Wednesday 20 February 2019

ਸਤਿਗੁਰੂ ਰਵਿਦਾਸ ਮਹਾਰਾਜ ਜੀ

ਸਤਿਗੁਰੂ ਸ੍ਰੀ ਗਰੂ ਰਵਿਦਾਸ ਮਹਾਰਾਜ ਜੀ ਦੱਬੇ-ਕੁਚਲੇ ਸਾਧਣਹੀਣ ਲੋਕਾਂ ਨੂੰ ਆਜ਼ਾਦ ਕਰਵਾ ਕੇ ਸਨਮਾਨਪੂਰਵਕ ਜੀਵਨ ਜਿਊਣ ਦੀ ਉੱਚ-ਕੋਟੀ ਦੀ ਸੂਝ-ਬੂਝ ਰੱਖਣ ਵਾਲੇ ਖੋਜਕਰਤਾ, ਇਤਿਹਾਸਕਾਰ, ਕ੍ਰਾਂਤੀਕਾਰੀ ਮਹਾਨ ਵਿਦਵਾਨ ਸਨ। ਬਹੁ-ਗਿਣਤੀ ਵਿਦਵਾਨਾਂ ਦੀ ਖੋਜ ਅਤੇ ਪੁਣਛਾਣ ਦੇ ਮੁਤਾਬਕ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਭਾਰਤ ਦੇ ਮੱਧ ਯੁੱਗ ਕਾਲ 1376 ਈਸਵੀ ਨੂੰ ਬਨਾਰਸ ਨੇੜੇ ਮਾਂਡੂਰਗੜ੍ਹ (ਜਿਸ ਦਾ ਪ੍ਰਚੱਲਿਤ ਨਾਂ ਮੰਡੂਆਂ ਡੀ ਹੈ) ਵਿਖੇ ਹੋਇਆ। ਹਾਲਾਂਕਿ ਕੁਝ ਵਿਦਵਾਨ ਬਨਾਰਸ ਨੇੜੇ ਬਸਤੀ ਸੀਰ ਗਵਰਧਨਪੁਰ ਨੂੰ ਉਨ੍ਹਾਂ ਦਾ ਜਨਮ ਸਥਾਨ ਮੰਨਦੇ ਹਨ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਅਤੇ ਜੀਵਨ ਕਾਲ ਸਮੇਂ ਭਾਰਤ ਦੀ ਬਹੁ-ਗਿਣਤੀ ਰਿਆਸਤਾਂ 'ਤੇ ਮੁਗਲਾਂ ਦਾ ਰਾਜ ਸੀ। ਇਹ ਯੁੱਗ ਹਨੇਰਗਰਦੀ ਭਰਿਆ ਸੀ। ਇਸ ਯੁੱਗ ਵਿੱਚ ਰਾਜ ਸੱਤਾ ਹਥਿਆਉਣ ਲਈ ਅੱਤ ਦੀ ਧੱਕੇਸ਼ਾਹੀ ਕੀਤੀ ਜਾਂਦੀ ਸੀ। ਰਾਜ ਸੱਤਾ ਦਾ ਵਿਸਥਾਰ ਅਤੇ ਸੁਰੱਖਿਆ ਧੱਕੇ ਅਤੇ ਤਲਵਾਰ ਦੇ ਜ਼ੋਰ 'ਤੇ ਕੀਤੀ ਜਾਂਦੀ ਸੀ। ਜਦੋਂ ਅਜਿਹੇ ਤਰੀਕਿਆਂ ਨਾਲ ਰਾਜ ਸੱਤਾ ਹਥਿਆਈ ਜਾਵੇ ਤਾਂ ਰਾਜਿਆਂ ਦਾ ਜਾਲਮ ਹੋਣਾ ਸੁਭਾਵਕ ਹੀ ਹੈ। ਭਾਵੇਂ ਭਾਰਤ ਵਿੱਚ ਉਸ ਸਮੇਂ ਜ਼ਿਆਦਾਤਰ ਮੁਗਲ ਸਲਤਾਨਾਂ ਦਾ ਰਾਜ ਸੀ। ਪਰ ਹਿੰਦੂ ਬਹੁ-ਗਿਣਤੀ ਹੋਣ ਕਰਕੇ ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਆਪਣਾ ਪੂਰਾ ਦਬਦਬਾ ਰੱਖਦੇ ਸਨ। ਇਸੇ ਕਰਕੇ ਜਿੱਥੇ ਰਾਜੇ ਸੱਤਾ ਦੇ ਨਸ਼ੇ ਵਿੱਚ ਚੂਰ ਜੁੱਤੀ ਦੇ ਜ਼ੋਰ ਤੇ ਪ੍ਰਜਾ ਨੂੰ ਦਬਾਉਂਦੇ ਸਨ ਉਥੇ ਅਖੌਤੀ ਪੁਰੋਹਿਤ ਧਰਮ ਦੇ ਠੇਕੇਦਾਰ ਬਣੀ ਬੈਠੇ ਮਨੂੰਵਾਦੀਏ ਵਰਣ ਵਿਵਸਥਾ ਰਾਹੀਂ ਸ਼ੂਦਰਾਂ ਨੂੰ ਹਰ ਵੇਲੇ ਸੂਲੀ 'ਤੇ ਟੰਗੀ ਰੱਖਦੇ ਸਨ ਅਤੇ ਉਨ੍ਹਾਂ 'ਤੇ ਹਰ ਤਰ੍ਹਾਂ ਦੇ ਜ਼ੁਲਮ ਕਰਨਾ ਆਪਣਾ ਜਨਮ ਸਿੱਧ ਅਧਿਕਾਰ ਸਮਝਦੇ ਸਨ। ਉਹ ਵਰਣ-ਵਿਵਸਥਾ ਨੂੰ ਲਾਗੂ ਕਰਨਾ ਧਰਮ ਦਾ ਮੁੱਖ ਅਤੇ ਮਜ਼ਬੂਤ ਹਿੱਸਾ ਮੰਨਦੇ ਸਨ। ਇਸੇ ਕਰਕੇ ਉਹ ਆਡੰਬਰ, ਪਾਖੰਡਾਂ, ਕਰਮ-ਕਾਂਡਾਂ ਰਾਹੀਂ ਸ਼ੂਦਰਾਂ ਦਾ ਸ਼ੋਸ਼ਣ ਕਰਦੇ ਸਨ। ਇਨ੍ਹਾਂ ਕਾਰਣਾਂ ਕਰਕੇ ਭਾਰਤ ਦੇ ਮੂਲ ਨਿਵਾਸੀ ਸ਼ੂਦਰਾਂ ਦਾ ਹਾਲ ਇੰਨਾ ਚਿੰਤਾਜਨਕ ਸੀ ਕਿ ਪਸ਼ੂ ਵੀ ਉਨ੍ਹਾਂ ਤੋਂ ਬੇਹਤਰ ਜ਼ਿੰਦਗੀ ਜਿਉਂਦੇ ਸਨ। ਅਜਿਹੇ ਦਰਦਨਾਕ ਤੇ ਖੌਫ਼ਨਾਕ ਹਾਲਾਤਾਂ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਜ਼ੁਲਮੀ ਰਾਜੇ ਅਤੇ ਧਰਮ ਦੇ ਠੇਕੇਦਾਰਾਂ ਖ਼ਿਲਾਫ ਬਗਾਵਤ ਦਾ ਬਿਗਲ ਵਜਾਇਆ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਚਮੜਾ ਸਮੇਟਣ ਦਾ ਪਿਤਾ ਪੁਰਖੀ ਕਾਰੋਬਾਰ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਸਨ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੇ ਸਮੇਂ ਆਪਣੇ ਹਮ-ਖਿਆਲੀ ਵਿਦਵਾਨ ਅਤੇ ਰਹਿਬਰਾਂ ਦੇ ਨਾਲ ਮਿਲ ਕੇ ਭਾਰਤ ਦੀਆਂ ਚਾਰੇ ਦਿਸ਼ਾਵਾਂ 'ਚ ਮਾਨਵਤਾ ਦਾ ਪ੍ਰਚਾਰ ਕੀਤਾ। ਇਸ ਪ੍ਰਚਾਰ ਦੌਰਾਨ ਉਨ੍ਹਾਂ ਨੇ ਦੱਬੇ-ਕੁਚਲੇ ਲੋਕਾਂ ਨੂੰ ਪਾਖੰਡ-ਆਡੰਬਰਾਂ, ਕਰਮ-ਕਾਂਡਾਂ ਤੋਂ ਉੱਪਰ ਉੱਠ ਕੇ ਵਿੱਦਿਆ ਪ੍ਰਾਪਤ ਕਰਕੇ ਗਿਆਨਵਾਨ ਹੋ ਕੇ ਆਪਣੀਆਂ ਸਮੱਸਿਆਵਾਂ ਆਪ ਹੱਲ ਕਰਨ ਦਾ ਹੋਕਾ ਦਿੱਤਾ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਗੁਰਬਾਣੀ ਰਾਹੀਂ ਸ਼ੂਦਰਾਂ ਨੂੰ ਅਤੇ ਸਾਧਣਹੀਣ ਲੋਕਾਂ ਨੂੰ ਸਮਝਾਉਂਦੇ ਹੋਏ ਕਿਹਾ- 
