Tuesday 28 February 2017

'ਮਨ ਕੀ ਬਾਤ'

ਹਰ ਇਨਸਾਨ ਦੇ ਮਨ 'ਚ ਕਿਸੇ ਨਾ ਕਿਸੇ ਗੱਲ ਦੀ ਹਸਰਤ ਹੁੰਦੀ ਹੈ। ਮਨ ਵਿੱਚ ਕਈ ਪ੍ਰਕਾਰ ਦੀਆਂ ਗੱਲਾਂ ਹੁੰਦੀਆਂ ਹਨ। ਕਈਆਂ ਨੂੰ ਆਪਣੇ ਮਨ ਦੀ ਗੱਲ ਕਰਨ ਦਾ ਮੰਚ ਮਿਲ ਜਾਂਦਾ ਹੈ, ਕਈ ਵਿਚਾਰੇ ਆਪਣੇ ਮਨ ਦੀ ਗੱਲ ਸਾਰੀ ਉਮਰ ਆਪਣੇ ਮਨ ਵਿੱਚ ਹੀ ਰੱਖਦੇ ਹਨ। ਕਈ ਤਾਂ ਆਪਣੇ ਮਨ ਦੀ ਗੱਲ ਆਪਣੇ ਨਾਲ ਹੀ ਲੈ ਕੇ ਦੁਨੀਆਂ ਤੋਂ ਤੁਰ ਜਾਂਦੇ ਹਨ। ਪਰ ਜਦੋਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਮੀਡੀਆ ਰਾਹੀਂ ਲੋਕਾਂ ਨਾਲ ਸਾਂਝੀ ਕਰਨੀ ਸ਼ੁਰੂ ਕੀਤੀ ਹੈ, ਉਦੋਂ ਤੋਂ ਭਾਰਤ 'ਚ ਰਹਿ ਰਹੇ ਆਸ਼ਾਵਾਦੀ ਲੋਕਾਂ ਦੀਆਂ ਉਮੀਦਾਂ ਹੋਰ ਵੀ ਵਧ ਗਈਆਂ ਹਨ ਕਿ ਕਦੇ ਨਾ ਕਦੇ ਉਨ੍ਹਾਂ ਨੂੰ ਵੀ ਮਨ ਦੀ ਗੱਲ ਕਰਨ ਦਾ ਮੌਕਾ ਮਿਲੇਗਾ। ਅੱਜ ਦੇ ਲੇਖ 'ਚ ਗੱਲ ਕਰਦੇ ਹਾਂ ਪ੍ਰਧਾਨ ਮੰਤਰੀ ਮੋਦੀ ਦੇ ਮਨ ਕੀ ਬਾਤ ਦੀ। ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ ਉਨ੍ਹਾਂ ਨੇ ਅੱਜ ਤੱਕ ਜਿੰਨੇ ਵੀ ਪ੍ਰੋਗਰਾਮ ਮਨ ਕੀ ਬਾਤ ਦੇ ਕੀਤੇ ਹਨ, ਉਹ ਬਤੌਰ ਸਰਕਾਰ ਦਾ ਮੁਖੀ ਹੋਣ ਦੀ ਬਜਾਏ ਇਕ ਗੈਰ ਸਰਕਾਰੀ ਸੰਸਥਾ (ਐਨਜੀਓ) ਦੇ ਮੁਖੀ ਵਾਂਗ ਗੱਲ ਕਰਦੇ ਹਨ। ਕਹਿਣ ਦਾ ਭਾਵ ਉਹ ਹਮੇਸ਼ਾ ਮਨ ਕੀ ਬਾਤ 'ਚ  ਸਮਾਜਿਕ ਸੁਧਾਰ ਲਈ ਲੋਕਾਂ ਕੋਲੋਂ ਸਹਿਯੋਗ ਮੰਗਦੇ ਹਨ, ਜਦਕਿ ਸਰਕਾਰ ਦਾ ਮੁਖੀ ਹੋਣ ਕਰਕੇ ਉਨ੍ਹਾਂ ਨੂੰ ਲੋਕਾਂ ਤੋਂ ਸਹਿਯੋਗ ਮੰਗਣ ਤੋਂ ਪਹਿਲਾਂ ਕਾਨੂੰਨ ਦਾ ਬਾਖੂਬੀ ਇਸਤੇਮਾਲ  ਕਰਨਾ ਅਤੇ ਕਰਵਾਉਣਾ ਚਾਹੀਦਾ ਹੈ। ਕਦੇ-ਕਦੇ ਮੈਨੂੰ ਲੱਗਦਾ ਹੈ ਕਿ ਨਰਿੰਦਰ ਮੋਦੀ ਜੀ ਨੂੰ ਮਨ ਦੀ ਬਜਾਏ ਦਿਮਾਗ ਦੀ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਕੁਦਰਤ ਨੇ ਵੀ ਦਿਮਾਗ ਨੂੰ ਸਰੀਰ 'ਚ ਸਭ ਤੋਂ ਉੱਚਾ ਦਰਜਾ ਬਖਸ਼ਿਆ ਹੈ। ਇਸੇ ਲਈ ਸ਼ਾਇਦ ਹਰ ਦਿਮਾਗੀ ਆਦਮੀ ਜੀਵਨ ਦੇ ਹਰ ਖੇਤਰ ਵਿੱਚ ਮਨ ਨਾਲ ਚੱਲਣ ਵਾਲੇ ਲੋਕਾਂ ਤੋਂ ਔਸਤਨ ਅੱਗੇ ਹੈ। ਮੈਂ ਵੀ ਆਪਣੇ ਪਾਠਕਾਂ ਨਾਲ ਆਪਣੇ ਮਨ ਕੀ ਬਾਤ ਸਾਂਝੀ ਕਰਦੇ ਹੋਏ ਦੱਸਣਾ ਚਾਹੁੰਦਾ ਹਾਂ ਕਿ ਮੈਂ ਇਹ ਲੇਖ ਆਪਣੀ ਅਖਬਾਰ 'ਚ ਲਿਖ ਕੇ ਮੋਦੀ ਸਾਹਿਬ ਨੂੰ ਡਾਕ ਰਾਹੀਂ ਰਜਿਸਟਰਡ ਲੈਟਰ ਵੀ ਭੇਜਿਆ ਹੈ, ਉਹ ਮੈਂ ਇਸ ਆਸ ਵਿੱਚ ਭੇਜਿਆ ਹੈ, ਕਿਉਂਕਿ ਸ਼੍ਰੀ ਨਰਿੰਦਰ ਮੋਦੀ ਜੀ ਤਕਰੀਬਨ ਹਰ ਲੀਡਰ ਦੇ ਬਿਆਨ ਦਾ ਜਵਾਬ ਮੀਡੀਆ ਰਾਹੀਂ ਦੇ ਰਹੇ ਹਨ, ਚਾਹੇ ਉਹ ਲੀਡਰ ਛੋਟਾ ਹੈ ਜਾਂ ਵੱਡਾ।ਜਵਾਬ ਦੇਣ ਵੇਲੇ ਮੋਦੀ ਸਾਹਿਬ ਇਹ ਵੀ ਭੁੱਲ ਜਾਂਦੇ ਹਨ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਹਨ, ਉਨ੍ਹਾਂ ਨੂੰ ਆਪਣੇ ਪਦ ਦੀ ਗਰਿਮਾ ਰੱਖਣੀ ਚਾਹੀਦੀ ਹੈ। 
ਹਾਲਾਂਕਿ ਮੈਂ ਕੋਈ ਲੀਡਰ ਨਹੀਂ ਹਾਂ, ਆਮ ਆਦਮੀ ਹਾਂ, ਮੇਰੀ ਅਖਬਾਰ ਵੀ ਬਹੁਤ ਵੱਡੀ ਨਹੀਂ ਪਰ ਇਸ ਆਸ ਵਿੱਚ ਲੇਖ ਲਿਖਿਆ ਹੈ ਅਤੇ ਉਨ੍ਹਾਂ ਨੂੰ ਭੇਜਿਆ ਵੀ ਹੈ ਕਿ ਸ਼ਾਇਦ ਮੋਦੀ ਸਾਹਿਬ ਦੇ ਦਫਤਰ ਵੱਲੋਂ ਮੈਨੂੰ ਕੋਈ ਜਵਾਬ ਆਵੇ ਤੇ ਮੈਂ ਮੋਦੀ ਸਾਹਿਬ ਨੂੰ ਇਹ ਕਹਿ ਸਕਾਂ ਕਿ ਮੋਦੀ ਸਾਹਿਬ ਮਨ ਕੀ ਬਾਤ ਛੋੜੋ ਦਿਮਾਗ ਕੀ ਬਾਤ ਕਰੋ, ਜਿਸ ਤਰ੍ਹਾਂ ਤੁਸੀਂ ਦਿਮਾਗ ਵਰਤ ਕੇ ਸੱਤਾ ਪ੍ਰਾਪਤ ਕੀਤੀ ਹੈ, ਉਸੇ ਤਰ੍ਹਾਂ ਦਿਮਾਗ ਵਰਤ ਕੇ ਦੇਸ਼ ਦੀਆਂ ਸਮੱਸਿਆਵਾਂ ਦਾ ਹੱਲ ਕਰੋ, ਨਾਲੇ ਸਾਨੂੰ ਗਧਿਆਂ ਕੋਲੋਂ ਪ੍ਰੇਰਣਾ ਲੈਣ ਦੀ ਲੋੜ ਨਹੀਂ, ਸਾਨੂੰ ਆਪਣੇ ਰਹਿਬਰਾਂ ਆਪਣੇ ਸ਼ਹੀਦਾਂ ਤੋਂ ਪ੍ਰੇਰਣਾ ਲੈ ਕੇ ਰਾਸ਼ਟਰ ਦਾ ਨਿਰਮਾਣ ਕਰਨਾ ਚਾਹੀਦਾ ਹੈ, ਸਾਨੂੰ ਇਹ ਕਦੇ ਭੁੱਲਣਾ ਨਹੀਂ ਚਾਹੀਦਾ ਕਿ 67 ਸਾਲ ਸੰਵਿਧਾਨ ਨੂੰ ਲਾਗੂ ਹੋਣ ਤੋਂ ਬਾਅਦ ਵੀ ਅਜੇ ਤੱਕ ਵੀ ਭਾਰਤ ਇਕ ਰਾਸ਼ਟਰ ਨਹੀਂ ਬਣ ਸਕਿਆ। ਭਾਰਤ ਹਜ਼ਾਰਾਂ ਜਾਤੀਆਂ ਦਾ ਇਕ ਸਮੂਹ ਹੈ, ਜੇ ਕੋਈ ਇਨ੍ਹਾਂ ਜਾਤੀਆਂ ਦੇ ਸਮੂਹ ਨੂੰ ਰਾਸ਼ਟਰ ਸਮਝ ਰਿਹਾ ਹੈ ਤਾਂ ਇਹ ਉਸ ਦੀ ਬਹੁਤ ਵੱਡੀ ਭੁੱਲ ਹੈ ਅਤੇ ਇਸ ਦਾ ਨਤੀਜਾ ਸਾਨੂੰ ਆਉਣ ਵਾਲੇ ਦਿਨਾਂ ਵਿੱਚ ਬਹੁਤ ਵੱਡੇ ਖਮਿਆਜ਼ੇ ਦੇ ਰੂਪ ਵਿੱਚ ਭੁਗਤਣਾ ਪੈ ਸਕਦਾ ਹੈ। ਇਸ ਲਈ ਸਮਾਂ ਰਹਿੰਦਿਆਂ ਦਿਮਾਗ ਦੀ ਬਾਤ ਕਰਦੇ ਹੋਏ ਸਾਨੂੰ ਭਾਰਤ ਨੂੰ ਇਕ ਮਜ਼ਬੂਤ ਰਾਸ਼ਟਰ ਬਣਾਉਣ ਲਈ ਠੋਸ ਉਪਰਾਲੇ ਕਰਨੇ ਚਾਹੀਦੇ ਹਨ।
                                                                                                                ਅਜੇ ਕੁਮਾਰ

Wednesday 1 February 2017

ਮੂਰਖ ਕਿਸ ਨੂੰ...ਅਤੇ ਕੌਣ...

ਕੁਝ ਦਿਨ ਪਹਿਲਾਂ ਮੈਂ ਆਪਣੇ ਮੁਹੱਲੇ 'ਚ ਖੜ੍ਹਾ ਸੀ। ਕੁਝ ਹੀ ਦੇਰ 'ਚ ਕਦੇ ਕਿਸੇ ਪਾਰਟੀ ਦਾ ਰਿਕਸ਼ਾ, ਕਦੇ ਕਿਸੇ ਪਾਰਟੀ ਦਾ ਆਟੋ ਲੰਘ ਰਿਹਾ ਸੀ। ਕੋਈ ਉੱਧਰੋਂ ਢੋਲ ਲੈ ਕੇ ਆ ਰਿਹਾ ਸੀ, ਕੋਈ ਢੋਲ ਲੈ ਕੇ ਜਾ ਰਿਹਾ ਸੀ। ਮੈਨੂੰ ਆਪਣਾ ਬਚਪਨ ਯਾਦ ਆ ਗਿਆ। ਕੁਝ ਦੇਰ ਲਈ ਮੈਂ ਆਪਣੇ ਕੋਲੋਂ ਵਾਰ-ਵਾਰ ਲੰਘ ਰਹੀਆਂ ਸਿਆਸੀ ਪਾਰਟੀਆਂ ਦੇ ਹਮਾਇਤੀਆਂ ਦੇ ਨਾਅਰਿਆਂ ਅਤੇ ਉਨ੍ਹਾ ਵੱਲੋਂ ਲਗਾਏ ਲਾਊਡ ਸਪੀਕਰਾਂ ਦੀ ਅਵਾਜ਼ ਵਿੱਚ ਗੁੰਮ ਹੋ ਗਿਆ। ਫਿਰ 10 ਕੁ ਮਿੰਟਾਂ ਬਾਅਦ ਮੈਂ ਆਪਣੇ ਘਰ ਗਿਆ ਤੇ ਬੈਠ ਕੇ ਅਰਾਮ ਨਾਲ ਸੋਚਿਆ ਕਿ ਕੋਈ ਸਾਨੂੰ ਸਮਾਰਟ ਫੋਨ ਦੇ ਰਿਹਾ ਹੈ, ਕੋਈ ਸਾਡੇ ਗਰੀਬ ਬੱਚਿਆਂ ਨੂੰ ਸਕੂਟੀ ਦੇਣ ਦਾ ਵਾਅਦਾ ਕਰ ਰਿਹਾ ਹੈ, ਕੋਈ ਆਟਾ-ਦਾਲ ਦੇ ਕੇ ਬੜ੍ਹਕਾਂ ਮਾਰ ਰਿਹਾ ਹੈ, ਕੋਈ ਮੁੱਛਾਂ ਨੂੰ ਤਾਅ ਦੇ ਕੇ ਖੰਡ, ਪੱਤੀ, ਘਿਉ ਦੇਣ ਦਾ ਵਾਅਦਾ ਵੀ ਕਰਦਾ ਹੈ, ਕੋਈ ਹਰ ਪਰਿਵਾਰ ਹਰ ਘਰ 'ਚ ਨੌਕਰੀ ਦੇਣ ਦਾ ਵਾਅਦਾ ਕਰ ਰਿਹਾ ਹੈ, ਕੋਈ 51 ਹਜ਼ਾਰ ਰੁਪਏ ਸ਼ਗਨ ਦੇਣ ਦਾ ਵਾਅਦਾ ਕਰ ਰਿਹਾ ਹੈ, ਕੋਈ ਮੁਫ਼ਤ ਬਿਜਲੀ-ਪਾਣੀ, ਮਕਾਨ, ਕਰਜ਼ੇ ਮੁਆਫ, ਖਬਰੇ ਕਿਹੜੀ-ਕਿਹੜੀ ਚੀਜ਼ ਦੇ ਵਾਅਦੇ ਕਰ ਰਹੇ ਹਨ। ਹਾਲੇ ਮੈਂ ਇਹ ਸੋਚ ਹੀ ਰਿਹਾ ਸੀ ਕਿ ਇਹ ਕਿਸ ਨੂੰ ਮੂਰਖ ਬਣਾ ਰਹੇ ਹਨ ਅਤੇ ਕੌਣ ਹਨ ਜੋ ਸਾਨੂੰ ਮੂਰਖ ਬਣਾ ਰਹੇ ਹਨ। ਮੈਂ ਮਨ ਬਣਾ ਰਿਹਾ ਸੀ ਕਿ  ਇਸ 'ਤੇ ਕੁਝ ਲਿਖਾਂ ਤੇ ਮੇਰਾ ਬੇਟਾ ਜੋ ਦਸਵੀਂ ਕਲਾਸ ਵਿੱਚ ਪੜ੍ਹਦਾ ਹੈ, ਉਹ ਮੈਨੂੰ ਕਹਿਣ ਲੱਗਾ, ਡੈਡੀ ਜੀ! ਇਹ ਸਾਰੀਆਂ ਪਾਰਟੀਆਂ ਦੇ ਲੀਡਰ ਏਨੇ ਲੋਕਾਂ ਨੂੰ ਸਚਮੁੱਚ ਏਨਾ ਕੁਝ ਦੇਣਗੇ?ਮੈਂ ਉਸ ਵੱਲ ਗੌਰ ਨਾਲ ਦੇਖਿਆ, ਮੈਂ ਕਿਹਾ, ਬਹੁਤ ਵਧੀਆ ਸਵਾਲ ਪੁੱਛਿਆ ਬੇਟਾ ਤੂੰ! ਫਿਰ ਮੈਂ ਉਸ ਨੂੰ ਵਿਸਥਾਰ ਨਾਲ ਦੱਸਿਆ ਕਿ ਬੇਟਾ ਇਹ ਸਿਆਸੀ ਠੱਗਾਂ ਦੇ ਟੋਲੇ ਹਨ। ਜਿਹੜੇ ਭੋਲੀਭਾਲੀ ਜਨਤਾ ਅਤੇ ਕਿਤੇ-ਕਿਤੇ ਲਾਲਚੀ ਲੋਕਾਂ ਨੂੰ ਮੂਰਖ ਬਣਾ ਰਹੇ ਹਨ। ਇਹ ਇਨ੍ਹਾਂ ਦਾ ਸਟੰਟ ਹੈ ਇਲੈਕਸ਼ਨ ਜਿੱਤਣ ਦਾ। ਨਾਲ ਮੈਂ ਉਸ ਨੂੰ ਇਹ ਵੀ ਦੱਸਿਆ ਕਿ ਇਹ ਉਹੋ ਲੋਕ ਹਨ, ਜਿਨ੍ਹਾਂ ਕਰਕੇ ਪੰਜਾਬ ਦੇ ਲੋਕ ਰੋਜ਼ੀ-ਰੋਟੀ ਨਹੀਂ ਕਮਾ ਸਕਦੇ, ਪੰਜਾਬ ਦੇ ਬਹੁਤ ਸਾਰੇ ਲੋਕਾਂ ਕੋਲ ਘਰ ਨਹੀਂ ਹਨ, ਉਹ ਬਿਜਲੀ ਦਾ ਬਿੱਲ ਨਹੀਂ ਦੇ ਸਕਦੇ, ਉਨ੍ਹਾਂ ਸਿਰ ਕਰਜ਼ੇ ਚੜ੍ਹ ਗਏ ਹਨ, ਇਸ ਤੋਂ ਪਹਿਲਾਂ ਕਿ ਲੋਕਾਂ ਨੂੰ ਇਹ ਪਤਾ ਲੱਗ ਜਾਵੇ ਕਿ ਸਾਡੀਆਂ ਸਾਰੀਆਂ ਦੁੱਖ-ਤਕਲੀਫਾਂ ਦੇ ਕਾਰਣ ਤੇ ਵਾਰਸ ਇਹੋ ਹਨ, ਇਸ ਲਈ ਸਿਆਸੀ ਪਾਰਟੀਆਂ ਦੇ ਨੇਤਾ ਲੋਕਾਂ ਦਾ ਧਿਆਨ ਮੁੱਦਿਆਂ ਤੋਂ ਭਟਕਾ ਕੇ ਦੂਜੇ ਪਾਸੇ ਖਿੱਚਣ ਲਈ ਇਕ-ਦੂਜੇ ਨਾਲੋਂ ਵੱਧ ਲਾਰੇ-ਲੱਪੇ ਤੇ ਲਾਲਚ ਦੇ ਰਹੇ ਹਨ। ਮੇਰੇ ਬੇਟੇ ਨੇ ਮੇਰੇ ਵੱਲ ਇੰਝ ਗੌਰ ਨਾਲ ਦੇਖਿਆ, ਜਿਵੇਂ ਉਸ ਨੂੰ ਸਭ ਕੁਝ ਸਮਝ ਆ ਗਿਆ ਹੋਵੇ। ਮੈਨੂੰ ਵਧੀਆ ਲੱਗਿਆ। ਹੁਣ ਗੱਲ ਸੋਚਣ ਵਾਲੀ ਇਹ ਹੈ ਕਿ ਜੇਕਰ ਮੇਰੇ ਪੁੱਤਰ ਵਾਂਗ ਬਹੁਗਿਣਤੀ ਵੋਟਰਾਂ ਦੇ ਮਨ ਵਿੱਚ ਵੀ ਇਹ ਸਵਾਲ ਆ ਗਿਆ ਕਿ ਜਿਹੜੇ ਵਾਅਦੇ ਇਹ ਲੀਡਰ ਕਰ ਰਹੇ ਹਨ, ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਲਈ ਇਹ ਪੈਸਾ ਕਿੱਥੋਂ ਲੈ ਕੇ ਆਉਣਗੇ? ਜਾਂ ਲੋਕ ਇੰਝ ਸੋਚਣ ਕਿ ਜਿਹੜੇ ਇਨ੍ਹਾਂ ਨੇ ਪਿੱਛੇ ਵਾਅਦੇ ਕੀਤੇ ਸਨ, ਉਹ ਤਾਂ ਅੱਜ ਤੱਕ ਪੂਰੇ ਹੋਏ ਨਹੀਂ, ਅੱਗੋਂ ਕਿਵੇਂ ਇਨ੍ਹਾਂ 'ਤੇ ਯਕੀਨ ਕੀਤਾ ਜਾਵੇ ਤਾਂ ਮੈਨੂੰ ਲੱਗਦਾ ਹੈ ਕਿ ਚੋਣਾਂ ਦੌਰਾਨ ਚੋਣ ਪ੍ਰਚਾਰ ਦੇ ਖਪ-ਰੌਲੇ ਕਰਕੇ ਜਿਹੜੀ ਸਿਰਪੀੜ ਜਨਤਾ ਨੂੰ ਲੱਗੀ ਹੋਈ ਹੈ, ਇਸ ਤੋਂ ਤਾਂ ਰਾਹਤ ਮਿਲੇਗੀ ਹੀ, ਨਾਲ ਦੀ ਨਾਲ ਇਨ੍ਹਾਂ ਲਾਅਰੇਬਾਜ਼, ਗੱਪੀਆਂ ਦੇ ਟੋਲਿਆਂ ਤੋਂ ਵੀ ਪੰਜਾਬ ਦੀ ਜਨਤਾ ਨੂੰ ਛੁਟਕਾਰਾ ਮਿਲ ਸਕਦਾ ਹੈ ਤੇ ਸਾਫ-ਸੁਥਰੀ ਛਵੀ ਵਾਲੇ ਲੋਕ ਰਾਜਨੀਤੀ ਵਿੱਚ ਅੱਗੇ ਆ ਸਕਦੇ ਹਨ। ਮੈਨੂੰ ਲੱਗਦਾ ਹੈ ਕਿ ਮੈਨੂੰ ਆਪਣੀ ਅਖ਼ਬਾਰ ਦੇ ਮਾਧਿਅਮ ਤੋਂ ਇਸ ਨੁਕਤੇ 'ਤੇ ਵੱਧ ਤੋਂ ਵੱਧ ਪ੍ਰਚਾਰ-ਪ੍ਰਸਾਰ ਕਰਨ ਦੇ ਲਈ ਉਪਰਾਲਾ ਕਰਨਾ ਚਾਹੀਦਾ ਹੈ। ਸੋ ਉਸੇ ਉਪਰਾਲੇ ਦੀ ਕੜੀ ਤਹਿਤ ਇਹ ਮੈਂ ਲੇਖ ਪੰਜਾਬ ਦੀ ਜਨਤਾ ਅਤੇ ਖ਼ਾਸ ਕਰਕੇ ਆਪਣੇ ਪਾਠਕਾਂ ਅਤੇ ਸ਼ੁਭਚਿੰਤਕਾਂ ਲਈ ਲਿਖਿਆ ਹੈ। ਉਮੀਦ ਹੈ ਤੁਸੀਂ ਇਸ ਲੇਖ ਦੀ ਮੂਲ ਭਾਵਨਾ ਨੂੰ ਸਮਝਦੇ ਹੋਏ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਵੱਧ ਤੋਂ ਵੱਧ ਚੋਣ ਕਮਿਸ਼ਨ ਦਾ ਸਾਥ ਦੇ ਕੇ ਨਿਰਪੱਖ ਚੋਣਾਂ 'ਚ ਆਪਣਾ ਬਣਦਾ ਯੋਗਦਾਨ ਪਾਓਗੇ।                   -ਅਜੇ ਕੁਮਾਰ