Monday 12 December 2016

ਦਲਿਤ ਲੀਡਰ ਦਾ ਏਜੰਡਾ

ਪਿਛਲੇ ਦਿਨੀਂ ਮੇਰਾ ਇਕ ਪੁਰਾਣਾ ਮਿੱਤਰ ਜੋ ਕਿ 'ਆਪਣੀ ਮਿੱਟੀ' ਅਖ਼ਬਾਰ ਦਾ ਮੁੱਖ ਸਹਿਯੋਗੀ ਅਤੇ ਪਾਠਕ ਵੀ ਹੈ, ਮੇਰੇ ਦਫ਼ਤਰ ਆਇਆ। ਹਾਲ-ਚਾਲ ਪੁੱਛਣ ਤੋਂ ਬਾਅਦ ਗੱਪ-ਸ਼ੱਪ ਸ਼ੁਰੂ ਹੋ ਗਈ। ਗੱਪਾਂ-ਸ਼ੱਪਾਂ ਮਾਰਦੇ-ਮਾਰਦੇ ਸਿਆਸਤ ਦੀਆਂ ਅਤੇ ਦਲਿਤਾਂ ਦੇ ਮੌਜੂਦਾ ਹਾਲਾਤਾਂ ਦੀਆਂ ਗੱਲਾਂ ਸ਼ੁਰੂ ਹੋ ਗਈਆਂ। ਦਲਿਤ ਰਾਜਨੀਤੀ 'ਤੇ ਚਰਚਾ ਕਰਦੇ-ਕਰਦੇ ਉਹ ਕਹਿਣ ਲੱਗਾ, ਅਜੇ ਕੁਮਾਰ ਤੂੰ ਵੀ ਤਾਂ ਯਾਰ ਦਲਿਤਾਂ ਦਾ ਲੀਡਰ ਬਣੀ ਫਿਰਦਾ ਏਂ, ਦਲਿਤ ਪੱਖੀ ਅਖ਼ਬਾਰ ਵੀ ਚਲਾਉਂਦਾ ਏਂ, ਚੋਣਾਂ ਇਸ ਸਮੇਂ ਸਿਰ 'ਤੇ ਹਨ ਕਮਲਿਆ ਤੂੰ ਵੀ ਕਿਤੇ ਹੱਥ-ਪੈਰ ਮਾਰ ਲੈ। ਮੈਂ ਗੌਰ ਨਾਲ ਉਸ ਦੇ ਮੂੰਹ ਵੱਲ ਦੇਖਿਆ, ਥੋੜ੍ਹਾ ਜਿਹਾ ਮੁਸਕੁਰਾਇਆ। ਉਹ ਹੋਰ ਜੋਸ਼ ਨਾਲ ਮੈਨੂੰ ਕਹਿਣ ਲੱਗਾ ਛੱਡ ਬੇਵਕੂਫੀਆਂ! ਐਵੇਂ ਕਮਲੀਆਂ ਨਾ ਮਾਰਿਆ ਕਰ। ਪਿਛਲੇ 15 ਸਾਲਾਂ ਤੋਂ ਮੈਂ ਤੇਰੇ ਨਾਲ ਹੀ ਹਾਂ। 8-10 ਦਲਿਤ ਲੀਡਰ ਐਮ. ਐਲ. ਏ., ਮੰਤਰੀ ਬਣਦੇ ਦੇਖੇ ਹਨ, ਐਰਾ-ਗੈਰਾ ਨੱਥੂ ਖੈਰਾ ਐਮਐਲਏ ਬਣ ਕੇ ਮੌਜਾਂ ਮਾਣਦਾ ਹੈ। ਲਾਲ ਬੱਤੀ ਵਾਲੀ ਗੱਡੀ 'ਚ ਘੁੰਮਦੇ ਹਨ, ਤੂੰ ਵੀ ਕਿਸੇ ਪਾਰਟੀ ਦੀ ਟਿਕਟ ਲੈ ਲੈ ਯਾਰ, ਜੇ ਨਹੀਂ ਐਮ. ਐਲ. ਏ. ਬਣਨਾ ਤਾਂ ਘੱਟੋ-ਘੱਟ ਕਿਸੇ ਪਾਰਟੀ ਦੇ ਲਈ ਦਲਿਤ ਲੀਡਰ ਦੀ ਦਲਾਲੀ ਹੀ ਕਰ ਲੈ। ਤੈਨੂੰ ਚੰਗਾ ਭਲਾ ਪਤਾ ਤਾਂ ਹੈ ਕਿ ਦਲਿਤਾਂ ਬਿਨਾਂ ਕਿਸੇ ਪਾਰਟੀ ਦੀ ਸਰਕਾਰ ਨਹੀਂ ਬਣਨੀ। ਮੈਨੂੰ ਸਾਰੀਆਂ ਗੱਲਾਂ ਸੁਣ ਕੇ ਇੰਨਾ ਗੁੱਸਾ ਆਇਆ, ਦਿਲ ਕਰੇ ਇਹਨੂੰ ਕਾਲਰੋਂ ਫੜ ਕੇ ਦਫ਼ਤਰੋਂ ਬਾਹਰ ਕੱਢਾਂ। ਪਰ ਮੈਂ ਚੁੱਪ-ਚਾਪ ਉਸ ਦੀਆਂ ਗੱਲਾਂ ਸੁਣਦਾ ਰਿਹਾ ਤੇ ਕੁਝ ਹੀ ਮਿੰਟਾਂ ਬਾਅਦ ਮੈਂ ਗੌਰ ਨਾਲ ਸੋਚਿਆ ਯਾਰ ਇਕ ਪਾਸੇ ਦੇਖਿਆ ਜਾਵੇ ਹਾਲਾਤਾਂ ਮੁਤਾਬਿਕ ਤਾਂ ਇਹ ਗੱਲ ਠੀਕ ਹੀ ਕਰ ਰਿਹਾ ਹੈ, ਕਿਉਂਕਿ ਬਹੁਤ ਸਾਰੇ ਦਲਿਤ ਲੀਡਰਾਂ ਨੇ ਦਲਿਤ ਰਾਜਨੀਤੀ ਨੂੰ ਦਲਾਲਪੁਣਾ ਹੀ ਤਾਂ ਬਣਾ ਕੇ ਰੱਖ ਦਿੱਤਾ ਹੈ। ਨਾ ਇਨ੍ਹਾਂ ਲੀਡਰਾਂ ਦਾ ਦੀਨ ਹੈ, ਨਾ ਧਰਮ ਹੈ, ਨਾ ਕੋਈ ਵਿਚਾਰਧਾਰਾ ਹੈ, ਨਾ ਕਿਸੇ ਕਮਜ਼ੋਰ-ਮਜ਼ਦੂਰ ਲਈ ਦਿਲ 'ਚ ਦਰਦ ਹੈ, ਨਾ ਅੰਬੇਡਕਰੀ ਵਿਚਾਰਧਾਰਾ, ਨਾ ਸਾਹਿਬ ਕਾਂਸ਼ੀ ਰਾਮ ਦੀ ਕੁਰਬਾਨੀ ਦੇ ਪ੍ਰਤੀ ਸਤਿਕਾਰ ਦੀ ਭਾਵਨਾ, ਬਸ ਇੱਕੋ ਚਾਅ ਹੈ ਕਿਵੇਂ ਐਮ. ਐਲ. ਏ. ਬਣ ਜਾਈਏ , ਮੰਤਰੀ ਬਣ ਜਾਈਏ, ਲਾਲ ਬੱਤੀ ਵਾਲੀ ਗੱਡੀ ਮਿਲ ਜਾਵੇ, ਕਾਲੇ ਕੱਪੜਿਆਂ ਵਾਲੇ ਬਾਡੀਗਾਰਡ ਮਿਲ ਜਾਣ, ਇਹ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਦਲਿਤ ਲੀਡਰ ਇੰਨੇ ਕੁ ਸਵਾਰਥੀ ਤੇ ਹੁਸ਼ਿਆਰ ਹੋ ਚੁੱਕੇ ਹਨ ਕਿ ਆਪਣੇ ਸਮਾਜ ਨੂੰ ਪਸ਼ੂਆਂ ਤੋਂ ਵੀ ਬੱਦਤਰ ਹਾਲਾਤ ਵਿੱਚ ਪਹੁੰਚਾ ਕੇ ਵੀ ਚੈਨ ਨਹੀਂ ਲੈ ਰਹੇ। ਇਨ੍ਹਾਂ ਦਲਿਤ ਲੀਡਰਾਂ ਦੀ ਬੇਰੁਖੀ ਕਰਕੇ 80% ਦਲਿਤਾਂ ਦੇ ਹਾਲਾਤ ਆਈਸੀਯੂ 'ਚ ਦਾਖਲ ਵੈਂਟੀਲੇਟਰ 'ਤੇ ਪਏ ਮਰੀਜ਼ ਵਾਂਗ ਹਨ, ਜਿਸ ਦੇ ਕਿਸੇ ਵੇਲੇ ਵੀ ਸਾਹ ਰੁਕ ਸਕਦੇ ਹਨ। ਕਹਿਣ ਦਾ ਭਾਵ ਕਿ ਉਹ ਜ਼ਿੰਦਗੀ ਦੀਆਂ ਮੁਢਲੀਆਂ ਸਹੂਲਤਾਂ ਤੋਂ ਵੀ ਵਾਂਝੇ ਹਨ। ਬਾਬਾ ਸਾਹਿਬ ਅੰਬੇਡਕਰ ਨੇ ਵੋਟ ਦੀ ਤਾਕਤ ਦਿੱਤੀ, ਸਾਹਿਬ ਕਾਂਸ਼ੀ ਰਾਮ ਨੇ ਉਸ ਤਾਕਤ ਦੀ ਪਹਿਚਾਣ ਕਰਵਾ ਦਿੱਤੀ, ਆਪਣੇ-ਆਪ ਨੂੰ ਕਾਂਸ਼ੀ ਰਾਮ ਦਾ ਚੇਲਾ ਕਹਿਣ ਵਾਲੇ, ਘੰਟੇਬੱਧੀ ਕਾਂਗਰਸੀਆਂ-ਅਕਾਲੀਆਂ ਨੂੰ ਗਾਲ੍ਹਾਂ ਕੱਢਣ ਵਾਲੇ ਅੱਜ ਇਨ੍ਹਾਂ ਪਾਰਟੀਆਂ ਦੇ ਹੀ ਸਿਪਾਸਲਾਰ ਬਣੇ ਹੋਏ ਹਨ ਤੇ ਪਾਰਟੀ ਹਾਈਕਮਾਂਡ ਦੀਆਂ ਤਾਰੀਫਾਂ ਕਰਦੇ ਨਹੀਂ ਥੱਕਦੇ। ਪੰਜਾਬ 'ਚ ਕਾਂਗਰਸ ਅਤੇ ਅਕਾਲੀ ਦਲ ਹੀ ਦੋ ਪ੍ਰਮੁੱਖ ਧਿਰਾਂ ਰਹੀਆਂ ਹਨ। ਜੇ ਇਨ੍ਹਾਂ ਪਾਰਟੀਆਂ ਅਤੇ ਭਾਜਪਾ ਵਿੱਚ ਬੈਠੇ ਦਲਿਤ ਲੀਡਰਾਂ 'ਤੇ ਝਾਤ ਮਾਰੀਏ ਤਾਂ ਬਹੁਗਿਣਤੀ ਦਲਿਤ ਲੀਡਰ ਸਾਹਿਬ ਕਾਂਸ਼ੀ ਰਾਮ ਦੇ ਚੰਡੇ ਹੋਏ ਹਨ। ਜਿਹੜੇ ਬਹੁਤ ਚੰਗੀ ਤਰ੍ਹਾਂ ਸਾਹਿਬ ਕਾਂਸ਼ੀ ਰਾਮ ਦੀ ਭਾਸ਼ਾ ਤਾਂ ਬੋਲਣੀ ਜਾਣਦੇ ਹਨ ਪਰ ਆਪਣੇ ਵੱਲੋਂ ਸਾਹਿਬ ਕਾਂਸ਼ੀ ਰਾਮ ਦੀ ਸੋਚ ਦਾ ਕਦੋਂ ਦਾ ਕਤਲ ਕਰ ਚੁੱਕੇ ਹਨ। ਇਹ ਦਲਿਤ ਲੀਡਰ ਆਪਣੀ ਸਵਾਰਥ ਦੀ ਭੁੱਖ ਵਿੱਚ ਇੰਨੇ ਕੁ ਅੰਨ੍ਹੇ ਹੋ ਚੁੱਕੇ ਹਨ ਕਿ ਕਦੋਂ ਆਪਣੀ ਪਾਰਟੀ ਬਦਲ ਲੈਣ ਇਸ ਬਾਰੇ ਵੀ ਨਹੀਂ ਕਿਹਾ ਜਾ ਸਕਦਾ। ਹੋ ਸਕਦਾ ਸਵੇਰੇ ਤੱਕੜੀ ਵਾਲੇ ਦੀਆਂ ਸਿਫ਼ਤਾਂ ਕਰਦੇ ਹੋਏ, ਸ਼ਾਮ ਨੂੰ ਗਾਂਧੀ ਪਰਿਵਾਰ ਦੇ ਗੁਣ ਗਾਉਂਦੇ ਹੋਣ, ਅਗਲੇ ਦਿਨ ਮੋਦੀ ਦਾ ਢੋਲ ਗਲ 'ਚ ਪਾ ਕੇ ਘੁੰਮਦੇ ਹੋਣ, ਇਹ ਵੀ ਨਹੀਂ ਕਿਹਾ ਜਾ ਸਕਦਾ ਕਦੋਂ ਇਹ ਝਾੜੂ ਨੂੰ ਜੱਫਾ ਪਾ ਲੈਣ। ਅਫਸੋਸ ਦੀ ਗੱਲ ਇਹ ਹੈ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਤਾਂ ਦਲਿਤ ਦੀ ਤਾਕਤ ਪਹਿਚਾਣ ਗਈਆਂ ਹਨ ਪਰ ਰਾਜਨੀਤਿਕ ਪਾਰਟੀਆਂ 'ਚ ਬੈਠੇ ਦਲਿਤ ਲੀਡਰ ਆਪਣੀ ਤਾਕਤ ਨਹੀਂ ਪਹਿਚਾਣ ਪਾ ਰਹੇ। ਇਹ ਦਲਿਤ ਲੀਡਰ ਆਪਣੀਆਂ-ਆਪਣੀਆਂ ਰਾਜਨੀਤਿਕ ਪਾਰਟੀਆਂ ਨਾਲ ਦਲਿਤ ਸਮਾਜ ਦਾ ਸੌਦਾ ਕਰ-ਕਰ ਕੇ ਇੰਨੇ ਕੁ ਕਮਜ਼ੋਰ ਹੋ ਜਾਂਦੇ ਹਨ ਕਿ ਸਮਾਜ ਦੇ ਹਿਤ ਦੀ ਗੱਲ ਕਰਨ ਲਈ ਇਨ੍ਹਾਂ 'ਚ ਤਾਕਤ ਨਹੀਂ ਬਚਦੀ। ਅਕਸਰ ਰਾਜਨੀਤਿਕ ਪਾਰਟੀਆਂ 'ਚ ਬੈਠੇ ਦਲਿਤ ਲੀਡਰਾਂ ਨਾਲ ਮੇਰੀ ਮੁਲਾਕਾਤ ਹੁੰਦੀ ਰਹਿੰਦੀ ਹੈ। ਕਾਂਗਰਸੀਆਂ ਕੋਲੋਂ ਪੁੱਛ ਲਉ ਤਾਂ ਉਹ ਆਖਦੇ ਹਨ ਕੈਪਟਨ ਸਾਡੀ ਗੱਲ ਨਹੀਂ ਸੁਣਦਾ, ਰਾਹੁਲ ਗਾਂਧੀ ਨੂੰ ਤਾਂ ਅਸੀਂ ਮਿਲ ਹੀ ਨਹੀਂ ਸਕਦੇ, ਭਾਜਪਾ ਦੇ ਜ਼ਿਆਦਾਤਰ ਦਲਿਤ ਲੀਡਰ ਤਾਂ ਕਈ ਵਾਰ ਸਿੱਧਾ ਹੀ ਕਹਿ ਦਿੰਦੇ ਹਨ ਅਜੇ ਜੀ ਤੁਹਾਨੂੰ ਪਤਾ ਹੀ ਹੈ ਕਿ ਭਾਜਪਾ ਤਾਂ ਸ਼ੁਰੂ ਤੋਂ ਹੀ ਦਲਿਤ ਵਿਰੋਧੀ ਰਹੀ ਹੈ। ਅਕਾਲੀਆਂ ਤੋਂ ਪੁੱਛ ਲਉ ਤਾਂ ਉਹ ਆਖਦੇ ਹਨ ਕਿ ਪਿਓ-ਪੁੱਤਰ ਸਾਡੀ ਗੱਲ ਹੀ ਨਹੀਂ ਸੁਣਦੇ ਪਰ ਜਦੋਂ ਮੈਂ ਵਿਸਥਾਰ ਵਿੱਚ ਇਨ੍ਹਾਂ ਨਾਲ ਵਿਚਾਰਾਂ ਦੀ ਸਾਂਝ ਪਾਵਾਂ ਤਾਂ ਬਹੁਤੀ ਵਾਰ ਇਹ ਗੱਲ ਪਤਾ ਚੱਲਦੀ ਹੈ ਕਿ ਇਨ੍ਹਾਂ ਦੀਆਂ ਮੰਗਾਂ ਕਦੇ ਵੀ ਨਿੱਜੀ ਪੱਧਰ ਤੋਂ ਉੱਪਰ ਉੱਠ ਕੇ ਸਮਾਜਿਕ ਪੱਧਰ ਤੱਕ ਪਹੁੰਚੀਆਂ ਹੀ ਨਹੀਂ। ਇਨ੍ਹਾਂ ਨੂੰ ਤਾਂ ਸਮਾਜ ਦੀ ਸੇਵਾ ਕਰਨ ਲਈ ਚੰਡੀਗੜ੍ਹ ਕੋਠੀ ਚਾਹੀਦੀ ਹੈ, ਮੰਤਰੀ ਪਦ ਚਾਹੀਦਾ ਹੈ, ਆਪਣੇ ਮਨਪਸੰਦ ਦਾ ਥਾਣੇਦਾਰ ਚਾਹੀਦਾ ਹੈ, ਆਪਣੀ ਮਰਜ਼ੀ ਦਾ ਅਫ਼ਸਰ ਚਾਹੀਦਾ ਹੈ। ਬਹੁਤ ਸਾਰੇ ਮਾਮਲਿਆਂ ਵਿੱਚ ਦੂਜੇ ਸਮਾਜ ਦੇ ਐਮ. ਐਲ. ਏ ., ਮੰਤਰੀਆਂ ਵਾਂਗੂੰ ਇਨ੍ਹਾਂ ਸਭ ਦਾ ਵੀ ਅਫ਼ਸਰਾਂ ਨਾਲ ਮਹੀਨਾ ਸੈੱਟ ਹੈ। ਕਹਿਣ ਦਾ ਭਾਵ ਮਹੀਨਾਬੱਧੀ ਪੈਸੇ ਲੈਂਦੇ ਹਨ, ਇਹ ਹੈ ਇਨ੍ਹਾਂ ਦੀ ਸਮਾਜ ਸੇਵਾ ਪਰ ਲਾਚਾਰ ਦਲਿਤ ਵੋਟਰ ਦੁਚਿੱਤੀ 'ਚ ਫਸਿਆ ਹੋਇਆ ਹੈ। ਇਕ ਪਾਸੇ ਮਨੂੰਵਾਦੀ ਪਾਰਟੀਆਂ 'ਚ ਬੈਠੇ ਆਪਣੇ ਦਲਿਤ ਲੀਡਰ ਭਰਾ ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਵੋਟਾਂ ਠੱਗ ਲੈਂਦੇ ਹਨ, ਦੂਜੇ ਪਾਸੇ ਸਾਹਿਬ ਕਾਂਸ਼ੀ ਰਾਮ ਦੀ ਜੈ-ਜੈ ਬੁਲਾਉਣ ਵਾਲੇ ਲੋਕ ਵੀ ਪਰਦੇ ਪਿੱਛੇ ਕੁਝ ਹੋਰ ਹੀ ਖੇਡ ਖੇਡਣ 'ਚ ਮਸਤ ਹੋਏ ਹਨ। ਦਲਿਤ ਵੋਟਰ ਜਾਵੇ ਤਾਂ ਕਿੱਥੇ ਜਾਵੇ? ਮੈਂ ਤਾਂ ਆਪਣੇ ਲੇਖ ਰਾਹੀਂ ਦਲਿਤ ਵੋਟਰਾਂ ਨੂੰ ਇਹੋ ਕਹਿਣਾ ਚਾਹਾਂਗਾ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਦਲਿਤ ਲੀਡਰ ਤੁਹਾਡੇ ਵਿਹੜਿਆਂ ਜਾਂ ਘਰਾਂ 'ਚ ਆਵੇ ਉਸ ਨੂੰ ਸਰਵਜਨਕ ਜਗ੍ਹਾ 'ਤੇ ਮੀਟਿੰਗ ਜਾਂ ਜਲਸੇ ਵਿੱਚ ਸ਼ਰੇਆਮ ਤੇ ਸਾਫ ਕਿਹਾ ਜਾਵੇ, ਭਾਈ ਬਹੁਤ ਹੋ ਗਿਆ, ਬਹੁਤ ਤੇਰੀ ਰਾਜਨੀਤਿਕ ਪਾਰਟੀ ਦੇ ਭਾਸ਼ਣ, ਚੋਣ ਮਨੋਰਥ-ਪੱਤਰ, ਵਾਅਦੇ ਸੁਣ ਲਏ, ਦੇਖ ਲਏ, ਤੂੰ ਆਪਣੀ ਪਾਰਟੀ ਦੇ ਏਜੰਡੇ ਨੂੰ ਛੱਡ ਤੂੰ ਸਾਨੂੰ ਆਪਣਾ ਏਜੰਡਾ ਦੱਸ, ਤੇਰਾ ਸਮਾਜ ਲਈ ਏਜੰਡਾ ਕੀ ਹੈ ਤੇ ਨਾਲੇ ਆਪਣਾ ਰਿਪੋਰਟ ਕਾਰਡ ਭਾਵ ਉਹ ਵੀ ਸਾਰੀਆਂ ਸੁੱਖ-ਸਹੂਲਤਾਂ ਦੀ ਲਿਸਟ ਲਿਖਤੀ ਰੂਪ ਵਿੱਚ ਸਾਡੇ ਸਾਹਮਣੇ ਰੱਖ ਜਿਹੜੀਆਂ ਸਹੂਲਤਾਂ ਤੇਰੀ ਮਿਹਨਤ ਸਦਕਾ ਸਾਨੂੰ ਮਿਲੀਆਂ ਹਨ। ਉਸ ਨੂੰ ਇਹ ਵੀ ਗੱਲ ਜ਼ਰੂਰ ਪੁੱਛੋ ਕਿ ਇਸ ਵੇਲੇ ਦੁਨੀਆਂ ਚੰਨ 'ਤੇ ਜਾ ਰਹੀ ਹੈ ਤੇ ਤੇਰੇ ਵਰਗੇ ਸਵਾਰਥੀ ਲੀਡਰਾਂ ਨੇ ਹਾਲੇ ਵੀ ਸਾਨੂੰ ਆਟਾ-ਦਾਲ, ਸਕੂਲ ਦੀਆਂ ਫੀਸਾਂ, ਦਵਾਈਆਂ, ਬਾਲਿਆਂ ਵਾਲੀਆਂ ਛੱਤਾਂ ਬਦਲ ਕੇ ਲੈਂਟਰ ਪੁਆਉਣ ਤੱਕ ਹੀ ਸੀਮਿਤ ਰੱਖਿਆ ਹੋਇਆ ਹੈ। ਮੈਂ ਇਕ ਗੱਲ ਹੋਰ ਵੀ ਸੋਚਦਾ ਹਾਂ ਕਿ ਮੈਂ ਦਲਿਤ ਸਮਾਜ ਦੇ ਸਾਰੇ ਸੂਝਵਾਨ ਸਾਥੀਆਂ ਨੂੰ, ਵੋਟਰਾਂ ਨੂੰ ਅਤੇ ਸਮਾਜਿਕ ਜਥੇਬੰਦੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਕਿਉਂ ਨਾ ਪੁਰਾਣੇ 500-1000 ਵਾਲੇ ਨੋਟਾਂ ਵਾਂਗ ਆਪਣੇ ਦਲਿਤ ਸਮਾਜ ਦੇ ਪੁਰਾਣੇ ਲੀਡਰਾਂ ਨੂੰ ਵੀ ਬਦਲ ਕੇ ਨਵੇਂ ਲੀਡਰ ਅੱਗੇ ਲੈ ਕੇ ਆਈਏ ਤਾਂ ਜੋ ਸਮਾਜ ਦੀ ਦਸ਼ਾ ਤੇ ਦਿਸ਼ਾ ਵਿੱਚ ਸੰਤੋਖਜਨਕ ਫਰਕ ਨਜ਼ਰ ਆਵੇ ਤੇ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋਵੇ।                                                                        -   ਅਜੇ ਕੁਮਾਰ

Tuesday 6 December 2016

ਰੋਟੀ 'ਤੇ ਡਾਕਾ

ਸਾਡਾ ਸਮਾਜ ਹਜ਼ਾਰਾਂ ਸਾਲਾਂ ਤੋਂ ਬੜੀ ਬੁਰੀ ਤਰ੍ਹਾਂ ਵਰਣ-ਵਿਵਸਥਾ ਵਿੱਚ ਬੱਝਿਆ ਹੋਇਆ ਹੈ। ਵਰਣ-ਵਿਵਸਥਾ ਦੀ ਸ਼ੁਰੂਆਤ ਬੜੀ ਹੀ ਚਲਾਕੀ ਨਾਲ ਕਿੱਤਿਆਂ ਦੇ ਅਧਾਰ 'ਤੇ ਸਮਾਜ ਨੂੰ ਵੰਡਣ ਤੋਂ ਸ਼ੁਰੂ ਹੋਈ, ਜਿਸ ਵਿੱਚ ਹੱਥੀ ਕੰਮ ਕਰਨ ਵਾਲੇ ਸਮਾਜ ਦੇ ਬਹੁਤ ਵੱਡੇ ਹਿੱਸੇ ਨੂੰ ਨੀਵੀਂ ਜਾਤੀ ਕਹਿ ਦਿੱਤਾ ਗਿਆ। ਕਹਿਣ ਦਾ ਭਾਵ ਕਿ ਹਰ ਉਹ ਕੰਮ ਜੋ ਸਮਾਜ ਦੀ ਤਰੱਕੀ ਨਾਲ ਜੁੜਦਾ ਹੈ, ਹੋਂਦ ਨਾਲ ਜੁੜਦਾ ਹੈ, ਸਮਾਜ ਦੀ ਆਰਥਿਕਤਾ ਨਾਲ ਜੁੜਦਾ ਹੈ, ਉਸ ਨੂੰ ਮਨੂੰਵਾਦੀਆਂ ਨੇ ਵਰਣ-ਵਿਵਸਥਾ ਨਾਲ ਜੋੜ ਕੇ ਸਭ ਤੋਂ ਥੱਲੜੇ ਪੋਡੇ 'ਤੇ ਸੁੱਟ ਕੇ ਭਾਰਤੀ ਸਮਾਜ ਦੀ ਤਰੱਕੀ 'ਤੇ ਐਸਾ ਘਾਤ ਕੀਤਾ ਕਿ ਅਜੇ ਤੱਕ ਸਾਡਾ ਸਮਾਜ ਉਨ੍ਹਾਂ ਘਾਤਾਂ ਦੇ ਦਰਦਾਂ ਨਾਲ ਤੜਫ ਰਿਹਾ ਹੈ। ਹੱਥੀ ਕੰਮ ਕਰਨ ਵਾਲੇ ਸਾਰੇ ਕਿੱਤੇ ਖਾਸ ਕਰਕੇ ਗੰਦਗੀ ਸਾਫ ਕਰਨ ਦਾ ਕਿੱਤਾ ਕਰਨ ਵਾਲੇ ਲੋਕਾਂ ਨੂੰ ਚੌਥੇ ਪੋਡੇ ਦਾ ਦਰਜਾ ਦੇ ਕੇ ਨੀਵੀਂ ਜਾਤ ਨਾਲ ਜੋੜ ਦਿੱਤਾ। ਇਨ੍ਹਾਂ ਨਾਲ ਜੁੜੇ ਲੋਕਾਂ ਨੂੰ ਚੌਥੇ ਪੋਡੇ ਦਾ ਨਾਗਰਿਕ ਸਮਝ ਕੇ ਸਦਾ ਤੋਂ ਸ਼ੋਸ਼ਣ ਤੇ ਉੱਚ ਸਮਾਜ ਦੀਆਂ ਵਧੀਕੀਆਂ ਝੱਲਣ 'ਤੇ ਮਜ਼ਬੂਰ ਕਰ ਦਿੱਤਾ ਗਿਆ। ਦੁੱਖ ਦੀ ਗੱਲ ਇਹ ਹੈ ਕਿ ਆਜ਼ਾਦ ਭਾਰਤ ਵਿੱਚ ਵੀ ਸਭ ਤੋਂ ਮਹੱਤਵਪੂਰਨ ਕਿੱਤੇ ਕਰਨ ਵਾਲਿਆਂ ਨੂੰ ਅਜੇ ਤੱਕ ਬਣਦਾ ਸਨਮਾਨ ਨਹੀਂ ਮਿਲਿਆ। ਮੈਂ ਚਮੜੇ ਦੇ ਵਪਾਰ ਨਾਲ ਜਨਮ ਤੋਂ ਜੁੜਿਆ ਹੋਇਆ ਹਾਂ।  ਮੈਂ ਗੱਲ ਕਰ ਰਿਹਾ ਹਾਂ, ਭਾਰਤ 'ਚ ਰਹਿ ਰਹੇ ਉਨ੍ਹਾਂ 25 ਲੱਖ ਪਰਿਵਾਰਾਂ ਦੀ, ਜਿਹੜੇ ਚਮੜੇ ਦੇ ਮੁਢਲੇ ਕੰਮ ਨਾਲ ਜੁੜੇ ਹਨ ਅਤੇ ਇਸ ਕੰਮ ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ ਚੱਲਦੀ ਹੈ। ਇਹ ਆਪਣੇ ਪਿੰਡ ਜਾਂ ਆਲੇ-ਦੁਆਲਿਓਂ ਮਰੇ ਜਾਨਵਰ ਗਾਂ, ਮੱਝ, ਕੱਟਾ, ਵੱਛਾ ਚੁੱਕ ਕੇ ਲਿਆਉਂਦੇ ਹਨ ਤੇ ਪਿੰਡ ਦੀ ਹੱਡਾ-ਰੋੜੀ 'ਤੇ ਜਾਂ ਆਪਣੇ ਘਰ ਵਿੱਚ ਉਨ੍ਹਾਂ ਦੀ ਖਲ ਲਾਹ ਕੇ ਚਮੜਾ ਵਪਾਰੀਆਂ ਨੂੰ ਵੇਚ ਦਿੰਦੇ ਹਨ। ਇਹ ਚਮੜਾ ਕਈ ਹੱਥਾਂ ਵਿੱਚੋਂ ਨਿਕਲ ਕੇ ਚਮੜਾ ਕਾਰਖਾਨੇ 'ਚ ਪਹੁੰਚਦਾ ਹੈ ਤੇ ਇਸ ਚਮੜੇ ਦੇ ਵਪਾਰ ਨਾਲ ਜੁੜੇ ਲੋਕ ਇਕ ਪਾਸੇ ਆਪਣੀ ਰੋਜ਼ੀ-ਰੋਟੀ ਚਲਾਉਂਦੇ ਹਨ, ਦੂਸਰੇ ਪਾਸੇ ਇਹ ਸਮਾਜ ਨੂੰ ਉਨ੍ਹਾਂ ਬਿਮਾਰੀਆਂ ਤੋਂ ਬਚਾਉਂਦੇ ਹਨ ਜੋ ਮਰੇ ਜਾਨਵਰਾਂ ਨਾਲ ਫੈਲਦੀਆਂ ਹਨ। ਮਰੇ ਹੋਏ ਡੰਗਰ ਦੀ ਖਲ ਲਾਹ ਕੇ ਵੇਚਣਾ ਕੋਈ ਗੈਰ ਕਾਨੂੰਨੀ ਕੰਮ ਨਹੀਂ। ਇਹ ਕਿੱਤਾ ਉਦੋਂ ਦਾ ਚੱਲ ਰਿਹਾ ਹੈ, ਜਦੋਂ ਦਾ ਸਮਾਜ ਸ਼ੁਰੂ ਹੋਇਆ ਹੈ। ਮਾਨਵ ਦਾ ਪਾਇਆ ਪਹਿਲਾ ਵਸਤਰ ਚਮੜੇ ਦਾ ਹੀ ਬਣਿਆ ਸੀ। ਕੱਪੜਾ ਜਾਂ ਕਿਸੇ ਵੀ ਹੋਰ ਵਸਤਰ ਦੀ ਖੋਜ ਬਹੁਤ ਬਾਅਦ 'ਚ ਹੋਈ। ਇਸ ਸਭ ਤੋਂ ਪੁਰਾਣੇ ਕਿੱਤੇ ਨੂੰ ਅੱਜ ਧਰਮ ਨਾਲ ਜੋੜ ਕੇ ਆਪਣੇ ਆਪ ਨੂੰ ਸਮਾਜ ਦੇ ਠੇਕੇਦਾਰ ਕਹਿਣ ਵਾਲੇ ਕੁਝ ਗਲਤ ਅਨਸਰ ਚਮੜੇ ਦਾ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਵਪਾਰੀਆਂ ਨੂੰ ਡਰਾ-ਧਮਕਾ ਕੇ ਆਪਣਾ ਹਲਵਾ-ਮੰਡਾ ਚਲਾਉਂਦੇ ਹਨ। ਇਨ੍ਹਾਂ ਗਲਤ ਅਨਸਰਾਂ ਨੇ ਕਈ ਸੰਸਥਾਵਾਂ ਬਣਾਈਆਂ ਹੋਈਆਂ ਹਨ, ਇਹ ਧਰਮ ਦੇ ਠੇਕੇਦਾਰ ਬਣ ਕੇ ਚਮੜੇ ਦਾ ਕੰਮ ਕਰਨ ਵਾਲਿਆਂ ਦਾ ਜਿਊਣਾ ਔਖਾ ਕਰ ਰਹੇ ਹਨ। ਸਰਕਾਰਾਂ 'ਚ ਬੈਠੇ ਇਨ੍ਹਾਂ ਦੇ ਸਰਪ੍ਰਸਤ ਜਿਨ੍ਹਾਂ ਦੀ ਸ਼ੈਅ 'ਤੇ ਇਹ ਚਮੜੇ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਦੋਵੇਂ ਹੱਥਾਂ ਨਾਲ ਲੁੱਟ ਕੇ ਆਪਣੀ ਐਸ਼ਪ੍ਰਸਤੀ ਕਰ ਰਹੇ ਹਨ। ਸਰਕਾਰ ਕੋਈ ਅਜਿਹਾ ਠੋਸ ਹੱਲ ਨਹੀਂ ਲੱਭ ਰਹੀ, ਜਿਸ ਨਾਲ ਇਨ੍ਹਾਂ ਗਲਤ ਅਨਸਰਾਂ 'ਤੇ ਕਾਬੂ ਪਾ ਕੇ ਚਮੜੇ ਦਾ ਕੰਮ ਕਰਨ ਵਾਲੇ ਲੋਕਾਂ ਦਾ ਜੀਵਨ ਸੁਖਾਲਾ ਹੋ ਸਕੇ, ਕਦੋਂ ਤੱਕ ਇਹ ਚਮੜਾ ਵਪਾਰੀ ਇਨ੍ਹਾਂ ਮਨੂੰਵਾਦੀਆਂ ਦਾ ਜ਼ੁਲਮ ਬਰਦਾਸ਼ਤ ਕਰਦੇ ਰਹਿਣਗੇ? ਜੇਕਰ ਪੰਜਾਬ 'ਚ ਚਮੜੇ ਦਾ ਕੰਮ ਕਰਨ ਵਾਲਿਆਂ ਦੀ ਗੱਲ ਕਰੀਏ ਤਾਂ ਇਸ ਦੇ ਜ਼ਰੀਏ ਤਕਰੀਬਨ 50 ਹਜ਼ਾਰ ਲੋਕਾਂ ਦੇ ਪਰਿਵਾਰ ਪਲਦੇ ਹਨ ਪਰ ਅੱਜ-ਕੱਲ੍ਹ ਚਮੜੇ ਦਾ ਕੰਮ ਕਰਨ ਵਾਲੇ ਲੋਕਾਂ ਵਿੱਚ ਜਿੱਥੇ ਮੰਦੀ ਹੋਣ ਕਾਰਨ ਨਿਰਾਸ਼ਾ ਪਾਈ ਜਾ ਰਹੀ ਹੈ, ਉੱਥੇ ਲੋਟੂ ਟੋਲੇ ਦੀ ਪ੍ਰੇਸ਼ਾਨੀ ਵੀ ਇਨ੍ਹਾਂ ਨੂੰ ਦਿਨ-ਰਾਤ ਸਤਾਉਂਦੀ ਰਹਿੰਦੀ ਹੈ। ਇੰਨੇ ਮਾੜੇ ਹਾਲਾਤ ਹੋਣ ਦੇ ਬਾਵਜੂਦ ਚਮੜੇ ਦਾ ਕੰਮ ਕਰਨ ਵਾਲੇ ਲੋਕਾਂ ਦੇ ਹਾਲਾਤ ਸੁਧਾਰਨ ਲਈ ਨਾ ਤਾਂ ਪੰਜਾਬ ਸਰਕਾਰ ਨੇ ਕੁਝ ਕੀਤਾ ਹੈ ਤੇ ਨਾ ਹੀ ਸਰਕਾਰ 'ਚ ਬੈਠੇ ਦਲਿਤ ਸਮਾਜ ਦੇ ਨੁਮਾਇੰਦਿਆਂ ਨੇ ਇਨ੍ਹਾਂ ਬਾਰੇ ਕਦੀ ਹਾਅ ਦਾ ਨਾਅਰਾ ਮਾਰਿਆ ਹੈ। ਹਾਲਾਂਕਿ ਵਿਰੋਧੀ ਧਿਰ ਕਾਂਗਰਸ ਨੇ ਵੀ 2002 ਵਿੱਚ ਅਤੇ 2007 ਵਿੱਚ ਮੌਜੂਦਾ ਸਰਕਾਰ ਨੇ  ਚਮੜੇ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਇਹ ਭਰੋਸਾ ਦਿੱਤਾ ਸੀ ਕਿ ਕਿਸੇ ਵੀ ਪਿੰਡ ਵਿੱਚ ਹੱਡਾ ਰੋੜੀ ਵਾਲੀ ਥਾਂ ਬੰਦ ਨਹੀਂ ਕੀਤੀ ਜਾਵੇਗੀ ਤੇ ਜੇ ਹੱਡਾ ਰੋੜੀ ਵਾਲੀ ਥਾਂ ਪਿੰਡ ਦੀ ਵਸੋਂ ਵਿੱਚ ਆ ਗਈ ਹੈ ਤਾਂ ਉਸ ਦਾ ਬਦਲਵਾਂ ਪ੍ਰਬੰਧ ਕੀਤਾ ਜਾਵੇਗਾ ਪਰ ਨਾ ਤੇ ਕਾਂਗਰਸ ਨੇ ਤੇ ਨਾ ਹੀ ਮੌਜੂਦਾ ਸਰਕਾਰ ਨੇ ਆਪਣੇ ਕੀਤੇ ਗਏ ਵਾਅਦੇ ਨੂੰ ਪੂਰਾ ਕੀਤਾ। ਇਸ ਤੋਂ ਇਲਾਵਾ ਨਵੀਂ ਬਣੀ ਪਾਰਟੀ ਆਮ ਆਦਮੀ ਪਾਰਟੀ ਨੇ ਵੀ ਚਮੜੇ ਦਾ ਕੰਮ ਕਰਨ ਵਾਲੇ ਗਰੀਬ ਲੋਕਾਂ ਨੂੰ ਆਮ ਆਦਮੀ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸੇ ਲਈ ਉਨ੍ਹਾਂ ਨੇ ਕਦੇ ਇਨ੍ਹਾਂ ਲਈ ਹਾਅ ਦਾ ਨਾਅਰਾ ਨਹੀਂ ਮਾਰਿਆ। ਇੱਥੇ ਖਾਸ ਜ਼ਿਕਰਯੋਗ ਗੱਲ ਹੈ ਕਿ ਸਾਹਿਬ ਕਾਂਸ਼ੀ ਰਾਮ ਜੀ ਦੇ ਮੁਢਲੇ ਸਮੇਂ 'ਚ ਖ਼ਾਸ ਕਰਕੇ ਚਮੜੇ ਦਾ ਕੰਮ ਕਰਨ ਵਾਲੇ ਲੋਕਾਂ ਨੇ ਹੀ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਸੀ ਪਰ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਹਿਬ ਕਾਂਸ਼ੀ ਰਾਮ ਦੀ ਬਣਾਈ ਹੋਈ ਪਾਰਟੀ ਬਸਪਾ ਨੇ ਵੀ ਇਸ ਮਸਲੇ ਨੂੰ ਲੈ ਕੇ ਕਦੇ ਕਿਤੇ ਕੋਈ ਗੰਭੀਰ ਅੰਦੋਲਨ ਨਹੀਂ ਛੇੜਿਆ ਤੇ ਨਾ ਭਵਿੱਖ ਵਿੱਚ ਛੇੜਨ ਦੀ ਉਨ੍ਹਾਂ ਦੀ ਕੋਈ ਯੋਜਨਾ ਹੈ। ਮੈਂ ਪੂਰੇ ਪੰਜਾਬ ਵਿੱਚ ਚਮੜੇ ਦਾ ਕੰਮ ਕਰਨ ਵਾਲੇ ਮਜ਼ਦੂਰ ਅਤੇ ਵਪਾਰੀਆਂ ਦੇ ਸੰਪਰਕ ਵਿੱਚ ਲਗਾਤਾਰ ਹਾਂ। ਮੈਨੂੰ ਇਨ੍ਹਾਂ ਦੇ ਮਾੜੇ ਹਾਲਾਤਾਂ ਨੂੰ ਦੇਖਦੇ ਹੋਏ ਇਹ ਗੱਲ ਚਿੱਟੇ ਦਿਨ ਵਾਂਗ ਨਜ਼ਰ ਆ ਰਹੀ ਹੈ ਕਿ ਸਰਕਾਰਾਂ ਦੀ ਸ਼ੈਅ ਤਹਿਤ ਗਊ ਰੱਖਿਆ ਦੇ ਨਾਂ 'ਤੇ ਚਮੜੇ ਦਾ ਕੰਮ ਕਰਨ ਵਾਲਿਆਂ ਦੀ ਰੋਜ਼ੀ-ਰੋਟੀ 'ਤੇ ਡਾਕਾ ਮਾਰਿਆ ਜਾ ਰਿਹਾ ਹੈ। ਹੁਣ ਦੇਖਣਾ ਇਹ ਹੈ ਕਿ ਕਿੰਨੀ ਕੁ ਛੇਤੀ ਚਮੜੇ ਦਾ ਕੰਮ ਕਰਨ ਵਾਲੇ ਲੋਕ ਇਕੱਠੇ ਹੋ ਕੇ ਆਪਣੇ ਦੁੱਖ-ਤਕਲੀਫਾਂ ਨੂੰ ਦੂਰ ਕਰਨ ਦੇ ਲਈ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੋਈ ਯੋਜਨਾ ਬਣਾਉਂਦੇ ਹਨ ਜਾਂ ਨਹੀਂ? ਇੰਨਾ ਜ਼ਰੂਰ ਹੈ ਅਦਾਰਾ 'ਆਪਣੀ ਮਿੱਟੀ' ਪੂਰੀ ਇਮਾਨਦਾਰੀ ਨਾਲ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਚਮੜੇ ਦਾ ਕੰਮ ਕਰਨ ਵਾਲੇ ਸਾਰੇ ਲੋਕਾਂ ਦਾ ਸਾਥ ਦਿੰਦਾ ਰਹੇਗਾ, ਇਸ ਦੇ ਤਹਿਤ ਆਰੰਭੇ ਗਏ ਅੰਦੋਲਨ ਵਿੱਚ ਸਾਥ ਦੇਣ ਵਾਲੇ ਸਾਰੇ ਦਲਿਤ ਸੂਝਵਾਨਾਂ ਨੂੰ ਅਤੇ ਇਨਸਾਨੀਅਤ ਦੇ ਪੁਜਾਰੀਆਂ ਨੂੰ ਸਾਡਾ ਖੁੱਲ੍ਹਾ ਸੱਦਾ ਹੈ। ਉਮੀਦ ਹੈ ਤੁਸੀਂ ਸਾਰੇ ਰਲ ਕੇ ਸਾਡਾ ਸਾਥ ਦਿਓਗੇ ਤੇ ਯਕੀਨਨ ਅਸੀਂ ਚਮੜੇ ਦਾ ਕੰਮ ਕਰਨ ਵਾਲੇ ਲੋਕਾਂ ਦੀ ਰੋਜ਼ੀ-ਰੋਟੀ 'ਤੇ ਡਾਕਾ ਨਹੀਂ ਪੈਣ ਦਿਆਂਗੇ।
                                                                                                                   - ਅਜੇ ਕੁਮਾਰ

Tuesday 29 November 2016

ਦਲਿਤ ਸੀ. ਐੱਮ. ਕਿਉਂ ਨਹੀਂ?

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਗਈਆਂ ਹਨ ਤੇ ਤਕਰੀਬਨ ਹਰ ਜਾਗਦੇ ਪੰਜਾਬੀ ਨੂੰ ਚੋਣਾਂ ਦੀ ਪੌਣ ਆ ਰਹੀ ਹੈ। ਕਹਿਣ ਦਾ ਭਾਵ ਹਰ ਸਰਗਰਮ ਪੰਜਾਬੀ ਚੋਣਾਂ ਵਿੱਚ ਦਿਲਚਸਪੀ ਲੈ ਰਿਹਾ ਹੈ। ਸਾਰੀਆਂ ਰਾਜਨੀਤਿਕ ਪਾਰਟੀਆਂ ਹਰ ਹੀਲਾ-ਵਸੀਲਾ ਕਰ ਰਹੀਆਂ ਹਨ ਅਤੇ ਨਵੇਂ-ਨਵੇਂ ਹਥਕੰਡੇ ਅਪਣਾ ਰਹੀਆਂ ਹਨ। ਇਸੇ ਕੜੀ ਦੇ ਵਿੱਚ ਸ਼ੁਰੂ ਤੋਂ ਹੀ ਦਲਿਤ ਵਿਰੋਧੀ ਮਾਨਸਿਕਤਾ ਦਾ ਸ਼ਿਕਾਰ 'ਆਪ' ਦਾ ਮੁਖੀਆ ਅਰਵਿੰਦ ਕੇਜਰੀਵਾਲ, ਜਿਸ ਨੇ ਸਭ ਤੋਂ ਪਹਿਲਾਂ ਮੰਡਲ ਕਮਿਸ਼ਨ ਦੇ ਵਿਰੋਧ ਵਿੱਚ ਅੰਦੋਲਨ ਸ਼ੁਰੂ ਕੀਤਾ ਸੀ। ਉਹ ਅੱਜ-ਕੱਲ੍ਹ ਆਪਣੀ ਰਾਜਨੀਤਿਕ ਪਾਰਟੀ 'ਆਪ' ਨੂੰ ਲੈ ਕੇ ਰਾਜਨੀਤਿਕ ਖੇਤਰ 'ਚ ਵੱਡੀ ਚਰਚਾ ਵਿੱਚ ਹੈ। ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ਸਵਰਾਜ ਦੇ ਹਮਾਇਤੀ ਬਣ ਕੇ ਲੋਕਪਾਲ ਬਿੱਲ ਦੇ ਨਾਂ 'ਤੇ ਕੇਜਰੀਵਾਲ ਐਂਡ ਕੰਪਨੀ ਨੇ ਜੋ ਵੀ ਚੱਕਰਵਿਊ ਰਚਿਆ, ਉਹ ਸਾਰੀ ਦੁਨੀਆਂ ਦੇ ਸਾਹਮਣੇ ਹੈ ਅਤੇ ਹਰ ਭਾਰਤੀ ਦੇ ਧਿਆਨ 'ਚ ਹੈ। ਕਿਸ ਤਰ੍ਹਾਂ ਉਸ ਨੇ ਇਕ-ਇਕ ਕਰਕੇ ਮੁੱਖ ਸ਼ਖਸੀਅਤਾਂ ਨੂੰ ਆਪਣੀ ਰਾਜਨੀਤੀ ਲਈ ਇਸਤੇਮਾਲ ਕਰਕੇ ਆਮ ਆਦਮੀ ਪਾਰਟੀ ਬਣਾਈ ਅਤੇ ਮੀਡੀਆ ਦੀ ਸਾਂਠ-ਗਾਂਠ ਨਾਲ ਅਤੇ ਤੇਜ਼-ਤਰਾਰ ਕਲਾਕਾਰੀਆਂ ਨਾਲ ਉਹ ਦਿੱਲੀ ਦੀ ਮੁੱਖ ਮੰਤਰੀ ਦੀ ਸੀਟ 'ਤੇ ਬੈਠ ਗਿਆ। ਮੇਰੇ ਖਿਆਲ 'ਚ ਇਸ ਗੱਲ ਦੀ ਲੰਬੀ-ਚੌੜੀ ਚਰਚਾ ਕਰਨ ਦੀ ਲੋੜ ਨਹੀਂ ਹੈ। ਹੁਣ ਅਸੀਂ ਗੱਲ ਕਰਦੇ ਹਾਂ ਪੰਜਾਬ ਦੀਆਂ ਮੌਜੂਦਾ ਚੋਣਾਂ 'ਚ 'ਆਪ' ਵੱਲੋਂ ਅਪਣਾਏ ਗਏ ਹਥਕੰਡਿਆਂ 'ਚੋਂ ਇਕ ਹਥਕੰਡਾ ਕਿ ਡਿਪਟੀ ਸੀਐੱਮ ਦਲਿਤ ਹੋਵੇਗਾ। ਸਵਾਲ ਇਹ ਉੱਠਦਾ ਹੈ ਕਿ ਜਿਹੜਾ ਅਰਵਿੰਦ ਕੇਜਰੀਵਾਲ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸੁਚੱਜੇ ਢੰਗ ਨਾਲ ਰਾਜਨੀਤੀ ਸਿਖਾਉਣ ਦੀ ਗੱਲ ਕਰਦਾ ਸੀ, ਉਹ ਇਹ ਗੱਲ ਕਿਉਂ ਭੁੱਲ ਗਿਆ ਹੈ ਕਿ ਦਲਿਤਾਂ ਦੇ ਮਾਮਲੇ ਵਿੱਚ ਉਹ ਉਹੋ ਹੀ ਫਾਰਮੂਲਾ ਇਸਤੇਮਾਲ ਕਰ ਰਿਹਾ ਹੈ ਜਿਹੜੇ ਫਾਰਮੂਲੇ ਕਾਂਗਰਸ ਅਤੇ ਅਕਾਲੀ ਦਲ ਬਾਦਲ ਜਾਂ ਦੂਸਰੀਆਂ ਰਾਜਨੀਤਿਕ ਪਾਰਟੀਆਂ ਕਰਦੀਆਂ ਆ ਰਹੀਆਂ ਹਨ। ਹੁਣ ਸਵਾਲ ਇਹ ਉੱਠਦਾ ਹੈ ਕਿ ਡਿਪਟੀ ਸੀਐੱਮ ਦਲਿਤ ਹੀ ਕਿਉਂ ਹੋਵੇ? ਕੇਜਰੀਵਾਲ ਇਹ ਕਿਉਂ ਨਹੀਂ ਆਖਦਾ ਕਿ ਡਿਪਟੀ ਸੀਐੱਮ ਉਹ ਹੋਵੇਗਾ, ਜਿਸ ਦੀ ਨੀਅਤ ਅਤੇ ਨੀਤੀ ਗਰੀਬ ਪੱਖੀ ਹੋਵੇਗੀ, ਪੰਜਾਬ ਨੂੰ ਖੁਸ਼ਹਾਲ ਬਣਾਉਣ ਪੱਖੀ ਹੋਵੇਗੀ, ਕੀ ਫਰਕ ਪੈਂਦਾ ਹੈ ਦਲਿਤ ਦੇ ਉੱਪ ਮੁੱਖ ਮੰਤਰੀ ਬਣਨ ਦੇ ਨਾਲ। ਜੇ ਪਿਛਲ ਝਾਤ ਮਾਰੀਏ ਤਾਂ ਜਗਜੀਵਨ ਰਾਮ ਦੇਸ਼ ਦਾ ਉੱਪ ਪ੍ਰਧਾਨ ਮੰਤਰੀ ਰਿਹਾ ਹੈ ਤਾਂ ਕੀ ਉਸ ਦੇ ਉੱਪ ਪ੍ਰਧਾਨ ਮੰਤਰੀ ਬਣਨ ਨਾਲ ਦਲਿਤਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਗਿਆ ਸੀ। ਬੂਟਾ ਸਿੰਘ ਭਾਰਤ ਦਾ ਹੋਮ ਮਨਿਸਟਰ ਰਿਹਾ ਹੈ, ਕੀ ਉਸ ਦੇ ਹੋਮ ਮਨਿਸਟਰ ਬਣਦਿਆਂ ਹੀ ਦਲਿਤਾਂ ਦੇ ਘਰਾਂ 'ਚ ਖੁਸ਼ਹਾਲੀ ਆ ਗਈ ਸੀ। ਜੇਕਰ ਮੰਨ ਲਓ ਵਿਜੇ ਸਾਂਪਲਾ ਵਰਗਾ ਦਲਿਤ ਲੀਡਰ ਡਿਪਟੀ ਸੀਐੱਮ ਬਣ ਵੀ ਜਾਵੇ ਤਾਂ ਉਸ ਤੋਂ ਕੀ ਉਮੀਦ ਰੱਖ ਸਕਦੇ ਹਾਂ? ਜਿਸ ਦੇ ਨੱਕ ਥੱਲੇ ਉਸ ਦਾ ਆਪਣਾ ਹੀ ਮਹਿਕਮਾ ਸਮਾਜਿਕ ਨਿਆਂ ਮੰਤਰਾਲਾ ਅਧੀਨ ਤਕਰੀਬਨ 4.50 ਲੱਖ ਦਲਿਤ ਵਿਦਿਆਰਥੀ ਆਪਣੇ ਭਵਿੱਖ ਨੂੰ ਲੈ ਕੇ ਕਾਲਜਾਂ ਅਤੇ ਸੜਕਾਂ 'ਤੇ ਲੇਲੜੀਆਂ ਕੱਢਦਾ ਬੀਤੇ ਦਿਨੀਂ ਆਮ ਦੇਖਿਆ ਜਾਂਦਾ ਸੀ ਪਰ ਉਸ ਨੇ ਮਸਲਾ ਤਾਂ ਹੱਲ ਕੀ ਕਰਨਾ ਸੀ, ਕਦੇ ਕਿਸੇ ਦਲਿਤ ਵਿਦਿਆਰਥੀ ਦੇ ਹੱਕ ਵਿੱਚ ਹਾਅ ਦਾ ਨਾਅਰਾ ਵੀ ਨਹੀਂ ਮਾਰਿਆ। ਹਾਲਾਂਕਿ ਕਹਿਣ ਨੂੰ ਲੀਡਰੀ ਤੋਂ ਪਹਿਲਾਂ ਪੇਸ਼ੇ ਵਜੋਂ ਉਹ ਪਲੰਬਰ ਸੀ ਪਰ ਆਪਣੇ ਹੀ ਮਹਿਕਮੇ ਦੀਆਂ ਜ਼ਿਆਦਤੀਆਂ ਕਾਰਣ ਦਲਿਤ ਵਿਦਿਆਰਥੀਆਂ ਦੇ ਨਿਕਲੇ ਅੱਖਾਂ 'ਚੋਂ ਪਾਣੀ ਨੂੰ ਉਹ ਰੋਕ ਨਹੀਂ ਸਕਿਆ। ਬਲਕਿ ਮੋਦੀ ਦੀਆਂ ਤਾਰੀਫਾਂ ਕਰਨ ਵਿੱਚ ਹੀ ਵਿਅਸਤ ਰਿਹਾ। ਇੱਥੇ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਕੇਜਰੀਵਾਲ ਨੇ ਦਲਿਤਾਂ ਲਈ ਸ਼ਗਨ ਸਕੀਮ, ਆਟਾ-ਦਾਲ, ਫਰੀ ਬਿਜਲੀ-ਪਾਣੀ ਆਦਿ ਦੇ ਮੁਕਾਬਲੇ ਵੱਡਾ ਲੌਲੀਪਾਪ ਦਲਿਤਾਂ ਨੂੰ ਭਰਮਾਉਣ ਲਈ ਦਲਿਤ ਉੱਪ ਮੁੱਖ ਮੰਤਰੀ ਦਾ ਨਾਅਰਾ ਦਿੱਤਾ ਹੈ। ਚਲੋ ਮੰਨ ਲੈਂਦੇ ਹਾਂ ਉਸ ਵੱਲੋਂ ਇਹ ਗੱਲ ਪੱਕੀ ਹੈ ਕਿ ਜੇ ਉਸ ਦੀ ਸਰਕਾਰ ਆਵੇਗੀ ਤਾਂ ਉਹ ਕਿਸੇ ਦਲਿਤ ਨੂੰ ਡਿਪਟੀ ਮੁੱਖ ਮੰਤਰੀ ਬਣਾਏਗਾ ਪਰ ਇੱਥੇ ਇਕ ਬਹੁਤ ਹੀ ਜ਼ਰੂਰੀ ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਦਲਿਤ ਡਿਪਟੀ ਸੀਐੱਮ ਦੀ ਬਜਾਏ ਦਲਿਤ ਸੀਐੱਮ ਕਿਉਂ ਨਹੀਂ?ਨਾਲੇ ਸੀਐੱਮ ਬਣਾਉਂਦੇ ਸਾਰ ਹੀ ਉਸ ਦੀ ਮੰਸ਼ਾ ਪਤਾ ਲੱਗ ਜਾਵੇਗੀ ਕਿ ਉਸ ਦਾ ਦਲਿਤਾਂ ਪ੍ਰਤੀ ਕਿੰਨਾ ਕੁ ਪਿਆਰ ਸੱਚਾ ਹੈ ਜਾਂ ਸਾਫ਼ ਹੋ ਜਾਵੇਗਾ ਕਿ ਦੂਸਰੀਆਂ ਪਾਰਟੀਆਂ ਵਾਂਗ ਉਹ ਵੀ ਦਲਿਤਾਂ ਨੂੰ ਨਵੇਂ ਢੰਗ ਨਾਲ ਮੂਰਖ ਨਹੀਂ ਬਣਾ ਰਿਹਾ ਹੈ। ਮੰਨ ਵੀ ਲੈਂਦੇ ਹਾਂ ਕਿ ਉਹ ਦਲਿਤਾਂ ਨਾਲ ਬਹੁਤ ਪਿਆਰ ਕਰਦਾ ਹੈ, ਦਲਿਤਾਂ ਦਾ ਬਹੁਤ ਸਤਿਕਾਰ ਕਰਦਾ ਹੈ ਤਾਂ ਕੀ ਉਹ ਵਾਈਟ ਪੇਪਰ ਜਾਰੀ ਕਰ ਸਕਦਾ ਹੈ ਕਿ ਦਿੱਲੀ 'ਚ ਰਹਿ ਰਹੇ ਦਲਿਤਾਂ ਦੇ ਹਾਲਾਤ ਕਿੰਨੇ ਕੁ ਸੰਤੋਸ਼ਜਨਕ ਹਨ ਤਾਂ ਇਸ ਗੱਲ ਦਾ ਸਿੱਧਾ ਜਵਾਬ ਹੋਵੇਗਾ, ਕਦੇ ਵੀ ਨਹੀਂ। ਕਿਉਂਕਿ 'ਆਪਣੀ ਮਿੱਟੀ ਆਪਣੇ ਲੋਕ' ਸੰਸਥਾ ਰਾਹੀਂ ਕਰਵਾਏ ਗਏ ਸਰਵੇ ਮੁਤਾਬਿਕ ਉੱਤਰੀ ਭਾਰਤ 'ਚ ਦਲਿਤਾਂ ਦੇ ਸਭ ਤੋਂ ਮਾੜੇ ਹਾਲਾਤ ਦਿੱਲੀ ਵਿੱਚ ਹਨ। ਇੱਥੇ ਮੈਂ ਕੇਜਰੀਵਾਲ ਨੂੰ ਨਿੱਜੀ ਤੌਰ 'ਤੇ ਆਪਣੇ ਲੇਖ ਰਾਹੀਂ ਅਤੇ ਪੱਤਰ ਲਿਖ ਕੇ ਸੁਝਾਅ ਦੇਣਾ ਚਾਹਾਂਗਾ ਕਿ ਜੇ ਉਹ ਵਾਕਿਆ ਹੀ ਪੰਜਾਬ ਦੇ ਦਲਿਤਾਂ ਨਾਲ ਪਿਆਰ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਦਿੱਲੀ ਵਿੱਚ ਰਹਿ ਰਹੇ ਹਰ ਇਕ ਦਲਿਤ ਦੀਆਂ ਮੁਢਲੀਆਂ ਸਹੂਲਤਾਂ ਰੋਟੀ, ਕੱਪੜਾ, ਮਕਾਨ, ਸਿਹਤ, ਸਿੱਖਿਆ, ਜੌਬ ਨੂੰ ਯਕੀਨੀ ਬਣਾਉਣ ਦੇ ਲਈ ਦਿੱਲੀ ਵਿਧਾਨ ਸਭਾ ਵਿੱਚ ਇਕ ਅਪਾਤਕਾਲੀਨ ਬਿੱਲ ਲੈ ਕੇ ਪਾਸ ਕਰਕੇ ਉਸ ਦਾ ਐਕਟ ਬਣਾ ਕੇ ਲਾਗੂ ਕਰੇ ਤਾਂ ਜੋ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਪੰਜਾਬ ਦੇ ਸਾਰੇ ਦਲਿਤ ਉਸ ਨੂੰ ਵੋਟ ਤੇ ਸਪੋਰਟ ਕਰਨ, ਨਹੀਂ ਤਾਂ ਇਹ ਗੱਲ ਸਾਫ ਹੈ ਕਿ ਕੇਜਰੀਵਾਲ ਨੇ ਜਿਸ ਤਰ੍ਹਾਂ ਅੰਨਾ ਹਜ਼ਾਰੇ ਨੂੰ ਅਤੇ ਦੂਸਰੇ ਸਾਥੀਆਂ ਨੂੰ ਵਰਤ ਕੇ ਦਿੱਲੀ ਦੀ ਸੱਤਾ ਪ੍ਰਾਪਤ ਕੀਤੀ ਹੈ, ਇਸੇ ਤਰ੍ਹਾਂ ਉਹ ਪੰਜਾਬ 'ਚ ਫੈਲੀ ਜਾਤ-ਪਾਤ ਦੀ ਰਾਜਨੀਤੀ ਦੇ ਨਾਂ 'ਤੇ ਦਲਿਤਾਂ ਨੂੰ ਭਰਮਾ ਕੇ ਦਲਿਤਾਂ ਦੇ ਵੋਟ ਲੈ ਕੇ ਪੰਜਾਬ ਦੀ ਸੱਤਾ ਆਪਣੇ ਹੱਥ ਵਿੱਚ ਲੈਣਾ ਚਾਹੁੰਦਾ ਹੈ ਪਰ ਇਹ ਇੰਨੀ ਸੌਖੀ ਨਹੀਂ ਹੈ, ਜਿੰਨੀ ਉਹ ਸਮਝ ਰਹੇ ਹਨ। ਇਸ ਗੱਲ ਦਾ ਫੈਸਲਾ ਵੀ ਥੋੜ੍ਹੇ ਹੀ ਸਮੇਂ ਵਿੱਚ ਆਉਣ ਵਾਲੇ ਦਿਨਾਂ ਵਿੱਚ ਹੋ ਜਾਵੇਗਾ।                                                                             - ਅਜੇ ਕੁਮਾਰ

Monday 21 November 2016

ਨੈਤਿਕਤਾ ਦੇ ਅਧਾਰ 'ਤੇ

ਨੈਤਿਕਤਾ ਨੂੰ ਅੰਗਰੇਜ਼ੀ 'ਚ ਮੋਰਾਲੈਟੀ ਕਹਿੰਦੇ ਹਨ। ਜ਼ਿਆਦਾਤਰ ਲੋਕ ਨੈਤਿਕਤਾ ਸ਼ਬਦ ਦੀ ਵਰਤੋਂ ਪੰਜਾਬੀ ਵਿੱਚ ਵੀ ਨੈਤਿਕਤਾ ਵਜੋਂ ਹੀ ਕਰਦੇ ਹਨ। ਨੈਤਿਕਤਾ ਦਾ ਅਰਥ ਹੈ ਗਲਤ ਅਤੇ ਸਹੀ ਦੇ ਵਿੱਚ ਵਿਸ਼ਵਾਸ। ਸਮਾਜਿਕ ਤੌਰ 'ਤੇ ਜਦੋਂ ਕਿਤੇ ਮਹਿਸੂਸ ਹੁੰਦਾ ਹੈ ਕਿ ਉਹ ਕੁਝ ਗਲਤ ਕਰ ਰਿਹਾ ਹੈ ਤੇ ਦਿਲ ਵਿੱਚ ਅਪਰਾਧ ਬੋਧ ਹੁੰਦਾ ਹੈ, ਉਸ ਨੂੰ ਨੈਤਿਕਤਾ ਕਿਹਾ ਜਾਂਦਾ ਹੈ। ਉਦਾਹਰਣ ਵਜੋਂ ਅਲਬਰਟਾ ਸਟੇਟ ਦੀ ਪ੍ਰੀਮੀਅਰ ਰੈਡਫੋਰਡ ਨੇ ਨੈਤਿਕਤਾ ਦੇ ਅਧਾਰ 'ਤੇ ਇਸ ਲਈ ਅਸਤੀਫਾ ਦੇ ਦਿੱਤਾ ਸੀ, ਕਿਉਂਕਿ ਉਸ ਨੇ ਆਪਣੇ ਪੀ. ਏ. ਨੂੰ ਆਪਣੇ ਨਾਲ ਮਹਿੰਗੀ ਕਲਾਸ ਵਿੱਚ ਹਵਾਈ ਸਫ਼ਰ ਕਰਵਾਇਆ ਸੀ, ਜਿਸ ਕਾਰਣ ਕੈਨੇਡਾ ਸਰਕਾਰ ਦਾ 9000 ਡਾਲਰ ਜ਼ਿਆਦਾ ਖਰਚ ਹੋ ਗਿਆ ਸੀ। ਇਸ ਗਲਤੀ ਨੂੰ ਉਨ੍ਹਾਂ ਨੇ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ। ਜੇ ਨੈਤਿਕਤਾ ਦੀ ਗੱਲ ਆਪਣੇ ਪੰਜਾਬੀ ਲੀਡਰਾਂ ਦੀ ਖਾਸ ਤੌਰ 'ਤੇ ਦਲਿਤ ਲੀਡਰਾਂ ਦੀ ਕਰੀਏ ਤਾਂ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਸਭ ਜਾਣਦੇ ਹਨ ਅੱਜ-ਕੱਲ੍ਹ ਪੰਜਾਬ ਵਿੱਚ ਚੋਣਾਂ ਦਾ ਮਾਹੌਲ ਗਰਮ ਹੈ। ਬਹੁਗਿਣਤੀ ਵੋਟਰ ਨੂੰ ਕਿਸੇ ਪਾਰਟੀ 'ਤੇ ਯਕੀਨ ਨਹੀਂ। ਇਸ ਕਾਰਣ ਰਾਜਨੀਤਿਕ ਪੰਡਿਤ ਭੰਬਲ-ਭੂਸੇ ਵਿੱਚ ਪਏ ਹੋਏ ਹਨ ਕਿ ਕਿਸ ਪਾਰਟੀ ਦੀ ਸਰਕਾਰ ਬਣਨ ਦੀ ਭਵਿੱਖਬਾਣੀ ਕਰੀਏ। ਸਭ ਨਵੀਆਂ-ਪੁਰਾਣੀਆਂ ਪਾਰਟੀਆਂ ਆਪੋ-ਆਪਣੇ ਤੌਰ 'ਤੇ ਪੈਸੇ ਖਰਚ ਕਰਕੇ ਸਰਵੇ ਆਪਣੇ ਹੱਕ 'ਚ ਕਰਵਾ ਰਹੀਆਂ ਹਨ ਪਰ ਵੋਟਰਾਂ ਦੀ ਮਰਜ਼ੀ ਸਮਝ ਨਾ ਆਉਣ ਕਾਰਣ ਆਪੋ-ਆਪਣੇ ਅੰਦਾਜ਼ ਨਾਲ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ। ਟਿਕਟਾਂ ਦੀ ਬਾਂਦਰ ਵੰਡ ਵਿੱਚ ਜਿਸ ਨੂੰ ਟਿਕਟ ਮਿਲ ਜਾਂਦੀ ਹੈ ਉਹ ਤਾਂ ਇਮਾਨਦਾਰੀ, ਵਫਾਦਾਰੀ ਦੀ ਸਿੱਖਿਆ ਦਿੰਦਾ ਨਹੀਂ ਥੱਕਦਾ ਤੇ ਜਿਸ ਵਿਚਾਰੇ ਦੀ ਟਿਕਟ ਕੱਟੀ ਜਾਂਦੀ ਹੈ, ਉਹ ਆਪਣੀ ਪਾਰਟੀ ਨੂੰ ਗਾਲ੍ਹਾਂ ਕੱਢਦਾ ਨਹੀਂ ਥੱਕਦਾ। ਇਸ ਚੱਕਰ ਵਿੱਚ ਕਈ ਆਪੋ-ਆਪਣੀਆਂ ਪਾਰਟੀਆਂ ਛੱਡ ਰਹੇ ਹਨ, ਕਈਆਂ ਨੂੰ ਕੱਢਿਆ ਜਾ ਰਿਹਾ ਹੈ। ਪਾਰਟੀ ਛੱਡਣ ਵਾਲੇ ਪਾਰਟੀ 'ਤੇ ਕਈ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਹਨ ਤੇ ਪਾਰਟੀ ਵਾਲੇ ਪਾਰਟੀ 'ਚੋਂ ਕੱਢੇ ਹੋਏ ਉਮੀਦਵਾਰ ਲਈ ਇਹ ਆਖਦੇ ਹਨ ਕਿ ਇਸ ਦੇ ਪੱਲੇ ਕੁਝ ਨਹੀਂ, ਇਹ ਪਾਰਟੀ ਦੀ ਛਵੀ ਖਰਾਬ ਕਰ ਰਿਹਾ ਹੈ। ਵਗੈਰਾ...ਵਗੈਰਾ...। ਖ਼ੈਰ! ਇਹ ਸਿਆਸਤ ਵਿੱਚ ਨਵੀਂ ਗੱਲ ਨਹੀਂ ਪਰ ਜਦੋਂ ਕੋਈ ਦਲਿਤ ਲੀਡਰ ਨੂੰ ਪਾਰਟੀ 'ਚੋਂ ਕੱਢੇ ਜਾਂ ਉਸ ਦੀ ਟਿਕਟ ਕੱਟੇ ਤਾਂ ਫਿਰ ਉਹ ਦਲਿਤ ਲੀਡਰ ਆਪਣੀ ਪਾਰਟੀ ਦੇ ਖਿਲਾਫ ਬੋਲੇ ਤਾਂ ਉਸ ਵੇਲੇ ਬੜੀ ਹੈਰਾਨੀ ਹੁੰਦੀ ਹੈ ਤੇ ਸੋਚਣ 'ਤੇ ਮਜਬੂਰ ਹੋ ਜਾਂਦਾ ਹਾਂ ਕਿ ਬਾਬਾ ਸਾਹਿਬ ਦੀ ਕ੍ਰਿਪਾ ਕਰਕੇ ਦਲਿਤ ਲੀਡਰ ਐੱਮ. ਐੱਲ. ਏ., ਐੱਮ. ਪੀ. ਬਣ ਜਾਂਦੇ ਹਨ, ਕੁਰਸੀ 'ਤੇ ਬੈਠਦੇ ਹੀ ਉਹ ਬਾਬਾ ਸਾਹਿਬ ਅੰਬੇਡਕਰ ਦੀ ਸਿੱਖਿਆ ਪੇ ਬੈਕ ਟੂ ਸੁਸਾਇਟੀ ਭੁੱਲ ਕੇ ਆਪਣੇ ਅਤੇ ਆਪਣੇ ਪਰਿਵਾਰ ਦੀ ਮੌਜ-ਮਸਤੀ ਵਿੱਚ ਰੁੱਝ ਜਾਂਦੇ ਹਨ ਤੇ ਹਰ ਵੇਲੇ ਆਪਣੀ ਪਾਰਟੀ ਦੇ ਲੀਡਰ ਦੇ ਤਲਵੇ ਚੱਟਦੇ ਅਤੇ ਪਾਰਟੀ ਦੀਆਂ ਤਾਰੀਫਾਂ ਕਰਦੇ ਨਜ਼ਰ ਆਉਂਦੇ ਹਨ। ਵੈਸੇ ਤਾਂ ਮੌਜੂਦਾ ਅਤੇ ਬੀਤੇ ਕੁਝ ਹੀ ਮਹੀਨਿਆਂ ਵਿੱਚ ਕਈ ਅਜਿਹੀਆਂ ਮਿਸਾਲਾਂ ਹਨ, ਜਿਹੜੀਆਂ ਸਾਡੇ ਸਾਹਮਣੇ ਹਨ ਪਰ ਇਸ ਵਾਰ ਦੇ ਲੇਖ ਵਿੱਚ ਦੁਆਬੇ ਦੇ ਦਲਿਤ ਲੀਡਰ ਵਜੋਂ ਜਾਣੇ ਜਾਂਦੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਅਤੇ ਸਾਬਕਾ ਸੀ. ਪੀ. ਐੱਸ. ਅਵਿਨਾਸ਼ ਚੰਦਰ ਦੇ ਨਾਲ ਸੇਠ ਸੱਤਪਾਲ ਮੱਲ ਅਤੇ ਹੰਸ ਰਾਜ ਹੰਸ 'ਤੇ ਵਿਚਾਰ-ਚਰਚਾ ਕਰਦੇ ਹਾਂ। ਬੀਤੇ ਦਿਨੀਂ ਅਵਿਨਾਸ਼ ਚੰਦਰ ਅਤੇ ਸਰਵਣ ਸਿੰਘ ਫਿਲੌਰ ਦੀ ਟਿਕਟ ਕੱਟੇ ਜਾਣ 'ਤੇ ਇਨ੍ਹਾਂ ਦੋਵਾਂ ਲੀਡਰਾਂ ਨੇ ਆਪਣੇ ਅਸਤੀਫੇ ਪਾਰਟੀ ਨੂੰ ਸੌਂਪ ਦਿੱਤੇ ਅਤੇ ਅਸਤੀਫੇ ਸੌਂਪਦੇ ਸਮੇਂ ਇਹ ਕਿਹਾ ਕਿ ਅਸੀਂ ਨੈਤਿਕਤਾ ਦੇ ਅਧਾਰ 'ਤੇ ਅਸਤੀਫਾ ਦਿੰਦੇ ਹਾਂ। ਸਰਵਣ ਸਿੰਘ ਫਿਲੌਰ ਨੇ ਤਾਂ ਪਾਰਟੀ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਦੁਆਬੇ ਵਿੱਚ ਅਕਾਲੀ ਦਲ ਦੇ ਪੈਰ ਨਹੀਂ ਲੱਗਣ ਦਿਆਂਗਾ, ਅਵਿਨਾਸ਼ ਚੰਦਰ ਨੇ ਵੀ ਖ਼ਾਮੋਸ਼ ਰਹਿ ਕੇ ਦੱਬੀ ਜ਼ੁਬਾਨ 'ਚ ਬਹੁਤ ਕੁਝ ਕਹਿ ਦਿੱਤਾ ਹੈ। ਇੱਥੇ ਸਵਾਲ ਇਹ ਪੈਦਾ ਹੁੰਦਾ ਹੈ, ਜਦੋਂ ਇਹ ਦੋਵੇਂ ਅਕਾਲੀ ਦਲ ਵੱਲੋਂ ਦਿੱਤੀਆਂ ਗਈਆਂ ਸਰਕਾਰੀ ਸਹੂਲਤਾਂ ਦਾ ਆਨੰਦ ਮਾਣਦੇ ਸਨ, ਉਸ ਵੇਲੇ ਨਾ ਕਦੇ ਇਨ੍ਹਾਂ ਨੇ ਵਿਧਾਨ ਸਭਾ ਵਿੱਚ ਅਤੇ ਨਾ ਹੀ ਕਦੇ ਅਖ਼ਬਾਰਾਂ ਜਾਂ ਜਨਤਕ ਥਾਵਾਂ 'ਤੇ ਉਨ੍ਹਾਂ ਗਰੀਬਾਂ ਦੇ ਮਾੜੇ ਹਾਲਾਤਾਂ ਨੂੰ ਅਧਾਰ ਬਣਾ ਕੇ ਅਸਤੀਫਾ ਦੇਣ ਦੀ ਗੱਲ ਤਾਂ ਕੀ ਕਰਨੀ ਸੀ, ਬਲਕਿ ਹਾਅ ਦਾ ਨਾਅਰਾ ਤੱਕ ਨਹੀਂ ਮਾਰਿਆ। ਕੀ ਸਰਕਾਰ ਵਿੱਚ ਰਹਿੰਦਿਆਂ ਸਫਾਈ ਕਾਮਿਆਂ ਦੇ ਮਾੜੇ ਹਾਲਾਤਾਂ, ਚਮੜੇ ਦਾ ਕੰਮ ਕਰਨ ਵਾਲੇ ਗਰੀਬਾਂ ਦੇ ਮਾੜੇ ਹਾਲਾਤ, ਦਲਿਤ ਵਿਦਿਆਰਥੀਆਂ ਦੇ ਨਾਲ ਧੋਖਾ, ਆਏ ਦਿਨ ਦਲਿਤਾਂ 'ਤੇ ਅੱਤਿਆਚਾਰਾਂ ਦੇ ਅਣਗਿਣਤ ਕਾਂਡ ਹੋਏ, ਉਸ ਸਮੇਂ ਇਨ੍ਹਾਂ ਦੋਵਾਂ ਦੀ ਨੈਤਿਕਤਾ ਕਿੱਥੇ ਸੀ? ਕਿਉਂ ਨਹੀਂ ਇਨ੍ਹਾਂ ਦਰਦਾਂ ਨੂੰ ਇਨ੍ਹਾਂ ਨੇ ਅਧਾਰ ਬਣਾ ਕੇ ਨੈਤਿਕਤਾ ਦੇ ਨਾਂਅ 'ਤੇ ਅਸਤੀਫਾ ਦਿੱਤਾ? ਕੀ ਇੰਝ ਨਹੀਂ ਲੱਗਦਾ ਕਿ ਆਪਣੇ ਸਵਾਰਥ-ਹਿਤ ਨੂੰ ਹੀ ਇਹ ਹੱਸਣਾ ਤੇ ਰੋਣਾ ਜਾਣਦੇ ਹਨ? ਖ਼ੈਰ...! ਇਹ ਸਾਡੇ ਸਮਾਜ ਦੇ ਲੀਡਰ ਹਨ, ਇਨ੍ਹਾਂ 'ਤੇ ਵਿਚਾਰ-ਚਰਚਾ ਕਰਨਾ, ਇਨ੍ਹਾਂ ਤੋਂ ਸਵਾਲਾਂ ਦੇ ਜਵਾਬ ਮੰਗਣਾ ਸਾਡਾ ਫ਼ਰਜ਼ ਵੀ ਹੈ ਤੇ ਸਾਡਾ ਹੱਕ ਵੀ ਹੈ। ਇਸੇ ਤਰ੍ਹਾਂ ਹੁਣੇ-ਹੁਣੇ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਵਿੱਚ ਜਾ ਵੜੇ ਸੇਠ ਸੱਤਪਾਲ ਮੱਲ ਦੀ ਗੱਲ ਕਰੀਏ ਤਾਂ ਉਸ ਦੀ ਟਿਕਟ ਕੱਟੇ ਜਾਣ 'ਤੇ ਉਸ ਨੇ ਕੈਪਟਨ ਦੇ ਖਿਲਾਫ ਸ਼ਰੇਆਮ ਬਗਾਵਤ ਕਰ ਦਿੱਤੀ। ਕੀ ਇਹ ਬਗ਼ਾਵਤ ਸੇਠ ਸੱਤਪਾਲ ਮੱਲ ਨੂੰ ਪਹਿਲਾਂ ਨਹੀਂ ਸੀ ਕਰਨੀ ਚਾਹੀਦੀ, ਜਦੋਂ ਕੈਪਟਨ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਦਲਿਤਾਂ ਲਈ ਭੇਜੇ ਗਏ 5 ਹਜ਼ਾਰ ਕਰੋੜ ਰੁਪਏ ਦੇ ਫੰਡ ਦੀ ਦੁਰਵਰਤੋਂ ਕੀਤੀ ਸੀ? ਉਸ ਸਮੇਂ ਸੇਠ ਬਗ਼ਾਵਤੀ ਸੁਰ ਦਿਖਾਉਂਦਾ ਤਾਂ ਮੰਨਦੇ? ਇਸੇ ਤਰ੍ਹਾਂ ਹੰਸ ਰਾਜ ਹੰਸ ਨੇ ਆਪਣੀ ਐੱਮ. ਪੀ. ਦੀ ਟਿਕਟ ਕੱਟੇ ਜਾਣ 'ਤੇ ਅਕਾਲੀ ਦਲ ਨੂੰ ਛੱਡ ਕੇ ਸ਼ਰੇਆਮ ਬਾਦਲ ਨੂੰ ਸੜਿਆ ਸੀ. ਐੱਮ. ਆਖਿਆ ਤੇ ਕੈਪਟਨ ਦੀ ਰੱਜ ਕੇ ਤਾਰੀਫ਼ ਕੀਤੀ। ਕੁਝ ਹੀ ਦਿਨਾਂ ਬਾਅਦ ਕੈਪਟਨ ਦੀ ਮੌਜੂਦਗੀ ਵਿੱਚ ਸਟੇਜ ਤੋਂ ਮੀਡੀਆ ਸਾਹਮਣੇ ਇਸ ਕਰਕੇ ਛਾਲ ਮਾਰ ਦਿੱਤੀ ਕਿ ਉਸ ਦੀ ਰਾਜ ਸਭਾ ਦੀ ਟਿਕਟ ਕੱਟ ਕੇ ਦੂਸਰੇ ਨੂੰ ਦੇ ਦਿੱਤੀ। ਜੇਕਰ ਹੰਸ ਰਾਜ ਹੰਸ ਅਕਾਲੀ ਦਲ ਵਿੱਚ  ਅਕਾਲੀਆਂ ਦੀ ਰੈਲੀ 'ਚ ਸਟੇਜ ਤੋਂ ਇਸ ਕਰਕੇ ਛਾਲ ਮਾਰਦਾ ਕਿ ਵਾਲਮੀਕਿ ਸਮਾਜ ਦੇ 50 ਹਜ਼ਾਰ ਤੋਂ ਵੱਧ ਸਫਾਈ ਕਾਮੇ ਨਰਕ ਭਰੀ ਜ਼ਿੰਦਗੀ ਦੇ ਵੱਲ ਅਕਾਲੀ ਕੋਈ ਵਿਚਾਰ ਨਹੀਂ ਕਰ ਰਹੇ ਤਾਂ ਕਿ ਹੰਸ ਰਾਜ ਹੰਸ ਦਾ ਕੱਦ ਘਟ ਜਾਣਾ ਸੀ ਜਾਂ ਉਹ ਅਕਾਲੀਆਂ ਦੇ ਖਿਲਾਫ ਇਸ ਕਰਕੇ ਬਗ਼ਾਵਤ ਕਰਦਾ ਕਿ ਪੰਜਾਬ ਵਿੱਚ ਸਾਢੇ ਚਾਰ ਲੱਖ ਦਲਿਤ ਵਿਦਿਆਰਥੀਆਂ ਦੇ ਭਵਿੱਖ ਨਾਲ ਤੁਸੀਂ ਖਿਲਵਾੜ ਕਰ ਰਹੇ ਹੋ ਪਰ ਨਹੀਂ ਉਸ ਨੇ ਵੀ ਸਟੇਜ ਤੋਂ ਛਾਲ ਆਪਣੇ ਕਰਕੇ ਮਾਰੀ, ਬਹੁਤ ਸਾਰੀਆਂ ਅਜਿਹੀਆਂ ਉਦਾਹਰਨਾਂ ਸਾਡੇ ਸਾਹਮਣੇ ਹਨ, ਜਿਹੜੀਆਂ ਦਲਿਤ ਲੀਡਰਾਂ ਦੀਆਂ ਸਵਾਰਥ ਦੀ ਅੰਨ੍ਹੀ ਭੁੱਖ ਦੀ ਪੋਲ ਖੋਲ੍ਹਦੀਆਂ ਹਨ ਪਰ ਸਮੇਂ ਸਿਰ ਇਕੱਲੇ-ਇਕੱਲੇ ਸਵਾਰਥੀ ਲੀਡਰ ਦਾ ਚਿੱਠਾ ਖੋਲ੍ਹ ਕੇ ਪਾਠਕਾਂ ਦੇ ਨਾਲ ਸਾਂਝਾ ਕਰਦੇ ਰਹਾਂਗੇ ਪਰ ਏਨਾ ਜ਼ਰੂਰ ਹੈ ਅੱਜ ਦਾ ਦਲਿਤ ਨੌਜਵਾਨ ਆਪਣੇ ਲੀਡਰ ਦੀ ਅਤੇ ਪਾਰਟੀ ਦੀ ਮਾਨਸਿਕਤਾ ਨੂੰ ਭਲੀਭਾਂਤ ਪਹਿਚਾਣਦਾ ਹੈ, ਇਨ੍ਹਾਂ ਸਾਰੇ ਦਲਿਤ ਨੌਜਵਾਨਾਂ ਨੂੰ ਪਤਾ ਲੱਗ ਗਿਆ ਹੈ ਕਿ ਸਾਡੇ ਦਲਿਤ ਲੀਡਰ ਪਾਰਟੀਆਂ ਦੇ ਗੁਲਾਮ ਹਨ ਅਤੇ ਆਪਣੇ ਸਵਾਰਥ ਲਈ ਤਾਂ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਪਰ ਦਲਿਤਾਂ ਦੀ ਆਵਾਜ਼ ਬੁਲੰਦ ਕਰਨ ਲਈ ਸਦਾ ਇਹ ਗੂੰਗੇ ਤੇ ਬਹਿਰੇ ਤੋਤੇ ਰਹਿਣਗੇ।                                                                                                 - ਅਜੈ ਕੁਮਾਰ 

