Monday 30 May 2016

ਚਿੰਗਾਰੀ ਜਲ ਰਹੀ ਹੈ

ਕਈ ਸਦੀਆਂ ਪਹਿਲਾਂ ਬਾਹਰੋਂ ਆਏ ਆਰੀਆ ਲੋਕਾਂ ਨੇ ਮੂਲ ਨਿਵਾਸੀਆਂ ਨੂੰ ਜਿੱਤ ਕੇ ਇਨ੍ਹਾਂ ਨੂੰ ਆਪਣਾ ਗੁਲਾਮ ਬਣਾ ਲਿਆ। ਇਨ੍ਹਾਂ ਦੇ ਸਾਧਨਾਂ 'ਤੇ ਕਬਜ਼ਾ ਕਰ ਲਿਆ, ਕਹਿਣ ਦਾ ਭਾਵ ਇਨ੍ਹਾਂ ਦਾ ਰਾਜ ਖੋਹ ਲਿਆ ਤੇ ਮਨੁੱਖਤਾ ਦੀ ਜਗ੍ਹਾ ਭਾਰਤ 'ਚ ਮਨੂੰਵਾਦ ਲਾਗੂ ਕਰ ਦਿੱਤਾ। ਮਨੂੰਵਾਦ ਤੋਂ ਭਾਵ ਵਰਣ-ਵਿਵਸਥਾ। ਮਨੂੰਵਾਦ ਨੇ ਗੁਲਾਮਾਂ ਲਈ ਪਰਿਭਾਸ਼ਾ ਦਿੱਤੀ ਸ਼ੂਦਰ। ਹਾਰੇ ਹੋਏ ਮੂਲ ਨਿਵਾਸੀਆਂ ਦਾ ਮਨੋਬਲ ਤੋੜਨ ਖਾਤਰ ਉਨ੍ਹਾਂ ਨੂੰ ਸਮਾਜ ਦੇ ਸਭ ਤੋਂ ਗੰਦੇ ਕੰਮ ਸੌਂਪੇ ਗਏ। ਜਿਵੇਂ ਸਫਾਈ ਕਰਨਾ, ਮਰੇ ਡੰਗਰਾਂ ਦਾ ਚਮੜਾ ਲਾਹੁਣਾ, ਜੁਲਾਹੇ ਦਾ ਕੰਮ, ਕਹਿਣ ਦਾ ਭਾਵ ਹਰ ਤਰ੍ਹਾਂ ਦੀ ਮਜ਼ਦੂਰੀ ਦਾ ਕੰਮ। ਸਮਾਜ ਚਲਾਉਣ ਲਈ ਇਹ ਕੰਮ ਤਾਂ ਜ਼ਰੂਰੀ ਸਨ ਪਰ ਇਨ੍ਹਾਂ ਕੰਮਾਂ ਨੂੰ ਕਰਨ ਵਾਲੇ ਲੋਕਾਂ ਨੂੰ ਇੱਜ਼ਤ ਦੇਣ ਦੀ ਬਜਾਏ ਦਬਾਅ ਕੇ ਉਲਟਾ ਇਨ੍ਹਾਂ ਦਾ ਸ਼ੋਸ਼ਣ ਕਰਨਾ ਆਪਣਾ ਧਰਮ ਅਤੇ ਹੱਕ ਸਮਝਣ ਲੱਗ ਪਏ ਮਨੂੰ ਦੇ ਚੇਲੇ ਗਾਂਧੀਵਾਦੀ ਲੋਕ। ਕਿਸੇ ਵੀ ਸਮਾਜ ਨੂੰ ਕਮਜ਼ੋਰ ਕਰਨ ਲਈ ਸਭ ਤੋਂ ਜ਼ਰੂਰੀ ਕੰਮ ਹੁੰਦਾ ਹੈ ਕਿ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਵਿੱਦਿਆ ਤੋਂ ਵਾਂਝਾ ਕਰ ਦਿੱਤਾ ਜਾਵੇ। ਉਸ ਸਮੇਂ ਦੇ ਚੱਲ ਰਹੇ ਕਾਨੂੰਨ ਨੂੰ ਰਾਜੇ ਮਨੂੰ ਨੇ ਮਨੂੰ ਸਮ੍ਰਿਤੀ ਦਾ ਲਿਖਤੀ ਸਵਰੂਪ ਦੇ ਕੇ ਅਜਿਹਾ ਪ੍ਰਬੰਧ ਕੀਤਾ ਕਿ ਮੂਲ ਨਿਵਾਸੀ ਸਿੱਖਿਆ ਤੋਂ ਵਾਂਝੇ ਰਹਿ ਜਾਣ ਅਤੇ ਆਪਣੇ ਉੱਪਰ ਹੋਣ ਵਾਲੇ ਸ਼ੋਸ਼ਣ ਦੇ ਖਿਲਾਫ ਆਵਾਜ਼ ਵੀ ਨਾ ਚੁੱਕ ਸਕਣ। ਸ਼ੂਦਰਾਂ ਦੇ ਸ਼ੋਸ਼ਣ ਦਾ ਏਨਾ ਭਿਆਨਕ ਰੂਪ ਹੋ ਗਿਆ ਕਿ ਜੇਕਰ ਕੋਈ ਸ਼ੂਦਰ ਵਿੱਦਿਆ ਪ੍ਰਾਪਤ ਕਰਨ ਲਈ ਧਾਰਮਿਕ ਗ੍ਰੰਥਾਂ ਨੂੰ ਗਲਤੀ ਨਾਲ ਸੁਣ ਜਾਂ ਪੜ੍ਹ ਲੈਂਦਾ ਤਾਂ ਉਸ ਨੂੰ ਬੜੀਆਂ ਕਠੋਰ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ, ਜਿਨ੍ਹਾਂ ਵਿੱਚ ਕਦੇ-ਕਦੇ ਉਨ੍ਹਾਂ ਦੀ ਜੀਭ ਕੱਟ ਦਿੱਤੀ ਜਾਂਦੀ ਤੇ ਕਦੇ ਉਨ੍ਹਾਂ ਦੇ ਕੰਨਾਂ ਵਿੱਚ ਸੀਸਾ ਪਾ ਦਿੱਤਾ ਜਾਂਦਾ। ਅਜਿਹਾ ਭਾਰਤ ਦੇ ਇਤਿਹਾਸਕਾਰ ਆਪਣੀਆਂ ਲਿਖਤਾਂ ਰਾਹੀਂ ਸਾਨੂੰ ਦੱਸਦੇ ਹਨ। ਇਤਿਹਾਸ ਵਿੱਚ ਇਸ ਗੱਲ ਦੀ ਬਹੁਤ ਚਰਚਾ ਤਾਂ ਨਹੀਂ ਪਰ ਮੈਂ ਮਹਿਸੂਸ ਕਰ ਸਕਦਾ ਹਾਂ ਕਿ ਆਰੀਆ ਵੱਲੋਂ ਮੂਲ ਨਿਵਾਸੀਆਂ 'ਤੇ ਜਿੱਤ ਦਾ ਮੁੱਖ ਕਾਰਣ ਜ਼ਰੂਰ ਮੂਲ ਨਿਵਾਸੀਆਂ ਦੀ ਫੁੱਟ ਹੀ ਸੀ। ਇਤਿਹਾਸ ਗਵਾਹ ਹੈ ਕਿ ਅਸੀਂ ਯੁਗਾਂ-ਯੁਗਾਂ ਤੋਂ ਬਿੱਲੀਆਂ ਵਾਂਗ ਲੜਦੇ ਰਹੇ ਤੇ ਬਾਹਰਲੇ ਬਾਂਦਰ ਸਾਡੇ 