Monday 24 August 2015

ਸੌ ਗੱਲਾਂ ਨਾਲੋਂ ਇਕ ਕਰਤੂਤ ਚੰਗੀ

ਹਰਿਆਵਲ ਘਾਹ 'ਚ ਲੁਕਿਆ ਹਰਾ ਸੱਪ ਮਰ ਚੁੱਕਾ ਹੈ ਤੇ ਫੁੰਕਾਰੇ ਮਾਰਦਾ ਕਾਲਾ ਕੋਬਰਾ ਹੋਰ ਤਾਕਤਵਰ ਹੋ ਚੁੱਕਾ ਹੈ। ਤੁਸੀਂ ਮੇਰਾ ਭਾਵ ਸਮਝ ਗਏ ਹੋਵੋਗੇ ਜੋ ਗੱਲ ਸਾਹਿਬ ਕਾਂਸ਼ੀ ਰਾਮ ਕਹਿੰਦੇ ਸਨ ਮੈਂ ਉਸੇ ਨੂੰ ਹੀ ਦੁਹਰਾ ਰਿਹਾ ਹਾਂ। 2014 ਦੀਆਂ ਚੋਣਾਂ 'ਚ ਪੂਰੇ ਭਾਰਤ 'ਚ ਜਿਸ ਤਰ੍ਹਾਂ ਕਾਂਗਰਸ ਦਾ ਬੁਰਾ ਹਾਲ ਹੋਇਆ ਉਹ ਦਰਸਾਉਂਦਾ ਹੈ ਕਿ ਕਾਂਗਰਸ ਖਾਤਮੇ ਦੇ ਕੰਢੇ ਖੜੀ ਹੈ। ਪਰ ਦੂਸਰੇ ਪਾਸੇ ਵਿਕਾਸ 'ਅੱਛੇ ਦਿਨ', ਬਰਾਬਰ ਦੇ ਮੌਕੇ ਤੇ ਹਰ ਕਿਸੇ ਨੂੰ ਚੋਰ ਕਹਿਣ ਦਾ ਨਾਅਰਾ ਦੇ ਕੇ ਭਾਜਪਾ ਰਿਕਾਰਡ ਤੋੜ ਜਿੱਤ ਨਾਲ ਸੱਤਾ ਸੰਭਾਲ ਚੁੱਕੀ ਹੈ। ਇਕ ਸਾਲ ਬੀਤਣ ਤੋਂ ਬਾਅਦ ਹਰ ਭਾਰਤੀ ਨੂੰ ਅਹਿਸਾਸ ਹੋ ਰਿਹਾ ਹੈ ਕਿ ਲੰਬੇ-ਲੰਬੇ ਭਾਸ਼ਣਾਂ ਤੇ ਇਲਜ਼ਾਮਬਾਜੀਆਂ ਨਾਲ ਸਾਨੂੰ ਕਿਸ ਤਰ੍ਹਾਂ ਮੋਦੀ ਵਲੋਂ ਮੂਰਖ ਬਣਾਇਆ ਗਿਆ। ਕਾਂਗਰਸ ਨੀਤੀਆਂ ਦੇ ਵਿਰੁਧ ਦਲਿਤ ਸੰਘਰਸ਼ ਨੂੰ ਲਗਭਗ 100 ਸਾਲ ਹੋ ਚੁੱਕੇ ਹਨ। ਅਸੀਂ ਜਾਣਦੇ ਹਾਂ ਕਿ ਗਾਂਧੀ ਦੀ ਕਾਂਗਰਸ ਵਿਰੁੱਧ ਕਿਵੇਂ ਬਾਬਾ ਸਾਹਿਬ ਨੇ ਸੰਘਰਸ਼ ਦੀ ਜੋਤੀ ਜਗਾਈ ਰੱਖੀ। ਬਾਬਾ ਸਾਹਿਬ ਦੇ ਜਾਣ ਤੋਂ ਬਾਅਦ ਸਾਹਿਬ ਕਾਂਸ਼ੀ ਰਾਮ ਦਾ ਸੰਘਰਸ਼ ਵੀ ਮੁੱਖ ਤੌਰ 'ਤੇ ਕਾਂਗਰਸ ਦੇ ਵਿਰੁੱਧ ਹੀ ਸੀ। ਕਿਉਂਕਿ ਬਹੁ-ਗਿਣਤੀ ਦਲਿਤ ਕਾਂਗਰਸ ਤੋਂ ਪ੍ਰਭਾਵਿਤ ਰਹੇ ਹਨ ਤੇ ਮੰਨਦੇ ਰਹੇ ਹਨ ਕਿ ਕਾਂਗਰਸ ਹੀ ਉਨ੍ਹਾਂ ਨੂੰ ਮਨੂੰਵਾਦੀ ਤਾਕਤਾਂ ਤੋਂ ਸੁਰੱਖਿਅਤ ਰੱਖ ਸਕਦੀ ਹੈ। ਇਸ ਦਲਿਤ ਸੋਚ ਨੂੰ ਬਦਲਣ ਵਿੱਚ ਮਹਾਂਪੁਰਖਾਂ ਨੇ ਬਹੁਤ ਗਹਿਰਾ ਸੰਘਰਸ਼ ਕੀਤਾ ਤੇ ਅੱਜ ਮੈਂ ਕਹਿ ਸਕਦਾ ਹਾਂ ਕਿ ਇਹ ਉਨ੍ਹਾਂ ਦੇ ਸੰਘਰਸ਼ ਦਾ ਹੀ ਨਤੀਜਾ ਹੈ ਕਿ ਅੱਜ ਕਾਂਗਰਸ ਸਭ ਤੋਂ ਕਮਜ਼ੋਰ ਹਾਲਾਤਾਂ 'ਚੋਂ ਨਿਕਲ ਰਹੀ ਹੈ। ਸਾਹਿਬ ਕਾਂਸ਼ੀ ਰਾਮ ਨੇ ਜਦੋਂ ਕਾਂਗਰਸ ਨੂੰ ਨਕਾਰਿਆ ਤਾਂ ਉਹਦੇ ਬਦਲ ਵਜੋਂ ਬਹੁਜਨ ਸਮਾਜ ਪਾਰਟੀ ਦੀ ਨੀਂਹ ਵੀ ਰੱਖੀ। ਬਸਪਾ ਨੇ ਥੋੜ੍ਹੇ ਸਾਲਾਂ 'ਚ ਮੁੱਖ ਤੌਰ 'ਤੇ ਉੱਤਰ ਭਾਰਤ 'ਚ ਆਪਣਾ ਅਸਰ ਵੀ ਦਿਖਾਇਆ। ਪੰਜਾਬ ਅਤੇ ਉੱਤਰ ਪ੍ਰਦੇਸ਼ ਸ਼ੁਰੂ ਤੋਂ ਬਸਪਾ ਦੇ ਮੁੱਖ ਕੇਂਦਰ ਰਹੇ। ਉੱਤਰ ਪ੍ਰਦੇਸ਼ ਜੋ ਕਾਂਗਰਸ ਦਾ ਸਦਾ ਤੋਂ ਮੁਖ ਗੜ੍ਹ ਰਿਹਾ ਹੈ ਉਥੋੰ ਕਾਂਗਰਸ ਦੀਆਂ ਨੀਹਾਂ ਬਸਪਾ ਕਾਰਣ ਹੀ ਹਿੱਲੀਆਂ। ਇਤਿਹਾਸ ਦੀਆਂ ਗੱਲਾਂ ਤਾਂ ਚਲਦੀਆਂ ਰਹਿਣਗੀਆਂ। ਇਤਿਹਾਸ ਸਾਨੂੰ ਦੱਸਦਾ ਹੈ ਕਿ ਅਸੀਂ ਕਿਹੜਾ ਪੈਂਡਾ ਪਾਰ ਕਰ ਚੁੱਕੇ ਹਾਂ ਤੇ ਅਗਾਂਹ ਆਪਣੀ ਮੰਜ਼ਿਲ ਕਿਸ ਤਰ੍ਹਾਂ ਪ੍ਰਾਪਤ ਕਰਨੀ ਹੈ। ਬਾਬਾ ਸਾਹਿਬ ਨੇ ਭਵਿੱਖਬਾਣੀ ਕੀਤੀ ਸੀ ਕਿ ਇਸ ਦੇਸ਼ ਵਿੱਚ ਇਕ ਦਿਨ ਮੂਲ ਨਿਵਾਸੀਆਂ ਦਾ ਰਾਜ ਆਵੇਗਾ, ਉਸ ਰਾਜ ਵਿੱਚ ਸਮਾਨਤਾ, ਸੁਰੱਖਿਆ ਅਤੇ ਹਰ ਮਨੁੱਖ ਦੀ ਆਜ਼ਾਦੀ ਯਕੀਨੀ ਹੋਵੇਗੀ। ਪਰ ਅਜੇ ਮੰਜ਼ਿਲ ਦੂਰ ਜਾਪਦੀ ਹੈ। ਜ਼ਿਆਦਾਤਰ ਦਲਿਤ ਨੇਤਾ ਅਜੇ ਵੀ 50 ਸਾਲ ਪੁਰਾਣੇ ਤੌਰ-ਤਰੀਕਿਆਂ ਨਾਲ ਚੱਲਣ ਵਿੱਚ ਯਕੀਨ ਰੱਖਦੇ ਹਨ। ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਸਮਾਂ ਬਦਲ ਗਿਆ ਹੈ, ਦੁਸ਼ਮਣਾਂ ਦੀਆਂ ਚਾਲਾਂ ਬਦਲ ਗਈਆਂ ਹਨ, ਘਾਹ ਦਾ ਸੱਪ ਕਮਜ਼ੋਰ ਪੈ ਚੁੱਕਾ ਹੈ, ਜਾਤ-ਪਾਤ ਦੀਆਂ ਜੜ੍ਹਾਂ ਉਨ੍ਹਾਂ ਦੇ ਸੰਘਰਸ਼ ਸਦਕਾ ਕਮਜ਼ੋਰ ਪੈ ਚੁੱਕੀਆਂ ਹਨ, ਵਿੱਦਿਆ-ਸਿੱਖਿਆ ਦਾ ਪ੍ਰਸਾਰ-ਪ੍ਰਚਾਰ ਦਿਨ ਪ੍ਰਤੀਦਿਨ ਵਧਦਾ ਜਾ ਰਿਹਾ ਹੈ। ਜਿਸਦਾ ਅਸਰ ਨਾ ਸਿਰਫ ਦਲਿਤ ਸਮਾਜ ਤੇ ਬਲਕਿ ਦੂਸਰੇ ਸਮਾਜ ਤੇ ਵੀ ਬਰਾਬਰ ਦਾ ਪੈ ਰਿਹਾ ਹੈ। ਕਿਉਂਕਿ ਬਾਬਾ ਸਾਹਿਬ ਨੇ ਕਿਹਾ ਸੀ ਕਿ ਦੋ ਦੁਨਿਆਵੀ ਅੱਖਾਂ ਦੂਜਿਆਂ ਦੀਆਂ ਕਮੀਆਂ ਲੱਭਣ ਨੂੰ ਹਨ, ਗਿਆਨ ਦਾ ਤੀਸਰਾ ਨੇਤਰ ਹੀ ਅਸਲੀਅਤ ਤੋਂ ਜਾਣੂ ਕਰਵਾਉਂਦਾ ਹੈ। ਮੇਰੇ ਸੰਪਰਕ 'ਚ ਬਹੁਤ ਸਾਰੇ ਅਜਿਹੇ ਗੈਰ-ਦਲਿਤ ਪਰਿਵਾਰ ਵੀ ਹਨ ਜਿਨ੍ਹਾਂ ਦੇ ਬਜ਼ੁਰਗ ਆਪਣੇ ਵਖਤਾਂ ਵਿੱਚ ਦਲਿਤਾਂ ਨੂੰ ਘ੍ਰਿਣਤ ਨਿਗਾਹ ਨਾਲ ਦੇਖਦੇ ਸਨ ਪਰ ਉਨ੍ਹਾਂ ਦੇ ਪੜ੍ਹੇ-ਲਿਖੇ ਬੱਚਿਆਂ ਦੀ ਨਿਗਾਹ ਵਿੱਚ ਫਰਕ ਹੈ। ਉਹੀ ਹਾਲਾਤ ਇਹੀ ਚੀਜ ਦਲਿਤ ਬੱਚਿਆਂ ਵਿੱਚ ਵੀ ਦੇਖਣ ਨੂੰ ਮਿਲਦੀ ਹੈ। ਪੜ੍ਹਿਆ-ਲਿਖਿਆ ਬੱਚਾ ਆਪਣੇ ਗਿਆਨ ਨੇਤਰ ਨਾਲ ਜਾਣਦਾ ਹੈ ਕਿ ਬਰਾਬਰਤਾ ਕੀ ਹੁੰਦੀ ਹੈ। ਉਹ ਆਪਣੇ ਹੱਕ ਪਹਿਚਾਣਦਾ ਹੈ ਤੇ ਜੇ ਕੋਈ ਉਸ ਦੇ ਹੱਕਾਂ ਤੇ ਕੈੜੀ ਨਜ਼ਰ ਰੱਖੇ ਤਾਂ ਉਸ ਨੂੰ ਢੁਕਵਾਂ ਜੁਆਬ ਦੇਣਾ ਵੀ ਜਾਣਦਾ ਹੈ। ਪਰ ਤਕਲੀਫ ਹੁੰਦੀ ਹੈ ਜਦੋਂ ਮੈਂ ਦੇਖਦਾ ਹਾਂ ਕਿ ਆਪਣੇ-ਆਪ ਨੂੰ ਸੀਨੀਅਰ ਆਗੂ ਕਹਾਉਣ ਵਾਲੇ ਦਲਿਤ ਨੇਤਾ ਆਪਣੀਆਂ ਕਮਜ਼ੋਰੀਆਂ ਛੁਪਾਉਣ ਖਾਤਰ ਦੂਜਿਆਂ 'ਤੇ ਇਲਜ਼ਾਮ ਲਗਾਉਂਦੇ ਹਨ। ਅਸਲ ਵਿੱਚ ਆਪਣੇ ਕੱਪੜੇ ਸਾਫ਼ ਦੱਸਣ ਖਾਤਰ ਲੋਕ ਦੂਸਰਿਆਂ 'ਤੇ ਚਿੱਕੜ ਸੁੱਟ ਹੀ ਦਿੰਦੇ ਹਨ। ਕਿਉਂਕਿ ਇਹ ਸਭ ਤੋਂ ਸੌਖਾ ਕੰਮ ਹੈ। ਸ਼ਾਇਦ ਇਨ੍ਹਾਂ ਕੋਲ ਸੋਚ ਦੀ ਕਮੀ ਹੈ ਜੋ ਇਹ ਸੰਘਰਸ਼ ਦੀ ਨਵੀਂ ਰਾਹ ਦੇ ਸਕਣ ਤਾਂ ਜੋ ਅਸੀਂ ਆਪਣੇ ਰਾਜ ਦੀ ਮੰਜਲ ਪ੍ਰਾਪਤ ਕਰ ਸਕੀਏ। ਸੰਘਰਸ਼ ਕਰਨਾ ਔਖਾ ਹੈ, ਸਟੇਜਾਂ ਤੇ ਭਾਸ਼ਣ ਝਾੜ ਕੇ, ਹੱਥ ਹਿਲਾ ਆਪਣੇ ਘਰ ਜਾ ਚਾਰ ਪ੍ਰੋਂਠੇ ਖਾਹ ਕੇ ਸਰਹਾਣੇ ਥੱਲੇ ਹੱਥ ਦੇ ਕੇ ਸੌਣਾ ਸਭ ਤੋਂ ਸੌਖਾ ਹੈ। ਚੰਨ ਗੁਰਾਇਆ ਵਾਲੇ ਨੇ ਬਾਬਾ ਸਾਹਿਬ ਨੂੰ ਸਮਰਪਿਤ ਇਕ ਗੀਤ ਵਿੱਚ ਲਿਖਿਆ ਸੀ ਜਿਸ ਨੂੰ ਅਮ੍ਰਿਤਾ ਵਿਰਕ ਨੇ ਬਾਖੂਬੀ ਗਾਇਆ ਹੈ। 'ਮੇਰਾ ਭਾਸ਼ਨ ਦੇਣ ਵਾਲਿਓ ਕੁਝ ਆਪ ਵੀ ਕਰ ਕੇ ਦੇਖ ਲਉ'। ਅੱਜ ਦੇ ਨੌਜਵਾਨ ਦੀ ਤਸੱਲੀ ਸਿਰਫ ਭਾਸ਼ਣ ਨਾਲ ਨਹੀਂ ਹੁੰਦੀ, ਉਸ ਦੀ ਸੋਚ ਵਿਗਿਆਨਿਕ ਹੈ, ਉਹ ਲੀਡਰਾਂ ਦੀਆਂ ਗੱਲਾਂ ਨੂੰ ਉਹਨਾਂ ਦੀਆਂ ਕਰਤੂਤਾਂ ਨਾਲ ਤੋਲ ਕੇ ਦੇਖਦਾ ਹੈ। ਤੇ ਜਦੋਂ ਕਰਤੂਤਾਂ ਦਾ ਪੱਲੜਾ ਅਸਮਾਨ ਤੇ ਅਤੇ ਗੱਲਾਂ ਦਾ ਪੱਲੜਾ ਜ਼ਮੀਨ 'ਤੇ ਦੇਖਦਾ ਹੈ ਤਾਂ ਫ਼ੈਸਲਾ ਕਰ ਲੈਂਦਾ ਹੈ ਕਿ ਲੀਡਰ ਕਿੱਥੇ ਖੜ੍ਹਾ ਹੈ। ਮੋਦੀ ਝੂਠ ਬੋਲ ਕੇ ਪੂਰੇ ਭਾਰਤ ਨੂੰ ਆਪਣੇ ਭਾਸ਼ਣਾਂ ਨਾਲ ਬੇਵਕੂਫ ਬਣਾ ਇਕ ਵਾਰ ਤਾਂ ਸੱਤਾ ਵਿੱਚ ਆ ਗਿਆ ਤੇ ਉਸ ਨੂੰ ਸੱਤਾ 'ਚ ਲਿਆਉਣ ਵਿੱਚ ਵੱਡਾ ਹੱਥ ਨੌਜਵਾਨਾਂ ਦਾ ਸੀ, ਪਰ ਜਦੋਂ ਇਸ ਦੇ ਭਾਸ਼ਣਾਂ ਨੂੰ ਕਰਤੂਤਾਂ ਨਾਲ ਤੋਲ ਕੇ ਦੇਖਿਆ ਗਿਆ ਤਾਂ ਹੱਥ ਨਿਰਾਸ਼ਾ ਹੀ ਲੱਗ ਰਹੀ ਹੈ। ਇਹੋ ਜਿਹੇ ਭਾਸ਼ਣ ਰਾਜ ਸੱਤਾ 'ਚ ਬੈਠੇ ਜਾਂ ਉਸ ਦੇ ਰਾਹ 'ਚ ਲੱਗੇ ਲੀਡਰਾਂ ਨੂੰ ਤਾਂ ਉਨ੍ਹਾਂ ਦਾ ਕੰਮ ਚਲਾਉਣ ਵਿੱਚ ਸਹਾਰਾ ਦਿੰਦੇ ਹਨ ਪਰ ਦਲਿਤ ਸੰਘਰਸ਼ ਨੂੰ ਇਹੋ ਜਿਹੀਆਂ ਭਾਸ਼ਣਬਾਜੀਆਂ ਕਮਜ਼ੋਰ ਹੀ ਕਰਦੀਆਂ ਹਨ। ਆਪਣੇ ਸਾਥੀਆਂ ਨੂੰ ਆਪਣਾ ਵਿਰੋਧੀ ਸਮਝਣਾ ਤੇ ਇਨ੍ਹਾਂ ਵਿਰੋਧੀਆਂ ਦੀਆਂ ਗਿਣ-ਗਿਣ ਕਮੀਆਂ ਗਿਣਾਉਣਾ ਤੇ ਆਪਣੇ ਆਪ ਨੂੰ ਸਭ ਤੋਂ ਵੱਡਾ ਅੰਬੇਡਕਰੀ ਦੱਸਣਾ ਇਕ ਅਜਿਹੀ ਬਿਮਾਰੀ ਦਲਿਤ ਲੀਡਰਾਂ ਵਿੱਚ ਘਰ ਕਰ ਚੁੱਕੀ ਹੈ ਜਿਸਦਾ ਤੁਰੰਤ ਇਲਾਜ ਕਰਨਾ ਬੇਹੱਦ ਜ਼ਰੂਰੀ ਹੈ। ਇਨ੍ਹਾਂ ਨੂੰ ਸਾਹਮਣੇ ਫਨ ਫੈਲਾਏ ਬੈਠਾ ਕੋਬਰਾ ਕਦੇ ਨਜ਼ਰ ਨਹੀਂ ਆਉਂਦਾ, ਇਨ੍ਹਾਂ ਨੂੰ ਨਜ਼ਰ ਆਉਂਦਾ ਹੈ ਆਪਣੇ ਨਾਲ ਚਲਦਾ ਸਾਥੀ ਤੇ ਉਸ ਦੀਆਂ ਕਮੀਆਂ ਤੇ ਆਪਣੀ ਸਾਰੀ ਸ਼ਕਤੀ ਇਹ ਆਪਣੇ ਸਾਥੀਆਂ ਨੂੰ ਕਮਜ਼ੋਰ ਕਰਨ ਵਿਚ ਹੀ ਲਗਾ ਦਿੰਦੇ ਹਨ। ਜਿਹੜੇ ਗਿਣ-ਗਿਣ ਕੇ ਵਿਰੋਧੀਆਂ ਦੀਆਂ ਕਮੀਆਂ ਗਿਣਾ ਆਪਣੇ ਆਪ ਨੂੰ ਸੱਚਾ ਅੰਬੇਡਕਰੀ ਦੱਸਦੇ ਹਨ ਜੇ ਉਸ ਤੋਂ ਉਸ ਦੀਆਂ ਕਰਤੂਤਾਂ ਬਾਰੇ ਪੁੱਛ ਲਿਆ ਜਾਵੇ ਤਾਂ ਉਹ ਬਗਲਾਂ ਝਾਕਣ ਲੱਗ ਜਾਂਦਾ ਹੈ। ਜਵਾਬ ਕੋਈ ਨਹੀਂ ਹੁੰਦਾ, ਕਰਤੂਤ ਵੀ ਕੋਈ ਨਹੀਂ ਹੁੰਦੀ ਪਰ ਉਸ ਨੂੰ ਸ਼ੀਸ਼ਾ ਦਿਖਾਉਣ ਵਾਲਾ ਉਸ ਦਾ ਵਿਰੋਧੀ ਨੰਬਰ ਇਕ ਬਣ ਜਾਂਦਾ ਹੈ ਤੇ ਅਜਿਹੇ ਹਵਾਈ ਲੀਡਰ ਨੂੰ ਸਟੇਜਾਂ ਤੇ ਭਾਸ਼ਣ ਦੇਣ ਦਾ ਇਕ ਹੋਰ ਮਸਲਾ ਮਿਲ ਜਾਂਦਾ ਹੈ। ਜੇ ਤੁਸੀਂ ਸੰਘਰਸ਼ ਦੀ ਰਾਹ ਵਿੱਚ ਜਿੱਤ ਹਾਸਲ ਕਰਨਾ ਚਾਹੁੰਦੇ ਹੋ ਤਾਂ ਉਸ ਦਾ ਇਕੋ ਨੁਕਤਾ ਹੈ, ਆਪਣੀਆਂ ਕਮੀਆਂ ਪਹਿਚਾਣੋ, ਆਪਣੇ ਸਾਥੀਆਂ ਦੀਆਂ ਖੂਬੀਆਂ ਜਾਣੋ, ਮੋਢੇ ਨਾਲ ਮੋਢਾ ਲਾ ਕੇ ਇਕ-ਦੂਜੇ ਦਾ ਸਾਥ ਦਿੰਦੇ ਹੋਏ, ਇਕ ਦੂਜੇ ਦਾ ਯਕੀਨ ਕਰਦੇ ਹੋਏ ਆਪਣੇ ਦੁਸ਼ਮਣ ਨੂੰ ਪਛਾਣਦੇ ਹੋਏ ਉਸ ਤੇ ਮਾਫਕ ਹਮਲਾ ਬੋਲੋ, ਤਾਂ ਜੋ ਜਿੱਤ ਯਕੀਨੀ ਹੋਵੇ। ਜੇ ਇਕ ਦੂਜੇ ਦੀਆਂ ਲੱਤਾਂ ਹੀ ਖਿੱਚਣੀਆਂ ਹਨ ਤਾਂ ਯਕੀਨ ਮੰਨੋ ਤੁਸੀਂ ਕਦੇ ਵੀ ਚਿੱਕੜ ਭਰੇ ਤਲਾਬ 'ਚੋਂ  ਬਾਹਰ ਨਹੀਂ ਨਿਕਲ ਸਕਦੇ। ਸੌ ਗੱਲਾਂ ਕਰਨ ਨਾਲੋਂ ਇਕ ਕਰਤੂਤ ਕਰ ਲਓ ਤਾਂ ਉਹ ਜ਼ਿਆਦਾ ਚੰਗੀ ਹੈ।
- ਅਜੇ ਕੁਮਾਰ

Monday 10 August 2015

ਘੜੱਮ ਚੌਧਰੀਆਂ ਦੀਆਂ ਚਤੁਰਾਈਆਂ

ਅੱਜ ਤੋਂ ਤਕਰੀਬਨ 65 ਵਰ੍ਹੇ ਪਹਿਲਾਂ ਬਾਬਾ ਸਾਹਿਬ ਨੇ ਭਾਰਤ ਦਾ ਸੰਵਿਧਾਨ ਬਣਾ ਕੇ ਹਰ ਭਾਰਤੀ ਨੂੰ ਬਰਾਬਰ ਦਾ ਵੋਟ ਦਾ ਹੱਕ ਦਿੱਤਾ। ਕੋਈ ਚਾਹੇ ਜਿੰਨਾ ਮਰਜ਼ੀ ਅਮੀਰ ਹੋਵੇ ਜਾਂ ਗਰੀਬ, ਪੜ੍ਹਿਆ ਲਿਖਿਆ ਹੋਵੇ ਜਾਂ ਅਨਪੜ੍ਹ, ਰਾਜਾ-ਮਹਾਰਾਜਾ ਹੋਵੇ ਜਾਂ ਆਮ ਜਨਤਾ ਹਰ ਭਾਰਤੀ ਨਾਗਰਿਕ ਕੋਲ ਇਕ ਵੋਟ ਦਾ ਹੱਕ ਹੈ। ਵੋਟ ਦਾ ਹੱਕ ਮਿਲਣ ਤੋਂ ਪਹਿਲਾਂ ਗਰੀਬ ਦਲਿਤ ਦੀ ਰਾਜਨੀਤਿਕ ਖੇਤਰਾਂ 'ਚ ਕੋਈ ਪੁੱਛਗਿਛ ਨਹੀਂ ਸੀ ਤੇ ਉਸ ਵਕਤ ਦੇ ਸਾਰੇ ਮੁੱਖ ਰਾਜਨੀਤਿਕ ਦਲ ਜਾਂ ਉਨ੍ਹਾਂ ਦੇ ਲੀਡਰ ਦਲਿਤਾਂ ਨੂੰ ਚੌਥੇ ਦਰਜੇ ਦਾ ਨਾਗਰਿਕ ਮੰਨਦੇ ਸਨ। ਬਾਬਾ ਸਾਹਿਬ ਅੰਬੇਡਕਰ ਦੀ ਬਦੌਲਤ ਅਚਾਨਕ ਹੀ ਚੌਥੇ ਦਰਜੇ ਦਾ ਭਾਰਤੀ ਨਾਗਰਿਕ ਪਹਿਲੀ ਕਤਾਰ ਵਿੱਚ ਆ ਗਿਆ। ਹਰ ਰਾਜਨੀਤਿਕ ਦਲ ਨੂੰ ਅਹਿਸਾਸ ਹੋ ਗਿਆ ਕਿ ਬਿਨਾਂ ਦਲਿਤਾਂ ਦਾ ਸਾਥ ਮਿਲੇ ਕੋਈ ਚੋਣਾਂ ਨਹੀਂ ਜਿੱਤ ਸਕਦਾ ਤੇ ਜੇ ਚੋਣਾਂ ਨਹੀਂ ਜਿੱਤ ਸਕਦਾ ਤਾਂ ਸਰਕਾਰ ਬਣਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਘਾਗ ਰਾਜਨੀਤਿਕ ਲੀਡਰਾਂ ਨੇ ਘਰ-ਘਰ ਜਾ ਕੇ ਦਲਿਤਾਂ ਦੇ ਦੁੱਖ-ਤਕਲੀਫ਼ ਦੂਰ ਕਰਨ ਦੀ ਬਜਾਏ ਦਲਿਤਾਂ ਵਿੱਚੋਂ ਚੌਧਰੀ ਬਣਾਉਣ 'ਚ ਤਵੱਜੋ ਦਿੱਤੀ। ਇਹ ਚੌਧਰੀ ਆਪਣੇ ਆਪ ਨੂੰ ਦਲਿਤ ਸਮਾਜ ਦਾ ਨੁਮਾਇੰਦਾ ਦੱਸਦੇ ਅਤੇ ਆਪੋ-ਆਪਣੇ ਇਲਾਕੇ 'ਚ ਪੈਂਦੀਆਂ ਦਲਿਤ ਵੋਟਾਂ ਦਾ ਸੌਦਾ ਆਪਣੇ ਆਕਾਵਾਂ ਨਾਲ ਕਰਦੇ। ਇਕ ਪਾਸੇ ਤਾਂ ਉਹ ਲੀਡਰਾਂ ਦੀ ਚਮਚਾਗਿਰੀ ਕਰਦੇ ਉਨ੍ਹਾਂ ਦੇ ਗੋਡੇ-ਗਿੱਟੇ ਘੁਟ ਆਪਣੇ ਆਪ ਨੂੰ ਉਨ੍ਹਾਂ ਦਾ ਖ਼ਾਸ ਦੱਸਦੇ ਤੇ ਦੂਜੇ ਪਾਸੇ ਗਰੀਬ, ਕਮਜ਼ੋਰ ਅਤੇ ਅਨਪੜ੍ਹ ਦਲਿਤ ਸਮਾਜ 'ਤੇ ਆਪਣੀ ਚੌਧਰ ਦੀ ਧੌਂਸ ਜਮਾਉਂਦੇ। 65 ਸਾਲ ਆਜ਼ਾਦੀ ਦੇ ਗੁਜ਼ਰ ਚੁੱਕੇ ਹਨ ਪਰ ਇਨ੍ਹਾਂ ਚੌਧਰੀਆਂ ਦੀ ਹੋਂਦ ਅਜੇ ਤੱਕ ਨਹੀਂ ਮੁੱਕੀ। ਹਰ ਦਲਿਤ ਬਸਤੀ, ਵਿਹੜੇ, ਪਿੰਡ ਵਿੱਚ ਕੋਈ ਨਾ ਕੋਈ ਚੌਧਰੀ ਜ਼ਰੂਰ ਬੈਠਾ ਹੈ ਜੋ ਆਪਣੇ ਆਪ ਨੂੰ ਦਲਿਤ ਵੋਟਾਂ ਦਾ ਠੇਕੇਦਾਰ ਦੱਸਦਾ ਹੈ ਅਤੇ ਦਲਿਤ ਵੋਟਾਂ ਨੂੰ ਆਪਣੀ ਨਿੱਜੀ ਜਗੀਰ ਸਮਝਦਾ ਹੈ ਤੇ ਦਾਅਵਾ ਕਰਦਾ ਹੈ ਕਿ ਮੇਰੇ ਇਸ਼ਾਰੇ 'ਤੇ  ਮੇਰੀਆਂ ਵੋਟਾਂ ਜਿੱਧਰ ਚਾਹਾਂ ਪੁਆ ਸਕਦਾ ਹਾਂ। ਵਕਤ ਬਦਲ ਗਿਆ ਹੈ, ਅੱਜ ਦਾ ਨੌਜਵਾਨ ਦਲਿਤ ਆਪਣੇ ਹੱਕ ਸਮਝਦਾ ਹੈ, ਉਹ ਵੋਟ ਦੀ ਤਾਕਤ ਪਹਿਚਾਣਦਾ ਹੈ ਪਰ ਚੌਧਰੀ ਅਜੇ ਵੀ ਬਾਜ਼ ਨਹੀਂ ਆਉਂਦੇ। ਆਪੋ-ਆਪਣੀਆਂ ਪਾਰਟੀਆਂ ਦੇ ਚਮਚੇ, ਪਿਛਲੱਗ, ਚੌਧਰੀ ਕਿਸਮ ਦੇ ਲੀਡਰ ਆਪਣੇ ਸਰਪ੍ਰਸਤ ਲੀਡਰਾਂ ਨੂੰ ਖੁਸ਼ ਕਰਨ ਦੀ ਖ਼ਾਤਿਰ ਦਲਿਤ ਸਮਾਜ ਵਿੱਚ ਆਪੋ-ਆਪਣੇ ਤਰੀਕੇ ਨਾਲ ਵੰਡ ਪਵਾਉਣ 'ਚ ਕੋਈ ਕਸਰ ਨਹੀਂ ਛੱਡਦੇ। ਇਨ੍ਹਾਂ ਚੌਧਰੀਆਂ ਦਾ ਮੁੱਖ ਸ਼ੁਗਲ ਹੈ, ਇਕ-ਦੂਜੇ ਦੀਆਂ ਲੱਤਾਂ ਖਿੱਚਣੀਆਂ, ਕੋਈ ਦਲਿਤ ਹਿਤ ਲਈ ਆਵਾਜ਼ ਉਠਾਉਂਦਾ ਹੋਵੇ ਓਹਦੀਆਂ ਰਾਹਾਂ 'ਚ ਰੋੜੇ ਅਟਕਾਉਣੇ, ਕਿਸੇ ਖੁਦਗਰਜ਼ ਦਲਿਤ ਨੂੰ ਸਿਰ ਚੁੱਕਣ ਤੋਂ ਪਹਿਲਾਂ ਹੀ ਰੋਕ ਲੈਣਾ ਅਤੇ ਕੁਲ ਮਿਲਾ ਕੇ ਹਰ ਉਹ ਕੰਮ ਕਰਨਾ ਜੋ ਦਲਿਤ ਹਿਤਾਂ ਦੇ ਵਿਰੁੱਧ ਹੋਵੇ। ਇਨ੍ਹਾਂ ਚੌਧਰੀਆਂ ਦੀ ਵਜ੍ਹਾ ਨਾਲ ਹੀ ਸਮਾਜ 'ਚ ਏਕਾ ਨਹੀਂ ਹੋ ਸਕਿਆ। ਚਿੱਟੇ ਚੂੜੀਦਾਰ ਪਜਾਮੇ ਪਾ ਕੇ, ਮੁੱਛਾਂ ਨੂੰ ਤਾਅ ਦੇ ਕੇ ਇਕ-ਦੂਜੇ ਦੀਆਂ ਲੱਤਾਂ ਖਿੱਚਣ 'ਚ ਮਸਤ ਚੌਧਰੀ ਭੁੱਲ ਰਹੇ ਹਨ ਕਿ ਦਲਿਤ ਹੁਣ ਉਨ੍ਹਾਂ ਦੇ ਹੱਥ ਦਾ ਖਿਡੌਣਾ ਨਹੀਂ ਰਿਹਾ। ਇਹ ਆਪਣੇ ਹੱਕ ਖੋਹਣਾ ਜਾਣਦਾ ਹੈ। ਇਸ ਨੂੰ ਪਤਾ ਹੈ ਕਿ ਵੋਟ ਦੀ ਕੀ ਤਾਕਤ ਹੁੰਦੀ ਹੈ। ਮੈਂ ਇਨ੍ਹਾਂ ਚੌਧਰੀਆਂ ਨੂੰ ਇਕ ਗੱਲ ਸਮਝਾਉਣਾ ਚਾਹੁੰਦਾ ਹਾਂ ਕਿ ਇਹੋ ਜਿਹੀਆਂ ਤਮਾਸ਼ਬੀਨੀਆਂ ਛੱਡ ਦਿਓ, ਜਿਸ ਨਾਲ ਸਮਾਜ ਵਿੱਚ ਵੰਡ ਪੈਂਦੀ ਹੋਵੇ। ਕੋਈ ਸੁਚੱਜਾ ਕੰਮ ਕਰ ਸਕਦੇ ਹੋ ਤਾਂ ਕਰੋ, ਨਹੀਂ ਕਰ ਸਕਦੇ ਤਾਂ ਆਪੋ-ਆਪਣੇ ਘਰ ਜਾ ਕੇ ਬੈਠ ਜਾਓ ਤਾਂ ਜੋ ਸਮਾਜ ਅੱਗੇ ਵਧ ਸਕੇ। ਤੁਹਾਡੀਆਂ ਆਪਸੀ ਲੜਾਈਆਂ ਕਾਰਣ ਪੰਜਾਬ ਵਿੱਚ ਬਹੁਗਿਣਤੀ ਹੋਣ ਦੇ ਬਾਵਜੂਦ ਅਜੇ ਤੱਕ ਦਲਿਤਾਂ ਦਾ ਰਾਜ ਨਹੀਂ ਆ ਸਕਿਆ। ਤੁਸੀਂ ਸਾਨੂੰ ਮਨੂੰਵਾਦੀ ਤਾਕਤਾਂ ਦਾ ਹੱਥਠੋਕਾ ਬਣਾ ਕੇ ਰੱਖ ਦਿੱਤਾ ਹੈ। ਤੁਹਾਡੀ ਦਲਾਲੀ ਦੀਆਂ ਆਦਤਾਂ ਕਾਰਣ ਵੰਡਿਆ-ਫਟਿਆ ਸਮਾਜ ਲਾਚਾਰ ਹੋ ਕੇ ਮਨੂੰਵਾਦੀ ਤਾਕਤਾਂ ਹੱਥੋਂ ਅਜੇ ਵੀ ਸ਼ੋਸ਼ਿਤ ਹੋ ਰਿਹਾ ਹੈ। ਅਜੇ ਵੀ ਆਪਣੀਆਂ ਹਰਕਤਾਂ ਸੁਧਾਰ ਲਓ, ਇਕ-ਦੂਸਰੇ ਦੀਆਂ ਲੱਤਾਂ ਖਿੱਚਣ ਦੀ ਬਜਾਏ ਗੱਲ ਕਰੋ ਗਰੀਬ ਦੀ ਪੜ੍ਹਾਈ ਦੀ, ਗਰੀਬ ਦੀ ਦਵਾਈ ਦੀ, ਗਰੀਬ ਦੀ ਰੋਟੀ ਦੀ, ਗਰੀਬ ਦੇ ਰਹਿਣ-ਸਹਿਣ ਦੀ ਤਾਂ ਜੋ ਤੁਹਾਡੀ ਮਾੜੀ-ਮੋਟੀ ਇੱਜ਼ਤ ਬਚੀ ਰਹਿ ਸਕੇ, ਨਹੀਂ ਤਾਂ ਸਤਿਆ-ਤਪਿਆ ਦਲਿਤ ਤੁਹਾਡਾ ਉਹ ਹਸ਼ਰ ਕਰੇਗਾ ਕਿ ਤੁਸੀਂ ਕਿਸੇ ਨੂੰ ਮੂੰਹ ਦਿਖਾਉਣ ਦੇ ਕਾਬਲ ਵੀ ਨਹੀਂ ਰਹਿਣਾ। ਆਪੋ-ਆਪਣੀਆਂ ਡਫ਼ਲੀਆਂ, ਆਪੋ-ਆਪਣੇ ਰਾਗ, ਆਪੋ-ਆਪਣੇ ਲੀਡਰ, ਆਪੋ-ਆਪਣੇ ਸਾਧ, ਆਪੋ-ਆਪਣੇ ਮੰਦਿਰ-ਗੁਰਦੁਆਰੇ, ਆਪੋ-ਆਪਣੇ ਚੌਧਰਪੁਣੇ ਛੱਡ ਦਿਓ, ਇਸ ਵਿੱਚ ਹੀ ਤੁਹਾਡਾ ਤੇ ਦਲਿਤ ਸਮਾਜ ਦਾ ਭਵਿੱਖ ਸੁਰੱਖਿਅਤ ਹੈ। ਨਹੀਂ ਤਾਂ ਯਾਦ ਰੱਖੀਓ ਜੇ ਹੌਲੀ-ਹੌਲੀ ਸਮਾਜ ਹੀ ਮੁਕ ਗਿਆ ਤਾਂ ਤੁਸੀਂ ਆਪਣਾ ਚੌਧਰਪੁਣਾ ਕਿਸ 'ਤੇ ਚਲਾਉਣਾ ਹੈ, ਫਿਲਹਾਲ ਤੁਹਾਡੀਆਂ ਕਰਤੂਤਾਂ ਉਸ ਲੱਕੜਹਾਰੇ ਵਾਂਗ ਹਨ, ਜਿਹੜਾ ਜਿਸ ਟਾਹਣੀ 'ਤੇ ਬੈਠਾ ਹੈ, ਉਸ ਨੂੰ ਹੀ ਵੱਢੀ ਜਾ ਰਿਹਾ ਹੈ। ਬਾਕੀ ਮੇਰੀ ਤਾਂ ਤੁਹਾਡੇ ਅੱਗੇ ਗੁਜਾਰਿਸ਼ ਹੀ ਹੈ, ਤੁਸੀਂ ਖੁਦ ਕਾਫ਼ੀ ਸਮਝਦਾਰ ਹੋ। ਕਿਤੇ ਇਹ ਨਾ ਹੋਵੇ ਕਿ ਤੁਹਾਡੀਆਂ ਜ਼ਿਆਦੀਆਂ ਚਤੁਰਾਈਆਂ ਤੁਹਾਡੇ ਬੱਚਿਆਂ ਅੱਗੇ ਵੀ ਕੰਢੇ ਬੀਜ ਦੇਣ, ਜਿਹੜੇ ਕੱਢਣੇ ਨਾਮੁਮਕਿਨ ਹੋ ਜਾਣ।
- ਅਜੇ ਕੁਮਾਰ

Wednesday 5 August 2015

'ਖੋਹ ਲਓ ਆਪਣੇ ਹੱਕ'



ਕਹਾਣੀਆਂ, ਚੁਟਕਲੇ, ਲੋਕ ਕਥਾਵਾਂ, ਮੁਹਾਵਰੇ ਅਤੇ ਲੋਕ ਗੀਤ ਸਾਡੇ ਜੀਵਨ ਦਾ ਅਟੁੱਟ ਹਿੱਸਾ ਹਨ, ਇਹ ਬਹੁਤ ਕੁਝ ਸਮਝਾਉਂਦੀਆਂ ਹਨ, ਬਹੁਤ ਕੁਝ ਦਰਸਾਉਂਦੀਆਂ ਹਨ ਅਤੇ ਕਈ ਵਾਰ ਸਾਨੂੰ ਆਪਣੇ ਜੀਵਨ ਵਿੱਚ ਨਵੇਂ ਰਸਤੇ ਦਿਖਾਉਂਦੀਆਂ ਹਨ। ਬੈਠੇ-ਬੈਠੇ ਇਕ ਪੁਰਾਣੀ ਕਹਾਣੀ ਯਾਦ ਆ ਰਹੀ ਸੀ, ਜਿਸ ਨੂੰ ਤੁਸੀਂ ਵੀ ਸ਼ਾਇਦ ਕਈ ਵਾਰ ਸੁਣਿਆ ਹੋਵੇਗਾ। ਇਕ ਪਿੰਡ ਵਿੱਚ ਘੁਮਿਆਰ ਅਤੇ ਧੋਬੀ ਆਪੋ-ਆਪਣੇ ਖੋਤਿਆਂ ਨੂੰ ਕੱਪੜੇ ਅਤੇ ਮਿੱਟੀ ਦੇ ਭਾਂਡਿਆਂ ਨਾਲ ਲੱਦ ਕੇ ਰੋਜ਼ ਸ਼ਹਿਰ ਕੰਮ ਕਰਨ ਜਾਂਦੇ ਸਨ। ਇਕ ਪਾਸੇ ਘੁਮਿਆਰ ਆਪਣੇ ਖੋਤੇ 'ਤੇ ਘੱਟੋ-ਘੱਟ ਭਾਂਡੇ ਰੱਖਦਾ ਤਾਂ ਜੋ ਕਿਤੇ ਹੁਲਾਰਿਆਂ ਨਾਲ ਭਾਂਡੇ ਟੁੱਟ ਨਾ ਜਾਣ। ਬੜੇ ਪਿਆਰ ਨਾਲ ਥਾਪੀਆਂ ਦਿੰਦਾ ਖੋਤੇ ਨੂੰ ਸ਼ਹਿਰ ਵੱਲ ਲਿਜਾਂਦਾ। ਦੂਸਰੇ ਪਾਸੇ ਧੋਬੀ ਆਪਣੇ ਖੋਤੇ 'ਤੇ ਵੱਧ ਤੋਂ ਵੱਧ ਕੱਪੜੇ ਲੱਦ ਦਿੰਦਾ ਤੇ ਮਾਰ-ਮਾਰ ਸੋਟੀਆਂ ਸ਼ਹਿਰ ਵੱਲ ਤੁਰ ਪੈਂਦਾ। ਦੋਹਾਂ ਖੋਤਿਆਂ ਦੀ ਆਪਸ ਵਿੱਚ ਯਾਰੀ ਪੈ ਗਈ, ਘੁਮਿਆਰ ਦਾ ਖੋਤਾ ਧੋਬੀ ਦੇ ਖੋਤੇ ਨੂੰ ਸਮਝਾਉਂਦਿਆਂ ਕਹਿਣ ਲੱਗਾ ਕਿ ਤੂੰ ਕਿਹੜੇ ਕੁੱਤੇ ਕੰਮ 'ਚ ਫਸਿਆ ਹੋਇਆ ਹੈਂ, ਮੇਰੇ ਵੱਲ ਦੇਖ ਮੇਰੇ 'ਤੇ ਮਾਲਕ ਨਾ ਕੋਈ ਜ਼ਿਆਦਾ ਵਜ਼ਨ ਰੱਖਦਾ ਹੈ, ਨਾ ਹੀ ਕਦੇ ਸੋਟੀ ਦੀ ਮਾਰ ਪੈਂਦੀ ਹੈ। ਮਜ਼ੇ-ਮਜ਼ੇ ਕੰਮ ਕਰੀਦੈ ਤੇ ਇਕ ਤੂੰ ਹੈਂ, ਵਜ਼ਨ ਚੁਕ-ਚੁਕ ਕੁੱਬਾ ਹੋ ਗਿਐਂ ਤੇ ਖਾ-ਖਾ ਸੋਟੀਆਂ ਬੁਰਾ ਹਾਲ ਹੋ ਗਿਐ। ਛੱਡ ਧੋਬੀ ਦੀ ਨੌਕਰੀ ਕੋਈ ਚੰਗਾ ਕੰਮ ਕਰ ਲੈ। ਕੋਈ ਆਪਣੀ ਜ਼ਿੰਦਗੀ ਸਵਾਰ ਲੈ। ਧੋਬੀ ਦੇ ਖੋਤੇ ਨੇ ਆਪਣੇ ਚਿਹਰੇ 'ਤੇ ਕਮੀਨੀ ਜਿਹੀ ਮੁਸਕਰਾਹਟ ਲਿਆਉਂਦਿਆਂ ਦੱਸਿਆ ਯਾਰਾ ਤੈਨੂੰ ਕੀ ਪਤਾ ਅੰਦਰਲੀਆਂ ਗੱਲਾਂ ਦਾ, ਤੂੰ ਕੀ ਜਾਣੇ ਮੈਂ ਕਿਹੜੀਆਂ ਉਮੀਦਾਂ ਨਾਲ ਧੋਬੀ ਦੀ ਨੌਕਰੀ ਕਰਦਾ ਪਿਆਂ। ਅੱਜ ਤੂੰ ਦਿਲ ਦੀ ਗੱਲ ਛੇੜ ਲਈ ਤੇ ਹੁਣ ਸੁਣ ਲੈ, ਧੋਬੀ ਦੀ ਕੁੜੀ ਬਹੁਤ ਸੋਹਣੀ ਹੈ, ਇਹ ਧੋਬੀ ਰੋਜ਼ ਸ਼ਾਮ ਨੂੰ ਸ਼ਰਾਬ ਪੀ ਕੇ ਆਪਣੇ ਘਰ ਜਾਂਦਾ ਹੈ ਤੇ ਹਰ ਵਾਰ ਆਪਣੀ ਕੁੜੀ ਨੂੰ ਇੱਕੋ ਹੀ ਗੱਲ ਕਹਿੰਦਾ ਹੈ ਕਿ ਤੇਰੀ ਅਕਲ ਠਿਕਾਣੇ ਲਾਉਣ ਲਈ ਮੈਂ ਤੇਰਾ ਵਿਆਹ ਕਿਸੇ ਖੋਤੇ ਨਾਲ ਕਰ ਦੂੰ। ਮੈਂ ਸੋਚਦਾਂ ਹਾਂ ਕਿ ਘਰ ਦਾ ਖੋਤਾ ਛੱਡ ਧੋਬੀ ਕਿਤੇ ਬਾਹਰ ਥੋੜ੍ਹੀ ਜਾਊ, ਕਦੇ ਨਾ ਕਦੇ ਤਾਂ ਧੋਬੀ ਕੁੜੀ ਮੇਰੇ ਨਾਲ ਵਿਆਹ ਹੀ ਦਊ। ਇਸੇ ਉਮੀਦ 'ਤੇ ਮੈਂ ਧੋਬੀ ਦਾ ਸਾਥ ਨਹੀਂ ਛੱਡਦਾ। ਦੋਸਤੋ! ਜ਼ਰਾ ਗੌਰ ਕਰਕੇ ਵੇਖੋ ਸਾਡੇ ਵੀ ਹਾਲਾਤ ਕਿਸੇ ਧੋਬੀ ਦੇ ਖੋਤੇ ਨਾਲੋਂ ਖ਼ਾਸ ਚੰਗੇ ਨਹੀਂ। ਅਸੀਂ ਵੀ ਗਰੀਬੀ-ਕਮਜ਼ੋਰੀ ਦਾ ਬੋਝ ਤਾਂ ਚੁਕ-ਚੁਕ ਥੱਕ ਚੁੱਕੇ ਹਾਂ। ਚਾਹੇ ਸਾਡੇ ਕੋਲ ਪਿਛਲੇ 60 ਸਾਲਾਂ ਤੋਂ ਵੋਟ ਦਾ ਹੱਕ ਹੈ ਪਰ ਹਰ ਵਾਰ ਝੂਠੇ-ਮੂਠੇ, ਲਾਰੇ-ਲੱਪੇ ਲਾ ਕੇ ਨਾ ਪੂਰੀਆਂ ਹੋ ਸਕਣ ਵਾਲੀਆਂ ਉਮੀਦਾਂ ਦਿਖਾ ਸਾਡੀਆਂ ਵੋਟਾਂ ਮੋਮੋਠਗਣੀਆਂ ਗੱਲਾਂ ਸੁਣਾ ਤਥਾਕਥਿਤ ਲੀਡਰ ਖੋਹ ਲਿਜਾਂਦੇ ਹਨ। ਅਸੀਂ ਫਿਰ ਵਿਚਾਰਗੀ ਦੇ ਹਾਲਾਤ 'ਚ ਬੈਠੇ ਅਗਲੀਆਂ ਚੋਣਾਂ ਦੀ ਉਡੀਕ ਕਰਦੇ ਹਾਂ। ਕੋਈ ਨਹੀਂ! ਅਗਲੀਆਂ ਚੋਣਾਂ 'ਚ ਆਉਣਾ ਤਾਂ ਫਿਰ ਇਹਨੇ ਇੱਥੇ ਹੀ ਹੈ। ਕੁਲ ਮਿਲਾ ਕੇ ਜਿਸ 'ਤੇ ਵੀ ਅਸੀਂ ਯਕੀਨ ਕੀਤਾ, ਉਸੇ ਨੇ ਸਾਨੂੰ ਧੋਖਾ ਦਿੱਤਾ। ਠੱਗਾਂ ਦੇ ਰੂਪ-ਰੰਗ ਭਾਵੇਂ ਵੱਖਰੇ-ਵੱਖਰੇ ਹਨ, ਪਾਰਟੀਆਂ ਵੱਖੋ-ਵੱਖਰੀਆਂ ਹਨ ਪਰ ਦੱਬਿਆਂ-ਕੁਚਲਿਆਂ ਲੋਕਾਂ ਦੇ ਮਾਮਲੇ ਵਿੱਚ ਨੀਅਤਾਂ ਸਾਰਿਆਂ ਦੀਆਂ ਮਾੜੀਆਂ ਹਨ। ਕੋਈ ਨਹੀਂ ਚਾਹੁੰਦਾ ਸਾਡੇ ਹਾਲਾਤਾਂ ਵਿੱਚ ਸੁਧਾਰ ਹੋਵੇ। ਅਸੀਂ ਵੀ ਸੁੱਖ ਦਾ ਸਾਹ ਲੈ ਸਕੀਏ। ਅਸੀਂ ਵੀ ਇੱਜ਼ਤ-ਮਾਣ ਦੀ ਜ਼ਿੰਦਗੀ ਜੀਅ ਸਕੀਏ। 'ਅੱਛੇ ਦਿਨ ਆਨੇ ਵਾਲੇ ਹੈਂ' ਦਾ ਨਾਅਰਾ ਲਗਾ ਕੇ ਕਦੇ ਬੀ. ਜੇ. ਪੀ. ਸਾਨੂੰ ਲੁੱਟ ਲੈਂਦੀ ਹੈ, ਕਦੇ ਮੁਫ਼ਤ-ਆਟਾ ਦਾਲ ਦੇ ਕੇ ਅਕਾਲੀ ਸਾਡੀਆਂ ਵੋਟਾਂ ਲੈ ਜਾਂਦੇ ਹਨ ਤੇ ਕਦੇ ਗਰੀਬੀ ਹਟਾਓ ਦਾ ਨਾਅਰਾ ਦੇ ਕੇ ਕਾਂਗਰਸ ਸਾਨੂੰ ਬੇਵਕੂਫ਼ ਬਣਾ ਜਾਂਦੀ ਹੈ ਤੇ ਜਿਸ ਪਾਰਟੀ ਤੋਂ ਸਾਨੂੰ ਸਭ ਤੋਂ ਵੱਧ ਉਮੀਦਾਂ ਸਨ, ਲੱਗਦਾ ਸੀ ਇਹ ਸਾਡੀ ਆਪਣੀ ਪਾਰਟੀ ਹੈ, ਇਹ ਜ਼ਰੂਰ ਸਾਡੇ ਦੁੱਖ-ਦਰਦ ਪਹਿਚਾਣੇਗੀ। ਉਸ ਪਾਰਟੀ ਨੇ ਵੀ ਹਾਲੇ ਤੱਕ ਸਾਨੂੰ ਨਾ-ਉਮੀਦ ਹੀ ਕੀਤਾ ਹੈ। ਕਦੋਂ ਤੱਕ ਝੂਠੀਆਂ ਉਮੀਦਾਂ ਦੇ ਸਿਰ ਅਸੀਂ ਖੋਤੇ ਦੀ ਜੂਨ ਹੰਢਾਉਂਦੇ ਰਹਾਂਗੇ? ਕਦੋਂ ਤੱਕ ਅਸੀਂ ਇਨ੍ਹਾਂ ਲੀਡਰਾਂ ਦੇ ਅੱਤਿਆਚਾਰ ਬਰਦਾਸ਼ਤ ਕਰਾਂਗੇ? ਕਦੋਂ ਅਸੀਂ ਆਪਣੇ ਨਾਲ ਹੋ ਰਹੀਆਂ ਬੇਇਨਸਾਫ਼ੀਆਂ ਖਿਲਾਫ਼ ਆਵਾਜ਼ ਬੁਲੰਦ ਕਰਾਂਗੇ?ਪੰਜਾਬ ਵਿੱਚ 2017 'ਚ ਮੁੜ੍ਹ ਚੋਣਾਂ ਦਾ ਵਕਤ ਆ ਰਿਹਾ ਹੈ, ਡੇਢ ਸਾਲ ਤੋਂ ਵੀ ਘੱਟ ਵਖਵਾ ਰਹਿ ਗਿਐ ਆਉਂਦੀਆਂ ਚੋਣਾਂ ਦੀ ਤਿਆਰੀ ਕਰਨ ਲਈ। ਅਜੇ ਵੀ ਵਕਤ ਹੈ ਕਿ ਅਸੀਂ ਕੋਈ ਠੋਸ ਨੀਤੀ ਅਖ਼ਤਿਆਰ ਕਰਕੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਦੇ ਹੋਏ ਆਪਣੇ ਭਵਿੱਖ ਨੂੰ ਸੁਰੱਖਿਅਤ ਕਰੀਏ। ਨਹੀਂ ਤਾਂ ਯਕੀਨ ਮੰਨੋ ਇਕ ਵਾਰ ਫਿਰ ਉਨ੍ਹਾਂ ਹੀ ਹੱਥਾਂ 'ਚ ਤਾਕਤ ਜਾਵੇਗੀ, ਜਿਹੜੇ ਹੱਥ ਪਿਛਲੇ 60 ਸਾਲਾਂ ਤੋਂ ਸਾਨੂੰ ਲੁੱਟਦੇ ਰਹੇ ਹਨ। ਤੁਸੀਂ ਜਾਣਦੇ ਹੋ ਬੇਰਹਿਮੀ ਨਾਲ ਲੁੱਟਣ ਵਾਲੇ ਹੱਥ ਸਿਰਫ ਆਪਣਾ ਘਰ ਭਰਨਾ ਹੀ ਜਾਣਦੇ ਹਨ। ਆਪਣੇ ਆਲੇ-ਦੁਆਲੇ ਨਿਗ੍ਹਾ ਮਾਰੋ ਤੁਹਾਨੂੰ ਬਹੁਤ ਸਾਰੇ ਅਜਿਹੇ ਚਿਹਰੇ ਨਜ਼ਰ ਆਉਣਗੇ, ਜਿਨ੍ਹਾਂ ਨੇ ਸਾਡੇ ਹੱਕਾਂ 'ਤੇ ਡਾਕਾ ਮਾਰ ਆਪਣੀਆਂ ਕੁੱਲੀਆਂ ਨੂੰ ਮਹਿਲਾਂ 'ਚ ਬਦਲ ਦਿੱਤਾ ਅਤੇ ਅਸੀਂ ਡੰਗ-ਟਪਾਊ ਰੋਟੀ ਕਮਾਉਣ ਲਈ ਹਰ ਦਿਨ, ਹਰ ਪਲ ਸੰਘਰਸ਼ ਕਰਨ ਲਈ ਮਜਬੂਰ ਹਾਂ। ਸਾਡੇ ਬੱਚੇ ਪੜ੍ਹਾਈ ਤੋਂ ਵਾਂਝੇ ਹਨ। ਦਵਾਈ ਦੀ ਕਮੀ ਸਦਕਾ ਬਿਮਾਰੀਆਂ ਸਾਡੇ 'ਤੇ ਹਾਵੀ ਰਹਿੰਦੀਆਂ ਹਨ। ਚੰਗਾ ਪਾਉਣ, ਚੰਗੇ ਰਹਿਣ-ਸਹਿਣ ਅਤੇ ਚੰਗਾ ਖਾਣ ਨੂੰ ਅਸੀਂ ਤਰਸ ਚੁੱਕੇ ਹਾਂ। ਇਹ ਸਮਾਂ ਫੈਸਲੇ ਦਾ ਹੈ ਕਿ ਅਸੀਂ ਜਾਂ ਤਾਂ ਖੋਤੇ ਦੀ ਜੂਨ 'ਚ ਪੈ ਸੁਪਨੇ ਦੇਖੀਏ ਜਾਂ ਹੋਸ਼ ਵਿੱਚ ਆ ਕੇ ਵਕਤ ਰਹਿੰਦਿਆਂ ਆਪਣੇ ਹੱਕ ਖੋਹ ਲਈਏ। 
- ਅਜੇ ਕੁਮਾਰ