Monday 29 August 2016

ਅੰਬੇਡਕਰੀ ਚਰਿੱਤਰ

ਅੱਜ ਭਾਰਤ 'ਚ ਪਰਸਪਰ ਵਿਰੋਧੀ ਦੋ ਵਿਚਾਰਧਾਰਾਵਾਂ ਆਪਸ ਵਿੱਚ ਲੜ ਰਹੀਆਂ ਹਨ। ਇਕ ਵਿਚਾਰਧਾਰਾ ਮਨੂੰਵਾਦੀਆਂ ਦੀ ਹੈ ਜੋ ਮਨੂੰ ਵੱਲੋਂ ਸਥਾਪਿਤ ਜਾਤ-ਪਾਤ ਦੀ ਵਿਵਸਥਾ ਨੂੰ ਖਤਮ ਕਰਨ ਲਈ ਤਿਆਰ ਨਹੀਂ ਹੈ। ਉਹ ਅਜੇ ਵੀ ਊਚ-ਨੀਚ ਦੇ ਵਿਚਾਰਾਂ ਨਾਲ ਗ੍ਰਸਤ ਹੈ, ਉਹ ਨਹੀਂ ਚਾਹੁੰਦੀ ਕਿ ਦਲਿਤ ਨੂੰ ਬਰਾਬਰੀ ਦੇ ਹੱਕ ਮਿਲਣ, ਉਹ ਨਹੀਂ ਚਾਹੁੰਦੀ ਕਿ ਗਰੀਬ ਆਪਣੇ ਹੱਕਾਂ ਦੀ ਅਵਾਜ਼ ਚੁੱਕੇ, ਉਹ ਨਹੀਂ ਚਾਹੁੰਦੀ ਕਿ ਭਾਰਤ ਦਾ ਹਰ ਨਾਗਰਿਕ ਇਕ ਬਰਾਬਰ ਹੋਵੇ। ਦੂਸਰੀ ਵਿਚਾਰਧਾਰਾ ਹੈ ਜੋ ਭਗਵਾਨ ਵਾਲਮੀਕਿ, ਤਥਾਗਤ ਬੁੱਧ ਦੀ ਹੈ, ਗੁਰੂ ਨਾਨਕ ਦੇਵ ਦੀ ਹੈ, ਸਤਿਗੁਰੂ ਰਵਿਦਾਸ ਜੀ ਦੀ ਹੈ, ਸਤਿਗੁਰੂ ਕਬੀਰ ਦੀ ਹੈ ਤੇ ਬਾਬਾ ਸਾਹਿਬ ਅੰਬੇਡਕਰ ਦੀ ਹੈ। ਇਹ ਵਿਚਾਰਧਾਰਾ ਮਨੁੱਖਤਾ ਦੀ ਭਲਾਈ 'ਤੇ ਅਧਾਰਿਤ ਹੈ। ਇਸ ਵਿਚਾਰਧਾਰਾ ਵਿੱਚ ਮਨੁੱਖ ਵੱਲੋਂ ਮਨੁੱਖ ਦਾ ਸ਼ੋਸ਼ਣ ਕਰਨ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਦਿੱਤਾ ਜਾਂਦਾ, ਹਰ ਮਨੁੱਖ ਨੂੰ ਬਰਾਬਰਤਾ ਦੇ ਹੱਕ ਦਿੱਤੇ ਜਾਂਦੇ ਹਨ ਤੇ ਸਮਾਜ ਦੇ ਗਰੀਬ, ਕਮਜ਼ੋਰ, ਲਾਚਾਰ ਤਬਕੇ ਨੂੰ ਉੱਚਾ ਚੁੱਕਣ ਦੇ ਉਪਰਾਲੇ ਕੀਤੇ ਜਾਂਦੇ ਹਨ। ਬਾਬਾ ਸਾਹਿਬ ਅੰਬੇਡਕਰ ਨੇ ਭਾਰਤੀ ਸੰਵਿਧਾਨ ਰਾਹੀਂ ਮਨੁੱਖਤਾ ਦੇ ਦਰਸ਼ਨ ਤੋਂ ਦੁਨੀਆਂ ਨੂੰ ਜਾਣੂ ਕਰਵਾਇਆ। ਉਨ੍ਹਾਂ ਨੇ ਆਪਣੇ ਵਿਚਾਰਾਂ ਨੂੰ ਵਿਚਾਰਧਾਰਾ ਤੱਕ ਸੀਮਿਤ ਨਹੀਂ ਰੱਖਿਆ ਬਲਕਿ ਕਾਨੂੰਨ ਰਾਹੀਂ ਭਾਰਤ ਵਿੱਚ ਲਾਗੂ ਵੀ ਕਰਵਾਇਆ। ਅੱਜ ਬਾਬਾ ਸਾਹਿਬ ਦੇ ਸਦਕਾ ਹਰ ਭਾਰਤੀ ਨਾਗਰਿਕ ਬਰਾਬਰ ਹੈ, ਸਭ ਨੂੰ ਬਰਾਬਰ ਦੇ ਹੱਕ ਹਨ ਤੇ ਕਮਜ਼ੋਰ ਨੂੰ ਤਾਕਤਵਰ ਬਣਾਉਣ ਲਈ ਵੀ ਬਾਬਾ ਸਾਹਿਬ ਨੇ ਸੰਵਿਧਾਨ ਵਿੱਚ ਪ੍ਰਾਵਧਾਨ ਰੱਖੇ ਹਨ। ਅੱਜ ਹਰ ਨਿੱਕਰ ਧਾਰੀ, ਹਰ ਗਾਂਧੀ ਦਾ ਚੇਲਾ, ਹਰ ਖਾਸ ਆਦਮੀ ਆਪਣੇ ਆਪ ਨੂੰ ਅੰਬੇਡਕਰੀ ਵਿਚਾਰਧਾਰਾ ਦਾ ਠੇਕੇਦਾਰ ਦੱਸਦਾ ਹੈ, ਜਿਸ ਦੀ ਮੰਸ਼ਾ ਦਲਿਤ ਸਮਾਜ ਨੂੰ ਭਰਮਾ ਕੇ, ਅੰਬੇਡਕਰ ਦੇ ਨਾਂ 'ਤੇ ਉਨ੍ਹਾਂ ਦੀਆਂ ਵੋਟਾਂ ਲੈ ਕੇ ਰਾਜ ਸੱਤਾ ਹਾਸਿਲ ਕਰਨਾ ਹੈ। ਇਸ ਤੋਂ ਇਲਾਵਾ ਦੇਸ਼ ਵਿੱਚ ਲੱਗਭਗ 22 ਹਜ਼ਾਰ ਸੰਗਠਨ ਤੇ ਕਈ ਰਾਜਨੀਤਿਕ ਪਾਰਟੀਆਂ ਬਣੀਆਂ ਹੋਈਆਂ ਹਨ ਜੋ ਅੰਬੇਡਕਰੀ ਹੋਣ ਦਾ ਦਾਅਵਾ ਕਰਦੀਆਂ ਹਨ ਜੋ ਆਪਣੇ-ਆਪ ਨੂੰ ਬਾਬਾ ਸਾਹਿਬ ਅੰਬੇਡਕਰ ਦਾ ਸੱਚਾ ਪੈਰੋਕਾਰ ਦੱਸਦੀਆਂ ਹਨ। ਇੰਨੇ ਸਮਾਜਿਕ ਸੰਗਠਨ, ਇੰਨੀਆਂ ਰਾਜਨੀਤਿਕ ਪਾਰਟੀਆਂ, ਸੈਂਕੜੇ ਧਾਰਮਿਕ ਸੰਗਠਨ ਹੋਣ ਦੇ ਬਾਵਜੂਦ ਵੀ ਭਾਰਤ ਵਿੱਚ ਮਨੂੰਵਾਦੀਆਂ ਵੱਲੋਂ ਅਜੇ ਵੀ ਛੂਆਛਾਤ ਤੇ ਭੇਦਭਾਵ ਕੀਤਾ ਜਾਂਦਾ ਹੈ। ਹਰ ਸਰਕਾਰੀ ਮਹਿਕਮੇ 'ਚ, ਹਰ ਗਲ੍ਹੀ ਦੇ ਕੋਨੇ 'ਤੇ, ਹਰ ਮੁਹੱਲੇ 'ਚ, ਹਰ ਪਿੰਡ 'ਚ ਛੂਆਛਾਤ, ਭੇਦਭਾਵ, ਊਚ-ਨੀਚ, ਪਖੰਡ, ਸ਼ੋਸ਼ਣ ਦਾ ਬੋਲਬਾਲਾ ਹੈ। ਇਸ ਦਾ ਕੀ ਕਾਰਣ ਹੈ?ਜੇ ਇਸ ਦੀ ਘੋਖ ਕਰੀਏ ਤਾਂ ਸਾਨੂੰ ਪਤਾ ਚੱਲੇਗਾ ਬਹੁਤ ਸਾਰੇ ਲੋਕਾਂ ਨੇ ਆਪਣੇ ਨਾਂ ਦੇ ਨਾਲ ਅੰਬੇਡਕਰੀ ਦਾ ਟੈਗ ਲਗਾਇਆ ਹੈ, ਆਪਣੇ ਆਪ ਨੂੰ ਸੱਚੇ ਅੰਬੇਡਕਰਵਾਦੀ ਦੱਸਦੇ ਹਨ। ਪਰ ਮੈਂ ਕਹਿਣਾ ਚਾਹੁੰਦਾ ਹਾਂ ਕਿ ਅੰਬੇਡਕਰਵਾਦ ਕਿਸੇ ਪਖੰਡ ਦਾ ਨਾਂ ਨਹੀਂ, ਇਹ ਤਾਂ ਇਕ ਜੀਵਨ ਚਰਿੱਤਰ ਹੈ ਜੋ ਬਾਬਾ ਸਾਹਿਬ ਦੇ ਸੱਚੇ ਪੈਰੋਕਾਰ ਦੇ ਹੱਡਾਂ 'ਚ ਰਚ-ਵਸ ਜਾਂਦਾ ਹੈ। ਅੰਬੇਡਕਰੀ ਨਾਮ ਤੋਂ ਨਹੀਂ ਵਿਵਹਾਰ ਤੋਂ ਹੁੰਦਾ ਹੈ ਇਸ ਲਈ ਜ਼ਰੂਰੀ ਹੈ ਜਾਣਿਆ ਜਾਵੇ ਕੀ ਹੈ ਅੰਬੇਡਕਰੀ ਚਰਿੱਤਰ: 
  •  ਅੰਬੇਡਕਰੀ ਆਪਣੀ ਕਿਸਮਤ ਆਪ ਬਣਾ ਕੇ ਸ੍ਰੇਸ਼ਠ ਜੀਵਨ ਜਿਉਂਦਾ ਹੈ
  •   ਅੰਬੇਡਕਰੀ ਵਿਦਵਾਨ ਹੀ ਨਹੀਂ ਪਰਉਪਕਾਰੀ ਵੀ ਹੁੰਦਾ ਹੈ
  •   ਅੰਬੇਡਕਰੀ ਹਮੇਸ਼ਾ ਸੱਚ ਨੂੰ ਸਮਰਪਿਤ ਹੁੰਦਾ ਹੇ
  •    ਅੰਬੇਡਕਰੀ ਗੋਤ, ਜਾਤ, ਵਰਣ, ਵੰਸ਼, ਰੰਗ, ਭੇਦ 'ਚ ਵਿਸ਼ਵਾਸ ਨਹੀਂ ਰੱਖਦਾ
  •   ਅੰਬੇਡਕਰੀ ਕਹਿਣੀ ਤੇ ਕਰਨੀ ਦਾ ਧਾਰਨੀ ਹੁੰਦਾ ਹੈ 
  •   ਅੰਬੇਡਕਰੀ ਆਪਣੇ ਗਿਆਨ ਅਤੇ ਪੱ੍ਰਗਿਆ ਨਾਲ ਭਵਿੱਖ ਨੂੰ ਭਾਂਪ ਲੈਂਦਾ ਹੈ
  •   ਅੰਬੇਡਕਰੀ ਸੱਚਾ ਦੇਸ਼ ਭਗਤ ਹੁੰਦਾ ਹੈ
  •   ਅੰਬੇਡਕਰੀ ਬਹਾਦਰ ਯੋਧਾ ਹੁੰਦਾ ਹੈ
  •   ਅੰਬੇਡਕਰੀ ਦਾਨਵੀਰ ਹੁੰਦਾ ਹੈ
  •   ਅੰਬੇਡਕਰੀ ਵਿਅਕਤੀ ਪੂਜਾ ਜਾਂ ਮੂਰਤੀ ਪੂਜਾ ਨੂੰ ਬਰਦਾਸ਼ਤ ਨਹੀਂ ਕਰਦਾ
  •   ਅੰਬੇਡਕਰੀ ਸਾਦਾ ਜੀਵਨ ਜਿਉਂਦਾ ਹੈ
  •   ਅੰਬੇਡਕਰੀ ਗੁਲਾਮਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਕੇ ਆਪਣੇ ਹੱਕ ਖੋਹਣ ਦਾ ਹੌਂਸਲਾ ਦਿੰਦਾ ਹੈ
  •   ਅੰਬੇਡਕਰੀ ਮਨੁੱਖੀ ਅਧਿਕਾਰਾਂ ਦਾ ਮਸ਼ਾਲਚੀ ਹੁੰਦਾ ਹੈ
  •   ਅੰਬੇਡਕਰੀ ਸ਼ੋਸ਼ਿਤ ਲੋਕਾਂ ਦੇ ਹੱਕਾਂ ਵਿੱਚ ਹਮੇਸ਼ਾ ਖੜ੍ਹਾ ਰਹਿੰਦਾ ਹੈ
  •   ਅੰਬੇਡਕਰੀ ਸਰਬੱਤ ਦੇ ਭਲੇ ਨੂੰ ਸਮਰਪਿਤ ਹੁੰਦਾ ਹੈ
  •   ਅੰਬੇਡਕਰੀ ਪਰਿਵਾਰ ਨਿਯੋਜਕ ਹੁੰਦਾ ਹੈ
ਤੁਸੀਂ ਸੋਚਦੇ ਹੋਵੋਗੇ ਕਿ ਪਰਿਵਾਰ ਨਿਯੋਜਨ ਦਾ ਬਾਬਾ ਸਾਹਿਬ ਅੰਬੇਡਕਰ ਦੀ ਸੋਚ ਨਾਲ ਕੀ ਤਾਅਲੁਕ ਹੈ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਪਰਿਵਾਰ ਸਮਾਜ ਦੀ ਮੂਲ ਕੜੀ ਹੁੰਦਾ ਹੈ, ਜਿਸ ਨੂੰ ਅਧਾਰ ਬਣਾ ਕੇ ਸਮਾਜ ਖ਼ੜ੍ਹਾ ਹੁੰਦਾ ਹੈ। ਮਜ਼ਬੂਤ ਸਮਾਜ ਦਾ ਅਧਾਰ ਮਜ਼ਬੂਤ ਪਰਿਵਾਰ ਤੋਂ ਸ਼ੁਰੂ ਹੁੰਦਾ ਹੈ। ਜੇ ਤੁਸੀਂ ਮਜ਼ਬੂਤ ਹੋ, ਤੁਹਾਡਾ ਪਰਿਵਾਰ ਮਜ਼ਬੂਤ ਹੈ ਤਾਂ ਤੁਹਾਡਾ ਸਮਾਜ ਵੀ ਮਜ਼ਬੂਤ ਹੋਵੇਗਾ ਤੇ ਆਪਣੇ ਪਰਿਵਾਰ ਨੂੰ ਮਜ਼ਬੂਤੀ ਦੇਣ ਲਈ ਉਸ ਦਾ ਨਿਯੋਜਨ ਕਰਨਾ ਜ਼ਰੂਰੀ ਹੈ। ਜੇ ਅਸੀਂ ਪਸ਼ੂਆਂ ਜਾਂ ਜਾਨਵਰਾਂ ਵਾਂਗੂੰ ਅਨਿਯੋਜਿਤ ਤਰੀਕੇ ਨਾਲ ਬੱਚੇ ਜਨਮਾਂਗੇ ਤਾਂ ਉਨ੍ਹਾਂ ਦਾ ਪਾਲਣ-ਪੋਸ਼ਣ ਵੀ ਜਾਨਵਰਾਂ ਵਾਂਗ ਹੀ ਹੋਵੇਗਾ। ਸੀਮਿਤ ਸਾਧਨਾਂ ਵਿੱਚ ਚੰਗੇ ਤਰੀਕੇ ਨਾਲ ਆਪਣੇ ਪਰਿਵਾਰ ਦਾ ਪੋਸ਼ਣ ਕਰਨ ਲਈ ਜ਼ਰੂਰੀ ਹੈ ਕਿ ਤੁਹਾਡਾ ਪਰਿਵਾਰ ਨਿਯੋਜਿਤ ਹੋਵੇ। ਬਾਬਾ ਸਾਹਿਬ ਅੰਬੇਡਕਰ ਭਾਰਤ 'ਚ ਹੀ ਨਹੀਂ ਸਗੋਂ ਦੁਨੀਆਂ ਵਿੱਚ ਪਹਿਲੇ ਮਹਾਂਪੁਰਸ਼ ਹਨ ਜਿਨ੍ਹਾਂ ਨੇ 1938 ਵਿੱਚ ਵਧਦੀ ਅਬਾਦੀ ਦੀ ਸਮੱਸਿਆ ਨੂੰ ਪਹਿਚਾਣਿਆ ਅਤੇ ਪਰਿਵਾਰ ਨਿਯੋਜਨ ਪ੍ਰੋਗਰਾਮ ਅਪਨਾਉਣ 'ਤੇ ਜ਼ੋਰ ਦਿੱਤਾ। ਉਨ੍ਹਾਂ 10 ਨਵੰਬਰ 1938 ਨੂੰ ਮੁੰਬਈ ਵਿਧਾਨ ਸਭਾ ਵਿੱਚ ਇਕ ਗੈਰ ਸਰਕਾਰੀ ਬਿੱਲ ਪੇਸ਼ ਕਰਕੇ ਕਾਂਗਰਸ ਸਰਕਾਰ 'ਤੇ ਜ਼ੋਰ ਪਾਇਆ ਕਿ ਪਰਿਵਾਰ ਨਿਯੋਜਨ ਦੇ ਪ੍ਰੋਗਰਾਮ ਨੂੰ ਸਰਕਾਰੀ ਪੱਧਰ 'ਤੇ ਅਪਣਾਇਆ ਜਾਵੇ। ਇਸ ਬਿੱਲ ਦਾ ਗਾਂਧੀ ਨੇ ਵਿਰੋਧ ਕੀਤਾ ਸੀ ਕਿਉਂਕਿ ਉਹ ਲੋਕਾਂ ਨੂੰ ਬ੍ਰਹਮਚਾਰੀਆ ਦਾ ਪਖੰਡ ਅਪਣਾ ਕੇ ਸਾਧੂ-ਸੰਤ ਬਣਨ ਲਈ ਕਹਿੰਦੇ ਸਨ। ਬਾਬਾ ਸਾਹਿਬ ਪਰਿਵਾਰ ਨਿਯੋਜਕ ਦੇ ਪ੍ਰੋਗਰਾਮਾਂ ਨੂੰ ਤੇਜ਼ੀ ਨਾਲ ਵਧਾਉਣ ਅਤੇ ਅਪਨਾਉਣ ਲਈ ਕਹਿੰਦੇ ਰਹੇ। ਅੰਬੇਡਕਰਵਾਦ ਨੂੰ ਪੜ੍ਹ-ਲਿਖ ਲੈਣਾ ਹੀ ਕਾਫੀ ਨਹੀਂ ਹੈ ਬਲਕਿ ਇਸ  ਨੂੰ ਵਿਵਹਾਰਕ ਰੂਪ 'ਚ ਅਪਣਾਉਣਾ ਚਾਹੀਦਾ ਹੈ। ਆਉ ਅੰਬੇਡਕਰ ਦੀ ਚਿੱਤਰ ਪੂਜਾ ਨਹੀਂ ਚਰਿੱਤਰ ਅਪਣਾਈਏ ਤਾਂ ਜੋ ਭਾਰਤ 'ਚ ਰਹਿਣ ਵਾਲਾ ਹਰ ਮਨੁੱਖ ਹਰ ਤਰ੍ਹਾਂ ਦੀ ਗੁਲਾਮੀ ਤੋਂ ਛੁਟਕਾਰਾ ਪਾ ਸਕੇ।
                                                                                                                    - ਅਜੇ ਕੁਮਾਰ  

Tuesday 23 August 2016

ਚੋਣਾਂ 'ਚ ਨਸ਼ੇ ਦੀ ਵੰਡ

ਭਾਰਤੀ ਸੰਵਿਧਾਨ ਮੁਤਾਬਕ ਲੋਕਤੰਤਰ ਨੂੰ ਮਜ਼ਬੂਤ ਰੱਖਣ ਲਈ ਸਮਾਂਬੱਧ ਚੋਣ ਪ੍ਰਕਿਰਿਆ ਅਪਣਾਈ ਜਾਂਦੀ ਹੈ। ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ਵੀ ਬਣਿਆ ਹੋਇਆ ਹੈ। ਚੋਣਾਂ ਦੇ ਕਾਇਦੇ-ਕਾਨੂੰਨ ਵੀ ਹਨ ਪਰ ਸਵਾਰਥ ਦੇ ਅੰਨ੍ਹੇ ਘੋੜੇ 'ਤੇ ਸਵਾਰ ਰਾਜਨੀਤਕ ਕੁਰਸੀ ਦੇ ਚਾਹਵਾਨ ਲੀਡਰ ਚੋਣਾਂ ਦੌਰਾਨ ਖੁੱਲ੍ਹ ਕੇ ਚੋਣ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹਨ। ਉਹ ਚੋਣਾਂ ਜਿੱਤਣ ਦੀ ਖਾਤਰ ਹਰ ਹਥਿਆਰ ਦੀ ਵਰਤੋਂ ਕਰਦੇ ਹਨ। ਚੋਣਾਂ ਦੌਰਾਨ ਉਹ ਲੋਕਾਂ ਨੂੰ ਭਰਮਾਉਣ ਵਿੱਚ ਕੋਈ ਕਸਰ ਨਹੀਂ ਛੱਡਦੇ। ਉਹ ਉੱਚਾ, ਲੁੱਚਾ, ਸੁੱਚਾ ਹਰ ਤਰ੍ਹਾਂ ਦੇ ਲੋਕਾਂ ਦੇ ਨੁਮਾਇੰਦਿਆਂ ਨੂੰ ਆਪਣੇ ਨਾਲ ਰੱਖਣ ਦੇ ਲਈ ਯਤਨਸ਼ੀਲ ਰਹਿੰਦੇ ਹਨ। ਅੱਜ ਦੇ ਲੇਖ ਵਿੱਚ ਮੈਂ ਪੰਜਾਬ 'ਚ ਹੋਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੀਡਰਾਂ ਵੱਲੋਂ ਵੋਟਾਂ ਖਰੀਦਣ ਲਈ ਵੰਡੇ ਗਏ ਹੋਰ ਸਮਾਨ ਤੋਂ ਇਲਾਵਾ ਨਸ਼ੇ ਦੀ ਵੰਡ 'ਤੇ ਚਰਚਾ ਕਰਕੇ ਲੋਕਾਂ ਨਾਲ ਵਿਚਾਰ ਚਰਚਾ ਕਰਾਂਗਾ ਅਤੇ ਚਾਹਾਂਗਾ ਕਿ ਇਹ ਵਿਚਾਰ-ਚਰਚਾ ਆਉਣ ਵਾਲੀਆਂ ਚੋਣਾਂ ਦੌਰਾਨ ਇਕ ਅੰਦੋਲਨ ਦਾ ਰੂਪ ਧਾਰਨ ਕਰ ਲਵੇ ਤਾਂ ਜੋ ਪੰਜਾਬ ਵਿੱਚ ਆਉਣ ਵਾਲੀਆਂ ਚੋਣਾਂ ਦੌਰਾਨ ਨਸ਼ੇ ਦੀ ਵੰਡ ਨੂੰ ਰੋਕਿਆ ਜਾ ਸਕੇ। ਭਰੋਸੇਯੋਗ ਸੂਤਰਾਂ ਮੁਤਾਬਕ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਵਿਰੋਧੀ ਧਿਰ ਅਤੇ ਮੌਜੂਦਾ ਗਠਬੰਧਨ ਸਰਕਾਰ ਦੇ ਤਕਰੀਬਨ ਹਰ ਇਕ ਐਮ. ਐਲ. ਏ. ਦੇ ਉਮੀਦਵਾਰ ਵੱਲੋਂ 10 ਗੱਡੀਆਂ ਸ਼ਰਾਬ ਦੀਆਂ ਵਰਤੋਂ ਕੀਤੀਆਂ ਗਈਆਂ ਸਨ। ਜੇਕਰ ਹਿਸਾਬ ਲਗਾਈਏ ਤਾਂ ਦੋਨੋਂ ਪਾਰਟੀਆਂ ਦੇ 234 ਉਮੀਦਵਾਰ ਮੈਦਾਨ ਵਿੱਚ ਉਤਰੇ ਸਨ ਤੇ ਇਸ ਹਿਸਾਬ ਨਾਲ 2340 ਗੱਡੀਆਂ ਸ਼ਰਾਬ ਦੀਆਂ ਲੋਕਾਂ ਵਿੱਚ ਵੰਡੀਆਂ ਗਈਆਂ ਸਨ। ਇਕ ਗੱਡੀ ਵਿੱਚ ਤਕਰੀਬਨ 400 ਪੇਟੀ ਸ਼ਰਾਬ ਸੀ ਅਤੇ ਇਕ ਪੇਟੀ ਵਿੱਚ 12 ਬੋਤਲਾਂ ਸੀ। ਇਸ ਦਾ ਮਤਲਬ ਇਹ ਹੋਇਆ ਕਿ 1 ਕਰੋੜ 12 ਲੱਖ 32 ਹਜ਼ਾਰ ਸ਼ਰਾਬ ਦੀਆਂ ਬੋਤਲਾਂ ਪਿਛਲੀਆਂ 2007 ਦੀਆਂ ਚੋਣਾਂ ਅਤੇ ਏਨੀਆਂ ਹੀ ਸ਼ਰਾਬ ਦੀਆਂ ਬੋਤਲਾਂ 2012 ਦੀਆਂ ਚੋਣਾਂ ਵਿੱਚ ਵੰਡੀਆਂ ਗਈਆਂ। ਇਸ ਤੋਂ ਇਲਾਵਾ ਅਫੀਮ, ਭੁੱਕੀ, ਡੋਡੇ, ਚਰਸ, ਗਾਂਜਾ, ਸਮੈਕ, ਹੈਰੋਇਨ, ਚਿੱਟਾ ਆਦਿ ਦਾ ਕੋਈ ਹਿਸਾਬ-ਕਿਤਾਬ ਨਹੀਂ ਲਗਾਇਆ ਜਾ ਸਕਦਾ। ਪੰਜਾਬ ਵਿੱਚ ਇਸ ਕਦਰ ਨਸ਼ੇ ਵੰਡਣ ਦੀ ਪੁਸ਼ਟੀ ਕੁਝ ਇਸ ਖਬਰ ਤੋਂ ਵੀ ਲਗਾਈ ਜਾ ਸਕਦੀ ਹੈ, ਇਕ ਇੰਗਲਿਸ਼ ਦੀ ਦੈਨਿਕ ਅਖ਼ਬਾਰ ਨੇ ਲਿਖਿਆ ਸੀ ਕਿ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਸਭ ਤੋਂ ਵੱਧ ਸ਼ਰਾਬ ਆਂਧਰਾ ਪ੍ਰਦੇਸ਼ ਅਤੇ ਉਸ ਤੋਂ ਬਾਅਦ ਪੰਜਾਬ ਵਿੱਚ ਫੜੀ ਗਈ ਸੀ, ਜਿਨ੍ਹਾਂ ਦੀ ਮਾਤਰਾ ਕਰੋੜਾਂ ਲੀਟਰਾਂ 'ਚ ਸੀ। ਹੁਣ ਵਿਚਾਰ ਯੋਗ ਗੱਲ ਇਹ ਹੈ ਕਿ ਇਕ ਪਾਸੇ ਪੰਜਾਬ ਦੀ ਵਿਰੋਧੀ ਧਿਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਗੱਲ ਕਰ ਰਹੀ ਹੈ ਤੇ ਮੌਜੂਦਾ ਸਰਕਾਰ ਵਿਰੋਧੀ ਧਿਰ ਦੇ ਇਸ ਦੋਸ਼ ਨੂੰ ਪੰਜਾਬੀਆਂ ਦੀ ਬੇਇੱਜ਼ਤੀ ਨਾਲ ਜੋੜ ਰਹੀ ਹੈ। ਇੱਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜੇਕਰ ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਲੋਕਾਂ ਨੂੰ 8-10 ਦਿਨ ਮੁਫ਼ਤ ਸ਼ਰਾਬ ਪਿਲਾਈ ਜਾਵੇ ਤਾਂ ਕੀ ਇਹ ਗੱਲ ਸਹੀ ਨਹੀਂ ਕਿ ਜਿਹੜੇ ਬੰਦਿਆਂ ਨੇ ਆਪਣੇ ਜੀਵਨ 'ਚ ਕਦੇ ਸ਼ਰਾਬ ਨਹੀਂ ਪੀਤੀ ਤਾਂ ਜੇਕਰ ਉਹ 8-10 ਦਿਨ ਮੁਫ਼ਤ ਦੀ ਸ਼ਰਾਬ ਪੀ ਲੈਣ ਤਾਂ ਉਹ ਵੀ ਸ਼ਰਾਬ ਦੇ ਆਦੀ ਹੋ ਜਾਣ। ਇਸ ਤਰ੍ਹਾਂ ਹੁੰਦਾ ਵੀ ਹੈ, ਇਸ ਦੇ ਪੁਖਤਾ ਸਬੂਤ ਹਨ ਮੇਰੇ ਕੋਲ। ਮੈਂ ਬਹੁਤ ਸਾਰੇ ਇਹੋ ਜਿਹੇ ਬੰਦਿਆਂ ਨੂੰ ਜਾਣਦਾ ਹਾਂ ਜਿਹੜੇ ਖੁੱਲ੍ਹ ਕੇ ਇਸ ਗੱਲ ਦੀ ਹਾਮੀ ਭਰਦੇ ਹਨ ਕਿ ਉਨ੍ਹਾ ਨੂੰ ਸ਼ਰਾਬ ਪੀਣ ਦੀ ਲਤ ਚੋਣਾਂ ਦੌਰਾਨ ਹੀ ਲੱਗੀ ਹੈ। ਹੁਣ ਮੇਰਾ ਸਵਾਲ ਇਹ ਹੈ ਆਪਣੇ ਪਾਠਕਾਂ ਨੂੰ ਅਤੇ ਪੰਜਾਬੀਆਂ ਨੂੰ ਕਿ ਭਰਾਵੋ ਅਸੀਂ ਚੋਣਾਂ ਦੌਰਾਨ ਕਿਸ ਤਰ੍ਹਾਂ ਨਸ਼ੇ ਦੀ ਵੰਡ ਨੂੰ ਰੋਕੀਏ ਅਤੇ ਇਸ ਦੇ ਨਾਲ ਕਿਸ ਤਰ੍ਹਾਂ ਚੋਣਾਂ ਦੌਰਾਨ ਲੋਕਾਂ ਨੂੰ ਹੋਰ ਦੂਸਰੇ ਲਾਲਚਾਂ 'ਚ ਨਾ ਫਸ ਕੇ ਨਿਰਪੱਖ ਵੋਟ ਪਾਉਣ ਲਈ ਜਾਗ੍ਰਿਤ ਕਰੀਏ। ਮੈਂ ਸਮਝਦਾ ਹਾਂ ਕਿ ਇਹ ਬਹੁਤ ਨਾਜ਼ੁਕ ਸਮਾਂ ਹੈ ਅਤੇ ਬਹੁਤ ਹੀ ਗੰਭੀਰ ਮੁੱਦਾ ਹੈ। ਸਾਨੂੰ ਕਿਸੇ ਲਾਲਚ ਵਿੱਚ ਆ ਕੇ ਆਪਣੇ ਵੋਟ ਵੇਚਣ ਦੀ ਬਜਾਏ ਪੂਰੀ ਘੋਖ ਕਰਕੇ ਵੋਟ ਪਾਉਣੀ ਚਾਹੀਦੀ ਹੈ ਅਤੇ ਦੂਸਰਿਆਂ ਨੂੰ ਵੀ ਜਾਗ੍ਰਿਤ ਕਰਨਾ ਚਾਹੀਦਾ ਹੈ। ਆਉ ਇਸ ਮੁਹਿੰਮ ਵਿੱਚ ਤੁਸੀਂ ਵੀ ਮੇਰੇ ਸਾਥੀ ਬਣੋ ਅਤੇ ਸਾਡੀ ਸੰਸਥਾ 'ਆਪਣੀ ਮਿੱਟੀ ਆਪਣੇ ਲੋਕ' ਦੇ ਮੈਂਬਰ ਬਣ ਕੇ ਲੋਕਾਂ ਨੂੰ ਨਿਰਪੱਖ ਵੋਟ ਪਾਉਣ ਲਈ ਜਾਗ੍ਰਿਤ ਕਰੀਏ। ਇਸ ਵਾਰ ਚੋਣਾਂ ਵਿੱਚ ਨਸ਼ਾ ਵੰਡਣ ਦਾ ਮੁੱਦਾ ਹੋਰ ਵੀ ਪੇਚੀਦਾ ਹੋ ਜਾਣਾ ਹੈ।, ਕਿਉਂਕਿ ਇਸ ਵਾਰ ਮੈਦਾਨ ਵਿੱਚ ਕਈ ਹੋਰ ਵੀ ਨਵੀਆਂ ਪਾਰਟੀਆਂ ਮੈਦਾਨ ਵਿੱਚ ਆਈਆਂ ਹਨ, ਜਿਹੜੀਆਂ ਇਨ੍ਹਾਂ ਦੋਵਾਂ ਪਾਰਟੀਆਂ ਤੋਂ ਕਿਤੇ ਜ਼ਿਆਦਾ ਡਰਾਮਾ ਕਰਨ ਦਾ ਹੁਨਰ ਰੱਖਦੀਆਂ ਹਨ। ਪੰਜਾਬ ਦੇ ਹਾਲਾਤ ਪਹਿਲਾਂ ਹੀ ਬੜੇ ਤਰਸਯੋਗ ਹਨ। ਇਨ੍ਹਾਂ ਹਾਲਾਤਾਂ ਨੂੰ ਹੋਰ ਤਰਸਯੋਗ ਹੋਣ ਤੋਂ ਬਚਾਉਣ ਦੇ ਲਈ ਆਉ ਰਲ ਮਿਲ ਕੇ ਸਹਿਯੋਗ ਕਰੀਏ। 
                                                                                                                  - ਅਜੈ ਕੁਮਾਰ

Monday 15 August 2016

ਅਜ਼ਾਦੀ?

ਅੱਜ ਅਸੀਂ ਸਾਰੇ ਭਾਰਤ ਵਾਸੀ ਅਜ਼ਾਦੀ ਦੀ 70ਵੀਂ ਵਰ੍ਹੇਗੰਢ ਮਨਾ ਰਹੇ ਹਾਂ। ਜਗ੍ਹਾ-ਜਗ੍ਹਾ 'ਤੇ ਮੰਤਰੀ-ਸੰਤਰੀ, ਪ੍ਰਸ਼ਾਸਨਿਕ ਅਧਿਕਾਰੀ ਤਿਰੰਗਾ ਝੰਡਾ ਲਹਿਰਾ ਕੇ ਕਈ ਦਹਾਕਿਆਂ ਦੇ ਸੰਘਰਸ਼ ਤੋਂ ਬਾਅਦ ਗੋਰਿਆਂ ਕੋਲੋਂ ਲਈ ਅਜ਼ਾਦੀ ਦੇ ਜਸ਼ਨ ਮਨਾਉਣਗੇ, ਦੇਸ਼ 'ਤੇ ਕੁਰਬਾਨ ਹੋਣ ਵਾਲੇ ਸ਼ਹੀਦਾਂ ਨੂੰ ਪ੍ਰਣਾਮ ਕਰਨਗੇ। ਅਗਲੇ ਦਿਨ ਅਖਬਾਰਾਂ ਦੀਆਂ ਸੁਰਖੀਆਂ, ਟੀ. ਵੀ. ਚੈਨਲ ਦੀਆਂ ਸਕਰੀਨਾਂ ਵੀ ਤਿਰੰਗੀਆਂ ਦਿਖਾਈਆਂ ਜਾਣਗੀਆਂ। ਕਹਿਣ ਦਾ ਭਾਵ ਲੋਕਾਂ ਨੂੰ ਅਹਿਸਾਸ ਕਰਵਾਇਆ ਜਾਵੇਗਾ ਕਿ ਅਸੀਂ ਸਾਰੇ ਆਜ਼ਾਦ ਹਾਂ ਪਰ ਇੱਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕੀ ਅਸੀਂ ਸਚਮੁੱਚ ਅਜ਼ਾਦ ਹਾਂ? ਅਜ਼ਾਦੀ ਦਾ ਭਾਵ ਹੈ ਗੁਲਾਮੀ ਤੋਂ ਛੁਟਕਾਰਾ। ਗੁਲਾਮੀ ਕਈ ਪ੍ਰਕਾਰ ਦੀ ਹੁੰਦੀ ਹੈ, ਸਰੀਰਿਕ ਗੁਲਾਮੀ, ਮਾਨਸਿਕ ਗੁਲਾਮੀ ਆਦਿ। ਅੱਜ ਭਾਰਤ ਨੂੰ ਚਾਹੇ 70 ਵਰ੍ਹੇ ਹੋ ਗਏ ਹਨ ਅਜ਼ਾਦ ਹੋਏ ਪਰ 98% ਭਾਰਤੀਆਂ ਲਈ ਅੱਜ ਵੀ ਅਜ਼ਾਦੀ ਗੁਰਦਾਸ ਰਾਮ ਆਲਮ ਸਾਹਿਬ ਦੀ ਕਵਿਤਾ ਵਾਂਗ ਹੀ ਲੱਗਦੀ ਹੈ, ਜਿਸ ਵਿੱਚ ਉਸ ਨੇ ਆਜ਼ਾਦੀ ਤੋਂ ਬਾਅਦ ਵੀ ਪ੍ਰਸ਼ਾਸਨ ਅਤੇ ਆਪਣੇ ਹੀ ਮੁਲਕ ਦੇ ਨੇਤਾਵਾਂ ਦੀਆਂ ਨੀਤੀਆਂ ਕਾਰਣ ਤੰਗ ਪ੍ਰੇਸ਼ਾਨ ਰਹਿਣ ਵਾਲੇ ਲੋਕਾਂ ਦੀ ਆਵਾਜ਼ ਵਜੋਂ ਲਿਖੀ ਸੀ:-
ਕਿਉਂ ਬਈ ਨਿਹਾਲਿਆ, ਆਜ਼ਾਦੀ ਨਹੀਂ ਵੇਖੀ?
