Monday 23 May 2016

ਕਲਮ ਯੁੱਗ

ਅਸੀਂ ਆਪਣੀ ਵਿਚਾਰ ਚਰਚਾ, ਭਾਸ਼ਣਾਂ ਅਤੇ ਲੇਖਾਂ ਵਿੱਚ ਅਕਸਰ ਮਨੂੰਵਾਦ ਦਾ ਜ਼ਿਕਰ ਕਰਦੇ ਰਹਿੰਦੇ ਹਾਂ ਪਰ ਕਦੀ ਅਸੀਂ ਗਹੁ ਨਾਲ ਇਨ੍ਹਾਂ ਸਵਾਲਾਂ 'ਤੇ ਚਰਚਾ ਕੀਤੀ ਹੈ ਕਿ ਮਨੂੰਵਾਦ ਕੀ ਹੈ? ਕੌਣ ਹਨ ਮਨੂੰਵਾਦੀ? ਕੀ ਧਰਮ ਹੈ ਮਨੂੰਵਾਦੀਆਂ ਦਾ? ਕੀ ਜਾਤ ਹੈ ਮਨੂੰਵਾਦੀਆਂ ਦੀ? ਮੇਰਾ ਖਿਆਲ ਸ਼ਾਇਦ ਇਨ੍ਹਾਂ ਸਵਾਲਾਂ ਦੀ ਕਦੇ ਵਿਸਥਾਰਪੂਰਵਕ ਅਤੇ ਅਰਥ ਭਰਪੂਰ ਚਰਚਾ ਨਹੀਂ ਹੋਈ। ਮੈਂ  ਇਸ 'ਤੇ ਵਿਸਥਾਰਪੂਰਵਕ ਚਰਚਾ ਕਰਦੇ ਹੋਏ ਕਹਿਣਾ ਚਾਹਾਂਗਾ ਕਿ ਮੇਰੇ ਖਿਆਲ ਵਿੱਚ ਜੋ ਵੀ ਪਖੰਡ, ਵਹਿਮ-ਭਰਮ ਮੰਨਦਾ ਹੈ ਜਾਂ ਕਰਦਾ ਹੈ ਜਾਂ ਇਨ੍ਹਾਂ ਦਾ ਪ੍ਰਚਾਰ-ਪ੍ਰਸਾਰ ਕਰਦਾ ਹੋਵੇ, ਉਹ ਮਨੂੰਵਾਦੀ ਹੈ, ਫਿਰ ਚਾਹੇ ਉਹ ਕਿਸੇ ਵੀ ਜਾਤ ਜਾਂ ਕਿਸੇ ਵੀ ਧਰਮ ਨਾਲ ਕਿਉਂ ਨਾ ਜੁੜਿਆ ਹੋਵੇ। ਇਸ ਮਨੂੰਵਾਦੀ ਸੋਚ ਨੇ ਕਈ ਸਦੀਆਂ ਤੋਂ ਭਾਰਤੀ ਮਾਨਸਿਕਤਾ ਨੂੰ ਜਕੜਿਆ ਹੋਇਆ ਹੈ। ਇਨ੍ਹਾਂ ਵਹਿਮਾਂ-ਭਰਮਾਂ ਦੇ ਨਾਂ 'ਤੇ ਗਰੀਬਾਂ ਦਾ ਰੱਜ ਕੇ ਸ਼ੋਸ਼ਣ ਹੁੰਦਾ ਹੈ ਅਤੇ ਸ਼ੋਸ਼ਿਤ ਲੋਕਾਂ ਨੂੰ ਕਦੇ ਨੀਚ, ਸ਼ੂਦਰ, ਅਛੂਤ ਕਦੇ ਦਲਿਤ ਆਦਿ ਦੱਸਿਆ ਜਾਂਦਾ ਹੈ। ਮਨੂੰਵਾਦੀਆਂ ਵੱਲੋਂ ਵਰਤੇ ਗਏ ਪਖੰਡਾਂ, ਕਹਾਣੀਆਂ-ਕਿੱਸੇ ਦੀ ਸੋਚ ਨੇ ਸਮਾਜ ਨੂੰ ਵਰਣ-ਵਿਵਸਥਾ ਵਿੱਚ ਵੰਡ ਕੇ ਜਾਤਾਂ, ਉੱਪ-ਜਾਤਾਂ ਤੇ ਗੋਤਰਾਂ ਵਿੱਚ ਵੰਡ ਕੇ ਸਮਾਜ ਦਾ ਬੇੜਾਗਰਕ ਕਰ ਦਿੱਤਾ। ਇਹੋ ਜਿਹੀ ਪਾਖੰਡੀ ਸੋਚ ਨੇ ਹੀ ਸਮੇਂ ਨੂੰ ਵੀ ਯੁਗਾਂ ਵਿੱਚ ਵੰਡ ਦਿੱਤਾ ਹੈ, ਜਿਸ ਨੂੰ ਸਤਯੁਗ, ਦੁਆਪਰ, ਤ੍ਰੇਤਾ ਅਤੇ ਕਲਯੁਗ ਦਾ ਨਾਂ ਦੇ ਕੇ ਭੋਲੇ-ਭਾਲੇ ਲੋਕਾਂ ਦਾ ਰੱਜ ਕੇ ਸ਼ੋਸ਼ਣ ਕਰਨ ਵਿੱਚ ਕੋਈ ਕਸਰ ਨਾ ਛੱਡੀ।  ਮਨੂੰਵਾਦ ਦੇ ਹਨ੍ਹੇਰੇ ਨੂੰ ਦੂਰ ਕਰਨ ਲਈ ਤਥਾਗਤ ਬੁੱਧ, ਭਗਵਾਨ ਵਾਲਮੀਕਿ ਤੋਂ ਲੈ ਕੇ ਗੁਰੂ ਰਵਿਦਾਸ, ਸਤਿਗੁਰੂ ਕਬੀਰ, ਸਤਿਗੁਰੂ ਨਾਨਕ ਦੇਵ ਜੀ ਅਤੇ ਅਨੇਕਾਂ ਮਹਾਂਪੁਰਖਾਂ ਨੇ ਯਤਨ ਕੀਤਾ, ਇਨ੍ਹਾਂ ਯਤਨਾਂ ਦਾ ਮਾਰਗ ਦਰਸ਼ਨ ਪ੍ਰਾਪਤ ਕਰਦੇ ਹੋਏ ਮਨੂੰਵਾਦੀ ਹਨ੍ਹੇਰੇ ਨੂੰ ਖਤਮ ਕਰਕੇ ਮਾਨਵਤਾਵਾਦੀ ਸੋਚ ਦੀ ਲੋਅ ਨੂੰ ਪ੍ਰਚੰਡ ਕਰਨ ਵਿੱਚ ਯੁਗਪੁਰਸ਼, ਕਲਮਯੋਗੀ ਡਾ. ਭੀਮ ਰਾਓ ਅੰਬੇਡਕਰ  ਕਾਫੀ ਹੱਦ ਤੱਕ ਕਾਮਯਾਬ ਹੋਏ, ਜਿਨ੍ਹਾਂ ਨੇ ਯੁਗਾਂ-ਯੁਗਾਂ ਤੋਂ ਫੈਲਾਏ ਜਾ ਰਹੇ ਝੂਠ, ਪਖੰਡ, ਅਸਮਾਨਤਾ ਦੇ ਦੋਸ਼ਾਂ ਨੂੰ ਸੰਵਿਧਾਨ ਦੀ ਤਾਕਤ ਨਾਲ ਖਤਮ ਕਰਨ ਦਾ ਭਰਪੂਰ ਯਤਨ ਕੀਤਾ। ਦਲਿਤਾਂ ਨੂੰ ਆਤਮ-ਸਨਮਾਨ ਨਾਲ ਜਿਊਣ ਲਈ ਸਹੀ ਅਰਥਾਂ ਵਿੱਚ ਰਸਤਾ ਬਾਬਾ ਸਾਹਿਬ ਅੰਬੇਡਕਰ ਨੇ ਹੀ ਦਰਸਾਇਆ। ਉਨ੍ਹਾਂ ਦੇ ਦਿਖਾਏ ਰਸਤੇ 'ਤੇ ਚੱਲ ਕੇ ਹੀ ਦਲਿਤ ਦੁੱਖਾਂ ਦੀ ਜ਼ਿੰਦਗੀ 'ਚੋਂ ਨਿਕਲ ਕੇ ਰਾਜ ਸੱਤਾ ਹਾਸਿਲ ਕਰ ਸਕਦਾ ਹੈ। ਇਹ ਹੈ ਭਾਰਤ ਦੇ ਵਾਰਿਸ, ਦਲਿਤ ਕੌਮ ਨੂੰ ਕਲਮ ਦੇ ਧਨੀ ਅੰਬੇਡਕਰ ਦੀ ਦੇਣ। ਇਹ ਦਲਿਤਾਂ ਨੂੰ ਦਿੱਤੀ ਬਾਬਾ ਸਾਹਿਬ ਅੰਬੇਡਕਰ ਦੀ ਤਾਕਤ ਹੀ ਹੈ ਕਿ ਵੋਟ ਦੇ ਲਾਲਚ 'ਚ ਅੰਨ੍ਹੀ ਹੋਈ ਤਕਰੀਬਨ ਅੱਜ ਹਰ ਰਾਜਨੀਤਿਕ ਪਾਰਟੀ ਮੂੰਹ ਚੁੱਕ ਕੇ ਬਾਬਾ ਸਾਹਿਬ ਅੰਬੇਡਕਰ ਨੂੰ ਆਪਣਾ ਮਸੀਹਾ ਦੱਸਦੀ ਨਹੀਂ ਥੱਕਦੀ। ਇੱਥੇ ਹੀ ਬਸ ਨਹੀਂ ਅੱਜ-ਕੱਲ੍ਹ ਤਾਂ ਉਨ੍ਹਾਂ ਦਲਿਤ ਵੋਟਰਾਂ ਨੂੰ ਆਪਣਾ ਮਾਂ-ਬਾਪ ਦੱਸਣ ਤੋਂ ਬਾਜ਼ ਨਹੀਂ ਆਉਂਦੇ, ਜਿਨ੍ਹਾਂ ਕੋਲੋਂ ਕਦੇ ਉਨ੍ਹਾਂ ਨੂੰ ਬਦਬੂ ਅਤੇ ਖਿਝ ਆਉਂਦੀ ਸੀ, ਕਿਉਂਕਿ ਉਹ ਜਾਣਦੇ ਹਨ ਕਿ ਲੋਕਤੰਤਰ ਵਿੱਚ ਸੱਤਾ ਦੀ ਚਾਬੀ ਬਹੁਗਿਣਤੀ ਵੋਟਰ ਦਲਿਤਾਂ ਦੇ ਹੱਥ ਹੈ, ਦਲਿਤ ਵੋਟਰ ਕਿਸੇ ਨੂੰ ਵੀ ਸੱਤਾ ਤੋਂ ਲਾਹ ਸਕਦਾ ਹੈ ਤੇ ਕਿਸੇ ਨੂੰ ਵੀ ਸੱਤਾ 'ਤੇ ਬਿਠਾ ਸਕਦਾ ਹੈ, ਨਾਲ ਇਹ ਵੀ ਗੱਲ ਸੱਚ ਹੈ ਕਿ ਜਿੱਥੇ ਰਾਜਨੀਤਿਕ   ਪਾਰਟੀਆਂ ਨੂੰ ਦਿਨ-ਰਾਤ ਦਲਿਤ ਵੋਟਾਂ ਦੇ ਸੁਪਨੇ ਆਉਂਦੇ ਹਨ। ਦੂਸਰੇ ਪਾਸੇ ਇਨ੍ਹਾਂ ਨੂੰ ਇਹ ਦਹਿਸ਼ਤ ਵੀ ਹਰ ਵੇਲੇ ਸਤਾਉਂਦੀ ਰਹਿੰਦੀ ਹੈ ਕਿ ਜਿਸ ਦਿਨ ਦਲਿਤਾਂ ਨੇ ਬਾਬਾ ਸਾਹਿਬ ਅੰਬੇਡਕਰ ਨੂੰ ਸਮਝ ਕੇ ਆਪਣੀ ਵੋਟ ਦੀ ਕੀਮਤ ਨੂੰ ਪਹਿਚਾਣਦੇ ਹੋਏ ਅੰਬੇਡਕਰੀ ਰਾਹ ਅਪਣਾ ਲਿਆ, ਉਸ ਦਿਨ ਇਨ੍ਹਾਂ ਰਾਜਨੀਤਿਕ ਪਾਰਟੀਆਂ ਅਤੇ ਸਵਾਰਥੀ ਲੀਡਰਾਂ ਦੀ ਰਾਜਨੀਤੀ ਜ਼ਿਆਦਾ ਦੇਰ ਨਹੀਂ ਚੱਲਣੀ। ਉਡੀਕ ਕਰਦਿਆਂ ਕਾਫੀ ਲੰਬਾ ਸਮਾਂ ਲੰਘ ਗਿਆ ਹੈ ਅਤੇ ਉਡੀਕ ਹੈ ਉਸ ਵੇਲੇ ਦੀ, ਜਿਸ ਵੇਲੇ ਅੰਬੇਡਕਰੀ ਲੋਕ ਇਕ ਮੰਚ 'ਤੇ ਇਕੱਠੇ ਹੋ ਕੇ ਪਾਖੰਡੀ ਮਨੂੰਵਾਦੀਆਂ ਨੂੰ ਨੱਥ ਪਾ ਕੇ ਕਾਨੂੰਨ ਦੀਆਂ ਜੰਜ਼ੀਰਾਂ 'ਚ ਬੰਨ੍ਹ ਕੇ ਜੇਲ੍ਹ ਦਾ ਰਸਤਾ ਦਿਖਾਉਣਗੇ ਤੇ ਖੁਦ ਰਾਜ ਸੱਤਾ 'ਤੇ ਕਾਬਜ਼ ਹੋ ਕੇ ਇਹੋ ਜਿਹਾ ਭਾਰਤ ਬਨਾਉਣਗੇ, ਜਿਸ ਵਿੱਚ 'ਭਾਰਤ ਮਾਤਾ ਦੀ ਜੈ' ਨਹੀਂ, ਭਾਰਤ 'ਚ ਰਹਿ ਰਹੀ ਹਰ ਮਾਂ ਦੀ 'ਜੈ-ਜੈ ਕਾਰ' ਹੋਵੇਗੀ। ਹਰ ਮਾਂ ਦੁੱਖਾਂ ਤੋਂ ਕੋਹਾਂ ਦੂਰ ਹੋਵੇਗੀ ਤੇ ਉਸ ਦੇ ਬੱਚਿਆਂ ਦਾ ਸੁਨਹਿਰੀ ਭਵਿੱਖ ਉਨ੍ਹਾਂ ਦੇ ਹੱਥਾਂ ਵਿੱਚ ਹੋਵੇਗਾ ਅਤੇ ਹਰ ਭਾਰਤੀ ਵਰਤਮਾਨ ਵਿੱਚ ਰਹਿ ਕੇ ਕਲਮਯੁੱਗ ਲਿਆਉਣ ਵਿੱਚ ਆਪਣਾ ਸਹਿਯੋਗ ਪਾਏਗਾ। ਆਓ ਕਲਮਯੋਗੀ ਬਣੀਏ ਤੇ ਬਾਬਾ ਸਾਹਿਬ ਅੰਬੇਡਕਰ ਦੇ ਸੁਪਨਿਆਂ ਦਾ ਕਲਮਯੁਗ ਬਣਾਈਏ।
- ਅਜੇ ਕੁਮਾਰ

No comments:

Post a Comment