Sunday 24 January 2016

ਕਦੋਂ ਬਣੂੰ ਭਾਰਤ ਗਣਤੰਤਰ

ਅਸੀਂ 26 ਜਨਵਰੀ ਨੂੰ 66ਵਾਂ ਗਣਤੰਤਰ ਦਿਵਸ ਮਨਾ ਰਹੇ ਹਾਂ। ਗਣਤੰਤਰ ਦਾ ਅਰਥ ਹੈ ਇਕ ਅਜਿਹੀ ਸਰਕਾਰ ਜੋ ਜਨਤਾ ਦੇ ਚੁਣੇ ਨੁਮਾਇੰਦਿਆਂ ਵੱਲੋਂ ਚਲਾਈ ਜਾਂਦੀ ਹੈ ਤੇ ਉਹ ਇਕ ਵਿਅਕਤੀ ਵਿਸ਼ੇਸ਼ ਲਈ ਨਹੀਂ ਬਲਕਿ ਸਮੂਹ ਜਨਤਾ ਲਈ ਉੱਤਰਦਾਈ ਹੁੰਦੀ ਹੈ। ਬਾਬਾ ਸਾਹਿਬ ਦੁਆਰਾ ਬਣਾਇਆ ਸੰਵਿਧਾਨ ਲਾਗੂ ਹੋਣ ਦੇ ਨਾਲ ਹੀ 26 ਜਨਵਰੀ 1950 ਵਿੱਚ ਭਾਰਤ ਗਣਤੰਤਰ ਬਣ ਗਿਆ। ਦੁਨੀਆਂ ਦਾ ਸਭ ਤੋਂ ਬੇਹਤਰੀਨ ਸੰਵਿਧਾਨ ਹੋਵੇ ਫਿਰ ਵੀ ਅਜੇ ਤੱਕ ਭਾਰਤੀ ਸਮਾਜ ਨੂੰ ਆਪਣੇ ਮੁਢਲੇ ਹੱਕ ਪਾਉਣ ਲਈ ਸੰਘਰਸ਼ ਕਰਨਾ ਪਵੇ, ਇਹ ਇਕ ਬੜੀ ਸ਼ਰਮਨਾਕ ਗੱਲ ਹੈ। ਇਸ ਦਾ ਮੁੱਖ ਕਾਰਣ ਹੈ ਭਾਰਤੀ ਸੰਵਿਧਾਨ ਲਾਗੂ ਕਰਨ ਵਾਲਿਆਂ ਦੀ ਨੀਯਤ 'ਚ ਖੋਟ, ਇੱਛਾ ਸ਼ਕਤੀ ਦੀ ਕਮੀ ਤੇ ਸਭ ਤੋਂ ਵੱਧ ਆਪਣੇ ਕਰਤਵਾਂ ਪ੍ਰਤੀ ਈਮਾਨਦਾਰੀ ਦੀ ਕਮੀ। ਜੇ ਰਾਜ ਕਰਨ ਵਾਲੇ ਹੀ ਈਮਾਨਦਾਰ ਨਹੀਂ ਤਾਂ ਕਿਵੇਂ ਉਮੀਦ ਲਗਾਈ ਜਾ ਸਕਦੀ ਹੈ ਕਿ ਉਸ ਨੂੰ ਲਾਗੂ ਕਰਨ ਵਾਲੇ ਅਫ਼ਸਰ ਈਮਾਨਦਾਰ ਹੋਣਗੇ ਜਾਂ ਜਿਨ੍ਹਾਂ 'ਤੇ ਰਾਜ ਹੋ ਰਿਹਾ ਹੈ, ਉਹ ਈਮਾਨਦਾਰ ਰਹਿਣਗੇ। ਅਨੇਕਾਂ ਜਾਤੀਆਂ, ਉੱਪ ਜਾਤੀਆਂ, ਗੋਤਰਾਂ, ਮਜ੍ਹਬਾਂ, ਧਰਮਾਂ ਅਤੇ ਵੱਖ-ਵੱਖ ਬੋਲੀਆਂ, ਉੱਪ ਬੋਲੀਆਂ ਬੋਲਣ ਵਾਲੇ ਸਾਡੇ ਦੇਸ਼ ਵਿੱਚ ਕੁਦਰਤ ਦੇ ਨਿਯਮਾਂ ਦੇ ਨਾਲ-ਨਾਲ ਸੰਵਿਧਾਨ ਦੇ ਨਿਯਮਾਂ ਦੀਆਂ ਧੱਜੀਆਂ ਖੁੱਲ੍ਹ ਕੇ ਉਡਾਈਆਂ ਜਾਂਦੀਆਂ ਹਨ ਤੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਆਪਣੀਆਂ ਕਰਤੂਤਾਂ 'ਤੇ ਫਖ਼ਰ ਮਹਿਸੂਸ ਕਰਦੇ ਹਨ। ਅੱਜ ਜ਼ਰੂਰਤ ਹੈ ਕਿ ਆਮ ਲੋਕ ਈਮਾਨਦਾਰੀ ਨਾਲ ਬਿਨਾਂ ਕਿਸੇ ਨੂੰ ਨੁਕਸਾਨ ਪਹੁੰਚਾਏ ਕੋਈ ਅਜਿਹੀ ਮੁਹਿੰਮ ਛੇੜਨ ਜਿਸ ਨਾਲ ਸੰਵਿਧਾਨ ਈਮਾਨਦਾਰੀ ਨਾਲ ਲਾਗੂ ਹੋ ਸਕੇ। ਇਹ ਮੁਹਿੰਮ ਛੇੜਨ ਲਈ ਕੋਈ ਮੁਜ਼ਾਹਰੇ ਕਰਨ ਦੀ ਲੋੜ ਨਹੀਂ, ਹਰ ਪੰਜਾਂ ਸਾਲਾਂ ਬਾਅਦ ਆਮ ਆਦਮੀ ਕੋਲ ਮੌਕਾ ਹੁੰਦਾ ਹੈ ਚੋਣਾਂ ਰਾਹੀਂ ਬਦਲਾਅ ਕਰਨ ਦਾ ਤੇ ਅਜਿਹੇ ਲੋਕਾਂ ਨੂੰ ਸਾਹਮਣੇ ਲੈ ਕੇ ਆਉਣ ਦਾ ਜੋ ਸਹੀ ਅਰਥਾਂ 'ਚ ਸਾਡੇ ਨੁਮਾਇੰਦੇ ਹੋਣ ਤੇ ਈਮਾਨਦਾਰੀ ਨਾਲ ਸੰਵਿਧਾਨ ਲਾਗੂ ਕਰਦੇ ਹੋਏ ਸਾਡੇ ਹਿਤਾਂ ਵਿੱਚ ਕੰਮ ਕਰ ਸਕਣ ਪਰ ਬਦਕਿਸਮਤੀ ਨਾਲ ਹੰਗਾਮਿਆਂ ਦੇ ਸ਼ੋਰ ਵਿੱਚ ਸੱਚ ਦੀ ਅਵਾਜ਼ ਕਿਤੇ ਮੱਧਮ ਪੈ ਰਹੀ ਹੈ। ਦੂਰ-ਦੂਰ ਤੱਕ ਸਿਰਫ਼ ਹੰਗਾਮਾ ਹੀ ਨਜ਼ਰ ਆਉਂਦਾ ਹੈ। ਹਰ ਗੱਲ 'ਤੇ, ਹਰ ਮੁੱਦੇ 'ਤੇ, ਹਰ ਵਿਸ਼ੇ 'ਤੇ ਘਰ, ਗਲ੍ਹੀ, ਮੁਹੱਲੇ, ਸੜਕ, ਪਿੰਡ, ਸ਼ਹਿਰ, ਦਫ਼ਤਰ ਤੋਂ ਲੈ ਕੇ ਵਿਧਾਨ ਸਭਾ, ਲੋਕ ਸਭਾ, ਰਾਜ ਸਭਾ ਤੱਕ ਸਿਰਫ਼ ਹੰਗਾਮਾ ਹੀ ਹੰਗਾਮਾ ਹੈ, ਫਿਰ ਕੌਣ ਬਚਾਏਗਾ ਦੇਸ਼ ਦਾ ਬੇੜਾ ਗਰਕ ਹੋਣ ਤੋਂ। ਉੱਚੀ ਆਵਾਜ਼ 'ਚ ਹੰਗਾਮਾ ਕਰਨ ਵਾਲਿਆਂ ਦਾ ਸ਼ੋਰ ਆਮ ਆਦਮੀ ਨੂੰ ਬਹਿਰਾ ਬਣਾ ਰਿਹਾ ਹੈ। ਉਨ੍ਹਾਂ ਦੀਆਂ ਧੂੜ ਉਡਾਰੂ ਨੀਤੀਆਂ ਨੇ ਆਮ ਆਦਮੀ ਨੂੰ ਅੰਨ੍ਹਾ ਕਰ ਦਿੱਤਾ ਹੈ ਕਿ ਉਸ ਨੂੰ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ, ਉਸ ਨੂੰ ਸਮੱਸਿਆ ਦਾ ਕੋਈ ਹੱਲ ਸਮਝ ਨਹੀਂ ਆ ਰਿਹਾ। ਜੀ ਹਾਂ! ਮੈਂ ਗੱਲ ਕਰ ਰਿਹਾ ਹਾਂ ਭਾਰਤ ਵਿੱਚ ਰਹਿ ਰਹੇ ਲੋਕਾਂ ਦੇ ਤੌਰ-ਤਰੀਕਿਆਂ ਤੇ ਖ਼ਾਸ ਕਰਕੇ ਅੱਤਿਆਚਾਰਾਂ ਦੇ ਖ਼ਿਲਾਫ ਲੜਨ ਵਾਲੇ, ਅੰਦੋਲਨ ਕਰਨ ਵਾਲੇ, ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਜਥੇਬੰਦੀਆਂ ਦੀ। ਧਾਰਮਿਕ ਜਥੇਬੰਦੀਆਂ ਆਪੋ-ਆਪਣੇ ਧਰਮ ਦੀ ਵਿਚਾਰਧਾਰਾ ਭੁੱਲ ਚੁੱਕੀਆਂ ਹਨ, ਇਹ ਆਪਣੇ ਮਹਾਂਪੁਰਸ਼ਾਂ ਦੀ ਸੋਚ ਆਮ-ਲੋਕਾਂ ਤੱਕ ਪਹੁੰਚਾਉਣ ਨਾਲੋਂ ਜ਼ਿਆਦਾ ਜ਼ਰੂਰੀ ਸਮਝਦੀਆਂ ਹਨ, ਆਪੋ-ਆਪਣੇ ਧਰਮ ਦੇ ਪ੍ਰਤੀਕਾਂ ਦਾ ਪ੍ਰਚਾਰ। ਇਹ ਧਾਰਮਿਕ ਜਥੇਬੰਦੀਆਂ ਤਲਵਾਰਾਂ, ਤਰਸ਼ੂਲਾਂ, ਬੰਦੂਕਾਂ, ਬੰਬਾਂ ਦਾ ਇਸਤੇਮਾਲ ਕਰਕੇ ਧਰਮ ਦਾ ਪ੍ਰਚਾਰ ਕਰਦੀਆਂ ਹਨ। ਇਨ੍ਹਾਂ ਦੀ ਮਿਹਰਬਾਨੀ ਨਾਲ ਭਾਰਤ ਵਿੱਚ ਅਜ਼ਾਦੀ ਤੋਂ ਬਾਅਦ 50 ਹਜ਼ਾਰ ਤੋਂ ਵੱਧ ਦੰਗੇ ਹੋ ਚੁੱਕੇ ਹਨ। ਹਜ਼ਾਰਾਂ ਅੱਤਵਾਦੀ ਹਮਲੇ ਹੋ ਚੁੱਕੇ ਹਨ, ਜਿਸ ਵਿੱਚ ਲੱਖਾਂ ਜਾਨਾਂ ਜਾ ਚੁੱਕੀਆਂ ਹਨ ਪਰ ਇੰਨੀਆਂ ਇਨਸਾਨੀ ਜਾਨਾਂ ਲੈਣ ਤੋਂ ਬਾਅਦ ਵੀ ਅਜੇ ਵੀ ਇਸ ਧਾਰਮਿਕ ਦੈਂਤ ਦੀ ਭੁੱਖ ਨਹੀਂ ਮਿਟੀ ਤੇ ਦੂਜੇ ਪਾਸੇ ਸਮਾਜਿਕ ਜਥੇਬੰਦੀਆਂ ਵੀ ਦੇਸ਼ ਵਿੱਚ ਗਾਲ੍ਹੀ-ਗਲੋਚ ਅਤੇ ਗੰਦੇ ਮਾਹੌਲ ਦਾ ਪ੍ਰਦੂਸ਼ਣ ਫੈਲਾ ਰਹੀਆਂ ਹਨ। ਇਕ ਸਰਵੇਖਣ ਮੁਤਾਬਿਕ ਭਾਰਤ ਵਿੱਚ ਹਰ ਰੋਜ਼ ਜ਼ਬਰ ਜ਼ਿਆਦਤੀਆਂ ਦੇ ਖ਼ਿਲਾਫ ਲੱਗਭਗ 2 ਹਜ਼ਾਰ ਦੇ ਕਰੀਬ ਪੁਤਲੇ ਫੂਕਦੇ ਹਨ, ਸੜਕਾਂ ਰੋਕ ਕੇ ਧਰਨਾ ਲਗਾਉਂਦੇ ਹਨ ਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਸਰਕਾਰੀ ਸੰਪਤੀਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਹ ਸਭ ਕਰਨ ਦੇ ਦੌਰਾਨ ਕਾਨੂੰਨ ਦੀਆਂ ਰੱਜ ਕੇ ਧੱਜੀਆਂ ਉਡਾਈਆਂ ਜਾਂਦੀਆਂ ਹਨ। ਕਾਨੂੰਨ ਤਾਂ ਜਿਵੇਂ ਫੁੱਟਬਾਲ ਦੇ ਮੈਦਾਨ ਵਿੱਚ ਫੁੱਟਬਾਲ ਬਣਿਆ ਬੈਠਾ ਹੈ, ਹਰ ਕੋਈ ਇਸ ਨੂੰ ਠੁੱਡਾ ਮਾਰ ਕੇ ਖ਼ੁਸ਼ ਹੋ ਜਾਂਦਾ ਹੈ। ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਸਭ ਤੋਂ ਵੱਧ ਜ਼ਬਰ-ਜੁਲਮ ਦਲਿਤਾਂ ਨਾਲ ਹੁੰਦਾ ਹੈ ਤੇ ਖੁੰਬਾਂ ਵਾਂਗੂੰ ਉੱਗੀਆਂ ਦਲਿਤ ਜਥੇਬੰਦੀਆਂ ਵਧ-ਚੜ ਕੇ ਇਨ੍ਹਾਂ ਜ਼ਬਰ-ਜੁਲਮਾਂ ਖ਼ਿਲਾਫ ਰੋਸ ਮੁਜ਼ਾਹਰੇ ਕਰਦੀਆਂ ਹਨ ਤੇ ਅਚਾਨਕ ਹੀ ਸੁਸਰੀ ਵਾਂਗੂੰ ਸੌ ਜਾਂਦੀਆਂ ਹਨ। ਸਮਝ ਨਹੀਂ ਆਉਂਦਾ ਇਨ੍ਹਾਂ ਦਾ ਮਕਸਦ ਜ਼ਬਰ-ਜੁਲਮ ਖ਼ਿਲਾਫ ਰੋਸ ਸੀ ਜਾਂ ਅਖ਼ਬਾਰ ਦੀਆਂ ਸੁਰਖੀਆਂ ਬਣਨਾ। ਕੁਲ ਮਿਲਾ ਕੇ ਮਹਿਸੂਸ ਇਹ ਹੁੰਦਾ ਹੈ ਕਿ ਸਮਾਜਿਕ ਜਾਂ ਧਾਰਮਿਕ ਚੋਲਾ ਪਾ ਕੇ ਹਰ ਇਕ ਵਿਅਕਤੀ ਦਾ ਲਕਸ਼ ਕਿਸੇ ਵੀ ਤਰੀਕੇ ਨਾਲ ਰਾਜਨੀਤਿਕ ਸੱਤਾ ਹਾਸਿਲ ਕਰਨਾ ਹੈ। ਕੋਈ ਫ਼ਰਕ ਨਹੀਂ ਪੈਂਦਾ ਜਨਤਾ ਜੀਵੇ ਜਾਂ ਮਰੇ, ਕਿਸੇ ਦੇ ਹਾਲਤ 'ਚ ਸੁਧਾਰ ਹੋਣ ਜਾਂ ਡੁੱਬ ਮਰਨ, ਇੱਕੋ-ਇਕ ਮਕਸਦ ਹੈ, ਖੱਪ-ਰੌਲਾ ਪਾ ਕੇ, ਹੰਗਾਮਾ ਖੜ੍ਹਾ ਕਰਕੇ, ਸੁਰਖੀਆਂ 'ਚ ਆ ਕੇ ਲੋਕਾਂ ਦੇ ਜਜ਼ਬਾਤ ਭੜਕਾਉਂਦੇ ਹੋਏ ਰਾਜਨੀਤੀ ਦੀਆਂ ਪੌੜੀਆਂ ਚੜ੍ਹ ਜਾਈਏ ਤੇ ਐਮ.ਸੀ, ਐਮ. ਐਲ. ਏ., ਮੰਤਰੀ ਬਣ ਜਾਈਏ। ਹੈਦਰਾਬਾਦ ਵਿਖੇ ਆਤਮਹੱਤਿਆ ਕਰਨ ਵਾਲਾ ਰੋਹਿਤ ਵੇਮੁਲਾ ਦੀ ਮੌਤ ਇਕ ਅਜਿਹਾ ਹਾਦਸਾ ਹੈ ਜੋ ਸਾਡੇ ਸਮਾਜ ਦੇ ਸਵਾਂਗ ਨੂੰ ਉਧੇੜ ਕੇ ਰੱਖ ਰਿਹਾ ਹੈ। 26 ਸਾਲ ਦਾ ਨੌਜਵਾਨ ਜਿਸ ਨੇ ਬਹੁਤ ਗਰੀਬੀ ਦੇ ਹਾਲਾਤਾਂ 'ਚੋਂ ਸੰਘਰਸ਼ ਕਰਦੇ-ਕਰਦੇ ਆਪਣੀ ਸਿੱਖਿਆ ਪੂਰੀ ਕੀਤੀ ਤੇ ਸਿੱਖਿਆ ਦੇ ਆਖਰੀ ਪੜਾਅ ਪੀ.ਐਚ.ਡੀ. ਕਰਨ ਦੇ ਦੌਰਾਨ ਉਸ ਨੂੰ ਵਿਸ਼ਵ ਵਿਦਿਆਲਾ ਵੱਲੋਂ ਨਿਲੰਬਿਤ ਕਰ ਦਿੱਤਾ ਗਿਆ। ਪਿਛਲੇ ਕਈ ਮਹੀਨਿਆਂ ਤੋਂ ਉਹ ਨਿਲੰਬਨ ਖਿਲਾਫ ਸੰਘਰਸ਼ ਕਰ ਰਿਹਾ ਸੀ। ਕਦੇ ਕਿਸੇ ਨੂੰ ਧਿਆਨ ਨਹੀਂ ਆਇਆ ਕਿ ਇਹ ਵਿਦਿਆਰਥੀ ਜਿਸ ਬੇਇਨਸਾਫ਼ੀ ਖ਼ਿਲਾਫ ਲੜਾਈ ਕਰ ਰਿਹਾ ਹੈ, ਉਸ 'ਚ ਇਸ ਦਾ ਸਾਥ ਦਿੱਤਾ ਜਾਵੇ। ਜਿਸ ਵਿਸ਼ਵ ਵਿਦਿਆਲਾ 'ਚ ਉਸ ਵਿਦਿਆਰਥੀ ਨੂੰ ਨਿਲੰਬਤ ਕੀਤਾ ਗਿਆ, ਉਸ ਵਿਸ਼ਵ ਵਿਦਿਆਲਾ ਨੂੰ ਚਲਾਉਣ ਵਾਲਾ ਘੱਟੋ-ਘੱਟ 10% ਸਟਾਫ਼ ਦਲਿਤ ਹੀ ਹੋਵੇਗਾ, ਉਹ ਕਿੱਥੇ ਸੁੱਤਾ ਰਿਹਾ। ਆਪਣੇ-ਆਪ ਨੂੰ ਦਲਿਤ ਆਗੂ ਕਹਾਉਣ ਵਾਲੇ ਦਲਿਤ ਨੇਤਾ ਕਿੱਥੇ ਸੁੱਤੇ ਰਹੇ ਤੇ ਅੱਜ ਜਦੋਂ ਰੋਹਿਤ ਵੇਮੁਲਾ ਸਾਡੇ ਵਿੱਚ ਮੌਜੂਦ ਨਹੀਂ ਹੈ ਤੇ ਸਾਨੂੰ ਹੰਗਾਮੇ ਸੁੱਝ ਰਹੇ ਹਨ। ਇਸ ਵਿੱਚ ਵੀ ਰਾਜਨੀਤਿਕ ਰੋਟੀਆਂ ਸੇਕਣ ਵਾਲੇ ਲੋਕ ਸਭ ਤੋਂ ਅੱਗੇ ਹਨ। ਉਹ ਰੋਹਿਤ ਦੀ ਚਿਤਾ ਤੋਂ ਰਾਜਨੀਤਿਕ ਰੋਟੀਆਂ ਸੇਕਣਾ ਚਾਹੁੰਦੇ ਹਨ। ਅਜੇ ਵੀ ਸਾਡੇ ਸੰਸਦ, ਸਾਡੀਆਂ ਵਿਧਾਨ ਸਭਾਵਾਂ 'ਚ ਘੱਟੋ-ਘੱਟ ਇਕ ਚੌਥਾਈ ਨੁਮਾਇੰਦੇ ਦਲਿਤ ਸਮਾਜ ਦਾ ਹਿੱਸਾ ਰਹੇ ਹਨ, ਕੀ ਉਹ ਇਕੱਠੇ ਹੋ ਕੇ ਰੋਹਿਤ ਵੇਮੁਲਾ ਦੀ ਮੌਤ ਤੋਂ ਕੁਝ ਸਬਕ ਲੈਣਗੇ? ਕੀ ਉਨ੍ਹਾਂ ਦਾ ਫਰਜ਼ ਨਹੀਂ ਹੈ ਕਿ ਰੋਹਿਤ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿਵਾਈ ਜਾਵੇ? ਕੀ ਉਹ ਆਪਣਾ ਕਰਤਵ ਨਹੀਂ ਸਮਝਦੇ ਕਿ ਮੁੜ ਕੋਈ ਰੋਹਿਤ ਵੇਮੁਲਾ ਜਿਹਾ ਹਾਦਸਾ ਨਾ ਹੋਵੇ? ਮੁੜ ਕਿਸੇ ਦਲਿਤ ਵਿਦਿਆਰਥੀ ਨਾਲ ਅਜਿਹਾ ਅੱਤਿਆਚਾਰ ਨਾ ਹੋਵੇ, ਕਿ ਉਹ ਆਤਮ ਹੱਤਿਆ ਕਰਨ ਲਈ ਮਜਬੂਰ ਹੋ ਜਾਵੇ। ਜਦੋਂ ਸਾਡੇ ਨੁਮਾਇੰਦੇ ਆਪਣੀ ਜ਼ਿੰਮੇਵਾਰੀ ਸਮਝ ਲੈਣਗੇ ਉਦੋਂ ਹੀ ਸਹੀ ਅਰਥਾਂ ਵਿੱਚ ਭਾਰਤ ਗਣਤੰਤਰ ਕਹਾਉਣ ਦਾ ਹੱਕਦਾਰ ਹੋਵੇਗਾ। ਉਦੋਂ ਹੀ ਭਾਰਤ ਦਾ ਸੰਵਿਧਾਨ ਈਮਾਨਦਾਰੀ ਨਾਲ ਲਾਗੂ ਹੋ ਜਾਵੇਗਾ ਤੇ ਰੋਹਿਤ ਵੇਮੁਲਾ ਵਰਗਾ ਹੋਰ ਕੋਈ ਨੌਜਵਾਨ ਮੌਤ ਦੀ ਭੇਂਟ ਨਹੀਂ ਚੜੇਗਾ।
- ਅਜੇ ਕੁਮਾਰ

Tuesday 19 January 2016

ਘੁੱਗੂਆਂ ਦੀ ਫੌਜ

ਬਾਬਾ ਸਾਹਿਬ ਅੰਬੇਡਕਰ ਨੇ ਦਲਿਤ ਹੱਕਾਂ ਦੀ ਰੱਖਿਆ ਲਈ ਸਾਰੀ ਉਮਰ ਸੰਘਰਸ਼ ਕੀਤਾ। ਉਨ੍ਹਾਂ ਦਾ ਸਪਸ਼ਟ ਵਿਚਾਰ ਸੀ ਰਾਜਨੀਤਿਕ ਤਾਕਤ ਲਏ ਬਿਨਾਂ ਸਮਾਜਿਕ ਪਰਿਵਰਤਨ ਅਤੇ ਦਲਿਤਾਂ ਦੇ ਹਾਲਾਤ ਨਹੀਂ ਸੁਧਰ ਸਕਦੇ। ਅਸੀਂ ਬਾਬਾ ਸਾਹਿਬ ਜੀ ਦੇ ਸੰਘਰਸ਼ਮਈ ਇਤਿਹਾਸ ਤੋਂ ਚੰਗੀ ਤਰ੍ਹਾਂ ਜਾਣੂ ਹਾਂ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਦਲਿਤਾਂ ਨੂੰ ਵੋਟ ਦਾ ਹੱਕ ਦਿਵਾਉਣ ਲਈ ਅੰਗਰੇਜ਼ਾਂ ਦੇ ਨਾਲ-ਨਾਲ ਆਪਣੇ ਦੇਸ਼ ਦੇ ਬ੍ਰਾਹਮਣਵਾਦੀ ਗਾਂਧੀਵਾਦੀਆਂ ਨਾਲ ਵੀ ਸੰਘਰਸ਼ ਕੀਤਾ। ਗਾਂਧੀ ਤੇ ਉਸ ਦੇ ਸਮਰਥਕਾਂ ਦੀ ਸਦਾ ਤੋਂ ਕੋਸ਼ਿਸ਼ ਰਹੀ ਸੀ ਕਿ ਦਲਿਤਾਂ ਨੂੰ ਵੋਟ ਦਾ ਹੱਕ ਨਾ ਮਿਲੇ, ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਤਾਕਤ ਤੋਂ ਦੂਰ ਰੱਖਿਆ ਜਾਵੇ ਤਾਂ ਜੋ ਉਨ੍ਹਾਂ ਨੂੰ ਗੁਲਾਮੀ ਤੋਂ ਕਦੇ ਛੁਟਕਾਰਾ ਨਾ ਮਿਲ ਸਕੇ। ਜਦੋਂ ਬਾਬਾ ਸਾਹਿਬ ਨੂੰ ਸੰਵਿਧਾਨ ਬਣਾਉਣ ਦਾ ਮੌਕਾ ਮਿਲਿਆ। ਉਨ੍ਹਾਂ ਨੇ ਸੰਵਿਧਾਨ ਰਾਹੀਂ ਦਲਿਤਾਂ ਨੂੰ ਬਰਾਬਰਤਾ ਦਾ ਹੱਕ ਦਿਵਾਇਆ। ਦਲਿਤਾਂ ਨੂੰ ਵੀ ਬਰਾਬਰ ਨਾਗਰਿਕ ਹੋਣ ਦਾ ਮੌਕਾ ਦਿੱਤਾ। ਹਰ ਇਕ ਭਾਰਤੀ ਨਾਗਰਿਕ ਦੀ ਤਰ੍ਹਾਂ ਦਲਿਤ ਕੋਲ ਵੀ ਵੋਟ ਦਾ ਹੱਕ ਆ ਗਿਆ ਤੇ ਨਾਲ ਹੀ ਉਸ ਨੂੰ ਚੋਣਾਂ 'ਚ ਖੜੇ ਹੋਣ ਦੀ ਤਾਕਤ ਵੀ ਮਿਲ ਗਈ। ਇੱਥੇ ਹੀ ਬਸ ਨਹੀਂ, ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ ਰਾਹੀਂ ਦਲਿਤਾਂ ਨੂੰ ਸਰਕਾਰੀ ਨੌਕਰੀਆਂ ਦੇ ਨਾਲ-ਨਾਲ ਰਾਜਨੀਤੀ ਵਿੱਚ ਵੀ ਰਾਖਵਾਂਕਰਨ ਦਿਵਾਇਆ। ਮਤਲਬ ਅਬਾਦੀ ਦੇ ਮੁਤਾਬਿਕ ਕੁਝ ਸੀਟਾਂ ਦਲਿਤਾਂ ਲਈ ਸੁਰੱਖਿਅਤ ਕਰ ਦਿੱਤੀਆਂ ਗਈਆਂ ਤਾਂ ਜੋ ਦਲਿਤ ਸੀਟਾਂ ਤੋਂ ਜਿੱਤ ਕੇ ਜਾਣ ਵਾਲੇ ਦਲਿਤਾਂ ਦੇ ਪ੍ਰਤੀਨਿਧੀ ਸੰਸਦ ਜਾਂ ਅਸੈਂਬਲੀ ਵਿੱਚ ਜਾ ਕੇ ਦਲਿਤ ਹੱਕਾਂ ਦੀ ਆਵਾਜ਼ ਚੁੱਕਣ ਤੇ ਉਨ੍ਹਾਂ ਦੇ ਹਿਤਾਂ ਲਈ ਸੰਘਰਸ਼ ਕਰਨ। ਇਸੇ ਰਾਖਵਾਂਕਰਨ ਦੀ ਨੀਤੀ ਕਾਰਣ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਚੋਂ 4 ਦਲਿਤਾਂ ਲਈ ਸੁਰੱਖਿਅਤ ਹਨ, ਇਸੇ ਤਰ੍ਹਾਂ 117 ਵਿਧਾਨ ਸਭਾ ਸੀਟਾਂ ਵਿੱਚੋਂ 34 ਸੀਟਾਂ ਦਲਿਤਾਂ ਲਈ ਸੁਰੱਖਿਅਤ ਹਨ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਸਰਕਾਰ ਬਣਾਉਣ ਲਈ 59 ਸੀਟਾਂ ਦੀ ਜ਼ਰੂਰਤ ਹੁੰਦੀ ਹੈ ਤੇ ਕਹਿ ਸਕਦੇ ਹਾਂ ਕਿ ਦਲਿਤਾਂ ਦੀਆਂ 34 ਸੀਟਾਂ ਬਹੁਤ ਮਹੱਤਵਪੂਰਨ ਹਨ ਜੇ ਸੁਰੱਖਿਅਤ ਦਲਿਤ ਸੀਟਾਂ ਤੋਂ ਜਿੱਤ ਕੇ ਜਾਣ ਵਾਲੇ ਵਿਧਾਇਕ ਦਲਿਤ ਹੱਕਾਂ ਦੀ ਗੱਲ ਵਿਧਾਨ ਸਭਾ 'ਚ ਚੁੱਕਣ ਤਾਂ ਕੋਈ ਰਾਜਨੀਤਿਕ ਸ਼ਕਤੀ ਇਸ ਤਾਕਤ ਨੂੰ ਨਜ਼ਰ-ਅੰਦਾਜ਼ ਨਹੀਂ ਕਰ ਸਕਦੀ ਪਰ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਦਲਿਤਾਂ ਦੇ ਨਾਂ 'ਤੇ ਦਲਿਤਾਂ ਲਈ ਸੁਰੱਖਿਅਤ ਸੀਟਾਂ ਤੋਂ ਜਿੱਤ ਕੇ ਜਾਣ ਵਾਲੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਆਪੋ-ਆਪਣੀਆਂ ਪਾਰਟੀਆਂ ਦੇ ਝੰਡਾ ਚੁੱਕ ਭਲਵਾਨ ਬਣ ਕੇ ਰਹਿ ਗਏ ਹਨ। ਪਾਰਟੀਆਂ ਇਨ੍ਹਾਂ ਨੂੰ ਐਮ. ਐਲ. ਏ. ਬਣਨ ਦਾ ਟੁੱਕਰ ਪਾਉਂਦੀਆਂ ਹਨ ਤੇ ਇਹ ਆਪੋ-ਆਪਣੀਆਂ ਪਾਰਟੀਆਂ ਦੀ ਜ਼ਿੰਦਾਬਾਦ ਕਰ ਆਪਣੀ ਵਫ਼ਾਦਾਰੀ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹ ਭੁੱਲ ਜਾਂਦੇ ਹਨ ਕਿ ਇਨ੍ਹਾਂ ਦਾ ਪਹਿਲਾ ਫ਼ਰਜ਼ ਦਲਿਤਾਂ ਪ੍ਰਤੀ ਆਪਣੀ ਵਫ਼ਾਦਾਰੀ ਸਿੱਧ ਕਰਨ ਦਾ ਹੈ, ਇਨ੍ਹਾਂ ਦਾ ਪਹਿਲਾ ਫ਼ਰਜ਼ ਬਾਬਾ ਸਾਹਿਬ ਪ੍ਰਤੀ ਈਮਾਨਦਾਰੀ ਸਿੱਧ ਕਰਨ ਦਾ ਹੈ, ਇਨ੍ਹਾਂ ਦਾ ਪਹਿਲਾ ਫ਼ਰਜ਼ ਬਣਦਾ ਹੈ ਉਨ੍ਹਾਂ ਗਰੀਬ ਦਲਿਤਾਂ ਦੇ ਪ੍ਰਤੀ ਜਿਨ੍ਹਾਂ ਦਾ ਪ੍ਰਤੀਨਿਧੀ ਬਣ ਕੇ ਇਨ੍ਹਾਂ ਨੂੰ ਲਾਲ ਬੱਤੀ ਵਾਲੀਆਂ ਗੱਡੀਆਂ ਮਿਲਦੀਆਂ ਹਨ। ਇਨ੍ਹਾਂ ਦੀਆਂ ਲਾਲ ਬੱਤੀ ਵਾਲੀਆਂ ਗੱਡੀਆਂ ਦਲਿਤਾਂ ਦੀਆਂ ਝੌਂਪੜੀਆਂ ਮੂਹਰਿਉਂ ਘੂੰ-ਘੂੰ ਕਰਕੇ ਨਿਕਲ ਜਾਂਦੀਆਂ ਹਨ ਪਰ ਕਦੇ ਇਨ੍ਹਾਂ ਘੁੱਗੂਆਂ ਨੇ ਭੁੱਲ ਕੇ ਵੀ ਦਲਿਤਾਂ ਦੇ ਹਿੱਤ ਦੀ ਆਵਾਜ਼ ਵਿਧਾਨ ਸਭਾ 'ਚ ਨਹੀਂ ਚੁੱਕੀ। ਜੇ ਕਿਤੇ ਇਹ ਘੁੱਗੂ ਦਲਿਤ ਹਿਤਾਂ ਦੀ ਆਵਾਜ਼ ਵਿਧਾਨ ਸਭਾ ਵਿੱਚ ਚੁੱਕਦੇ ਹੁੰਦੇ ਤਾਂ ਅੱਜ ਪੰਜਾਬ ਦੇ ਦਲਿਤਾਂ ਦੇ ਹਾਲਾਤ ਕੁਝ ਹੋਰ ਹੀ ਹੁੰਦੇ। ਅਜ਼ਾਦੀ ਦੇ 60 ਵਰ੍ਹਿਆਂ ਬਾਅਦ ਵੀ ਗਰੀਬ ਦਲਿਤ ਇੱਜ਼ਤ ਦੀ ਰੋਟੀ ਨੂੰ ਤਰਸ ਰਿਹਾ ਹੈ ਤੇ ਖੁਸ਼ ਹੋ ਜਾਂਦਾ ਹੈ ਜਦੋਂ ਉਸ ਨੂੰ  ਆਟਾ-ਦਾਲ ਸਕੀਮ ਦੇ ਨਾਂ 'ਤੇ ਖਾਣ ਨੂੰ ਸਸਤੀ ਦਾਲ-ਰੋਟੀ ਮਿਲ ਜਾਵੇ। ਉਹ ਖੁਸ਼ ਹੋ ਜਾਂਦਾ ਹੈ ਜਦੋਂ ਉਸ ਨੂੰ ਆਪਣੀ ਧੀ-ਭੈਣ ਵਿਆਹੁਣ ਲਈ ਕੁਝ ਹਜ਼ਾਰ ਰੁਪਏ ਸਰਕਾਰ ਦਾਨ ਵਿੱਚ ਦੇ ਦਿੰਦੀ ਹੈ। ਇਹ ਤਾਂ ਉਹ ਦਲਿਤ ਹੀ ਜਾਣਦਾ ਹੈ ਕਿ ਉਸ ਨੂੰ ਮਿਲਣ ਵਾਲਾ ਆਟਾ-ਦਾਲ ਕਿੰਨੀ ਘਟੀਆ ਕੁਆਲਿਟੀ ਦਾ ਹੁੰਦਾ ਹੈ ਤੇ ਸ਼ਗਨ ਸਕੀਮ ਲੈਣ ਲਈ ਉਸ ਨੂੰ ਦਫ਼ਤਰਾਂ ਦੇ ਕਿੰਨੇ ਧੱਕੇ ਖਾਣੇ ਪੈਂਦੇ ਹਨ। ਮੈਂ ਅਜਿਹੀਆਂ ਸਕੀਮਾਂ ਦੇ ਵਿਰੁੱਧ ਨਹੀਂ ਪਰ ਤੜਫ ਇਹ ਹੈ ਕਿ ਕਿਉਂ ਅਜੇ ਵੀ ਦਲਿਤ ਨੂੰ ਇੱਜ਼ਤ ਦੀ ਰੋਟੀ ਨਸੀਬ ਨਹੀਂ ਹੋ ਰਹੀ? ਕੀ ਕਮੀ ਹੈ ਦਲਿਤ 'ਚ ਕਿ ਆਪਣੀ ਮਿਹਨਤ ਨਾਲ ਸਾਰੀ ਦੁਨੀਆਂ ਦਾ ਢਿੱਡ ਭਰਨ ਵਾਲਾ ਦਲਿਤ ਆਪ ਭੁੱਖ ਨਾਲ ਲੜਾਈ ਕਰਦੇ-ਕਰਦੇ ਮਰ ਜਾਂਦਾ ਹੈ। ਗੌਰ ਕਰਨ 'ਤੇ ਨਜ਼ਰ ਆਉਂਦਾ ਹੈ ਕਿ ਅਜੇ ਵੀ ਦਲਿਤਾਂ ਨੂੰ ਬਰਾਬਰਤਾ ਦੇ ਹੱਕ ਨਹੀਂ ਮਿਲੇ, ਅਜੇ ਵੀ ਇਹ ਪੱਛੜੇ ਹੋਏ ਹਨ, ਅਜੇ ਵੀ ਇਹ ਅਨਪੜ੍ਹ ਹਨ। ਸਿੱਖਿਆ ਤੋਂ ਬਿਨਾਂ ਕਿਸੇ ਕੌਮ ਦੀ ਤਰੱਕੀ ਨਹੀਂ ਹੋ ਸਕਦੀ ਤੇ ਇੰਝ ਜਾਪਦਾ ਹੈ ਕਿ ਸਰਕਾਰਾਂ ਦੀ ਪੂਰੀ ਕੋਸ਼ਿਸ਼ ਹੈ ਕਿ ਦਲਿਤ ਸਿੱਖਿਆ ਤੋਂ ਵਾਂਝੇ ਹੀ ਰਹਿ ਜਾਣ। ਗਰੀਬ ਦਲਿਤਾਂ ਲਈ ਸਿੱਖਿਆ ਹਾਸਿਲ ਕਰਨ ਦਾ ਜ਼ਰੀਆ ਸਰਕਾਰੀ ਸਕੂਲ ਹੀ ਹਨ। ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਜ਼ਿਆਦਾਤਰ ਬੱਚੇ ਦਲਿਤ ਪਰਿਵਾਰਾਂ ਵਿੱਚੋਂ ਹੀ ਆਉਂਦੇ ਹਨ ਤੇ ਇਨ੍ਹਾਂ ਸਰਕਾਰੀ ਸਕੂਲਾਂ ਵਿੱਚ ਜਾ ਕੇ ਅਹਿਸਾਸ ਹੁੰਦਾ ਹੈ ਕਿ ਇਨ੍ਹਾਂ ਸਕੂਲਾਂ ਨਾਲੋਂ ਟੁੱਟੇ-ਫੁੱਟੇ ਬੱਸ ਅੱਡੇ ਜਾਂ ਮਾਡਰਨ ਜੇਲ੍ਹਾਂ 100 ਗੁਣਾ ਚੰਗੀਆਂ ਹਨ। ਕਿਉਂ ਨਹੀਂ ਸਰਕਾਰ ਇਨ੍ਹਾਂ ਸਕੂਲਾਂ ਦਾ ਮਿਆਰ ਚੁੱਕਦੀ ਤਾਂ ਜੋ ਦਲਿਤ ਬੱਚਿਆਂ ਨੂੰ ਵੀ ਆਮ ਬੱਚਿਆਂ ਦੇ ਬਰਾਬਰ ਸਿੱਖਿਆ ਮਿਲ ਸਕੇ ਤੇ ਇਹ ਵੀ ਇੱਜ਼ਤ ਦੀ ਰੋਟੀ ਕਮਾ ਸਕਣ। ਕਾਗਜ਼ਾਂ ਵਿੱਚ ਵੱਡੀਆਂ-ਵੱਡੀਆਂ ਸਕੀਮਾਂ ਬਣਾਈਆਂ ਜਾਂਦੀਆਂ ਹਨ ਪਰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਵਿੱਚ ਈਮਾਨਦਾਰੀ ਦੀ ਕਮੀ ਹੈ। ਗਰੀਬ ਦਲਿਤ ਮਹਿੰਗੀ ਉੱਚ ਸਿੱਖਿਆ ਹਾਸਿਲ ਨਹੀਂ ਕਰ ਸਕਦਾ, ਇਸ ਕਾਰਣ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਬਣਾਈ ਗਈ। ਬਹੁਤ ਸੰਘਰਸ਼ ਤੋਂ ਬਾਅਦ ਕੁਝ ਸਾਲ ਇਸ ਸਕੀਮ ਨੂੰ ਈਮਾਨਦਾਰੀ ਨਾਲ ਪੰਜਾਬ ਵਿੱਚ ਲਾਗੂ ਵੀ ਕੀਤਾ ਗਿਆ, ਜਿਸ ਦਾ ਫ਼ਾਇਦਾ 3 ਲੱਖ 15 ਹਜ਼ਾਰ ਬੱਚਿਆਂ ਨੂੰ ਮਿਲਿਆ ਪਰ ਅੱਜ ਉਹ ਬੱਚੇ ਅੱਧ ਵਿਚਕਾਰ ਫਸ ਚੁੱਕੇ ਹਨ। ਅੱਧੀ ਸਿੱਖਿਆ ਸਕੀਮ ਵਿੱਚ ਮਿਲ ਗਈ ਤੇ ਸਿੱਖਿਆ ਪੂਰੀ ਕਰਨ ਲਈ ਉਨ੍ਹਾਂ ਕੋਲ ਪੈਸੇ ਨਹੀਂ ਹਨ ਤੇ ਸਰਕਾਰ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਢਾਂਚਾ ਬਦਲ ਦਿੱਤਾ। ਜਿੱਥੇ ਪਹਿਲਾਂ ਬੱਚੇ ਕਾਲਜ ਵਿੱਚ ਮੁਫ਼ਤ ਸਿੱਖਿਆ ਹਾਸਿਲ ਕਰਦੇ ਸਨ ਤੇ ਸਰਕਾਰ ਕਾਲਜ ਨੂੰ ਸਿੱਧਾ ਉਨ੍ਹਾਂ ਦੀ ਫੀਸ ਦੇ ਦਿੰਦੀ ਸੀ ਤੇ ਹੁਣ ਟਾਲ-ਮਟੋਲ ਚਾਲੂ ਹੋ ਚੁੱਕਾ ਹੈ ਕਦੇ ਫੰਡਾਂ ਦੀ ਕਮੀ ਦੱਸੀ ਜਾਂਦੀ ਹੈ, ਕਦੇ ਕੋਈ ਹੋਰ ਤਕਨੀਕੀ ਰੁਕਾਵਟ ਸੁਣਾ ਦਿੱਤੀ ਜਾਂਦੀ ਹੈ ਪਰ ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਕਮੀ ਨੀਅਤ ਦੇ ਵਿੱਚ ਹੀ ਹੈ। ਸਰਕਾਰ ਦੀ ਕੋਈ ਨੀਅਤ ਨਹੀਂ ਕਿ ਦਲਿਤ ਦਾ ਬੱਚਾ ਚੰਗੀ ਸਿੱਖਿਆ ਹਾਸਿਲ ਕਰ ਸਕੇ ਤੇ ਸਾਡੇ ਜਿਤਾਏ 34 ਘੁੱਗੂ ਵਿਧਾਇਕਾਂ ਦੇ ਬੁੱਲਾਂ 'ਤੇ ਸਿਕਰੀ ਜੰਮ ਚੁੱਕੀ ਹੈ ਜੇ ਇਹ 34 ਘੁੱਗੂ ਮਿਲ ਕੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਚਾਲੂ ਕਰਵਾਉਣਾ ਚਾਹੁਣ ਤਾਂ ਕਿਹੜੇ ਬਾਦਲ, ਕਿਹੜੀ ਭਾਜਪਾ ਜਾਂ ਕਿਹੜੀ ਕਾਂਗਰਸ ਦੀ ਹਿੰਮਤ ਹੈ ਕਿ ਸਕੀਮ ਲਾਗੂ ਹੋਣ ਤੋਂ ਰੋਕ ਸਕੇ। ਪੰਜਾਬ ਵਿੱਚ 40 ਹਜ਼ਾਰ ਤੋਂ ਵੱਧ ਸਫ਼ਾਈ ਕਰਮਚਾਰੀ ਠੇਕੇਦਾਰਾਂ ਹੱਥੀਂ ਸ਼ੋਸ਼ਣ ਕਰਵਾਉਣ ਨੂੰ ਮਜਬੂਰ ਹਨ। ਨਿੱਜੀ ਕੰਪਨੀਆਂ ਕੂੜੇ ਦੇ ਕੰਮ ਤੋਂ ਕਰੋੜਾਂ ਕਮਾ ਰਹੀਆਂ ਹਨ ਤੇ ਸਫ਼ਾਈ ਕਰਨ ਵਾਲਾ ਦਲਿਤ ਦਾਣੇ-ਦਾਣੇ ਤੋਂ ਮੁਥਾਜ਼ ਹੈ। ਕਦੋਂ ਤੱਕ ਚੱਲੇਗਾ ਇਹ ਘਾਲਾ-ਮਾਲਾ। ਕਦੋਂ ਘੁੱਗੂ ਬੋਲਣਗੇ, ਕਦੋਂ ਵਿਧਾਨ ਸਭਾ 'ਚ ਦਲਿਤਾਂ ਦੇ ਹੱਕ ਦੀ ਆਵਾਜ਼ ਚੁੱਕੀ ਜਾਵੇਗੀ, ਕਦੋਂ ਝੰਡਾ ਚੁੱਕ ਜ਼ਿੰਦਾਬਾਦ ਕਰਨ ਵਾਲੇ ਘੁੱਗੂ ਜਾਨਣਗੇ ਜ਼ਮੀਨੀ ਹਕੀਕਤ, ਕਦੋਂ ਘੁੱਗੂਆਂ ਨੂੰ ਅਹਿਸਾਸ ਹੋਵੇਗਾ ਬਾਬਾ ਸਾਹਿਬ ਦੀ ਦਿੱਤੀ ਤਾਕਤ ਦਾ। ਕਦੋਂ ਘੁੱਗੂਆਂ ਦੀ ਫ਼ੌਜ ਆਪਣੀਆਂ-ਆਪਣੀਆਂ ਖੁੱਡਾਂ 'ਚੋਂ ਨਿਕਲ ਕੇ ਆਵਾਜ਼ ਬੁਲੰਦ ਕਰੇਗੀ। ਮੇਰੀ ਇਨ੍ਹਾਂ ਘੁੱਗੂਆਂ ਨਾਲ ਨਿੱਜੀ ਲੜਾਈ ਨਹੀਂ ਬਸ ਮੇਰੇ ਮਨ ਦਾ ਦਰਦ ਹੈ, ਜਿਹੜਾ ਮੈਂ ਕਲਮ ਰਾਹੀਂ ਬਿਆਨ ਕੀਤਾ ਹੈ। ਆਪਣੇ ਸੁਝਾਅ ਜ਼ਰੂਰ ਭੇਜੋ ਤਾਂ ਜੋ ਹਾਲਾਤ 'ਚ ਸੁਧਾਰ ਲਿਆ ਸਕੀਏ।      - ਅਜੇ ਕੁਮਾਰ

Tuesday 12 January 2016

ਕੱਟੜਤਾ

ਆਮ ਤੌਰ 'ਤੇ ਆਪਣੇ ਦੇਸ਼, ਧਰਮ, ਸੂਬੇ, ਜਾਤ ਜਾਂ ਆਪਣੇ ਆਪ 'ਤੇ ਮਾਣ ਕਰਨਾ ਜੀਵਤ ਆਦਮੀ ਦੀ ਖ਼ਾਸ ਨਿਸ਼ਾਨੀ ਹੈ। ਜਿਸ ਕੋਲ ਆਤਮ ਸਨਮਾਨ ਨਹੀਂ, ਉਸ ਦਾ ਜੀਣਾ ਜਾਨਵਰਾਂ ਤੋਂ ਬੱਦਤਰ ਹੈ। ਇਹੀ ਆਤਮ-ਸਨਮਾਨ ਸਾਨੂੰ ਸਿਰ ਚੁੱਕ ਕੇ ਜੀਣਾ ਸਿਖਾਉਂਦਾ ਹੈ, ਇਸੇ ਆਤਮ-ਸਨਮਾਨ ਕਾਰਣ ਅਸੀਂ ਆਪਣੇ ਪਰਿਵਾਰ, ਆਪਣੇ ਦੇਸ਼, ਆਪਣੇ ਧਰਮ ਦੀ ਰੱਖਿਆ ਲਈ ਆਪਣੀ ਜਿੰਦ-ਜਾਨ ਕੁਰਬਾਨ ਕਰਨ ਨੂੰ ਤਿਆਰ ਰਹਿੰਦੇ ਹਾਂ। ਹਜ਼ਾਰਾਂ ਸਾਲਾਂ ਤੱਕ ਦਲਿਤ ਸਮਾਜ ਦਾ ਸ਼ੋਸ਼ਣ ਮਨੂੰਵਾਦੀ ਕਰਦੇ ਰਹੇ। ਜੇ ਕਦੀ ਧਿਆਨ ਨਾਲ ਘੋਖ ਕਰੀਏ ਤਾਂ ਸਮਝ ਆਉਂਦਾ ਹੈ ਉਨ੍ਹਾਂ ਨੇ ਸਿਰਫ ਮੂਲ ਨਿਵਾਸੀਆਂ ਤੋਂ ਉਨ੍ਹਾਂ ਦਾ ਆਤਮ-ਸਨਮਾਨ ਖੋਹਿਆ ਸੀ ਜੋ ਹਜ਼ਾਰਾਂ ਸਾਲ ਦੀ ਗੁਲਾਮੀ ਦਾ ਕਾਰਣ ਬਣ ਗਿਆ। ਬਾਬਾ ਸਾਹਿਬ ਅੰਬੇਡਕਰ ਦੇ ਸੰਘਰਸ਼ਾਂ ਸਦਕਾ ਆਤਮ-ਸਨਮਾਨ ਦਾ ਅਹਿਸਾਸ ਜਦੋਂ ਦਲਿਤ ਨੂੰ ਹੋਇਆ ਤਾਂ ਉਹ ਆਪਣੇ ਹੱਕਾਂ ਦੀ ਰੱਖਿਆ ਕਰਨਾ ਵੀ ਸਿੱਖ ਗਿਆ। ਅਜੇ ਲੰਬਾ ਸੰਘਰਸ਼ ਚੱਲੇਗਾ ਪੂਰਨ ਸਮਾਜ ਵਿੱਚ ਆਤਮ-ਸਨਮਾਨ ਦੀ ਬਹਾਲੀ ਦੇ ਵਿੱਚ। ਆਤਮ-ਸਨਮਾਨ ਦੀ ਅੱਤ ਕੱਟੜਤਾ ਦਾ ਰੂਪ ਲੈਂਦੀ ਹੈ ਤੇ ਇਹੀ ਕੱਟੜਤਾ ਅੱਤਵਾਦ ਦਾ ਰੂਪ ਧਾਰਣ ਕਰ ਜਾਂਦੀ ਹੈ। ਆਤਮ-ਸਨਮਾਨ ਤੇ ਕੱਟੜਤਾ ਦੇ ਵਿੱਚ ਉਨਾ ਕੁ ਫ਼ਰਕ ਹੈ ਜਿੰਨਾ ਮਾਣ ਤੇ ਘਮੰਡ ਵਿੱਚ। ਕੱਟੜਤਾ ਕਿਸੇ ਵਿਅਕਤੀ 'ਚ ਹੋਵੇ, ਪਰਿਵਾਰ 'ਚ ਹੋਵੇ, ਕੌਮ 'ਚ ਹੋਵੇ, ਧਰਮ 'ਚ ਹੋਵੇ ਜਾਂ ਰਾਜਨੀਤੀ ਵਿੱਚ, ਇਹ ਕੱਟੜਤਾ ਅਖੀਰ ਵਿੱਚ ਸਮਾਜ ਲਈ ਖਤਰਨਾਕ ਹੈ। ਇਸ ਲਈ ਮੈਂ ਕਿਸੇ ਵੀ ਤਰ੍ਹਾਂ ਦੀ ਕੱਟੜਤਾ ਦੇ ਵਿਰੁੱਧ ਹਾਂ। ਜੇ ਕੋਈ ਵਿਅਕਤੀ ਚਾਹੇ ਕਿਸੇ ਵੀ ਜਾਤ ਦਾ ਹੋਵੇ, ਜੇ ਉਹ ਆਪਣੀ ਜਾਤ 'ਤੇ ਜ਼ਿਆਦਾ ਮਾਣ ਕਰਦਾ ਹੈ ਤੇ ਇਹ ਕੱਟੜਤਾ ਦਾ ਹੀ ਰੂਪ ਹੈ। ਜਾਤਾਂ ਦੀ ਕੱਟੜਤਾ ਨੇ ਸਾਡੇ ਦੇਸ਼ ਨੂੰ ਹਜ਼ਾਰਾਂ ਸਾਲ ਗੁਲਾਮੀ ਦੀਆਂ ਜੰਜ਼ੀਰਾਂ 'ਚ ਬੰਨ੍ਹੀ ਰੱਖਿਆ। ਸਾਨੂੰ ਵਿਦੇਸ਼ੀਆਂ ਹੱਥ ਗ਼ੁਲਾਮੀ ਦਾ ਨਰਕ ਭੋਗਣਾ ਪਿਆ। ਕਾਰਣ ਸੀ ਆਪਣੇ ਆਪ ਨੂੰ ਉੱਚ ਹਿੰਦੂ ਕਹਾਉਣ ਵਾਲਿਆਂ ਦੀ ਆਪਣੀ ਜਾਤ ਲਈ ਕੱਟੜਤਾ। ਇਸੇ ਕੱਟੜਤਾ ਕਾਰਣ ਉਨ੍ਹਾਂ ਨੂੰ ਵਿਦੇਸ਼ੀਆਂ ਹੱਥੋਂ ਸਭ ਤੋਂ ਵੱਧ ਜ਼ਲਾਲਤ ਦਾ ਸਾਹਮਣਾ ਕਰਨਾ ਪਿਆ। ਕਾਰਣ ਦਲਿਤ ਤਾਂ ਪਹਿਲਾਂ ਹੀ ਗੁਲਾਮਾਂ ਦਾ ਗੁਲਾਮ ਸੀ। ਧਰਮ ਦੀ ਕੱਟੜਤਾ ਨੇ ਸਾਡੇ ਦੇਸ਼ ਦੇ ਦੋ ਟੁਕੜੇ ਕਰ ਦਿੱਤੇ। ਇਕ ਭਾਰਤ ਰਹਿ ਗਿਆ ਤੇ ਦੂਸਰਾ ਪਾਕਿਸਤਾਨ ਬਣ ਗਿਆ। ਇਸ ਬਟਵਾਰੇ ਦਾ ਸਭ ਤੋਂ ਜ਼ਿਆਦਾ ਸੰਤਾਪ ਪੰਜਾਬ ਨੂੰ ਭੁਗਤਣਾ ਪਿਆ। 1947 ਦੇ ਦੰਗਿਆਂ ਵਿੱਚ 10 ਲੱਖ ਤੋਂ ਵੱਧ ਜਾਨਾਂ ਕੱਟੜਤਾ ਦੀ ਬਲੀ-ਬੇਦੀ 'ਤੇ ਚੜ੍ਹ ਗਈਆਂ ਅਤੇ ਕਿਸੇ ਕੋਲ ਇਸ ਚੀਜ਼ ਦਾ ਕੋਈ ਜਵਾਬ ਨਹੀਂ ਕਿ ਇਹ ਕਿਹੋ ਜਿਹੇ ਧਰਮ ਦੀ ਕੱਟੜਤਾ ਸੀ ਜਿਸ ਨੇ ਆਦਮੀ ਹੱਥੋਂ ਆਦਮੀ ਦਾ ਕਤਲ ਕਰਾ ਦਿੱਤਾ। ਇਸ ਧਰਮ ਦੇ ਨਾਲ ਕਿਸੇ ਧਰਮ ਨੂੰ ਕੀ ਮਿਲਿਆ। ਹਿਟਲਰ ਵਰਗਿਆਂ ਦੀ ਰਾਜਨੀਤਿਕ ਕੱਟੜਤਾ ਦੂਸਰੇ ਵਿਸ਼ਵ ਯੁੱਧ ਦਾ ਕਾਰਣ ਬਣੀ, ਜਿਸ ਵਿੱਚ ਦੁਨੀਆਂ ਦੇ ਕਰੋੜਾਂ ਲੋਕਾਂ ਨੂੰ ਆਪਣੀ ਜਾਨ ਦੇਣੀ ਪਈ। ਪਖੰਡ ਕੱਟੜਤਾ ਦੇ ਖੰਭ ਹੁੰਦੇ ਹਨ। ਇਨ੍ਹਾਂ ਖੰਭਾਂ ਦੇ ਸਹਾਰੇ ਕੱਟੜਤਾ ਨਵੀਆਂ ਉਚਾਈਆਂ 'ਤੇ ਉਡਾਰੀਆਂ ਮਾਰਦੀ ਹੈ। ਪਾਖੰਡ ਦੇ ਝੂਠ ਨਾਲ ਹੀ ਦੂਸਰੇ ਨੂੰ ਪ੍ਰਭਾਵਿਤ ਕੀਤਾ ਜਾਂਦਾ ਹੈ। ਆਪਣੇ ਭਰਮ ਨੂੰ ਮਜ਼ਬੂਤ ਕੀਤਾ ਜਾਂਦਾ ਹੈ। ਪਾਖੰਡ ਦਾ ਚੋਲਾ ਪਾ ਕੱਟੜਤਾ ਮਾਨਵ ਜੀਵਨ ਦਾ ਨਾਸ ਕਰਨ ਦੇ ਨਵੇਂ ਤੋਂ ਨਵੇਂ ਤਰੀਕੇ ਇਜਾਦ ਕਰਦੀ ਹੈ। ਕੱਟੜਤਾ ਸਭ ਤੋਂ ਪਹਿਲਾਂ ਵਿਅਕਤੀ ਦੀ ਬੁੱਧੀ 'ਤੇ ਪ੍ਰਹਾਰ ਕਰ ਉਸ ਨੂੰ ਤਰਕ ਰਹਿਤ ਕਰ ਦਿੰਦੀ ਹੈ। ਹਰ ਉਹ ਵਿਅਕਤੀ ਜਿਸ ਨੇ ਕੱਟੜਤਾ ਅਪਣਾ ਪਾਖੰਡ ਦਾ ਚੋਲਾ ਪਾਇਆ ਹੁੰਦਾ ਹੈ, ਉਸ ਨੂੰ ਤਰਕਸ਼ੀਲ ਵਿਅਕਤੀ ਮੂਰਖ ਜਾਂ ਅਗਿਆਨੀ ਲੱਗਦਾ ਹੈ ਤੇ ਤਰਕਹੀਣ ਕੱਟੜ ਆਦਮੀ ਜੋ ਵਿਚਾਰਹੀਣ ਹੋ ਚੁੱਕਾ ਹੈ, ਉਹ ਤਰਕਸ਼ੀਲ ਨੂੰ ਗਿਆਨ ਨਾਲ ਨਾ ਹਰਾ ਸਕੇ, ਭੀੜ ਬਲ ਜਾਂ ਸਰੀਰਿਕ ਬਲ ਨਾਲ ਹਰਾਉਣ ਦੀ ਕੋਸ਼ਿਸ਼ ਵਿੱਚ ਜਾਨਵਰ ਬਣ ਜਾਂਦਾ ਹੈ ਪਰ ਸੱਚ ਇਹ ਹੈ ਜੇ ਅਜੇ ਤੱਕ ਦੁਨੀਆਂ 'ਚ ਸਮਾਜ ਜੀਵਿਤ ਹੈ, ਉਸ ਦਾ ਕਾਰਣ ਕੱਟੜਵਾਦ ਨਹੀਂ ਬਲਕਿ ਮਹਾਤਮਾ ਬੁੱਧ, ਗੁਰੂ ਨਾਨਕ, ਸਤਿਗੁਰ ਰਵਿਦਾਸ, ਸਤਿਗੁਰ ਕਬੀਰ ਜਾਂ ਡਾ. ਭੀਮ ਰਾਉ ਅੰਬੇਡਕਰ ਦੀ ਤਰਕਸ਼ੀਲ ਵਿਚਾਰਧਾਰਾ ਹੈ, ਜਿਸ ਨੇ ਸਮਾਜ ਨੂੰ ਉਹ ਰਾਹ ਦਿਖਾਈ, ਜਿਸ ਨਾਲ ਬਰਾਬਰਤਾ ਦਾ ਸਮਾਜ ਬਣਿਆ ਰਹੇ। ਹਰ ਵਿਅਕਤੀ ਨੂੰ ਬਰਾਬਰ ਦੇ ਹੱਕ ਮਿਲਣ, ਬਰਾਬਰ ਦੇ ਮੌਕੇ ਮਿਲਣ, ਬਰਾਬਰ ਦੀ ਤਰੱਕੀ ਹੋਵੇ ਤੇ ਜਾਤ, ਬਰਾਦਰੀ, ਧਰਮ, ਵਿਚਾਰਧਾਰਾ, ਸੂਬਾ ਜਾਂ ਸ਼ਹਿਰ ਤੋਂ ਉੱਪਰ ਉੱਠ ਸਭ ਵਿਅਕਤੀ ਭਾਰਤ ਦੇ ਨਾਗਰਿਕ ਬਣਨ ਜੋ ਆਪਣੇ ਅਧਿਕਾਰਾਂ ਦੇ ਨਾਲ-ਨਾਲ ਆਪਣੀਆਂ ਜ਼ਿੰਮੇਵਾਰੀਆਂ ਵੀ ਪਹਿਚਾਨਣ। ਹਰ ਵਿਚਾਰ ਦਾ ਕੋਈ ਨਾ ਕੋਈ ਵਿਰੋਧੀ ਜ਼ਰੂਰ ਹੋਵੇਗਾ, ਜੇ ਮੈਂ ਹਾਂ ਕਹਾਂਗਾ ਤਾਂ ਕਿਤੇ ਨਾ ਕਿਤੇ ਨਾਂਹ ਜ਼ਰੂਰ ਹੋਵੇਗੀ। ਜੇ ਮੈਂ ਸੱਜੇਪੱਖੀ ਹਾਂ ਤਾਂ ਕੋਈ ਖੱਬੇਪੱਖੀ ਵੀ ਜ਼ਰੂਰ ਹੋਵੇਗਾ। ਜੇ ਮੈਂ ਅੱਗ ਦੀ ਗੱਲ ਕਰਦਾ ਹਾਂ ਤਾਂ ਕੋਈ ਨਾ ਕੋਈ ਪਾਣੀ ਦੀ ਗੱਲ ਵੀ ਜ਼ਰੂਰ ਕਰੇਗਾ। ਕਿਉਂਕਿ ਜੀਵਨ ਦੇ ਵਿੱਚ ਜਿੰਨੇ ਕੁ ਪੱਖ ਹਨ, ਉਹ ਇਕ-ਦੂਜੇ ਦਾ ਕਿਤੇ ਨਾ ਕਿਤੇ ਵਿਰੋਧ ਜ਼ਰੂਰ ਕਰਦੇ ਹਨ ਪਰ ਜੀਵਨ ਲਈ ਓਨੇ ਹੀ ਜ਼ਰੂਰੀ ਵੀ ਹਨ ਜੇ ਇਕ ਪੱਖ ਫੜ ਕੇ ਅਸੀਂ ਕੱਟੜਤਾ ਦੀ ਮਸ਼ਾਲ ਚੁੱਕ ਲਵਾਂਗੇ ਤਾਂ ਯਕੀਨ ਜਾਣੋ ਉਸ ਮਸ਼ਾਲ ਥੱਲੇ ਤੁਸੀਂ ਸਦਾ ਹਨ੍ਹੇਰੇ ਵਿੱਚ ਹੀ ਰਹੋਗੇ। ਜੋ ਵਿਅਕਤੀ ਕੱਟੜ ਹੈ, ਉਹ ਤਰਕਸ਼ੀਲ ਨਹੀਂ ਹੋ ਸਕਦਾ। ਅੱਤਵਾਦ ਵੱਲ ਵਧਣ ਦਾ ਮਤਲਬ ਹੈ ਆਪਣੀ ਮਾਨਵਤਾਵਾਦੀ ਵਿਚਾਰਧਾਰਾ ਦਾ ਖਾਤਮਾ ਕਰਨਾ। ਜਦ ਤੱਕ ਮੇਰੇ ਸਾਹ 'ਚ ਸਾਹ ਰਹਿਣਗੇ, ਮੇਰੀ ਲੜਾਈ ਕੱਟੜਤਾ ਦੇ ਵਿਰੁੱਧ ਚੱਲਦੀ ਰਹੇਗੀ। ਉਹ ਕੱਟੜਤਾ ਚਾਹੇ ਮੇਰੇ ਵਿਰੋਧੀਆਂ ਦੀ ਹੋਵੇ ਜਾਂ ਮੇਰੇ ਸਾਥੀਆਂ ਦੀ ਮੈਂ ਤਾਂ ਤਰਕਸ਼ੀਲ ਵਿਚਾਰਾਂ ਦਾ ਹੀ ਸਾਥ ਦਿਆਂਗਾ।
                                                                                                                     
