੀ ਧਰਮ ਦੇ ਠੇਕੇਦਾਰਾਂ ਖਿਲਾਫ ਲੜਨ ਦਾ ਹੋੋਕਾ ਦਿੰਦੇ ਹਨ। ਇਸ ਰਾਹ ’ਤੇ ਚੱਲਦੇ ਹੋਏ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਕਈ ਰਾਜਿਆਂ ਦਾ ਹਿਰਦਾ ਪਰਿਵਰਤਨ ਕੀਤਾ ਅਤੇ ਉਨ੍ਹਾਂ ਨੂੰ ਗਿਆਨ ਦੀ ਦਾਤ ਬਖਸ਼ ਕੇ ਆਪਣੇ ਚਰਨੀਂ ਲਾ ਕੇ ਮਾਨਵਤਾ ਦੇ ਭਲੇ ਲਈ ਕੰਮ ਕਰਨ ਲਈ ਵਚਨਬੱਧ ਕੀਤਾ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਸੋਚ ਇਕ ਕ੍ਰਾਂਤੀਕਾਰੀ ਜੋਤ ਸੀ, ਜਿਸ ਤੋਂ ਸੇਧ ਲੈ ਕੇ ਸ਼੍ਰੀ ਗੁਰੂ ਨਾਨਕ ਦੇਵ, ਮਹਾਤਮਾ ਜੋਤੀ ਰਾਓ ਫੂਲੇ, ਡਾ. ਬੀ. ਆਰ. ਅੰਬੇਡਕਰ ਅਤੇ ਹੋਰ ਮਹਾਂਪੁਰਸ਼ਾਂ ਨੇ ਵੀ ਸਮਾਜਿਕ ਪਰਿਵਰਤਨ ਦੇ ਅੰਦੋਲਨ ਵਿੱਚ ਵਧ-ਚੜ ਕੇ ਹਿੱਸਾ ਪਾਇਆ। ਜਿੱਥੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਦਾ ਫੈਲਾਅ ਕਰਨ ਲਈ ਉਨ੍ਹਾਂ ਦੇ ਪੈਰੋੋਕਾਰਾਂ ਨੇ ਦਿਨ-ਰਾਤ ਅਣਥੱਕ ਮਿਹਨਤ ਕੀਤੀ ਉਥੇ ਹੀ ਦੂਜੇ ਪਾਸੇ ਮਨੂੰਵਾਦੀਆਂ ਨੇ ਅਤੇ ਮੁਗਲ ਸ਼ਾਸਕਾਂ ਦੇ ਪੈਰੋਕਾਰਾਂ ਨੇ ਨੌਜਵਾਨ ਪੀੜ੍ਹੀ ਨੂੰ ਅਨਪੜ੍ਹਤਾ, ਬੇਰੁਜ਼ਗਾਰੀ, ਨਸ਼ਿਆਂ ਦੀ ਦਲਦਲ ਵੱਲ ਧੱਕ ਕੇ ਉਨ੍ਹਾਂ ਨੂੰ ਦਿਸ਼ਾਹੀਣ ਕਰ ਦਿੱਤਾ ਤੇ ਅੱਜ ਵੀ ਮਨੂੰਵਾਦ ਦੇ ਮੱਕੜਜਾਲ ਵਿੱਚ ਫਸੇ ਲੋਕ ਜਾਤ-ਪਾਤ, ਭੇਦਭਾਵ, ਊਚ-ਨੀਚ ਦਾ ਘਿਨੌਣਾ ਖੇਡ ਪੂਰੀ ਦੁਨੀਆਂ ਵਿੱਚ ਤੇ ਖਾਸ ਕਰਕੇ ਭਾਰਤ ਵਿੱਚ ਜਗ੍ਹਾ-ਜਗ੍ਹਾ ’ਤੇ ਖੇਡ ਰਹੇ ਹਨ। ਜਿਸ ਦਾ ਨੁਕਸਾਨ ਰਾਸ਼ਟਰ ਨੂੰ ਅਤੇ ਸਮਾਜ ਨੂੰ ਬਹੁਤ ਜ਼ਿਆਦਾ ਹੋ ਰਿਹਾ ਹੈ। ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਆਪਣੇ-ਆਪ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ ਪੈਰੋਕਾਰ ਕਹਿਣ ਵਾਲੇ ਲੋਕ ਵੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਤੇ ਪਹਿਰਾ ਦੇਣ ਦੀ ਬਜਾਇ ਗੁਰੂ ਰਵਿਦਾਸ ਮਹਾਰਾਜ ਜੀ ਦੀ ਉਸਤਤ ਵਿੱਚ ਹੀ ਜ਼ਿਆਦਾ ਜ਼ੋਰ ਲਾਉਣ ਨੂੰ ਹੀ ਆਪਣਾ ਮਿਸ਼ਨ ਬਣਾਈ ਬੈਠੇ ਹਨ ਇਹੋ ਕਾਰਣ ਹੈ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਤਾਂ ਵਿਸ਼ਵ ਦੇ ਕੋਨੇ-ਕੋਨੇ ’ਚ ਮਨਾਇਆ ਜਾਂਦਾ ਹੈ ਪਰ ਉਨ੍ਹਾਂ ਦੀ ਵਿਚਾਰਧਾਰਾ ਦੇਸ਼ ਦੇ ਕਿਸੇ ਵੀ ਇਕ ਪੂਰੇ ਮੁਹੱਲੇ, ਪਿੰਡ ਜਾਂ ਸ਼ਹਿਰ ਵਿੱਚ ਫੈਲਾਉਣ ਵਿੱਚ ਉਨ੍ਹਾਂ ਦੇ ਪੈਰੋਕਾਰ ਕਾਮਯਾਬ ਨਹੀਂ ਹੋਏ ਹਨ ਕਿਉਕਿ ਉਨ੍ਹਾਂ ਦੇ ਪੈਰੋਕਾਰ ਵੀ ਜ਼ਿਆਦਾਤਰ ਅੱਜਕੱਲ੍ਹ ਉਹੀ ਰੀਤੀ-ਰਿਵਾਜ ਅਪਣਾ ਰਹੇ ਹਨ, ਜਿਹੜੇ ਰੀਤੀ-ਰਿਵਾਜ, ਕੰਮ-ਕਾਜ ਮਨੂੰਵਾਦੀਆਂ ਦੇ ਹੱਕ ਵਿੱਚ ਭੁਗਤਦੇ ਹਨ ਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਦੇ ਉਲਟ ਭੁਗਤਦੇ ਹਨ। ਇਹੀ ਕਾਰਣ ਹੈ ਕਿ ਅੱਜ ਦੇਸ਼ ਦਾ 92 ਕਰੋੜ ਮੂਲ ਨਿਵਾਸੀ ਆਪਣੀਆਂ ਮੁੱਢਲੀਆਂ ਲੋੜਾਂ ਰੋਟੀ, ਕੱਪੜਾ, ਮਕਾਨ, ਸਿਹਤ, ਸਿੱਖਿਆ, ਜੌਬ ਤੋਂ ਵੀ ਵਾਂਝਾ ਹੈ ਤੇ ਉਹ ਵੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਜਾਂ ਉਨ੍ਹਾਂ ਦੇ ਹਮ-ਖਿਆਲੀ ਮਹਾਂਪੁਰਸ਼ਾਂ ਦੀ ਵਿਚਾਰਧਾਰਾ ’ਤੇ ਚੱਲਣ ਦੀ ਬਜਾਇ ਇਨ੍ਹਾਂ ਮਹਾਂਪੁਰਸ਼ਾਂ ਦੀ ਪੂਜਾ-ਪਾਠ ਵਿੱਚ ਇੰਨਾ ਮਸਤ ਹੈ ਤੇ ਇੰਨਾ ਅਨੰਦ ਮਾਣ ਰਿਹਾ ਹੈ ਕਿ ਜਿਵੇਂ ਇੰਝ ਸਮਝ ਲਓ ਕਿ ਉਹਨੂੰ ਲਗਦਾ ਹੈ ਕਿ ਉਹ ਤਿੰਨਾਂ ਲੋਕਾਂ ਦਾ ਮਾਲਕ ਹੈ। ਜੋ ਕਿ ਸਿੱਧੇ ਲਫਜਾਂ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਅਤੇ ਰਵਿਦਾਸ ਮਹਾਰਾਜ ਜੀ ਨਾਲ ਧੋਖਾ ਹੈ। ਅਜਿਹੇ ਪੈਰੋਕਾਰ ਚੰਦ ਦਿਨਾਂ ਲਈ ਜਾਂ ਕੁਝ ਸਮੇਂ ਲਈ ਲੋਕਾਂ ਨੂੰ ਮੂਰਖ ਬਣਾ ਸਕਦੇ ਹਨ ਪਰ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਉਨ੍ਹਾਂ ਨੂੰ ਕਦੇ ਕ੍ਰਾਂਤੀਕਾਰੀ ਯੋਧਿਆਂ ਵਜੋਂ ਨਹੀਂ ਬਲਕਿ ਮਨੂੰਵਾਦੀ ਦੇ ਹੱਥ ਠੋਕਿਆਂ ਵਜੋਂ ਜਾਣਿਆ ਜਾਵੇਗਾ। ਅੱਜ ਲੋੜ ਹੈ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪੂਜਾ ਦੀ ਬਜਾਇ ਉਨ੍ਹਾਂ ਦੀ ਵਿਚਾਰਧਾਰਾ ਦਾ ਪ੍ਰਚਾਰ-ਪ੍ਰਸਾਰ ਕਰਕੇ ਰਾਸ਼ਟਰ ਤੇ ਸਮਾਜ ਨੂੰ ਬਚਾਉਣ ਦੀ। ਆਓ ਸਾਰੇ ਮਿਲ ਕੇ ਕੋਈ ਅਜਿਹਾ ਉਪਰਾਲਾ ਕਰੀਏ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣੇ ਵੱਲੋਂ ਆਦਰ-ਸਤਿਕਾਰ ਅਤੇ ਸ਼ਰਧਾ ਦੇ ਸੱਚੇ ਫੁੱਲ ਭੇਂਟ ਕਰ ਸਕੀਏ।

        ਅਜੇ ਕੁਮਾਰ   

Friday 12 February 2021

ਗੁਰੂ ਰਵਿਦਾਸ ਜੀ ਅਤੇ ਉਨ੍ਹਾਂ ਦਾ ਧਰਮ


ਮੈਨੂੰ ਲੱਗਦਾ ਹੈ ਕਿ ਸ਼ਾਇਦ ਜਦ ਦਾ ਮਨੁੱਖ ਹੋਂਦ ’ਚ ਆਇਆ ਹੈ, ਲਗਭਗ ਉਦੋਂ ਦਾ ਹੀ ਆਪਸੀ ਭੇਦਭਾਵ, ਊਚ-ਨੀਚ, ਅਸਮਾਨਤਾ ਦਾ ਘਿਨੌਣਾ ਰੌਲਾ ਵੀ ਚੱਲ ਰਿਹਾ ਹੈ। ਕਿਤੇ ਇਹ ਰੌਲਾ ਰੰਗ ਦਾ ਹੈ, ਕਿਤੇ ਇਹ ਰੌਲਾ ਭਾਸ਼ਾ ਦਾ ਹੈ, ਕਿਤੇ ਇਹ ਰੌਲਾ ਨਸਲ ਦਾ ਹੈ, ਕਿਤੇ ਇਹ ਰੌਲਾ ਧਰਮ ਦਾ, ਮਜ਼੍ਹਹਬ ਦਾ, ਦੇਸ਼ਾਂ ਦਾ ਹੈ, ਪਰ ਜਿੰਨਾ ਘਟੀਆ ਤੇ ਘਿਨੌਣਾ ਭੇਦਭਾਵ, ਊਚ-ਨੀਚ ਨੂੰ ਲੈ ਕੇ ਭਾਰਤ ਵਿੱਚ ਹੋ-ਹੱਲਾ ਹੈ, ਉਸ ਦੀ ਉਦਾਹਰਣ ਦੁਨੀਆਂ ਦੇ ਕਿਸੇ ਕੋਨੇ ’ਚ ਨਹੀਂ ਹੈ ਅਤੇ ਇਹ ਭੇਦਭਾਵ ਦੁਨੀਆਂ ਦਾ ਸਭ ਤੋਂ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਹੈ, ਜਿਹੜਾ ਕਿ ਅੱਜ ਵੀ ਉਸੇ ਫਨੀਅਰ ਸੱਪ ਵਾਂਗ ਜ਼ਹਿਰੀਲੇ ਡੰਗ ਦਾ ਫੁੰਕਾਰਾ ਮਾਰ ਰਿਹਾ ਹੈ, ਜਿਹੜਾ ਰਾਜੇ ਮਨੂੰ ਦੇ ਵੇਲੇ ਸੀ। ਇਸ ਭੇਦਭਾਵ ਨੇ 150 ਪੀੜ੍ਹੀ ਸ਼ੋੋਸ਼ਤ ਵਰਗ ਦੀ ਤਬਾਹ ਕਰ ਦਿੱਤੀ ਤੇ ਇਸ ਸ਼ੋਸ਼ਤ ਪੀੜ੍ਹੀ ਦੇ ਹੱਕ ਵਿੱਚ ਅਤੇ ਸ਼ੋਸ਼ਣ ਕਰਨ ਵਾਲੇ ਲੋਕਾਂ ਦੇ ਖ਼ਿਲਾਫ ਖੜ੍ਹੇ ਹੋਣ ਵਾਲੇ ਮਹਾਂਪੁਰਸ਼ਾਂ ਦੀ ਗਿਣਤੀ ਭਾਵੇਂ ਕਾਫ਼ੀ ਨਹੀਂ ਪਰ ਫਿਰ ਵੀ ਇਸ ਲੜਾਈ ਦੇ ਮਹਾਨਾਇਕਾਂ ਦੀ ਗਿਣਤੀ ਤਕਰੀਬਨ 100 ਤੋਂ ਉੱਪਰ ਹੈ। ਜਿਨ੍ਹਾਂ ਵਿੱਚ ਬਹੁਤ ਹੀ ਮਹੱਤਵਪੂਰਣ ਸਥਾਨ ਹੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ। ਸਤਿਗੁਰੁੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਕਾਲ ਵੇਲੇ ਰਾਜੇ ਜੋ ਮੂੰਹੋਂ ਕਹਿ ਦਿੰਦੇ ਸਨ ਉਹ ਕਨੂੰਨ ਬਣ ਜਾਂਦੇ ਸਨ ਤੇ ਪੱਥਰ ’ਤੇ ਲੀਕ ਬਣ ਜਾਂਦੇ ਸਨ। ਅਜਿਹੀ ਜੁਲਮੀ, ਜਾਲਮ, ਅੱਯਾਸ਼ ਤੇ ਕਮੀਨੀ ਰਾਜ ਕਰਨ ਵਾਲੀ ਜਮਾਤ ਦੇ ਖ਼ਿਲਾਫ ਬਗਾਵਤ ਦਾ ਬਿਗਲ ਵਜਾ ਕੇ ਆਪਣਾ ਨਾਮ ਬਾਗ਼ੀਆਂ ਦੀ ਮੋਹਰਲੀ ਕਤਾਰ ’ਚ ਸੁਨਹਿਰੀ ਅੱਖਰਾਂ ਵਿੱਚ ਦਰਜ ਕਰਵਾਉਣ ਲਈ ਸਤਿਗੁਰੂੁ ਰਵਿਦਾਸ ਮਹਾਰਾਜ ਜੀ ਨੇ ਸਾਰਾ ਜੀਵਨ ਮਿਹਨਤਕਸ਼ ਲੋਕਾਂ ਦੇ ਨਾਲ ਮਿਲ ਕੇ ਹਿੰਮਤ, ਦਲੇਰੀ, ਤਿਆਗ ਨੂੰ ਆਪਣੇ ਗੁਣ ਬਣਾ ਕੇ ਅਜਿਹੀ ਲੜਾਈ ਲੜੀ ਕਿ ਗਲੀ-ਸੜੀ ਵਿਵਸਥਾ ਦੇ ਖਿਲਾਫ ਬਗਾਵਤ ਹੀ ਉਨ੍ਹਾਂ ਦਾ ਧਰਮ ਬਣ ਗਿਆ। ਭਾਵੇਂ ਇਸ ਬਗਾਵਤ ਕਾਰਣ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਅਨੇਕਾਂ ਤਸੀਹੇ ਝੱਲਣੇ ਪਏ, ਜੇਲ੍ਹਾਂ ਤੱਕ ਵੀ ਜਾਣਾ ਪਿਆ ਪਰ ਉਨ੍ਹਾਂ ਨੇ ਮਨੁੱਖਤਾ ਦੀ ਸੇਵਾ ਨੂੰ ਆਪਣਾ ਕਰਮ ਤੇ ਵਹਿਮ-ਭਰਮ, ਪਖੰਡ, ਊਚ-ਨੀਚ ਦਾ ਬੀਜ ਨਾਸ਼ ਕਰਨ ਨੂੰ ਹੀ ਆਪਣਾ ਧਰਮ ਮੰਨਿਆ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਬਗਾਵਤੀ ਸੁਰਾਂ ਦੀ ਦਾਸਤਾਨ ਦੀ ਗੂੰਜ ਅੱਜ ਵੀ ਲਿਖਤ ਰੂਪ ਵਿੱਚ 644 ਵਰ੍ਹਿਆਂ ਬਾਅਦ ਵੀ ਉਸੇ ਤਰ੍ਹਾਂ ਹੀ ਸਾਨੂੰ ਸੰਦੇਸ਼ ਦੇ ਰਹੀ ਹੈ ਅਤੇ ਸਾਡਾ ਮਾਰਗ ਦਰਸ਼ਨ ਕਰ ਰਹੀ ਹੈ ਜਿਸ ਤਰ੍ਹਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਆਪਣੇ ਜੀਵਨ ਕਾਲ ਦੌਰਾਨ ਆਪਣੇ ਮੁਖਾਰ ਬਿੰਦ ਤੋਂ ਸਿੱਧੇ ਰੂਪ ਵਿੱਚ ਲੋਕਾਂ ਨੂੰ ਸੰਬੋਧਨ ਕਰਦੇ ਸਨ। 

ਦੋ ਜਮਾਤਾਂ ਦੀ ਲੜਾਈ ਵਿੱਚ ਜਿੱਥੇ ਸ਼ੋਸ਼ਣ ਕਰਨ ਵਾਲੇ ਲੋਕਾਂ ਨੇ ਆਪਣੀ ਨੀਯਤ ਵਿੱਚ ਰੱਤਾ ਭਰ ਵੀ ਬਦਲਾਅ ਨਹੀਂ ਲਿਆਂਦਾ ਪਰ ਆਪਣੀ ਨੀਤੀ ਵਿੱਚ ਉਹ ਸਮੇਂ ਅਨੁਸਾਰ ਤੇ ਲੋੜ ਮੁਤਾਬਕ ਬਦਲਾਅ ਲਿਆਂਦੇ ਰਹੇ ਤੇ ਅੱਜਕੱਲ੍ਹ ਉਨ੍ਹਾਂ ਦੀ ਇਹ ਨੀਤੀ ਹੈ ਕਿ ਉਹ ਸ਼ੋਸਤ ਵਰਗ ਵਿੱਚੋਂ ਹੀ ਸਵਾਰਥੀ, ਅੱਗੇ ਵਧਣ ਦੀ ਅੰਨੀ ਭੁੱਖ ਪਾਲੀ ਬੈਠੇ ਹੱਥ ਠੋਕਿਆਂ ਨੂੰ ਥਾਪੜਾ ਦੇ ਕੇ, ਅਹੁਦੇ ਦੇ ਕੇ ਕਦੀ ਵਿਧਾਨ ਸਭਾਵਾਂ ਦੇ ਅੰਦਰ ਕਦੇ ਲੋਕ ਸਭਾ ਦੇ ਅੰਦਰ ਤੇ ਕਦੇ ਰੋਸ ਮੁਜ਼ਾਹਰਿਆਂ ਵਿੱਚ ਭੇਜ ਕੇ ਆਪਣੇ ਮਨ ਦੀ ਗੱਲ ਪੁਗਾ ਲੈਂਦੇ ਹਨ ਤੇ ਸ਼ੋਸ਼ਤ ਵਰਗ ਨੂੰ ਉਲਝਾ ਕੇ ਆਪਣਾ ਉੱਲੂ ਸਿੱਧਾ ਕਰਨ ਵਿੱਚ ਕਾਮਯਾਬ ਹੋ ਜਾਂਦੇ ਹਨ। ਇਸ ਦਾ ਸਿੱਧਾ ਤੇ ਸਪੱਸ਼ਟ ਉਦਾਹਰਣ ਸਾਡੇ ਸਾਹਮਣੇ ਹੈ। ਇਸ ਸਮੇੇਂ ਦੇਸ਼ ਬੜੇ ਨਾਜ਼ੁਕ ਦੌਰ ’ਚੋਂ ਗੁਜਰ ਰਿਹਾ ਹੈ। ਸਰਕਾਰਾਂ ਅਮੀਰ ਸਰਮਾਏਦਾਰਾਂ ਅਤੇ ਅੱਯਾਸ਼ ਪੁਰੋਹਿਤਾਂ ਦੀ ਕਠਪੁੱਤਲੀ ਬਣੀਆਂ ਹੋਈਆਂ ਹਨ। ਤਕਰੀਬਨ ਹਰ ਮਨੁੱਖ ਡਰਿਆ-ਸਹਿਮਿਆ ਹੈ। ਸੰਵਿਧਾਨ ਨੂੰ ਤਾਰ-ਤਾਰ ਕੀਤਾ ਜਾ ਰਿਹਾ ਹੈ। 

ਪਰ ਕੇਂਦਰ ਦੀ ਰਾਜ ਸੱਤਾ ਭੋਗ ਰਹੀ ਪਾਰਟੀ ਵਿੱਚ ਬੈਠੇ ਸ਼ੋਸ਼ਤ ਵਰਗ ਦੇ 67 ਨੁਮਾਇੰਦੇ ਇਵੇਂ ਮੌਨ ਧਾਰੀ ਬੈਠੇ ਹਨ ਜਿਵੇਂ ਬਹੁਜਨਾਂ ਦੀ ਬਰਬਾਦੀ ਉਨ੍ਹਾਂ ਦਾ ਆਖਰੀ ਤੇ ਇੱਕੋ-ਇਕ ਟੀਚਾ ਹੋਵੇ। ਇਸੇ ਤਰ੍ਹਾਂ ਪੰਜਾਬ ਵਿੱਚ ਵੀ ਹੋ ਰਿਹਾ ਹੈ ਤੇ ਪੰਜਾਬ ’ਚ ਵੀ ਰਾਜ ਕਰ ਰਹੀ ਸਰਕਾਰ ਵਿੱਚ 22 ਸ਼ੋਸ਼ਤ ਵਰਗ ਦੇ ਨੁਮਾਇੰਦੇ ਹਨ। ਉਹ ਵੀ ਇਵੇਂ ਘੂਣੇ-ਮੀਣੇ ਹੋਏ ਪਏ ਹਨ ਜਿਵੇਂ ਉਹ ਕੁਝ ਜਾਣਦੇ ਨਹੀਂ। ਸਿਰਫ ਤੇ ਸਿਰਫ ਉਹ ਮੂੰਹ ਖੋਲ੍ਹਦੇ ਹਨ ਉਬਾਸੀ ਲੈਣ ਲਈ ਜਾਂ ਸਰਕਾਰ ਦੀ ਤਰੀਫ ਕਰਨ ਲਈ। 

ਹਾਲਾਂਕਿ ਜੇ ਸ਼ੋਸ਼ਤ ਵਰਗ ਦੇ ਨੁਮਾਇਦੇ ਚਾਹੁੰਣ ਤਾਂ ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਇਕ ਸੈਕਿੰਡ ਵਿੱਚ ਟਿੱਚ ਕਰਕੇ ਸੁੱਟ ਸਕਦੇ ਹਨ। ਪਰ ਨਹੀਂ, ਇਹ ਇਸ ਸਮੇਂ ਸ਼ੋਸ਼ਤ ਵਰਗ ਦੇ ਨੁਮਾਇੰਦੇ ਨਾ ਹੋ ਕੇ ਸਗੋਂ ਸ਼ੋਸ਼ਣ ਕਰਨ ਵਾਲੀ ਜਮਾਤ ਦਾ ਹੱਥ ਠੋਕਾ ਬਣਨ ਵਿੱਚ ਜ਼ਿਆਦਾ ਗਰਵ ਮਹਿਸੂਸ ਕਰਦੇ ਹਨ। 

ਇਹ ਸਮੇਂ ਦੀ ਮੰਗ ਹੈ ਕਿ ਸ਼ੋਸ਼ਤ ਵਰਗ ਨੂੰ ਆਪਣੇ ਸਾਰੇ ਫਾਇਦੇ-ਨੁਕਸਾਨ ਦਰਕਿਨਾਰ ਕਰਕੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵੱਲੋਂ ਸਾਡੀ ਝੋਲੀ ਪਾਇਆ ਗਿਆ ਬਗਾਵਤ ਦਾ ਧਰਮ ਤੇ ਝੰਡਾ ਬੁਲੰਦ ਕਰਕੇ ਸਮਾਜ ਤੇ ਦੇਸ਼ ਦੀ ਖੁਸ਼ਹਾਲੀ ਲਈ ਦਿਨ-ਰਾਤ ਡੱਟ ਕੇ ਪਹਿਰਾ ਦੇਣਾ ਚਾਹੀਦਾ ਹੈ ਅਤੇ ਉਸ ਦੀ ਸ਼ੁਰੂਆਤ ਸਾਨੂੰ ਸਭ ਤੋਂ ਪਹਿਲਾਂ ਇਸ ਗੱਲ ਤੋਂ ਕਰਨੀ ਚਾਹੀਦੀ ਹੈ ਕਿ ਸਾਨੂੰ ਉਹ ਤਮਾਮ ਰੀਤੀ-ਰਿਵਾਜ ਜੋ ਇਸ ਸਮੇਂ ਕੁਰੀਤੀਆਂ ਬਣ ਚੁੱਕੀਆਂ ਹਨ ਤਿਆਗ ਕੇ ਸਮਾਜਿਕ ਤੇ ਆਰਥਿਕ ਅੰਦੋਲਨ ਨੂੰ ਮਜ਼ਬੂਤ ਕਰਦੇ ਹੋਏ ਆਪਣਾ ਨਾਮ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸੱਚੇ ਤੇ ਸਾਫ ਪੈਰੋਕਾਰਾਂ ਵਿੱਚ ਦਰਜ ਕਰਵਾਉਣਾ ਚਾਹੀਦਾ ਹੈ, ਤਾਂ ਜੋ ਅਸੀਂ ਸਹੀ ਤੇ ਸੱਚੇ ਮਾਇਨੇ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 644ਵੇਂ ਜਨਮ ਦਿਵਸ ਮੌਕੇ ਉਨ੍ਹਾਂ ਦੇ ਚਰਨਾਂ ਵਿੱਚ ਆਪਣੀ ਸੱਚੀ ਸ਼ਰਧਾ ਦੇ ਫੁੱਲ ਭੇਂਟ ਕਰ ਸਕੀਏ। 

                                                                                                                                    -ਅਜੇ ਕੁਮਾਰ   

Friday 22 January 2021

ਆਹਮੋ-ਸਾਹਮਣੇ : ਗੰਗੂ ਦੀ ਔਲਾਦ ਅਤੇ ਭਗਤ ਸਿੰਘ ਦੇ ਵਾਰਸ - ਜੰਗ ਦਾ ਮੈਦਾਨ- ਬਾਬੇ ਨਾਨਕ ਦੇ ਹਰੇ-ਭਰੇ ਖੇਤ


