Monday 24 October 2016

ਮਹਿੰਗੀ ਪੈ ਸਕਦੀ ਹੈ ਰਾਜਨੀਤਿਕ ਪਾਰਟੀਆਂ ਨੂੰ ਵਾਲਮੀਕਿ ਸਮਾਜ ਨੂੰ ਨਾਰਾਜ਼ ਕਰਨ ਦੀ ਆਦਤ

ਭਾਵੇਂ ਭਾਰਤ ਦੇ ਸੰਵਿਧਾਨ 'ਚ ਜਾਤ-ਪਾਤ ਨੂੰ ਖ਼ਤਮ ਕਰਨ ਦੇ ਨਿਰਦੇਸ਼ ਹਨ ਅਤੇ ਇਸ ਨੂੰ ਫੈਲਾਉਣ ਵਾਲੇ ਦੇ ਖ਼ਿਲਾਫ ਸਖ਼ਤ ਕਾਨੂੰਨੀ ਕਾਰਵਾਈ ਦੀਆਂ ਧਾਰਾਵਾਂ ਹਨ ਪਰ ਇਹ ਜਗ-ਜ਼ਾਹਿਰ ਗੱਲ ਹੈ ਕਿ ਭਾਰਤ 'ਚ ਜਾਤ-ਪਾਤ ਦੇ ਨਾਂ 'ਤੇ ਹਰ ਤਰ੍ਹਾਂ ਦੇ ਤਕਰੀਬਨ ਹਰ ਥਾਂ 'ਤੇ ਵਿਤਕਰੇ ਹੁੰਦੇ ਹਨ। ਇਸ ਦੀ ਸ਼ਰੇਆਮ ਦਿਸਦੀ ਖ਼ਾਸ ਮਿਸਾਲ ਭਾਰਤ ਦੀ ਸਿਆਸਤ 'ਚ ਮਿਲਦੀ ਹੈ। ਭਾਰਤ ਦੀ ਸਿਆਸਤ 'ਚ ਜਾਤ-ਪਾਤ ਦਾ ਬੋਲਬਾਲਾ ਹੈ ਪਰ ਪੰਜਾਬ ਦੀ ਸਿਆਸਤ ਭਾਰਤ ਦੀ ਸਿਆਸਤ ਤੋਂ ਜ਼ਿਆਦਾ ਹੀ ਅਲੱਗ ਹੈ, ਕਿਉਂਕਿ ਪੰਜਾਬ 'ਚ ਦਲਿਤਾਂ ਦੀ ਅਬਾਦੀ ਪ੍ਰਤੀਸ਼ਤ ਦੇ ਹਿਸਾਬ ਨਾਲ ਭਾਰਤ 'ਚ ਸਭ ਤੋਂ ਜ਼ਿਆਦਾ ਹੈ ਅਤੇ ਦਲਿਤਾਂ ਵਿੱਚੋਂ ਅਬਾਦੀ ਦੇ ਹਿਸਾਬ ਨਾਲ ਮਜ੍ਹਬੀ ਸਿੱਖ ਅਤੇ ਵਾਲਮੀਕਿ ਭਾਈਚਾਰੇ ਦੀ ਗਿਣਤੀ ਜ਼ਿਆਦਾ ਹੈ। ਮਜ਼੍ਹਬੀ ਸਿੱਖਾਂ ਦੀ ਵਸੋਂ ਜ਼ਿਆਦਾਤਰ ਪਿੰਡਾਂ 'ਚ ਹੈ ਤੇ ਵਾਲਮੀਕਿ ਸਮਾਜ ਦੇ ਲੋਕਾਂ ਦੀ ਜ਼ਿਆਦਾਤਰ ਰਿਹਾਇਸ਼ ਸ਼ਹਿਰਾਂ ਅਤੇ ਕਸਬਿਆਂ 'ਚ ਹੈ। ਕਹਿਣ ਨੂੰ ਤਾਂ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦਲਿਤਾਂ ਦੀਆਂ ਹਮਾਇਤੀ ਹਨ ਅਤੇ ਦਲਿਤਾਂ ਨੂੰ ਮਾਣ-ਸਨਮਾਨ ਦੇਣ ਦਾ ਦਾਅਵਾ ਕਰਦੀਆਂ ਅਤੇ ਗੱਲਾਂ ਕਰਦੀਆਂ ਨਹੀਂ ਥੱਕਦੀਆਂ ਪਰ ਅਸਲ ਵਿੱਚ ਦਲਿਤਾਂ 'ਚੋਂ ਖ਼ਾਸ ਕਰਕੇ ਵਾਲਮੀਕਿ ਸਮਾਜ ਦੇ ਨਾਲ ਤਕਰੀਬਨ ਸਾਰੀਆਂ ਰਾਜਨੀਤਿਕ ਪਾਰਟੀਆਂ ਵਿਤਕਰਾ ਹੀ ਕਰਦੀਆਂ ਆਈਆਂ ਹਨ। ਇਸ ਦੀ ਮਿਸਾਲ ਤੁਸੀਂ ਪਿਛਲੀਆਂ ਸਾਰੀਆਂ ਬੀਤੀਆਂ ਚੋਣਾਂ ਅਤੇ ਹੁਣ ਦੀਆਂ ਹੋਣ ਵਾਲੀਆਂ ਚੋਣਾਂ 'ਚ ਸਾਰੀਆਂ ਪਾਰਟੀਆਂ ਵੱਲੋਂ ਟਿਕਟਾਂ ਦੀ ਵੰਡ ਪ੍ਰਣਾਲੀ ਤੋਂ ਦੇਖ ਸਕਦੇ ਹੋ। ਇੰਨੀ ਵੱਡੀ ਵਾਲਮੀਕਿ ਭਾਈਚਾਰੇ ਦੀ ਗਿਣਤੀ ਹੋਣ ਦੇ ਬਾਵਜੂਦ ਤਕਰੀਬਨ ਸਾਰੀਆਂ ਪਾਰਟੀਆਂ ਇਨ੍ਹਾਂ ਨੂੰ ਅਬਾਦੀ ਦੇ ਅਨੁਸਾਰ ਨੁਮਾਇੰਦਗੀ ਦੇਣ ਨੂੰ ਤਿਆਰ ਨਹੀਂ ਹਨ। ਪੁਰਾਣੀਆਂ ਪਾਰਟੀਆਂ ਤਾਂ ਇਨ੍ਹਾਂ ਨਾਲ ਧੋਖਾ ਕਰਦੀਆਂ ਹੀ ਆਈਆਂ ਹਨ, ਨਵੀਂ ਬਣੀ ਪਾਰਟੀ 'ਆਮ ਆਦਮੀ ਪਾਰਟੀ' ਨੇ ਵੀ ਹਾਲੇ ਤੱਕ ਦੀਆਂ ਘੋਸ਼ਿਤ ਕੀਤੀਆਂ ਟਿਕਟਾਂ 'ਚ ਇਨ੍ਹਾਂ ਦੀ ਝੋਲੀ ਖਾਲੀ ਹੀ ਰੱਖੀ ਹੈ। ਹੋਰ ਤਾਂ ਹੋਰ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਬਸਪਾ ਜਿਹੜੀ ਕਿ ਅੰਬੇਡਕਰੀ ਸੋਚ ਨੂੰ ਅੱਗੇ ਵਧਾਉਣ ਦਾ ਦਾਅਵਾ ਕਰਦੀ ਹੈ ਉਸ ਨੇ ਵੀ ਅੱਜ ਤੱਕ ਇਸ ਸਮਾਜ ਨੂੰ ਹੱਦੋਂ ਵੱਧ ਅਣਗੌਲਿਆ ਕੀਤਾ ਹੈ, ਜਿਸ ਦਾ ਖਮਿਆਜ਼ਾ ਉਹ ਹਰ ਵਾਰ ਦੀਆਂ ਚੋਣਾਂ ਚ ਭੁਗਤਦੀ ਵੀ ਹੈ ਪਰ ਇਸ ਮਾਮਲੇ 'ਚ ਆਪਣੇ ਵਿੱਚ ਸੁਧਾਰ ਲਿਆਉਣ ਤੋਂ ਉਹ ਵੀ ਗੁਰੇਜ਼ ਹੀ ਕਰਦੀ ਹੈ। ਜ਼ਿਕਰਯੋਗ ਹੈ ਕਿ ਅੱਜ ਦਾ ਵਾਲਮੀਕਿ ਸਮਾਜ ਦਾ ਆਗੂ ਪਹਿਲਾਂ ਤੋਂ ਕਈ ਗੁਣਾ ਬਿਹਤਰ ਹੈ। ਇੰਝ ਨਹੀਂ ਹੈ ਕਿ ਪਹਿਲੀ ਲੀਡਰਸ਼ਿਪ ਗਲਤ ਸੀ। ਪਹਿਲੀ ਲੀਡਰਸ਼ਿਪ ਅਨਪੜ੍ਹ ਅਤੇ ਭੋਲੀ-ਭਾਲੀ ਹੋਣ ਦੇ ਨਾਲ-ਨਾਲ ਗਾਂਧੀਵਾਦੀ ਸੀ। ਹੁਣ ਦੀ ਲੀਡਰਸ਼ਿਪ ਅੰਬੇਕਰਵਾਦੀ, ਜਾਣਕਾਰ, ਗਿਆਨਵਾਨ ਅਤੇ ਜਾਗਰੂਕ ਹੈ ਜਿਹੜੀ ਬਾਖੂਬੀ ਆਪਣਾ ਹੱਕ ਲੈਣ ਲਈ ਗਾਹੇ-ਬਗਾਹੇ ਅੰਦੋਲਨ ਛੇੜਦੀ ਰਹਿੰਦੀ ਹੈ। ਇਸ ਵਜ੍ਹਾ ਕਰਕੇ ਇਸ ਵਾਰ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਵਾਲਮੀਕਿ ਸਮਾਜ ਦੀ ਨੁਮਾਇੰਦਗੀ ਬਾਰੇ ਵਿਚਾਰ ਕਰਨਾ ਪਵੇਗਾ, ਨਹੀਂ ਤਾਂ ਇਨ੍ਹਾਂ ਦੇ ਗੁੱਸੇ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਇੱਥੇ ਇਕ ਖਾਸ ਗੱਲ ਇਹ ਹੈ ਕਿ ਵਾਲਮੀਕਿ ਸਮਾਜ ਸ਼ੁਰੂ ਤੋਂ ਹੀ ਕਾਂਗਰਸ ਦੇ ਹੱਕ 'ਚ ਭੁਗਤਦਾ ਆਇਆ ਹੈ ਅਤੇ ਇਸ ਨੂੰ ਕਾਂਗਰਸ ਦੀ ਰੀੜ੍ਹ ਦੀ ਹੱਡੀ ਵੀ ਕਿਹਾ ਜਾਂਦਾ ਸੀ ਪਰ ਪਿਛਲੇ 10 ਸਾਲ ਤੋਂ ਪੰਜਾਬ 'ਚ ਇਨ੍ਹਾਂ ਨੇ ਕਾਂਗਰਸ ਤੋਂ ਮੂੰਹ ਮੋੜ ਕੇ ਕਾਂਗਰਸ ਨੂੰ ਅਕਲ ਸਿਖਾਉਣ ਵਜੋਂ ਵੋਟਾਂ ਕਾਂਗਰਸ ਦੇ ਵਿਰੋਧ 'ਚ ਪਾਈਆਂ, ਜਿਸ ਕਾਰਨ ਪਿਛਲੇ 10 ਸਾਲਾਂ ਤੋਂ ਕਾਂਗਰਸ ਸੱਤਾ ਤੋਂ ਬਾਹਰ ਬੈਠੀ ਮਛਲੀ ਵਾਂਗ ਤੜਫ ਰਹੀ ਹੈ ਪਰ ਕਾਂਗਰਸ ਪਾਰਟੀ ਵਾਲਮੀਕਿ ਸਮਾਜ ਦੇ ਨਾਲ ਇਨਸਾਫ ਕਰਨ ਲਈ ਹੋਰ ਕਿੰਨੀ ਕੁ ਦੇਰ ਲਗਾਏਗੀ, ਇਸ ਬਾਰੇ ਕੁਝ ਨਹੀਂ ਕਹਿ ਸਕਦੇ? 