'ਨਾ ਬਈ ਭਰਾਵਾ, ਨਾ ਖਾਧੀ ਨਾ ਵੇਖੀ'।
ਮੈਂ ਜੱਗੂ ਤੋਂ ਸੁਣਿਆ, ਅੰਬਾਲੇ ਖੜ੍ਹੀ ਸੀ।
ਬੜੀ ਭੀੜ ਉਸ ਦੇ, ਉਦਾਲੇ ਖੜ੍ਹੀ ਸੀ।
ਬਿਰਲੇ ਦੇ ਘਰ ਵੱਲ, ਅਗਾੜੀ ਸੀ ਉਸ ਦੀ।
ਤੇ ਲੋਕਾਂ ਦੇ ਮੂੰਹ ਵੱਲ, ਪਛਾੜੀ ਸੀ ਉਸ ਦੀ।
ਆਈ ਨੂੰ ਭਾਵੇਂ, ਤੀਆ ਸਾਲ ਬੀਤਾ।
ਅਸੀਂ ਤਾਂ ਅਜੇ ਤੱਕ, ਦਰਸ਼ਨ ਨਹੀਂ ਕੀਤਾ।(1)
ਦਿੱਲੀ 'ਚ ਆਉਂਦੀ ਹੈ, ਸਰਦੀ ਦੀ ਰੁੱਤੇ।
ਤੇ ਹਾੜ੍ਹਾਂ ਨੂੰ ਰਹਿੰਦੀ, ਪਹਾੜਾਂ ਦੇ ਉੱਤੇ।
ਗਰੀਬਾਂ ਨਾਲ ਲੱਗਦੀ, ਲੜੀ ਹੋਈ ਆ ਖਬਰੇ।
ਅਮੀਰਾਂ ਦੇ ਹੱਥੀਂ, ਚੜ੍ਹੀ ਹੋਈ ਆ ਖਬਰੇ।
ਅਖ਼ਬਾਰਾਂ 'ਚੋਂ ਪੜ੍ਹਿਆ ਜਰਵਾਣੀ ਜਹੀ ਏ।
ਕੋਈ ਸੋਹਣੀ ਤਾਂ ਨਹੀਂ, ਐਵੇਂ ਕਾਣੀ ਜਹੀ ਏ। (2)
ਮੰਨੇ ਜੇ ਉਹ ਕਹਿਣਾ ਅਸੀਂ ਵੀ ਮੰਗਾਈਏ।
ਛੰਨਾਂ ਤੇ ਢਾਰਿਆਂ 'ਚ ਭੁੰਜੇ ਸੁਆਈਏ।
ਪਰ ਏਨਾ ਪਤਾ ਨਹੀਂ, ਕੀ ਖਾਂਦੀ ਹੁੰਦੀ ਏ।
ਕਿਹੜੀ ਚੀਜ਼ ਤੋਂ ਦਿਲ, ਚੁਰਾਂਦੀ ਹੁੰਦੀ ਏ।
ਸ਼ਿਮਲੇ ਤਾਂ ਉਸ ਅੱਗੇ ਆਂਡੇ ਹੁੰਦੇ ਨੇ।
ਬਈ ਸਾਡੀ ਤਾਂ ਖੁਰਲੀ 'ਚ ਟਾਂਡੇ ਹੁੰਦੇ ਨੇ। (3)
ਮੈਨੂੰ ਸਮਝ ਨਹੀਂ ਆਉਂਦੀ ਇਹ ਕਿਸ ਤਰ੍ਹਾਂ ਦੀ ਆਜ਼ਾਦੀ ਹੈ। ਜਿਸ ਵਿੱਚ ਸਿਰਫ 1% ਲੋਕਾਂ ਕੋਲ ਦੇਸ਼ ਦੀ 66% ਸੰਪਤੀ ਹੈ ਅਤੇ ਬਾਕੀ 99% ਅਬਾਦੀ ਕੋਲ ਸਿਰਫ 34% ਸੰਪਤੀ ਹੈ। ਗਰੀਬੀ ਅਤੇ ਅਮੀਰੀ ਦਾ ਪਾੜਾ ਇੰਨੀ ਤੇਜ਼ੀ ਨਾਲ ਵਧ ਰਿਹਾ ਹੈ ਜਿਸ ਦਾ ਇਨ੍ਹਾਂ ਅੰਕੜਿਆਂ ਤੋਂ ਹੀ ਹਿਸਾਬ ਲਗਾਇਆ ਜਾ ਸਕਦਾ ਹੈ ਕਿ 15 ਸਾਲ ਪਹਿਲਾਂ 1% ਲੋਕਾਂ ਕੋਲ ਦੇਸ਼ ਦੀ 36.8 % ਸੰਪਤੀ ਸੀ ਜਿਹੜੀ ਕਿ ਹੁਣ 66% ਹੋ ਗਈ ਹੈ। ਜਿਸ ਮੁਲਕ ਵਿੱਚ ਅੱਜ ਵੀ 80% ਲੋਕ ਰੋਟੀ, ਕੱਪੜਾ, ਮਕਾਨ, ਸਿਹਤ, ਸਿੱਖਿਆ, ਮੁਢਲੀਆਂ ਸਹੂਲਤਾਂ ਦੇ ਨਾਲ ਜੁਝਦੇ ਹੋਣ ਉਸ ਮੁਲਕ ਵਿੱਚ ਅਜ਼ਾਦੀ ਦੇ ਮਾਇਨੇ ਕੀ ਹੋ ਸਕਦੇ ਹਨ? ਕੀ ਇਹ ਅਜ਼ਾਦੀ ਖੋਖਲੀ ਨਹੀਂ? ਇਹ ਅਜ਼ਾਦੀ ਦੇ ਜਸ਼ਨ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਸ਼ਹੀਦ ਊਧਮ ਸਿੰਘ, ਮਾਤਾ ਦੀਨ ਭੰਗੀ, ਝਿਲਕਾਰੀ ਬਾਈ, ਚੰਦਰ ਸ਼ੇਖਰ ਆਜ਼ਾਦ ਆਦਿ ਸ਼ਹੀਦਾਂ ਦੀ ਕੁਰਬਾਨੀ ਨੂੰ ਇਕ ਮਜ਼ਾਕ ਜਿਹਾ ਨਹੀਂ ਜਾਪਦਾ? ਸਮੇਂ ਦੀ ਮੰਗ ਹੈ ਪੜਚੋਲ ਕੀਤੀ ਜਾਣੀ ਚਾਹੀਦੀ ਹੈ, ਕੀ ਕਾਰਣ ਹੈ ਕਿ ਦੇਸ਼ ਵਿੱਚ 3 ਕਰੋੜ 40 ਲੱਖ ਟਨ ਅਨਾਜ ਸਰਕਾਰੀ ਗੁਦਾਮਾਂ ਵਿੱਚ ਪਿਆ ਹੋਵੇ ਤਾਂ ਫਿਰ ਵੀ 3 ਕਰੋੜ ਲੋਕ ਰੋਜ਼ ਰਾਤੀਂ ਭੁੱਖੇ ਸੌਂਦੇ ਹੋਣ। ਲੋਕ ਬੇਘਰੇ ਹੋਣ ਤੇ ਦੇਸ਼ ਦੇ ਸਰਕਾਰੀ ਵਿਭਾਗਾਂ ਦੀ 1 ਕਰੋੜ 80 ਲੱਖ ਏਕੜ ਜ਼ਮੀਨ 'ਤੇ ਧਨਾਢਾਂ ਦਾ ਕਬਜ਼ਾ ਹੋਵੇ। ਇਹ ਵਿਚਾਰਨ ਤੇ ਸੋਚਣ ਦੀ ਗੱਲ ਹੈ। ਅਜ਼ਾਦੀ ਤਾਂ ਜਾਨਵਰ, ਪਸ਼ੂ-ਪੰਛੀ, ਪਰਿੰਦਿਆਂ ਨੂੰ ਵੀ ਮਨ ਭਾਉਂਦੀ ਹੈ ਪਰ ਆਜ਼ਾਦੀ ਹੋਣੀ ਸੱਚੀ  ਚਾਹੀਦੀ ਹੈ। ਇਹ ਆਜ਼ਾਦੀ ਗੁਰੂ ਨਾਨਕ ਸਾਹਿਬ ਦੀ ਸੋਚ 'ਤੇ ਅਧਾਰਿਤ ਸਰਬੱਤ ਦਾ ਭਲਾ, ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਸੋਚ ਬੇਗਮਪੁਰੇ ਵਾਲੀ ਚਾਹੀਦੀ ਹੈ, ਇਹ ਅਜ਼ਾਦੀ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਯੋਗ ਵਸ਼ਿਸ਼ਟ ਵਿੱਚ ਦਰਸਾਏ ਜਨਨੀ ਅਤੇ ਜਨਮ ਭੂਮੀ ਸਵਰਗ ਤੋਂ ਸੁੰਦਰ ਵਾਲੀ ਹੋਣੀ ਚਾਹੀਦੀ ਹੈ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਭਾਰਤ ਦੇ ਸੰਵਿਧਾਨ ਨੂੰ ਪੂਰੀ ਇਮਾਨਦਾਰੀ ਨਾਲ ਲਾਗੂ ਕੀਤਾ ਜਾਵੇ। ਨਹੀਂ ਤਾਂ ਅਜ਼ਾਦੀ ਦਾ ਅਸੀਂ ਢੋਲ ਭਾਵੇਂ ਜਿੰਨਾ ਮਰਜ਼ੀ ਪਿੱਟੀ ਜਾਈਏ, ਹਾਂ ਅਸੀਂ ਗੁਲਾਮ ਦੇ ਗੁਲਾਮ ਹੀ। ਜੇਕਰ ਮੇਰੇ ਵਿਚਾਰ ਗਲਤ ਹਨ ਤਾਂ ਮੇਰਾ ਖੁੱਲ੍ਹਾ ਚੈਲੰਜ ਹੈ ਭਾਰਤ ਦੇ ਕੋਨੋ-ਕੋਨੇ 'ਤੇ ਤਿਰੰਗਾ ਲਹਿਰਾਉਣ ਵਾਲਿਆਂ ਨੂੰ ਕਿ ਜੇਕਰ ਤੁਸੀਂ ਮੌਜੂਦਾ ਅਜ਼ਾਦੀ ਨੂੰ ਹੀ ਅਜ਼ਾਦੀ ਸਮਝਦੇ ਹੋ ਤਾਂ ਬਿਨਾਂ ਆਪਣੇ ਅੰਗ-ਰੱਖਿਅਕਾਂ ਤੋਂ ਆਪਣੇ ਪਰਿਵਾਰ ਸਮੇਤ ਇਕ ਦਿਨ ਭਾਰਤ ਦੇ ਕਿਸੇ ਵੀ ਕੋਨੇ 'ਤੇ ਆਪਣੇ ਦੇਸ਼ ਦੇ ਨਿੱਜੀ ਦਰਸ਼ਨ ਕਰੋ। ਤੁਹਾਨੂੰ ਪਤਾ ਚੱਲ ਜਾਵੇਗਾ ਕਿ ਜਿਸ ਨੂੰ ਤੁਸੀਂ ਅਜ਼ਾਦੀ ਕਹਿੰਦੇ ਹੋ, ਉਹ ਸਹੀ ਮਾਅਨਿਆਂ 'ਚ ਆਜ਼ਾਦੀ ਨਹੀਂ, ਇਹ ਇਕ ਫਰੇਬ ਹੈ, ਜਿਹੜਾ ਇਕ ਦਿਨ ਤੁਹਾਨੂੰ ਮੁੜ ਕੇ ਸਰੀਰਿਕ ਗੁਲਾਮੀ ਦੀ ਰਾਹ ਵੱਲ ਲੈ ਜਾ ਰਿਹਾ ਹੈ। ਜੇਕਰ ਤਿਰੰਗੇ ਦੀ ਸ਼ਾਨ ਅਤੇ ਭਾਰਤ ਨੂੰ ਇਤਿਹਾਸ ਦੇ ਪੰਨਿਆਂ ਵਿੱਚ ਸੁਨਹਿਰੀ ਅੱਖਰਾਂ 'ਚ ਦੇਖਣਾ ਚਾਹੁੰਦੇ ਹੋ ਤਾਂ ਆਓ ਅਜ਼ਾਦੀ ਦੇ ਮਾਇਨੇ ਸਮਝਦੇ ਹੋਏ ਦੇਸ਼ ਪ੍ਰਤੀ ਆਪਣਾ ਫਰਜ਼ ਸਮਝਦੇ ਹੋਏ ਸਭ ਤੋਂ ਪਹਿਲਾਂ ਦੇਸ਼ ਦਾ ਸਭ ਤੋਂ ਵੱਡਾ ਕੋਹੜ ਜਾਤ-ਪਾਤ, ਭੇਦਭਾਵ, ਊਚ-ਨੀਚ, ਛੂਆ-ਛਾਤ ਦੇ ਖਿਲਾਫ ਅੰਦੋਲਨ ਵਿੱਚ ਆਪਣਾ ਯੋਗਦਾਨ ਪਾ ਕੇ ਅਨਪੜ੍ਹਤਾ ਦਾ ਦੇਸ਼ 'ਚੋਂ ਨਾਮੋ-ਨਿਸ਼ਾਨ ਮਿਟਾਈਏ। ਭਾਈਚਾਰਕ ਸਾਂਝ ਨੂੰ ਜਨ-ਜਨ ਤੱਕ ਪਹੁੰਚਾਈਏ ਤਾਂ ਜੋ ਸੱਚਮੁੱਚ ਸਾਡਾ ਭਾਰਤ ਮਹਾਨ ਹੋ ਜਾਵੇ।     
                                                                                                                    - ਅਜੇ ਕੁਮਾਰ

Thursday 11 August 2016

ਲੀਡਰ ਰਿਮਾਂਡ 'ਤੇ

ਬਾਬਾ ਸਾਹਿਬ ਅੰਬੇਡਕਰ ਨੇ ਭਾਰਤ ਦੇ ਸੰਵਿਧਾਨ ਨੂੰ ਇੰਨਾ ਮਜ਼ਬੂਤ ਬਣਾਇਆ ਕਿ ਅੱਜ ਦੁਨੀਆਂ ਭਰ ਦੇ ਵਿਦਵਾਨ ਮੰਨਦੇ ਹਨ ਕਿ ਜੇ ਅਜੇ ਵੀ ਭਾਰਤ ਵਿੱਚ ਲੋਕਤੰਤਰ ਜਿਊਂਦਾ ਹੈ ਤਾਂ ਉਸ ਦਾ ਕਾਰਨ ਹੈ ਤਾਕਤਵਰ ਅਤੇ ਬੇਮਿਸਾਲ ਸੰਵਿਧਾਨ। ਜੇ ਸਾਡੇ ਲੀਡਰ ਸੰਵਿਧਾਨ ਦੀਆਂ ਹੱਦਾਂ ਵਿੱਚ ਨਾ ਬੰਨ੍ਹੇ ਹੁੰਦੇ ਤਾਂ ਕਦੋਂ ਦਾ ਦੇਸ਼ ਨੂੰ ਵੇਚ ਕੇ ਖਾ ਜਾਂਦੇ।  ਜੇਕਰ ਭਾਰਤੀ ਸੰਵਿਧਾਨ ਦਾ ਗਹਿਰਾਈ ਨਾਲ ਅਧਿਐਨ ਕਰੀਏ ਤਾਂ ਪਤਾ ਚੱਲਦਾ ਹੈ ਕਿ ਸੰਵਿਧਾਨ ਨੇ ਹਰ ਭਾਰਤੀ ਨਾਗਰਿਕ ਨੂੰ ਬਰਾਬਰਤਾ ਦੇ ਹੱਕ ਦਿੱਤੇ ਹਨ ਤੇ ਸੰਵਿਧਾਨ ਮਨੁੱਖ ਦੀ ਹਰ ਤਰ੍ਹਾਂ ਦੀ ਅਜ਼ਾਦੀ ਲਈ ਵਰਦਾਨ ਹੈ। ਭਾਰਤ ਦਾ ਸੰਵਿਧਾਨ ਕਿਸੇ ਵੀ ਵਿਅਕਤੀ ਨੂੰ ਦੂਸਰੇ ਮਨੁੱਖ ਨੂੰ ਕਿਸੇ ਵੀ ਪ੍ਰਕਾਰ ਦੀ ਪ੍ਰਤਾੜਨਾ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਹਰ ਜ਼ੁਰਮ ਦੇ ਲਈ ਸਖ਼ਤ ਕਾਨੂੰਨ ਹਨ, ਹਰ ਨਾਗਰਿਕ ਦੇ ਆਪਣੇ ਹੱਕ ਹਨ ਤੇ ਹੱਕਾਂ ਦੇ ਨਾਲ-ਨਾਲ ਸੰਵਿਧਾਨ ਨੇ ਜ਼ਿੰਮੇਵਾਰੀਆਂ ਵੀ ਨਿਰਧਾਰਿਤ ਕੀਤੀਆਂ ਹਨ। ਭਾਰਤ ਦਾ ਸੰਵਿਧਾਨ ਮਨੁੱਖਤਾ ਦੀ ਹੀ ਰੱਖਿਆ ਨਹੀਂ ਕਰਦਾ ਬਲਕਿ ਜਾਨਵਰਾਂ ਦੀ ਰੱਖਿਆ ਲਈ ਵੀ ਸੰਵਿਧਾਨ 'ਚ ਸਖ਼ਤ ਕਾਨੂੰਨ ਬਣਾਏ ਗਏ ਹਨ। ਕੋਈ ਰਾਜਾ ਅੱਜ ਜੰਗਲਾਂ 'ਚ ਸ਼ਿਕਾਰ ਨਹੀਂ ਕਰ ਸਕਦਾ, ਕੁੱਤਿਆਂ, ਘੋੜਿਆਂ ਲਈ ਵੀ ਕਾਨੂੰਨ ਹਨ, ਟਾਂਗਾ ਚਲਾਉਣ ਵਾਲਾ ਘੋੜੇ ਨੂੰ ਮਾਰਨ ਲਈ ਆਪਣੇ ਕੋਲ ਚਾਬੁਕ ਤੱਕ ਨਹੀਂ ਰੱਖ ਸਕਦਾ ਪਰ ਸਮੇਂ ਦੀਆਂ ਸਰਕਾਰਾਂ 'ਚ ਬੈਠੇ ਸਵਾਰਥੀ ਲੀਡਰਾਂ ਅਤੇ ਬੇਈਮਾਨ ਪ੍ਰਸ਼ਾਸਕਾਂ ਨੇ ਇਸ ਸੰਵਿਧਾਨ ਦੀਆਂ ਸਮੇਂ-ਸਮੇਂ 'ਤੇ ਧੱਜੀਆਂ ਉਡਾ ਕੇ ਭਾਰਤ ਦਾ ਮਾਹੌਲ ਨਰਕ ਤੋਂ ਬੱਦਤਰ ਕਰ ਦਿੱਤਾ ਹੈ। ਇਸ ਨੂੰ ਭਾਰਤ ਦੀ ਬਦਕਿਸਮਤੀ ਹੀ ਕਿਹਾ ਜਾਵੇਗਾ ਕਿ ਜੋ ਗੁੰਡੇ, ਬੇਈਮਾਨ, ਅਨਪੜ੍ਹ, ਸਮਾਜ ਵਿਰੋਧੀ ਅਨਸਰ ਸਨ, ਉਹ ਅੱਜ ਲੀਡਰ, ਅਫ਼ਸਰ, ਮੀਡੀਆ ਦੇ ਰੂਪ ਵਿੱਚ ਇਕੱਠੇ ਹੋ ਗਏ ਹਨ ਤੇ ਇਸ ਮਾਫੀਏ ਨੇ ਆਮ ਆਦਮੀ ਦਾ ਜੀਵਨ ਜਾਨਵਰਾਂ ਤੋਂ ਵੀ ਬੱਦਤਰ ਕਰ ਦਿੱਤਾ ਹੈ। ਅੱਜ ਭਾਰਤ ਦਾ ਕੋਈ ਹਿੱਸਾ ਅਜਿਹਾ ਨਹੀਂ ਬਚਿਆ, ਜਿਹੜਾ ਅੱਤਵਾਦ ਦੀ ਚਪੇਟ ਵਿੱਚ ਨਾ ਹੋਵੇ। ਸਿਰਫ਼ ਗੋਲੀਆਂ ਚਲਾ ਕੇ ਬੰਦੇ ਮਾਰਨ ਨੂੰ ਹੀ ਅੱਤਵਾਦ ਨਹੀਂ ਕਿਹਾ ਜਾਂਦਾ, ਡਰ, ਖੌਫ, ਭੈਅ ਦਾ ਵਾਤਾਵਰਣ ਬਣਾਉਣਾ, ਕਿਸੇ ਨੂੰ ਸਰੀਰਿਕ, ਮਾਨਸਿਕ, ਬੌਧਿਕ ਤੌਰ 'ਤੇ ਪ੍ਰਤਾੜਿਤ ਕਰਨਾ, ਕਿਸੇ ਨਾਗਰਿਕ ਦੇ ਮੁਢਲੇ ਹੱਕਾਂ ਨੂੰ ਖੋਹਣ ਦੀ ਕੋਸ਼ਿਸ਼ ਕਰਨਾ ਵੀ ਅੱਤਵਾਦ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਗੋਲੀਆਂ ਚਲਾਉਣ ਵਾਲਾ ਅੱਤਵਾਦ ਤਾਂ ਪੁਲਿਸ-ਫੌਜ ਕਾਬੂ ਕਰ ਲਵੇਗੀ ਪਰ ਕਮਜ਼ੋਰ ਆਦਮੀ ਦੇ ਖੌਫ ਦਾ ਮਾਹੌਲ ਉਦੋਂ ਹੀ ਖਤਮ ਹੋਵੇਗਾ ਜਦੋਂ ਹਰ ਭਾਰਤੀ ਆਪਣੇ ਹੱਕਾਂ ਨੂੰ ਪਛਾਣ ਕੇ ਮਾਫ਼ੀਏ ਨੂੰ ਸਖ਼ਤ ਸ਼ਬਦਾਂ 'ਚ ਜਵਾਬ ਦੇਵੇਗਾ। ਭਾਰਤ ਨੂੰ ਰੱਬ ਨੇ ਸਭ ਤਰ੍ਹਾਂ ਦੇ ਕੁਦਰਤੀ ਸਰੋਤ ਦਿੱਤੇ ਹਨ, ਜਿਨ੍ਹਾਂ ਤੋਂ ਦੁਨੀਆਂ ਦਾ ਵੱਡਾ ਹਿੱਸਾ ਵਾਂਝਾ ਹੈ ਪਰ ਫਿਰ ਵੀ ਕਦੇ ਸਾਨੂੰ ਸੋਕਾ ਮਾਰ ਜਾਂਦਾ ਹੈ, ਕਦੇ ਹੜ੍ਹਾਂ ਦੀ ਮਾਰ ਪੈ ਜਾਂਦੀ ਹੈ, ਆਮ ਆਦਮੀ ਨੂੰ ਠੰਢ ਵੀ ਮਾਰਦੀ ਹੈ ਤੇ  ਗਰਮੀ ਵੀ ਮਾਰਦੀ ਹੈ। ਇਸ ਦਾ ਕਾਰਣ ਕੁਝ ਹੋਰ ਨਹੀਂ ਪ੍ਰਸ਼ਾਸਨ 'ਤੇ ਰਾਜ ਕਰਨ ਵਾਲਿਆਂ ਲੀਡਰਾਂ ਦੀਆਂ ਲਾਪ੍ਰਵਾਹੀਆਂ ਹਨ ਜੋ ਕੁਦਰਤੀ ਸਰੋਤਾਂ ਦਾ ਪ੍ਰਬੰਧਨ ਗੰਭੀਰਤਾ ਨਾਲ ਨਹੀਂ ਕਰਦੇ। ਲੋਕਤੰਤਰ ਵਿੱਚ ਪ੍ਰਸ਼ਾਸਨ ਨੂੰ ਲੋਕਾਂ ਦੁਆਰਾ ਚੁਣੇ ਨੁਮਾਇੰਦੇ ਚਲਾਉਂਦੇ ਹਨ। ਇਸ ਤਰ੍ਹਾਂ ਇਸ ਕਾਰਣ ਮੈਂ ਕਹਿ ਸਕਦਾ ਹਾਂ ਕਿ ਜੇ ਨੁਮਾਇੰਦੇ ਗਲਤ ਚੁਣ ਕੇ ਜਾਣਗੇ ਤਾਂ ਸਰਕਾਰਾਂ ਵਿੱਚ ਕਮੀਆਂ ਰਹਿਣਗੀਆਂ ਹੀ। ਸਾਡੇ ਆਮ ਲੋਕਾਂ ਵਿੱਚ ਜਾਗ੍ਰਿਤੀ ਦੀ ਕਮੀ ਹੈ ਜੇ ਜਾਗ੍ਰਿਤੀ ਆ ਜਾਵੇ ਤਾਂ ਚੁਣੇ ਹੋਏ ਨੁਮਾਇੰਦੇ ਕਦੇ ਲੋਕਾਂ ਨਾਲ ਧੋਖਾ ਕਰਨ ਦੀ ਹਿੰਮਤ ਨਹੀਂ ਕਰਨਗੇ। ਜੇ ਅਸੀਂ ਆਪਣੀਆਂ ਸਰਕਾਰਾਂ ਨੂੰ ਦੋਸ਼ ਦਿੰਦੇ ਹਾਂ, ਉਨ੍ਹਾਂ ਨੂੰ ਨਿਕੰਮੀਆਂ, ਭ੍ਰਿਸ਼ਟਾਚਾਰੀ ਅਤੇ ਬੇਈਮਾਨ ਦੱਸਦੇ ਹਾਂ ਤਾਂ ਮੈਂ ਕਹਾਂਗਾ ਕਿ ਇਸ ਵਿੱਚ ਭਾਰਤੀ ਜਨਤਾ ਦੀ ਪਸੰਦ ਹੀ ਘਟੀਆ ਤੇ ਨਿਕੰਮੀ ਹੈ। ਕਿੱਥੇ ਕਮੀ ਰਹਿ ਗਈ, ਕਿੱਥੇ ਮਾਹੌਲ ਵਿਗੜ ਗਿਆ, ਕਦੋਂ ਮਾਹੌਲ ਖਰਾਬ ਹੋਇਆ ਕਿਵੇਂ ਭਾਰਤ ਦੇ ਸੰਵਿਧਾਨ ਨੂੰ ਅਣਗੌਲਣ ਦੀ ਬਜਾਏ ਮਜ਼ਬੂਤ ਬਣਾਇਆ ਜਾਵੇ। ਇਹ ਸਵਾਲ ਹਨ ਜਿਸ ਦਾ ਜਵਾਬ ਹਰ ਭਾਰਤੀ ਨਾਗਰਿਕ ਦੇ ਅੰਦਰ ਲੁਕਿਆ ਪਿਆ ਹੈ। ਭਾਰਤ ਦੀ ਗੱਲ ਫਿਰ ਕਦੇ ਜੇ ਪੰਜਾਬ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਹਾਲਾਤ ਕਿਸੇ ਤੋਂ ਲੁਕੇ-ਛਿਪੇ ਨਹੀਂ। ਪੰਜਾਬ ਵਿੱਚ ਅਜ਼ਾਦੀ ਤੋਂ ਬਾਅਦ ਜਾਂ ਅਕਾਲੀ-ਭਾਜਪਾ ਦੀ ਸਰਕਾਰ ਰਹੀ ਹੈ ਜਾਂ ਕਾਂਗਰਸ ਦੀ। ਇਸ ਕਾਰਣ ਅਸੀਂ ਕਹਿ ਸਕਦੇ ਹਾਂ ਕਿ ਜੇ ਅੱਜ ਪੰਜਾਬ ਦਾ ਹਾਲ ਬੁਰਾ ਹੈ, ਉਸ ਦੇ ਵਿੱਚ ਇਨ੍ਹਾਂ ਦੋਨਾਂ ਹੀ ਪਾਰਟੀਆਂ ਦਾ ਹੱਥ ਹੈ। ਕਿਉਂਕਿ ਇਨ੍ਹਾਂ ਤੋਂ ਇਲਾਵਾ ਅਜੇ ਤੱਕ ਕੋਈ ਤੀਸਰੀ ਧਿਰ ਨੇ ਪੰਜਾਬ 'ਤੇ ਰਾਜ ਨਹੀਂ ਕੀਤਾ। ਵੋਟਾਂ ਸਾਹਮਣੇ ਦੇਖ ਕੇ ਮੇਲੇ ਵਿੱਚ ਮੱਲ੍ਹਾਂ ਮਾਰਨ ਲਈ ਨਵੀਆਂ ਬਣੀਆਂ ਪਾਰਟੀਆਂ ਵੀ ਆ ਰਹੀਆਂ ਹਨ। ਉਨ੍ਹਾਂ ਕੋਲ ਪੰਜਾਬ ਨੂੰ ਤਰੱਕੀ ਦੀ ਰਾਹ 'ਤੇ ਲਿਜਾਣ ਲਈ ਕੋਈ ਜ਼ਮੀਨੀ ਪੱਧਰ ਦੀ ਯੋਜਨਾ ਤਾਂ ਨਹੀਂ ਪਰ ਉਹ ਦੂਸਰਿਆਂ ਨੂੰ ਗਾਲ੍ਹਾਂ ਕੱਢਣ 'ਚ ਬਹੁਤ ਮਾਹਿਰ ਹਨ, ਉਹ ਚਾਹੁੰਦੇ ਹਨ  ਪੰਜਾਬੀਆਂ ਨੂੰ ਸਬਜ਼ਬਾਗ ਦਿਖਾ ਕੇ ਰਹਿੰਦੀ-ਖੂੰਹਦੀ ਕਸਰ ਵੀ ਪੂਰੀ ਕਰ ਦਿੱਤੀ ਜਾਵੇ। ਇਹ ਪਾਰਟੀਆਂ ਰਾਜ ਵਿੱਚ ਆਉਣ ਨੂੰ ਇੰਨੀਆਂ ਕੁ ਬੇਤਾਬ ਹਨ ਕਿ ਮੈਨੂੰ ਲੱਗਦਾ ਹੈ ਕਿ ਸੱਤਾ 'ਚ ਪਹੁੰਚਣ ਤੋਂ ਪਹਿਲਾਂ-ਪਹਿਲਾਂ ਇਨ੍ਹਾਂ ਦੀਆਂ ਆਪਸੀ ਲੜਾਈਆਂ ਨੇ ਹੀ ਇਨ੍ਹਾਂ ਦਾ ਨਾਸ਼ ਕਰ ਦੇਣਾ ਹੈ। ਪਾਰਟੀਆਂ ਨੂੰ ਕੋਸਣਾ ਮੇਰਾ ਕੰਮ ਨਹੀਂ ਪਰ ਮੈਂ ਆਪਣੇ ਲੇਖ ਰਾਹੀਂ ਪੰਜਾਬੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਹੁਣ ਚੋਣਾਂ ਨਜ਼ਦੀਕ ਆ ਗਈਆਂ ਹਨ, ਵੋਟ ਦੀ ਤਾਕਤ ਤੁਹਾਡੇ ਹੱਥ ਹੈ, ਸਭ ਪਾਰਟੀਆਂ ਦੇ ਲੀਡਰਾਂ ਨੇ ਤੁਹਾਡੇ ਦਰਾਂ 'ਤੇ ਮੱਥਾ ਟੇਕਣ ਜ਼ਰੂਰ ਆਉਣਾ ਹੈ ਤਾਂ ਜੋ ਤੁਹਾਡੀਆਂ ਵੋਟਾਂ ਲੈ ਕੇ, ਤੁਹਾਨੂੰ ਬੇਵਕੂਫ ਬਣਾ ਕੇ ਆਉਂਦੇ 5 ਸਾਲਾਂ ਤੱਕ ਗੁੰਡਾਗਰਦੀ ਕਰ ਸਕਣ। ਨੁਮਾਇੰਦਾ ਚਾਹੇ ਜਿਸ ਮਰਜ਼ੀ ਪਾਰਟੀ ਦਾ ਹੋਵੇ, ਲੀਡਰ ਕੋਈ ਜਿੰਨਾ ਮਰਜ਼ੀ ਵੱਡਾ ਹੋਵੇ ਪਰ ਚੋਣਾਂ ਵਿੱਚ ਉਹ ਜਨਤਾ ਦੇ ਰਿਮਾਂਡ 'ਤੇ ਹੁੰਦਾ ਹੈ। ਪੁਲਿਸ ਕਿਸੇ ਵੀ ਸ਼ੱਕੀ ਅਪਰਾਧੀ ਨੂੰ ਉਸ ਦੀ ਗਲਤੀ ਕਬੂਲ ਕਰਵਾਉਣ ਲਈ ਅਪਰਾਧ ਦੀਆਂ ਹੋਰ ਜਾਣਕਾਰੀਆਂ ਲੈਣ ਲਈ ਪੁਲਿਸ ਅਦਾਲਤ ਰਾਹੀਂ ਰਿਮਾਂਡ ਲੈਂਦੀਆਂ ਹਨ। ਰਿਮਾਂਡ ਦੇ ਦੌਰਾਨ ਉਹ ਸ਼ੱਕੀ ਵਿਅਕਤੀ ਕੋਲੋਂ ਹਰ ਤਰ੍ਹਾਂ ਦੀ ਪੁੱਛਗਿੱਛ ਕਰਦੀ ਹੈ, ਹਰ ਤਰੀਕੇ ਨਾਲ ਜਾਣਕਾਰੀ ਇਕੱਠੀ ਕਰਦੀ ਹੈ ਫਿਰ ਨਿਰਧਾਰਿਤ ਕੀਤਾ ਜਾਂਦਾ ਹੈ ਕਿ ਇਹ ਵਿਅਕਤੀ ਅਪਰਾਧੀ ਹੈ ਜਾਂ ਨਹੀਂ। ਕੀ ਇਸ ਵਿਅਕਤੀ ਨੇ ਚੋਰੀ ਕੀਤੀ ਹੈ ਜਾਂ ਨਹੀਂ। ਕੁਝ ਉਸੇ ਤਰੀਕੇ ਨਾਲ ਸਭ ਲੀਡਰ ਚੋਣਾਂ ਦੌਰਾਨ ਜਨਤਾ ਦੇ ਰਿਮਾਂਡ 'ਤੇ ਹੁੰਦੇ ਹਨ ਤੇ ਜਨਤਾ ਦਾ ਫਰਜ਼ ਹੈ ਕਿ ਰਿਮਾਂਡ ਦੇ ਵਕਫੇ ਦਾ ਪੂਰਾ ਇਸਤੇਮਾਲ ਕਰਦੇ ਹੋਏ ਇਨ੍ਹਾਂ ਲੀਡਰਾਂ ਨੂੰ ਤਰੀਕੇ ਨਾਲ ਰਿਮਾਂਡ 'ਤੇ ਲੈਣ, ਇਨ੍ਹਾਂ ਦੀਆਂ ਕੀਤੀਆਂ ਕਰਤੂਤਾਂ, ਮਾੜੇ ਕਾਰਨਾਮਿਆਂ, ਮਾੜੀਆਂ ਨੀਅਤਾਂ ਦਾ ਹਿਸਾਬ ਲਿਆ ਜਾਵੇ ਤੇ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਤਸੱਲੀ ਕਰ ਲਈ ਜਾਵੇ ਕਿ ਆਉਣ ਵਾਲੇ 5 ਸਾਲਾਂ ਵਿੱਚ ਲੀਡਰ ਜਨਤਾ ਦੇ ਭਲੇ ਲਈ ਕੀ ਕਰੇਗਾ। ਲੀਡਰਾਂ ਨੂੰ ਇੰਨੀ ਕੁ ਅਕਲ ਸਿਖਾ ਦਿਓ ਕਿ 5 ਸਾਲ ਉਹ ਦਹਿਸ਼ਤ ਵਿੱਚ ਜੀਵੇ ਤੇ ਉਸ ਨੂੰ ਸੁੱਤੇ-ਜਾਗਦੇ ਖਿਆਲ ਆਉਂਦਾ ਰਹੇ ਕਿ ਮੁੜ ਜਨਤਾ ਦੀ ਕਚਹਿਰੀ ਵਿੱਚ ਜਾਣਾ ਪੈਣਾ ਹੈ ਤੇ ਮੁੜ ਮੇਰਾ ਜਨਤਾ ਨੇ ਰਿਮਾਂਡ ਲੈਣਾ ਹੈ। ਹੁਣ ਦੇਖਦੇ ਹਾਂ ਕਿ 2017 ਦੀਆਂ ਚੋਣਾਂ ਵਿੱਚ ਪੰਜਾਬ ਦੀ ਜਨਤਾ ਲੀਡਰਾਂ ਦਾ ਰਿਮਾਂਡ ਲੈਂਦੀ ਹੈ ਜਾਂ ਇਕ ਵਾਰ ਫਿਰ ਪੰਜਾਬ ਦੇ ਲੀਡਰ ਇਨ੍ਹਾਂ ਨੂੰ ਮੂਰਖ ਬਣਾ ਕੇ ਸੱਤਾ ਪ੍ਰਾਪਤ ਕਰਕੇ ਆਪਣੇ ਸਵਾਰਥ ਸਿੱਧ ਕਰਨ 'ਚ ਸਫਲ ਹੋ ਗਏੇ ਹਨ।                                                                                     - ਅਜੈ ਕੁਮਾਰ