Tuesday 12 May 2015

ਹੁਣ ਹੋਰ ਬਰਦਾਸ਼ਤ ਨਹੀਂ


ਪੰਜਾਬ ਦੀ ਲਗਭਗ 40% ਅਬਾਦੀ ਦਲਿਤਾਂ ਦੀ ਹੈ। ਦਲਿਤ ਅਬਾਦੀ ਦਾ ਵੱਡਾ ਹਿੱਸਾ ਆਰਥਿਕ ਤੇ ਸਮਾਜਿਕ ਤੌਰ ਤੇ ਕਮਜ਼ੋਰ ਹੈ। ਅੱਜ ਤੱਕ ਦੀਆਂ ਚੋਣਾਂ ਵਿੱਚ ਪੰਜਾਬ ਵਿੱਚ ਜਿਸ ਵੀ ਪਾਰਟੀ ਦੀ ਸਰਕਾਰ ਆਈ ਹੋਵੇ ਉਸ ਦੇ ਪਿੱਛੇ ਵੱਡਾ ਕਾਰਣ ਦਲਿਤ ਵੋਟਾਂ ਦਾ ਅਸਰ ਹੁੰਦਾ ਹੈ। ਸ਼ਾਇਦ ਇਹੀ ਕਾਰਣ ਹੈ ਕਿ ਦਲਿਤਾਂ ਵਿੱਚ ਅੱਜਕੱਲ੍ਹ ਵੱਡੀ ਚਰਚਾ ਚੱਲ ਰਹੀ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਅਜੇ ਤੱਕ ਦਲਿਤ ਕਿਉਂ ਨਹੀਂ ਬਣਿਆ, ਕਿਸ ਤਰ੍ਹਾਂ ਦਲਿਤ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ, 2017 ਦੀਆਂ ਚੋਣਾਂ ਵਿੱਚ ਹਰ ਹਾਲਤ 'ਚ ਦਲਿਤ ਮੁੱਖ ਮੰਤਰੀ ਬਣਨਾ ਚਾਹੀਦਾ ਹੈ। ਅਲੱਗ-ਅਲੱਗ ਜਥੇਬੰਦੀਆਂ ਦੇ ਆਗੂ, ਦਲਿਤ ਪੱਖੀ ਸੋਚ ਰੱਖਣ ਵਾਲੇ ਲੋਕ ਮੇਰੇ ਨਾਲ ਅਲੱਗ-ਅਲੱਗ ਮਾਧਿਅਮਾਂ ਰਾਹੀਂ ਜੁੜੇ ਰਹਿੰਦੇ ਹਨ।  ਸਭ ਦਾ ਇਕੋ ਨਾਅਰਾ ਹੁੰਦਾ ਹੈ '2017 'ਚ ਬਣੇਗਾ ਦਲਿਤ ਮੁੱਖ ਮੰਤਰੀ'। ਪਰ ਮੈਨੂੰ ਲੱਗਦਾ ਹੈ ਹੁਣ ਵਕਤ ਆ ਗਿਆ ਹੈ ਕਿ ਜਿਸ ਜਾਤ-ਪਾਤ ਦੀ ਲੜਾਈ ਵਿੱਚ ਦਲਿਤ ਫਸਿਆ ਰਿਹਾ, ਜਿਸ ਜਾਤ-ਪਾਤ ਦੇ ਬੰਧਨ ਤੋਂ ਮੁਕਤ ਕਰਾਉਣ ਲਈ ਬਾਬਾ ਸਾਹਿਬ ਅੰਬੇਡਕਰ ਨੇ ਸਾਰਾ ਜੀਵਨ ਸੰਘਰਸ਼ ਕੀਤਾ ਤੇ ਭਾਰਤੀ ਸੰਵਿਧਾਨ ਬਣਾ ਕੇ ਉਨ੍ਹਾਂ ਨੇ ਦਲਿਤ ਮੁਕਤੀ ਦੀ ਜਾਤ-ਪਾਤ ਤੋਂ ਮੁਕਤੀ ਦਾ ਨੀਂਹ ਪੱਥਰ ਰੱਖ ਦਿੱਤਾ। ਜਿਸ ਦਾ ਅਸਰ ਅੱਜ ਸੰਵਿਧਾਨ ਬਣਨ ਤੋਂ 65 ਸਾਲਾਂ ਬਾਅਦ ਸਪੱਸ਼ਟ ਤੌਰ 'ਤੇ ਨਜ਼ਰ ਆ ਰਿਹਾ ਹੈ। ਨਵੀਂ ਪੀੜ੍ਹੀ ਦਾ ਦਲਿਤ ਜੋ ਬੜੀ ਟੌਹਰ ਨਾਲ ਕਹਿੰਦਾ ਹੈ 'ਅਸੀਂ ਚਮਾਰ ਹੁੰਦੇ ਹਾਂ' । ਇਹ ਉਸ ਦੀ ਸਮਝ ਤੋਂ ਬਾਹਰ ਦੀ ਗੱਲ ਹੈ ਕਿ ਅੱਜ ਤੋਂ 40-50 ਸਾਲ ਪਹਿਲਾਂ ਤੱਕ ਚਾਮਾਰ ਕਹਾਉਣਾ ਕਿੱਡੀ ਵੱਡੀ ਲਾਹਨਤ ਹੁੰਦੀ ਸੀ। ਜਿਸ ਨਾਲ ਚਮਾਰ ਲੱਗਾ ਹੁੰਦਾ ਸੀ ਉਸ ਨੂੰ ਕਿਸ ਤਰ੍ਹਾਂ ਦੇ ਵਿਤਕਰੇ ਬਰਦਾਸ਼ਤ ਕਰਨੇ ਪੈਂਦੇ ਸਨ, ਕਿਸ ਤਰ੍ਹਾਂ ਸਮਾਜ ਵਿੱਚ ਉਹਦਾ ਰੁਤਬਾ ਚੌਥੇ ਦਰਜੇ ਦਾ ਹੋ ਜਾਂਦਾ ਸੀ। ਹੁਣ ਵਕਤ ਹੈ ਅਸੀਂ ਮੁੱਖ ਮੰਤਰੀ ਕਿਸੇ ਇਕ ਜਾਤ ਨਾਲ ਨਾ ਜੋੜ ਕੇ ਕਿਸੇ ਇਕ ਸੋਚ ਨਾਲ ਜੋੜਦੇ ਹੋਏ ਦੇਖੀਏ। ਸਪੱਸ਼ਟ ਤੌਰ ਤੇ ਕਿਹਾ ਜਾਵੇ ਤਾਂ ਸਾਨੂੰ ਜਾਤ ਦੇ ਤੌਰ 'ਤੇ ਜਨਮਿਆ ਦਲਿਤ ਮੁੱਖ ਮੰਤਰੀ ਨਹੀਂ ਚਾਹੀਦਾ ਸਾਨੂੰ ਅੰਬੇਡਕਰ ਦੀ ਸੋਚ ਮੰਨਣ ਵਾਲਾ, ਅੰਬੇਡਕਰ ਦੀ ਵਿਚਾਰਧਾਰਾ ਤੇ ਚੱਲਣ ਵਾਲਾ, ਅੰਬੇਡਕਰ ਦੀ ਜੀਵਨ ਯਾਤਰਾ ਨੂੰ ਸਮਝਣ ਵਾਲਾ ਮੁੱਖ ਮੰਤਰੀ ਚਾਹੀਦਾ ਹੈ। ਸੋਚ ਕੇ ਦੇਖੋ ਜੇ ਕਿਤੇ ਦਲਿਤ ਮੁੱਖ ਮੰਤਰੀ ਦੇ ਨਾਅਰੇ ਦੀ ਹਨੇਰੀ ਤੇ ਸਵਾਰ ਹੋ ਚੌਧਰੀ ਜਗਜੀਤ ਸਿੰਘ ਜਾਂ ਸਾਂਪਲਾ ਮੁੱਖ ਮੰਤਰੀ ਬਣ ਜਾਵੇ ਤਾਂ ਦਲਿਤਾਂ ਦੇ ਜਾਂ ਕਹੋ ਸਮੁੱਚੇ ਗਰੀਬ, ਕਮਜ਼ੋਰਾਂ ਦੇ ਹਾਲਾਤਾਂ 'ਚ ਕੀ ਸੁਧਾਰ ਹੋਵੇਗਾ। ਇਨ੍ਹਾਂ ਦੇ ਮੁੱਖ ਮੰਤਰੀ ਬਣਨ ਤੇ ਦਲਿਤਾਂ ਦੇ ਹਾਲਾਤ ਉਨੇ ਕੁ ਸੁਧਰ ਜਾਣਗੇ ਜਿੰਨੇ ਕਿ ਬਾਦਲਾਂ ਦੇ ਮੁੱਖ ਮੰਤਰੀ ਬਣਨ ਕਾਰਨ ਜੱਟਾਂ, ਜ਼ਮੀਂਦਾਰਾਂ ਜਾਂ ਸਮੂਹ ਕਿਸਾਨਾਂ ਦੇ ਸੁਧਰ ਚੁੱਕੇ ਹਨ। ਕਹਿਣ ਨੂੰ ਤਾਂ ਬਾਦਲ ਆਪਣੇ ਆਪ ਨੂੰ ਕਿਸਾਨਾਂ ਦੇ ਵੱਡੇ ਹਮਾਇਤੀ ਦੱਸਦੇ ਹਨ ਪਰ ਸਾਰੀ ਦੁਨੀਆਂ ਜਾਣਦੀ ਹੈ ਕਿ ਐਸ ਵੇਲੇ ਇਨ੍ਹਾਂ ਦਾ ਮੁੱਖ ਕਿੱਤਾ ਕਿਸਾਨੀ ਨਹੀਂ ਰਹਿ ਗਿਆ ਹੈ। ਇਹ ਤਾਂ ਰਾਜਨੀਤੀ ਰਸੂਖ ਦਾ ਫ਼ਾਇਦਾ ਲੈਂਦੇ ਹੋਏ  ਹਜ਼ਾਰਾਂ ਬੱਸਾਂ ਤੇ ਹਜ਼ਾਰਾਂ-ਕਰੋੜਾਂ ਦੇ ਹੋਟਲਾਂ ਦੇ ਮਾਲਕ ਬਣ ਚੁੱਕੇ ਹਨ। ਇਸੇ ਲਈ ਮੈਂ ਕਹਿੰਦਾ ਹਾਂ ਸਾਨੂੰ ਕੋਈ ਐਸਾ ਦਲਿਤ ਮੁੱਖ ਮੰਤਰੀ ਨਹੀਂ ਚਾਹੀਦਾ, ਜੋ ਸਾਡੇ ਮੋਢੇ ਤੇ ਚੜ੍ਹ ਮੰਜ਼ਿਲ ਤੇ ਪਹੁੰਚੇ ਤੇ ਉਥੇ ਪਹੁੰਚ ਕੇ ਸਭ ਤੋਂ ਪਹਿਲੀ ਲੱਤ ਸਾਡੇ ਮੱਥੇ 'ਤੇ ਹੀ ਮਾਰੇ। ਦੂਸਰੇ ਪਾਸੇ ਜੇ ਜ਼ਮੀਨੀ ਹਕੀਕਤ ਦੇਖੋ ਤਾਂ ਇੰਝ ਲਗਦਾ ਹੈ ਕਿ ਦਲਿਤ ਮੁੱਖ ਮੰਤਰੀ ਦਾ ਸੁਪਨਾ ਸ਼ੇਖ ਚਿੱਲੀ ਦੇ ਖੁਆਬ ਵਰਗਾ ਹੀ ਹੈ। ਜਿਸ ਤੇ ਵੀ ਅਸੀਂ ਉਮੀਦ ਰੱਖੀ ਉਸੇ ਨੇ ਸਾਨੂੰ ਧੋਖਾ ਦਿੱਤਾ। ਕੋਈ ਪਾਲਿਸੀ ਨਹੀਂ, ਕੋਈ ਪਾਲਿਟਿਕਸ ਨਹੀਂ, ਕੋਈ ਜਿੱਤਣ ਦਾ ਜ਼ਜ਼ਬਾ ਨਹੀਂ ਤੇ ਕੁੱਲ ਮਿਲਾ ਕੇ ਕੋਈ ਕਰਤੂਤ ਹੀ ਨਹੀਂ। ਤੁਸੀਂ ਸਮਝ ਰਹੇ ਹੋਵੋਗੇ ਮੈਂ ਗੱਲ ਬਸਪਾ ਦੀ ਹੀ ਕਰ ਰਿਹਾ ਹਾਂ। ਕਿਉਂਕਿ ਸਭ ਤੋਂ ਜ਼ਿਆਦਾ ਸਾਡੇ ਜਜ਼ਬਾਤਾਂ ਨੂੰ ਠੇਸ, ਸਾਡੀਆਂ ਉਮੀਦਾਂ ਤੇ ਪੋਚਾ ਇਨ੍ਹਾਂ ਨੇ ਹੀ ਫੇਰਿਆ ਹੈ। ਪਿਛਲੇ ਦਿਨੀਂ ਬਸਪਾ ਦਾ ਇਕ ਵੱਡਾ ਆਗੂ ਮੈਨੂੰ ਦੱਸ ਰਿਹਾ ਸੀ ਕਿ ਇਕ ਮੀਟਿੰਗ ਦੌਰਾਨ ਕਰੀਮਪੁਰੀ ਕੋਲੋਂ ਇਕ ਮੁੱਖ ਬਸਪਾ ਵਰਕਰ ਨੇ ਪੁੱਛਿਆ ਕਿ ਸਾਡਾ ਮਕਸਦ ਤਾਂ ਰਾਜਨੀਤਕ ਜਿੱਤ ਹਾਸਲ ਕਰਨਾ ਹੈ,ਪਰ ਤੁਸੀਂ ਦੱਸੋਗੇ ਕਿ ਸਾਡੀ ਪਾਲਿਸੀ ਕੀ ਹੈ। ਥੋੜੀ ਜੱਕੋ-ਤੱਕੋ ਕਰਨ ਤੋਂ ਬਾਅਦ ਕਰੀਮਪੁਰੀ ਸਾਹਿਬ ਦਾ ਜੁਆਬ ਸੀ ਕਿ ਵਕਤ ਆਉਣ ਤੇ ਪਾਲਿਸੀ ਦੱਸ ਦਿੱਤੀ ਜਾਵੇਗੀ। ਜੇ ਵਕਤ ਤੋਂ ਪਹਿਲਾਂ ਅਸੀਂ ਪਾਲਿਸੀ ਦੱਸ ਦਿੱਤੀ ਤਾਂ ਸਾਡੇ ਵਿੱਚ ਸ਼ਾਮਲ ਗੱਦਾਰ ਇਸ ਨੂੰ ਕਾਂਗਰਸ ਜਾਂ ਬੇਜੀਪੀ- ਅਕਾਲੀਆਂ ਅੱਗੇ ਲੀਕ ਕਰ ਦੇਣਗੇ। ਵਰਕਰ ਵਿਚਾਰਾ ਮੱਥੇ ਤੇ ਹੱਥ ਮਾਰਦਾ ਮੀਟਿੰਗ ਤੋਂ ਬਾਹਰ ਆ ਗਿਆ। ਬਸਪਾ ਦੇ ਇਕ ਹੋਰ ਸਾਬਕਾ ਪ੍ਰਧਾਨ ਗੁਰਲਾਲ ਸੈਲਾ ਨੇ ਪਿਛਲੇ ਦਿਨੀਂ ਬਿਆਨ ਦਿੱਤਾ ਕਿ ਸਾਡਾ ਕਿਸੇ ਵੀ ਗੈਰ-ਸਿਆਸੀ ਸੰਗਠਨ ਨਾਲ ਕੋਈ ਸਬੰਧ ਨਹੀਂ। ਇਕ ਹੋਰ ਕਰੀਮਪੁਰੀ ਦੇ ਖਾਸਮ-ਖਾਸ ਤੇ ਚੋਣਾਂ ਲੜ ਚੁੱਕੇ, ਆਪਣੇ ਆਪ ਨੂੰ ਲੀਡਰ ਕਹਾਉਣ ਦੇ ਸ਼ੌਕੀਨ ਨੇ ਬਿਆਨ ਦਿੱਤਾ ਸੀ ਕਿ ਸਾਡਾ ਕਿਸੇ ਇੱਕ ਡੇਰੇ ਨਾਲ ਕੋਈ ਸਬੰਧ ਨਹੀਂ ਹੈ, ਸਾਡੀ ਪਾਰਟੀ ਕਿਸੇ ਇਕ ਧਰਮ ਨਾਲ ਨਹੀਂ ਬੱਝੀ। ਦੂਜੇ ਪਾਸੇ ਜਿੱਥੇ ਤੱਕ ਮੇਰੀ ਜਾਣਕਾਰੀ ਹੈ ਕਿਸੇ ਵੀ ਰਾਜਨੀਤਕ ਵਿਚਾਰਧਾਰਾ ਜਾਂ ਗਠਬੰਧਨ ਨਾਲ ਵੀ ਬਸਪਾ ਦਾ ਕੋਈ ਸੰਬੰਧ ਨਹੀਂ। ਇਹ ਕਿਹੋ ਜਿਹੀ ਰਾਜਨੀਤਕ ਪਾਰਟੀ ਹੈ ਜਿਸਦਾ ਕਿਸੇ ਮੰਦਿਰ ਨਾਲ ਕੋਈ ਸਬੰਧ ਨਹੀਂ, ਗੁਰਦੁਆਰੇ ਨਾਲ ਸਬੰਧ ਨਹੀਂ, ਗੈਰ ਸਿਆਸੀ ਜਾਂ ਸਿਆਸੀ ਸੰਗਠਨ ਨਾਲ ਕੋਈ ਸਬੰਧ ਨਹੀਂ, ਕਿਸੇ ਡੇਰੇ ਨਾਲ ਸਬੰਧ ਨਹੀਂ, ਕੋਈ ਪਾਲਿਸੀ ਨਹੀਂ, ਕੋਈ ਵਿਚਾਰਧਾਰਾ ਨਹੀਂ, ਕੁੱਲ ਮਿਲਾ ਕੇ ਜਨਤਾ ਨਾਲ ਕੋਈ ਸਬੰਧ ਨਹੀਂੇ, ਫਿਰ ਵੀ ਇਹ ਕਹਿੰਦੀ ਹੈ ਕਿ ਅਸੀਂ ਰਾਜਨੀਤਕ ਤਾਕਤ ਲੈ ਕੇ ਰਹਾਂਗੇ ਤੇ 2017 ਦੀਆਂ ਵੋਟਾਂ ਸਾਡਾ ਮਿਸ਼ਨ ਹੈ। ਹਾਲਾਂਕਿ ਜ਼ਮੀਨੀ ਹਕੀਕਤ ਹੈ ਕਿ ਜੇਕਰ ਦਲਿਤ ਸਮਾਜਿਕ ਜਥੇਬੰਦੀਆਂ ਪੰਜਾਬ ਵਿੱਚ ਆਪਣਾ ਰੋਲ ਨਾ ਨਿਭਾਉਣ ਤਾਂ ਕਦੋਂ ਦਾ ਬਸਪਾ ਦਾ ਬਸਤਾ ਗੋਲ ਹੋ ਚੁੱਕਾ ਹੋਣਾ ਸੀ। ਇਨ੍ਹਾਂ ਸਭ ਵਿਚਾਰਹੀਣ ਲੀਡਰਾਂ ਨੂੰ ਮੇਰੀ ਇਕ ਸਲਾਹ ਹੈ ਸਾਹਿਬ ਕਾਂਸ਼ੀ ਰਾਮ ਦੀ ਮਿਹਨਤ ਦੇ ਸਦਕੇ, ਉਨ੍ਹਾਂ ਦੀ ਵਿਚਾਰਧਾਰਾ ਦੇ ਸਦਕੇ, ਉਨ੍ਹਾਂ ਦੀ ਵਿਰਾਸਤ ਦੇ ਸਿਰ ਤੇ ਮੌਜਾਂ ਬਹੁਤ ਮਾਣ ਲਈਆਂ, ਹੁਣ ਤਾਂ ਜਾਂ ਤਾਂ ਜ਼ਮੀਨੀ ਤੌਰ 'ਤੇ ਆ ਕੇ ਕੰਮ ਕਰੋ ਜਾਂ ਆਪਣੇ ਘਰਾਂ 'ਚ ਜਾ ਕੇ ਬੈਠ ਕੇ ਮੌਜਾਂ ਮਾਣੋ। ਹੁਣ ਦਲਿਤ ਦੇ ਮੋਢਿਆਂ 'ਚ ਇੰਨੀ ਤਾਕਤ ਨਹੀਂ ਕਿ ਕਿਸੇ ਵੀ ਨਿਕੰਮੇ ਦੀ ਘੋੜੀ ਬਣ ਉਸ ਨੂੰ ਗੱਦੀ ਤੱਕ ਪਹੁੰਚਾਵੇ, ਨਾ ਹੀ ਉਸ ਦੀ ਕੋਈ ਇੱਛਾ ਹੈ ਆਪਣੇ ਮੱਥੇ 'ਤੇ ਇਕ ਹੋਰ ਲੱਤ ਖਾਣ ਦੀ। ਹੁਣ ਹੋਰ ਬਰਦਾਸ਼ਤ ਨਹੀਂ ਹੁੰਦਾ। ਮੈਂ ਆਪਣੇ ਲੇਖ ਰਾਹੀਂ ਸਾਰੀਆਂ ਦਲਿਤ ਸਮਾਜਿਕ ਜਥੇਬੰਦੀਆਂ ਅਤੇ ਦੂਜੀਆਂ ਸਮਾਜਿਕ ਜਥੇਬੰਦੀਆਂ ਦੇ ਮੁਖੀਆਂ ਅਤੇ ਮੈਂਬਰਾਂ ਨੂੰ ਖੁੱਲ੍ਹਾ ਸੱਦਾ ਦਿੰਦਾ ਹਾਂ ਕਿ ਮੇਰੀ ਫੇਸਬੁੱਕ ਤੇ, ਮੇਰੇ ਈ ਮੇਲ ਤੇ, ਮੇਰੇ ਫੋਨ ਤੇ, ਆਪਣੇ ਵਿਚਾਰਾਂ ਨਾਲ ਮੈਨੂੰ ਜਾਣੂ ਕਰਵਾਓ, ਤਾਂ ਜੋ ਅਸੀਂ ਮਿਲ ਕੇ ਐਸੀ ਪਾਲਿਸੀ ਬਣਾਈਏ ਜੋ 2017 ਦੇ ਸਾਡੇ ਸੁਪਨਿਆਂ ਨੂੰ ਸੱਚ ਕਰ ਸਕੇ।
- ਅਜੇ ਕੁਮਾਰ

Monday 4 May 2015

ਰਾਜਨੀਤਿਕ ਰਾਖਵਾਂਕਰਨ


ਆਰੀਅਨ-ਬ੍ਰਾਹਮਣਾਂ ਦੇ ਦਬਦਬੇ ਅਤੇ ਬਣਾਏ ਹੋਏ ਕਾਲੇ ਕਾਨੂੰਨਾਂ ਕਾਰਣ ਮੂਲ ਨਿਵਾਸੀਆਂ ਦੀ ਡੇਢ ਸੌ ਪੀੜ੍ਹੀ ਲੱਗਭਗ 1200 ਸਾਲ ਜਾਨਵਰਾਂ ਤੋਂ ਵੀ ਬੱਦਤਰ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਰਹੀ। ਆਖ਼ਿਰਕਾਰ 17 ਅਗਸਤ, 1932 ਨੂੰ ਦੂਜੀ ਗੋਲਮੇਜ਼ ਕਾਨਫਰੰਸ ਵਿੱਚ ਮੂਲ ਨਿਵਾਸੀਆਂ ਦੀਆਂ ਗੁਲਾਮੀ ਦੀਆਂ ਜੰਜ਼ੀਰਾਂ ਕੱਟਣ ਦਾ ਨੀਂਹ ਪੱਥਰ ਬਾਬਾ ਸਾਹਿਬ ਅੰਬੇਡਕਰ ਨੇ ਰੱਖਿਆ। ਮੂਲ ਨਿਵਾਸੀਆਂ ਨੂੰ ਗੁਲਾਮੀ ਦੀ ਜ਼ਿੰਦਗੀ 'ਚੋਂ ਕੱਢ ਕੇ ਬਾਬਾ ਸਾਹਿਬ ਨੇ ਸਮਾਨਤਾ ਦੀ ਜ਼ਿੰਦਗੀ ਜਿਊਣ ਦਾ ਮੌਕਾ ਦਿਵਾਇਆ। ਉਨ੍ਹਾਂ ਨੇ ਇਨ੍ਹਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਂਦਿਆਂ ਇਕ ਹੋਣ ਲਈ ਕਿਹਾ ਅਤੇ ਇਨ੍ਹਾਂ ਨੂੰ ਇਕ ਕਰਨ ਲਈ ਆਪਣਾ ਸਾਰਾ ਜੀਵਨ ਸੰਘਰਸ਼ ਵਿੱਚ ਹੀ ਬਿਤਾ ਦਿੱਤਾ। ਇਸ ਸੰਘਰਸ਼ ਦੌਰਾਨ ਉਹ 24 ਘੰਟਿਆਂ ਵਿੱਚ ਲੱਗਭਗ 22 ਘੰਟੇ ਕੰਮ ਕਰਦੇ ਸਨ ਅਤੇ ਇਸੇ ਸੰਘਰਸ਼ ਕਾਰਨ ਉਨ੍ਹਾਂ ਦੀ ਪਤਨੀ ਅਤੇ ਚਾਰ ਬੱਚੇ ਵੀ ਕੁਰਬਾਨ ਹੋ ਗਏ। ਅੱਜ ਭਾਰਤ ਵਿੱਚ ਲੱਗਭਗ ਇਕ ਹਜ਼ਾਰ ਤੋਂ ਉੱਪਰ ਮੂਲ ਨਿਵਾਸੀ ਐਮ. ਐਲ. ਏ. ਹਨ ਅਤੇ ਸੈਂਕੜੇ ਐਮ. ਪੀ. ਹਨ। ਲੱਖਾਂ ਪੰਚ-ਸਰਪੰਚ, ਕੌਂਸਲਰ ਹਨ ਜੋ ਰਾਖਵੇਂਕਰਨ ਦਾ ਫਾਇਦਾ ਲੈ ਕੇ ਆਪਣੀਆਂ ਕੁਰਸੀਆਂ 'ਤੇ ਬੈਠੇ ਹਨ, ਜਿਨ੍ਹਾਂ ਦਾ ਮੁੱਖ ਕੰਮ ਹੈ ਮੂਲ ਨਿਵਾਸੀਆਂ ਦੇ ਦੁੱਖ-ਦਰਦ ਦਾ ਨਿਵਾਰਨ ਕਰਨਾ। ਇਕ ਪਾਸੇ ਜਿੱਥੇ ਇਨ੍ਹਾਂ ਦੀ ਕੁਰਸੀ 'ਤੇ ਸਾਲਾਨਾ ਲੱਖਾਂ-ਕਰੋੜਾਂ ਰੁਪਏ ਖਰਚ ਆਉਂਦਾ ਹੈ, ਉਥੇ ਦੂਜੇ ਪਾਸੇ ਮੂਲ ਨਿਵਾਸੀਆਂ ਦੇ ਹਾਲਾਤ ਬਹੁਤ ਚਿੰਤਾਜਨਕ ਹਨ, ਉਸ ਦਾ ਇਕ ਜਲਦਾ ਉਦਾਹਰਣ ਇਹ ਹੈ ਕਿ ਮੂਲ ਨਿਵਾਸੀਆਂ ਵਿੱਚੋਂ ਹੀ ਜ਼ਿਆਦਾਤਰ ਗੰਦਗੀ ਸਾਫ਼ ਕਰਨ ਵਾਲੇ ਸਫ਼ਾਈ ਕਰਮਚਾਰੀ ਹਨ। ਅੰਕੜਿਆਂ ਦੇ ਮੁਤਾਬਿਕ 32000 ਦੇ ਕਰੀਬ ਗੰਦਗੀ ਸਾਫ਼ ਕਰਨ ਵਾਲੇ ਸਫ਼ਾਈ ਕਰਮਚਾਰੀ ਗੰਦਗੀ ਦੇ ਨਾਲ ਹੋਣ ਵਾਲੀਆਂ ਬਿਮਾਰੀਆਂ ਕਾਰਣ ਹਰ ਸਾਲ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਹਰ 30 ਮਿੰਟ ਬਾਅਦ ਇਕ ਗਰੀਬ ਕਿਸਾਨ ਮਜ਼ਦੂਰ ਆਤਮ-ਹੱਤਿਆ ਕਰ ਰਿਹਾ ਹੈ। 6 ਲੱਖ ਦੇ ਕਰੀਬ ਦੇਸ਼ ਵਿੱਚ ਹਰ ਸਾਲ ਕਤਲ ਹੁੰਦੇ ਹਨ, ਕਤਲ ਹੋਣ ਵਾਲਿਆਂ ਵਿੱਚੋਂ 80 ਪ੍ਰਤੀਸ਼ਤ ਗਿਣਤੀ ਦਲਿਤਾਂ ਦੀ ਹੁੰਦੀ ਹੈ ਅਤੇ ਦੇਸ਼ ਵਿੱਚ ਲੱਗਭਗ 100 ਤੋਂ ਉੱਪਰ ਬਲਾਤਕਾਰ ਰੋਜ਼ ਦਲਿਤ ਮਹਿਲਾਵਾਂ ਨਾਲ ਹੁੰਦੇ ਹਨ ਪਰ ਬਾਬਾ ਸਾਹਿਬ ਦੀ ਕੁਰਬਾਨੀ ਸਦਕਾ ਰਾਖਵੇਂਕਰਨ ਦਾ ਫਾਇਦਾ ਲੈ ਕੇ ਐਮ. ਪੀ., ਐਮ. ਐਲ. ਏ. ਬਣੇ ਲੀਡਰ ਆਪਣੀਆਂ-ਆਪਣੀਆਂ ਪਾਰਟੀਆਂ ਦੇ ਘੁੱਗੂ ਬਣੇ ਹੋਏ ਹਨ, ਇਨ੍ਹਾਂ ਵਿੱਚੋਂ ਕਿਸੇ ਨੇ ਕਦੇ ਮੂਲ ਨਿਵਾਸੀਆਂ ਦੇ ਏਨੇ ਮਾੜੇ ਹਾਲਾਤਾਂ 'ਤੇ ਹਾਅ ਦਾ ਨਾਅਰਾ ਵੀ ਨਹੀਂ ਮਾਰਿਆ, ਕਦੇ ਲੋਕ ਸਭਾ ਵਿੱਚੋਂ ਇਸ ਕਰਕੇ ਵਾਕ-ਆਊਟ ਨਹੀਂ ਕੀਤਾ ਕਿ ਅਜੇ ਤੱਕ ਸੰਵਿਧਾਨ ਦੀ ਧਾਰਾ 17, ਜਿਹੜੀ ਛੂਆਛਾਤ ਨੂੰ ਬਿਲਕੁਲ ਖਤਮ ਕਰਨ ਦਾ ਆਦੇਸ਼ ਦਿੰਦੀ ਹੈ, ਉਸ ਦਾ ਇਮਾਨਦਾਰੀ ਨਾਲ ਪਾਲਣ  ਨਹੀਂ ਹੋ ਰਿਹਾ। ਅੱਜ ਵੀ ਹਜ਼ਾਰਾਂ ਮੰਦਿਰ ਅਜਿਹੇ ਹਨ, ਜਿੱਥੇ ਬਾਹਰ ਲਿਖਿਆ ਹੈ ਕਿ ਸ਼ੂਦਰਾਂ ਦਾ ਜਾਣਾ ਮਨ੍ਹਾ ਹੈ। ਕਈ ਰਾਜ ਅਜਿਹੇ ਹਨ, ਜਿੱਥੇ ਸ਼ੂਦਰ ਘੋੜੀ 'ਤੇ ਨਹੀਂ ਬੈਠ ਸਕਦਾ, ਆਪਣੀ ਮਨਮਰਜ਼ੀ ਦਾ ਕੱਪੜਾ ਨਹੀਂ ਪਹਿਨ ਸਕਦਾ ਪਰ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਮੂਲ ਨਿਵਾਸੀਆਂ ਦੇ ਐਮ. ਐਲ. ਏ., ਐਮ. ਪੀ. ਇਕਜੁੱਟ ਹੋ ਕੇ ਕਦੇ ਇਨ੍ਹਾਂ ਮੁੱਦਿਆਂ 'ਤੇ ਵਿਚਾਰ ਕਰਨ ਲਈ ਪੂਰੇ ਦੇਸ਼ ਦਾ ਧਿਆਨ ਇਸ ਪਾਸੇ ਖਿੱਚਣ, ਜੇਕਰ ਇਨ੍ਹਾਂ ਦਾ ਰਵੱਈਆ ਇਹੋ ਜਿਹਾ ਹੀ ਰਹਿਣਾ ਹੈ ਤਾਂ ਕਿ ਫਾਇਦਾ ਹੈ ਰਾਜਨੀਤਿਕ ਰਿਜ਼ਰਵੇਸ਼ਨ ਦਾ। ਤਾਹੀਓਂ ਤਾਂ ਬਾਬਾ ਸਾਹਿਬ ਨੇ 30 ਸਤੰਬਰ, 1956 ਨੂੰ ਆਪਣੀ ਪ੍ਰਧਾਨਗੀ ਵਿੱਚ ਕੀਤੀ ਗਈ ਮੀਟਿੰਗ 'ਚ ਮਤਾ ਪਾਸ ਕੀਤਾ ਸੀ ਕਿ ਰਾਜਨੀਤਿਕ ਰਿਜ਼ਰਵੇਸ਼ਨ ਫੌਰੀ ਤੌਰ 'ਤੇ ਬੰਦ ਹੋ ਜਾਣੀ ਚਾਹੀਦੀ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਕੋਈ ਵੀ ਰਾਜਨੀਤਿਕ ਪਾਰਟੀ ਕਿਸੇ ਜਾਤ ਦੇ ਨਾਂਅ 'ਤੇ ਨਹੀਂ ਬਣਨੀ ਚਾਹੀਦੀ। ਇਸ ਨਾਲ ਦੇਸ਼ ਅਤੇ ਸਮਾਜ ਦਾ ਬਹੁਤ ਨੁਕਸਾਨ ਹੁੰਦਾ ਹੈ। ਇਸ ਕਰਕੇ ਉਨ੍ਹਾਂ ਨੇ ਅਛੂਤ ਫੈਡਰੇਸ਼ਨ ਨੂੰ ਭੰਗ ਕਰਕੇ ਆਪਣੀ ਨਵੀਂ ਰਾਜਨੀਤਿਕ ਪਾਰਟੀ 'ਰਿਪਬਲਿਕਨ ਪਾਰਟੀ ਆਫ ਇੰਡੀਆ' ਬਣਾਈ ਸੀ। ਹੁਣ ਇਹ ਸਮਾਂ ਬਹੁਤ ਗੰਭੀਰ ਹੋ ਕੇ ਵਿਚਾਰ ਕਰਨ ਦਾ ਹੈ ਕਿ ਜਿਹੜੇ ਲੋਕ ਰਾਖਵੀਆਂ ਸੀਟਾਂ 'ਤੇ ਚੋਣਾਂ ਲੜਦੇ ਹਨ, ਕਿਸ ਤਰ੍ਹਾਂ ਉਨ੍ਹਾਂ ਨੂੰ ਪੇ-ਬੈਕ ਟੂ ਸੁਸਾਇਟੀ ਦੇ ਲਈ ਕੰਮ ਕਰਨ ਲਈ ਮਜਬੂਰ ਕੀਤਾ ਜਾਵੇ, ਕਿਉਂਕਿ ਮੂਲ ਨਿਵਾਸੀਆਂ ਦੇ ਹਾਲਾਤ ਇਸ ਸਮੇਂ ਬਹੁਤ ਚਿੰਤਾਜਨਕ ਹਨ ਅਤੇ ਉਨ੍ਹਾਂ ਦੀ ਨੌਜਵਾਨ ਪੀੜ੍ਹੀ ਦਾ ਭਵਿੱਖ ਇਸ ਸਮੇਂ ਬਹੁਤ ਖ਼ਤਰੇ ਵਿੱਚ ਹੈ। ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਮੂਲ ਨਿਵਾਸੀਆਂ ਦੇ ਚਿੰਤਾਜਨਕ ਹਾਲਾਤਾਂ ਦਾ ਹੱਲ ਲੱਭਣ ਲਈ ਰਲ ਕੇ ਹੰਭਲਾ ਮਾਰੀਏ ਅਤੇ ਖ਼ਾਸ ਕਰਕੇ ਰਾਖਵਾਂਕਰਨ ਸੀਟਾਂ 'ਤੇ ਜਿੱਤੇ ਐਮ. ਐਲ. ਏ. ਅਤੇ ਐਮ. ਪੀਆਂ ਨੂੰ ਮਜਬੂਰ ਕਰੀਏ ਕਿ ਉਹ ਲੋਕ ਸਭਾ ਅਤੇ ਵਿਧਾਨ ਸਭਾ ਵਿੱਚ ਮੂਲ ਨਿਵਾਸੀਆਂ ਦੇ ਹੱਕਾਂ ਲਈ ਇਮਾਨਦਾਰੀ ਖੜ੍ਹਨ ਅਤੇ ਲੜਨ ਤਾਂ ਜੋ ਮੂਲ ਨਿਵਾਸੀਆਂ ਨੂੰ ਇਨਸਾਫ਼ ਮਿਲ ਸਕੇ।
- ਅਜੇ ਕੁਮਾਰ