Monday 25 April 2016

ਵੱਡੀਆਂ ਗੱਲਾਂ ਛੋਟੇ ਲੋਕ

ਮੌਜੂਦਾ ਦੌਰ 'ਚ ਦੇਸ਼ ਅਤੇ ਪ੍ਰਦੇਸ਼ ਦੀ ਰਾਜਨੀਤੀ ਕਰਨ ਵਾਲੇ ਲੋਕ ਜਦੋਂ ਵੱਡੇ-ਵੱਡੇ ਭਾਸ਼ਣਾਂ ਰਾਹੀਂ ਆਪਣੀਆਂ ਕਾਰਗੁਜ਼ਾਰੀਆਂ ਦੀਆਂ ਸਿਫ਼ਤਾਂ ਕਰਦੇ ਹਨ ਤਾਂ ਇੰਝ ਲੱਗਦਾ ਹੈ ਕਿ ਭਾਰਤ ਦਾ ਹਰ ਨਾਗਰਿਕ ਇਸ ਸਮੇਂ ਹਰ ਤਰ੍ਹਾਂ ਦੀਆਂ ਸੁੱਖ-ਸੁਵਿਧਾਵਾਂ ਦਾ ਭਰਪੂਰ ਅਨੰਦ ਮਾਣ ਰਿਹਾ ਹੈ। ਜੇਕਰ ਇਨ੍ਹਾਂ ਰਾਜਨੀਤਿਕ ਲੀਡਰਾਂ ਦੇ ਭਾਸ਼ਣਾਂ ਦੀ ਬਜਾਏ ਜ਼ਮੀਨੀ ਹਕੀਕਤ 'ਤੇ ਧਿਆਨ ਮਾਰੀਏ ਤਾਂ ਇਸ ਸਮੇਂ ਹਰ ਵਰਗ ਦੇ ਲੋਕ ਤ੍ਰਾਹੀ-ਤ੍ਰਾਹੀ ਕਰ ਉੱਠੇ ਹਨ। ਦੇਸ਼ ਦੀ ਗੱਲ ਫਿਰ ਕਿਧਰੇ ਕਰਾਂਗੇ ਇਸ ਲੇਖ ਵਿੱਚ ਪੰਜਾਬ ਦੇ ਮੌਜੂਦਾ ਹਾਲਾਤ ਦੀ ਗੱਲ ਕਰਦੇ ਹਾਂ। ਪੰਜਾਬ ਦਾ ਅੰਨਦਾਤਾ, ਧਰਤੀ ਦਾ ਭਗਵਾਨ ਇਸ ਵੇਲੇ ਕਰਜ਼ੇ ਦੀ ਮਾਰ ਹੇਠ ਇੰਝ ਦੱਬਿਆ ਹੈ ਕਿ ਉਹ ਜੀਣ ਨਾਲੋਂ ਮਰਨ ਨੂੰ ਤਰਜ਼ੀਹ ਦੇਣ ਲੱਗ ਪਿਆ ਹੈ। ਜੇ ਕਿਸਾਨ ਦਾ ਇਹ ਹਾਲ ਹੈ ਤਾਂ ਖੇਤ ਮਜ਼ਦੂਰ ਦੇ ਹਾਲਾਤਾਂ ਦਾ ਅੰਦਾਜ਼ਾ ਲਗਾਉਣਾ ਕੋਈ ਮੁਸ਼ਕਿਲ ਨਹੀਂ। ਪਿੰਡਾਂ ਦੀਆਂ ਜ਼ਿਆਦਾਤਰ ਲਿੰਕ ਸੜਕਾਂ ਦੀ ਹਾਲਤ ਇੰਨੀ ਖਰਾਬ ਹੈ ਕਿ ਕਈ ਲੋਕ ਹੱਸਦੇ-ਖੇਡਦੇ ਇੱਥੋਂ ਤੱਕ ਆਖ ਦਿੰਦੇ ਹਨ ਕਿ ਡਲਿਵਰੀ ਹੋਣ ਵਾਲੀ ਔਰਤ ਨੂੰ ਕਾਰ 'ਚ ਬਿਠਾ ਕੇ ਇਨ੍ਹਾਂ ਰੋਡਾਂ ਤੋਂ ਲੰਘਣਾ ਪੈ ਜਾਵੇ, ਸ਼ਾਇਦ ਡਲਿਵਰੀ ਲਈ ਉਸ ਨੂੰ ਹਸਪਤਾਲ ਤੇ ਡਾਕਟਰ ਦੀ ਲੋੜ ਹੀ ਨਾ ਪਵੇ। ਸਰਕਾਰੀ  ਵਿੱਦਿਅਕ ਅਦਾਰਿਆਂ ਦਾ ਇੰਨਾ ਆਵਾ ਉੱਤਿਆ ਹੈ ਕਿ ਜਿੱਥੇ ਸਟਾਫ਼ ਦੀ ਭਾਰੀ ਕਮੀ ਹੈ ਉਥੇ ਅਧਿਆਪਕਾਂ, ਬਿਲਡਿੰਗਾਂ ਅਤੇ ਹੋਰ ਜ਼ਰੂਰੀ ਸਾਧਨਾਂ ਦੀ ਘਾਟ ਵੀ ਆਮ ਦੇਖੀ ਜਾ ਸਕਦੀ ਹੈ। ਸਰਕਾਰੀ ਹਸਪਤਾਲ ਅਤੇ ਡਿਸਪੈਂਸਰੀਆਂ ਦਾ ਵੀ ਵਾਜਾ ਪੂਰੀ ਤਰ੍ਹਾਂ ਵੱਜਿਆ ਹੋਇਆ ਹੈ। ਪੰਜਾਬ ਵਿੱਚ ਚਿੱਟਾ ਰਾਜਨੀਤਿਕ ਲੋਕਾਂ ਦੀ ਸ਼ਹਿ 'ਤੇ ਧੜੱਲੇ ਨਾਲ ਵਿਕ ਰਿਹਾ ਹੈ। ਦੜਾ-ਸੱਟਾ, ਜ਼ਮੀਨ ਮਾਫੀਆ ਇਸ ਸਮੇਂ ਪੂਰੇ ਸ਼ਬਾਬ 'ਚ ਹੈ। ਜਗ੍ਹਾ-ਜਗ੍ਹਾ 'ਤੇ ਨਿੱਤ ਲੋਕਾਂ ਵੱਲੋਂ ਧਰਨੇ-ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪੁਲਿਸ ਵੱਲੋਂ ਡੰਡਿਆਂ ਨਾਲ ਉਨ੍ਹਾਂ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਇਸ ਸੇਵਾ ਵਿੱਚ ਡਾਕਟਰ, ਅਧਿਆਪਕ, ਵਿਦਿਆਰਥੀ ਸਾਰਿਆਂ ਨੂੰ ਇੱਕੋ ਜਿਹਾ ਹੀ ਪ੍ਰਸ਼ਾਦ ਦਿੱਤਾ ਜਾ ਰਿਹਾ ਹੈ। ਦਫ਼ਤਰਾਂ 'ਚ ਸਰਕਾਰੀ ਬਾਬੂਆਂ ਨੇ ਅੰਨ੍ਹੀ ਲੁੱਟ ਮਚਾਈ ਹੋਈ ਹੈ, ਭ੍ਰਿਸ਼ਟਾਚਾਰ ਦਾ ਹਾਲ ਇਹ ਹੈ ਕਿ ਪ੍ਰਾਈਵੇਟ ਕੰਪਨੀਆਂ ਰਾਹੀਂ ਗੰਦਗੀ ਖਾਣ ਦਾ ਵੀ ਮੌਕਾ ਨਹੀਂ ਛੱਡਿਆ ਜਾ ਰਿਹਾ। ਅਸਲ ਵਿੱਚ ਇਸ ਸਮੇਂ ਪੰਜਾਬ ਦੀ ਵਾਗਡੋਰ ਉਨ੍ਹਾਂ ਲੋਕਾਂ ਦੇ ਹੱਥਾਂ ਵਿੱਚ ਹੈ, ਜਿਨ੍ਹਾਂ ਦਾ ਸਿਧਾਂਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 'ਸਰਬੱਤ ਦਾ ਭਲਾ' ਦੇ ਨਾਲ ਬਿਲਕੁਲ ਮੇਲ ਨਹੀਂ ਖਾਂਦਾ, ਸਗੋਂ ਇਸ ਦੇ ਉਲਟ ਸਿਰਫ਼ ਆਪਣਾ ਹੀ ਭਲਾ ਕਰਨਾ, ਜਿਸ ਕਾਰਣ ਪੰਜਾਬ ਵਿੱਚ ਡਾਹਢੀ ਹਾਹਾਕਾਰ ਮਚੀ ਹੋਈ ਹੈ। ਇਸ ਦੇ ਨਾਲ ਹੀ ਮੰਦਭਾਗੀ ਗੱਲ ਇਹ ਵੀ ਹੈ ਕਿ ਵਿਰੋਧੀ ਪਾਰਟੀ ਅਤੇ ਨਵੀਂ ਆਈ ਗਾਂਧੀ ਮਾਅਰਕਾ ਪਾਰਟੀ ਦੇ ਨਾਲ-ਨਾਲ ਅੰਬੇਡਕਰੀ ਠੱਪਾ ਲੁਆਈ ਬੈਠੇ ਦਲਿਤਾਂ ਦੇ ਨਾਂ 'ਤੇ ਪਾਰਟੀਆਂ ਬਣਾਈ ਬੈਠੇ ਲੀਡਰ ਵੀ ਆਮ ਪੰਜਾਬੀ ਦੀ ਸਮੱਸਿਆ ਤੋਂ ਹਟ ਕੇ ਲੋਕਾਂ ਦਾ ਧਿਆਨ ਆਪਣੀ ਨੌਟੰਕੀ ਵੱਲ ਲਾ ਕੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਵਿਸ਼ਵਾਸਘਾਤ ਕਰ ਰਹੇ ਹਨ। ਇਸ ਸਮੇਂ ਪੰਜਾਬ 'ਚ ਰਾਜਨੀਤੀ ਕਰਨ ਵਾਲੇ ਤਮਾਸ਼ਬੀਨ ਲੀਡਰਾਂ ਦੇ ਕਾਰਣ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਇਹੋ ਕਿਹਾ ਜਾ ਸਕਦਾ ਹੈ ਕਿ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਲੋਕ ਦੌਲਤ ਪੱਖੋਂ ਜ਼ਰੂਰ ਵੱਡੇ ਹਨ ਪਰ ਜ਼ਮੀਰ ਪੱਖੋਂ ਅਤੇ ਸਿਧਾਂਤਾਂ ਪੱਖੋਂ ਇਹ ਬਹੁਤ ਛੋਟੇ ਹਨ। ਕਹਿਣ ਦਾ ਭਾਵ ਇੰਜ ਕਿਹਾ ਜਾ ਸਕਦਾ ਹੈ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਛੋਟੇ ਲੋਕ ਹਨ। ਅਜਿਹਾ ਨਹੀਂ ਹੈ ਕਿ ਦੇਸ਼ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਸਾਰੇ ਦੇ ਸਾਰੇ ਲੀਡਰ ਚੋਰ ਹਨ, ਬਹੁਤ ਸਾਰੇ ਲੀਡਰ ਇਮਾਨਦਾਰ ਅਤੇ ਸਿਧਾਂਤਕ ਤੌਰ 'ਤੇ ਕੰਮ ਕਰਨ ਵਾਲੇ ਵੀ ਮੌਜੂਦ ਹਨ ਪਰ ਉਨ੍ਹਾਂ ਦੀ ਵਾਹ-ਪੇਸ਼ ਨਹੀਂ ਜਾ ਰਹੀ ਤੇ ਨਾਲ ਹੀ ਉਨ੍ਹਾਂ ਦੀ ਘੱਟ ਰਹੀ ਗਿਣਤੀ ਪੰਜਾਬੀਆਂ ਨੂੰ ਅਤੇ ਖਾਸਕਰ ਇੱਥੋਂ ਦੇ ਇਮਾਨਦਾਰ ਲੋਕਾਂ ਨੂੰ ਵੀ ਬੜੀ ਬੁਰੀ ਤਰ੍ਹਾਂ ਖਲ ਰਹੀ ਹੈ, ਕਿਉਂਕਿ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਲੋਕ ਵੱਡੇ ਵੀ ਹੋਣੇ ਚਾਹੀਦੇ ਹਨ ਤਾਂ ਹੀ ਦੇਸ਼ ਦੀ ਹੋਂਦ ਬਚਾਈ ਜਾ ਸਕਦੀ ਹੈ।                                                                                      
 - ਅਜੈ ਕੁਮਾਰ

Tuesday 19 April 2016

ਸਮੇਂ ਦੀ ਮੰਗ

ਇਸ ਸਮੇਂ ਵਿਸ਼ਵ ਵਿੱਚ ਅਤੇ ਖ਼ਾਸ ਕਰਕੇ ਭਾਰਤ ਵਿੱਚ ਬਾਬਾ ਸਾਹਿਬ ਅੰਬੇਡਕਰ ਜੀ ਦੀ 125ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। ਤਕਰੀਬਨ ਹਰ ਇਕ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀ, ਭਾਵੇਂ ਉਹ ਕਿਸੇ ਵੀ ਵਿਚਾਰਧਾਰਾ ਨਾਲ ਜੁੜੀ ਹੋਵੇ, ਇਸ ਸਮੇਂ ਉਹ ਆਪਣੇ ਆਪ ਨੂੰ ਬਾਬਾ ਸਾਹਿਬ ਅੰਬੇਡਕਰ ਜੀ ਦਾ ਸੱਚਾ ਪੈਰੋਕਾਰ ਦੱਸ ਰਿਹਾ ਹੈ ਤੇ ਵਧ-ਚੜ੍ਹ ਕੇ ਬਾਬਾ ਸਾਹਿਬ ਅੰਬੇਡਕਰ ਦੇ ਸਮਾਗਮਾਂ ਵਿੱਚ ਹਿੱਸੇਦਾਰੀ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਭਾਵੇਂ ਗਾਂਧੀਵਾਦੀ ਵਿਚਾਰਧਾਰਾ ਨਾਲ ਜੁੜੀ ਕਾਂਗਰਸ ਹੋਵੇ ਜਾਂ ਹਿੰਦੂਵਾਦੀ ਸੋਚ ਦੀ ਪਹਿਰੇਦਾਰ ਸੰਘ ਦੀ ਕਠਪੁਤਲੀ ਭਾਜਪਾ ਹੋਵੇ ਜਾਂ ਲਾਲ ਝੰਡਾ ਚੁੱਕਣ ਵਾਲੇ ਕਮਿਊਨਿਸਟ ਹੋਣ, ਸਭ ਆਪਣੇ ਆਪ ਨੂੰ ਬਾਬਾ ਸਾਹਿਬ ਦੇ ਸੱਚੇ ਪੈਰੋਕਾਰ ਦੱਸ ਰਹੇ ਹਨ।  ਇਕ ਪਾਸੇ ਭਾਜਪਾ ਦੇ ਨੇਤਾ ਗਊ ਨੂੰ ਰਾਸ਼ਟਰ ਪਸ਼ੂ ਘੋਸ਼ਿਤ ਕਰਨ ਦੀ ਮੰਗ ਰੱਖਦੇ ਹਨ, ਨਾਲ ਹੀ ਘੋਸ਼ਣਾ ਕਰਦੇ ਹਨ ਕਿ ਭਾਰਤ ਵਿੱਚ ਜੋ ਵਿਅਕਤੀ ਭਾਰਤ ਮਾਤਾ ਦੀ ਜੈ ਦਾ ਨਾਅਰਾ ਨਹੀਂ ਲਗਾਉਂਦਾ, ਉਹ ਦੇਸ਼ਧ੍ਰੋਹੀ ਹੈ ਤੇ ਦੂਜੇ ਪਾਸੇ ਆਪਣੇ-ਆਪ ਨੂੰ ਅੰਬੇਡਕਰੀ ਵਿਚਾਰਧਾਰਾ ਨਾਲ ਜੁੜਿਆ ਦੱਸਦੇ ਹਨ। ਉਹ ਗਾਂਧੀਵਾਦੀ ਕਾਂਗਰਸ ਜਿਸ ਨੇ ਸਦਾ ਤੋਂ ਬਾਬਾ ਸਾਹਿਬ ਦੇ ਮਿਸ਼ਨ ਵਿੱਚ ਡਟ ਕੇ ਰੋੜੇ ਅਟਕਾਏ, ਉਹ ਵੀ ਅੱਜ ਆਪਣੇ-ਆਪ ਨੂੰ ਬਾਬਾ ਸਾਹਿਬ ਦੀ ਸੋਚ 'ਤੇ ਚੱਲਣ ਦੀ ਦੁਹਾਈ ਦੇ ਰਹੀ ਹੈ। ਹਾਲਾਂਕਿ ਆਪਣੇ ਕਾਰਜਕਾਲ ਦੇ ਲੰਮੇ ਸਮੇਂ ਵਿੱਚ ਉਨ੍ਹਾਂ ਨੇ ਹਮੇਸ਼ਾ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਦਰਕਿਨਾਰ ਹੀ ਰੱਖਿਆ ਅਤੇ ਲੋਕਾਂ ਨੂੰ ਗਾਂਧੀਵਾਦ ਦਾ ਪਾਠ ਹੀ ਡਟ ਕੇ ਪੜ੍ਹਾਇਆ। ਇਸ ਸਮੇਂ ਜ਼ਿਆਦਾਤਰ ਸਮਾਗਮ ਅਤੇ ਦੂਸਰੇ ਪ੍ਰੋਗਰਾਮਾਂ ਦਾ ਕੁਲ ਨਤੀਜਾ ਇਹ ਹੈ ਕਿ ਜਿਨ੍ਹਾਂ ਢੰਗ-ਤਰੀਕਿਆਂ ਅਤੇ ਜਿਨ੍ਹਾਂ ਪਾਖੰਡਾਂ ਦਾ ਬਾਬਾ ਸਾਹਿਬ ਨੇ ਵਿਰੋਧ ਕੀਤਾ ਸੀ, ਅੱਜ ਉਹੀ ਢੰਗ-ਤਰੀਕੇ ਅਤੇ ਉਹੀ ਪਾਖੰਡਾਂ ਨਾਲ ਬਾਬਾ ਸਾਹਿਬ ਦੀ ਜਯੰਤੀ ਮਨਾਈ ਜਾ ਰਹੀ ਹੈ। ਕਈ ਵਾਰ ਸੋਚਣ 'ਤੇ ਮਜਬੂਰ ਹੋਣਾ ਪੈਂਦਾ ਹੈ ਭਾਰਤ ਮਾਤਾ ਦੀ ਜੈ ਕਹਿਣ ਵਾਲੇ ਜਾਂ ਜੈ ਭਾਰਤ ਕਹਿਣ ਵਾਲੇ ਹੋਣ ਜਾਂ ਜੈ ਹਿੰਦ ਕਹਿਣ ਵਾਲੇ ਹੋਣ, ਇਨ੍ਹਾਂ 'ਚ ਕੀ ਫਰਕ ਹੈ। ਇਨ੍ਹਾਂ ਸਭ ਦਾ ਇੱਕੋ-ਇਕ ਮਕਸਦ ਹੈ ਕਿਸੇ ਵੀ ਤਰ੍ਹਾਂ ਨਾਲ ਲੋਕਾਂ ਨੂੰ ਭਰਮਾ ਕੇ ਸੱਤਾ ਹਾਸਿਲ ਕੀਤੀ ਜਾਵੇ ਤੇ ਆਪਣੀ ਸਵਾਰਥ ਪੂਰਤੀ ਲਈ ਵੱਧ ਤੋਂ ਵੱਧ ਦੇਸ਼ ਨੂੰ ਲੁੱਟਿਆ ਜਾਵੇ। ਹਾਂ ਇੰਨਾ ਫਰਕ ਜ਼ਰੂਰ ਹੈ ਕਿ ਇਸ ਸਮੇਂ ਜ਼ਿਆਦਾਤਰ ਸਮਾਜਿਕ ਪਰਿਵਰਤਨ ਦੇ ਅੰਦੋਲਨ ਨੂੰ ਚਲਾਉਣ ਦਾ ਦਾਅਵਾ ਕਰਨ ਵਾਲਿਆਂ ਕੋਲ ਸਮਾਜ ਹਿੱਤ ਵਿੱਚ ਕੀਤੇ ਜਾ ਰਹੇ ਕੰਮਾਂ ਬਾਰੇ ਚਾਨਣਾ ਪਾਉਣ ਨੂੰ ਕੁਝ ਵੀ ਖ਼ਾਸ ਨਹੀਂ ਹੈ। ਹਾਂ! ਪਰ ਉਹ ਗਾਂਧੀ ਅਤੇ ਗਾਂਧੀਵਾਦੀਆਂ ਨੂੰ ਗਾਲ੍ਹਾਂ ਕੱਢ ਕੇ ਹੀ ਆਪਣੇ ਮਨ ਵਿੱਚ ਸੰਤੁਸ਼ਟ ਹੋ ਜਾਂਦੇ ਹਨ ਅਤੇ ਨਾਲ ਹੀ ਦੂਜਿਆਂ ਵਿੱਚ ਦੋਸ਼ ਕੱਢ ਕੇ ਉਹ ਸਭ ਤੋਂ ਵੱਡੇ ਅੰਬੇਡਕਰੀ ਹਨ, ਇਹ ਮਨ ਕੇ ਖੁਦ ਨੂੰ ਹੀ ਅੰਬੇਡਕਰੀ ਹੋਣ ਦਾ ਸਰਟੀਫਿਕੇਟ ਦੇ ਕੇ ਫੋਕਾ ਫਖ਼ਰ ਮਹਿਸੂਸ ਕਰਦੇ ਹਨ।  ਹਾਲਾਂਕਿ ਅਜਿਹਾ ਕਰਕੇ ਉਹ ਆਪਣੇ ਆਪ ਨਾਲ ਅਤੇ ਅੰਬੇਡਕਰਵਾਦ ਨਾਲ ਬਹੁਤ ਵੱਡਾ ਧੋਖਾ ਕਰ ਰਹੇ ਹਨ। ਇੰਝ ਲੱਗਦਾ ਹੈ ਅਸੀਂ ਸਭ ਭਾਰਤ ਵਾਸੀ ਅਜੇ ਤੱਕ ਅੰਬੇਡਕਰ ਨੂੰ ਸਮਝਣ 'ਚ ਨਾਕਾਮ ਸਿੱਧ ਹੋਏ ਹਾਂ। ਭਾਰਤ ਨਾਅਰਿਆਂ ਨਾਲ ਨਹੀਂ ਚੱਲ ਰਿਹਾ, ਉੱਚੇ-ਉੱਚੇ ਵਾਅਦਿਆਂ-ਦਾਅਵਿਆਂ ਨਾਲ ਨਹੀਂ ਚੱਲ ਰਿਹਾ, ਭਾਰਤ ਜੇ ਇਕ ਹੈ ਤਾਂ ਉਸ ਦਾ ਕਾਰਣ ਹੈ ਬਾਬਾ ਸਾਹਿਬ ਅੰਬੇਡਕਰ ਵੱਲੋਂ ਦਿੱਤਾ ਭਾਰਤ ਦਾ ਸੰਵਿਧਾਨ। ਆਪੋ-ਆਪਣੀਆਂ ਦੁਕਾਨਾਂ 'ਤੇ ਅੰਬੇਡਕਰ ਦੀ ਫੋਟੋ ਲਗਾ ਕੇ ਦੁਕਾਨਦਾਰੀਆਂ ਚਮਕਾਉਣ ਦੀਆਂ ਕੋਸ਼ਿਸ਼ਾਂ ਜ਼ਿਆਦਾ ਦੇਰ ਤੱਕ ਕਾਮਯਾਬ ਨਹੀਂ ਹੋਣਗੀਆਂ, ਕਿਉਂਕਿ ਹੁਣ ਤਕਰੀਬਨ ਹਰ ਭਾਰਤੀ ਜਾਣਦਾ ਹੈ ਕਿ ਅੰਬੇਡਕਰ ਦੀ ਫੋਟੋ ਦੇ ਪਿੱਛੇ ਕਿਸੇ ਨੇ ਗਾਂਧੀ ਲਾਇਆ ਹੋਇਆ ਹੈ, ਕਿਸੇ ਨੇ ਸੰਘ ਲਗਾਇਆ ਹੋਇਆ ਹੈ, ਕਿਸੇ ਨੇ ਲੇਨਿਨ ਲਗਾਇਆ ਹੋਇਆ ਹੈ ਤੇ ਸਭ ਅੰਬੇਡਕਰ ਦੇ ਨਾਂ 'ਤੇ ਬੇਵਕੂਫ ਬਣਾ ਕੇ ਆਪਣਾ ਕਾਰੋਬਾਰ ਚਲਾਉਣਾ ਚਾਹੁੰਦੇ ਹਨ। ਬਦਨੀਯਤੀ ਨਾਲ ਅੰਬਡੇਕਰਵਾਦ ਕਦੇ ਵੀ ਜ਼ਮੀਨ 'ਤੇ ਨਹੀਂ ਆ ਸਕਦਾ। ਅੰਬੇਡਕਰ ਨਾਮ ਹੈ ਪਰਿਵਰਤਨ ਦਾ, ਅੰਬੇਡਕਰ ਨਾਮ ਹੈ ਸਮਾਜਿਕ ਜਾਗਰੂਕਤਾ ਦਾ, ਅੰਬੇਡਕਰ ਨਾਮ ਹੈ ਸਮਾਨਤਾ ਦਾ, ਅੰਬੇਡਕਰ ਨਾਮ ਹੈ ਸੁਤੰਤਰਤਾ ਦਾ, ਅੰਬੇਡਕਰ ਨਾਮ ਹੈ ਨਿਰਸਵਾਰਥ ਭਾਵਨਾ ਦਾ, ਜੇ ਹਰ ਭਾਰਤੀ ਅੰਬੇਡਕਰ ਨੂੰ ਜਾਣ ਲਵੇ ਤਾਂ ਕੋਈ ਕਾਰਣ ਨਹੀਂ ਹੈ ਕਿ ਸਾਡਾ ਭਾਰਤ ਵਿਸ਼ਵ ਦਾ ਸਿਰਮੌਰ ਨਾ ਬਣ ਕੇ ਉੱਭਰੇ। ਜਿਹੜਾ ਮਨੁੱਖ ਕੁਦਰਤ ਦੇ ਪਰਿਵਰਤਨ, ਸਮਾਜ ਜਾਂ ਦੇਸ਼ ਪਰਿਵਰਤਨ ਦੇ ਨਿਯਮ ਨਾਲ ਸਹਿਮਤ ਹੋ ਕੇ ਕਦਮ ਨਾਲ ਕਦਮ ਮਿਲਾ ਕੇ ਭਵਿੱਖ ਵੱਲ ਵੱਧਦਾ ਹੈ, ਉਸ ਦਾ ਭਵਿੱਖ ਹਮੇਸ਼ਾ ਸੁੱਖਮਈ ਹੁੰਦਾ ਹੈ। ਭਾਰਤ ਨੂੰ ਇੱਕੋ ਚੀਜ਼ ਬਚਾਅ ਰਹੀ ਹੈ ਅਤੇ ਬਚਾਉਂਦੀ ਰਹੇਗੀ ਉਹ ਹੈ ਅੰਬੇਡਕਰਵਾਦ ਅਤੇ ਭਾਰਤੀ ਸੰਵਿਧਾਨ। ਹੁਣ ਸਾਡਾ ਫਰਜ਼ ਬਣਦਾ ਹੈ ਕਿ ਹੋਰ ਸਮਾਂ ਖਰਾਬ ਨਾ ਕਰੀਏ ਅੰਬੇਡਕਰ ਵਿਚਾਰਧਾਰਾ ਨੂੰ ਅਪਣਾਈਏ ਅਤੇ ਇਸ ਦਾ ਵੱਧ ਤੋਂ ਵੱਧ ਪ੍ਰਚਾਰ-ਪ੍ਰਸਾਰ ਕਰੀਏ ਤਾਂ ਜੋ ਵਰਣ-ਵਿਵਸਥਾ, ਜਾਤ-ਪਾਤ, ਧਰਮ-ਮਜ਼੍ਹਬ ਦੀਆਂ ਮੋਟੀਆਂ ਕੰਧਾਂ ਟੁੱਟ ਜਾਣ ਤੇ ਸਾਰਾ ਦੇਸ਼ ਇਕ ਹੋ ਜਾਵੇ। ਜਿੱਥੇ ਹਰ ਨਾਗਰਿਕ ਕੋਲ ਬਰਾਬਰ ਦੇ ਹੱਕ ਹੋਣ ਤੇ ਉਹ ਫਖਰ ਨਾਲ ਕਹਿ ਸਕੇ ਕਿ ਮੈਂ ਹਾਂ ਭਾਰਤੀ। ਇਸ ਮੰਤਵ ਨੂੰ ਪ੍ਰਾਪਤ ਕਰਨ ਲਈ ਨਵੀਆਂ ਸੰਸਥਾਵਾਂ ਜਾਂ ਨਵੀਆਂ ਰਾਜਨੀਤਿਕ ਪਾਰਟੀਆਂ ਬਣਾਉਣ ਦੀ ਕੋਈ ਜ਼ਰੂਰਤ ਨਹੀਂ। ਇਹ ਨਵੀਆਂ ਪਾਰਟੀਆਂ ਸਮਾਜ ਨੂੰ ਮਜ਼ਬੂਤੀ ਦੇਣ ਦੀ ਬਜਾਏ ਪਾੜਾ ਹੀ ਪਾਉਣਗੀਆਂ। ਚੰਗਾ ਹੀ ਹੋਵੇਗਾ ਮੌਜੂਦਾ ਆਗੂਆਂ ਨਾਲ ਬੈਠ ਕੇ ਵਿਚਾਰ-ਵਟਾਂਦਰਾ ਕਰਕੇ ਆਪਣੀਆਂ ਅਤੇ ਉਨ੍ਹਾਂ ਦੀਆਂ ਕਮਜ਼ੋਰੀਆਂ ਦੂਰ ਕਰੀਏ ਤੇ ਨਿਰਸਵਾਰਥ ਸੋਚ ਨਾਲ ਭਾਰਤ ਦੇ ਭਵਿੱਖ ਨੂੰ ਧਿਆਨ 'ਚ ਰੱਖਦੇ ਹੋਏ ਠੋਸ ਕਦਮ ਉਠਾਈਏ। ਤੁਹਾਡੇ ਵਿਚਾਰ ਮੇਰੇ ਲਈ ਬਹੁਮੁੱਲੇ ਹਨ, ਕੋਈ ਵੀ ਵਿਅਕਤੀ ਬੇਝਿਜਕ ਮੇਰੇ ਨਾਲ ਵਿਚਾਰ ਸਾਂਝੇ ਕਰ ਸਕਦਾ ਹੈ। ਅੱਜ ਦੇ ਯੁਗ ਵਿੱਚ ਜਿੰਨੀ ਬਾਬਾ ਸਾਹਿਬ ਦੇ ਵਿਚਾਰਾਂ ਦੀ ਮਹੱਤਤਾ ਅਤੇ ਲੋੜ ਹੈ, ਸ਼ਾਇਦ ਪਹਿਲਾਂ ਕਦੇ ਇੰਨੀ ਨਹੀਂ ਸੀ। ਇਹ ਸਮਾਂ ਬਹੁਤ ਨਾਜ਼ੁਕ ਹੈ। ਸਮੇਂ ਦੀ ਮੰਗ ਹੈ ਅੰਬੇਡਕਰੀ ਵਿਚਾਰਧਾਰਾ ਦਾ ਦੇਸ਼ ਵਿੱਚ ਲਾਗੂ ਹੋਣਾ ਬਹੁਤ ਜ਼ਰੂਰੀ ਹੈ। 
                                                                                             - ਅਜੈ ਕੁਮਾਰ (98787-83901)

Tuesday 12 April 2016

ਸ਼ਰਧਾ ਤੇ ਸ਼ਰਾਧ

ਆਮ ਤੌਰ 'ਤੇ ਸਮਾਜ ਪਿਛਲੀਆਂ ਕਈ ਸਦੀਆਂ ਤੋਂ ਚੱਲੇ ਆ ਰਹੇ ਰੀਤੀ-ਰਿਵਾਜਾਂ ਅਨੁਸਾਰ ਹੀ ਚੱਲਦਾ ਹੈ। ਰੀਤੀ-ਰਿਵਾਜ ਮਨੁੱਖ ਦੇ ਜੀਵਨ ਵਿੱਚ ਇੰਨੀ ਬੁਰੀ ਤਰ੍ਹਾਂ ਫਿੱਟ ਹੋ ਚੁੱਕੇ ਹਨ ਕਿ ਸਾਡਾ ਸਮਾਜਿਕ ਜੀਵਨ ਕਿਵੇਂ ਗੁਜਰੇਗਾ ਰੀਤੀ-ਰਿਵਾਜ ਹੀ ਤਹਿ ਕਰਦੇ ਹਨ। ਮਨੁੱਖ ਦਾ ਜਨਮ ਹੋਣ 'ਤੇ ਸਮਾਜ ਦਾ ਹਰ ਵਰਗ ਕੋਈ ਨਾ ਕੋਈ ਰੀਤੀ-ਰਿਵਾਜ ਜ਼ਰੂਰ ਕਰਦਾ ਹੈ। ਉਸ ਤੋਂ ਬਾਅਦ ਮਨੁੱਖ ਦੇ ਜੀਵਨ ਦੇ ਹਰ ਮੋੜ 'ਤੇ ਰੀਤੀ-ਰਿਵਾਜਾਂ ਦਾ ਭਰਪੂਰ ਬੋਲਬਾਲਾ ਰਹਿੰਦਾ ਹੀ ਹੈ। ਜਦੋਂ ਸ਼ਾਦੀ-ਵਿਆਹ ਹੋਵੇ ਜਾਂ ਕੁਝ ਹੋਰ ਸਮਾਜਿਕ ਮੇਲਜੋਲ ਹੋਵੇ  ਉਹ ਰੀਤੀ-ਰਿਵਾਜਾਂ ਨਾਲ ਹੀ ਸੰਪੂਰਨ ਕਰਦੇ ਹਨ। ਇਹ ਰੀਤੀ-ਰਿਵਾਜ ਨਾ ਕੇਵਲ ਜਿਉਂਦੇ-ਜੀਅ, ਬਲਕਿ ਮਨੁੱਖ ਦੇ ਮਰਨ ਤੋਂ ਬਾਅਦ ਵੀ ਉਹਦਾ ਪਿੱਛਾ ਨਹੀਂ ਛੱਡਦੇ। ਇਨ੍ਹਾਂ ਕੁਝ ਕੁ ਰੀਤੀ-ਰਿਵਾਜਾਂ ਨੂੰ ਮਾਨਤਾ ਦੇਣ ਦੇ ਕਾਰਣ ਹੀ ਸਾਡਾ ਸਮਾਜਿਕ ਤਾਣਾ-ਬਾਣਾ ਮਜ਼ਬੂਤ ਬਣਿਆ ਰਹਿੰਦਾ ਹੈ। ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਇਹ ਰੀਤੀ ਰਿਵਾਜ ਹਜ਼ਾਰਾਂ ਸਾਲਾਂ ਤੋਂ ਸਾਡੇ ਸ਼ੋਸ਼ਣ ਦਾ ਵੀ ਹਥਿਆਰ ਬਣੇ ਰਹੇ ਹਨ। ਇਨ੍ਹਾਂ ਰੀਤੀ-ਰਿਵਾਜਾਂ ਦੇ ਨਾਂ 'ਤੇ ਹਜ਼ਾਰਾਂ ਵਰ੍ਹਿਆਂ ਤੱਕ ਮਨੁੱਖ ਦਾ ਤੇ ਖ਼ਾਸ ਕਰਕੇ ਦਲਿਤਾਂ ਦਾ ਸ਼ੋਸ਼ਣ ਅਛੂਤ ਕਹਿ ਕੇ ਕੀਤਾ ਜਾਂਦਾ ਰਿਹਾ ਹੈ ਤੇ ਇਨ੍ਹਾਂ ਦਾ ਸਮਾਜ 'ਚ ਦਰਜਾ ਜਾਨਵਰਾਂ ਤੋਂ ਵੀ ਬੱਦਤਰ ਰਿਹਾ ਹੈ। ਸੰਵਿਧਾਨ ਲਾਗੂ ਹੋਣ ਤੋਂ ਬਾਅਦ ਹਰ ਮਨੁੱਖ ਨੂੰ ਆਪਣੇ ਢੰਗ ਨਾਲ ਆਪਣੇ ਧਰਮ ਨੂੰ ਮੰਨਣਾ ਅਤੇ ਉਸ ਦੇ ਪ੍ਰਚਾਰ-ਪ੍ਰਸਾਰ ਦੇ ਨਾਲ-ਨਾਲ ਆਪਣੇ ਢੰਗ ਨਾਲ ਰੀਤੀ-ਰਿਵਾਜ ਕਰਨ ਦਾ ਪੂਰਾ-ਪੂਰਾ ਅਧਿਕਾਰ ਹੈ ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਅਜੇ ਵੀ ਦਿਨ-ਪਰ-ਦਿਨ ਸਾਡਾ ਸਮਾਜ ਵੱਧ ਤੋਂ ਵੱਧ ਉਨ੍ਹਾਂ ਰੀਤੀ-ਰਿਵਾਜਾਂ ਦੇ ਚੁੰਗਲ ਵਿੱਚ ਫਸਦਾ ਜਾ ਰਿਹਾ ਹੈ, ਜਿਹੜੇ ਬੇਲੋੜੇ ਅਤੇ ਮਨੁੱਖੀ ਹਿਤ 'ਚ ਨਹੀਂ ਹਨ। ਮੈਨੂੰ ਸਮਝ ਨਹੀਂ ਆਉਂਦਾ ਕਿਵੇਂ ਆਪਣੇ-ਆਪ ਨੂੰ ਤੇ ਆਪਣੇ ਸਮਾਜ ਨੂੰ ਇਨ੍ਹਾਂ ਬੇਲੋੜੇ ਰੀਤੀ-ਰਿਵਾਜਾਂ ਤੋਂ ਦੂਰ ਲੈ ਕੇ ਜਾਵਾਂ ਜਿਨ੍ਹਾਂ ਕਰਕੇ ਸਮਾਜ ਦਾ ਸ਼ੋਸ਼ਣ ਅਤੇ ਭਾਰਤ ਦਾ ਆਰਥਿਕ, ਬੌਧਿਕ ਤੇ ਮਾਨਸਿਕ ਨੁਕਸਾਨ ਹੋ ਰਿਹਾ ਹੈ। 
ਕਾਫ਼ੀ ਸੋਚ-ਵਿਚਾਰ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਮੇਰੇ ਸਾਹਮਣੇ ਆਈਆਂ, ਉਨ੍ਹਾਂ ਵਿੱਚੋਂ ਹੀ ਦੋ ਸ਼ਬਦ ਮੇਰੇ ਦਿਮਾਗ ਵਿੱਚ ਆਏ ਜੋ ਕਾਫ਼ੀ ਦਿਨਾਂ ਤੋਂ ਮੇਰੇ ਦਿਮਾਗ ਵਿੱਚ ਰੜਕ ਰਹੇ ਹਨ-ਉਹ ਹਨ ਸ਼ਰਧਾ ਅਤੇ ਸ਼ਰਾਧ। ਇਨ੍ਹਾਂ ਦੋਨਾਂ ਸ਼ਬਦਾਂ ਦੀ ਘੋਖ ਅਤੇ ਅਰਥ ਦੀ ਵਿਸਤਾਰ ਪੂਰਵਕ ਚਰਚਾ ਫਿਰ ਕਿਤੇ ਕਰਾਂਗੇ ਪਰ ਮੇਰੀ ਸਮਝ ਦੇ ਮੁਤਾਬਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਸਮਝਦਾ ਹਾਂ ਕਿ ਸ਼ਰਧਾ ਦਾ ਮਤਲਬ ਹੈ ਕਿਸੇ ਦਾ ਸਤਿਕਾਰ ਕਰਨਾ, ਕਿਸੇ ਨੂੰ ਪਿਆਰ ਕਰਨਾ, ਉਸ ਨੂੰ ਆਪਣਾ ਮਾਰਗ-ਦਰਸ਼ਕ ਮੰਨ ਕੇ ਉਹਦੇ ਵੱਲੋਂ ਦਿੱਤੇ ਗਏ ਜ਼ਿਆਦਾਤਰ ਉਪਦੇਸ਼ ਆਪਣਾ ਫਰਜ਼ ਸਮਝ ਕੇ ਕਰਨ ਲੱਗ ਪੈਣਾ ਪਰ ਇਹੋ ਸ਼ਰਧਾ ਜਦੋਂ ਅੰਨ੍ਹੀ ਸ਼ਰਧਾ ਦਾ ਰੂਪ ਲੈ ਲੈਂਦੀ ਹੈ ਤਾਂ ਉਸ ਦਾ ਨਤੀਜਾ ਇੰਨਾ ਭਿਅੰਕਰ ਹੋ ਜਾਂਦਾ ਹੈ ਕਿ ਜਿਸ ਦਾ ਲੇਖਾ-ਜੋਖਾ ਕਰਨ 'ਤੇ ਸ਼ਰਧਾ ਨਾਂ ਤੋਂ ਹੀ ਨਫ਼ਰਤ ਜਿਹੀ ਹੋ ਜਾਂਦੀ ਹੈ। ਸ਼ਰਾਧ ਦਾ ਮਤਲਬ ਹੈ ਮਰਨ ਤੋਂ ਬਾਅਦ ਮਰਨ ਵਾਲੇ ਵਿਅਕਤੀ ਦੀ ਆਤਮਾ ਨੂੰ ਸ਼ਾਂਤੀ ਦੇਣ ਲਈ ਕੁਝ ਅਜਿਹੇ ਰੀਤੀ-ਰਿਵਾਜ ਕਰਨੇ ਜਿਨ੍ਹਾਂ ਦਾ ਮ੍ਰਿਤਕ ਵਿਅਕਤੀ ਨੂੰ ਤਾਂ ਕੋਈ ਫਾਇਦਾ ਨਹੀਂ ਹੈ ਪਰ ਉਸ ਦੇ ਘਰ-ਪਰਿਵਾਰ, ਰਿਸ਼ਤੇਦਾਰ, ਸਕੇ-ਸਬੰਧੀਆਂ ਨੂੰ ਇਕ ਹੱਦ ਤੱਕ ਤਸੱਲੀ ਜਿਹੀ ਹੋ ਜਾਂਦੀ ਹੈ ਕਿ ਜਾਣ ਵਾਲੀ ਰੂਹ ਸਹੀ ਜਗ੍ਹਾ ਪੁੱਜ ਗਈ ਹੈ। ਇਹ ਸ਼ਰਾਧ ਤਕਰੀਬਨ ਹਰ ਧਰਮ ਦੇ ਲੋਕ ਆਪਣੇ-ਆਪਣੇ ਰੀਤੀ-ਰਿਵਾਜ ਨਾਲ ਕਰਦੇ ਹਨ। ਪਰ ਹਿੰਦੂ ਧਰਮ ਵਿੱਚ ਇਸ ਦਾ ਪ੍ਰਚਾਰ-ਪ੍ਰਸਾਰ ਇੰਨਾ ਪ੍ਰਚੱਲਿਤ ਹੋ ਗਿਆ ਹੈ ਕਿ ਇਹ ਇਕ ਬੜਾ ਹੀ ਖਤਰਨਾਕ ਰੂਪ ਧਾਰਨ ਕਰਕੇ ਕ੍ਰਿਆ-ਕਰਮ ਨਾ ਹੋ ਕੇ ਮਰਨ ਵਾਲੇ ਵਿਅਕਤੀ ਦੇ ਪਰਿਵਾਰ ਨੂੰ ਲੁੱਟਣ ਦਾ ਵਧੀਆ ਜ਼ਰੀਆ ਬਣ ਗਿਆ ਹੈ। ਵੈਸੇ ਮੇਰੇ ਹਿਸਾਬ ਨਾਲ ਅੰਨ੍ਹੀ ਸ਼ਰਧਾ ਵੀ ਬੰਦੇ ਦਾ ਜਿਉਂਦੇ-ਜੀਅ ਸ਼ਰਾਧ ਹੀ ਕਰਾਉਣ ਵਾਲੀ ਗੱਲ ਹੈ। ਇਸੇ ਅੰਨ੍ਹੀ ਸ਼ਰਧਾ ਕਰਕੇ ਦੇਸ਼ ਵਿੱਚ ਲੱਗਭਗ ਅਜ਼ਾਦੀ ਤੋਂ ਬਾਅਦ 50 ਹਜ਼ਾਰ ਤੋਂ ਜ਼ਿਆਦਾ ਧਰਮ-ਮਜ਼੍ਹਬ ਦੇ ਨਾਂ 'ਤੇ ਦੰਗੇ ਹੋ ਚੁਕੇ ਹਨ, ਜਿਨ੍ਹਾਂ ਵਿੱਚ ਖ਼ਰਬਾਂ ਰੁਪਏ ਦਾ ਨੁਕਸਾਨ ਤੇ ਲੱਖਾਂ ਮਨੁੱਖ ਆਪਣੀ ਜਾਨ ਗੁਆ ਚੁੱਕੇ ਹਨ। ਮੈਂ ਆਪਣੇ ਪਾਠਕਾਂ ਨੂੰ ਆਪਣੇ ਲੇਖ ਰਾਹੀਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਪਾਠਕ ਸ਼ਰਧਾ ਦੀ ਬਜਾਏ ਆਪਣੇ ਰਹਿਬਰਾਂ ਤੋਂ ਸੇਧ ਲੈ ਕੇ, ਉਨ੍ਹਾਂ ਦੇ ਦੱਸੇ ਮਾਰਗ 'ਤੇ ਚੱਲ ਕੇ ਆਪਣੇ ਵਿਚਾਰ ਸ਼ੁੱਧ ਕਰਕੇ ਦੇਸ਼ ਨੂੰ ਮਜ਼ਬੂਤ ਕਰਨ ਅਤੇ ਆਪਸੀ ਭਾਈਚਾਰੇ ਦੀ ਅਜਿਹੀ ਮਿਸਾਲ ਕਾਇਮ ਕਰਨ ਤਾਂ ਜੋ ਦੇਸ਼ ਦਾ ਹਰ ਬੰਦਾ ਭਾਰਤ ਮਾਤਾ ਦੀ ਜੈ ਕਹਿਣ ਦੀ ਬਜਾਏ ਭਾਰਤ ਦੀ ਵਿਸ਼ਵ ਵਿੱਚ ਜੈ ਜੈ ਕਾਰ ਕਰਾਵੇ। ਇਸ ਦੇਸ਼ ਵਿੱਚ ਕੋਈ ਭੁੱਖਾ ਨਾ ਹੋਵੇ, ਅਨਪੜ੍ਹ ਨਾ ਹੋਵੇ, ਦੇਸ਼ ਵਿੱਚ ਨਸ਼ਿਆਂ ਦਾ ਬੋਲਬਾਲਾ ਨਾ ਹੋਵੇ, ਹਰ ਬੱਚੇ ਦਾ ਸੁਨਹਿਰੀ ਭਵਿੱਖ ਹੋਵੇ, ਬਜ਼ੁਰਗਾਂ ਦਾ ਬੁਢਾਪਾ ਸੁਰੱਖਿਅਤ ਹੋਵੇ, ਹਰ ਇਕ ਨੂੰ ਪੂਰੀ ਅਜ਼ਾਦੀ ਹੋਵੇ, ਭਾਰਤ ਦਾ ਵਾਤਾਵਰਣ ਇੰਨਾ ਸੁਹਾਵਣਾ ਹੋਵੇ ਕਿ ਭਾਰਤ ਦੀ ਹਰ ਜਗ੍ਹਾ ਵਿਸ਼ਵ ਦੇ ਦੂਸਰੇ ਮੁਲਕਾਂ ਲਈ ਇਕ ਸੈਰਗਾਹ ਵਾਂਗ ਹੋ ਜਾਵੇ। ਆਉ ਇਹ ਸ਼ਰਧਾ ਅਤੇ ਸ਼ਰਾਧ ਦੇ ਨਾਂ ਤੇ ਕੀਤੇ ਜਾਣ ਵਾਲੇ ਢਕੋਸਲਿਆਂ ਤੋਂ ਬਚ ਕੇ ਬਾਬਾ ਸਾਹਿਬ ਦੀ ਸੋਚ ਨੂੰ ਅਪਣਾਉਂਦੇ ਹੋਏ ਦੇਸ਼ ਅਤੇ ਆਪਣੇ ਭਵਿੱਖ ਨੂੰ ਸੁਰੱਖਿਅਤ ਕਰੀਏ।                                                                                                                            - ਅਜੈ ਕੁਮਾਰ