Tuesday 10 January 2017

ਚੋਣਾਂ ਦਾ ਰਾਜਾ

ਲੋਕਤੰਤਰ ਭਾਰਤੀ ਸੰਵਿਧਾਨ ਦੀ ਵਡਮੁੱਲੀ ਦੇਣ ਹੈ। ਲੋਕਤੰਤਰ ਦਾ ਭਾਵ ਹੈ ਲੋਕਾਂ ਵੱਲੋਂ ਲੋਕਹਿਤ ਲਈ ਚੁਣੀ ਗਈ ਲੋਕਾਂ ਦੀ ਸਰਕਾਰ। ਪੰਜਾਬ 'ਚ ਇਸ ਸਮੇਂ ਵਿਧਾਨ ਸਭਾ ਚੋਣਾਂ ਦੀਆਂ ਗਤੀਵਿਧੀਆਂ ਸਰਗਰਮ ਹਨ। ਵੋਟਰ ਲੋਕਤੰਤਰ ਦਾ ਕੇਂਦਰ ਬਿੰਦੂ ਹੈ। ਹਾਲੇ ਤੱਕ ਪੰਜਾਬ ਦੇ ਬਹੁਗਿਣਤੀ ਵੋਟਰ ਨੂੰ ਸਿਆਸੀ ਲੋਕ ਮੂਰਖ ਬਣਾਉਣ ਵਿੱਚ ਕਾਮਯਾਬ ਹੀ ਹੋਏ ਹਨ। ਨਹੀਂ ਤਾਂ ਸਵਰਗ ਤੋਂ ਸੋਹਣੀ ਧਰਤੀ ਪੰਜਾਬ ਅਤੇ ਵਿਸ਼ਵ ਦਾ ਆਦਰਸ਼ ਪੰਜਾਬ ਦੇ ਗੱਭਰੂ ਦਾ ਇੰਨਾ ਮਾੜਾ ਹਾਲ ਨਾ ਹੁੰਦਾ। ਵੋਟਾਂ ਦੇ ਦਿਨਾਂ ਵਿੱਚ ਵੋਟਰ ਰਾਜਾ ਹੁੰਦਾ ਹੈ ਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰ ਲੋਕਾਂ ਦੇ ਰਿਮਾਂਡ 'ਤੇ ਹੁੰਦੇ ਹਨ। ਇਸ ਸਮੇਂ ਹਰ ਗਲ੍ਹੀ-ਮੁਹੱਲੇ, ਚੁਰਾਹੇ, ਵਿਹੜਿਆਂ 'ਚ ਅਤੇ ਹੋਰ ਸਰਵਜਨਕ ਥਾਵਾਂ 'ਤੇ ਸਾਰੇ ਰਾਜਨੀਤਿਕ ਲੀਡਰ ਆਪਣੀ-ਆਪਣੀ ਪਾਰਟੀ ਦੀਆਂ ਸਿਫ਼ਤਾਂ ਦੇ ਕਾਸੀਦੇ ਪੜ੍ਹ ਰਹੇ ਹਨ ਤੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੀਆਂ ਕਾਲੀਆਂ-ਚਿੱਟੀਆਂ ਕਰਤੂਤਾਂ ਦੀ ਪੋਲ ਖੋਲ੍ਹ ਰਹੇ ਹਨ। ਇੰਨਾ ਹੀ ਨਹੀਂ ਵੋਟਰਾਂ ਨੂੰ ਭਰਮਾਉਣ ਲਈ ਵੱਡੇ-ਵੱਡੇ ਗੱਫੇ ਦੇਣ ਦਾ ਵਾਅਦਾ ਕਰ ਰਹੇ ਹਨ। ਹਰ ਸਿਆਸੀ ਪਾਰਟੀ ਆਪਣੀ ਚੋਣ ਮੁਹਿੰਮ ਦੌਰਾਨ ਵੋਟਰ ਨੂੰ ਇਹ ਕਹਿ ਰਹੀ ਹੈ ਤੇ ਦੱਸਣਾ ਚਾਹੁੰਦੀ ਹੈ ਕਿ ਉਨ੍ਹਾਂ ਤੋਂ ਵੱਧ ਵੋਟਰ ਦਾ ਕੋਈ ਖਿਆਲ ਨਹੀਂ ਰੱਖ ਸਕਦਾ। ਖ਼ੈਰ! ਸਿਆਸੀ ਪਾਰਟੀਆਂ ਦਾ ਆਪਣਾ ਕੰਮ ਹੈ। ਮੈਂ ਕਲਮ ਰਾਹੀਂ  ਪੰਜਾਬ ਹਿਤ ਦੀ ਲੜਾਈ ਲੜਨੀ ਹੈ। ਇਸ ਲਈ ਚੋਣਾਂ ਵਿੱਚ ਆਪਣੇ ਲੇਖ ਅਤੇ ਅਖਬਾਰ ਰਾਹੀਂ ਆਪਣਾ ਬਣਦਾ ਯੋਗਦਾਨ ਪਾ ਰਿਹਾ ਹਾਂ। ਆਓ ਝਾਤ ਮਾਰਦੇ ਹਾਂ ਪੰਜਾਬ 'ਚ ਚੋਣਾਂ ਲੜ ਰਹੀਆਂ ਸਿਆਸੀ ਪਾਰਟੀਆਂ ਦੇ ਕਹਿਣੀ ਅਤੇ ਕਰਨੀ ਦੇ ਫ਼ਰਕ 'ਚ। ਸੱਤਾ ਧਿਰ ਅਕਾਲੀ-ਭਾਜਪਾ ਗਠਬੰਧਨ ਦੇ ਮੁਖੀ ਤੇ ਪੰਥ ਦੇ ਦਾਸ ਨੇ ਨਾਅਰਾ ਦਿੱਤਾ ਸੀ ਰਾਜ ਨਹੀਂ ਸੇਵਾ। ਜੇਕਰ ਇਸ ਨਾਅਰੇ ਦੀ ਪੂਰੀ ਘੋਖ ਕਰੀਏ ਤਾਂ ਅਕਾਲੀ ਦਲ ਬਾਦਲ ਪੰਥ ਦੇ ਦਾਸ ਨੇ ਪੰਜਾਬੀਆਂ ਦੀ ਸੇਵਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਉਸ ਨੇ ਵਿਦਿਆਰਥੀ, ਅਧਿਆਪਕ, ਡਾਕਟਰ, ਆਸ਼ਾ ਵਰਕਰ, ਤਕਰੀਬਨ ਹਰ ਵਰਗ ਦੀ ਰੱਜ ਕੇ ਸੇਵਾ ਕੀਤੀ, ਉਹ ਗੱਲ ਵੱਖਰੀ ਹੈ ਕਿ ਸੇਵਾ ਕਰਨ ਦੀ ਡਿਊਟੀ ਉਸ ਨੇ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਦਿੱਤੀ, ਜਿਨ੍ਹਾਂ ਨੇ ਪੂਰੀ ਇਮਾਨਦਾਰੀ ਨਾਲ ਡਾਂਗ ਰਾਹੀਂ ਇਹ ਸੇਵਾ ਨਿਭਾਈ ਵੀ। ਉਨ੍ਹਾਂ ਨੇ ਡਾਂਗ ਫੇਰਨ ਲੱਗੇ ਕਿਸੇ ਵੀ ਜਾਤ, ਜਨਾਨੀ ਜਾਂ ਆਦਮੀ 'ਚ ਫਰਕ ਨਹੀਂ ਰੱਖਿਆ ਬਸ ਸੇਵਾ ਹੀ ਕੀਤੀ।  ਸ਼ਾਇਦ ਹੀ ਕੋਈ ਅਜਿਹਾ ਵਰਗ ਬਚਿਆ ਹੋਵੇਗਾ ਜਿਸ ਦੀ ਡਾਂਗ ਨਾਲ ਸੇਵਾ ਨਹੀਂ ਹੋਈ। ਦੂਜੇ ਪਾਸੇ ਆਪਣੇ ਸ਼ਾਸਨਕਾਲ ਦੌਰਾਨ ਨੌਕਰੀਆਂ 'ਤੇ ਪਾਬੰਦੀ ਲਗਾਉਣ ਦਾ ਆਦੇਸ਼ ਜਾਰੀ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਹਰ ਘਰ 'ਚ ਨੌਕਰੀ ਦੇਣ ਦਾ ਵਾਅਦਾ ਕਰ ਰਹੇ ਹਨ। ਵਿਧਾਨ ਸਭਾ 'ਚੋਂ ਅਕਸਰ ਗੈਰ-ਹਾਜ਼ਰ ਰਹਿਣ ਵਾਲੇ ਰਾਜਾ ਸਾਹਿਬ ਹਰ ਵੇਲੇ ਜਨਤਾ ਦੀ ਸੇਵਾ ਕਰਨ ਦਾ ਵਾਅਦਾ ਕਰ ਰਹੇ ਹਨ। ਨਵੀਂ ਬਣੀ ਆਮ ਆਦਮੀ ਪਾਰਟੀ ਨੇ ਦਿੱਲੀ 'ਚ ਜਨਤਾ ਨਾਲ ਕੀਤੇ ਅੱਧੇ ਵਾਅਦੇ ਵੀ ਨਹੀਂ ਨਿਭਾਏ। ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਅਕਸਰ ਮੀਡੀਆ ਰਾਹੀਂ ਇਹ ਕਹਿੰਦੇ ਹਨ ਕਿ ਅਸੀਂ ਰਾਜਨੀਤੀ 'ਚ ਬਦਲਾਅ ਲਿਆਉਣ ਲਈ ਆਏ ਹਾਂ ਪਰ ਚੋਣਾਂ ਦੌਰਾਨ ਉਨ੍ਹਾਂ ਦੀ ਇਹ ਪੋਲ ਖੁੱਲ੍ਹ ਗਈ, ਕਿਉਂਕਿ ਉਨ੍ਹਾਂ ਨੇ ਵੀ ਪੰਜਾਬ ਦੀ ਸੱਤਾ ਪ੍ਰਾਪਤ ਕਰਨ ਲਈ ਲੱਗਭਗ ਸਾਰੇ ਉਹੀ ਤਰੀਕੇ ਅਪਣਾਏ ਜਿਹੜੇ ਕਾਂਗਰਸ-ਅਕਾਲੀ ਅਪਣਾ ਰਹੇ ਹਨ। ਉਨ੍ਹਾਂ ਨੇ ਵੀ ਜਾਤ ਦੇ ਨਾਂ 'ਤੇ ਰਾਜਨੀਤੀ ਕਰਦਿਆਂ ਐੱਸ. ਸੀ. ਵਿੰਗ ਬਣਾਏ ਤੇ ਦਲਿਤ ਵੋਟ ਨੂੰ ਭਰਮਾਉਣ ਦੀ ਖਾਤਿਰ ਨਾਅਰਾ ਦਿੱਤਾ ਕਿ ਪੰਜਾਬ ਦਾ ਉੱਪ ਮੁੱਖ ਮੰਤਰੀ ਦਲਿਤ ਹੋਵੇਗਾ, ਜਦਕਿ ਹਕੀਕਤ ਇਹ ਹੈ ਕਿ ਦਿੱਲੀ ਵਿੱਚ ਉਨ੍ਹਾਂ ਦੀ ਸਰਕਾਰ ਪੂਰਨ ਬਹੁਮਤ 'ਚ ਹੈ ਪਰ ਉਨ੍ਹਾਂ ਨੇ ਆਪਣੀ ਸਰਕਾਰ 'ਚ ਦਲਿਤਾਂ ਦੇ ਰਾਜਨੀਤਿਕ ਰਾਖਵਾਂਕਰਨ ਕੋਟੇ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ, ਪੂਰੀ ਤਰ੍ਹਾਂ ਲਾਗੂ ਕਰਨਾ ਤਾਂ ਦੂਰ ਕੋਈ ਦਲਿਤ ਕੈਬਨਿਟ ਮੰਤਰੀ ਵੀ ਨਹੀਂ ਲਿਆ। ਇਸ ਤੋਂ ਇਲਾਵਾ ਬਹੁਤ ਸਾਰੇ ਮੁੱਦੇ ਹਨ, ਵਿਚਾਰ ਹਨ, ਬਹੁਤ ਸਾਰੀਆਂ ਚੀਜ਼ਾਂ ਹਨ ਜਿਹੜੀਆਂ ਲੋਕਤੰਤਰ ਨੂੰ ਢਾਅ ਲਾ ਰਹੀਆਂ ਹਨ ਤੇ ਵੋਟਰ ਨੂੰ ਗੁੰਮਰਾਹ ਕਰ ਰਹੀਆਂ ਹਨ। ਮੈਂ ਆਪਣੇ ਲੇਖ ਰਾਹੀਂ ਪੰਜਾਬ ਦੇ ਵੋਟਰ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਇਹ ਸਮਾਂ ਤੁਹਾਡੇ ਲਈ ਸਭ ਤੋਂ ਉੱਤਮ ਸਮਾਂ ਹੈ, ਕਿੱਥੇ ਤੁਸੀਂ ਨੇਤਾਵਾਂ ਨੂੰ ਮਿਲਣ ਲਈ ਕਈ-ਕਈ ਘੰਟੇ, ਮਹੀਨਾਬੱਧੀ ਉਨ੍ਹਾਂ ਦੀਆਂ ਕੋਠੀਆਂ ਦੇ, ਦਫਤਰਾਂ ਦੇ ਚੱਕਰ ਲਗਾਉਂਦੇ ਸੀ, ਅੱਜ ਇਹ ਸਾਰੇ ਤੁਹਾਡੇ ਕੋਲ ਹਨ, ਤੁਹਾਡੇ ਘਰਾਂ 'ਚ ਆ ਰਹੇ ਹਨ ਤਾਂ ਆਪਣਾ ਹਿਸਾਬ ਚੁਕਤਾ ਕਰੋ, ਹਿਸਾਬ ਚੁਕਤਾ ਕਰਨ ਦੇ ਨਾਲ-ਨਾਲ ਆਪਣੀ ਹੈਸੀਅਤ, ਆਪਣੀ ਵੋਟ ਦੀ ਕੀਮਤ ਨੂੰ ਪਹਿਚਾਣੋ, ਆਪਣੇ ਗਲ੍ਹੀ-ਮੁਹੱਲੇ, ਪਿੰਡ ਵਿੱਚ ਉਨ੍ਹਾਂ ਦਲਾਲਾਂ ਤੇ ਲੀਡਰਾਂ ਨੂੰ ਵੜਨ ਨਾ ਦਿਓ, ਜਿਹੜੇ ਤੁਹਾਡੀਆਂ ਵੋਟਾਂ ਲੈਣ ਲਈ ਤੁਹਾਨੂੰ ਕਿਸੇ ਪ੍ਰਕਾਰ ਦਾ ਲਾਲਚ ਦਿੰਦੇ ਹਨ, ਜੇਕਰ ਤੁਸੀਂ ਵਾਕਿਆ ਹੀ ਆਪਣੀ ਵੋਟ ਦਾ ਸਹੀ ਫਾਇਦਾ ਲੈਣਾ ਹੈ ਤਾਂ ਇਸ ਸਮੇਂ ਵੋਟ ਵੀ ਜ਼ਰੂਰ ਪੋਲ ਕਰੋ ਤੇ ਚੋਣ ਕਮਿਸ਼ਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਕਰੋ, ਇਹ ਸਮਂੇਂ ਦੀ ਮੰਗ ਹੈ ਕਿ ਸਾਰੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਲੋਕਤੰਤਰ ਨੂੰ ਮਜ਼ਬੂਤ ਅਤੇ ਕਾਇਮ ਰੱਖਣ ਲਈ ਚੋਣ ਕਮਿਸ਼ਨ ਦਾ ਸਹਿਯੋਗ ਕਰਨ ਅਤੇ ਵੋਟਰ ਨੂੰ ਜਾਗਰੂਕ ਕਰਨ ਤਾਂ ਜੋ ਵੋਟਾਂ ਦਾ ਰਾਜਾ ਹਮੇਸ਼ਾ ਲਈ ਰਾਜਾ ਬਣਿਆ ਰਹਿ ਸਕੇ। ਆਓ ਨਿਰਪੱਖ ਚੋਣਾਂ ਕਰਾਉਣ ਲਈ ਮਜ਼ਬੂਤ ਲੋਕਤੰਤਰ ਲਿਆਉਣ ਲਈ ਰਲ ਕੇ ਹੰਭਲਾ ਮਾਰੀਏ।           -ਅਜੇ ਕੁਮਾਰ  

No comments:

Post a Comment