ਮਾਧੋ ਅਬਿੱਦਿਆ ਹਿਤ ਕੀਨ ਬਿਬੇਕ ਦੀਪ ਮਲੀਨ£
(ਆਦਿ ਗ੍ਰੰਥ, ਪੰਨਾ 486)
ਕਹਿਣ ਦਾ ਭਾਵ ਗੁਰੂ ਰਵਿਦਾਸ ਮਹਾਰਾਜ ਜੀ ਨੇ ਕਿਹਾ ਕਿ ਪੜ੍ਹਾਈ ਤੋਂ ਬਿਨਾਂ ਮਨੁੱਖ ਦੀ ਅਕਲ ਚਲੀ ਗਈ। ਜਿਸ ਕਾਰਣ ਮਨੁੱਖ ਦੀ ਤਰੱਕੀ ਰੁਕ ਗਈ, ਕੰਮ-ਧੰਦੇ, ਕਾਰੋਬਾਰ ਰੁਕ ਗਏ। ਧਨ ਆਉਣਾ ਬੰਦ ਹੋ ਗਿਆ ਜਿਸ ਨਾਲ ਸ਼ੂਦਰ ਬਰਬਾਦ ਹੋ ਗਏ ਤੇ ਗੁਲਾਮ ਹੋ ਗਏ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਉਸ ਸਮੇਂ ਦੇ ਦੱਬੇ-ਕੁਚਲੇ ਲੋਕਾਂ ਨੂੰ ਸਮਾਜਿਕ ਬਰਾਬਰੀ ਲਈ ਸੰਘਰਸ਼ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਨੇ ਜਾਤ-ਪਾਤ ਅਤੇ ਜਨਮ ਸਿਧਾਂਤ ਨੂੰ ਨਾ ਮੰਨਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਨਮ ਦੇ ਅਧਾਰ ਤੇ ਨਾ ਕੋਈ ਛੋਟਾ ਨਾ ਕੋਈ ਵੱਡਾ ਹੈ। ਉਨ੍ਹਾਂ ਕਿਹਾ ਕਿ ਛੋਟਾ-ਵੱਡਾ ਤਾਂ ਚੰਗੇ ਜਾਂ ਭੈੜੇ ਕਰਮ ਕਰਨ ਨਾਲ ਬਣਦਾ ਹੈ। ਕੁਦਰਤ ਲਈ ਸਾਰੀਆਂ ਜਾਤਾਂ ਬਰਾਬਰ ਹਨ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਜਾਤ-ਪਾਤ ਦੇ ਸ਼ਿਕਾਰ ਸਮਾਜ ਦੇ ਪੀੜਤ ਲੋਕਾਂ ਨੂੰ ਸਮਝਾਉਂਦਿਆਂ ਕਿਹਾ
ਰੇ ਚਿਤ ਚੇਤਿ ਚੇਤ ਅਚੇਤ ਕਾਹੇ ਨ ਬਾਲਮੀਕਹਿ ਦੇਖ£
ਕਿਸੁ ਜਾਤਿ ਤੇ ਕਿਹ ਪਦਹਿ ਅਮਰਿਓ ਰਾਮ ਭਗਤਿ ਬਿਸੇਖ£੧£ ਰਹਾਉ£ (ਆਦਿ ਗ੍ਰੰਥ, ਪੰਨਾ 1124)
ਕਹਿਣ ਦਾ ਭਾਵ ਉਨ੍ਹਾਂ ਨੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਉਸਤਤ ਕਰਦਿਆਂ ਲੋਕਾਂ ਨੂੰ ਝੰਜੋੜਦਿਆਂ ਸਮਝਾਇਆ ਕਿ ਭਗਵਾਨ ਵਾਲਮੀਕਿ ਮਹਾਰਾਜ ਨੇ ਸ਼ੂਦਰਾਂ 'ਚ ਪੈਦਾ ਹੋ ਕੇ ਆਪਣੇ ਗਿਆਨ ਅਤੇ ਵਿਵੇਕ ਬੁੱਧੀ ਨਾਲ ਉੱਚ ਕੋਟੀ ਦੇ ਵਿਦਵਾਨਾਂ ਨੂੰ ਆਪਣੀ ਦਲੀਲ ਨਾਲ ਮਾਨਵਤਾ ਦੀ ਸੇਵਾ ਦੇ ਮਾਰਗ ਤੇ ਲਗਾਇਆ। ਤੁਸੀਂ ਉਨ੍ਹਾਂ ਨੂੰ ਹੀ ਦੇਖ ਕੇ ਆਪਣੀ ਗੁਲਾਮੀ ਦੀਆਂ ਜੰਜ਼ੀਰਾਂ ਤੋੜ ਕੇ ਮਨੁੱਖਾਂ ਵਾਂਗ ਜੀਵਨ ਕਿਉਂ ਨਹੀਂ ਗੁਜਾਰਦੇ।
ਅਜਿਹੇ ਕ੍ਰਾਂਤੀਕਾਰੀ ਵਿਚਾਰ ਅਤੇ ਤਰਕਸ਼ੀਲ ਉਦਾਹਰਣਾਂ ਦੇ ਕੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਉਸ ਸਮੇਂ ਦੇ ਦੱਬੇ-ਕੁਚਲੇ ਲੋਕਾਂ ਨੂੰ ਇਕਜੁੱਟ ਹੋ ਕੇ ਹਰ ਤਰ੍ਹਾਂ ਦੇ ਜ਼ੁਲਮ ਦੇ ਖ਼ਿਲਾਫ ਲੜਨ ਦੀ ਪ੍ਰੇਰਣਾ ਦਿੱਤੀ ਅਤੇ ਸਾਰਾ ਜੀਵਨ ਆਪ ਜੀ ਨੇ ਅਜਿਹੇ ਸੰਘਰਸ਼ਮਈ ਢੰਗ ਨਾਲ ਬਿਤਾਉਂਦਿਆਂ ਜ਼ੁਲਮੀ ਰਾਜ ਅਤੇ ਮਨੂੰਵਾਦੀ ਸੋਚ ਦਾ ਬਦਲ ਬੇਗ਼ਮਪੁਰੇ ਦਾ ਸੰਕਲਪ ਦਿੱਤਾ।  ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਜਿੱਥੇ ਸਮਾਜਿਕ ਤੌਰ ਤੇ ਚੇਤਨ ਸਨ ਉਥੇ ਉਹ ਪ੍ਰਗਤੀਸ਼ੀਲ ਵਿਚਾਰਾਂ ਨੂੰ ਹੀ ਤਰਜੀਹ ਦਿੰਦੇ ਸਨ। ਇਸੇ ਕਰਕੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਸੋਚ ਨੂੰ ਸਮਝਦੇ ਹੋਏ ਅਣਗਿਣਤ ਸ਼ਰਧਾਲੂਆਂ ਤੋਂ ਇਲਾਵਾ ਕਈ ਜਾਲਮ ਰਾਜੇ ਉਨ੍ਹਾਂ ਦੇ ਚਰਨੀਂ ਲੱਗੇ ਜਿਨ੍ਹਾਂ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਬੇਗਮਪੁਰਾ ਫਲਸਫੇ ਦਾ ਪ੍ਰਚਾਰ-ਪ੍ਰਸਾਰ ਕੀਤਾ, ਮਨੁੱਖਤਾ ਨੂੰ ਪਹਿਲ ਦਿੱਤੀ, ਜਾਤ-ਜਮਾਤ, ਮਜ਼ਹਬ ਨੂੰ ਨਕਾਰਿਆ। ਆਉ ਅੱਜ ਅਸੀਂ ਸਾਰੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 642ਵੇਂ ਜਨਮ ਦਿਹਾੜੇ 'ਤੇ ਉਨ੍ਹਾਂ ਦੀ ਪੂਜਾ ਕਰਨ ਦੀ ਬਜਾਇ ਉਨ੍ਹਾਂ ਦੀ ਵਿਚਾਰਧਾਰਾ ਅਤੇ ਮਿਸ਼ਨ ਦੀਆਂ ਕਿਰਨਾਂ ਜਾਗ੍ਰਿਤ ਕਰਕੇ ਮਾਨਵਤਾ ਨੂੰ ਬਚਾਉਣ ਦਾ ਪ੍ਰਣ ਕਰੀਏ। 
                                                                                                         ਅਜੈ ਕੁਮਾਰ