Monday 24 October 2016

ਮਹਿੰਗੀ ਪੈ ਸਕਦੀ ਹੈ ਰਾਜਨੀਤਿਕ ਪਾਰਟੀਆਂ ਨੂੰ ਵਾਲਮੀਕਿ ਸਮਾਜ ਨੂੰ ਨਾਰਾਜ਼ ਕਰਨ ਦੀ ਆਦਤ

ਭਾਵੇਂ ਭਾਰਤ ਦੇ ਸੰਵਿਧਾਨ 'ਚ ਜਾਤ-ਪਾਤ ਨੂੰ ਖ਼ਤਮ ਕਰਨ ਦੇ ਨਿਰਦੇਸ਼ ਹਨ ਅਤੇ ਇਸ ਨੂੰ ਫੈਲਾਉਣ ਵਾਲੇ ਦੇ ਖ਼ਿਲਾਫ ਸਖ਼ਤ ਕਾਨੂੰਨੀ ਕਾਰਵਾਈ ਦੀਆਂ ਧਾਰਾਵਾਂ ਹਨ ਪਰ ਇਹ ਜਗ-ਜ਼ਾਹਿਰ ਗੱਲ ਹੈ ਕਿ ਭਾਰਤ 'ਚ ਜਾਤ-ਪਾਤ ਦੇ ਨਾਂ 'ਤੇ ਹਰ ਤਰ੍ਹਾਂ ਦੇ ਤਕਰੀਬਨ ਹਰ ਥਾਂ 'ਤੇ ਵਿਤਕਰੇ ਹੁੰਦੇ ਹਨ। ਇਸ ਦੀ ਸ਼ਰੇਆਮ ਦਿਸਦੀ ਖ਼ਾਸ ਮਿਸਾਲ ਭਾਰਤ ਦੀ ਸਿਆਸਤ 'ਚ ਮਿਲਦੀ ਹੈ। ਭਾਰਤ ਦੀ ਸਿਆਸਤ 'ਚ ਜਾਤ-ਪਾਤ ਦਾ ਬੋਲਬਾਲਾ ਹੈ ਪਰ ਪੰਜਾਬ ਦੀ ਸਿਆਸਤ ਭਾਰਤ ਦੀ ਸਿਆਸਤ ਤੋਂ ਜ਼ਿਆਦਾ ਹੀ ਅਲੱਗ ਹੈ, ਕਿਉਂਕਿ ਪੰਜਾਬ 'ਚ ਦਲਿਤਾਂ ਦੀ ਅਬਾਦੀ ਪ੍ਰਤੀਸ਼ਤ ਦੇ ਹਿਸਾਬ ਨਾਲ ਭਾਰਤ 'ਚ ਸਭ ਤੋਂ ਜ਼ਿਆਦਾ ਹੈ ਅਤੇ ਦਲਿਤਾਂ ਵਿੱਚੋਂ ਅਬਾਦੀ ਦੇ ਹਿਸਾਬ ਨਾਲ ਮਜ੍ਹਬੀ ਸਿੱਖ ਅਤੇ ਵਾਲਮੀਕਿ ਭਾਈਚਾਰੇ ਦੀ ਗਿਣਤੀ ਜ਼ਿਆਦਾ ਹੈ। ਮਜ਼੍ਹਬੀ ਸਿੱਖਾਂ ਦੀ ਵਸੋਂ ਜ਼ਿਆਦਾਤਰ ਪਿੰਡਾਂ 'ਚ ਹੈ ਤੇ ਵਾਲਮੀਕਿ ਸਮਾਜ ਦੇ ਲੋਕਾਂ ਦੀ ਜ਼ਿਆਦਾਤਰ ਰਿਹਾਇਸ਼ ਸ਼ਹਿਰਾਂ ਅਤੇ ਕਸਬਿਆਂ 'ਚ ਹੈ। ਕਹਿਣ ਨੂੰ ਤਾਂ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦਲਿਤਾਂ ਦੀਆਂ ਹਮਾਇਤੀ ਹਨ ਅਤੇ ਦਲਿਤਾਂ ਨੂੰ ਮਾਣ-ਸਨਮਾਨ ਦੇਣ ਦਾ ਦਾਅਵਾ ਕਰਦੀਆਂ ਅਤੇ ਗੱਲਾਂ ਕਰਦੀਆਂ ਨਹੀਂ ਥੱਕਦੀਆਂ ਪਰ ਅਸਲ ਵਿੱਚ ਦਲਿਤਾਂ 'ਚੋਂ ਖ਼ਾਸ ਕਰਕੇ ਵਾਲਮੀਕਿ ਸਮਾਜ ਦੇ ਨਾਲ ਤਕਰੀਬਨ ਸਾਰੀਆਂ ਰਾਜਨੀਤਿਕ ਪਾਰਟੀਆਂ ਵਿਤਕਰਾ ਹੀ ਕਰਦੀਆਂ ਆਈਆਂ ਹਨ। ਇਸ ਦੀ ਮਿਸਾਲ ਤੁਸੀਂ ਪਿਛਲੀਆਂ ਸਾਰੀਆਂ ਬੀਤੀਆਂ ਚੋਣਾਂ ਅਤੇ ਹੁਣ ਦੀਆਂ ਹੋਣ ਵਾਲੀਆਂ ਚੋਣਾਂ 'ਚ ਸਾਰੀਆਂ ਪਾਰਟੀਆਂ ਵੱਲੋਂ ਟਿਕਟਾਂ ਦੀ ਵੰਡ ਪ੍ਰਣਾਲੀ ਤੋਂ ਦੇਖ ਸਕਦੇ ਹੋ। ਇੰਨੀ ਵੱਡੀ ਵਾਲਮੀਕਿ ਭਾਈਚਾਰੇ ਦੀ ਗਿਣਤੀ ਹੋਣ ਦੇ ਬਾਵਜੂਦ ਤਕਰੀਬਨ ਸਾਰੀਆਂ ਪਾਰਟੀਆਂ ਇਨ੍ਹਾਂ ਨੂੰ ਅਬਾਦੀ ਦੇ ਅਨੁਸਾਰ ਨੁਮਾਇੰਦਗੀ ਦੇਣ ਨੂੰ ਤਿਆਰ ਨਹੀਂ ਹਨ। ਪੁਰਾਣੀਆਂ ਪਾਰਟੀਆਂ ਤਾਂ ਇਨ੍ਹਾਂ ਨਾਲ ਧੋਖਾ ਕਰਦੀਆਂ ਹੀ ਆਈਆਂ ਹਨ, ਨਵੀਂ ਬਣੀ ਪਾਰਟੀ 'ਆਮ ਆਦਮੀ ਪਾਰਟੀ' ਨੇ ਵੀ ਹਾਲੇ ਤੱਕ ਦੀਆਂ ਘੋਸ਼ਿਤ ਕੀਤੀਆਂ ਟਿਕਟਾਂ 'ਚ ਇਨ੍ਹਾਂ ਦੀ ਝੋਲੀ ਖਾਲੀ ਹੀ ਰੱਖੀ ਹੈ। ਹੋਰ ਤਾਂ ਹੋਰ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਬਸਪਾ ਜਿਹੜੀ ਕਿ ਅੰਬੇਡਕਰੀ ਸੋਚ ਨੂੰ ਅੱਗੇ ਵਧਾਉਣ ਦਾ ਦਾਅਵਾ ਕਰਦੀ ਹੈ ਉਸ ਨੇ ਵੀ ਅੱਜ ਤੱਕ ਇਸ ਸਮਾਜ ਨੂੰ ਹੱਦੋਂ ਵੱਧ ਅਣਗੌਲਿਆ ਕੀਤਾ ਹੈ, ਜਿਸ ਦਾ ਖਮਿਆਜ਼ਾ ਉਹ ਹਰ ਵਾਰ ਦੀਆਂ ਚੋਣਾਂ ਚ ਭੁਗਤਦੀ ਵੀ ਹੈ ਪਰ ਇਸ ਮਾਮਲੇ 'ਚ ਆਪਣੇ ਵਿੱਚ ਸੁਧਾਰ ਲਿਆਉਣ ਤੋਂ ਉਹ ਵੀ ਗੁਰੇਜ਼ ਹੀ ਕਰਦੀ ਹੈ। ਜ਼ਿਕਰਯੋਗ ਹੈ ਕਿ ਅੱਜ ਦਾ ਵਾਲਮੀਕਿ ਸਮਾਜ ਦਾ ਆਗੂ ਪਹਿਲਾਂ ਤੋਂ ਕਈ ਗੁਣਾ ਬਿਹਤਰ ਹੈ। ਇੰਝ ਨਹੀਂ ਹੈ ਕਿ ਪਹਿਲੀ ਲੀਡਰਸ਼ਿਪ ਗਲਤ ਸੀ। ਪਹਿਲੀ ਲੀਡਰਸ਼ਿਪ ਅਨਪੜ੍ਹ ਅਤੇ ਭੋਲੀ-ਭਾਲੀ ਹੋਣ ਦੇ ਨਾਲ-ਨਾਲ ਗਾਂਧੀਵਾਦੀ ਸੀ। ਹੁਣ ਦੀ ਲੀਡਰਸ਼ਿਪ ਅੰਬੇਕਰਵਾਦੀ, ਜਾਣਕਾਰ, ਗਿਆਨਵਾਨ ਅਤੇ ਜਾਗਰੂਕ ਹੈ ਜਿਹੜੀ ਬਾਖੂਬੀ ਆਪਣਾ ਹੱਕ ਲੈਣ ਲਈ ਗਾਹੇ-ਬਗਾਹੇ ਅੰਦੋਲਨ ਛੇੜਦੀ ਰਹਿੰਦੀ ਹੈ। ਇਸ ਵਜ੍ਹਾ ਕਰਕੇ ਇਸ ਵਾਰ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਵਾਲਮੀਕਿ ਸਮਾਜ ਦੀ ਨੁਮਾਇੰਦਗੀ ਬਾਰੇ ਵਿਚਾਰ ਕਰਨਾ ਪਵੇਗਾ, ਨਹੀਂ ਤਾਂ ਇਨ੍ਹਾਂ ਦੇ ਗੁੱਸੇ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਇੱਥੇ ਇਕ ਖਾਸ ਗੱਲ ਇਹ ਹੈ ਕਿ ਵਾਲਮੀਕਿ ਸਮਾਜ ਸ਼ੁਰੂ ਤੋਂ ਹੀ ਕਾਂਗਰਸ ਦੇ ਹੱਕ 'ਚ ਭੁਗਤਦਾ ਆਇਆ ਹੈ ਅਤੇ ਇਸ ਨੂੰ ਕਾਂਗਰਸ ਦੀ ਰੀੜ੍ਹ ਦੀ ਹੱਡੀ ਵੀ ਕਿਹਾ ਜਾਂਦਾ ਸੀ ਪਰ ਪਿਛਲੇ 10 ਸਾਲ ਤੋਂ ਪੰਜਾਬ 'ਚ ਇਨ੍ਹਾਂ ਨੇ ਕਾਂਗਰਸ ਤੋਂ ਮੂੰਹ ਮੋੜ ਕੇ ਕਾਂਗਰਸ ਨੂੰ ਅਕਲ ਸਿਖਾਉਣ ਵਜੋਂ ਵੋਟਾਂ ਕਾਂਗਰਸ ਦੇ ਵਿਰੋਧ 'ਚ ਪਾਈਆਂ, ਜਿਸ ਕਾਰਨ ਪਿਛਲੇ 10 ਸਾਲਾਂ ਤੋਂ ਕਾਂਗਰਸ ਸੱਤਾ ਤੋਂ ਬਾਹਰ ਬੈਠੀ ਮਛਲੀ ਵਾਂਗ ਤੜਫ ਰਹੀ ਹੈ ਪਰ ਕਾਂਗਰਸ ਪਾਰਟੀ ਵਾਲਮੀਕਿ ਸਮਾਜ ਦੇ ਨਾਲ ਇਨਸਾਫ ਕਰਨ ਲਈ ਹੋਰ ਕਿੰਨੀ ਕੁ ਦੇਰ ਲਗਾਏਗੀ, ਇਸ ਬਾਰੇ ਕੁਝ ਨਹੀਂ ਕਹਿ ਸਕਦੇ? 
ਅਕਲ ਸਿੱਖਣ 'ਚ ਇਹ ਉਨ੍ਹਾਂ 'ਤੇ ਨਿਰਭਰ ਕਰਦਾ ਹੈ ਪਰ ਇੰਨੀ ਗੱਲ ਜ਼ਰੂਰ ਹੈ ਕਿ ਇਸ ਵਾਰ ਵਾਲਮੀਕਿ ਸਮਾਜ ਖਾਸਕਰ ਨੌਜਵਾਨ ਉਨ੍ਹ੍ਵਾਂ ਰਾਜਨੀਤਿਕ ਪਾਰਟੀਆਂ ਨੂੰ ਮੂੰਹ ਨਹੀਂ ਲਾਵੇਗਾ, ਜਿਹੜੀਆਂ ਪਾਰਟੀਆਂ ਉਨ੍ਹਾਂ ਨੂੰ ਬਣਦਾ ਮਾਨ-ਸਨਮਾਨ ਨਹੀਂ ਦੇਣਗੀਆਂ ਅਤੇ ਅਜਿਹੀਆਂ ਪਾਰਟੀਆਂ ਦੇ ਵਿਰੁੱਧ ਅੰਦੋਲਨ ਵੀ ਚਲਾਉਣਗੇ ਤਾਂ ਜੋ ਇਨ੍ਹਾਂ ਪਾਰਟੀਆਂ ਦੀ ਅਕਲ ਟਿਕਾਣੇ ਸਿਰ ਰਹੇ। - ਅਜੇ ਕੁਮਾਰ

Monday 17 October 2016

ਸਫ਼ਾਈ ਉੱਤੇ ਗੰਦਗੀ ਦੀ ਜਿੱਤ

ਮੈਂ ਇਤਿਹਾਸ ਦਾ ਵਿਦਿਆਰਥੀ ਨਹੀਂ ਹਾਂ ਨਾ ਹੀ ਮੈਂ ਬਹੁਤਾ ਜ਼ਿਆਦਾ ਧਾਰਮਿਕਤਾ ਦਾ ਜਾਣਕਾਰ ਹਾਂ। ਮੈਂ ਸਿੱਧਾ ਸਧਾਰਣ ਜਿਹਾ ਬੰਦਾ ਹਾਂ,  ਇਨਸਾਨੀ ਧਰਮ ਨੂੰ ਹੀ ਸ੍ਰੇਸ਼ਠ ਧਰਮ ਮੰਨਦਾ ਹਾਂ। ਮਾਨਵਤਾ ਦੇ ਕਾਨੂੰਨਾਂ ਨੂੰ ਹੀ ਸਭ ਤੋਂ ਉੱਤਮ ਸਮਝਦਾ ਹਾਂ। ਸਾਡੇ ਦੇਸ਼ ਵਿੱਚ ਦੁਸਹਿਰੇ ਤੋਂ ਲੈ ਕੇ ਹੋਲੀ ਤੱਕ ਤਿਉਹਾਰਾਂ ਦਾ ਸੀਜ਼ਨ ਪੁਰਜ਼ੋਰ ਚੱਲਦਾ ਹੈ। ਦੁਸਹਿਰੇ ਵਾਲੇ ਦਿਨ ਰਾਵਣ, ਕੁੰਭਕਰਣ, ਮੇਘਨਾਥ ਦੇ ਪੁਤਲੇ ਫੂਕਣ ਤੋਂ ਸ਼ੁਰੂ ਹੋਇਆ ਕੰਮ ਦੀਵਾਲੀ 'ਤੇ ਖਰਬਾਂ ਰੁਪਏ ਦੇ ਪਟਾਕੇ ਫੂਕ ਕੇ ਖਤਮ ਹੁੰਦਾ ਹੈ। ਜਿਹੜੇ ਲੋਕ ਰਾਜਾ ਰਾਮ ਨੂੰ ਆਪਣਾ ਭਗਵਾਨ ਮੰਨਦੇ ਹਨ, ਉਹ ਦੁਸਹਿਰੇ ਵਾਲੇ ਦਿਨ ਰਾਵਣ, ਕੁੰਭਕਰਣ, ਮੇਘਨਾਥ ਦੇ ਵੱਡੇ-ਵੱਡੇ ਪੁਤਲੇ ਬਣਾ ਕੇ, ਉਨ੍ਹਾਂ ਨੂੰ ਅੱਗ ਲਗਾ ਕੇ ਇਸ ਨੂੰ ਵਿਜੈ ਦਸ਼ਮੀ ਦਾ ਨਾਮ ਦੇ ਕੇ ਆਨੰਦ ਮਾਣਦੇ ਹਨ। ਜਿਹੜੇ ਲੋਕ ਮਹਾਤਮਾ ਰਾਵਣ ਨੂੰ ਮੰਨਦੇ ਹਨ ਉਹ ਰਾਮ ਦੇ ਚੇਲਿਆਂ ਦੀ ਨਿਖੇਧੀ ਕਰਦੇ ਹਨ। ਭਗਵਾਨ ਵਾਲਮੀਕਿ ਮਹਾਰਾਜ ਜੀ ਨੇ ਰਾਮਾਇਣ ਲਿਖ ਕੇ ਇਹ ਦੋਨੋਂ ਕਿਰਦਾਰ ਅਮਰ ਕਰ ਦਿੱਤੇ। ਭਗਵਾਨ ਵਾਲਮੀਕਿ ਜੀ ਨੇ ਰਾਮਾਇਣ 'ਚ ਰਾਮ ਨੂੰ ਰਾਜਾ ਅਤੇ ਰਾਵਣ ਨੂੰ ਮਹਾਤਮਾ ਲਿਖਿਆ। ਮੈਂ ਭਗਵਾਨ ਵਾਲਮੀਕਿ ਨੂੰ ਬੇਸਹਾਰੇ, ਲਤਾੜਿਆਂ ਦੇ ਰਹਿਬਰ ਵਜੋਂ ਜਾਣਦਾ ਹਾਂ ਤੇ ਮੰਨਦਾ ਹਾਂ। ਉਨ੍ਹਾਂ ਦਾ ਗਿਆਨ, ਉਨ੍ਹਾਂ ਦਾ ਸੰਘਰਸ਼ਮਈ ਜੀਵਨ ਮੈਨੂੰ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਦੇ ਹੱਥ 'ਚ ਫੜੀ ਕਲਮ ਮੈਨੂੰ ਸਦਾ ਹੀ ਪ੍ਰੇਰਣਾ ਦਿੰਦੀ ਹੈ। ਜਿੱਥੇ ਉਨ੍ਹਾਂ ਨੇ ਮਨੁੱਖ ਨੂੰ ਸੁਖੀ ਅਤੇ ਅਣਖੀ ਯੋਧਿਆਂ ਵਾਂਗੂੰ ਜਿਊਣ ਲਈ ਕਈ ਗ੍ਰੰਥ ਮਾਨਵਤਾ ਦੀ ਝੋਲੀ ਪਾਏ, ਉੱਥੇ ਉਨ੍ਹਾਂ ਨੇ ਰਾਮਾਇਣ ਦੀ ਰਚਨਾ ਕਰਕੇ ਰਾਮ ਅਤੇ ਰਾਵਣ ਦੇ ਜੀਵਨ ਨੂੰ ਆਮ ਲੋਕਾਂ ਦੇ ਸਾਹਮਣੇ ਰੂ-ਬ-ਰੂ ਪੇਸ਼ ਕੀਤਾ। ਇਸ ਗੱਲ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ ਕਿ ਰਾਮਾਇਣ ਦੇ ਰਚਾਇਤਾ ਭਗਵਾਨ ਵਾਲਮੀਕਿ ਹਨ। ਰਾਮ ਅਤੇ ਰਾਵਣ ਰਾਮਾਇਣ ਦੇ ਦੋ ਕਿਰਦਾਰ ਹਨ, ਜਿਨ੍ਹਾਂ ਨੂੰ ਮੰਨਣਾ ਜਾਂ ਨਾ ਮੰਨਣਾ ਹਰ ਇਕ ਵਿਅਕਤੀ ਦਾ ਨਿੱਜੀ ਮਾਮਲਾ ਹੈ। ਇਤਿਹਾਸ ਦੀਆਂ ਗੱਲਾਂ, ਸਾਹਿਤ ਦੀਆਂ ਗੱਲਾਂ ਫੇਰ ਕਦੇ ਮੌਕਾ ਮਿਲਣ 'ਤੇ ਵਿਸਥਾਰਪੂਰਵਕ ਕਰਾਂਗੇ। ਅੱਜ ਜ਼ਿਕਰ ਕਰਦੇ ਹਾਂ ਦੁਸਹਿਰੇ ਤੇ ਦੀਵਾਲੀ ਨੂੰ ਮਨਾਉਣ ਦੇ ਢੰਗ 'ਤੇ। ਮੇਰੇ ਲਈ ਨਾ ਰਾਵਣ ਆਦਰਸ਼ ਹੈ ਨਾ ਰਾਮ। ਜੋ ਵਿਅਕਤੀ ਔਰਤ ਦੀ ਇੱਜ਼ਤ ਕਰਨਾ ਨਹੀਂ ਜਾਣਦਾ, ਉਸ ਨੂੰ ਮੈਂ ਕਦੇ ਆਦਰਸ਼ ਨਹੀਂ ਮੰਨ ਸਕਦਾ। ਸਵਾਲ ਹਜ਼ਾਰਾਂ ਸਾਲਾਂ ਤੋਂ ਉੱਠਦਾ ਆ ਰਿਹਾ ਹੈ ਰਾਜਾ ਰਾਮ ਦੇ ਜੀਵਨ ਕਾਲ ਵਿੱਚ ਵੀ ਉੱਠਿਆ ਕਿ ਲੋਕਾਂ ਦੇ ਤਾਹਨੇ-ਮੇਹਣੇ ਸੁਣ ਕੇ ਆਪਣੀ ਧਰਮ ਪਤਨੀ ਨੂੰ ਘਰੋਂ ਕੱਢਣਾ ਉਚਿਤ ਸੀ? ਤੇ ਰਾਵਣ ਵੀ ਮੇਰੇ ਆਦਰਸ਼ ਨਹੀਂ ਹਨ ਜਿਸ ਨੇ ਆਪਣੀ ਭੈਣ ਦੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਦੂਸਰੇ ਦੀ ਬੇਕਸੂਰ ਪਤਨੀ ਨੂੰ ਹਰਣ ਕਰਕੇ ਉਸ ਨੂੰ ਆਪਣੇ ਮਹਿਲ 'ਚ ਬੰਧਕ ਬਣਾਇਆ। ਕਿਉਂਕਿ ਅਸੀਂ ਇਹ ਕਿਵੇਂ ਭੁੱਲ ਸਕਦੇ ਹਾਂ ਕਿ ਭਗਵਾਨ ਵਾਲਮੀਕਿ ਜੀ ਨੇ ਜਨਨੀ ਅਤੇ ਜਨਮ ਭੂਮੀ ਨੂੰ ਸਵਰਗ ਤੋਂ ਸੁੰਦਰ ਕਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਵੀ ਆਪਣੀ ਬਾਣੀ ਵਿੱਚ ਕਿਹਾ ਹੈ 'ਸੋ ਕਿਉ ਮੰਦਾ ਆਖੀਐ ਜਿਤੁ ਜੰਮੇ ਰਾਜਾਨੁ'। ਹੁਣ ਗੱਲ ਕਰਦੇ ਹਾਂ ਦੁਸਹਿਰਾ-ਦੀਵਾਲੀ ਮਨਾਉਣ ਵਾਲਿਆਂ ਦੀ, ਜਿਹੜੇ ਦੁਸਹਿਰਾ ਇਸ ਲਈ ਮਨਾਉਂਦੇ ਹਨ ਕਿ ਰਾਵਣ ਨੇ ਪਾਪ ਕੀਤਾ ਸੀ ਤੇ ਰਾਮ ਨੇ ਉਸ ਨੂੰ ਸਜ਼ਾ ਦਿੱਤੀ ਸੀ ਤੇ ਦੀਵਾਲੀ ਇਸ ਕਰਕੇ ਮਨਾਉਂਦੇ ਹਨ ਕਿ ਇਸ ਦਿਨ ਰਾਮ ਅਯੁੱਧਿਆ ਵਾਪਸ ਆਏ ਸਨ। ਇਹ ਦੋਨੋਂ ਦਿਨ ਰਾਮ ਦੇ ਭਗਤ ਜਿੱਥੇ ਹੋਰ ਧਾਰਮਿਕ ਰੀਤੀ-ਰਿਵਾਜ਼ ਕਰਦੇ ਹਨ, ਉੱਥੇ ਖਰਬਾਂ ਰੁਪਏ ਦੇ ਪਟਾਕੇ ਫੂਕ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹਨ। ਜਦੋਂ ਦਾ ਮੈਂ ਦੇਖ ਰਿਹਾ ਹਾਂ ਇਹੀ ਅਨੁਭਵ ਕਰ ਰਿਹਾ ਹਾਂ ਕਿ ਤਿਉਹਾਰਾਂ ਦਾ ਕੰਮ ਵਾਤਾਵਰਣ 'ਚ ਪ੍ਰਦੂਸ਼ਣ ਫੈਲਾਉਣ ਤੋਂ ਇਲਾਵਾ ਕੋਈ ਦੂਸਰਾ ਨਹੀਂ। ਇਹ ਦਿਨ ਬਦੀ 'ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਵਜੋਂ ਮਨਾਏ ਜਾਂਦੇ ਹਨ। ਕਹਿਣ ਦਾ ਭਾਵ ਬੁਰਾਈ 'ਤੇ ਅੱਛਾਈ ਦੀ ਜਿੱਤ। ਪਰ ਮੇਰਾ ਸੁਆਲ ਇਹ ਹੈ ਜਦੋਂ ਅੱਜ ਪੂਰਾ ਵਿਸ਼ਵ ਪ੍ਰਦੂਸ਼ਣ ਤੋਂ ਪੀੜ੍ਹਤ ਹੈ, ਵਾਤਾਵਰਣ ਦੀ ਸਾਂਭ-ਸੰਭਾਲ ਲਈ ਖਰਬਾਂ ਰੁਪਏ ਖਰਚ ਕੀਤੇ ਜਾ ਰਹੇ ਹਨ, ਬੁੱਧੀਮਾਨ ਲੋਕ ਨਿੱਤ ਵਾਤਾਵਰਣ ਦੀ ਰੱਖਿਆ ਲਈ ਲੋਕਾਂ ਨੂੰ ਜਾਗਰੂਕ ਕਰਦੇ ਹਨ। ਭਾਰਤ ਪੂਰੀ ਤਰ੍ਹਾਂ ਪ੍ਰਦੂਸ਼ਣ ਦੀ ਚਪੇਟ 'ਚ ਹੈ। ਨਿੱਤ ਨਵੀਆਂ ਬੀਮਾਰੀਆਂ ਪ੍ਰਦੂਸ਼ਣ ਦੀ ਵਜ੍ਹਾ ਨਾਲ ਫੈਲਦੀਆਂ ਹਨ ਤੇ ਦੂਜੇ ਪਾਸੇ ਦੁਸਹਿਰੇ ਤੇ ਦੀਵਾਲੀ ਵਿੱਚ ਖਰਬਾਂ ਰੁਪਏ ਦੇ ਪਟਾਕੇ ਫੂਕ ਕੇ ਵਾਤਾਵਰਣ ਦੇ ਪ੍ਰਦੂਸ਼ਣ ਨੂੰ ਵਧਾਇਆ ਜਾਂਦਾ ਹੈ। ਬੜਾ ਅਜੀਬ ਲੱਗਦਾ ਹੈ ਇਕ ਪਾਸੇ ਤਾਂ ਪ੍ਰਧਾਨ ਮੰਤਰੀ ਤੇ ਉਸ ਦੇ ਚੇਲੇ-ਚਾਪਟੇ ਸਵੱਛ ਭਾਰਤ ਦੇ ਨਾਂ 'ਤੇ ਝਾੜੂ ਫੜ ਕੇ ਆਪਣੀਆਂ ਫੋਟੋਆਂ ਖਿਚਵਾਉਂਦੇ ਨਹੀਂ ਥੱਕਦੇ ਤੇ ਦੂਸਰੇ ਪਾਸੇ ਦੁਸਹਿਰੇ-ਦੀਵਾਲੀ ਮੌਕੇ ਤੀਰ-ਕਮਾਨ ਹੱਥ 'ਚ ਫੜ ਹੱਦੋਂ ਵੱਧ ਗੰਦਗੀ ਫੈਲਾਉਣ ਦਾ ਸੁਨੇਹਾ ਲੋਕਾਂ ਨੂੰ ਦੇ ਰਹੇ ਹਨ। ਇਕ ਪਾਸੇ ਪੁਤਲਿਆਂ ਨੂੰ ਸਾੜ ਕੇ ਪਟਾਕਿਆਂ ਨੂੰ ਫੂਕ ਕੇ ਗੰਦਗੀ ਫੈਲਾਉਣ ਦਾ ਅਪਰਾਧ ਕੀਤਾ ਜਾਂਦਾ ਹੈ, ਦੂਜੇ ਪਾਸੇ ਦੱਸਿਆ ਜਾਂਦਾ ਹੈ ਕਿ ਬੁਰਾਈ 'ਤੇ ਅੱਛਾਈ ਦੀ ਜਿੱਤ ਹੋ ਗਈ। ਹੁਣ ਸੁਆਲ ਇਹ ਵੀ ਪੈਦਾ ਹੁੰਦਾ ਹੈ ਜਿਹੜੇ ਲੋਕ ਪੁਤਲਾ ਫੂਕ ਆਪਣੀ ਪ੍ਰਧਾਨਗੀ ਚਮਕਾਉਂਦੇ ਹਨ, ਉਹ ਕਿੰਨੇ ਕੁ ਚਰਿੱਤਰਵਾਨ ਹੁੰਦੇ ਹਨ। ਮੇਰਾ ਤਾਂ ਵਿਚਾਰ ਹੈ ਕਿ ਇਕ ਪਾਸੇ ਇਹ ਪ੍ਰਦੂਸ਼ਣ ਫੈਲਾਉਣ ਦੇ ਤਿਉਹਾਰ ਬਣੇ ਹਨ, ਦੂਸਰੇ ਪਾਸੇ ਇਨ੍ਹਾਂ ਦਿਨਾਂ 'ਚ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਆਪਣੇ ਸਿਖਰ 'ਤੇ ਹੁੰਦਾ ਹੈ। ਕੋਈ ਖੁੱਲ੍ਹ ਕੇ ਤਾਂ ਨਹੀਂ ਕਹਿੰਦਾ ਪਰ ਦੀਵਾਲੀ ਸਹੀ ਅਰਥਾਂ 'ਚ ਸਾਡੇ ਦੇਸ਼ ਵਿੱਚ ਅੱਜ-ਕੱਲ੍ਹ ਰਿਸ਼ਵਤ ਡੇ ਦਾ ਰੂਪ ਧਾਰਨ ਕਰ ਚੁੱਕੀ ਹੈ। ਕੁੱਲ ਮਿਲਾ ਕੇ ਇਹ ਦਿਨ ਸਫ਼ਾਈ 'ਤੇ ਗੰਦਗੀ ਦੀ ਜਿੱਤ ਦੇ ਦਿਨ ਬਣ ਕੇ ਰਹਿ ਗਏ ਹਨ। ਈਮਾਨਦਾਰੀ 'ਤੇ ਭ੍ਰਿਸ਼ਟਾਚਾਰ ਦੀ ਜਿੱਤ ਬਣ ਕੇ ਰਹਿ ਗਏ ਹਨ। ਜ਼ਰੂਰੀ ਹੈ ਇਨ੍ਹਾਂ ਦਿਨਾਂ 'ਚ ਭ੍ਰਿਸ਼ਟਾਚਾਰੀ ਅਫ਼ਸਰਾਂ ਅਤੇ ਭ੍ਰਿਸ਼ਟਾਚਾਰੀ ਵਪਾਰੀਆਂ 'ਤੇ ਸਰਜੀਕਲ ਸਟਰਾਈਕ ਵਾਂਗ ਆਪ੍ਰੇਸ਼ਨ ਕਰਕੇ ਇਨ੍ਹਾਂ ਨੂੰ ਸਲਾਖਾਂ ਪਿੱਛੇ ਸੁੱਿਟਆ ਜਾਵੇ। ਇਸ ਦਿਨ ਧੀਆਂ-ਭੈਣਾਂ ਦੀ ਰੱਖਿਆ ਦੇ ਠੋਸ ਉਪਰਾਲੇ ਵਿਵਹਾਰਕ ਰੂਪ 'ਚ ਕਰਨ ਲਈ ਵਚਨਬੱਧ ਹੋਇਆ ਜਾਵੇ ਤਾਂ ਹੀ ਅਸੀਂ ਇਸ ਨੂੰ ਬੁਰਾਈ 'ਤੇ ਅੱਛਾਈ ਦੀ ਜਿੱਤ ਕਹਿ ਸਕਦੇ ਹਾਂ, ਨਹੀਂ ਤਾਂ ਸਫ਼ਾਈ 'ਤੇ ਗੰਦਗੀ ਦੀ ਜਿੱਤ ਤਾਂ ਸੈਂਕੜੇ ਸਾਲਾਂ ਤੋਂ ਸਾਡੇ ਦੇਸ਼ ਵਿੱਚ ਹੋ ਹੀ ਰਹੀ ਹੈ। 
- ਅਜੇ ਕੁਮਾਰ

Monday 10 October 2016

ਸਰਜੀਕਲ ਸਟਰਾਈਕ ਹੋਰ ਵੀ...

ਅੱਜ-ਕੱਲ੍ ਸਰਜੀਕਲ ਸਟਰਾਈਕ ਬਹੁਤ ਚਰਚਾ ਵਿੱਚ ਹੈ। ਹਰ ਦੂਜਾ ਭਾਰਤੀ ਜਿਸ ਨੂੰ ਸੈਨਾ ਦੇ ਕੰਮਕਾਜ ਦਾ -ਅ ਵੀ ਨਹੀਂ ਪਤਾ ਉਹ ਸਰਜੀਕਲ ਸਟਰਾਈਕ ਦਾ ਮਾਸਟਰ ਬਣਿਆ ਫਿਰਦਾ ਹੈ। ਮੀਡੀਆ, ਲੀਡਰਾਂ ਤੇ ਆਮ ਲੋਕਾਂ ਵਿੱਚ ਕੁਝ ਉਸ ਤਰੀਕੇ ਨਾਲ ਕਮੈਂਟਰੀਆਂ ਚੱਲ ਰਹੀਆਂ ਹਨ, ਜਿਸ ਤਰ੍ਹਾਂ ਕ੍ਰਿਕੇਟ ਮੈਚ ਦੇਖਣ ਵਾਲੇ ਸਾਡੇ ਲੋਕ ਅਵਾ-ਤਵਾ, ਬੇ ਸਿਰ-ਪੈਰ ਦੀਆਂ ਕਹਾਣੀਆਂ ਬਣਾਉਂਦੇ ਹਨ।  ਆਏ ਦਿਨ ਅੱਤਵਾਦੀਆਂ ਵੱਲੋਂ ਪਾਕਿਸਤਾਨੀ ਫ਼ੌਜ ਦੀ ਸ਼ਹਿ ਅਤੇ ਸਰਪ੍ਰਸਤੀ ਹੇਠ ਭਾਰਤ ਦੇ ਸੈਨਿਕਾਂ ਅਤੇ ਬੇਕਸੂਰ ਲੋਕਾਂ 'ਤੇ ਸਰਹੱਦੀ ਇਲਾਕੇ ਦੇ ਨਾਲ-ਨਾਲ ਦੇਸ਼ 'ਚ ਹੋਰ ਵੀ ਕਈ ਥਾਵਾਂ 'ਤੇ ਆਤਮਘਾਤੀ ਹਮਲੇ ਹੁੰਦੇ ਰਹਿੰਦੇ ਹਨ, ਜਿਨ੍ਹਾਂ ਵਿੱਚ ਦੇਸ਼ ਵਾਸੀਆਂ ਨੂੰ ਭਾਰੀ ਜਾਨੀ-ਮਾਲੀ ਨੁਕਸਾਨ ਹੁੰਦਾ ਹੈ। ਵੈਸੇ ਤਾਂ ਅਜ਼ਾਦੀ ਤੋਂ ਬਾਅਦ ਅਨੇਕਾਂ ਹਮਲੇ ਅੱਤਵਾਦੀਆਂ ਨੇ ਅਤੇ ਪਾਕਿਸਤਾਨੀ ਸੈਨਿਕਾਂ ਨੇ ਭਾਰਤ 'ਤੇ ਕੀਤੇ ਹਨ ਪਰ ਬੀਤੇ ਦਿਨੀਂ ਉੜੀ ਵਿੱਚ ਅੱਤਵਾਦੀਆਂ ਵੱਲੋਂ ਘਾਤ ਲਗਾ ਕੇ ਭਾਰਤ ਦੇ 18 ਸੈਨਿਕ ਸ਼ਹੀਦ ਕੀਤੇ ਗਏ। ਜਿਹੜਾ ਕਿ ਬਹੁਤ ਨਿੰਦਣਯੋਗ ਅਤੇ ਨਾ-ਸਹਿਣ ਯੋਗ ਵਾਕਿਆ ਸੀ। ਇਸ ਕਾਰਣ ਹਰ ਭਾਰਤੀ ਦਾ ਦਿਲ ਗੁੱਸੇ ਨਾਲ ਉਬਲ ਰਿਹਾ ਸੀ, ਇਸ ਹਰਕਤ ਦਾ ਬਦਲਾ ਭਾਰਤੀ ਫ਼ੌਜ ਨੇ ਇਕ ਗੁਪਤ ਯੋਜਨਾ ਬਣਾ ਕੇ ਲਿਆ। ਪਾਕਿਸਤਾਨ  ਦੀ ਸ਼ਹਿ 'ਤੇ ਭੁੜਕਣ ਵਾਲੇ ਅੱਤਵਾਦੀਆਂ ਨੂੰ ਅਕਲ ਸਿਖਾਉਣ ਲਈ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਗਿਆ। ਭਾਰਤੀ ਫੌਜ ਨੇ 5 ਅੱਤਵਾਦੀ ਕੈਂਪਾਂ ਦਾ ਸਫਾਇਆ ਕਰਕੇ ਲੱਗਭਗ 4 ਦਰਜਨ ਅੱਤਵਾਦੀਆਂ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ। ਫ਼ੌਜ ਦਾ ਇਹ ਕੰਮ ਬਹੁਤ ਸਾਹਸਪੂਰਣ ਅਤੇ ਸ਼ਲਾਘਾਯੋਗ ਸੀ। ਫੌਜ ਨੇ ਇਸ ਕੰਮ ਨਾਲ ਅੱਤਵਾਦ ਦੀ ਚਪੇਟ ਵਿੱਚ ਆਏ ਸੈਨਿਕਾਂ ਅਤੇ ਨਿਰਦੋਸ਼ ਨਿਹੱਥੇ ਲੋਕਾਂ ਦੇ ਪਰਿਵਾਰਾਂ ਦੇ ਜ਼ਖ਼ਮਾਂ 'ਤੇ ਮਲ੍ਹਮ ਲਗਾਉਣ ਦਾ ਕੰਮ ਕੀਤਾ। ਇਸ ਨੂੰ ਭਾਰਤੀ ਫ਼ੌਜ, ਟੈਲੀਵਿਜ਼ਨ, ਮੀਡੀਆ ਅਤੇ ਹੋਰ ਬੁੱਧੀਜੀਵੀਆਂ ਨੇ ਸਰਜੀਕਲ ਸਟਰਾਈਕ ਦਾ ਨਾਮ ਦਿੱਤਾ, ਜਿਸ ਦੀ ਵਾਹ-ਵਾਹ ਦੇਸ਼ 'ਚ ਰਹਿ ਰਹੇ ਹਰ ਭਾਰਤੀ ਨੇ ਕੀਤੀ । ਨਾ ਕੇਵਲ ਭਾਰਤੀ ਬਲਕਿ ਅੰਤਰਰਾਸ਼ਟਰੀ ਪੱਧਰ 'ਤੇ ਵੀ ਕਈ ਦੇਸ਼ਾਂ ਨੇ ਇਸ ਦਾ ਸਮਰਥਨ ਕੀਤਾ। ਇਹ ਬਿਲਕੁਲ ਸਹੀ ਕਦਮ ਸੀ ਪਰ ਬੜੇ ਸ਼ਰਮ ਦੀ ਗੱਲ ਹੈ ਕਿ ਭਾਰਤੀ ਲੀਡਰ ਸ਼ਹੀਦਾਂ ਦੀ ਕੁਰਬਾਨੀ 'ਤੇ ਵੀ ਰਾਜਨੀਤੀ ਕਰ ਰਹੇ ਹਨ। ਇਕ ਪਾਸੇ ਭਾਰਤੀ ਜਨਤਾ ਪਾਰਟੀ ਇਸ ਤਰ੍ਹਾਂ ਆਪਣੀ ਪਿੱਠ ਥਪਥਪਾ ਰਹੀ ਹੈ ਜਿਵੇਂ ਖੁਦ ਖਾਕੀ ਨਿੱਕਰਾਂ ਪਾ ਕੇ ਸਰਜੀਕਲ ਸਟਰਾਈਕ ਕਰਕੇ ਆਏ ਹੋਣ ਤੇ ਦੂਸਰੇ ਪਾਸੇ ਕਾਂਗਰਸੀਆਂ ਦੀ ਚਪੜ-ਚਪੜ ਵੀ ਨਾ-ਸਹਿਣ ਯੋਗ ਹੈ। ਕੁਲ ਮਿਲਾ ਕੇ ਇਹ ਮੌਕਾ ਭਾਰਤੀ ਸੈਨਾ 'ਤੇ ਮਾਣ ਕਰਨ ਦਾ ਹੈ ਨਾ ਕਿ ਘਟੀਆ ਰਾਜਨੀਤੀ ਕਰਨ ਦਾ।
ਮੈਂ  ਜਿੱਥੇ ਭਾਰਤ ਦੀ ਸੈਨਾ ਨੂੰ ਸਲਾਮ ਕਰਦੇ ਹੋਏ ਦਿਲੋਂ ਸਨਮਾਨ ਅਤੇ ਸਹਿਯੋਗ ਦੇਣ ਦਾ ਵਾਅਦਾ ਕਰਦਾ ਹਾਂ, ਉੱਥੇ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕਰਦਾ ਹਾਂ ਕਿ ਬਹੁਤ ਸਾਰੇ ਸਰਜੀਕਲ ਸਟਰਾਈਕ ਪਹਿਲ ਦੇ ਅਧਾਰ 'ਤੇ ਦੇਸ਼ ਵਿੱਚ ਹੋਣੇ ਚਾਹੀਦੇ ਹਨ, ਜਿਨ੍ਹਾਂ ਦੀ ਅਤਿ ਜ਼ਰੂਰਤ ਹੈ। ਉਦਾਹਰਣ ਦੇ ਤੌਰ 'ਤੇ ਜਾਤ-ਪਾਤ ਦੀ ਬੀਮਾਰੀ ਕਰਕੇ ਹਜ਼ਾਰਾਂ ਸਾਲ ਦੀ ਗੁਲਾਮੀ ਭਾਰਤ ਨੂੰ ਭੁਗਤਣੀ ਪਈ ਪਰ ਹਾਲੇ ਵੀ ਜਾਤ-ਪਾਤ ਨੂੰ ਖਤਮ ਕਰਨ ਲਈ ਕੋਈ ਠੋਸ ਉਪਰਾਲੇ ਨਹੀਂ ਕੀਤੇ ਗਏ। ਕੀ ਸਰਕਾਰ ਨੂੰ ਉਨ੍ਹਾਂ ਸਾਰੀਆਂ ਧਾਰਮਿਕ ਕਮੇਟੀਆਂ ਦੇ ਅਹੁਦੇਦਾਰਾਂ 'ਤੇ ਸਰਜੀਕਲ ਆਪ੍ਰੇਸ਼ਨ ਕਰਨ ਦੀ ਲੋੜ ਨਹੀਂ, ਜਿਨ੍ਹਾਂ ਧਾਰਮਿਕ ਸਥਾਨਾਂ ਦੇ ਬਾਹਰ ਸਾਫ ਲਿਖਿਆ ਹੋਇਆ ਹੈ, ਇੱਥੇ ਸ਼ੂਦਰਾਂ ਦਾ ਆਉਣਾ ਮਨ੍ਹਾ ਹੈ ਅਤੇ ਉਨ੍ਹਾਂ ਅਦਾਰਿਆਂ ਅੰਦਰ ਸ਼ੂਦਰਾਂ ਲਈ ਅਲੱਗ ਅਤੇ ਅੱਪਰ ਕਾਸਟ ਲਈ ਅਲੱਗ ਨਿਯਮ ਵੀ ਹਨ? ਕੀ ਤੁਹਾਨੂੰ ਉਨ੍ਹਾਂ ਪਿੰਡਾਂ ਵਿੱਚ ਸਰਜੀਕਲ ਸਟਰਾਈਕ ਕਰਨ ਦੀ ਲੋੜ ਨਹੀਂ, ਜਿਨ੍ਹਾਂ ਪਿੰਡਾਂ ਵਿੱਚ ਜਾਤ ਦੇ ਨਾਂ 'ਤੇ ਵੱਖ-ਵੱਖ ਸ਼ਮਸ਼ਾਨ ਘਾਟ ਹਨ, ਕੀ ਅਜਿਹੇ ਲੋਕਾਂ ਨੂੰ ਲੱਭ ਕੇ ਸਰਜੀਕਲ ਸਟਰਾਈਕ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਕਰਕੇ ਦੇਸ਼ ਦੇ ਗੋਦਾਮਾਂ ਵਿੱਚ 3 ਲੱਖ 40 ਹਜ਼ਾਰ ਟਨ ਤੋਂ ਵੱਧ ਅਨਾਜ ਪਿਆ ਹੈ ਪਰ ਫਿਰ ਵੀ 2 ਕਰੋੜ ਲੋਕ ਰੋਜ਼ ਰਾਤ ਨੂੰ ਭੁੱਖੇ ਸੌਂਦੇ ਹਨ? ਕੀ ਅਜਿਹੇ ਭੂ-ਮਾਫੀਆ ਦਾ ਸਰਜੀਕਲ ਸਟਰਾਈਕ ਨਹੀਂ ਹੋਣਾ ਚਾਹੀਦਾ, ਜਿਨ੍ਹਾਂ ਨੇ ਪਿੰਡਾਂ 'ਚ ਪੰਚਾਇਤੀ ਜ਼ਮੀਨਾਂ 'ਤੇ ਕਬਜ਼ਾ ਕੀਤਾ ਹੋਇਆ ਹੈ ਤੇ ਉਸੇ ਪਿੰਡ ਵਿੱਚ ਕਈ ਬੇਘਰੇ ਲੋਕ ਆਪਣੇ ਟੱਬਰਾਂ ਨਾਲ ਝੁੱਗੀਆਂ ਜਾਂ ਜਨਤਕ ਥਾਵਾਂ 'ਤੇ ਰਹਿਣ ਲਈ ਮਜਬੂਰ ਹਨ?ਬਹੁਤ ਸਾਰੀਆਂ ਅਜਿਹੀਆਂ ਬਿਮਾਰੀਆਂ ਹਨ, ਜਿਨ੍ਹਾਂ ਦਾ ਸਰਜੀਕਲ ਸਟਰਾਈਕ ਜ਼ਰੂਰੀ ਹੈ। ਕਿਉਂਕਿ ਬਾਹਰਲੇ ਅੱਤਵਾਦੀਆਂ ਨੂੰ ਤਾਂ ਸੈਨਾ ਠੱਲ੍ਹ  ਪਾ ਲਵੇਗੀ, ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦੇ ਦੇਵੇਗੀ ਪਰ ਭਾਰਤ 'ਚ ਰਹਿ ਰਹੀਆਂ ਅਜਿਹੀਆਂ ਜੋਕਾਂ ਜਿਨ੍ਹਾਂ ਨੇ ਮਾਨਵਤਾ ਦਾ ਖੂਨ ਚੂਸ ਕੇ ਵਰਣ ਵਿਵਸਥਾ ਨੂੰ ਮਜ਼ਬੂਤ ਕੀਤਾ ਹੈ, ਅਗਰ ਉਨ੍ਹਾਂ ਦੇ ਖਿਲਾਫ ਸਮਾਂ ਰਹਿੰਦੇ ਸਰਜੀਕਲ ਸਟਰਾਈਕ ਨਾ ਕੀਤਾ ਤਾਂ ਦੇਸ਼ ਨੂੰ ਤਬਾਹੀ ਤੋਂ ਕੋਈ ਨਹੀਂ ਬਚਾਅ ਸਕੇਗਾ। ਅਜਿਹੀਆਂ ਬੀਮਾਰੀਆਂ ਖਿਲਾਫ ਤੁਹਾਨੂੰ ਅਗਾਂਹ ਵਧਣਾ ਚਾਹੀਦਾ ਹੈ, ਮੈਂ ਭਰੋਸਾ ਦਿੰਦਾ ਹਾਂ ਕਿ ਤੁਹਾਡੇ ਇਸ ਆਪ੍ਰੇਸ਼ਨ ਵਿੱਚ ਦੇਸ਼ ਦੇ ਮੂਲ ਨਿਵਾਸੀ ਵਧ-ਚੜ੍ਹ ਕੇ ਸਹਿਯੋਗ ਕਰਨਗੇ ਅਤੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਨਗੇ। ਇਸ ਲਈ ਕੋਈ ਧਰਮ, ਕੋਈ ਕਿਸੇ ਪਾਰਟੀ ਦੀ ਬੰਦਿਸ਼, ਕੋਈ ਜਾਤ ਆੜੇ ਨਹੀਂ ਆਏਗੀ, ਇਹ ਮੇਰਾ ਵਾਅਦਾ ਹੈ। 
ਜੈ ਭੀਮ ਜੈ ਭਾਰਤ
                                                                                                             - ਅਜੈ ਕੁਮਾਰ

Monday 29 August 2016

ਅੰਬੇਡਕਰੀ ਚਰਿੱਤਰ

ਅੱਜ ਭਾਰਤ 'ਚ ਪਰਸਪਰ ਵਿਰੋਧੀ ਦੋ ਵਿਚਾਰਧਾਰਾਵਾਂ ਆਪਸ ਵਿੱਚ ਲੜ ਰਹੀਆਂ ਹਨ। ਇਕ ਵਿਚਾਰਧਾਰਾ ਮਨੂੰਵਾਦੀਆਂ ਦੀ ਹੈ ਜੋ ਮਨੂੰ ਵੱਲੋਂ ਸਥਾਪਿਤ ਜਾਤ-ਪਾਤ ਦੀ ਵਿਵਸਥਾ ਨੂੰ ਖਤਮ ਕਰਨ ਲਈ ਤਿਆਰ ਨਹੀਂ ਹੈ। ਉਹ ਅਜੇ ਵੀ ਊਚ-ਨੀਚ ਦੇ ਵਿਚਾਰਾਂ ਨਾਲ ਗ੍ਰਸਤ ਹੈ, ਉਹ ਨਹੀਂ ਚਾਹੁੰਦੀ ਕਿ ਦਲਿਤ ਨੂੰ ਬਰਾਬਰੀ ਦੇ ਹੱਕ ਮਿਲਣ, ਉਹ ਨਹੀਂ ਚਾਹੁੰਦੀ ਕਿ ਗਰੀਬ ਆਪਣੇ ਹੱਕਾਂ ਦੀ ਅਵਾਜ਼ ਚੁੱਕੇ, ਉਹ ਨਹੀਂ ਚਾਹੁੰਦੀ ਕਿ ਭਾਰਤ ਦਾ ਹਰ ਨਾਗਰਿਕ ਇਕ ਬਰਾਬਰ ਹੋਵੇ। ਦੂਸਰੀ ਵਿਚਾਰਧਾਰਾ ਹੈ ਜੋ ਭਗਵਾਨ ਵਾਲਮੀਕਿ, ਤਥਾਗਤ ਬੁੱਧ ਦੀ ਹੈ, ਗੁਰੂ ਨਾਨਕ ਦੇਵ ਦੀ ਹੈ, ਸਤਿਗੁਰੂ ਰਵਿਦਾਸ ਜੀ ਦੀ ਹੈ, ਸਤਿਗੁਰੂ ਕਬੀਰ ਦੀ ਹੈ ਤੇ ਬਾਬਾ ਸਾਹਿਬ ਅੰਬੇਡਕਰ ਦੀ ਹੈ। ਇਹ ਵਿਚਾਰਧਾਰਾ ਮਨੁੱਖਤਾ ਦੀ ਭਲਾਈ 'ਤੇ ਅਧਾਰਿਤ ਹੈ। ਇਸ ਵਿਚਾਰਧਾਰਾ ਵਿੱਚ ਮਨੁੱਖ ਵੱਲੋਂ ਮਨੁੱਖ ਦਾ ਸ਼ੋਸ਼ਣ ਕਰਨ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਦਿੱਤਾ ਜਾਂਦਾ, ਹਰ ਮਨੁੱਖ ਨੂੰ ਬਰਾਬਰਤਾ ਦੇ ਹੱਕ ਦਿੱਤੇ ਜਾਂਦੇ ਹਨ ਤੇ ਸਮਾਜ ਦੇ ਗਰੀਬ, ਕਮਜ਼ੋਰ, ਲਾਚਾਰ ਤਬਕੇ ਨੂੰ ਉੱਚਾ ਚੁੱਕਣ ਦੇ ਉਪਰਾਲੇ ਕੀਤੇ ਜਾਂਦੇ ਹਨ। ਬਾਬਾ ਸਾਹਿਬ ਅੰਬੇਡਕਰ ਨੇ ਭਾਰਤੀ ਸੰਵਿਧਾਨ ਰਾਹੀਂ ਮਨੁੱਖਤਾ ਦੇ ਦਰਸ਼ਨ ਤੋਂ ਦੁਨੀਆਂ ਨੂੰ ਜਾਣੂ ਕਰਵਾਇਆ। ਉਨ੍ਹਾਂ ਨੇ ਆਪਣੇ ਵਿਚਾਰਾਂ ਨੂੰ ਵਿਚਾਰਧਾਰਾ ਤੱਕ ਸੀਮਿਤ ਨਹੀਂ ਰੱਖਿਆ ਬਲਕਿ ਕਾਨੂੰਨ ਰਾਹੀਂ ਭਾਰਤ ਵਿੱਚ ਲਾਗੂ ਵੀ ਕਰਵਾਇਆ। ਅੱਜ ਬਾਬਾ ਸਾਹਿਬ ਦੇ ਸਦਕਾ ਹਰ ਭਾਰਤੀ ਨਾਗਰਿਕ ਬਰਾਬਰ ਹੈ, ਸਭ ਨੂੰ ਬਰਾਬਰ ਦੇ ਹੱਕ ਹਨ ਤੇ ਕਮਜ਼ੋਰ ਨੂੰ ਤਾਕਤਵਰ ਬਣਾਉਣ ਲਈ ਵੀ ਬਾਬਾ ਸਾਹਿਬ ਨੇ ਸੰਵਿਧਾਨ ਵਿੱਚ ਪ੍ਰਾਵਧਾਨ ਰੱਖੇ ਹਨ। ਅੱਜ ਹਰ ਨਿੱਕਰ ਧਾਰੀ, ਹਰ ਗਾਂਧੀ ਦਾ ਚੇਲਾ, ਹਰ ਖਾਸ ਆਦਮੀ ਆਪਣੇ ਆਪ ਨੂੰ ਅੰਬੇਡਕਰੀ ਵਿਚਾਰਧਾਰਾ ਦਾ ਠੇਕੇਦਾਰ ਦੱਸਦਾ ਹੈ, ਜਿਸ ਦੀ ਮੰਸ਼ਾ ਦਲਿਤ ਸਮਾਜ ਨੂੰ ਭਰਮਾ ਕੇ, ਅੰਬੇਡਕਰ ਦੇ ਨਾਂ 'ਤੇ ਉਨ੍ਹਾਂ ਦੀਆਂ ਵੋਟਾਂ ਲੈ ਕੇ ਰਾਜ ਸੱਤਾ ਹਾਸਿਲ ਕਰਨਾ ਹੈ। ਇਸ ਤੋਂ ਇਲਾਵਾ ਦੇਸ਼ ਵਿੱਚ ਲੱਗਭਗ 22 ਹਜ਼ਾਰ ਸੰਗਠਨ ਤੇ ਕਈ ਰਾਜਨੀਤਿਕ ਪਾਰਟੀਆਂ ਬਣੀਆਂ ਹੋਈਆਂ ਹਨ ਜੋ ਅੰਬੇਡਕਰੀ ਹੋਣ ਦਾ ਦਾਅਵਾ ਕਰਦੀਆਂ ਹਨ ਜੋ ਆਪਣੇ-ਆਪ ਨੂੰ ਬਾਬਾ ਸਾਹਿਬ ਅੰਬੇਡਕਰ ਦਾ ਸੱਚਾ ਪੈਰੋਕਾਰ ਦੱਸਦੀਆਂ ਹਨ। ਇੰਨੇ ਸਮਾਜਿਕ ਸੰਗਠਨ, ਇੰਨੀਆਂ ਰਾਜਨੀਤਿਕ ਪਾਰਟੀਆਂ, ਸੈਂਕੜੇ ਧਾਰਮਿਕ ਸੰਗਠਨ ਹੋਣ ਦੇ ਬਾਵਜੂਦ ਵੀ ਭਾਰਤ ਵਿੱਚ ਮਨੂੰਵਾਦੀਆਂ ਵੱਲੋਂ ਅਜੇ ਵੀ ਛੂਆਛਾਤ ਤੇ ਭੇਦਭਾਵ ਕੀਤਾ ਜਾਂਦਾ ਹੈ। ਹਰ ਸਰਕਾਰੀ ਮਹਿਕਮੇ 'ਚ, ਹਰ ਗਲ੍ਹੀ ਦੇ ਕੋਨੇ 'ਤੇ, ਹਰ ਮੁਹੱਲੇ 'ਚ, ਹਰ ਪਿੰਡ 'ਚ ਛੂਆਛਾਤ, ਭੇਦਭਾਵ, ਊਚ-ਨੀਚ, ਪਖੰਡ, ਸ਼ੋਸ਼ਣ ਦਾ ਬੋਲਬਾਲਾ ਹੈ। ਇਸ ਦਾ ਕੀ ਕਾਰਣ ਹੈ?ਜੇ ਇਸ ਦੀ ਘੋਖ ਕਰੀਏ ਤਾਂ ਸਾਨੂੰ ਪਤਾ ਚੱਲੇਗਾ ਬਹੁਤ ਸਾਰੇ ਲੋਕਾਂ ਨੇ ਆਪਣੇ ਨਾਂ ਦੇ ਨਾਲ ਅੰਬੇਡਕਰੀ ਦਾ ਟੈਗ ਲਗਾਇਆ ਹੈ, ਆਪਣੇ ਆਪ ਨੂੰ ਸੱਚੇ ਅੰਬੇਡਕਰਵਾਦੀ ਦੱਸਦੇ ਹਨ। ਪਰ ਮੈਂ ਕਹਿਣਾ ਚਾਹੁੰਦਾ ਹਾਂ ਕਿ ਅੰਬੇਡਕਰਵਾਦ ਕਿਸੇ ਪਖੰਡ ਦਾ ਨਾਂ ਨਹੀਂ, ਇਹ ਤਾਂ ਇਕ ਜੀਵਨ ਚਰਿੱਤਰ ਹੈ ਜੋ ਬਾਬਾ ਸਾਹਿਬ ਦੇ ਸੱਚੇ ਪੈਰੋਕਾਰ ਦੇ ਹੱਡਾਂ 'ਚ ਰਚ-ਵਸ ਜਾਂਦਾ ਹੈ। ਅੰਬੇਡਕਰੀ ਨਾਮ ਤੋਂ ਨਹੀਂ ਵਿਵਹਾਰ ਤੋਂ ਹੁੰਦਾ ਹੈ ਇਸ ਲਈ ਜ਼ਰੂਰੀ ਹੈ ਜਾਣਿਆ ਜਾਵੇ ਕੀ ਹੈ ਅੰਬੇਡਕਰੀ ਚਰਿੱਤਰ: 
  •  ਅੰਬੇਡਕਰੀ ਆਪਣੀ ਕਿਸਮਤ ਆਪ ਬਣਾ ਕੇ ਸ੍ਰੇਸ਼ਠ ਜੀਵਨ ਜਿਉਂਦਾ ਹੈ
  •   ਅੰਬੇਡਕਰੀ ਵਿਦਵਾਨ ਹੀ ਨਹੀਂ ਪਰਉਪਕਾਰੀ ਵੀ ਹੁੰਦਾ ਹੈ
  •   ਅੰਬੇਡਕਰੀ ਹਮੇਸ਼ਾ ਸੱਚ ਨੂੰ ਸਮਰਪਿਤ ਹੁੰਦਾ ਹੇ
  •    ਅੰਬੇਡਕਰੀ ਗੋਤ, ਜਾਤ, ਵਰਣ, ਵੰਸ਼, ਰੰਗ, ਭੇਦ 'ਚ ਵਿਸ਼ਵਾਸ ਨਹੀਂ ਰੱਖਦਾ
  •   ਅੰਬੇਡਕਰੀ ਕਹਿਣੀ ਤੇ ਕਰਨੀ ਦਾ ਧਾਰਨੀ ਹੁੰਦਾ ਹੈ 
  •   ਅੰਬੇਡਕਰੀ ਆਪਣੇ ਗਿਆਨ ਅਤੇ ਪੱ੍ਰਗਿਆ ਨਾਲ ਭਵਿੱਖ ਨੂੰ ਭਾਂਪ ਲੈਂਦਾ ਹੈ
  •   ਅੰਬੇਡਕਰੀ ਸੱਚਾ ਦੇਸ਼ ਭਗਤ ਹੁੰਦਾ ਹੈ
  •   ਅੰਬੇਡਕਰੀ ਬਹਾਦਰ ਯੋਧਾ ਹੁੰਦਾ ਹੈ
  •   ਅੰਬੇਡਕਰੀ ਦਾਨਵੀਰ ਹੁੰਦਾ ਹੈ
  •   ਅੰਬੇਡਕਰੀ ਵਿਅਕਤੀ ਪੂਜਾ ਜਾਂ ਮੂਰਤੀ ਪੂਜਾ ਨੂੰ ਬਰਦਾਸ਼ਤ ਨਹੀਂ ਕਰਦਾ
  •   ਅੰਬੇਡਕਰੀ ਸਾਦਾ ਜੀਵਨ ਜਿਉਂਦਾ ਹੈ
  •   ਅੰਬੇਡਕਰੀ ਗੁਲਾਮਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਕੇ ਆਪਣੇ ਹੱਕ ਖੋਹਣ ਦਾ ਹੌਂਸਲਾ ਦਿੰਦਾ ਹੈ
  •   ਅੰਬੇਡਕਰੀ ਮਨੁੱਖੀ ਅਧਿਕਾਰਾਂ ਦਾ ਮਸ਼ਾਲਚੀ ਹੁੰਦਾ ਹੈ
  •   ਅੰਬੇਡਕਰੀ ਸ਼ੋਸ਼ਿਤ ਲੋਕਾਂ ਦੇ ਹੱਕਾਂ ਵਿੱਚ ਹਮੇਸ਼ਾ ਖੜ੍ਹਾ ਰਹਿੰਦਾ ਹੈ
  •   ਅੰਬੇਡਕਰੀ ਸਰਬੱਤ ਦੇ ਭਲੇ ਨੂੰ ਸਮਰਪਿਤ ਹੁੰਦਾ ਹੈ
  •   ਅੰਬੇਡਕਰੀ ਪਰਿਵਾਰ ਨਿਯੋਜਕ ਹੁੰਦਾ ਹੈ
ਤੁਸੀਂ ਸੋਚਦੇ ਹੋਵੋਗੇ ਕਿ ਪਰਿਵਾਰ ਨਿਯੋਜਨ ਦਾ ਬਾਬਾ ਸਾਹਿਬ ਅੰਬੇਡਕਰ ਦੀ ਸੋਚ ਨਾਲ ਕੀ ਤਾਅਲੁਕ ਹੈ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਪਰਿਵਾਰ ਸਮਾਜ ਦੀ ਮੂਲ ਕੜੀ ਹੁੰਦਾ ਹੈ, ਜਿਸ ਨੂੰ ਅਧਾਰ ਬਣਾ ਕੇ ਸਮਾਜ ਖ਼ੜ੍ਹਾ ਹੁੰਦਾ ਹੈ। ਮਜ਼ਬੂਤ ਸਮਾਜ ਦਾ ਅਧਾਰ ਮਜ਼ਬੂਤ ਪਰਿਵਾਰ ਤੋਂ ਸ਼ੁਰੂ ਹੁੰਦਾ ਹੈ। ਜੇ ਤੁਸੀਂ ਮਜ਼ਬੂਤ ਹੋ, ਤੁਹਾਡਾ ਪਰਿਵਾਰ ਮਜ਼ਬੂਤ ਹੈ ਤਾਂ ਤੁਹਾਡਾ ਸਮਾਜ ਵੀ ਮਜ਼ਬੂਤ ਹੋਵੇਗਾ ਤੇ ਆਪਣੇ ਪਰਿਵਾਰ ਨੂੰ ਮਜ਼ਬੂਤੀ ਦੇਣ ਲਈ ਉਸ ਦਾ ਨਿਯੋਜਨ ਕਰਨਾ ਜ਼ਰੂਰੀ ਹੈ। ਜੇ ਅਸੀਂ ਪਸ਼ੂਆਂ ਜਾਂ ਜਾਨਵਰਾਂ ਵਾਂਗੂੰ ਅਨਿਯੋਜਿਤ ਤਰੀਕੇ ਨਾਲ ਬੱਚੇ ਜਨਮਾਂਗੇ ਤਾਂ ਉਨ੍ਹਾਂ ਦਾ ਪਾਲਣ-ਪੋਸ਼ਣ ਵੀ ਜਾਨਵਰਾਂ ਵਾਂਗ ਹੀ ਹੋਵੇਗਾ। ਸੀਮਿਤ ਸਾਧਨਾਂ ਵਿੱਚ ਚੰਗੇ ਤਰੀਕੇ ਨਾਲ ਆਪਣੇ ਪਰਿਵਾਰ ਦਾ ਪੋਸ਼ਣ ਕਰਨ ਲਈ ਜ਼ਰੂਰੀ ਹੈ ਕਿ ਤੁਹਾਡਾ ਪਰਿਵਾਰ ਨਿਯੋਜਿਤ ਹੋਵੇ। ਬਾਬਾ ਸਾਹਿਬ ਅੰਬੇਡਕਰ ਭਾਰਤ 'ਚ ਹੀ ਨਹੀਂ ਸਗੋਂ ਦੁਨੀਆਂ ਵਿੱਚ ਪਹਿਲੇ ਮਹਾਂਪੁਰਸ਼ ਹਨ ਜਿਨ੍ਹਾਂ ਨੇ 1938 ਵਿੱਚ ਵਧਦੀ ਅਬਾਦੀ ਦੀ ਸਮੱਸਿਆ ਨੂੰ ਪਹਿਚਾਣਿਆ ਅਤੇ ਪਰਿਵਾਰ ਨਿਯੋਜਨ ਪ੍ਰੋਗਰਾਮ ਅਪਨਾਉਣ 'ਤੇ ਜ਼ੋਰ ਦਿੱਤਾ। ਉਨ੍ਹਾਂ 10 ਨਵੰਬਰ 1938 ਨੂੰ ਮੁੰਬਈ ਵਿਧਾਨ ਸਭਾ ਵਿੱਚ ਇਕ ਗੈਰ ਸਰਕਾਰੀ ਬਿੱਲ ਪੇਸ਼ ਕਰਕੇ ਕਾਂਗਰਸ ਸਰਕਾਰ 'ਤੇ ਜ਼ੋਰ ਪਾਇਆ ਕਿ ਪਰਿਵਾਰ ਨਿਯੋਜਨ ਦੇ ਪ੍ਰੋਗਰਾਮ ਨੂੰ ਸਰਕਾਰੀ ਪੱਧਰ 'ਤੇ ਅਪਣਾਇਆ ਜਾਵੇ। ਇਸ ਬਿੱਲ ਦਾ ਗਾਂਧੀ ਨੇ ਵਿਰੋਧ ਕੀਤਾ ਸੀ ਕਿਉਂਕਿ ਉਹ ਲੋਕਾਂ ਨੂੰ ਬ੍ਰਹਮਚਾਰੀਆ ਦਾ ਪਖੰਡ ਅਪਣਾ ਕੇ ਸਾਧੂ-ਸੰਤ ਬਣਨ ਲਈ ਕਹਿੰਦੇ ਸਨ। ਬਾਬਾ ਸਾਹਿਬ ਪਰਿਵਾਰ ਨਿਯੋਜਕ ਦੇ ਪ੍ਰੋਗਰਾਮਾਂ ਨੂੰ ਤੇਜ਼ੀ ਨਾਲ ਵਧਾਉਣ ਅਤੇ ਅਪਨਾਉਣ ਲਈ ਕਹਿੰਦੇ ਰਹੇ। ਅੰਬੇਡਕਰਵਾਦ ਨੂੰ ਪੜ੍ਹ-ਲਿਖ ਲੈਣਾ ਹੀ ਕਾਫੀ ਨਹੀਂ ਹੈ ਬਲਕਿ ਇਸ  ਨੂੰ ਵਿਵਹਾਰਕ ਰੂਪ 'ਚ ਅਪਣਾਉਣਾ ਚਾਹੀਦਾ ਹੈ। ਆਉ ਅੰਬੇਡਕਰ ਦੀ ਚਿੱਤਰ ਪੂਜਾ ਨਹੀਂ ਚਰਿੱਤਰ ਅਪਣਾਈਏ ਤਾਂ ਜੋ ਭਾਰਤ 'ਚ ਰਹਿਣ ਵਾਲਾ ਹਰ ਮਨੁੱਖ ਹਰ ਤਰ੍ਹਾਂ ਦੀ ਗੁਲਾਮੀ ਤੋਂ ਛੁਟਕਾਰਾ ਪਾ ਸਕੇ।
                                                                                                                    - ਅਜੇ ਕੁਮਾਰ  

Tuesday 23 August 2016

ਚੋਣਾਂ 'ਚ ਨਸ਼ੇ ਦੀ ਵੰਡ

ਭਾਰਤੀ ਸੰਵਿਧਾਨ ਮੁਤਾਬਕ ਲੋਕਤੰਤਰ ਨੂੰ ਮਜ਼ਬੂਤ ਰੱਖਣ ਲਈ ਸਮਾਂਬੱਧ ਚੋਣ ਪ੍ਰਕਿਰਿਆ ਅਪਣਾਈ ਜਾਂਦੀ ਹੈ। ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ਵੀ ਬਣਿਆ ਹੋਇਆ ਹੈ। ਚੋਣਾਂ ਦੇ ਕਾਇਦੇ-ਕਾਨੂੰਨ ਵੀ ਹਨ ਪਰ ਸਵਾਰਥ ਦੇ ਅੰਨ੍ਹੇ ਘੋੜੇ 'ਤੇ ਸਵਾਰ ਰਾਜਨੀਤਕ ਕੁਰਸੀ ਦੇ ਚਾਹਵਾਨ ਲੀਡਰ ਚੋਣਾਂ ਦੌਰਾਨ ਖੁੱਲ੍ਹ ਕੇ ਚੋਣ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹਨ। ਉਹ ਚੋਣਾਂ ਜਿੱਤਣ ਦੀ ਖਾਤਰ ਹਰ ਹਥਿਆਰ ਦੀ ਵਰਤੋਂ ਕਰਦੇ ਹਨ। ਚੋਣਾਂ ਦੌਰਾਨ ਉਹ ਲੋਕਾਂ ਨੂੰ ਭਰਮਾਉਣ ਵਿੱਚ ਕੋਈ ਕਸਰ ਨਹੀਂ ਛੱਡਦੇ। ਉਹ ਉੱਚਾ, ਲੁੱਚਾ, ਸੁੱਚਾ ਹਰ ਤਰ੍ਹਾਂ ਦੇ ਲੋਕਾਂ ਦੇ ਨੁਮਾਇੰਦਿਆਂ ਨੂੰ ਆਪਣੇ ਨਾਲ ਰੱਖਣ ਦੇ ਲਈ ਯਤਨਸ਼ੀਲ ਰਹਿੰਦੇ ਹਨ। ਅੱਜ ਦੇ ਲੇਖ ਵਿੱਚ ਮੈਂ ਪੰਜਾਬ 'ਚ ਹੋਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੀਡਰਾਂ ਵੱਲੋਂ ਵੋਟਾਂ ਖਰੀਦਣ ਲਈ ਵੰਡੇ ਗਏ ਹੋਰ ਸਮਾਨ ਤੋਂ ਇਲਾਵਾ ਨਸ਼ੇ ਦੀ ਵੰਡ 'ਤੇ ਚਰਚਾ ਕਰਕੇ ਲੋਕਾਂ ਨਾਲ ਵਿਚਾਰ ਚਰਚਾ ਕਰਾਂਗਾ ਅਤੇ ਚਾਹਾਂਗਾ ਕਿ ਇਹ ਵਿਚਾਰ-ਚਰਚਾ ਆਉਣ ਵਾਲੀਆਂ ਚੋਣਾਂ ਦੌਰਾਨ ਇਕ ਅੰਦੋਲਨ ਦਾ ਰੂਪ ਧਾਰਨ ਕਰ ਲਵੇ ਤਾਂ ਜੋ ਪੰਜਾਬ ਵਿੱਚ ਆਉਣ ਵਾਲੀਆਂ ਚੋਣਾਂ ਦੌਰਾਨ ਨਸ਼ੇ ਦੀ ਵੰਡ ਨੂੰ ਰੋਕਿਆ ਜਾ ਸਕੇ। ਭਰੋਸੇਯੋਗ ਸੂਤਰਾਂ ਮੁਤਾਬਕ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਵਿਰੋਧੀ ਧਿਰ ਅਤੇ ਮੌਜੂਦਾ ਗਠਬੰਧਨ ਸਰਕਾਰ ਦੇ ਤਕਰੀਬਨ ਹਰ ਇਕ ਐਮ. ਐਲ. ਏ. ਦੇ ਉਮੀਦਵਾਰ ਵੱਲੋਂ 10 ਗੱਡੀਆਂ ਸ਼ਰਾਬ ਦੀਆਂ ਵਰਤੋਂ ਕੀਤੀਆਂ ਗਈਆਂ ਸਨ। ਜੇਕਰ ਹਿਸਾਬ ਲਗਾਈਏ ਤਾਂ ਦੋਨੋਂ ਪਾਰਟੀਆਂ ਦੇ 234 ਉਮੀਦਵਾਰ ਮੈਦਾਨ ਵਿੱਚ ਉਤਰੇ ਸਨ ਤੇ ਇਸ ਹਿਸਾਬ ਨਾਲ 2340 ਗੱਡੀਆਂ ਸ਼ਰਾਬ ਦੀਆਂ ਲੋਕਾਂ ਵਿੱਚ ਵੰਡੀਆਂ ਗਈਆਂ ਸਨ। ਇਕ ਗੱਡੀ ਵਿੱਚ ਤਕਰੀਬਨ 400 ਪੇਟੀ ਸ਼ਰਾਬ ਸੀ ਅਤੇ ਇਕ ਪੇਟੀ ਵਿੱਚ 12 ਬੋਤਲਾਂ ਸੀ। ਇਸ ਦਾ ਮਤਲਬ ਇਹ ਹੋਇਆ ਕਿ 1 ਕਰੋੜ 12 ਲੱਖ 32 ਹਜ਼ਾਰ ਸ਼ਰਾਬ ਦੀਆਂ ਬੋਤਲਾਂ ਪਿਛਲੀਆਂ 2007 ਦੀਆਂ ਚੋਣਾਂ ਅਤੇ ਏਨੀਆਂ ਹੀ ਸ਼ਰਾਬ ਦੀਆਂ ਬੋਤਲਾਂ 2012 ਦੀਆਂ ਚੋਣਾਂ ਵਿੱਚ ਵੰਡੀਆਂ ਗਈਆਂ। ਇਸ ਤੋਂ ਇਲਾਵਾ ਅਫੀਮ, ਭੁੱਕੀ, ਡੋਡੇ, ਚਰਸ, ਗਾਂਜਾ, ਸਮੈਕ, ਹੈਰੋਇਨ, ਚਿੱਟਾ ਆਦਿ ਦਾ ਕੋਈ ਹਿਸਾਬ-ਕਿਤਾਬ ਨਹੀਂ ਲਗਾਇਆ ਜਾ ਸਕਦਾ। ਪੰਜਾਬ ਵਿੱਚ ਇਸ ਕਦਰ ਨਸ਼ੇ ਵੰਡਣ ਦੀ ਪੁਸ਼ਟੀ ਕੁਝ ਇਸ ਖਬਰ ਤੋਂ ਵੀ ਲਗਾਈ ਜਾ ਸਕਦੀ ਹੈ, ਇਕ ਇੰਗਲਿਸ਼ ਦੀ ਦੈਨਿਕ ਅਖ਼ਬਾਰ ਨੇ ਲਿਖਿਆ ਸੀ ਕਿ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਸਭ ਤੋਂ ਵੱਧ ਸ਼ਰਾਬ ਆਂਧਰਾ ਪ੍ਰਦੇਸ਼ ਅਤੇ ਉਸ ਤੋਂ ਬਾਅਦ ਪੰਜਾਬ ਵਿੱਚ ਫੜੀ ਗਈ ਸੀ, ਜਿਨ੍ਹਾਂ ਦੀ ਮਾਤਰਾ ਕਰੋੜਾਂ ਲੀਟਰਾਂ 'ਚ ਸੀ। ਹੁਣ ਵਿਚਾਰ ਯੋਗ ਗੱਲ ਇਹ ਹੈ ਕਿ ਇਕ ਪਾਸੇ ਪੰਜਾਬ ਦੀ ਵਿਰੋਧੀ ਧਿਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਗੱਲ ਕਰ ਰਹੀ ਹੈ ਤੇ ਮੌਜੂਦਾ ਸਰਕਾਰ ਵਿਰੋਧੀ ਧਿਰ ਦੇ ਇਸ ਦੋਸ਼ ਨੂੰ ਪੰਜਾਬੀਆਂ ਦੀ ਬੇਇੱਜ਼ਤੀ ਨਾਲ ਜੋੜ ਰਹੀ ਹੈ। ਇੱਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜੇਕਰ ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਲੋਕਾਂ ਨੂੰ 8-10 ਦਿਨ ਮੁਫ਼ਤ ਸ਼ਰਾਬ ਪਿਲਾਈ ਜਾਵੇ ਤਾਂ ਕੀ ਇਹ ਗੱਲ ਸਹੀ ਨਹੀਂ ਕਿ ਜਿਹੜੇ ਬੰਦਿਆਂ ਨੇ ਆਪਣੇ ਜੀਵਨ 'ਚ ਕਦੇ ਸ਼ਰਾਬ ਨਹੀਂ ਪੀਤੀ ਤਾਂ ਜੇਕਰ ਉਹ 8-10 ਦਿਨ ਮੁਫ਼ਤ ਦੀ ਸ਼ਰਾਬ ਪੀ ਲੈਣ ਤਾਂ ਉਹ ਵੀ ਸ਼ਰਾਬ ਦੇ ਆਦੀ ਹੋ ਜਾਣ। ਇਸ ਤਰ੍ਹਾਂ ਹੁੰਦਾ ਵੀ ਹੈ, ਇਸ ਦੇ ਪੁਖਤਾ ਸਬੂਤ ਹਨ ਮੇਰੇ ਕੋਲ। ਮੈਂ ਬਹੁਤ ਸਾਰੇ ਇਹੋ ਜਿਹੇ ਬੰਦਿਆਂ ਨੂੰ ਜਾਣਦਾ ਹਾਂ ਜਿਹੜੇ ਖੁੱਲ੍ਹ ਕੇ ਇਸ ਗੱਲ ਦੀ ਹਾਮੀ ਭਰਦੇ ਹਨ ਕਿ ਉਨ੍ਹਾ ਨੂੰ ਸ਼ਰਾਬ ਪੀਣ ਦੀ ਲਤ ਚੋਣਾਂ ਦੌਰਾਨ ਹੀ ਲੱਗੀ ਹੈ। ਹੁਣ ਮੇਰਾ ਸਵਾਲ ਇਹ ਹੈ ਆਪਣੇ ਪਾਠਕਾਂ ਨੂੰ ਅਤੇ ਪੰਜਾਬੀਆਂ ਨੂੰ ਕਿ ਭਰਾਵੋ ਅਸੀਂ ਚੋਣਾਂ ਦੌਰਾਨ ਕਿਸ ਤਰ੍ਹਾਂ ਨਸ਼ੇ ਦੀ ਵੰਡ ਨੂੰ ਰੋਕੀਏ ਅਤੇ ਇਸ ਦੇ ਨਾਲ ਕਿਸ ਤਰ੍ਹਾਂ ਚੋਣਾਂ ਦੌਰਾਨ ਲੋਕਾਂ ਨੂੰ ਹੋਰ ਦੂਸਰੇ ਲਾਲਚਾਂ 'ਚ ਨਾ ਫਸ ਕੇ ਨਿਰਪੱਖ ਵੋਟ ਪਾਉਣ ਲਈ ਜਾਗ੍ਰਿਤ ਕਰੀਏ। ਮੈਂ ਸਮਝਦਾ ਹਾਂ ਕਿ ਇਹ ਬਹੁਤ ਨਾਜ਼ੁਕ ਸਮਾਂ ਹੈ ਅਤੇ ਬਹੁਤ ਹੀ ਗੰਭੀਰ ਮੁੱਦਾ ਹੈ। ਸਾਨੂੰ ਕਿਸੇ ਲਾਲਚ ਵਿੱਚ ਆ ਕੇ ਆਪਣੇ ਵੋਟ ਵੇਚਣ ਦੀ ਬਜਾਏ ਪੂਰੀ ਘੋਖ ਕਰਕੇ ਵੋਟ ਪਾਉਣੀ ਚਾਹੀਦੀ ਹੈ ਅਤੇ ਦੂਸਰਿਆਂ ਨੂੰ ਵੀ ਜਾਗ੍ਰਿਤ ਕਰਨਾ ਚਾਹੀਦਾ ਹੈ। ਆਉ ਇਸ ਮੁਹਿੰਮ ਵਿੱਚ ਤੁਸੀਂ ਵੀ ਮੇਰੇ ਸਾਥੀ ਬਣੋ ਅਤੇ ਸਾਡੀ ਸੰਸਥਾ 'ਆਪਣੀ ਮਿੱਟੀ ਆਪਣੇ ਲੋਕ' ਦੇ ਮੈਂਬਰ ਬਣ ਕੇ ਲੋਕਾਂ ਨੂੰ ਨਿਰਪੱਖ ਵੋਟ ਪਾਉਣ ਲਈ ਜਾਗ੍ਰਿਤ ਕਰੀਏ। ਇਸ ਵਾਰ ਚੋਣਾਂ ਵਿੱਚ ਨਸ਼ਾ ਵੰਡਣ ਦਾ ਮੁੱਦਾ ਹੋਰ ਵੀ ਪੇਚੀਦਾ ਹੋ ਜਾਣਾ ਹੈ।, ਕਿਉਂਕਿ ਇਸ ਵਾਰ ਮੈਦਾਨ ਵਿੱਚ ਕਈ ਹੋਰ ਵੀ ਨਵੀਆਂ ਪਾਰਟੀਆਂ ਮੈਦਾਨ ਵਿੱਚ ਆਈਆਂ ਹਨ, ਜਿਹੜੀਆਂ ਇਨ੍ਹਾਂ ਦੋਵਾਂ ਪਾਰਟੀਆਂ ਤੋਂ ਕਿਤੇ ਜ਼ਿਆਦਾ ਡਰਾਮਾ ਕਰਨ ਦਾ ਹੁਨਰ ਰੱਖਦੀਆਂ ਹਨ। ਪੰਜਾਬ ਦੇ ਹਾਲਾਤ ਪਹਿਲਾਂ ਹੀ ਬੜੇ ਤਰਸਯੋਗ ਹਨ। ਇਨ੍ਹਾਂ ਹਾਲਾਤਾਂ ਨੂੰ ਹੋਰ ਤਰਸਯੋਗ ਹੋਣ ਤੋਂ ਬਚਾਉਣ ਦੇ ਲਈ ਆਉ ਰਲ ਮਿਲ ਕੇ ਸਹਿਯੋਗ ਕਰੀਏ। 
                                                                                                                  - ਅਜੈ ਕੁਮਾਰ

Monday 15 August 2016

ਅਜ਼ਾਦੀ?

