Monday 20 April 2015

ਸੰਘਰਸ਼ ਅਜੇ ਬਾਕੀ ਹੈ

ਅੱਜ ਤੋਂ 124 ਸਾਲ ਪਹਿਲਾਂ ਭਾਰਤ ਦੀ ਧਰਤੀ 'ਤੇ ਇਕ ਗਰੀਬ ਦਲਿਤ ਸੂਬੇਦਾਰ ਰਾਮ ਜੀ ਦੇ ਘਰ ਪੈਦਾ ਹੋਇਆ ਭੀਮ ਰਾਓ। ਕਿਸੇ ਨੇ ਨਹੀਂ ਸੋਚਿਆ ਹੋਵੇਗਾ ਕਿ ਇਹ ਬੱਚਾ ਭਾਰਤ ਦੇ ਕਰੋੜਾਂ ਦਿਲਾਂ ਦੀ ਧੜਕਣ ਬਣ ਕੇ ਸੈਂਕੜੇ ਸਾਲਾਂ ਤੱਕ ਭਾਰਤੀ ਸਮਾਜ 'ਤੇ ਆਪਣੀ ਛਾਪ ਛੱਡੇਗਾ। ਬਾਬਾ ਸਾਹਿਬ ਦਾ ਜਨਮ ਦਿਨ ਰਾਸ਼ਟਰੀ ਤਿਉਹਾਰ ਬਣ ਚੁੱਕਾ ਹੈ। ਕੁਝ ਸਾਲ ਪਹਿਲਾਂ ਤੱਕ ਬਾਬਾ ਸਾਹਿਬ ਦੇ ਧੁਰ ਵਿਰੋਧੀ ਭਾਜਪਾ ਤੇ ਕਾਂਗਰਸ ਵੀ ਹੁਣ ਰਾਸ਼ਟਰੀ ਪੱਧਰ 'ਤੇ ਬਾਬਾ ਸਾਹਿਬ ਦਾ ਜਨਮ ਦਿਨ ਮਨਾਉਂਦੀਆਂ ਹਨ। ਬਾਬਾ ਸਾਹਿਬ ਦਾ ਇਕ ਹੋਰ ਵਾਕ ਸੱਚ ਹੁੰਦਾ ਨਜ਼ਰ ਆ ਰਿਹਾ ਹੈ 'ਜੇ ਤੁਸੀਂ ਇਮਾਨਦਾਰੀ ਨਾਲ ਸੱਚੇ ਦਿਲੋਂ ਆਪਣਾ ਕੰਮ ਕਰਦੇ ਹੋ, ਵਕਤ ਆਏਗਾ ਤੁਹਾਡੇ ਵਿਰੋਧੀ ਵੀ ਤੁਹਾਡਾ ਸਨਮਾਨ ਕਰਨਾ ਸਿੱਖ ਜਾਣਗੇ'। ਦੇਰ ਨਾਲ ਹੀ ਸਹੀ ਉਹ ਵਕਤ ਆ ਗਿਆ ਹੈ। ਜੋ ਲੋਕ ਬਾਬਾ ਸਾਹਿਬ ਅੰਬੇਡਕਰ ਦਾ ਨਾਮ ਸੁਣਨਾ ਵੀ ਪਸੰਦ ਨਹੀਂ ਕਰਦੇ ਸਨ ਉਹ ਬਾਬਾ ਸਾਹਿਬ ਦੀ ਸ਼ਖਸੀਅਤ ਮੂਹਰੇ ਮੱਥਾ ਟੇਕਦੇ ਹਨ। ਜੋ ਮਰਜ਼ੀ ਹੋ ਜਾਵੇ, ਝੂਠ ਜਿੰਨਾ ਮਰਜ਼ੀ ਗੱਜ ਲਵੇ, ਆਖਿਰ ਤਾਂ ਸੱਚ ਦੀ ਹੀ ਜਿੱਤ ਹੁੰਦੀ ਹੈ। ਜਿੱਥੇ ਇਕ ਪਾਸੇ ਮਨ ਨੂੰ ਤਸੱਲੀ ਹੁੰਦੀ ਹੈ ਕਿ ਆਖਿਰ ਸਭ ਭਾਰਤੀ ਮਨ ਰਹੇ ਹਨ ਕਿ ਬਾਬਾ ਸਾਹਿਬ ਹੀ ਸਾਡੇ ਸੱਚੇ ਮਾਅਨਿਆਂ 'ਚ ਲੀਡਰ ਹਨ, ਉੱਥੇ ਦਿਲ 'ਚ ਇਕ ਡਰ ਪੈਦਾ ਹੋ ਰਿਹਾ ਹੈ ਕਿ ਅਸੀਂ ਬਾਬਾ ਸਾਹਿਬ ਨੂੰ ਰੱਬ ਦਾ ਦਰਜਾ ਦੇ ਕੇ ਆਪਣੇ ਮੂਲ ਉਦੇਸ਼ਾਂ ਤੋਂ ਨਾ ਭਟਕ ਜਾਈਏ। ਕਿਧਰੇ ਬਾਬਾ ਸਾਹਿਬ ਦਾ ਜਨਮ ਦਿਨ ਮਨਾ ਕੇ ਬਾਬਾ ਸਾਹਿਬ ਦੇ ਧੁਰ ਵਿਰੋਧੀ ਦਲਿਤਾਂ ਨੂੰ ਭਰਮਾਉਣ ਦੀ ਇਕ ਹੋਰ ਚਾਲ ਤਾਂ ਨਹੀਂ ਚੱਲ ਰਹੇ?ਵੋਟ ਦੀ ਸ਼ਕਤੀ ਜੋ ਸਾਨੂੰ ਬਾਬਾ ਸਾਹਿਬ ਨੇ ਦਿੱਤੀ ਸੀ, ਕਿਤੇ ਉਸ ਵੋਟ ਦੀ ਸ਼ਕਤੀ ਨੂੰ ਮੱਥਾ ਟੇਕਿਆ ਜਾ ਰਿਹਾ ਹੈ ਜਾਂ ਬਾਬਾ ਸਾਹਿਬ ਦੀ ਸ਼ਖਸੀਅਤ ਮੂਹਰੇ ਨਾ ਝੁਕਣ ਵਾਲੇ ਸਿਰ ਨਤਮਸਤਕ ਹੋ ਰਹੇ ਹਨ। ਜੋ ਵੀ ਹੈ ਜੈਸਾ ਵੀ ਹੈ, ਜੇ ਦਲਿਤ ਆਪਣਾ ਹੋਸ਼ ਨਾ ਗੁਆਵੇ, ਆਪਣੀ ਤਾਕਤ ਨੂੰ ਜਾਣਦੇ ਹੋਏ ਉਸ ਦਾ ਗਲਤ ਹੱਥਾਂ ਵਿੱਚ ਇਸਤੇਮਾਲ ਨਾ ਹੋਣ ਦੇਵੇ ਫਿਰ ਕਿਸੇ ਵੀ ਤਰ੍ਹਾਂ ਦੀਆਂ ਡਰਾਮੇਬਾਜ਼ੀਆਂ ਦਾ ਸਾਨੂੰ ਕੋਈ ਡਰ ਨਹੀਂ। ਦੂਸਰੇ ਪਾਸੇ ਇੰਝ ਜਾਪਦਾ ਹੈ ਕਿ ਸਾਡੇ ਦਲਿਤ ਭਰਾ ਵੀ ਬਾਬਾ ਸਾਹਿਬ ਨੂੰ ਰੱਬ ਦਾ ਦਰਜਾ ਦੇ ਜਨਮ ਦਿਹਾੜੇ 'ਤੇ ਯਾਤਰਾਵਾਂ ਕੱਢ, ਨਾਅਰੇ ਲਗਾ, ਬਾਬਾ ਸਾਹਿਬ ਦੀਆਂ ਮੂਰਤੀਆਂ 'ਤੇ ਹਾਰ ਪਾ ਆਪਣੇ ਕਰਤਵ ਤਾਂ ਨਹੀਂ ਭੁੱਲ ਰਹੇ? ਅਜੇ ਬਾਬਾ ਸਾਹਿਬ ਦਾ ਸੁਪਨਾ ਪੂਰਾ ਕਰਨ ਲਈ ਸਾਨੂੰ ਬਹੁਤ ਲੰਬਾ ਸੰਘਰਸ਼ ਕਰਨ ਦੀ ਲੋੜ ਹੈ। ਅਜੇ ਸਾਡਾ ਕੰਮ ਮੁੱਕਿਆ ਨਹੀਂ। ਰੱਬ ਦਾ ਦਰਜਾ ਦੇ ਕੇ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਨਹੀਂ ਹੋ ਸਕਦੇ। ਅਸੀਂ ਕਹਿੰਦੇ ਹਾਂ ਬਾਬਾ ਸਾਹਿਬ ਸਾਡੇ ਰਹਿਬਰ ਹਨ। ਰਹਿਬਰ ਦਾ ਅਰਥ ਹੁੰਦਾ ਹੈ ਰਾਹ ਦਿਖਾਉਣ ਵਾਲਾ ਜਾਂ ਇਸ ਨੂੰ ਗਾਈਡ ਵੀ ਕਿਹਾ ਜਾਂਦਾ ਹੈ। ਬਾਬਾ ਸਾਹਿਬ ਨੇ ਸਾਡੇ ਲਈ ਮੰਜ਼ਿਲ ਨਿਸ਼ਚਿਤ ਕੀਤੀ ਹੈ, ਭਾਰਤ ਦੀ ਸੰਸਦ 'ਤੇ ਦਲਿਤਾਂ ਦਾ ਅਧਿਕਾਰ। ਵੋਟ ਦੀ ਸ਼ਕਤੀ ਦਾ ਇਸਤੇਮਾਲ ਕਰਦੇ ਹੋਏ ਆਪਣੇ ਇਕੱਠ ਦੀ ਤਾਕਤ ਦਿਖਾਉਂਦੇ ਹੋਏ ਅਸੀਂ ਉਸ ਮੰਜ਼ਿਲ ਨੂੰ ਪ੍ਰਾਪਤ ਕਰ ਸਕਦੇ ਹਾਂ। ਸਾਡੇ ਰਹਿਬਰ ਨੇ ਸਾਨੂੰ ਰਸਤੇ ਦੱਸੇ ਹੋਏ ਹਨ। ਆਪਣੇ ਰਹਿਬਰ ਨੂੰ ਪਹਿਚਾਨਣ ਦੇ ਦੋ ਤਰੀਕੇ ਹਨ, ਇਕ ਤਾਂ ਉਸ ਦੀ ਮੂਰਤੀ ਗਲ 'ਚ ਪਾ ਲਓ, ਮੱਥੇ ਟੇਕ ਲਓ, ਕਿਤਾਬ ਦਾ ਸਿਰਹਾਣਾ ਬਣਾ ਕੇ ਸਿਰ ਥੱਲੇ ਰੱਖ ਕੇ ਅਕਲ ਨਹੀਂ ਜੇ ਆਉਣੀ। ਜੇ ਅਕਲ ਲੈਣੀ ਹੈ ਤਾਂ ਉਸ ਦਾ ਇਕ-ਇਕ ਪੰਨਾ ਪੜ੍ਹਨਾ ਪਵੇਗਾ, ਇਕ-ਇਕ ਸ਼ਬਦ 'ਤੇ ਵਿਚਾਰ ਕਰਨਾ ਪਵੇਗਾ, ਉਸ ਵਿਚਾਰ ਦੇ ਅਰਥ ਸਮਝਦੇ ਹੋਏ ਅਗਲਾ ਰਸਤਾ ਤਲਾਸ਼ਣਾ ਪਵੇਗਾ। ਬਾਬਾ ਸਾਹਿਬ ਨੇ ਆਪਣੇ ਜੀਵਨ 'ਚ ਬਹੁਤ ਸੰਘਰਸ਼ ਕੀਤੇ ਅਤੇ ਬਹੁਤ ਸੰਘਰਸ਼ਾਂ ਦੇ ਵਿੱਚ ਉਨ੍ਹਾਂ ਨੂੰ ਨਾ-ਕਾਮਯਾਬੀ ਵੀ ਮਿਲੀ। ਉਨ੍ਹਾਂ ਨੇ ਆਪਣੇ ਸੰਘਰਸ਼ਪੂਰਣ ਜੀਵਨ ਤੋਂ ਸਾਨੂੰ ਕੁਝ ਸਿੱਖਿਆਵਾਂ ਦਿੱਤੀਆਂ ਹਨ। ਮੈਂ ਇਕ ਛੋਟੀ ਜਿਹੀ ਉਦਾਹਰਣ ਦੇਣਾ ਚਾਹੁੰਦਾ ਹਾਂ, ਸਾਡੇ ਇਕ ਵਿਗਿਆਨਕ ਹੋਇਆ ਹੈ ਥਾਮਸ ਐਡੀਸਨ। ਜਿਸ ਨੇ ਬਲਬ ਦਾ ਆਵਿਸ਼ਕਾਰ ਕੀਤਾ ਤੇ ਬਲਬ ਬਣਾਉਣ ਦੇ ਲਈ ਤਜ਼ਰਬੇ ਕਰਦੇ-ਕਰਦੇ ਉਸ ਦੇ ਕਈ ਸਾਲ ਨਿਕਲ ਗਏ। ਅਸੀਂ ਸਾਰੇ ਜਾਣਦੇ ਹਾਂ ਬਲਬ ਵਿੱਚ ਇਕ ਤਾਰ ਪਈ ਹੁੰਦੀ ਹੈ ਜਿਹੜੀ ਬਲ ਕੇ ਰੌਸ਼ਨੀ ਦਿੰਦੀ ਹੈ। ਉਹ ਵਾਰ-ਵਾਰ ਤਾਰ ਦੀ ਧਾਤੂ ਬਦਲਦਾ, ਕਦੇ ਸੋਨਾ ਲਾਉਂਦਾ, ਕਦੇ ਚਾਂਦੀ ਲਗਾਈ, ਕਦੇ ਲੋਹਾ ਲਗਾਇਆ, ਤਾਂਬਾ ਲਗਾਇਆ, ਕਦੀ ਪਿੱਤਲ ਲਗਾਇਆ। ਹਰ ਤਜ਼ਰਬੇ ਵਿੱਚ ਉਸ ਨੂੰ ਨਾ-ਕਾਮਯਾਬੀ ਮਿਲੀ। ਉਸ ਦੇ ਇਕ ਸਾਥੀ ਨੇ ਪੁੱਛਿਆ, 'ਇਹ ਤੂੰ ਕਿਹੜੇ ਕੰਮ 'ਚ ਪੈ ਗਿਆ ਏਂ, ਤਜ਼ਰਬੇ ਕਰਦੇ-ਕਰਦੇ ਤੇਰੀ ਜ਼ਿੰਦਗੀ ਨਿਕਲ ਜਾਣੀ, ਬਲਬ ਨਹੀਂ ਜੇ ਬਣਨਾ।' ਐਡੀਸਨ ਦਾ ਜਵਾਬ ਸੀ, 'ਹੋ ਸਕਦਾ ਹੈ ਮੈਂ ਆਪਣੀ ਜ਼ਿੰਦਗੀ ਵਿੱਚ ਬਲਬ ਨਾ ਬਣਾ ਸਕਾਂ, ਪਰ ਯਾਦ ਰੱਖੀਂ ਆਉਣ ਵਾਲੇ ਵਕਤ ਦੇ ਵਿੱਚ ਜਿਹੜਾ ਬਲਬ ਬਣਾਉਣ ਦੀ ਕੋਸ਼ਿਸ਼ ਕਰੇਗਾ ਉਸ ਦਾ ਰਸਤਾ ਬਹੁਤ ਸਾਫ਼ ਹੋਵੇਗਾ, ਉਸ ਨੂੰ ਪਤਾ ਲੱਗ ਜਾਵੇਗਾ ਕਿ ਇਹ ਧਾਤੂਆਂ ਵਰਤ ਕੇ ਬਲਬ ਨਹੀਂ ਬਣਨਾ, ਕੋਈ ਹੋਰ ਧਾਤੂ ਦੀ ਤਲਾਸ਼ ਕਰਨੀ ਪਵੇਗੀ।' ਕੁਝ ਉਸੇ ਤਰੀਕੇ ਨਾਲ ਸਾਨੂੰ ਬਾਬਾ ਸਾਹਿਬ ਦਾ ਜੀਵਨ ਅਤੇ ਉਨ੍ਹਾਂ ਦੇ ਸੰਘਰਸ਼ਾਂ ਦੀ ਕਹਾਣੀ ਸਮਝਣੀ ਪਵੇਗੀ। ਸਾਡਾ ਕੰਮ ਉਨ੍ਹਾਂ ਦੀਆਂ ਮੂਰਤੀਆਂ 'ਤੇ ਹਾਰ ਪਾ ਕੇ ਮੁੱਕ ਨਹੀਂ ਜਾਂਦਾ, ਬਲਕਿ ਅਸੀਂ ਉਨ੍ਹਾਂ ਦੀ ਅੰਤ੍ਰਿਕ ਸ਼ਕਤੀ, ਉਨ੍ਹਾਂ ਦੀ ਬੁੱਧੀ ਦੀ ਤਾਕਤ, ਉਨ੍ਹਾਂ ਦੀ ਵਾਕ ਸ਼ਕਤੀ, ਉਨ੍ਹਾਂ ਦੀ ਇਮਾਨਦਾਰੀ, ਉਨ੍ਹਾਂ ਦੀ ਸਪੱਸ਼ਟਵਾਦਤਾ, ਉਨ੍ਹਾਂ ਦੀ ਸੰਘਰਸ਼ਸ਼ੀਲਤਾ ਤੋਂ ਸਬਕ ਲੈਂਦੇ ਹੋਏ ਨਵੀਆਂ ਰਾਹਾਂ ਤਲਾਸ਼ ਕਰਨੀਆਂ ਹਨ ਤਾਂ ਜੋ ਜਿਹੜੇ ਮਕਸਦ ਉਨ੍ਹਾਂ ਦੇ ਅਧੂਰੇ ਰਹਿ ਗਏ, ਉਨ੍ਹਾਂ ਨੂੰ ਅਸੀਂ ਪੂਰਾ ਕਰ ਸਕੀਏ। ਉਨ੍ਹਾਂ ਨੇ ਕੋਸ਼ਿਸ਼ ਕੀਤੀ ਪਰ ਅਸੀਂ ਇਕੱਠੇ ਨਾ ਹੋਏ ਅਤੇ ਇਹ ਬਿਮਾਰੀ ਅਜੇ ਤੱਕ ਜਾਰੀ ਹੈ। ਉਸ ਵੇਲੇ ਵੀ ਸਾਨੂੰ ਦੂਸਰੀਆਂ ਪਾਰਟੀਆਂ ਭਰਮਾ ਲੈਂਦੀਆਂ ਸਨ, ਇਸ ਵੇਲੇ ਵੀ ਉਹੀ ਸਿਲਸਿਲਾ ਜਾਰੀ ਹੈ। ਉਸ ਵੇਲੇ ਵੀ ਸਾਡੇ ਸਿਰ 'ਤੇ ਹੱਥ ਫੇਰ ਕੇ ਸੀਰੀ ਕਰਵਾ ਲਈ ਜਾਂਦੀ ਸੀ, ਐਸ ਵੇਲੇ ਵੀ ਉਹੀ ਕੰਮ ਜਾਰੀ ਹੈ। ਉਸ ਵੇਲੇ ਵੀ ਅਸੀਂ ਆਪਸ ਵਿੱਚ ਲੜਦੇ ਸਾਂ, ਹੁਣ ਵੀ ਉਹੀ ਕੰਮ ਜਾਰੀ ਹੈ। ਫ਼ਰਕ ਕੀ ਪਿਆ? ਅਸੀਂ ਬਾਬਾ ਸਾਹਿਬ ਦੇ ਜੀਵਨ ਤੋਂ ਕੀ ਸਿੱਖਿਆ ਲਈ? ਅਜੇ ਵੀ ਜੇ ਤੁਸੀਂ ਸਹੀ ਮਾਅਨਿਆਂ 'ਚ ਬਾਬਾ ਸਾਹਿਬ ਨੂੰ ਪਿਆਰ ਕਰਦੇ ਹੋ ਤਾਂ, ਮੰਨਦੇ ਹੋ ਕਿ ਬਾਬਾ ਸਾਹਿਬ ਦੇ ਕੰਮਾਂ ਨੇ ਤੁਹਾਡੇ ਜੀਵਨ 'ਚ ਬਦਲਾਅ ਲਿਆਂਦਾ ਹੈ ਤਾਂ ਕੁਝ ਐਸੇ ਕੰਮ ਕਰਨ ਦੀ ਕੋਸ਼ਿਸ਼ ਜ਼ਰੂਰ ਕਰੋ ਜਿਸ ਨਾਲ ਤੁਹਾਡੀਆਂ ਆਉਣ ਵਾਲੀਆਂ ਜਿਣਸਾਂ ਦੇ ਜੀਵਨ ਵਿੱਚ ਕੁਝ ਸੁਧਾਰ ਆ ਸਕੇ। ਇਹੀ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

- ਅਜੇ ਕੁਮਾਰ

Thursday 16 April 2015

ਲੜਾਈ ਆਹਮੋ-ਸਾਹਮਣੇ ਦੀ

ਵੈਸੇ ਤਾਂ ਭਾਰਤ ਦੇ ਅਸਲੀ ਵਾਰਿਸ ਮੂਲ ਨਿਵਾਸੀ ਅਤੇ ਮਨੂੰਵਾਦੀਆਂ ਦੀ ਲੜਾਈ ਸਦੀਆਂ ਤੋਂ ਲੱਗੀ ਹੋਈ ਹੈ। ਕਈ ਵਾਰ ਅਜਿਹੀ ਸਥਿਤੀ ਵੀ ਬਣ ਜਾਂਦੀ ਹੈ ਕਿ ਇਹ ਲੜਾਈ ਆਹਮੋ-ਸਾਹਮਣੇ ਹੁੰਦੀ ਹੈ। ਮਨੂੰਵਾਦ ਟੋਲਾ ਬਹੁਤ ਸ਼ਾਤਿਰ ਹੈ। ਇਹ ਵਰਣ-ਵਿਵਸਥਾ 'ਤੇ ਟਿਕਿਆ ਹੋਇਆ ਹੈ ਅਤੇ ਇਸ ਵਰਣ-ਵਿਵਸਥਾ ਨੂੰ ਇਹ ਦੇਸ਼ ਵਿੱਚੋਂ ਖਤਮ ਨਹੀਂ ਹੋਣ ਦੇਣਾ ਚਾਹੁੰਦਾ। ਜਦਕਿ ਅੰਬੇਡਕਰਵਾਦੀ ਲੋਕ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਕਿ ਵਰਣ-ਵਿਵਸਥਾ ਨੂੰ ਖਤਮ ਕੀਤੇ ਬਿਨਾਂ ਦੇਸ਼ ਦਾ ਅਤੇ ਉਨ੍ਹਾਂ ਦਾ ਭਲਾ ਨਹੀਂ ਹੋ ਸਕਦਾ। ਹਾਲਾਂਕਿ ਵਿਸ਼ਵ ਦੇ ਬੁੱਧੀਜੀਵੀ ਮੰਨਦੇ ਹਨ ਕਿ ਭਾਰਤ ਵਿੱਚ ਜਾਤ-ਪਾਤ ਦੀ ਲੜਾਈ ਅਲੱਗ ਤਰ੍ਹਾਂ ਦੀ ਲੜਾਈ ਸੀ, ਭਾਰਤ ਵਿੱਚ ਜਾਤ-ਪਾਤ ਦੇ ਨਾਂ 'ਤੇ ਹੋਣ ਵਾਲਾ ਸ਼ੋਸ਼ਣ ਪੂਰੀ ਦੁਨੀਆਂ ਨਾਲੋਂ ਅਲੱਗ ਸੀ। ਵਿਸ਼ਵ ਦੇ ਬੁੱਧੀਮਾਨ ਇਹ ਵੀ ਮੰਨਦੇ ਹਨ ਕਿ ਜਾਤ-ਪਾਤ ਨੂੰ ਖਤਮ ਕਰਨ ਦਾ ਫਲਸਫਾ ਸਭ ਤੋਂ ਵਧੀਆ ਡਾ. ਭੀਮ ਰਾਓ ਅੰਬੇਡਕਰ ਨੇ ਦਿੱਤਾ ਹੈ। ਹੁਣ ਗੱਲ ਕਰਦੇ ਹਾਂ ਪੰਜਾਬ ਦੀ। ਹਾਲਾਂਕਿ ਭਾਰਤ ਵਿੱਚ ਅੱਜ ਵੀ ਜਾਤ-ਪਾਤ ਕਾਇਮ ਹੈ, ਵਰਣ ਵਿਵਸਥਾ ਪੂਰੇ ਜ਼ੋਰਾਂ 'ਤੇ ਹੈ। ਪਰ ਪੰਜਾਬ ਵਿੱਚ ਤਾਂ ਜਾਤ-ਪਾਤ ਅਤੇ ਵਰਣ-ਵਿਵਸਥਾ ਦੀ ਹਰ ਹੱਦ ਪਾਰ ਹੋ ਚੁੱਕੀ ਹੈ। ਏਕੇ ਦੇ ਵਾਰਿਸ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ਪੰਜਾਬ ਦੀ ਧਰਤੀ ਜਿੱਥੇ ਆਪਣੇ-ਆਪਣੇ ਧਰਮ ਸਥਾਨ ਤੇ ਅਲੱਗ ਹੈ ਹੀ ਹਨ ਇੱਥੇ ਸ਼ਮਸ਼ਾਨ ਘਾਟ ਵੀ ਵੱਖੋ-ਵੱਖਰੇ ਹਨ। ਬਾਬਾ ਸਾਹਿਬ ਨੇ ਸ਼ੋਸ਼ਿਤ ਲੋਕਾਂ ਨੂੰ ਕਿਹਾ ਸੀ ਕਿ ਰਾਜਨੀਤਿਕ ਸੱਤਾ ਨਾਲ ਤੁਹਾਡੀ ਹਰ ਬਿਮਾਰੀ ਦਾ ਹੱਲ ਹੋ ਸਕਦਾ ਹੈ। ਬਹੁਜਨ ਮਹਾਨਾਇਕ ਅੰਬੇਡਕਰ ਤੋਂ ਬਾਅਦ ਸਾਹਿਬ ਸ੍ਰੀ ਕਾਂਸ਼ੀ ਰਾਮ ਨੇ ਸੱਤਾ ਨੂੰ ਹੀ ਸਮਾਜਿਕ ਪਰਿਵਰਤਨ ਦਾ ਅਧਾਰ ਮੰਨ ਕੇ ਪੂਰੇ ਦੇਸ਼ ਵਿੱਚ ਅੰਦੋਲਨ ਖੜ੍ਹਾ ਕੀਤਾ, ਜਿਸ ਦੀ ਸ਼ੁਰੂਆਤ ਪੰਜਾਬ 'ਚੋਂ ਹੋਈ ਪਰ ਅੱਜ ਉਸ ਅੰਦੋਲਨ ਤੇ ਖਤਰੇ ਦੇ ਬੱਦਲ ਛਾਏ ਹੋਏ ਹਨ। ਹਾਲਾਂਕਿ ਬਹੁਜਨ ਸਮਾਜ ਪਾਰਟੀ ਦੀਆਂ ਸੈਂਕੜੇ ਜਥੇਬੰਦੀਆਂ, ਬੁੱਧੀਜੀਵੀ, ਮਿਸ਼ਨਰੀ ਲੇਖਕ, ਗੀਤਕਾਰ, ਕਵੀ, ਪੰਜਾਬ ਵਿੱਚ ਬਹੁਜਨਾਂ ਦਾ ਰਾਜ ਲਿਆਉਣ ਲਈ ਯਤਨਸ਼ੀਲ ਹਨ। ਇਸ ਵਾਰ 2017 ਦੀਆਂ ਚੋਣਾਂ 'ਚ ਮਨੂੰਵਾਦੀ ਟੋਲਾ ਬੀਜੇਪੀ ਅਤੇ ਨਵੀਂ ਬਣੀ ਬੁੱਧੀਜੀਵੀਆਂ ਦੀ ਪਾਰਟੀ 'ਆਮ ਆਦਮੀ ਪਾਰਟੀ' ਪੰਜਾਬ ਵਿੱਚ ਸੱਤਾ ਪ੍ਰਾਪਤੀ ਲਈ ਬਹੁਤ ਉਤਸੁਕ ਹਨ। ਪੰਜਾਬ ਵਿੱਚ ਕਾਂਗਰਸ ਦਾ ਲੱਗਭਗ ਭੋਗ ਪੈ ਚੁੱਕਾ ਹੈ ਤੇ ਅਕਾਲੀ ਦਲ ਤੋਂ ਵੀ ਲੋਕ ਬਹੁਤ ਦੁਖੀ ਹਨ। ਆਮ ਆਦਮੀ ਪਾਰਟੀ ਦਾ ਵੀ ਦਿੱਲੀ ਚੋਣਾਂ ਤੋਂ ਬਾਅਦ ਗ੍ਰਾਫ ਥੱਲੇ ਡਿੱਗਦਾ ਨਜ਼ਰ ਆ ਰਿਹਾ ਹੈ। ਜੇਕਰ ਦੇਖਿਆ ਜਾਵੇ ਤਾਂ ਅਜਿਹੀ ਸਥਿਤੀ ਵਿੱਚ ਬਹੁਜਨ ਸਮਾਜ ਦਾ ਪੰਜਾਬ ਵਿੱਚ ਰਾਜ ਆਉਣਾ ਸੁਖਾਲਾ ਲੱਗਦਾ ਹੈ ਪਰ ਦੇਖਣਾ ਇਹ ਹੈ ਕਿ ਕੀ ਪੰਜਾਬ ਦੇ ਬੁੱਧੀਜੀਵੀ ਅੰਬੇਡਕਰੀ ਲੋਕ ਆਪਸੀ ਲੜਾਈ ਖਤਮ ਕਰਕੇ ਪੰਜਾਬ  'ਚ ਬਹੁਜਨ ਸਮਾਜ ਦਾ ਰਾਜ ਸਥਾਪਿਤ ਕਰਨ ਲਈ ਸੰਘਰਸ਼ ਕਰਦੇ ਹਨ ਜਾਂ ਆਪਸੀ ਲੜਾਈ ਵਿੱਚ ਹੀ ਸਮੇਂ ਨੂੰ ਇਕ ਵਾਰ ਫਿਰ ਵਿਅਰਥ ਗੁਆ ਕੇ 2017 ਵਿੱਚ ਫਿਰ ਲੋਟੂ ਟੋਲੇ ਨੂੰ ਹੀ ਲੁੱਟਣ ਦਾ ਮੌਕਾ ਦਿੰਦੇ ਹਨ।
- ਅਜੇ ਕੁਮਾਰ

Monday 6 April 2015

ਮੂਵਮੈਂਟ ਦਾ ਕਤਲ, ਹੋਰ ਨਹੀਂ


ਆਮ ਆਦਮੀ ਪਾਰਟੀ 'ਚ ਅੱਜ-ਕੱਲ੍ਹ ਇਕ ਤਮਾਸ਼ਾ ਚੱਲ ਰਿਹਾ ਹੈ, ਕੇਜਰੀਵਾਲ ਦੇ ਉਹ ਸਾਥੀ ਜੋ ਸੰਘਰਸ਼ ਦੌਰਾਨ ਉਸ ਦੇ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਸਨ। ਇਕ-ਇਕ ਕਰਕੇ ਪਾਰਟੀ 'ਚੋਂ ਬਾਹਰ ਹੋ ਰਹੇ ਹਨ। ਹੱਦ ਤਾਂ ਇਹ ਹੈ ਪ੍ਰਸ਼ਾਂਤ ਭੂਸ਼ਣ ਤੇ ਜੋਗਿੰਦਰ ਯਾਦਵ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦਾ ਮੁੱਖ ਚਿਹਰਾ ਸਮਝਿਆ ਜਾ ਰਿਹਾ ਸੀ, ਉਹ ਵੀ ਪਾਰਟੀ ਤੋਂ ਬਾਹਰ ਨਿਕਲ ਚੁੱਕੇ ਹਨ। ਆਪ ਪਾਰਟੀ ਲੋਕਾਂ ਨੂੰ ਇਮਾਨਦਾਰ, ਭ੍ਰਿਸ਼ਟਾਚਾਰ ਮੁਕਤ ਭਾਰਤ, ਆਮ ਆਦਮੀ ਦੀਆਂ ਦੁੱਖ-ਤਕਲੀਫਾਂ ਨੂੰ ਦੂਰ ਕਰਨ ਦਾ ਸੁਪਨਾ ਦਿਖਾ ਕੇ ਸੱਤਾ ਵਿੱਚ ਆਈ। ਉਸ ਨੇ ਦਿੱਲੀ ਦੀਆਂ ਚੋਣਾਂ ਵਿੱਚ ਹੂੰਝਾਫੇਰ ਜਿੱਤ ਹਾਸਲ ਕੀਤੀ। ਪਰ ਹੁਣ ਲੱਗ ਰਿਹਾ ਹੈ ਇਹ ਵੀ ਦੂਸਰੀਆਂ ਪਾਰਟੀਆਂ ਵਾਂਗੂੰ ਕੇਜਰੀਵਾਲ ਤੇ ਉਸ ਦੇ ਚਮਚਿਆਂ ਦੀ ਪਾਰਟੀ ਬਣ ਕੇ ਰਹਿ ਜਾਵੇਗੀ। ਮੈਨੂੰ ਸਮਝ ਨਹੀਂ ਆਉਂਦਾ ਹਰ ਮੂਵਮੈਂਟ ਦਾ ਅੰਤ ਸੰਘਰਸ਼ ਕਰਨ ਵਾਲਿਆਂ ਦੀ ਮੌਤ ਤੇ ਚਮਚਿਆਂ ਦੇ ਰਾਜ ਤੇ ਕਿਉਂ ਹੁੰਦਾ ਹੈ। ਇਤਿਹਾਸ 'ਤੇ ਝਾਤੀ ਮਾਰੀਏ, ਅੰਗਰੇਜ਼ਾਂ ਤੋਂ ਅਜ਼ਾਦੀ ਲਈ ਕਾਂਗਰਸ ਦੇ ਸੰਘਰਸ਼ ਨੂੰ ਪੂਰੀ ਤਰ੍ਹਾਂ ਨਕਾਰ ਨਹੀਂ ਸਕਦੇ ਤੇ ਇਸ ਗਾਂਧੀਵਾਦੀ ਪਾਰਟੀ ਨੇ ਅਜ਼ਾਦੀ ਤੋਂ ਬਾਅਦ ਕਿੰਨੀਆਂ ਕੁ ਲੁੱਟਾਂ ਪਾਈਆਂ ਹਨ, ਇਹ ਦੇਸ਼ ਦਾ ਬੱਚਾ-ਬੱਚਾ ਜਾਣਦਾ ਹੈ। ਮੁਲਾਇਮ ਸਿੰਘ, ਲਾਲੂ ਯਾਦਵ, ਨਿਤੀਸ਼ ਕੁਮਾਰ, ਸ਼ਰਦ ਯਾਦਵ, ਰਾਮ ਵਿਲਾਸ ਪਾਸਵਾਨ ਇਹ ਕੁਝ ਉਹ ਲੀਡਰ ਹਨ ਜਿਨ੍ਹਾਂ ਨੇ ਲੋਕ ਨਾਇਕ ਜੈ ਪ੍ਰਕਾਸ਼ ਨਰਾਇਣ ਨਾਲ ਲੱਗ ਕੇ ਐਮਰਜੈਂਸੀ ਖਿਲਾਫ ਸੰਘਰਸ਼ ਕੀਤਾ ਤੇ ਅੱਜ ਇਨ੍ਹਾਂ ਦੀ ਮੂਵਮੈਂਟ ਕਿਹੜੇ ਮੋੜ 'ਤੇ ਆ ਖੜੀ ਹੋਈ ਹੈ ਇਹ ਸਾਡੇ ਸਾਹਮਣੇ ਹੈ। ਸਭ ਆਪੋ-ਆਪਣਾ ਘਰ ਭਰਨ ਨੂੰ ਬੈਠੇ ਹਨ। ਆਪਣੇ ਪਰਿਵਾਰ, ਆਪਣੇ ਭੈਣ-ਭਰਾ, ਰਿਸ਼ਤੇਦਾਰਾਂ ਦੀ ਸੇਵਾ ਕਰ ਰਹੇ ਹਨ। ਚਮਚਿਆਂ ਦੀਆਂ ਮੌਜਾਂ ਲੱਗੀਆਂ ਹੋਈਆਂ ਹਨ ਤੇ ਆਮ ਜਨਤਾ ਜਿਨ੍ਹਾਂ ਦੇ ਸੁਪਨਿਆਂ ਸਿਰ ਇਹ ਰਾਜ ਵਿੱਚ ਆਏ ਉਹ ਅਜੇ ਵੀ ਬਦਲਾਅ ਦੀ ਉਮੀਦ ਲਾਈ ਬੈਠੇ ਹਨ। ਪੰਜਾਬ ਵਿੱਚ ਅਕਾਲੀ ਦਲ ਦੇਖ ਲਓ, ਅਕਾਲੀ ਦਲ ਦੇ ਸੰਘਰਸ਼, ਅਕਾਲੀ ਦਲ ਦੇ ਮੋਰਚੇ, ਅਕਾਲੀ ਦਲ ਦੀ ਪੰਥਕ ਰਾਜਨੀਤੀ ਤੋਂ ਹਰ ਪੰਜਾਬੀ ਚੰਗੀ ਤਰ੍ਹਾਂ ਵਾਕਫ ਹੈ। ਉਹੀ ਅਕਾਲੀ ਦਲ ਜਿਸ ਨੇ ਪੰਥਕ ਰਾਜਨੀਤੀ ਦੇ ਨਾਂ 'ਤੇ ਲਗਾਤਾਰ ਸੰਘਰਸ਼ ਕੀਤੇ, ਜੇਲ੍ਹਾਂ ਭਰੀਆਂ, ਅੱਜ ਬਾਦਲਾਂ ਦੀ ਜਗੀਰ ਬਣ ਕੇ ਰਹਿ ਚੁੱਕਾ ਹੈ। ਪੰਜਾਬ ਵਿੱਚ ਅਕਾਲੀ ਦਲ ਜੋ ਪੰਥਕ ਏਕਤਾ ਹੇਤੂ ਅਤੇ ਹਿੰਦੂਵਾਦੀ ਸੰਗਠਨ ਸੰਘ ਦੇ ਵਿਰੋਧ ਵਿੱਚ ਪੈਦਾ ਹੋਇਆ ਸੀ ਉਹ ਸੰਘ ਦੀ ਪਾਰਟੀ ਭਾਜਪਾ ਦਾ ਝੋਲੀ ਚੁੱਕ ਬਣ ਰਾਜ ਦੀਆਂ ਮੌਜਾਂ ਲੈ ਰਿਹਾ ਹੈ। ਪੰਜਾਬ ਦੀ ਸੱਤਾ ਬਾਦਲ, ਬਾਦਲ ਦੇ ਬੇਟੇ ਸੁਖਬੀਰ, ਸੁਖਬੀਰ ਦੇ ਸਾਲੇ ਮਜੀਠੀਏ, ਮਜੀਠੀਏ ਦੀ ਭੈਣ ਹਰਸਿਮਰਤ ਕੌਰ ਤੇ ਸੁਖਬੀਰ ਦੇ ਜੀਜੇ ਕੈਰੋਂ ਤੱਕ ਸਿਮਟ ਕੇ ਰਹਿ ਗਈ ਹੈ। ਇਨ੍ਹਾਂ 5 ਬੰਦਿਆਂ ਤੋਂ ਇਲਾਵਾ ਕੋਈ ਹੋਰ ਅਕਾਲੀ ਦਲ ਦਾ ਚਿਹਰਾ ਸੋਚਣ ਲੱਗੇ ਦਿਮਾਗ 'ਤੇ ਜ਼ੋਰ ਪਾਉਣਾ ਪੈਂਦਾ ਹੈ। ਲੌਂਗੋਵਾਲ, ਟੌਹੜਾ, ਤਲਵੰਡੀ ਤੇ ਅਜਿਹੇ ਹੋਰ ਨੇਤਾ ਜੋ ਬਾਦਲ ਨਾਲ ਮੋਢੇ ਨਾਲ ਮੋਢਾ ਲਾ ਪੰਥਕ ਏਕਤਾ ਲਈ ਸੰਘਰਸ਼ ਕਰਦੇ ਸਨ ਉਨ੍ਹਾਂ 'ਚੋਂ ਜ਼ਿਆਦਾਤਰ ਰਾਜਨੀਤਕ ਹਾਸ਼ੀਏ 'ਚ ਜਾ ਕੇ ਵਾਹਿਗੁਰੂ ਨੂੰ ਪਿਆਰੇ ਹੋ ਚੁੱਕੇ ਹਨ। ਕਿਉਂਕਿ ਬਾਦਲ ਦੇ ਅਕਾਲੀ ਦਲ ਵਿੱਚ ਚਮਚਿਆਂ ਦੀਆਂ ਹੀ ਮੌਜਾਂ ਹਨ। ਹਾਲਾਤ ਅੱਜ ਇਹ ਹਨ ਕਿ ਧੂਰੀ ਦੀਆਂ ਚੋਣਾਂ ਵਿੱਚ ਬਾਦਲ ਅਕਾਲੀ ਦਲ ਦੇ ਸਾਹਮਣੇ ਕਾਂਗਰਸ ਵੱਲੋਂ ਬਰਨਾਲਾ ਦੇ ਪੋਤੇ ਨੂੰ ਚੋਣਾਂ ਵਿੱਚ ਉਤਾਰਿਆ ਗਿਆ ਹੈ ਤੇ ਹੁਣ ਜੇ ਗੱਲ ਕਰੀਏ ਦਲਿਤ ਹਿਤਾਂ ਖਾਤਰ ਹੋਂਦ ਵਿੱਚ ਆਈ ਬਸਪਾ ਦੀ, ਤੇ ਉਸ ਦੇ ਹਾਲਾਤ ਵੀ ਬਾਕੀ ਹੋਰ ਪਾਰਟੀਆਂ ਨਾਲੋਂ ਕੁਝ ਵੱਖਰੇ ਨਹੀਂ ਹਨ। ਅਸੀਂ ਸਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਕਿਵੇਂ ਸਾਹਿਬ ਕਾਂਸ਼ੀ ਰਾਮ ਨੇ ਇਸ ਪਾਰਟੀ ਨੂੰ ਆਪਣਾ ਲਹੂ ਪਿਲਾ ਕੇ ਜਿਉਂਦਾ ਕੀਤਾ, ਕਿਵੇਂ ਇਕ-ਇਕ ਬਸਪਾ ਵਰਕਰ ਨੇ ਆਪਣੀ ਪੂਰੀ ਜ਼ਿੰਦਗੀ ਪਾਰਟੀ ਦੇ ਉਤੇ ਨਿਛਾਵਰ ਕਰ ਦਿੱਤੀ। ਮੈਨੂੰ ਅਕਸਰ ਮੌਕਾ ਮਿਲਦਾ ਰਹਿੰਦਾ ਹੈ, ਅਜਿਹੇ ਜੁਝਾਰੂ ਸਾਥੀਆਂ ਨਾਲ ਮਿਲਣ ਦਾ ਜਿਨ੍ਹਾਂ ਨੇ ਆਪਣੀ ਜਵਾਨੀ 'ਚ ਪੈਰ ਰੱਖਦੇ ਸਾਹਿਬ ਕਾਂਸ਼ੀ ਰਾਮ ਦੀ ਸੋਚ ਤੋਂ ਪ੍ਰਭਾਵਿਤ ਹੋ ਆਪਣਾ ਇਕ-ਇਕ ਸਾਹ ਨੀਲੇ ਝੰਡੇ ਨੂੰ ਸਮਰਪਿਤ ਕਰ ਦਿੱਤਾ। ਅੱਜ ਉਨ੍ਹਾਂ ਸਾਥੀਆਂ ਜਿਨ੍ਹਾਂ ਨੇ ਆਪਣੀਆਂ ਜਵਾਨੀਆਂ ਪਾਰਟੀ ਖਾਤਰ ਰੋਲ ਦਿੱਤੀਆਂ, ਉਹ ਬੇਇੰਤਹਾ ਗਰੀਬੀ ਹੱਥੋਂ ਮਜਬੂਰ ਹੋ ਲਾਚਾਰ ਹੋਏ ਬੈਠੇ ਹਨ। ਜਿਸ ਪਾਰਟੀ ਖਾਤਰ ਸੰਘਰਸ਼ ਕੀਤਾ ਸੀ, ਉਥੇ ਕੋਈ ਕਦਰ ਨਾ ਪਈ, ਜਿਸ ਪਰਿਵਾਰ ਨੂੰ ਪਾਰਟੀ ਖਾਤਰ ਛੱਡ ਦਿੱਤਾ ਉਹ ਹੁਣ ਜੁੱਤੀਆਂ ਮਾਰਦਾ ਹੈ ਤੇ ਪਾਰਟੀ ਦੀ ਅਹੁਦੇਦਾਰੀ ਲੈਣ ਦਾ ਇਕੋ-ਇਕ ਪੈਮਾਨਾ ਹੈ ਉਹ ਹੈ ਚਮਚਾਗਿਰੀ ਦੀ ਹੱਦ, ਜਿਹੜਾ ਜਿੰਨਾ ਵੱਡਾ ਚਮਚਾ, ਓਨਾ ਵੱਡਾ ਅਹੁਦੇਦਾਰ, ਕੋਈ ਜ਼ਰੂਰੀ ਨਹੀਂ ਕਿ ਤੁਸੀਂ ਅੰਬੇਡਕਰਵਾਦੀ ਵਿਚਾਰਧਾਰਾ ਦੇ ਜਾਣੂ ਹੋਵੋ, ਤੁਸੀਂ ਸਾਹਿਬ ਕਾਂਸ਼ੀ ਰਾਮ ਦੇ ਵਫਾਦਾਰ ਹੋਵੋ, ਤੁਹਾਡੇ ਦਿਲ ਵਿੱਚ ਦਲਿਤ ਹਿੱਤਾਂ ਲਈ ਦਰਦ ਹੋਵੇ, ਸਿਰਫ਼ ਇਕੋ ਕਾਬਲੀਅਤ ਦੀ ਲੋੜ ਹੈ ਕਿ ਤੁਸੀਂ ਕਿੰਨਾ ਕੁ ਆਪਣੇ ਪ੍ਰਧਾਨ ਨੂੰ ਸਾਹਿਬ-ਸਾਹਿਬ ਕਰ ਸਕਦੇ ਹੋ ਤੇ ਤੁਹਾਡਾ ਪ੍ਰਧਾਨ ਵੀ ਉਨੀ ਦੇਰ ਹੀ ਪ੍ਰਧਾਨਗੀ ਦੀ ਕੁਰਸੀ 'ਤੇ ਨਜ਼ਰ ਆਵੇਗਾ ਜਦੋਂ ਤੱਕ ਉਹ ਭੈਣ ਜੀ-ਭੈਣ ਜੀ ਕਰਦਾ ਰਹੇਗਾ ਤੇ ਅੱਖਾਂ ਮੀਚ ਕੇ ਤੇ ਕੰਨ ਬੰਦ ਕਰਕੇ ਭੈਣ ਜੀ ਦੇ ਹਰ ਫ਼ੈਸਲੇ ਨੂੰ ਸਿਰ ਮੱਥੇ 'ਤੇ ਰੱਖੇਗਾ ਤੇ ਵਰਕਰਾਂ 'ਤੇ ਕੁਝ ਅਜਿਹੇ ਫੈਸਲੇ ਵੀ ਲਾਗੂ ਕਰਵਾਏਗਾ ਜਿਹੜੇ ਭੈਣ ਜੀ ਨੇ ਸ਼ਾਇਦ ਕਦੇ ਸੁਣੇ ਵੀ ਨਾ ਹੋਣ ਪਰ ਭੈਣ ਜੀ ਦੇ ਨਾਂ ਦੀ ਮੋਹਰ ਲਾ ਕੇ ਵਰਕਰਾਂ ਦਾ ਲਹੂ ਚੂਸਣ ਲਈ ਲਾਗੂ ਕਰ ਦਿੱਤੇ ਜਾਂਦੇ ਹਨ। ਕੀ ਅਸੀਂ ਇਨ੍ਹਾਂ ਸਾਰੀਆਂ ਅਸਫਲਤਾਵਾਂ ਤੋਂ ਨਿਰਾਸ਼ ਹੋ ਕੇ ਆਪੋ-ਆਪਣੇ ਘਰਾਂ 'ਚ ਬੈਠ ਜਾਵਾਂਗੇ ਤੇ ਇਨ੍ਹਾਂ ਸਾਰੇ ਤਥਾਕਥਿਤ ਮੂਵਮੈਂਟ ਦੇ ਲੀਡਰਾਂ ਨੂੰ ਦੇਸ਼ ਲੁੱਟਣ ਦੀ ਪੂਰੀ ਛੁੱਟ ਦੇ ਦਿਆਂਗੇ, ਨਹੀਂ! ਇਹ ਕਦੇ ਵੀ ਨਹੀਂ ਹੋਵੇਗਾ। ਤਕਰੀਬਨ ਹਰ ਰੋਜ਼ ਮੈਨੂੰ ਇਕ ਜਾਂ ਦੋ ਨਵੇਂ ਸੰਗਠਨ ਬਣਨ ਦੀ ਜਾਣਕਾਰੀ ਮਿਲਦੀ ਹੈ। ਹਰ ਇਕ ਸੰਗਠਨ ਦਾਅਵਾ ਕਰਦਾ ਹੈ ਕਿ ਉਹ ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ 'ਤੇ ਚੱਲੇਗਾ ਤੇ ਉਹ ਆਮ ਲੋਕਾਂ ਦੇ ਹਿੱਤਾਂ ਲਈ ਸੰਘਰਸ਼ ਕਰੇਗਾ। ਜਿੰਨੇ ਕੁ ਸੰਗਠਨ ਬਣਦੇ ਹਨ ਉਸ ਤੋਂ ਇੰਨਾ ਅਹਿਸਾਸ ਜ਼ਰੂਰ ਹੁੰਦਾ ਹੈ ਕਿਤੇ ਨਾ ਕਿਤੇ ਇਕ ਐਸੇ ਸੰਗਠਨ ਦੀ ਜ਼ਰੂਰਤ ਜ਼ਰੂਰ ਹੈ ਜੋ ਆਮ ਜਨਤਾ ਦਾ ਸੰਘਰਸ਼ ਇਮਾਨਦਾਰੀ ਨਾਲ ਕਰੇ, ਉਨ੍ਹਾਂ ਦੇ ਹਿੱਤਾਂ ਲਈ ਲੜੇ ਤੇ ਇਨ੍ਹਾਂ ਸਾਰੇ ਸਵਾਰਥੀ ਲੀਡਰਾਂ ਹੱਥੋਂ ਵੋਟ ਦੇ ਹਥਿਆਰ ਨਾਲ ਆਪਣੀ ਸੱਤਾ ਖੋਹ ਲਵੇ। ਮੈਂ ਆਪਣੇ ਇਸ ਲੇਖ ਰਾਹੀਂ ਆਪਣੇ ਹਰ ਇਕ ਉਸ ਸਾਥੀ ਨੂੰ ਖੁੱਲ੍ਹਾ ਸੱਦਾ ਦਿੰਦਾ ਹਾਂ 'ਆਪਣੀ ਮਿੱਟੀ ਆਪਣੇ ਲੋਕ' ਨਾਲ ਜੁੜਨ ਦਾ। 'ਆਪਣੀ ਮਿੱਟੀ ਆਪਣੇ ਲੋਕ' ਇਕ ਸੰਗਠਨ ਨਹੀਂ ਬਣ ਰਿਹਾ, ਇਕ ਮੂਵਮੈਂਟ ਬਣ ਰਹੀ ਹੈ ਜਿਸ ਵਿੱਚ ਲੋਕ ਹਿੱਤਾਂ ਲਈ ਸੰਘਰਸ਼ ਕਰ ਰਹੇ ਸਭ ਸੰਗਠਨਾਂ ਨੂੰ ਬਰਾਬਰ ਦੀ ਹਿੱਸੇਦਾਰੀ ਮਿਲੇਗੀ। ਤੁਸੀਂ ਜੇ ਆਪਣੇ ਸੰਗਠਨ ਜਾਂ ਸੰਘਰਸ਼ ਨੂੰ ਕਿਸੇ ਮੰਜ਼ਿਲ ਤੱਕ ਪਹੁੰਚਦੇ ਦੇਖਣਾ ਚਾਹੁੰਦੇ ਹੋ ਤਾਂ ਇਕ ਮੰਚ 'ਤੇ ਇਕੱਠੇ ਹੋ ਕੇ ਆਵਾਜ਼ ਦਿਉ 'ਆਪਣੀ ਮਿੱਟੀ ਆਪਣੇ ਲੋਕ' ਉਹ ਮੰਚ ਹੈ ਜਿੱਥੇ ਤੁਸੀਂ ਆਪਣੀ ਆਵਾਜ਼ ਆਪਣੇ ਲੋਕਾਂ ਤੱਕ ਪਹੁੰਚਾ ਸਕਦੇ ਹੋ। ਅਸੀਂ ਹੋਰ ਕਿਸੇ ਮੂਵਮੈਂਟ ਦਾ ਕਤਲ ਹੁੰਦੇ ਨਹੀਂ ਦੇਖ ਸਕਦੇ। 
- ਅਜੇ ਕੁਮਾਰ