ਹਰ ਤਰ੍ਹਾਂ ਦੇ ਕੁਦਰਤੀ ਸ੍ਰੋਤਾਂ ਦੇ ਨਾਲ ਨੱਕੋ-ਨੱਕ ਭਰੇ  ਭਾਰਤ ਦੇਸ਼ ਦਾ ਉਜਾੜਾ ਕਰਨ ਵਾਲਾ ਯੂਰੇਸ਼ੀਆ ਤੋਂ ਆਇਆ ਗੰਗਦੱਤ ਬ੍ਰਾਹਮਣ ਦਾ ਕੁਨਬਾ ਹਾਲੇ ਵੀ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਉਸ ਨੂੰ ਬਲ ਆਉਦਾ ਹੈ ਭਾਰਤੀ ਲੋਕਾਂ ਨੂੰ ਧਰਮ ਦੇ ਨਾਂ ’ਤੇ ਲੜਾਉਣ ਦਾ, ਰੱਬ ਦਾ ਡਰ ਦਿਖਾਉਣ ਦਾ, ਘਟੀਆ ਰੀਤੀ-ਰਿਵਾਜ ਅਪਨਾਉਣ ਲਈ ਮਜ਼ਬੂਰ ਕਰਨ ਦਾ। ਸਾਮ-ਦਾਮ, ਦੰਡ-ਭੇਦ ਦੀ ਨੀਤੀ ਅਪਣਾ ਕੇ ਇਨਸਾਫ ਨੂੰ ਖਾਣ ਦਾ, ਇਸੇ ਲਈ ਉਸ ਦਾ ਲੋਟੂ ਟੋਲਾ ਕਦੇ ਅੱਯਾਸ਼ ਪੁਰੋਹਿਤ ਤੇ ਕਦੀ ਧਨਾਢ ਪੂੰਜੀਪਤੀ ਦੇ ਰੂਪ ਵਿੱਚ ਖੂਨ ਚੂਸਣ ਵਾਲੀ ਜੋਕ ਬਣ ਕੇ ਦੇਸ਼ ਦੀ ਆਬੋ-ਹਵਾ ਨੂੰ ਜ਼ਹਿਰੀਲਾ ਕਰਨ ਦਾ ਧੰਦਾ ਕਰਦਾ ਆ ਰਿਹਾ ਹੈ। ਪਰ ਹੁਣ ਤਾਂ ਉਸ ਨੇ ਅੱਯਾਸ਼ੀ ਅਤੇ ਅਵਾਰਗੀ ਦੀਆਂ ਸਾਰੀਆਂ ਹੱਦਾਂ-ਸਰਹੱਦਾਂ ਪਾਰ ਕਰਕੇ ਇਹ ਮਨ ਬਣਾ ਲਿਆ ਹੈ ਕਿ ਦੇਸ਼ ਜਾਵੇ ਭਾੜ ’ਚ, ਦੇਸ਼ ਰਹੇ ਜਾਂ ਨਾ ਰਹੇ ਗੰਗਦੱਤ ਬ੍ਰਾਹਮਣ ਦੀ ਔਲਾਦ ਭਾਰਤੀਆਂ ਦੀ ਲਾਸ਼ ’ਤੇ ਮੁਜਰਾ ਹਰ ਹਾਲਤ ਵਿੱਚ ਕਰੇਗੀ। ਇਸੇ ਕੜੀ ਵਿੱਚ ਉਸ ਨੇ ਤਕੜਾ ਹੋ ਕੇ ਹੱਥ ਪਾਇਆ ਹੋਇਆ ਹੈ ਭਾਰਤ ਦੇ ਸੰਵਿਧਾਨ ਨੂੰ। ਸੰਵਿਧਾਨ ਦੀ ਮੂਲ ਵਿਚਾਰਧਾਰਾ ਸਮਾਨਤਾ, ਭਾਈਚਾਰਾ, ਸਾਂਝੀਵਾਲਤਾ, ਹਰ ਇਕ ਦੀ ਅਜ਼ਾਦੀ, ਸੁਰੱਖਿਆ ਅਤੇ ਤਰੱਕੀ ’ਤੇ ਵਾਰ ਕਰਦੇ ਹੋਏ ਉਸ ਨੇ ਆਪਣੇ ਟੀਚੇ ਮਿੱਥੇ ਹੋਏ ਹਨ। ਉਸ ਨੇ ਦਲਿਤ, ਅਤਿ ਦਲਿਤ, ਬੈਕਵਰਡ ਕਲਾਸਿਜ਼, ਓਬੀਸੀ, ਘੱਟ ਗਿਣਤੀ ਦੇ ਨੱਕ ’ਚ ਦਮ ਕਰਦੇ-ਕਰਦੇ ਅਖੀਰ ’ਤੇ ਉਸ ਨੇ ਗਰੀਬ ਹਿੰਦੂ ਦਾ ਗਲਾ ਘੋਟਣਾ ਹੈ ਤੇ ਇਸ ਦੇਸ਼ ਨੂੰ ਪੂਰੇ ਵਿਸ਼ਵ ’ਚ ਸਭ ਤੋਂ ਵੱਡਾ ਸ਼ਮਸ਼ਾਨ ਬਣਾ ਕੇ ਆਪਣੀ ਚਾਪਲੂਸੀ ਆਪ ਕਰਦੇ ਹੋਏ ਆਪਣੇ ਇਤਿਹਾਸ ਨੂੰ ਗੌਰਵਮਈ ਇਤਿਹਾਸ ਦੱਸਣਾ ਹੈ। ਉਸ ਨੇ ਹਰ ਪਾਸੇ ਮੋਰਚਾ ਖੋਲ੍ਹਿਆ ਹੋਇਆ ਹੈ, ਹਰ ਪਾਸੇ ਨਿੱਜੀਕਰਣ ਦਾ ਫਨੀਅਰ ਸੱਪ ਬੁਲੇਟ ਟ੍ਰੇਨ ਦੀ ਰਫ਼ਤਾਰ ਨਾਲੋਂ ਵੀ ਕਿਤੇ ਵੱਧ ਤੇਜ਼ੀ ਨਾਲ ਹਰ ਰੋਜ਼ ਨਵੇਂ ਤੋਂ ਨਵੇਂ ਸਰਕਾਰੀ ਅਦਾਰਿਆਂ ਨੂੰ ਡੱਸ ਰਿਹਾ ਹੈ। ਉਨ੍ਹਾਂ ਸਰਕਾਰੀ ਅਦਾਰਿਆਂ ਵਿੱਚ ਕੰਮ ਕਰਕੇ ਰੋਜ਼ੀ-ਰੋਟੀ ਕਮਾਉਣ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਸੁਪਨਿਆਂ ਸਮੇਤ ਨਿਗਲ ਰਿਹਾ ਹੈ। ਇਸ ਦਾ ਲਾਈਵ ਟੈਲੀਕਾਸਟ ਅਸੀਂ ਦੇਸ਼ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਖਿਲਾਫ ਮੌਜੂਦਾ ਕੇਂਦਰ ਸਰਕਾਰ ਦੇ ਮੁਖੀ ਅਤੇ ਗ੍ਰਹਿ ਮੰਤਰੀ ਦੇ ਵਤੀਰੇ ਤੋਂ ਸਮਝ ਸਕਦੇ ਹਾਂ। ਹਾਲਾਂਕਿ ਇੰਨਾ ਸੌਖਾ ਨਹੀਂ ਹੈ ਗੰਗੂ ਦੀ ਔਲਾਦ ਵੱਲੋਂ ਭਗਤ ਸਿੰਘ ਦੇ ਵਾਰਸਾਂ ਨੂੰ ਖਤਮ ਕਰ ਸਕਣਾ। ਕਿਉਕਿ ਮੰਸ਼ਾ, ਇਰਾਦੇ ਆਪਣੀ ਜਗ੍ਹਾ ’ਤੇ ਹੁੰਦੇ ਹਨ ਪਰ ਸੱਚਾਈ ਦਾ ਤੇ ਕੁਦਰਤ ਦਾ ਵੀ ਸਭ ਤੋਂ ਵੱਡਾ ਹਿੱਸਾ ਇਨਸਾਨ ਦੀ ਜ਼ਿੰਦਗੀ ਵਿੱਚ ਹੁੰਦਾ ਹੈ, ਇਸ ਗੱਲ ਨੂੰ ਭੁੱਲਣ ਦਾ ਗੁਨਾਹ ਸ਼ਾਇਦ ਜ਼ਾਲਮ ਤੇ ਅੜੀਅਲ ਸਰਕਾਰ ਨੂੰ ਮਹਿੰਗਾ ਪੈ ਜਾਵੇਗਾ। ਜਿਨ੍ਹਾਂ ਦੇ ਪੁੱਤ ਬਾਰਡਰਾਂ ’ਤੇ ਦੁਸ਼ਮਣ ਮੁਲਖਾਂ ਦੇ ਸੈਨਿਕਾਂ ਅਤੇ ਘੁਸਪੈਠੀਏ ਅੱਤਵਾਦੀਆਂ ਨੂੰ ਨਾਕੋਂ ਚਨੇੇ ਚੱਬਣ ਲਈ ਮਜ਼ਬੂਰ ਕਰ ਦਿੰਦੇ ਹਨ ਕੀ ਉਹ ਵਿਹਲੇ ਬਹਿ ਕੇ ਖਾ-ਖਾ ਕੇ ਗੋਗੜਾਂ ਵਧਾਉਣ ਵਾਲੇ ਠੱਗਾਂ ਤੋਂ ਘਾਬਰ ਜਾਣਗੇ? ਆਪਣੀ ਜ਼ਮੀਨ ਨੂੰ ਐਵੇਂ ਹੀ ਅਡਾਨੀ, ਅੰਬਾਨੀ ਜਿਹੇ ਪੂੰਜੀਪਤੀਆਂ ਦੇ ਹੱਥ ਸੌਂਪ ਦੇਣਗੇ? ਗੰਗੂ ਬ੍ਰਾਹਮਣ ਦੀ ਔਲਾਦ ਦਾ ਟੋਲਾ ਦੇਸ਼ ਨੂੰ ਵੇਚਣ ਵਿੱਚ ਇੰਨਾ ਮਸਤ ਹੋ ਗਿਆ ਹੈ ਕਿ ਉਹ ਇਹ ਵੀ ਭੁੱਲ ਗਿਆ ਹੈ ਕਿ ਕਿਸਾਨ ਆਪਣੀ ਜ਼ਮੀਨ ਨੂੰ ਆਪਣੀ ਔਲਾਦ ਅਤੇ ਆਪਣੀ ਮਾਂ ਤੋਂ ਵੀ ਜ਼ਿਆਦਾ ਵੱਧ ਪਿਆਰ ਕਰਦਾ ਹੈ। ਉਹ ਇਹ ਵੀ ਭੁੱਲ ਗਿਆ ਹੈ ਕਿ ਬਾਬੇ ਨਾਨਕ ਦੇ ਹਰੇ-ਭਰੇ ਖੇਤ ਖੋਹਣ ਲਈ ਉਸ ਨੂੰ ਇਹ ਵੀ ਚੇਤੇ ਰੱਖਣਾ ਪਵੇਗਾ ਕਿ ਭਾਵੇਂ ਬਾਬੇ ਨਾਨਕ ਨੇ ਸਾਰੀ ਜ਼ਿੰਦਗੀ ਪ੍ਰੇਮ, ਏਕਤਾ, ਭਾਈਚਾਰੇ, ਸਾਂਝੀਵਾਲਤਾ ਦੇ ਗੀਤ ਗਾਏ ਪਰ ਕਦੇ ਜ਼ੁਲਮੀ ਬਾਬਰ ਅੱਗੇ ਉਨ੍ਹਾਂ ਨੇ ਸਿਰ ਨਹੀਂ ਝੁਕਾਇਆ। ਇਹ ਮੌਕਾ ਹੈ ਗੰਗਦੱਤ ਬ੍ਰਾਹਮਣ ਦੀ ਔਲਾਦ ਸੁਧਰ ਜਾਵੇ। ਕਿਸਾਨਾਂ ਅਤੇ ਮਜ਼ਦੂਰਾਂ ਖਿਲਾਫ ਪਾਸ ਕੀਤੇ ਕਾਲੇ ਕਨੂੰਨ ਵਾਪਸ ਲੈ ਲਵੇ ਨਹੀਂ ਤਾਂ ਕਿਸਾਨਾਂ ਦੇ ਹੱਕ ਵਿੱਚ ਪੂਰਾ ਦੇਸ਼ ਸਿੱਖ ਅਤੇ ਸਿੰਘ ਬਣ ਕੇ ਗੰਗਦੱਤ ਬ੍ਰਾਹਮਣ ਦੇ ਖਿਲਾਫ ਮੋਰਚਾ ਖੋਲ੍ਹ ਲਵੇਗਾ ਅਤੇ ਇਹ ਗੱਲ ਯਕੀਨੀ ਹੈ ਕਿ ਹੁਣ ਇਸ ਗੰਦੇ ਆਂਡੇ ਨੂੰ ਸ਼ਾਇਦ ਯੂਰੇਸ਼ੀਆ ਵਾਲੇ ਵੀ ਵਾਪਸ ਲੈਣ ਤੋਂ ਇਨਕਾਰ ਕਰ ਦੇਣ। ਸਮਾਂ ਹੈ ਭਗਤ ਸਿੰਘ ਦੇ ਵਾਰਸਾਂ ਦਾ ਸਾਥ ਦੇਣ ਦਾ, ਬਾਬੇ ਨਾਨਕ ਦੇ ਹਰੇ-ਭਰੇ ਖੇਤ ਬਚਾਉਣ ਦਾ। ਹੁਣ ਪਤਾ ਲੱਗੇਗਾ ਕਿ ਇਸ ਸੰਘਰਸ਼ ਵਿੱਚ ਕੌਣ ਕਬੀਰ ਪੰਥੀਆ ਹੈ ਜਿਹੜਾ ਸਤਿਗੁਰੂ ਕਬੀਰ ਦੇ ਇਸ ਕਥਨ ’ਤੇ ਖੜ੍ਹਾ ਹੈ ਕਿ 

