Monday 17 October 2016

ਸਫ਼ਾਈ ਉੱਤੇ ਗੰਦਗੀ ਦੀ ਜਿੱਤ

ਮੈਂ ਇਤਿਹਾਸ ਦਾ ਵਿਦਿਆਰਥੀ ਨਹੀਂ ਹਾਂ ਨਾ ਹੀ ਮੈਂ ਬਹੁਤਾ ਜ਼ਿਆਦਾ ਧਾਰਮਿਕਤਾ ਦਾ ਜਾਣਕਾਰ ਹਾਂ। ਮੈਂ ਸਿੱਧਾ ਸਧਾਰਣ ਜਿਹਾ ਬੰਦਾ ਹਾਂ,  ਇਨਸਾਨੀ ਧਰਮ ਨੂੰ ਹੀ ਸ੍ਰੇਸ਼ਠ ਧਰਮ ਮੰਨਦਾ ਹਾਂ। ਮਾਨਵਤਾ ਦੇ ਕਾਨੂੰਨਾਂ ਨੂੰ ਹੀ ਸਭ ਤੋਂ ਉੱਤਮ ਸਮਝਦਾ ਹਾਂ। ਸਾਡੇ ਦੇਸ਼ ਵਿੱਚ ਦੁਸਹਿਰੇ ਤੋਂ ਲੈ ਕੇ ਹੋਲੀ ਤੱਕ ਤਿਉਹਾਰਾਂ ਦਾ ਸੀਜ਼ਨ ਪੁਰਜ਼ੋਰ ਚੱਲਦਾ ਹੈ। ਦੁਸਹਿਰੇ ਵਾਲੇ ਦਿਨ ਰਾਵਣ, ਕੁੰਭਕਰਣ, ਮੇਘਨਾਥ ਦੇ ਪੁਤਲੇ ਫੂਕਣ ਤੋਂ ਸ਼ੁਰੂ ਹੋਇਆ ਕੰਮ ਦੀਵਾਲੀ 'ਤੇ ਖਰਬਾਂ ਰੁਪਏ ਦੇ ਪਟਾਕੇ ਫੂਕ ਕੇ ਖਤਮ ਹੁੰਦਾ ਹੈ। ਜਿਹੜੇ ਲੋਕ ਰਾਜਾ ਰਾਮ ਨੂੰ ਆਪਣਾ ਭਗਵਾਨ ਮੰਨਦੇ ਹਨ, ਉਹ ਦੁਸਹਿਰੇ ਵਾਲੇ ਦਿਨ ਰਾਵਣ, ਕੁੰਭਕਰਣ, ਮੇਘਨਾਥ ਦੇ ਵੱਡੇ-ਵੱਡੇ ਪੁਤਲੇ ਬਣਾ ਕੇ, ਉਨ੍ਹਾਂ ਨੂੰ ਅੱਗ ਲਗਾ ਕੇ ਇਸ ਨੂੰ ਵਿਜੈ ਦਸ਼ਮੀ ਦਾ ਨਾਮ ਦੇ ਕੇ ਆਨੰਦ ਮਾਣਦੇ ਹਨ। ਜਿਹੜੇ ਲੋਕ ਮਹਾਤਮਾ ਰਾਵਣ ਨੂੰ ਮੰਨਦੇ ਹਨ ਉਹ ਰਾਮ ਦੇ ਚੇਲਿਆਂ ਦੀ ਨਿਖੇਧੀ ਕਰਦੇ ਹਨ। ਭਗਵਾਨ ਵਾਲਮੀਕਿ ਮਹਾਰਾਜ ਜੀ ਨੇ ਰਾਮਾਇਣ ਲਿਖ ਕੇ ਇਹ ਦੋਨੋਂ ਕਿਰਦਾਰ ਅਮਰ ਕਰ ਦਿੱਤੇ। ਭਗਵਾਨ ਵਾਲਮੀਕਿ ਜੀ ਨੇ ਰਾਮਾਇਣ 'ਚ ਰਾਮ ਨੂੰ ਰਾਜਾ ਅਤੇ ਰਾਵਣ ਨੂੰ ਮਹਾਤਮਾ ਲਿਖਿਆ। ਮੈਂ ਭਗਵਾਨ ਵਾਲਮੀਕਿ ਨੂੰ ਬੇਸਹਾਰੇ, ਲਤਾੜਿਆਂ ਦੇ ਰਹਿਬਰ ਵਜੋਂ ਜਾਣਦਾ ਹਾਂ ਤੇ ਮੰਨਦਾ ਹਾਂ। ਉਨ੍ਹਾਂ ਦਾ ਗਿਆਨ, ਉਨ੍ਹਾਂ ਦਾ ਸੰਘਰਸ਼ਮਈ ਜੀਵਨ ਮੈਨੂੰ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਦੇ ਹੱਥ 'ਚ ਫੜੀ ਕਲਮ ਮੈਨੂੰ ਸਦਾ ਹੀ ਪ੍ਰੇਰਣਾ ਦਿੰਦੀ ਹੈ। ਜਿੱਥੇ ਉਨ੍ਹਾਂ ਨੇ ਮਨੁੱਖ ਨੂੰ ਸੁਖੀ ਅਤੇ ਅਣਖੀ ਯੋਧਿਆਂ ਵਾਂਗੂੰ ਜਿਊਣ ਲਈ ਕਈ ਗ੍ਰੰਥ ਮਾਨਵਤਾ ਦੀ ਝੋਲੀ ਪਾਏ, ਉੱਥੇ ਉਨ੍ਹਾਂ ਨੇ ਰਾਮਾਇਣ ਦੀ ਰਚਨਾ ਕਰਕੇ ਰਾਮ ਅਤੇ ਰਾਵਣ ਦੇ ਜੀਵਨ ਨੂੰ ਆਮ ਲੋਕਾਂ ਦੇ ਸਾਹਮਣੇ ਰੂ-ਬ-ਰੂ ਪੇਸ਼ ਕੀਤਾ। ਇਸ ਗੱਲ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ ਕਿ ਰਾਮਾਇਣ ਦੇ ਰਚਾਇਤਾ ਭਗਵਾਨ ਵਾਲਮੀਕਿ ਹਨ। ਰਾਮ ਅਤੇ ਰਾਵਣ ਰਾਮਾਇਣ ਦੇ ਦੋ ਕਿਰਦਾਰ ਹਨ, ਜਿਨ੍ਹਾਂ ਨੂੰ ਮੰਨਣਾ ਜਾਂ ਨਾ ਮੰਨਣਾ ਹਰ ਇਕ ਵਿਅਕਤੀ ਦਾ ਨਿੱਜੀ ਮਾਮਲਾ ਹੈ। ਇਤਿਹਾਸ ਦੀਆਂ ਗੱਲਾਂ, ਸਾਹਿਤ ਦੀਆਂ ਗੱਲਾਂ ਫੇਰ ਕਦੇ ਮੌਕਾ ਮਿਲਣ 'ਤੇ ਵਿਸਥਾਰਪੂਰਵਕ ਕਰਾਂਗੇ। ਅੱਜ ਜ਼ਿਕਰ ਕਰਦੇ ਹਾਂ ਦੁਸਹਿਰੇ ਤੇ ਦੀਵਾਲੀ ਨੂੰ ਮਨਾਉਣ ਦੇ ਢੰਗ 'ਤੇ। ਮੇਰੇ ਲਈ ਨਾ ਰਾਵਣ ਆਦਰਸ਼ ਹੈ ਨਾ ਰਾਮ। ਜੋ ਵਿਅਕਤੀ ਔਰਤ ਦੀ ਇੱਜ਼ਤ ਕਰਨਾ ਨਹੀਂ ਜਾਣਦਾ, ਉਸ ਨੂੰ ਮੈਂ ਕਦੇ ਆਦਰਸ਼ ਨਹੀਂ ਮੰਨ ਸਕਦਾ। ਸਵਾਲ ਹਜ਼ਾਰਾਂ ਸਾਲਾਂ ਤੋਂ ਉੱਠਦਾ ਆ ਰਿਹਾ ਹੈ ਰਾਜਾ ਰਾਮ ਦੇ ਜੀਵਨ ਕਾਲ ਵਿੱਚ ਵੀ ਉੱਠਿਆ ਕਿ ਲੋਕਾਂ ਦੇ ਤਾਹਨੇ-ਮੇਹਣੇ ਸੁਣ ਕੇ ਆਪਣੀ ਧਰਮ ਪਤਨੀ ਨੂੰ ਘਰੋਂ ਕੱਢਣਾ ਉਚਿਤ ਸੀ? ਤੇ ਰਾਵਣ ਵੀ ਮੇਰੇ ਆਦਰਸ਼ ਨਹੀਂ ਹਨ ਜਿਸ ਨੇ ਆਪਣੀ ਭੈਣ ਦੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਦੂਸਰੇ ਦੀ ਬੇਕਸੂਰ ਪਤਨੀ ਨੂੰ ਹਰਣ ਕਰਕੇ ਉਸ ਨੂੰ ਆਪਣੇ ਮਹਿਲ 'ਚ ਬੰਧਕ ਬਣਾਇਆ। ਕਿਉਂਕਿ ਅਸੀਂ ਇਹ ਕਿਵੇਂ ਭੁੱਲ ਸਕਦੇ ਹਾਂ ਕਿ ਭਗਵਾਨ ਵਾਲਮੀਕਿ ਜੀ ਨੇ ਜਨਨੀ ਅਤੇ ਜਨਮ ਭੂਮੀ ਨੂੰ ਸਵਰਗ ਤੋਂ ਸੁੰਦਰ ਕਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਵੀ ਆਪਣੀ ਬਾਣੀ ਵਿੱਚ ਕਿਹਾ ਹੈ 'ਸੋ ਕਿਉ ਮੰਦਾ ਆਖੀਐ ਜਿਤੁ ਜੰਮੇ ਰਾਜਾਨੁ'। ਹੁਣ ਗੱਲ ਕਰਦੇ ਹਾਂ ਦੁਸਹਿਰਾ-ਦੀਵਾਲੀ ਮਨਾਉਣ ਵਾਲਿਆਂ ਦੀ, ਜਿਹੜੇ ਦੁਸਹਿਰਾ ਇਸ ਲਈ ਮਨਾਉਂਦੇ ਹਨ ਕਿ ਰਾਵਣ ਨੇ ਪਾਪ ਕੀਤਾ ਸੀ ਤੇ ਰਾਮ ਨੇ ਉਸ ਨੂੰ ਸਜ਼ਾ ਦਿੱਤੀ ਸੀ ਤੇ ਦੀਵਾਲੀ ਇਸ ਕਰਕੇ ਮਨਾਉਂਦੇ ਹਨ ਕਿ ਇਸ ਦਿਨ ਰਾਮ ਅਯੁੱਧਿਆ ਵਾਪਸ ਆਏ ਸਨ। ਇਹ ਦੋਨੋਂ ਦਿਨ ਰਾਮ ਦੇ ਭਗਤ ਜਿੱਥੇ ਹੋਰ ਧਾਰਮਿਕ ਰੀਤੀ-ਰਿਵਾਜ਼ ਕਰਦੇ ਹਨ, ਉੱਥੇ ਖਰਬਾਂ ਰੁਪਏ ਦੇ ਪਟਾਕੇ ਫੂਕ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹਨ। ਜਦੋਂ ਦਾ ਮੈਂ ਦੇਖ ਰਿਹਾ ਹਾਂ ਇਹੀ ਅਨੁਭਵ ਕਰ ਰਿਹਾ ਹਾਂ ਕਿ ਤਿਉਹਾਰਾਂ ਦਾ ਕੰਮ ਵਾਤਾਵਰਣ 'ਚ ਪ੍ਰਦੂਸ਼ਣ ਫੈਲਾਉਣ ਤੋਂ ਇਲਾਵਾ ਕੋਈ ਦੂਸਰਾ ਨਹੀਂ। ਇਹ ਦਿਨ ਬਦੀ 'ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਵਜੋਂ ਮਨਾਏ ਜਾਂਦੇ ਹਨ। ਕਹਿਣ ਦਾ ਭਾਵ ਬੁਰਾਈ 'ਤੇ ਅੱਛਾਈ ਦੀ ਜਿੱਤ। ਪਰ ਮੇਰਾ ਸੁਆਲ ਇਹ ਹੈ ਜਦੋਂ ਅੱਜ ਪੂਰਾ ਵਿਸ਼ਵ ਪ੍ਰਦੂਸ਼ਣ ਤੋਂ ਪੀੜ੍ਹਤ ਹੈ, ਵਾਤਾਵਰਣ ਦੀ ਸਾਂਭ-ਸੰਭਾਲ ਲਈ ਖਰਬਾਂ ਰੁਪਏ ਖਰਚ ਕੀਤੇ ਜਾ ਰਹੇ ਹਨ, ਬੁੱਧੀਮਾਨ ਲੋਕ ਨਿੱਤ ਵਾਤਾਵਰਣ ਦੀ ਰੱਖਿਆ ਲਈ ਲੋਕਾਂ ਨੂੰ ਜਾਗਰੂਕ ਕਰਦੇ ਹਨ। ਭਾਰਤ ਪੂਰੀ ਤਰ੍ਹਾਂ ਪ੍ਰਦੂਸ਼ਣ ਦੀ ਚਪੇਟ 'ਚ ਹੈ। ਨਿੱਤ ਨਵੀਆਂ ਬੀਮਾਰੀਆਂ ਪ੍ਰਦੂਸ਼ਣ ਦੀ ਵਜ੍ਹਾ ਨਾਲ ਫੈਲਦੀਆਂ ਹਨ ਤੇ ਦੂਜੇ ਪਾਸੇ ਦੁਸਹਿਰੇ ਤੇ ਦੀਵਾਲੀ ਵਿੱਚ ਖਰਬਾਂ ਰੁਪਏ ਦੇ ਪਟਾਕੇ ਫੂਕ ਕੇ ਵਾਤਾਵਰਣ ਦੇ ਪ੍ਰਦੂਸ਼ਣ ਨੂੰ ਵਧਾਇਆ ਜਾਂਦਾ ਹੈ। ਬੜਾ ਅਜੀਬ ਲੱਗਦਾ ਹੈ ਇਕ ਪਾਸੇ ਤਾਂ ਪ੍ਰਧਾਨ ਮੰਤਰੀ ਤੇ ਉਸ ਦੇ ਚੇਲੇ-ਚਾਪਟੇ ਸਵੱਛ ਭਾਰਤ ਦੇ ਨਾਂ 'ਤੇ ਝਾੜੂ ਫੜ ਕੇ ਆਪਣੀਆਂ ਫੋਟੋਆਂ ਖਿਚਵਾਉਂਦੇ ਨਹੀਂ ਥੱਕਦੇ ਤੇ ਦੂਸਰੇ ਪਾਸੇ ਦੁਸਹਿਰੇ-ਦੀਵਾਲੀ ਮੌਕੇ ਤੀਰ-ਕਮਾਨ ਹੱਥ 'ਚ ਫੜ ਹੱਦੋਂ ਵੱਧ ਗੰਦਗੀ ਫੈਲਾਉਣ ਦਾ ਸੁਨੇਹਾ ਲੋਕਾਂ ਨੂੰ ਦੇ ਰਹੇ ਹਨ। ਇਕ ਪਾਸੇ ਪੁਤਲਿਆਂ ਨੂੰ ਸਾੜ ਕੇ ਪਟਾਕਿਆਂ ਨੂੰ ਫੂਕ ਕੇ ਗੰਦਗੀ ਫੈਲਾਉਣ ਦਾ ਅਪਰਾਧ ਕੀਤਾ ਜਾਂਦਾ ਹੈ, ਦੂਜੇ ਪਾਸੇ ਦੱਸਿਆ ਜਾਂਦਾ ਹੈ ਕਿ ਬੁਰਾਈ 'ਤੇ ਅੱਛਾਈ ਦੀ ਜਿੱਤ ਹੋ ਗਈ। ਹੁਣ ਸੁਆਲ ਇਹ ਵੀ ਪੈਦਾ ਹੁੰਦਾ ਹੈ ਜਿਹੜੇ ਲੋਕ ਪੁਤਲਾ ਫੂਕ ਆਪਣੀ ਪ੍ਰਧਾਨਗੀ ਚਮਕਾਉਂਦੇ ਹਨ, ਉਹ ਕਿੰਨੇ ਕੁ ਚਰਿੱਤਰਵਾਨ ਹੁੰਦੇ ਹਨ। ਮੇਰਾ ਤਾਂ ਵਿਚਾਰ ਹੈ ਕਿ ਇਕ ਪਾਸੇ ਇਹ ਪ੍ਰਦੂਸ਼ਣ ਫੈਲਾਉਣ ਦੇ ਤਿਉਹਾਰ ਬਣੇ ਹਨ, ਦੂਸਰੇ ਪਾਸੇ ਇਨ੍ਹਾਂ ਦਿਨਾਂ 'ਚ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਆਪਣੇ ਸਿਖਰ 'ਤੇ ਹੁੰਦਾ ਹੈ। ਕੋਈ ਖੁੱਲ੍ਹ ਕੇ ਤਾਂ ਨਹੀਂ ਕਹਿੰਦਾ ਪਰ ਦੀਵਾਲੀ ਸਹੀ ਅਰਥਾਂ 'ਚ ਸਾਡੇ ਦੇਸ਼ ਵਿੱਚ ਅੱਜ-ਕੱਲ੍ਹ ਰਿਸ਼ਵਤ ਡੇ ਦਾ ਰੂਪ ਧਾਰਨ ਕਰ ਚੁੱਕੀ ਹੈ। ਕੁੱਲ ਮਿਲਾ ਕੇ ਇਹ ਦਿਨ ਸਫ਼ਾਈ 'ਤੇ ਗੰਦਗੀ ਦੀ ਜਿੱਤ ਦੇ ਦਿਨ ਬਣ ਕੇ ਰਹਿ ਗਏ ਹਨ। ਈਮਾਨਦਾਰੀ 'ਤੇ ਭ੍ਰਿਸ਼ਟਾਚਾਰ ਦੀ ਜਿੱਤ ਬਣ ਕੇ ਰਹਿ ਗਏ ਹਨ। ਜ਼ਰੂਰੀ ਹੈ ਇਨ੍ਹਾਂ ਦਿਨਾਂ 'ਚ ਭ੍ਰਿਸ਼ਟਾਚਾਰੀ ਅਫ਼ਸਰਾਂ ਅਤੇ ਭ੍ਰਿਸ਼ਟਾਚਾਰੀ ਵਪਾਰੀਆਂ 'ਤੇ ਸਰਜੀਕਲ ਸਟਰਾਈਕ ਵਾਂਗ ਆਪ੍ਰੇਸ਼ਨ ਕਰਕੇ ਇਨ੍ਹਾਂ ਨੂੰ ਸਲਾਖਾਂ ਪਿੱਛੇ ਸੁੱਿਟਆ ਜਾਵੇ। ਇਸ ਦਿਨ ਧੀਆਂ-ਭੈਣਾਂ ਦੀ ਰੱਖਿਆ ਦੇ ਠੋਸ ਉਪਰਾਲੇ ਵਿਵਹਾਰਕ ਰੂਪ 'ਚ ਕਰਨ ਲਈ ਵਚਨਬੱਧ ਹੋਇਆ ਜਾਵੇ ਤਾਂ ਹੀ ਅਸੀਂ ਇਸ ਨੂੰ ਬੁਰਾਈ 'ਤੇ ਅੱਛਾਈ ਦੀ ਜਿੱਤ ਕਹਿ ਸਕਦੇ ਹਾਂ, ਨਹੀਂ ਤਾਂ ਸਫ਼ਾਈ 'ਤੇ ਗੰਦਗੀ ਦੀ ਜਿੱਤ ਤਾਂ ਸੈਂਕੜੇ ਸਾਲਾਂ ਤੋਂ ਸਾਡੇ ਦੇਸ਼ ਵਿੱਚ ਹੋ ਹੀ ਰਹੀ ਹੈ। 
- ਅਜੇ ਕੁਮਾਰ

No comments:

Post a Comment