Tuesday 8 March 2016

'ਆਉ ਨਿਕਲੇਂ ਬਾਹਰ ਮਕਾਨੋਂ ਸੇ, ਯੁੱਧ ਲੜੇਂ ਬੇਈਮਾਨੋਂ ਸੇ'

ਬੁੱਧੀਮਾਨਾਂ ਦਾ ਮੰਨਣਾ ਹੈ ਕਿ ਬਜ਼ੁਰਗ ਦੇਸ਼-ਕੌਮ ਦਾ ਸਰਮਾਇਆ ਹੁੰਦੇ ਹਨ ਤੇ ਬੱਚੇ ਭਵਿੱਖ ਹੁੰਦੇ ਹਨ। ਸਰਮਾਏ ਅਤੇ ਭਵਿੱਖ ਦੀ ਸਾਂਭ-ਸੰਭਾਲ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਨੌਜਵਾਨਾਂ 'ਤੇ ਹੁੰਦੀ ਹੈ। ਇਹ ਗੱਲ ਸਹੀ ਹੈ ਕਿ ਇਸ ਸਮੇਂ ਪੰਜਾਬ ਦੇ ਨੌਜਵਾਨਾਂ ਵਿੱਚ ਨਿਰਾਸ਼ਾ ਹੈ। ਸਮੇਂ ਦੀਆਂ ਕੇਂਦਰ ਅਤੇ ਸੂਬੇ ਦੀਆਂ ਸਰਕਾਰਾਂ ਨੌਜਵਾਨਾਂ ਨੂੰ ਸਹੀ ਦਿਸ਼ਾ ਤੇ ਸਹੀ ਮਾਹੌਲ ਨਹੀਂ ਦੇ ਸਕੀਆਂ ਪਰ ਉਹ ਨੌਜਵਾਨ ਹੀ ਕੀ ਜਿਹੜਾ ਸਰਕਾਰਾਂ ਤੇ ਸਮੇਂ ਅੱਗੇ ਸਿਰ ਝੁਕਾ ਦੇਵੇ। ਧਿਆਨ ਨਾਲ ਇਤਿਹਾਸ ਪੜ੍ਹ ਕੇ ਦੇਖੋ, ਭਗਤ ਸਿੰਘ ਕਿਸੇ ਨੂੰ ਮਾਰਨ ਦੇ ਹੱਕ 'ਚ ਨਹੀਂ ਸੀ, ਭਗਤ ਸਿੰਘ ਪੂਰੀ ਅਜ਼ਾਦੀ ਨਾਲ ਜ਼ਿੰਦਗੀ ਜਿਊਣ ਦੇ ਹੱਕ 'ਚ ਸੀ। ਬਾਬਾ ਸਾਹਿਬ ਅੰਬੇਡਕਰ ਕਿਸੇ ਨੂੰ ਨੀਵਾਂ ਨਹੀਂ ਕਰਨਾ ਚਾਹੁੰਦੇ ਸਨ ਪਰ ਉਹ ਨੀਵੇਂ ਨੂੰ ਉੱਚੇ ਦੇ ਬਰਾਬਰ ਜ਼ਰੂਰ ਕਰਨਾ ਚਾਹੁੰਦੇ ਸਨ। ਅੱਜ ਦੀ ਸਿੱਖਿਆ ਪ੍ਰਣਾਲੀ 'ਤੇ ਪ੍ਰਸ਼ਨ ਚਿੰਨ੍ਹ ਹੈ, ਜਿਸ ਦੇ ਕਾਰਣ ਨੌਜਵਾਨ ਪ੍ਰੇਸ਼ਾਨ ਹਨ। ਆਉ, ਬੇਢੰਗੀ, ਬੇਰੁਖੀ ਸਿੱਖਿਆ ਪ੍ਰਣਾਲੀ ਨੂੰ ਦਰੁਸਤ ਕਰਨ ਲਈ ਅਤੇ ਪੰਜਾਬ ਦੇ ਭਵਿੱਖ ਨੂੰ ਅਤੇ ਪੰਜਾਬ ਦੇ ਸਰਮਾਏ ਨੂੰ ਤੰਦੁਰਸਤ ਮਾਹੌਲ ਦੇਣ ਲਈ ਇਕਮੁੱਠ ਹੋ ਕੇ ਵਧੀਆ ਮਾਹੌਲ ਸਿਰਜੀਏ। ਨਾਲ ਹੀ ਮੇਰੀ ਇਹ ਵੀ ਬੇਨਤੀ ਹੈ ਕਿ ਜੋ ਕੋਈ ਆਪਣੇ ਆਪ ਨੂੰ ਭਗਤ ਸਿੰਘ ਜਾਂ ਡਾ. ਅੰਬੇਡਕਰ ਦਾ ਪੈਰੋਕਾਰ ਆਖਦਾ ਹੈ, ਉਹ ਕਦੇ ਵੀ ਆਤਮਹੱਤਿਆ ਵਰਗਾ ਫੈਸਲਾ ਨਾ ਕਰੇ, ਕਿਉਂਕਿ ਇਨ੍ਹਾਂ ਮਹਾਂਪੁਰਸ਼ਾਂ ਨੇ ਆਪਣੇ ਜੀਵਨ ਰਾਹੀਂ ਸਾਨੂੰ ਇਹ ਸੰਦੇਸ਼ ਦਿੱਤਾ ਕਿ ਸੰਘਰਸ਼ ਦੀ ਰਾਹ ਵਿੱਚ ਬਹੁਤ ਕੰਡੇ ਹਨ ਤੇ ਜੀਵਤ ਵਿਚਾਰਾਂ ਦੇ ਹਥਿਆਰ ਨਾਲ ਹਰ ਤਰ੍ਹਾਂ ਦੀ ਮੁਸੀਬਤ ਦਾ ਸਾਹਮਣਾ ਕਰਕੇ ਉਸ ਨੂੰ ਜਿੱਤਿਆ ਜਾ ਸਕਦਾ ਹੈ। 
ਮੈਨੂੰ ਪੂਰਾ ਯਕੀਨ ਹੈ ਕਿ ਪੰਜਾਬ ਹੀ ਨਹੀਂ ਪੂਰੇ ਭਾਰਤ ਦਾ ਹਰ ਨੌਜਵਾਨ ਜੀਵਨ ਸੰਘਰਸ਼ ਦੀ ਤਾਕਤ ਰੱਖਦਾ ਹੈ। ਰੋਹਿਤ ਵੇਮੁਲਾ ਦੀ ਆਤਮ ਹੱਤਿਆ ਨੇ ਸਾਡੇ ਦੇਸ਼ ਦਾ ਨਾ ਪੂਰਾ ਹੋਣ ਵਾਲਾ ਨੁਕਸਾਨ ਕੀਤਾ ਹੈ। ਉਸ ਦਾ ਜੀਵਨ, ਪਰਿਵਾਰ, ਸਮਾਜ ਅਤੇ ਦੇਸ਼ ਲਈ ਬਹੁਮੁੱਲਾ ਸੀ। ਕੋਈ ਸ਼ੱਕ ਨਹੀਂ ਕਿ ਜਿਨ੍ਹਾਂ ਹਾਲਾਤਾਂ ਵਿੱਚ ਰੋਹਿਤ ਸੰਘਰਸ਼ ਕਰ ਰਿਹਾ ਸੀ, ਉਹ ਨਾ-ਕਾਬਿਲੇ ਬਰਦਾਸ਼ਤ ਸਨ ਪਰ ਕੀ ਰੋਹਿਤ ਵੇਮੁਲਾ ਦੇ ਹਾਲਾਤ ਬਾਬਾ ਸਾਹਿਬ ਅੰਬੇਡਕਰ ਦੇ ਹਾਲਾਤਾਂ ਨਾਲੋਂ ਵੀ ਮਾੜੇ ਸਨ? ਜਿਸ ਦੇ ਚਾਰ ਬੱਚੇ ਇਲਾਜ ਦੁੱਖੋਂ ਮਰ ਗਏ ਸਨ ਤੇ ਅੰਤਿਮ ਸਸਕਾਰ ਲਈ ਵੀ ਸਾਧਨਾਂ ਦੀ ਕਮੀ ਸੀ। ਸਾਨੂੰ ਰੋਹਿਤ ਵੇਮੁਲਾ ਦੀ ਮੌਤ 'ਤੇ ਦੁੱਖ ਹੈ ਪਰ ਨੌਜਵਾਨੋਂ, ਤੁਹਾਡਾ ਆਦਰਸ਼ ਵੇਮੁਲਾ ਨਹੀਂ ਬਾਬਾ ਸਾਹਿਬ ਅੰਬੇਡਕਰ ਤੇ ਭਗਤ ਸਿੰਘ ਹੀ ਰਹਿਣੇ ਚਾਹੀਦੇ ਹਨ। ਸਾਡੇ ਹਰ ਸਾਹ ਦੇ ਨਾਲ ਇਕ ਅਜਿਹੀ ਅੱਗ ਨਿਕਲੇਗੀ ਜੋ ਸੱਤਾ ਦੇ ਨਸ਼ੇ 'ਚ ਬੈਠੇ ਬੇਈਮਾਨਾਂ ਨੂੰ ਅੰਦਰ ਤੱਕ ਝੁਲਸਾ ਦੇਵੇਗੀ। ਨੌਜਵਾਨ ਪੰਜਾਬ ਦਾ ਹੋਵੇ ਜਾਂ ਭਾਰਤ ਦਾ ਉਹ ਜੋ ਸੋਚਦਾ ਹੈ ਅਤੇ ਜੋ ਕਹਿੰਦਾ ਹੈ ਉਹ ਕਰਨ ਲਈ ਪੂਰਾ ਜ਼ੋਰ ਲਗਾ ਦਿੰਦਾ ਹੈ ਤੇ ਜਦ ਤੱਕ ਆਪਣਾ ਟੀਚਾ ਪ੍ਰਾਪਤ ਨਹੀਂ ਕਰ ਲੈਂਦਾ ਉਦੋਂ ਤੱਕ ਸਾਹ ਨਹੀਂ ਲੈਂਦਾ। ਅੰਤ 'ਚ ਮੈਂ ਸਿਰਫ਼ ਇੰਨਾ ਕਹਿਣਾ ਚਾਹੁੰਦਾ ਹਾਂ ਕਿ 
'ਆਓ ਨਿਕਲੇਂ ਬਾਹਰ ਮਕਾਨੋਂ ਸੇ, 
ਯੁੱਧ ਲੜੇਂ ਬੇਈਮਾਨੋਂ ਸੇ'। 
ਚੰਗੀ ਪਾਜ਼ੀਟਿਵ ਸੋਚ, ਲੋਕਤੰਤਰ 'ਤੇ ਯਕੀਨ, ਆਪਣੇ ਪੈਰੋਕਾਰ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਡਕਰ ਤੋਂ ਪ੍ਰੇਰਣਾ ਲੈ ਕੇ ਅਸੀਂ ਅਜਿਹਾ ਪੰਜਾਬ ਸਿਰਜਾਂਗੇ ਜੋ ਸਾਰੀ ਦੁਨੀਆਂ ਲਈ ਮਿਸਾਲ ਬਣ ਜਾਵੇਗਾ। ਕੋਈ ਇਹ ਨਾ ਸਮਝੇ ਕਿ ਸੰਘਰਸ਼ ਸਿਰਫ਼ ਮੁੰਡਿਆਂ ਦਾ ਕੰਮ ਹੈ, ਸਾਨੂੰ ਸੰਘਰਸ਼ ਵਿੱਚ ਉਨ੍ਹਾਂ ਧੀਆਂ-ਭੈਣਾਂ ਦਾ ਵੀ ਬਰਾਬਰ ਦਾ ਸਾਥ ਚਾਹੀਦਾ ਹੈ ਤਾਂ ਜੋ ਬੇਈਮਾਨੀ ਦੇ ਸਮੂਲ ਨਾਸ਼ ਦਾ ਟੀਚਾ ਪ੍ਰਾਪਤ ਕੀਤਾ ਜਾ ਸਕੇ। ਜੇ ਤੁਹਾਡੇ ਦਿਲਾਂ ਵਿੱਚ ਆਪਣੇ ਭਾਰਤ, ਆਪਣੇ ਸਮਾਜ, ਆਪਣੇ ਪੰਜਾਬ ਲਈ ਕੋਈ ਹਲਕਾ ਜਿਹਾ ਵੀ ਦਰਦ ਹੈ ਤੇ ਕੁਝ ਕਰਨ ਦੀ ਹੂਕ ਪੈਦਾ ਹੋ ਰਹੀ ਹੈ ਤਾਂ ਮੇਰੇ ਨਾਲ ਜ਼ਰੂਰ ਸੰਪਰਕ ਕਰੋ।
'ਆਪਣੀ ਮਿੱਟੀ ਆਪਣੇ ਲੋਕ'
98787-83901