Wednesday 3 April 2019

ਪੱਪੂ ਬਨਾਮ ਗੱਪੂ

ਦੇਸ਼ 'ਚ 17ਵੀਂ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਸਾਰੀਆਂ ਪਾਰਟੀਆਂ ਨੇ ਅੱਡੀਆਂ ਚੁੱਕ ਕੇ ਆਪਣੇ ਹਰ ਤਰ੍ਹਾਂ ਦੇ ਹੀਲੇ-ਵਸੀਲੇ, ਕਹਿਣ ਦਾ ਭਾਵ ਸਾਮ, ਦਾਮ, ਦੰਡ, ਭੇਦ ਆਦਿ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਜਿੱਥੇ ਟੀ. ਵੀ. ਚੈਨਲਾਂ 'ਤੇ ਲੀਡਰਾਂ ਦੀ ਕਾਵਾਂ ਰੌਲੀ ਪਈ ਹੋਈ ਹੈ, Àੁੱਥੇ ਗਲੀ-ਮੁਹੱਲੇ, ਸ਼ਹਿਰਾਂ, ਪਿੰਡਾਂ ਦੀਆਂ ਸੱਥਾਂ, ਸੈਰਗਾਹਾਂ, ਗੱਡੀਆਂ, ਬੱਸਾਂ 'ਚ ਚੋਣਾਂ ਦੀ ਚਰਚਾ ਸ਼ੁਰੂ ਹੋ ਗਈ ਹੈ। ਭਾਵੇਂ ਇਸ ਵਾਰ ਦੀਆਂ ਚੋਣਾਂ ਵਿੱਚ ਲੱਗਭਗ 70 ਪਾਰਟੀਆਂ ਤੋਂ ਇਲਾਵਾ ਸੈਂਕੜੇ ਅਜ਼ਾਦ ਉਮੀਦਵਾਰ ਹਿੱਸਾ ਲੈ ਰਹੇ ਹਨ। ਪਰ ਜੇਕਰ ਮੁੱਖ ਰੂਪ ਵਿੱਚ ਦੇਖਿਆ ਜਾਵੇ ਤਾਂ ਦੇਸ਼ ਦੇ ਜ਼ਿਆਦਾਤਰ ਰਾਜਾਂ ਵਿੱਚ ਮੁੱਖ ਮੁਕਾਬਲਾ ਐਨਡੀਏ ਤੇ ਯੂਪੀਏ ਦਾ ਹੈ। ਐਨਡੀਏ ਦੀ ਸਭ ਤੋਂ ਵੱਡੀ ਪਾਰਟੀ ਭਾਜਪਾ ਅਤੇ ਯੂਪੀਏ ਦੀ ਸਭ ਤੋਂ ਵੱਡੀ ਪਾਰਟੀ ਕਾਂਗਰਸ ਹੈ। ਭਾਜਪਾ ਅਤੇ ਕਾਂਗਰਸ ਦੋਨੋਂ ਧਿਰਾਂ ਦੀਆਂ ਵੱਡੀਆਂ ਪਾਰਟੀਆਂ ਹੋਣ ਕਰਕੇ ਇਨ੍ਹਾਂ ਦੋਨਾਂ ਪਾਰਟੀਆਂ ਦੇ ਮੁੱਖ ਲੀਡਰਾਂ ਤੇ ਹੀ ਵੋਟਰਾਂ ਦੀ, ਮੀਡੀਆ ਦੀ, ਤਜ਼ਰਬੇਕਾਰਾਂ ਦੀ ਨਜ਼ਰ ਹੈ। ਐਨਡੀਏ, ਯੂਪੀਏ ਤੋਂ ਇਲਾਵਾ ਤੀਜੀ ਧਿਰ ਦੇ ਤੌਰ ਤੇ ਬਸਪਾ, ਸਮਾਜਵਾਦੀ ਪਾਰਟੀ ਸਮੇਤ ਬਹੁਤ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਇਸ ਉਮੀਦ ਨਾਲ ਚੋਣਾਂ ਲੜ ਰਹੀਆਂ ਹਨ ਕਿ ਸ਼ਾਇਦ ਪੱਪੂ ਅਤੇ ਗੱਪੂ ਦੀ ਲੜਾਈ ਵਿੱਚ ਸੱਤਾ ਸਾਡੀ ਝੋਲੀ ਵਿੱਚ ਆ ਜਾਵੇ।
ਚੋਣਾਂ ਦੇ ਨਤੀਜੇ ਜੋ ਵੀ ਆਉਣ ਪਰ ਇੰਨੀ ਗੱਲ ਪੱਕੀ ਹੈ ਇਸ ਵਾਰ ਦੀਆਂ ਚੋਣਾਂ ਰਾਜਨੀਤਕ ਪਾਰਟੀਆਂ ਦੇ ਬੁਲਾਰਿਆਂ ਦੀ ਘਟੀਆ ਸ਼ਬਦਾਵਲੀ, ਝੂਠੇ ਦਾਅਵੇ, ਵਾਅਦੇ, ਮੋਮੋਠੱਗਣੀਆਂ, ਚਾਲਬਾਜੀਆਂ ਆਦਿ ਦੇ ਕਾਰਣ ਯਾਦ ਰੱਖੀਆਂ ਜਾਣਗੀਆਂ। ਲੋਕਤੰਤਰ ਵਿੱਚ ਕੋਈ ਵੀ ਨਾਗਰਿਕ ਸਰਕਾਰ ਦਾ ਹਿੱਸਾ ਬਣਨ ਤੋਂ ਵਾਂਝਾ ਨਹੀਂ ਰਹਿ ਸਕਦਾ। ਪਰ ਮੌਜੂਦਾ ਹਾਲਾਤਾਂ ਵਿੱਚ ਪੱਪੂ ਦੀ ਫਿਸਲਦੀ ਜ਼ੁਬਾਨ ਤੇ ਗੱਪੂ ਦੀ 56 ਇੰਚ ਲੰਬੀ ਕੈਂਚੀ ਵਾਂਗ ਚਲਦੀ ਜ਼ੁਬਾਨ ਨੇ ਲੋਕਾਂ ਨੂੰ ਪ੍ਰੇਸ਼ਾਨ ਕਰ ਕੇ ਰੱਖ ਦਿੱਤਾ ਹੈ। ਅਜ਼ਾਦੀ ਤੋਂ ਬਾਅਦ ਜ਼ਿਆਦਾ ਸਮਾਂ ਸੱਤਾ ਦਾ ਸੁਆਦ ਪੱਪੂ ਦੀ ਕਾਂਗਰਸ ਪਾਰਟੀ ਅਤੇ ਉਸ ਦੇ  ਪਰਿਵਾਰ ਨੇ ਲਿਆ ਹੈ। ਜਿਸ ਦੇ ਸਾਰੇ ਇਲਜ਼ਾਮ ਗੱਪੂ ਵੱਲੋਂ ਪੱਪੂ ਦੇ ਸਿਰ ਲਗਾਏ ਜਾ ਰਹੇ ਹਨ। ਵੈਸੇ ਤਾਂ ਇਸ ਵਿੱਚ ਕੋਈ ਵੀ ਸ਼ੱਕ ਨਹੀਂ ਕਿ ਅਜ਼ਾਦੀ ਤੋਂ ਬਾਅਦ ਕੇਂਦਰ ਵਿੱਚ ਜਿਸ ਵੀ ਪਾਰਟੀ ਦੀ ਸਰਕਾਰ ਬਣੀ ਉਸ ਨੇ ਦੋਨਾਂ ਹੱਥਾਂ ਨਾਲ ਦੇਸ਼ ਨੂੰ ਲੁੱਟਿਆ। ਇਸੇ ਲੁੱਟ ਦੇ ਵਿਰੋਧ 'ਚ ਗੱਪੂ ਨੇ 2014 ਦੀਆਂ ਚੋਣਾਂ ਵਿੱਚ ਵੋਟਰਾਂ ਨੂੰ ਕੁਝ ਇੰਨੇ ਹਸੀਨ ਸਪਨੇ ਦਿਖਾਏ ਤੇ ਆਪਣਾ ਯਕੀਨ ਬਣਾਇਆ ਕਿ ਲੁੱਟ-ਖਸੁੱਟ ਦੇ ਬੁਰੇ ਦਿਨ ਜਾਣ ਵਾਲੇ ਹਨ ਤੇ ਅੱਛੇ ਦਿਨ ਆਉਣ ਵਾਲੇ ਹਨ। ਅੱਛੇ ਦਿਨਾਂ ਦੀਆਂ ਉਮੀਦਾਂ ਵਿੱਚ ਜ਼ਿਆਦਾਤਰ ਵੋਟਰਾਂ ਨੇ ਗੱਪੂ ਦੀ ਜ਼ੁਬਾਨ ਨੂੰ ਭਰਵਾਂ ਹੁੰਗਾਰਾ ਦਿੱਤਾ ਤਾਂ ਪੂਰੇ ਬਹੁਮਤ ਨਾਲ ਕੇਂਦਰ ਵਿੱਚ ਗੱਪੂ ਦੀ ਸਰਕਾਰ ਬਣੀ। ਪਰ ਜਿਸ ਤੇਜ਼ੀ ਨਾਲ ਲੋਕਾਂ ਦੀਆਂ ਅੱਖਾਂ 'ਚ ਉਮੀਦ ਦਾ ਸੂਰਜ ਚਮਕਿਆ ਸੀ, Àਨੀ ਹੀ ਤੇਜ਼ੀ ਨਾਲ ਗੱਪੂ ਐਂਡ ਪਾਰਟੀ ਦੀਆਂ ਕਰਤੂਤਾਂ ਕਾਰਣ ਮੱਧਮ ਹੋ ਗਿਆ। 
ਪਿਛਲੇ 5 ਸਾਲਾਂ ਤੋਂ ਦੇਸ਼ ਇਕ ਅਜੀਬ ਜਿਹੀ ਬੇਚੈਨੀ ਦੀ ਹਾਲਤ ਵਿੱਚ ਗੁਜ਼ਰ ਰਿਹਾ ਹੈ। ਰੋਜ਼ ਨਵੀਂ ਟੈਨਸ਼ਨ, ਰੋਜ਼ ਨਵੀਂ ਕਹਾਣੀ, ਕਦੀ ਅਸਫਲ ਨੋਟਬੰਦੀ ਦੀ, ਕਿਤੇ ਗਊ ਹੱਤਿਆ ਦੀ, ਕਈ ਵਾਰ ਜੀਐਸਟੀ ਦੀ, ਕਿਤੇ ਦਲਿਤਾਂ ਅਤੇ ਘੱਟ ਗਿਣਤੀਆਂ 'ਤੇ ਅੱਤਿਆਚਾਰਾਂ ਦੀ, ਕਿਤੇ ਮੌਬ ਲਿੰਚਿੰਗ ਦੀ, ਕਿਤੇ ਧਰਮ-ਮਜ੍ਹਹਬ, ਜਾਤ ਦੀ, ਕਿਤੇ ਪਾਕਿਸਤਾਨ ਦੀ, ਕੁੱਲ ਮਿਲਾ ਕੇ ਕੋਈ ਅਜਿਹਾ ਦਿਨ ਨਹੀਂ ਨਿਕਲਿਆ ਜਦੋਂ ਅਸੀਂ ਬਿਨਾ ਮਤਲਬ ਦੀ ਬਹਿਸ ਵਿੱਚ ਨਹੀਂ ਉਲਝੇ। ਇਸ ਤੋਂ ਵੀ ਮਾੜੀ ਗੱਲ ਇਹ ਹੋਈ ਹੈ ਕਿ ਗੱਪੂ ਦੀ ਪਾਰਟੀ ਨਾਲ ਸਹਿਮਤ ਨਾ ਹੋਣ ਵਾਲਿਆਂ ਨੂੰ ਦੇਸ਼ ਧ੍ਰੋਹੀ ਦਾ ਦਰਜਾ ਦਿੱਤਾ ਜਾ ਰਿਹਾ ਹੈ ਜੋ ਲੋਕਤੰਤਰ, ਭਾਈਚਾਰੇ ਦੇ ਸਿਧਾਂਤਾਂ ਦੇ ਬਿਲਕੁਲ ਹੀ ਵਿਰੁੱਧ ਹੈ। ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਕਿਸੇ ਨੂੰ ਦੇਸ਼ ਧ੍ਰੋਹੀ ਕਹਿਣਾ ਅਜਿਹੀ ਗਾਲ੍ਹ ਹੈ ਜਿਸ ਮੂਹਰੇ ਸਾਰੀਆਂ ਗਾਲ੍ਹਾਂ ਛੋਟੀਆਂ ਹਨ। ਇਨ੍ਹਾਂ ਬੇ-ਸਿਰ ਪੈਰ ਦੀਆਂ ਬਹਿਸਬਾਜ਼ੀਆਂ, ਫੁਕਰਪੰਤੀਆਂ ਕਰਕੇ ਦੇਸ਼ ਦਾ ਆਮ ਨਾਗਰਿਕ ਡਰਿਆ-ਸਹਿਮਿਆ ਹੋਇਆ ਹੈ। ਤਰੱਕੀ ਦੀ ਰਫ਼ਤਾਰ ਰੁਕ ਚੁੱਕੀ ਹੈ, ਹਰ ਵਰਗ ਦੁਖੀ ਹੈ, ਹਰ ਥਾਂ ਦਹਿਸ਼ਤ ਦਾ ਮਹੌਲ ਹੈ। ਘਟੀਆ ਰਾਜਨੀਤੀ ਦੇ ਸਵਾਰਥੀ ਖਿਡਾਰੀਆਂ ਨੇ ਸ਼ਬਦਾਂ ਦੇ ਮੱਕੜਜਾਲ 'ਚ ਵੋਟਰਾਂ ਨੂੰ ਭਰਮਾਉਣਾ ਸ਼ੁਰੂ ਕੀਤਾ ਹੋਇਆ ਹੈ। ਫਕੀਰੀ ਦਾ ਚੋਲਾ ਪਾਈ ਗੱਪੂ ਦੇ ਰਾਜ ਵਿੱਚ ਅਮੀਰ ਹੋਰ ਬਹੁਤ ਤੇਜ਼ੀ ਨਾਲ ਅਮੀਰ ਹੋਇਆ ਤੇ ਗਰੀਬ ਹੋਰ ਗਰੀਬ ਹੋਇਆ। ਗੱਪੂ ਦੇ ਭਾਸ਼ਣਾਂ ਨੂੰ ਸੁਣੀਏ ਤਾਂ ਇੰਝ ਲਗਦਾ ਹੈ ਕਿ ਦੇਸ਼ ਵਿੱਚ ਕੋਈ ਵੀ ਬੇਰੁਜ਼ਗਾਰ ਨਹੀਂ ਹੈ, ਕੋਈ ਗਰੀਬ ਨਹੀਂ ਹੈ, ਕੋਈ ਦੁਖੀ ਨਹੀਂ ਹੈ। ਪਿਛਲੇ 5 ਸਾਲਾਂ 'ਚ ਭਾਰਤ ਦੇਸ਼ ਦੀਆਂ ਅਤੇ ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਚੁੱਕੀਆਂ ਹਨ। ਆਪਣੀਆਂ ਗੱਪਾਂ ਨਾਲ ਉਹ ਸਾਨੂੰ ਦੁੱਖ-ਦਰਦਾਂ 'ਚ ਖੁਸ਼ੀ ਲੱਭਣ ਦੇ ਕਾਰਣ ਸਮਝਾਉਂਦਾ ਹੈ। ਵੈਸੇ ਇਹ ਗੱਲ ਵੀ ਤਾਂ ਸੱਚ ਹੀ ਹੈ ਕਿ ਉਹ ਉਸ ਮਨੂੰਵਾਦੀ ਸੋਚ ਦਾ ਹੀ ਚਿਹਰਾ ਹੈ ਜਿਹੜੀ ਸਾਡੀ ਹਰ ਸਮੱਸਿਆ ਦਾ ਕਾਰਣ ਪਿਛਲੇ ਜਨਮ ਦੇ ਕਰਮਾਂ ਨੂੰ ਹੀ ਦੱਸਦੀ ਆ ਰਹੀ ਹੈ। ਮੈਂ ਅਜਿਹਾ ਇਸ ਕਰਕੇ ਕਹਿ ਰਿਹਾ ਹਾਂ ਕਿਉਂਕਿ ਤੁਸੀਂ ਗੱਪੂ ਦਾ ਕੋਈ ਵੀ ਭਾਸ਼ਣ ਸੁਣ ਲਉ ਉਸ ਦਾ ਹਰ ਭਾਸ਼ਣ ਨਹਿਰੂ, ਗਾਂਧੀ ਤੋਂ ਸ਼ਰੂ ਹੋ ਕੇ, 70 ਸਾਲ ਦਾ ਇਤਿਹਾਸ ਦੱਸਦੇ-ਦੱਸਦੇ ਇਹ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਜਨਤਾ ਦੇ ਸਾਰੇ ਦੁੱਖਾਂ ਦਾ ਕਾਰਣ ਗਾਂਧੀ ਪਰਿਵਾਰ ਹੈ। ਦੂਜੇ ਪਾਸੇ ਪੱਪੂ ਦੀ ਗੱਲ ਕਰੀਏ ਤਾਂ ਭਾਵੇਂ ਉਹ ਕੁਝ ਮਹੀਨੇ ਪਹਿਲਾਂ ਚਾਰ ਰਾਜਾਂ ਵਿੱਚ ਕਾਂਗਰਸ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਗਿਆ ਹੈ। ਪਰ ਉਹ ਕੀ ਕਹਿਣਾ ਚਾਹੁੰਦਾ ਹੈ, ਕਿਹੜੀ ਦੁਨੀਆਂ 'ਚੋਂ ਆਇਆ ਹੈ, ਹਾਲੇ ਜਲਦੀ ਕਿਤੇ ਵੋਟਰਾਂ ਨੂੰ ਜ਼ਿਆਦਾ ਸਮਝ ਨਹੀਂ ਆ ਰਿਹਾ ਹੈ। 
ਸਾਡੇ ਬਜ਼ੁਰਗਾਂ ਨੇ ਅਜ਼ਾਦੀ ਤੋਂ ਬਾਅਦ ਜ਼ਿਆਦਾ ਸਮਾਂ ਕਾਂਗਰਸ ਦੀਆਂ ਸਰਕਾਰਾਂ ਬਣਾਉਣ ਵਿੱਚ ਵੱਡਾ ਯੋਗਦਾਨ ਦਿੱਤਾ। ਹਾਲਾਂਕਿ ਅੰਬੇਡਕਰੀ ਵਿਚਾਰਧਾਰਾ ਦੇ  ਲੋਕਾਂ ਨੇ ਸਾਹਿਬ ਕਾਂਸ਼ੀ ਰਾਮ ਦੀ ਅਗਵਾਈ ਵਿੱਚ ਦੇਸ਼ ਦੀ ਜਨਤਾ ਨੂੰ ਲੋਕਤੰਤਰ ਦੇ ਪ੍ਰਤੀ ਜਾਗਰੂਕ ਕਰਨ ਲਈ ਕਾਫੀ ਜਾਗ੍ਰਤੀ ਲਿਆਂਦੀ। ਪਰ ਫਿਰ ਵੀ ਮੀਡੀਆ ਦੇ ਕੂੜ ਪ੍ਰਚਾਰ ਕਾਰਣ ਖ਼ਾਸ ਕਰਕੇ ਨੌਜਵਾਨ ਪੀੜ੍ਹੀ 2014 ਵਿੱਚ ਮੋਦੀ ਦੇ ਬਹਿਕਾਵੇ ਵਿੱਚ ਆ ਗਈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਾਂਗਰਸ ਨੇ ਜਿੰਨਾ ਸਮਾਂ ਰਾਜ ਕੀਤਾ, ਗਰੀਬਾਂ ਨੂੰ ਸਬਜਬਾਗ ਦਿਖਾਏ, ਅਮੀਰਾਂ ਦੇ ਘਰ ਭਰੇ ਤੇ ਦੇਸ਼ ਨੂੰ ਕੰਗਾਲ ਕੀਤਾ। ਪਰ ਗੱਪੂ ਸਮੇਤ ਹੋਰ ਜ਼ਿਆਦਾਤਰ ਜਿੰਨੇ ਵੀ ਅਖੌਤੀ ਸਮਾਜ-ਸੇਵਕਾਂ ਨੇ ਕੇਂਦਰ ਜਾਂ ਪ੍ਰਦੇਸ਼ਾਂ ਵਿੱਚ ਰਾਜ ਕੀਤਾ, ਪਾਈ ਉਨ੍ਹਾਂ ਨੇ ਵੀ ਅੰਨ੍ਹੀ ਲੁੱਟ ਹੀ ਹੈ। ਇਹ ਗੱਲ ਮੰਨਣੀ ਪਵੇਗੀ ਕਿ ਕਾਂਗਰਸ ਸਾਡਾ ਲਹੂ ਜੋਕ ਵਾਂਗੂੰ ਚੂਸਦੀ ਹੈ, ਉਹ ਖ਼ੂਨ ਚੂਸ ਵੀ ਲੈਂਦੀ ਹੈ, ਸਰੀਰ ਨਿੱਚੜ ਵੀ ਜਾਂਦਾ ਹੈ ਹਲਕੀ ਜਿਹੀ ਤਕਲੀਫ ਜ਼ਰੂਰ ਹੁੰਦੀ ਹੈ। ਪਰ ਗੱਪੂ ਦੀ ਪਾਰਟੀ ਮਲੇਰੀਆ ਮੱਛਰ ਵਾਂਗੂੰ ਸਾਡਾ ਲਹੂ ਚੂਸਦੀ ਹੈ, ਲਹੂ ਵੀ ਪੀਂਦੀ ਹੈ, ਖ਼ੁਰਕ ਵੀ ਦਿੰਦੀ ਹੈ ਤੇ ਯਕੀਨੀ ਤੌਰ 'ਤੇ ਪਿੱਛੇ ਡੇਂਗੂ ਵਰਗੀ ਖਤਰਨਾਕ ਬੀਮਾਰੀ ਵੀ ਜ਼ਰੂਰ ਛੱਡਦੀ ਹੈ। ਕੁੱਲ ਮਿਲਾ ਕੇ ਅਸੀਂ ਤਾਂ ਮਰਨਾ ਹੀ ਮਰਨਾ ਹੈ। ਕਹਿਣ ਦਾ ਭਾਵ ਗੱਪੂ ਦੀ ਪਾਰਟੀ ਨੇ ਲੋਕਾਂ ਨੂੰ ਮਾਰਨਾ ਹੀ ਮਾਰਨਾ ਹੈ। ਕਾਂਗਰਸ ਨੇ ਲੋਕਾਂ ਦੇ ਦਿਲ 'ਚ ਆਪਣੇ ਲਈ ਨਫ਼ਰਤ ਪੈਦਾ ਕਰਨ ਲਈ 50 ਸਾਲ ਲਏ। ਪਰ ਗੱਪੂ ਦੀ ਸਰਕਾਰ ਨੇ ਇਹੀ ਕੰਮ 5 ਸਾਲਾਂ 'ਚ ਪੂਰਾ ਕਰ ਦਿੱਤਾ। ਜਿਨ੍ਹਾਂ ਨੇ ਪਿਛਲੀਆਂ ਲੋਕਸਭਾ ਚੋਣਾਂ ਵਿੱਚ ਗੱਪੂ ਦੇ ਝਾਂਸੇ 'ਚ ਆ ਕੇ ਵੋਟਾਂ ਪਾਈਆਂ ਸਨ, ਉਹ ਇਸ ਸਮੇਂ ਆਪਣੇ-ਆਪ ਨੂੰ ਠਗਿਆ ਮਹਿਸੂਸ ਕਰਦੇ ਹਨ।
ਇਹ ਤਾਂ ਭਵਿੱਖ ਦੀ ਗੋਦ 'ਚ ਛੁਪਿਆ ਹੈ ਕਿ ਬਾਜੀ ਪੱਪੂ ਮਾਰਦਾ ਹੈ ਜਾਂ ਗੱਪੂ ਮਾਰਦਾ ਹੈ। ਜਾਂ ਫਿਰ ਇਨ੍ਹਾਂ ਦੋਹਾਂ ਦੀ ਲੜਾਈ ਵਿੱਚ ਕੋਈ ਤੀਜਾ ਬਾਜੀ ਮਾਰ ਲੈਂਦਾ ਹੈ। ਫਿਲਹਾਲ ਇੰਨਾ ਜ਼ਰੁਰ ਹੈ ਕਿ ਜਿਸ ਦਿਨ ਟੈਲੀਵਿਜ਼ਨ, ਅਖ਼ਬਾਰਾਂ 'ਚ ਅਸਲੀ ਮੁੱਦਿਆਂ 'ਤੇ ਬਹਿਸ ਹੋਣੀ ਸ਼ੁਰੂ ਹੋ ਗਈ ਤਾਂ ਗੱਪੂ ਐਂਡ ਕੰਪਨੀ ਭਾਰਤ ਦੀ ਰਾਜਨੀਤੀ 'ਚੋਂ  ਇੰਝ ਗਾਇਬ ਹੋ ਜਾਏਗੀ ਜਿਵੇਂ ਖੋਤੇ ਦੇ ਸਿਰ ਤੋਂ ਸਿੰਗ। ਅਸੀਂ ਲੋਕਤੰਤਰ ਦਾ ਹਿੱਸਾ ਹਾਂ, ਸੋ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਮੁੱਦਿਆਂ ਤੋਂ ਭਟਕਾਉਣ ਵਾਲੇ ਨੇਤਾਵਾਂ ਦਾ ਬਾਈਕਾਟ ਕਰਕੇ ਅਸਲੀ ਮੁੱਦਿਆਂ 'ਤੇ ਰਾਜਨੀਤਕ ਲੋਕਾਂ ਨੂੰ ਵਿਚਾਰ-ਵਟਾਂਦਰਾ ਕਰਨ ਲਈ ਮਜ਼ਬੂਰ ਕਰੀਏ ਤਾਂ ਜੋ ਦੇਸ਼ ਮਜ਼ਬੂਤ ਹੋ ਸਕੇ।
                                                                                                                                                 -ਅਜੈ ਕੁਮਾਰ