Tuesday 29 January 2019

ਚੋਰ ਮਚਾਏ ਸ਼ੋਰ

ਇਕ ਵਾਰ ਦੀ ਗੱਲ ਹੈ ਕੁੜੀ ਵਾਲੇ ਰਿਸ਼ਤੇ ਲਈ ਮੁੰਡਾ ਦੇਖਣ ਗਏ ਤਾਂ ਵਿਚੋਲੇ ਨੇ ਮੁੰਡੇ ਦੀਆਂ ਤਾਰੀਫ਼ਾਂ ਦੇ ਪੁੱਲ ਬੰਨ੍ਹ ਦਿੱਤੇ। ਕੁੜੀ ਵਾਲਿਆਂ ਨੇ ਮੁੰਡੇ ਤੋਂ ਪੁੱਛਿਆ ਕਿ ਕਾਕਾ ਤੂੰ ਮੀਟ, ਸ਼ਰਾਬ, ਸਿਗਰਟ-ਬੀੜੀ ਜਾਂ ਕਿਸੇ ਹੋਰ ਤਰ੍ਹਾਂ ਦਾ ਨਸ਼ਾ ਤਾਂ ਨਹੀਂ ਕਰਦਾ, ਜੂਆ ਤਾਂ ਨਹੀਂ ਖੇਡਦਾ, ਮੁੰਡੇ ਨੇ ਕਿਹਾ ਬਿਲੁਕਲ ਨਹੀਂ। ਵਿਚੋਲੇ ਨੇ ਕਿਹਾ ਜੀ ਮੁੰਡਾ ਕਿਸੇ ਪ੍ਰਕਾਰ ਦਾ ਕੋਈ ਨਸ਼ਾ ਨਹੀਂ ਕਰਦਾ ਇਹ ਤੁਸੀਂ ਮੁੰਡੇ ਤੋਂ ਖੁਦ  ਸੁਣ ਹੀ ਲਿਆ ਹੈ, ਹਾਂ ਇਕ ਗੱਲ ਜ਼ਰੂਰ ਹੈ ਕਿ ਮੁੰਡਾ ਝੂਠ ਬੋਲਦਾ ਹੈ। ਕੁਝ ਇਸੇ ਤਰ੍ਹਾਂ ਦਾ ਹੀ ਵਿਵਹਾਰ ਦੇਸ਼ ਦੇ ਲੋਕਾਂ ਨਾਲ ਹਕੂਮਤ ਕਰ ਰਹੇ ਲੋਕਾਂ ਅਤੇ ਉਨ੍ਹਾਂ ਦੇ ਸਰਦਾਰ ਵੱਲੋਂ  ਕੀਤਾ ਜਾ ਰਿਹਾ ਹੈ। ਸੱਚ ਸਾਹਮਣੇ ਹੈ  ਕਿ 2014 ਦੀਆਂ ਚੋਣਾਂ ਦੌਰਾਨ ਚੌਂਕੀਦਾਰ ਵੱਲੋਂ ਕੀਤੇ ਗਏ ਵਾਅਦੇ ਜਿਵੇਂ ਕਿ ਹਰ ਇਕ ਦੇ ਖਾਤੇ 'ਚ 15 ਲੱਖ ਆਵੇਗਾ, ਬੇਰੁਜ਼ਗਾਰੀ ਦੂਰ ਕਰ ਦਿੱਤੀ ਜਾਵੇਗੀ, ਦੇਸ਼ ਨੂੰ ਲੁੱਟਣ ਵਾਲੇ ਜੇਲ੍ਹਾਂ 'ਚ ਸੁੱਟੇ ਜਾਣਗੇ, ਕਿਸਾਨਾਂ ਦੀ ਆਮਦਨ ਦੋ ਗੁਣਾ ਕਰ ਦਿੱਤੀ ਜਾਵੇਗੀ, ਦੇਸ਼ ਦੀ ਵਾਗਡੋਰ ਨੌਜਵਾਨਾਂ ਹੱਥ ਹਵੇਗੀ, ਹਰ ਸਾਲ 2 ਕਰੋੜ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਵੇਗੀ। ਇਹ ਸਾਰੇ ਵਾਅਦੇ ਕੋਰਾ ਝੂਠ ਨਿਕਲੇ ਬਲਕਿ ਇਸ ਤੋਂ ਉਲਟ ਕਾਲਾ ਧਨ ਤਾਂ ਕੀ ਲਿਆਉਣਾ ਸੀ ਨੋਟਬੰਦੀ ਹੀ 8 ਲੱਖ ਕਰੋੜ ਰੁਪਏ ਦਾ ਘਪਲਾ ਨਿਕਲਿਆ। ਬਫੋਰਸ ਕੇਸ 'ਚ ਸ਼ਾਮਲ ਭ੍ਰਿਸ਼ਟਾਚਾਰੀਆਂ ਨੂੰ ਸਜ਼ਾ ਕੀ ਦੇਣੀ ਸੀ ਬਲਕਿ ਰਾਫੇਲ ਡੀਲ ਦਾ ਦਾਗ਼ ਆਪਣੇ ਮੱਥੇ 'ਤੇ ਲੁਆ ਬੈਠੀ ਸਰਕਾਰ। ਸਰਕਾਰੀ ਬੈਂਕਾਂ ਦਾ ਧਨ ਆਪਣੇ ਖ਼ਾਸ ਦੋਸਤਾਂ ਵਿੱਚ ਵੰਡ ਕੇ ਤੇ ਉਨ੍ਹਾਂ ਨੂੰ ਦੇਸ਼ 'ਚੋਂ ਭਜਾਉਣ ਦਾ ਇਲਜ਼ਾਮ ਵੀ ਆਪਣੇ ਮੱਥੇ 'ਤੇ ਲੁਆ ਬੈਠੀ। ਸੱਚ ਸਾਹਮਣੇ ਹੈ ਕਿ ਅੱਜ ਤੱਕ ਕਾਲਾ ਧਨ ਵਾਪਸ ਨਹੀਂ ਆਇਆ, ਕਿਸਾਨ ਆਤਮ-ਹੱਤਿਆ ਕਰ ਰਿਹਾ ਹੈ, ਬੇਰੁਜ਼ਗਾਰੀ ਅੱਗੇ ਨਾਲੋਂ ਵਧੀ ਹੈ। ਆਂਕੜੇ ਇਹ ਦੱਸਦੇ ਹਨ ਕਿ 2 ਕਰੋੜ ਨੌਕਰੀ ਹਰ ਸਾਲ ਤਾਂ ਕੀ ਦੇਣੀ ਸੀ ਬਲਕਿ 15 ਲੱਖ ਨੌਕਰੀ 5 ਸਾਲਾਂ 'ਚ ਘਟੀ ਹੈ, ਭ੍ਰਿਸ਼ਟਾਚਾਰ ਕਈ ਗੁਣਾ ਵਧਿਆ ਹੈ, ਮਹਿੰਗਾਈ ਵੀ ਵਧੀ ਹੈ, ਉਦਯੋਗਿਕ ਇਕਾਈਆਂ ਬੰਦ ਹੋ ਗਈਆਂ ਹਨ, ਨਫ਼ਰਤ ਦਾ ਮਹੌਲ ਹਰ ਪਾਸੇ ਬਣਿਆ ਹੋਇਆ ਹੈ। 
ਬਾਰਡਰ 'ਤੇ ਫ਼ੌਜੀ ਮਰ ਰਹੇ ਹਨ। ਗਾਂ ਦੇ ਨਾਂ 'ਤੇ ਦੰਗੇ, ਗੰਗਾ ਦੇ ਨਾਂ ਤੇ ਰੌਲਾ ਪਾਇਆ ਜਾ ਰਿਹਾ ਹੈ। ਕੀਤਾ ਕੁਝ ਨਹੀਂ ਜਾ ਰਿਹਾ ਪਰ ਫੇਂਕੂ ਤੇ ਉਸ ਦੇ ਭਗਤ ਰੋਜ਼ ਟੀਵੀ ਚੈਨਲਾਂ ਤੇ ਵਿਕਾਸ ਦਾ ਗੁਣਗਾਨ ਕਰ ਰਹੇ ਹਨ, ਆਪਣੀਆਂ ਤਾਰੀਫਾਂ ਦੇ ਪੁਲ ਬੰਨ੍ਹ ਰਹੇ ਹਨ, ਪਰ  ਹਕੀਕਤ ਕਿਸੇ ਤੋਂ ਛੁਪੀ ਨਹੀਂ ਹੈ ਕਿ ਦੇਸ਼ ਹਰ ਰੋਜ਼ ਹੇਠਲੇ ਸਿਖ਼ਰ ਵੱਲ ਵਧਦਾ ਜਾ ਰਿਹਾ ਹੈ, ਹਾਲਾਂਕਿ ਇਹ ਵੀ ਸੱਚ ਹੈ ਕਿ ਦੇਸ਼ ਦੇ ਇੰਨੇ ਮਾੜੇ ਹਾਲਾਤਾਂ ਲਈ ਸਿਰਫ਼ ਮੌਜੂਦਾ ਚੌਂਕੀਦਾਰ ਹੀ ਜ਼ਿੰਮੇਦਾਰ ਨਹੀਂ ਇਸ ਦਾ ਪੂਰਾ ਬਰਾਬਰ ਦਾ ਭਾਈਵਾਲ ਪੱਪੂ ਅਤੇ ਉਸ ਦੀ ਕੰਪਨੀ ਵੀ ਹੈ। ਇਕ ਪਾਸੇ ਜਿੱਥੇ ਕੁਦਰਤ ਦੀ ਮਾਰ ਹੇਠ ਭਾਰਤ ਦੇ ਲੋਕ ਬੁਰੀ ਤਰ੍ਹਾਂ ਪਿਸ ਰਹੇ ਹਨ ਦੂਜੇ ਪਾਸੇ ਸਿਆਸਤਦਾਨਾਂ 'ਚ ਵਧੇਰੇ ਚੋਰ-ਠੱਗਾਂ ਦੀ ਵਧਦੀ ਗਿਣਤੀ ਇਸ ਗੱਲ ਵੱਲ ਇਸ਼ਾਰਾ ਕਰ ਰਹੀ ਹੈ ਕਿ ਦੇਸ਼ ਅੱਜ ਵੀ ਤਬਾਹ ਹੋ ਸਕਦਾ ਹੈ, ਕੱਲ੍ਹ ਵੀ ਤਬਾਹ ਹੋ ਸਕਦਾ ਹੈ, ਹੁਣੇ ਵੀ ਤਬਾਹ ਹੋ ਸਕਦਾ ਹੈ। ਕਿਉਂਕਿ ਸੱਤਾਧਿਰ ਅਤੇ ਵਿਰੋਧੀ ਧਿਰ ਦੇਸ਼ ਨੂੰ ਲੁੱਟਣ ਅਤੇ ਆਪਣੀ-ਆਪਣੀ ਪਾਰਟੀ ਦਾ ਝੰਡਾ ਬੁਲੰਦ ਕਰਨ 'ਚ ਮਸਤ ਅਤੇ ਵਿਅਸਤ ਹਨ। ਜੇਕਰ ਵੋਟਰ ਸੱਤਾਧਿਰ ਅਤੇ ਵਿਰੋਧੀ ਧਿਰ ਦੋਨਾਂ ਨੂੰ ਪੁੱਛੇ ਕਿ ਚਾਹੇ ਕਿਸੇ ਨੇ ਘੱਟ ਤੇ ਚਾਹੇ ਕਿਸੇ ਨੇ ਵੱਧ ਪਰ ਰਾਜ ਤਾਂ ਤੁਸੀਂ, ਤੁਹਾਡੇ ਪਰਿਵਾਰਾਂ ਅਤੇ ਤੁਹਾਡੀ ਜੁੰਡਲੀ ਨੇ ਹੀ ਕੀਤਾ ਹੈ ਤਾਂ ਫਿਰ ਦੇਸ਼ ਇਸ ਸਮੇਂ 76 ਲੱਖ ਕਰੋੜ ਰੁਪਏ ਵਿਦੇਸ਼ਾਂ ਦਾ ਕਰਜ਼ਦਾਰ ਕਿਉਂ ਹੈ?10 ਲੱਖ ਵਿਅਕਤੀ ਹਰ ਸਾਲ ਲਾ-ਇਲਾਜ ਬਿਮਾਰੀਆਂ ਕਾਰਣ, 5 ਲੱਖ ਬੱਚਾ ਕੁਪੋਸ਼ਣ ਕਾਰਣ ਕਿਉਂ ਮਰ ਰਿਹਾ ਹੈ? 5 ਲੱਖ ਖੇਤ ਮਜ਼ਦੂਰ ਅਤੇ ਕਿਸਾਨ ਹਰ ਸਾਲ ਆਤਮ-ਹੱਤਿਆ ਕਿਉਂ ਕਰ ਰਿਹਾ ਹੈ?
