Sunday 15 April 2018

ਉਪਵਾਸ ਜਾਂ ਬਕਵਾਸ

ਦੇਸ਼ ਇਸ ਸਮੇਂ ਬਹੁਤ ਖ਼ਤਰਨਾਕ ਦੌਰ 'ਚੋਂ ਗੁਜਰ ਰਿਹਾ ਹੈ। 76 ਲੱਖ ਕਰੋੜ ਰੁਪਏ ਦਾ ਦੇਸ਼ 'ਤੇ ਵਿਦੇਸ਼ੀ ਕਰਜ਼ਾ ਹੈ। ਕਹਿਣ ਦਾ ਭਾਵ ਹਰ ਭਾਰਤੀ ਕਰਜ਼ਦਾਰ ਹੈ। 12 ਕਰੋੜ ਨੌਜਵਾਨ ਹੱਥਾਂ ਵਿੱਚ ਡਿਗਰੀਆਂ ਲੈ ਕੇ ਸੜਕਾਂ 'ਤੇ ਹੁੜਦੰਗ ਮਚਾਉਣ ਲਈ ਮਜ਼ਬੂਰ ਹਨ। ਹਰ ਆਦਮੀ ਡਰ ਰਿਹਾ ਹੈ, ਦੇਸ਼ ਦਾ ਕੋਈ ਵੀ ਕੋਨਾ ਸੁਰੱਖਿਅਤ ਨਹੀਂ ਹੈ। ਪਤਾ ਨਹੀਂ ਕਿਸ ਵੇਲੇ ਕੀ ਹੋ ਜਾਣਾ ਹੈ। ਆਮ ਆਦਮੀ ਤਾਂ ਛੱਡੋ, ਆਮ ਆਦਮੀ ਦੀ ਸੁਰੱਖਿਆ ਕਰਨ ਵਾਲਾ ਪੁਲਿਸਮੈਨ ਵੀ ਖ਼ੌਫਜ਼ਦਾ ਹੈ। ਧਰਮ, ਮਜ਼ਹਬ, ਜਾਤ, ਉਪ ਜਾਤ, ਗੋਤਰ, ਭਾਸ਼ਾ, ਵਰਣ-ਵਿਵਸਥਾ ਬਨਾਮ ਰਾਖਵਾਂਕਰਣ ਦੇ ਨਾਮ 'ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇਸ਼ ਅਤੇ ਦੇਸ਼ ਵਾਸੀਆਂ ਦੀ ਚਿੰਤਾ ਛੱਡ ਕੇ ਆਪਣਾ ਹਲਵਾ-ਮੰਡਾ ਚਲਾ ਰਹੀਆਂ ਹਨ। ਇੰਨਾ ਹੀ ਨਹੀਂ ਧਰਮ ਦੇ ਨਾਂ ਤੇ ਦੁਕਾਨਦਾਰੀ ਕਰਨ ਵਾਲੇ ਧਾਰਮਿਕ ਨੇਤਾ ਵੀ ਆਪਣੇ ਸਵਾਰਥ, ਲੋਕਾਂ ਨੂੰ ਉੱਲੂ ਬਨਾਉਣ ਲਈ ਗੋਟੀਆਂ ਫਿਟ ਕਰ ਚੁੱਕੇ ਹਨ। ਜੇਕਰ ਮੁੱਕਦੀ ਗੱਲ ਕਰੀਏ ਤਾਂ ਦੇਸ਼ ਇਸ ਸਮੇਂ (ਦੰਗੇ) ਦੰਗਾ ਨਾਮਕ ਬਾਰੂਦ ਦੇ ਢੇਰ 'ਤੇ ਬੈਠਿਆ ਹੋਇਆ ਹੈ। ਪੂਰੇ ਦਾ ਪੂਰਾ ਦੇਸ਼ ਕਿਸੇ ਵੀ ਸਮੇਂ ਉੱਡ ਸਕਦਾ ਹੈ। ਮਾਨਵਤਾ ਦਾ ਨਿਤ ਘਾਣ ਹੋ ਰਿਹਾ ਹੈ। ਦੇਸ਼ ਨੂੰ ਬਚਾਉਣ ਵਾਲੀ ਸਿਰਫ ਇੱਕੋ ਹੀ ਚੀਜ਼ ਸੰਵਿਧਾਨ ਉਸ 'ਤੇ ਵੀ ਘਟੀਆ ਤਰੀਕੇ ਨਾਲ ਰਾਜਨੀਤੀ ਹੋ ਰਹੀ ਹੈ ਪਰ ਬੜੇ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅਜਿਹੇ ਨਾਜ਼ੁਕ ਦੌਰ 'ਚ ਕੇਂਦਰ ਵਿੱਚ ਸੱਤਾ 'ਤੇ ਕਾਬਜ਼ ਭਾਜਪਾ ਦਾ ਮੁਖੀ ਅਤੇ ਦੇਸ਼ ਦਾ ਪ੍ਰਧਾਨ ਮੰਤਰੀ ਦਾਮੋਦਰ ਭਾਈ ਨਰਿੰਦਰ ਮੋਦੀ ਪਾਰਟੀ ਤੋਂ ਉੱਪਰ ਉੱਠ ਕੇ ਮਸਲੇ ਨੂੰ ਹੱਲ ਕਰਨ ਦੀ ਬਜਾਏ ਆਪਣੇ ਸਾਥੀਆਂ ਸਮੇਤ ਭੁੱਖ ਹੜਤਾਲ ਦਾ ਫਰਜ਼ੀ ਨਾਟਕ ਜਿਹਾ ਕਰਕੇ ਲੋਕਾਂ ਦੀ ਹਮਦਰਦੀ ਬਟੋਰਨਾ ਚਾਹ ਰਿਹਾ ਹੈ। ਉਹ ਇੰਝ ਇਸ ਲਈ ਕਰ ਰਿਹਾ ਹੈ, ਕਿਉਂਕਿ ਵਿਰੋਧੀ ਧਿਰ ਦਾ ਲੀਡਰ ਰਾਹੁਲ ਗਾਂਧੀ ਉਸ ਤੋਂ ਪਹਿਲਾਂ ਦਲਿਤਾਂ ਪ੍ਰਤੀ ਝੂਠੀ ਹਮਦਰਦੀ ਦਿਖਾਉਂਦੇ ਹੋਏ ਇਕ ਦਿਨ ਦਾ ਆਪਣੀ ਪਾਰਟੀ ਸਮੇਤ ਭੁੱਖ ਹੜਤਾਲ ਰੱਖ ਚੁੱਕਾ ਹੈ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਵੋਟਰ ਇਨ੍ਹਾਂ ਦੀਆਂ ਅਜਿਹੀਆਂ ਕੋਝੀਆਂ ਚਾਲਾਂ ਦਾ ਕਿਸ ਤਰ੍ਹਾਂ ਜਵਾਬ ਦਿੰਦਾ ਹੈ ਪਰ ਇੰਨੀ ਗੱਲ ਪੱਕੀ ਤੈਅ ਹੋ ਗਈ ਹੈ ਕਿ ਕੀ ਇਹ ਦੋਵੇਂ ਹੀ ਭਾਰਤੀ ਲੋਕਾਂ ਦੀ ਆਜ਼ਾਦੀ, ਸੁਰੱਖਿਆ ਅਤੇ ਤਰੱਕੀ ਨੂੰ ਕਾਇਮ ਰੱਖਣ ਵਿੱਚ ਬੁਰੀ ਤਰ੍ਹਾਂ ਫਲਾਪ ਸਿੱਧ ਹੋ ਚੁੱਕੇ ਹਨ, ਕਿਉਂਕਿ ਬਜਾਏ ਇਸ ਗੱਲ ਦੇ ਇਹ ਦੋਵੇਂ ਲੀਡਰ ਪੂਰੀ ਈਮਾਨਦਾਰੀ ਨਾਲ ਸੰਵਿਧਾਨ ਨੂੰ ਲਾਗੂ ਕਰਵਾ ਕੇ ਵਿਸ਼ਵ ਦਾ ਸਿਰਮੌਰ ਬਨਾਉਣ, ਉਸ ਦੇ ਉਲਟ ਇਹ ਨੌਟੰਕੀਬਾਜ਼ ਆਪਣੀਆਂ ਨੌਟੰਕੀਆਂ ਰਾਹੀਂ ਆਮ ਆਦਮੀ ਨੂੰ ਗੁੰਮਰਾਹ ਕਰ ਰਹੇ ਹਨ। ਹੁਣ ਦੇਸ਼ ਦੇ ਹਰ ਸੂਝਵਾਨ ਵਿਅਕਤੀ ਨੂੰ ਜਾਤ-ਪਾਤ, ਧਰਮ-ਮਜ਼ਹਬ, ਭਾਸ਼ਾ ਆਦਿ ਤੋਂ ਉੱਪਰ ਉੱਠ ਕੇ ਇਕ ਮੰਚ ਤੇ ਆ ਕੇ ਕਰਜ਼ਾ ਮੁਕਤ ਭਾਰਤ ਬਨਾਉਣ ਦਾ ਯਤਨ ਕਰਨੇ ਚਾਹੀਦੇ ਹਨ। ਮੇਰੀ ਸਾਰੇ ਭਾਰਤੀਆਂ ਅਤੇ ਖਾਸ ਕਰਕੇ ਦਲਿਤਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਆਪ ਨੂੰ ਅਜਿਹੇ  ਉਪਵਾਸਾਂ ਤੋਂ ਦੂਰ ਰੱਖਣ, ਕਿਉਂਕਿ ਮੇਰੀ ਨਜ਼ਰ 'ਚ ਇਹ ਉਪਵਾਸ ਨਹੀਂ ਸਰਾਸਰ ਬਕਵਾਸ ਹੈ।                                       -ਅਜੈ ਕੁਮਾਰ