ਅੱਜ ਅਸੀਂ ਸਾਰੇ ਭਾਰਤ ਵਾਸੀ ਅਜ਼ਾਦੀ ਦੀ 70ਵੀਂ ਵਰ੍ਹੇਗੰਢ ਮਨਾ ਰਹੇ ਹਾਂ। ਜਗ੍ਹਾ-ਜਗ੍ਹਾ 'ਤੇ ਮੰਤਰੀ-ਸੰਤਰੀ, ਪ੍ਰਸ਼ਾਸਨਿਕ ਅਧਿਕਾਰੀ ਤਿਰੰਗਾ ਝੰਡਾ ਲਹਿਰਾ ਕੇ ਕਈ ਦਹਾਕਿਆਂ ਦੇ ਸੰਘਰਸ਼ ਤੋਂ ਬਾਅਦ ਗੋਰਿਆਂ ਕੋਲੋਂ ਲਈ ਅਜ਼ਾਦੀ ਦੇ ਜਸ਼ਨ ਮਨਾਉਣਗੇ, ਦੇਸ਼ 'ਤੇ ਕੁਰਬਾਨ ਹੋਣ ਵਾਲੇ ਸ਼ਹੀਦਾਂ ਨੂੰ ਪ੍ਰਣਾਮ ਕਰਨਗੇ। ਅਗਲੇ ਦਿਨ ਅਖਬਾਰਾਂ ਦੀਆਂ ਸੁਰਖੀਆਂ, ਟੀ. ਵੀ. ਚੈਨਲ ਦੀਆਂ ਸਕਰੀਨਾਂ ਵੀ ਤਿਰੰਗੀਆਂ ਦਿਖਾਈਆਂ ਜਾਣਗੀਆਂ। ਕਹਿਣ ਦਾ ਭਾਵ ਲੋਕਾਂ ਨੂੰ ਅਹਿਸਾਸ ਕਰਵਾਇਆ ਜਾਵੇਗਾ ਕਿ ਅਸੀਂ ਸਾਰੇ ਆਜ਼ਾਦ ਹਾਂ ਪਰ ਇੱਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕੀ ਅਸੀਂ ਸਚਮੁੱਚ ਅਜ਼ਾਦ ਹਾਂ? ਅਜ਼ਾਦੀ ਦਾ ਭਾਵ ਹੈ ਗੁਲਾਮੀ ਤੋਂ ਛੁਟਕਾਰਾ। ਗੁਲਾਮੀ ਕਈ ਪ੍ਰਕਾਰ ਦੀ ਹੁੰਦੀ ਹੈ, ਸਰੀਰਿਕ ਗੁਲਾਮੀ, ਮਾਨਸਿਕ ਗੁਲਾਮੀ ਆਦਿ। ਅੱਜ ਭਾਰਤ ਨੂੰ ਚਾਹੇ 70 ਵਰ੍ਹੇ ਹੋ ਗਏ ਹਨ ਅਜ਼ਾਦ ਹੋਏ ਪਰ 98% ਭਾਰਤੀਆਂ ਲਈ ਅੱਜ ਵੀ ਅਜ਼ਾਦੀ ਗੁਰਦਾਸ ਰਾਮ ਆਲਮ ਸਾਹਿਬ ਦੀ ਕਵਿਤਾ ਵਾਂਗ ਹੀ ਲੱਗਦੀ ਹੈ, ਜਿਸ ਵਿੱਚ ਉਸ ਨੇ ਆਜ਼ਾਦੀ ਤੋਂ ਬਾਅਦ ਵੀ ਪ੍ਰਸ਼ਾਸਨ ਅਤੇ ਆਪਣੇ ਹੀ ਮੁਲਕ ਦੇ ਨੇਤਾਵਾਂ ਦੀਆਂ ਨੀਤੀਆਂ ਕਾਰਣ ਤੰਗ ਪ੍ਰੇਸ਼ਾਨ ਰਹਿਣ ਵਾਲੇ ਲੋਕਾਂ ਦੀ ਆਵਾਜ਼ ਵਜੋਂ ਲਿਖੀ ਸੀ:-
ਕਿਉਂ ਬਈ ਨਿਹਾਲਿਆ, ਆਜ਼ਾਦੀ ਨਹੀਂ ਵੇਖੀ?
'ਨਾ ਬਈ ਭਰਾਵਾ, ਨਾ ਖਾਧੀ ਨਾ ਵੇਖੀ'।
ਮੈਂ ਜੱਗੂ ਤੋਂ ਸੁਣਿਆ, ਅੰਬਾਲੇ ਖੜ੍ਹੀ ਸੀ।
ਬੜੀ ਭੀੜ ਉਸ ਦੇ, ਉਦਾਲੇ ਖੜ੍ਹੀ ਸੀ।
ਬਿਰਲੇ ਦੇ ਘਰ ਵੱਲ, ਅਗਾੜੀ ਸੀ ਉਸ ਦੀ।
ਤੇ ਲੋਕਾਂ ਦੇ ਮੂੰਹ ਵੱਲ, ਪਛਾੜੀ ਸੀ ਉਸ ਦੀ।
ਆਈ ਨੂੰ ਭਾਵੇਂ, ਤੀਆ ਸਾਲ ਬੀਤਾ।
ਅਸੀਂ ਤਾਂ ਅਜੇ ਤੱਕ, ਦਰਸ਼ਨ ਨਹੀਂ ਕੀਤਾ।(1)
ਦਿੱਲੀ 'ਚ ਆਉਂਦੀ ਹੈ, ਸਰਦੀ ਦੀ ਰੁੱਤੇ।
ਤੇ ਹਾੜ੍ਹਾਂ ਨੂੰ ਰਹਿੰਦੀ, ਪਹਾੜਾਂ ਦੇ ਉੱਤੇ।
ਗਰੀਬਾਂ ਨਾਲ ਲੱਗਦੀ, ਲੜੀ ਹੋਈ ਆ ਖਬਰੇ।
ਅਮੀਰਾਂ ਦੇ ਹੱਥੀਂ, ਚੜ੍ਹੀ ਹੋਈ ਆ ਖਬਰੇ।
ਅਖ਼ਬਾਰਾਂ 'ਚੋਂ ਪੜ੍ਹਿਆ ਜਰਵਾਣੀ ਜਹੀ ਏ।
ਕੋਈ ਸੋਹਣੀ ਤਾਂ ਨਹੀਂ, ਐਵੇਂ ਕਾਣੀ ਜਹੀ ਏ। (2)
ਮੰਨੇ ਜੇ ਉਹ ਕਹਿਣਾ ਅਸੀਂ ਵੀ ਮੰਗਾਈਏ।
ਛੰਨਾਂ ਤੇ ਢਾਰਿਆਂ 'ਚ ਭੁੰਜੇ ਸੁਆਈਏ।
ਪਰ ਏਨਾ ਪਤਾ ਨਹੀਂ, ਕੀ ਖਾਂਦੀ ਹੁੰਦੀ ਏ।
ਕਿਹੜੀ ਚੀਜ਼ ਤੋਂ ਦਿਲ, ਚੁਰਾਂਦੀ ਹੁੰਦੀ ਏ।
ਸ਼ਿਮਲੇ ਤਾਂ ਉਸ ਅੱਗੇ ਆਂਡੇ ਹੁੰਦੇ ਨੇ।
ਬਈ ਸਾਡੀ ਤਾਂ ਖੁਰਲੀ 'ਚ ਟਾਂਡੇ ਹੁੰਦੇ ਨੇ। (3)
ਮੈਨੂੰ ਸਮਝ ਨਹੀਂ ਆਉਂਦੀ ਇਹ ਕਿਸ ਤਰ੍ਹਾਂ ਦੀ ਆਜ਼ਾਦੀ ਹੈ। ਜਿਸ ਵਿੱਚ ਸਿਰਫ 1% ਲੋਕਾਂ ਕੋਲ ਦੇਸ਼ ਦੀ 66% ਸੰਪਤੀ ਹੈ ਅਤੇ ਬਾਕੀ 99% ਅਬਾਦੀ ਕੋਲ ਸਿਰਫ 34% ਸੰਪਤੀ ਹੈ। ਗਰੀਬੀ ਅਤੇ ਅਮੀਰੀ ਦਾ ਪਾੜਾ ਇੰਨੀ ਤੇਜ਼ੀ ਨਾਲ ਵਧ ਰਿਹਾ ਹੈ ਜਿਸ ਦਾ ਇਨ੍ਹਾਂ ਅੰਕੜਿਆਂ ਤੋਂ ਹੀ ਹਿਸਾਬ ਲਗਾਇਆ ਜਾ ਸਕਦਾ ਹੈ ਕਿ 15 ਸਾਲ ਪਹਿਲਾਂ 1% ਲੋਕਾਂ ਕੋਲ ਦੇਸ਼ ਦੀ 36.8 % ਸੰਪਤੀ ਸੀ ਜਿਹੜੀ ਕਿ ਹੁਣ 66% ਹੋ ਗਈ ਹੈ। ਜਿਸ ਮੁਲਕ ਵਿੱਚ ਅੱਜ ਵੀ 80% ਲੋਕ ਰੋਟੀ, ਕੱਪੜਾ, ਮਕਾਨ, ਸਿਹਤ, ਸਿੱਖਿਆ, ਮੁਢਲੀਆਂ ਸਹੂਲਤਾਂ ਦੇ ਨਾਲ ਜੁਝਦੇ ਹੋਣ ਉਸ ਮੁਲਕ ਵਿੱਚ ਅਜ਼ਾਦੀ ਦੇ ਮਾਇਨੇ ਕੀ ਹੋ ਸਕਦੇ ਹਨ? ਕੀ ਇਹ ਅਜ਼ਾਦੀ ਖੋਖਲੀ ਨਹੀਂ? ਇਹ ਅਜ਼ਾਦੀ ਦੇ ਜਸ਼ਨ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਸ਼ਹੀਦ ਊਧਮ ਸਿੰਘ, ਮਾਤਾ ਦੀਨ ਭੰਗੀ, ਝਿਲਕਾਰੀ ਬਾਈ, ਚੰਦਰ ਸ਼ੇਖਰ ਆਜ਼ਾਦ ਆਦਿ ਸ਼ਹੀਦਾਂ ਦੀ ਕੁਰਬਾਨੀ ਨੂੰ ਇਕ ਮਜ਼ਾਕ ਜਿਹਾ ਨਹੀਂ ਜਾਪਦਾ? ਸਮੇਂ ਦੀ ਮੰਗ ਹੈ ਪੜਚੋਲ ਕੀਤੀ ਜਾਣੀ ਚਾਹੀਦੀ ਹੈ, ਕੀ ਕਾਰਣ ਹੈ ਕਿ ਦੇਸ਼ ਵਿੱਚ 3 ਕਰੋੜ 40 ਲੱਖ ਟਨ ਅਨਾਜ ਸਰਕਾਰੀ ਗੁਦਾਮਾਂ ਵਿੱਚ ਪਿਆ ਹੋਵੇ ਤਾਂ ਫਿਰ ਵੀ 3 ਕਰੋੜ ਲੋਕ ਰੋਜ਼ ਰਾਤੀਂ ਭੁੱਖੇ ਸੌਂਦੇ ਹੋਣ। ਲੋਕ ਬੇਘਰੇ ਹੋਣ ਤੇ ਦੇਸ਼ ਦੇ ਸਰਕਾਰੀ ਵਿਭਾਗਾਂ ਦੀ 1 ਕਰੋੜ 80 ਲੱਖ ਏਕੜ ਜ਼ਮੀਨ 'ਤੇ ਧਨਾਢਾਂ ਦਾ ਕਬਜ਼ਾ ਹੋਵੇ। ਇਹ ਵਿਚਾਰਨ ਤੇ ਸੋਚਣ ਦੀ ਗੱਲ ਹੈ। ਅਜ਼ਾਦੀ ਤਾਂ ਜਾਨਵਰ, ਪਸ਼ੂ-ਪੰਛੀ, ਪਰਿੰਦਿਆਂ ਨੂੰ ਵੀ ਮਨ ਭਾਉਂਦੀ ਹੈ ਪਰ ਆਜ਼ਾਦੀ ਹੋਣੀ ਸੱਚੀ  ਚਾਹੀਦੀ ਹੈ। ਇਹ ਆਜ਼ਾਦੀ ਗੁਰੂ ਨਾਨਕ ਸਾਹਿਬ ਦੀ ਸੋਚ 'ਤੇ ਅਧਾਰਿਤ ਸਰਬੱਤ ਦਾ ਭਲਾ, ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਸੋਚ ਬੇਗਮਪੁਰੇ ਵਾਲੀ ਚਾਹੀਦੀ ਹੈ, ਇਹ ਅਜ਼ਾਦੀ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਯੋਗ ਵਸ਼ਿਸ਼ਟ ਵਿੱਚ ਦਰਸਾਏ ਜਨਨੀ ਅਤੇ ਜਨਮ ਭੂਮੀ ਸਵਰਗ ਤੋਂ ਸੁੰਦਰ ਵਾਲੀ ਹੋਣੀ ਚਾਹੀਦੀ ਹੈ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਭਾਰਤ ਦੇ ਸੰਵਿਧਾਨ ਨੂੰ ਪੂਰੀ ਇਮਾਨਦਾਰੀ ਨਾਲ ਲਾਗੂ ਕੀਤਾ ਜਾਵੇ। ਨਹੀਂ ਤਾਂ ਅਜ਼ਾਦੀ ਦਾ ਅਸੀਂ ਢੋਲ ਭਾਵੇਂ ਜਿੰਨਾ ਮਰਜ਼ੀ ਪਿੱਟੀ ਜਾਈਏ, ਹਾਂ ਅਸੀਂ ਗੁਲਾਮ ਦੇ ਗੁਲਾਮ ਹੀ। ਜੇਕਰ ਮੇਰੇ ਵਿਚਾਰ ਗਲਤ ਹਨ ਤਾਂ ਮੇਰਾ ਖੁੱਲ੍ਹਾ ਚੈਲੰਜ ਹੈ ਭਾਰਤ ਦੇ ਕੋਨੋ-ਕੋਨੇ 'ਤੇ ਤਿਰੰਗਾ ਲਹਿਰਾਉਣ ਵਾਲਿਆਂ ਨੂੰ ਕਿ ਜੇਕਰ ਤੁਸੀਂ ਮੌਜੂਦਾ ਅਜ਼ਾਦੀ ਨੂੰ ਹੀ ਅਜ਼ਾਦੀ ਸਮਝਦੇ ਹੋ ਤਾਂ ਬਿਨਾਂ ਆਪਣੇ ਅੰਗ-ਰੱਖਿਅਕਾਂ ਤੋਂ ਆਪਣੇ ਪਰਿਵਾਰ ਸਮੇਤ ਇਕ ਦਿਨ ਭਾਰਤ ਦੇ ਕਿਸੇ ਵੀ ਕੋਨੇ 'ਤੇ ਆਪਣੇ ਦੇਸ਼ ਦੇ ਨਿੱਜੀ ਦਰਸ਼ਨ ਕਰੋ। ਤੁਹਾਨੂੰ ਪਤਾ ਚੱਲ ਜਾਵੇਗਾ ਕਿ ਜਿਸ ਨੂੰ ਤੁਸੀਂ ਅਜ਼ਾਦੀ ਕਹਿੰਦੇ ਹੋ, ਉਹ ਸਹੀ ਮਾਅਨਿਆਂ 'ਚ ਆਜ਼ਾਦੀ ਨਹੀਂ, ਇਹ ਇਕ ਫਰੇਬ ਹੈ, ਜਿਹੜਾ ਇਕ ਦਿਨ ਤੁਹਾਨੂੰ ਮੁੜ ਕੇ ਸਰੀਰਿਕ ਗੁਲਾਮੀ ਦੀ ਰਾਹ ਵੱਲ ਲੈ ਜਾ ਰਿਹਾ ਹੈ। ਜੇਕਰ ਤਿਰੰਗੇ ਦੀ ਸ਼ਾਨ ਅਤੇ ਭਾਰਤ ਨੂੰ ਇਤਿਹਾਸ ਦੇ ਪੰਨਿਆਂ ਵਿੱਚ ਸੁਨਹਿਰੀ ਅੱਖਰਾਂ 'ਚ ਦੇਖਣਾ ਚਾਹੁੰਦੇ ਹੋ ਤਾਂ ਆਓ ਅਜ਼ਾਦੀ ਦੇ ਮਾਇਨੇ ਸਮਝਦੇ ਹੋਏ ਦੇਸ਼ ਪ੍ਰਤੀ ਆਪਣਾ ਫਰਜ਼ ਸਮਝਦੇ ਹੋਏ ਸਭ ਤੋਂ ਪਹਿਲਾਂ ਦੇਸ਼ ਦਾ ਸਭ ਤੋਂ ਵੱਡਾ ਕੋਹੜ ਜਾਤ-ਪਾਤ, ਭੇਦਭਾਵ, ਊਚ-ਨੀਚ, ਛੂਆ-ਛਾਤ ਦੇ ਖਿਲਾਫ ਅੰਦੋਲਨ ਵਿੱਚ ਆਪਣਾ ਯੋਗਦਾਨ ਪਾ ਕੇ ਅਨਪੜ੍ਹਤਾ ਦਾ ਦੇਸ਼ 'ਚੋਂ ਨਾਮੋ-ਨਿਸ਼ਾਨ ਮਿਟਾਈਏ। ਭਾਈਚਾਰਕ ਸਾਂਝ ਨੂੰ ਜਨ-ਜਨ ਤੱਕ ਪਹੁੰਚਾਈਏ ਤਾਂ ਜੋ ਸੱਚਮੁੱਚ ਸਾਡਾ ਭਾਰਤ ਮਹਾਨ ਹੋ ਜਾਵੇ।     
                                                                                                                    - ਅਜੇ ਕੁਮਾਰ

Thursday 11 August 2016

ਲੀਡਰ ਰਿਮਾਂਡ 'ਤੇ

ਬਾਬਾ ਸਾਹਿਬ ਅੰਬੇਡਕਰ ਨੇ ਭਾਰਤ ਦੇ ਸੰਵਿਧਾਨ ਨੂੰ ਇੰਨਾ ਮਜ਼ਬੂਤ ਬਣਾਇਆ ਕਿ ਅੱਜ ਦੁਨੀਆਂ ਭਰ ਦੇ ਵਿਦਵਾਨ ਮੰਨਦੇ ਹਨ ਕਿ ਜੇ ਅਜੇ ਵੀ ਭਾਰਤ ਵਿੱਚ ਲੋਕਤੰਤਰ ਜਿਊਂਦਾ ਹੈ ਤਾਂ ਉਸ ਦਾ ਕਾਰਨ ਹੈ ਤਾਕਤਵਰ ਅਤੇ ਬੇਮਿਸਾਲ ਸੰਵਿਧਾਨ। ਜੇ ਸਾਡੇ ਲੀਡਰ ਸੰਵਿਧਾਨ ਦੀਆਂ ਹੱਦਾਂ ਵਿੱਚ ਨਾ ਬੰਨ੍ਹੇ ਹੁੰਦੇ ਤਾਂ ਕਦੋਂ ਦਾ ਦੇਸ਼ ਨੂੰ ਵੇਚ ਕੇ ਖਾ ਜਾਂਦੇ।  ਜੇਕਰ ਭਾਰਤੀ ਸੰਵਿਧਾਨ ਦਾ ਗਹਿਰਾਈ ਨਾਲ ਅਧਿਐਨ ਕਰੀਏ ਤਾਂ ਪਤਾ ਚੱਲਦਾ ਹੈ ਕਿ ਸੰਵਿਧਾਨ ਨੇ ਹਰ ਭਾਰਤੀ ਨਾਗਰਿਕ ਨੂੰ ਬਰਾਬਰਤਾ ਦੇ ਹੱਕ ਦਿੱਤੇ ਹਨ ਤੇ ਸੰਵਿਧਾਨ ਮਨੁੱਖ ਦੀ ਹਰ ਤਰ੍ਹਾਂ ਦੀ ਅਜ਼ਾਦੀ ਲਈ ਵਰਦਾਨ ਹੈ। ਭਾਰਤ ਦਾ ਸੰਵਿਧਾਨ ਕਿਸੇ ਵੀ ਵਿਅਕਤੀ ਨੂੰ ਦੂਸਰੇ ਮਨੁੱਖ ਨੂੰ ਕਿਸੇ ਵੀ ਪ੍ਰਕਾਰ ਦੀ ਪ੍ਰਤਾੜਨਾ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਹਰ ਜ਼ੁਰਮ ਦੇ ਲਈ ਸਖ਼ਤ ਕਾਨੂੰਨ ਹਨ, ਹਰ ਨਾਗਰਿਕ ਦੇ ਆਪਣੇ ਹੱਕ ਹਨ ਤੇ ਹੱਕਾਂ ਦੇ ਨਾਲ-ਨਾਲ ਸੰਵਿਧਾਨ ਨੇ ਜ਼ਿੰਮੇਵਾਰੀਆਂ ਵੀ ਨਿਰਧਾਰਿਤ ਕੀਤੀਆਂ ਹਨ। ਭਾਰਤ ਦਾ ਸੰਵਿਧਾਨ ਮਨੁੱਖਤਾ ਦੀ ਹੀ ਰੱਖਿਆ ਨਹੀਂ ਕਰਦਾ ਬਲਕਿ ਜਾਨਵਰਾਂ ਦੀ ਰੱਖਿਆ ਲਈ ਵੀ ਸੰਵਿਧਾਨ 'ਚ ਸਖ਼ਤ ਕਾਨੂੰਨ ਬਣਾਏ ਗਏ ਹਨ। ਕੋਈ ਰਾਜਾ ਅੱਜ ਜੰਗਲਾਂ 'ਚ ਸ਼ਿਕਾਰ ਨਹੀਂ ਕਰ ਸਕਦਾ, ਕੁੱਤਿਆਂ, ਘੋੜਿਆਂ ਲਈ ਵੀ ਕਾਨੂੰਨ ਹਨ, ਟਾਂਗਾ ਚਲਾਉਣ ਵਾਲਾ ਘੋੜੇ ਨੂੰ ਮਾਰਨ ਲਈ ਆਪਣੇ ਕੋਲ ਚਾਬੁਕ ਤੱਕ ਨਹੀਂ ਰੱਖ ਸਕਦਾ ਪਰ ਸਮੇਂ ਦੀਆਂ ਸਰਕਾਰਾਂ 'ਚ ਬੈਠੇ ਸਵਾਰਥੀ ਲੀਡਰਾਂ ਅਤੇ ਬੇਈਮਾਨ ਪ੍ਰਸ਼ਾਸਕਾਂ ਨੇ ਇਸ ਸੰਵਿਧਾਨ ਦੀਆਂ ਸਮੇਂ-ਸਮੇਂ 'ਤੇ ਧੱਜੀਆਂ ਉਡਾ ਕੇ ਭਾਰਤ ਦਾ ਮਾਹੌਲ ਨਰਕ ਤੋਂ ਬੱਦਤਰ ਕਰ ਦਿੱਤਾ ਹੈ। ਇਸ ਨੂੰ ਭਾਰਤ ਦੀ ਬਦਕਿਸਮਤੀ ਹੀ ਕਿਹਾ ਜਾਵੇਗਾ ਕਿ ਜੋ ਗੁੰਡੇ, ਬੇਈਮਾਨ, ਅਨਪੜ੍ਹ, ਸਮਾਜ ਵਿਰੋਧੀ ਅਨਸਰ ਸਨ, ਉਹ ਅੱਜ ਲੀਡਰ, ਅਫ਼ਸਰ, ਮੀਡੀਆ ਦੇ ਰੂਪ ਵਿੱਚ ਇਕੱਠੇ ਹੋ ਗਏ ਹਨ ਤੇ ਇਸ ਮਾਫੀਏ ਨੇ ਆਮ ਆਦਮੀ ਦਾ ਜੀਵਨ ਜਾਨਵਰਾਂ ਤੋਂ ਵੀ ਬੱਦਤਰ ਕਰ ਦਿੱਤਾ ਹੈ। ਅੱਜ ਭਾਰਤ ਦਾ ਕੋਈ ਹਿੱਸਾ ਅਜਿਹਾ ਨਹੀਂ ਬਚਿਆ, ਜਿਹੜਾ ਅੱਤਵਾਦ ਦੀ ਚਪੇਟ ਵਿੱਚ ਨਾ ਹੋਵੇ। ਸਿਰਫ਼ ਗੋਲੀਆਂ ਚਲਾ ਕੇ ਬੰਦੇ ਮਾਰਨ ਨੂੰ ਹੀ ਅੱਤਵਾਦ ਨਹੀਂ ਕਿਹਾ ਜਾਂਦਾ, ਡਰ, ਖੌਫ, ਭੈਅ ਦਾ ਵਾਤਾਵਰਣ ਬਣਾਉਣਾ, ਕਿਸੇ ਨੂੰ ਸਰੀਰਿਕ, ਮਾਨਸਿਕ, ਬੌਧਿਕ ਤੌਰ 'ਤੇ ਪ੍ਰਤਾੜਿਤ ਕਰਨਾ, ਕਿਸੇ ਨਾਗਰਿਕ ਦੇ ਮੁਢਲੇ ਹੱਕਾਂ ਨੂੰ ਖੋਹਣ ਦੀ ਕੋਸ਼ਿਸ਼ ਕਰਨਾ ਵੀ ਅੱਤਵਾਦ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਗੋਲੀਆਂ ਚਲਾਉਣ ਵਾਲਾ ਅੱਤਵਾਦ ਤਾਂ ਪੁਲਿਸ-ਫੌਜ ਕਾਬੂ ਕਰ ਲਵੇਗੀ ਪਰ ਕਮਜ਼ੋਰ ਆਦਮੀ ਦੇ ਖੌਫ ਦਾ ਮਾਹੌਲ ਉਦੋਂ ਹੀ ਖਤਮ ਹੋਵੇਗਾ ਜਦੋਂ ਹਰ ਭਾਰਤੀ ਆਪਣੇ ਹੱਕਾਂ ਨੂੰ ਪਛਾਣ ਕੇ ਮਾਫ਼ੀਏ ਨੂੰ ਸਖ਼ਤ ਸ਼ਬਦਾਂ 'ਚ ਜਵਾਬ ਦੇਵੇਗਾ। ਭਾਰਤ ਨੂੰ ਰੱਬ ਨੇ ਸਭ ਤਰ੍ਹਾਂ ਦੇ ਕੁਦਰਤੀ ਸਰੋਤ ਦਿੱਤੇ ਹਨ, ਜਿਨ੍ਹਾਂ ਤੋਂ ਦੁਨੀਆਂ ਦਾ ਵੱਡਾ ਹਿੱਸਾ ਵਾਂਝਾ ਹੈ ਪਰ ਫਿਰ ਵੀ ਕਦੇ ਸਾਨੂੰ ਸੋਕਾ ਮਾਰ ਜਾਂਦਾ ਹੈ, ਕਦੇ ਹੜ੍ਹਾਂ ਦੀ ਮਾਰ ਪੈ ਜਾਂਦੀ ਹੈ, ਆਮ ਆਦਮੀ ਨੂੰ ਠੰਢ ਵੀ ਮਾਰਦੀ ਹੈ ਤੇ  ਗਰਮੀ ਵੀ ਮਾਰਦੀ ਹੈ। ਇਸ ਦਾ ਕਾਰਣ ਕੁਝ ਹੋਰ ਨਹੀਂ ਪ੍ਰਸ਼ਾਸਨ 'ਤੇ ਰਾਜ ਕਰਨ ਵਾਲਿਆਂ ਲੀਡਰਾਂ ਦੀਆਂ ਲਾਪ੍ਰਵਾਹੀਆਂ ਹਨ ਜੋ ਕੁਦਰਤੀ ਸਰੋਤਾਂ ਦਾ ਪ੍ਰਬੰਧਨ ਗੰਭੀਰਤਾ ਨਾਲ ਨਹੀਂ ਕਰਦੇ। ਲੋਕਤੰਤਰ ਵਿੱਚ ਪ੍ਰਸ਼ਾਸਨ ਨੂੰ ਲੋਕਾਂ ਦੁਆਰਾ ਚੁਣੇ ਨੁਮਾਇੰਦੇ ਚਲਾਉਂਦੇ ਹਨ। ਇਸ ਤਰ੍ਹਾਂ ਇਸ ਕਾਰਣ ਮੈਂ ਕਹਿ ਸਕਦਾ ਹਾਂ ਕਿ ਜੇ ਨੁਮਾਇੰਦੇ ਗਲਤ ਚੁਣ ਕੇ ਜਾਣਗੇ ਤਾਂ ਸਰਕਾਰਾਂ ਵਿੱਚ ਕਮੀਆਂ ਰਹਿਣਗੀਆਂ ਹੀ। ਸਾਡੇ ਆਮ ਲੋਕਾਂ ਵਿੱਚ ਜਾਗ੍ਰਿਤੀ ਦੀ ਕਮੀ ਹੈ ਜੇ ਜਾਗ੍ਰਿਤੀ ਆ ਜਾਵੇ ਤਾਂ ਚੁਣੇ ਹੋਏ ਨੁਮਾਇੰਦੇ ਕਦੇ ਲੋਕਾਂ ਨਾਲ ਧੋਖਾ ਕਰਨ ਦੀ ਹਿੰਮਤ ਨਹੀਂ ਕਰਨਗੇ। ਜੇ ਅਸੀਂ ਆਪਣੀਆਂ ਸਰਕਾਰਾਂ ਨੂੰ ਦੋਸ਼ ਦਿੰਦੇ ਹਾਂ, ਉਨ੍ਹਾਂ ਨੂੰ ਨਿਕੰਮੀਆਂ, ਭ੍ਰਿਸ਼ਟਾਚਾਰੀ ਅਤੇ ਬੇਈਮਾਨ ਦੱਸਦੇ ਹਾਂ ਤਾਂ ਮੈਂ ਕਹਾਂਗਾ ਕਿ ਇਸ ਵਿੱਚ ਭਾਰਤੀ ਜਨਤਾ ਦੀ ਪਸੰਦ ਹੀ ਘਟੀਆ ਤੇ ਨਿਕੰਮੀ ਹੈ। ਕਿੱਥੇ ਕਮੀ ਰਹਿ ਗਈ, ਕਿੱਥੇ ਮਾਹੌਲ ਵਿਗੜ ਗਿਆ, ਕਦੋਂ ਮਾਹੌਲ ਖਰਾਬ ਹੋਇਆ ਕਿਵੇਂ ਭਾਰਤ ਦੇ ਸੰਵਿਧਾਨ ਨੂੰ ਅਣਗੌਲਣ ਦੀ ਬਜਾਏ ਮਜ਼ਬੂਤ ਬਣਾਇਆ ਜਾਵੇ। ਇਹ ਸਵਾਲ ਹਨ ਜਿਸ ਦਾ ਜਵਾਬ ਹਰ ਭਾਰਤੀ ਨਾਗਰਿਕ ਦੇ ਅੰਦਰ ਲੁਕਿਆ ਪਿਆ ਹੈ। ਭਾਰਤ ਦੀ ਗੱਲ ਫਿਰ ਕਦੇ ਜੇ ਪੰਜਾਬ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਹਾਲਾਤ ਕਿਸੇ ਤੋਂ ਲੁਕੇ-ਛਿਪੇ ਨਹੀਂ। ਪੰਜਾਬ ਵਿੱਚ ਅਜ਼ਾਦੀ ਤੋਂ ਬਾਅਦ ਜਾਂ ਅਕਾਲੀ-ਭਾਜਪਾ ਦੀ ਸਰਕਾਰ ਰਹੀ ਹੈ ਜਾਂ ਕਾਂਗਰਸ ਦੀ। ਇਸ ਕਾਰਣ ਅਸੀਂ ਕਹਿ ਸਕਦੇ ਹਾਂ ਕਿ ਜੇ ਅੱਜ ਪੰਜਾਬ ਦਾ ਹਾਲ ਬੁਰਾ ਹੈ, ਉਸ ਦੇ ਵਿੱਚ ਇਨ੍ਹਾਂ ਦੋਨਾਂ ਹੀ ਪਾਰਟੀਆਂ ਦਾ ਹੱਥ ਹੈ। ਕਿਉਂਕਿ ਇਨ੍ਹਾਂ ਤੋਂ ਇਲਾਵਾ ਅਜੇ ਤੱਕ ਕੋਈ ਤੀਸਰੀ ਧਿਰ ਨੇ ਪੰਜਾਬ 'ਤੇ ਰਾਜ ਨਹੀਂ ਕੀਤਾ। ਵੋਟਾਂ ਸਾਹਮਣੇ ਦੇਖ ਕੇ ਮੇਲੇ ਵਿੱਚ ਮੱਲ੍ਹਾਂ ਮਾਰਨ ਲਈ ਨਵੀਆਂ ਬਣੀਆਂ ਪਾਰਟੀਆਂ ਵੀ ਆ ਰਹੀਆਂ ਹਨ। ਉਨ੍ਹਾਂ ਕੋਲ ਪੰਜਾਬ ਨੂੰ ਤਰੱਕੀ ਦੀ ਰਾਹ 'ਤੇ ਲਿਜਾਣ ਲਈ ਕੋਈ ਜ਼ਮੀਨੀ ਪੱਧਰ ਦੀ ਯੋਜਨਾ ਤਾਂ ਨਹੀਂ ਪਰ ਉਹ ਦੂਸਰਿਆਂ ਨੂੰ ਗਾਲ੍ਹਾਂ ਕੱਢਣ 'ਚ ਬਹੁਤ ਮਾਹਿਰ ਹਨ, ਉਹ ਚਾਹੁੰਦੇ ਹਨ  ਪੰਜਾਬੀਆਂ ਨੂੰ ਸਬਜ਼ਬਾਗ ਦਿਖਾ ਕੇ ਰਹਿੰਦੀ-ਖੂੰਹਦੀ ਕਸਰ ਵੀ ਪੂਰੀ ਕਰ ਦਿੱਤੀ ਜਾਵੇ। ਇਹ ਪਾਰਟੀਆਂ ਰਾਜ ਵਿੱਚ ਆਉਣ ਨੂੰ ਇੰਨੀਆਂ ਕੁ ਬੇਤਾਬ ਹਨ ਕਿ ਮੈਨੂੰ ਲੱਗਦਾ ਹੈ ਕਿ ਸੱਤਾ 'ਚ ਪਹੁੰਚਣ ਤੋਂ ਪਹਿਲਾਂ-ਪਹਿਲਾਂ ਇਨ੍ਹਾਂ ਦੀਆਂ ਆਪਸੀ ਲੜਾਈਆਂ ਨੇ ਹੀ ਇਨ੍ਹਾਂ ਦਾ ਨਾਸ਼ ਕਰ ਦੇਣਾ ਹੈ। ਪਾਰਟੀਆਂ ਨੂੰ ਕੋਸਣਾ ਮੇਰਾ ਕੰਮ ਨਹੀਂ ਪਰ ਮੈਂ ਆਪਣੇ ਲੇਖ ਰਾਹੀਂ ਪੰਜਾਬੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਹੁਣ ਚੋਣਾਂ ਨਜ਼ਦੀਕ ਆ ਗਈਆਂ ਹਨ, ਵੋਟ ਦੀ ਤਾਕਤ ਤੁਹਾਡੇ ਹੱਥ ਹੈ, ਸਭ ਪਾਰਟੀਆਂ ਦੇ ਲੀਡਰਾਂ ਨੇ ਤੁਹਾਡੇ ਦਰਾਂ 'ਤੇ ਮੱਥਾ ਟੇਕਣ ਜ਼ਰੂਰ ਆਉਣਾ ਹੈ ਤਾਂ ਜੋ ਤੁਹਾਡੀਆਂ ਵੋਟਾਂ ਲੈ ਕੇ, ਤੁਹਾਨੂੰ ਬੇਵਕੂਫ ਬਣਾ ਕੇ ਆਉਂਦੇ 5 ਸਾਲਾਂ ਤੱਕ ਗੁੰਡਾਗਰਦੀ ਕਰ ਸਕਣ। ਨੁਮਾਇੰਦਾ ਚਾਹੇ ਜਿਸ ਮਰਜ਼ੀ ਪਾਰਟੀ ਦਾ ਹੋਵੇ, ਲੀਡਰ ਕੋਈ ਜਿੰਨਾ ਮਰਜ਼ੀ ਵੱਡਾ ਹੋਵੇ ਪਰ ਚੋਣਾਂ ਵਿੱਚ ਉਹ ਜਨਤਾ ਦੇ ਰਿਮਾਂਡ 'ਤੇ ਹੁੰਦਾ ਹੈ। ਪੁਲਿਸ ਕਿਸੇ ਵੀ ਸ਼ੱਕੀ ਅਪਰਾਧੀ ਨੂੰ ਉਸ ਦੀ ਗਲਤੀ ਕਬੂਲ ਕਰਵਾਉਣ ਲਈ ਅਪਰਾਧ ਦੀਆਂ ਹੋਰ ਜਾਣਕਾਰੀਆਂ ਲੈਣ ਲਈ ਪੁਲਿਸ ਅਦਾਲਤ ਰਾਹੀਂ ਰਿਮਾਂਡ ਲੈਂਦੀਆਂ ਹਨ। ਰਿਮਾਂਡ ਦੇ ਦੌਰਾਨ ਉਹ ਸ਼ੱਕੀ ਵਿਅਕਤੀ ਕੋਲੋਂ ਹਰ ਤਰ੍ਹਾਂ ਦੀ ਪੁੱਛਗਿੱਛ ਕਰਦੀ ਹੈ, ਹਰ ਤਰੀਕੇ ਨਾਲ ਜਾਣਕਾਰੀ ਇਕੱਠੀ ਕਰਦੀ ਹੈ ਫਿਰ ਨਿਰਧਾਰਿਤ ਕੀਤਾ ਜਾਂਦਾ ਹੈ ਕਿ ਇਹ ਵਿਅਕਤੀ ਅਪਰਾਧੀ ਹੈ ਜਾਂ ਨਹੀਂ। ਕੀ ਇਸ ਵਿਅਕਤੀ ਨੇ ਚੋਰੀ ਕੀਤੀ ਹੈ ਜਾਂ ਨਹੀਂ। ਕੁਝ ਉਸੇ ਤਰੀਕੇ ਨਾਲ ਸਭ ਲੀਡਰ ਚੋਣਾਂ ਦੌਰਾਨ ਜਨਤਾ ਦੇ ਰਿਮਾਂਡ 'ਤੇ ਹੁੰਦੇ ਹਨ ਤੇ ਜਨਤਾ ਦਾ ਫਰਜ਼ ਹੈ ਕਿ ਰਿਮਾਂਡ ਦੇ ਵਕਫੇ ਦਾ ਪੂਰਾ ਇਸਤੇਮਾਲ ਕਰਦੇ ਹੋਏ ਇਨ੍ਹਾਂ ਲੀਡਰਾਂ ਨੂੰ ਤਰੀਕੇ ਨਾਲ ਰਿਮਾਂਡ 'ਤੇ ਲੈਣ, ਇਨ੍ਹਾਂ ਦੀਆਂ ਕੀਤੀਆਂ ਕਰਤੂਤਾਂ, ਮਾੜੇ ਕਾਰਨਾਮਿਆਂ, ਮਾੜੀਆਂ ਨੀਅਤਾਂ ਦਾ ਹਿਸਾਬ ਲਿਆ ਜਾਵੇ ਤੇ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਤਸੱਲੀ ਕਰ ਲਈ ਜਾਵੇ ਕਿ ਆਉਣ ਵਾਲੇ 5 ਸਾਲਾਂ ਵਿੱਚ ਲੀਡਰ ਜਨਤਾ ਦੇ ਭਲੇ ਲਈ ਕੀ ਕਰੇਗਾ। ਲੀਡਰਾਂ ਨੂੰ ਇੰਨੀ ਕੁ ਅਕਲ ਸਿਖਾ ਦਿਓ ਕਿ 5 ਸਾਲ ਉਹ ਦਹਿਸ਼ਤ ਵਿੱਚ ਜੀਵੇ ਤੇ ਉਸ ਨੂੰ ਸੁੱਤੇ-ਜਾਗਦੇ ਖਿਆਲ ਆਉਂਦਾ ਰਹੇ ਕਿ ਮੁੜ ਜਨਤਾ ਦੀ ਕਚਹਿਰੀ ਵਿੱਚ ਜਾਣਾ ਪੈਣਾ ਹੈ ਤੇ ਮੁੜ ਮੇਰਾ ਜਨਤਾ ਨੇ ਰਿਮਾਂਡ ਲੈਣਾ ਹੈ। ਹੁਣ ਦੇਖਦੇ ਹਾਂ ਕਿ 2017 ਦੀਆਂ ਚੋਣਾਂ ਵਿੱਚ ਪੰਜਾਬ ਦੀ ਜਨਤਾ ਲੀਡਰਾਂ ਦਾ ਰਿਮਾਂਡ ਲੈਂਦੀ ਹੈ ਜਾਂ ਇਕ ਵਾਰ ਫਿਰ ਪੰਜਾਬ ਦੇ ਲੀਡਰ ਇਨ੍ਹਾਂ ਨੂੰ ਮੂਰਖ ਬਣਾ ਕੇ ਸੱਤਾ ਪ੍ਰਾਪਤ ਕਰਕੇ ਆਪਣੇ ਸਵਾਰਥ ਸਿੱਧ ਕਰਨ 'ਚ ਸਫਲ ਹੋ ਗਏੇ ਹਨ।                                                                                     - ਅਜੈ ਕੁਮਾਰ

