Friday 4 December 2020

ਇਤਿਹਾਸ ਜ਼ਿੰਦਾ ਹੋਣ ਦਾ ਸਬੂਤ ਮੰਗੇਗਾ


ਮਨੁੱਖ ਕੁਦਰਤ ਦੀ ਸਭ ਤੋਂ ਖੂਬਸੂਰਤ ਦੇਣ ਹੈ। ਕਿਉਂਕਿ ਧਰਤੀ 'ਤੇ ਕੇਵਲ ਮਨੁੱਖ ਹੀ ਇਕ ਅਜਿਹਾ ਪ੍ਰਾਣੀ ਹੈ ਜਿਹੜਾ ਚਿੰਤਨ ਕਰ ਸਕਦਾ ਹੈ ਕਿ ਮਨੁੱਖਤਾ ਅਤੇ ਵਾਤਵਰਣ ਲਈ ਵਧੀਆ ਤਰੀਕੇ ਨਾਲ ਕਿਵੇਂ ਚੰੰਗਾ ਕੀਤਾ ਜਾ ਸਕਦਾ ਹੈ। ਇਹ ਗੱਲ ਅਲੱਗ ਹੈ ਕਿ ਇਸ ਸਮੇਂ ਮਨੁੱਖ ਹੀ ਮਾਨਵਤਾ ਅਤੇ ਕੁਦਰਤ ਦਾ ਸਭ ਤੋਂ ਵੱਡਾ ਦੁਸ਼ਮਣ ਬਣ ਬੈਠਾ ਹੈ। ਮਾਨਵਤਾ ਦੇ ਘਾਣ ਦੀਆਂ ਦੁਨੀਆਂ ਵਿੱਚ ਬਹੁਤ ਮਿਸਾਲਾਂ ਹਨ ਪਰ ਮਾਨਵਤਾ ਦੇ ਘਾਣ ਦੀ ਸਭ ਤੋਂ ਵੱਡੀ ਕਰੂਰਤਾ ਊਚ-ਨੀਚ, ਭੇਦ-ਭਾਵ ਦੀ ਮਿਸਾਲ ਭਾਰਤ ਤੋਂ ਵੱਧ ਕਿਤੇ ਹੋਰ ਨਹੀਂ ਹੈ। ਇਸ ਕਰੂਰਤਾ ਨੂੰ ਚਰਮ ਸੀਮਾ 'ਤੇ ਪਹੁੰਚਾਉਣ ਲਈ ਇਸ ਸਮੇਂ ਦੀ ਸਰਕਾਰ ਅਤੇ ਵਿਰੋਧੀ ਧਿਰ ਕੋਈ ਕਸਰ ਨਹੀਂ ਛੱਡ ਰਹੀ ਹੈ। ਮਾਨਵਤਾ ਦਾ ਇੰਨੀ ਬੁਰੀ ਤਰ੍ਹਾਂ ਨਾਲ ਦਮ ਘੁਟ ਰਿਹਾ ਹੈ ਕਿ ਸ਼ਾਂਤੀ, ਭਾਈਚਾਰਾ, ਪ੍ਰੇਮ ਨਾਂ ਦੀ ਚਿੜੀ ਭਾਰਤ 'ਚੋਂ ਖੰਭ ਲਾ ਕੇ ਉੱਡ ਗਈ ਹੈ ਤੇ ਭਾਰਤ ਇਸ ਸਮੇਂ ਗ੍ਰਹਿ ਯੁੱਧ ਦੇ ਬਿਲਕੁਲ ਕੰਢੇ 'ਤੇ ਖੜ੍ਹਾ ਹੈ ਅਤੇ ਇਹ ਬੜੇ ਦੁੱਖ ਦੀ ਗੱਲ ਹੈ ਕਿ ਜਿੱਥੇ ਇਸ ਕਰੂਰਤਾ ਦੀ ਮਿਸਾਲ  ਪੂਰੇ ਵਿਸ਼ਵ ਵਿੱਚ ਭਾਰਤ ਵਿੱਚ ਸਭ ਤੋਂ ਵੱਧ ਹੈ, ਉਥੇ ਹੀ ਭਾਰਤ ਵਿੱਚੋਂ ਬਾਬੇ ਨਾਨਕ ਦੀ ਚਰਨ ਛੋਹ ਅਤੇ ਕਰਮ ਭੂਮੀ ਧਰਤੀ ਪੰਜਾਬ ਇਸ ਦੌੜ ਵਿੱਚ ਸਭ ਤੋਂ ਅੱਗੇ ਹੈ। ਸਭ ਤੋਂ ਪਹਿਲਾਂ ਇਸ ਗੱਲ ਦੀ ਹਾਮੀ ਭਰਦਾ ਹੈ ਪੰਜਾਬ ਦੇ ਹਰ ਪਿੰਡ ਵਿੱਚ ਇਕ ਦੀ ਬਜਾਇ ਜਾਤਾਂ ਦੇ ਨਾਂ 'ਤੇ ਅਲੱਗ ਸ਼ਮਸ਼ਾਨ ਘਾਟ ਹੋਣਾ। ਜਦਕਿ ਬਾਬਾ ਨਾਨਕ ਆਪਣੇ ਸੰਦੇਸ਼ ਵਿੱਚ ਪਵਨ ਗੁਰੂ, ਪਾਣੀ ਪਿਤਾ ਤੇ ਧਰਤਿ ਮਾਤਾ ਦਾ ਹੋਕਾ ਦੇ ਰਹੇ ਹਨ। ਤੇ ਅਸੀਂ ਆਪਣੀ ਮਾਤਾ ਨੂੰ ਜ਼ਹਿਰੀਲਾ, ਪਾਣੀ ਪਿਤਾ ਨੂੰ ਗੰਦਾ ਅਤੇ ਗੁਰੂ ਹਵਾ ਨੂੰ ਪ੍ਰਦੂਸ਼ਤ ਕਰ ਚੁੱਕੇ ਹਾਂ। ਵਿਦਿਆਰਥੀ, ਮਜ਼ਦੂਰ, ਆਂਗਨਵਾੜੀ ਵਰਕਰ, ਟੀਚਰ, ਕਿਸਾਨ, ਵਪਾਰੀ, ਸਭ ਆਤਮ-ਹੱਤਿਆ ਨੂੰ ਹੀ ਆਪਣੀ ਆਖਰੀ ਮੰਜ਼ਿਲ ਮੰਨ ਕੇ ਚੱਲ ਰਹੇ ਹਨ। ਜਿਹੜੇ ਅੰਗਰੇਜ਼ਾਂ ਤੋਂ ਸਭ ਤੋਂ ਵੱਧ ਪੰਜਾਬੀਆਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਭਾਰਤ ਅਜ਼ਾਦ ਕਰਵਾਇਆ ਸੀ ਅੱਜ ਪੰਜਾਬ ਦਾ ਭਵਿੱਖ ਨੌਜਵਾਨ ਆਪਣੇ ਬਜ਼ੁਰਗਾਂ ਦੀਆਂ ਜ਼ਮੀਨਾਂ- ਜਾਇਦਾਦਾਂ ਵੇਚ ਕੇ ਉਨ੍ਹਾਂ ਅੰਗਰੇਜ਼ਾਂ ਕੋਲ ਹੀ ਮਜ਼ਦੂਰੀ ਕਰਨ ਲਈ ਲੇਲੜੀਆਂ ਕੱਢਦਾ ਨਜ਼ਰ ਆ ਰਿਹਾ ਹੈ। ਤੇ ਉਨ੍ਹਾਂ ਦੀ ਮਜ਼ਦੂਰੀ ਵਿੱਚ ਹੀ ਆਪਣਾ ਭਵਿੱਖ ਸੁਰੱਖਿਅਤ ਮੰਨ ਕੇ ਚੱਲ ਰਿਹਾ ਹੈ। ਦੂਸਰੇ ਪਾਸੇ ਕੇਂਦਰ ਦੀ ਸਰਕਾਰ ਨੇ ਜਿਵੇਂ ਇਹ ਪ੍ਰਣ ਕਰ ਲਿਆ ਹੋਵੇ ਕਿ ਪੰਜਾਬ ਨੂੰ ਬਰਬਾਦ ਕਰਨ ਵਿੱਚ ਜਿਹੜੀ ਕੋਈ ਮਾੜੀ-ਮੋਟੀ ਕਸਰ ਕਾਂਗਰਸ ਤੋਂ ਰਹਿ ਗਈ ਹੈ, ਹਰ ਹੀਲੇ-ਵਸੀਲੇ ਉਸ ਨੂੰ ਪੂਰਾ ਕਰਕੇ ਉਸ ਨੂੰ ਤਬਾਹ ਕਰਨਗੇ ਹੀ ਕਰਨਗੇ। ਇਸ ਦਾ ਵੀ ਉਦਾਹਰਣ ਬਿਲਕੁਲ ਸਾਡੇ ਸਾਹਮਣੇ ਹੈ ਕਿ ਲੱਖਾਂ ਕਿਸਾਨ ਅਤੇ ਮਜ਼ਦੂਰ ਮਹੀਨੇ ਬੱਧੀ ਰਾਸ਼ਨ ਲੈ ਕੇ ਆਪਣੇ ਬੱਚਿਆਂ ਅਤੇ ਪਰਿਵਾਰ ਸਮੇਤ ਦਿੱਲੀ ਦੇ ਬਾਰਡਰ 'ਤੇ ਡਟੇ ਹਨ, ਦੂਜੇ ਪਾਸੇ ਹੰਕਾਰੀ ਤੇ ਜ਼ਾਲਮ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਬਜਾਇ ਆਪਣੇ ਘਟੀਆ ਪੈਂਤਰੇ ਵਰਤਦੇ ਹੋਏ ਕਿਸਾਨਾਂ ਦੇ ਅੰਦੋਲਨ ਨੂੰ ਵੀ ਖਾਲਿਸਤਾਨੀ ਅੰਦੋਲਨ ਕਰਾਰ ਦੇਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੀ ਹੈ ਤੇ ਇਸ ਕੰਮ ਲਈ ਉਸ ਨੇ ਆਪਣਾ ਵਿਕਾਊ ਮੀਡੀਆ 24 ਘੰਟੇ ਭੌਂਕਣ ਲਈ ਛੱਡਿਆ ਹੋਇਆ ਹੈ। ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਬਾਬੇ ਨਾਨਕ, ਗੁਰੂ ਰਵਿਦਾਸ, ਸਤਿਗੁਰੂ  ਕਬੀਰ, ਭਗਵਾਨ ਵਾਲਮੀਕਿ ਦੇ ਨਾਂ ਦੀਆਂ ਆਪਣੇ ਗਲਾਂ ਵਿੱਚ ਮਾਲਾ ਪਾਈ ਬੈਠੇ ਜ਼ਿਆਦਾਤਰ ਮੁਖੀ ਅਤੇ ਉਨ੍ਹਾਂ ਦੇ ਚੇਲੇ-ਚਪਾਟਿਆਂ ਦੀ ਭਾਰੀ ਗਿਣਤੀ ਨੂੰ ਨਾਰੇ-ਜੈਕਾਰੇ ਲਾਉਂਦੇ ਤਾਂ ਦੇਖਿਆ ਜਾ ਸਕਦਾ ਹੈ ਪਰ ਇਹ ਸਮਝ ਨਹੀਂ ਆ ਰਹੀ ਕਿ ਉਹ ਸਮੇਂ ਦੀ ਦੁਸ਼ਮਣ ਸਰਕਾਰ ਨਾਲ ਲੜਨ ਦੀ ਬਜਾਇ ਆਪਸ ਵਿੱਚ ਚੁੰਝਾਂ ਫਸਾ ਕੇ ਇਕ ਦੂਜੇ ਦਾ ਘਾਣ ਕਰਨ ਵਿੱਚ ਹੱਦ ਤੋਂ ਜ਼ਿਆਦਾ ਮਸਤ ਹੋ ਕੇ ਕੀ ਸਾਬਤ ਕਰਨਾ ਚਾਹੁੰਦੇ ਹਨ ਕਿ ਉਹ ਕਿਹੜੀ ਪੱਗ ਨੂੰ ਪਏ ਹੋਏ ਹਨ। ਉਹ ਇਹ ਵੀ ਗੱਲ ਭੁੱਲ ਗਏ ਹਨ ਕਿ ਅਵਾਰਾ ਪੂੰਜੀਵਾਦ ਤੇ ਅੱਯਾਸ਼ ਪੁਰੋਹਿਤਵਾਦ ਮਾਨਵਤਾ ਦੀ ਛਾਤੀ 'ਤੇ ਨੱਚ ਰਿਹਾ ਹੈ ਤੇ ਉਸ ਦਾ ਮਸਤੀ ਭਰਿਆ ਨਾਚ ਇਹ ਦੱਸ ਰਿਹਾ ਹੈ ਕਿ ਬਚੇਗਾ ਕੋਈ ਵੀ ਨਹੀਂ। ਭਾਵੇਂ ਇਸ ਕੋਝੀ ਚਾਲ ਵਿੱਚ ਬਚੇਗਾ ਕੋਈ ਵੀ ਨਹੀਂ ਨਾ ਕੋਈ ਅਮੀਰ ਤੇ ਨਾ ਕੋਈ ਗਰੀਬ। ਪਰ ਫਿਰ ਵੀ ਜਦੋਂ ਇਤਿਹਾਸ ਲਿਖਿਆ ਜਾਵੇਗਾ ਤਾਂ ਇਤਿਹਾਸ ਪੜ੍ਹਨ ਵਾਲੇ ਇਹ ਜ਼ਰੂਰ ਪੜ੍ਹਨ ਦੀ ਇੱਛਾ ਰੱਖਣਗੇ ਕਿ ਅਜਿਹੇ ਕਾਤਲਾਨਾ ਮਹੌਲ ਵਿੱਚ ਜ਼ਾਲਮ ਸਰਕਾਰਾਂ ਦੇ ਨਾਲ ਮੱਥਾ ਲਾਉਣ ਵਾਲੇ ਜੀਵਤ ਲੋਕ ਕੌਣ ਸਨ। ਕਿਉਂਕਿ ਇਤਿਹਾਸ ਜ਼ਿੰਦਾ ਹੋਣ ਦੇ ਸਬੂਤ ਮੰਗਦਾ ਹੈ, ਇਤਿਹਾਸ ਨੂੰ ਮੁਰਦਿਆਂ ਦੀ ਗਿਣਤੀ ਕਰਨ ਦੇ ਵਿੱਚ ਕੋਈ ਵਿਸ਼ੇਸ਼ ਰੁਚੀ ਨਹੀਂ ਹੁੰਦੀ ਹੈ। ਸੋ ਆਓ, ਸਮੇਂ ਦੀ ਸਰਕਾਰ ਨੂੰ ਅਤੇ ਲਿਖੇ ਜਾਣ ਵਾਲੇ ਇਤਿਹਾਸ ਨੂੰ ਇਹ ਸਬੂਤ ਦਈਏ ਕਿ ਅਸੀਂ ਜ਼ਿੰਦਾ ਹਾਂ ਤੇ ਇਕਜੁੱਟ ਹੋ ਕੇ ਸਰਕਾਰਾਂ ਖਿਲਾਫ ਹੋ ਰਹੇ ਸਾਰੇ ਅੰਦੋਲਨਾਂ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ ਚਾਹੇ ਉਹ ਰਾਜ ਸਰਕਾਰ ਦੇ ਖਿਲਾਫ ਹੋਵੇ ਜਾਂ ਕੇਂਦਰ ਖਿਲਾਫ ਹੋਵੇ। ਉਮੀਦ ਹੈ ਸਾਡੇ ਪਾਠਕ ਸਾਨੂੰ ਸੁਝਾਅ ਵੀ ਦੇਣਗੇ ਤੇ ਸਹਿਯੋਗ ਵੀ ਦੇਣਗੇ।                                                                                                 -ਅਜੇ ਕੁਮਾਰ

Thursday 19 November 2020

ਲੋਕਤੰਤਰ ਦਾ ਭੋਗ ਪੈ ਚੁੱਕਾ ਹੈ


ਅੱਜ ਵੀ ਬਹੁਤ ਸਾਰੇ ਵਿਦਵਾਨ, ਸਮਾਜਿਕ, ਰਾਜਨੀਤਕ ਤੇ ਧਾਰਮਿਕ ਲੀਡਰ ਆਪਣੇ ਭਾਸ਼ਣਾਂ ਵਿੱਚ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਭਾਰਤ ਵਿੱਚ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਪਰ ਅੱਜ ਦੇ ਇਸ ਸਮੇਂ ਵਿੱਚ ਭਾਰਤ 'ਚ ਲੋਕਤੰਤਰ ਨਾਂ ਦੀ ਚਿੜੀ ਦਮ ਤੋੜ ਚੁੱਕੀ ਹੈ। ਉਸ ਦੇ ਖੰਭ ਖਿੱਲਰ ਗਏ ਹਨ। ਲੋਕਤੰਤਰ ਦੀਆਂ ਧੱਜੀਆਂ ਉਡਾਉਣ ਵਾਲੇ ਕੋਈ ਬਾਹਰਲੇ ਮੁਲਖੋਂ ਨਹੀਂ ਆਏ ਹਨ।  ਲੋਕਤੰਤਰ ਦੇ ਚਾਰੇ ਥੰਮ੍ਹ ਵਿਧਾਨ ਪਾਲਿਕਾ, ਕਾਰਜ ਪਾਲਿਕਾ, ਨਿਆਂ ਪਾਲਿਕਾ ਅਤੇ ਮੀਡੀਆ ਚਾਰੇ ਖਾਨੇ ਚਿੱਤ ਹੋ ਚੁੱਕੇ ਹਨ। ਵਿਧਾਨ ਪਾਲਿਕਾ ਵਿੱਚ ਬੈਠੇ 42 ਪ੍ਰਤੀਸ਼ਤ ਨੁਮਾਇੰਦੇ ਅਪਰਾਧੀ, ਦਾਗੀ ਅਤੇ ਚਰਿੱਤਰਹੀਣ ਕਿਸਮ ਦੇ ਭੱਦਰਪੁਰਸ਼ ਹਨ। ਜਿਨ੍ਹਾਂ ਦਾ ਇਕ ਸੂਤਰੀ ਪ੍ਰੋਗਰਾਮ ਹੈ, ਆਪਣੇ ਲਈ ਅਤੇ ਆਪਣੀਆਂ ਆਉਣ ਵਾਲੀਆਂ ਸੱਤ ਪੀੜ੍ਹੀਆਂ ਲਈ ਪੈਸਾ ਸਮੇਟਣਾ। ਮੁਲਖ ਭਾਵੇਂ ਭਾੜ 'ਚ ਜਾਏ। ਕਾਰਜ ