Monday 19 January 2015

ਸ਼ਰਾਬ ਓਹੀ ਸਿਰਫ ਬੋਤਲ ਬਦਲੀ ਹੈ





ਬਾਬਾ ਸਾਹਿਬ ਅੰਬੇਡਕਰ ਜੀ ਦਾ ਅੰਦੋਲਨ ਸਮਾਜਿਕ ਅੰਦੋਲਨ ਸੀ। ਆਪਣੇ ਸਾਰੇ ਜੀਵਨ ਦੇ ਸੰਘਰਸ਼ ਦਾ ਨਿਚੋੜ ਕੱਢਦਿਆਂ ਉਨ੍ਹਾਂ ਨੇ ਆਪਣੇ ਪੈਰੋਕਾਰਾਂ ਨੂੰ ਅੰਤਿਮ ਸੰਦੇਸ਼ ਇਹ ਦਿੱਤਾ ਕਿ ਰਾਜ ਸੱਤਾ ਹੀ ਤੁਹਾਡੀਆਂ ਸਾਰੀਆਂ ਬਿਮਾਰੀਆਂ ਤੇ ਦੁੱਖ-ਤਕਲੀਫ਼ਾਂ ਦਾ ਹੱਲ ਹੈ ਅਤੇ ਇਸ ਰਾਜ ਸੱਤਾ ਨੂੰ ਪ੍ਰਾਪਤ ਕਰਨ ਲਈ ਤਿੰਨ ਮੂਲ ਮੰਤਰ-ਪੜ੍ਹੋ ਲਿਖੋ, ਸੰਘਰਸ਼ ਕਰੋ, ਜੁੜੋ। ਉਨ੍ਹਾਂ ਦੇ ਜੀਵਨ ਦੇ ਇਤਿਹਾਸ ਨੂੰ ਗਹਿਰਾਈ ਨਾਲ ਪੜ੍ਹੀਏ ਤਾਂ ਸਾਨੂੰ ਜਾਨਣ ਦਾ ਮੌਕਾ ਮਿਲਦਾ ਹੈ ਕਿ ਉਨ੍ਹਾਂ ਨੇ ਸਾਡੀ ਹਰ ਸਮੱਸਿਆ ਨੂੰ ਆਪਣੇ ਪਿੰਡੇ 'ਤੇ, ਆਪਣੇ ਪਰਿਵਾਰ 'ਤੇ ਅਤੇ ਆਪਣੇ ਹਾਲਾਤਾਂ 'ਤੇ ਹੰਢਾਇਆ। ਬਾਬਾ ਸਾਹਿਬ ਨੇ ਕਿਹਾ ਸੀ ਕਿ ਕਾਂਗਰਸ ਦਲਿਤਾਂ ਲਈ ਇਕ ਜਲਦਾ ਹੋਇਆ ਮਹਿਲ ਹੈ, ਜਿਹੜਾ ਦਲਿਤ ਇਸ ਵਿੱਚ ਜਾਏਗਾ ਉਸ ਦਾ ਸੁਆਹ ਹੋਣਾ ਤਹਿ ਹੈ। ਬਾਬਾ ਸਾਹਿਬ ਨੇ ਜਨ-ਸੰਘ ਦੀ ਕਦੇ ਕਿਤੇ ਤਾਰੀਫ਼ ਨਹੀਂ ਕੀਤੀ ਬਲਕਿ ਉਨ੍ਹਾਂ ਨੇ ਜਨਸੰਘ ਨੂੰ ਸਾਫ਼ ਨਜ਼ਰ ਆ ਰਿਹਾ ਦੁਸ਼ਮਣ ਕਿਹਾ। ਕਾਂਸ਼ੀ ਰਾਮ ਨੇ ਬਾਬਾ ਸਾਹਿਬ ਅੰਬੇਡਕਰ ਦੇ ਰਾਜਨੀਤਿਕ ਫਲਸਫੇ ਨੂੰ ਅਪਨਾਉਂਦੇ ਹੋਏ ਕਾਂਗਰਸ ਅਤੇ ਭਾਜਪਾ ਬਾਰੇ ਸਾਫ਼ ਲਫ਼ਜ਼ਾਂ ਵਿੱਚ ਕਿਹਾ ਕਿ ਕਾਂਗਰਸ ਬੁੱਕਲ ਵਾਲਾ ਸੱਪ ਹੈ ਤੇ ਭਾਜਪਾ ਸਾਹਮਣੇ ਖੜ੍ਹਾ ਖੜੱਪਾ ਸੱਪ ਹੈ। ਕਹਿਣ ਦਾ ਭਾਵ ਇਹ ਦੋਨਾਂ ਪਾਰਟੀਆਂ ਦੀ ਦਲਿਤਾਂ ਬਾਰੇ ਨੀਅਤ ਬੜੀ ਸਾਫ਼ ਹੈ। ਮੈਂ ਪਿਛਲੇ ਦਿਨੀਂ ਦਿੱਲੀ ਸ਼ਤਾਬਦੀ ਗੱਡੀ ਵਿੱਚ ਜਾ ਰਿਹਾ ਸੀ। ਮੇਰੇ ਨਾਲ ਦੀ ਸੀਟ 'ਤੇ ਇਕ ਵੱਡੀ ਅੰਗਰੇਜ਼ੀ ਅਖਬਾਰ ਦਾ ਪੱਤਰਕਾਰ ਬੈਠਾ ਸੀ। ਉਸ ਨੇ ਮੇਰੇ ਹੱਥ ਵਿੱਚ ਅੰਬੇਡਕਰ ਦੀ ਕਿਤਾਬ ਦੇਖੀ ਤੇ ਉਸ ਨੇ ਦਲਿਤ ਮਸਲਿਆਂ 'ਤੇ ਮੇਰੇ ਨਾਲ ਚਰਚਾ ਛੇੜ ਲਈ ਅਤੇ ਉਸ ਨੇ ਮੈਨੂੰ ਪੁੱਛਿਆ ਕਿ ਦਲਿਤਾਂ ਦੀ ਹਿਤੈਸ਼ੀ ਕਾਂਗਰਸ ਹੈ ਜਾਂ ਭਾਜਪਾ ਹੈ। ਮੈਂ ਕਿਹਾ ਜਿਹੜੇ ਲੋਕ ਅੱਡੀਆਂ ਚੁੱਕ-ਚੁੱਕ ਕੇ ਭਾਜਪਾ ਵਿੱਚ ਜਾ ਰਹੇ ਹਨ ਉਹ ਇੰਨੀ ਗੱਲ ਜ਼ਰੂਰ ਯਾਦ ਰੱਖਣ ਕਿ ਕਾਂਗਰਸ ਨੇ ਦਲਿਤਾਂ ਲਈ ਕੁਝ ਠੋਸ ਨਹੀਂ ਕੀਤਾ ਇਹ ਗੱਲ ਸੱਚ ਹੈ ਪਰ ਭਾਜਪਾ ਦਲਿਤਾਂ ਦਾ ਭਲਾ ਕਰੇਗੀ ਇਹ ਤੁਹਾਡਾ ਵਹਿਮ ਹੈ। ਉਹ ਹੱਸ ਪਿਆ। ਮੈਨੂੰ ਕਹਿਣ ਲੱਗਾ, ਮੈਂ ਵੀ ਦਲਿਤ ਹਾਂ, ਤੁਸੀਂ ਜੋ ਕਿਹਾ ਹੈ ਸੱਚ ਕਿਹਾ ਹੈ ਪਰ ਮੈਂ ਅਖ਼ਬਾਰ ਦਾ ਪੱਤਰਕਾਰ ਹੋਣ ਕਰਕੇ ਜ਼ਿਆਦਾ ਕੁਝ ਖੁੱਲ੍ਹ ਕੇ ਨਹੀਂ ਕਹਿ ਸਕਦਾ। ਮੈਨੂੰ ਥੋੜ੍ਹੀ ਜਿਹੀ ਹੋਰ ਵੀ ਹੈਰਾਨੀ ਹੋਈ ਮੈਂ ਕਿਹਾ ਜੇ ਪੱਤਰਕਾਰ ਆਪਣੇ ਸਮਾਜ ਲਈ ਕੁਝ ਨਹੀਂ ਕਰ ਸਕਦਾ ਤੇ ਫਿਰ ਕੌਣ ਕਰੇਗਾ? ਖ਼ੈਰ ਉਹ ਉਸਦਾ ਮਸਲਾ ਸੀ। ਮੈਂ ਦਲਿਤ ਭਰਾਵਾਂ ਦੇ ਸਹਿਯੋਗ ਨਾਲ ਆਪਣੇ ਪਾਠਕਾਂ ਦੀ ਮੇਹਰਬਾਨੀ ਨਾਲ ਆਪਣੀ ਅਖ਼ਬਾਰ ਕੱਢਦਾ ਹਾਂ। ਮੈਨੂੰ ਆਪਣਾ ਫਰਜ਼ ਨਹੀਂ ਭੁੱਲਣਾ ਚਾਹੀਦਾ। ਭੁੱਲਾਂ ਵੀ ਕਿਉਂ? ਇਹ ਸਭ ਕੁਝ ਮੇਹਰਬਾਨੀ ਵੀ ਤਾਂ ਬਾਬਾ ਸਾਹਿਬ ਅੰਬੇਡਕਰ ਦੀ ਹੈ। ਇਸ ਲਈ ਮੈਂ ਸੁਚੇਤ ਕਰਨਾ ਚਾਹੁੰਦਾ ਹਾਂ ਆਪਣੇ ਦਲਿਤ ਭਰਾਵਾਂ ਨੂੰ ਕਿ ਸ਼ਰਾਬ ਉਹੀ ਹੈ ਸਿਰਫ਼ ਬੋਤਲ ਬਦਲੀ ਹੈ। ਕਹਿਣ ਦਾ ਭਾਵ ਚਾਹੇ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਨੀਤੀ ਇਨ੍ਹਾਂ ਦੀ ਇਕ ਹੀ ਹੈ। ਜੇ ਨਹੀਂ ਤਾਂ ਹੇਠ ਲਿਖੇ ਅੰਕੜਿਆਂ 'ਤੇ ਧਿਆਨ ਮਾਰ ਕੇ ਦੇਖੋ ਕਿ ਮੈਂ ਸੱਚ ਕਹਿ ਰਿਹਾ ਹਾਂ ਕਿ ਝੂਠ ਕਹਿ ਰਿਹਾ ਹਾਂ। ਯੂਪੀਏ ਸਰਕਾਰ ਨੇ 9 ਲੱਖ 2 ਸੌ 21 ਹਜ਼ਾਰ ਕਰੋੜ ਰੁਪਇਆ ਕੁਝ ਘਰਾਣਿਆਂ ਨੂੰ ਤਿੰਨ ਤਰ੍ਹਾਂ ਦੇ ਟੈਕਸ ਮਾਫ਼ ਕੀਤੇ ਸਨ ਇਸੇ ਨੀਤੀ ਨੂੰ ਅੱਗੇ ਵਧਾਉਂਦੇ ਹੋਏ ਮੌਜੂਦਾ ਸਰਕਾਰ ਨੇ 5 ਲੱਖ 73 ਹਜ਼ਾਰ ਕਰੋੜ ਰੁਪਇਆ ਕੁਝ ਘਰਾਣਿਆਂ ਨੂੰ ਰਿਆਇਤਾਂ ਦੇ ਕੇ ਆਪਣੇ ਇਰਾਦੇ ਜ਼ਾਹਿਰ ਕਰ ਦਿੱਤੇ। ਯੂਪੀਏ ਸਰਕਾਰ ਨੇ 47 ਲੱਖ ਸ਼ਡਿਊਲਡ ਕਾਸਟ ਨੌਕਰੀਆਂ 'ਚੋਂ 21 ਲੱਖ ਸਰਕਾਰੀ ਨੌਕਰੀਆਂ ਦੀਆਂ ਖਾਲੀ ਸੀਟਾਂ ਰੱਖ ਕੇ ਦਲਿਤਾਂ ਨਾਲ ਧੋਖਾ ਕੀਤਾ। ਮੌਜੂਦਾ ਸਰਕਾਰ ਕਈ ਸਰਕਾਰੀ ਵਿਭਾਗਾਂ ਨੂੰ ਪ੍ਰਾਈਵੇਟ ਕਰਕੇ ਦਲਿਤਾਂ ਦੀ ਆਜ਼ਾਦੀ 'ਤੇ ਡਾਕਾ ਮਾਰ ਰਹੀ ਹੈ। ਕਾਂਗਰਸ ਸੰਵਿਧਾਨ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਸੀ ਕਰਦੀ, ਭਾਜਪਾ ਸੰਵਿਧਾਨ ਨੂੰ ਬਦਲਣ ਦੀ ਗੱਲ ਕਰ ਰਹੀ ਹੈ। ਕੀ ਇਹ ਤੱਥ ਇਨ੍ਹਾਂ ਦੋਨਾਂ ਪਾਰਟੀਆਂ ਦੀ ਦਲਿਤਾਂ ਪ੍ਰਤੀ ਨੀਅਤ ਇਕੋ ਜਿਹੀ ਨਹੀਂ ਸਾਬਤ ਕਰਦੀਆਂ? ਬਲਕਿ ਦੋਨਾਂ ਪਾਰਟੀਆਂ ਇਕ-ਦੂਜੇ ਤੋਂ ਵਧ-ਚੜ੍ਹ ਕੇ ਦਲਿਤਾਂ 'ਤੇ ਜਬਰ-ਜੁਲਮ ਕਰਨਾ ਚਾਹੁੰਦੀਆਂ ਹਨ। ਹਾਲੇ ਪੰਜਾਬ ਵਿੱਚ ਇਲੈਕਸ਼ਨ ਦੋ ਸਾਲ ਦੂਰ ਹਨ ਪਰ ਰਾਜਨੀਤਿਕ ਪਾਰਟੀਆਂ ਖ਼ਾਸ ਕਰਕੇ ਭਾਜਪਾ ਨੇ ਪੰਜਾਬ ਵਿੱਚ ਆਪਣੀ ਜ਼ੋਰ-ਅਜਮਾਇਸ਼ ਬਹੁਤ ਤੇਜ਼ ਕੀਤੀ ਹੋਈ ਹੈ। ਇੰਝ ਜਾਪਦਾ ਹੈ ਕਿ ਭਾਜਪਾ ਆਪਣੇ ਦਮ 'ਤੇ ਪੰਜਾਬ ਵਿੱਚ ਸਰਕਾਰ ਬਣਾਉਣ ਦੀ ਇਛੁੱਕ ਹੈ ਅਤੇ ਅਕਾਲੀ ਦਲ ਨਾਲ ਏਹਦੀ ਜ਼ਿਆਦਾ ਦੇਰ ਤੱਕ ਨਿਭਣੀ ਨਹੀਂ ਅਤੇ ਭਾਜਪਾ, ਅਕਾਲੀ ਦਲ ਜਾਂ ਕਾਂਗਰਸ ਕੋਈ ਵੀ ਪਾਰਟੀ ਜਿਹੜੀ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਣਾ ਚਾਹੁੰਦੀ ਹੈ, ਉਹ ਜਾਣਦੀ ਹੈ ਕਿ ਦਲਿਤਾਂ ਦੇ ਸਹਿਯੋਗ ਬਿਨਾਂ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਣਾ ਸੰਭਵ ਨਹੀਂ ਹੈ। ਇਸ ਤਰ੍ਹਾਂ ਦਲਿਤ ਵੋਟ ਬੈਂਕ 'ਤੇ ਡਾਕਾ ਮਾਰਨ ਦੀ ਖ਼ਾਤਿਰ ਹਰ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾਂਦੇ ਹਨ, ਹਰ ਪਾਰਟੀ ਅੱਡੀਆਂ ਚੁੱਕ-ਚੁੱਕ ਕੇ ਦੱਸਣਾ ਚਾਹੁੰਦੀ ਹੈ ਕਿ ਅਸੀਂ ਹੀ ਦਲਿਤਾਂ ਦੇ ਸਭ ਤੋਂ ਵੱਡੇ ਹਿਤੈਸ਼ੀ ਹਾਂ ਅਤੇ ਪੰਜਾਬ ਦਾ ਦਲਿਤ ਇਸ ਵੇਲੇ ਸਭ ਤੋਂ ਜ਼ਿਆਦਾ ਦੁਚਿੱਤੀ ਦੀ ਸਥਿਤੀ 'ਚ ਹੈ। ਇਕ ਪਾਸੇ ਭਾਜਪਾ ਜਾਂ ਕਾਂਗਰਸ ਤੇ ਉਸ ਦਾ ਕੋਈ ਭਰੋਸਾ ਨਹੀਂ, ਦੂਜੇ ਪਾਸੇ ਅਕਾਲੀ ਦਲ ਦੇ ਭਵਿੱਖ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇਸ ਵੇਲੇ ਕੋਈ ਅਜਿਹੀ ਪਾਰਟੀ ਨਹੀਂ, ਜਿਸ ਨੂੰ ਸਹੀ ਅਰਥਾਂ ਵਿੱਚ ਦਲਿਤਾਂ ਦੀ ਹਿਤੈਸ਼ੀ ਕਿਹਾ ਜਾ ਸਕੇ। ਸਾਹਿਬ ਕਾਂਸ਼ੀ ਰਾਮ ਵੱਲੋਂ ਚਲਾਈ ਗਈ ਅੰਬੇਡਕਰਵਾਦ ਦੀ ਹਵਾ ਵੀ ਹੁਣ ਕਮਜ਼ੋਰ ਪੈਂਦੀ ਲੱਗ ਰਹੀ ਹੈ, ਜਿਹੜੀ ਬਸਪਾ ਦੀ ਹਨ੍ਹੇਰੀ ਇੰਝ ਜਾਪਦੀ ਸੀ ਕਿ ਇਹ ਮਨੂੰਵਾਦੀ ਪਾਰਟੀਆਂ ਨੂੰ ਜੜ੍ਹੋਂ ਪੁੱਟ ਦੇਵੇਗੀ, ਉਹ ਵਕਤ ਦੇ ਨਾਲ ਬਹੁਤ ਕਮਜ਼ੋਰ ਪੈ ਚੁੱਕੀ ਹੈ। ਬਸਪਾ ਲੀਡਰਸ਼ਿਪ ਮੁੱਖ ਤੌਰ 'ਤੇ ਪੰਜਾਬ ਦੀ ਬਸਪਾ ਲੀਡਰਸ਼ਿਪ ਜਾਂ ਇਨ੍ਹਾਂ ਦੀ ਸੋਚ ਬਾਰੇ ਕੁਝ ਵੀ ਸਪੱਸ਼ਟ ਨਹੀਂ ਹੈ। ਇਹ ਤਾਂ ਉਡ ਜਾਓ ਚਿੜੀਓ, ਮਰ ਜਾਓ ਚਿੜੀਓ ਦਾ ਖੇਡ, ਖੇਡ ਰਹੀਆਂ ਹਨ। ਕੋਈ ਪਤਾ ਨਹੀਂ ਲੱਗਦਾ ਜਿਹੜਾ ਅੱਜ ਬਸਪਾ ਦਾ ਮੁੱਖ ਨੇਤਾ ਨਜ਼ਰ ਆਉਂਦਾ ਹੋਵੇ, ਕੱਲ੍ਹ ਪਾਰਟੀ 'ਚੋਂ ਕੱਢ ਦਿੱਤਾ ਜਾਵੇ ਜਾਂ ਕੋਈ ਕੱਢਿਆ-ਕਢਾਇਆ ਨੇਤਾ ਆ ਕੇ ਬਸਪਾ ਵਰਕਰਾਂ ਦੇ ਸਿਰ 'ਤੇ ਆ ਕੇ ਬੈਠ ਜਾਵੇ। ਇਸ ਦੁਚਿੱਤੀ ਦਾ ਫਾਇਦਾ ਲੈਣ ਨੂੰ ਸਭ ਪਾਰਟੀਆਂ ਉਤਾਵਲੀਆਂ ਹਨ। ਗੱਲ ਵੀ ਠੀਕ ਹੈ, ਜਦੋਂ ਬਿੱਲੀਆਂ ਦੀ ਲੜਾਈ ਚੱਲਦੀ ਹੋਵੇ ਤਾਂ ਬਾਂਦਰਾਂ ਦੀਆਂ ਮੌਜਾਂ ਲੱਗ ਹੀ ਜਾਂਦੀਆਂ ਹਨ। ਜੇ ਇਹੀ ਹਾਲਾਤ ਜਾਰੀ ਰਹੇ, ਦਲਿਤ ਨਾ ਜਾਗਿਆ, ਓਹਨੇ ਅੰਬੇਡਕਰਵਾਦ ਦੇ ਰਸਤੇ 'ਤੇ ਚੱਲਦੇ ਕਾਂਸ਼ੀ ਰਾਮ ਦੀ ਸੋਚ ਨੂੰ ਨਹੀਂ ਅਪਣਾਇਆ ਤਾਂ ਉਹ ਲੜਦੀਆਂ ਬਿੱਲੀਆਂ ਵਾਂਗੂ ਭੁੱਖਾ ਹੀ ਮਰੇਗਾ।



- ਅਜੇ ਕੁਮਾਰ