ਅਕਲ ਸਿੱਖਣ 'ਚ ਇਹ ਉਨ੍ਹਾਂ 'ਤੇ ਨਿਰਭਰ ਕਰਦਾ ਹੈ ਪਰ ਇੰਨੀ ਗੱਲ ਜ਼ਰੂਰ ਹੈ ਕਿ ਇਸ ਵਾਰ ਵਾਲਮੀਕਿ ਸਮਾਜ ਖਾਸਕਰ ਨੌਜਵਾਨ ਉਨ੍ਹ੍ਵਾਂ ਰਾਜਨੀਤਿਕ ਪਾਰਟੀਆਂ ਨੂੰ ਮੂੰਹ ਨਹੀਂ ਲਾਵੇਗਾ, ਜਿਹੜੀਆਂ ਪਾਰਟੀਆਂ ਉਨ੍ਹਾਂ ਨੂੰ ਬਣਦਾ ਮਾਨ-ਸਨਮਾਨ ਨਹੀਂ ਦੇਣਗੀਆਂ ਅਤੇ ਅਜਿਹੀਆਂ ਪਾਰਟੀਆਂ ਦੇ ਵਿਰੁੱਧ ਅੰਦੋਲਨ ਵੀ ਚਲਾਉਣਗੇ ਤਾਂ ਜੋ ਇਨ੍ਹਾਂ ਪਾਰਟੀਆਂ ਦੀ ਅਕਲ ਟਿਕਾਣੇ ਸਿਰ ਰਹੇ। - ਅਜੇ ਕੁਮਾਰ

Monday 17 October 2016

ਸਫ਼ਾਈ ਉੱਤੇ ਗੰਦਗੀ ਦੀ ਜਿੱਤ

ਮੈਂ ਇਤਿਹਾਸ ਦਾ ਵਿਦਿਆਰਥੀ ਨਹੀਂ ਹਾਂ ਨਾ ਹੀ ਮੈਂ ਬਹੁਤਾ ਜ਼ਿਆਦਾ ਧਾਰਮਿਕਤਾ ਦਾ ਜਾਣਕਾਰ ਹਾਂ। ਮੈਂ ਸਿੱਧਾ ਸਧਾਰਣ ਜਿਹਾ ਬੰਦਾ ਹਾਂ,  ਇਨਸਾਨੀ ਧਰਮ ਨੂੰ ਹੀ ਸ੍ਰੇਸ਼ਠ ਧਰਮ ਮੰਨਦਾ ਹਾਂ। ਮਾਨਵਤਾ ਦੇ ਕਾਨੂੰਨਾਂ ਨੂੰ ਹੀ ਸਭ ਤੋਂ ਉੱਤਮ ਸਮਝਦਾ ਹਾਂ। ਸਾਡੇ ਦੇਸ਼ ਵਿੱਚ ਦੁਸਹਿਰੇ ਤੋਂ ਲੈ ਕੇ ਹੋਲੀ ਤੱਕ ਤਿਉਹਾਰਾਂ ਦਾ ਸੀਜ਼ਨ ਪੁਰਜ਼ੋਰ ਚੱਲਦਾ ਹੈ। ਦੁਸਹਿਰੇ ਵਾਲੇ ਦਿਨ ਰਾਵਣ, ਕੁੰਭਕਰਣ, ਮੇਘਨਾਥ ਦੇ ਪੁਤਲੇ ਫੂਕਣ ਤੋਂ ਸ਼ੁਰੂ ਹੋਇਆ ਕੰਮ ਦੀਵਾਲੀ 'ਤੇ ਖਰਬਾਂ ਰੁਪਏ ਦੇ ਪਟਾਕੇ ਫੂਕ ਕੇ ਖਤਮ ਹੁੰਦਾ ਹੈ। ਜਿਹੜੇ ਲੋਕ ਰਾਜਾ ਰਾਮ ਨੂੰ ਆਪਣਾ ਭਗਵਾਨ ਮੰਨਦੇ ਹਨ, ਉਹ ਦੁਸਹਿਰੇ ਵਾਲੇ ਦਿਨ ਰਾਵਣ, ਕੁੰਭਕਰਣ, ਮੇਘਨਾਥ ਦੇ ਵੱਡੇ-ਵੱਡੇ ਪੁਤਲੇ ਬਣਾ ਕੇ, ਉਨ੍ਹਾਂ ਨੂੰ ਅੱਗ ਲਗਾ ਕੇ ਇਸ ਨੂੰ ਵਿਜੈ ਦਸ਼ਮੀ ਦਾ ਨਾਮ ਦੇ ਕੇ ਆਨੰਦ ਮਾਣਦੇ ਹਨ। ਜਿਹੜੇ ਲੋਕ ਮਹਾਤਮਾ ਰਾਵਣ ਨੂੰ ਮੰਨਦੇ ਹਨ ਉਹ ਰਾਮ ਦੇ ਚੇਲਿਆਂ ਦੀ ਨਿਖੇਧੀ ਕਰਦੇ ਹਨ। ਭਗਵਾਨ ਵਾਲਮੀਕਿ ਮਹਾਰਾਜ ਜੀ ਨੇ ਰਾਮਾਇਣ ਲਿਖ ਕੇ ਇਹ ਦੋਨੋਂ ਕਿਰਦਾਰ ਅਮਰ ਕਰ ਦਿੱਤੇ। ਭਗਵਾਨ ਵਾਲਮੀਕਿ ਜੀ ਨੇ ਰਾਮਾਇਣ 'ਚ ਰਾਮ ਨੂੰ ਰਾਜਾ ਅਤੇ ਰਾਵਣ ਨੂੰ ਮਹਾਤਮਾ ਲਿਖਿਆ। ਮੈਂ ਭਗਵਾਨ ਵਾਲਮੀਕਿ ਨੂੰ ਬੇਸਹਾਰੇ, ਲਤਾੜਿਆਂ ਦੇ ਰਹਿਬਰ ਵਜੋਂ ਜਾਣਦਾ ਹਾਂ ਤੇ ਮੰਨਦਾ ਹਾਂ। ਉਨ੍ਹਾਂ ਦਾ ਗਿਆਨ, ਉਨ੍ਹਾਂ ਦਾ ਸੰਘਰਸ਼ਮਈ ਜੀਵਨ ਮੈਨੂੰ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਦੇ ਹੱਥ 'ਚ ਫੜੀ ਕਲਮ ਮੈਨੂੰ ਸਦਾ ਹੀ ਪ੍ਰੇਰਣਾ ਦਿੰਦੀ ਹੈ। ਜਿੱਥੇ ਉਨ੍ਹਾਂ ਨੇ ਮਨੁੱਖ ਨੂੰ ਸੁਖੀ ਅਤੇ ਅਣਖੀ ਯੋਧਿਆਂ ਵਾਂਗੂੰ ਜਿਊਣ ਲਈ ਕਈ ਗ੍ਰੰਥ ਮਾਨਵਤਾ ਦੀ ਝੋਲੀ ਪਾਏ, ਉੱਥੇ ਉਨ੍ਹਾਂ ਨੇ ਰਾਮਾਇਣ ਦੀ ਰਚਨਾ ਕਰਕੇ ਰਾਮ ਅਤੇ ਰਾਵਣ ਦੇ ਜੀਵਨ ਨੂੰ ਆਮ ਲੋਕਾਂ ਦੇ ਸਾਹਮਣੇ ਰੂ-ਬ-ਰੂ ਪੇਸ਼ ਕੀਤਾ। ਇਸ ਗੱਲ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ ਕਿ ਰਾਮਾਇਣ ਦੇ ਰਚਾਇਤਾ ਭਗਵਾਨ ਵਾਲਮੀਕਿ ਹਨ। ਰਾਮ ਅਤੇ ਰਾਵਣ ਰਾਮਾਇਣ ਦੇ ਦੋ ਕਿਰਦਾਰ ਹਨ, ਜਿਨ੍ਹਾਂ ਨੂੰ ਮੰਨਣਾ ਜਾਂ ਨਾ ਮੰਨਣਾ ਹਰ ਇਕ ਵਿਅਕਤੀ ਦਾ ਨਿੱਜੀ ਮਾਮਲਾ ਹੈ। ਇਤਿਹਾਸ ਦੀਆਂ ਗੱਲਾਂ, ਸਾਹਿਤ ਦੀਆਂ ਗੱਲਾਂ ਫੇਰ ਕਦੇ ਮੌਕਾ ਮਿਲਣ 'ਤੇ ਵਿਸਥਾਰਪੂਰਵਕ ਕਰਾਂਗੇ। ਅੱਜ ਜ਼ਿਕਰ ਕਰਦੇ ਹਾਂ ਦੁਸਹਿਰੇ ਤੇ ਦੀਵਾਲੀ ਨੂੰ ਮਨਾਉਣ ਦੇ ਢੰਗ 'ਤੇ। ਮੇਰੇ ਲਈ ਨਾ ਰਾਵਣ ਆਦਰਸ਼ ਹੈ ਨਾ ਰਾਮ। ਜੋ ਵਿਅਕਤੀ ਔਰਤ ਦੀ ਇੱਜ਼ਤ ਕਰਨਾ ਨਹੀਂ ਜਾਣਦਾ, ਉਸ ਨੂੰ ਮੈਂ ਕਦੇ ਆਦਰਸ਼ ਨਹੀਂ ਮੰਨ ਸਕਦਾ। ਸਵਾਲ ਹਜ਼ਾਰਾਂ ਸਾਲਾਂ ਤੋਂ ਉੱਠਦਾ ਆ ਰਿਹਾ ਹੈ ਰਾਜਾ ਰਾਮ ਦੇ ਜੀਵਨ ਕਾਲ ਵਿੱਚ ਵੀ ਉੱਠਿਆ ਕਿ ਲੋਕਾਂ ਦੇ ਤਾਹਨੇ-ਮੇਹਣੇ ਸੁਣ ਕੇ ਆਪਣੀ ਧਰਮ ਪਤਨੀ ਨੂੰ ਘਰੋਂ ਕੱਢਣਾ ਉਚਿਤ ਸੀ? ਤੇ ਰਾਵਣ ਵੀ ਮੇਰੇ ਆਦਰਸ਼ ਨਹੀਂ ਹਨ ਜਿਸ ਨੇ ਆਪਣੀ ਭੈਣ ਦੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਦੂਸਰੇ ਦੀ ਬੇਕਸੂਰ ਪਤਨੀ ਨੂੰ ਹਰਣ ਕਰਕੇ ਉਸ ਨੂੰ ਆਪਣੇ ਮਹਿਲ 'ਚ ਬੰਧਕ ਬਣਾਇਆ। ਕਿਉਂਕਿ ਅਸੀਂ ਇਹ ਕਿਵੇਂ ਭੁੱਲ ਸਕਦੇ ਹਾਂ ਕਿ ਭਗਵਾਨ ਵਾਲਮੀਕਿ ਜੀ ਨੇ ਜਨਨੀ ਅਤੇ ਜਨਮ ਭੂਮੀ ਨੂੰ ਸਵਰਗ ਤੋਂ ਸੁੰਦਰ ਕਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਵੀ ਆਪਣੀ ਬਾਣੀ ਵਿੱਚ ਕਿਹਾ ਹੈ 'ਸੋ ਕਿਉ ਮੰਦਾ ਆਖੀਐ ਜਿਤੁ ਜੰਮੇ ਰਾਜਾਨੁ'। ਹੁਣ ਗੱਲ ਕਰਦੇ ਹਾਂ ਦੁਸਹਿਰਾ-ਦੀਵਾਲੀ ਮਨਾਉਣ ਵਾਲਿਆਂ ਦੀ, ਜਿਹੜੇ ਦੁਸਹਿਰਾ ਇਸ ਲਈ ਮਨਾਉਂਦੇ ਹਨ ਕਿ ਰਾਵਣ ਨੇ ਪਾਪ ਕੀਤਾ ਸੀ ਤੇ ਰਾਮ ਨੇ ਉਸ ਨੂੰ ਸਜ਼ਾ ਦਿੱਤੀ ਸੀ ਤੇ ਦੀਵਾਲੀ ਇਸ ਕਰਕੇ ਮਨਾਉਂਦੇ ਹਨ ਕਿ ਇਸ ਦਿਨ ਰਾਮ ਅਯੁੱਧਿਆ ਵਾਪਸ ਆਏ ਸਨ। ਇਹ ਦੋਨੋਂ ਦਿਨ ਰਾਮ ਦੇ ਭਗਤ ਜਿੱਥੇ ਹੋਰ ਧਾਰਮਿਕ ਰੀਤੀ-ਰਿਵਾਜ਼ ਕਰਦੇ ਹਨ, ਉੱਥੇ ਖਰਬਾਂ ਰੁਪਏ ਦੇ ਪਟਾਕੇ ਫੂਕ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹਨ। ਜਦੋਂ ਦਾ ਮੈਂ ਦੇਖ ਰਿਹਾ ਹਾਂ ਇਹੀ ਅਨੁਭਵ ਕਰ ਰਿਹਾ ਹਾਂ ਕਿ ਤਿਉਹਾਰਾਂ ਦਾ ਕੰਮ ਵਾਤਾਵਰਣ 'ਚ ਪ੍ਰਦੂਸ਼ਣ ਫੈਲਾਉਣ ਤੋਂ ਇਲਾਵਾ ਕੋਈ ਦੂਸਰਾ ਨਹੀਂ। ਇਹ ਦਿਨ ਬਦੀ 'ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਵਜੋਂ ਮਨਾਏ ਜਾਂਦੇ ਹਨ। ਕਹਿਣ ਦਾ ਭਾਵ ਬੁਰਾਈ 'ਤੇ ਅੱਛਾਈ ਦੀ ਜਿੱਤ। ਪਰ ਮੇਰਾ ਸੁਆਲ ਇਹ ਹੈ ਜਦੋਂ ਅੱਜ ਪੂਰਾ ਵਿਸ਼ਵ ਪ੍ਰਦੂਸ਼ਣ ਤੋਂ ਪੀੜ੍ਹਤ ਹੈ, ਵਾਤਾਵਰਣ ਦੀ ਸਾਂਭ-ਸੰਭਾਲ ਲਈ ਖਰਬਾਂ ਰੁਪਏ ਖਰਚ ਕੀਤੇ ਜਾ ਰਹੇ ਹਨ, ਬੁੱਧੀਮਾਨ ਲੋਕ ਨਿੱਤ ਵਾਤਾਵਰਣ ਦੀ ਰੱਖਿਆ ਲਈ ਲੋਕਾਂ ਨੂੰ ਜਾਗਰੂਕ ਕਰਦੇ ਹਨ। ਭਾਰਤ ਪੂਰੀ ਤਰ੍ਹਾਂ ਪ੍ਰਦੂਸ਼ਣ ਦੀ ਚਪੇਟ 'ਚ ਹੈ। ਨਿੱਤ ਨਵੀਆਂ ਬੀਮਾਰੀਆਂ ਪ੍ਰਦੂਸ਼ਣ ਦੀ ਵਜ੍ਹਾ ਨਾਲ ਫੈਲਦੀਆਂ ਹਨ ਤੇ ਦੂਜੇ ਪਾਸੇ ਦੁਸਹਿਰੇ ਤੇ ਦੀਵਾਲੀ ਵਿੱਚ ਖਰਬਾਂ ਰੁਪਏ ਦੇ ਪਟਾਕੇ ਫੂਕ ਕੇ ਵਾਤਾਵਰਣ ਦੇ ਪ੍ਰਦੂਸ਼ਣ ਨੂੰ ਵਧਾਇਆ ਜਾਂਦਾ ਹੈ। ਬੜਾ ਅਜੀਬ ਲੱਗਦਾ ਹੈ ਇਕ ਪਾਸੇ ਤਾਂ ਪ੍ਰਧਾਨ ਮੰਤਰੀ ਤੇ ਉਸ ਦੇ ਚੇਲੇ-ਚਾਪਟੇ ਸਵੱਛ ਭਾਰਤ ਦੇ ਨਾਂ 'ਤੇ ਝਾੜੂ ਫੜ ਕੇ ਆਪਣੀਆਂ ਫੋਟੋਆਂ ਖਿਚਵਾਉਂਦੇ ਨਹੀਂ ਥੱਕਦੇ ਤੇ ਦੂਸਰੇ ਪਾਸੇ ਦੁਸਹਿਰੇ-ਦੀਵਾਲੀ ਮੌਕੇ ਤੀਰ-ਕਮਾਨ ਹੱਥ 'ਚ ਫੜ ਹੱਦੋਂ ਵੱਧ ਗੰਦਗੀ ਫੈਲਾਉਣ ਦਾ ਸੁਨੇਹਾ ਲੋਕਾਂ ਨੂੰ ਦੇ ਰਹੇ ਹਨ। ਇਕ ਪਾਸੇ ਪੁਤਲਿਆਂ ਨੂੰ ਸਾੜ ਕੇ ਪਟਾਕਿਆਂ ਨੂੰ ਫੂਕ ਕੇ ਗੰਦਗੀ ਫੈਲਾਉਣ ਦਾ ਅਪਰਾਧ ਕੀਤਾ ਜਾਂਦਾ ਹੈ, ਦੂਜੇ ਪਾਸੇ ਦੱਸਿਆ ਜਾਂਦਾ ਹੈ ਕਿ ਬੁਰਾਈ 'ਤੇ ਅੱਛਾਈ ਦੀ ਜਿੱਤ ਹੋ ਗਈ। ਹੁਣ ਸੁਆਲ ਇਹ ਵੀ ਪੈਦਾ ਹੁੰਦਾ ਹੈ ਜਿਹੜੇ ਲੋਕ ਪੁਤਲਾ ਫੂਕ ਆਪਣੀ ਪ੍ਰਧਾਨਗੀ ਚਮਕਾਉਂਦੇ ਹਨ, ਉਹ ਕਿੰਨੇ ਕੁ ਚਰਿੱਤਰਵਾਨ ਹੁੰਦੇ ਹਨ। ਮੇਰਾ ਤਾਂ ਵਿਚਾਰ ਹੈ ਕਿ ਇਕ ਪਾਸੇ ਇਹ ਪ੍ਰਦੂਸ਼ਣ ਫੈਲਾਉਣ ਦੇ ਤਿਉਹਾਰ ਬਣੇ ਹਨ, ਦੂਸਰੇ ਪਾਸੇ ਇਨ੍ਹਾਂ ਦਿਨਾਂ 'ਚ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਆਪਣੇ ਸਿਖਰ 'ਤੇ ਹੁੰਦਾ ਹੈ। ਕੋਈ ਖੁੱਲ੍ਹ ਕੇ ਤਾਂ ਨਹੀਂ ਕਹਿੰਦਾ ਪਰ ਦੀਵਾਲੀ ਸਹੀ ਅਰਥਾਂ 'ਚ ਸਾਡੇ ਦੇਸ਼ ਵਿੱਚ ਅੱਜ-ਕੱਲ੍ਹ ਰਿਸ਼ਵਤ ਡੇ ਦਾ ਰੂਪ ਧਾਰਨ ਕਰ ਚੁੱਕੀ ਹੈ। ਕੁੱਲ ਮਿਲਾ ਕੇ ਇਹ ਦਿਨ ਸਫ਼ਾਈ 'ਤੇ ਗੰਦਗੀ ਦੀ ਜਿੱਤ ਦੇ ਦਿਨ ਬਣ ਕੇ ਰਹਿ ਗਏ ਹਨ। ਈਮਾਨਦਾਰੀ 'ਤੇ ਭ੍ਰਿਸ਼ਟਾਚਾਰ ਦੀ ਜਿੱਤ ਬਣ ਕੇ ਰਹਿ ਗਏ ਹਨ। ਜ਼ਰੂਰੀ ਹੈ ਇਨ੍ਹਾਂ ਦਿਨਾਂ 'ਚ ਭ੍ਰਿਸ਼ਟਾਚਾਰੀ ਅਫ਼ਸਰਾਂ ਅਤੇ ਭ੍ਰਿਸ਼ਟਾਚਾਰੀ ਵਪਾਰੀਆਂ 'ਤੇ ਸਰਜੀਕਲ ਸਟਰਾਈਕ ਵਾਂਗ ਆਪ੍ਰੇਸ਼ਨ ਕਰਕੇ ਇਨ੍ਹਾਂ ਨੂੰ ਸਲਾਖਾਂ ਪਿੱਛੇ ਸੁੱਿਟਆ ਜਾਵੇ। ਇਸ ਦਿਨ ਧੀਆਂ-ਭੈਣਾਂ ਦੀ ਰੱਖਿਆ ਦੇ ਠੋਸ ਉਪਰਾਲੇ ਵਿਵਹਾਰਕ ਰੂਪ 'ਚ ਕਰਨ ਲਈ ਵਚਨਬੱਧ ਹੋਇਆ ਜਾਵੇ ਤਾਂ ਹੀ ਅਸੀਂ ਇਸ ਨੂੰ ਬੁਰਾਈ 'ਤੇ ਅੱਛਾਈ ਦੀ ਜਿੱਤ ਕਹਿ ਸਕਦੇ ਹਾਂ, ਨਹੀਂ ਤਾਂ ਸਫ਼ਾਈ 'ਤੇ ਗੰਦਗੀ ਦੀ ਜਿੱਤ ਤਾਂ ਸੈਂਕੜੇ ਸਾਲਾਂ ਤੋਂ ਸਾਡੇ ਦੇਸ਼ ਵਿੱਚ ਹੋ ਹੀ ਰਹੀ ਹੈ। 
- ਅਜੇ ਕੁਮਾਰ

Monday 10 October 2016

ਸਰਜੀਕਲ ਸਟਰਾਈਕ ਹੋਰ ਵੀ...

ਅੱਜ-ਕੱਲ੍ ਸਰਜੀਕਲ ਸਟਰਾਈਕ ਬਹੁਤ ਚਰਚਾ ਵਿੱਚ ਹੈ। ਹਰ ਦੂਜਾ ਭਾਰਤੀ ਜਿਸ ਨੂੰ ਸੈਨਾ ਦੇ ਕੰਮਕਾਜ ਦਾ -ਅ ਵੀ ਨਹੀਂ ਪਤਾ ਉਹ ਸਰਜੀਕਲ ਸਟਰਾਈਕ ਦਾ ਮਾਸਟਰ ਬਣਿਆ ਫਿਰਦਾ ਹੈ। ਮੀਡੀਆ, ਲੀਡਰਾਂ ਤੇ ਆਮ ਲੋਕਾਂ ਵਿੱਚ ਕੁਝ ਉਸ ਤਰੀਕੇ ਨਾਲ ਕਮੈਂਟਰੀਆਂ ਚੱਲ ਰਹੀਆਂ ਹਨ, ਜਿਸ ਤਰ੍ਹਾਂ ਕ੍ਰਿਕੇਟ ਮੈਚ ਦੇਖਣ ਵਾਲੇ ਸਾਡੇ ਲੋਕ ਅਵਾ-ਤਵਾ, ਬੇ ਸਿਰ-ਪੈਰ ਦੀਆਂ ਕਹਾਣੀਆਂ ਬਣਾਉਂਦੇ ਹਨ।  ਆਏ ਦਿਨ ਅੱਤਵਾਦੀਆਂ ਵੱਲੋਂ ਪਾਕਿਸਤਾਨੀ ਫ਼ੌਜ ਦੀ ਸ਼ਹਿ ਅਤੇ ਸਰਪ੍ਰਸਤੀ ਹੇਠ ਭਾਰਤ ਦੇ ਸੈਨਿਕਾਂ ਅਤੇ ਬੇਕਸੂਰ ਲੋਕਾਂ 'ਤੇ ਸਰਹੱਦੀ ਇਲਾਕੇ ਦੇ ਨਾਲ-ਨਾਲ ਦੇਸ਼ 'ਚ ਹੋਰ ਵੀ ਕਈ ਥਾਵਾਂ 'ਤੇ ਆਤਮਘਾਤੀ ਹਮਲੇ ਹੁੰਦੇ ਰਹਿੰਦੇ ਹਨ, ਜਿਨ੍ਹਾਂ ਵਿੱਚ ਦੇਸ਼ ਵਾਸੀਆਂ ਨੂੰ ਭਾਰੀ ਜਾਨੀ-ਮਾਲੀ ਨੁਕਸਾਨ ਹੁੰਦਾ ਹੈ। ਵੈਸੇ ਤਾਂ ਅਜ਼ਾਦੀ ਤੋਂ ਬਾਅਦ ਅਨੇਕਾਂ ਹਮਲੇ ਅੱਤਵਾਦੀਆਂ ਨੇ ਅਤੇ ਪਾਕਿਸਤਾਨੀ ਸੈਨਿਕਾਂ ਨੇ ਭਾਰਤ 'ਤੇ ਕੀਤੇ ਹਨ ਪਰ ਬੀਤੇ ਦਿਨੀਂ ਉੜੀ ਵਿੱਚ ਅੱਤਵਾਦੀਆਂ ਵੱਲੋਂ ਘਾਤ ਲਗਾ ਕੇ ਭਾਰਤ ਦੇ 18 ਸੈਨਿਕ ਸ਼ਹੀਦ ਕੀਤੇ ਗਏ। ਜਿਹੜਾ ਕਿ ਬਹੁਤ ਨਿੰਦਣਯੋਗ ਅਤੇ ਨਾ-ਸਹਿਣ ਯੋਗ ਵਾਕਿਆ ਸੀ। ਇਸ ਕਾਰਣ ਹਰ ਭਾਰਤੀ ਦਾ ਦਿਲ ਗੁੱਸੇ ਨਾਲ ਉਬਲ ਰਿਹਾ ਸੀ, ਇਸ ਹਰਕਤ ਦਾ ਬਦਲਾ ਭਾਰਤੀ ਫ਼ੌਜ ਨੇ ਇਕ ਗੁਪਤ ਯੋਜਨਾ ਬਣਾ ਕੇ ਲਿਆ। ਪਾਕਿਸਤਾਨ  ਦੀ ਸ਼ਹਿ 'ਤੇ ਭੁੜਕਣ ਵਾਲੇ ਅੱਤਵਾਦੀਆਂ ਨੂੰ ਅਕਲ ਸਿਖਾਉਣ ਲਈ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਗਿਆ। ਭਾਰਤੀ ਫੌਜ ਨੇ 5 ਅੱਤਵਾਦੀ ਕੈਂਪਾਂ ਦਾ ਸਫਾਇਆ ਕਰਕੇ ਲੱਗਭਗ 4 ਦਰਜਨ ਅੱਤਵਾਦੀਆਂ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ। ਫ਼ੌਜ ਦਾ ਇਹ ਕੰਮ ਬਹੁਤ ਸਾਹਸਪੂਰਣ ਅਤੇ ਸ਼ਲਾਘਾਯੋਗ ਸੀ। ਫੌਜ ਨੇ ਇਸ ਕੰਮ ਨਾਲ ਅੱਤਵਾਦ ਦੀ ਚਪੇਟ ਵਿੱਚ ਆਏ ਸੈਨਿਕਾਂ ਅਤੇ ਨਿਰਦੋਸ਼ ਨਿਹੱਥੇ ਲੋਕਾਂ ਦੇ ਪਰਿਵਾਰਾਂ ਦੇ ਜ਼ਖ਼ਮਾਂ 'ਤੇ ਮਲ੍ਹਮ ਲਗਾਉਣ ਦਾ ਕੰਮ ਕੀਤਾ। ਇਸ ਨੂੰ ਭਾਰਤੀ ਫ਼ੌਜ, ਟੈਲੀਵਿਜ਼ਨ, ਮੀਡੀਆ ਅਤੇ ਹੋਰ ਬੁੱਧੀਜੀਵੀਆਂ ਨੇ ਸਰਜੀਕਲ ਸਟਰਾਈਕ ਦਾ ਨਾਮ ਦਿੱਤਾ, ਜਿਸ ਦੀ ਵਾਹ-ਵਾਹ ਦੇਸ਼ 'ਚ ਰਹਿ ਰਹੇ ਹਰ ਭਾਰਤੀ ਨੇ ਕੀਤੀ । ਨਾ ਕੇਵਲ ਭਾਰਤੀ ਬਲਕਿ ਅੰਤਰਰਾਸ਼ਟਰੀ ਪੱਧਰ 'ਤੇ ਵੀ ਕਈ ਦੇਸ਼ਾਂ ਨੇ ਇਸ ਦਾ ਸਮਰਥਨ ਕੀਤਾ। ਇਹ ਬਿਲਕੁਲ ਸਹੀ ਕਦਮ ਸੀ ਪਰ ਬੜੇ ਸ਼ਰਮ ਦੀ ਗੱਲ ਹੈ ਕਿ ਭਾਰਤੀ ਲੀਡਰ ਸ਼ਹੀਦਾਂ ਦੀ ਕੁਰਬਾਨੀ 'ਤੇ ਵੀ ਰਾਜਨੀਤੀ ਕਰ ਰਹੇ ਹਨ। ਇਕ ਪਾਸੇ ਭਾਰਤੀ ਜਨਤਾ ਪਾਰਟੀ ਇਸ ਤਰ੍ਹਾਂ ਆਪਣੀ ਪਿੱਠ ਥਪਥਪਾ ਰਹੀ ਹੈ ਜਿਵੇਂ ਖੁਦ ਖਾਕੀ ਨਿੱਕਰਾਂ ਪਾ ਕੇ ਸਰਜੀਕਲ ਸਟਰਾਈਕ ਕਰਕੇ ਆਏ ਹੋਣ ਤੇ ਦੂਸਰੇ ਪਾਸੇ ਕਾਂਗਰਸੀਆਂ ਦੀ ਚਪੜ-ਚਪੜ ਵੀ ਨਾ-ਸਹਿਣ ਯੋਗ ਹੈ। ਕੁਲ ਮਿਲਾ ਕੇ ਇਹ ਮੌਕਾ ਭਾਰਤੀ ਸੈਨਾ 'ਤੇ ਮਾਣ ਕਰਨ ਦਾ ਹੈ ਨਾ ਕਿ ਘਟੀਆ ਰਾਜਨੀਤੀ ਕਰਨ ਦਾ।
ਮੈਂ  ਜਿੱਥੇ ਭਾਰਤ ਦੀ ਸੈਨਾ ਨੂੰ ਸਲਾਮ ਕਰਦੇ ਹੋਏ ਦਿਲੋਂ ਸਨਮਾਨ ਅਤੇ ਸਹਿਯੋਗ ਦੇਣ ਦਾ ਵਾਅਦਾ ਕਰਦਾ ਹਾਂ, ਉੱਥੇ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕਰਦਾ ਹਾਂ ਕਿ ਬਹੁਤ ਸਾਰੇ ਸਰਜੀਕਲ ਸਟਰਾਈਕ ਪਹਿਲ ਦੇ ਅਧਾਰ 'ਤੇ ਦੇਸ਼ ਵਿੱਚ ਹੋਣੇ ਚਾਹੀਦੇ ਹਨ, ਜਿਨ੍ਹਾਂ ਦੀ ਅਤਿ ਜ਼ਰੂਰਤ ਹੈ। ਉਦਾਹਰਣ ਦੇ ਤੌਰ 'ਤੇ ਜਾਤ-ਪਾਤ ਦੀ ਬੀਮਾਰੀ ਕਰਕੇ ਹਜ਼ਾਰਾਂ ਸਾਲ ਦੀ ਗੁਲਾਮੀ ਭਾਰਤ ਨੂੰ ਭੁਗਤਣੀ ਪਈ ਪਰ ਹਾਲੇ ਵੀ ਜਾਤ-ਪਾਤ ਨੂੰ ਖਤਮ ਕਰਨ ਲਈ ਕੋਈ ਠੋਸ ਉਪਰਾਲੇ ਨਹੀਂ ਕੀਤੇ ਗਏ। ਕੀ ਸਰਕਾਰ ਨੂੰ ਉਨ੍ਹਾਂ ਸਾਰੀਆਂ ਧਾਰਮਿਕ ਕਮੇਟੀਆਂ ਦੇ ਅਹੁਦੇਦਾਰਾਂ 'ਤੇ ਸਰਜੀਕਲ ਆਪ੍ਰੇਸ਼ਨ ਕਰਨ ਦੀ ਲੋੜ ਨਹੀਂ, ਜਿਨ੍ਹਾਂ ਧਾਰਮਿਕ ਸਥਾਨਾਂ ਦੇ ਬਾਹਰ ਸਾਫ ਲਿਖਿਆ ਹੋਇਆ ਹੈ, ਇੱਥੇ ਸ਼ੂਦਰਾਂ ਦਾ ਆਉਣਾ ਮਨ੍ਹਾ ਹੈ ਅਤੇ ਉਨ੍ਹਾਂ ਅਦਾਰਿਆਂ ਅੰਦਰ ਸ਼ੂਦਰਾਂ ਲਈ ਅਲੱਗ ਅਤੇ ਅੱਪਰ ਕਾਸਟ ਲਈ ਅਲੱਗ ਨਿਯਮ ਵੀ ਹਨ? ਕੀ ਤੁਹਾਨੂੰ ਉਨ੍ਹਾਂ ਪਿੰਡਾਂ ਵਿੱਚ ਸਰਜੀਕਲ ਸਟਰਾਈਕ ਕਰਨ ਦੀ ਲੋੜ ਨਹੀਂ, ਜਿਨ੍ਹਾਂ ਪਿੰਡਾਂ ਵਿੱਚ ਜਾਤ ਦੇ ਨਾਂ 'ਤੇ ਵੱਖ-ਵੱਖ ਸ਼ਮਸ਼ਾਨ ਘਾਟ ਹਨ, ਕੀ ਅਜਿਹੇ ਲੋਕਾਂ ਨੂੰ ਲੱਭ ਕੇ ਸਰਜੀਕਲ ਸਟਰਾਈਕ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਕਰਕੇ ਦੇਸ਼ ਦੇ ਗੋਦਾਮਾਂ ਵਿੱਚ 3 ਲੱਖ 40 ਹਜ਼ਾਰ ਟਨ ਤੋਂ ਵੱਧ ਅਨਾਜ ਪਿਆ ਹੈ ਪਰ ਫਿਰ ਵੀ 2 ਕਰੋੜ ਲੋਕ ਰੋਜ਼ ਰਾਤ ਨੂੰ ਭੁੱਖੇ ਸੌਂਦੇ ਹਨ? ਕੀ ਅਜਿਹੇ ਭੂ-ਮਾਫੀਆ ਦਾ ਸਰਜੀਕਲ ਸਟਰਾਈਕ ਨਹੀਂ ਹੋਣਾ ਚਾਹੀਦਾ, ਜਿਨ੍ਹਾਂ ਨੇ ਪਿੰਡਾਂ 'ਚ ਪੰਚਾਇਤੀ ਜ਼ਮੀਨਾਂ 'ਤੇ ਕਬਜ਼ਾ ਕੀਤਾ ਹੋਇਆ ਹੈ ਤੇ ਉਸੇ ਪਿੰਡ ਵਿੱਚ ਕਈ ਬੇਘਰੇ ਲੋਕ ਆਪਣੇ ਟੱਬਰਾਂ ਨਾਲ ਝੁੱਗੀਆਂ ਜਾਂ ਜਨਤਕ ਥਾਵਾਂ 'ਤੇ ਰਹਿਣ ਲਈ ਮਜਬੂਰ ਹਨ?ਬਹੁਤ ਸਾਰੀਆਂ ਅਜਿਹੀਆਂ ਬਿਮਾਰੀਆਂ ਹਨ, ਜਿਨ੍ਹਾਂ ਦਾ ਸਰਜੀਕਲ ਸਟਰਾਈਕ ਜ਼ਰੂਰੀ ਹੈ। ਕਿਉਂਕਿ ਬਾਹਰਲੇ ਅੱਤਵਾਦੀਆਂ ਨੂੰ ਤਾਂ ਸੈਨਾ ਠੱਲ੍ਹ  ਪਾ ਲਵੇਗੀ, ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦੇ ਦੇਵੇਗੀ ਪਰ ਭਾਰਤ 'ਚ ਰਹਿ ਰਹੀਆਂ ਅਜਿਹੀਆਂ ਜੋਕਾਂ ਜਿਨ੍ਹਾਂ ਨੇ ਮਾਨਵਤਾ ਦਾ ਖੂਨ ਚੂਸ ਕੇ ਵਰਣ ਵਿਵਸਥਾ ਨੂੰ ਮਜ਼ਬੂਤ ਕੀਤਾ ਹੈ, ਅਗਰ ਉਨ੍ਹਾਂ ਦੇ ਖਿਲਾਫ ਸਮਾਂ ਰਹਿੰਦੇ ਸਰਜੀਕਲ ਸਟਰਾਈਕ ਨਾ ਕੀਤਾ ਤਾਂ ਦੇਸ਼ ਨੂੰ ਤਬਾਹੀ ਤੋਂ ਕੋਈ ਨਹੀਂ ਬਚਾਅ ਸਕੇਗਾ। ਅਜਿਹੀਆਂ ਬੀਮਾਰੀਆਂ ਖਿਲਾਫ ਤੁਹਾਨੂੰ ਅਗਾਂਹ ਵਧਣਾ ਚਾਹੀਦਾ ਹੈ, ਮੈਂ ਭਰੋਸਾ ਦਿੰਦਾ ਹਾਂ ਕਿ ਤੁਹਾਡੇ ਇਸ ਆਪ੍ਰੇਸ਼ਨ ਵਿੱਚ ਦੇਸ਼ ਦੇ ਮੂਲ ਨਿਵਾਸੀ ਵਧ-ਚੜ੍ਹ ਕੇ ਸਹਿਯੋਗ ਕਰਨਗੇ ਅਤੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਨਗੇ। ਇਸ ਲਈ ਕੋਈ ਧਰਮ, ਕੋਈ ਕਿਸੇ ਪਾਰਟੀ ਦੀ ਬੰਦਿਸ਼, ਕੋਈ ਜਾਤ ਆੜੇ ਨਹੀਂ ਆਏਗੀ, ਇਹ ਮੇਰਾ ਵਾਅਦਾ ਹੈ। 
ਜੈ ਭੀਮ ਜੈ ਭਾਰਤ
                                                                                                             - ਅਜੈ ਕੁਮਾਰ