Monday 30 May 2016

ਚਿੰਗਾਰੀ ਜਲ ਰਹੀ ਹੈ

ਕਈ ਸਦੀਆਂ ਪਹਿਲਾਂ ਬਾਹਰੋਂ ਆਏ ਆਰੀਆ ਲੋਕਾਂ ਨੇ ਮੂਲ ਨਿਵਾਸੀਆਂ ਨੂੰ ਜਿੱਤ ਕੇ ਇਨ੍ਹਾਂ ਨੂੰ ਆਪਣਾ ਗੁਲਾਮ ਬਣਾ ਲਿਆ। ਇਨ੍ਹਾਂ ਦੇ ਸਾਧਨਾਂ 'ਤੇ ਕਬਜ਼ਾ ਕਰ ਲਿਆ, ਕਹਿਣ ਦਾ ਭਾਵ ਇਨ੍ਹਾਂ ਦਾ ਰਾਜ ਖੋਹ ਲਿਆ ਤੇ ਮਨੁੱਖਤਾ ਦੀ ਜਗ੍ਹਾ ਭਾਰਤ 'ਚ ਮਨੂੰਵਾਦ ਲਾਗੂ ਕਰ ਦਿੱਤਾ। ਮਨੂੰਵਾਦ ਤੋਂ ਭਾਵ ਵਰਣ-ਵਿਵਸਥਾ। ਮਨੂੰਵਾਦ ਨੇ ਗੁਲਾਮਾਂ ਲਈ ਪਰਿਭਾਸ਼ਾ ਦਿੱਤੀ ਸ਼ੂਦਰ। ਹਾਰੇ ਹੋਏ ਮੂਲ ਨਿਵਾਸੀਆਂ ਦਾ ਮਨੋਬਲ ਤੋੜਨ ਖਾਤਰ ਉਨ੍ਹਾਂ ਨੂੰ ਸਮਾਜ ਦੇ ਸਭ ਤੋਂ ਗੰਦੇ ਕੰਮ ਸੌਂਪੇ ਗਏ। ਜਿਵੇਂ ਸਫਾਈ ਕਰਨਾ, ਮਰੇ ਡੰਗਰਾਂ ਦਾ ਚਮੜਾ ਲਾਹੁਣਾ, ਜੁਲਾਹੇ ਦਾ ਕੰਮ, ਕਹਿਣ ਦਾ ਭਾਵ ਹਰ ਤਰ੍ਹਾਂ ਦੀ ਮਜ਼ਦੂਰੀ ਦਾ ਕੰਮ। ਸਮਾਜ ਚਲਾਉਣ ਲਈ ਇਹ ਕੰਮ ਤਾਂ ਜ਼ਰੂਰੀ ਸਨ ਪਰ ਇਨ੍ਹਾਂ ਕੰਮਾਂ ਨੂੰ ਕਰਨ ਵਾਲੇ ਲੋਕਾਂ ਨੂੰ ਇੱਜ਼ਤ ਦੇਣ ਦੀ ਬਜਾਏ ਦਬਾਅ ਕੇ ਉਲਟਾ ਇਨ੍ਹਾਂ ਦਾ ਸ਼ੋਸ਼ਣ ਕਰਨਾ ਆਪਣਾ ਧਰਮ ਅਤੇ ਹੱਕ ਸਮਝਣ ਲੱਗ ਪਏ ਮਨੂੰ ਦੇ ਚੇਲੇ ਗਾਂਧੀਵਾਦੀ ਲੋਕ। ਕਿਸੇ ਵੀ ਸਮਾਜ ਨੂੰ ਕਮਜ਼ੋਰ ਕਰਨ ਲਈ ਸਭ ਤੋਂ ਜ਼ਰੂਰੀ ਕੰਮ ਹੁੰਦਾ ਹੈ ਕਿ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਵਿੱਦਿਆ ਤੋਂ ਵਾਂਝਾ ਕਰ ਦਿੱਤਾ ਜਾਵੇ। ਉਸ ਸਮੇਂ ਦੇ ਚੱਲ ਰਹੇ ਕਾਨੂੰਨ ਨੂੰ ਰਾਜੇ ਮਨੂੰ ਨੇ ਮਨੂੰ ਸਮ੍ਰਿਤੀ ਦਾ ਲਿਖਤੀ ਸਵਰੂਪ ਦੇ ਕੇ ਅਜਿਹਾ ਪ੍ਰਬੰਧ ਕੀਤਾ ਕਿ ਮੂਲ ਨਿਵਾਸੀ ਸਿੱਖਿਆ ਤੋਂ ਵਾਂਝੇ ਰਹਿ ਜਾਣ ਅਤੇ ਆਪਣੇ ਉੱਪਰ ਹੋਣ ਵਾਲੇ ਸ਼ੋਸ਼ਣ ਦੇ ਖਿਲਾਫ ਆਵਾਜ਼ ਵੀ ਨਾ ਚੁੱਕ ਸਕਣ। ਸ਼ੂਦਰਾਂ ਦੇ ਸ਼ੋਸ਼ਣ ਦਾ ਏਨਾ ਭਿਆਨਕ ਰੂਪ ਹੋ ਗਿਆ ਕਿ ਜੇਕਰ ਕੋਈ ਸ਼ੂਦਰ ਵਿੱਦਿਆ ਪ੍ਰਾਪਤ ਕਰਨ ਲਈ ਧਾਰਮਿਕ ਗ੍ਰੰਥਾਂ ਨੂੰ ਗਲਤੀ ਨਾਲ ਸੁਣ ਜਾਂ ਪੜ੍ਹ ਲੈਂਦਾ ਤਾਂ ਉਸ ਨੂੰ ਬੜੀਆਂ ਕਠੋਰ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ, ਜਿਨ੍ਹਾਂ ਵਿੱਚ ਕਦੇ-ਕਦੇ ਉਨ੍ਹਾਂ ਦੀ ਜੀਭ ਕੱਟ ਦਿੱਤੀ ਜਾਂਦੀ ਤੇ ਕਦੇ ਉਨ੍ਹਾਂ ਦੇ ਕੰਨਾਂ ਵਿੱਚ ਸੀਸਾ ਪਾ ਦਿੱਤਾ ਜਾਂਦਾ। ਅਜਿਹਾ ਭਾਰਤ ਦੇ ਇਤਿਹਾਸਕਾਰ ਆਪਣੀਆਂ ਲਿਖਤਾਂ ਰਾਹੀਂ ਸਾਨੂੰ ਦੱਸਦੇ ਹਨ। ਇਤਿਹਾਸ ਵਿੱਚ ਇਸ ਗੱਲ ਦੀ ਬਹੁਤ ਚਰਚਾ ਤਾਂ ਨਹੀਂ ਪਰ ਮੈਂ ਮਹਿਸੂਸ ਕਰ ਸਕਦਾ ਹਾਂ ਕਿ ਆਰੀਆ ਵੱਲੋਂ ਮੂਲ ਨਿਵਾਸੀਆਂ 'ਤੇ ਜਿੱਤ ਦਾ ਮੁੱਖ ਕਾਰਣ ਜ਼ਰੂਰ ਮੂਲ ਨਿਵਾਸੀਆਂ ਦੀ ਫੁੱਟ ਹੀ ਸੀ। ਇਤਿਹਾਸ ਗਵਾਹ ਹੈ ਕਿ ਅਸੀਂ ਯੁਗਾਂ-ਯੁਗਾਂ ਤੋਂ ਬਿੱਲੀਆਂ ਵਾਂਗ ਲੜਦੇ ਰਹੇ ਤੇ ਬਾਹਰਲੇ ਬਾਂਦਰ ਸਾਡੇ 'ਤੇ ਰਾਜ ਕਰਦੇ ਰਹੇ। ਇਹ ਸਿਲਸਿਲਾ ਆਰੀਆ 'ਤੇ ਨਹੀਂ ਰੁਕਿਆ। ਆਰੀਆ ਤੋਂ ਬਾਅਦ ਕਈ ਸਦੀਆਂ ਮੁਗਲਾਂ ਨੇ ਦੇਸ਼ 'ਤੇ ਰਾਜ ਕੀਤਾ,  ਮੁਗਲਾਂ ਤੋਂ ਬਾਅਦ ਅੰਗਰੇਜ਼ਾਂ ਨੇ ਦੇਸ਼ 'ਤੇ ਰਾਜ ਕੀਤਾ, ਅੰਗਰੇਜ਼ਾਂ ਤੋਂ ਬਾਅਦ ਪਿਛਲੇ 60 ਵਰ੍ਹਿਆਂ ਤੋਂ ਭਾਰਤ 'ਚ ਰਾਜ ਤਾਂ ਜ਼ਰੂਰ ਅਲੱਗ-ਅਲੱਗ ਸਿਆਸੀ ਪਾਰਟੀਆਂ ਨੇ ਕੀਤਾ ਪਰ ਇਨ੍ਹਾਂ ਦੀਆਂ ਹਰਕਤਾਂ ਕਿਸੇ ਵੀ ਬਾਹਰਲੀ ਸ਼ਕਤੀ ਨਾਲੋਂ ਅਲੱਗ ਨਹੀਂ। ਲੁੱਟਦੇ ਬਾਹਰਲੇ ਵੀ ਸੀ, ਕੰਮ ਇਨ੍ਹਾਂ ਦਾ ਵੀ ਲੁੱਟ-ਖਸੁੱਟ ਦਾ ਹੀ ਹੈ। ਮਾਰਦੇ ਬਾਹਰਲੇ ਵੀ ਸੀ ਤੇ ਜੀਣਾ ਇਨ੍ਹਾਂ ਦੇ ਰਾਜ 'ਚ ਵੀ ਔਖਾ ਹੈ, ਕਿਉਂਕਿ ਆਜ਼ਾਦੀ ਤੋਂ ਬਾਅਦ ਵੀ ਰਾਜ ਗਾਂਧੀ ਦੇ ਚੇਲਿਆਂ ਦਾ ਹੀ ਦੇਸ਼ ਵਿੱਚ ਰਿਹਾ ਹੈ।  ਗਰੀਬ, ਕਮਜ਼ੋਰ ਉਸ ਵੇਲੇ ਵੀ ਆਪਣੇ ਮੂਲ ਹੱਕਾਂ ਤੋਂ ਵਾਂਝੇ ਸੀ ਤੇ ਅਜੇ ਵੀ ਆਪਣੇ ਹੱਕਾਂ ਦੀ ਉਡੀਕ ਹਰ ਕਮਜ਼ੋਰ ਭਾਰਤੀ ਨੂੰ ਹੈ। ਅੱਜ  ਬਹੁਗਿਣਤੀ ਮੂਲ ਨਿਵਾਸੀ ਜਿਨ੍ਹਾਂ ਨੂੰ ਦਲਿਤ ਕਿਹਾ ਜਾਂਦਾ ਹੈ, ਪੱਛੜਾ ਕਿਹਾ ਜਾਂਦਾ ਹੈ, ਗੁਲਾਮੀ ਦੀ ਚੁੰਗਲ 'ਚੋਂ ਨਹੀਂ ਨਿਕਲ ਰਿਹਾ। ਸਮਾਜ ਦੀ ਵਿਵਸਥਾ ਅਜਿਹੀ ਹੈ ਕਿ ਉਪਰ ਬੈਠਾ ਤਕੜਾ ਸਦਾ ਤੋਂ ਥੱਲੇ ਬੈਠੇ ਕਮਜ਼ੋਰ ਨੂੰ ਆਪਣੀ ਜੁੱਤੀ ਥੱਲੇ ਰਗੜਨ 'ਚ ਆਪਣਾ ਮਾਣ, ਯਸ਼, ਧਰਮ ਅਤੇ ਫਰਜ਼ ਸਮਝਦਾ ਹੈ। ਅਫਸੋਸ ਦੀ ਗੱਲ ਇਹ ਹੈ ਕਿ ਜ਼ਿਆਦਾਤਰ ਬਹੁਗਿਣਤੀ ਦਲਿਤ ਇਸ ਗੁਲਾਮੀ ਦਾ ਆਨੰਦ ਮਾਨਣ ਲੱਗ ਪਏ ਹਨ। ਉਹ ਗੁਲਾਮੀ ਤੋਂ ਬਾਹਰ ਨਿਕਲਣ ਦਾ ਰਸਤਾ ਲੱਭਣ ਦੀ ਬਜਾਏ ਆਪਣੇ ਦਿਲੋਂ ਮੰਨ ਚੁੱਕੇ ਹਨ ਕਿ ਇਹ ਉਨ੍ਹਾਂ ਦੇ ਜੀਵਨ ਦਾ ਅੰਗ ਹੈ, ਉਨ੍ਹਾਂ ਦੇ ਪਿਉ-ਦਾਦੇ ਵੀ ਇਸੇ ਤਰ੍ਹਾਂ ਗੁਜ਼ਾਰਾ ਕਰਦੇ ਰਹੇ ਹਨ ਤੇ ਉਨ੍ਹਾਂ ਦਾ ਜੀਵਨ ਵੀ ਇਸੇ ਤਰ੍ਹਾਂ ਸੇਵਾ ਕਰਦੇ ਹੀ ਨਿਕਲਣਾ ਹੈ। ਬਾਬਾ ਸਾਹਿਬ ਵੱਲੋਂ ਦਿੱਤੇ ਗਏ ਭਾਰਤੀ ਸੰਵਿਧਾਨ ਦੇ ਅਨੁਸਾਰ ਭਾਰਤ ਦੀ ਵਿਵਸਥਾ ਦੇ ਮੁਤਾਬਿਕ ਹਰ ਮਨੁੱਖ ਬਰਾਬਰ ਹੈ, ਭਾਰਤੀ ਕਾਨੂੰਨ ਦੇ ਕਾਰਣ ਕੋਈ ਤਾਕਤ ਅਜਿਹੀ ਨਹੀਂ ਜੋ ਦਲਿਤ ਨੂੰ ਸਿੱਖਿਆ ਲੈਣ ਤੋਂ ਰੋਕ ਸਕੇ, ਕੋਈ ਤਾਕਤ ਅਜਿਹੀ ਨਹੀਂ ਜੋ ਇਸ ਨੂੰ ਬਰਾਬਰਤਾ ਦੇ ਹੱਕ ਲੈਣ ਤੋਂ ਵਾਂਝਾ ਕਰ ਸਕੇ। ਸਮੱਸਿਆ ਇਹ ਹੈ ਕਿ ਜੋ ਵੀ ਵਿਵਸਥਾ ਦਾ ਅੰਗ ਬਣਦਾ ਹੈ, ਰਾਜ ਵਿੱਚ ਜਾ ਕੇ ਬੈਠਦਾ ਹੈ, ਉਹ ਸੱਤਾ ਦੇ ਆਨੰਦ ਵਿੱਚ ਇੰਨਾ ਡੁੱਬ ਜਾਂਦਾ ਹੈ ਤੇ ਭੁੱਲ ਜਾਂਦਾ ਹੈ ਕਿ ਉਸ ਦੇ ਸਾਥੀ ਹਾਲੇ ਵੀ ਗੁਲਾਮੀ ਦੀ ਗਰਤ ਵਿੱਚ ਡੋਬੇ ਖਾ ਰਹੇ ਹਨ। ਇਹ ਉਸ ਦਾ ਫਰਜ਼ ਹੈ ਕਿ ਆਪਣੇ ਸਾਥੀਆਂ ਨੂੰ ਗੁਲਾਮੀ ਦੀ ਗਰਤ 'ਚੋਂ ਕੱਢ ਕੇ ਇੱਜ਼ਤ-ਮਾਣ ਦੀ ਜ਼ਿੰਦਗੀ ਜਿਊਣ 'ਚ ਸਹਿਯੋਗ ਕਰੇ। ਸਮੇਂ ਦੀਆਂ ਸਰਕਾਰਾਂ ਕਦੇ ਭਾਰਤ ਨੂੰ ਸ਼ਾਇਨਿੰਗ ਇੰਡੀਆ, ਕਦੇ ਮਜ਼ਬੂਤ ਇੰਡੀਆ, ਕਦੇ ਅੱਛੇ ਦਿਨ ਤੇ ਕਦੇ ਆਪਣੇ ਰਾਜ ਨੂੰ ਸਵਰਨ ਯੁੱਗ ਆਖਦੀਆਂ ਹਨ। ਪੂਰਾ ਵਿਸ਼ਵ ਇਸ ਗਲੋਬਲਾਈਜੇਸ਼ਨ ਦੇ ਦੌਰ ਵਿੱਚ ਇਕ ਹੋ ਰਿਹਾ ਹੈ ਪਰ ਮੂਲ ਨਿਵਾਸੀ ਅਜੇ ਵੀ ਗੁਲਾਮੀ ਦੇ ਅਹਿਸਾਸ ਵਿੱਚ ਜੀਣ ਨੂੰ ਮਜਬੂਰ ਹਨ, ਅਜੇ ਤੱਕ ਮੂਲ ਨਿਵਾਸੀ ਆਜ਼ਾਦ ਨਹੀਂ ਹੋਏ। ਬਾਬਾ ਸਾਹਿਬ ਨੇ ਭਾਰਤੀ ਸੰਵਿਧਾਨ ਬਣਾ ਕੇ ਕਾਨੂੰਨ ਦੀ ਅਜਿਹੀ ਮਸ਼ਾਲ ਜਲਾਈ ਸੀ ਜਿਸ ਨਾਲ ਅਜਿਹੀ ਰੌਸ਼ਨੀ ਫੈਲੀ ਕਿ ਹਰ ਮੂਲ ਨਿਵਾਸੀ ਨੂੰ ਆਪਣੀ ਤਾਕਤ ਦਾ ਅਹਿਸਾਸ ਹੋ ਗਿਆ ਤੇ ਯੁਗਾਂ-ਯੁਗਾਂ ਤੋਂ ਭਾਰਤੀ ਮੂਲ ਨਿਵਾਸੀਆਂ ਦਾ ਹੱਕ ਖੋਹਣ ਵਾਲਿਆਂ ਨੂੰ ਅਹਿਸਾਸ ਹੋ ਗਿਆ ਕਿ ਯੁਗ ਬਦਲ ਗਿਆ ਹੈ। ਦਲਿਤ ਤੋਂ ਬਿਨਾਂ ਕੋਈ ਸਰਕਾਰ ਨਹੀਂ ਬਣ ਸਕਦੀ, ਰਾਜ ਨਹੀਂ ਕਰ ਸਕਦੀ, ਚੋਣਾਂ ਨਹੀਂ ਜਿੱਤੀਆਂ ਜਾ ਸਕਦੀਆਂ ਪਰ ਦਲਿਤ ਅਜੇ ਵੀ ਸੱਤਾ ਤੋਂ ਕੋਹਾਂ ਦੂਰ ਹੈ। ਉਹ ਅਜੇ ਵੀ ਬਾਬਾ ਸਾਹਿਬ ਵੱਲੋਂ ਦਿੱਤੀ ਤਾਕਤ ਦਾ ਅਹਿਸਾਸ ਨਹੀਂ ਕਰ ਪਾਇਆ। ਉਹ ਸਮਝ ਨਹੀਂ ਸਕਿਆ ਕਿ ਬਾਬਾ ਸਾਹਿਬ ਵੱਲੋਂ ਜਲਾਈ ਗਈ ਮਸ਼ਾਲ ਇਕ ਅਜਿਹੀ ਅੱਗ ਹੈ ਜੋ ਸੱਤਾ ਪਰਿਵਰਤਨ ਦੀ ਤਾਕਤ ਹੈ ਅਤੇ ਜੋ ਸੈਂਕੜੇ ਵਰ੍ਹਿਆਂ ਦੀ ਗੁਲਾਮੀ ਨੂੰ ਸੁਆਹ ਕਰਕੇ ਮੁੜ ਮੂਲ ਨਿਵਾਸੀਆਂ ਦਾ ਰਾਜ ਇਸ ਭਾਰਤ ਦੇਸ਼ ਵਿੱਚ ਲਿਆ ਸਕਦੀ ਹੈ। ਮੈਂ ਇਹ ਨਹੀਂ ਕਹਾਂਗਾ ਕਿ ਕਿਤੇ ਕੋਈ ਕੰਮ ਨਹੀਂ ਹੋ ਰਿਹਾ ਜਾਂ ਦਲਿਤ ਪੂਰੀ ਤਰ੍ਹਾਂ ਨਾਲ ਮਾਨਸਿਕ ਤੌਰ 'ਤੇ ਟੁੱਟ ਚੁੱਕਾ ਹੈ। ਆਪਣੀ ਤਾਕਤ ਦਾ ਅਹਿਸਾਸ ਸਭ ਨੂੰ ਹੈ, ਮੂਲ ਨਿਵਾਸੀਆਂ ਨੂੰ ਆਪਣੇ ਰਾਜ ਦਾ ਹੱਕ ਦਿਵਾਉਣ ਲਈ ਪੂਰੇ ਦੇਸ਼, ਪੂਰੇ ਪੰਜਾਬ ਤੇ ਬਹੁਤ ਸਾਰੀਆਂ ਸਮਾਜਿਕ, ਧਾਰਮਿਕ, ਰਾਜਨੀਤਿਕ ਜਥੇਬੰਦੀਆਂ ਆਪੋ-ਆਪਣੇ ਪੱਧਰ 'ਤੇ ਕੰਮ ਕਰ ਰਹੀਆਂ ਹਨ। ਇਨ੍ਹਾਂ ਸਾਰਿਆਂ ਯੋਧਿਆਂ ਤੱਕ ਬਾਬਾ ਸਾਹਿਬ ਦੀ ਬਾਲੀ ਮਸ਼ਾਲ ਦੀਆਂ ਚਿੰਗਾਰੀਆਂ ਪਹੁੰਚ ਚੁੱਕੀਆਂ ਹਨ। ਅੱਗ ਅੰਦਰੋਂ ਹੀ ਅੰਦਰ ਧੁਦਕ ਰਹੀ ਹੈ ਕਿਧਰੇ-ਕਿਧਰੇ ਚਿੰਗਾਰੀਆਂ ਦੇ ਲਿਸ਼ਕਾਰੇ ਵੀ ਨਜ਼ਰ ਆਉਂਦੇ ਹਨ ਪਰ ਧੂੰਏਂ ਦੇ ਬੱਦਲਾਂ ਵਿੱਚ ਸਭ ਕੁਝ ਛੁਪ ਕੇ ਰਹਿ ਜਾਂਦਾ ਹੈ। ਬੇਤਰਤੀਬ ਤਰੀਕੇ ਨਾਲ ਅਲੱਗ-ਅਲੱਗ ਪਲੇਟਫਾਰਮਾਂ 'ਤੇ ਆਪੋ-ਆਪਣੇ ਤਰੀਕੇ ਨਾਲ ਆਪਣੇ ਸੀਮਿਤ ਸਾਧਨਾਂ ਨਾਲ ਸੰਘਰਸ਼ ਜਾਰੀ ਹੈ ਪਰ ਇਸ ਸੰਘਰਸ਼ ਵਿੱਚ ਇੰਨੀ ਅੱਗ ਨਹੀਂ ਕਿ ਸਿੰਘਾਸਨ ਬਦਲ ਦੇਵੇ। ਇਸ ਸੰਘਰਸ਼ ਵਿੱਚ ਇੰਨੀ ਸ਼ਕਤੀ ਨਹੀਂ ਕਿ ਇਸ ਦੇ ਸੇਕ ਨਾਲ ਸੱਤਾਧਾਰੀਆਂ ਦੇ ਪਸੀਨੇ ਛੁੱਟ ਜਾਣ, ਇੰਨੀ ਤਪਸ਼ ਨਹੀਂ ਕਿ ਉਨ੍ਹਾਂ ਦੀਆਂ ਕੁਰਸੀਆਂ ਸੁਆਹ ਹੋ ਜਾਣ। ਬਸ ਧੂੰਆਂ ਨਿਕਲਦਾ ਹੈ, ਅੱਗ ਧਦਕਦੀ ਹੈ, ਪਰ ਅਸਰ ਨਹੀਂ ਹੋ ਰਿਹਾ। ਕਿਉਂਕਿ ਬਹੁਗਿਣਤੀ ਸੰਘਰਸ਼ਸ਼ੀਲ ਲੋਕਾਂ ਦੇ ਇਕੱਠ ਦਾ ਆਪਸ ਵਿੱਚ ਤਾਲਮੇਲ ਨਹੀਂ ਹੈ। ਅਜਿਹਾ ਨਹੀਂ ਹੈ ਕਿ ਬਾਬਾ ਸਾਹਿਬ ਅੰਬੇਡਕਰ ਵੱਲੋਂ ਬਾਲੀ ਗਈ ਮਸ਼ਾਲ ਬੁੱਝ ਗਈ ਹੈ, ਚਿੰਗਾਰੀਆਂ ਅਜੇ ਵੀ ਜਲ ਰਹੀਆਂ ਹਨ ਤੇ ਵਕਤ ਬਹੁਤ ਦੂਰ ਨਹੀਂ ਜਦੋਂ ਇਹ ਚਿੰਗਾਰੀਆਂ ਇਕੱਠੀਆਂ ਹੋ ਕੇ ਇਕ ਵੱਡੇ ਭਾਂਬੜ ਦਾ ਰੂਪ ਧਾਰਨ ਕਰ ਲੈਣਗੀਆਂ। ਦਲਿਤ ਸਮਾਜ ਲਈ ਸੰਘਰਸ਼ਸ਼ੀਲ ਯੋਧਿਆਂ ਦੀ ਗਿਣਤੀ ਬਹੁਤ ਲੰਬੀ ਹੈ ਪਰ ਇਨ੍ਹਾਂ ਨੂੰ ਇਕ ਲੜੀ 'ਚ ਪਰੋ ਕੇ ਸਮੂਹਿਕ ਫੌਜ ਦਾ ਰੂਪ ਦੇ ਕੇ  ਹੱਲਾ  ਮਾਰਨ ਦੀ ਲੋੜ ਹੈ। ਇਸ ਦੀ ਰਫਤਾਰ ਇਸ ਸਮੇਂ ਥੋੜ੍ਹੀ ਕਮਜ਼ੋਰ ਹੈ ਪਰ ਯਕੀਨ ਮੰਨੋ ਅੰਬੇਡਕਰ ਯੁੱਗ ਆਉਣ ਤੋਂ ਕੋਈ ਨਹੀਂ ਰੋਕ ਸਕਦਾ। ਕਿਉਂਕਿ ਹਰ ਦਲਿਤ ਦੇ ਦਿਲ ਵਿੱਚ ਅੰਬੇਡਕਰਵਾਦ ਦੀ ਚਿੰਗਾਰੀ ਜਿਉਂਦੀ ਹੈ ਜਿਸ ਦਿਨ ਚਿੰਗਾਰੀਆਂ ਇਕੱਠੀਆਂ ਹੋ ਗਈਆਂ ਉਸ ਦਿਨ ਰਾਜ ਸੱਤਾ ਫਿਰ ਤੋਂ ਮੂਲ ਨਿਵਾਸੀਆਂ ਦੇ ਹੱਥ ਵਿੱਚ ਹੋਵੇਗੀ।                                  - ਅਜੇ ਕੁਮਾਰ

Monday 23 May 2016

ਕਲਮ ਯੁੱਗ

ਅਸੀਂ ਆਪਣੀ ਵਿਚਾਰ ਚਰਚਾ, ਭਾਸ਼ਣਾਂ ਅਤੇ ਲੇਖਾਂ ਵਿੱਚ ਅਕਸਰ ਮਨੂੰਵਾਦ ਦਾ ਜ਼ਿਕਰ ਕਰਦੇ ਰਹਿੰਦੇ ਹਾਂ ਪਰ ਕਦੀ ਅਸੀਂ ਗਹੁ ਨਾਲ ਇਨ੍ਹਾਂ ਸਵਾਲਾਂ 'ਤੇ ਚਰਚਾ ਕੀਤੀ ਹੈ ਕਿ ਮਨੂੰਵਾਦ ਕੀ ਹੈ? ਕੌਣ ਹਨ ਮਨੂੰਵਾਦੀ? ਕੀ ਧਰਮ ਹੈ ਮਨੂੰਵਾਦੀਆਂ ਦਾ? ਕੀ ਜਾਤ ਹੈ ਮਨੂੰਵਾਦੀਆਂ ਦੀ? ਮੇਰਾ ਖਿਆਲ ਸ਼ਾਇਦ ਇਨ੍ਹਾਂ ਸਵਾਲਾਂ ਦੀ ਕਦੇ ਵਿਸਥਾਰਪੂਰਵਕ ਅਤੇ ਅਰਥ ਭਰਪੂਰ ਚਰਚਾ ਨਹੀਂ ਹੋਈ। ਮੈਂ  ਇਸ 'ਤੇ ਵਿਸਥਾਰਪੂਰਵਕ ਚਰਚਾ ਕਰਦੇ ਹੋਏ ਕਹਿਣਾ ਚਾਹਾਂਗਾ ਕਿ ਮੇਰੇ ਖਿਆਲ ਵਿੱਚ ਜੋ ਵੀ ਪਖੰਡ, ਵਹਿਮ-ਭਰਮ ਮੰਨਦਾ ਹੈ ਜਾਂ ਕਰਦਾ ਹੈ ਜਾਂ ਇਨ੍ਹਾਂ ਦਾ ਪ੍ਰਚਾਰ-ਪ੍ਰਸਾਰ ਕਰਦਾ ਹੋਵੇ, ਉਹ ਮਨੂੰਵਾਦੀ ਹੈ, ਫਿਰ ਚਾਹੇ ਉਹ ਕਿਸੇ ਵੀ ਜਾਤ ਜਾਂ ਕਿਸੇ ਵੀ ਧਰਮ ਨਾਲ ਕਿਉਂ ਨਾ ਜੁੜਿਆ ਹੋਵੇ। ਇਸ ਮਨੂੰਵਾਦੀ ਸੋਚ ਨੇ ਕਈ ਸਦੀਆਂ ਤੋਂ ਭਾਰਤੀ ਮਾਨਸਿਕਤਾ ਨੂੰ ਜਕੜਿਆ ਹੋਇਆ ਹੈ। ਇਨ੍ਹਾਂ ਵਹਿਮਾਂ-ਭਰਮਾਂ ਦੇ ਨਾਂ 'ਤੇ ਗਰੀਬਾਂ ਦਾ ਰੱਜ ਕੇ ਸ਼ੋਸ਼ਣ ਹੁੰਦਾ ਹੈ ਅਤੇ ਸ਼ੋਸ਼ਿਤ ਲੋਕਾਂ ਨੂੰ ਕਦੇ ਨੀਚ, ਸ਼ੂਦਰ, ਅਛੂਤ ਕਦੇ ਦਲਿਤ ਆਦਿ ਦੱਸਿਆ ਜਾਂਦਾ ਹੈ। ਮਨੂੰਵਾਦੀਆਂ ਵੱਲੋਂ ਵਰਤੇ ਗਏ ਪਖੰਡਾਂ, ਕਹਾਣੀਆਂ-ਕਿੱਸੇ ਦੀ ਸੋਚ ਨੇ ਸਮਾਜ ਨੂੰ ਵਰਣ-ਵਿਵਸਥਾ ਵਿੱਚ ਵੰਡ ਕੇ ਜਾਤਾਂ, ਉੱਪ-ਜਾਤਾਂ ਤੇ ਗੋਤਰਾਂ ਵਿੱਚ ਵੰਡ ਕੇ ਸਮਾਜ ਦਾ ਬੇੜਾਗਰਕ ਕਰ ਦਿੱਤਾ। ਇਹੋ ਜਿਹੀ ਪਾਖੰਡੀ ਸੋਚ ਨੇ ਹੀ ਸਮੇਂ ਨੂੰ ਵੀ ਯੁਗਾਂ ਵਿੱਚ ਵੰਡ ਦਿੱਤਾ ਹੈ, ਜਿਸ ਨੂੰ ਸਤਯੁਗ, ਦੁਆਪਰ, ਤ੍ਰੇਤਾ ਅਤੇ ਕਲਯੁਗ ਦਾ ਨਾਂ ਦੇ ਕੇ ਭੋਲੇ-ਭਾਲੇ ਲੋਕਾਂ ਦਾ ਰੱਜ ਕੇ ਸ਼ੋਸ਼ਣ ਕਰਨ ਵਿੱਚ ਕੋਈ ਕਸਰ ਨਾ ਛੱਡੀ।  ਮਨੂੰਵਾਦ ਦੇ ਹਨ੍ਹੇਰੇ ਨੂੰ ਦੂਰ ਕਰਨ ਲਈ ਤਥਾਗਤ ਬੁੱਧ, ਭਗਵਾਨ ਵਾਲਮੀਕਿ ਤੋਂ ਲੈ ਕੇ ਗੁਰੂ ਰਵਿਦਾਸ, ਸਤਿਗੁਰੂ ਕਬੀਰ, ਸਤਿਗੁਰੂ ਨਾਨਕ ਦੇਵ ਜੀ ਅਤੇ ਅਨੇਕਾਂ ਮਹਾਂਪੁਰਖਾਂ ਨੇ ਯਤਨ ਕੀਤਾ, ਇਨ੍ਹਾਂ ਯਤਨਾਂ ਦਾ ਮਾਰਗ ਦਰਸ਼ਨ ਪ੍ਰਾਪਤ ਕਰਦੇ ਹੋਏ ਮਨੂੰਵਾਦੀ ਹਨ੍ਹੇਰੇ ਨੂੰ ਖਤਮ ਕਰਕੇ ਮਾਨਵਤਾਵਾਦੀ ਸੋਚ ਦੀ ਲੋਅ ਨੂੰ ਪ੍ਰਚੰਡ ਕਰਨ ਵਿੱਚ ਯੁਗਪੁਰਸ਼, ਕਲਮਯੋਗੀ ਡਾ. ਭੀਮ ਰਾਓ ਅੰਬੇਡਕਰ  ਕਾਫੀ ਹੱਦ ਤੱਕ ਕਾਮਯਾਬ ਹੋਏ, ਜਿਨ੍ਹਾਂ ਨੇ ਯੁਗਾਂ-ਯੁਗਾਂ ਤੋਂ ਫੈਲਾਏ ਜਾ ਰਹੇ ਝੂਠ, ਪਖੰਡ, ਅਸਮਾਨਤਾ ਦੇ ਦੋਸ਼ਾਂ ਨੂੰ ਸੰਵਿਧਾਨ ਦੀ ਤਾਕਤ ਨਾਲ ਖਤਮ ਕਰਨ ਦਾ ਭਰਪੂਰ ਯਤਨ ਕੀਤਾ। ਦਲਿਤਾਂ ਨੂੰ ਆਤਮ-ਸਨਮਾਨ ਨਾਲ ਜਿਊਣ ਲਈ ਸਹੀ ਅਰਥਾਂ ਵਿੱਚ ਰਸਤਾ ਬਾਬਾ ਸਾਹਿਬ ਅੰਬੇਡਕਰ ਨੇ ਹੀ ਦਰਸਾਇਆ। ਉਨ੍ਹਾਂ ਦੇ ਦਿਖਾਏ ਰਸਤੇ 'ਤੇ ਚੱਲ ਕੇ ਹੀ ਦਲਿਤ ਦੁੱਖਾਂ ਦੀ ਜ਼ਿੰਦਗੀ 'ਚੋਂ ਨਿਕਲ ਕੇ ਰਾਜ ਸੱਤਾ ਹਾਸਿਲ ਕਰ ਸਕਦਾ ਹੈ। ਇਹ ਹੈ ਭਾਰਤ ਦੇ ਵਾਰਿਸ, ਦਲਿਤ ਕੌਮ ਨੂੰ ਕਲਮ ਦੇ ਧਨੀ ਅੰਬੇਡਕਰ ਦੀ ਦੇਣ। ਇਹ ਦਲਿਤਾਂ ਨੂੰ ਦਿੱਤੀ ਬਾਬਾ ਸਾਹਿਬ ਅੰਬੇਡਕਰ ਦੀ ਤਾਕਤ ਹੀ ਹੈ ਕਿ ਵੋਟ ਦੇ ਲਾਲਚ 'ਚ ਅੰਨ੍ਹੀ ਹੋਈ ਤਕਰੀਬਨ ਅੱਜ ਹਰ ਰਾਜਨੀਤਿਕ ਪਾਰਟੀ ਮੂੰਹ ਚੁੱਕ ਕੇ ਬਾਬਾ ਸਾਹਿਬ ਅੰਬੇਡਕਰ ਨੂੰ ਆਪਣਾ ਮਸੀਹਾ ਦੱਸਦੀ ਨਹੀਂ ਥੱਕਦੀ। ਇੱਥੇ ਹੀ ਬਸ ਨਹੀਂ ਅੱਜ-ਕੱਲ੍ਹ ਤਾਂ ਉਨ੍ਹਾਂ ਦਲਿਤ ਵੋਟਰਾਂ ਨੂੰ ਆਪਣਾ ਮਾਂ-ਬਾਪ ਦੱਸਣ ਤੋਂ ਬਾਜ਼ ਨਹੀਂ ਆਉਂਦੇ, ਜਿਨ੍ਹਾਂ ਕੋਲੋਂ ਕਦੇ ਉਨ੍ਹਾਂ ਨੂੰ ਬਦਬੂ ਅਤੇ ਖਿਝ ਆਉਂਦੀ ਸੀ, ਕਿਉਂਕਿ ਉਹ ਜਾਣਦੇ ਹਨ ਕਿ ਲੋਕਤੰਤਰ ਵਿੱਚ ਸੱਤਾ ਦੀ ਚਾਬੀ ਬਹੁਗਿਣਤੀ ਵੋਟਰ ਦਲਿਤਾਂ ਦੇ ਹੱਥ ਹੈ, ਦਲਿਤ ਵੋਟਰ ਕਿਸੇ ਨੂੰ ਵੀ ਸੱਤਾ ਤੋਂ ਲਾਹ ਸਕਦਾ ਹੈ ਤੇ ਕਿਸੇ ਨੂੰ ਵੀ ਸੱਤਾ 'ਤੇ ਬਿਠਾ ਸਕਦਾ ਹੈ, ਨਾਲ ਇਹ ਵੀ ਗੱਲ ਸੱਚ ਹੈ ਕਿ ਜਿੱਥੇ ਰਾਜਨੀਤਿਕ   ਪਾਰਟੀਆਂ ਨੂੰ ਦਿਨ-ਰਾਤ ਦਲਿਤ ਵੋਟਾਂ ਦੇ ਸੁਪਨੇ ਆਉਂਦੇ ਹਨ। ਦੂਸਰੇ ਪਾਸੇ ਇਨ੍ਹਾਂ ਨੂੰ ਇਹ ਦਹਿਸ਼ਤ ਵੀ ਹਰ ਵੇਲੇ ਸਤਾਉਂਦੀ ਰਹਿੰਦੀ ਹੈ ਕਿ ਜਿਸ ਦਿਨ ਦਲਿਤਾਂ ਨੇ ਬਾਬਾ ਸਾਹਿਬ ਅੰਬੇਡਕਰ ਨੂੰ ਸਮਝ ਕੇ ਆਪਣੀ ਵੋਟ ਦੀ ਕੀਮਤ ਨੂੰ ਪਹਿਚਾਣਦੇ ਹੋਏ ਅੰਬੇਡਕਰੀ ਰਾਹ ਅਪਣਾ ਲਿਆ, ਉਸ ਦਿਨ ਇਨ੍ਹਾਂ ਰਾਜਨੀਤਿਕ ਪਾਰਟੀਆਂ ਅਤੇ ਸਵਾਰਥੀ ਲੀਡਰਾਂ ਦੀ ਰਾਜਨੀਤੀ ਜ਼ਿਆਦਾ ਦੇਰ ਨਹੀਂ ਚੱਲਣੀ। ਉਡੀਕ ਕਰਦਿਆਂ ਕਾਫੀ ਲੰਬਾ ਸਮਾਂ ਲੰਘ ਗਿਆ ਹੈ ਅਤੇ ਉਡੀਕ ਹੈ ਉਸ ਵੇਲੇ ਦੀ, ਜਿਸ ਵੇਲੇ ਅੰਬੇਡਕਰੀ ਲੋਕ ਇਕ ਮੰਚ 'ਤੇ ਇਕੱਠੇ ਹੋ ਕੇ ਪਾਖੰਡੀ ਮਨੂੰਵਾਦੀਆਂ ਨੂੰ ਨੱਥ ਪਾ ਕੇ ਕਾਨੂੰਨ ਦੀਆਂ ਜੰਜ਼ੀਰਾਂ 'ਚ ਬੰਨ੍ਹ ਕੇ ਜੇਲ੍ਹ ਦਾ ਰਸਤਾ ਦਿਖਾਉਣਗੇ ਤੇ ਖੁਦ ਰਾਜ ਸੱਤਾ 'ਤੇ ਕਾਬਜ਼ ਹੋ ਕੇ ਇਹੋ ਜਿਹਾ ਭਾਰਤ ਬਨਾਉਣਗੇ, ਜਿਸ ਵਿੱਚ 'ਭਾਰਤ ਮਾਤਾ ਦੀ ਜੈ' ਨਹੀਂ, ਭਾਰਤ 'ਚ ਰਹਿ ਰਹੀ ਹਰ ਮਾਂ ਦੀ 'ਜੈ-ਜੈ ਕਾਰ' ਹੋਵੇਗੀ। ਹਰ ਮਾਂ ਦੁੱਖਾਂ ਤੋਂ ਕੋਹਾਂ ਦੂਰ ਹੋਵੇਗੀ ਤੇ ਉਸ ਦੇ ਬੱਚਿਆਂ ਦਾ ਸੁਨਹਿਰੀ ਭਵਿੱਖ ਉਨ੍ਹਾਂ ਦੇ ਹੱਥਾਂ ਵਿੱਚ ਹੋਵੇਗਾ ਅਤੇ ਹਰ ਭਾਰਤੀ ਵਰਤਮਾਨ ਵਿੱਚ ਰਹਿ ਕੇ ਕਲਮਯੁੱਗ ਲਿਆਉਣ ਵਿੱਚ ਆਪਣਾ ਸਹਿਯੋਗ ਪਾਏਗਾ। ਆਓ ਕਲਮਯੋਗੀ ਬਣੀਏ ਤੇ ਬਾਬਾ ਸਾਹਿਬ ਅੰਬੇਡਕਰ ਦੇ ਸੁਪਨਿਆਂ ਦਾ ਕਲਮਯੁਗ ਬਣਾਈਏ।
- ਅਜੇ ਕੁਮਾਰ

Monday 16 May 2016

ਮਾਨਵਤਾ ਅਤੇ ਮਨੂੰਵਾਦ

ਮਾਨਵਤਾ ਦੇ ਬੂਟੇ ਨੂੰ ਸਿੰਜਣ 'ਚ ਤਥਾਗਤ ਬੁੱਧ, ਸਤਿਗੁਰੂ ਕਬੀਰ, ਸ੍ਰੀ ਗੁਰੂ ਰਵਿਦਾਸ ਜੀ, ਗੁਰੂ ਨਾਨਕ ਸਾਹਿਬ, ਮਹਾਤਮਾ ਜੋਤੀ ਰਾਓ ਫੂਲੇ, ਸਵਿਤਰੀ ਬਾਈ ਫੂਲੇ ਅਤੇ ਅਨੇਕਾਂ ਮਹਾਂਪੁਰਸ਼ਾਂ ਨੇ ਆਪਣਾ ਯੋਗਦਾਨ ਪਾਇਆ ਤਾਂ ਜਾ ਕੇ ਮਾਨਵਤਾ ਦੇ ਫਲਸਫੇ ਨੂੰ ਡਾ. ਭੀਮ ਰਾਓ ਅੰਬੇਡਕਰ ਜੀ ਨੇ ਅਮਲੀ ਜਾਮਾ ਦੇ ਕੇ ਲਿਖਤੀ ਰੂਪ ਵਿੱਚ ਇਤਿਹਾਸਕ ਦਸਤਾਵੇਜ਼ ਭਾਰਤੀ ਸੰਵਿਧਾਨ ਦਿੱਤਾ। ਦੂਜੇ ਪਾਸੇ ਮਨੂੰਵਾਦ ਦੇ ਜ਼ਹਿਰੀਲੇ ਦਰੱਖਤ ਨੂੰ ਪਾਖੰਡੀਆਂ, ਦੁਰਾਚਾਰੀਆਂ, ਚਰਿੱਤਰਹੀਣ, ਸਮੇਂ ਦੀਆਂ ਸਰਕਾਰਾਂ, ਧਰਮ ਦੇ ਨਾਂ 'ਤੇ ਵਪਾਰ ਕਰਨ ਵਾਲੇ ਸ਼ਾਤਰ ਲੋਕਾਂ ਅਤੇ ਤਥਾਕਥਿਤ ਅੰਬੇਡਕਰੀ ਹੋਣ ਦਾ ਦਾਅਵਾ ਕਰਨ ਵਾਲਿਆਂ ਨੇ ਆਪਣੀ ਲੀਡਰੀ ਚਮਕਾਉਣ ਦੇ ਲਈ ਸਮੇਂ-ਸਮੇਂ 'ਤੇ ਪਾਣੀ ਦਿੱਤਾ, ਉਸ ਦੀ ਗੋਡੀ ਕੀਤੀ, ਜਿਸ ਦਾ ਨੁਕਸਾਨ ਹਰ ਭਾਰਤੀ ਨੂੰ ਭੁਗਤਣਾ ਪਿਆ ਤੇ ਇਸ ਸਮੇਂ ਇਸ ਜ਼ਹਿਰੀਲੇ ਬੂਟੇ ਕਰਕੇ ਭਾਰਤ ਦੇ ਹਾਲਾਤ ਇਹ ਹਨ ਕਿ ਭਾਰਤ ਭੁੱਖਮਰੀ ਦੇ ਮਾਮਲੇ 'ਚ, ਅਨਪੜ੍ਹਤਾ ਅਤੇ ਕਈ ਹੋਰ ਅਜਿਹੀਆਂ ਘਾਤਕ ਸਮਾਜਿਕ ਬੁਰਾਈਆਂ ਦੇ ਜਾਲ ਵਿੱਚ ਬੁਰੀ ਤਰ੍ਹਾਂ ਫਸ ਗਿਆ ਹੈ, ਜੇ ਇੰਝ ਹੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਮਨੂੰਵਾਦ ਦੇ ਬੂਟੇ ਦਾ ਸਭ ਤੋਂ ਤਿੱਖਾ ਕੰਡਾ ਵਰਣ ਵਿਵਸਥਾ ਦੇ ਕਾਰਣ ਭਾਰਤ ਦੁਨੀਆਂ ਦੇ ਨਕਸ਼ੇ ਤੋਂ ਅਲੋਪ ਹੋ ਜਾਵੇਗਾ। ਸਮਾਂ ਰਹਿੰਦੇ ਭਾਰਤ ਦੀ ਹੋਂਦ ਨੂੰ ਬਚਾਉਣ ਲਈ ਭਾਰਤੀ ਸੰਵਿਧਾਨ ਨੂੰ ਜੇ ਪੂਰੀ ਇਮਾਨਦਾਰੀ ਨਾਲ ਲਾਗੂ ਨਾ ਕੀਤਾ ਗਿਆ ਤਾਂ ਜੋ ਹਾਲਾਤ ਇਸ ਸਮੇਂ ਭਾਰਤ ਦੇ ਲੋਕਾਂ ਦੇ ਹਨ, ਇਸ ਤੋਂ ਵੀ ਬੱਦਤਰ ਹਾਲਾਤਾਂ ਦਾ ਸਾਹਮਣਾ ਕਰਨਾ ਪਵੇਗਾ। ਮਾਨਵਤਾ ਦਾ ਝੰਡਾ ਬੁਲੰਦ ਰੱਖਣ ਲਈ ਸੰਵਿਧਾਨ ਨੂੰ ਪੂਰੀ ਇਮਾਨਦਾਰੀ ਨਾਲ ਲਾਗੂ ਕਰਨਾ ਪਵੇਗਾ। ਸੰਵਿਧਾਨ ਨੂੰ ਲਾਗੂ ਕਰਵਾਉਣ ਲਈ ਸਾਨੂੰ  ਆਪਣੇ ਮਹਾਂਪੁਰਸ਼ਾਂ ਵੱਲੋਂ ਦਿੱਤੇ ਗਏ ਉਪਦੇਸ਼ਾਂ ਨੂੰ ਤੋਤੇ ਵਾਂਗੂੰ ਰਟਣ ਅਤੇ ਮਹਾਂਪੁਰਸ਼ਾਂ ਦੀ ਉਸਤਤ ਕਰਨ ਦੀ ਬਜਾਏ ਉਨ੍ਹਾਂ ਦੇ ਦਰਸਾਏ ਰਸਤੇ 'ਤੇ ਚੱਲਣਾ ਪਵੇਗਾ। ਦੁਨੀਆਂ ਦੇ ਸਭ ਤੋਂ ਖੂਬਸੂਰਤ ਭਾਰਤੀ ਸੰਵਿਧਾਨ ਨੂੰ ਪੂਰੀ ਇਮਾਨਦਾਰੀ ਨਾਲ ਲਾਗੂ ਕਰਵਾ ਕੇ ਹਰ ਭਾਰਤੀ ਨੂੰ ਤਰਕਸ਼ੀਲ, ਨਿਡਰ, ਤੰਦਰੁਸਤ ਅਤੇ ਬੁੱਧੀਮਾਨ ਬਣਨ ਲਈ ਬਰਾਬਰ ਦੇ ਮੌਕੇ ਦਿੱਤੇ ਜਾਣ ਤਾਂ ਜੋ ਅਸੀਂ ਭਾਰਤ ਨੂੰ ਪੱਥਰ ਯੁੱਗ ਤੋਂ ਪਰ੍ਹੇ ਲੈ ਜਾ ਕੇ ਵਿਗਿਆਨਕ ਯੁੱਗ ਵਿੱਚ ਵਿਸ਼ਵ ਦਾ ਸਿਰਮੌਰ ਦੇਸ਼ ਅਤੇ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਨੂੰ ਸ਼ਕਤੀਸ਼ਾਲੀ ਬਣਾ ਸਕੀਏ। ਤੁਹਾਡੇ ਸੁਝਾਅ ਦੇ ਇੰਤਜ਼ਾਰ 'ਚ।         - ਅਜੇ ਕੁਮਾਰ

Monday 9 May 2016

ਪਹਿਲਾ ਪੌਡਾ

ਭਾਰਤ ਦੇਸ਼ ਦੇ ਮਾਲਕ ਮੂਲ ਨਿਵਾਸੀਆਂ ਦੀ ਡੇਢ ਸੌ ਪੀੜ੍ਹੀਆਂ ਦੀ ਗੁਲਾਮੀ ਦਾ ਅੰਤ ਕਰਨ ਲਈ ਬਾਬਾ ਸਾਹਿਬ ਅੰਬੇਡਕਰ ਨੇ ਆਪਣਾ ਪੂਰਾ ਜੀਵਨ ਅਤੇ ਆਪਣੇ ਪਰਿਵਾਰ ਨੂੰ ਵਾਰ ਕੇ ਮੂਲ ਨਿਵਾਸੀਆਂ ਨੂੰ ਮੁੜ ਰਾਜ ਸੱਤਾ ਹਥਿਆਉਣ ਲਈ ਤਿੰਨ ਮੂਲ ਮੰਤਰ ਦਿੱਤੇ। ਪੜ੍ਹੋ-ਲਿਖੋ, ਸੰਘਰਸ਼ ਕਰੋ, ਜੁੜੋ। ਇਨ੍ਹਾਂ ਤਿੰਨ ਮੂਲ ਮੰਤਰਾਂ ਨੂੰ ਅਪਨਾਉਣ ਦੇ ਨਾਲ-ਨਾਲ ਬਾਬਾ ਸਾਹਿਬ ਅੰਬੇਡਕਰ ਜੀ ਨੇ ਸਬਰ, ਗਿਆਨ ਅਤੇ ਚਰਿੱਤਰ ਨੂੰ ਵੀ ਆਪਣੇ ਜੀਵਨ ਦਾ ਮੁੱਖ ਹਿੱਸਾ ਬਣਾਉਣ ਲਈ ਜ਼ੋਰ ਦਿੱਤਾ। ਦੂਜੇ ਪਾਸੇ ਵਰਣ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਲਈ ਮਨੂੰਵਾਦੀਆਂ ਨੇ ਸਮੇਂ-ਸਮੇਂ 'ਤੇ ਆਪਣੀ ਨੀਤੀ ਨੂੰ ਅਲੱਗ-ਅਲੱਗ ਢੰਗ ਨਾਲ ਅਮਲ ਵਿੱਚ ਲਿਆਉਂਦੇ ਹੋਏ ਆਪਣੀ ਨੀਯਤ 'ਚ ਕੋਈ ਫ਼ਰਕ ਨਹੀਂ ਪਾਇਆ। ਨੀਯਤ ਉਨ੍ਹਾਂ ਦੀ ਇਹੋ ਸੀ, ਇਹੋ ਹੈ ਤੇ ਇਹੋ ਹੀ ਰਹੇਗੀ ਕਿ ਮੂਲ ਨਿਵਾਸੀ ਬਾਬਾ ਸਾਹਿਬ ਅੰਬੇਡਕਰ ਜੀ ਦੇ ਮੂਲ ਮੰਤਰ ਤੋਂ ਭਟਕ ਕੇ ਹੋਰ ਹੀ ਕੰਮਾਂ ਵਿੱਚ ਉਲਝੇ ਰਹਿਣ। ਇਸ ਵਿਚਾਰ 'ਤੇ ਗੌਰ ਕਰਦੇ ਹੋਏ ਮੌਜੂਦਾ ਸਮੇਂ 'ਚ ਮੂਲ ਨਿਵਾਸੀਆਂ ਦੀ ਦਸ਼ਾ ਅਤੇ ਦਿਸ਼ਾ ਦੀ ਘੋਖ ਕਰਨਾ ਬਹੁਤ ਜ਼ਰੂਰੀ ਹੈ। ਇਸ ਲੇਖ ਵਿੱਚ ਸਿਰਫ਼ ਬਾਬਾ ਸਾਹਿਬ ਦਾ ਸਭ ਤੋਂ ਪਹਿਲਾ ਮੂਲ ਮੰਤਰ ਪੜ੍ਹੋ ਲਿਖੋ 