Monday 15 May 2017

ਸਿਰੀ ਨੱਪਣ ਦਾ ਸਮਾਂ ਆ ਗਿਆ ਹੈ

ਜਾਤ-ਪਾਤ 'ਚ ਵੰਡੇ ਹੋਏ ਕਬੀਲਿਆਂ ਨੂੰ ਇਕ ਮਜ਼ਬੂਤ ਰਾਸ਼ਟਰ ਦਾ ਰੂਪ ਦੇਣ ਲਈ ਡਾ. ਭੀਮ ਰਾਓ ਅੰਬੇਡਕਰ ਜੀ ਨੇ ਭਾਰਤੀ ਸੰਵਿਧਾਨ ਦੀ ਰਚਨਾ ਕੀਤੀ। ਭਾਵੇਂ ਸੰਵਿਧਾਨ ਬਣਾਉਣ ਵਾਲੀ ਕਮੇਟੀ ਦੇ ਹੋਰ ਵੀ ਮੈਂਬਰ ਸਨ ਪਰ ਸੰਵਿਧਾਨ ਬਣਾਉਣ ਵਿੱਚ ਵਿਸ਼ੇਸ਼ ਅਤੇ ਸਭ ਤੋਂ ਵੱਡਾ ਰੋਲ ਬਾਬਾ ਸਾਹਿਬ ਅੰਬੇਡਕਰ ਜੀ ਦਾ ਹੀ ਸੀ ਜਾਂ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਬਾਬਾ ਸਾਹਿਬ ਅੰਬੇਡਕਰ ਤੋਂ ਇਲਾਵਾ ਸੰਵਿਧਾਨ ਕਮੇਟੀ ਦੇ ਮੈਂਬਰਾਂ ਨੇ ਨਾਮਾਤਰ ਹੀ ਆਪਣਾ ਯੋਗਦਾਨ ਪਾਇਆ। ਮਜ਼ਬੂਤ ਰਾਸ਼ਟਰ ਬਣਾਉਣ ਦੇ ਲਈ ਡਾ. ਭੀਮ ਰਾਓ ਅੰਬੇਡਕਰ ਨੇ ਦੇਸ਼ ਦੀ ਸਭ ਤੋਂ ਵੱਡੀ ਬਿਮਾਰੀ ਭੇਦਭਾਵ, ਜਾਤ-ਪਾਤ ਖਤਮ ਕਰਨ ਲਈ ਸ਼ੋਸ਼ਿਤ ਲੋਕਾਂ ਲਈ ਰਾਖਵੇਂਕਰਣ ਦਾ ਵਿਸ਼ੇਸ਼ ਉਪਰਾਲਾ ਕੀਤਾ, ਜਿਸ ਕਾਰਣ ਕਾਫ਼ੀ ਹੱਦ ਤੱਕ ਛੂਆਛਾਤ, ਭੇਦਭਾਵ ਅਤੇ ਜਾਤ-ਪਾਤ ਦਾ ਖਾਤਮਾ ਹੋਇਆ, ਜਿਸ ਕਾਰਣ ਦੇਸ਼ ਦੀ ਤਰੱਕੀ ਵੀ ਹੋਈ, ਦੇਸ਼ ਵਿਸ਼ਵ ਦੇ ਗਿਣੇ-ਚੁਣੇ ਦੇਸ਼ਾਂ 'ਚ ਮੋਹਰਲੀ ਕਤਾਰ ਵਿੱਚ ਵੀ ਖੜ੍ਹਾ ਹੋਇਆ ਪਰ ਰਾਖਵੇਂਕਰਣ ਨੂੰ ਵਿਰੋਧੀ ਤਾਕਤਾਂ ਨੇ ਪੂਰੀ ਇਮਾਨਦਾਰੀ ਨਾਲ ਲਾਗੂ ਨਹੀਂ ਕੀਤਾ ਅਤੇ ਨਾ ਹੀ ਰਾਖਵੇਂਕਰਣ ਦਾ ਫਾਇਦਾ ਲੈਣ ਵਾਲੇ ਲੋਕਾਂ ਨੇ ਪੇ ਬੈਕ ਟੂ ਸੁਸਾਇਟੀ ਦੇ ਸਿਧਾਂਤ 'ਤੇ ਕੰਮ ਕੀਤਾ, ਜਿਸ ਕਾਰਣ ਨਾ ਤਾਂ ਹਾਲੇ ਤੱਕ ਭਾਰਤ ਇਕ ਮਜ਼ਬੂਤ ਰਾਸ਼ਟਰ ਬਣ ਸਕਿਆ ਅਤੇ ਨਾ ਹੀ ਸ਼ੋਸ਼ਿਤ ਵਰਗ ਪੂਰੀ ਇਮਾਨਦਾਰੀ ਨਾਲ ਪੈਰਾਂ 'ਤੇ ਖੜ੍ਹਾ ਹੋ ਸਕਿਆ। ਇਹ ਕੌੜੀ ਸੱਚਾਈ ਹੈ ਕਿ ਭਾਰਤ 'ਚ ਰਹਿ ਰਹੇ ਸਮਾਜ ਦੇ ਹਾਲਾਤ ਇਕ ਸੰਤਰੇ ਵਾਂਗ ਹਨ, ਜਿਵੇਂ ਸੰਤਰਾ ਬਾਹਰੋਂ ਇਕ ਨਜ਼ਰ ਆਉਂਦਾ ਹੈ, ਪਰ ਹਲਕਾ ਜਿਹਾ ਵੀ ਉਸ ਦੇ ਛਿਲਕੇ ਨੂੰ ਲਾਹੁਣ 'ਤੇ ਅੰਦਰੋਂ ਫਾੜੀ-ਫਾੜੀ ਅਲੱਗ ਨਜ਼ਰ ਆਉਂਦੀ ਹੈ। ਇਸੇ ਤਰ੍ਹਾਂ ਅੱਜ ਵੀ ਦੇਸ਼ ਜਾਤ, ਧਰਮ, ਮਜ਼੍ਹਬ, ਜਾਤੀ, ਰੰਗ, ਭਾਸ਼ਾ ਆਦਿ ਨਾਂ 'ਤੇ ਅਲੱਗ-ਅਲੱਗ ਹੈ ਤੇ ਅੱਜ ਵੀ ਅੰਬੇਡਕਰ ਦੀ ਵਿਚਾਰਧਾਰਾ ਦਾ ਵਿਰੋਧ ਕਰ ਰਹੀਆਂ ਰਾਜਨੀਤਿਕ ਪਾਰਟੀਆਂ ਅਤੇ ਧਰਮ ਦੇ ਅਖੌਤੀ ਠੇਕੇਦਾਰ ਆਪਣਾ ਉੱਲੂ ਸਿੱਧਾ ਕਰਨ ਦੇ ਚੱਕਰ ਵਿੱਚ ਦੇਸ਼ ਨੂੰ ਤਬਾਹੀ ਵੱਲ ਲੈ ਕੇ ਜਾ ਰਹੀਆਂ ਹਨ, ਕਿਉਂਕਿ ਸਦੀਆਂ ਤੋਂ ਜਿਨ੍ਹਾਂ ਲੋਕਾਂ ਦਾ ਸ਼ੋਸ਼ਣ ਹੋਇਆ ਉਹ ਹਾਲੇ ਵੀ 90 ਪ੍ਰਤੀਸ਼ਤ ਲੋਕ ਆਪਣੇ ਪੈਰਾਂ 'ਤੇ ਖੜ੍ਹੇ ਨਹੀਂ ਹੋ ਸਕੇ। ਇਸ ਲਈ ਸ਼ੋਸ਼ਿਤ ਵਰਗ 'ਚੋਂ ਰਾਖਵਾਂਕਰਣ ਦਾ ਫਾਇਦਾ ਲੈ ਚੁੱਕੇ ਲੋਕਾਂ ਦਾ ਸਭ ਤੋਂ ਪਹਿਲਾ ਫਰਜ਼ ਬਣਦਾ ਹੈ ਕਿ ਉਹ ਜਿੰਨੀ ਛੇਤੀ ਹੋ ਸਕੇ ਸੰਵਿਧਾਨ ਨੂੰ ਲਾਗੂ ਕਰਾਉਣ ਲਈ ਪੂਰੀ ਇਮਾਨਦਾਰੀ ਨਾਲ ਯੋਗਦਾਨ ਪਾਉਣ ਤਾਂ ਜੋ ਭਾਰਤ ਦਾ ਹਰ ਨਾਗਰਿਕ ਖੁਸ਼ਹਾਲ ਅਤੇ ਭਾਰਤ ਮਜ਼ਬੂਤ ਰਾਸ਼ਟਰ ਬਣ ਸਕੇ। ਇਕ ਭੁਲੇਖਾ ਹਰ ਭਾਰਤੀ ਨੂੰ ਆਪਣੇ ਦਿਮਾਗ 'ਚੋਂ ਕੱਢ ਦੇਣਾ ਬਹੁਤ ਜ਼ਰੂਰੀ ਹੈ ਕਿ ਬਿਨਾਂ ਭੇਦਭਾਵ, ਜਾਤ-ਪਾਤ ਹਟਾਏ ਰਾਖਵਾਂਕਰਣ ਖਤਮ ਹੋ ਜਾਵੇਗਾ। ਰਾਖਵਾਂਕਰਣ ਵਿਰੋਧੀ ਤਾਕਤਾਂ ਛਲ, ਕਪਟ, ਹਰ ਤਰ੍ਹਾਂ ਦੀਆਂ ਬੇਈਮਾਨੀਆਂ, ਜਾਅਲਸਾਜ਼ੀਆਂ ਨਾਲ ਸੱਤਾ ਤਾਂ ਹਾਸਿਲ ਕਰ ਸਕਦੀਆਂ ਹਨ ਪਰ ਇਹ ਆਪਣੇ ਮਨ 'ਚੋਂ ਭੁਲੇਖਾ ਕੱਢ ਦੇਣ ਕਿ ਉਹ ਰਾਖਵਾਂਕਰਣ ਖਤਮ ਕਰ ਸਕਦੇ ਹਨ ਜਾਂ ਭਾਰਤੀ ਸੰਵਿਧਾਨ ਨੂੰ ਨਸ਼ਟ ਕਰ ਸਕਦੇ ਹਨ, ਕਿਉਂਕਿ ਬਾਬਾ ਸਾਹਿਬ ਅੰਬੇਡਕਰ ਦੇ ਪੈਰੋਕਾਰ ਇੰਨੇ ਵੀ ਨਿਠੱਲੇ ਤੇ ਸੁਸਤ ਨਹੀਂ ਹਨ ਕਿ ਉਹ ਸਭ ਆਪਣੀਆਂ ਅੱਖਾਂ ਸਾਹਮਣੇ ਇਹ ਚੀਜ਼ਾਂ ਬਰਦਾਸ਼ਤ ਕਰਨਗੇ। ਉਨ੍ਹਾਂ ਨੂੰ ਬਾਬਾ ਸਾਹਿਬ ਅੰਬੇਡਕਰ ਦੇ ਸਭ ਸਬਕ ਯਾਦ ਹਨ, ਉਨ੍ਹਾਂ ਵਿੱਚੋਂ ਇਹ ਵੀ ਸਬਕ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਮਾਨਵਤਾ ਦਾ ਧਰਮ ਨਸ਼ਟ ਕਰਨ ਵਾਲੇ ਕਾਨੂੰਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਜਾਣ ਤਾਂ ਉਨ੍ਹਾਂ ਨੂੰ ਅਕਲ ਸਿਖਾਉਣ ਲਈ ਹਥਿਆਰ ਚੁੱਕਣਾ ਵੀ ਕੋਈ ਗੁਨਾਹ ਨਹੀਂ ਹੈ ਤੇ ਜੇਕਰ ਇਸ ਤਰ੍ਹਾਂ ਦੀ ਨੌਬਤ ਆਉਂਦੀ ਹੈ ਤਾਂ ਰਾਜਗੱਦੀਆਂ 'ਤੇ ਬੈਠੇ 3% ਲੋਕ ਕਦੇ ਵੀ ਇਹ ਗੱਲ ਨਾ ਭੁੱਲਣ ਕਿ 97% ਲੋਕ ਜਦੋਂ ਇਕ ਜਗ੍ਹਾ 'ਤੇ ਖੜ੍ਹੇ ਹੋ ਕੇ ਥੁੱਕਣਾ ਵੀ ਸ਼ੁਰੂ ਕਰ ਦੇਣ ਤਾਂ ਇਹ ਲੋਕ ਉਨ੍ਹਾਂ ਦੇ ਥੁੱਕ ਵਿੱਚ ਹੀ ਗੋਤੇ ਖਾ ਕੇ ਮਰ ਜਾਣਗੇ, ਜੇ ਕਿਸੇ ਨੂੰ ਸ਼ੱਕ ਹੈ ਤਾਂ ਉਹ ਕਿਸੇ ਵੀ ਧਰਮ ਦਾ ਇਤਿਹਾਸ ਪੜ੍ਹ ਕੇ ਦੇਖ ਲੈਣ ਜਾਂ ਭਾਰਤ ਦੇਸ਼ ਦੀ ਕਿਸੇ ਵੀ ਮੁਲਕ ਨਾਲ ਲੱਗੀ ਲੜਾਈ ਦੇਖ ਲੈਣ। ਸ਼ਹੀਦਾਂ ਅਤੇ ਕੁਰਬਾਨੀ ਦੇਣ ਵਾਲਿਆਂ ਦੀ ਸਭ ਤੋਂ ਲੰਬੀ ਲਿਸਟ ਦਲਿਤਾਂ ਦੀ ਹੀ ਨਜ਼ਰ ਆਏਗੀ। ਬਸ ਦਲਿਤਾਂ ਨੂੰ ਇੰਨਾ ਹੀ ਸਮਝਣਾ ਪੈਣਾ ਹੈ ਕਿ ਹਮੇਸ਼ਾ ਦੂਸਰਿਆਂ ਲਈ ਕੁਰਬਾਨੀ ਦੇਣ ਦੀ ਬਜਾਏ ਆਪਣੇ ਆਉਣ ਵਾਲੇ ਬੱਚਿਆਂ ਲਈ ਕੁਰਬਾਨੀ ਦੇਣੀ ਹੈ। ਇੰਨੀ ਗੱਲ ਸਮਝਣੀ ਕੋਈ ਬਹੁਤੀ ਮੁਸ਼ਕਿਲ ਨਹੀਂ ਹੈ। ਇਸ ਲਈ ਹਾਕਮ ਭੁਲੇਖੇ 'ਚ ਨਾ ਰਹਿਣ ਕਿ ਉਨ੍ਹਾਂ ਦੀਆਂ ਕੋਝੀਆਂ ਚਾਲਾਂ ਤੋਂ ਅੰਬੇਡਕਰੀ ਵਾਕਫ ਨਹੀਂ। ਜਿੱਥੇ ਮੈਂ ਹਾਕਮਾਂ ਨੂੰ ਚੇਤਾਣਾ ਚਾਹੁੰਦਾ ਹਾਂ ਉੱਥੇ ਅੰਬੇਡਕਰੀਆਂ ਨੂੰ ਵੀ ਕਹਿਣਾ ਚਾਹੁੰਦਾ ਹਾਂ ਕਿ ਨਿੱਕੀਆਂ-ਮੋਟੀਆਂ ਆਪਸੀ ਗਲਤਫਹਿਮੀਆਂ ਨੂੰ ਦੂਰ ਕਰਕੇ ਦੁਸ਼ਮਣ 'ਤੇ ਬਾਜ਼ ਵਾਲੀ ਅੱਖ ਟਿਕਾ ਕੇ ਦੁਸ਼ਮਣ ਦੀ ਸਿਰੀ ਨੱਪਣ ਦਾ ਸਮਾਂ ਆ ਗਿਆ ਹੈ। ਸਾਡੇ ਵਿੱਚ ਜਿੰਨੀਆਂ ਵੀ ਗਲਤਫਹਿਮੀਆਂ ਪਾਈਆਂ ਗਈਆਂ ਹਨ, ਜਦੋਂ ਅਸੀਂ ਤਹਿ ਤੱਕ ਜਾਵਾਂਗੇ ਤਾਂ ਪਤਾ ਲੱਗੇਗਾ ਇਹ ਗਲਤਫਹਿਮੀਆਂ ਪਾਉਣ ਵਾਲੇ ਮਨੂੰ ਦੇ ਚੇਲੇ ਹਨ। ਇਸ ਲਈ ਮਨੂੰ ਦੇ ਚੇਲਿਆਂ ਨੂੰ ਹੁਣ ਨੱਥ ਪਾਉਣ ਦਾ ਸਹੀ ਸਮਾਂ ਆ ਗਿਆ ਹੈ।
-ਅਜੈ ਕੁਮਾਰ