Thursday 11 August 2016

ਲੀਡਰ ਰਿਮਾਂਡ 'ਤੇ

ਬਾਬਾ ਸਾਹਿਬ ਅੰਬੇਡਕਰ ਨੇ ਭਾਰਤ ਦੇ ਸੰਵਿਧਾਨ ਨੂੰ ਇੰਨਾ ਮਜ਼ਬੂਤ ਬਣਾਇਆ ਕਿ ਅੱਜ ਦੁਨੀਆਂ ਭਰ ਦੇ ਵਿਦਵਾਨ ਮੰਨਦੇ ਹਨ ਕਿ ਜੇ ਅਜੇ ਵੀ ਭਾਰਤ ਵਿੱਚ ਲੋਕਤੰਤਰ ਜਿਊਂਦਾ ਹੈ ਤਾਂ ਉਸ ਦਾ ਕਾਰਨ ਹੈ ਤਾਕਤਵਰ ਅਤੇ ਬੇਮਿਸਾਲ ਸੰਵਿਧਾਨ। ਜੇ ਸਾਡੇ ਲੀਡਰ ਸੰਵਿਧਾਨ ਦੀਆਂ ਹੱਦਾਂ ਵਿੱਚ ਨਾ ਬੰਨ੍ਹੇ ਹੁੰਦੇ ਤਾਂ ਕਦੋਂ ਦਾ ਦੇਸ਼ ਨੂੰ ਵੇਚ ਕੇ ਖਾ ਜਾਂਦੇ।  ਜੇਕਰ ਭਾਰਤੀ ਸੰਵਿਧਾਨ ਦਾ ਗਹਿਰਾਈ ਨਾਲ ਅਧਿਐਨ ਕਰੀਏ ਤਾਂ ਪਤਾ ਚੱਲਦਾ ਹੈ ਕਿ ਸੰਵਿਧਾਨ ਨੇ ਹਰ ਭਾਰਤੀ ਨਾਗਰਿਕ ਨੂੰ ਬਰਾਬਰਤਾ ਦੇ ਹੱਕ ਦਿੱਤੇ ਹਨ ਤੇ ਸੰਵਿਧਾਨ ਮਨੁੱਖ ਦੀ ਹਰ ਤਰ੍ਹਾਂ ਦੀ ਅਜ਼ਾਦੀ ਲਈ ਵਰਦਾਨ ਹੈ। ਭਾਰਤ ਦਾ ਸੰਵਿਧਾਨ ਕਿਸੇ ਵੀ ਵਿਅਕਤੀ ਨੂੰ ਦੂਸਰੇ ਮਨੁੱਖ ਨੂੰ ਕਿਸੇ ਵੀ ਪ੍ਰਕਾਰ ਦੀ ਪ੍ਰਤਾੜਨਾ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਹਰ ਜ਼ੁਰਮ ਦੇ ਲਈ ਸਖ਼ਤ ਕਾਨੂੰਨ ਹਨ, ਹਰ ਨਾਗਰਿਕ ਦੇ ਆਪਣੇ ਹੱਕ ਹਨ ਤੇ ਹੱਕਾਂ ਦੇ ਨਾਲ-ਨਾਲ ਸੰਵਿਧਾਨ ਨੇ ਜ਼ਿੰਮੇਵਾਰੀਆਂ ਵੀ ਨਿਰਧਾਰਿਤ ਕੀਤੀਆਂ ਹਨ। ਭਾਰਤ ਦਾ ਸੰਵਿਧਾਨ ਮਨੁੱਖਤਾ ਦੀ ਹੀ ਰੱਖਿਆ ਨਹੀਂ ਕਰਦਾ ਬਲਕਿ ਜਾਨਵਰਾਂ ਦੀ ਰੱਖਿਆ ਲਈ ਵੀ ਸੰਵਿਧਾਨ 'ਚ ਸਖ਼ਤ ਕਾਨੂੰਨ ਬਣਾਏ ਗਏ ਹਨ। ਕੋਈ ਰਾਜਾ ਅੱਜ ਜੰਗਲਾਂ 'ਚ ਸ਼ਿਕਾਰ ਨਹੀਂ ਕਰ ਸਕਦਾ, ਕੁੱਤਿਆਂ, ਘੋੜਿਆਂ ਲਈ ਵੀ ਕਾਨੂੰਨ ਹਨ, ਟਾਂਗਾ ਚਲਾਉਣ ਵਾਲਾ ਘੋੜੇ ਨੂੰ ਮਾਰਨ ਲਈ ਆਪਣੇ ਕੋਲ ਚਾਬੁਕ ਤੱਕ ਨਹੀਂ ਰੱਖ ਸਕਦਾ ਪਰ ਸਮੇਂ ਦੀਆਂ ਸਰਕਾਰਾਂ 'ਚ ਬੈਠੇ ਸਵਾਰਥੀ ਲੀਡਰਾਂ ਅਤੇ ਬੇਈਮਾਨ ਪ੍ਰਸ਼ਾਸਕਾਂ ਨੇ ਇਸ ਸੰਵਿਧਾਨ ਦੀਆਂ ਸਮੇਂ-ਸਮੇਂ 'ਤੇ ਧੱਜੀਆਂ ਉਡਾ ਕੇ ਭਾਰਤ ਦਾ ਮਾਹੌਲ ਨਰਕ ਤੋਂ ਬੱਦਤਰ ਕਰ ਦਿੱਤਾ ਹੈ। ਇਸ ਨੂੰ ਭਾਰਤ ਦੀ ਬਦਕਿਸਮਤੀ ਹੀ ਕਿਹਾ ਜਾਵੇਗਾ ਕਿ ਜੋ ਗੁੰਡੇ, ਬੇਈਮਾਨ, ਅਨਪੜ੍ਹ, ਸਮਾਜ ਵਿਰੋਧੀ ਅਨਸਰ ਸਨ, ਉਹ ਅੱਜ ਲੀਡਰ, ਅਫ਼ਸਰ, ਮੀਡੀਆ ਦੇ ਰੂਪ ਵਿੱਚ ਇਕੱਠੇ ਹੋ ਗਏ ਹਨ ਤੇ ਇਸ ਮਾਫੀਏ ਨੇ ਆਮ ਆਦਮੀ ਦਾ ਜੀਵਨ ਜਾਨਵਰਾਂ ਤੋਂ ਵੀ ਬੱਦਤਰ ਕਰ ਦਿੱਤਾ ਹੈ। ਅੱਜ ਭਾਰਤ ਦਾ ਕੋਈ ਹਿੱਸਾ ਅਜਿਹਾ ਨਹੀਂ ਬਚਿਆ, ਜਿਹੜਾ ਅੱਤਵਾਦ ਦੀ ਚਪੇਟ ਵਿੱਚ ਨਾ ਹੋਵੇ। ਸਿਰਫ਼ ਗੋਲੀਆਂ ਚਲਾ ਕੇ ਬੰਦੇ ਮਾਰਨ ਨੂੰ ਹੀ ਅੱਤਵਾਦ ਨਹੀਂ ਕਿਹਾ ਜਾਂਦਾ, ਡਰ, ਖੌਫ, ਭੈਅ ਦਾ ਵਾਤਾਵਰਣ ਬਣਾਉਣਾ, ਕਿਸੇ ਨੂੰ ਸਰੀਰਿਕ, ਮਾਨਸਿਕ, ਬੌਧਿਕ ਤੌਰ 'ਤੇ ਪ੍ਰਤਾੜਿਤ ਕਰਨਾ, ਕਿਸੇ ਨਾਗਰਿਕ ਦੇ ਮੁਢਲੇ ਹੱਕਾਂ ਨੂੰ ਖੋਹਣ ਦੀ ਕੋਸ਼ਿਸ਼ ਕਰਨਾ ਵੀ ਅੱਤਵਾਦ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਗੋਲੀਆਂ ਚਲਾਉਣ ਵਾਲਾ ਅੱਤਵਾਦ ਤਾਂ ਪੁਲਿਸ-ਫੌਜ ਕਾਬੂ ਕਰ ਲਵੇਗੀ ਪਰ ਕਮਜ਼ੋਰ ਆਦਮੀ ਦੇ ਖੌਫ ਦਾ ਮਾਹੌਲ ਉਦੋਂ ਹੀ ਖਤਮ ਹੋਵੇਗਾ ਜਦੋਂ ਹਰ ਭਾਰਤੀ ਆਪਣੇ ਹੱਕਾਂ ਨੂੰ ਪਛਾਣ ਕੇ ਮਾਫ਼ੀਏ ਨੂੰ ਸਖ਼ਤ ਸ਼ਬਦਾਂ 'ਚ ਜਵਾਬ ਦੇਵੇਗਾ। ਭਾਰਤ ਨੂੰ ਰੱਬ ਨੇ ਸਭ ਤਰ੍ਹਾਂ ਦੇ ਕੁਦਰਤੀ ਸਰੋਤ ਦਿੱਤੇ ਹਨ, ਜਿਨ੍ਹਾਂ ਤੋਂ ਦੁਨੀਆਂ ਦਾ ਵੱਡਾ ਹਿੱਸਾ ਵਾਂਝਾ ਹੈ ਪਰ ਫਿਰ ਵੀ ਕਦੇ ਸਾਨੂੰ ਸੋਕਾ ਮਾਰ ਜਾਂਦਾ ਹੈ, ਕਦੇ ਹੜ੍ਹਾਂ ਦੀ ਮਾਰ ਪੈ ਜਾਂਦੀ ਹੈ, ਆਮ ਆਦਮੀ ਨੂੰ ਠੰਢ ਵੀ ਮਾਰਦੀ ਹੈ ਤੇ  ਗਰਮੀ ਵੀ ਮਾਰਦੀ ਹੈ। ਇਸ ਦਾ ਕਾਰਣ ਕੁਝ ਹੋਰ ਨਹੀਂ ਪ੍ਰਸ਼ਾਸਨ 'ਤੇ ਰਾਜ ਕਰਨ ਵਾਲਿਆਂ ਲੀਡਰਾਂ ਦੀਆਂ ਲਾਪ੍ਰਵਾਹੀਆਂ ਹਨ ਜੋ ਕੁਦਰਤੀ ਸਰੋਤਾਂ ਦਾ ਪ੍ਰਬੰਧਨ ਗੰਭੀਰਤਾ ਨਾਲ ਨਹੀਂ ਕਰਦੇ। ਲੋਕਤੰਤਰ ਵਿੱਚ ਪ੍ਰਸ਼ਾਸਨ ਨੂੰ ਲੋਕਾਂ ਦੁਆਰਾ ਚੁਣੇ ਨੁਮਾਇੰਦੇ ਚਲਾਉਂਦੇ ਹਨ। ਇਸ ਤਰ੍ਹਾਂ ਇਸ ਕਾਰਣ ਮੈਂ ਕਹਿ ਸਕਦਾ ਹਾਂ ਕਿ ਜੇ ਨੁਮਾਇੰਦੇ ਗਲਤ ਚੁਣ ਕੇ ਜਾਣਗੇ ਤਾਂ ਸਰਕਾਰਾਂ ਵਿੱਚ ਕਮੀਆਂ ਰਹਿਣਗੀਆਂ ਹੀ। ਸਾਡੇ ਆਮ ਲੋਕਾਂ ਵਿੱਚ ਜਾਗ੍ਰਿਤੀ ਦੀ ਕਮੀ ਹੈ ਜੇ ਜਾਗ੍ਰਿਤੀ ਆ ਜਾਵੇ ਤਾਂ ਚੁਣੇ ਹੋਏ ਨੁਮਾਇੰਦੇ ਕਦੇ ਲੋਕਾਂ ਨਾਲ ਧੋਖਾ ਕਰਨ ਦੀ ਹਿੰਮਤ ਨਹੀਂ ਕਰਨਗੇ। ਜੇ ਅਸੀਂ ਆਪਣੀਆਂ ਸਰਕਾਰਾਂ ਨੂੰ ਦੋਸ਼ ਦਿੰਦੇ ਹਾਂ, ਉਨ੍ਹਾਂ ਨੂੰ ਨਿਕੰਮੀਆਂ, ਭ੍ਰਿਸ਼ਟਾਚਾਰੀ ਅਤੇ ਬੇਈਮਾਨ ਦੱਸਦੇ ਹਾਂ ਤਾਂ ਮੈਂ ਕਹਾਂਗਾ ਕਿ ਇਸ ਵਿੱਚ ਭਾਰਤੀ ਜਨਤਾ ਦੀ ਪਸੰਦ ਹੀ ਘਟੀਆ ਤੇ ਨਿਕੰਮੀ ਹੈ। ਕਿੱਥੇ ਕਮੀ ਰਹਿ ਗਈ, ਕਿੱਥੇ ਮਾਹੌਲ ਵਿਗੜ ਗਿਆ, ਕਦੋਂ ਮਾਹੌਲ ਖਰਾਬ ਹੋਇਆ ਕਿਵੇਂ ਭਾਰਤ ਦੇ ਸੰਵਿਧਾਨ ਨੂੰ ਅਣਗੌਲਣ ਦੀ ਬਜਾਏ ਮਜ਼ਬੂਤ ਬਣਾਇਆ ਜਾਵੇ। ਇਹ ਸਵਾਲ ਹਨ ਜਿਸ ਦਾ ਜਵਾਬ ਹਰ ਭਾਰਤੀ ਨਾਗਰਿਕ ਦੇ ਅੰਦਰ ਲੁਕਿਆ ਪਿਆ ਹੈ। ਭਾਰਤ ਦੀ ਗੱਲ ਫਿਰ ਕਦੇ ਜੇ ਪੰਜਾਬ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਹਾਲਾਤ ਕਿਸੇ ਤੋਂ ਲੁਕੇ-ਛਿਪੇ ਨਹੀਂ। ਪੰਜਾਬ ਵਿੱਚ ਅਜ਼ਾਦੀ ਤੋਂ ਬਾਅਦ ਜਾਂ ਅਕਾਲੀ-ਭਾਜਪਾ ਦੀ ਸਰਕਾਰ ਰਹੀ ਹੈ ਜਾਂ ਕਾਂਗਰਸ ਦੀ। ਇਸ ਕਾਰਣ ਅਸੀਂ ਕਹਿ ਸਕਦੇ ਹਾਂ ਕਿ ਜੇ ਅੱਜ ਪੰਜਾਬ ਦਾ ਹਾਲ ਬੁਰਾ ਹੈ, ਉਸ ਦੇ ਵਿੱਚ ਇਨ੍ਹਾਂ ਦੋਨਾਂ ਹੀ ਪਾਰਟੀਆਂ ਦਾ ਹੱਥ ਹੈ। ਕਿਉਂਕਿ ਇਨ੍ਹਾਂ ਤੋਂ ਇਲਾਵਾ ਅਜੇ ਤੱਕ ਕੋਈ ਤੀਸਰੀ ਧਿਰ ਨੇ ਪੰਜਾਬ 'ਤੇ ਰਾਜ ਨਹੀਂ ਕੀਤਾ। ਵੋਟਾਂ ਸਾਹਮਣੇ ਦੇਖ ਕੇ ਮੇਲੇ ਵਿੱਚ ਮੱਲ੍ਹਾਂ ਮਾਰਨ ਲਈ ਨਵੀਆਂ ਬਣੀਆਂ ਪਾਰਟੀਆਂ ਵੀ ਆ ਰਹੀਆਂ ਹਨ। ਉਨ੍ਹਾਂ ਕੋਲ ਪੰਜਾਬ ਨੂੰ ਤਰੱਕੀ ਦੀ ਰਾਹ 'ਤੇ ਲਿਜਾਣ ਲਈ ਕੋਈ ਜ਼ਮੀਨੀ ਪੱਧਰ ਦੀ ਯੋਜਨਾ ਤਾਂ ਨਹੀਂ ਪਰ ਉਹ ਦੂਸਰਿਆਂ ਨੂੰ ਗਾਲ੍ਹਾਂ ਕੱਢਣ 'ਚ ਬਹੁਤ ਮਾਹਿਰ ਹਨ, ਉਹ ਚਾਹੁੰਦੇ ਹਨ  ਪੰਜਾਬੀਆਂ ਨੂੰ ਸਬਜ਼ਬਾਗ ਦਿਖਾ ਕੇ ਰਹਿੰਦੀ-ਖੂੰਹਦੀ ਕਸਰ ਵੀ ਪੂਰੀ ਕਰ ਦਿੱਤੀ ਜਾਵੇ। ਇਹ ਪਾਰਟੀਆਂ ਰਾਜ ਵਿੱਚ ਆਉਣ ਨੂੰ ਇੰਨੀਆਂ ਕੁ ਬੇਤਾਬ ਹਨ ਕਿ ਮੈਨੂੰ ਲੱਗਦਾ ਹੈ ਕਿ ਸੱਤਾ 'ਚ ਪਹੁੰਚਣ ਤੋਂ ਪਹਿਲਾਂ-ਪਹਿਲਾਂ ਇਨ੍ਹਾਂ ਦੀਆਂ ਆਪਸੀ ਲੜਾਈਆਂ ਨੇ ਹੀ ਇਨ੍ਹਾਂ ਦਾ ਨਾਸ਼ ਕਰ ਦੇਣਾ ਹੈ। ਪਾਰਟੀਆਂ ਨੂੰ ਕੋਸਣਾ ਮੇਰਾ ਕੰਮ ਨਹੀਂ ਪਰ ਮੈਂ ਆਪਣੇ ਲੇਖ ਰਾਹੀਂ ਪੰਜਾਬੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਹੁਣ ਚੋਣਾਂ ਨਜ਼ਦੀਕ ਆ ਗਈਆਂ ਹਨ, ਵੋਟ ਦੀ ਤਾਕਤ ਤੁਹਾਡੇ ਹੱਥ ਹੈ, ਸਭ ਪਾਰਟੀਆਂ ਦੇ ਲੀਡਰਾਂ ਨੇ ਤੁਹਾਡੇ ਦਰਾਂ 'ਤੇ ਮੱਥਾ ਟੇਕਣ ਜ਼ਰੂਰ ਆਉਣਾ ਹੈ ਤਾਂ ਜੋ ਤੁਹਾਡੀਆਂ ਵੋਟਾਂ ਲੈ ਕੇ, ਤੁਹਾਨੂੰ ਬੇਵਕੂਫ ਬਣਾ ਕੇ ਆਉਂਦੇ 5 ਸਾਲਾਂ ਤੱਕ ਗੁੰਡਾਗਰਦੀ ਕਰ ਸਕਣ। ਨੁਮਾਇੰਦਾ ਚਾਹੇ ਜਿਸ ਮਰਜ਼ੀ ਪਾਰਟੀ ਦਾ ਹੋਵੇ, ਲੀਡਰ ਕੋਈ ਜਿੰਨਾ ਮਰਜ਼ੀ ਵੱਡਾ ਹੋਵੇ ਪਰ ਚੋਣਾਂ ਵਿੱਚ ਉਹ ਜਨਤਾ ਦੇ ਰਿਮਾਂਡ 'ਤੇ ਹੁੰਦਾ ਹੈ। ਪੁਲਿਸ ਕਿਸੇ ਵੀ ਸ਼ੱਕੀ ਅਪਰਾਧੀ ਨੂੰ ਉਸ ਦੀ ਗਲਤੀ ਕਬੂਲ ਕਰਵਾਉਣ ਲਈ ਅਪਰਾਧ ਦੀਆਂ ਹੋਰ ਜਾਣਕਾਰੀਆਂ ਲੈਣ ਲਈ ਪੁਲਿਸ ਅਦਾਲਤ ਰਾਹੀਂ ਰਿਮਾਂਡ ਲੈਂਦੀਆਂ ਹਨ। ਰਿਮਾਂਡ ਦੇ ਦੌਰਾਨ ਉਹ ਸ਼ੱਕੀ ਵਿਅਕਤੀ ਕੋਲੋਂ ਹਰ ਤਰ੍ਹਾਂ ਦੀ ਪੁੱਛਗਿੱਛ ਕਰਦੀ ਹੈ, ਹਰ ਤਰੀਕੇ ਨਾਲ ਜਾਣਕਾਰੀ ਇਕੱਠੀ ਕਰਦੀ ਹੈ ਫਿਰ ਨਿਰਧਾਰਿਤ ਕੀਤਾ ਜਾਂਦਾ ਹੈ ਕਿ ਇਹ ਵਿਅਕਤੀ ਅਪਰਾਧੀ ਹੈ ਜਾਂ ਨਹੀਂ। ਕੀ ਇਸ ਵਿਅਕਤੀ ਨੇ ਚੋਰੀ ਕੀਤੀ ਹੈ ਜਾਂ ਨਹੀਂ। ਕੁਝ ਉਸੇ ਤਰੀਕੇ ਨਾਲ ਸਭ ਲੀਡਰ ਚੋਣਾਂ ਦੌਰਾਨ ਜਨਤਾ ਦੇ ਰਿਮਾਂਡ 'ਤੇ ਹੁੰਦੇ ਹਨ ਤੇ ਜਨਤਾ ਦਾ ਫਰਜ਼ ਹੈ ਕਿ ਰਿਮਾਂਡ ਦੇ ਵਕਫੇ ਦਾ ਪੂਰਾ ਇਸਤੇਮਾਲ ਕਰਦੇ ਹੋਏ ਇਨ੍ਹਾਂ ਲੀਡਰਾਂ ਨੂੰ ਤਰੀਕੇ ਨਾਲ ਰਿਮਾਂਡ 'ਤੇ ਲੈਣ, ਇਨ੍ਹਾਂ ਦੀਆਂ ਕੀਤੀਆਂ ਕਰਤੂਤਾਂ, ਮਾੜੇ ਕਾਰਨਾਮਿਆਂ, ਮਾੜੀਆਂ ਨੀਅਤਾਂ ਦਾ ਹਿਸਾਬ ਲਿਆ ਜਾਵੇ ਤੇ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਤਸੱਲੀ ਕਰ ਲਈ ਜਾਵੇ ਕਿ ਆਉਣ ਵਾਲੇ 5 ਸਾਲਾਂ ਵਿੱਚ ਲੀਡਰ ਜਨਤਾ ਦੇ ਭਲੇ ਲਈ ਕੀ ਕਰੇਗਾ। ਲੀਡਰਾਂ ਨੂੰ ਇੰਨੀ ਕੁ ਅਕਲ ਸਿਖਾ ਦਿਓ ਕਿ 5 ਸਾਲ ਉਹ ਦਹਿਸ਼ਤ ਵਿੱਚ ਜੀਵੇ ਤੇ ਉਸ ਨੂੰ ਸੁੱਤੇ-ਜਾਗਦੇ ਖਿਆਲ ਆਉਂਦਾ ਰਹੇ ਕਿ ਮੁੜ ਜਨਤਾ ਦੀ ਕਚਹਿਰੀ ਵਿੱਚ ਜਾਣਾ ਪੈਣਾ ਹੈ ਤੇ ਮੁੜ ਮੇਰਾ ਜਨਤਾ ਨੇ ਰਿਮਾਂਡ ਲੈਣਾ ਹੈ। ਹੁਣ ਦੇਖਦੇ ਹਾਂ ਕਿ 2017 ਦੀਆਂ ਚੋਣਾਂ ਵਿੱਚ ਪੰਜਾਬ ਦੀ ਜਨਤਾ ਲੀਡਰਾਂ ਦਾ ਰਿਮਾਂਡ ਲੈਂਦੀ ਹੈ ਜਾਂ ਇਕ ਵਾਰ ਫਿਰ ਪੰਜਾਬ ਦੇ ਲੀਡਰ ਇਨ੍ਹਾਂ ਨੂੰ ਮੂਰਖ ਬਣਾ ਕੇ ਸੱਤਾ ਪ੍ਰਾਪਤ ਕਰਕੇ ਆਪਣੇ ਸਵਾਰਥ ਸਿੱਧ ਕਰਨ 'ਚ ਸਫਲ ਹੋ ਗਏੇ ਹਨ।                                                                                     - ਅਜੈ ਕੁਮਾਰ

No comments:

Post a Comment