- ਸੂਰਾ ਸੋ ਪਹਿਚਾਨੀਐ, ਜੁ ਲਰੈ ਦੀਨ ਕੇ ਹੇਤ।

    ਪੁਰਜਾ-ਪੁਰਜਾ ਕਟਿ ਮਰੈ ਕਬਹੂੰ ਨ ਛਾਡੈ ਖੇਤੁ।

ਤੇ ਕੌਣ ਰਵਿਦਾਸ ਜੀ ਦੇ ਇਸ ਕਥਨ ’ਤੇ ਖੜਾ ਹੈ

ਜਨਨੀ ਜਨੇ ਤਾਂ ਭਗਤ ਜਨੁ, ਕੈ ਦਾਤਾ ਕੈ ਸੂਰਿ

ਨਹੀਂ ਤਾਂ ਜਨਨੀ ਬਾਂਝ ਰਹੇ, ਕਾਹੇ ਗਵਾਵੈ ਨੂਰ।

ਹੁਣ ਇਹ ਵੀ ਪਤਾ ਲੱਗ ਜਾਣਾ ਹੈ ਕਿ ਕਿੰਨੇ ਲੋਕ ਗੁਰੂ ਰਵਿਦਾਸ ਮਹਾਰਾਜ ਜੀ ਦੀ ਕ੍ਰਾਂਤੀਕਾਰੀ ਸੋਚ ਨਾਲ ਖ਼ੜੇ ਹਨ ਤੇ ਕਿੰਨੇ ਗੰਗਦੱਤ ਬ੍ਰਾਹਮਣ ਦੀ ਔਲਾਦ ਵੱਲੋਂ ਗੁਰੂ ਰਵਿਦਾਸ ਮਹਾਰਾਜ ਜੀ ਨਾਲ ਜੋੜ ਕੇ ਲਿਖੀਆਂ ਮਨਘੜਤ ਕਹਾਣੀਆਂ- ਕਿੱਸਿਆਂ ਨਾਲ ਜੁੜੇ ਹਨ। ਖਾਸ ਕਰਕੇ ਪੰਜਾਬ ਦਾ ਕਿਸਾਨ ਇਹ ਸੋਚਦਾ ਜ਼ਰੂਰ ਹੋਵੇਗਾ ਕਿ ਕਦੋਂ ਸਾਡੇ ਤੋਂ ਇੱਡੀ ਭੁੱਲ ਹੋ ਗਈ ਕਿ ਅਸੀਂ ਗੰਗਦੱਤ ਦੀ ਔਲਾਦ ਨੂੰ ਕੁੱਛੜ ਚੁੱਕ ਕੇ ਰੰਘਰੇਟੇ ਗੁਰੂ ਕੇ ਬੇਟੇ ਦੱਬੇ-ਕੁਚਲੇ ਗਰੀਬ ਮਜ਼ਦੂਰ ਨਾਲ ਸਾਂਝ ਪਾਉਣ ਦੀ ਬਜਾਏ ਅਸੀਂ ਕਿਹੜੇ ਊਚ-ਨੀਚ ਦੇ ਚੱਕਰਾਂ ਵਿੱਚ ਪੈ ਗਏ, ਜਿਸ ਨੇ ਸਾਡੇ ਦਿਲ-ਦਿਮਾਗ ’ਚੋਂ ਇਹ ਵੀ ਗੱਲ ਕੱਢ ਦਿੱਤੀ ਕਿ ਜਿਹੜੇ ਮਜ਼ਦੂਰ ਨਾਲ ਅਸੀਂ ਸਿਰ ਨਾਲ ਸਿਰ ਜੋੜ ਕੇ ਪੰਡ ਚੁੱਕਦੇ ਹਾਂ ਉਸ ਮਜ਼ਦੂਰ ਦਾ ਵੀ ਤਾਂ ਕਿਸਾਨ ਦੀ ਖੁਸ਼ਹਾਲ ਜ਼ਿੰਦਗੀ ਵਿੱਚ ਬੇਸ਼ੁਮਾਰ ਕੀਮਤੀ ਯੋਗਦਾਨ ਹੈ। ਪਰ ਕੁਝ ਅੜੀਅਲ ਤੇ ਹੰਕਾਰੀ ਜ਼ਿਮੀਂਦਾਰਾਂ ਦੇ ਤੌਰ-ਤਰੀਕਿਆਂ ਨੇ ਅੱਜ ਰੰਘਰੇਟੇ ਗੁਰੂ ਕੇ ਬੇਟੇ ਅਤੇ ਗੁਰੂ ਦੇ ਸਿੱਖਾਂ ਵਿੱਚ ਫ਼ਰਕ ਪਾਇਆ ਹੋਇਆ ਹੈ ਜਿਹੜਾ ਕਿ ਸਮੇਂ ਦੀ ਮੰਗ ਹੈ ਕਿ ਇਹ ਫਰਕ ਫੌਰੀ ਤੌਰ ਤੇ ਖਤਮ ਹੋ ਜਾਣਾ ਚਾਹੀਦਾ ਹੈ। ਜਿੱਥੇ ਕਿਸਾਨ ਗੰਗਦੱਤ ਬ੍ਰਾਹਮਣ ਦੀ ਔਲਾਦ ਨੂੰ ਸਬਕ ਸਿਖਾਉਣ ਲੱਗਿਆ ਹੈ ਉਥੇ ਪਿੰਡਾਂ ਦੇ ਹਰ ਗੁਰੂਘਰ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰ ਕੇ ਇਹ ਪ੍ਰਣ ਕਰ ਲੈਣਾ ਚਾਹੀਦਾ ਹੈ ਕਿ ਜਾਤ-ਪਾਤ ਨਾਂ ਦੇ ਜ਼ਹਿਰੀਲੇ ਬੀਜ ਦਾ ਅਸੀਂ ਜੜੋਂ ਅੰਤ ਕਰਦੇ ਹਾਂ ਤੇ ਅਜਿਹੀ ਨਫਰਤ ਫੈਲਾਉਣ ਵਾਲੇ ਨੂੰ ਗੁਰੂ ਘਰ ਤੇ ਪੰਥ ’ਚੋਂ ਛੇਕਿਆ ਜਾਵੇਗਾ ਤੇ ਜਾਲਮ ਸਰਕਾਰ ਖਿਲਾਫ ਤਿੱਖੇ ਸੰਘਰਸ਼ ਦਾ ਬਿਗਲ ਵਜਾਉਦਿਆਂ ਸਾਰਿਆਂ ਨੂੰ ਦਿੱਲੀ ਵੱਲ ਕੂਚ ਕਰ ਜਾਣਾ ਚਾਹੀਦਾ ਹੈ ਕਿਉਕਿ ਸਾਡਾ ਸਾਹਮਣਾ ਉਨ੍ਹਾਂ ਨਾਲ ਹੈ ਜਿਨ੍ਹਾਂ ਨੇ ਸਾਡੇ ਉਨ੍ਹਾਂ ਗੁਰੂਆਂ ਨੂੰ ਵੀ ਤਸੀਹੇ ਦਿੱਤੇ ਜਿਨ੍ਹਾਂ ਨੇ ਗੰਗੂ ਦੀ ਔਲਾਦ ਬਾਰੇ ਵੀ ਕਦੇ ਮਾੜਾ ਨਹੀਂ ਸੋਚਿਆ। ਹੁਣ ਸਮਾਂ ਆ ਗਿਆ ਹੈ ਕਿ ਗੰਗੂ ਦੀ ਔਲਾਦ ਤੋਂ ਬਚ ਕੇ ਰਹੀਏ ਤੇ ਆਪਣੀ ਏਕਤਾ-ਭਾਈਚਾਰੇ ਨੂੰ ਹੋਰ ਮਜ਼ਬੂਤੀ ਨਾਲ ਅੱਗੇ ਵਧਾਉਦੇ ਹੋਏ ਦੇਸ਼ ਦੀ ਆਨ-ਬਾਨ, ਸ਼ਾਨ ਮਜ਼ਦੂਰ ਅਤੇ ਕਿਸਾਨ ਦਾ ਧੰਨਵਾਦ ਕਰੀਏ ਕਿਉਕਿ ਸਾਡੇ ਸਾਰਿਆਂ ਦੀ ਲੜਾਈ ਲੜਨ ਲਈ ਮੋਹਰਲੀ ਕਤਾਰ ਵਿੱਚ ਮਜ਼ਦੂਰ ਅਤੇ ਕਿਸਾਨ ਹੀ ਖੜ੍ਹਾ ਹੈ, ਜਿਸ ਨੇ ਦਿੱਲੀ ਨੂੰ ਸਾਰੇ ਪਾਸਿਓਂ ਘੇਰ ਕੇ ਆਪਣੀ ਜਾਨ ਦੀ ਬਾਜੀ ਲਾਈ ਹੋਈ ਹੈ।

 -ਅਜੇ ਕੁਮਾਰ