Tuesday 17 January 2017

ਦਾਗੀ ਤੇ ਬਾਗੀ

ਪੰਜਾਬ ਵਿਧਾਨ ਸਭਾ ਚੋਣਾਂ 4 ਫਰਵਰੀ ਨੂੰ ਹੋਣ ਜਾ ਰਹੀਆਂ ਹਨ। ਭਾਵੇਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਅਤੇ ਲੀਡਰਾਂ ਨੇ ਕਮਰਕੱਸੇ ਕੀਤੇ ਹੋਏ ਹਨ ਪਰ ਵਰਕਰਾਂ 'ਚ ਖਾਸਾ ਉਤਸ਼ਾਹ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਵਿੱਚ ਢਿਲਮੱਠ ਸਾਫ ਦੇਖੀ ਜਾ ਸਕਦੀ ਹੈ। ਇਸ ਦੇ ਕਈ ਕਾਰਣ ਹਨ, ਜਿਨ੍ਹਾਂ ਵਿੱਚੋਂ ਇਕ ਮੁੱਖ ਕਾਰਣ ਨੋਟਬੰਦੀ ਅਤੇ ਦੂਜਾ ਚੋਣ ਕਮਿਸ਼ਨ ਦਾ ਬਹੁਤ ਸਰਗਰਮੀ ਨਾਲ ਕੰਮ ਕਰਨਾ ਹੈ। ਦਾਗੀ ਆਦਮੀ ਨੂੰ ਤੇ ਮਨੁੱਖ ਛੱਡੋ ਕੁੱਤੇ-ਬਿੱਲੇ ਵੀ ਪਸੰਦ ਨਹੀਂ ਕਰਦੇ, ਕਿਉਂਕਿ ਦਾਗੀ ਆਦਮੀ ਕਰਕੇ ਹੀ ਪਰਿਵਾਰ, ਸਮਾਜ ਤੇ ਦੇਸ਼ ਦਾਗੀ ਹੁੰਦਾ ਹੈ। ਦਾਗੀ ਆਦਮੀ ਦਾ ਭਾਰ ਧਰਤੀ ਵੀ ਨਹੀਂ ਝੱਲ ਸਕਦੀ। ਬਾਗੀ ਦੋ ਤਰ੍ਹਾਂ ਦੇ ਹੁੰਦੇ ਹਨ, ਇਕ ਬਾਗੀ ਉਹ ਹੁੰਦੇ ਹਨ ਜਿਹੜੇ ਗੰਦੀ ਸਮਾਜਿਕ ਵਿਵਸਥਾ ਦੇ ਖਿਲਾਫ ਖੜੇ ਹੋ ਕੇ ਮਾਨਵਤਾ ਦਾ ਧਰਮ ਨਿਭਾਉਂਦੇ ਹੋਏ ਇਤਿਹਾਸ ਦੇ ਮਹਾਨ ਇਤਿਹਾਸਕ ਪਾਤਰ ਬਣ ਜਾਂਦੇ ਹਨ। ਦੂਜੇ ਬਾਗੀ ਉਹ ਹੁੰਦੇ ਹਨ ਜਿਹੜੇ ਆਪਣੇ ਸਵਾਰਥ ਲਈ ਲੁੱਟ ਦੇ ਮਾਲ ਦਾ ਪੂਰਾ ਹਿੱਸਾ ਨਾ ਮਿਲਣ ਕਰਕੇ ਬਗਾਵਤ ਦਾ ਝੰਡਾ ਬੁਲੰਦ ਕਰਦੇ ਹਨ ਤੇ ਦੁਹਾਈ ਸਿਧਾਂਤਾਂ, ਅਸੂਲਾਂ ਦੀ ਦਿੰਦੇ ਹਨ। ਕੁਝ ਇਸੇ ਹੀ ਤਰ੍ਹਾਂ ਦੇ ਬਾਗੀ ਤੇ ਦਾਗੀ ਲੀਡਰ ਇਸ ਵਾਰ ਪੰਜਾਬ ਦੀਆਂ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾਉਣ ਜਾ ਰਹੇ ਹਨ, ਇਸ ਲਈ ਸਾਨੂੰ ਸੋਚਣ ਲਈ ਮਜਬੂਰ ਹੋਣਾ ਪਵੇਗਾ ਕਿ ਪੰਜਾਬ ਦਾ ਤੇ ਪੰਜਾਬੀਆਂ ਦੇ ਭਵਿੱਖ ਦਾ ਕੀ ਹੋਵੇਗਾ? ਭਾਵੇਂ ਮੌਜੂਦਾ ਸਰਕਾਰ ਵਿਕਾਸ ਦਾ ਦਾਅਵਾ ਕਰ ਰਹੀ ਹੈ ਤੇ ਵਿਰੋਧੀ ਧਿਰ ਪੰਜਾਬ ਨੂੰ ਨਰਕ 'ਚੋਂ ਕੱਢ ਕੇ ਸਵਰਗ ਵੱਲ ਲਿਜਾਣ ਦਾ ਦਾਅਵਾ ਕਰਦੀ ਹੈ ਪਰ ਪੰਜਾਬ ਦੀ ਜਨਤਾ ਨੇ ਦੋਨੋਂ ਹੀ ਪਾਰਟੀਆਂ ਨੂੰ ਚੰਗੀ ਤਰ੍ਹਾਂ ਪਰਖਿਆ ਹੋਇਆ ਹੈ। ਹਾਲਾਂਕਿ ਇਸ ਵਾਰ ਪੰਜਾਬ ਦੀਆਂ ਚੋਣਾਂ ਵਿੱਚ ਮੁੱਖ ਪਾਰਟੀਆਂ ਤੋਂ ਇਲਾਵਾ ਨਵੀਆਂ ਤਕਰੀਬਨ 15 ਪਾਰਟੀਆਂ ਚੋਣਾਂ ਲੜ ਰਹੀਆਂ ਹਨ ਤੇ ਕਰੀਬ 1 ਹਜ਼ਾਰ ਉਮੀਦਵਾਰ ਅਜ਼ਾਦ ਵੀ ਚੋਣ ਲੜਨਗੇ, ਇਨ੍ਹਾਂ ਦਾ ਚੋਣ ਨਤੀਜਿਆਂ 'ਤੇ ਪ੍ਰਭਾਵ ਜ਼ਰੂਰ ਪਵੇਗਾ ਪਰ ਜਿੰਨਾ ਪ੍ਰਭਾਵ ਬਾਗੀ ਤੇ ਦਾਗੀ ਉਮੀਦਵਾਰਾਂ ਦਾ ਇਸ ਵਾਰ ਦੀਆਂ ਚੋਣਾਂ ਵਿੱਚ ਹੋਵੇਗਾ, ਉਸ ਦੇ ਪਿਛਲੇ ਸਾਰੇ ਰਿਕਾਰਡ ਟੁੱਟ ਜਾਣਗੇ। ਵੈਸੇ ਤਾਂ ਸਾਰੇ ਛੋਟੇ-ਵੱਡੇ ਲੀਡਰ ਆਪਣੀਆਂ ਸਟੇਜਾਂ 'ਤੇ ਭਾਸ਼ਣਾਂ ਰਾਹੀਂ ਦਾਗੀਆਂ -ਬਾਗੀਆਂ ਤੇ ਦਲਬਦਲੂਆਂ ਨੂੰ ਅਕਲ ਸਿਖਾਉਣ ਲਈ ਲੋਕਾਂ ਨੂੰ ਅਪੀਲ ਕਰਦੇ ਹਨ ਤੇ ਇਹ ਵੀ ਕਹਿੰਦੇ ਹਨ ਕਿ ਲੋਕ ਇਨ੍ਹਾਂ ਨੂੰ ਮੂੰਹ ਨਾ ਲਾਉਣ ਪਰ ਅਸਲ ਵਿੱਚ ਆਪ ਇਹ ਸਾਰੀਆਂ ਰਾਜਨੀਤਿਕ ਪਾਰਟੀਆਂ ਦੂਸਰੀਆਂ ਪਾਰਟੀਆਂ 'ਚੋਂ ਆਏ ਬਾਗੀਆਂ ਤੇ ਦਾਗੀਆਂ ਨੂੰ ਵੀ ਇੰਝ ਆਪਣੇ ਸਿਰ ਦਾ ਤਾਜ ਬਣਾਉਂਦੀਆਂ ਹਨ, ਜਿਵੇਂ ਇਹ ਕੋਹੇਨੂਰ ਦਾ ਹੀਰਾ ਹੋਣ। ਯਕੀਨ ਮੰਨੋ ਭਾਵੇਂ ਅਜਿਹੇ ਦਾਗੀਆਂ-ਬਾਗੀਆਂ ਤੇ ਦਲਬਦਲੂਆਂ ਦਾ ਕੋਈ ਕਿਰਦਾਰ, ਸਿਧਾਂਤ, ਅਸੂਲ ਤੇ ਨਿਯਮ ਨਹੀਂ ਹੁੰਦਾ ਪਰ ਇਸ ਵਾਰ ਦੀਆਂ ਚੋਣਾਂ ਵਿੱਚ ਇਨ੍ਹਾਂ ਦਾ ਰੋਲ ਬਹੁਤ ਅਹਿਮ ਹੋਵੇਗਾ ਤੇ ਇਹ ਲੋਕ ਚੋਣਾਂ ਦਾ ਕੇਂਦਰ ਬਿੰਦੂ ਹੋਣਗੇ। ਅਜਿਹੇ ਕੇਂਦਰ ਬਿੰਦੂ ਨੂੰ ਪੜ੍ਹ ਪਾਉਣਾ ਤੇ ਸਮਝ ਪਾਉਣਾ ਬੁੱਧੀਜੀਵੀਆਂ ਲਈ ਇਸ ਸਮੇਂ ਬਹੁਤ ਔਖੀ ਤੇ ਟੇਢੀ ਖੀਰ ਹੈ। ਤਾਹੀਓਂ ਤਾਂ ਪੰਜਾਬ ਦੀ ਸਥਿਤੀ ਬਾਰੇ ਸਪੱਸ਼ਟ ਕਹਿਣ ਵਿੱਚ ਮੀਡੀਆ, ਸਿਆਸੀ ਪੰਡਿਤ, ਜੋਤਸ਼ੀ ਆਦਿ ਹਾਲੇ ਗੁਰੇਜ਼ ਹੀ ਕਰ ਰਹੇ ਹਨ, ਕਿਉਂਕਿ ਇਹ ਚੋਣਾਂ ਇਕ ਨਿਵੇਕਲੀ ਤਰ੍ਹਾਂ ਦੀਆਂ ਹੀ ਚੋਣਾਂ ਹੋਣ ਜਾ ਰਹੀਆਂ ਹਨ। ਇੱਥੇ ਜ਼ਿਕਰਯੋਗ ਹੈ ਕਿ ਅਦਾਰਾ 'ਆਪਣੀ ਮਿੱਟੀ' ਦੇ ਪੱਤਰਕਾਰਾਂ ਅਤੇ ਸਹਿਯੋਗੀਆਂ ਦੇ ਨਾਲ-ਨਾਲ ਭਰੋਸੇਯੋਗ ਸੂਤਰਾਂ ਤੋਂ ਮਿਲੀਆਂ ਰਿਪੋਰਟਾਂ ਮੁਤਾਬਿਕ ਜੇਕਰ ਪੰਜਾਬ ਦੇ ਬੁੱਧੀਜੀਵੀਆਂ ਨੇ ਆਪਣੇ ਸਾਰੇ ਕੰਮ ਪਿਛਾਂਹ ਛੱਡ ਕੇ ਇਸ ਸਮੇਂ ਪੰਜਾਬ ਦੀਆਂ ਚੋਣਾਂ ਵਿੱਚ ਆਪਣੀ ਅਹਿਮ ਭੂਮਿਕਾ ਨਾ ਨਿਭਾਈ ਤਾਂ ਇਸ ਵਾਰ ਦੀਆਂ ਚੋਣਾਂ ਲੋਕਤੰਤਰ ਦੇ ਹਿਤ ਵਿੱਚ ਨਹੀਂ, ਬਲਕਿ ਪੰਜਾਬ ਨੂੰ ਹੂ-ਬ-ਹੂ ਨਰਕ ਦਾ ਨਕਸ਼ਾ ਬਣਾਉਣ ਲਈ ਸਾਬਤ ਹੋਣਗੀਆਂ। ਹੁਣ ਦੇਖਣਾ ਇਹ ਹੈ ਕਿ ਬੁੱਧੀਜੀਵੀ ਆਪਣਾ ਰੋਲ ਬਾਖੂਬੀ ਨਿਭਾਉਂਦੇ ਹਨ ਜਾਂ ਦਾਗੀ-ਬਾਗੀ ਤੇ ਦਲਬਦਲੂ ਬਾਜ਼ੀ ਮਾਰ ਲੈਂਦੇ ਹਨ ਜੇ ਇੰਝ ਹੋ ਜਾਂਦਾ ਹੈ ਤਾਂ ਉਹ ਇਸ ਕਹਾਵਤ ਨੂੰ ਸੱਚ ਸਾਬਤ ਕਰ ਦੇਣਗੇ ਕਿ 'ਜਦੋਂ ਪਹਿਰੇਦਾਰ ਆਲਸੀ ਹੋਣ ਤਾਂ ਲੂਲ੍ਹੇ, ਲੰਗੜੇ, ਕਾਣੇ ਵੀ ਬੜੇ ਆਰਾਮ ਨਾਲ ਚੋਰੀ ਕਰਨ 'ਚ ਕਾਮਯਾਬ ਹੋ ਜਾਂਦੇ ਹਨ।' ਇੱਥੇ ਮੈਂ ਇਹ ਵੀ ਗੱਲ ਸਪੱਸ਼ਟ ਰੂਪ ਵਿੱਚ ਕਹਿ ਦੇਣਾ ਚਾਹੁੰਦਾ ਹਾਂ ਕਿ ਦਾਗੀਆਂ, ਬਦਬਦਲੂਆਂ ਦੇ ਤੇ ਅਜਿਹੇ ਬਾਗੀਆਂ ਦੇ ਕੋਈ ਪੈਰ ਨਹੀਂ ਹੁੰਦੇ। ਜੇਕਰ ਬੁੱਧੀਜੀਵੀ ਵਰਗ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਨਾਲ ਮਿਲ ਕੇ ਖੜ੍ਹਾ ਹੋ ਜਾਵੇ ਤਾਂ ਬਾਗੀ-ਦਾਗੀ ਤੇ ਦਲਬਦਲੂ ਕਿਤੇ ਨਜ਼ਰ ਨਹੀਂ ਆਉਣਗੇ, ਕਿਉਂਕਿ ਬਹੁਤੇ ਬਾਗੀ, ਦਾਗੀ ਤੇ ਦਲਬਦਲੂਆਂ ਦਾ ਇਹ ਹਾਲ ਹੁੰਦਾ ਹੈ 'ਮਾਵਾਂ ਧੀਆਂ ਮੇਲਣਾਂ, ਪਿਉ-ਪੁੱਤ ਬਰਾਤੀ।'
ਅਜੈ ਕੁਮਾਰ

No comments:

Post a Comment