Tuesday 29 December 2015

ਦੋਗਲੇ ਚਿਹਰੇ ਦੋਗਲੀ ਨੀਤੀ

ਵੈਸੇ ਤਾਂ ਸਾਡੇ ਦੇਸ਼ ਵਿੱਚ ਬੇਮਤਲਬ ਦੀ ਬਹਿਸ ਕਰਨ ਵਾਲੇ ਲੋਕ ਬਹੁਗਿਣਤੀ ਵਿੱਚ ਹਨ, ਜਿਨ੍ਹਾਂ ਕੋਲ ਬੇਸਿਰ-ਪੈਰ ਤਰਕਾਂ ਦੀ ਕਮੀ ਨਹੀਂ ਹੈ, ਬੇਮਤਲਬ ਦੀ ਬਹਿਸ ਕਰਨ ਲਈ। ਕੋਈ ਨਹੀਂ ਸੋਚਦਾ ਕਿ ਦੇਸ਼ਹਿੱਤ ਵਿੱਚ ਕੀ ਹੈ, ਸਮਾਜ ਹਿੱਤ ਵਿੱਚ ਕੀ ਹੈ। ਇੱਕੋ ਹੀ ਮਕਸਦ ਹੁੰਦਾ ਹੈ ਕਿਸ ਤਰ੍ਹਾਂ ਬੇਸਿਰ-ਪੈਰ ਦੀ ਬਿਆਨਬਾਜ਼ੀ ਕਰਕੇ ਧਾਰਮਿਕ-ਜਾਤੀਗਤ ਭਾਵਨਾਵਾਂ ਭੜਕਾ ਕੇ ਆਪਣੀ ਲੀਡਰੀ ਚਮਕਾਈ ਜਾਵੇ। ਕੁਝ ਅਜਿਹੀ ਹੀ ਬੇਮਤਲਬ, ਬੇਸਿਰ-ਪੈਰ ਬਹਿਸ ਅੱਜ-ਕੱਲ੍ਹ ਸਾਡੇ ਦੇਸ਼ ਵਿੱਚ ਬੀਫ ਦੇ ਮੁੱਦੇ 'ਤੇ ਚੱਲ ਰਹੀ ਹੈ। ਮੱਝ-ਗਾਂ ਦੇ ਮਾਸ ਨੂੰ ਬੀਫ ਕਿਹਾ ਜਾਂਦਾ ਹੈ। ਆਪਣੇ-ਆਪ ਨੂੰ ਹਿੰਦੂ ਸਮਾਜ ਦਾ ਠੇਕੇਦਾਰ ਕਹਾਉਣ ਵਾਲੇ ਲੋਕ ਜੋ ਇਸ ਸਮੇਂ ਸੱਤਾ ਵਿੱਚ ਬੈਠੇ ਹਨ, ਸਭ ਤੋਂ ਵੱਧ ਇਸ ਮੁੱਦੇ ਨੂੰ ਭੜਕਾ ਰਹੇ ਹਨ। ਬੀਫ ਦਾ ਵਿਰੋਧ ਕਿੰਨਾ ਕੁ ਜਾਇਜ਼ ਹੈ ਜਦੋਂ ਦੇਸ਼ ਵਿੱਚ ਲੱਗਭਗ 8 ਕਰੋੜ ਲੋਕ ਬੀਫ ਖਾਂਦੇ ਹਨ। ਭਾਵ ਹਰ 13 ਵਿਅਕਤੀਆਂ 'ਚੋਂ ਇਕ ਭਾਰਤੀ ਬੀਫ ਖਾਂਦਾ ਹੈ। ਜੇ ਇਨ੍ਹਾਂ ਅੰਕੜਿਆਂ ਨੂੰ ਭਾਈਚਾਰਿਆਂ ਅਨੁਸਾਰ ਦੇਖਿਆ ਜਾਵੇ ਤਾਂ ਦੇਸ਼ ਵਿੱਚ 1 ਕਰੋੜ 26 ਲੱਖ ਹਿੰਦੂ, 6 ਕਰੋੜ 35 ਲੱਖ ਮੁਸਲਮਾਨ, 65 ਲੱਖ ਈਸਾਈ ਅਤੇ 9 ਲੱਖ ਹੋਰ ਭਾਈਚਾਰਿਆਂ ਦੇ ਲੋਕ ਬੀਫ ਖਾਂਦੇ ਹਨ। ਇਹ ਗਿਣਤੀ ਉਹ ਹੈ ਜੋ ਮੰਨਦੇ ਹਨ ਕਿ ਅਸੀਂ ਬੀਫ ਖਾਂਦੇ ਹਾਂ ਜੇ ਇਹਦੇ ਵਿੱਚ ਉਹ ਗਿਣਤੀ ਵੀ ਜਮ੍ਹਾ ਕਰ ਦਿੱਤੀ ਜਾਵੇ ਜੋ ਸ਼ਰੇਆਮ ਮੰਨਦੇ ਨਹੀਂ ਪਰ ਬੀਫ ਖਾ ਲੈਂਦੇ ਹਨ ਤਾਂ ਇਹ ਤਦਾਦ ਹੋਰ ਵੀ ਵਧ ਜਾਏਗੀ। ਮੈਨੂੰ ਵਿਅਕਤੀਗਤ ਤੌਰ 'ਤੇ ਸਮਝ ਨਹੀਂ ਆਉਂਦਾ ਕਿ ਖਾਣ ਦੇ ਮਾਮਲੇ ਵਿੱਚ ਇਕ ਲੋਕਤੰਤਰਿਕ ਦੇਸ਼ ਵਿੱਚ ਵਿਰੋਧ ਕਿੰਨਾ ਕੁ ਜਾਇਜ਼ ਹੈ। ਹਿੰਦੂ ਮਾਨਤਾਵਾਂ ਗਊ ਮਾਸ ਖਾਣ ਦਾ ਵਿਰੋਧ ਕਰਦੀਆਂ ਹਨ। ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣੀਆਂ ਮਾਨਤਾਵਾਂ ਕਿਸੇ ਦੂਸਰੇ 'ਤੇ ਵੀ ਥੋਪੋ। ਜੇ ਸੁਆਲ ਮਾਨਤਾਵਾਂ ਦਾ ਹੈ ਤਾਂ ਜਿੰਨੇ ਭਾਰਤ ਵਿੱਚ ਧਰਮ ਹਨ, ਸਭ ਦੀਆਂ ਆਪੋ-ਆਪਣੀਆਂ ਮਾਨਤਾਵਾਂ ਹਨ। ਕੀ ਹਿੰਦੂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬੀਫ ਬੰਦ ਕਰਨਾ ਸਰਕਾਰ ਦਾ ਮਕਸਦ ਹੋ ਸਕਦਾ ਹੈ ਤਾਂ ਕਿਉਂ ਨਾ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਸੂਰ ਦੇ ਮਾਸ ਦੇ ਨਾਲ-ਨਾਲ ਸ਼ਰਾਬ 'ਤੇ ਵੀ ਪਾਬੰਦੀ ਲਗਾ ਦਿੱਤੀ ਜਾਵੇ, ਕਿਉਂ ਨਾ ਸਿੱਖਾਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਸਿਗਰਟ, ਬੀੜੀ ਜਾਂ ਹੋਰ ਤੰਬਾਕੂ ਉਤਪਾਦਾਂ 'ਤੇ ਪਾਬੰਦੀ ਲਗਾ ਦਿੱਤੀ ਜਾਵੇ। ਜੈਨ ਧਰਮ ਦੇ ਮੁਤਾਬਕ ਤਾਂ ਕਿਸੇ ਵੀ ਤਰ੍ਹਾਂ ਦਾ ਮਾਸ ਖਾਣਾ ਪਾਪ ਹੈ ਤਾਂ ਫਿਰ ਜੈਨੀਆਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਹਰ ਤਰ੍ਹਾਂ ਦੇ ਮਾਸ 'ਤੇ ਪਾਬੰਦੀ ਲਗਾ ਦਿੱਤੀ ਜਾਵੇ। ਨਹੀਂ, ਇਹ ਚੀਜ਼ ਸੰਭਵ ਨਹੀਂ ਹੈ। ਤੁਹਾਡੀਆਂ ਭਾਵਨਾਵਾਂ ਗਊ ਮਾਸ ਖਾਣ ਦੇ ਵਿਰੁੱਧ ਹਨ ਤੇ ਤੁਸੀਂ ਨਾ ਖਾਓ ਪਰ ਕਿਸੇ ਦੂਸਰੇ 'ਤੇ ਆਪਣੀਆਂ ਭਾਵਨਾਵਾਂ ਥੋਪਣਾ ਲੋਕਤੰਤਰਿਕ ਦੇਸ਼ ਵਿੱਚ ਇਕ ਅਪਰਾਧ ਹੀ ਹੈ। ਹੁਣ ਜ਼ਰਾ ਸੱਤਾ 'ਚ ਬੈਠੇ ਦੋਗਲੇ ਚਿਹਰਿਆਂ ਦੀਆਂ ਦੋਗਲੀਆਂ ਨੀਤੀਆਂ 'ਤੇ ਨਜ਼ਰ ਮਾਰੀ ਜਾਵੇ। ਭਾਰਤ ਸਭ ਤੋਂ ਵੱਡਾ ਬੀਫ ਨਿਰਯਾਤਕ ਦੇਸ਼ ਹੈ। ਬ੍ਰਾਜੀਲ ਦੂਸਰੇ ਅਤੇ ਆਸਟ੍ਰੇਲੀਆ ਤੀਜੇ ਨੰਬਰ 'ਤੇ ਹੈ। ਇਕੱਲਾ ਭਾਰਤ ਹੀ ਦੁਨੀਆਂ ਦਾ 23 ਪ੍ਰਤੀਸ਼ਤ ਬੀਫ ਨਿਰਯਾਤ ਕਰਦਾ ਹੈ। ਇਕ ਸਾਲ ਵਿੱਚ ਇਹ ਨਿਰਯਾਤ 20.8 ਪ੍ਰਤੀਸ਼ਤ ਵਧਿਆ ਹੈ। ਭਾਰਤ, ਬ੍ਰਾਜੀਲ, ਆਸਟ੍ਰੇਲੀਆ ਤੇ ਅਮਰੀਕਾ ਵੱਲੋਂ 2015 ਵਿੱਚ 1 ਮਿਲੀਅਨ ਮੀਟ੍ਰਿਕ ਟਨ ਯਾਨੀ ਇਕ ਅਰਬ ਕਿੱਲੋ ਬੀਫ ਨਿਰਯਾਤ ਕਰਨ ਦੀ ਯੋਜਨਾ ਹੈ। ਇਕੱਲੇ ਭਾਰਤ ਅਤੇ ਬ੍ਰਾਜੀਲ ਦੁਨੀਆਂ ਦਾ 43 ਪ੍ਰਤੀਸ਼ਤ ਬੀਫ ਸਪਲਾਈ ਕਰਨਗੇ। ਭਾਰਤ ਨੇ ਪਿਛਲੇ ਸਾਲ 2082 ਹਜ਼ਾਰ ਮੀਟ੍ਰਿਕ ਟਨ ਬੀਫ ਬਾਹਰ ਭੇਜਿਆ। ਭਾਰਤ ਦੀਆਂ ਛੇ ਮੁੱਖ ਗੋਸ਼ਤ ਨਿਰਯਾਤ ਕਰਨ ਵਾਲੀਆਂ ਕੰਪਨੀਆਂ ਦੇ ਪ੍ਰਮੁੱਖ ਹਿੰਦੂ ਹਨ। ਕੇਂਦਰ ਵਿੱਚ ਹਿੰਦੂਵਾਦੀ ਸਰਕਾਰ ਹੈ ਜਿਸ ਦਾ ਸੰਗਠਨ ਆਰਐਸਐਸ ਗਊ ਹੱਤਿਆ ਖਿਲਾਫ ਤਲਵਾਰਾਂ ਖਿੱਚੀ ਖੜ੍ਹਾ ਰਹਿੰਦਾ ਹੈ। ਵਿਚਾਰਨ ਵਾਲੀ ਗੱਲ ਇਹ ਹੈ ਕਿ ਇਹ ਕਦੋਂ ਤੱਕ ਦੋਗਲੀ ਨੀਤੀ ਚੱਲਦੇ ਰਹਿਣਗੇ ਅਤੇ ਆਮ ਆਦਮੀ ਦੇ ਅੱਖੀਂ ਘੱਟਾ ਪਾਉਂਦੇ ਰਹਿਣਗੇ। ਜੇ ਬੰਦਿਆਂ ਦੇ ਮਰਨ ਦਾ ਸ਼ਮਸ਼ਾਨ ਘਾਟ ਹੈ ਤਾਂ ਜਾਨਵਰਾਂ ਦਾ ਕਿਉਂ ਨਹੀਂ ਹੈ। ਜੇ ਭੇਡ, ਬੱਕਰੀ, ਮੁਰਗਾ ਖਾਧਾ ਜਾ ਸਕਦਾ ਹੈ ਤਾਂ ਗਾਂ-ਮੱਝ ਕਿਉਂ ਨਹੀਂ। ਭਾਰਤ ਵਿੱਚ ਅਵਾਰਾ ਘੁੰਮਦੀਆਂ ਕੰਡਮ ਮੱਝਾਂ-ਗਾਵਾਂ ਕਾਰਣ ਹਰ ਸਾਲ ਲੱਗਭਗ 2 ਲੱਖ  ਦੁਰਘਟਨਾਵਾਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਇਕ ਸਰਵੇਖਣ ਅਨੁਸਾਰ ਵੱਡੀ ਗਿਣਤੀ ਵਿੱਚ ਜਾਨੀ ਨੁਕਸਾਨ ਤੋਂ ਇਲਾਵਾ 70 ਹਜ਼ਾਰ ਕਰੋੜ ਦਾ ਮਾਲੀ ਨੁਕਸਾਨ ਹੁੰਦਾ ਹੈ ਜਾਂ ਤਾਂ ਬੀਫ ਬੈਨ ਦਾ ਨਾਅਰਾ ਚੁੱਕਣ ਵਾਲੇ ਲੋਕ ਇਨ੍ਹਾਂ ਅਵਾਰਾ ਜਾਨਵਰਾਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਲੈਣ ਜਾਂ ਬੀਫ ਬੈਨ ਦਾ ਢਿੰਡੋਰਾ ਪਿੱਟਣਾ ਬੰਦ ਕਰਨ। ਸੜਕਾਂ 'ਤੇ ਤਿਲ-ਤਿਲ ਕਰਕੇ ਮਰਦੇ ਜਾਨਵਰ ਦੇਖ ਕੇ ਕਿਸੇ ਦਾ ਵੀ ਦਿਲ ਪਸੀਜ ਜਾਂਦਾ ਹੈ। ਇਸ ਤੋਂ ਤਾਂ ਚੰਗਾ ਹੈ ਕਿ ਬੁੱਚੜਖਾਨੇ ਵਿੱਚ ਇਕ ਝਟਕੇ 'ਚ ਇਨ੍ਹਾਂ ਨੂੰ ਆਪਣੀ ਜ਼ਿੰਦਗੀ ਤੋਂ ਛੁਟਕਾਰਾ ਮਿਲ ਜਾਵੇ। ਗਊ ਹੱਤਿਆ 'ਤੇ ਬੈਨ ਲਗਾਉਣ ਕਰਕੇ 25 ਲੱਖ ਲੋਕਾਂ ਦਾ ਰੁਜ਼ਗਾਰ ਪ੍ਰਭਾਵਿਤ ਹੁੰਦਾ ਹੈ ਜਿਨ੍ਹਾਂ ਵਿੱਚ ਜ਼ਿਆਦਾ ਗਿਣਤੀ ਦਲਿਤ ਸਮਾਜ ਦੀ ਹੈ। ਮਨੂੰਵਾਦੀ ਗੁੰਡਾਗਰਦੀ ਦਾ ਸ਼ਿਕਾਰ ਸਭ ਤੋਂ ਵੱਧ ਦਲਿਤ ਸਮਾਜ ਹੀ ਹੁੰਦਾ ਹੈ। ਹੱਡਾਰੋੜੀ ਤੇ ਜਾਨਵਰਾਂ ਦਾ ਚਮੜਾ ਲਾਹ ਕੇ ਵੇਚਣ ਵਾਲੇ ਦਲਿਤ ਤੇ ਕੋਈ ਵੀ ਹਿੰਦੂਵਾਦੀ ਆ ਕੇ ਬੀਫ ਬੈਨ ਦੇ ਨਾਂ 'ਤੇ ਧੌਂਸ ਜਮਾਉਣ ਲੱਗੇ  ਤਾਂ ਉਸ ਗਰੀਬ ਦੀ ਰੋਟੀ ਕਿਵੇਂ ਚੱਲੇਗੀ। ਦਲਿਤਾਂ ਨਾਲ ਅਜਿਹੀਆਂ ਨਾ-ਇਨਸਾਫ਼ੀਆਂ ਵਿੱਚ ਉਹ ਸਭ ਲੀਡਰ ਜ਼ਿੰਮੇਵਾਰ ਹਨ ਜੋ ਕਹਾਉਂਦੇ ਤਾਂ ਆਪਣੇ-ਆਪ ਨੂੰ ਦਲਿਤਾਂ ਦਾ ਨੁਮਾਇੰਦਾ ਹਨ ਪਰ ਭਾਜਪਾ ਦੀ ਟਿਕਟ 'ਤੇ ਜਿੱਤ ਕੇ ਮਨੂੰਵਾਦੀਆਂ ਦੀ ਬੋਲੀ ਬੋਲਣਾ ਸ਼ੁਰੂ ਕਰ ਦਿੰਦੇ ਹਨ ਤੇ ਭੁੱਲ ਜਾਂਦੇ ਹਨ ਕਿ ਉਨ੍ਹਾਂ ਦਲਿਤ ਸਾਥੀਆਂ ਨੂੰ ਜਿਨ੍ਹਾਂ ਦੇ ਸਾਥ ਸਦਕਾ ਉਨ੍ਹਾਂ ਨੂੰ ਗੱਦੀ ਨਸੀਬ ਹੁੰਦੀ ਹੈ। (ਅਗਲੇ ਅੰਕ ਵਿੱਚ ਇਸ ਲੇਖ ਨੂੰ ਹੋਰ ਸਪੱਸ਼ਟਤਾ ਦੇ ਨਾਲ ਅੰਕੜਿਆਂ ਸਹਿਤ ਛਾਪਿਆ ਜਾਵੇਗਾ। ਪਾਠਕ ਇਸ ਲੇਖ ਬਾਰੇ ਆਪਣੀ ਟਿੱਪਣੀ ਜ਼ਰੂਰ ਕਰਨ)
                                                                                                                    - ਅਜੈ ਕੁਮਾਰ

Sunday 20 December 2015

ਕਦੋਂ ਜਾਊ ਗੁਲਾਮੀ ਦੀਆਂ ਆਦਤਾਂ!

