Saturday 14 October 2017

ਧਰਮ ਪਰਿਵਰਤਨ

ਕੁਝ ਕੁ ਸਾਲ ਪਹਿਲਾਂ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਆਗਰਾ ਵਿੱਚ 300 ਮੁਸਲਮਾਨ ਧਰਮ ਪਰਿਵਰਤਨ ਕਰਕੇ ਹਿੰਦੂ ਬਣ ਗਏ। ਇਹ ਮਾਮਲਾ ਰਾਜ ਸਭਾ ਅਤੇ ਲੋਕ ਸਭਾ ਵਿੱਚ 2-3 ਦਿਨ ਛਾਇਆ ਰਿਹਾ। ਬਸਪਾ ਪ੍ਰਮੁੱਖ ਕੁਮਾਰੀ ਮਾਇਆਵਤੀ ਅਤੇ ਵਿਰੋਧੀ ਧਿਰ ਨੇ ਇਸ ਨੂੰ ਜਬਰੀ ਧਰਮ ਪਰਿਵਰਤਨ ਦੱਸਿਆ ਅਤੇ ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਇਹ ਸਭ ਕੁਝ ਆਰ. ਐਸ. ਐਸ. ਦੇ ਇਸ਼ਾਰਿਆਂ 'ਤੇ ਬਜਰੰਗ ਦਲ ਅਤੇ ਦੂਸਰੀਆਂ ਹਿੰਦੂ ਜਥੇਬੰਦੀਆਂ ਕਰ ਰਹੀਆਂ ਹਨ, ਜਿਸ ਕਰਕੇ ਦੇਸ਼ ਵਿੱਚ ਤਣਾਅਪੂਰਣ ਮਾਹੌਲ ਬਣਨ ਦੇ ਆਸਾਰ ਹਨ। ਭਾਜਪਾ ਦੀ ਹਿੰਦੂ ਵੋਟ ਬੈਂਕ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਵਿਰੁੱਧ ਸਾਰੇ ਵਿਰੋਧੀ ਦਲ ਇਕੱਠੇ ਹੋ ਗਏ। ਸੰਸਦੀ ਕਾਰਜ ਮੰਤਰੀ ਅਤੇ ਸੱਤਾਧਿਰ ਪਾਰਟੀ ਭਾਜਪਾ ਦੇ ਬੁਲਾਰਿਆਂ ਨੇ ਇਸ ਨੂੰ ਸਿਰੇ ਤੋਂ ਨਕਾਰਿਆ ਅਤੇ ਇਸ ਵਿੱਚ ਆਰ. ਐਸ. ਐਸ. ਦੀ ਕਿਸੇ ਵੀ ਤਰ੍ਹਾਂ ਭੂਮਿਕਾ ਹੋਣ ਤੋਂ ਇਨਕਾਰ ਕਰ ਦਿੱਤਾ। ਧਰਮ ਸਦੀਆਂ ਤੋਂ ਭਾਰਤ ਦੇ ਲਈ ਇਕ ਗੰਭੀਰ ਮੁੱਦਾ ਬਣਿਆ ਹੋਇਆ ਹੈ। ਅਸੀਂ ਭਾਰਤੀ ਸੈਂਕੜਿਆਂ ਸਾਲਾਂ ਤੱਕ ਆਪਸ ਵਿੱਚ ਲੜਨ ਤੋਂ ਬਾਅਦ ਵੀ 1947 ਵਿੱਚ ਧਰਮ ਦੇ ਅਧਾਰ 'ਤੇ ਮੁਲਕ ਦੇ ਦੋ ਟੋਟੇ ਕਰਵਾਉਣ ਤੋਂ ਬਾਅਦ ਵੀ ਅਜੇ ਤੱਕ ਹੋਸ਼ 'ਚ ਨਹੀਂ ਆਏ। ਅਜੇ ਵੀ ਅਸੀਂ ਫੁੱਟ ਪਾਉਣ ਵਾਲੀਆਂ ਤਾਕਤਾਂ ਦੇ ਹੱਥਾਂ ਵਿੱਚ ਖਿਡੌਣੇ ਬਣੇ ਹੋਏ ਹਾਂ। ਭਾਰਤ ਦਾ ਸੰਵਿਧਾਨ ਸਭ ਨੂੰ ਆਪਣੇ-ਆਪਣੇ ਧਰਮਾਂ ਨੂੰ ਮੰਨਣ ਦੀ ਇਜਾਜ਼ਤ ਦਿੰਦਾ ਹੈ ਪਰ ਫਿਰ ਵੀ ਧਰਮ ਵਿਰੋਧੀ ਇਕ-ਦੂਸਰੇ ਧਰਮ ਦੇ ਖਿਲਾਫ਼ ਚਿੱਕੜ ਸੁੱਟਦੇ ਅਤੇ ਜ਼ਹਿਰ ਉਗਲਦੇ ਆਏ ਹਨ। ਭਾਰਤ ਦਾ ਸੰਵਿਧਾਨ ਜਿੱਥੇ ਹਰ ਮਨੁੱਖ ਨੂੰ ਆਪਣੇ ਧਰਮ ਨੂੰ ਮੰਨਣ ਦੀ ਆਜ਼ਾਦੀ ਦਿੰਦਾ ਹੈ, ਉਥੇ ਆਪਣੀ ਮਰਜ਼ੀ ਅਨੁਸਾਰ ਧਰਮ ਬਦਲਣ ਦੀ ਵੀ ਇਜਾਜ਼ਤ ਦਿੰਦਾ ਹੈ। ਧਰਮ ਦੇ ਬਾਰੇ ਬਾਬਾ ਸਾਹਿਬ ਅੰਬੇਡਕਰ ਨੇ ਬੜੀ ਸਪੱਸ਼ਟ ਟਿੱਪਣੀ ਕਰਦਿਆਂ ਕਿਹਾ ਸੀ ਕਿ ਮੈਂ ਧਰਮ ਚਾਹੁੰਦਾ ਹਾਂ ਪਰ ਧਰਮ ਦੇ ਨਾਂ 'ਤੇ ਦੁਕਾਨਦਾਰੀ ਨਹੀਂ ਚਾਹੁੰਦਾ। ਧਰਮ ਮਨੁੱਖ ਲਈ ਹੈ, ਮਨੁੱਖ ਧਰਮ ਲਈ ਨਹੀਂ ਹੈ। ਇਸ ਲਈ ਧਰਮ ਦੇ ਨਾਂ 'ਤੇ ਮਨੁੱਖ  ਦੁਆਰਾ ਮਨੁੱਖ 'ਤੇ ਅੱਤਿਆਚਾਰ ਨਹੀਂ ਕੀਤੇ ਜਾ ਸਕਦੇ। ਬਾਬਾ ਸਾਹਿਬ ਨੇ ਸਾਰੀ ਉਮਰ ਹਿੰਦੂ ਮਨੂੰਵਾਦੀਆਂ ਨਾਲ ਸਮਾਜਿਕ ਸੰਘਰਸ਼ ਕਰਨ ਤੋਂ ਬਾਅਦ ਨਿਰਣਾ ਕੀਤਾ ਕਿ ਮੈਂ ਹਿੰਦੂ ਜੰਮਿਆ ਜ਼ਰੂਰ ਹਾਂ ਪਰ ਹਿੰਦੂ ਮਰਾਂਗਾ ਨਹੀਂ। ਬਾਬਾ ਸਾਹਿਬ ਦੇ ਧਰਮ ਪਰਿਵਰਤਨ ਦੀ ਮਨਸ਼ਾ ਨੂੰ ਸਮਝਦੇ ਹੋਏ ਉਸ ਵੇਲੇ ਦੇ ਮੁਸਲਮਾਨ, ਈਸਾਈ ਅਤੇ ਸਿੱਖਾਂ ਨੇ ਉਨ੍ਹਾਂ ਨੂੰ ਆਪੋ-ਆਪਣੇ ਧਰਮ 'ਚ ਆਉਣ ਲਈ ਕਰੋੜਾਂ ਰੁਪਏ ਦੇ ਨਾਲ-ਨਾਲ ਹੋਰ ਕਈ ਤਰ੍ਹਾਂ ਦੇ ਲਾਲਚ ਦਿੱਤੇ ਪਰ ਉਹ ਬਾਬਾ ਸਾਹਿਬ ਸੀ, ਜਿਨ੍ਹਾਂ ਦੇ ਈਮਾਨ ਨੂੰ ਕੋਈ ਪੈਸੇ ਨਾਲ ਨਹੀਂ ਖਰੀਦ ਸਕਦਾ ਸੀ। ਉਨ੍ਹਾਂ ਨੇ ਸਭ ਧਰਮਾਂ ਦਾ ਗਹਿਰਾਈ ਨਾਲ ਅਧਿਐਨ ਕਰਨ ਤੋਂ ਬਾਅਦ 14 ਅਕਤੂਬਰ 1956 ਨੂੰ ਹਿੰਦੂ ਧਰਮ ਛੱਡ ਕੇ ਬੁੱਧ ਧਰਮ ਦੀ ਦੀਕਸ਼ਾ ਲੈ ਲਈ। ਉਨ੍ਹਾਂ ਨੇ ਹਿੰਦੂ ਧਰਮ ਨੂੰ ਵਰਣ ਵਿਵਸਥਾ ਵਿੱਚ ਯਕੀਨ ਰੱਖਣ ਕਰਕੇ ਤਿਆਗਿਆ ਸੀ। ਉਨ੍ਹਾਂ ਕਿਹਾ ਸੀ ਕਿ ਹਿੰਦੂ ਧਰਮ ਇਕ ਮਨੁੱਖ ਨੂੰ ਦੂਸਰੇ ਮਨੁੱਖ ਨੂੰ ਜਾਤੀ ਦੇ ਅਧਾਰ 'ਤੇ ਗੁਲਾਮ ਹੋਣ ਦੀ ਛੂਟ ਦਿੰਦਾ ਹੈ ਅਤੇ ਇਸ ਮਨੂੰਵਾਦੀ ਸੋਚ ਨੂੰ ਅਧਾਰ ਬਣਾ ਕੇ ਉੱਚ ਜਾਤ ਦੇ ਹਿੰਦੂ ਹਜ਼ਾਰਾਂ ਸਾਲਾਂ ਤੱਕ ਦਲਿਤਾਂ 'ਤੇ ਅੱਤਿਆਚਾਰ ਕਰਦੇ ਰਹੇ। ਬਾਬਾ ਸਾਹਿਬ ਨੇ ਸੰਵਿਧਾਨ ਵਿੱਚ ਧਰਮ ਪਰਿਵਰਤਨ ਦਾ ਅਧਿਕਾਰ ਵੀ ਉਚੇਚੇ ਤੌਰ 'ਤੇ ਭਾਰਤ ਦੇ ਮੂਲ ਨਿਵਾਸੀਆਂ ਨੂੰ ਦਿੱਤਾ ਪਰ ਧਰਮ ਦੇ ਨਾਂ 'ਤੇ ਦੁਕਾਨਦਾਰੀ ਕਰਨ ਵਾਲਿਆਂ ਨੇ ਇਸ ਕਾਨੂੰਨ ਦੀਆਂ ਧੱਜੀਆਂ  ਕਈ ਵਾਰ ਉਡਾਈਆਂ। ਅਕਸਰ ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਹਿੰਦੂਵਾਦੀ ਤਾਕਤਾਂ ਈਸਾਈਆਂ ਅਤੇ ਮੁਸਲਮਾਨਾਂ 'ਤੇ ਇਹ ਦੋਸ਼ ਲਗਾਉਂਦੀਆਂ ਹਨ ਕਿ ਉਹ ਹਿੰਦੂ ਧਰਮ 'ਚ ਗਰੀਬ ਲੋਕਾਂ ਨੂੰ ਜੋ ਕਿ ਜ਼ਿਆਦਾਤਰ ਦਲਿਤ ਹਨ, ਨੂੰ ਲਾਲਚ ਦੇ ਕੇ ਜਬਰਨ ਆਏ ਦਿਨ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾਉਂਦੇ ਰਹਿੰਦੇ ਹਨ। ਕਈ ਜਗ੍ਹਾ ਆਹਮੋ-ਸਾਹਮਣੇ ਟਕਰਾਅ ਵੀ ਹੁੰਦਾ ਹੈ ਤੇ ਤਣਾਅ ਦੀ ਸਥਿਤੀ ਉਤਪੰਨ ਹੋ ਜਾਂਦੀ ਹੈ ਪਰ ਹੁਣ ਮੁਸਲਮਾਨਾਂ ਨੂੰ ਧਰਮ ਪਰਿਵਰਤਨ ਕਰਵਾ ਕੇ ਹਿੰਦੂ ਬਣਾਉਣ ਵਿੱਚ ਹਿੰਦੂ ਜਥੇਬੰਦੀਆਂ ਇਸ ਨੂੰ ਘਰ ਵਾਪਸੀ ਦਾ ਨਾਮ ਦਿੰਦੀਆਂ ਹਨ। ਇਹ ਗੱਲ ਸੱਚ ਹੈ ਕਿ ਭਾਰਤ ਦੇ ਮੂਲਨਿਵਾਸੀ ਨੇ ਹੀ ਵਰਣ-ਵਿਵਸਥਾ ਤੋਂ ਤੰਗ ਆ ਕੇ ਵਾਰ-ਵਾਰ ਆਪਣਾ ਧਰਮ ਬਦਲਿਆ ਹੈ, ਚਾਹੇ ਉਹ ਮੁਸਲਮਾਨ, ਚਾਹੇ ਈਸਾਈ ਜਾਂ ਫਿਰ ਬੁਧਿਸਟ ਬਣ ਗਿਆ ਹੋਵੇ। ਇਸ ਵਿੱਚ ਹੋ ਸਕਦਾ ਹੈ ਕਿ ਮੁਸਲਮਾਨ ਜਾਂ ਈਸਾਈਆਂ ਵੱਲੋਂ ਦਿੱਤੀਆਂ ਲਾਲਚਾਂ ਦਾ ਅਸਰ ਹੋਵੇ, ਕਿਉਂਕਿ ਜਦੋਂ ਭੁੱਖ ਲੱਗਦੀ ਹੈ, ਉਦੋਂ ਸਾਹਮਣੇ ਧਰਮ ਨਜ਼ਰ ਨਹੀਂ ਆਉਂਦਾ, ਉਸ ਵੇਲੇ ਰੋਟੀ ਹੀ ਨਜ਼ਰ ਆਉਂਦੀ ਹੈ, ਜਿਹੜਾ ਧਰਮ ਰਾਹਤ ਦੇਵੇ ਤਾਂ ਚੰਗਾ ਵੀ ਲੱਗਦਾ ਹੈ। ਕੁਝ ਉਸੇ ਤਰੀਕੇ ਨਾਲ ਹੁਣ ਇਸ ਚੀਜ਼ 'ਚ ਵੀ ਨਜ਼ਰ ਆਉਂਦਾ ਹੈ ਕਿ ਘਰ ਵਾਪਸੀ ਦੇ ਨਾਂ 'ਤੇ ਧਰਮ ਪਰਿਵਰਤਨ ਕਰਵਾਉਣ ਵਿੱਚ ਵੀ ਕਿਧਰੇ ਨਾ ਕਿਧਰੇ ਧਨ-ਬਲ ਦਾ ਅਸਰ ਜ਼ਰੂਰ ਹੈ। ਗਰੀਬ ਹਿੰਦੂ ਦਲਿਤਾਂ ਨੂੰ ਪੈਸੇ ਦਾ ਲਾਲਚ ਦੇ ਕੇ ਮੁਸਲਮਾਨ ਬਣਾਇਆ ਜਾਂਦਾ ਰਿਹਾ,  ਉਸੇ ਤਰ੍ਹਾਂ ਗਰੀਬ ਮੁਸਲਮਾਨ ਦਲਿਤਾਂ ਨੂੰ ਪੈਸੇ ਦੇ ਲਾਲਚ ਦੇ ਕੇ ਮੁੜ ਹਿੰਦੂ ਬਣਾ ਲਿਆ ਗਿਆ, ਇਸ ਵਿੱਚ ਕਿਹੜੀ ਘਰ ਵਾਪਸੀ ਜਾਂ ਕਿਹੜਾ ਹਿਰਦਾ ਪਰਿਵਰਤਨ ਹੋ ਗਿਆ? ਇਸ ਸਾਰੇ ਧਰਮ ਪਰਿਵਰਤਨ ਦੀ ਖੇਡ ਪਿੱਛੇ ਇਸ ਗੱਲ ਦੀ ਬੂ ਆ ਰਹੀ ਹੈ ਕਿ ਹਿੰਦੂਵਾਦੀ ਤਾਕਤਾਂ ਨਹੀਂ ਚਾਹੁੰਦੀਆਂ ਕਿ ਦਲਿਤ ਹਿੰਦੂ ਜਾਤੀਵਾਦ ਦੀ ਗੁਲਾਮੀ 'ਚੋਂ ਨਿਕਲਣ। ਇਸ ਕਰਕੇ ਉਹ ਧਰਮ ਪਰਿਵਰਤਨ ਦਾ ਕਾਨੂੰਨ ਖ਼ਤਮ ਕਰਕੇ ਦਲਿਤਾਂ ਨੂੰ ਵਰਣ-ਵਿਵਸਥਾ ਦੇ ਮੁਤਾਬਿਕ ਹਿੰਦੂਆਂ ਦਾ ਗੁਲਾਮ ਬਣੇ ਰਹਿਣ ਵਿੱਚ ਹੀ ਆਪਣਾ ਭਲਾ ਸਮਝਦੀਆਂ ਹਨ ਤੇ ਜ਼ਬਰਦਸਤੀ ਇਨ੍ਹਾਂ ਨੂੰ ਹਿੰਦੂ ਧਰਮ ਵਿੱਚ ਹੀ ਰੱਖਣਾ ਚਾਹੁੰਦੀਆਂ ਹਨ ਪਰ ਭਾਰਤੀ ਸੰਵਿਧਾਨ ਦੇ ਰਹਿੰਦਿਆਂ ਇਹ ਮਣਸੂਬੇ ਕਾਮਯਾਬ ਹੁੰਦੇ ਨਜ਼ਰ ਨਹੀਂ ਆ ਰਹੇ। ਜੇਕਰ ਹਿੰਦੂਵਾਦੀਆਂ ਦਾ ਇਹ ਮਣਸੂਬਾ ਕਾਮਯਾਬ ਹੋ ਜਾਂਦਾ ਹੈ ਤਾਂ ਅੰਬੇਡਕਰ ਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਲੋਕ ਆਪਣੇ ਧਿਆਨ ਵਿੱਚ ਇਹ ਗੱਲ ਪੱਕੀ ਰੱਖ ਲੈਣ ਕਿ ਭਾਰਤੀ ਸੰਵਿਧਾਨ ਨੂੰ ਖਤਮ ਕਰਨ ਲਈ ਪਹਿਲਾ ਵਾਰ ਹੋ ਚੁੱਕਾ ਹੈ, ਜਿਹੜਾ ਭਾਰਤ ਦੇ ਸੰਵਿਧਾਨ ਨੂੰ ਖੇਰੂੰ-ਖੇਰੂੰ ਕਰੇਗਾ ਤੇ ਮਨੂੰ ਸਮ੍ਰਿਤੀ ਲਈ ਮਜਬੂਤ ਇਮਾਰਤ ਤਿਆਰ ਕਰੇਗਾ। ਹੁਣ ਦੇਖਣਾ ਇਹ ਹੈ ਕਿ ਕਈ ਸਦੀਆਂ ਤੋਂ ਰਾਜ ਕਰਨ ਵਾਲੇ ਲੋਕ ਦਲਿਤਾਂ ਨੂੰ ਫੇਰ ਆਪਣੇ ਜਾਲ ਵਿੱਚ ਫ਼ਸਾ ਕੇ ਆਪਸ 'ਚ ਲੜਾ ਕੇ ਕਾਮਯਾਬ ਹੋ ਜਾਂਦੇ ਹਨ ਜਾਂ ਬਾਬਾ ਸਾਹਿਬ ਅੰਬੇਡਕਰ ਦੇ ਫਲਸਫੇ ਨੂੰ ਅਤੇ ਪਿਛਲੇ ਇਤਿਹਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਨੂੰ ਮੂੰਹ ਤੋੜ ਜਵਾਬ ਦਿੰਦੇ ਹਨ। ਇਕ ਸਰਵੇਖਣ ਮੁਤਾਬਿਕ  ਦੇਸ਼ ਦੀ ਆਜ਼ਾਦੀ ਤੋਂ ਬਾਅਦ ਧਰਮ ਦੇ ਨਾਂ 'ਤੇ 50 ਹਜ਼ਾਰ ਤੋਂ ਵੱਧ ਦੰਗੇ ਹੋਏ ਹਨ, ਇਨ੍ਹਾਂ ਦੰਗਿਆਂ ਕਰਕੇ ਲੱਖਾਂ ਲੋਕਾਂ ਦੀ ਜਾਨ ਅਤੇ 1200 ਲੱਖ ਕਰੋੜ ਦਾ ਮਾਲੀ ਨੁਕਸਾਨ ਹੋਇਆ ਹੈ। ਦਿਲਚਸਪ ਗੱਲ ਇਹ ਹੈ ਕਿ ਧਰਮ ਦੇ ਪੈਰੋਕਾਰ ਧਰਮ ਬਾਰੇ ਆਖਦੇ ਇਹ ਹਨ ਕਿ ਧਰਮ ਪਿਆਰ ਸਿਖਾਉਂਦਾ ਹੈ, ਧਰਮ ਮਨੁੱਖ ਨੂੰ ਰੱਬ ਦੇ ਨਾਲ ਮਿਲਾਉਂਦਾ ਹੈ, ਧਰਮ ਸਾਰੀਆਂ ਦੁੱਖ-ਤਕਲੀਫ਼ਾਂ ਦਾ ਹੱਲ ਹੈ ਪਰ ਧਰਮ ਦੇ ਨਾਂ 'ਤੇ ਹੋ ਸਭ ਕੁਝ ਇਸ ਦੇ ਉਲਟ ਰਿਹਾ ਹੈ। ਇਸ ਕਰਕੇ ਮੈਨੂੰ ਇੰਝ ਵੀ ਲੱਗਦਾ ਹੈ ਕਿ ਧਰਮ ਵੀ ਸਾਡੇ ਦੇਸ਼ ਵਿੱਚ ਮਨੁੱਖ ਦੀ ਤਰੱਕੀ 'ਚ ਇਕ ਬਹੁਤ ਵੱਡੀ ਰੁਕਾਵਟ ਹੈ। ਇਸ ਦੀਆਂ ਜੜ੍ਹਾਂ ਨੂੰ ਸਮਝਣਾ ਵੀ ਮਨੁੱਖ ਲਈ ਬਹੁਤ ਜ਼ਰੂਰੀ ਹੈ ਕਿ ਸੰਵਿਧਾਨ ਬਣਨ ਤੋਂ ਬਾਅਦ ਅਸੀਂ ਹਿੰਦੂ, ਮੁਸਲਮਾਨ, ਸਿੱਖ ਈਸਾਈ ਨਹੀਂ ਰਹਿ ਗਏ, ਬਲਕਿ ਅਸੀਂ ਭਾਰਤੀ ਹੋ ਗਏ ਹਾਂ। ਦੇਸ਼ ਦਾ ਇਕਮਾਤਰ ਗ੍ਰੰਥ ਭਾਰਤੀ ਸੰਵਿਧਾਨ ਹੈ ਤੇ ਦੇਸ਼ ਦੀ ਭਗਤੀ ਹੀ ਦੇਸ਼ ਦਾ ਸਭ ਤੋਂ ਉੱਤਮ ਧਰਮ ਹੈ। ਇਤਿਹਾਸ ਵੱਲ ਝਾਤ ਮਾਰੀਏ ਤੇ ਅੱਜ ਦੇ ਹਾਲਾਤ ਦੇਖੀਏ ਤਾਂ ਅਸੀਂ ਬੜੇ ਸਪੱਸ਼ਟ ਤੌਰ 'ਤੇ ਕਹਿ ਸਕਦੇ ਹਾਂ ਕਿ ਜਿਹੜੇ-ਜਿਹੜੇ ਮੁਲਕ ਧਰਮ ਦੇ ਅਧਾਰ 'ਤੇ ਚੱਲ ਰਹੇ ਹਨ, ਉਹ ਲਗਾਤਾਰ ਡੁਬਦੇ ਜਾ ਰਹੇ ਹਨ ਤੇ ਜਿਹੜੇ ਮੁਲਕਾਂ ਨੇ ਧਰਮ ਦੇ ਨਾਂ 'ਤੇ ਪਾਖੰਡ ਨਹੀਂ ਕੀਤਾ ਅਤੇ ਸਕੂਲਾਂ-ਕਾਲਜਾਂ ਵਿੱਚ ਅਜਿਹੀ ਵਿੱਦਿਆ ਦਿੱਤੀ, ਜਿਸ ਵਿੱਚ ਉਨ੍ਹਾਂ ਨੂੰ ਸਿਖਾਇਆ ਜਾਂਦਾ ਹੈ ਕਿ ਦੇਸ਼ ਦਾ ਧਰਮ ਸਾਰੇ ਧਰਮਾਂ ਤੋਂ ਉੱਤੇ ਹੈ, ਉਨ੍ਹਾਂ ਮੁਲਕਾਂ ਨੇ ਹੀ ਤਰੱਕੀ ਕੀਤੀ ਹੈ। ਉਦਾਹਰਣ ਦੇ ਤੌਰ 'ਤੇ ਆਪਣੇ ਗੁਆਂਢੀ ਮੁਲਕ ਪਾਕਿਸਤਾਨ ਦੇ ਹਾਲਾਤ ਦੇਖ ਲਓ ਅਤੇ 1944 ਦੇ ਦੂਸਰੇ ਯੁਧ ਵਿੱਚ ਬਿਲਕੁਲ ਤਬਾਹ ਹੋ ਚੁੱਕੇ ਜਰਮਨੀ ਤੇ ਜਾਪਾਨ ਦੇ ਹਾਲਾਤ ਦੇਖ ਲਓ। ਜਾਪਾਨ-ਚੀਨ ਦਾ ਮੁੱਖ ਧਰਮ ਬੁੱਧ ਹੈ ਤੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਦੇਸ਼ ਖਿਲਾਫ ਤਥਾਗਤ ਬੁੱਧ ਖੁਦ ਵੀ ਲੜਨ ਆ ਜਾਵੇ ਤਾਂ ਉਨ੍ਹਾਂ ਦੇ ਦੇਸ਼ ਦਾ ਬੱਚਾ-ਬੱਚਾ ਤਲਵਾਰ ਲੈ ਕੇ ਬੁੱਧ ਦੇ ਸਾਹਮਣੇ ਖੜ੍ਹਾ ਹੋ ਜਾਵੇਗਾ।
- ਅਜੇ ਕੁਮਾਰ