'ਤੇ ਰਾਜ ਕਰਦੇ ਰਹੇ। ਇਹ ਸਿਲਸਿਲਾ ਆਰੀਆ 'ਤੇ ਨਹੀਂ ਰੁਕਿਆ। ਆਰੀਆ ਤੋਂ ਬਾਅਦ ਕਈ ਸਦੀਆਂ ਮੁਗਲਾਂ ਨੇ ਦੇਸ਼ 'ਤੇ ਰਾਜ ਕੀਤਾ,  ਮੁਗਲਾਂ ਤੋਂ ਬਾਅਦ ਅੰਗਰੇਜ਼ਾਂ ਨੇ ਦੇਸ਼ 'ਤੇ ਰਾਜ ਕੀਤਾ, ਅੰਗਰੇਜ਼ਾਂ ਤੋਂ ਬਾਅਦ ਪਿਛਲੇ 60 ਵਰ੍ਹਿਆਂ ਤੋਂ ਭਾਰਤ 'ਚ ਰਾਜ ਤਾਂ ਜ਼ਰੂਰ ਅਲੱਗ-ਅਲੱਗ ਸਿਆਸੀ ਪਾਰਟੀਆਂ ਨੇ ਕੀਤਾ ਪਰ ਇਨ੍ਹਾਂ ਦੀਆਂ ਹਰਕਤਾਂ ਕਿਸੇ ਵੀ ਬਾਹਰਲੀ ਸ਼ਕਤੀ ਨਾਲੋਂ ਅਲੱਗ ਨਹੀਂ। ਲੁੱਟਦੇ ਬਾਹਰਲੇ ਵੀ ਸੀ, ਕੰਮ ਇਨ੍ਹਾਂ ਦਾ ਵੀ ਲੁੱਟ-ਖਸੁੱਟ ਦਾ ਹੀ ਹੈ। ਮਾਰਦੇ ਬਾਹਰਲੇ ਵੀ ਸੀ ਤੇ ਜੀਣਾ ਇਨ੍ਹਾਂ ਦੇ ਰਾਜ 'ਚ ਵੀ ਔਖਾ ਹੈ, ਕਿਉਂਕਿ ਆਜ਼ਾਦੀ ਤੋਂ ਬਾਅਦ ਵੀ ਰਾਜ ਗਾਂਧੀ ਦੇ ਚੇਲਿਆਂ ਦਾ ਹੀ ਦੇਸ਼ ਵਿੱਚ ਰਿਹਾ ਹੈ।  ਗਰੀਬ, ਕਮਜ਼ੋਰ ਉਸ ਵੇਲੇ ਵੀ ਆਪਣੇ ਮੂਲ ਹੱਕਾਂ ਤੋਂ ਵਾਂਝੇ ਸੀ ਤੇ ਅਜੇ ਵੀ ਆਪਣੇ ਹੱਕਾਂ ਦੀ ਉਡੀਕ ਹਰ ਕਮਜ਼ੋਰ ਭਾਰਤੀ ਨੂੰ ਹੈ। ਅੱਜ  ਬਹੁਗਿਣਤੀ ਮੂਲ ਨਿਵਾਸੀ ਜਿਨ੍ਹਾਂ ਨੂੰ ਦਲਿਤ ਕਿਹਾ ਜਾਂਦਾ ਹੈ, ਪੱਛੜਾ ਕਿਹਾ ਜਾਂਦਾ ਹੈ, ਗੁਲਾਮੀ ਦੀ ਚੁੰਗਲ 'ਚੋਂ ਨਹੀਂ ਨਿਕਲ ਰਿਹਾ। ਸਮਾਜ ਦੀ ਵਿਵਸਥਾ ਅਜਿਹੀ ਹੈ ਕਿ ਉਪਰ ਬੈਠਾ ਤਕੜਾ ਸਦਾ ਤੋਂ ਥੱਲੇ ਬੈਠੇ ਕਮਜ਼ੋਰ ਨੂੰ ਆਪਣੀ ਜੁੱਤੀ ਥੱਲੇ ਰਗੜਨ 'ਚ ਆਪਣਾ ਮਾਣ, ਯਸ਼, ਧਰਮ ਅਤੇ ਫਰਜ਼ ਸਮਝਦਾ ਹੈ। ਅਫਸੋਸ ਦੀ ਗੱਲ ਇਹ ਹੈ ਕਿ ਜ਼ਿਆਦਾਤਰ ਬਹੁਗਿਣਤੀ ਦਲਿਤ ਇਸ ਗੁਲਾਮੀ ਦਾ ਆਨੰਦ ਮਾਨਣ ਲੱਗ ਪਏ ਹਨ। ਉਹ ਗੁਲਾਮੀ ਤੋਂ ਬਾਹਰ ਨਿਕਲਣ ਦਾ ਰਸਤਾ ਲੱਭਣ ਦੀ ਬਜਾਏ ਆਪਣੇ ਦਿਲੋਂ ਮੰਨ ਚੁੱਕੇ ਹਨ ਕਿ ਇਹ ਉਨ੍ਹਾਂ ਦੇ ਜੀਵਨ ਦਾ ਅੰਗ ਹੈ, ਉਨ੍ਹਾਂ ਦੇ ਪਿਉ-ਦਾਦੇ ਵੀ ਇਸੇ ਤਰ੍ਹਾਂ ਗੁਜ਼ਾਰਾ ਕਰਦੇ ਰਹੇ ਹਨ ਤੇ ਉਨ੍ਹਾਂ ਦਾ ਜੀਵਨ ਵੀ ਇਸੇ ਤਰ੍ਹਾਂ ਸੇਵਾ ਕਰਦੇ ਹੀ ਨਿਕਲਣਾ ਹੈ। ਬਾਬਾ ਸਾਹਿਬ ਵੱਲੋਂ ਦਿੱਤੇ ਗਏ ਭਾਰਤੀ ਸੰਵਿਧਾਨ ਦੇ ਅਨੁਸਾਰ ਭਾਰਤ ਦੀ ਵਿਵਸਥਾ ਦੇ ਮੁਤਾਬਿਕ ਹਰ ਮਨੁੱਖ ਬਰਾਬਰ ਹੈ, ਭਾਰਤੀ ਕਾਨੂੰਨ ਦੇ ਕਾਰਣ ਕੋਈ ਤਾਕਤ ਅਜਿਹੀ ਨਹੀਂ ਜੋ ਦਲਿਤ ਨੂੰ ਸਿੱਖਿਆ ਲੈਣ ਤੋਂ ਰੋਕ ਸਕੇ, ਕੋਈ ਤਾਕਤ ਅਜਿਹੀ ਨਹੀਂ ਜੋ ਇਸ ਨੂੰ ਬਰਾਬਰਤਾ ਦੇ ਹੱਕ ਲੈਣ ਤੋਂ ਵਾਂਝਾ ਕਰ ਸਕੇ। ਸਮੱਸਿਆ ਇਹ ਹੈ ਕਿ ਜੋ ਵੀ ਵਿਵਸਥਾ ਦਾ ਅੰਗ ਬਣਦਾ ਹੈ, ਰਾਜ ਵਿੱਚ ਜਾ ਕੇ ਬੈਠਦਾ ਹੈ, ਉਹ ਸੱਤਾ ਦੇ ਆਨੰਦ ਵਿੱਚ ਇੰਨਾ ਡੁੱਬ ਜਾਂਦਾ ਹੈ ਤੇ ਭੁੱਲ ਜਾਂਦਾ ਹੈ ਕਿ ਉਸ ਦੇ ਸਾਥੀ ਹਾਲੇ ਵੀ ਗੁਲਾਮੀ ਦੀ ਗਰਤ ਵਿੱਚ ਡੋਬੇ ਖਾ ਰਹੇ ਹਨ। ਇਹ ਉਸ ਦਾ ਫਰਜ਼ ਹੈ ਕਿ ਆਪਣੇ ਸਾਥੀਆਂ ਨੂੰ ਗੁਲਾਮੀ ਦੀ ਗਰਤ 'ਚੋਂ ਕੱਢ ਕੇ ਇੱਜ਼ਤ-ਮਾਣ ਦੀ ਜ਼ਿੰਦਗੀ ਜਿਊਣ 'ਚ ਸਹਿਯੋਗ ਕਰੇ। ਸਮੇਂ ਦੀਆਂ ਸਰਕਾਰਾਂ ਕਦੇ ਭਾਰਤ ਨੂੰ ਸ਼ਾਇਨਿੰਗ ਇੰਡੀਆ, ਕਦੇ ਮਜ਼ਬੂਤ ਇੰਡੀਆ, ਕਦੇ ਅੱਛੇ ਦਿਨ ਤੇ ਕਦੇ ਆਪਣੇ ਰਾਜ ਨੂੰ ਸਵਰਨ ਯੁੱਗ ਆਖਦੀਆਂ ਹਨ। ਪੂਰਾ ਵਿਸ਼ਵ ਇਸ ਗਲੋਬਲਾਈਜੇਸ਼ਨ ਦੇ ਦੌਰ ਵਿੱਚ ਇਕ ਹੋ ਰਿਹਾ ਹੈ ਪਰ ਮੂਲ ਨਿਵਾਸੀ ਅਜੇ ਵੀ ਗੁਲਾਮੀ ਦੇ ਅਹਿਸਾਸ ਵਿੱਚ ਜੀਣ ਨੂੰ ਮਜਬੂਰ ਹਨ, ਅਜੇ ਤੱਕ ਮੂਲ ਨਿਵਾਸੀ ਆਜ਼ਾਦ ਨਹੀਂ ਹੋਏ। ਬਾਬਾ ਸਾਹਿਬ ਨੇ ਭਾਰਤੀ ਸੰਵਿਧਾਨ ਬਣਾ ਕੇ ਕਾਨੂੰਨ ਦੀ ਅਜਿਹੀ ਮਸ਼ਾਲ ਜਲਾਈ ਸੀ ਜਿਸ ਨਾਲ ਅਜਿਹੀ ਰੌਸ਼ਨੀ ਫੈਲੀ ਕਿ ਹਰ ਮੂਲ ਨਿਵਾਸੀ ਨੂੰ ਆਪਣੀ ਤਾਕਤ ਦਾ ਅਹਿਸਾਸ ਹੋ ਗਿਆ ਤੇ ਯੁਗਾਂ-ਯੁਗਾਂ ਤੋਂ ਭਾਰਤੀ ਮੂਲ ਨਿਵਾਸੀਆਂ ਦਾ ਹੱਕ ਖੋਹਣ ਵਾਲਿਆਂ ਨੂੰ ਅਹਿਸਾਸ ਹੋ ਗਿਆ ਕਿ ਯੁਗ ਬਦਲ ਗਿਆ ਹੈ। ਦਲਿਤ ਤੋਂ ਬਿਨਾਂ ਕੋਈ ਸਰਕਾਰ ਨਹੀਂ ਬਣ ਸਕਦੀ, ਰਾਜ ਨਹੀਂ ਕਰ ਸਕਦੀ, ਚੋਣਾਂ ਨਹੀਂ ਜਿੱਤੀਆਂ ਜਾ ਸਕਦੀਆਂ ਪਰ ਦਲਿਤ ਅਜੇ ਵੀ ਸੱਤਾ ਤੋਂ ਕੋਹਾਂ ਦੂਰ ਹੈ। ਉਹ ਅਜੇ ਵੀ ਬਾਬਾ ਸਾਹਿਬ ਵੱਲੋਂ ਦਿੱਤੀ ਤਾਕਤ ਦਾ ਅਹਿਸਾਸ ਨਹੀਂ ਕਰ ਪਾਇਆ। ਉਹ ਸਮਝ ਨਹੀਂ ਸਕਿਆ ਕਿ ਬਾਬਾ ਸਾਹਿਬ ਵੱਲੋਂ ਜਲਾਈ ਗਈ ਮਸ਼ਾਲ ਇਕ ਅਜਿਹੀ ਅੱਗ ਹੈ ਜੋ ਸੱਤਾ ਪਰਿਵਰਤਨ ਦੀ ਤਾਕਤ ਹੈ ਅਤੇ ਜੋ ਸੈਂਕੜੇ ਵਰ੍ਹਿਆਂ ਦੀ ਗੁਲਾਮੀ ਨੂੰ ਸੁਆਹ ਕਰਕੇ ਮੁੜ ਮੂਲ ਨਿਵਾਸੀਆਂ ਦਾ ਰਾਜ ਇਸ ਭਾਰਤ ਦੇਸ਼ ਵਿੱਚ ਲਿਆ ਸਕਦੀ ਹੈ। ਮੈਂ ਇਹ ਨਹੀਂ ਕਹਾਂਗਾ ਕਿ ਕਿਤੇ ਕੋਈ ਕੰਮ ਨਹੀਂ ਹੋ ਰਿਹਾ ਜਾਂ ਦਲਿਤ ਪੂਰੀ ਤਰ੍ਹਾਂ ਨਾਲ ਮਾਨਸਿਕ ਤੌਰ 'ਤੇ ਟੁੱਟ ਚੁੱਕਾ ਹੈ। ਆਪਣੀ ਤਾਕਤ ਦਾ ਅਹਿਸਾਸ ਸਭ ਨੂੰ ਹੈ, ਮੂਲ ਨਿਵਾਸੀਆਂ ਨੂੰ ਆਪਣੇ ਰਾਜ ਦਾ ਹੱਕ ਦਿਵਾਉਣ ਲਈ ਪੂਰੇ ਦੇਸ਼, ਪੂਰੇ ਪੰਜਾਬ ਤੇ ਬਹੁਤ ਸਾਰੀਆਂ ਸਮਾਜਿਕ, ਧਾਰਮਿਕ, ਰਾਜਨੀਤਿਕ ਜਥੇਬੰਦੀਆਂ ਆਪੋ-ਆਪਣੇ ਪੱਧਰ 'ਤੇ ਕੰਮ ਕਰ ਰਹੀਆਂ ਹਨ। ਇਨ੍ਹਾਂ ਸਾਰਿਆਂ ਯੋਧਿਆਂ ਤੱਕ ਬਾਬਾ ਸਾਹਿਬ ਦੀ ਬਾਲੀ ਮਸ਼ਾਲ ਦੀਆਂ ਚਿੰਗਾਰੀਆਂ ਪਹੁੰਚ ਚੁੱਕੀਆਂ ਹਨ। ਅੱਗ ਅੰਦਰੋਂ ਹੀ ਅੰਦਰ ਧੁਦਕ ਰਹੀ ਹੈ ਕਿਧਰੇ-ਕਿਧਰੇ ਚਿੰਗਾਰੀਆਂ ਦੇ ਲਿਸ਼ਕਾਰੇ ਵੀ ਨਜ਼ਰ ਆਉਂਦੇ ਹਨ ਪਰ ਧੂੰਏਂ ਦੇ ਬੱਦਲਾਂ ਵਿੱਚ ਸਭ ਕੁਝ ਛੁਪ ਕੇ ਰਹਿ ਜਾਂਦਾ ਹੈ। ਬੇਤਰਤੀਬ ਤਰੀਕੇ ਨਾਲ ਅਲੱਗ-ਅਲੱਗ ਪਲੇਟਫਾਰਮਾਂ 'ਤੇ ਆਪੋ-ਆਪਣੇ ਤਰੀਕੇ ਨਾਲ ਆਪਣੇ ਸੀਮਿਤ ਸਾਧਨਾਂ ਨਾਲ ਸੰਘਰਸ਼ ਜਾਰੀ ਹੈ ਪਰ ਇਸ ਸੰਘਰਸ਼ ਵਿੱਚ ਇੰਨੀ ਅੱਗ ਨਹੀਂ ਕਿ ਸਿੰਘਾਸਨ ਬਦਲ ਦੇਵੇ। ਇਸ ਸੰਘਰਸ਼ ਵਿੱਚ ਇੰਨੀ ਸ਼ਕਤੀ ਨਹੀਂ ਕਿ ਇਸ ਦੇ ਸੇਕ ਨਾਲ ਸੱਤਾਧਾਰੀਆਂ ਦੇ ਪਸੀਨੇ ਛੁੱਟ ਜਾਣ, ਇੰਨੀ ਤਪਸ਼ ਨਹੀਂ ਕਿ ਉਨ੍ਹਾਂ ਦੀਆਂ ਕੁਰਸੀਆਂ ਸੁਆਹ ਹੋ ਜਾਣ। ਬਸ ਧੂੰਆਂ ਨਿਕਲਦਾ ਹੈ, ਅੱਗ ਧਦਕਦੀ ਹੈ, ਪਰ ਅਸਰ ਨਹੀਂ ਹੋ ਰਿਹਾ। ਕਿਉਂਕਿ ਬਹੁਗਿਣਤੀ ਸੰਘਰਸ਼ਸ਼ੀਲ ਲੋਕਾਂ ਦੇ ਇਕੱਠ ਦਾ ਆਪਸ ਵਿੱਚ ਤਾਲਮੇਲ ਨਹੀਂ ਹੈ। ਅਜਿਹਾ ਨਹੀਂ ਹੈ ਕਿ ਬਾਬਾ ਸਾਹਿਬ ਅੰਬੇਡਕਰ ਵੱਲੋਂ ਬਾਲੀ ਗਈ ਮਸ਼ਾਲ ਬੁੱਝ ਗਈ ਹੈ, ਚਿੰਗਾਰੀਆਂ ਅਜੇ ਵੀ ਜਲ ਰਹੀਆਂ ਹਨ ਤੇ ਵਕਤ ਬਹੁਤ ਦੂਰ ਨਹੀਂ ਜਦੋਂ ਇਹ ਚਿੰਗਾਰੀਆਂ ਇਕੱਠੀਆਂ ਹੋ ਕੇ ਇਕ ਵੱਡੇ ਭਾਂਬੜ ਦਾ ਰੂਪ ਧਾਰਨ ਕਰ ਲੈਣਗੀਆਂ। ਦਲਿਤ ਸਮਾਜ ਲਈ ਸੰਘਰਸ਼ਸ਼ੀਲ ਯੋਧਿਆਂ ਦੀ ਗਿਣਤੀ ਬਹੁਤ ਲੰਬੀ ਹੈ ਪਰ ਇਨ੍ਹਾਂ ਨੂੰ ਇਕ ਲੜੀ 'ਚ ਪਰੋ ਕੇ ਸਮੂਹਿਕ ਫੌਜ ਦਾ ਰੂਪ ਦੇ ਕੇ  ਹੱਲਾ  ਮਾਰਨ ਦੀ ਲੋੜ ਹੈ। ਇਸ ਦੀ ਰਫਤਾਰ ਇਸ ਸਮੇਂ ਥੋੜ੍ਹੀ ਕਮਜ਼ੋਰ ਹੈ ਪਰ ਯਕੀਨ ਮੰਨੋ ਅੰਬੇਡਕਰ ਯੁੱਗ ਆਉਣ ਤੋਂ ਕੋਈ ਨਹੀਂ ਰੋਕ ਸਕਦਾ। ਕਿਉਂਕਿ ਹਰ ਦਲਿਤ ਦੇ ਦਿਲ ਵਿੱਚ ਅੰਬੇਡਕਰਵਾਦ ਦੀ ਚਿੰਗਾਰੀ ਜਿਉਂਦੀ ਹੈ ਜਿਸ ਦਿਨ ਚਿੰਗਾਰੀਆਂ ਇਕੱਠੀਆਂ ਹੋ ਗਈਆਂ ਉਸ ਦਿਨ ਰਾਜ ਸੱਤਾ ਫਿਰ ਤੋਂ ਮੂਲ ਨਿਵਾਸੀਆਂ ਦੇ ਹੱਥ ਵਿੱਚ ਹੋਵੇਗੀ।                                  - ਅਜੇ ਕੁਮਾਰ

No comments:

Post a Comment