Saturday 27 February 2021

ਸੱਚੇ ਕਰਮਯੋਗੀ ਸਤਿਗੁਰੂ ਰਵਿਦਾਸ ਮਹਾਰਾਜ ਜੀ


ਸਦੀਆਂ ਪਹਿਲਾਂ ਭਾਰਤ ਦੇ ਦੱਬੇ-ਕੁਚਲੇ ਮਜ਼ਲੂਮ ਗਰੀਬਾਂ ਅੰਦਰ ਸਵੈ-ਮਾਣ, ਸਵੈ-ਵਿਸ਼ਵਾਸ ਤੇ ਸਵੈ-ਸ਼ਕਤੀ ਦਾ ਅਹਿਸਾਸ ਜਗਾਉਣ ਵਾਲੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਜਨਮ 15 ਜਨਵਰੀ 1376 ਈ. ਭਾਵ 1433 ਸੰਮਤ ਵਿਕਰਮੀ ਮਾਘ ਸ਼ੁਕਲ ਪੂਰਣਿਮਾ ਪਰਵਿਸ਼ਟੇ (ਪੰਦਰ੍ਹਾਂ) ਦਿਨ ਐਤਵਾਰ ਨੂੰ ਹੋਇਆ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਇਕ ਮਹਾਨ ਆਕਰਸ਼ਕ, ਵਿਲੱਖਣ, ਬੇਮਿਸਾਲ ਵਿਅਕਤੀਤਵ ਦੇ ਮਾਲਕ ਸਨ। ਆਪ ਜੀ ਦੀਆਂ ਸਮਕਾਲੀਨ ਪ੍ਰਸਥਿਤੀਆਂ ਇੰਨੀਆਂ ਵਿਕਟ ਸਨ ਕਿ ਸਮੁੱਚੇ ਦੇਸ਼ ਵਿੱਚ ਛੂਤ-ਛਾਤ, ਜਾਤ-ਪਾਤ, ਊਚ-ਨੀਚ ਅਤੇ ਆਡੰਬਰ ਪੂਰਨ ਕਰਮਕਾਂਡ ਪ੍ਰਧਾਨ ਸਨ। ਧਰਮ ਦੇ ਠੇਕੇਦਾਰ ਮਨੁੱਖਤਾ ਨੂੰ ਪੈਰਾਂ ਹੇਠ ਰੋਲ ਰਹੇ ਸਨ, ਵੈਰ, ਵਿਰੋਧ, ਨਫ਼ਰਤ, ਸਾੜਾ, ਈਰਖਾ ਆਦਿ ਮਾਨਵਤਾ ਦਾ ਅਤੀ ਘਾਣ ਕਰ ਰਹੇ ਸਨ। ਅਜਿਹੇ ਸੰਕਟ-ਗ੍ਰਸਟ ਸਮੇਂ ਵਿੱਚ ਦੁਖੀ, ਪੀੜਤ, ਪਛਾੜੇ, ਲਤਾੜੇ ਤੇ ਸਤਾਏ ਹੋਏ ਜਨਸਾਧਾਰਨ ਨੂੰ ਗੁਰੂ ਰਵਿਦਾਸ ਜੀ ਨੇ ਆਪਣੀ ਅੰਮਿ੍ਰਤ ਬਾਣੀ ਦੁਆਰਾ ਇਕ ਨਵੀਂ ਜ਼ਿੰਦਗੀ ਬਖਸ਼ ਕੇ ਧਾਰਮਿਕ ਤੇ ਸਮਾਜਿਕ ਸੇਧ ਦਿੱਤੀ ਅਤੇ ਭਾਰਤ ਨੂੰ ਬਚਾਉਣ ਦੀ ਭਰਪੂਰ ਕੋਸ਼ਿਸ਼ ਕੀਤੀ। ਸਤਿਗੁਰੂ ਰਵਿਦਾਸ ਮਹਾਰਾਜ ਚੇਤਨਾ ਦੀ ਬਲਦੀ ਇਕ ਅਜਿਹੀ ਮਸ਼ਾਲ ਸੀ ਜਿਸ ਨੇ ਨਿਮਨ ਵਰਗ ਵਿੱਚ ਜੋਸ਼ ਅਤੇ ਉਤਸ਼ਾਹ ਦੀ ਇਕ ਅਜਿਹੀ ਅਗਨੀ ਪ੍ਰਚੰਡ ਕੀਤੀ, ਜੋ ਤਤਕਾਲੀਨ ਸਮਾਜ ਦੀਆਂ ਬੁਰਾਈਆਂ ਅਤੇ ਕੁਰੀਤੀਆਂ ਨੂੰ ਸਾੜ ਕੇ ਇਕ ਅਜਿਹਾ ਪ੍ਰਕਾਸ਼ ਪਿੱਛੇ ਛੱਡ ਗਈ ਕਿ ਅੱਜ ਵੀ ਕਰੋੜਾਂ ਪ੍ਰਾਣੀ ਉਸ ਤੋਂ ਰੌਸ਼ਨੀ ਪ੍ਰਾਪਤ ਕਰ ਰਹੇ ਹਨ। ਗੁਰੂ ਜੀ ਸੱਚੇ ਕਰਮਯੋਗੀ, ਮਾਨਵਤਾਵਾਦੀ, ਨਿਰਵੈਰ ਤੇ ਨਿਰਵਿਰੋਧ ਸ਼ਖਸ਼ੀਅਤ, ਚੰਗੇ ਗ੍ਰਹਿਸਥੀ, ਸਹਿਣਸ਼ੀਲ, ਦਿਆਲੂ, ਪਰਉਪਕਾਰੀ, ਕੁਦਰਤੀ ਰਜ਼ਾ ਵਿੱਚ ਰਹਿਣ ਵਾਲੇ, ਅਮਨ ਪਸੰਦ, ਕਥਨੀ-ਕਰਨੀ ਵਿੱਚ ਸਮਾਨਤਾ ਰੱਖਣ ਵਾਲੇ, ਮਿੱਠ-ਬੋਲੜੇ, ਨਿਰਭੈ, ਤਰਕਸ਼ੀਲ ਅਤੇ ਮਹਾਨ ਸੰਤ ਸਨ। ਉਨ੍ਹਾਂ ਦੀ ਬੇਮਿਸਾਲ ਸ਼ਖਸੀਅਤ ਦਾ ਹੀ ਪ੍ਰਭਾਵ ਸੀ ਕਿ ਅਖੌਤੀ ਨਿਮਨ ਵਰਗ ਵਿੱਚ ਪੈਦਾ ਹੋ ਕੇ ਵੀ ਉਹ ਸ਼ਾਹੀ ਖ਼ਾਨਦਾਨ ਦੇ ਰਾਜਗੁਰੂ ਬਣੇ ਅਤੇ ਅਨੇਕ ਰਾਜੇ-ਮਹਾਰਾਜੇ, ਪੰਡਤ ਅਤੇ ਕਥਿਤ ਉੱਚਤਮ ਵਰਗ ਦੇ ਲੋਕ ਉਨ੍ਹਾਂ ਦੇ ਸ਼ਿਸ਼ ਬਣੇ।

ਸੱਤ ਸਾਲ ਦੀ ਉਮਰ ਵਿੱਚ ਆਪ ਨੇ ਧਾਗੇ ਦਾ ਜਨੇਊ ਗਲ ਵਿੱਚ ਪਾ ਲਿਆ, ਜੁੱਤੀਆਂ ਗੰਢਣ ਵਾਲੀ ਪੱਥਰੀ ਨੂੰ ਠਾਕੁਰ ਬਣਾ ਲਿਆ, ਧੇਲੇ ਦਾ ਰੰਗ ਲੈ ਕੇ ਮੱਥੇ ਤੇ ਮਲ ਲਿਆ ਅਤੇ ਪ੍ਰੋਹਿਤਾਂ ਵਾਲਾ ਰੂਪ ਧਾਰ ਕੇ ਪੁਰਾਤਨ ਧਰਮ ਦੇ ਗੜ੍ਹ ਕਾਸ਼ੀ ਵਿਚ ਸੰਖ ਵਜਾ ਦਿੱਤਾ। ਇਨਕਲਾਬੀ ਰਹਿਬਰ ਵੱਲੋਂ ਪੁਰੋਹਿਤਾਂ ਵਾਲਾ ਪਹਿਰਾਵਾ ਧਾਰਨ ਕਰਨਾ ਧਰਮ ਨੂੰ ‘ਜੱਦੀ ਕਿੱਤਾ’ ਬਣਾਉਣ ਵਾਲੇ ਲੋਕਾਂ ਉੱਪਰ ਕਰਾਰੀ ਚੋਟ ਸੀ, ਇੱਕ ਵਾਰ ਸੀ, ਵੰਗਾਰ ਸੀ ਅਤੇ ਭਾਰਤ ਦੇ ਅਰਸ਼ਾਂ ਵਿੱਚ ਕਰਮਕਾਂਡੀ ਧਰਮ ਦੇ ਝੁਲ ਰਹੇ ਝੰਡੇ ਨੂੰ ਲੀਰੋ-ਲੀਰ ਕਰਨ ਲਈ ਬਗ਼ਾਵਤ ਵੱਲ ਪੁੱਟਿਆ ਪਹਿਲਾ ਕਦਮ ਸੀ। ਕਾਸ਼ੀ ਦੇ ਪੰਡਤਾਂ-ਪੁਰੋਹਿਤਾਂ ਵੱਲੋਂ ਵਿਰੋਧ ਕਰਨ ਤੇ ਉਨ੍ਹਾਂ ਨੇ ਬੁਲੰਦ ਅਵਾਜ਼ ਵਿੱਚ ਕਿਹਾ :

ਆਪਨ ਬਾਪੈ ਨਾਹੀ ਕਿਸੀ ਕੋ

ਭਾਵਨ ਕੋ ਹਰਿ ਰਾਜਾ।

ਅਰਥਾਤ : ਪਰਮਾਤਮਾ ਕਿਸੇ ਦਾ ਬਾਪ ਨਹੀਂ ; ਕਿਸੇ ਦੇ ਪਿਉ ਦੀ ਜਾਗੀਰ ਨਹੀਂ, ਉਸ ਵਿੱਚ ਨਿਸ਼ਚਾ ਅਤੇ ਪ੍ਰੇਮ-ਭਾਵਨਾ ਰੱਖਣ ਵਾਲਾ ਕੋਈ ਵੀ ਜੀਵ ਉਸ ਦਾ ਸਿਮਰਨ ਕਰ ਸਕਦਾ ਹੈ। ਧਰਮ ਵਿੱਚ ਪ੍ਰਚੱਲਤ ‘ਝੂਠੇ ਸਗਲ ਪਸਾਰੇ’ ਕਹਿ ਕੇ ਕੇਵਲ ਇੱਕ ਦਿਖਾਵਾ ਘੋਸ਼ਿਤ ਕੀਤਾ। ਮੂਰਤੀ ਪੂਜਕ ਭਗਤਾਂ ਵੱਲੋਂ ਅਖੌਤੀ ਦੇਵ-ਪੂਜਾ ਸਮੇਂ ਸੁੱਚੇ ਜਲ, ਫਲ-ਫੁੱਲ ਅਤੇ ਦੁੱਧ ਆਦਿ ਨਾਲ ਪੱਥਰਾਂ ਨੂੰ ਇਸ਼ਨਾਨ ਕਰਾਉਣ ਅਤੇ ਠਾਕੁਰਾਂ ਨੂੰ ਭੋਗ ਲੁਆਉਣ ਦੇ ਤਰੀਕੇ ਨੂੰ ਆਪ ਨੇ ਪ੍ਰੋਹਿਤਵਾਦੀ ਪਾਖੰਡ ਦੱਸਿਆ। ਆਪਨੇ ਇਹ ਗੱਲ ਡੱਟ ਕੇ ਆਖੀ ਕਿ ਪੱਥਰਾਂ ਨੂੰ ਭੋਗ ਲੁਆਉਣ ਲਈ ਭੇਂਟ ਕੀਤਾ ਦੁੱਧ, ਜਲ ਅਤੇ ਫੁੱਲ ਤਾਂ ਪਹਿਲਾਂ ਹੀ ਕ੍ਰਮਵਾਰ ਗਾਂ ਦੇ ਵੱਛੇ, ਮਛਲੀ ਅਤੇ ਭੌਰੇ ਨੇ ਜੂਠੇ ਕੀਤੇ ਹੋਏ ਹਨ ਅਤੇ ਇਸ ਜੂਠੀ ਸਮੱਗਰੀ ਨਾਲ ਇਹ ਪੂਜਾ ਪਵਿੱਤਰ ਕਿਵੇਂ ਹੋਈ? ਆਪ ਦਾ ਫੁਰਮਾਨ ਹੈ :

ਦੂਧੁ ਤ ਬਛਰੈ ਥਨਹੁ ਬਿਟਾਰਿਓ॥

ਫੂਲ ਭਬਰਿ ਜਲੁ ਮੀਨਿ ਬਿਗਾਰਿਓ॥

ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ॥3

ਸਤਿਗੁਰੂ ਰਵਿਦਾਸ ਜੀ ਦੀ ਬਾਣੀ ਨੇ ਜਨ-ਚੇਤਨਾ ਪੈਦਾ ਕਰਕੇ ਸਦੀਆਂ ਤੋਂ ਲਤਾੜੇ ਅਤੇ ਪੀੜਤ ਵਰਗ ਦੇ ਲੋਕਾਂ ਨੂੰ ਸਮਾਜ ਦਾ ਨਵ ਨਿਰਮਾਣ ਕਰਕੇ ਮਾਨਵਤਾ ਲਈ ਸਮਾਨਤਾ, ਸੁਤੰਤਰਤਾ, ਮਨੁੱਖੀ ਭਾਈਚਾਰੇ ਵਿੱਚ ਏਕਤਾ, ਪਿਆਰ ਅਤੇ ਸਮਨਵੈ ਦੀ ਭਾਵਨਾ ਪੈਦਾ ਕਰਕੇ ‘ਸਤ ਸੰਗਤਿ ਮਿਲਿ ਰਹੀਐ’ ਵਾਲਾ ਇਕ ਸੁਚੱਜਾ ਸਮਾਜ ਸਿਰਜਣ ਦੀ ਪ੍ਰੇਰਨਾ ਪ੍ਰਦਾਨ ਕੀਤੀ।

ਗੁਰੂ ਰਵਿਦਾਸ ਜੀ ਇਨਕਲਾਬੀ ਯੋਧੇ ਸਨ। ਆਪ ਨੇ ਸਮਾਜਿਕ, ਰਾਜਨੀਤਕ ਅਤੇ ਆਰਥਿਕ ਪਰਾਧੀਨਤਾ ਵਿਰੁੱਧ ਝੰਡਾ ਬੁਲੰਦ ਕੀਤਾ। ਉਨ੍ਹਾਂ ‘ਪਰਾਧੀਨਤਾ ਪਾਪ ਹੈ’ ਦਾ ਨਾਅਰਾ ਬੁਲੰਦ ਕਰਦਿਆਂ ਗੁਲਾਮੀ ਵਿਰੁੱਧ ਸੰਘਰਸ਼ ਕਰਨ ਲਈ ਪ੍ਰੇਰਨਾ ਦਿੱਤੀ। ਉਨ੍ਹਾਂ ਨੇ ਸਮਾਜਿਕ ਅਤੇ ਆਰਥਿਕ ਸਮਾਨਤਾ ਵਾਲਾ ਭਾਈਚਾਰਕ ਸਮਾਜ ਸਿਰਜਣ ਦਾ ਚਿੰਤਨ ਪ੍ਰਸਤੁਤ ਕੀਤਾ। ਆਪ ਦਾ ਕਥਨ ਹੈ :

(ੳ) ਐਸਾ ਚਾਹੂੰ ਰਾਜ ਮੈਂ

ਜਹਾਂ ਮਿਲੈ ਸਭਨ ਕੋ ਅੰਨ॥

ਛੋਟ ਬੜੋ ਸਭ ਸਮ ਬਸੈ

ਰਵਿਦਾਸ ਰਹੇ ਪ੍ਰਸੰਨ॥

(ਅ) ਪਰਾਧੀਨਤਾ ਪਾਪ ਹੈ

ਜਾਨ ਲੇਹੁ ਰੇ ਮੀਤ॥

ਰਵਿਦਾਸ ਦਾਸ ਪਰਾਧੀਨ ਸੋ

ਕੌਨ ਕਰੈ ਹੈ ਪ੍ਰੀਤ’

ਆਪ ਮਾਨਵਵਾਦੀ ਸੰਤ ਸਨ। ਆਪ ਭਾਰਤੀ ਸਮਾਜ ਵਿੱਚ ਧਰਮ, ਜਾਤ ਅਤੇ ਮਜ਼ਹਬ ਦੇ ਨਾਂ ਤੇ ਪਾਈਆਂ ਵੰਡੀਆਂ ਨੂੰ ਦੂਰ ਕਰਕੇ ਅਜਿਹਾ ਸਮਾਜ ਸਥਾਪਿਤ ਕਰਨਾ ਚਾਹੁੰਦੇ ਸਨ ਜਿਸ ਵਿੱਚ ਧਾਰਮਿਕ ਅੰਧ-ਵਿਸ਼ਵਾਸਾਂ, ਆਡੰਬਰਾਂ, ਕਰਮਕਾਂਡਾਂ ਅਤੇ ਵਿਤਕਰਿਆਂ ਦਾ ਬੋਲਬਾਲਾ ਨਾ ਹੋਵੇ। ਆਪ ਨੇ ਵੇਦਾਂ-ਸ਼ਾਸ਼ਤਰਾਂ ਦੀ ਪ੍ਰਭੂਸੱਤਾ ਨੂੰ ਇਹ ਕਹਿ ਕੇ ਵੰਗਾਰਿਆ ਕਿ ਇਹ ਸ਼ੰਕਿਆਂ ਨਾਲ ਭਰੇ ਪਏ ਹਨ। ਆਪ ਦਾ ਸਪਸ਼ਟ ਫੁਰਮਾਨ ਹੈ :

(ੳ) ਕਰਮ ਅਕਰਮ ਬੀਚਾਰੀਐ।

    ਸੰਕਾ ਸੁਨਿ ਬੇਦ ਪੁਰਾਨ॥

(ਅ) ਰਵਿਦਾਸ ਇਕ ਹੀ ਬੂੰਦ ਸੋ, ਸਭ ਹੀ ਭਯੋ ਵਿਯਾਰ।

     ਮੂਰਖਿ ਹੈ ਜੋ ਕਰਤ ਹੈ, ਬਰਨ ਅਬਰਨ ਬਿਚਾਰ।

ਗੁਰੂ ਜੀ ਵੱਲੋਂ ਵਰਣ-ਵਿਵਸਥਾ ਦੇ ਸਿਰਜਕਾਂ ਨੂੰ ਮੁੂਰਖਾਂ ਦੀ ਸੰਗਿਆ ਦੇਣਾ ਅਤੇ ‘‘ਮਾਥੈ ਤਿਲਕ ਹਾਥ ਜਪਮਾਲਾ, ਜਗ ਠਗਨੇ ਨੂੰ ਸਵਾਂਗ ਬਨਾਇਆ’’ ਕਹਿ ਕੇ ਇਸ ਵਿਵਸਥਾ ਨੂੰ ਵੰਗਾਰਨਾ ਇੱਕ ਵਿਦਰੋਹ ਹੀ ਤਾਂ ਸੀ। ਆਪ ਨੇ ਆਪਣੀ ਬਾਣੀ ਵਿੱਚ ਮਨੁੱਖ ਨੂੰ ਮਾਨਸਿਕ ਰੂਪ ਵਿੱਚ ਕਮਜ਼ੋਰ ਤੇ ਗੁਲਾਮ ਬਣਾਈ ਰੱਖਣ ਵਾਲੇ ਇਨ੍ਹਾਂ ਅਖੌਤੀ ਧਰਮ-ਸ਼ਾਸਤਰਾਂ ਅਤੇ ਇਨ੍ਹਾਂ ਦੀ ਰਚਨਾ ਕਰਨ ਵਾਲਿਆਂ ਵਿਰੁੱਧ ਨਿਰਭੈ ਹੋ ਕੇ ਆਵਾਜ਼ ਬੁਲੰਦ ਕੀਤੀ। ਆਪ ਨੇ ਅੰਧ-ਵਿਸ਼ਵਾਸਾਂ ਅਧੀਨ ਫੈਲਾਏ ਭਰਮ-ਜਾਲ ਜਪ, ਤਪ, ਦਾਨ, ਤੀਰਥ-ਇਸ਼ਨਾਨ, ਪੂਜਾ, ਅਰਚਨਾ, ਮੂਰਤੀਆਂ ਅੱਗੇ ਨੱਚਣ, ਗਾਉਣ ਆਦਿ ਦਾ ਜ਼ੋਰਦਾਰ ਖੰਡਣ ਕੀਤਾ। ਕਹਿਣ ਦਾ ਭਾਵ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਰਾ ਜੀਵਨ ਅੰਡਬਰ, ਪਖੰਡਾਂ ਅਤੇ ਮਨੁੱਖਤਾ ਵਿਰੋਧੀ ਅਖੌਤੀ ਧਾਰਮਿਕ ਤੇ ਸਮਾਜਿਕ ਵੰਡ ਪ੍ਰਣਾਲੀ ਖਿਲਾਫ ਸੰਘਰਸ਼ ਕੀਤਾ। ਇਨ੍ਹਾਂ ਸਾਰੀਆਂ ਬੁਰਾਈਆਂ ਦਾ ਵਿਰੋਧ ਕੀਤਾ। ਅੱਜ ਅਸੀਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 644ਵਾਂ ਪ੍ਰਕਾਸ਼ ਉਤਸਵ ਮਨਾ ਰਹੇ ਹਾਂ। ਅੱਜ ਦਾ ਦੌਰ ਬਹੁਤ ਨਾਜ਼ੁਕ ਹੈ, ਦੇਸ਼ ਦੀ ਏਕਤਾ ਅਤੇ ਅਖੰਡਤਾ ’ਤੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ। ਇਸ ਸਮੇਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਦਾ ਫਲਸਫਾ ਤੇ ਉਨ੍ਹਾਂ ਦੀ ਵਿਚਾਰਧਾਰਾ ਭਾਰਤ ਦੇ ਹਰ ਨਾਗਰਿਕ ਨੂੰ ਰਾਸ਼ਟਰ ਹਿੱਤ ਵਿੱਚ ਕੰਮ ਕਰਨ ਲਈ ਸੁਚੇਤ ਕਰ ਸਕਦੀ ਹੈ। ਸੋ ਆਓ ਅਸੀਂ ਸਾਰੇ ਰਲ ਕੇ ਪ੍ਰਣ ਕਰੀਏ ਕਿ ਇਸ ਵਾਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਰਾਸ਼ਟਰ ਹਿੱਤ ’ਚ ਸਮਰਪਿਤ ਕਰਕੇ ਆਪਸੀ ਲੜਾਈਆਂ, ਝਗੜੇ ਖਤਮ ਕਰਕੇ ਇਕੱਠੇ ਹੋ ਕੇ ਦੇਸ਼ ਨੂੰ ਤਰੱਕੀ ਦੀਆਂ ਲੀਹਾਂ ਵੱਲ ਤੋਰੀਏ ਤਾਂ ਜੋ ਸਾਡਾ ਦੇਸ਼ ਤਰੱਕੀ ਕਰੇ ਤੇ ਹਰ ਭਾਰਤੀ ਖੁਸ਼ਹਾਲ ਹੋਵੇ।

ਅਜੈ ਕੁਮਾਰ

   

Saturday 20 February 2021

ਸਤਿਗੁਰੂ ਰਵਿਦਾਸ ਮਹਾਰਾਜ ਅਤੇ ਉਨ੍ਹਾਂ ਦੀ ਵਿਚਾਰਧਾਰਾ


ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਕਾਲ ਬਾਰੇ ਬਹੁਤੇ ਸਾਰੇ ਵਿਦਵਾਨਾਂ ਦੀਆਂ ਲਿਖਤਾਂ ਤੋਂ ਪਤਾ ਚਲਦਾ ਹੈ ਕਿ ਉਹ ਅਜਿਹਾ ਦੌਰ ਸੀ ਜਿਸ ਵਿੱਚ ਬਹੁਤੇ ਪਾਸੇ ਰਾਜ ਸੱਤਾ ਦੀ ਡੋਰ ਜ਼ਾਲਮ ਮੁਗਲਾਂ ਹੱਥ ਤੇ ਧਰਮ ਸੱਤਾ ਦੀ ਡੋਰ ਧਰਮ ਦੇ ਨਾਂ ’ਤੇ ਵਪਾਰ ਕਰਨ ਵਾਲੇ ਪੁਰੋਹਿਤਾਂ ਦੇ ਹੱਥ ਸੀ। ਜਿਨ੍ਹਾਂ ਨੇ ਆਪਣੇ-ਆਪ ਨੂੰ ਸਰਵਸ੍ਰੇਸ਼ਠ ਸਿੱਧ ਕਰਨ ਲਈ ਇਕ ਮੂਲ ਮੰਤਰ ਸਾਰੀਆਂ ਦਿਸ਼ਾਵਾਂ ’ਚ ਜਨ-ਜਨ ਤੱਕ ਪਹੁੰਚਾਇਆ ਹੋਇਆ ਸੀ ਕਿ ਮਨੁੱਖ ਜਨਮ ਤੋੋਂ ਮਹਾਨ ਹੁੰਦਾ ਹੈ, ਜਾਤ-ਪਾਤ ਧੁਰੋਂ ਹੀ ਬਣ ਕੇ ਆਈ ਹੈ, ਬੰਦਾ ਆਪਣੇ ਕਰਮ ਲਿਖਾ ਕੇ ਹੀ ਧਰਤੀ ’ਤੇ ਆਉਦਾ ਹੈ। ਇਸ ਤੋਂ ਇਲਾਵਾ ਧਰਮ ਦੇ ਨਾਂ ’ਤੇ ਵਪਾਰ ਕਰਨ ਲਈ ਉਨ੍ਹਾਂ ਨੇ ਕਈ ਤਰ੍ਹਾਂ ਦੇ ਅਡੰਬਰ, ਪਖੰਡ ਰਚੇ ਹੋਏ ਸਨ ਅਜਿਹੇ ਰੀਤੀ-ਰਿਵਾਜ ਬਣਾਏ ਹੋਏ ਸਨ ਤੇ ਪ੍ਰਚਾਰੇ ਹੋਏ ਸਨ ਕਿ ਔਰਤ ਤੇ ਮਰਦ ਵਿੱਚ ਵਖਰੇਵਾਂ ਅਤੇ ਮਰਦ ਦੀ ਸ੍ਰੇਸ਼ਠਤਾ ਨੂੰ ਇੰਨਾ ਵਧਾ-ਚੜ੍ਹਾ ਕੇ ਦੱਸਿਆ ਹੋਇਆ ਸੀ ਕਿ ਔਰਤ ਨੂੰ ਪੈਰ ਦੀ ਜੁੱਤੀ ਤੋਂ ਵੱਧ ਦਰਜਾ ਦੇਣ ਵਾਲੇ ਵਿਅਕਤੀ ਨੂੰ ਮੂਰਖ, ਅਗਿਆਨੀ ਤੇ ਨਾਸਤਿਕ ਮੰਨਿਆ ਜਾਂਦਾ ਸੀ। ਪੁਰੋਹਿਤਾਂ ਨੇ ਵਰਣ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਅਨੇਕਾਂ ਪੁਸਤਕਾਂ ਲਿਖ ਕੇ ਇਹ ਝੂਠ ਫੈਲਾਇਆ ਹੋਇਆ ਸੀ ਕਿ ਇਹ ਪੁਸਤਕਾਂ ਧੁਰੋਂ ਹੀ ਲਿਖੀਆਂ ਆਈਆਂ ਹਨ। ਅਜਿਹੇ ਜ਼ਾਲਮ ਰਾਜੇ ਅਤੇ ਪਖੰਡੀ ਧਰਮ ਦੇ ਠੇਕੇਦਾਰਾਂ ਖਿਲਾਫ ਮਾਨਵਤਾ ਦਾ ਝੰਡਾ ਬੁਲੰਦ ਕਰਨ ਲਈ ਕਰਮਯੋਗੀ ਕ੍ਰਾਂਤੀਕਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਬਚਪਨ ਕਾਲ ਤੋਂ ਹੀ ਇਨ੍ਹਾਂ ਵਿਰੁੱਧ ਸੱਚ ਦਾ ਬਿਗਲ ਵਜਾ ਕੇ ਸਮਾਜ ਸੁਧਾਰ ਦੀ ਲਹਿਰ ਨੂੰ ਮਜ਼ਬੂਤ ਕਰਨ ਲਈ ਆਪਣਾ ਪੂਰਾ ਜੀਵਨ ਬਿਤਾਇਆ। ਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੇ ਅਨੁਭਵ ਦਾ ਨਿਚੋੜ ਕੱਢਦੇ ਹੋਏ ਮਨੁੱਖ ਨੂੰ ਸਮਝਾਉਦਿਆਂ ਇਹ ਸੰਦੇਸ਼ ਦਿੱਤਾ ਕਿ ਹਮੇਸ਼ਾ ਕੁਦਰਤ ਨਾਲ ਪਿਆਰ ਕਰੋ ਅਤੇ ਆਪਣੇ ਕੰਮ ਵਿਚ ਜੁਟੇ ਰਹੇ, ਆਪਣੀ ਮਾਨਸਿਕ ਬੁੱਧੀ ਨੂੰ ਵਿਕਸਿਤ ਕਰਨ ਲਈ ਗਿਆਨਵਾਨ ਬਣੋ, ਤਰਕਸ਼ੀਲ ਬਣੋ ਤੇ ਕਦੇ ਕਿਸੇ ਦੇ ਗੁਲਾਮ ਨਾ ਬਣੋੋ। ਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਹਨ ਕਿ ਗੁਲਾਮ ਮਨੁੱਖ ਦੀ ਕੋਈ ਹੋਂਦ ਨਹੀਂ ਹੁੰਦੀ, ਗੁਲਾਮ ਨੂੰ ਕੋਈ ਪਿਆਰ ਨਹੀਂ ਕਰਦਾ, ਇਸ ਲਈ ਉਹ ਹਰ ਮਨੁੱਖ ਨੂੰ ਵਿੱਦਿਆ ਪ੍ਰਾਪਤ ਕਰਕੇ ਵਿਦਵਾਨ ਬਣਨ ਲਈ ਕਹਿੰਦੇ ਹਨ ਤੇ ਵਿਦਵਾਨ ਬਣ ਕੇ ਸੰਸਾਰੀ ਜੀਵਨ ਦੀਆਂ ਸਮੱਸਿਆਵਾਂ ਨੂੰ ਖਤਮ ਕਰਨ ਲਈ ਆਪਣਾ ਯੋਗਦਾਨ ਪਾਉਣ ਲਈ ਕਹਿੰਦੇ ਹਨ। ਉਹ ਦੱਬੇ-ਕੁਚਲੇ ਲੋਕਾਂ ਨੂੰ ਇਕੱਠੇ ਹੋ ਕੇ ਰਾਜ ਸੱਤਾ ’ਤੇ ਬੈਠੇ ਜ਼ੁਲਮੀ ਰਾਜੇ ਅਤੇ ਪਖੰਡੀ ਧਰਮ ਦੇ ਠੇਕੇਦਾਰਾਂ ਖਿਲਾਫ ਲੜਨ ਦਾ ਹੋੋਕਾ ਦਿੰਦੇ ਹਨ। ਇਸ ਰਾਹ ’ਤੇ ਚੱਲਦੇ ਹੋਏ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਕਈ ਰਾਜਿਆਂ ਦਾ ਹਿਰਦਾ ਪਰਿਵਰਤਨ ਕੀਤਾ ਅਤੇ ਉਨ੍ਹਾਂ ਨੂੰ ਗਿਆਨ ਦੀ ਦਾਤ ਬਖਸ਼ ਕੇ ਆਪਣੇ ਚਰਨੀਂ ਲਾ ਕੇ ਮਾਨਵਤਾ ਦੇ ਭਲੇ ਲਈ ਕੰਮ ਕਰਨ ਲਈ ਵਚਨਬੱਧ ਕੀਤਾ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਸੋਚ ਇਕ ਕ੍ਰਾਂਤੀਕਾਰੀ ਜੋਤ ਸੀ, ਜਿਸ ਤੋਂ ਸੇਧ ਲੈ ਕੇ ਸ਼੍ਰੀ ਗੁਰੂ ਨਾਨਕ ਦੇਵ, ਮਹਾਤਮਾ ਜੋਤੀ ਰਾਓ ਫੂਲੇ, ਡਾ. ਬੀ. ਆਰ. ਅੰਬੇਡਕਰ ਅਤੇ ਹੋਰ ਮਹਾਂਪੁਰਸ਼ਾਂ ਨੇ ਵੀ ਸਮਾਜਿਕ ਪਰਿਵਰਤਨ ਦੇ ਅੰਦੋਲਨ ਵਿੱਚ ਵਧ-ਚੜ ਕੇ ਹਿੱਸਾ ਪਾਇਆ। ਜਿੱਥੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਦਾ ਫੈਲਾਅ ਕਰਨ ਲਈ ਉਨ੍ਹਾਂ ਦੇ ਪੈਰੋੋਕਾਰਾਂ ਨੇ ਦਿਨ-ਰਾਤ ਅਣਥੱਕ ਮਿਹਨਤ ਕੀਤੀ ਉਥੇ ਹੀ ਦੂਜੇ ਪਾਸੇ ਮਨੂੰਵਾਦੀਆਂ ਨੇ ਅਤੇ ਮੁਗਲ ਸ਼ਾਸਕਾਂ ਦੇ ਪੈਰੋਕਾਰਾਂ ਨੇ ਨੌਜਵਾਨ ਪੀੜ੍ਹੀ ਨੂੰ ਅਨਪੜ੍ਹਤਾ, ਬੇਰੁਜ਼ਗਾਰੀ, ਨਸ਼ਿਆਂ ਦੀ ਦਲਦਲ ਵੱਲ ਧੱਕ ਕੇ ਉਨ੍ਹਾਂ ਨੂੰ ਦਿਸ਼ਾਹੀਣ ਕਰ ਦਿੱਤਾ ਤੇ ਅੱਜ ਵੀ ਮਨੂੰਵਾਦ ਦੇ ਮੱਕੜਜਾਲ ਵਿੱਚ ਫਸੇ ਲੋਕ ਜਾਤ-ਪਾਤ, ਭੇਦਭਾਵ, ਊਚ-ਨੀਚ ਦਾ ਘਿਨੌਣਾ ਖੇਡ ਪੂਰੀ ਦੁਨੀਆਂ ਵਿੱਚ ਤੇ ਖਾਸ ਕਰਕੇ ਭਾਰਤ ਵਿੱਚ ਜਗ੍ਹਾ-ਜਗ੍ਹਾ ’ਤੇ ਖੇਡ ਰਹੇ ਹਨ। ਜਿਸ ਦਾ ਨੁਕਸਾਨ ਰਾਸ਼ਟਰ ਨੂੰ ਅਤੇ ਸਮਾਜ ਨੂੰ ਬਹੁਤ ਜ਼ਿਆਦਾ ਹੋ ਰਿਹਾ ਹੈ। ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਆਪਣੇ-ਆਪ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ ਪੈਰੋਕਾਰ ਕਹਿਣ ਵਾਲੇ ਲੋਕ ਵੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਤੇ ਪਹਿਰਾ ਦੇਣ ਦੀ ਬਜਾਇ ਗੁਰੂ ਰਵਿਦਾਸ ਮਹਾਰਾਜ ਜੀ ਦੀ ਉਸਤਤ ਵਿੱਚ ਹੀ ਜ਼ਿਆਦਾ ਜ਼ੋਰ ਲਾਉਣ ਨੂੰ ਹੀ ਆਪਣਾ ਮਿਸ਼ਨ ਬਣਾਈ ਬੈਠੇ ਹਨ ਇਹੋ ਕਾਰਣ ਹੈ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਤਾਂ ਵਿਸ਼ਵ ਦੇ ਕੋਨੇ-ਕੋਨੇ ’ਚ ਮਨਾਇਆ ਜਾਂਦਾ ਹੈ ਪਰ ਉਨ੍ਹਾਂ ਦੀ ਵਿਚਾਰਧਾਰਾ ਦੇਸ਼ ਦੇ ਕਿਸੇ ਵੀ ਇਕ ਪੂਰੇ ਮੁਹੱਲੇ, ਪਿੰਡ ਜਾਂ ਸ਼ਹਿਰ ਵਿੱਚ ਫੈਲਾਉਣ ਵਿੱਚ ਉਨ੍ਹਾਂ ਦੇ ਪੈਰੋਕਾਰ ਕਾਮਯਾਬ ਨਹੀਂ ਹੋਏ ਹਨ ਕਿਉਕਿ ਉਨ੍ਹਾਂ ਦੇ ਪੈਰੋਕਾਰ ਵੀ ਜ਼ਿਆਦਾਤਰ ਅੱਜਕੱਲ੍ਹ ਉਹੀ ਰੀਤੀ-ਰਿਵਾਜ ਅਪਣਾ ਰਹੇ ਹਨ, ਜਿਹੜੇ ਰੀਤੀ-ਰਿਵਾਜ, ਕੰਮ-ਕਾਜ ਮਨੂੰਵਾਦੀਆਂ ਦੇ ਹੱਕ ਵਿੱਚ ਭੁਗਤਦੇ ਹਨ ਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਦੇ ਉਲਟ ਭੁਗਤਦੇ ਹਨ। ਇਹੀ ਕਾਰਣ ਹੈ ਕਿ ਅੱਜ ਦੇਸ਼ ਦਾ 92 ਕਰੋੜ ਮੂਲ ਨਿਵਾਸੀ ਆਪਣੀਆਂ ਮੁੱਢਲੀਆਂ ਲੋੜਾਂ ਰੋਟੀ, ਕੱਪੜਾ, ਮਕਾਨ, ਸਿਹਤ, ਸਿੱਖਿਆ, ਜੌਬ ਤੋਂ ਵੀ ਵਾਂਝਾ ਹੈ ਤੇ ਉਹ ਵੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਜਾਂ ਉਨ੍ਹਾਂ ਦੇ ਹਮ-ਖਿਆਲੀ ਮਹਾਂਪੁਰਸ਼ਾਂ ਦੀ ਵਿਚਾਰਧਾਰਾ ’ਤੇ ਚੱਲਣ ਦੀ ਬਜਾਇ ਇਨ੍ਹਾਂ ਮਹਾਂਪੁਰਸ਼ਾਂ ਦੀ ਪੂਜਾ-ਪਾਠ ਵਿੱਚ ਇੰਨਾ ਮਸਤ ਹੈ ਤੇ ਇੰਨਾ ਅਨੰਦ ਮਾਣ ਰਿਹਾ ਹੈ ਕਿ ਜਿਵੇਂ ਇੰਝ ਸਮਝ ਲਓ ਕਿ ਉਹਨੂੰ ਲਗਦਾ ਹੈ ਕਿ ਉਹ ਤਿੰਨਾਂ ਲੋਕਾਂ ਦਾ ਮਾਲਕ ਹੈ। ਜੋ ਕਿ ਸਿੱਧੇ ਲਫਜਾਂ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਅਤੇ ਰਵਿਦਾਸ ਮਹਾਰਾਜ ਜੀ ਨਾਲ ਧੋਖਾ ਹੈ। ਅਜਿਹੇ ਪੈਰੋਕਾਰ ਚੰਦ ਦਿਨਾਂ ਲਈ ਜਾਂ ਕੁਝ ਸਮੇਂ ਲਈ ਲੋਕਾਂ ਨੂੰ ਮੂਰਖ ਬਣਾ ਸਕਦੇ ਹਨ ਪਰ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਉਨ੍ਹਾਂ ਨੂੰ ਕਦੇ ਕ੍ਰਾਂਤੀਕਾਰੀ ਯੋਧਿਆਂ ਵਜੋਂ ਨਹੀਂ ਬਲਕਿ ਮਨੂੰਵਾਦੀ ਦੇ ਹੱਥ ਠੋਕਿਆਂ ਵਜੋਂ ਜਾਣਿਆ ਜਾਵੇਗਾ। ਅੱਜ ਲੋੜ ਹੈ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪੂਜਾ ਦੀ ਬਜਾਇ ਉਨ੍ਹਾਂ ਦੀ ਵਿਚਾਰਧਾਰਾ ਦਾ ਪ੍ਰਚਾਰ-ਪ੍ਰਸਾਰ ਕਰਕੇ ਰਾਸ਼ਟਰ ਤੇ ਸਮਾਜ ਨੂੰ ਬਚਾਉਣ ਦੀ। ਆਓ ਸਾਰੇ ਮਿਲ ਕੇ ਕੋਈ ਅਜਿਹਾ ਉਪਰਾਲਾ ਕਰੀਏ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣੇ ਵੱਲੋਂ ਆਦਰ-ਸਤਿਕਾਰ ਅਤੇ ਸ਼ਰਧਾ ਦੇ ਸੱਚੇ ਫੁੱਲ ਭੇਂਟ ਕਰ ਸਕੀਏ।

        ਅਜੇ ਕੁਮਾਰ   

Friday 12 February 2021

ਗੁਰੂ ਰਵਿਦਾਸ ਜੀ ਅਤੇ ਉਨ੍ਹਾਂ ਦਾ ਧਰਮ


ਮੈਨੂੰ ਲੱਗਦਾ ਹੈ ਕਿ ਸ਼ਾਇਦ ਜਦ ਦਾ ਮਨੁੱਖ ਹੋਂਦ ’ਚ ਆਇਆ ਹੈ, ਲਗਭਗ ਉਦੋਂ ਦਾ ਹੀ ਆਪਸੀ ਭੇਦਭਾਵ, ਊਚ-ਨੀਚ, ਅਸਮਾਨਤਾ ਦਾ ਘਿਨੌਣਾ ਰੌਲਾ ਵੀ ਚੱਲ ਰਿਹਾ ਹੈ। ਕਿਤੇ ਇਹ ਰੌਲਾ ਰੰਗ ਦਾ ਹੈ, ਕਿਤੇ ਇਹ ਰੌਲਾ ਭਾਸ਼ਾ ਦਾ ਹੈ, ਕਿਤੇ ਇਹ ਰੌਲਾ ਨਸਲ ਦਾ ਹੈ, ਕਿਤੇ ਇਹ ਰੌਲਾ ਧਰਮ ਦਾ, ਮਜ਼੍ਹਹਬ ਦਾ, ਦੇਸ਼ਾਂ ਦਾ ਹੈ, ਪਰ ਜਿੰਨਾ ਘਟੀਆ ਤੇ ਘਿਨੌਣਾ ਭੇਦਭਾਵ, ਊਚ-ਨੀਚ ਨੂੰ ਲੈ ਕੇ ਭਾਰਤ ਵਿੱਚ ਹੋ-ਹੱਲਾ ਹੈ, ਉਸ ਦੀ ਉਦਾਹਰਣ ਦੁਨੀਆਂ ਦੇ ਕਿਸੇ ਕੋਨੇ ’ਚ ਨਹੀਂ ਹੈ ਅਤੇ ਇਹ ਭੇਦਭਾਵ ਦੁਨੀਆਂ ਦਾ ਸਭ ਤੋਂ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਹੈ, ਜਿਹੜਾ ਕਿ ਅੱਜ ਵੀ ਉਸੇ ਫਨੀਅਰ ਸੱਪ ਵਾਂਗ ਜ਼ਹਿਰੀਲੇ ਡੰਗ ਦਾ ਫੁੰਕਾਰਾ ਮਾਰ ਰਿਹਾ ਹੈ, ਜਿਹੜਾ ਰਾਜੇ ਮਨੂੰ ਦੇ ਵੇਲੇ ਸੀ। ਇਸ ਭੇਦਭਾਵ ਨੇ 150 ਪੀੜ੍ਹੀ ਸ਼ੋੋਸ਼ਤ ਵਰਗ ਦੀ ਤਬਾਹ ਕਰ ਦਿੱਤੀ ਤੇ ਇਸ ਸ਼ੋਸ਼ਤ ਪੀੜ੍ਹੀ ਦੇ ਹੱਕ ਵਿੱਚ ਅਤੇ ਸ਼ੋਸ਼ਣ ਕਰਨ ਵਾਲੇ ਲੋਕਾਂ ਦੇ ਖ਼ਿਲਾਫ ਖੜ੍ਹੇ ਹੋਣ ਵਾਲੇ ਮਹਾਂਪੁਰਸ਼ਾਂ ਦੀ ਗਿਣਤੀ ਭਾਵੇਂ ਕਾਫ਼ੀ ਨਹੀਂ ਪਰ ਫਿਰ ਵੀ ਇਸ ਲੜਾਈ ਦੇ ਮਹਾਨਾਇਕਾਂ ਦੀ ਗਿਣਤੀ ਤਕਰੀਬਨ 100 ਤੋਂ ਉੱਪਰ ਹੈ। ਜਿਨ੍ਹਾਂ ਵਿੱਚ ਬਹੁਤ ਹੀ ਮਹੱਤਵਪੂਰਣ ਸਥਾਨ ਹੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ। ਸਤਿਗੁਰੁੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਕਾਲ ਵੇਲੇ ਰਾਜੇ ਜੋ ਮੂੰਹੋਂ ਕਹਿ ਦਿੰਦੇ ਸਨ ਉਹ ਕਨੂੰਨ ਬਣ ਜਾਂਦੇ ਸਨ ਤੇ ਪੱਥਰ ’ਤੇ ਲੀਕ ਬਣ ਜਾਂਦੇ ਸਨ। ਅਜਿਹੀ ਜੁਲਮੀ, ਜਾਲਮ, ਅੱਯਾਸ਼ ਤੇ ਕਮੀਨੀ ਰਾਜ ਕਰਨ ਵਾਲੀ ਜਮਾਤ ਦੇ ਖ਼ਿਲਾਫ ਬਗਾਵਤ ਦਾ ਬਿਗਲ ਵਜਾ ਕੇ ਆਪਣਾ ਨਾਮ ਬਾਗ਼ੀਆਂ ਦੀ ਮੋਹਰਲੀ ਕਤਾਰ ’ਚ ਸੁਨਹਿਰੀ ਅੱਖਰਾਂ ਵਿੱਚ ਦਰਜ ਕਰਵਾਉਣ ਲਈ ਸਤਿਗੁਰੂੁ ਰਵਿਦਾਸ ਮਹਾਰਾਜ ਜੀ ਨੇ ਸਾਰਾ ਜੀਵਨ ਮਿਹਨਤਕਸ਼ ਲੋਕਾਂ ਦੇ ਨਾਲ ਮਿਲ ਕੇ ਹਿੰਮਤ, ਦਲੇਰੀ, ਤਿਆਗ ਨੂੰ ਆਪਣੇ ਗੁਣ ਬਣਾ ਕੇ ਅਜਿਹੀ ਲੜਾਈ ਲੜੀ ਕਿ ਗਲੀ-ਸੜੀ ਵਿਵਸਥਾ ਦੇ ਖਿਲਾਫ ਬਗਾਵਤ ਹੀ ਉਨ੍ਹਾਂ ਦਾ ਧਰਮ ਬਣ ਗਿਆ। ਭਾਵੇਂ ਇਸ ਬਗਾਵਤ ਕਾਰਣ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਅਨੇਕਾਂ ਤਸੀਹੇ ਝੱਲਣੇ ਪਏ, ਜੇਲ੍ਹਾਂ ਤੱਕ ਵੀ ਜਾਣਾ ਪਿਆ ਪਰ ਉਨ੍ਹਾਂ ਨੇ ਮਨੁੱਖਤਾ ਦੀ ਸੇਵਾ ਨੂੰ ਆਪਣਾ ਕਰਮ ਤੇ ਵਹਿਮ-ਭਰਮ, ਪਖੰਡ, ਊਚ-ਨੀਚ ਦਾ ਬੀਜ ਨਾਸ਼ ਕਰਨ ਨੂੰ ਹੀ ਆਪਣਾ ਧਰਮ ਮੰਨਿਆ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਬਗਾਵਤੀ ਸੁਰਾਂ ਦੀ ਦਾਸਤਾਨ ਦੀ ਗੂੰਜ ਅੱਜ ਵੀ ਲਿਖਤ ਰੂਪ ਵਿੱਚ 644 ਵਰ੍ਹਿਆਂ ਬਾਅਦ ਵੀ ਉਸੇ ਤਰ੍ਹਾਂ ਹੀ ਸਾਨੂੰ ਸੰਦੇਸ਼ ਦੇ ਰਹੀ ਹੈ ਅਤੇ ਸਾਡਾ ਮਾਰਗ ਦਰਸ਼ਨ ਕਰ ਰਹੀ ਹੈ ਜਿਸ ਤਰ੍ਹਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਆਪਣੇ ਜੀਵਨ ਕਾਲ ਦੌਰਾਨ ਆਪਣੇ ਮੁਖਾਰ ਬਿੰਦ ਤੋਂ ਸਿੱਧੇ ਰੂਪ ਵਿੱਚ ਲੋਕਾਂ ਨੂੰ ਸੰਬੋਧਨ ਕਰਦੇ ਸਨ। 

ਦੋ ਜਮਾਤਾਂ ਦੀ ਲੜਾਈ ਵਿੱਚ ਜਿੱਥੇ ਸ਼ੋਸ਼ਣ ਕਰਨ ਵਾਲੇ ਲੋਕਾਂ ਨੇ ਆਪਣੀ ਨੀਯਤ ਵਿੱਚ ਰੱਤਾ ਭਰ ਵੀ ਬਦਲਾਅ ਨਹੀਂ ਲਿਆਂਦਾ ਪਰ ਆਪਣੀ ਨੀਤੀ ਵਿੱਚ ਉਹ ਸਮੇਂ ਅਨੁਸਾਰ ਤੇ ਲੋੜ ਮੁਤਾਬਕ ਬਦਲਾਅ ਲਿਆਂਦੇ ਰਹੇ ਤੇ ਅੱਜਕੱਲ੍ਹ ਉਨ੍ਹਾਂ ਦੀ ਇਹ ਨੀਤੀ ਹੈ ਕਿ ਉਹ ਸ਼ੋਸਤ ਵਰਗ ਵਿੱਚੋਂ ਹੀ ਸਵਾਰਥੀ, ਅੱਗੇ ਵਧਣ ਦੀ ਅੰਨੀ ਭੁੱਖ ਪਾਲੀ ਬੈਠੇ ਹੱਥ ਠੋਕਿਆਂ ਨੂੰ ਥਾਪੜਾ ਦੇ ਕੇ, ਅਹੁਦੇ ਦੇ ਕੇ ਕਦੀ ਵਿਧਾਨ ਸਭਾਵਾਂ ਦੇ ਅੰਦਰ ਕਦੇ ਲੋਕ ਸਭਾ ਦੇ ਅੰਦਰ ਤੇ ਕਦੇ ਰੋਸ ਮੁਜ਼ਾਹਰਿਆਂ ਵਿੱਚ ਭੇਜ ਕੇ ਆਪਣੇ ਮਨ ਦੀ ਗੱਲ ਪੁਗਾ ਲੈਂਦੇ ਹਨ ਤੇ ਸ਼ੋਸ਼ਤ ਵਰਗ ਨੂੰ ਉਲਝਾ ਕੇ ਆਪਣਾ ਉੱਲੂ ਸਿੱਧਾ ਕਰਨ ਵਿੱਚ ਕਾਮਯਾਬ ਹੋ ਜਾਂਦੇ ਹਨ। ਇਸ ਦਾ ਸਿੱਧਾ ਤੇ ਸਪੱਸ਼ਟ ਉਦਾਹਰਣ ਸਾਡੇ ਸਾਹਮਣੇ ਹੈ। ਇਸ ਸਮੇੇਂ ਦੇਸ਼ ਬੜੇ ਨਾਜ਼ੁਕ ਦੌਰ ’ਚੋਂ ਗੁਜਰ ਰਿਹਾ ਹੈ। ਸਰਕਾਰਾਂ ਅਮੀਰ ਸਰਮਾਏਦਾਰਾਂ ਅਤੇ ਅੱਯਾਸ਼ ਪੁਰੋਹਿਤਾਂ ਦੀ ਕਠਪੁੱਤਲੀ ਬਣੀਆਂ ਹੋਈਆਂ ਹਨ। ਤਕਰੀਬਨ ਹਰ ਮਨੁੱਖ ਡਰਿਆ-ਸਹਿਮਿਆ ਹੈ। ਸੰਵਿਧਾਨ ਨੂੰ ਤਾਰ-ਤਾਰ ਕੀਤਾ ਜਾ ਰਿਹਾ ਹੈ। 

