Tuesday 24 January 2017

ਰੰਗਲਾ ਪੰਜਾਬ, ਕੰਗਲਾ ਪੰਜਾਬੀ

ਪੰਜਾਬ ਬਹੁਤ ਖੂਬਸੂਰਤ ਰਾਜ ਸੀ, ਜਿੱਥੇ ਆਉਣ ਲਈ ਦੁਨੀਆਂ ਭਰ ਦੇ ਲੋਕ ਤਰਸਦੇ ਸਨ। ਪੰਜਾਬ 'ਚ ਦੁੱਧ, ਦਹੀਂ ਦੀਆਂ ਨਦੀਆਂ ਵਹਿੰਦੀਆਂ ਸਨ। ਇੱਥੋਂ ਦਾ ਗੱਭਰੂ ਪੂਰੇ ਵਿਸ਼ਵ 'ਚ ਇਕ ਮਾਡਲ ਵਜੋਂ ਜਾਣਿਆ ਜਾਂਦਾ ਸੀ। ਜਿੱਥੇ ਇਹ ਪੰਜਾਬ ਗੁਰੂਆਂ, ਪੀਰਾਂ ਤੇ ਮਹਾਨ ਰਹਿਬਰਾਂ ਦੀ ਕਰਮਭੂਮੀ ਹੈ, ਉੱਥੇ ਅਣਗਿਣਤ ਕ੍ਰਾਂਤੀਕਾਰੀ ਸੰਤਾਂ ਦੀ ਚਰਨਛੋਹ ਪ੍ਰਾਪਤ ਧਰਤੀ ਵੀ ਹੈ। ਜਿੱਥੇ ਇਸ ਧਰਤੀ ਨੂੰ ਮਹਾਨ ਰਹਿਬਰਾਂ ਦੇ ਚਰਨਾਂ ਦੀ ਬਖਸ਼ਿਸ਼ ਪ੍ਰਾਪਤ ਹੋਈ, ਉੱਥੇ ਇਸੇ ਧਰਤੀ ਨੂੰ ਦੁਨੀਆਂ ਦੇ ਅਤਿ ਜ਼ਾਲਮਾਂ ਦੇ ਜੁਲਮਾਂ ਦਾ ਵੀ ਸਾਹਮਣਾ ਕਰਨਾ ਪਿਆ। ਚਾਹੇ ਮੁਗਲ ਹੋਣ ਚਾਹੇ ਅੰਗਰੇਜ਼ ਹੋਣ, ਪੰਜਾਬੀਆਂ ਨੇ ਉਨ੍ਹਾਂ ਨੂੰ ਮੂੰਹਤੋੜ ਜਵਾਬ ਦਿੱਤਾ। ਪੰਜਾਬੀਆਂ ਨੇ ਸੰਸਾਰ ਦੇ ਲੋਕਾਂ ਨੂੰ ਅਣਖ-ਇੱਜ਼ਤ ਦੀ ਖਾਤਿਰ ਲੜਨਾ ਸਿਖਾਇਆ। ਪੰਜਾਬ ਦੇ ਲੋਕਾਂ ਨੇ ਬਾਬਾ ਨਾਨਕ ਦਾ ਸੰਦੇਸ਼ 'ਸਰਬੱਤ ਦਾ ਭਲਾ' ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਸਿਧਾਂਤ 'ਬੇਗਮਪੁਰਾ' ਪੂਰੇ ਸੰਸਾਰ 'ਚ ਪਹੁੰਚਾਇਆ ਪਰ ਪੰਜਾਬ 'ਚ ਰਾਜਨੀਤੀ ਕਰਨ ਵਾਲੇ ਰਾਜਨੇਤਾਵਾਂ ਨੇ ਪੰਜਾਬ 'ਚ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਕਿ ਅੱਜ ਪੰਜਾਬ 'ਚ ਧਰਤੀ ਹੇਠਲਾ 80% ਪਾਣੀ ਪੀਣ ਯੋਗ ਨਹੀਂ ਹੈ। ਲੋਕ ਕੈਂਸਰ ਨਾਲ ਮਰ ਰਹੇ ਹਨ, ਚਿੱਟੇ ਦੇ ਨਸ਼ੇ ਨੇ ਜਵਾਨਾਂ ਦਾ ਲੱਕ ਤੋੜ ਦਿੱਤਾ ਹੈ, ਸਿਹਤ-ਸਿੱਖਿਆ ਕੇਂਦਰਾਂ 'ਚ ਉੱਲੂ ਬੋਲ ਰਹੇ ਹਨ, ਵਪਾਰ ਅਤੇ ਇੰਡਸਟਰੀ ਖੰਭ ਲਾ ਕੇ ਪੰਜਾਬ 'ਚੋਂ ਉੱਡ ਚੁੱਕੀ ਹੈ, ਕਿਸਾਨ ਫਾਹੇ ਲੱਗ ਰਿਹਾ ਹੈ, ਮਜ਼ਦੂਰਾਂ ਦੇ ਮੂੰਹ ਝੰਬੇ ਹੋਏ ਹਨ, ਜਾਤ-ਪਾਤ ਦਾ ਬੋਲਬਾਲਾ ਹੈ, ਸਰਬੱਤ ਦੇ ਭਲੇ ਦਾ ਸੰਦੇਸ਼ ਦੇਣ ਵਾਲੇ ਕੇਂਦਰ ਬਿੰਦੂ ਹਰਿਮੰਦਰ ਸਾਹਿਬ ਨੂੰ ਚਲਾ ਰਹੀ ਸੰਸਥਾ ਦੇ ਉੱਤੇ ਵੀ ਮਨੂੰਵਾਦੀ ਸੋਚ ਦੇ ਲੋਕ ਕਾਬਜ਼ ਹੋ ਚੁੱਕੇ ਹਨ। ਪੰਜਾਬ ਦੀ ਪੁਲਿਸ ਜਿਸ ਪਾਰਟੀ ਦੀ ਸਰਕਾਰ ਆਵੇ, ਉਸੇ ਪਾਰਟੀ ਦੀ ਵਰਕਰ ਬਣ ਜਾਂਦੀ ਹੈ। ਅਧਿਆਪਕਾਂ ਦੀ ਕੁੱਟਮਾਰ ਹੁੰਦੀ ਹੈ, ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੁੰਦਾ ਹੈ। ਦਾਜ ਨਾ ਲਓ ਨਾ ਦਾਜ ਦਿਓ ਦੇ ਸਿਧਾਂਤ ਨੂੰ ਉਤਸ਼ਾਹਿਤ ਕਰਨ ਦੀ ਬਜਾਏ ਸ਼ਗਨ ਸਕੀਮ ਚਲਾ ਕੇ ਗਰੀਬਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ, ਰੋਜ਼ਗਾਰ ਦੀ ਜਗ੍ਹਾ ਆਟਾ-ਦਾਲ ਦੇ ਕੇ ਆਪਣੀ ਪਿੱਠ ਥਪਥਪਾਈ ਜਾਂਦੀ ਹੈ ਤੇ ਆਪਣੀਆਂ ਨਾਕਾਮਯਾਬੀਆਂ ਨੂੰ ਛੁਪਾਇਆ ਜਾਂਦਾ ਹੈ। ਪੰਜਾਬ ਰੰਗਲਾ ਹੈ ਤੇ ਰੰਗਲਾ ਹੀ ਰਹੇਗਾ, ਕਿਉਂਕਿ ਪੰਜਾਬ ਗੁਰੂਆਂ -ਪੀਰਾਂ ਦੀ ਧਰਤੀ ਹੈ, ਇਸ ਨੂੰ ਕੁਦਰਤ ਦੀਆਂ ਸਾਰੀਆਂ ਨਿਆਮਤਾਂ ਪ੍ਰਾਪਤ ਹਨ, ਜਿਹੜੀਆਂ ਧਰਤੀ ਨੂੰ ਸਵਰਗ ਬਣਾਉਣ ਲਈ ਚਾਹੀਦੀਆਂ ਹਨ ਪਰ ਪੰਜਾਬੀ ਰੰਗਲਾ ਨਹੀਂ ਕੰਗਲਾ ਹੋ ਚੁੱਕਾ ਹੈ। ਆਉ ਸਿਆਸੀ ਲੋਕਾਂ ਨੂੰ ਅਕਲ ਸਿਖਾ ਕੇ ਨਿਰਪੱਖ ਚੋਣਾਂ 'ਚ ਆਪਣਾ ਬਣਦਾ ਯੋਗਦਾਨ ਪਾਈਏ ਤਾਂ ਜੋ ਇਮਾਨਦਾਰ ਤੇ ਬੁੱਧੀਮਾਨ ਲੀਡਰ ਅੱਗੇ ਆਉਣ ਤੇ ਪੰਜਾਬੀ ਨੂੰ ਰੰਗਲਾ ਬਣਾਉਣ। ਬਹੁਗਿਣਤੀ ਪੰਜਾਬੀ ਕੰਗਲਾ ਹੈ, ਇਸ ਦੇ ਪ੍ਰਤੱਖ ਪ੍ਰਮਾਣ ਇਸ ਗੱਲ ਤੋਂ ਹੀ ਮਿਲ ਜਾਂਦੇ ਹਨ ਕਿ 1 ਕਰੋੜ 41 ਲੱਖ ਨੀਲੇ ਕਾਰਡ ਬਣੇ ਹਨ, ਜਿਨ੍ਹਾਂ 'ਚ 2 ਰੁਪਏ ਕਿਲੋ ਆਟਾ ਤੇ 20 ਰੁਪਏ ਕਿਲੋ ਦਾਲ ਮਿਲਦੀ ਹੈ। ਲੱਗਭਗ 15 ਲੱਖ ਉਹ ਬੱਚੇ ਹਨ, ਜਿਨ੍ਹਾਂ ਨੂੰ ਸਕੂਲ ਵਿੱਚ ਖਾਣਾ ਮੁਫ਼ਤ ਦਿੱਤਾ ਜਾਂਦਾ ਹੈ, 5 ਲੱਖ ਬੱਚਿਆਂ ਨੂੰ ਸਾਈਕਲਾਂ ਦਿੱਤੀਆਂ ਜਾਂਦੀਆਂ ਹਨ, ਕਹਿਣ ਦਾ ਭਾਵ ਲੱਗਭਗ 1.5 ਕਰੋੜ ਪਰਿਵਾਰ ਪੰਜਾਬ 'ਚ ਗਰੀਬੀ ਰੇਖਾ ਤੋਂ ਹੇਠਾ ਰਹਿੰਦਾ ਹੈ ਤਾਂ ਲੀਡਰ ਕਿਸ ਵਿਕਾਸ ਦਾ ਦਾਅਵਾ ਕਰ ਰਹੇ ਹਨ, ਇਸ ਗੱਲ ਦੀ ਘੋਖ ਕਰਨ ਦੀ ਲੋੜ ਹੈ ਤੇ ਜ਼ਰੂਰਤ ਹੈ ਪੰਜਾਬੀ ਨੂੰ ਖੁਸ਼ਹਾਲ ਕਰਨ ਦੀ ਤਾਂ ਜੋ ਸਾਡੀਆਂ ਗਲ੍ਹੀਆਂ 'ਚ ਫਿਰ ਇਹ ਗੀਤ ਗੂੰਜ ਸਕਣ। 'ਮੇਰਾ ਰੰਗਲਾ ਪੰਜਾਬ, ਮੇਰਾ ਰੰਗਲਾ ਪੰਜਾਬ...।' ਇੱਥੇ ਮੈਂ ਇਹ ਗੱਲ ਖਾਸ ਤੌਰ 'ਤੇ ਜ਼ਰੂਰ ਕਹਿਣਾ ਚਾਹਾਂਗਾ ਕਿ ਪੰਜਾਬੀ ਨੂੰ ਕੰਗਲਾ ਹਰ ਉਸ ਰਾਜਨੀਤਿਕ ਪਾਰਟੀ ਨੇ ਬਣਾਇਆ ਹੈ, ਜਿਹੜੀ ਸੱਤਾ 'ਚ ਆਈ ਹੈ।                                      -ਅਜੈ ਕੁਮਾਰ

Tuesday 17 January 2017

ਦਾਗੀ ਤੇ ਬਾਗੀ

ਪੰਜਾਬ ਵਿਧਾਨ ਸਭਾ ਚੋਣਾਂ 4 ਫਰਵਰੀ ਨੂੰ ਹੋਣ ਜਾ ਰਹੀਆਂ ਹਨ। ਭਾਵੇਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਅਤੇ ਲੀਡਰਾਂ ਨੇ ਕਮਰਕੱਸੇ ਕੀਤੇ ਹੋਏ ਹਨ ਪਰ ਵਰਕਰਾਂ 'ਚ ਖਾਸਾ ਉਤਸ਼ਾਹ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਵਿੱਚ ਢਿਲਮੱਠ ਸਾਫ ਦੇਖੀ ਜਾ ਸਕਦੀ ਹੈ। ਇਸ ਦੇ ਕਈ ਕਾਰਣ ਹਨ, ਜਿਨ੍ਹਾਂ ਵਿੱਚੋਂ ਇਕ ਮੁੱਖ ਕਾਰਣ ਨੋਟਬੰਦੀ ਅਤੇ ਦੂਜਾ ਚੋਣ ਕਮਿਸ਼ਨ ਦਾ ਬਹੁਤ ਸਰਗਰਮੀ ਨਾਲ ਕੰਮ ਕਰਨਾ ਹੈ। ਦਾਗੀ ਆਦਮੀ ਨੂੰ ਤੇ ਮਨੁੱਖ ਛੱਡੋ ਕੁੱਤੇ-ਬਿੱਲੇ ਵੀ ਪਸੰਦ ਨਹੀਂ ਕਰਦੇ, ਕਿਉਂਕਿ ਦਾਗੀ ਆਦਮੀ ਕਰਕੇ ਹੀ ਪਰਿਵਾਰ, ਸਮਾਜ ਤੇ ਦੇਸ਼ ਦਾਗੀ ਹੁੰਦਾ ਹੈ। ਦਾਗੀ ਆਦਮੀ ਦਾ ਭਾਰ ਧਰਤੀ ਵੀ ਨਹੀਂ ਝੱਲ ਸਕਦੀ। ਬਾਗੀ ਦੋ ਤਰ੍ਹਾਂ ਦੇ ਹੁੰਦੇ ਹਨ, ਇਕ ਬਾਗੀ ਉਹ ਹੁੰਦੇ ਹਨ ਜਿਹੜੇ ਗੰਦੀ ਸਮਾਜਿਕ ਵਿਵਸਥਾ ਦੇ ਖਿਲਾਫ ਖੜੇ ਹੋ ਕੇ ਮਾਨਵਤਾ ਦਾ ਧਰਮ ਨਿਭਾਉਂਦੇ ਹੋਏ ਇਤਿਹਾਸ ਦੇ ਮਹਾਨ ਇਤਿਹਾਸਕ ਪਾਤਰ ਬਣ ਜਾਂਦੇ ਹਨ। ਦੂਜੇ ਬਾਗੀ ਉਹ ਹੁੰਦੇ ਹਨ ਜਿਹੜੇ ਆਪਣੇ ਸਵਾਰਥ ਲਈ ਲੁੱਟ ਦੇ ਮਾਲ ਦਾ ਪੂਰਾ ਹਿੱਸਾ ਨਾ ਮਿਲਣ ਕਰਕੇ ਬਗਾਵਤ ਦਾ ਝੰਡਾ ਬੁਲੰਦ ਕਰਦੇ ਹਨ ਤੇ ਦੁਹਾਈ ਸਿਧਾਂਤਾਂ, ਅਸੂਲਾਂ ਦੀ ਦਿੰਦੇ ਹਨ। ਕੁਝ ਇਸੇ ਹੀ ਤਰ੍ਹਾਂ ਦੇ ਬਾਗੀ ਤੇ ਦਾਗੀ ਲੀਡਰ ਇਸ ਵਾਰ ਪੰਜਾਬ ਦੀਆਂ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾਉਣ ਜਾ ਰਹੇ ਹਨ, ਇਸ ਲਈ ਸਾਨੂੰ ਸੋਚਣ ਲਈ ਮਜਬੂਰ ਹੋਣਾ ਪਵੇਗਾ ਕਿ ਪੰਜਾਬ ਦਾ ਤੇ ਪੰਜਾਬੀਆਂ ਦੇ ਭਵਿੱਖ ਦਾ ਕੀ ਹੋਵੇਗਾ? ਭਾਵੇਂ ਮੌਜੂਦਾ ਸਰਕਾਰ ਵਿਕਾਸ ਦਾ ਦਾਅਵਾ ਕਰ ਰਹੀ ਹੈ ਤੇ ਵਿਰੋਧੀ ਧਿਰ ਪੰਜਾਬ ਨੂੰ ਨਰਕ 'ਚੋਂ ਕੱਢ ਕੇ ਸਵਰਗ ਵੱਲ ਲਿਜਾਣ ਦਾ ਦਾਅਵਾ ਕਰਦੀ ਹੈ ਪਰ ਪੰਜਾਬ ਦੀ ਜਨਤਾ ਨੇ ਦੋਨੋਂ ਹੀ ਪਾਰਟੀਆਂ ਨੂੰ ਚੰਗੀ ਤਰ੍ਹਾਂ ਪਰਖਿਆ ਹੋਇਆ ਹੈ। ਹਾਲਾਂਕਿ ਇਸ ਵਾਰ ਪੰਜਾਬ ਦੀਆਂ ਚੋਣਾਂ ਵਿੱਚ ਮੁੱਖ ਪਾਰਟੀਆਂ ਤੋਂ ਇਲਾਵਾ ਨਵੀਆਂ ਤਕਰੀਬਨ 15 ਪਾਰਟੀਆਂ ਚੋਣਾਂ ਲੜ ਰਹੀਆਂ ਹਨ ਤੇ ਕਰੀਬ 1 ਹਜ਼ਾਰ ਉਮੀਦਵਾਰ ਅਜ਼ਾਦ ਵੀ ਚੋਣ ਲੜਨਗੇ, ਇਨ੍ਹਾਂ ਦਾ ਚੋਣ ਨਤੀਜਿਆਂ 'ਤੇ ਪ੍ਰਭਾਵ ਜ਼ਰੂਰ ਪਵੇਗਾ ਪਰ ਜਿੰਨਾ ਪ੍ਰਭਾਵ ਬਾਗੀ ਤੇ ਦਾਗੀ ਉਮੀਦਵਾਰਾਂ ਦਾ ਇਸ ਵਾਰ ਦੀਆਂ ਚੋਣਾਂ ਵਿੱਚ ਹੋਵੇਗਾ, ਉਸ ਦੇ ਪਿਛਲੇ ਸਾਰੇ ਰਿਕਾਰਡ ਟੁੱਟ ਜਾਣਗੇ। ਵੈਸੇ ਤਾਂ ਸਾਰੇ ਛੋਟੇ-ਵੱਡੇ ਲੀਡਰ ਆਪਣੀਆਂ ਸਟੇਜਾਂ 'ਤੇ ਭਾਸ਼ਣਾਂ ਰਾਹੀਂ ਦਾਗੀਆਂ -ਬਾਗੀਆਂ ਤੇ ਦਲਬਦਲੂਆਂ ਨੂੰ ਅਕਲ ਸਿਖਾਉਣ ਲਈ ਲੋਕਾਂ ਨੂੰ ਅਪੀਲ ਕਰਦੇ ਹਨ ਤੇ ਇਹ ਵੀ ਕਹਿੰਦੇ ਹਨ ਕਿ ਲੋਕ ਇਨ੍ਹਾਂ ਨੂੰ ਮੂੰਹ ਨਾ ਲਾਉਣ ਪਰ ਅਸਲ ਵਿੱਚ ਆਪ ਇਹ ਸਾਰੀਆਂ ਰਾਜਨੀਤਿਕ ਪਾਰਟੀਆਂ ਦੂਸਰੀਆਂ ਪਾਰਟੀਆਂ 'ਚੋਂ ਆਏ ਬਾਗੀਆਂ ਤੇ ਦਾਗੀਆਂ ਨੂੰ ਵੀ ਇੰਝ ਆਪਣੇ ਸਿਰ ਦਾ ਤਾਜ ਬਣਾਉਂਦੀਆਂ ਹਨ, ਜਿਵੇਂ ਇਹ ਕੋਹੇਨੂਰ ਦਾ ਹੀਰਾ ਹੋਣ। ਯਕੀਨ ਮੰਨੋ ਭਾਵੇਂ ਅਜਿਹੇ ਦਾਗੀਆਂ-ਬਾਗੀਆਂ ਤੇ ਦਲਬਦਲੂਆਂ ਦਾ ਕੋਈ ਕਿਰਦਾਰ, ਸਿਧਾਂਤ, ਅਸੂਲ ਤੇ ਨਿਯਮ ਨਹੀਂ ਹੁੰਦਾ ਪਰ ਇਸ ਵਾਰ ਦੀਆਂ ਚੋਣਾਂ ਵਿੱਚ ਇਨ੍ਹਾਂ ਦਾ ਰੋਲ ਬਹੁਤ ਅਹਿਮ ਹੋਵੇਗਾ ਤੇ ਇਹ ਲੋਕ ਚੋਣਾਂ ਦਾ ਕੇਂਦਰ ਬਿੰਦੂ ਹੋਣਗੇ। ਅਜਿਹੇ ਕੇਂਦਰ ਬਿੰਦੂ ਨੂੰ ਪੜ੍ਹ ਪਾਉਣਾ ਤੇ ਸਮਝ ਪਾਉਣਾ ਬੁੱਧੀਜੀਵੀਆਂ ਲਈ ਇਸ ਸਮੇਂ ਬਹੁਤ ਔਖੀ ਤੇ ਟੇਢੀ ਖੀਰ ਹੈ। ਤਾਹੀਓਂ ਤਾਂ ਪੰਜਾਬ ਦੀ ਸਥਿਤੀ ਬਾਰੇ ਸਪੱਸ਼ਟ ਕਹਿਣ ਵਿੱਚ ਮੀਡੀਆ, ਸਿਆਸੀ ਪੰਡਿਤ, ਜੋਤਸ਼ੀ ਆਦਿ ਹਾਲੇ ਗੁਰੇਜ਼ ਹੀ ਕਰ ਰਹੇ ਹਨ, ਕਿਉਂਕਿ ਇਹ ਚੋਣਾਂ ਇਕ ਨਿਵੇਕਲੀ ਤਰ੍ਹਾਂ ਦੀਆਂ ਹੀ ਚੋਣਾਂ ਹੋਣ ਜਾ ਰਹੀਆਂ ਹਨ। ਇੱਥੇ ਜ਼ਿਕਰਯੋਗ ਹੈ ਕਿ ਅਦਾਰਾ 'ਆਪਣੀ ਮਿੱਟੀ' ਦੇ ਪੱਤਰਕਾਰਾਂ ਅਤੇ ਸਹਿਯੋਗੀਆਂ ਦੇ ਨਾਲ-ਨਾਲ ਭਰੋਸੇਯੋਗ ਸੂਤਰਾਂ ਤੋਂ ਮਿਲੀਆਂ ਰਿਪੋਰਟਾਂ ਮੁਤਾਬਿਕ ਜੇਕਰ ਪੰਜਾਬ ਦੇ ਬੁੱਧੀਜੀਵੀਆਂ ਨੇ ਆਪਣੇ ਸਾਰੇ ਕੰਮ ਪਿਛਾਂਹ ਛੱਡ ਕੇ ਇਸ ਸਮੇਂ ਪੰਜਾਬ ਦੀਆਂ ਚੋਣਾਂ ਵਿੱਚ ਆਪਣੀ ਅਹਿਮ ਭੂਮਿਕਾ ਨਾ ਨਿਭਾਈ ਤਾਂ ਇਸ ਵਾਰ ਦੀਆਂ ਚੋਣਾਂ ਲੋਕਤੰਤਰ ਦੇ ਹਿਤ ਵਿੱਚ ਨਹੀਂ, ਬਲਕਿ ਪੰਜਾਬ ਨੂੰ ਹੂ-ਬ-ਹੂ ਨਰਕ ਦਾ ਨਕਸ਼ਾ ਬਣਾਉਣ ਲਈ ਸਾਬਤ ਹੋਣਗੀਆਂ। ਹੁਣ ਦੇਖਣਾ ਇਹ ਹੈ ਕਿ ਬੁੱਧੀਜੀਵੀ ਆਪਣਾ ਰੋਲ ਬਾਖੂਬੀ ਨਿਭਾਉਂਦੇ ਹਨ ਜਾਂ ਦਾਗੀ-ਬਾਗੀ ਤੇ ਦਲਬਦਲੂ ਬਾਜ਼ੀ ਮਾਰ ਲੈਂਦੇ ਹਨ ਜੇ ਇੰਝ ਹੋ ਜਾਂਦਾ ਹੈ ਤਾਂ ਉਹ ਇਸ ਕਹਾਵਤ ਨੂੰ ਸੱਚ ਸਾਬਤ ਕਰ ਦੇਣਗੇ ਕਿ 'ਜਦੋਂ ਪਹਿਰੇਦਾਰ ਆਲਸੀ ਹੋਣ ਤਾਂ ਲੂਲ੍ਹੇ, ਲੰਗੜੇ, ਕਾਣੇ ਵੀ ਬੜੇ ਆਰਾਮ ਨਾਲ ਚੋਰੀ ਕਰਨ 'ਚ ਕਾਮਯਾਬ ਹੋ ਜਾਂਦੇ ਹਨ।' ਇੱਥੇ ਮੈਂ ਇਹ ਵੀ ਗੱਲ ਸਪੱਸ਼ਟ ਰੂਪ ਵਿੱਚ ਕਹਿ ਦੇਣਾ ਚਾਹੁੰਦਾ ਹਾਂ ਕਿ ਦਾਗੀਆਂ, ਬਦਬਦਲੂਆਂ ਦੇ ਤੇ ਅਜਿਹੇ ਬਾਗੀਆਂ ਦੇ ਕੋਈ ਪੈਰ ਨਹੀਂ ਹੁੰਦੇ। ਜੇਕਰ ਬੁੱਧੀਜੀਵੀ ਵਰਗ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਨਾਲ ਮਿਲ ਕੇ ਖੜ੍ਹਾ ਹੋ ਜਾਵੇ ਤਾਂ ਬਾਗੀ-ਦਾਗੀ ਤੇ ਦਲਬਦਲੂ ਕਿਤੇ ਨਜ਼ਰ ਨਹੀਂ ਆਉਣਗੇ, ਕਿਉਂਕਿ ਬਹੁਤੇ ਬਾਗੀ, ਦਾਗੀ ਤੇ ਦਲਬਦਲੂਆਂ ਦਾ ਇਹ ਹਾਲ ਹੁੰਦਾ ਹੈ 'ਮਾਵਾਂ ਧੀਆਂ ਮੇਲਣਾਂ, ਪਿਉ-ਪੁੱਤ ਬਰਾਤੀ।'
ਅਜੈ ਕੁਮਾਰ

Tuesday 10 January 2017

ਚੋਣਾਂ ਦਾ ਰਾਜਾ

ਲੋਕਤੰਤਰ ਭਾਰਤੀ ਸੰਵਿਧਾਨ ਦੀ ਵਡਮੁੱਲੀ ਦੇਣ ਹੈ। ਲੋਕਤੰਤਰ ਦਾ ਭਾਵ ਹੈ ਲੋਕਾਂ ਵੱਲੋਂ ਲੋਕਹਿਤ ਲਈ ਚੁਣੀ ਗਈ ਲੋਕਾਂ ਦੀ ਸਰਕਾਰ। ਪੰਜਾਬ 'ਚ ਇਸ ਸਮੇਂ ਵਿਧਾਨ ਸਭਾ ਚੋਣਾਂ ਦੀਆਂ ਗਤੀਵਿਧੀਆਂ ਸਰਗਰਮ ਹਨ। ਵੋਟਰ ਲੋਕਤੰਤਰ ਦਾ ਕੇਂਦਰ ਬਿੰਦੂ ਹੈ। ਹਾਲੇ ਤੱਕ ਪੰਜਾਬ ਦੇ ਬਹੁਗਿਣਤੀ ਵੋਟਰ ਨੂੰ ਸਿਆਸੀ ਲੋਕ ਮੂਰਖ ਬਣਾਉਣ ਵਿੱਚ ਕਾਮਯਾਬ ਹੀ ਹੋਏ ਹਨ। ਨਹੀਂ ਤਾਂ ਸਵਰਗ ਤੋਂ ਸੋਹਣੀ ਧਰਤੀ ਪੰਜਾਬ ਅਤੇ ਵਿਸ਼ਵ ਦਾ ਆਦਰਸ਼ ਪੰਜਾਬ ਦੇ ਗੱਭਰੂ ਦਾ ਇੰਨਾ ਮਾੜਾ ਹਾਲ ਨਾ ਹੁੰਦਾ। ਵੋਟਾਂ ਦੇ ਦਿਨਾਂ ਵਿੱਚ ਵੋਟਰ ਰਾਜਾ ਹੁੰਦਾ ਹੈ ਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰ ਲੋਕਾਂ ਦੇ ਰਿਮਾਂਡ 'ਤੇ ਹੁੰਦੇ ਹਨ। ਇਸ ਸਮੇਂ ਹਰ ਗਲ੍ਹੀ-ਮੁਹੱਲੇ, ਚੁਰਾਹੇ, ਵਿਹੜਿਆਂ 'ਚ ਅਤੇ ਹੋਰ ਸਰਵਜਨਕ ਥਾਵਾਂ 'ਤੇ ਸਾਰੇ ਰਾਜਨੀਤਿਕ ਲੀਡਰ ਆਪਣੀ-ਆਪਣੀ ਪਾਰਟੀ ਦੀਆਂ ਸਿਫ਼ਤਾਂ ਦੇ ਕਾਸੀਦੇ ਪੜ੍ਹ ਰਹੇ ਹਨ ਤੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੀਆਂ ਕਾਲੀਆਂ-ਚਿੱਟੀਆਂ ਕਰਤੂਤਾਂ ਦੀ ਪੋਲ ਖੋਲ੍ਹ ਰਹੇ ਹਨ। ਇੰਨਾ ਹੀ ਨਹੀਂ ਵੋਟਰਾਂ ਨੂੰ ਭਰਮਾਉਣ ਲਈ ਵੱਡੇ-ਵੱਡੇ ਗੱਫੇ ਦੇਣ ਦਾ ਵਾਅਦਾ ਕਰ ਰਹੇ ਹਨ। ਹਰ ਸਿਆਸੀ ਪਾਰਟੀ ਆਪਣੀ ਚੋਣ ਮੁਹਿੰਮ ਦੌਰਾਨ ਵੋਟਰ ਨੂੰ ਇਹ ਕਹਿ ਰਹੀ ਹੈ ਤੇ ਦੱਸਣਾ ਚਾਹੁੰਦੀ ਹੈ ਕਿ ਉਨ੍ਹਾਂ ਤੋਂ ਵੱਧ ਵੋਟਰ ਦਾ ਕੋਈ ਖਿਆਲ ਨਹੀਂ ਰੱਖ ਸਕਦਾ। ਖ਼ੈਰ! ਸਿਆਸੀ ਪਾਰਟੀਆਂ ਦਾ ਆਪਣਾ ਕੰਮ ਹੈ। ਮੈਂ ਕਲਮ ਰਾਹੀਂ  ਪੰਜਾਬ ਹਿਤ ਦੀ ਲੜਾਈ ਲੜਨੀ ਹੈ। ਇਸ ਲਈ ਚੋਣਾਂ ਵਿੱਚ ਆਪਣੇ ਲੇਖ ਅਤੇ ਅਖਬਾਰ ਰਾਹੀਂ ਆਪਣਾ ਬਣਦਾ ਯੋਗਦਾਨ ਪਾ ਰਿਹਾ ਹਾਂ। ਆਓ ਝਾਤ ਮਾਰਦੇ ਹਾਂ ਪੰਜਾਬ 'ਚ ਚੋਣਾਂ ਲੜ ਰਹੀਆਂ ਸਿਆਸੀ ਪਾਰਟੀਆਂ ਦੇ ਕਹਿਣੀ ਅਤੇ ਕਰਨੀ ਦੇ ਫ਼ਰਕ 'ਚ। ਸੱਤਾ ਧਿਰ ਅਕਾਲੀ-ਭਾਜਪਾ ਗਠਬੰਧਨ ਦੇ ਮੁਖੀ ਤੇ ਪੰਥ ਦੇ ਦਾਸ ਨੇ ਨਾਅਰਾ ਦਿੱਤਾ ਸੀ ਰਾਜ ਨਹੀਂ ਸੇਵਾ। ਜੇਕਰ ਇਸ ਨਾਅਰੇ ਦੀ ਪੂਰੀ ਘੋਖ ਕਰੀਏ ਤਾਂ ਅਕਾਲੀ ਦਲ ਬਾਦਲ ਪੰਥ ਦੇ ਦਾਸ ਨੇ ਪੰਜਾਬੀਆਂ ਦੀ ਸੇਵਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਉਸ ਨੇ ਵਿਦਿਆਰਥੀ, ਅਧਿਆਪਕ, ਡਾਕਟਰ, ਆਸ਼ਾ ਵਰਕਰ, ਤਕਰੀਬਨ ਹਰ ਵਰਗ ਦੀ ਰੱਜ ਕੇ ਸੇਵਾ ਕੀਤੀ, ਉਹ ਗੱਲ ਵੱਖਰੀ ਹੈ ਕਿ ਸੇਵਾ ਕਰਨ ਦੀ ਡਿਊਟੀ ਉਸ ਨੇ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਦਿੱਤੀ, ਜਿਨ੍ਹਾਂ ਨੇ ਪੂਰੀ ਇਮਾਨਦਾਰੀ ਨਾਲ ਡਾਂਗ ਰਾਹੀਂ ਇਹ ਸੇਵਾ ਨਿਭਾਈ ਵੀ। ਉਨ੍ਹਾਂ ਨੇ ਡਾਂਗ ਫੇਰਨ ਲੱਗੇ ਕਿਸੇ ਵੀ ਜਾਤ, ਜਨਾਨੀ ਜਾਂ ਆਦਮੀ 'ਚ ਫਰਕ ਨਹੀਂ ਰੱਖਿਆ ਬਸ ਸੇਵਾ ਹੀ ਕੀਤੀ।  ਸ਼ਾਇਦ ਹੀ ਕੋਈ ਅਜਿਹਾ ਵਰਗ ਬਚਿਆ ਹੋਵੇਗਾ ਜਿਸ ਦੀ ਡਾਂਗ ਨਾਲ ਸੇਵਾ ਨਹੀਂ ਹੋਈ। ਦੂਜੇ ਪਾਸੇ ਆਪਣੇ ਸ਼ਾਸਨਕਾਲ ਦੌਰਾਨ ਨੌਕਰੀਆਂ 'ਤੇ ਪਾਬੰਦੀ ਲਗਾਉਣ ਦਾ ਆਦੇਸ਼ ਜਾਰੀ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਹਰ ਘਰ 'ਚ ਨੌਕਰੀ ਦੇਣ ਦਾ ਵਾਅਦਾ ਕਰ ਰਹੇ ਹਨ। ਵਿਧਾਨ ਸਭਾ 'ਚੋਂ ਅਕਸਰ ਗੈਰ-ਹਾਜ਼ਰ ਰਹਿਣ ਵਾਲੇ ਰਾਜਾ ਸਾਹਿਬ ਹਰ ਵੇਲੇ ਜਨਤਾ ਦੀ ਸੇਵਾ ਕਰਨ ਦਾ ਵਾਅਦਾ ਕਰ ਰਹੇ ਹਨ। ਨਵੀਂ ਬਣੀ ਆਮ ਆਦਮੀ ਪਾਰਟੀ ਨੇ ਦਿੱਲੀ 'ਚ ਜਨਤਾ ਨਾਲ ਕੀਤੇ ਅੱਧੇ ਵਾਅਦੇ ਵੀ ਨਹੀਂ ਨਿਭਾਏ। ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਅਕਸਰ ਮੀਡੀਆ ਰਾਹੀਂ ਇਹ ਕਹਿੰਦੇ ਹਨ ਕਿ ਅਸੀਂ ਰਾਜਨੀਤੀ 'ਚ ਬਦਲਾਅ ਲਿਆਉਣ ਲਈ ਆਏ ਹਾਂ ਪਰ ਚੋਣਾਂ ਦੌਰਾਨ ਉਨ੍ਹਾਂ ਦੀ ਇਹ ਪੋਲ ਖੁੱਲ੍ਹ ਗਈ, ਕਿਉਂਕਿ ਉਨ੍ਹਾਂ ਨੇ ਵੀ ਪੰਜਾਬ ਦੀ ਸੱਤਾ ਪ੍ਰਾਪਤ ਕਰਨ ਲਈ ਲੱਗਭਗ ਸਾਰੇ ਉਹੀ ਤਰੀਕੇ ਅਪਣਾਏ ਜਿਹੜੇ ਕਾਂਗਰਸ-ਅਕਾਲੀ ਅਪਣਾ ਰਹੇ ਹਨ। ਉਨ੍ਹਾਂ ਨੇ ਵੀ ਜਾਤ ਦੇ ਨਾਂ 'ਤੇ ਰਾਜਨੀਤੀ ਕਰਦਿਆਂ ਐੱਸ. ਸੀ. ਵਿੰਗ ਬਣਾਏ ਤੇ ਦਲਿਤ ਵੋਟ ਨੂੰ ਭਰਮਾਉਣ ਦੀ ਖਾਤਿਰ ਨਾਅਰਾ ਦਿੱਤਾ ਕਿ ਪੰਜਾਬ ਦਾ ਉੱਪ ਮੁੱਖ ਮੰਤਰੀ ਦਲਿਤ ਹੋਵੇਗਾ, ਜਦਕਿ ਹਕੀਕਤ ਇਹ ਹੈ ਕਿ ਦਿੱਲੀ ਵਿੱਚ ਉਨ੍ਹਾਂ ਦੀ ਸਰਕਾਰ ਪੂਰਨ ਬਹੁਮਤ 'ਚ ਹੈ ਪਰ ਉਨ੍ਹਾਂ ਨੇ ਆਪਣੀ ਸਰਕਾਰ 'ਚ ਦਲਿਤਾਂ ਦੇ ਰਾਜਨੀਤਿਕ ਰਾਖਵਾਂਕਰਨ ਕੋਟੇ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ, ਪੂਰੀ ਤਰ੍ਹਾਂ ਲਾਗੂ ਕਰਨਾ ਤਾਂ ਦੂਰ ਕੋਈ ਦਲਿਤ ਕੈਬਨਿਟ ਮੰਤਰੀ ਵੀ ਨਹੀਂ ਲਿਆ। ਇਸ ਤੋਂ ਇਲਾਵਾ ਬਹੁਤ ਸਾਰੇ ਮੁੱਦੇ ਹਨ, ਵਿਚਾਰ ਹਨ, ਬਹੁਤ ਸਾਰੀਆਂ ਚੀਜ਼ਾਂ ਹਨ ਜਿਹੜੀਆਂ ਲੋਕਤੰਤਰ ਨੂੰ ਢਾਅ ਲਾ ਰਹੀਆਂ ਹਨ ਤੇ ਵੋਟਰ ਨੂੰ ਗੁੰਮਰਾਹ ਕਰ ਰਹੀਆਂ ਹਨ। ਮੈਂ ਆਪਣੇ ਲੇਖ ਰਾਹੀਂ ਪੰਜਾਬ ਦੇ ਵੋਟਰ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਇਹ ਸਮਾਂ ਤੁਹਾਡੇ ਲਈ ਸਭ ਤੋਂ ਉੱਤਮ ਸਮਾਂ ਹੈ, ਕਿੱਥੇ ਤੁਸੀਂ ਨੇਤਾਵਾਂ ਨੂੰ ਮਿਲਣ ਲਈ ਕਈ-ਕਈ ਘੰਟੇ, ਮਹੀਨਾਬੱਧੀ ਉਨ੍ਹਾਂ ਦੀਆਂ ਕੋਠੀਆਂ ਦੇ, ਦਫਤਰਾਂ ਦੇ ਚੱਕਰ ਲਗਾਉਂਦੇ ਸੀ, ਅੱਜ ਇਹ ਸਾਰੇ ਤੁਹਾਡੇ ਕੋਲ ਹਨ, ਤੁਹਾਡੇ ਘਰਾਂ 'ਚ ਆ ਰਹੇ ਹਨ ਤਾਂ ਆਪਣਾ ਹਿਸਾਬ ਚੁਕਤਾ ਕਰੋ, ਹਿਸਾਬ ਚੁਕਤਾ ਕਰਨ ਦੇ ਨਾਲ-ਨਾਲ ਆਪਣੀ ਹੈਸੀਅਤ, ਆਪਣੀ ਵੋਟ ਦੀ ਕੀਮਤ ਨੂੰ ਪਹਿਚਾਣੋ, ਆਪਣੇ ਗਲ੍ਹੀ-ਮੁਹੱਲੇ, ਪਿੰਡ ਵਿੱਚ ਉਨ੍ਹਾਂ ਦਲਾਲਾਂ ਤੇ ਲੀਡਰਾਂ ਨੂੰ ਵੜਨ ਨਾ ਦਿਓ, ਜਿਹੜੇ ਤੁਹਾਡੀਆਂ ਵੋਟਾਂ ਲੈਣ ਲਈ ਤੁਹਾਨੂੰ ਕਿਸੇ ਪ੍ਰਕਾਰ ਦਾ ਲਾਲਚ ਦਿੰਦੇ ਹਨ, ਜੇਕਰ ਤੁਸੀਂ ਵਾਕਿਆ ਹੀ ਆਪਣੀ ਵੋਟ ਦਾ ਸਹੀ ਫਾਇਦਾ ਲੈਣਾ ਹੈ ਤਾਂ ਇਸ ਸਮੇਂ ਵੋਟ ਵੀ ਜ਼ਰੂਰ ਪੋਲ ਕਰੋ ਤੇ ਚੋਣ ਕਮਿਸ਼ਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਕਰੋ, ਇਹ ਸਮਂੇਂ ਦੀ ਮੰਗ ਹੈ ਕਿ ਸਾਰੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਲੋਕਤੰਤਰ ਨੂੰ ਮਜ਼ਬੂਤ ਅਤੇ ਕਾਇਮ ਰੱਖਣ ਲਈ ਚੋਣ ਕਮਿਸ਼ਨ ਦਾ ਸਹਿਯੋਗ ਕਰਨ ਅਤੇ ਵੋਟਰ ਨੂੰ ਜਾਗਰੂਕ ਕਰਨ ਤਾਂ ਜੋ ਵੋਟਾਂ ਦਾ ਰਾਜਾ ਹਮੇਸ਼ਾ ਲਈ ਰਾਜਾ ਬਣਿਆ ਰਹਿ ਸਕੇ। ਆਓ ਨਿਰਪੱਖ ਚੋਣਾਂ ਕਰਾਉਣ ਲਈ ਮਜ਼ਬੂਤ ਲੋਕਤੰਤਰ ਲਿਆਉਣ ਲਈ ਰਲ ਕੇ ਹੰਭਲਾ ਮਾਰੀਏ।           -ਅਜੇ ਕੁਮਾਰ  

Tuesday 3 January 2017

ਨਾ ਜਾਤ ਨਾ ਜਮਾਤ

ਕੁਦਰਤ ਨੇ ਭਾਰਤ ਨੂੰ ਹਰ ਉਸ ਨਿਆਮਤ ਨਾਲ ਨਿਵਾਜਿਆ ਹੈ, ਜਿਸ ਕਰਕੇ ਦੇਸ਼ ਨੂੰ ਸਵਰਗ ਕਿਹਾ ਜਾ ਸਕਦਾ ਹੈ ਪਰ ਧਰਮ ਦੇ ਠੇਕੇਦਾਰਾਂ ਨੇ  ਆਪਣੇ ਸਵਾਰਥ ਹਿਤ ਭਾਰਤ ਦੇ ਲੋਕਾਂ ਨੂੰ ਗੋਤਰ, ਉੱਪ ਜਾਤ, ਜਾਤ, ਜਮਾਤ, ਵਰਗ, ਵਰਣ-ਵਿਵਸਥਾ ਵਿੱਚ ਵੰਡ ਕੇ ਦੇਸ਼ ਦੇ ਹਾਲਾਤ ਅਜਿਹੇ ਕਰ ਦਿੱਤੇ ਹਨ ਕਿ ਇਸ ਸਮੇਂ ਭੇਦਭਾਵ, ਨਾ-ਬਰਾਬਰੀ ਦੇ ਘਾਤਕ ਰੋਗ ਨੇ ਭਾਰਤ ਦਾ ਅਤੇ ਭਾਰਤ ਦੇ ਲੋਕਾਂ ਦਾ ਇੰਨਾ ਭਾਰੀ ਨੁਕਸਾਨ ਕੀਤਾ ਹੈ, ਜਿਸ ਦੀ ਭਰਪਾਈ ਹਾਲੇ ਘੱਟੋ-ਘੱਟ ਨੇੜਲੇ 2-3 ਦਹਾਕਿਆਂ 'ਚ ਹੁੰਦੀ ਨਜ਼ਰ ਨਹੀਂ ਆ ਰਹੀ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾ ਲੈਣਾ ਚਾਹੀਦਾ ਹੈ ਕਿ ਜਿਨ੍ਹਾਂ ਮੁਗਲਾਂ ਅਤੇ ਅੰਗਰੇਜ਼ਾਂ ਦੀ ਗੁਲਾਮੀ ਦੀ ਦਾਸਤਾਨ ਸੁਣ ਕੇ ਜਾਂ ਕਿਤਾਬਾਂ 'ਚ ਪੜ੍ਹ ਕੇ ਰੂਹ ਕੰਬ ਉੱਠਦੀ ਹੈ, ਉਨ੍ਹਾਂ ਦੇ ਮੁਲਕਾਂ 'ਚ ਜਾ ਕੇ ਮਜ਼ਦੂਰੀ ਕਰਨ ਦੇ ਲਈ ਭਾਰਤ ਦਾ ਨੌਜਵਾਨ ਇੰਨਾ ਉਤਾਵਲਾ ਹੈ ਕਿ ਉੱਥੇ ਪਹੁੰਚਣ ਲਈ ਉਹ ਆਪਣੀ ਜ਼ਿੰਦਗੀ ਵੀ ਦਾਅ 'ਤੇ ਲਾਉਣ ਤੋਂ ਨਹੀਂ ਹਟਦਾ। ਕਈਆਂ ਨੇ ਤਾਂ ਵਿਦੇਸ਼ ਜਾਣ ਲਈ ਆਪਣੇ ਸਕੇ ਭੈਣ-ਭਰਾਵਾਂ ਨੂੰ ਮੀਆਂ-ਬੀਬੀ ਦੇ ਰਿਸ਼ਤਿਆਂ ਵਿੱਚ ਵੀ ਤਬਦੀਲ ਕਰ ਲਿਆ ਹੈ। ਮਾਨਵਤਾ ਦੇ ਰਹਿਬਰਾਂ ਵੱਲੋਂ ਚਲਾਏ ਗਏ ਅੰਦੋਲਨ ਦੇ ਨਤੀਜੇ ਵਜੋਂ ਹੋਂਦ 'ਚ ਭਾਰਤੀ ਸੰਵਿਧਾਨ ਆਇਆ, ਜਿਸ ਵਿੱਚ ਸਾਂਝੀਵਾਲਤਾ ਦੀ ਗੱਲ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਾਰੇ ਨਿਯਮ-ਉੱਪ ਨਿਯਮ, ਤੌਰ-ਤਰੀਕੇ, ਹਦਾਇਤਾਂ ਦਰਜ ਹਨ ਪਰ ਜਿਨ੍ਹਾਂ ਲੋਕਾਂ ਉੱਪਰ ਮੁੱਖ ਰੂਪ ਵਿੱਚ ਇਸ ਸੰਵਿਧਾਨ ਨੂੰ ਲਾਗੂ ਕਰਾਉਣ ਦੀ ਜ਼ਿੰਮੇਵਾਰੀ ਸੀ, ਕਹਿਣ ਦਾ ਭਾਵ ਰਾਜਨੀਤਿਕ ਲੋਕ, ਉਨ੍ਹਾਂ ਲੋਕਾਂ ਨੇ ਇਸ ਸੰਵਿਧਾਨ ਨੂੰ ਅਮਲੀ ਜਾਮਾ ਪਹਿਨਾਉਣ ਦੀ ਬਜਾਏ ਇਸ ਨੂੰ ਆਪਣੇ ਹਿਤ ਲਈ ਲੋਕਾਂ ਦੀ ਨਿਗ੍ਹਾ ਵਿੱਚ ਇਵੇਂ ਪੇਸ਼ ਕੀਤਾ ਕਿ ਧਰਮ ਦੇ ਨਾਂ 'ਤੇ ਪਖੰਡ ਕਰਨ ਵਾਲੇ ਲੋਕ ਸੰਵਿਧਾਨ ਦੀ ਪਾਲਣਾ ਕਰਨ ਵਾਲੇ ਲੋਕਾਂ ਨੂੰ ਨਾਸਤਿਕ ਹੀ ਕਹਿਣ ਲੱਗ ਪਏ। ਨਤੀਜੇ ਵਜੋਂ ਅੱਜ ਦੇਸ਼ ਦਾ ਬਹੁ-ਗਿਣਤੀ ਨਾਗਰਿਕ ਦੁੱਖ-ਤਕਲੀਫ਼ਾਂ ਨਾਲ ਆਪਣਾ ਜੀਵਨ ਇੰਝ ਗੁਜ਼ਾਰ ਰਿਹਾ ਹੈ, ਜਿਵੇਂ ਕੋਹਲੂ ਵਿੱਚ ਬੀੜਿਆ ਗਿਆ ਹੋਵੇ। ਮੈਂ ਆਪਣੇ ਪਾਠਕਾਂ ਨਾਲ ਇਸ ਲੇਖ ਵਿੱਚ ਰਾਜਨੀਤਿਕ ਲੋਕਾਂ ਵੱਲੋਂ ਜਾਤ ਦੇ ਨਾਂ 'ਤੇ ਕੀਤੀ ਜਾਣ ਵਾਲੀ ਰਾਜਨੀਤੀ 'ਤੇ ਵਿਚਾਰ-ਚਰਚਾ ਕਰਨਾ ਚਾਹੁੰਦਾ ਹਾਂ। ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਦੇਸ਼ ਦੀ ਅਜ਼ਾਦੀ ਤੋਂ ਬਾਅਦ ਹੁਣ ਤੱਕ ਸਾਡੇ ਉੱਪਰ ਰਾਜ ਕਰਨ ਵਾਲੇ ਲੋਕ ਜੁਲਮ-ਜਬਰ ਦੇ ਮਾਮਲੇ ਵਿੱਚ ਮੁਗਲਾਂ ਨੂੰ ਅਤੇ ਅੰਗਰੇਜ਼ਾਂ ਨੂੰ ਕਿਤੇ ਪਿੱਛੇ ਛੱਡ ਚੁੱਕੇ ਹਨ। ਇਸ ਦਾ ਮੁੱਖ ਕਾਰਣ ਇਹ ਹੈ ਕਿ ਰਾਜਨੀਤਿਕ ਆਗੂਆਂ ਨੇ ਮਨੁੱਖ ਦੀ ਬੁੱਧੀ ਦੇ ਵਿਕਾਸ, ਦੇਸ਼ ਦੇ ਵਿਕਾਸ ਅਤੇ ਦੇਸ਼ ਦੀ ਆਰਥਿਕ ਖੁਸ਼ਹਾਲੀ ਨੂੰ ਮੁੱਦੇ ਬਣਾ ਕੇ ਰਾਜਨੀਤੀ ਕਰਨ ਦੀ ਬਜਾਏ ਧਰਮ ਅਤੇ ਜਾਤ ਦੇ ਨਾਂ 'ਤੇ ਰਾਜਨੀਤੀ ਕਰਨ ਨੂੰ ਹੀ ਬਿਹਤਰ ਸਮਝਿਆ ਤੇ ਰੱਜ ਕੇ ਕੀਤੀ ਅਤੇ ਹੁਣ ਤੱਕ ਕਰ ਰਹੇ ਹਨ। ਇਸ ਗੱਲ ਨੂੰ ਲੈ ਕੇ ਪੂਰੇ ਦੇਸ਼ ਨੇ ਅਤੇ ਖ਼ਾਸ ਕਰਕੇ ਪੰਜਾਬ ਨੇ ਬੜਾ ਸੰਤਾਪ ਝੇਲਿਆ ਪਰ ਫਰਵਰੀ 2017 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਰਾਜਨੀਤੀ 'ਚ ਜਾਤ ਦੀ ਰਾਜਨੀਤੀ ਇੰਨੀ ਭਾਰੀ ਹੋ ਚੁੱਕੀ ਹੈ ਕਿ ਹਰ ਬੰਦਾ ਆਪਣੀ ਜਾਤ ਅਤੇ ਆਪਣੀ ਜਮਾਤ ਦੇ ਲੀਡਰ ਤੋਂ ਇਲਾਵਾ ਕਿਸੇ ਨੂੰ ਦੇਖਣਾ ਹੀ ਪਸੰਦ ਨਹੀਂ ਕਰਦਾ। ਕੋਈ ਕਹਿ ਰਿਹਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਜੱਟ ਹੋਣਾ ਚਾਹੀਦਾ ਹੈ, ਕੋਈ ਕਹਿ ਰਿਹਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਹੋਣਾ ਚਾਹੀਦਾ ਹੈ, ਦਲਿਤ ਹੋਣਾ ਚਾਹੀਦਾ ਹੈ ਤੇ ਦਲਿਤਾਂ ਵਿੱਚੋਂ ਵੀ ਕੋਈ ਕਹਿ ਰਿਹਾ ਹੈ ਕਿ ਚਮਾਰ ਹੋਣਾ ਚਾਹੀਦਾ ਹੈ, ਵਾਲਮੀਕਿ ਹੋਣਾ ਚਾਹੀਦਾ ਹੈ, ਮਜ੍ਹਬੀ ਹੋਣਾ ਚਾਹੀਦਾ ਹੈ, ਭਗਤ ਹੋਣਾ ਚਾਹੀਦਾ ਹੈ। ਇੱਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕਿਵੇਂ ਪੰਜਾਬ ਦੀ ਰਾਜਨੀਤੀ 'ਚ ਬਦਲਾਅ ਲਿਆਉਣ ਲਈ ਆਉਣ ਵਾਲੀਆਂ ਚੋਣਾਂ ਵਿੱਚ ਜਾਤ ਤੋਂ ਉੱਪਰ ਉੱਠ ਕੇ ਇਸ ਵਿਚਾਰ 'ਤੇ ਲੀਡਰ ਰਾਜਨੀਤੀ ਕਰਨ ਕਿ ਪੰਜਾਬ ਦਾ ਮੁੱਖ ਮੰਤਰੀ ਉਹ ਚਾਹੀਦਾ ਹੈ, ਜਿਸ ਦੇ ਆਉਣ ਨਾਲ ਪੰਜਾਬ 'ਚ ਕੋਈ ਵੀ ਭੁੱਖਾ ਨਾ ਸੌਵੇਂ, ਕੋਈ ਬੇਘਰਾ ਨਾ ਹੋਵੇ, ਕੋਈ ਵੀ ਪੈਸੇ ਦੁੱਖੋਂ ਅਨਪੜ੍ਹ ਨਾ ਰਹਿ ਜਾਵੇ, ਹਰ ਬੰਦਾ ਆਪਣਾ ਇਲਾਜ ਕਰਾਉਣ ਵਿੱਚ ਸਮਰੱਥ ਹੋਵੇ, ਬੇਰੋਜ਼ਗਾਰੀ ਨਾ ਹੋਵੇ, ਪੰਜਾਬੀ ਵਿਦੇਸ਼ਾਂ ਵਿੱਚ ਧੱਕੇ ਖਾਣ ਦੀ ਬਜਾਏ ਪੰਜਾਬ 'ਚ ਹੀ ਆਪਣੇ ਕੰਮ-ਧੰਦੇ ਇੰਨੇ ਵਧਾ ਲੈਣ ਕਿ ਬਾਹਰਲੇ ਦੇਸ਼ਾਂ ਦੇ ਲੋਕ ਵੀ ਪੰਜਾਬ 'ਚ ਵਪਾਰ ਕਰਨ ਨੂੰ ਤਰਜ਼ੀਹ ਦੇਣ। ਅਧਿਆਪਕਾਂ ਦੀ ਇੱਜ਼ਤ ਹੋਵੇ, ਸੁਰੱਖਿਆ ਕਰਮਚਾਰੀਆਂ ਤੇ ਪੁਲਿਸ ਦਾ ਮਾਣ-ਸਨਮਾਨ ਹੋਵੇ, ਹਰ ਵਿਅਕਤੀ ਭੈਅ-ਮੁਕਤ ਹੋਵੇ, ਹਰ ਵਿਅਕਤੀ ਕੋਲ ਅੱਗੇ ਵਧਣ ਦੇ ਬਰਾਬਰ ਦੇ ਮੌਕੇ ਹੋਣ ਤਾਂ ਜੋ ਬਾਬੇ ਨਾਨਕ ਦਾ ਸਿਧਾਂਤ ਸਰਬੱਤ ਦਾ ਭਲਾ, ਗੁਰੂ ਰਵਿਦਾਸ ਮਹਾਰਾਜ ਜੀ ਦੀ ਸੋਚ ਬੇਗਮਪੁਰਾ ਵਸਾਇਆ ਜਾ ਸਕੇ ਅਤੇ ਡਾ. ਬੀ. ਆਰ. ਅੰਬੇਡਕਰ ਦੇ ਸੁਪਨਿਆਂ ਦਾ ਪੰਜਾਬ ਬਣ ਸਕੇ। ਫੈਸਲਾ ਅਸੀਂ ਸਾਰਿਆਂ ਨੇ ਰਲ-ਮਿਲ ਕੇ ਕਰਨਾ ਹੈ ਤੇ ਰਲ ਕੇ ਪਹਿਰਾ ਦੇਣਾ ਹੈ। ਸਾਡੇ ਸੁਪਨਿਆਂ ਦਾ ਸਮਾਜ ਨਾ ਜਾਤ ਨਾ ਜਮਾਤ।                                                                 -ਅਜੇ ਕੁਮਾਰ