Monday 25 April 2016

ਵੱਡੀਆਂ ਗੱਲਾਂ ਛੋਟੇ ਲੋਕ

ਮੌਜੂਦਾ ਦੌਰ 'ਚ ਦੇਸ਼ ਅਤੇ ਪ੍ਰਦੇਸ਼ ਦੀ ਰਾਜਨੀਤੀ ਕਰਨ ਵਾਲੇ ਲੋਕ ਜਦੋਂ ਵੱਡੇ-ਵੱਡੇ ਭਾਸ਼ਣਾਂ ਰਾਹੀਂ ਆਪਣੀਆਂ ਕਾਰਗੁਜ਼ਾਰੀਆਂ ਦੀਆਂ ਸਿਫ਼ਤਾਂ ਕਰਦੇ ਹਨ ਤਾਂ ਇੰਝ ਲੱਗਦਾ ਹੈ ਕਿ ਭਾਰਤ ਦਾ ਹਰ ਨਾਗਰਿਕ ਇਸ ਸਮੇਂ ਹਰ ਤਰ੍ਹਾਂ ਦੀਆਂ ਸੁੱਖ-ਸੁਵਿਧਾਵਾਂ ਦਾ ਭਰਪੂਰ ਅਨੰਦ ਮਾਣ ਰਿਹਾ ਹੈ। ਜੇਕਰ ਇਨ੍ਹਾਂ ਰਾਜਨੀਤਿਕ ਲੀਡਰਾਂ ਦੇ ਭਾਸ਼ਣਾਂ ਦੀ ਬਜਾਏ ਜ਼ਮੀਨੀ ਹਕੀਕਤ 'ਤੇ ਧਿਆਨ ਮਾਰੀਏ ਤਾਂ ਇਸ ਸਮੇਂ ਹਰ ਵਰਗ ਦੇ ਲੋਕ ਤ੍ਰਾਹੀ-ਤ੍ਰਾਹੀ ਕਰ ਉੱਠੇ ਹਨ। ਦੇਸ਼ ਦੀ ਗੱਲ ਫਿਰ ਕਿਧਰੇ ਕਰਾਂਗੇ ਇਸ ਲੇਖ ਵਿੱਚ ਪੰਜਾਬ ਦੇ ਮੌਜੂਦਾ ਹਾਲਾਤ ਦੀ ਗੱਲ ਕਰਦੇ ਹਾਂ। ਪੰਜਾਬ ਦਾ ਅੰਨਦਾਤਾ, ਧਰਤੀ ਦਾ ਭਗਵਾਨ ਇਸ ਵੇਲੇ ਕਰਜ਼ੇ ਦੀ ਮਾਰ ਹੇਠ ਇੰਝ ਦੱਬਿਆ ਹੈ ਕਿ ਉਹ ਜੀਣ ਨਾਲੋਂ ਮਰਨ ਨੂੰ ਤਰਜ਼ੀਹ ਦੇਣ ਲੱਗ ਪਿਆ ਹੈ। ਜੇ ਕਿਸਾਨ ਦਾ ਇਹ ਹਾਲ ਹੈ ਤਾਂ ਖੇਤ ਮਜ਼ਦੂਰ ਦੇ ਹਾਲਾਤਾਂ ਦਾ ਅੰਦਾਜ਼ਾ ਲਗਾਉਣਾ ਕੋਈ ਮੁਸ਼ਕਿਲ ਨਹੀਂ। ਪਿੰਡਾਂ ਦੀਆਂ ਜ਼ਿਆਦਾਤਰ ਲਿੰਕ ਸੜਕਾਂ ਦੀ ਹਾਲਤ ਇੰਨੀ ਖਰਾਬ ਹੈ ਕਿ ਕਈ ਲੋਕ ਹੱਸਦੇ-ਖੇਡਦੇ ਇੱਥੋਂ ਤੱਕ ਆਖ ਦਿੰਦੇ ਹਨ ਕਿ ਡਲਿਵਰੀ ਹੋਣ ਵਾਲੀ ਔਰਤ ਨੂੰ ਕਾਰ 'ਚ ਬਿਠਾ ਕੇ ਇਨ੍ਹਾਂ ਰੋਡਾਂ ਤੋਂ ਲੰਘਣਾ ਪੈ ਜਾਵੇ, ਸ਼ਾਇਦ ਡਲਿਵਰੀ ਲਈ ਉਸ ਨੂੰ ਹਸਪਤਾਲ ਤੇ ਡਾਕਟਰ ਦੀ ਲੋੜ ਹੀ ਨਾ ਪਵੇ। ਸਰਕਾਰੀ  ਵਿੱਦਿਅਕ ਅਦਾਰਿਆਂ ਦਾ ਇੰਨਾ ਆਵਾ ਉੱਤਿਆ ਹੈ ਕਿ ਜਿੱਥੇ ਸਟਾਫ਼ ਦੀ ਭਾਰੀ ਕਮੀ ਹੈ ਉਥੇ ਅਧਿਆਪਕਾਂ, ਬਿਲਡਿੰਗਾਂ ਅਤੇ ਹੋਰ ਜ਼ਰੂਰੀ ਸਾਧਨਾਂ ਦੀ ਘਾਟ ਵੀ ਆਮ ਦੇਖੀ ਜਾ ਸਕਦੀ ਹੈ। ਸਰਕਾਰੀ ਹਸਪਤਾਲ ਅਤੇ ਡਿਸਪੈਂਸਰੀਆਂ ਦਾ ਵੀ ਵਾਜਾ ਪੂਰੀ ਤਰ੍ਹਾਂ ਵੱਜਿਆ ਹੋਇਆ ਹੈ। ਪੰਜਾਬ ਵਿੱਚ ਚਿੱਟਾ ਰਾਜਨੀਤਿਕ ਲੋਕਾਂ ਦੀ ਸ਼ਹਿ 'ਤੇ ਧੜੱਲੇ ਨਾਲ ਵਿਕ ਰਿਹਾ ਹੈ। ਦੜਾ-ਸੱਟਾ, ਜ਼ਮੀਨ ਮਾਫੀਆ ਇਸ ਸਮੇਂ ਪੂਰੇ ਸ਼ਬਾਬ 'ਚ ਹੈ। ਜਗ੍ਹਾ-ਜਗ੍ਹਾ 'ਤੇ ਨਿੱਤ ਲੋਕਾਂ ਵੱਲੋਂ ਧਰਨੇ-ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪੁਲਿਸ ਵੱਲੋਂ ਡੰਡਿਆਂ ਨਾਲ ਉਨ੍ਹਾਂ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਇਸ ਸੇਵਾ ਵਿੱਚ ਡਾਕਟਰ, ਅਧਿਆਪਕ, ਵਿਦਿਆਰਥੀ ਸਾਰਿਆਂ ਨੂੰ ਇੱਕੋ ਜਿਹਾ ਹੀ ਪ੍ਰਸ਼ਾਦ ਦਿੱਤਾ ਜਾ ਰਿਹਾ ਹੈ। ਦਫ਼ਤਰਾਂ 'ਚ ਸਰਕਾਰੀ ਬਾਬੂਆਂ ਨੇ ਅੰਨ੍ਹੀ ਲੁੱਟ ਮਚਾਈ ਹੋਈ ਹੈ, ਭ੍ਰਿਸ਼ਟਾਚਾਰ ਦਾ ਹਾਲ ਇਹ ਹੈ ਕਿ ਪ੍ਰਾਈਵੇਟ ਕੰਪਨੀਆਂ ਰਾਹੀਂ ਗੰਦਗੀ ਖਾਣ ਦਾ ਵੀ ਮੌਕਾ ਨਹੀਂ ਛੱਡਿਆ ਜਾ ਰਿਹਾ। ਅਸਲ ਵਿੱਚ ਇਸ ਸਮੇਂ ਪੰਜਾਬ ਦੀ ਵਾਗਡੋਰ ਉਨ੍ਹਾਂ ਲੋਕਾਂ ਦੇ ਹੱਥਾਂ ਵਿੱਚ ਹੈ, ਜਿਨ੍ਹਾਂ ਦਾ ਸਿਧਾਂਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 'ਸਰਬੱਤ ਦਾ ਭਲਾ' ਦੇ ਨਾਲ ਬਿਲਕੁਲ ਮੇਲ ਨਹੀਂ ਖਾਂਦਾ, ਸਗੋਂ ਇਸ ਦੇ ਉਲਟ ਸਿਰਫ਼ ਆਪਣਾ ਹੀ ਭਲਾ ਕਰਨਾ, ਜਿਸ ਕਾਰਣ ਪੰਜਾਬ ਵਿੱਚ ਡਾਹਢੀ ਹਾਹਾਕਾਰ ਮਚੀ ਹੋਈ ਹੈ। ਇਸ ਦੇ ਨਾਲ ਹੀ ਮੰਦਭਾਗੀ ਗੱਲ ਇਹ ਵੀ ਹੈ ਕਿ ਵਿਰੋਧੀ ਪਾਰਟੀ ਅਤੇ ਨਵੀਂ ਆਈ ਗਾਂਧੀ ਮਾਅਰਕਾ ਪਾਰਟੀ ਦੇ ਨਾਲ-ਨਾਲ ਅੰਬੇਡਕਰੀ ਠੱਪਾ ਲੁਆਈ ਬੈਠੇ ਦਲਿਤਾਂ ਦੇ ਨਾਂ 'ਤੇ ਪਾਰਟੀਆਂ ਬਣਾਈ ਬੈਠੇ ਲੀਡਰ ਵੀ ਆਮ ਪੰਜਾਬੀ ਦੀ ਸਮੱਸਿਆ ਤੋਂ ਹਟ ਕੇ ਲੋਕਾਂ ਦਾ ਧਿਆਨ ਆਪਣੀ ਨੌਟੰਕੀ ਵੱਲ ਲਾ ਕੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਵਿਸ਼ਵਾਸਘਾਤ ਕਰ ਰਹੇ ਹਨ। ਇਸ ਸਮੇਂ ਪੰਜਾਬ 'ਚ ਰਾਜਨੀਤੀ ਕਰਨ ਵਾਲੇ ਤਮਾਸ਼ਬੀਨ ਲੀਡਰਾਂ ਦੇ ਕਾਰਣ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਇਹੋ ਕਿਹਾ ਜਾ ਸਕਦਾ ਹੈ ਕਿ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਲੋਕ ਦੌਲਤ ਪੱਖੋਂ ਜ਼ਰੂਰ ਵੱਡੇ ਹਨ ਪਰ ਜ਼ਮੀਰ ਪੱਖੋਂ ਅਤੇ ਸਿਧਾਂਤਾਂ ਪੱਖੋਂ ਇਹ ਬਹੁਤ ਛੋਟੇ ਹਨ। ਕਹਿਣ ਦਾ ਭਾਵ ਇੰਜ ਕਿਹਾ ਜਾ ਸਕਦਾ ਹੈ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਛੋਟੇ ਲੋਕ ਹਨ। ਅਜਿਹਾ ਨਹੀਂ ਹੈ ਕਿ ਦੇਸ਼ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਸਾਰੇ ਦੇ ਸਾਰੇ ਲੀਡਰ ਚੋਰ ਹਨ, ਬਹੁਤ ਸਾਰੇ ਲੀਡਰ ਇਮਾਨਦਾਰ ਅਤੇ ਸਿਧਾਂਤਕ ਤੌਰ 'ਤੇ ਕੰਮ ਕਰਨ ਵਾਲੇ ਵੀ ਮੌਜੂਦ ਹਨ ਪਰ ਉਨ੍ਹਾਂ ਦੀ ਵਾਹ-ਪੇਸ਼ ਨਹੀਂ ਜਾ ਰਹੀ ਤੇ ਨਾਲ ਹੀ ਉਨ੍ਹਾਂ ਦੀ ਘੱਟ ਰਹੀ ਗਿਣਤੀ ਪੰਜਾਬੀਆਂ ਨੂੰ ਅਤੇ ਖਾਸਕਰ ਇੱਥੋਂ ਦੇ ਇਮਾਨਦਾਰ ਲੋਕਾਂ ਨੂੰ ਵੀ ਬੜੀ ਬੁਰੀ ਤਰ੍ਹਾਂ ਖਲ ਰਹੀ ਹੈ, ਕਿਉਂਕਿ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਲੋਕ ਵੱਡੇ ਵੀ ਹੋਣੇ ਚਾਹੀਦੇ ਹਨ ਤਾਂ ਹੀ ਦੇਸ਼ ਦੀ ਹੋਂਦ ਬਚਾਈ ਜਾ ਸਕਦੀ ਹੈ।                                                                                      
 - ਅਜੈ ਕੁਮਾਰ

No comments:

Post a Comment