Monday 25 July 2016

ਦੇਸ਼ ਧਰਮ

ਵਿਸ਼ਵ ਪ੍ਰਸਿੱਧ ਵਿਦਵਾਨ, ਯੁਗਪੁਰਸ਼ ਡਾ. ਭੀਮ ਰਾਓ ਅੰਬੇਡਕਰ ਜੀ ਨੇ ਆਪਣੇ ਜੀਵਨ ਦੇ ਅਧਿਐਨ ਦਾ ਨਿਚੋੜ ਸਾਡੇ ਸਾਹਮਣੇ ਰੱਖਦੇ ਹੋਏ ਕਿਹਾ ਕਿ ਸਾਰੇ ਧਾਰਮਿਕ ਸ਼ਾਸਤਰ ਪੁਰਾਣੇ ਜ਼ਮਾਨੇ ਦੇ ਕਾਨੂੰਨ ਹਨ ਅਤੇ ਕਾਨੂੰਨਾਂ ਨੂੰ  ਮਨੁੱਖਤਾ ਦੀ ਭਲਾਈ ਲਈ ਹੋਰ ਵੀ ਵਧੀਆ ਢੰਗ ਨਾਲ ਬਦਲਿਆ ਜਾ ਸਕਦਾ ਹੈ। ਭਾਰਤੀ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਭਾਰਤ ਦਾ ਸੰਵਿਧਾਨ ਹੀ ਦੇਸ਼ ਦਾ ਸਰਵਪ੍ਰਿਯ ਗ੍ਰੰਥ ਹੈ ਅਤੇ ਸਾਰੇ ਭਾਰਤੀਆਂ ਨੂੰ ਸੰਵਿਧਾਨ ਦੇ ਮੁਤਾਬਿਕ ਹੀ ਚੱਲਣਾ ਹੋਵੇਗਾ। ਸਾਰੇ ਪ੍ਰਸ਼ਾਸਨਿਕ ਅਧਿਕਾਰੀ ਇਸ ਨੂੰ ਮੰਨਣਗੇ ਅਤੇ ਇਮਾਨਦਾਰੀ ਨਾਲ ਲਾਗੂ ਕਰਨਗੇ ਅਤੇ ਸੰਵਿਧਾਨ ਬਾਰੇ ਆਮ ਨਾਗਰਿਕਾਂ ਨੂੰ ਜਾਗ੍ਰਿਤ ਵੀ ਕਰਨਗੇ ਤਾਂ ਜੋ ਉਹ ਆਪਣੇ ਹੱਕ ਲੈ ਸਕਣ ਅਤੇ ਫਰਜ਼ ਨਿਭਾ ਸਕਣ। ਲੋਕਾਂ ਵੱਲੋਂ ਚੁਣੇ ਗਏ ਨੁਮਾਇੰਦਿਆਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਭਾਰਤ ਦੇ ਸੰਵਿਧਾਨ ਦੀ ਰੱਖਿਆ ਕਰਨ ਅਤੇ ਉਸ ਨੂੰ ਇਮਾਨਦਾਰੀ ਨਾਲ ਲਾਗੂ ਕਰਵਾਉਣ ਲਈ ਪੂਰੇ ਯਤਨ ਕਰਨ। ਭਾਰਤ ਦਾ ਸੰਵਿਧਾਨ ਹੀ ਦੇਸ਼ ਦਾ ਗ੍ਰੰਥ ਹੈ। ਦੇਸ਼ ਭਗਤੀ ਹੀ ਸਭ ਤੋਂ ਉੱਤਮ ਧਰਮ ਹੈ। ਕਹਿਣ ਦਾ ਭਾਵ ਇਹ ਹੈ ਕਿ ਸਾਰੇ ਮਨੁੱਖ ਆਪਣੇ-ਆਪਣੇ ਧਰਮ ਨੂੰ ਮੰਨ ਤਾਂ ਸਕਦੇ ਹਨ, ਆਪਣੇ ਰਹਿਬਰਾਂ ਦੀ ਪੂਜਾ-ਉਸਤਤ ਜਾਂ ਉਨ੍ਹਾਂ ਦਾ ਪ੍ਰਚਾਰ-ਪ੍ਰਸਾਰ ਤਾਂ ਕਰ ਸਕਦੇ ਹਨ ਪਰ ਸਮਾਜਿਕ ਤੌਰ 'ਤੇ ਉਨ੍ਹਾਂ ਨੂੰ ਸੰਵਿਧਾਨ ਦੇ ਮੁਤਾਬਿਕ ਹੀ ਚੱਲਣਾ ਪਵੇਗਾ। ਤੁਹਾਡਾ ਆਪਣਾ ਧਰਮ, ਰੀਤੀ-ਰਿਵਾਜ਼, ਤੌਰ-ਤਰੀਕਾ ਹੋ ਸਕਦਾ ਹੈ, ਤੁਸੀਂੇ ਆਪਣੀ ਅਜ਼ਾਦੀ ਦਾ ਆਪਣੇ ਧਰਮ 'ਚ ਰਹਿ ਕੇ ਅਨੰਦ ਤਾਂ ਮਾਣ ਸਕਦੇ ਹੋ, ਪਰ ਆਪਣੀ ਧਾਰਮਿਕ ਕੱਟੜਤਾ ਕਿਸੇ 'ਤੇ ਥੋਪ ਨਹੀਂ ਸਕਦੇ ਤੇ ਕਿਸੇ ਦੇ ਧਰਮ ਅਤੇ ਕਿਸੇ ਦੀ ਆਸਥਾ ਨੂੰ ਠੇਸ ਨਹੀਂ ਪਹੁੰਚਾ ਸਕਦੇ ਪਰ ਮੌਜੂਦਾ ਸਮੇਂ ਭਾਰਤ 'ਚ ਧਰਮ ਦੇ ਠੇਕੇਦਾਰਾਂ ਨੇ ਆਪਣੇ-ਆਪਣੇ ਧਰਮ, ਆਪੋ-ਆਪਣੀਆਂ ਕੌਮਾਂ ਦੇ ਪੈਰੋਕਾਰ ਬਣ ਕੇ ਅੰਧ-ਵਿਸ਼ਵਾਸ ਫੈਲਾਉਣਾ ਮੁੱਖ ਧੰਦਾ ਬਣਾ ਲਿਆ ਹੈ। ਜਿਨ੍ਹਾਂ ਦਾ ਇੱਕੋ-ਇਕ ਕੰਮ ਹੈ ਕਿ ਕਿਵੇਂ ਇਕ-ਦੂਜੇ ਪ੍ਰਤੀ ਵੱਧ ਤੋਂ ਵੱਧ ਨਫ਼ਰਤ ਪੈਦਾ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੀ ਝੂਠੀ ਸ਼ਾਨੋ-ਸ਼ੌਕਤ ਅਤੇ ਉਨ੍ਹਾਂ ਦਾ ਹਲਵਾ-ਮੰਡਾ ਚੱਲਦਾ ਰਹੇ। ਇਸ ਸਮੇਂ ਬਹੁਤ ਸਾਰੇ ਦਾਰਸ਼ਨਿਕ, ਬੁੱਧੀਮਾਨ ਅਤੇ ਮੀਡੀਆ ਨਾਲ ਜੁੜੇ ਲੋਕ ਮੌਜੂਦਾ ਹਾਲਾਤ ਨੂੰ ਗ੍ਰਹਿ ਯੁੱਧ ਵਜੋਂ ਦੇਖ ਰਹੇ ਹਨ। ਮੈਂ ਮੌਜੂਦਾ ਦੌਰ ਨੂੰ ਦੇਸ਼ ਦਾ ਬਹੁਤ ਮਾੜਾ ਦੌਰ ਤਾਂ ਮੰਨਦਾ ਹਾਂ ਪਰ ਇਸ ਨੂੰ ਗ੍ਰਹਿ ਯੁੱਧ ਵਜੋਂ ਨਹੀਂ ਦੇਖ ਰਿਹਾ। ਕਿਉਂਕਿ ਗ੍ਰਹਿ ਯੁੱਧ ਲੱਗਣ ਦੇ ਲਈ ਦੋ ਵਿਚਾਰਧਾਰਾਵਾਂ ਚਾਹੀਦੀਆਂ ਹਨ ਪਰ  ਇਸ ਸਮੇਂ ਦੇਸ਼ ਵਿੱਚ ਅਣਗਿਣਤ ਕਹਿਣ ਦਾ ਭਾਵ ਲੱਖਾਂ ਵਿਚਾਰਧਾਰਾਵਾਂ ਚੱਲ ਰਹੀਆਂ ਹਨ। ਜਿਸ ਕਰਕੇ ਆਮ ਆਦਮੀ ਦਾ ਬਹੁਤ ਮਾੜਾ ਹਾਲ ਹੈ। ਉਸ ਦਾ ਕਚੂੰਮਰ ਨਿਕਲਿਆ ਹੈ ਉਹ ਤ੍ਰਾਹੀ-ਤ੍ਰਾਹੀ ਕਰ ਰਿਹਾ ਹੈ। ਇਸ ਲਈ ਹਰ ਇਕ ਭਾਰਤੀ ਦਾ ਫਰਜ਼ ਬਣਦਾ ਹੈ ਕਿ ਉਹ ਦੇਸ਼ ਦਾ ਧਰਮ ਨਿਭਾਉਣ ਲਈ ਜਾਗਰੂਕ ਹੋਵੇ। ਇਸ ਸਮੇਂ ਜ਼ਿਆਦਾਤਰ ਪ੍ਰਸ਼ਾਸਨਿਕ ਅਧਿਕਾਰੀ ਦੇਸ਼ ਦਾ ਧਰਮ ਨਿਭਾਉਣ ਵਿੱਚ ਅਸਫਲ ਹਨ। ਹਾਲਾਂਕਿ ਭਾਰਤੀ ਸੰਵਿਧਾਨ ਨੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਲਈ ਲੋਕਾਂ ਵੱਲੋਂ ਨੁਮਾਇੰਦੇ ਚੁਣੇ ਜਾਣ ਦੀ ਵਿਵਸਥਾ ਵੀ ਕੀਤੀ ਹੋਈ ਹੈ ਤੇ ਇਨ੍ਹਾਂ ਚੁਣੇ ਹੋਏ ਨੁਮਾਇੰਦਿਆਂ ਨੂੰ ਹਦਾਇਤਾਂ ਵੀ ਹਨ ਕਿ ਉਹ ਇਸ ਗੱਲ 'ਤੇ ਚੌਕਸ ਰਹਿਣ ਕਿ ਪ੍ਰਸ਼ਾਸਨਿਕ ਅਧਿਕਾਰੀ ਭਾਰਤੀ ਸੰਵਿਧਾਨ ਦੀ ਉਲੰਘਣਾ ਨਾ ਕਰਨ, ਕਿਤੇ ਉਹ ਲੋਕਾਂ ਦੇ ਹਿਤਾਂ ਨਾਲ ਖਿਲਵਾੜ ਤਾਂ ਨਹੀਂ ਕਰ ਰਹੇ?ਇਸ ਗੱਲ ਦਾ ਖਿਆਲ ਵੀ ਚੁਣੇ ਹੋਏ ਨੁਮਾਇੰਦਿਆਂ ਨੇ ਰੱਖਣਾ ਹੈ ਪਰ ਇਸ ਸਮੇਂ ਲੋਕਤੰਤਰ ਦਾ ਬੁਰੀ ਤਰ੍ਹਾਂ ਵਾਜਾ ਵੱਜਿਆ ਹੋਇਆ ਹੈ ਕਿਉਂਕਿ ਚੁਣੇ ਹੋਏ ਨੁਮਾਇੰਦੇ ਆਪਣੇ ਨਿੱਜੀ ਸਵਾਰਥ ਤੋਂ ਉੱਪਰ ਨਹੀਂ ਉੱਠ ਪਾ ਰਹੇ। ਉਹ ਆਪਣੀ ਜਾਤ, ਧਰਮ ਦੇ ਗੁਣਗਾਨ ਵਿੱਚ ਹੀ ਇੰਨੇ ਮਸਤ ਹੋ ਚੁੱਕੇ ਹਨ ਕਿ ਭੁੱਲ ਗਏ ਹਨ ਕਿ ਉਨ੍ਹਾਂ ਦਾ ਆਪਣੇ ਦੇਸ਼ ਪ੍ਰਤੀ ਵੀ ਕੁਝ ਫਰਜ਼ ਹੈ, ਨਾਲ ਉਹ ਇਹ ਵੀ ਭੁੱਲ ਗਏ ਹਨ ਕਿ ਉਹ ਵੀ ਆਮ ਨਾਗਰਿਕ ਹੀ ਹਨ ਜਿਨ੍ਹਾਂ ਨੂੰ ਭਾਰਤ ਦੇ ਸੰਵਿਧਾਨ ਮੁਤਾਬਿਕ ਹੀ ਚੱਲਣਾ ਪੈਣਾ ਹੈ। ਦੂਸਰੇ ਦੀ ਦੁਖਦੀ ਰਗ ਛੇੜ ਕੇ ਕੋਈ ਸਮਾਜ ਅੱਗੇ ਨਹੀਂ ਵਧ ਸਕਦਾ। ਪਰ ਮੌਜੂਦਾ ਦੌਰ 'ਚ ਜ਼ਿਆਦਾਤਰ ਲੋਕਾਂ ਨੇ ਧਾਰਨਾ ਇਸ ਪ੍ਰਕਾਰ ਦੀ ਬਣਾਈ ਹੋਈ ਹੈ ਕਿ ਜੇਕਰ ਜ਼ਿਕਰ ਕਮਿਊਨਿਸਟਾਂ ਦਾ ਹੁੰਦਾ ਹੈ ਤਾਂ ਗੱਲ ਨਕਸਲੀਆਂ 'ਤੇ ਆ ਕੇ ਰੁਕ ਜਾਂਦੀ ਹੈ, ਜਦੋਂ ਰਾਹੁਲ ਗਾਂਧੀ ਜਾਂ ਸੋਨੀਆ ਦਾ ਨਾਂ ਆਉਂਦਾ ਹੈ ਤਾਂ ਧਿਆਨ ਇਟਲੀ ਵੱਲ ਜ਼ਰੂਰ ਜਾਂਦਾ ਹੈ, ਚਰਚਾ ਮੋਦੀ ਦੀ ਹੋਵੇ ਤਾਂ ਦੰਗਿਆਂ ਦਾ ਜ਼ਿਕਰ ਜ਼ਰੂਰ ਹੋਵੇਗਾ, ਜੇਕਰ ਸੰਘ ਦਾ ਰਾਗ ਸ਼ੁਰੂ ਕਰੀਏ ਤਾਂ ਖਾਖੀ ਨਿੱਕਰ ਤੋਂ ਲੈ ਕੇ ਗੋਡਸੇ ਤੱਕ ਦਾ ਜ਼ਿਕਰ ਹੁੰਦਾ ਹੈ, ਇਸੇ ਤਰ੍ਹਾਂ ਮਹਾਤਮਾ ਗਾਂਧੀ ਦੀ ਗੱਲ ਹੋਵੇ ਤਾਂ ਬ੍ਰਹਮਚਾਰਿਆ, ਬੱਕਰੀ ਦੇ ਢੋਂਗ ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਇਸੇ ਕੜੀ ਦੇ ਵਿੱਚ ਜੇਕਰ ਗੱਲ ਡਾ. ਭੀਮ ਰਾਓ ਅੰਬੇਡਕਰ ਦੀ ਹੋਵੇ ਤਾਂ ਬਹਿਸ ਦਲਿਤਾਂ ਵੱਲ ਮੁੜ ਜਾਂਦੀ ਹੈ। ਸਾਨੂੰ ਸਭ ਦੀਆਂ ਖਾਮੀਆਂ ਨਜ਼ਰ ਆਉਂਦੀਆਂ ਹਨ, ਕਿਉਂਕਿ ਖੂਬੀਆਂ ਦੇਖਣ ਵਾਲੀ ਨਜ਼ਰ ਧੁੰਦਲੀ ਪੈ ਚੁੱਕੀ ਹੈ। ਮੌਜੂਦਾ ਸਮੇਂ ਵਿੱਚ ਦਲਿਤ ਦਾ ਮਤਲਬ ਹੈ ਕੋਟਾ, ਮੁਸਲਮਾਨ ਦਾ ਮਤਲਬ ਹੈ ਪਾਕਿਸਤਾਨ, ਬ੍ਰਾਹਮਣ ਦਾ ਮਤਲਬ ਹੈ ਮਨੂੰ, ਬਣੀਏ ਦਾ ਮਤਲਬ ਖੂਨ ਚੂਸਣ ਵਾਲਾ ਲਾਲਾ, ਕਸ਼ਮੀਰੀ ਦਾ ਅਰਥ ਹੈ ਅਲਗਾਵਵਾਦੀ, ਨੇਪਾਲੀ ਸਭ ਲਈ ਬਹਾਦਰ ਹੋ ਗਿਆ,  ਠਾਕੁਰ ਜੇ ਰਸੂਖਦਾਰ ਹੈ ਤਾਂ ਸ਼ੋਸ਼ਕ ਹੈ, ਕਹਿਣ ਦਾ ਭਾਵ ਹਰ ਜਾਤ-ਪਾਤ ਦੀਆਂ ਕਮੀਆਂ ਤੇ ਖਾਮੀਆਂ ਹਮੇਸ਼ਾ ਸਾਡੀ ਜ਼ੁਬਾਨ 'ਤੇ ਰਹਿੰਦੀਆਂ ਹਨ, ਫਰਕ ਸਿਰਫ ਇੰਨਾ ਹੈ ਕਿ ਕੁਝ ਲੋਕ ਮੂੰਹ 'ਤੇ ਬੋਲ ਦਿੰਦੇ ਹਨ ਤੇ ਜ਼ਿਆਦਾਤਰ ਪਿੱਠ 'ਤੇ। ਸਾਰਿਆਂ ਦੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਕਿਵੇਂ ਸਾਹਮਣੇ ਵਾਲੇ ਦੀ ਕਮਜ਼ੋਰ ਨਸ ਨੂੰ ਦਬਾਇਆ ਜਾਵੇ ਤਾਂ ਕਿ ਉਸ ਦਾ ਤ੍ਰਾਹ ਨਿਕਲ ਜਾਵੇ। ਜੇ ਪੱਤਰਕਾਰ ਹੈ ਤਾਂ ਉਹ ਬਲੈਕਮੇਲਰ ਹੈ, ਪੁਲਿਸ ਵਾਲਾ ਹੈ ਤਾਂ ਠੁੱਲਾ ਹੈ, ਸਰਕਾਰ 'ਚ ਅਫਸਰ ਜਾਂ ਲੀਡਰ ਹੈ ਤਾਂ ਕਰਪਟ ਹੈ, ਡਾਕਟਰ ਹੈ ਤਾਂ ਲੁਟੇਰਾ ਹੈ, ਵਪਾਰੀ ਠੇਕੇਦਾਰ ਜਾਂ ਸਾਹੂਕਾਰ ਹੈ ਤਾਂ ਜ਼ਰੂਰ ਗੁੰਡਾ ਹੋਵੇਗਾ, ਜੇ ਕੋਈ ਲੜਕੀ ਮਾਡਲ, ਐਂਕਰ, ਹੋਸਟਸ, ਰਿਸੈਪਸ਼ਨਿਸਟ, ਲੀਡਰ ਤਲਾਕਸ਼ੁਦਾ ਹੈ ਤਾਂ ਸਾਡੇ ਕੋਲ ਬੇਸਿਰ ਪੈਰ ਦੀਆਂ ਟਿੱਪਣੀਆਂ ਦੀ ਕੋਈ ਕਮੀ ਨਹੀਂ। ਸਰਵਜਨਕ ਤੌਰ 'ਤੇ ਭਾਵੇਂ ਇਸ ਘਟੀਆ ਸੋਚ ਨੂੰ ਢਕ ਲਈਏ ਪਰ ਅੰਦਰ ਹੀ ਅੰਦਰ ਇਹ ਸੋਚ ਸਾਡੇ ਸਮਾਜ ਨੂੰ, ਸਾਡੇ ਦੇਸ਼ ਨੂੰ ਖਾਈ ਜਾ ਰਹੀ ਹੈ ਤੇ ਕੁਲ ਮਿਲਾ ਕੇ ਮੇਰੀ ਤਕਲੀਫ ਦਾ ਮੁੱਖ ਕਾਰਣ ਇਹ ਹੈ ਕਿ ਅਜ਼ਾਦੀ ਦੇ 70 ਸਾਲ ਬਾਅਦ ਵੀ ਮਾੜੀ ਸੋਚ ਦੀ ਬਿਮਾਰੀ ਘਟਣ ਦੀ ਬਜਾਏ ਵਧਦੀ ਜਾ ਰਹੀ ਹੈ। ਦਲਿਤ ਢਿੱਡੋਂ ਸਵਰਨਾਂ ਨਾਲ ਨਫਰਤ ਕਰਦੇ ਹਨ ਜਿਵੇਂ ਸਾਹਮਣੇ ਬੈਠਾ ਹਿੰਦੂ ਹੀ ਮੇਰੀਆਂ ਸਭ ਤਕਲੀਫਾਂ ਲਈ ਜ਼ਿੰਮੇਵਾਰ ਹੈ। ਬ੍ਰਾਹਮਣ ਅਜੇ ਤੱਕ ਆਪਣੇ ਆਪ ਨੂੰ ਚਾਣੱਕਿਆ ਸਮਝਦਾ ਹੈ। ਜੱਟ, ਠਾਕੁਰ, ਖੱਤਰੀ ਖਬਰੇ ਕਿਹੜੇ ਨਸ਼ੇ 'ਚ ਮਗਰੂਰ ਹੈ ਆਪੋ-ਆਪਣੀਆਂ ਜਾਤਾਂ, ਮੁਹੱਲੇ ਇਕੱਠ ਬਣਦੇ ਹਨ ਤੇ ਆਪਣੀ ਜਾਤ ਦੇ ਮੁਹੱਲੇ ਵਿੱਚ ਰਹਿ ਕੇ ਹੀ ਹਰ ਕਿਸੇ ਨੂੰ ਤਸੱਲੀ ਮਿਲਦੀ ਹੈ। ਮੋਦੀ ਭਾਰਤ ਦੇਸ਼ ਨੂੰ ਕਾਂਗਰਸ ਮੁਕਤ ਦੇਖਣਾ ਚਾਹੁੰਦਾ ਹੈ, ਸੋਨੀਆਂ ਨੂੰ ਹਰ ਕੀਮਤ 'ਤੇ ਸੱਤਾ ਚਾਹੀਦੀ ਹੈ, ਬਾਦਲਾਂ ਨੂੰ ਆਪਣੇ ਪਰਿਵਾਰ ਵਿੱਚ ਹੀ ਪੰਜਾਬ ਨਜ਼ਰ ਆਉਂਦਾ ਹੈ, ਕੇਜਰੀਵਾਲ ਨੇ ਸਾਰਿਆਂ ਨੂੰ 'ਟੋਪੀਆਂ ਪਾਉਣ' ਦਾ ਜ਼ਿੰਮਾ ਚੁੱਕ ਲਿਆ ਹੈ। ਭਾਜਪਾ ਵੈਸੇ ਤਾਂ ਆਪਣੇ-ਆਪ ਨੂੰ ਬੜੀ ਦੇਸ਼ ਭਗਤ ਪਾਰਟੀ ਮੰਨਦੀ ਹੈ ਪਰ ਸੱਤਾ ਦਾ ਮਜ਼ਾ ਲੈਣ ਲਈ ਉਹ ਭ੍ਰਿਸ਼ਟ ਅਕਾਲੀਆਂ ਦਾ ਸਾਥ ਵੀ ਲੈਂਦੀ ਹੈ ਤੇ ਲੋੜ ਪੈਣ 'ਤੇ ਕਸ਼ਮੀਰ ਵਿੱਚ ਪੀਡੀਪੀ ਨਾਲ ਵੀ ਸਮਝੌਤਾ ਕਰ ਲੈਂਦੀ ਹੈ। ਮੈਨੂੰ ਨਜ਼ਰ ਨਹੀਂ ਆਉਂਦੀ ਕਿ ਕੋਈ ਅਜਿਹਾ ਹੈ ਜੋ ਸਾਨੂੰ ਦੱਸੇ ਕਿ ਅਸੀਂ ਭਾਰਤੀ ਹਾਂ, ਅਸੀਂ ਇੱਕੋ-ਮਿੱਟੀ ਦੇ ਬਣੇ ਹਾਂ, ਸਾਡੇ ਆਪਸੀ ਹਾਲਾਤਾਂ ਵਿੱਚ ਕੋਈ ਖਾਸ ਲੰਬਾ-ਚੌੜਾ ਫਰਕ ਨਹੀਂ ਹੈ। ਸਭ ਨੂੰ ਇੱਕੋ ਜਿਹੀ ਭੁੱਖ ਲੱਗਦੀ ਹੈ, ਸਭ ਨੂੰ ਇੱਕੋ ਜਿਹੇ ਬਰਾਬਰੀ ਦੇ ਮੌਕੇ ਮਿਲਣੇ ਚਾਹੀਦੇ ਹਨ ਪਰ ਅਸੀਂ ਆਦਤ ਤੋਂ ਮਜਬੂਰ ਸਾਹਮਣੇ ਵਾਲੇ ਦੀ ਥਾਲੀ, ਉਸ ਦੀ ਜੇਬ੍ਹ 'ਤੇ ਜ਼ਰੂਰ ਨਿਗਾਹ ਰੱਖਦੇ ਹਾਂ। ਕਹਿੰਦੇ ਹਨ ਆਪਣੀ ਅਕਲ , ਬੇਗਾਨਾ ਧਨ ਸਦਾ ਜ਼ਿਆਦਾ ਹੀ ਲੱਗਦਾ ਹੈ। ਦੇਸ਼ ਇਕ ਰੇਲ ਗੱਡੀ ਹੈ, ਜਿਸ ਦੇ ਵੱਖਰੇ-ਵੱਖਰੇ ਡਿੱਬੇ ਇਕ ਸਾਂਝੇ ਉਦੇਸ਼ ਨੂੰ ਸਾਹਮਣੇ ਰੱਖ ਕੇ ਇਕੱਠੇ ਟੀਚੇ ਵੱਲ ਵੱਧਦੇ ਰਹਿਣੇ ਚਾਹੀਦੇ ਹਨ ਪਰ ਇੰਝ ਲੱਗਦਾ ਹੈ ਕਿ ਹਰ ਡੱਬਾ ਆਪਣੇ-ਆਪ 'ਚ ਗੱਡੀ ਬਣਨ ਨੂੰ ਕਾਹਲਾ ਹੈ। ਹਰ ਡੱਬਾ ਆਪਣੀ ਦਿਸ਼ਾ, ਆਪਣਾ ਟੀਚਾ ਵੱਖਰਾ ਨਿਰਧਾਰਿਤ ਕਰਨਾ ਚਾਹੁੰਦਾ ਹੈ। ਆਪੋ-ਆਪਣੇ ਰਾਹ ਤੇ ਸੋਚ ਦੇ ਚੱਕਰ ਵਿੱਚ ਗੱਡੀ ਇਕ ਜਗ੍ਹਾ 'ਤੇ ਖੜ ਹੀ ਨਹੀਂ ਗਈ ਬਲਕਿ ਡੱਬਿਆਂ ਵਿੱਚ ਵੀ ਬਿਖਰਾਅ ਆ ਗਿਆ ਹੈ। ਸੋਚ ਕੇ ਦੇਖੋ ਕਿਧਰੇ ਤੁਸੀਂ ਵੀ ਬੇਤਰਤੀਬ ਗੱਡੀ ਦੇ ਕਿਸੇ ਡੱਬੇ ਵਿੱਚ ਬੰਦ ਹੋ ਕੇ ਤਾਂ ਨਹੀਂ ਰਹਿ ਗਏ। ਜਿੱਥੇ ਬਾਹਰਲੀ ਸੋਚ ਦੇ ਸਭ ਖਿੜਕੀਆਂ-ਦਰਵਾਜ਼ੇ ਬੰਦ ਹਨ ਤੇ ਤੁਸੀਂ ਇਸ ਵਿੱਚ ਬੈਠ ਕੇ ਸੜ ਰਹੇ ਹੋ। ਜੀਵਨ ਨੂੰ ਜਿਉਣ ਲਈ ਠਹਿਰਾਅ ਨਹੀਂ ਨਿਰੰਤਰਤਾ ਦੀ ਜ਼ਰੂਰਤ ਹੈ। ਹਰ ਨਵੇਂ ਸਾਹ ਦੇ ਨਾਲ ਸਾਨੂੰ ਤਾਜ਼ੀ ਨਵੀਂ ਹਵਾ ਦੀ ਲੋੜ ਹੈ। ਇਕ ਜਗ੍ਹਾ 'ਤੇ ਖੜਾ ਪਾਣੀ ਬੋਅ ਮਾਰਨ ਲੱਗ ਜਾਂਦਾ ਹੈ ਤੇ ਪੀਣ ਯੋਗ ਨਹੀਂ ਰਹਿੰਦਾ। ਇਹ ਗੱਲ ਸਹੀ ਹੈ ਕਿ ਜੇਕਰ ਅਸੀਂ ਭਾਰਤ ਦੇ ਸੰਵਿਧਾਨ ਦੇ ਮੁਤਾਬਿਕ ਇਮਾਨਦਾਰੀ ਨਾਲ ਚੱਲਦੇ ਤਾਂ ਸਾਡਾ ਦੇਸ਼ ਖੁਸ਼ਹਾਲੀ, ਏਕਤਾ, ਪ੍ਰੇਮ-ਭਾਈਚਾਰੇ ਦੇ ਨਾਲ ਤਰੱਕੀ ਦੀਆਂ ਲੀਹਾਂ ਵੱਲ ਚੱਲ ਕੇ ਇਕ ਖੂਬਸੂਰਤ ਵਧੀਆ ਸੰਗੀਤਕਾਰ ਦੀ ਟੀਮ ਵਾਂਗੂੰ ਹੋਣਾ ਸੀ ਪਰ ਜਿਹੜਾ ਹੁਣ ਸਬਜ਼ੀ ਮੰਡੀ ਦਾ ਰੌਲਾ ਜਿਹਾ ਬਣ ਕੇ ਰਹਿ ਗਿਆ ਹੈ। ਇਸ ਬੇਮਤਲਬ ਦੇ ਰੌਲੇ ਨੇ ਹਰ ਭਾਰਤੀ ਦਾ ਜੀਵਨ ਔਖਾ ਕਰ ਦਿੱਤਾ ਹੈ। ਹੁਣ ਦੇਖਣਾ ਇਹ ਹੈ ਸਮਾਂ ਰਹਿੰਦੇ ਮੌਜੂਦਾ ਸਰਕਾਰਾਂ ਤੇ ਪ੍ਰਸ਼ਾਸਨਿਕ ਅਧਿਕਾਰੀ ਦੇਸ਼ ਦਾ ਧਰਮ ਨਿਭਾਉਂਦੇ ਹਨ ਜਾਂ ਸਾਰੇ ਦੇਸ਼ ਵਾਸੀਆਂ ਨੂੰ ਆਪਸ 'ਚ ਟੱਕਰਾਂ ਮਾਰਨ ਲਈ ਖੁੱਲ੍ਹੇ ਛੱਡ ਦਿੰਦੇ ਹਨ। ਆਉ ਦੇਸ਼ ਧਰਮ ਨਿਭਾਈਏ ਤੇ ਇਸ ਦੀ ਸ਼ੁਰੂਆਤ ਆਪਣੇ ਆਪ ਤੋਂ, ਆਪਣੇ ਪਰਿਵਾਰ ਤੋਂ, ਗਲ੍ਹੀ-ਮੁਹੱਲੇ, ਪਿੰਡ, ਸਮਾਜ, ਸ਼ਹਿਰ ਤੋਂ ਕਰੀਏ।                                                                                                             - ਅਜੇ ਕੁਮਾਰ

Wednesday 20 July 2016

ਨੱਕ ਬਚਾਇਆ ਲੱਕ ਤੁੜਾਇਆ

ਕੁਦਰਤ ਦੇ ਕੁਝ ਅਜਿਹੇ ਨਿਯਮ ਹਨ ਕਿ ਪੇੜ-ਪੌਦਿਆਂ ਤੋਂ ਲੈ ਕੇ ਜੀਵ-ਜੰਤੂਆਂ ਤੱਕ ਸਭ ਨਵਾਂ ਜੀਵਨ ਪੈਦਾ ਕਰਦੇ ਹਨ ਤੇ ਇਹ ਨਿਯਮ ਲੱਖਾਂ-ਕਰੋੜਾਂ ਸਾਲਾਂ ਤੋਂ ਚਲੇ ਆ ਰਹੇ ਹਨ ਤੇ ਜਦ ਤੱਕ ਜੀਵਨ ਹੈ ਉਦੋਂ ਤੱਕ ਚੱਲਦੇ ਰਹਿਣਗੇ। ਹਰ ਜੀਵ ਜਨਮਦਾ ਹੈ, ਸਾਹ ਲੈਂਦਾ ਹੈ, ਭੋਜਨ ਖਾਂਦਾ ਹੈ ਤੇ ਨਵਾਂ ਜੀਵਨ ਬਣਾ ਕੇ ਮੌਤ ਨੂੰ ਪ੍ਰਾਪਤ ਹੋ ਜਾਂਦਾ ਹੈ। ਆਦਮੀ ਤੇ ਹੋਰ ਜੀਵ-ਜੰਤੂਆਂ 'ਚ ਸਿਰਫ਼ ਇੰਨਾ ਹੀ ਫ਼ਰਕ ਹੈ ਕਿ ਆਦਮੀ ਚਿੰਤਨ ਕਰ ਸਕਦਾ ਹੈ, ਆਦਮੀ ਅਣਖ ਦੀ ਜ਼ਿੰਦਗੀ ਜਿਊਣਾ ਜਾਣਦਾ ਹੈ। ਉਸ ਦੇ ਵੀ ਨਿਯਮ ਹਨ, ਉਸ ਦਾ ਇਕ ਸਮਾਜਿਕ ਤਾਣਾ-ਬਾਣਾ ਹੈ, ਜਿਸ ਵਿੱਚ ਰਹਿ ਕੇ ਉਹ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾਉਂਦਾ ਹੈ, ਜਿਸ ਕਰਕੇ ਉਹ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ, ਇਸ ਸਮਾਜਿਕ ਤਾਣੇ-ਬਾਣੇ ਤੋਂ ਉਸ ਨੂੰ  ਸ਼ੌਹਰਤ ਵੀ ਮਿਲਦੀ ਹੈ। ਅਣਖ ਨਾਲ ਜਿਊਣ ਦਾ ਮਤਲਬ ਹੈ ਸਖ਼ਤ ਮਿਹਨਤ, ਚੰਗੇ ਸੰਸਕਾਰ, ਚੰਗੇ ਗੁਣ ਤੇ ਚੰਗੇ ਸਾਥੀਆਂ ਨਾਲ ਮਿਲ ਕੇ ਚੰਗਾ ਮਾਹੌਲ ਪੈਦਾ ਕਰਨਾ, ਜਿਸ ਨਾਲ ਮਨੁੱਖ ਆਪ ਵੀ ਅਤੇ ਸਮਾਜ ਨੂੰ ਵੀ ਚੰਗੀ ਰਾਹ 'ਤੇ ਚਲਾ ਸਕੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੰਗੀ ਰਾਹ ਦੇ ਕੇ ਦੁਨੀਆਂ ਤੋਂ ਵਿਦਾ ਲੈ ਸਕੇ ਪਰ ਜੇ ਤੁਸੀਂ ਚੰਗੇ ਸਮਾਜ ਦੀ ਸਿਰਜਣਾ ਕਰਨੀ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਦੀ ਕੀਮਤ ਮਿਹਨਤ ਦੇ ਰੂਪ 'ਚ , ਤਿਆਗ ਦੇ ਰੂਪ 'ਚ ਚੁਕਾਉਣੀ ਪਵੇਗੀ ਤੇ ਸਹਿਣ-ਸ਼ਕਤੀ ਆਪਣੇ 'ਚ ਪੈਦਾ ਕਰਨੀ ਪਵੇਗੀ ਪਰ ਬੜੇ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਅੱਜ ਦੇ ਦੌਰ 'ਚ ਜ਼ਿਆਦਾਤਰ ਲੋਕ ਇੱਜ਼ਤ ਨਾਲ ਜਿਊਣ ਦਾ ਮਤਲਬ ਸਹੀ ਢੰਗ ਨਾਲ ਨਹੀਂ ਸਮਝ ਪਾ ਰਹੇ। ਉਹ ਅੱਖਾਂ ਮੀਚ ਕੇ ਅੰਧ-ਵਿਸ਼ਵਾਸਾਂ 'ਚ ਪੈ ਕੇ ਆਪਣੇ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਆਗੂਆਂ ਦੇ ਪਿੱਛੇ ਲੱਗ ਕੇ ਝੂਠੀਆਂ ਸ਼ਾਨੋ-ਸ਼ੌਕਤਾਂ ਨੂੰ ਹੀ ਆਪਣੀ ਇੱਜ਼ਤ ਸਮਝੀ ਬੈਠੇ ਹਨ। ਜ਼ਿਆਦਾਤਰ ਲੋਕ ਇਸ ਝੂਠੀ ਇੱਜ਼ਤ ਨੂੰ ਜੱਫਾ ਮਾਰ ਕੇ ਸਮਾਜ ਅੰਦਰ ਇਹੋ ਜਿਹੇ ਭਰਮ-ਭੁਲੇਖੇ ਪੈਦਾ ਕਰ ਬੈਠੇ ਹਨ, ਜਿਸ ਕਰਕੇ ਸਮਾਜ ਦਾ ਬਹੁਤ ਵੱਡਾ ਘਾਣ ਹੋ ਰਿਹਾ ਹੈ। ਅੱਜ-ਕੱਲ੍ਹ ਦੇ ਜ਼ਿਆਦਾਤਰ ਅਖੌਤੀ ਸੰਤਾਂ ਦੀ ਇੱਜ਼ਤ ਉਨ੍ਹਾਂ ਦੇ ਗਿਆਨ ਨਾਲ ਨਹੀਂ ਹੁੰਦੀ, ਬਲਕਿ ਇਸ ਨਾਲ ਹੁੰਦੀ ਹੈ ਕਿ ਉਹ ਕਿੱਡੇ ਵੱਡੇ ਡੇਰੇ ਵਿੱਚ ਬੈਠਾ ਹੈ। ਕਿਸੇ ਰਾਜਨੀਤਿਕ ਆਗੂ ਦੀ ਇੱਜ਼ਤ ਇਸ ਕਾਰਣ ਨਹੀਂ ਹੁੰਦੀ ਕਿ ਉਸ ਨੇ ਆਪਣੇ ਸਮਾਜ ਅਤੇ ਦੇਸ਼ ਲਈ ਕੀ ਕੀਤਾ ਹੈ, ਬਲਕਿ ਇਸ ਲਈ ਹੁੰਦੀ ਹੈ ਕਿ ਉਹ ਕਿੰਨੀ ਕੁ ਵੱਡੀ ਪਾਰਟੀ ਦਾ ਪਿਛਲੱਗੂ ਬਣ ਕੇ ਕਿਵੇਂ ਸਮਾਜ ਦਾ ਘਾਣ ਕਰਕੇ ਅੱਗੇ ਆਇਆ ਹੈ। ਮੌਜੂਦਾ ਸਮੇਂ ਸਮਾਜ 'ਚ ਧਰਮ, ਰਸਮਾਂ-ਰਿਵਾਜ਼ ਦੇ ਨਾਂ 'ਤੇ ਇਸ ਤਰ੍ਹਾਂ ਦੇ ਖੇਖਣ ਸ਼ੁਰੂ ਹੋ ਚੁੱਕੇ ਹਨ, ਜਿਸ ਨਾਲ ਮਨੁੱਖ ਦਾ ਬੁਰੀ ਤਰ੍ਹਾਂ ਕਚੂੰਮਰ ਨਿਕਲ ਜਾਂਦਾ ਹੈ। ਉਹ ਭਾਰੀ ਕਰਜ਼ੇ ਹੇਠ ਆ ਜਾਂਦਾ ਹੈ ਪਰ ਫਿਰ ਵੀ ਉਹ ਇਸ ਨੂੰ ਬੜੇ ਸ਼ਾਨ ਨਾਲ ਸਿਰਧੜ ਦੀ ਬਾਜ਼ੀ ਲਾ ਕੇ ਨਿਭਾਉਂਦਾ ਹੈ ਤੇ ਇਸ ਨੂੰ ਨਾਂ ਦਿੰਦਾ ਹੈ ਕਿ ਮੈਂ ਆਪਣੀ ਨੱਕ ਬਚਾਈ ਹੈ, ਉਹ ਕਹਿੰਦਾ ਹੈ ਮੈਂ ਕਿਸੇ ਕੀਮਤ 'ਤੇ ਆਪਣੀ ਨੱਕ ਕੱਟ ਹੋਣ ਨਹੀਂ ਦੇਣੀ। ਧਰਮ ਦੇ ਨਾਂ 'ਤੇ ਧਾਰਮਿਕ ਰੀਤੀ-ਰਿਵਾਜ਼ਾਂ 'ਤੇ ਆਪਣੇ-ਆਪਣੇ ਨੱਕ ਬਚਾਉਣ ਦੇ ਲਈ ਕੀਤੇ ਜਾਣ ਵਾਲੇ ਰਸਮਾਂ-ਰਿਵਾਜ਼ਾਂ ਨੇ ਆਮ ਗਰੀਬ ਆਦਮੀ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਜਿਹਦੇ ਕੋਲ ਚਾਰ ਪੈਸੇ ਹਨ ਉਹ ਰੀਤੀ-ਰਿਵਾਜ਼ ਨਿਭਾ ਦਿੰਦਾ ਹੈ, ਉਸ ਦੇ ਦੇਖਾ-ਦੇਖੀ ਜੇ ਕਮਜ਼ੋਰ ਆਦਮੀ ਰੀਤੀ-ਰਿਵਾਜ਼ ਨਿਭਾਉਂਦਾ ਹੈ, ਉਸ ਦਾ ਕਚੂੰਮਰ ਨਿਕਲ ਜਾਂਦਾ ਹੈ। ਇਹ ਫੋਕੇ ਰਿਵਾਜ਼ ਹਨ ਮਨੁੱਖ ਦੇ ਜਨਮ, ਨਾਮਕਰਣ, ਵਿਆਹ-ਸ਼ਾਦੀ ਅਤੇ ਇਸ ਦਰਮਿਆਨ ਹੋਰ ਆਉਂਦੇ ਰਸਮੋ-ਰਿਵਾਜ਼, ਜਿਹੜੇ ਕਿ ਮਰਨ ਤੋਂ ਬਾਅਦ ਵੀ ਮਨੁੱਖ ਦਾ ਪਿੱਛਾ ਨਹੀਂ ਛੱਡਦੇ ਹਨ। ਮੈਂ ਪਿਛਲੇ ਲੱਗਭਗ 20 ਸਾਲਾਂ ਤੋਂ ਸਮਾਜ ਦੇ ਜ਼ਮੀਨੀ ਹਾਲਾਤਾਂ ਨਾਲ ਚੰਗੀ ਤਰ੍ਹਾਂ ਜਾਣੂ ਹੋਇਆ ਹਾਂ ਤੇ ਹੋ ਰਿਹਾ ਹਾਂ। ਮੇਰੇ ਤਜ਼ਰਬੇ ਮੁਤਾਬਿਕ ਮਨੁੱਖ ਦੀ ਤਰੱਕੀ ਲਈ ਪੈਸਾ ਹੀ ਸਭ ਕੁਝ ਨਹੀਂ ਹੈ ਪਰ ਅੱਜ-ਕੱਲ੍ਹ ਦੇ ਦੌਰ ਵਿੱਚ ਪੈਸੇ ਬਿਨਾਂ ਵੀ ਕੁਝ ਨਹੀਂ। ਜਿੱਥੇ ਮਨੁੱਖ ਦੀ ਤਰੱਕੀ ਲਈ ਪੈਸਾ ਕਮਾਉਣਾ ਜ਼ਰੂਰੀ ਹੈ, ਉੱਥੇ ਮਨੁੱਖ ਦੀ ਤਰੱਕੀ ਲਈ ਫਜ਼ੂਲ ਖਰਚੇ ਨੂੰ ਬੰਦ ਕਰਕੇ ਪੈਸੇ ਭਵਿੱਖ ਲਈ ਜ਼ਰੂਰਤ ਅਨੁਸਾਰ ਬਚਾਉਣੇ ਵੀ ਬਹੁਤ ਜ਼ਰੂਰੀ ਹਨ ਪਰ ਮੈਂ ਦੇਖਿਆ ਹੈ ਕਿ ਅਸੀਂ ਲੋਕ ਜਨਮ, ਜਨਮ ਦਿਨ, ਵਿਆਹ-ਸ਼ਾਦੀਆਂ ਦੇ ਰੀਤੀ-ਰਿਵਾਜ਼, ਮਰਨ ਦੇ ਮੌਕੇ ਤੇ ਮਰਨ ਦੇ ਬਾਅਦ ਵੀ ਬੇਮਤਲਬੇ ਢੰਗ-ਤਰੀਕਿਆਂ ਨੂੰ ਅਪਣਾ ਕੇ ਉਨ੍ਹਾਂ ਨੂੰ ਆਪਣੇ ਬਜ਼ੁਰਗਾਂ ਦੀ ਚਲਾਈ ਰੀਤ ਨਾਲ ਜੋੜ ਕੇ ਇੰਨਾ ਫਜ਼ੂਲ ਖਰਚ ਕਰਦੇ ਹਾਂ ਕਿ ਕਈ ਵਾਰ ਤਾਂ ਅਸੀਂ ਆਲੇ-ਦੁਆਲੇ ਕੋਲੋਂ ਕਰਜ਼ਾ ਲੈ ਲੈਂਦੇ ਹਾਂ ਤੇ ਸਾਰੀ ਉਮਰ ਉਨ੍ਹਾਂ ਦੇ ਦਬਕੇ ਖਾਂਦੇ ਰਹਿੰਦੇ ਹਾਂ, ਕਿਉਂਕਿ ਅਸੀਂ ਉਨ੍ਹਾਂ ਨੂੰ ਇਸ ਗੱਲ ਦੀ ਛੋਟ ਦੇ ਦਿੰਦੇ ਹਾਂ ਕਿ ਤੁਸੀਂ ਸਮਾਜ ਵਿੱਚ ਸਾਡੀ ਨੱਕ ਬਚਾਉਣ ਲਈ ਸਾਡਾ ਸਾਥ ਦਿੱਤਾ ਸੀ। ਇਸ ਤੋਂ ਵੀ ਕਿਤੇ ਹੋਰ ਹਾਸੋਹੀਣੀ ਗੱਲ ਹੈ ਕਿ ਜਦੋਂ ਅਸੀਂ ਸਮਾਜਿਕ ਤਾਣੇ-ਬਾਣੇ 'ਚ ਉਲਝ ਕੇ ਫੋਕੇ ਰਿਵਾਜ਼ਾਂ ਨੂੰ ਆਪਣੀ ਨੱਕ ਨਾਲ ਜੋੜ ਕੇ ਪੈਸੇ ਬੈਂਕਾਂ, ਫਾਇਨਾਂਸ ਕੰਪਨੀਆਂ ਅਤੇ ਆਲੇ-ਦੁਆਲੇ ਦੇ ਸ਼ਾਹੂਕਾਰਾਂ ਤੋਂ ਵਿਆਜ 'ਤੇ ਚੁੱਕ ਕੇ ਉਹ ਰਿਵਾਜ਼ ਪੂਰੇ ਕਰਦੇ ਹਾਂ। ਮੈਂ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੇ ਆਪਣੇ ਮਾਂ-ਪਿਉ ਦੀ ਜਿਉਂਦੇ ਜੀਅ ਸੇਵਾ ਨਹੀਂ ਕੀਤੀ ਪਰ ਉਨ੍ਹਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਦੇ ਅੰਤਿਮ ਸੰਸਕਾਰ, ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਉਨ੍ਹਾਂ ਦੇ ਭੋਗ ਅਤੇ ਭੋਗ ਤੋਂ ਬਾਅਦ ਵੀ ਮਾਸਿਕ, ਛਿਮਾਹੀ, ਸਾਲਾਨਾ ਉਨ੍ਹਾਂ ਦੇ ਨਾਂ 'ਤੇ ਸਮਾਜਿਕ ਰਿਵਾਜ਼ਾਂ ਨੂੰ ਪੂਰਾ ਕਰਨ ਲਈ ਆਪਣਾ ਨੱਕ ਬਚਾਉਣ ਦੀ ਖਾਤਰ ਮੋਟੇ ਕਰਜ਼ੇ ਲਏ ਹਨ, ਜਿਹੜੇ ਕਿ ਉਨ੍ਹਾਂ ਲਈ ਅਤੇ ਉਨ੍ਹਾਂ ਦੀ ਆਉਣ ਵਾਲੀ ਪੀੜ੍ਹੀ ਲਈ ਤਰੱਕੀ ਵਿੱਚ ਰੁਕਾਵਟ ਬਣ ਗਏੇ ਹਨ। ਕਹਿਣ ਦਾ ਭਾਵ ਉਹ ਆਪਣਾ ਨੱਕ ਤਾਂ ਜ਼ਰੂਰ ਬਚਾਅ ਲੈਂਦੇ ਹਨ ਪਰ ਲੱਕ ਤੁੜਾ ਲੈਂਦੇ ਹਨ। ਮੈਂ ਸਮਾਜ ਦੇ ਆਗੂਕਾਰਾਂ ਨੂੰ ਆਪਣੇ ਲੇਖ ਰਾਹੀਂ ਅਪੀਲ ਕਰਦਾ ਹਾਂ ਤੇ ਉਮੀਦ ਕਰਦਾ ਹਾਂ ਕਿ ਸਾਨੂੰ ਝੂਠੇ ਰਸਮੋ-ਰਿਵਾਜ਼ਾਂ ਨੂੰ ਬੇਮਤਲਬੀ ਬੇਲੋੜੇ ਨਿਯਮਾਂ ਨੂੰ ਬੰਦ ਕਰਕੇ ਇਨ੍ਹਾਂ ਨੂੰ ਨਿਭਾਉਣ ਦੀ ਬਜਾਏ ਇਨ੍ਹਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ, ਕਿਉਂਕਿ ਫੋਕੀ ਸ਼ੌਹਰਤ ਲਈ ਇਸ ਨੂੰ ਨੱਕ ਬਚਾਉਣ ਦਾ ਨਾਂ ਦੇ ਕੇ ਲੱਕ ਤੁੜਾਉਣਾ ਬਹੁਤ ਮੰਦਭਾਗੀ ਗੱਲ ਹੈ। ਨਾਲ ਹੀ ਉਨ੍ਹਾਂ ਸ਼ਾਹੂਕਾਰਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਰੱਬ ਦਾ ਵਾਸਤਾ ਸਮਾਜ 'ਤੇ ਰਹਿਮ ਖਾਉ ਤੁਸੀਂ ਤਾਂ ਚਾਰ ਪੈਸੇ ਕਮਾ ਕੇ ਰੀਤੀ-ਰਿਵਾਜ਼ ਪੂਰੇ ਕਰ ਲਉਗੇ ਪਰ ਤੁਹਾਡਾ ਦੇਖਾ ਦੇਖੀ ਸਮਾਜ ਉਨ੍ਹਾਂ ਪਾਖੰਡਾਂ ਨੂੰ ਨਹੀਂ ਨਿਭਾ ਸਕਦਾ ਜੋ ਤੁਸੀਂ ਨਿਭਾ ਸਕਦੇ ਹੋ। ਇਸ ਲਈ ਕਿਰਪਾ ਕਰਕੇ ਉਸ ਤੋਂ ਪਹਿਲਾਂ ਤੁਸੀਂ ਇਹ ਢਕੋਸਲੇਬਾਜ਼ੀ ਬੰਦ ਕਰੋ ਤਾਂ ਜੋ ਸਮਾਜ ਨੂੰ ਨਵੀਂ ਸੇਧ ਮਿਲ ਸਕੇ, ਤੁਹਾਡੇ ਦੇਖਾ-ਦੇਖੀ ਸਮਾਜ ਨੂੰ ਵੀ ਸਮਝ ਆਵੇ ਤੇ ਪਾਖੰਡਬਾਜ਼ੀ ਦੀਆਂ ਕੁਰੀਤੀਆਂ ਖਤਮ ਹੋ ਸਕਣ, ਇਹੀ ਤੁਹਾਡੀ ਸਮਾਜ ਨੂੰ ਸਭ ਤੋਂ ਵੱਡੀ ਦੇਣ ਹੋਵੇਗੀ। ਜਿਹੜਾ ਪੈਸਾ ਤੁਸੀਂ ਢਕੋਸਲਿਆਂ 'ਤੇ ਖਰਚ ਕਰਨਾ ਚਾਹੁੰਦੇ ਹੋ ਚੰਗਾ ਹੋਵੇਗਾ ਸਮਾਜ ਦੀ ਭਲਾਈ ਲਈ ਖਰਚ ਕਰੋ, ਬੱਚਿਆਂ ਦੀ ਪੜ੍ਹਾਈ ਲਈ ਖਰਚ ਕਰੋ, ਕਿਸੇ ਗਰੀਬ ਬੀਮਾਰ ਦੀ ਦਵਾਈ 'ਤੇ ਖਰਚ ਕਰੋ, ਇਸ ਨਾਲ ਤੁਹਾਡਾ ਅੱਜ ਵੀ ਸੁਧਰੇਗਾ ਤੇ ਤੁਹਾਡੇ ਜਾਣ ਤੋਂ ਬਾਅਦ ਵੀ ਤੁਹਾਨੂੰ ਸਮਾਜ ਯਾਦ ਕਰੇਗਾ। ਇਹੋ ਜਿਹੇ ਮਨੁੱਖ ਦੀ ਇੱਜ਼ਤ ਜਿਊਂਦੇ ਜੀਅ ਵੀ ਹੁੰਦੀ ਹੈ, ਉਸ ਦਾ ਨਾਂ ਅਦਬ ਨਾਲ ਲਿਆ ਜਾਂਦਾ ਹੈ ਤੇ ਮਰਨ ਤੋਂ ਬਾਅਦ ਵੀ ਸਮਾਜ ਉਨ੍ਹਾਂ ਨੂੰ ਆਪਣੇ ਆਦਰਸ਼ ਵਜੋਂ ਯਾਦ ਕਰਦਾ ਹੈ। ਮਰਨ ਤੋਂ ਬਾਅਦ ਉਨ੍ਹਾਂ ਦੀਆਂ ਮੂਰਤਾਂ ਨੂੰ ਹੀ ਹਾਰ ਪੈਂਦੇ ਹਨ, ਜਿਨ੍ਹਾਂ ਨੇ ਸਮਾਜ ਲਈ ਕੁਝ ਕੀਤਾ ਹੋਵੇ। ਜਿਹੜਾ ਆਪਣੀ ਝੂਠੀ ਸ਼ਾਨੋ-ਸ਼ੌਕਤ ਖਾਤਿਰ ਲੱਖਾਂ ਰੁਪਏ ਖਰਚ ਕੇ ਮਰਦਾ ਹੈ, ਉਸ ਨੂੰ ਸ਼ਾਇਦ ਉਸ ਦੇ ਜੰਮੇ ਵੀ ਯਾਦ ਕਰਨ ਜਾਂ ਨਾ ਕਰਨ। ਆਉ ਨਵੇਂ ਸਮਾਜ ਦੀ ਸਿਰਜਣਾ ਕਰੀਏ। ਆਪਣੇ ਰਹਿਬਰਾਂ ਦੇ ਦੱਸੇ ਫਲਸਫੇ 'ਤੇ ਚੱਲਦੇ ਹੋਏ ਮਾਨਵਤਾ ਦੀ ਹੋਂਦ ਨੂੰ ਹੋਰ ਪੁਖਤਾ ਢੰਗ ਨਾਲ ਮਜ਼ਬੂਤ ਕਰਨ ਦੇ ਵਧੀਆ ਉਪਰਾਲੇ ਕਰੀਏ ਤੇ ਫੋਕੀਆਂ ਡਰਾਮੇਬਾਜ਼ੀਆਂ ਤੋਂ ਲਾਮ ਵੱਟੀਏ।                                                     - ਅਜੈ ਕੁਮਾਰ

Monday 11 July 2016

ਨੀਯਤ ਨਾਲ ਨੀਤੀ ਵੀ ਜ਼ਰੂਰੀ

ਦੁਨੀਆਂ ਦਾ ਹਰੇਕ ਇਨਸਾਨ ਕਿਸੇ ਨਾ ਕਿਸੇ ਫਲਸਫੇ ਦੇ ਤਹਿਤ ਜਿਊਂਦਾ ਹੈ, ਚਾਹੇ ਉਸ ਨੂੰ ਇਸ ਗੱਲ ਦਾ ਪਤਾ ਹੋਵੇ ਜਾਂ ਨਾ ਪਰ ਜਿਊਂਦਾ ਇਨਸਾਨ ਇਕ ਫਲਸਫੇ ਦੇ ਅਧੀਨ ਹੀ ਹੈ। 19ਵੀਂ ਸਦੀ ਵਿੱਚ ਜਨਮੇ ਯੁਗਪੁਰਸ਼ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੇ ਮਾਨਵਤਾ ਦੇ ਫਲਸਫੇ ਦੇ ਤਹਿਤ ਆਪਣਾ ਜੀਵਨ ਬਤੀਤ ਕੀਤਾ। ਮਾਨਵਤਾ ਦੀਆਂ ਮਜ਼ਬੂਤ ਨੀਹਾਂ ਪ੍ਰੇਮ, ਆਪਸੀ ਭਾਈਚਾਰਾ ਅਤੇ ਬਰਾਬਰਤਾ ਹੁੰਦੀ ਹੈ। ਇਨ੍ਹਾਂ ਨੀਹਾਂ ਨੂੰ ਮਜ਼ਬੂਤ ਕਰਨ ਲਈ ਗਿਆਨ ਦੀ ਲੋੜ ਹੁੰਦੀ ਹੈ। ਬਾਬਾ ਸਾਹਿਬ ਨੇ ਅਥਾਹ ਗਿਆਨ ਪ੍ਰਾਪਤ ਕਰਕੇ ਮਾਨਵਤਾ ਦੀਆਂ ਨੀਹਾਂ ਨੂੰ ਮਜ਼ਬੂਤ ਕਰਨ ਲਈ ਆਪਣਾ ਵੰਸ਼ ਅਤੇ ਆਪਣਾ-ਆਪ ਕੁਰਬਾਨ ਕਰਕੇ ਭਾਰਤ ਨੂੰ ਸੰਵਿਧਾਨ ਦਿੱਤਾ। ਭਾਰਤ ਦਾ ਸੰਵਿਧਾਨ ਨਚੋੜ ਹੈ ਤਥਾਗਤ ਬੁੱਧ ਦੀਆਂ ਸਾਰੀਆਂ ਸਿੱਖਿਆਵਾਂ ਦਾ। ਭਾਰਤ ਦਾ ਸੰਵਿਧਾਨ ਯੋਗ ਵਸ਼ਿਸ਼ਟ ਵਿੱਚ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਦੱਸੇ ਹੋਏ ਕਥਨਾਂ ਨੂੰ ਵੀ ਆਪਣੇ ਜੀਵਨ 'ਚ ਅਪਣਾਉਣ ਲਈ ਆਖਦਾ ਹੈ। ਭਾਰਤ ਦਾ ਸੰਵਿਧਾਨ ਸਰਬੱਤ ਦੇ ਭਲੇ ਵਾਲੇ ਸਿਧਾਂਤ 'ਤੇ ਪਹਿਰਾ ਦਿੰਦਾ ਹੈ। ਭਾਰਤੀ ਸੰਵਿਧਾਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਬੇਗਮਪੁਰੇ ਦਾ ਆਦਰਸ਼ ਮਾਡਲ ਹੈ ਪਰ ਬਾਬਾ ਸਾਹਿਬ ਅੰਬੇਡਕਰ ਦੇ ਫਲਸਫੇ ਦੇ ਤਹਿਤ ਜਿਊਣ ਦਾ ਦਾਅਵਾ ਕਰਨ ਵਾਲੇ ਉਨ੍ਹਾਂ ਦੇ ਪੈਰੋਕਾਰ ਨਾ ਚਾਹੁੰਦੇ ਹੋਏ ਵੀ ਇਸ ਸਮੇਂ ਬਾਬਾ ਸਾਹਿਬ ਨੂੰ ਭਗਵਾਨ ਦਾ ਦਰਜਾ ਦੇਣ ਵਿੱਚ ਲੱਗੇ ਹੋਏ ਹਨ, ਹਾਲਾਂਕਿ ਕਿ ਉਨ੍ਹਾਂ ਦੇ ਪੈਰੋਕਾਰਾਂ ਦੀ ਨੀਯਤ ਬਿਲਕੁਲ ਸਾਫ ਹੈ ਪਰ ਨੀਤੀ ਠੀਕ ਨਾ ਹੋਣ ਕਰਕੇ ਇਸ ਸਮੇਂ ਬਾਬਾ ਸਾਹਿਬ ਅੰਬੇਡਕਰ ਦਾ ਬ੍ਰਾਹਮਣੀਕਰਣ ਕੀਤਾ ਜਾ ਰਿਹਾ ਹੈ। ਹਾਲਾਂਕਿ ਬਾਬਾ ਸਾਹਿਬ ਅੰਬੇਡਕਰ ਨੇ ਆਪਣੇ ਜੀਵਨ ਵਿੱਚ ਸਪੱਸ਼ਟ ਕਰ ਦਿੱਤਾ ਕਿ ਤਥਾਗਤ ਬੁੱਧ ਕੋਈ ਧਰਮ ਨਹੀਂ ਹੈ। ਇਹ ਤਾਂ ਇਕ ਰਾਹ ਹੈ, ਜਿਹੜਾ ਚੰਗੇ ਕੰਮ ਕਰਨ ਦਾ ਸੰਕਲਪ ਦਿਵਾਉਂਦਾ ਹੈ ਅਤੇ ਇਸ ਰਾਹ 'ਤੇ ਚੱਲ ਕੇ ਆਦਮੀ ਚਰਿੱਤਰਵਾਨ ਤੇ ਬੁੱਧੀਮਾਨ ਬਣ ਸਕਦਾ ਹੈ। ਇਸ ਸਮੇਂ ਪੂਰੇ ਭਾਰਤ ਵਿੱਚ ਬਾਬਾ ਸਾਹਿਬ ਅੰਬੇਡਕਰ ਜੀ ਦੇ 5 ਲੱਖ ਤੋਂ ਉੱਪਰ  ਬੁੱਤ ਲੱਗੇ ਹੋਏ ਹਨ, ਜਦ ਕਿ ਬਾਬਾ ਸਾਹਿਬ ਖੁਦ ਆਖਦੇ ਸਨ ਕਿ ਉਹ ਬੁੱਤ ਪੂਜਾ ਨਹੀਂ, ਬੁੱਤਾਂ ਨੂੰ ਤੋੜਨ ਵਿੱਚ ਵਿਸ਼ਵਾਸ ਰੱਖਦੇ ਹਨ। ਅੱਜ-ਕੱਲ੍ਹ ਘਰ-ਘਰ, ਗਲ੍ਹੀ-ਗਲ੍ਹੀ ਬਾਬਾ ਸਾਹਿਬ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ, ਕੇਕ ਕੱਟੇ ਜਾ ਰਹੇ ਹਨ, ਦੀਪਮਾਲਾ ਕੀਤੀ ਜਾ ਰਹੀ ਹੈ, ਲੰਗਰ ਲਗਾਏ ਜਾ ਰਹੇ ਹਨ, ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਗ੍ਰਾਂਟਾਂ ਦੇ ਚੱਕਰ 'ਚ ਕੁਝ ਲੋਕਾਂ ਨੂੰ ਮਾਨ-ਸਨਮਾਨ ਵੀ ਦਿੱਤਾ ਜਾਂਦਾ ਹੈ ਪਰ ਬਾਬਾ ਸਾਹਿਬ ਦੇ ਫਲਸਫੇ ਦਾ ਨਚੋੜ ਭਾਰਤੀ ਸੰਵਿਧਾਨ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਉਣ ਲਈ ਬਹੁਤ ਘੱਟ ਵਿਅਕਤੀ ਯੋਗਦਾਨ ਪਾ ਰਹੇ ਹਨ। ਜੇਕਰ ਬਾਬਾ ਸਾਹਿਬ ਦੇ ਤਿੰਨ ਮੂਲ ਮੰਤਰ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾ ਮੂਲ ਮੰਤਰ ਸਿੱਖਿਆ ਹੈ। ਭਾਰਤ ਦਾ ਸਿੱਖਿਆ ਦਾ ਸਿਸਟਮ ਇਸ ਸਮੇਂ ਰਾਜਨੀਤਿਕ ਪਾਰਟੀਆਂ ਅਤੇ ਸਮਾਜ ਦੇ ਸਮਾਜਿਕ ਲੀਡਰਾਂ ਦੀ ਡਰਾਮੇਬਾਜ਼ੀ ਦੀ ਭੇਂਟ ਚੜ੍ਹ ਚੁੱਕਾ ਹੈ। ਹਰ ਰਾਜਨੀਤਿਕ ਪਾਰਟੀ ਵਿੱਚ ਬੈਠਾ ਦਲਿਤ ਲੀਡਰ ਦਲਿਤਾਂ ਦਾ ਰਾਜ ਚਾਹੁੰਦਾ ਹੈ ਪਰ ਰਾਜ-ਪਾਠ ਲਿਆਉਣ ਲਈ ਦਲਿਤ ਵੋਟਰ ਨੂੰ ਜਾਗ੍ਰਿਤ ਕਰਨ ਲਈ ਬਿਲਕੁਲ ਤਿਆਰ ਨਹੀਂ ਹੈ। ਇਸ ਮਾਮਲੇ ਵਿੱਚ ਪੰਜਾਬ ਦੀ ਉਦਾਹਰਣ ਲੈ ਲਓ, ਇਸ ਸਮੇਂ ਪੰਜਾਬ ਵਿੱਚ ਤਕਰੀਬਨ ਚਾਰ ਲੱਖ ਬੱਚਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਅਧੀਨ ਆਉਂਦਾ ਹੈ ਪਰ ਇਹ ਸਿਰਫ ਨਾਂ ਦੀ ਹੀ ਸਕੀਮ ਬਣ ਕੇ ਰਹਿ ਗਈ ਹੈ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਉਹ ਦਲਿਤ ਪਰਿਵਾਰ ਆਉਂਦੇ ਹਨ, ਜਿਨ੍ਹਾਂ ਦਲਿਤ ਪਰਿਵਾਰਾਂ ਦੀ ਸਾਲਾਨਾ ਆਮਦਨ 2.50 ਲੱਖ ਰੁਪਏ ਤੋਂ ਘੱਟ ਹੈ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਆਉਣ ਵਾਲੇ ਬੱਚਿਆਂ ਦੀ ਕਿਸੇ ਵੀ ਕਾਲਜ 'ਚ ਕਿਸੇ ਵੀ ਤਰ੍ਹਾਂ ਦੀ ਫੀਸ ਨਹੀਂ ਲਈ ਜਾਣੀ ਅਤੇ ਉਸ ਬੱਚੇ ਨੂੰ ਸਕਾਲਰਸ਼ਿਪ ਵੀ ਮਿਲਣੀ ਹੈ, ਇਸ ਦੇ ਲਿਖਤੀ ਹੁਕਮ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੇ ਜਾਰੀ ਵੀ ਕੀਤੇ ਹੋਏ ਹਨ। ਪਿਛਲੇ 5 ਸਾਲਾਂ ਵਿੱਚ ਪੰਜ ਲੱਖ ਬੱਚਾ ਪੈਸੇ ਦੁੱਖੋਂ +2 ਕਰਕੇ ਆਪਣੇ ਘਰ ਬੈਠ ਗਿਆ ਪਰ ਇਸ ਸਕੀਮ ਦਾ ਫਾਇਦਾ ਉਹ ਨਾ ਲੈ ਸਕਿਆ, ਕਿਉਂਕਿ ਉਸ ਨੂੰ ਜਾਣਕਾਰੀ ਨਹੀਂ ਸੀ ਅਤੇ ਨਾ ਹੀ ਪੰਜਾਬ ਸਰਕਾਰ ਤੇ ਵਿਰੋਧੀ ਧਿਰ ਇਸ ਸਕੀਮ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਚਾਹੁੰਦੀ ਹੈ, ਇੱਥੇ ਇਹ ਵੀ ਜ਼ਿਕਰਯੋਗ ਗੱਲ ਹੈ ਕਿ ਦਲਿਤ ਚਿੰਤਨ ਮੰਥਨ ਕਰਨ ਵਾਲੀ ਪਾਰਟੀ ਬਹੁਜਨ ਸਮਾਜ ਪਾਰਟੀ ਨੇ ਵੀ ਇਸ ਸਕੀਮ ਤਹਿਤ ਕੋਈ ਠੋਸ ਰਣਨੀਤੀ ਨਹੀਂ ਬਣਾਈ, ਜਦ ਕਿ ਉਨ੍ਹਾਂ ਨੂੰ ਪਤਾ ਵੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹੀ ਬੱਚੇ ਕਿਸੇ ਨਾ ਕਿਸੇ ਰਾਜਨੀਤਿਕ ਪਾਰਟੀ ਦੇ ਵੋਟਰ ਵੀ ਬਣਨਗੇ ਪਰ ਇੰਝ ਲੱਗਦਾ ਹੈ ਕਿ ਬਾਬਾ ਸਾਹਿਬ ਅੰਬੇਡਕਰ ਦੇ ਪੈਰੋਕਾਰਾਂ ਦਾ ਪੂਰਾ ਜ਼ੋਰ ਬਾਬਾ ਸਾਹਿਬ ਅੰਬੇਡਕਰ ਨੂੰ ਰੱਬ ਬਣਾਉਣ ਵਿੱਚ ਲੱਗਿਆ ਹੋਇਆ ਹੈ, ਕਿਉਂਕਿ ਉਨ੍ਹਾਂ ਕੋਲ ਦਲੀਲ ਹੈ ਕਿ ਵਿਅਕਤੀ ਰੱਬ ਵਾਲੇ ਕੰਮ ਨਹੀਂ ਕਰ ਸਕਦਾ, ਇਸ ਕਰਕੇ ਉਹ ਬਾਬਾ ਸਾਹਿਬ ਨੂੰ ਪੂਜ ਤਾਂ ਸਕਦੇ ਹਨ ਪਰ ਬਾਬਾ ਸਾਹਿਬ ਦੇ ਦੱਸੇ ਰਾਹਾਂ 'ਤੇ ਨਹੀਂ ਚੱਲ ਸਕਦੇ। ਬਾਬਾ ਸਾਹਿਬ ਦੇ ਰੱਬ ਬਣਦੇ ਹੀ ਉਨ੍ਹਾਂ ਦੇ ਪੈਰੋਕਾਰਾਂ ਨੂੰ ਉਨ੍ਹਾਂ ਦੇ ਫਲਸਫੇ 'ਤੇ ਨਾ ਚੱਲਣ ਦੀ ਛੋਟ ਮਿਲ ਜਾਂਦੀ ਹੈ। ਇਹੋ ਹੀ ਕਾਰਨ ਹੈ ਕਿ ਅੱਜ-ਕੱਲ੍ਹ ਦੇ ਨੌਜਵਾਨ ਬਾਬਾ ਸਾਹਿਬ ਅੰਬੇਡਕਰ ਦੀ ਰਾਹ 'ਤੇ ਚੱਲਣ ਦੀ ਥਾਂ ਉਨ੍ਹਾਂ ਨੂੰ ਪੂਜਣ ਵਿੱਚ ਵਿਸ਼ਵਾਸ ਰੱਖਣ ਲੱਗ ਪਏ ਹਨ, ਜਦ ਕਿ ਇਸ ਦੇ ਉਲਟ ਬਾਬਾ ਸਾਹਿਬ ਚਿੱਤਰ ਪੂਜਾ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਸੀ ਰੱਖਦੇ, ਉਹ ਚਰਿੱਤਰਵਾਨ ਬਣਨ ਵਿੱਚ ਵਿਸ਼ਵਾਸ ਰੱਖਦੇ ਸਨ।                                                                                                                            - ਅਜੇ ਕੁਮਾਰ

Monday 4 July 2016

'ਜਿਹੜਾ ਕੰਮ ਕਰਨਾ ਸੀ ਉਹ ਕੀਤਾ ਨਹੀਂ, ਜੋ ਕੀਤਾ ਉਹ ਕਿਸੇ ਕੰਮ ਦਾ ਨਹੀਂ'

ਮਿਸ਼ਨਰੀ ਕਵੀ ਗੁਰਦਾਸ ਰਾਮ ਆਲਮ ਦੀ ਕਵਿਤਾ ਦੀਆਂ ਇਹ ਸਤਰਾਂ ਅੱਜ ਦੇ ਮੇਰੇ ਲੇਖ ਦਾ ਸਾਰ ਹਨ। ਸਰਕਾਰਾਂ ਨੇ ਯੁਗਪੁਰਸ਼ ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ ਨਾ ਅਪਣਾ ਕੇ ਭਾਰਤ ਨੂੰ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਬਹੁਤ ਪਿਛਾਂਹ ਕਰ ਦਿੱਤਾ ਹੈ, ਜਿਸ ਦਾ ਖਮਿਆਜ਼ਾ ਭਾਰਤ ਦੀ 125 ਕਰੋੜ ਜਨਤਾ ਭੁਗਤ ਰਹੀ ਹੈ। ਆਮ ਤੌਰ 'ਤੇ ਬੁੱਧੀਮਾਨ ਲੋਕ ਆਮ ਆਦਮੀ ਨੂੰ ਔਖੀ ਗੱਲ ਸਮਝਾਉਣ ਲਈ ਕਹਾਣੀਆਂ ਦਾ ਸਹਾਰਾ ਲੈਂਦੇ ਹਨ। ਬਚਪਨ ਵਿੱਚ ਮੈਂ ਵੀ ਇਕ ਕਹਾਣੀ ਪੜ੍ਹੀ ਸੀ ਜੋ ਅੱਜ ਵੀ ਮੇਰੇ ਜ਼ਿਹਨ ਵਿੱਚ ਹੈ, ਜਿਸ ਵਿੱਚ ਇਕ ਲੱਕੜਹਾਰਾ ਉਸੇ ਹੀ ਟਾਹਣੀ ਨੂੰ ਵੱਢ ਰਿਹਾ ਹੁੰਦਾ ਹੈ, ਜਿਸ 'ਤੇ ਉਹ ਬੈਠਾ ਹੁੰਦਾ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਕਰਨ ਤੋਂ ਬਾਅਦ ਨਤੀਜਾ ਉਹ ਦਰੱਖ਼ਤ ਤੋਂ ਡਿੱਗ ਕੇ ਰੋਜ਼ੀ-ਰੋਟੀ ਕਮਾਉਣ ਦੀ ਥਾਂ ਆਪਣੀ ਲੱਤ ਤੁੜਵਾ ਕੇ ਬੈਠ ਜਾਂਦਾ ਹੈ। ਇਸੇ ਤਰ੍ਹਾਂ ਭਾਰਤ ਦੀਆਂ ਸਰਕਾਰਾਂ ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਅਮਲੀ ਜਾਮਾ ਨਾ ਪਹਿਨਾ ਕੇ ਠੀਕ ਉਸੇ ਲੱਕੜਹਾਰੇ ਵਾਂਗ ਦੇਸ਼ ਨੂੰ ਤਰੱਕੀ ਦੀਆਂ ਲੀਹਾਂ 'ਤੇ ਤੋਰਨ ਦੀ ਥਾਂ ਦੇਸ਼ ਵਿੱਚ ਤਰੱਕ ਪਾ ਰਹੀਆਂ ਹਨ। ਅੱਜ ਭਾਰਤ ਦੀ 60 ਪ੍ਰਤੀਸ਼ਤ ਧਰਤੀ ਵੱਖ-ਵੱਖ ਤਰ੍ਹਾਂ ਦੇ ਅੱਤਵਾਦਾਂ ਨਾਲ ਜੂਝ ਰਹੀ ਹੈ। ਪੂਰੇ ਵਿਸ਼ਵ ਦੇ ਦੇਸ਼ਾਂ ਵਿੱਚੋਂ ਸਭ ਤੋਂ ਵੱਧ ਪ੍ਰਤੀਸ਼ਤ ਦਰ ਨੌਜਵਾਨਾਂ ਦੀ ਭਾਰਤ ਵਿੱਚ ਹੈ। ਭਾਰਤ 'ਚ ਲੱਗਭਗ 65 ਪ੍ਰਤੀਸ਼ਤ ਨੌਜਵਾਨ ਹਨ ਪਰ ਇਹ ਵਿਚਾਰੇ ਤਕਰੀਬਨ ਸਾਰੇ ਦਿਸ਼ਾਹੀਣ ਹਨ। ਸਰਕਾਰਾਂ ਕੋਲ ਇਨ੍ਹਾਂ ਲਈ ਕੋਈ ਪ੍ਰੋਗਰਾਮ ਨਹੀਂ ਹੈ। ਭਾਰਤ ਦੇ 85 ਪ੍ਰਤੀਸ਼ਤ ਲੋਕਾਂ ਕੋਲ ਮੁਢਲੀਆਂ ਸਹੂਲਤਾਂ ਰੋਟੀ, ਕੱਪੜਾ, ਮਕਾਨ, ਸਿਹਤ, ਸਿੱਖਿਆ, ਰੋਜ਼ਗਾਰ ਨਹੀਂ ਹਨ। ਭਾਰਤ ਵਿੱਚ ਸੰਤ, ਨੇਤਾ, ਗੁਰੂ, ਸਰਕਾਰੀ ਨੌਕਰ ਇੱਥੋਂ ਤੱਕ ਕਿ ਸ਼ਹੀਦ ਦੀ ਵੀ ਪਰਿਭਾਸ਼ਾ ਬਦਲ ਚੁੱਕੀ ਹੈ। ਉਦਾਹਰਣ ਦੇ ਤੌਰ 'ਤੇ ਸ਼ਹੀਦਾਂ ਦੇ ਸਿਰਤਾਜ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ, ਸ਼ਹੀਦ ਊਧਮ ਸਿੰਘ, ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਮਾਤਾ ਦੀਨ ਭੰਗੀ ਅਤੇ ਝਲਕਾਰੀ ਬਾਈ ਦੇ ਨਾਲ ਉਨ੍ਹਾਂ ਲੋਕਾਂ ਨੂੰ ਵੀ ਸ਼ਹੀਦ ਕਰਾਰ ਦੇਣ ਦੀ ਮੰਗ ਭਾਰਤ ਵਿੱਚ ਉੱਠ ਰਹੀ ਹੈ, ਜਿਨ੍ਹਾਂ ਲੋਕਾਂ ਨੇ ਕਈ ਵਾਰ ਭਾਰਤ ਦੀ ਸ਼ਾਂਤੀ ਨੂੰ ਭੰਗ ਕੀਤਾ ਅਤੇ ਨਿਰਦੋਸ਼ ਲੋਕਾਂ ਨੂੰ ਮਾਰਨ ਦੀ ਯੋਜਨਾ ਬਣਾਈ ਅਤੇ ਯੋਜਨਾ ਵਿੱਚ ਆਪ ਵੀ ਸ਼ਾਮਿਲ ਹੋਏ। ਭਾਰਤ ਵਿੱਚ ਵਿਅਕਤੀ ਦੀਆਂ ਕਦਰਾਂ-ਕੀਮਤਾਂ ਦੀ ਘਾਟ ਤਾਂ ਸਦੀਆਂ ਤੋਂ ਪਾਈ ਜਾਂਦੀ ਹੈ ਪਰ 19ਵੀਂ ਤੇ 20ਵੀਂ ਸਦੀ ਦੇ ਯੁਗਪੁਰਸ਼ ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ ਸਵਾਮੀ ਵਿਵੇਕਾਨੰਦ ਜੀ ਦੇ ਇਸ ਵਿਚਾਰ ਨੂੰ ਹੋਰ ਬਲ ਦਿੰਦੀ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ''ਮੈਂ ਉਸ ਨੂੰ ਭਗਵਾਨ ਮੰਨਦਾ ਹਾਂ, ਜਿਸ ਨੂੰ ਮੂਰਖ ਲੋਕ ਮਨੁੱਖ ਕਹਿੰਦੇ ਹਨ। ਬਾਬਾ ਸਾਹਿਬ ਦੀ ਵਿਚਾਰਧਾਰਾ ਦਾ ਹੀ ਹਿੱਸਾ ਹੈ ਭਾਰਤੀ ਸੰਵਿਧਾਨ। ਜੇਕਰ ਭਾਰਤੀ ਸੰਵਿਧਾਨ ਪੂਰੀ ਤਰ੍ਹਾਂ ਲਾਗੂ ਹੋ ਜਾਵੇ ਤਾਂ ਫਿਰ ਭਾਰਤ ਦਾ ਨੌਜਵਾਨ ਸਭ ਕੁਝ ਵੇਚ-ਵੱਟ ਕੇ ਉਨ੍ਹਾਂ ਗੋਰਿਆਂ ਕੋਲ ਜਾ ਕੇ ਗੁਲਾਮੀ ਨਹੀਂ ਕਰੇਗਾ, ਜਿਨ੍ਹਾਂ ਨੇ 200 ਸਾਲ ਭਾਰਤ 'ਤੇ ਰਾਜ ਕੀਤਾ। ਉਹ ਉਨ੍ਹਾਂ ਅਰਬ ਕੰਟਰੀਆਂ ਵਿੱਚ ਜਾ ਕੇ ਧੱਕੇ ਨਹੀਂ ਖਾਏਗਾ, ਜਿੱਥੇ ਮੁਗਲਾਂ ਨੇ ਭਾਰਤ ਦੀਆਂ ਅਬਲਾ ਨਾਰੀਆਂ ਨੂੰ ਟਕੇ-ਟਿੰਡ ਵੇਚਿਆ ਪਰ ਸਮੇਂ ਦੀਆਂ ਹਕੂਮਤਾਂ ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ ਨੂੰ ਲਾਗੂ ਇਸ ਕਰਕੇ ਨਹੀਂ ਕਰਦੀਆਂ, ਕਿਉਂਕਿ ਇਨ੍ਹਾਂ ਨੂੰ ਪਤਾ ਹੈ ਕਿ ਭਾਰਤੀ ਸੰਵਿਧਾਨ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ 'ਸਰਬੱਤ ਦਾ ਭਲਾ' ਨੂੰ ਲਾਗੂ ਕਰਨ ਦਾ ਨਿਰਦੇਸ਼ ਦਿੰਦਾ ਹੈ। ਭਾਰਤ ਦਾ ਸੰਵਿਧਾਨ ਹੀ ਭਾਰਤ ਦੇ 125 ਕਰੋੜ ਲੋਕਾਂ ਨੂੰ ਇਕੱਠਾ ਰੱਖ ਰਿਹਾ ਹੈ। ਇਸ ਤੋਂ ਇਲਾਵਾ ਕੋਈ ਵੀ ਅਜਿਹੀ ਚੀਜ਼ ਨਹੀਂ ਹੈ, ਜਿਹੜੀ ਭਾਰਤ ਦੇ 125 ਕਰੋੜ ਲੋਕਾਂ ਨੂੰ ਇਕੱਠਾ ਕਰ ਸਕੇ ਪਰ ਫਿਰ ਵੀ ਭਾਰਤ ਦੇਸ਼ ਦੀਆਂ ਸਰਕਾਰਾਂ ਭਾਰਤ ਦੇ ਸੰਵਿਧਾਨ ਨੂੰ ਲਾਗੂ ਕਰਨ ਦੀ ਥਾਂ ਉਲਟਾ ਕਮਜ਼ੋਰ ਹੀ ਕਰ ਰਹੀਆਂ ਹਨ। ਦੂਜੇ ਪਾਸੇ ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ 'ਤੇ ਪਹਿਰਾ ਦੇਣ ਦੀ ਥਾਂ ਉਨ੍ਹਾਂ ਦੇ ਪੈਰੋਕਾਰ ਆਪਸ ਵਿੱਚ ਹੀ ਕਈ ਭਾਗਾਂ 'ਚ ਵੰਡੇ ਹੋਏ ਹਨ। ਆਪਸੀ ਫੁੱਟ ਨੂੰ ਲੁਕਾਉਣ ਲਈ ਬਾਬਾ ਸਾਹਿਬ ਦੇ ਪੈਰੋਕਾਰ ਸਾਰਾ ਦੋਸ਼ ਅੰਬੇਡਕਰ ਵਿਚਾਰਧਾਰਾ ਦੇ ਧੁਰ ਵਿਰੋਧੀ ਕਾਂਗਰਸ, ਆਰ. ਐੱਸ. ਐੱਸ. ਅਤੇ ਹੋਰਨਾਂ ਸਿਆਸੀ ਪਾਰਟੀਆਂ ਸਿਰ ਮੜ੍ਹਦੇ ਹਨ, ਜਦ ਕਿ ਬਾਬਾ ਸਾਹਿਬ ਦੇ ਪੈਰੋਕਾਰਾਂ ਨੂੰ ਚਾਹੀਦਾ ਹੈ ਕਿ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਸਭ ਤੋਂ ਪਹਿਲਾਂ ਭਾਰਤੀ ਸੰਵਿਧਾਨ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਉਣ ਲਈ ਇਕਜੁੱਟ ਹੋ ਕੇ ਜਾਗ ਕੇ ਸੰਘਰਸ਼ ਕਰਨ, ਕਿਉਂਕਿ ਬਾਬਾ ਸਾਹਿਬ ਦੇ ਪੈਰੋਕਾਰਾਂ ਦਾ ਭਾਰਤ ਦੇ ਸੰਵਿਧਾਨ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਉਣਾ ਇਸ ਕਰਕੇ ਵੀ ਲਾਜ਼ਮੀ ਹੈ, ਕਿਉਂਕਿ ਉਹ ਦੇਸ਼ ਦੇ ਅਸਲੀ ਵਾਰਸ ਹਨ। ਅਜਿਹਾ ਨਹੀਂ ਹੈ ਕਿ ਬਾਬਾ ਸਾਹਿਬ ਅੰਬੇਡਕਰ ਦੇ ਪੈਰੋਕਾਰ ਆਪਣਾ ਕੰਮ ਨਹੀਂ ਕਰ ਰਹੇ ਪਰ ਜੇ ਸਰਸਰੀ ਝਾਤ ਮਾਰੀਏ ਤਾਂ ਜ਼ਿਆਦਾਤਰ ਲੋਕ ਬਾਬਾ ਸਾਹਿਬ ਅੰਬੇਡਕਰ ਦਾ ਨਾਂ ਲੈ ਕੇ ਕੰਮ ਉਨ੍ਹਾਂ ਦੀ ਵਿਚਾਰਧਾਰਾ ਦੇ ਉਲਟ ਹੀ ਕਰ ਰਹੇ ਹਨ, ਜਿਸ ਦਾ ਸਮਾਜ ਅਤੇ ਦੇਸ਼ ਨੂੰ ਕੋਈ ਫਾਇਦਾ ਨਹੀਂ ਹੈ।       
                                                                                                                 - ਅਜੈ ਕੁਮਾਰ