ਪੰਜਾਬ ਵਿੱਚ ਚੋਣਾਂ ਨੂੰ ਇਕ ਸਾਲ ਰਹਿ ਗਿਆ ਹੈ। ਇਕ ਵਾਰ ਫਿਰ ਤੋਂ ਤਿਆਰੀ ਚੱਲ ਰਹੀ ਹੈ ਆਉਣ ਵਾਲੇ ਪੰਜਾਂ ਸਾਲਾਂ 'ਚ ਸਾਡੇ 'ਤੇ ਕੌਣ ਰਾਜ ਕਰੇਗਾ। ਸਭ ਰਾਜ ਕਰਨ ਦੀਆਂ ਇਛੁੱਕ ਮੁੱਖ ਪਾਰਟੀਆਂ ਕਾਂਗਰਸ, ਅਕਾਲੀ ਦਲ, ਭਾਜਪਾ ਤੇ ਨਾਲ ਹੀ ਇਨ੍ਹਾਂ ਦੇ ਹੁਣ ਇਕ ਹੋਰ ਨਵੀਂ ਪਾਰਟੀ 'ਆਪ' ਵੀ ਆਸ ਲਾਈ ਬੈਠੀ ਹੈ ਕਿ ਪੰਜਾਬ ਨੂੰ ਆਉਂਦੇ ਪੰਜਾਂ ਸਾਲਾਂ 'ਚ ਅਸੀਂ ਹੀ ਲੁੱਟਾਂਗੇ। ਜਿਵੇਂ ਸ਼ਿਕਾਰੀ ਘਾਤ ਲਾ ਕੇ ਸ਼ਿਕਾਰ ਕਰਦਾ ਹੈ, ਕੁਝ ਉਸੇ ਹੀ ਤਰੀਕੇ ਨਾਲ ਇਨ੍ਹਾਂ ਪਾਰਟੀਆਂ ਦੇ ਲੀਡਰ ਚੋਣਾਂ ਦੀ ਤਿਆਰੀ ਵਿੱਚ ਵਿਅਸਤ ਹਨ। ਅਸੀਂ-ਤੁਸੀਂ ਮੂਰਖ ਲੋਕ ਜਿਹੜੇ ਆਪਣੇ-ਆਪ ਨੂੰ ਬਹੁਤ ਸਿਆਣਾ ਸਮਝਦੇ ਹਨ, ਕਹਾਂਗੇ ਕਿ ਅਜੇ ਤਾਂ ਇਕ ਸਾਲ ਪਿਆ ਹੈ ਚੋਣਾਂ ਨੂੰ, ਇੰਨੀ ਜਲਦੀ ਤਿਆਰੀਆਂ ਕਰਨ ਦੀ ਕੀ ਲੋੜ ਪੈ ਗਈ। ਐਵੇਂ ਨਹੀਂ ਮੈਂ ਤੁਹਾਡੇ ਨਾਲ-ਨਾਲ ਆਪਣੇ-ਆਪ ਨੂੰ ਵੀ ਮੂਰਖ ਕਿਹਾ, ਸਾਡੀਆਂ ਹਰਕਤਾਂ ਹੀ ਕੁਝ ਅਜਿਹੀਆਂ ਹਨ। ਜਦੋਂ ਪਿਆਸ ਲੱਗਦੀ ਹੈ ਉਦੋਂ ਹੀ ਸਾਨੂੰ ਖੂਹ ਪੁੱਟਣ ਦਾ ਧਿਆਨ ਆਉਂਦਾ ਹੈ। ਜਿਹੜੀਆਂ ਕੌਮਾਂ ਵਕਤ ਰਹਿੰਦੇ ਖੂਹ ਪੁੱਟ ਲੈਂਦੀਆਂ ਹਨ, ਉਹ ਪਿਆਸੀਆਂ ਨਹੀਂ ਮਰਦੀਆਂ। ਮੈਂ ਜਿਹੜੇ ਸ਼ਿਕਾਰੀ ਲੀਡਰਾਂ ਦੀ ਗੱਲ ਕਰ ਰਿਹਾ ਹਾਂ, ਉਨ੍ਹਾਂ ਨੇ 2017 ਦੀਆਂ ਚੋਣਾਂ ਲਈ ਹਥਿਆਰ ਤਿੱਖੇ ਕਰਨੇ ਸ਼ੁਰੂ ਕਰ ਦਿੱਤੇ ਹਨ ਤੇ ਦਲਿਤ ਨਾਮ ਦੇ ਸ਼ਿਕਾਰ ਨੂੰ ਕਰਨ ਖਾਤਿਰ ਮਚਾਨਾਂ ਬੰਨ੍ਹ ਰਹੇ ਹਨ ਤੇ ਥਾਂ -ਥਾਂ ਮੋਰਚੇ ਬਣ ਰਹੇ ਹਨ ਤਾਂ ਜੋ ਦਲਿਤ ਵੋਟ ਦਾ ਸ਼ਿਕਾਰ ਤਰੀਕੇ ਨਾਲ ਕੀਤਾ ਜਾ ਸਕੇ। ਕਿਧਰੇ ਦਲਿਤ ਵੋਟ ਵਿਰੋਧੀ ਨਾ ਖੋਹ ਕੇ ਲੈ ਜਾਵੇ, ਕਿਉਂਕਿ ਦਲਿਤ ਵੋਟ ਹੀ ਪੰਜਾਬ ਦੇ ਭਵਿੱਖ ਦਾ ਫ਼ੈਸਲਾ ਕਰਦੀ ਰਹੀ ਹੈ  ਤੇ ਹੁਣ ਵੀ ਦਲਿਤ ਵੋਟਰ ਹੀ ਫ਼ੈਸਲਾ ਕਰੇਗਾ ਕਿ ਆਉਣ ਵਾਲੇ ਪੰਜਾਂ ਸਾਲਾਂ 'ਚ ਉਹਨੇ ਕਿਹਦੇ ਹੱਥੀਂ ਆਪਣਾ ਮਾਸ ਨੁਚਵਾਉਣਾ ਹੈ, ਕਿਉਂਕਿ ਸਭ ਜਾਣਦੇ ਹਨ ਕਿ ਪੰਜਾਬ ਵਿੱਚ ਸਭ ਤੋਂ ਵੱਧ ਲੱਗਭਗ 40 ਪ੍ਰਤੀਸ਼ਤ ਅਬਾਦੀ ਦਲਿਤਾਂ ਦੀ ਹੈ। ਦਲਿਤਾਂ ਦੀ ਬਦਕਿਸਮਤੀ ਦੇਖੋ, ਦਲਿਤ ਬਹੁਗਿਣਤੀ ਹੋਣ ਦੇ ਬਾਵਜੂਦ ਦਲਿਤਾਂ 'ਤੇ ਰਾਜ ਕਰਦੇ ਹਨ ਘੱਟ-ਗਿਣਤੀ ਮਨੂੰਵਾਦੀ। ਮੈਂ ਅੰਗਰੇਜ਼ਾਂ ਦਾ ਰਾਜ ਤਾਂ ਨਹੀਂ ਦੇਖਿਆ ਪਰ ਪੰਜਾਬ ਦੇ ਹਾਲਾਤ ਦੇਖ ਕੇ ਸਮਝ ਸਕਦਾ ਹਾਂ ਕਿ ਅੰਗਰੇਜ਼ਾਂ ਨੇ ਕਿਵੇਂ ਰਾਜ ਕੀਤਾ ਸੀ। ਹਜ਼ਾਰਾਂ ਮੀਲ ਦੂਰ ਤੋਂ ਆਏ ਮੁੱਠੀ ਭਰ ਅੰਗਰੇਜ਼ ਲੱਗਭਗ 200 ਸਾਲ ਤੱਕ ਭਾਰਤ ਦੀ ਕਰੋੜਾਂ ਦੀ ਜਨਤਾ 'ਤੇ ਰਾਜ ਕਰਦੇ ਰਹੇ। ਕੁਝ ਉਸੇ ਤਰੀਕੇ ਨਾਲ ਕੁਝ ਦੇਸੀ ਸ਼ਕਲਾਂ ਵਾਲੇ ਵਲੈਤੀ ਪੰਜਾਬੀ ਪਿਛਲੇ 60 ਸਾਲਾਂ ਤੋਂ ਪੰਜਾਬ 'ਤੇ ਰਾਜ ਕਰ ਰਹੇ ਹਨ ਤੇ ਲਗਾਤਾਰ ਬਹੁਗਿਣਤੀ ਦਲਿਤਾਂ ਦਾ ਸ਼ੋਸ਼ਣ ਕਰਦੇ ਆ ਰਹੇ ਹਨ। ਕਿੰਨੀ ਹਾਸੋਹੀਣੀ ਗੱਲ ਹੈ ਕਿ ਦਲਿਤ ਖ਼ੁਦ ਚੁਣਦੇ ਹਨ ਕਿ ਉਨ੍ਹਾਂ ਨੇ ਕਿਸ ਦੀ ਸੀਰੀ ਕਰਨੀ ਹੈ। ਇੰਝ ਜਾਪਦਾ ਹੈ ਕਿ ਪੰਜਾਬ ਦੇ ਦਲਿਤਾਂ ਨੂੰ ਹਜ਼ਾਰਾਂ ਸਾਲਾਂ ਦੀ ਗੁਲਾਮੀ ਝੱਲਣ ਤੋਂ ਬਾਅਦ ਗੁਲਾਮੀ ਕਰਨ ਦੀ ਆਦਤ ਪੈ ਚੁੱਕੀ ਹੈ ਹਾਲਾਂ ਕਿ ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ ਬਣਾ ਕੇ ਇਨ੍ਹਾਂ ਨੂੰ ਹਰ ਤਰ੍ਹਾਂ ਦੀ ਆਜ਼ਾਦੀ ਤੇ ਹਰ ਤਰ੍ਹਾਂ ਦੇ ਬਰਾਬਰੀ ਦੇ ਹੱਕ ਦੇ ਦਿੱਤੇ ਪਰ ਕਹਿੰਦੇ ਹਨ ਸਰੀਰਿਕ ਬੰਧਨਾਂ ਦੇ ਤਾਲੇ ਤਾਂ ਖੋਲ੍ਹੇ ਜਾ ਸਕਦੇ ਹਨ ਪਰ ਮਾਨਸਿਕ ਤੌਰ 'ਤੇ ਗੁਲਾਮ ਲੋਕਾਂ ਨੂੰ ਕੌਣ ਆਜ਼ਾਦ ਕਰਵਾਊ?'ਫੁੱਟ ਪਾਉ ਤੇ ਰਾਜ ਕਰੋ' ਅੰਗਰੇਜ਼ਾਂ ਦੀ ਨੀਤੀ ਸੀ। ਕੁਝ ਅਜਿਹੀ ਨੀਤੀ ਹੀ ਅੱਜ ਦੇ ਦੇਸੀ ਅੰਗਰੇਜ਼ਾਂ ਦੀ ਹੈ। ਇਨ੍ਹਾਂ ਦੀ ਨੀਤੀ ਹੈ ਕਿ ਦਲਿਤਾਂ ਨੂੰ ਆਪਸ ਵਿੱਚ ਇੰਨਾ ਕੁ ਪਾੜ ਦਿਉ ਕਿ ਇਹ ਕਦੇ ਇਕੱਠੇ ਹੋ ਕੇ ਰਾਜ ਕਰਨ ਬਾਰੇ ਨਾ ਸੋਚ ਸਕਣ। ਵਾਲਮੀਕੀਆਂ ਨੂੰ ਚਮਾਰਾਂ ਨਾਲ ਲੜਾ ਦਿਉ, ਭਗਤਾਂ ਨੂੰ ਸਭ ਤੋਂ ਅਲੱਗ-ਥਲੱਗ ਕਰ ਦਿਉ, ਦਲਿਤਾਂ ਵਿੱਚ ਪ੍ਰਧਾਨਾਂ ਦੀ ਫੌਜ ਖੜੀ ਕਰ ਦਿਉ ਜੋ ਆਪਸ 'ਚ ਇਕ-ਦੂਜੇ ਨੂੰ ਹੀ ਵੱਢ-ਵੱਢ ਖਾਈ ਜਾਣ। ਕਿਉਂਕਿ ਜਿਸ ਦਿਨ ਇਨ੍ਹਾਂ ਨੇ ਇਕ-ਦੁਜੇ ਨੂੰ ਵੱਢਣਾ ਛੱਡ ਦਿੱਤਾ ਉਸ ਦਿਨ ਰਾਜ ਕਰਨ ਦੇ ਸ਼ੌਕੀਨਾਂ ਦੀ ਖ਼ੈਰ ਨਹੀਂ, ਜਿਸ ਦਿਨ ਦਲਿਤ ਇਕੱਠਾ ਹੋ ਗਿਆ, ਉਸ ਦਿਨ ਪੰਜਾਬ ਨੂੰ ਲੁੱਟਣ ਵਾਲਿਆਂ ਨੂੰ ਪੰਜਾਬ ਵਿੱਚ ਲੁਕਣ ਦੀ ਥਾਂ ਨਹੀਂ ਮਿਲਣੀ। ਅਜੇ ਵੀ ਵਕਤ ਹੈ, ਸਾਡੇ ਕੋਲ ਇਕ ਹੋਰ ਮੌਕਾ ਹੈ ਆਪਣੀ ਤਕਦੀਰ ਸੰਵਾਰਨ ਦਾ, ਸ਼ਰਤ ਸਿਰਫ਼ ਇਕ ਹੈ ਜਾਗ ਜਾਉ ਅਤੇ ਸਮੱਸਿਆ ਇਹ ਹੈ ਕਿ ਸੁੱਤਿਆਂ ਨੂੰ ਤਾਂ ਹਲੂਣਾ ਦੇ ਕੇ ਜਗਾਇਆ ਜਾ ਸਕਦਾ ਹੈ ਪਰ ਮਚਲਿਆਂ ਨੂੰ ਕੌਣ ਜਗਾਊ। ਅੱਖਾਂ ਮੀਚ ਕੇ ਕੰਨਾਂ 'ਤੇ ਹੱਥ ਰੱਖ ਦਲਿਤਾਂ ਦੇ ਪ੍ਰਧਾਨ ਜਦੋਂ ਭਾਸ਼ਣ ਦੇਣਾ ਸ਼ੁਰੂ ਕਰਦੇ ਹਨ ਤਾਂ ਚੰਗੇ-ਚੰਗੇ ਸੂਝਵਾਨ ਪ੍ਰੇਸ਼ਾਨ ਹੋ ਜਾਂਦੇ ਹਨ ਪਰ ਜaਦੋਂ ਜ਼ਮੀਨੀ ਹਕੀਕਤ 'ਤੇ ਇਨ੍ਹਾਂ ਦੀਆਂ ਕਰਤੂਤਾਂ ਦੇਖਦੇ ਹਨ ਤਾਂ ਥੋੜ੍ਹੀ-ਥੋੜ੍ਹੀ ਆਪਣੇ 'ਤੇ ਸ਼ਰਮ ਆਉਂਦੀ ਹੈ ਤੇ ਇਨ੍ਹਾਂ ਲੀਡਰਾਂ 'ਤੇ ਬਹੁਤ ਜ਼ਿਆਦਾ ਗੁੱਸਾ ਵੀ ਆਉਂਦਾ ਹੈ। ਪਾਠਕ ਆਪਣੇ ਕੀਮਤੀ ਵਿਚਾਰ ਮੇਰੀ ਫੇਸਬੁੱਕ 'ਤੇ ਸਾਂਝੇ ਕਰੋ ਤਾਂ ਜੋ ਆਪਸੀ ਵਿਚਾਰ-ਵਟਾਂਦਰਾ ਕਰਕੇ ਅਸੀਂ ਕਿਸੇ ਨਤੀਜੇ 'ਤੇ ਪਹੁੰਚੀਏ। ਅਸੀਂ 2017 'ਚ ਇਕ ਵਾਰ ਫਿਰ ਕਸਾਈਆਂ ਮੂਹਰੇ ਗਰਦਨਾਂ ਸੁੱਟ ਸ਼ਿਕਾਰ ਬਣਨਾ ਹੈ ਜਾਂ ਸ਼ੇਰ ਵਾਂਗੂੰ ਪੰਜਾਬ 'ਤੇ ਰਾਜ ਕਰਨਾ ਹੈ, ਫ਼ੈਸਲਾ ਤੁਹਾਡੇ ਹੱਥ ਹੈ। 
- ਅਜੇ ਕੁਮਾਰ
'ਆਪਣੀ ਮਿੱਟੀ' 65 ਬਸਤੀ ਨੌ, ਜਲੰਧਰ
facebook : apnimittinewspaper