ਕਰੋੜਾਂ ਟਨ ਅਨਾਜ ਗੁਦਾਮਾਂ 'ਚ ਹਰ ਸਾਲ ਸੜ ਰਿਹਾ ਹੈ। ਦੂਜੇ ਪਾਸੇ 30 ਕਰੋੜ ਲੋਕ ਰੋਜ਼ ਰਾਤ ਨੂੰ ਭੁੱਖੇ ਸੌਂਦੇ ਹਨ। ਇਨ੍ਹਾਂ ਸਾਰੀਆਂ ਗੁਸਤਾਖੀਆਂ ਦਾ ਜ਼ਿੰਮੇਵਾਰ ਕੌਣ ਹੈ? 1947 'ਚ ਅਜ਼ਾਦੀ ਵੇਲੇ ਦੇਸ਼ 'ਚ ਹਰ ਤਰ੍ਹਾਂ ਦੇ ਕੁਦਰਤੀ ਖਜ਼ਾਨੇ ਦੀ ਬਹੁਤਾਤ ਸੀ, ਚਾਹੇ ਉਹ ਜੰਗਲ ਹੋਣ, ਪਾਣੀ ਹੋਵੇ, ਚਾਹੇ ਉਪਜਾਊ ਜ਼ਮੀਨ ਹੋਵੇ, ਚਾਹੇ ਕੋਲੇ ਦੀਆਂ ਖਾਣਾਂ ਹੋਣ, ਤੇਲ ਦੇ ਖੂਹ ਹੋਣ। ਪਰ ਫਿਰ ਵੀ ਮੁਲਖ ਨੂੰ ਤਰੱਕੀ ਵੱਲ ਲੈ ਜਾਣ ਦੀ ਬਜਾਇ ਅੰਗਰੇਜ਼ਾਂ ਨੂੰ ਗਾਲ੍ਹਾਂ ਕੱਢ ਕੇ ਤੇ ਹਰ ਵਾਰ ਵੋਟਾਂ 'ਚ ਨਵੇਂ ਨਾਅਰੇ ਦੇ ਕੇ ਵੋਟਰਾਂ ਨੂੰ ਮੂਰਖ ਬਣਾ ਕੇ ਆਪਣਾ ਉੱਲੂ ਸਿੱਧਾ ਕਰਨ ਵਾਲੇ ਰਾਜਨੀਤਕ ਲੀਡਰ ਆਪਣੇ-ਆਪ ਨੂੰ ਦੇਸ਼ ਭਗਤ ਕਹਿਣ ਤਾਂ ਕੀ ਇਹ ਗੱਲ ਸੱਚ ਨਹੀਂ ਹੈ ਕਿ ਚੋਰ ਮਚਾਏ ਸ਼ੋਰ। ਮੇਰਾ ਇਹ ਲੇਖ ਦੇਸ਼ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਮੇਰੀ ਚਿੰਤਾ ਦਾ ਪ੍ਰਗਟਾਵਾ ਹੈ ਜੇਕਰ ਪਾਠਕਾਂ ਨੂੰ ਮੇਰੀ ਇਹ ਚਿੰਤਾ ਉਨ੍ਹਾਂ ਨੂੰ ਆਪਣੀ ਚਿੰਤਾ ਲਗਦੀ ਹੋਵੇ ਤਾਂ ਪਾਠਕਾਂ ਦਾ ਭਾਰਤੀ ਹੋਣ ਦੇ ਨਾਤੇ ਇਹ ਫਰਜ਼ ਬਣਦਾ ਹੈ ਕਿ ਉਹ ਜਾਤ-ਜਮਾਤ ਤੋਂ ਉੱਪਰ Àੁੱਠ ਕੇ ਦੇਸ਼ ਨੂੰ ਇਸ ਨਾਜ਼ੁਕ ਦੌਰ 'ਚੋਂ ਕੱਢ ਕੇ ਤੇ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਨੂੰ ਬੇਹਤਰੀਨ ਬਣਾਉਣ ਲਈ ਇਕਮੁੱਠ ਹੋ ਕੇ ਇਨ੍ਹਾਂ ਸਾਰੇ ਸਿਆਸੀ ਭੰਡਾਂ ਨੂੰ ਅਕਲ ਸਿਖਾਉਣ ਦੇ ਕੋਈ ਠੋਸ ਅਤੇ ਯੋਗ ਉਪਰਾਲੇ ਕਰਨ। ਮੈਂ ਸਮਝਦਾ ਹਾਂ ਇਸ ਦਾ ਸਹੀ ਸਮਾਂ ਆ ਗਿਆ ਹੈ। ਆਉਣ ਵਾਲੀਆਂ ਚੋਣਾਂ ਵਿੱਚ ਬਾਬਾ ਸਾਹਿਬ ਅੰਬੇਡਕਰ ਵੱਲੋਂ ਦਿੱਤੇ ਗਏ ਬੇਸ਼ਕੀਮਤੀ ਹਥਿਆਰ ਵੋਟ ਦਾ ਇਸਤੇਮਾਲ ਇਸ ਢੰਗ ਨਾਲ ਹੋਣਾ ਚਾਹੀਦਾ ਹੈ ਕਿ ਪਾਰਟੀ ਨੂੰ ਛੱਡ ਕੇ ਸਾਨੂੰ ਵਧੀਆ ਇਨਸਾਨ ਨੂੰ ਚੁਣਨਾ ਚਾਹੀਦਾ ਹੈ ਤਾਂ ਜੋ ਦੇਸ਼ ਨੂੰ ਅੱਗੇ ਲੈ ਜਾ ਕੇ ਵਿਸ਼ਵ ਦਾ ਸਿਰਮੌਰ ਬਣਾ ਸਕੇ। ਬਾਕੀ ਫ਼ੈਸਲਾ ਤੁਸੀਂ ਆਪ ਕਰਨਾ ਹੈ ਕਿ ਕਿਉਂਕਿ ਤੁਹਾਡਾ ਵੋਟ ਤੁਹਾਡਾ ਹੈ।
ਅਜੇ ਕੁਮਾਰ