Monday 27 June 2016


ਰੋਗਮੁਕਤ ਭਾਰਤ ਲਈ ਵਰਦਾਨ ਹੈ ਯੋਗ ਵਿੱਦਿਆ

ਯੋਗ ਵਿੱਦਿਆ ਭਾਰਤ ਦੇ ਮੂਲ ਨਿਵਾਸੀਆਂ ਦੀ ਵਿੱਦਿਆ ਹੈ। ਸਿੰਧੂ ਘਾਟੀ ਦੀ ਸੱਭਿਅਤਾ ਦੇ ਜੋ ਅਵਸ਼ੇਸ਼ ਮਿਲੇ ਉਨ੍ਹਾਂ ਵਿੱਚ ਬੁੱਧ ਦੀਆਂ ਜੋ ਮੂਰਤੀਆਂ ਮਿਲੀਆਂ, ਜ਼ਿਆਦਾਤਰ ਬੁੱਧ ਦੀਆਂ ਮੂਰਤੀਆਂ ਯੋਗ ਮੁਦਰਾ ਵਿੱਚ ਹਨ। ਯੋਗ ਇਕ ਅਜਿਹੀ ਵਿੱਦਿਆ ਹੈ, ਜਿਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਭਗਵਾਨ ਵਾਲਮੀਕਿ ਮਹਾਰਾਜ ਨੇ ਯੋਗ ਵਸ਼ਿਸ਼ਟ ਵਿੱਚ ਕਿਹਾ ਹੈ ਕਿ ਗੁਰੂ ਅਤੇ ਸ਼ਾਸਤਰ ਤੁਹਾਨੂੰ ਕਦੇ ਆਤਮ ਦਰਸ਼ਨ ਨਹੀਂ ਕਰਵਾ ਸਕਦੇ। ਆਤਮ ਦਰਸ਼ਨ ਤੁਸੀਂ ਸਿਰਫ ਸਵਸਥ ਸਰੀਰ ਅਤੇ ਨਿਰਮਲ ਬੁੱਧੀ ਦੁਆਰਾ ਹੀ ਕਰ ਸਕਦੇ ਹੋ। ਜ਼ਿਆਦਾਤਰ ਸਰੀਰਿਕ ਸਿੱਖਿਆ ਦੇ ਮਾਹਿਰਾਂ ਦਾ ਅਨੁਭਵ ਦੱਸਦਾ ਹੈ ਕਿ ਯੋਗ ਵਿੱਦਿਆ ਹੀ ਇਕ ਅਜਿਹੀ ਵਿੱਦਿਆ ਹੈ, ਜਿਸ ਨਾਲ ਤੁਸੀਂ ਆਪਣਾ ਸਰੀਰ ਤੰਦਰੁਸਤ ਬਣਾ ਸਕਦੇ ਹੋ ਅਤੇ ਆਪਣੀ ਬੁੱਧੀ ਵੀ ਨਿਰਮਲ ਬਣਾ ਸਕਦੇ ਹੋ। ਨਿਯਮਿਤ ਰੂਪ ਵਿੱਚ ਯੋਗ ਕਰਨਾ ਇਸ ਲਈ ਵੀ ਜ਼ਰੂਰੀ ਹੈ, ਕਿਉਂਕਿ ਇਹ ਮਨੁੱਖ ਨੂੰ ਬੀਮਾਰੀ ਲੱਗਣ ਹੀ ਨਹੀਂ ਦਿੰਦਾ, ਹਾਲਾਂਕਿ ਸਾਡੇ ਸਿਆਸਤਦਾਨ ਹਰ ਗੱਲ, ਹਰ ਵਿਚਾਰ ਨੂੰ ਆਪਣੇ ਅਤੇ ਆਪਣੀ ਪਾਰਟੀ ਦਾ ਫਾਇਦਾ-ਨੁਕਸਾਨ ਦੇਖਦੇ ਹੋਏ ਹਰ ਮੁੱਦੇ 'ਤੇ ਸਿਆਸਤ ਕਰਨ ਤੋਂ ਬਾਜ਼ ਨਹੀਂ ਆਉਂਦੇ। ਇਨ੍ਹਾਂ ਦੀ ਅਜਿਹੀ ਹੀ ਘਟੀਆ ਰਾਜਨੀਤੀ ਕਾਰਣ ਭਾਰਤ ਦੇ 70 ਪ੍ਰਤੀਸ਼ਤ ਲੋਕ ਯੋਗ ਵਿੱਦਿਆ ਜਿਹੀ ਲਾਜਵਾਬ ਅਤੇ ਅਮੁੱਲ ਦੇਣ ਤੋਂ ਵਾਂਝੇ ਹਨ। ਹਾਲਾਂਕਿ ਵਿਸ਼ਵ ਦੇ 90 ਪ੍ਰਤੀਸ਼ਤ ਬੁੱਧੀਮਾਨ ਅਤੇ ਤੰਦਰੁਸਤ ਲੋਕ ਰੋਜ਼ ਨਿਯਮਿਤ ਰੂਪ ਵਿੱਚ ਯੋਗਾ ਕਰਦੇ ਹਨ ਪਰ ਯੋਗ 'ਤੇ ਆਪਣਾ ਮਾਅਰਕਾ ਸਾਬਤ ਕਰਨ ਦੇ ਚੱਕਰ 'ਚ ਸਾਡੇ ਅਖੌਤੀ ਲੀਡਰ ਅਤੇ ਭਗਵੇਂ ਚੋਲੇ ਪਾ ਕੇ ਯੋਗ ਰਾਹੀਂ ਵਪਾਰ ਕਰਨ ਵਾਲੇ ਬਾਬੇ ਜੋ ਆਪਣੇ ਆਪ ਨੂੰ ਯੋਗ ਦੇ ਸਰਵਸ੍ਰੇਸ਼ਠ ਅਚਾਰਿਆ ਸਾਬਤ ਕਰਨਾ ਚਾਹੁੰਦੇ ਹਨ ਤਾਂ ਜੋ ਉਹ ਸਭ ਤੋਂ ਵੱਡੇ ਦੇਸ਼ ਪ੍ਰੇਮੀ ਅਖਵਾ ਸਕਣ ਤੇ ਜੇਕਰ ਦੂਜੇ ਪਾਸੇ ਯੋਗ ਦਾ ਕਿਸੇ ਧਰਮ ਜਾਂ ਕਿਸੇ ਜਾਤ ਅਤੇ ਵਿਅਕਤੀ ਵਿਸ਼ੇਸ਼ ਨਾਲ ਜੋੜ ਕੇ ਇਸ ਦਾ ਵਿਰੋਧ ਕਰਨ ਵਾਲੇ ਲੋਕ ਗਾਹੇ-ਬਗਾਹੇ ਬਿਨਾਂ ਸੋਚੇ-ਸਮਝੇ ਯੋਗ ਵਿੱਦਿਆ ਦੇ ਖਿਲਾਫ ਬੋਲ ਜਾਂਦੇ ਹਨ। ਕਈ ਲੋਕ ਤਾਂ ਇਹ ਵੀ ਉਦਾਹਰਣ ਦਿੰਦੇ ਹਨ ਕਿ ਮਜ਼ਦੂਰ ਨੂੰ ਯੋਗ ਕਰਨ ਦੀ ਕੀ ਲੋੜ ਹੈ। ਮਜ਼ਦੂਰ ਦੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਮੈਂ ਬੜੀ ਚੰਗੀ ਤਰ੍ਹਾਂ ਸਮਝਦਾ ਹਾਂ, ਕਿਉਂਕਿ ਮੈਂ ਵੀ ਇਕ ਮਜ਼ਦੂਰ ਦਾ ਪੁੱਤ ਹਾਂ ਤੇ ਮੇਰੇ ਭਰਾ ਨੇ ਅਫ਼ਸਰ ਬਣਨ ਤੋਂ ਪਹਿਲਾਂ ਵੀ ਖੁਦ ਬੜੀ ਮਿਹਨਤ ਕੀਤੀ ਹੈ। ਇਸ ਲਈ ਮੈਂ ਯੋਗ ਦੇ ਖਿਲਾਫ ਬੋਲਣ ਵਾਲੇ ਵਿਅਕਤੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਹਾਡੀ ਸੋਚ ਤਥਾਗਤ ਬੁੱਧ ਜਾਂ ਡਾ. ਭੀਮ ਰਾਓ ਅੰਬੇਡਕਰ ਤੋਂ ਉੱਤੇ ਤਾਂ ਨਹੀਂ, ਕਿਉਂਕਿ ਡਾ. ਭੀਮ ਰਾਓ ਅੰਬੇਡਕਰ ਜੀ ਰੋਜ਼ ਯੋਗ ਨਿਯਮਿਤ ਰੂਪ ਵਿੱਚ ਕਰਦੇ ਸਨ। ਇਸ ਦਾ ਸਬੂਤ ਤੁਸੀਂ ਨਾਨਕ ਚੰਦ ਰੱਤੂ ਵੱਲੋਂ ਲਿਖੀ ਪੁਸਤਕ 'ਦਿਨ ਚਰਿਆ' ਅਤੇ ਅਣਛੂਹੇ ਪਹਿਲੂ ਪੜ੍ਹ ਸਕਦੇ ਹੋ। ਸਵਾਮੀ ਵਿਵੇਕਾਨੰਦ, ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਆਦਿ ਹੋਰ ਵੀ ਕਈ ਰਾਜਨੀਤਿਕ ਹਸਤੀਆਂ ਦੇ ਨਾਲ-ਨਾਲ ਸਮਾਜਿਕ ਅਤੇ ਧਾਰਮਿਕ ਹਸਤੀਆਂ ਵੀ ਯੋਗ ਕਰਦੀਆਂ ਸਨ ਅਤੇ ਕਰਦੀਆਂ ਹਨ। ਇਸ ਲਈ ਯੋਗ ਵਿੱਦਿਆ ਦਾ ਪ੍ਰਚਾਰ ਸਾਨੂੰ ਬਿਨਾਂ ਕਿਸੇ ਭੇਦਭਾਵ ਤੋਂ ਕਰਨਾ ਚਾਹੀਦਾ ਹੈ। ਸਾਨੂੰ ਖੁਦ ਆਪ ਵੀ ਰੋਜ਼ ਯੋਗ ਕਰਨਾ ਚਾਹੀਦਾ ਹੈ ਅਤੇ ਦੂਸਰਿਆਂ ਨੂੰ ਵੀ ਯੋਗ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸੇ ਲਈ ਯੋਗ ਦਾ ਪ੍ਰਚਾਰ-ਪ੍ਰਸਾਰ ਕਰਨ ਲਈ ਅਸੀਂ 'ਆਪਣੀ ਮਿੱਟੀ ਆਪਣੇ ਲੋਗ' ਸੰਸਥਾ ਵੱਲੋਂ ਸ੍ਰੀ ਗੁਰੂ ਰਵਿਦਾਸ ਮੰਦਿਰ ਗੋਪਾਲ ਨਗਰ ਵਿਖੇ 10 ਜੁਲਾਈ ਨੂੰ ਡਾ. ਬੀ. ਆਰ. ਅੰਬੇਡਕਰ ਯੋਗ ਕੇਂਦਰ ਖੋਲ੍ਹਣ ਜਾ ਰਹੇ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਯੋਗ ਵਿੱਦਿਆ ਸਿੱਖ ਕੇ ਆਪਣੀ ਸਿਹਤ ਵੀ ਠੀਕ ਕਰੋ ਅਤੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਨੂੰ ਵੀ ਦੂਰ ਕਰੋ। ਉਮੀਦ ਹੈ ਜਿਨ੍ਹਾਂ ਨੇ ਕਦੇ ਆਪਣੇ ਜੀਵਨ 'ਚ ਯੋਗ ਨਹੀਂ ਕੀਤਾ, ਉਹ ਮੇਰੇ ਇਸ ਲੇਖ 'ਤੇ ਆਪਣੀ ਟੀਕਾ-ਟਿੱਪਣੀ ਕਰਨ ਤੋਂ ਪਹਿਲਾਂ ਸੋਚਣਗੇ ਜ਼ਰੂਰ, ਮੈਂ ਉਨ੍ਹਾਂ ਨੂੰ ਬੇਨਤੀ ਕਰਦਾ ਹਾਂ ਕਿ ਜੇ ਉਨ੍ਹਾਂ ਨੇ ਮੇਰੇ ਇਸ ਲੇਖ ਬਾਰੇ ਆਪਣੇ ਵਿਚਾਰ ਪ੍ਰਗਟ ਕਰਨੇ ਹਨ ਤਾਂ ਘੱਟੋ-ਘੱਟ 10 ਦਿਨ ਯੋਗ ਜ਼ਰੂਰ ਕਰਨ, ਫਿਰ ਉਨ੍ਹਾਂ ਵੱਲੋਂ ਕੀਤੀ ਗਈ ਟਿੱਪਣੀ ਮੈਨੂੰ ਬੜੀ ਪਸੰਦ ਆਵੇਗੀ ਤੇ ਮੇਰੇ ਗਿਆਨ ਵਿੱਚ ਹੋਰ ਵਾਧਾ ਵੀ ਕਰੇਗੀ ਪਰ ਬਿਨਾਂ ਯੋਗ ਨੂੰ ਸਮਝੇ ਯੋਗ ਦੇ ਖਿਲਾਫ ਬੋਲਣ ਵਾਲੇ ਲੋਕ ਆਪਣੀ ਸਿਹਤ ਦੇ ਨਾਲ-ਨਾਲ ਦੂਸਰਿਆਂ ਦੀ ਸਿਹਤ ਦੇ ਵੀ ਦੁਸ਼ਮਣ ਹਨ, ਆਓ ਭਾਰਤ ਨੂੰ ਰੋਗ ਮੁਕਤ ਬਨਾਉਣ ਦੇ ਲਈ ਯੋਗ ਕਰੀਏ ਤੇ ਦੂਸਰਿਆਂ ਨੂੰ ਕਰਾਈਏ।                                                                                                                    - ਅਜੈ ਕੁਮਾਰ 

Monday 20 June 2016

'ਉੜਤਾ ਪੰਜਾਬ'

ਪਿਛਲੇ ਥੋੜ੍ਹੇ ਦਿਨਾਂ ਤੋਂ 'ਉੜਤਾ ਪੰਜਾਬ' ਫਿਲਮ ਪੂਰੀ ਚਰਚਾ ਵਿੱਚ ਹੈ। ਮੀਡੀਆ 'ਉੜਤੇ ਪੰਜਾਬ' ਦੀ ਚਰਚਾ ਕਰ ਰਿਹਾ ਹੈ। ਸਭ ਰਾਜਨੀਤਿਕ ਪਾਰਟੀਆਂ ਦੇ ਲੀਡਰ 'ਉੜਤੇ ਪੰਜਾਬ' 'ਤੇ ਰੌਲਾ ਪਾ ਰਹੇ ਹਨ। ਸੱਤਾਧਾਰੀ ਅਕਾਲੀ ਦਲ ਕਹਿ ਰਿਹਾ ਹੈ ਕਿ ਪੰਜਾਬ ਵਿੱਚ ਕੋਈ ਨਸ਼ਾ ਨਹੀਂ ਕਰਦਾ, ਦੂਸਰੇ ਪਾਸੇ ਵਿਰੋਧੀ ਧਿਰ ਦਾ ਇਹ ਸਿੱਧ ਕਰਨ 'ਤੇ ਜ਼ੋਰ ਲੱਗਾ ਹੈ ਕਿ ਪੰਜਾਬ ਦਾ ਹਰ ਦੂਜਾ ਨੌਜਵਾਨ ਨਸ਼ੇੜੀ ਹੈ। ਫਿਲਮ ਨਸ਼ਿਆਂ 'ਤੇ ਬਣੀ ਹੈ, ਪੰਜਾਬੀ ਨੌਜਵਾਨ ਦੇ ਨਸ਼ੇ ਦੀ ਆਦਤ ਨੂੰ ਫਿਲਮ ਵਿੱਚ ਦਿਖਾਇਆ ਗਿਆ ਹੈ। ਮੈਂ ਫਿਲਮਾਂ ਬਹੁਤ ਘੱਟ ਦੇਖਦਾ ਹਾਂ ਪਰ ਏਨਾ ਰੌਲਾ ਸੁਣ ਕੇ ਦਿਲ ਕਰਦਾ ਹੈ ਮੈਂ ਇਹ ਫਿਲਮ ਜ਼ਰੂਰ ਦੇਖਾਂ ਪਰ ਜੋ ਅਜੇ ਜਾਣਕਾਰੀਆਂ ਮਿਲ ਰਹੀਆਂ ਹਨ ਉਸ ਤੋਂ ਪਤਾ ਲੱਗਦਾ ਹੈ ਕਿ ਫਿਲਮ ਵਿੱਚ ਲਗਾਤਾਰ ਨਸ਼ੇ ਦੀ ਗਰਕ ਵਿੱਚ ਡਿਗ ਰਹੇ ਨੌਜਵਾਨਾਂ ਦੀ ਕਹਾਣੀ ਹੈ। ਇਹ ਇਕ ਬਹੁਤ ਗੰਭੀਰ ਮੁੱਦਾ ਹੈ ਪਰ ਜਿਸ ਤਰ੍ਹਾਂ ਸਾਡੇ ਰਾਜਨੀਤਿਕ ਲੀਡਰ ਬਿਆਨਬਾਜ਼ੀਆਂ ਕਰ ਰਹੇ ਹਨ, ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਾਡੇ ਨੇਤਾ ਅਤਿ ਗੰਭੀਰ ਮੁੱਦਿਆਂ 'ਤੇ ਵੀ ਮਜ਼ਾਕੀਆ ਰੁਖ ਅਖਤਿਆਰ ਕਰਦੇ ਹਨ. ਇਨ੍ਹਾਂ ਦਾ ਕੋਈ ਤਾਅਲੁਕ ਨਹੀਂ ਪੰਜਾਬ ਦੀ ਜਵਾਨੀ ਨਾਲ, ਕੋਈ ਇੱਛਾ-ਸ਼ਕਤੀ ਨਹੀਂ ਨਸ਼ੇ ਦੇ ਸੌਦਗਾਰਾਂ ਦਾ ਕਾਰੋਬਾਰ ਰੋਕਣ ਵਿੱਚ। ਕੋਈ ਵਿਚਾਰ ਨਹੀਂ ਕਿ ਕਿਵੇਂ ਨਸ਼ੇ ਦੇ ਕਾਰੋਬਾਰੀਆਂ ਨੂੰ ਨੱਥ ਪਾ ਕੇ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ। ਮੇਰੇ ਕੋਲ ਅਜਿਹੇ ਅੰਕੜੇ ਨਹੀਂ, ਜਿਨ੍ਹਾਂ ਤੋਂ ਸਿੱਧ ਹੋ ਸਕੇ ਕਿ ਪੰਜਾਬ ਦਾ ਕਿੰਨੇ ਪ੍ਰਤੀਸ਼ਤ ਨੌਜਵਾਨ ਨਸ਼ਾ ਕਰਦਾ ਹੈ, ਕਿਉਂਕਿ ਇਕ ਪਾਸੇ ਵਿਰੋਧੀ ਧਿਰ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਅੰਕੜੇ ਹਨ ਜੋ ਦਰਸਾਉਂਦੇ ਹਨ ਕਿ ਤਕਰੀਬਨ ਹਰ ਪੰਜਾਬੀ ਨੌਜਵਾਨ ਨਸ਼ੇੜੀ ਹੈ ਅਤੇ ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਸੱਤਾਧਾਰੀ ਨੇਤਾਵਾਂ ਦਾ ਥਾਪੜਾ ਮਿਲਿਆ ਹੋਇਆ ਹੈ। ਹਰ ਪਾਸੇ ਲੁੱਟ-ਖਸੁੱਟ ਪਈ ਹੈ। ਦੂਸਰੇ ਪਾਸੇ ਸੱਤਾਧਾਰੀ ਧਿਰ ਦੇ ਅੰਕੜੇ ਹਨ ਜੋ ਦਰਸਾਉਣਾ ਚਾਹੁੰਦੇ ਹਨ ਕਿ ਪੰਜਾਬ ਦਾ ਹਰ ਨੌਜਵਾਨ ਦੁੱਧ ਦਾ ਧੋਤਾ ਹੈ। ਉਹ ਕੋਈ ਨਸ਼ਾ ਨਹੀਂ ਕਰਦਾ, ਉਹ ਸਵੇਰੇ-ਸ਼ਾਮ ਆਪਣੇ ਵਿਕਾਸ ਦੇ ਗੁਣ ਗਾਉਂਦੇ ਹਨ ਅਤੇ ਨਸ਼ੇ ਨੂੰ ਕੋਈ ਖਾਸ ਮੁੱਦਾ ਨਹੀਂ ਮੰਨਦੇ ਅਤੇ ਸਰਕਾਰ ਦੀ ਬੱਲੇ-ਬੱਲੇ ਕਰਨ ਵਿੱਚ ਮਸਤ ਹਨ। ਕੁਲ ਮਿਲਾ ਕੇ ਕੋਈ ਅਜਿਹਾ ਅੰਕੜਾ ਜਾਂ ਅਜਿਹਾ ਵਿਚਾਰ ਕਿਸੇ ਪਾਰਟੀ ਜਾਂ ਲੀਡਰ ਵੱਲੋਂ ਨਹੀਂ ਆਇਆ ਜੋ ਕਿਸੇ ਤਰ੍ਹਾਂ ਨਾਲ ਇਸ ਸਮੱਸਿਆ ਦੇ ਹੱਲ ਵੱਲ ਇਸ਼ਾਰਾ ਕਰਦਾ ਹੋਵੇ। ਵਿਰੋਧੀ ਧਿਰਾਂ ਕਾਂਗਰਸ ਹੋਵੇ, ਆਮ ਆਦਮੀ ਪਾਰਟੀ ਹੋਵੇ ਜਾਂ ਕੋਈ ਹੋਰ ਉਹ ਦਾਅਵਾ ਕਰ ਰਹੀਆਂ ਹਨ ਕਿ ਸੱਤਾ ਵਿੱਚ ਆਉਣ ਦੇ ਕੁਝ ਹਫਤਿਆਂ ਵਿੱਚ ਹੀ ਅਸੀਂ ਪੰਜਾਬ ਨੂੰ ਨਸ਼ਾਮੁਕਤ ਕਰ ਦਿਆਂਗੇ, ਜਿਸ ਮਜ਼ਬੂਤੀ ਨਾਲ ਦਾਅਵਾ ਕਰਦੀਆਂ ਹਨ, ਇੰਝ ਜਾਪਦਾ ਹੈ ਕਿ ਇਹ ਸਭ ਨਸ਼ੇ ਦੇ ਵਪਾਰੀ ਉਨ੍ਹਾਂ ਦੀ ਜਾਣਕਾਰੀ ਵਿੱਚ ਹਨ। ਉਨ੍ਹਾਂ ਦੀ ਜੇਬ ਵਿੱਚ ਲਿਸਟਾਂ ਪਈਆਂ ਹਨ ਕਿ ਕਿਹੜਾ-ਕਿਹੜਾ ਨਸ਼ਾ ਕਰਦਾ ਹੈ ਅਤੇ ਕਿਹੜਾ-ਕਿਹੜਾ ਵੇਚਦਾ ਹੈ। 'ਉੜਤਾ ਪੰਜਾਬ' ਦਾ ਜ਼ਿਕਰ ਤਾਂ ਹੋ ਰਿਹਾ ਹੈ ਪਰ ਕਿਧਰੇ ਜ਼ਿਕਰ ਨਹੀਂ ਹੁੰਦਾ ਕਿ ਇਸ 'ਉੜਤਾ ਪੰਜਾਬ' ਨੂੰ ਜ਼ਮੀਨ 'ਤੇ ਕਿੱਦਾਂ ਉਤਾਰਿਆ ਜਾਵੇ। ਮੈਨੂੰ ਤਾਂ ਇਹ ਲੱਗਦਾ ਹੈ ਕਿ ਜੇ ਕੁਝ ਨਸ਼ਾਖੋਰ ਚਿੱਟੇ ਦੇ ਨਸ਼ੇ 'ਚ ਮਸਤ ਹਨ ਤੇ ਸਾਡੇ ਲੀਡਰ ਵੀ ਮਸਤੀ ਦੇ ਮਾਮਲੇ 'ਚ ਕਿਸੇ ਤੋਂ ਘੱਟ ਨਹੀਂ। ਇਹ ਵੀ ਸੱਤਾ ਦੇ ਨਸ਼ੇ ਵਿੱਚ ਉੱਡੂੰ-ਉੱਡੂੰ ਹੀ ਕਰਦੇ ਰਹਿੰਦੇ ਹਨ। ਜ਼ਮੀਨੀ ਗੱਲਾਂ ਕਰਨੀਆਂ ਆਮ ਲੋਕਾਂ ਦੀਆਂ ਗੱਲਾਂ ਕਰਨੀਆਂ, ਸਮੱਸਿਆਵਾਂ ਦਾ ਹੱਲ ਲੱਭਣਾ ਜਾਂ ਪੰਜਾਬੀ ਤੇ ਪੰਜਾਬੀਅਤ ਨੂੰ ਸਹੀ ਰਸਤੇ 'ਤੇ ਚਲਾਉਣ ਬਾਰੇ ਕਿਸੇ ਕੋਲ ਕੋਈ ਵਿਚਾਰ ਨਹੀਂ ਹਨ। ਇਹ ਉੱਡਦੇ ਲੀਡਰ ਹੀ ਸਹੀ ਅਰਥਾਂ 'ਚ 'ਉੜਤਾ ਪੰਜਾਬ' ਦੇ ਜਨਮਦਾਤਾ ਹਨ, ਜਿਨ੍ਹਾਂ ਨੇ ਕਦੇ ਸਮੱਸਿਆ ਦੀ ਗੰਭੀਰਤਾ ਨੂੰ ਨਹੀਂ ਸਮਝਿਆ, ਕਦੇ ਕੋਸ਼ਿਸ਼ ਨਹੀਂ ਕੀਤੀ ਕਿ ਸਮੱਸਿਆ ਦਾ ਕੋਈ ਵਿਵਹਾਰਕ ਹੱਲ ਲੱਭਿਆ ਜਾਵੇ। ਇੱਕੋ ਇਕ ਤਰੀਕਾ ਹੈ ਕਿ ਸੱਤਾਧਾਰੀ ਪਾਰਟੀ ਦੇ Àੁੱਤੇ ਇਲਜ਼ਾਮਾਂ ਦੀ ਬੌਛਾਰ ਕਰ ਦਿਉ, ਉਸ ਦੇ ਲੀਡਰਾਂ ਨੂੰ ਨਸ਼ੇ ਦੇ ਵਪਾਰੀ ਦੱਸੋ ਤੇ ਜਨਤਾ ਨੂੰ ਭਰਮਾ ਕੇ ਕਿਸੇ ਵੀ ਤਰ੍ਹਾਂ ਸੱਤਾ 'ਚ ਆ ਜਾਉ। ਆਮ ਆਦਮੀ ਹੁਣ ਓਨਾ ਬੇਵਕੂਫ ਨਹੀਂ ਹੈ, ਜਿੰਨਾ ਕਿ ਪਾਰਟੀਆਂ ਸਮਝਦੀਆਂ ਹਨ। ਆਮ ਆਦਮੀ ਪੁੱਛ ਰਿਹਾ ਹੈ ਕਿ ਕੌਣ ਸੀ ਜਿਸ ਨੇ 2002 ਤੋਂ 2007 ਵਿੱਚ ਸੱਤਾ 'ਚ ਆ ਕੇ ਪੌਂਟੀ ਚੱਢੇ ਨੂੰ ਬੁਲਾ ਕੇ ਪੰਜਾਬ ਵਿੱਚ ਸ਼ਰਾਬ ਮਾਫੀਆ ਬਣਾਇਆ ਸੀ ਤੇ ਸ਼ਰਾਬ ਪੀਣ ਵਾਲਿਆਂ ਦੀਆਂ ਜੇਬ੍ਹਾਂ 'ਤੇ ਡਾਕਾ ਮਾਰਿਆ ਸੀ। ਆਪੋ-ਆਪਣਾ ਵਪਾਰ ਹੈ, ਨਸ਼ੇ ਦਾ ਕਾਰੋਬਾਰ ਹੈ, ਲੁੱਟ ਸਭ ਨੇ ਪਾਉਣੀ ਹੈ, ਜਿਸ ਦੇ ਹੱਥ 'ਚ ਵੀ ਸੱਤਾ ਆਏਗੀ ਉਸ ਨੇ ਲੁੱਟ ਜ਼ਰੂਰ ਪਾਉਣੀ ਹੈ। ਪੰਜਾਬ ਭਾਰਤ ਦੀ ਸਰਹੱਦ 'ਤੇ ਵਸਿਆ ਉਹ ਸੂਬਾ ਹੈ, ਜਿਸ 'ਤੇ ਸਦਾ ਤੋਂ ਹੀ ਪਾਕਿਸਤਾਨ ਦੀ ਨਿਗਾਹ ਰਹੀ ਹੈ। ਵਿਦੇਸ਼ੀ ਤਾਕਤਾਂ ਸਦਾ ਤੋਂ ਕੋਸ਼ਿਸ਼ਾਂ ਕਰਦੀਆਂ ਰਹੀਆਂ ਹਨ ਕਿ ਕਿਵੇਂ ਪੰਜਾਬ ਨੂੰ ਅਸ਼ਾਂਤ ਕਰਕੇ ਅਸਤ-ਵਿਅਸਤ ਕੀਤਾ ਜਾਵੇ ਤੇ ਇਹ ਮਨਸੂਬੇ ਪੂਰੇ ਕਰਨ ਲਈ ਕਦੇ ਅੱਤਵਾਦ ਦਾ ਸਹਾਰਾ ਲਿਆ ਜਾਂਦਾ ਹੈ ਤੇ ਕਦੇ ਚਿੱਟੇ ਦਾ। ਪੰਜਾਬ ਸਰਕਾਰ ਦੇ ਉਪ ਮੁੱਖ ਮੰਤਰੀ ਕੁਝ ਸਮਾਂ ਪਹਿਲਾਂ ਤੱਕ ਬੀਐਸਐਫ ਦੇ ਵਿਰੁੱਧ ਧਰਨਾ ਲਗਾਉਂਦੇ ਸਨ ਕਿ ਇਹ ਪੰਜਾਬ 'ਚ ਨਸ਼ੇ ਦੀ ਤਸਕਰੀ ਰੋਕਣ 'ਚ ਨਾਕਾਮ ਸਿੱਧ ਹੋਏ ਹਨ ਤੇ ਵਿਰੋਧੀ ਧਿਰ ਪੰਜਾਬ ਪੁਲਿਸ ਦੇ ਵਿਰੁੱਧ ਧਰਨਾ ਲਾਉਂਦੀ ਹੈ ਕਿ ਪੰਜਾਬ ਪੁਲਿਸ ਦੀ ਵਜ੍ਹਾ ਨਾਲ ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ ਹੁੰਦਾ ਹੈ। ਬਦਕਿਸਮਤੀ ਨਾਲ ਚਿੱਟੇ ਦਾ ਜਾਂ ਨਸ਼ੇ ਦੇ ਕਾਰੋਬਾਰ ਦਾ ਸਭ ਤੋਂ ਮਾੜਾ ਅਸਰ ਦਲਿਤ ਨੌਜਵਾਨਾਂ 'ਤੇ ਹੁੰਦਾ ਹੈ। ਇਕ ਉੱਘਾ ਦਲਿਤ ਲੀਡਰ ਮੇਰੇ ਨਾਲ ਆ ਕੇ ਸਲਾਹ ਕਰਨ ਲੱਗਾ ਕਿ ਅਜੇ ਵੀ ਇੰਝ ਲੱਗਦਾ ਹੈ ਕਿ ਬੜੀ ਗਹਿਰੀ ਸਾਜ਼ਿਸ਼ ਹੋ ਰਹੀ ਹੈ ਦਲਿਤ ਸੰਘਰਸ਼ ਨੂੰ ਰੋਕਣ ਦੇ ਲਈ। ਦਲਿਤ ਬਸਤੀਆਂ ਵਿੱਚ ਹੀ ਨਸ਼ਾ ਵੇਚਣ ਵਾਲੇ ਕਿਉਂ ਬੈਠਦੇ ਹਨ, ਜਦੋਂ ਵੀ ਕਿਸੇ ਇਲਾਕੇ ਦੇ ਨਸ਼ਾ ਵੇਚਣ ਵਾਲਿਆਂ ਦਾ ਜ਼ਿਕਰ ਆਉਂਦਾ ਹੈ ਉਸ ਦੇ ਵਿੱਚ ਕਿਸੇ ਨਾ ਕਿਸੇ ਦਲਿਤ ਬਸਤੀ ਦਾ ਨਾਮ ਜ਼ਰੂਰ ਜੁੜਿਆ ਨਜ਼ਰ ਆ ਜਾਵੇਗਾ। ਕਿਧਰੇ ਦਲਿਤ ਸੰਘਰਸ਼ ਨੂੰ ਰੋਕਣ ਦੀ ਕੋਈ ਵੱਡੀ ਸਾਜ਼ਿਸ਼ ਤਾਂ ਨਹੀਂ? ਨੌਜਵਾਨ ਕਿਸੇ ਵੀ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ, ਜਿਨ੍ਹਾਂ 'ਤੇ ਕਿਸੇ ਸਮਾਜ ਦਾ ਭਵਿੱਖ ਨਿਰਭਰ ਕਰਦਾ ਹੈ। ਚਾਹੇ ਉਹ ਨੌਜਵਾਨ ਦਲਿਤ ਹੋਵੇ ਜਾਂ ਕੋਈ ਹੋਰ ਜਿਹੜਾ ਨਸ਼ੇ ਦੀ ਗਰਤ ਵਿੱਚ ਡੁੱਬਿਆ ਉਹਦਾ ਤਾਂ ਪੂਰਾ ਪਰਿਵਾਰ ਹੀ ਡੁੱਬ ਗਿਆ। ਨਸ਼ੇ ਦੀ ਸਮੱਿਸਆ ਪੰਜਾਬ ਦੀ ਨਹੀਂ ਪੂਰੇ ਵਿਸ਼ਵ ਦੀ ਹੈ ਪਰ ਇੱਥੇ ਵਿਦੇਸ਼ੀ ਲੋਕ ਇਸ ਸਮੱਸਿਆ ਦਾ ਸਮਾਧਾਨ ਬੜੇ ਸੁਚੱਜੇ ਵਿਗਿਆਨਕ ਤਰੀਕੇ ਨਾਲ ਕਰਦੇ ਹਨ। ਅਸੀਂ ਹਵਾ ਵਿੱਚ ਤੀਰ ਚਲਾ ਕੇ ਆਪਣੇ-ਆਪ 'ਚ ਤੀਸ ਮਾਰ ਖਾਂ ਬਣ ਜਾਂਦੇ ਹਾਂ। ਅਜਿਹਾ ਨਹੀਂ ਹੈ ਕਿ ਪੰਜਾਬ ਸਰਕਾਰ ਕੋਸ਼ਿਸ਼ ਨਹੀਂ ਕਰਦੀ ਨਸ਼ੇ ਨੂੰ ਖਤਮ ਕਰਨ ਦੀ। ਪੰਜਾਬ ਸਰਕਾਰ ਨੇ ਥੋੜ੍ਹੀ ਦੇਰ ਪਹਿਲਾਂ ਮੁਹਿੰਮ ਚਲਾਈ ਤੇ ਬਹੁਤ ਸਾਰੇ ਨਸ਼ਾ ਕਰਨ ਵਾਲੇ ਨੌਜਵਾਨਾਂ 'ਤੇ ਚਿੱਟੇ ਦਾ ਪਰਚਾ ਕਰਵਾ ਕੇ ਉਨ੍ਹਾਂ ਨੂੰ ਜੇਲ੍ਹਾਂ 'ਚ ਸੁੱਟ ਦਿੱਤਾ ਤੇ ਜਿਹੜਾ ਵੀ ਬੰਦਾ ਜੇਲ੍ਹ 'ਚ ਗਿਆ ਉਹ ਨਸ਼ੇੜੀ ਬਾਹਰ ਨਸ਼ੇ ਦਾ ਵਪਾਰੀ ਬਣ ਕੇ ਹੀ ਨਿਕਲਿਆ। ਨਸ਼ਾ ਓਨੀ ਦੇਰ ਖਤਮ ਨਹੀਂ ਹੋ ਸਕਦਾ, ਜਦੋਂ ਤੱਕ ਨਸ਼ੇ ਦਾ ਵਪਾਰ ਕਰਨ ਵਾਲਾ ਵਪਾਰੀ ਜਿਉਂਦਾ ਹੈ। ਨਸ਼ਾ ਓਨੀ ਦੇਰ ਖਤਮ ਨਹੀਂ ਹੋ ਸਕਦਾ, ਜਦੋਂ ਤੱਕ ਨਸ਼ੇ ਦੇ ਵਪਾਰ ਵਿੱਚ ਬਹੁਤ ਜ਼ਿਆਦਾ ਮੁਨਾਫ਼ਾ ਹੈ। ਕਹਿੰਦੇ ਹਨ ਕਿ ਜਿਹੜਾ ਨਸ਼ਾ ਪਾਕਿਸਤਾਨ ਜਾਂ ਅਫਗਾਨਿਸਤਾਨ ਤੋਂ ੋ 10 ਰੁਪਏ ਦਾ ਤੁਰਦਾ ਹੈ ਉਹ ਪੰਜਾਬ ਵਿੱਚ 500 ਰੁਪਏ ਦਾ ਵਿਕਦਾ ਹੈ। ਇੰਨੇ ਵੱਡੇ ਮੁਨਾਫ਼ੇ ਦੀ ਲਾਲਚ ਵਿੱਚ ਬਹੁਤ ਸਾਰੇ ਲਾਲਚੀ ਲੋਕ ਨਸ਼ੇ ਦੇ ਵਪਾਰ ਵਿੱਚ ਦਾਖਲ ਹੋ ਰਹੇ ਹਨ ਤੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਰਹੇ ਹਨ। ਯੂਰਪ ਦੇ ਬਹੁਤ ਸਾਰੇ ਦੇਸ਼ਾਂ ਨੇ ਨਸ਼ੇ ਦੀ ਗੰਭੀਰ ਸਮੱਸਿਆ ਨੂੰ ਨਿਪਟਾਉਣ ਦਾ ਇਕ ਅਜਿਹਾ ਨੁਕਤਾ ਕੱਢਿਆ, ਜਿਸ ਨੇ ਬਹੁਤ ਪੁਰਾਣੀ ਚੱਲੀ ਆ ਰਹੀ ਨਸ਼ੇ ਦੀ ਸਮੱਸਿਆ ਦਾ ਹੱਲ ਹੋਣ ਦੀ ਉਮੀਦ ਕਰ ਦਿੱਤੀ। ਸਪੇਨ, ਪੁਰਤਗਾਲ, ਸਵੀਡਨ, ਨਾਰਵੇ, ਡੈਨਮਾਰਕ ਇਨ੍ਹਾਂ ਦੇਸ਼ਾਂ ਵਿੱਚ ਨਸ਼ਾ ਛੁਡਾਉਣ ਦੇ ਅਜਿਹੇ ਕੇਂਦਰ ਖੋਲ੍ਹੇ ਗਏ, ਜਿੱਥੇ ਨਸ਼ੇ ਦੇ ਹੱਥੋਂ ਮਜਬੂਰ ਹੋ ਚੁੱਕੇ ਨਸ਼ੇੜੀਆਂ ਨੂੰ ਸੀਮਿਤ ਮਾਤਰਾ ਵਿੱਚ ਨਸ਼ੇ ਦੇ ਬਦਲ ਦੇ ਰੂਪ ਵਿੱਚ ਦਵਾਈਆਂ ਦਿੱਤੀਆਂ ਗਈਆਂ। ਇਸ ਦੇ ਸਿੱਟੇ ਵਜੋਂ ਉਥੇ ਅਪਰਾਧ ਕਰਨ ਦੀ ਦਰ 'ਚ ਵੱਡੀ ਕਮੀ ਆਈ, ਕਿਉਂਕਿ ਨਸ਼ੇੜੀ ਆਪਣਾ ਨਸ਼ਾ ਪੂਰਾ ਕਰਨ ਦੀ ਖਾਤਿਰ ਕਿਸੇ ਵੀ ਤਰ੍ਹਾਂ ਦਾ ਅਪਰਾਧ ਕਰਨ ਵਿੱਚ ਗੁਰੇਜ਼ ਨਹੀਂ ਕਰਦਾ ਤੇ ਜਦੋਂ ਉਹਨੂੰ ਸਸਤੀ ਦਰ 'ਤੇ ਸਰਕਾਰੀ ਡਿਸਪੈਂਸਰੀਆਂ ਤੋਂ ਜਾਂ ਨਸ਼ਾ ਛੁਡਾਊ ਕੇਂਦਰਾਂ ਤੋਂ ਨਸ਼ੇ ਦਾ ਬਦਲ ਮਿਲਣ ਲੱਗਾ ਤਾਂ ਉਸ ਨੇ ਅਪਰਾਧਾਂ ਤੋਂ ਦੂਰੀ ਬਣਾ ਲਈ ਤੇ ਇਨ੍ਹਾਂ ਡਿਸਪੈਂਸਰੀਆਂ ਕਾਰਨ ਸਭ ਤੋਂ ਵੱਡਾ ਨੁਕਸਾਨ ਨਸ਼ੇ ਦੇ ਕਾਰੋਬਾਰੀਆਂ ਦਾ ਹੋਇਆ ਤੇ ਜਿਹੜਾ ਮਾਫੀਆ ਪੁਲਿਸ, ਤਾਕਤ, ਮਿਲਟਰੀ ਨਹੀਂ ਤੋੜ ਸਕੀ ਸੀ, ਉਸ ਨੂੰ ਸਰਕਾਰ ਦੀਆਂ ਨਸ਼ਾ ਛੁਡਾਊ ਡਿਸਪੈਂਸਰੀਆਂ ਨੇ ਤੋੜ ਦਿੱਤਾ। ਅੱਜ ਯੂਰਪ ਦੀਆਂ ਸਰਕਾਰਾਂ ਦੀਆਂ ਕੋਸ਼ਿਸ਼ਾਂ ਦੇ ਚੰਗੇ ਸਿੱਟੇ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ, ਜਿੱਥੇ ਯੂਰਪ ਕਿਸੇ ਵੇਲੇ ਨਸ਼ੇ ਦੇ ਸੌਦਾਗਰਾਂ ਦੀ ਵੱਡੀ ਮੰਡੀ ਸੀ, ਉਹ ਹੁਣ ਸਿਮਟ ਚੁੱਕਾ ਹੈ। ਨਸ਼ੇੜੀਆਂ ਦੀ ਗਿਣਤੀ ਵਿੱਚ ਵੀ ਦਿਨ-ਪਰ-ਦਿਨ ਕਮੀ ਆ ਰਹੀ ਹੈ। ਪੰਜਾਬ ਸਰਕਾਰ ਵੀ ਕੁਝ ਅਜਿਹਾ ਹੀ ਉਪਰਾਲਾ ਕਰੇ ਕਿ ਨਸ਼ੇ ਦੀ ਸਮੱਸਿਆ ਦਾ ਹੱਲ ਹੋ ਸਕਦਾ ਹੈ। ਨਸ਼ੇੜੀ ਨੂੰ ਸਜ਼ਾ ਦੇ ਕੇ ਸਮੱਸਿਆ ਦਾ ਹੱਲ ਨਹੀਂ ਹੈ। ਨਸ਼ੇੜੀ ਤਾਂ ਆਪ ਤਰਸਯੋਗ ਹਾਲਾਤਾਂ 'ਚੋਂ ਨਿਕਲ ਰਿਹਾ ਹੈ, ਜਿਸ ਨੂੰ ਇਹ ਨਹੀਂ ਪਤਾ ਕਿ ਕੱਲ੍ਹ ਸੂਰਜ ਚੜ੍ਹਦਾ ਦੇਖਣਾ ਹੈ ਜਾਂ ਨਹੀਂ ਦੇਖਣਾ ਕਿ ਉਹਨੂੰ ਅਗਲਾ ਸਾਹ ਆਉਣਾ ਹੈ ਜਾਂ ਨਹੀਂ ਆਉਣਾ। ਸਾਨੂੰ 'ਉੜਤੇ ਪੰਜਾਬ' ਦੀ ਨਹੀਂ 'ਖਿੜਦੇ ਪੰਜਾਬ' ਦੀ ਲੋੜ ਹੈ। ਸਾਨੂੰ ਝੂਠੇ ਲੀਡਰਾਂ ਦੀ ਨਹੀਂ ਗੰਭੀਰ ਪੰਜਾਬੀਆਂ ਦੀ ਲੋੜ ਹੈ ਜੋ ਪੰਜਾਬ ਦਾ ਦਰਦ ਸਮਝ ਸਕਣ, ਪੰਜਾਬੀਆਂ ਦੇ ਹਾਲਾਤ ਸਮਝ ਸਕਣ ਤੇ ਪੰਜਾਬ ਨੂੰ ਸੁਚੱਜੀ ਰਾਹ ਦਿਖਾ ਸਕਣ। ਖਿੜਦੇ ਪੰਜਾਬ ਲਈ ਸਹਿਯੋਗ ਕਰਨ ਲਈ ਅੱਗੇ ਆਓ।                                                                                                                                             - ਅਜੈ ਕੁਮਾਰ