Tuesday 9 October 2018

ਬਲਾਤਕਾਰੀ ਚੌਂਕੀਦਾਰ

ਵਿਸ਼ਵ ਇਸ ਸਮੇਂ ਜਲਵਾਯੂ ਪਰਿਵਰਤਨ ਦੇ ਬੜੇ ਖਤਰਨਾਕ ਦੌਰ 'ਚੋਂ ਗੁਜ਼ਰ ਰਿਹਾ ਹੈ। ਜਲਵਾਯੂ ਪਰਿਵਰਤਨ ਕਰਕੇ ਵਿਸ਼ਵ ਦੇ ਸਿਰਮੌਰ ਦੇਸ਼ਾਂ ਦੀ ਵੀ ਨੀਂਦ ਹਰਾਮ ਹੋ ਗਈ ਹੈ। ਜਿੱਥੇ ਭਾਰਤ ਦੇ ਲੋਕ ਜਲਵਾਯੂ ਪਰਿਵਤਨ ਦੇ ਕਾਰਣ ਭਿਅੰਕਰ ਤ੍ਰਾਸਦੀ ਵਿੱਚ ਹਨ ਉੱਥੇ ਹੀ ਰੂੜ੍ਹੀਵਾਦੀ ਵਿਚਾਰਧਾਰਾ ਕਰਕੇ ਦੇਸ਼ ਦਾ ਹਰ ਵਰਗ ਬਹੁਤ ਦੁਖੀ ਹੈ। ਲੋਕਤੰਤਰਿਕ ਪ੍ਰਣਾਲੀ ਵਿੱਚ ਦੇਸ਼ ਨੂੰ ਅਜਿਹੇ ਦੁੱਖ ਦੀ ਘੜੀ 'ਚੋਂ ਕੱਢਣ ਲਈ ਸਭ ਤੋਂ ਮੁੱਖ ਰੋਲ ਪ੍ਰਧਾਨ ਮੰਤਰੀ ਦਾ ਹੁੰਦਾ ਹੈ। ਪਰ ਜੇਕਰ ਅਸੀਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਗੱਲ ਕਰੀਏ ਤਾਂ ਉਸ ਨੇ ਚੋਣਾਂ ਤੋਂ ਪਹਿਲਾਂ ਆਪਣੇ ਆਪ ਨੂੰ ਚੌਂਕੀਦਾਰ ਕਿਹਾ ਸੀ ਤੇ ਨਾਲ ਹੀ ਉਸ ਨੇ ਵਾਅਦਾ ਕੀਤਾ ਸੀ ਕਿ 'ਸਭ ਕਾ ਸਾਥ ਸਭ ਕਾ ਵਿਕਾਸ'। ਇਨ੍ਹਾਂ ਵਾਅਦਿਆਂ ਵਿੱਚੋਂ ਹੀ ਇਕ ਮੁੱਖ ਵਾਅਦਾ ਉਨ੍ਹਾਂ ਦਾ ਇਹ ਸੀ ਕਿ ਕਾਲਾ ਧਨ ਵਿਦੇਸ਼ਾਂ ਤੋਂ ਲਿਆ ਕੇ ਹਰ ਇਕ ਦੇ ਖਾਤੇ 'ਚ 15 ਲੱਖ ਰੁਪਏ ਜਮ੍ਹਾਂ ਕਰਵਾਏ ਜਾਣਗੇ, ਹਰ ਸਾਲ 2 ਕਰੋੜ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਜਿੱਥੇ ਲੋਕਾਂ ਦੇ ਖਾਤੇ ਵਿੱਚ 15 ਲੱਖ ਦੀ ਬਜਾਇ ਛਿੱਕੂ ਆਇਆ ਉਥੇ ਮੋਦੀ ਨੇ 2 ਕਰੋੜ ਨੌਕਰੀਆਂ ਤਾਂ ਕੀ ਦੇਣੀਆਂ ਸੀ ਉਲਟਾ ਆਂਕੜਿਆਂ ਅਨੁਸਾਰ ਮੋਦੀ ਦੇ ਰਾਜ ਵਿੱਚ ਬੇਰੁਜ਼ਗਾਰਾਂ ਦੀ ਗਿਣਤੀ ਵਧੀ ਹੈ ਅਤੇ ਤਕਰੀਬਨ 15 ਲੱਖ ਸਰਕਾਰੀ ਨੌਕਰੀਆਂ ਘਟੀਆਂ ਹਨ। ਲਗਭਗ 10 ਲੱਖ ਕਰੋੜ ਦਾ ਘਪਲਾ ਨੋਟਬੰਦੀ ਦੌਰਾਨ ਹੋਇਆ ਹੈ। ਮਜ੍ਹਬੀ, ਸਿਆਸੀ ਤੇ ਧਾਰਮਿਕ ਦੰਗਿਆਂ ਕਾਰਣ 15 ਲੱਖ ਕਰੋੜ ਦਾ ਨੁਕਸਾਨ ਹੋਇਆ ਹੈ। 3 ਲੱਖ ਕਰੋੜ ਰੁਪਈਆ ਧਨਾਢਾਂ ਨੇ ਬੈਂਕਾਂ ਦਾ ਖਾ ਲਿਆ ਹੈ। ਇੰਨਾ ਹੀ ਨਹੀਂ ਮੌਜੂਦਾ ਸਰਕਾਰ ਦੇ ਸਮੇਂ ਮੋਟੇ ਘਪਲਿਆਂ ਦਾ ਆਂਕੜਾ ਵੀ ਸੈਂਕੜਾ ਮਾਰ ਚੁੱਕਿਆ ਹੈ। ਮਹਿੰਗਾਈ ਨੇ ਗਰੀਬਾਂ ਦਾ ਕਚੂੰਮਰ ਕੱਢ ਦਿੱਤਾ ਹੈ। ਦੇਸ਼ ਇਸ ਸਮੇਂ 76 ਲੱਖ ਕਰੋੜ ਰੁਪਏ ਵਿਦੇਸ਼ਾਂ ਦਾ ਕਰਜ਼ਦਾਰ ਹੈ। ਡਾਲਰ ਦੇ ਮੁਕਾਬਲੇ ਰੁਪਈਆ ਬਹੁਤ ਬੁਰੀ ਤਰ੍ਹਾਂ ਡਿਗ ਚੁੱਕਾ ਹੈ। ਇਹ ਗੱਲ ਨਹੀਂ ਹੈ ਕਿ ਦੇਸ਼ ਦੇ ਇੰਨੇ ਮਾੜੇ ਹਾਲਾਤ ਸਿਰਫ਼ ਮੌਜੂਦਾ ਸਰਕਾਰ ਕਰਕੇ ਹੋਏ ਹਨ ਪਰ ਕਿਉਂਕਿ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿੰਨਾ ਰੌਲਾ ਮੋਦੀ ਨੇ ਅਤੇ ਉਨ੍ਹਾਂ ਦੇ ਅੰਨ੍ਹੇ ਭਗਤਾਂ ਨੇ ਮੀਡੀਆ ਵਿੱਚ ਪਾਇਆ ਸੀ, ਇਤਿਹਾਸ ਗਵਾਹ ਹੈ ਇੰਨਾ ਰੌਲਾ ਕਦੇ ਵੀ ਨਹੀਂ ਪਿਆ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਮੇਰਾ ਸੀਨਾ 56 ਇੰਚ ਦਾ ਹੈ, ਮੈਂ ਦੇਸ਼ ਦਾ ਚੌਕੀਦਾਰ ਹਾਂ, ਨਾ ਖਾਵਾਂਗਾ ਨਾ ਕਿਸੇ ਨੂੰ ਖਾਣ ਦਿਆਂਗਾ। ਪਰ ਇਸ ਦੇ ਉਲਟ ਚੌਂਕੀਦਾਰ ਨੇ ਲੋਕਤੰਤਰ ਦਾ ਇੰਨਾ ਬੁਰੀ ਤਰ੍ਹਾਂ ਘਾਣ ਕੀਤਾ, ਸੰਵਿਧਾਨ ਦੀ ਅਣਦੇਖੀ ਕੀਤੀ, ਤੁਗਲਕੀ ਫੁਰਮਾਨ ਜਾਰੀ ਕੀਤੇ, ਲੋਕਾਂ ਦੀਆਂ ਭਾਵਨਾਵਾਂ ਦਾ ਰੇਪ ਕੀਤਾ, ਇਸੇ ਕਰਕੇ ਅਸੀਂ ਆਪਣੇ ਲੇਖ ਦਾ ਨਾਮ 'ਬਲਾਤਕਾਰੀ ਚੌਂਕੀਦਾਰ' ਰੱਖਿਆ ਹੈ। ਹੁਣ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਖੁਦ ਮੌਜੂਦਾ ਸਰਕਾਰ ਨੇ ਆਪਣੀ ਛਤਰ-ਛਾਇਆ ਹੇਠ ਬਲਾਤਕਾਰੀਆਂ ਲਈ ਕਿੰਨਾ ਕਰੜਾ ਕਾਨੂੰਨ ਬਣਾਇਆ ਹੈ। ਸੋ ਵੋਟਰਾਂ ਨੂੰ ਚਾਹੀਦਾ ਹੈ ਕਿ ਇਸ ਵਾਰ ਦੀਆਂ ਚੋਣਾਂ ਵਿੱਚ ਅਜਿਹੇ ਬਲਾਤਕਾਰੀ ਨੂੰ ਆਜੀਵਨ ਸਿਆਸਤ 'ਚੋਂ ਤੜੀਪਾਰ ਦੀ ਸਜ਼ਾ ਸੁਣਾ ਕੇ ਹਮੇਸ਼ਾ ਲਈ ਰਾਜ-ਭਾਗ ਤੋਂ ਦੂਰ ਕਰ ਦੇਣਾ ਚਾਹੀਦਾ ਹੈ। ਅਜਿਹਾ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਣ ਦਾ ਫਰਜ਼ ਅੰਬੇਡਕਰੀ ਮਿਸ਼ਨ ਦੇ ਯੋਧਿਆਂ ਦਾ ਬਣਦਾ ਹੈ। ਸੋ ਸਮੇਂ ਨੂੰ ਧਿਆਨ 'ਚ ਰੱਖਦੇ ਹੋਏ ਸਮਾਜ ਦੇ ਬੁੱਧੀਜੀਵੀ ਵਰਗ ਨੂੰ ਅਗਾਂਹ ਵਧ ਕੇ ਦੇਸ਼ ਨੂੰ ਖੋਰੂ ਲਾਉਣ ਵਾਲੇ ਅਜਿਹੇ ਲੀਡਰਾਂ, ਅਜਿਹੀਆਂ ਪਾਰਟੀਆਂ ਤੋਂ ਸਾਵਧਾਨ ਕਰਕੇ ਸਹੀ ਦਿਸ਼ਾ ਦੇ ਕੇ ਤਰੱਕੀ ਦੀਆਂ ਲੀਹਾਂ ਵੱਲ ਤੋਰਨਾ ਚਾਹੀਦਾ ਹੈ। ਅਜਿਹੀ ਸੋਚ ਨੂੰ ਮਨ 'ਚ ਰੱਖਦੇ ਹੋਏ ਆਪ ਜੀ ਨਾਲ ਇਹ ਲੇਖ ਸਾਂਝਾ ਕਰ ਰਿਹਾ ਹਾਂ। ਉਮੀਦ ਹੈ ਤੁਸੀਂ ਮੇਰੇ ਵਿਚਾਰਾਂ ਨੂੰ ਆਪਣੀ ਸਮਝ ਦੀ ਕਸੌਟੀ ਤੇ ਪਰਖ ਕੇ ਅਗਾਂਹ ਵੀ ਵਧਾਉਣ ਵਿੱਚ ਮੇਰਾ ਸਹਿਯੋਗ ਕਰੋਗੇ ਤੇ ਲੋੜ ਪੈਣ ਤੇ ਸੁਚੱਜੇ ਢੰਗ ਨਾਲ ਮੈਨੂੰ ਸੇਧ ਵੀ ਦਿਉਗੇ।                                                                                                           -ਅਜੇ ਕੁਮਾਰ