ਪਰ ਕੇਂਦਰ ਦੀ ਰਾਜ ਸੱਤਾ ਭੋਗ ਰਹੀ ਪਾਰਟੀ ਵਿੱਚ ਬੈਠੇ ਸ਼ੋਸ਼ਤ ਵਰਗ ਦੇ 67 ਨੁਮਾਇੰਦੇ ਇਵੇਂ ਮੌਨ ਧਾਰੀ ਬੈਠੇ ਹਨ ਜਿਵੇਂ ਬਹੁਜਨਾਂ ਦੀ ਬਰਬਾਦੀ ਉਨ੍ਹਾਂ ਦਾ ਆਖਰੀ ਤੇ ਇੱਕੋ-ਇਕ ਟੀਚਾ ਹੋਵੇ। ਇਸੇ ਤਰ੍ਹਾਂ ਪੰਜਾਬ ਵਿੱਚ ਵੀ ਹੋ ਰਿਹਾ ਹੈ ਤੇ ਪੰਜਾਬ ’ਚ ਵੀ ਰਾਜ ਕਰ ਰਹੀ ਸਰਕਾਰ ਵਿੱਚ 22 ਸ਼ੋਸ਼ਤ ਵਰਗ ਦੇ ਨੁਮਾਇੰਦੇ ਹਨ। ਉਹ ਵੀ ਇਵੇਂ ਘੂਣੇ-ਮੀਣੇ ਹੋਏ ਪਏ ਹਨ ਜਿਵੇਂ ਉਹ ਕੁਝ ਜਾਣਦੇ ਨਹੀਂ। ਸਿਰਫ ਤੇ ਸਿਰਫ ਉਹ ਮੂੰਹ ਖੋਲ੍ਹਦੇ ਹਨ ਉਬਾਸੀ ਲੈਣ ਲਈ ਜਾਂ ਸਰਕਾਰ ਦੀ ਤਰੀਫ ਕਰਨ ਲਈ। 

ਹਾਲਾਂਕਿ ਜੇ ਸ਼ੋਸ਼ਤ ਵਰਗ ਦੇ ਨੁਮਾਇਦੇ ਚਾਹੁੰਣ ਤਾਂ ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਇਕ ਸੈਕਿੰਡ ਵਿੱਚ ਟਿੱਚ ਕਰਕੇ ਸੁੱਟ ਸਕਦੇ ਹਨ। ਪਰ ਨਹੀਂ, ਇਹ ਇਸ ਸਮੇਂ ਸ਼ੋਸ਼ਤ ਵਰਗ ਦੇ ਨੁਮਾਇੰਦੇ ਨਾ ਹੋ ਕੇ ਸਗੋਂ ਸ਼ੋਸ਼ਣ ਕਰਨ ਵਾਲੀ ਜਮਾਤ ਦਾ ਹੱਥ ਠੋਕਾ ਬਣਨ ਵਿੱਚ ਜ਼ਿਆਦਾ ਗਰਵ ਮਹਿਸੂਸ ਕਰਦੇ ਹਨ। 

ਇਹ ਸਮੇਂ ਦੀ ਮੰਗ ਹੈ ਕਿ ਸ਼ੋਸ਼ਤ ਵਰਗ ਨੂੰ ਆਪਣੇ ਸਾਰੇ ਫਾਇਦੇ-ਨੁਕਸਾਨ ਦਰਕਿਨਾਰ ਕਰਕੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵੱਲੋਂ ਸਾਡੀ ਝੋਲੀ ਪਾਇਆ ਗਿਆ ਬਗਾਵਤ ਦਾ ਧਰਮ ਤੇ ਝੰਡਾ ਬੁਲੰਦ ਕਰਕੇ ਸਮਾਜ ਤੇ ਦੇਸ਼ ਦੀ ਖੁਸ਼ਹਾਲੀ ਲਈ ਦਿਨ-ਰਾਤ ਡੱਟ ਕੇ ਪਹਿਰਾ ਦੇਣਾ ਚਾਹੀਦਾ ਹੈ ਅਤੇ ਉਸ ਦੀ ਸ਼ੁਰੂਆਤ ਸਾਨੂੰ ਸਭ ਤੋਂ ਪਹਿਲਾਂ ਇਸ ਗੱਲ ਤੋਂ ਕਰਨੀ ਚਾਹੀਦੀ ਹੈ ਕਿ ਸਾਨੂੰ ਉਹ ਤਮਾਮ ਰੀਤੀ-ਰਿਵਾਜ ਜੋ ਇਸ ਸਮੇਂ ਕੁਰੀਤੀਆਂ ਬਣ ਚੁੱਕੀਆਂ ਹਨ ਤਿਆਗ ਕੇ ਸਮਾਜਿਕ ਤੇ ਆਰਥਿਕ ਅੰਦੋਲਨ ਨੂੰ ਮਜ਼ਬੂਤ ਕਰਦੇ ਹੋਏ ਆਪਣਾ ਨਾਮ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸੱਚੇ ਤੇ ਸਾਫ ਪੈਰੋਕਾਰਾਂ ਵਿੱਚ ਦਰਜ ਕਰਵਾਉਣਾ ਚਾਹੀਦਾ ਹੈ, ਤਾਂ ਜੋ ਅਸੀਂ ਸਹੀ ਤੇ ਸੱਚੇ ਮਾਇਨੇ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 644ਵੇਂ ਜਨਮ ਦਿਵਸ ਮੌਕੇ ਉਨ੍ਹਾਂ ਦੇ ਚਰਨਾਂ ਵਿੱਚ ਆਪਣੀ ਸੱਚੀ ਸ਼ਰਧਾ ਦੇ ਫੁੱਲ ਭੇਂਟ ਕਰ ਸਕੀਏ। 

                                                                                                                                    -ਅਜੇ ਕੁਮਾਰ