'ਤੇ ਵਿਸਥਾਰ ਪੂਰਵਕ ਚਰਚਾ ਕਰਦੇ ਹਾਂ। ਅੱਜ ਪੰਜਾਬ ਵਿੱਚ ਸਿੱਖਿਆ ਦੇ ਨਾਂ 'ਤੇ ਸਰਕਾਰੀ ਸਕੂਲਾਂ ਵਿੱਚ ਮਜ਼ਾਕ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਲੁੱਟ-ਖਸੁੱਟ ਹੋ ਰਹੀ ਹੈ ਤਾਂ ਜੋ ਗਰੀਬ ਲੋਕ ਪੜ੍ਹਨ ਦੀ ਬਜਾਏ ਸਰਮਾਏਦਾਰਾਂ ਦੇ ਸੀਰੀ ਹੀ ਬਣੇ ਰਹਿਣ। ਦੂਜੇ ਪਾਸੇ ਮੂਲ ਨਿਵਾਸੀਆਂ ਵੱਲੋਂ ਐਜੂਕੇਸ਼ਨ ਨੂੰ ਬਾਬਾ ਸਾਹਿਬ ਦੇ ਨਿਰਦੇਸ਼ਾਂ ਮੁਤਾਬਿਕ ਲਾਗੂ ਕਰਵਾਉਣ ਲਈ ਭਾਵੇਂ ਸਮਾਜਿਕ, ਰਾਜਨੀਤਿਕ ਅਤੇ ਕਿਤੇ-ਕਿਤੇ ਧਾਰਮਿਕ ਫਰੰਟ 'ਤੇ ਵੀ ਲੜਾਈ ਲੜੀ ਜਾ ਰਹੀ ਹੈ ਪਰ ਫਿਲਹਾਲ ਇਨ੍ਹਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦਾ ਸਿੱਟਾ ਇਹ ਹੈ ਕਿ ਸਹੀ ਢੰਗ ਨਾਲ ਪੜ੍ਹਾਈ-ਲਿਖਾਈ ਪ੍ਰਾਪਤ ਕਰਨ ਦੇ ਮਾਮਲੇ ਵਿੱਚ ਸਿਰਫ 5 ਪ੍ਰਤੀਸ਼ਤ ਦਲਿਤ ਹੀ ਕਾਮਯਾਬ ਹੋ ਸਕਿਆ ਹੈ, ਜਿਸ ਕਾਰਣ ਅਗਲੇ ਦੋ ਮੂਲ ਮੰਤਰ ਸੰਘਰਸ਼ ਅਤੇ ਆਪਸੀ ਇਕੱਠ ਹਾਲੇ ਬਹੁਤ ਦੂਰ ਹਨ ਇਸ ਕਰਕੇ ਸੱਤਾ ਪ੍ਰਾਪਤੀ ਦੀ ਗੱਲ ਕਰਨਾ ਹਾਲੇ ਸ਼ੇਖ ਚਿੱਲੀ ਦਾ ਸੁਪਨਾ ਹੀ ਕਿਹਾ ਜਾ ਸਕਦਾ ਹੈ, ਕਿਉਂਕਿ ਜੇਕਰ ਅਸੀਂ ਸੱਤਾ ਪ੍ਰਾਪਤ ਕਰਨ ਦਾ ਪਹਿਲਾ ਪੌਡਾ ਹੀ ਮਜ਼ਬੂਤੀ ਨਾਲ ਤਿਆਰ ਨਹੀਂ ਕਰ ਸਕੇ ਤਾਂ ਸੱਤਾ ਪ੍ਰਾਪਤ ਕਰਨ ਦੇ ਬਾਰੇ ਸਟੇਜਾਂ ਅਤੇ ਸ਼ੋਸ਼ਲ ਮੀਡੀਆ 'ਤੇ ਲੰਬੇ-ਚੌੜੇ ਭਾਸ਼ਣ ਦੇਣ ਦਾ ਮਤਲਬ ਇਹ ਹੈ ਕਿ ਬੋਲਣ ਵਾਲੇ ਸਿਰਫ ਤੇ ਸਿਰਫ ਆਪਣਾ ਅਤੇ ਸੁਣਨ ਵਾਲਿਆਂ  ਦਾ ਬੇਸ਼ਕੀਮਤੀ ਸਮਾਂ ਖਰਾਬ ਕਰ ਰਹੇ ਹਨ, ਜਿਸ ਨਾਲ ਸਮਾਜ ਤਕੜਾ ਹੋਣ ਦੀ ਬਜਾਏ ਕਮਜ਼ੋਰ ਹੁੰਦਾ ਜਾ ਰਿਹਾ ਹੈ। ਆਉ ਬਾਬਾ ਸਾਹਿਬ ਅੰਬੇਡਕਰ ਜੀ ਦੇ ਪਹਿਲਾ ਮੂਲ ਮੰਤਰ ਪੜ੍ਹੋ-ਲਿਖੋ ਨੂੰ ਅੰਬੇਡਕਰੀ ਢੰਗ ਨਾਲ ਪੰਜਾਬ ਦੇ ਨਾਲ-ਨਾਲ ਪੂਰੇ ਦੇਸ਼ 'ਚ ਲਾਗੂ ਕਰਾਉਣ ਲਈ ਆਪਣਾ-ਆਪਣਾ ਸਹਿਯੋਗ ਪਾਈਏ। ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ। ਅਜਿਹਾ ਨਹੀਂ ਹੈ ਕਿ ਇਸ ਸਬੰਧ 'ਚ ਮੂਲ ਨਿਵਾਸੀ ਕੰਮ ਨਹੀਂ ਕਰ ਰਹੇ। ਬਹੁਤ ਸਾਰੇ ਵਿਅਕਤੀ ਅਤੇ ਬਹੁਤ ਸਾਰੀਆਂ ਸੰਸਥਾਵਾਂ ਪੜ੍ਹੋ-ਲਿਖੋ ਦੇ ਮੂਲ ਮੰਤਰ 'ਤੇ ਕੰਮ ਕਰ ਰਹੀਆਂ ਹਨ ਪਰ ਇਨ੍ਹਾਂ ਦਾ ਆਪਸੀ ਤਾਲਮੇਲ ਨਹੀਂ ਹੈ। ਇਸ ਆਪਸੀ ਤਾਲਮੇਲ ਨੂੰ ਬਣਾਉਣ ਲਈ ਆਪਣੇ-ਆਪਣੇ ਸੁਝਾਅ ਭੇਜ ਕੇ ਪੰਜਾਬ 'ਚ ਦਿਨੋਂ-ਦਿਨ ਡਿੱਗ ਰਹੇ ਸਿੱਖਿਆ ਦੇ ਮਿਆਰ ਅਤੇ ਅੰਬੇਡਕਰੀ ਵਿਚਾਰਧਾਰਾ ਨੂੰ ਮਜ਼ਬੂਤ ਕਰਨ ਲਈ ਆਪਣੇ ਸੁਝਾਅ ਜ਼ਰੂਰ ਦਿਉ। ਤੁਹਾਡੇ ਸੁਝਾਵਾਂ ਦੇ ਇੰਤਜ਼ਾਰ 'ਚ। ਆਪ ਜੀ ਦਾ ਸ਼ੁਭ ਚਿੰਤਕ।                     
- ਅਜੈ ਕੁਮਾਰ, (98787-83901)