Tuesday 28 February 2017

'ਮਨ ਕੀ ਬਾਤ'

ਹਰ ਇਨਸਾਨ ਦੇ ਮਨ 'ਚ ਕਿਸੇ ਨਾ ਕਿਸੇ ਗੱਲ ਦੀ ਹਸਰਤ ਹੁੰਦੀ ਹੈ। ਮਨ ਵਿੱਚ ਕਈ ਪ੍ਰਕਾਰ ਦੀਆਂ ਗੱਲਾਂ ਹੁੰਦੀਆਂ ਹਨ। ਕਈਆਂ ਨੂੰ ਆਪਣੇ ਮਨ ਦੀ ਗੱਲ ਕਰਨ ਦਾ ਮੰਚ ਮਿਲ ਜਾਂਦਾ ਹੈ, ਕਈ ਵਿਚਾਰੇ ਆਪਣੇ ਮਨ ਦੀ ਗੱਲ ਸਾਰੀ ਉਮਰ ਆਪਣੇ ਮਨ ਵਿੱਚ ਹੀ ਰੱਖਦੇ ਹਨ। ਕਈ ਤਾਂ ਆਪਣੇ ਮਨ ਦੀ ਗੱਲ ਆਪਣੇ ਨਾਲ ਹੀ ਲੈ ਕੇ ਦੁਨੀਆਂ ਤੋਂ ਤੁਰ ਜਾਂਦੇ ਹਨ। ਪਰ ਜਦੋਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਮੀਡੀਆ ਰਾਹੀਂ ਲੋਕਾਂ ਨਾਲ ਸਾਂਝੀ ਕਰਨੀ ਸ਼ੁਰੂ ਕੀਤੀ ਹੈ, ਉਦੋਂ ਤੋਂ ਭਾਰਤ 'ਚ ਰਹਿ ਰਹੇ ਆਸ਼ਾਵਾਦੀ ਲੋਕਾਂ ਦੀਆਂ ਉਮੀਦਾਂ ਹੋਰ ਵੀ ਵਧ ਗਈਆਂ ਹਨ ਕਿ ਕਦੇ ਨਾ ਕਦੇ ਉਨ੍ਹਾਂ ਨੂੰ ਵੀ ਮਨ ਦੀ ਗੱਲ ਕਰਨ ਦਾ ਮੌਕਾ ਮਿਲੇਗਾ। ਅੱਜ ਦੇ ਲੇਖ 'ਚ ਗੱਲ ਕਰਦੇ ਹਾਂ ਪ੍ਰਧਾਨ ਮੰਤਰੀ ਮੋਦੀ ਦੇ ਮਨ ਕੀ ਬਾਤ ਦੀ। ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ ਉਨ੍ਹਾਂ ਨੇ ਅੱਜ ਤੱਕ ਜਿੰਨੇ ਵੀ ਪ੍ਰੋਗਰਾਮ ਮਨ ਕੀ ਬਾਤ ਦੇ ਕੀਤੇ ਹਨ, ਉਹ ਬਤੌਰ ਸਰਕਾਰ ਦਾ ਮੁਖੀ ਹੋਣ ਦੀ ਬਜਾਏ ਇਕ ਗੈਰ ਸਰਕਾਰੀ ਸੰਸਥਾ (ਐਨਜੀਓ) ਦੇ ਮੁਖੀ ਵਾਂਗ ਗੱਲ ਕਰਦੇ ਹਨ। ਕਹਿਣ ਦਾ ਭਾਵ ਉਹ ਹਮੇਸ਼ਾ ਮਨ ਕੀ ਬਾਤ 'ਚ  ਸਮਾਜਿਕ ਸੁਧਾਰ ਲਈ ਲੋਕਾਂ ਕੋਲੋਂ ਸਹਿਯੋਗ ਮੰਗਦੇ ਹਨ, ਜਦਕਿ ਸਰਕਾਰ ਦਾ ਮੁਖੀ ਹੋਣ ਕਰਕੇ ਉਨ੍ਹਾਂ ਨੂੰ ਲੋਕਾਂ ਤੋਂ ਸਹਿਯੋਗ ਮੰਗਣ ਤੋਂ ਪਹਿਲਾਂ ਕਾਨੂੰਨ ਦਾ ਬਾਖੂਬੀ ਇਸਤੇਮਾਲ  ਕਰਨਾ ਅਤੇ ਕਰਵਾਉਣਾ ਚਾਹੀਦਾ ਹੈ। ਕਦੇ-ਕਦੇ ਮੈਨੂੰ ਲੱਗਦਾ ਹੈ ਕਿ ਨਰਿੰਦਰ ਮੋਦੀ ਜੀ ਨੂੰ ਮਨ ਦੀ ਬਜਾਏ ਦਿਮਾਗ ਦੀ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਕੁਦਰਤ ਨੇ ਵੀ ਦਿਮਾਗ ਨੂੰ ਸਰੀਰ 'ਚ ਸਭ ਤੋਂ ਉੱਚਾ ਦਰਜਾ ਬਖਸ਼ਿਆ ਹੈ। ਇਸੇ ਲਈ ਸ਼ਾਇਦ ਹਰ ਦਿਮਾਗੀ ਆਦਮੀ ਜੀਵਨ ਦੇ ਹਰ ਖੇਤਰ ਵਿੱਚ ਮਨ ਨਾਲ ਚੱਲਣ ਵਾਲੇ ਲੋਕਾਂ ਤੋਂ ਔਸਤਨ ਅੱਗੇ ਹੈ। ਮੈਂ ਵੀ ਆਪਣੇ ਪਾਠਕਾਂ ਨਾਲ ਆਪਣੇ ਮਨ ਕੀ ਬਾਤ ਸਾਂਝੀ ਕਰਦੇ ਹੋਏ ਦੱਸਣਾ ਚਾਹੁੰਦਾ ਹਾਂ ਕਿ ਮੈਂ ਇਹ ਲੇਖ ਆਪਣੀ ਅਖਬਾਰ 'ਚ ਲਿਖ ਕੇ ਮੋਦੀ ਸਾਹਿਬ ਨੂੰ ਡਾਕ ਰਾਹੀਂ ਰਜਿਸਟਰਡ ਲੈਟਰ ਵੀ ਭੇਜਿਆ ਹੈ, ਉਹ ਮੈਂ ਇਸ ਆਸ ਵਿੱਚ ਭੇਜਿਆ ਹੈ, ਕਿਉਂਕਿ ਸ਼੍ਰੀ ਨਰਿੰਦਰ ਮੋਦੀ ਜੀ ਤਕਰੀਬਨ ਹਰ ਲੀਡਰ ਦੇ ਬਿਆਨ ਦਾ ਜਵਾਬ ਮੀਡੀਆ ਰਾਹੀਂ ਦੇ ਰਹੇ ਹਨ, ਚਾਹੇ ਉਹ ਲੀਡਰ ਛੋਟਾ ਹੈ ਜਾਂ ਵੱਡਾ।ਜਵਾਬ ਦੇਣ ਵੇਲੇ ਮੋਦੀ ਸਾਹਿਬ ਇਹ ਵੀ ਭੁੱਲ ਜਾਂਦੇ ਹਨ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਹਨ, ਉਨ੍ਹਾਂ ਨੂੰ ਆਪਣੇ ਪਦ ਦੀ ਗਰਿਮਾ ਰੱਖਣੀ ਚਾਹੀਦੀ ਹੈ। 
ਹਾਲਾਂਕਿ ਮੈਂ ਕੋਈ ਲੀਡਰ ਨਹੀਂ ਹਾਂ, ਆਮ ਆਦਮੀ ਹਾਂ, ਮੇਰੀ ਅਖਬਾਰ ਵੀ ਬਹੁਤ ਵੱਡੀ ਨਹੀਂ ਪਰ ਇਸ ਆਸ ਵਿੱਚ ਲੇਖ ਲਿਖਿਆ ਹੈ ਅਤੇ ਉਨ੍ਹਾਂ ਨੂੰ ਭੇਜਿਆ ਵੀ ਹੈ ਕਿ ਸ਼ਾਇਦ ਮੋਦੀ ਸਾਹਿਬ ਦੇ ਦਫਤਰ ਵੱਲੋਂ ਮੈਨੂੰ ਕੋਈ ਜਵਾਬ ਆਵੇ ਤੇ ਮੈਂ ਮੋਦੀ ਸਾਹਿਬ ਨੂੰ ਇਹ ਕਹਿ ਸਕਾਂ ਕਿ ਮੋਦੀ ਸਾਹਿਬ ਮਨ ਕੀ ਬਾਤ ਛੋੜੋ ਦਿਮਾਗ ਕੀ ਬਾਤ ਕਰੋ, ਜਿਸ ਤਰ੍ਹਾਂ ਤੁਸੀਂ ਦਿਮਾਗ ਵਰਤ ਕੇ ਸੱਤਾ ਪ੍ਰਾਪਤ ਕੀਤੀ ਹੈ, ਉਸੇ ਤਰ੍ਹਾਂ ਦਿਮਾਗ ਵਰਤ ਕੇ ਦੇਸ਼ ਦੀਆਂ ਸਮੱਸਿਆਵਾਂ ਦਾ ਹੱਲ ਕਰੋ, ਨਾਲੇ ਸਾਨੂੰ ਗਧਿਆਂ ਕੋਲੋਂ ਪ੍ਰੇਰਣਾ ਲੈਣ ਦੀ ਲੋੜ ਨਹੀਂ, ਸਾਨੂੰ ਆਪਣੇ ਰਹਿਬਰਾਂ ਆਪਣੇ ਸ਼ਹੀਦਾਂ ਤੋਂ ਪ੍ਰੇਰਣਾ ਲੈ ਕੇ ਰਾਸ਼ਟਰ ਦਾ ਨਿਰਮਾਣ ਕਰਨਾ ਚਾਹੀਦਾ ਹੈ, ਸਾਨੂੰ ਇਹ ਕਦੇ ਭੁੱਲਣਾ ਨਹੀਂ ਚਾਹੀਦਾ ਕਿ 67 ਸਾਲ ਸੰਵਿਧਾਨ ਨੂੰ ਲਾਗੂ ਹੋਣ ਤੋਂ ਬਾਅਦ ਵੀ ਅਜੇ ਤੱਕ ਵੀ ਭਾਰਤ ਇਕ ਰਾਸ਼ਟਰ ਨਹੀਂ ਬਣ ਸਕਿਆ। ਭਾਰਤ ਹਜ਼ਾਰਾਂ ਜਾਤੀਆਂ ਦਾ ਇਕ ਸਮੂਹ ਹੈ, ਜੇ ਕੋਈ ਇਨ੍ਹਾਂ ਜਾਤੀਆਂ ਦੇ ਸਮੂਹ ਨੂੰ ਰਾਸ਼ਟਰ ਸਮਝ ਰਿਹਾ ਹੈ ਤਾਂ ਇਹ ਉਸ ਦੀ ਬਹੁਤ ਵੱਡੀ ਭੁੱਲ ਹੈ ਅਤੇ ਇਸ ਦਾ ਨਤੀਜਾ ਸਾਨੂੰ ਆਉਣ ਵਾਲੇ ਦਿਨਾਂ ਵਿੱਚ ਬਹੁਤ ਵੱਡੇ ਖਮਿਆਜ਼ੇ ਦੇ ਰੂਪ ਵਿੱਚ ਭੁਗਤਣਾ ਪੈ ਸਕਦਾ ਹੈ। ਇਸ ਲਈ ਸਮਾਂ ਰਹਿੰਦਿਆਂ ਦਿਮਾਗ ਦੀ ਬਾਤ ਕਰਦੇ ਹੋਏ ਸਾਨੂੰ ਭਾਰਤ ਨੂੰ ਇਕ ਮਜ਼ਬੂਤ ਰਾਸ਼ਟਰ ਬਣਾਉਣ ਲਈ ਠੋਸ ਉਪਰਾਲੇ ਕਰਨੇ ਚਾਹੀਦੇ ਹਨ।
                                                                                                                ਅਜੇ ਕੁਮਾਰ

No comments:

Post a Comment