Friday 4 December 2020

ਇਤਿਹਾਸ ਜ਼ਿੰਦਾ ਹੋਣ ਦਾ ਸਬੂਤ ਮੰਗੇਗਾ


ਮਨੁੱਖ ਕੁਦਰਤ ਦੀ ਸਭ ਤੋਂ ਖੂਬਸੂਰਤ ਦੇਣ ਹੈ। ਕਿਉਂਕਿ ਧਰਤੀ 'ਤੇ ਕੇਵਲ ਮਨੁੱਖ ਹੀ ਇਕ ਅਜਿਹਾ ਪ੍ਰਾਣੀ ਹੈ ਜਿਹੜਾ ਚਿੰਤਨ ਕਰ ਸਕਦਾ ਹੈ ਕਿ ਮਨੁੱਖਤਾ ਅਤੇ ਵਾਤਵਰਣ ਲਈ ਵਧੀਆ ਤਰੀਕੇ ਨਾਲ ਕਿਵੇਂ ਚੰੰਗਾ ਕੀਤਾ ਜਾ ਸਕਦਾ ਹੈ। ਇਹ ਗੱਲ ਅਲੱਗ ਹੈ ਕਿ ਇਸ ਸਮੇਂ ਮਨੁੱਖ ਹੀ ਮਾਨਵਤਾ ਅਤੇ ਕੁਦਰਤ ਦਾ ਸਭ ਤੋਂ ਵੱਡਾ ਦੁਸ਼ਮਣ ਬਣ ਬੈਠਾ ਹੈ। ਮਾਨਵਤਾ ਦੇ ਘਾਣ ਦੀਆਂ ਦੁਨੀਆਂ ਵਿੱਚ ਬਹੁਤ ਮਿਸਾਲਾਂ ਹਨ ਪਰ ਮਾਨਵਤਾ ਦੇ ਘਾਣ ਦੀ ਸਭ ਤੋਂ ਵੱਡੀ ਕਰੂਰਤਾ ਊਚ-ਨੀਚ, ਭੇਦ-ਭਾਵ ਦੀ ਮਿਸਾਲ ਭਾਰਤ ਤੋਂ ਵੱਧ ਕਿਤੇ ਹੋਰ ਨਹੀਂ ਹੈ। ਇਸ ਕਰੂਰਤਾ ਨੂੰ ਚਰਮ ਸੀਮਾ 'ਤੇ ਪਹੁੰਚਾਉਣ ਲਈ ਇਸ ਸਮੇਂ ਦੀ ਸਰਕਾਰ ਅਤੇ ਵਿਰੋਧੀ ਧਿਰ ਕੋਈ ਕਸਰ ਨਹੀਂ ਛੱਡ ਰਹੀ ਹੈ। ਮਾਨਵਤਾ ਦਾ ਇੰਨੀ ਬੁਰੀ ਤਰ੍ਹਾਂ ਨਾਲ ਦਮ ਘੁਟ ਰਿਹਾ ਹੈ ਕਿ ਸ਼ਾਂਤੀ, ਭਾਈਚਾਰਾ, ਪ੍ਰੇਮ ਨਾਂ ਦੀ ਚਿੜੀ ਭਾਰਤ 'ਚੋਂ ਖੰਭ ਲਾ ਕੇ ਉੱਡ ਗਈ ਹੈ ਤੇ ਭਾਰਤ ਇਸ ਸਮੇਂ ਗ੍ਰਹਿ ਯੁੱਧ ਦੇ ਬਿਲਕੁਲ ਕੰਢੇ 'ਤੇ ਖੜ੍ਹਾ ਹੈ ਅਤੇ ਇਹ ਬੜੇ ਦੁੱਖ ਦੀ ਗੱਲ ਹੈ ਕਿ ਜਿੱਥੇ ਇਸ ਕਰੂਰਤਾ ਦੀ ਮਿਸਾਲ  ਪੂਰੇ ਵਿਸ਼ਵ ਵਿੱਚ ਭਾਰਤ ਵਿੱਚ ਸਭ ਤੋਂ ਵੱਧ ਹੈ, ਉਥੇ ਹੀ ਭਾਰਤ ਵਿੱਚੋਂ ਬਾਬੇ ਨਾਨਕ ਦੀ ਚਰਨ ਛੋਹ ਅਤੇ ਕਰਮ ਭੂਮੀ ਧਰਤੀ ਪੰਜਾਬ ਇਸ ਦੌੜ ਵਿੱਚ ਸਭ ਤੋਂ ਅੱਗੇ ਹੈ। ਸਭ ਤੋਂ ਪਹਿਲਾਂ ਇਸ ਗੱਲ ਦੀ ਹਾਮੀ ਭਰਦਾ ਹੈ ਪੰਜਾਬ ਦੇ ਹਰ ਪਿੰਡ ਵਿੱਚ ਇਕ ਦੀ ਬਜਾਇ ਜਾਤਾਂ ਦੇ ਨਾਂ 'ਤੇ ਅਲੱਗ ਸ਼ਮਸ਼ਾਨ ਘਾਟ ਹੋਣਾ। ਜਦਕਿ ਬਾਬਾ ਨਾਨਕ ਆਪਣੇ ਸੰਦੇਸ਼ ਵਿੱਚ ਪਵਨ ਗੁਰੂ, ਪਾਣੀ ਪਿਤਾ ਤੇ ਧਰਤਿ ਮਾਤਾ ਦਾ ਹੋਕਾ ਦੇ ਰਹੇ ਹਨ। ਤੇ ਅਸੀਂ ਆਪਣੀ ਮਾਤਾ ਨੂੰ ਜ਼ਹਿਰੀਲਾ, ਪਾਣੀ ਪਿਤਾ ਨੂੰ ਗੰਦਾ ਅਤੇ ਗੁਰੂ ਹਵਾ ਨੂੰ ਪ੍ਰਦੂਸ਼ਤ ਕਰ ਚੁੱਕੇ ਹਾਂ। ਵਿਦਿਆਰਥੀ, ਮਜ਼ਦੂਰ, ਆਂਗਨਵਾੜੀ ਵਰਕਰ, ਟੀਚਰ, ਕਿਸਾਨ, ਵਪਾਰੀ, ਸਭ ਆਤਮ-ਹੱਤਿਆ ਨੂੰ ਹੀ ਆਪਣੀ ਆਖਰੀ ਮੰਜ਼ਿਲ ਮੰਨ ਕੇ ਚੱਲ ਰਹੇ ਹਨ। ਜਿਹੜੇ ਅੰਗਰੇਜ਼ਾਂ ਤੋਂ ਸਭ ਤੋਂ ਵੱਧ ਪੰਜਾਬੀਆਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਭਾਰਤ ਅਜ਼ਾਦ ਕਰਵਾਇਆ ਸੀ ਅੱਜ ਪੰਜਾਬ ਦਾ ਭਵਿੱਖ ਨੌਜਵਾਨ ਆਪਣੇ ਬਜ਼ੁਰਗਾਂ ਦੀਆਂ ਜ਼ਮੀਨਾਂ- ਜਾਇਦਾਦਾਂ ਵੇਚ ਕੇ ਉਨ੍ਹਾਂ ਅੰਗਰੇਜ਼ਾਂ ਕੋਲ ਹੀ ਮਜ਼ਦੂਰੀ ਕਰਨ ਲਈ ਲੇਲੜੀਆਂ ਕੱਢਦਾ ਨਜ਼ਰ ਆ ਰਿਹਾ ਹੈ। ਤੇ ਉਨ੍ਹਾਂ ਦੀ ਮਜ਼ਦੂਰੀ ਵਿੱਚ ਹੀ ਆਪਣਾ ਭਵਿੱਖ ਸੁਰੱਖਿਅਤ ਮੰਨ ਕੇ ਚੱਲ ਰਿਹਾ ਹੈ। ਦੂਸਰੇ ਪਾਸੇ ਕੇਂਦਰ ਦੀ ਸਰਕਾਰ ਨੇ ਜਿਵੇਂ ਇਹ ਪ੍ਰਣ ਕਰ ਲਿਆ ਹੋਵੇ ਕਿ ਪੰਜਾਬ ਨੂੰ ਬਰਬਾਦ ਕਰਨ ਵਿੱਚ ਜਿਹੜੀ ਕੋਈ ਮਾੜੀ-ਮੋਟੀ ਕਸਰ ਕਾਂਗਰਸ ਤੋਂ ਰਹਿ ਗਈ ਹੈ, ਹਰ ਹੀਲੇ-ਵਸੀਲੇ ਉਸ ਨੂੰ ਪੂਰਾ ਕਰਕੇ ਉਸ ਨੂੰ ਤਬਾਹ ਕਰਨਗੇ ਹੀ ਕਰਨਗੇ। ਇਸ ਦਾ ਵੀ ਉਦਾਹਰਣ ਬਿਲਕੁਲ ਸਾਡੇ ਸਾਹਮਣੇ ਹੈ ਕਿ ਲੱਖਾਂ ਕਿਸਾਨ ਅਤੇ ਮਜ਼ਦੂਰ ਮਹੀਨੇ ਬੱਧੀ ਰਾਸ਼ਨ ਲੈ ਕੇ ਆਪਣੇ ਬੱਚਿਆਂ ਅਤੇ ਪਰਿਵਾਰ ਸਮੇਤ ਦਿੱਲੀ ਦੇ ਬਾਰਡਰ 'ਤੇ ਡਟੇ ਹਨ, ਦੂਜੇ ਪਾਸੇ ਹੰਕਾਰੀ ਤੇ ਜ਼ਾਲਮ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਬਜਾਇ ਆਪਣੇ ਘਟੀਆ ਪੈਂਤਰੇ ਵਰਤਦੇ ਹੋਏ ਕਿਸਾਨਾਂ ਦੇ ਅੰਦੋਲਨ ਨੂੰ ਵੀ ਖਾਲਿਸਤਾਨੀ ਅੰਦੋਲਨ ਕਰਾਰ ਦੇਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੀ ਹੈ ਤੇ ਇਸ ਕੰਮ ਲਈ ਉਸ ਨੇ ਆਪਣਾ ਵਿਕਾਊ ਮੀਡੀਆ 24 ਘੰਟੇ ਭੌਂਕਣ ਲਈ ਛੱਡਿਆ ਹੋਇਆ ਹੈ। ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਬਾਬੇ ਨਾਨਕ, ਗੁਰੂ ਰਵਿਦਾਸ, ਸਤਿਗੁਰੂ  ਕਬੀਰ, ਭਗਵਾਨ ਵਾਲਮੀਕਿ ਦੇ ਨਾਂ ਦੀਆਂ ਆਪਣੇ ਗਲਾਂ ਵਿੱਚ ਮਾਲਾ ਪਾਈ ਬੈਠੇ ਜ਼ਿਆਦਾਤਰ ਮੁਖੀ ਅਤੇ ਉਨ੍ਹਾਂ ਦੇ ਚੇਲੇ-ਚਪਾਟਿਆਂ ਦੀ ਭਾਰੀ ਗਿਣਤੀ ਨੂੰ ਨਾਰੇ-ਜੈਕਾਰੇ ਲਾਉਂਦੇ ਤਾਂ ਦੇਖਿਆ ਜਾ ਸਕਦਾ ਹੈ ਪਰ ਇਹ ਸਮਝ ਨਹੀਂ ਆ ਰਹੀ ਕਿ ਉਹ ਸਮੇਂ ਦੀ ਦੁਸ਼ਮਣ ਸਰਕਾਰ ਨਾਲ ਲੜਨ ਦੀ ਬਜਾਇ ਆਪਸ ਵਿੱਚ ਚੁੰਝਾਂ ਫਸਾ ਕੇ ਇਕ ਦੂਜੇ ਦਾ ਘਾਣ ਕਰਨ ਵਿੱਚ ਹੱਦ ਤੋਂ ਜ਼ਿਆਦਾ ਮਸਤ ਹੋ ਕੇ ਕੀ ਸਾਬਤ ਕਰਨਾ ਚਾਹੁੰਦੇ ਹਨ ਕਿ ਉਹ ਕਿਹੜੀ ਪੱਗ ਨੂੰ ਪਏ ਹੋਏ ਹਨ। ਉਹ ਇਹ ਵੀ ਗੱਲ ਭੁੱਲ ਗਏ ਹਨ ਕਿ ਅਵਾਰਾ ਪੂੰਜੀਵਾਦ ਤੇ ਅੱਯਾਸ਼ ਪੁਰੋਹਿਤਵਾਦ ਮਾਨਵਤਾ ਦੀ ਛਾਤੀ 'ਤੇ ਨੱਚ ਰਿਹਾ ਹੈ ਤੇ ਉਸ ਦਾ ਮਸਤੀ ਭਰਿਆ ਨਾਚ ਇਹ ਦੱਸ ਰਿਹਾ ਹੈ ਕਿ ਬਚੇਗਾ ਕੋਈ ਵੀ ਨਹੀਂ। ਭਾਵੇਂ ਇਸ ਕੋਝੀ ਚਾਲ ਵਿੱਚ ਬਚੇਗਾ ਕੋਈ ਵੀ ਨਹੀਂ ਨਾ ਕੋਈ ਅਮੀਰ ਤੇ ਨਾ ਕੋਈ ਗਰੀਬ। ਪਰ ਫਿਰ ਵੀ ਜਦੋਂ ਇਤਿਹਾਸ ਲਿਖਿਆ ਜਾਵੇਗਾ ਤਾਂ ਇਤਿਹਾਸ ਪੜ੍ਹਨ ਵਾਲੇ ਇਹ ਜ਼ਰੂਰ ਪੜ੍ਹਨ ਦੀ ਇੱਛਾ ਰੱਖਣਗੇ ਕਿ ਅਜਿਹੇ ਕਾਤਲਾਨਾ ਮਹੌਲ ਵਿੱਚ ਜ਼ਾਲਮ ਸਰਕਾਰਾਂ ਦੇ ਨਾਲ ਮੱਥਾ ਲਾਉਣ ਵਾਲੇ ਜੀਵਤ ਲੋਕ ਕੌਣ ਸਨ। ਕਿਉਂਕਿ ਇਤਿਹਾਸ ਜ਼ਿੰਦਾ ਹੋਣ ਦੇ ਸਬੂਤ ਮੰਗਦਾ ਹੈ, ਇਤਿਹਾਸ ਨੂੰ ਮੁਰਦਿਆਂ ਦੀ ਗਿਣਤੀ ਕਰਨ ਦੇ ਵਿੱਚ ਕੋਈ ਵਿਸ਼ੇਸ਼ ਰੁਚੀ ਨਹੀਂ ਹੁੰਦੀ ਹੈ। ਸੋ ਆਓ, ਸਮੇਂ ਦੀ ਸਰਕਾਰ ਨੂੰ ਅਤੇ ਲਿਖੇ ਜਾਣ ਵਾਲੇ ਇਤਿਹਾਸ ਨੂੰ ਇਹ ਸਬੂਤ ਦਈਏ ਕਿ ਅਸੀਂ ਜ਼ਿੰਦਾ ਹਾਂ ਤੇ ਇਕਜੁੱਟ ਹੋ ਕੇ ਸਰਕਾਰਾਂ ਖਿਲਾਫ ਹੋ ਰਹੇ ਸਾਰੇ ਅੰਦੋਲਨਾਂ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ ਚਾਹੇ ਉਹ ਰਾਜ ਸਰਕਾਰ ਦੇ ਖਿਲਾਫ ਹੋਵੇ ਜਾਂ ਕੇਂਦਰ ਖਿਲਾਫ ਹੋਵੇ। ਉਮੀਦ ਹੈ ਸਾਡੇ ਪਾਠਕ ਸਾਨੂੰ ਸੁਝਾਅ ਵੀ ਦੇਣਗੇ ਤੇ ਸਹਿਯੋਗ ਵੀ ਦੇਣਗੇ।                                                                                                 -ਅਜੇ ਕੁਮਾਰ