- ਅਜੇ ਕੁਮਾਰ

Wednesday 6 January 2016

ਅਮੀਰੀ-ਗਰੀਬੀ ਅਸਥਾਈ ਹੈ

ਸਾਡੇ ਸਮਾਜ ਵਿੱਚ ਜਾਤ-ਪਾਤ ਦਾ ਬੋਲਬਾਲਾ ਕਈ ਸਦੀਆਂ ਤੋਂਂ ਚੱਲਿਆ ਆ ਰਿਹਾ ਹੈ। ਆਪਣੇ-ਆਪ ਨੂੰ ਉੱਚ ਸਮਾਜ ਕਹਾਉਣ ਵਾਲਾ ਤਬਕਾ ਸਦਾ ਤੋਂ ਚੌਥੇ ਪੌਡੇ 'ਤੇ ਰਹਿਣ ਵਾਲੀਆਂ ਜਾਤਾਂ ਦਾ ਸ਼ੋਸ਼ਣ ਕਰਦਾ ਆਇਆ ਤੇ ਹਰ ਤਰ੍ਹਾਂ ਦੇ ਅੱਤਿਆਚਾਰ ਜਾਤ ਦੇ ਨਾਮ 'ਤੇ ਦਲਿਤਾਂ ਨੂੰ ਝੱਲਣੇ ਪਏ। ਸਵਾਲ ਇਹ ਹੈ ਕਿ ਦਲਿਤ ਕੌਣ ਹੈ? ਆਰੀਆ ਬ੍ਰਾਹਮਣਾਂ ਨੇ ਧੋਖੇ ਨਾਲ ਭਾਰਤ 'ਤੇ ਆਪਣਾ ਕਬਜ਼ਾ ਜਮਾ ਕੇ ਕਿੱਤਿਆਂ ਦੇ ਅਧਾਰ 'ਤੇ ਸਮਾਜ ਦੀ ਵੰਡ ਵੱਖ-ਵੱਖ ਜਾਤਾਂ ਵਿੱਚ ਕਰ ਦਿੱਤੀ। ਇਕ ਵਿਸ਼ੇਸ਼ ਜਾਤ ਦੇ ਲੋਕ ਜਿਹੜੇ ਪੂਜਾ-ਪਾਠ, ਪ੍ਰੋਹਤਗਿਰੀ ਕਰਨ ਵਾਲੇ ਸਨ, ਉਨ੍ਹਾਂ ਨੂੰ ਬ੍ਰਾਹਮਣ ਕਹਿ ਕੇ ਸਮਾਜ ਨੂੰ ਦਿਸ਼ਾ ਦੇਣ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ। ਰਾਜ ਕਰਨ ਵਾਲਿਆਂ ਨੂੰ ਸ਼ਸਤਰ ਧਾਰਣ ਕਰਨ ਦੀ ਤਾਕਤ ਦੇ ਕੇ ਕਸ਼ੱਤਰੀਏ ਕਿਹਾ ਗਿਆ ਤੇ ਉਨ੍ਹਾਂ ਨੂੰ ਸਮਾਜ ਦੀ ਰੱਖਿਆ ਅਤੇ ਰਾਜ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ। ਸਮਾਜ ਦਾ ਜੋ ਹਿੱਸਾ ਵਪਾਰ ਕਰਦਾ ਸੀ, ਉਸ ਨੂੰ ਵੈਸ਼ ਕਿਹਾ ਗਿਆ ਤੇ ਬਾਕੀ ਹਰ ਤਰ੍ਹਾਂ ਦੇ ਕਿੱਤੇ, ਚਾਹੇ ਚਮੜੇ ਦਾ ਕੰਮ ਹੋਵੇ, ਖੇਤੀਬਾੜੀ ਹੋਵੇ, ਲੋਹੇ ਦਾ ਕੰਮ ਹੋਵੇ, ਲੱਕੜ ਦਾ ਕੰਮ ਹੋਵੇ, ਕੱਪੜੇ ਦਾ ਕੰਮ ਹੋਵੇ ਜਾਂ ਸਾਫ਼-ਸਫਾਈ ਦਾ ਕੰਮ ਹੋਵੇ ਜਾਂ ਹੋਰ ਕਿੰਨੇ ਵੀ ਕਿੱਤੇ ਜੋ ਸਮਾਜ ਨੂੰ ਚਲਾਉਣ ਲਈ ਜ਼ਰੂਰੀ ਹਨ, ਜਿਨ੍ਹਾਂ ਤੋਂ ਬਿਨਾਂ ਸਮਾਜ ਦਾ ਕੰਮ ਨਹੀਂ ਚੱਲ ਸਕਦਾ, ਉਨ੍ਹਾਂ ਕਿੱਤਿਆਂ ਨੂੰ ਕਰਨ ਵਾਲੇ ਬਹੁਗਿਣਤੀ ਲੋਕਾਂ ਨੂੰ ਸ਼ੂਦਰ ਦਾ ਦਰਜਾ ਦਿੱਤਾ ਗਿਆ। ਇਸ ਤਰ੍ਹਾਂ ਦੀ ਵਰਣ ਵਿਵਸਥਾ ਨੂੰ ਲਿਖਤੀ ਰੂਪ ਦੇ ਕੇ ਰਾਜੇ ਮਨੂੰ ਨੇ ਵਰਣ-ਵਿਵਸਥਾ ਨੂੰ ਮਜ਼ਬੂਤੀ ਨਾਲ ਸਮਾਜ 'ਚ ਲਾਗੂ ਕਰ ਦਿੱਤਾ। ਕੁਝ ਮੁੱਠੀ ਭਰ ਲੋਕ ਜੋ ਆਪਣੇ ਆਪ ਨੂੰ ਉੱਚ ਜਾਤ ਦੇ ਸਵਰਨ ਕਹਾਉਂਦੇ ਰਹੇ ਹਨ, ਉਹ ਹਰ ਤਰ੍ਹਾਂ ਦੇ ਬਲ-ਸ਼ਲ ਨਾਲ ਆਪਣੀਆਂ ਤਰ੍ਹਾਂ-ਤਰ੍ਹਾਂ ਦੀਆਂ ਕੋਝੀਆਂ ਚਾਲਾਂ ਨਾਲ ਬਹੁਗਿਣਤੀ ਮਿਹਨਤਕਸ਼ ਲੋਕਾਂ ਦੇ ਹੱਕ ਖੋਹ ਕੇ ਉਨ੍ਹਾਂ ਦਾ ਸ਼ੋਸ਼ਣ ਕਰਦੇ ਹੋਏ ਸਮਾਜ 'ਤੇ ਰਾਜ ਕਰਦੇ ਰਹੇ। ਇਹੀ ਕਾਰਨ ਸੀ ਕਿ ਭਾਰਤ ਹਜ਼ਾਰਾਂ ਸਾਲਾਂ ਤੱਕ ਵਿਦੇਸ਼ੀ ਤਾਕਤਾਂ ਹੱਥ ਖੇਡਦਾ ਰਿਹਾ। ਉਹ ਵਿਦੇਸ਼ੀ ਤਾਕਤਾਂ ਮੁਗਲ ਰਾਜੇ ਹੋਣ ਜਾਂ ਸਮੁੰਦਰ ਰਾਹੀਂ ਵਪਾਰੀ ਰੂਪ 'ਚ ਆਏ ਅੰਗਰੇਜ਼ ਹੋਣ, ਜਿਨ੍ਹਾਂ ਨੇ ਲੱਗਭਗ 200 ਸਾਲ ਤੱਕ ਭਾਰਤ 'ਤੇ ਕਬਜ਼ਾ ਕਰਕੇ ਉਸ ਨੂੰ ਲੁੱਟਿਆ। ਮਜ਼ੇਦਾਰ ਗੱਲ ਇਹ ਹੈ ਕਿ ਜੋ ਮਨੂੰਵਾਦੀ ਲੋਕ ਰਾਜ ਕਰਦੇ ਹੋਏ ਸਮਾਜ ਦਾ ਸ਼ੋਸ਼ਣ ਕਰਦੇ ਸਨ, ਜਦੋਂ ਉਨ੍ਹਾਂ 'ਤੇ ਵਿਦੇਸ਼ੀਆਂ ਨੇ ਹੁਕਮ ਚਲਾਏ, ਉਸ ਵੇਲੇ ਇਹ ਤਿਲਮਿਲਾਏ ਜ਼ਰੂਰ ਪਰ ਇਨ੍ਹਾਂ ਨੂੰ ਕਦੇ ਅਹਿਸਾਸ ਨਾ ਹੋਇਆ ਕਿ ਚੌਥੇ ਪੌਡੇ 'ਤੇ ਬੈਠਣ ਵਾਲੇ ਦਲਿਤ ਸਮਾਜ ਦਾ ਸ਼ੋਸ਼ਣ ਇਹ ਕਿਸ ਤਰ੍ਹਾਂ ਕਰਦੇ ਰਹੇ। ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਫ਼ਰਕ ਜਾਤ ਦਾ ਨਹੀਂ ਜਮਾਤ ਦਾ ਹੈ। ਲੜਾਈ ਕਾਸਟ ਦੀ ਨਹੀਂ ਕਲਾਸ ਦੀ ਹੈ। ਹਰ ਗਰੀਬ ਵਿਅਕਤੀ, ਹਰ ਅਮੀਰ ਵਿਅਕਤੀ ਦੇ ਖਿਲਾਫ ਹੁੰਦਾ ਹੈ। ਅਮੀਰ ਵਿਅਕਤੀ ਨੂੰ ਢਿੱਡੋਂ ਗਾਲ੍ਹਾਂ ਕੱਢਦਾ ਹੈ ਤੇ ਅਮੀਰ ਆਦਮੀ ਗਰੀਬਾਂ ਦੀਆਂ ਕਮੀਆਂ ਗਿਣਾਉਂਦਾ ਨਹੀਂ ਥੱਕਦਾ ਤੇ ਉਸ ਨੂੰ ਨਚੋੜਨ ਦੇ ਨਵੇਂ ਤੋਂ ਨਵੇਂ ਨੁਕਤੇ ਕਢਦਾ ਰਹਿੰਦਾ ਹੈ। ਆਪਣੇ ਅਨੁਭਵ ਤੋਂ ਮੈਂ ਜਾਣਿਆ ਕਿ ਨਾ ਅਮੀਰੀ ਸਥਾਈ ਹੈ ਨਾ ਗਰੀਬੀ ਪੱਕੀ। ਅੱਯਾਸ਼ੀਆਂ ਸਦਕੇ ਆਪਣੇ ਵਕਤਾਂ ਦੇ ਸ਼ਾਹੂਕਾਰਾਂ ਨੂੰ ਮੈਂ ਗਰੀਬੀ ਦੀ ਗਰਤ ਵਿੱਚ ਡਿਗਦੇ ਦੇਖਿਆ ਹੈ ਤੇ ਆਪਣੀ ਮਿਹਨਤ ਸਦਕਾ ਅੱਤ ਦੇ ਗਰੀਬ ਆਦਮੀ ਨੂੰ ਸ਼ਾਹੂਕਾਰ ਬਣਦੇ ਵੀ ਦੇਖਿਆ ਹੈ। ਹੈਰਾਨੀ ਉਦੋਂ ਹੁੰਦੀ ਹੈ ਜਦੋਂ ਦੇਖਦਾ ਹਾਂ ਕਿ ਅਮੀਰ ਹੋਇਆ ਗਰੀਬ ਆਦਮੀ ਉਹੋ ਹੀ ਕੰਮ ਕਰਦਾ ਹੈ, ਜਿਨ੍ਹਾਂ ਕੰਮਾਂ ਦੇ ਉਹ ਖਿਲਾਫ ਹੁੰਦਾ ਸੀ। ਮੇਰਾ ਇਹ ਅਨੁਭਵ ਕਿਸੇ ਇਕ ਕਿੱਤੇ ਨਾਲ ਨਹੀਂ ਜੁੜਿਆ, ਸਭ ਪਾਸੇ ਇਹੋ ਹੀ ਹਾਲ ਹੈ। ਜਿਹੜਾ ਰਾਜ ਕਰਨ ਆ ਜਾਂਦਾ ਹੈ ਉਹ ਆਪਣੇ ਸਾਥੀਆਂ ਨੂੰ ਸਭ ਤੋਂ ਪਹਿਲਾਂ ਭੁੱਲ ਜਾਂਦਾ ਹੈ। ਉਹ ਭੁੱਲ ਜਾਂਦਾ ਹੈ ਕਿ ਉਸ ਦੀਆਂ ਆਪਣੇ ਸਮਾਜ ਪ੍ਰਤੀ ਵੀ ਕੁਝ ਜ਼ਿੰਮੇਵਾਰੀਆਂ ਹਨ। ਤੁਸੀਂ ਆਪਣੇ ਆਸ-ਪਾਸ ਨਿਗ੍ਹਾ ਮਾਰੋਗੇ ਤੁਹਾਨੂੰ ਵੱਡੀ ਗਿਣਤੀ ਵਿੱਚ ਅਜਿਹੇ ਚਿਹਰੇ ਨਜ਼ਰ ਆਉਣਗੇ, ਜਿਨ੍ਹਾਂ ਨੇ ਤਰੱਕੀ ਕਰਨ ਤੋਂ ਬਾਅਦ ਆਪਣੇ ਲੋਕਾਂ ਵੱਲ ਨਹੀਂ ਤੱਕਿਆ। ਬਾਬਾ ਸਾਹਿਬ ਨੇ ਦਲਿਤਾਂ ਨੂੰ ਰਾਖਵਾਂਕਰਣ ਦਿੱਤਾ ਤਾਂ ਉਸ ਦੇ ਪਿੱਛੇ ਇਕ ਸੋਚ ਸੀ ਕਿ ਜੇ ਦਲਿਤ ਸਮਾਜ ਦਾ ਇਕ ਵਿਅਕਤੀ ਤਰੱਕੀ ਕਰੇਗਾ ਤਾਂ ਉਹ ਜ਼ਰੂਰ ਆਪਣੇ ਸਮਾਜ ਦਾ ਸਾਥ ਦਿੰਦੇ ਹੋਏ ਉਸ ਦਾ ਜੀਵਨ ਪੱਧਰ ਉੱਚਾ ਚੁੱਕਣ ਵਿੱਚ ਸਹਿਯੋਗ ਕਰੇਗਾ ਪਰ ਹਕੀਕਤ ਸਾਹਮਣੇ ਹੈ। ਕਿੰਨੇ ਕੁ ਬੰਦੇ ਤੁਸੀਂ ਗਿਣੋਗੇ ਜਿਨ੍ਹਾਂ ਨੂੰ ਬਾਬਾ ਸਾਹਿਬ ਦੇ ਦਿੱਤੇ ਰਾਖਵੇਂਕਰਨ ਸਦਕਾ ਅਫ਼ਸਰੀਆਂ ਮਿਲ ਗਈਆਂ ਤੇ ਉਨ੍ਹਾਂ ਨੇ ਆਪਣੇ ਸਮਾਜ ਨੂੰ ਉੱਪਰ ਚੁੱਕਣ ਦੇ ਲਈ ਕੋਈ ਉਪਰਾਲਾ ਕੀਤਾ ਹੋਵੇ। ਕੁਝ ਅਜਿਹਾ ਹੀ ਹਾਲ ਰਾਜਨੀਤੀ ਵਿੱਚ ਹੈ। ਜਿਹੜਾ ਰਾਖਵੀਂ ਸੀਟ ਤੋਂ ਚੋਣਾਂ ਲੜ ਕੇ ਜਿੱਤ ਜਾਂਦਾ ਹੈ ਉਹ ਰਾਜ ਕਰਨ ਵਾਲਿਆਂ ਨਾਲ ਜੁੜ ਮੌਜਾਂ ਤਾਂ ਜ਼ਰੂਰ ਮਾਣਦਾ ਹੈ ਪਰ ਭੁੱਲ ਜਾਂਦਾ ਹੈ ਕਿ ਜਿਸ ਸਮਾਜ ਕਾਰਣ ਉਸ ਨੂੰ ਇਹ ਦਰਜਾ ਮਿਲਿਆ ਹੈ, ਉਸ ਸਮਾਜ ਪ੍ਰਤੀ ਵੀ ਉਹਦੀਆਂ ਕੁਝ ਜ਼ਿੰਮੇਵਾਰੀਆਂ ਹਨ। ਜਿੱਥੇ ਨਾ-ਸ਼ੁਕਰਿਆਂ ਦੀ ਗਿਣਤੀ ਬਹੁਤ ਵੱਡੀ ਹੈ, ਉਥੇ ਮੈਂ ਅਜਿਹੇ ਵੀ ਉਦਾਹਰਣ ਦੇਖੇ ਹਨ ਕਿ ਪਿੰਡ ਵਿੱਚੋਂ ਇਕ ਬੰਦੇ ਦਾ ਵੀਜ਼ਾ ਲੱਗਾ ਉਹ ਵਿਦੇਸ਼ ਗਿਆ, ਉਸ ਨੇ ਆਪਣੇ ਪਰਿਵਾਰ ਹੀ ਨਹੀਂ, ਬਲਕਿ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਆਪਣੇ ਕੋਲ ਬੁਲਾ ਕੇ ਉਨ੍ਹਾਂ ਦੀ ਤਕਦੀਰ ਬਦਲ ਦਿੱਤੀ। ਮੇਰਾ ਮੰਨਣਾ ਹੈ ਕਿ ਗਰੀਬ ਕਦੇ ਵੀ ਅਮੀਰ ਹੋਣ ਦੀ ਇੱਛਾ ਨਾ ਤਿਆਗੇ। ਪੱਛੜਿਆ ਕਦੇ ਵੀ ਸਮਾਜ ਦਾ ਸਿਰਮੌਰ ਬਣ ਸਕਦਾ ਹੈ, ਦਲਿਤ ਸ਼ਾਸਨ ਦਾ ਸਹੀ ਹੱਕਦਾਰ  ਹੈ ਤੇ ਵਕਤ ਜ਼ਰੂਰ ਆਏਗਾ ਜਦੋਂ ਦੇਸ਼ ਵਿੱਚ ਦਲਿਤ ਦਾ ਸ਼ਾਸਨ ਹੋਵੇਗਾ ਪਰ ਇਕ ਗੱਲ ਗੰਢ ਬੰਨ੍ਹ ਲਉ ਤਰੱਕੀ ਕਰਨ ਦਾ ਮਤਲਬ ਕਮਜ਼ੋਰ ਦਾ ਸ਼ੋਸ਼ਣ ਕਰਨਾ ਨਹੀਂ ਹੁੰਦਾ। ਜੇ ਤੁਸੀਂ ਉਚਾਈਆਂ 'ਤੇ ਚੜ੍ਹ ਰਹੇ ਹੋ ਤਾਂ ਇਕ ਵਾਰੀ ਥੱਲੇ ਨਿਗ੍ਹਾ ਜ਼ਰੂਰ ਮਾਰ ਲਿਓ ਕਿ ਤੁਹਾਡੇ ਕੁਝ ਸਾਥੀ ਪੱਛੜ ਗਏ ਹਨ, ਉਨ੍ਹਾਂ ਵੱਲ ਆਪਣਾ ਹੱਥ ਵਧਾਓ ਤਾਂ ਜੋ ਤੁਹਾਡੇ ਸਹਾਰੇ ਨਾਲ ਉਹ ਵੀ ਤਰੱਕੀ ਦੀਆਂ ਪੌੜੀਆਂ ਚੜ੍ਹਦੇ ਹੋਏ ਤੁਹਾਡੇ ਬਰਾਬਰ ਆ ਖੜ੍ਹੇ ਹੋਣ। ਇਕੱਲੇ ਦੀ ਅਮੀਰੀ ਨਾਲ ਸਮਾਜ ਨਹੀਂ ਬਦਲਣਾ, ਸਮਾਜ ਉਦੋਂ ਬਦਲੇਗਾ ਜਦੋਂ ਸਭ ਅਮੀਰ ਹੋਣਗੇ। ਪੱਛੜੇ ਹੋਏ ਨੂੰ ਲੱਤ ਮਾਰ ਥੱਲੇ ਸੁੱਟ ਕੇ ਹੋ ਸਕਦਾ ਹੈ ਤੁਸੀਂ ਚੋਟੀ 'ਤੇ ਪਹੁੰਚ ਜਾਓ ਪਰ ਉੱਥੇ ਹੋਵੋਗੇ ਤੁਸੀਂ ਬਿਲਕੁਲ ਇਕੱਲੇ। ਦੂਰ-ਦੂਰ ਤੱਕ ਤੁਹਾਡਾ ਕੋਈ ਸਾਥੀ ਆਸ-ਪਾਸ ਨਹੀਂ ਨਜ਼ਰ ਆਵੇਗਾ ਤੇ ਤੁਹਾਡਾ ਵੀ ਬਹੁਤ ਜ਼ਿਆਦਾ ਸ਼ੋਸ਼ਣ ਹੋਣ ਦੇ ਮੌਕੇ ਤੁਹਾਡੇ ਇਰਦ-ਗਿਰਦ ਖਤਰੇ ਵਾਂਗ ਮੰਡਰਾਉਂਦੇ ਰਹਿਣਗੇ, ਅਜਿਹੇ ਵਿਅਕਤੀਆਂ ਨੂੰ ਵੀ ਮੈਂ ਨਿੱਜੀ ਤੌਰ 'ਤੇ ਜਾਣਦਾ ਹਾਂ। ਫਿਰ ਤੁਹਾਨੂੰ ਅਹਿਸਾਸ ਹੋਵੇਗਾ ਕਿ ਚੋਟੀਆਂ ਕਿੰਨੀਆਂ ਵੀਰਾਨ ਹੁੰਦੀਆਂ ਹਨ। ਇਹ ਮੇਰੇ ਨਿੱਜੀ ਵਿਚਾਰ ਹਨ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਹਨ। ਤੁਸੀਂ ਆਪਣਾ ਸੁਝਾਅ ਦੇ ਕੇ ਮੇਰੇ ਅਨੁਭਵ ਨੂੰ ਅਤੇ ਮੇਰੇ ਵਿਚਾਰਾਂ ਨੂੰ ਹੋਰ ਵੀ ਵਧੀਆ ਤੇ ਮਜ਼ਬੂਤ ਕਰ ਸਕਦੇ ਹੋ ਇਸ ਆਸ ਵਿੱਚ ਤੁਹਾਡੇ ਸੁਝਾਵਾਂ ਦੇ ਇੰਤਜ਼ਾਰ ਵਿੱਚ।
- ਅਜੇ ਕੁਮਾਰ