Tuesday 16 February 2016

ਬੇਗਮਪੁਰਾ...ਹੋਰ ਕਿੰਨੀ ਦੂਰ

22 ਫਰਵਰੀ 2016 ਨੂੰ ਅਸੀਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ 639ਵਾਂ ਜਨਮ ਉਤਸਵ ਮਨਾਉਣ ਜਾ ਰਹੇ ਹਾਂ। ਜਿਸ ਸਮੇਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਹੋਇਆ ਸੀ, ਉਸ ਸਮੇਂ ਭਾਰਤ ਦੇ ਹਾਲਾਤ ਦਲਿਤਾਂ ਲਈ ਨਰਕਮਈ ਸਨ, ਵਰਣ ਵਿਵਸਥਾ ਆਪਣੇ ਚਰਮ 'ਤੇ ਪਹੁੰਚ ਚੁੱਕੀ ਸੀ। ਜਾਤ-ਪਾਤ ਦਾ ਫਨੀਅਰ ਸੱਪ ਫਨ ਫੈਲਾਅ ਸਮਾਜ ਨੂੰ ਦਹਿਸ਼ਤਜ਼ਦਾ ਕਰ ਰਿਹਾ ਸੀ। ਹਾਲਾਂਕਿ ਅੱਜ ਵੀ ਛੂਆਛਾਤ, ਜਾਤਪਾਤ, ਵਰਣ ਵਿਵਸਥਾ ਬਿਲਕੁਲ ਖਤਮ ਨਹੀਂ ਹੋਈ ਪਰ ਫਿਰ ਵੀ ਅੱਜ ਦੇ ਹਾਲਾਤ ਉਸ ਸਮੇਂ ਦੇ ਹਾਲਾਤਾਂ ਨਾਲੋਂ ਬਹੁਤ ਚੰਗੇ ਹਨ, ਜਦੋਂ ਦਲਿਤ ਦੇ ਹਾਲਾਤ ਜਾਨਵਰ ਤੋਂ ਵੀ ਬੱਦਤਰ ਸਨ। ਉਨ੍ਹਾਂ ਹਾਲਾਤਾਂ ਬਾਰੇ ਸੋਚ ਕੇ ਹੀ ਰੂਹ ਕੰਬ ਜਾਂਦੀ ਹੈ। ਅਜਿਹੇ ਸਮੇਂ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਸਧਾਰਣ ਦਲਿਤ ਪਰਿਵਾਰ ਵਿੱਚ ਹੋਇਆ, ਜਿਸ ਨੂੰ ਉਸ ਸਮੇਂ ਅਛੂਤ ਕਿਹਾ ਜਾਂਦਾ ਸੀ। ਅਛੂਤ ਪਰਿਵਾਰ 'ਚ ਜਨਮ ਲੈਣ ਦੇ ਬਾਵਜੂਦ ਰਵਿਦਾਸ ਮਹਾਰਾਜ ਜੀ ਨੇ ਅਜਿਹੇ ਸਿਧਾਂਤ ਅਪਣਾਏ ਕਿ ਉਸ ਸਮੇਂ ਧਰਤੀ 'ਤੇ ਰੱਬ ਬਣੀ ਬੈਠੇ ਕਾਂਸ਼ੀ ਦੇ ਬ੍ਰਾਹਮਣਾਂ ਨੂੰ ਵੀ ਗੁਰੂ ਰਵਿਦਾਸ ਜੀ ਨੂੰ ਸੱਜਦਾ ਕਰਨਾ ਪਿਆ। ਗੁਰੂ ਰਵਿਦਾਸ ਮਹਾਰਾਜ ਜੀ ਦੇ ਗਿਆਨ ਤੋਂ ਪ੍ਰਭਾਵਿਤ ਹੋ ਕੇ 52 ਮੁਗਲ, ਰਾਜਪੂਤ ਅਤੇ ਹੋਰ ਉਸ ਸਮੇਂ ਦੇ ਰਾਜਿਆਂ ਨੇ ਉਨ੍ਹਾਂ ਨੂੰ ਆਪਣਾ ਗੁਰੂ ਮੰਨ ਲਿਆ। ਜੇਕਰ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਦਾ ਪੂਰਾ ਅਧਿਐਨ ਕਰੀਏ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਉਨ੍ਹਾਂ ਨੇ ਮੂਲ ਰੂਪ ਵਿੱਚ ਕੁਝ ਸਿਧਾਂਤ ਅਪਣਾਏ ਸਨ ਤੇ ਉਨ੍ਹਾਂ ਸਿਧਾਂਤਾਂ ਨੂੰ ਅਮਲੀ ਜਾਮਾ ਪਹਿਨਾ ਕੇ ਉਨ੍ਹਾਂ ਨੇ ਮਨੁੱਖਤਾ ਦੇ ਝੰਡੇ ਨੂੰ ਪ੍ਰਚੰਡ ਰੂਪ ਵਿੱਚ ਲਹਿਰਾ ਕੇ ਉਹ ਆਮ ਮਨੁੱਖ ਤੋਂ ਉਹ ਕੁਲ ਦੁਨੀਆਂ ਦੇ ਮਾਰਗ ਦਰਸ਼ਕ ਬਣ ਗਏ। ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਦੇ ਸਿਧਾਂਤਾਂ ਨੂੰ ਖੁਦ ਵੀ ਅਪਣਾਇਆ ਅਤੇ ਉਨ੍ਹਾਂ ਦਾ ਪ੍ਰਚਾਰ ਕਰਨ ਦੇ ਨਾਲ-ਨਾਲ ਉਨ੍ਹਾਂ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੁੱਖ ਸਥਾਨ ਦਿੱਤਾ, ਇੱਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਿੱਖੀ ਦੇ ਮੂਲ ਸਿਧਾਂਤ ਜਿਨ੍ਹਾਂ ਨੂੰ ਸਾਰਾ ਜਗਤ ਨਤਮਸਤਕ ਹੁੰਦਾ ਹੈ ਉਸ ਦੇ ਧੁਰੇ ਦਾ ਕੇਂਦਰ ਬਿੰਦੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਾਨਵ ਮੁਖੀ ਵਿਚਾਰਧਾਰਾ ਮੁੱਖ ਅਧਾਰ ਰਹੀ ਹੈ। ਕਹਿਣ ਦਾ ਭਾਵ 'ਬੇਗਮਪੁਰਾ'। ਡਾ. ਭੀਮ ਰਾਉ ਅੰਬੇਡਕਰ ਨੇ ਭਾਰਤੀ ਸੰਵਿਧਾਨ ਬਣਾਉਣ ਸਮੇਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਿਧਾਂਤਾਂ ਨੂੰ ਹੀ ਸਾਹਮਣੇ ਰੱਖਿਆ ਤੇ ਭਾਰਤ ਲਈ ਅਜਿਹਾ ਸੰਵਿਧਾਨ ਬਣਾਇਆ, ਜਿਸ ਵਿੱਚ ਹਰ ਭਾਰਤੀ ਨੂੰ ਬਰਾਬਰਤਾ ਦਾ ਹੱਕ ਦਿੱਤਾ ਗਿਆ। ਸ੍ਰੀ ਗੁਰੂ ਰਵਿਦਾਸ ਜੀ ਹਰ ਯੁਗ ਨੂੰ ਕਰਮਯੁਗ ਮੰਨਦੇ ਸਨ। ਵਹਿਮ-ਭਰਮ, ਪਾਖੰਡ ਤੋਂ ਦੂਰ ਰਹਿਣ ਦੀ ਸਿੱਖਿਆ ਦਿੰਦੇ ਸਨ, ਵਿਹਲੇ-ਬੇਕਾਰ ਬੈਠਣ ਨੂੰ ਮਨੁੱਖਤਾ ਦੀ ਸਭ ਤੋਂ ਵੱਡੀ ਕਮਜ਼ੋਰੀ ਦੱਸਦੇ ਸਨ ਤੇ ਸਾਦੇ ਖਾਣੇ, ਪਹਿਨਣ ਨੂੰ ਮਹੱਤਤਾ ਦਿੰਦੇ ਸਨ। ਇਸੇ ਲਈ ਉਨ੍ਹਾਂ ਕਿਹਾ 'ਹੱਥ ਕਾਰ ਵੱਲ, ਚਿੱਤ ਯਾਰ ਵੱਲ'। ਇਸ ਛੋਟੇ ਜਿਹੇ ਸ਼ਬਦ ਵਿੱਚ ਉਨ੍ਹਾਂ ਨੇ ਸਾਨੂੰ ਜੀਵਨ ਜੀਣ ਦੀ ਰਾਹ ਦੱਸ ਦਿੱਤੀ, ਹੱਥੀਂ ਮਿਹਨਤ ਕਰਦੇ ਹੋਏ ਚਿੱਤ ਨੂੰ ਰੱਬ ਨਾਲ, ਈਮਾਨਦਾਰੀ ਨਾਲ, ਸੱਚਾਈ ਨਾਲ, ਮਾਨਵਤਾ ਨਾਲ ਜੋੜੀ ਰੱਖਣ ਦੀ ਕਲਾ ਹੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜੀਵਨ ਦਰਸ਼ਨ ਹੈ। ਅਨਪੜ੍ਹਤਾ ਨੂੰ ਉਹ ਛੂਆਛਾਤ ਦੀ ਜੜ੍ਹ ਮੰਨਦੇ ਸਨ ਤੇ ਚੰਗੀ ਸਿੱਖਿਆ ਪ੍ਰਾਪਤ ਕਰਨਾ ਇਨਸਾਨੀ ਤਰੱਕੀ ਲਈ ਜ਼ਰੂਰੀ ਸਮਝਦੇ ਸਨ, ਜਿਸ ਕਾਰਣ ਉਨ੍ਹਾਂ ਨੇ ਫਰਮਾਇਆ ਸੀ-
ਮਾਧੋ ਅਬਿਦਿਆ ਹਿਤ ਕੀਨ
ਬਿਬੇਕ ਦੀਪ ਮਲੀਨ
ਮਨੁੱਖ ਨੂੰ ਵਹਿਮਾਂ-ਭਰਮਾਂ 'ਚੋਂ ਕੱਢਣ ਲਈ ਗੁਰੂ ਰਵਿਦਾਸ ਮਹਾਰਾਜ ਨੇ ਅਨੇਕਾਂ-ਅਨੇਕ ਯਤਨ ਕੀਤੇ ਤਾਂ ਜੋ ਡਰੇ-ਸਹਿਮੇ ਲੋਕ ਅਗਿਆਨਤਾ ਦੇ ਹਨ੍ਹੇਰੇ 'ਚੋਂ ਨਿਕਲ ਕੇ ਗਿਆਨ ਦੀਆਂ ਅੱਖਾਂ ਨਾਲ ਸੱਚ ਦੀ ਰੌਸ਼ਨੀ ਵਿੱਚ ਜੀਵਨ ਦਾ ਦਰਸ਼ਨ ਕਰ ਸਕਣ। ਉਨ੍ਹਾਂ ਨੇ ਰਾਜਨੀਤੀ ਵਿੱਚ ਹਿੱਸਾ ਲੈ ਕੇ ਰਾਜਸੱਤਾ ਦੀ ਪ੍ਰਾਪਤੀ ਕਰਕੇ ਪੂਰੇ ਦੇਸ਼ ਨੂੰ ਬੇਗਮਪੁਰਾ ਬਣਾਉਣ ਦੀ ਗੱਲ ਕੀਤੀ। ਬੇਗਮਪੁਰਾ ਦਾ ਮਤਲਬ ਜਿਸ ਵਿੱਚ ਕਿਸੇ ਮਨੁੱਖ ਦੀ ਕਿਸੇ ਮਨੁੱਖ ਵੱਲੋਂ ਲੁੱਟ ਨਾ ਹੋਵੇ, ਕਿਸੇ ਮਨੁੱਖ ਨੂੰ ਕਿਸੇ ਮਨੁੱਖ ਦਾ ਖੌਫ ਨਾ ਹੋਵੇ, ਸਾਰਿਆਂ ਨੂੰ ਪੂਰਣ ਰੂਪ ਵਿੱਚ ਆਪਣਾ ਕੰਮ, ਆਪਣਾ ਧਰਮ, ਰੀਤੀ-ਰਿਵਾਜ਼ ਕਰਨ ਦੀ ਪੂਰੀ ਖੁੱਲ੍ਹ ਹੋਵੇ। ਸਿਰਫ ਆਪਣੇ ਧਰਮ, ਰੀਤੀ-ਰਿਵਾਜ਼ ਮਨਾਉਣ ਨਾਲ ਕਿਸੇ ਦੂਸਰੇ ਨੂੰ ਤਕਲੀਫ ਨਾ ਹੋਵੇ। ਆਉ ਅਸੀਂ ਵਿਚਾਰ ਕਰਦੇ ਹਾਂ। ਅਸੀਂ ਦਾਅਵਾ ਤਾਂ ਕਰਦੇ ਹਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਆਪਣਾ ਰਹਿਬਰ ਮੰਨਣ ਦਾ, ਅਸੀਂ ਉਨ੍ਹਾਂ ਨੂੰ ਆਪਣਾ ਮਾਰਗ ਦਰਸ਼ਕ ਕਹਿੰਦੇ ਹਾਂ ਪਰ ਕੀ ਅਸੀਂ ਉਹ ਕਰਦੇ ਹਾਂ ਜੋ ਉਨ੍ਹਾਂ ਨੇ ਫਰਮਾਇਆ ਹੈ। ਆਉ ਵਿਚਾਰ ਕਰੀਏ ਬਹੁਤ ਸਾਰੇ ਵਿਦਵਾਨਾਂ ਦੇ ਸਰਵੇਖਣ ਮੁਤਾਬਕ ਇਹ ਚੀਜ਼ ਸਾਹਮਣੇ ਆਈ ਹੈ ਕਿ ਅਸੀਂ ਜਿਸ ਢੰਗ ਨਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਪੁਰਬ ਮਨਾ ਰਹੇ ਹਾਂ ਉਹ ਬ੍ਰਾਹਮਣਵਾਦ ਨੂੰ ਪੂਰੀ ਤਰ੍ਹਾਂ ਫਿੱਟ ਬੈਠਦਾ ਹੈ ਤੇ ਮੂਲ ਨਿਵਾਸੀਆਂ ਦੀ ਹੋਂਦ ਖਤਮ ਕਰ ਰਿਹਾ ਹੈ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਪੁਰਬ ਮਨਾਉਣ 'ਤੇ ਪੂਰੇ ਵਿਸ਼ਵ ਵਿੱਚ ਲੱਗਭਗ 250 ਕਰੋੜ ਰੁਪਏ ਖਰਚ ਆਉਂਦਾ ਹੈ ਤੇ ਅਸੀਂ ਜਾਣਦੇ ਹਾਂ ਇਸ ਤੋਂ ਸੇਧ ਕੀ ਮਿਲ ਰਹੀ ਹੈ ਹਾਂ ਇੰਨਾ ਜ਼ਰੂਰ ਹੈ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ ਜਨਮ ਦਿਨ ਮਨਾਉਣ ਵਿੱਚ ਕਿਸੇ ਬ੍ਰਾਹਮਣਵਾਦੀ ਨੂੰ ਕੋਈ ਤਕਲੀਫ ਨਹੀਂ ਹੈ, ਇਸ ਮਾਮਲੇ ਵਿੱਚ ਉਹ ਸਾਡੇ ਨਾਲ ਵੀ ਖੜ ਜਾਂਦੇ ਹਨ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਜਿਸ ਢੰਗ ਨਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਉਤਸਵ ਇਹ ਮਨਾ ਰਹੇ ਹਨ, ਇਨ੍ਹਾਂ ਗੱਲਾਂ ਨਾਲ ਇਨ੍ਹਾਂ ਦਾ ਕੋਈ ਭਲਾ ਹੋਣ ਵਾਲਾ ਨਹੀਂ  ਅਤੇ ਅਸਲ ਵਿੱਚ ਇਸ ਨਾਲ ਬ੍ਰਾਹਮਣਵਾਦ ਹੀ ਤਕੜਾ ਹੋਵੇਗਾ। ਜੇਕਰ ਅਸੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਪੁਰਬ ਇਸ ਤਰ੍ਹਾਂ ਹੀ ਮਨਾਉਂਦੇ ਰਹੇ ਤਾਂ  'ਬੇਗਮਪੁਰਾ' ਵਸਾਉਣਾ ਤਾਂ ਦੂਰ ਇਸ ਦਾ ਖੁਆਬ ਲੈਣਾ ਵੀ ਮੁਸ਼ਕਿਲ ਹੋ ਜਾਵੇਗਾ। ਆਉ ਰਲਮਿਲ ਕੇ ਸਾਰੇ ਵਿਚਾਰ ਕਰੀਏ ਕਿਵੇਂ ਅਸੀਂ ਮਾੜੇ ਰੀਤੀ-ਰਿਵਾਜ਼ਾਂ ਨੂੰ ਛੱਡ ਕੇ ਆਪਣੇ ਮਾੜੇ ਹਾਲਾਤਾਂ ਨੂੰ ਚੰਗੇ ਹਾਲਾਤਾਂ ਵਿੱਚ ਬਦਲ ਸਕਦੇ ਹਾਂ, ਕਿਉਂਕਿ ਜੇਕਰ ਅਸੀਂ ਈਮਾਨਦਾਰੀ ਨਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਮੰਨੀਏ ਤਾਂ ਅਸੀਂ ਜ਼ਰੂਰ ਬੇਗਮਪੁਰੇ ਦੇ ਵਾਸੀ ਹੋ ਸਕਦੇ ਹਾਂ, ਨਹੀਂ ਤਾਂ ਅਸੀਂ ਬੇਗਮਪੁਰੇ ਤੋਂ ਕੋਸਾਂ ਦੂਰ ਤਾਂ ਹੈ ਹੀ ਤੇ ਰਹਾਂਗੇ ਵੀ। ਬਾਕੀ ਫ਼ੈਸਲਾ ਤੁਹਾਡੇ ਸਾਰਿਆਂ ਦੇ ਹੱਥ ਵਿੱਚ ਹੈ। ਮੈਨੂੰ ਆਸ ਹੈ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਉਤਸਵ ਮਨਾਉਣ ਵਾਲੇ ਇਸ ਢੰਗ ਨਾਲ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਉਤਸਵ ਮਨਾਉਣਗੇ, ਜਿਸ ਨਾਲ ਸਮਾਜ ਅਤੇ ਦੇਸ਼ ਦਾ ਭਲਾ ਹੋਵੇਗਾ ਅਤੇ ਕਿਸੇ ਦਾ ਵੀ ਕਿਸੇ ਪ੍ਰਕਾਰ ਦਾ ਨੁਕਸਾਨ ਨਹੀਂ ਹੋਵੇਗਾ।
                                                                                                               
                                                                                                                    - ਅਜੇ ਕੁਮਾਰ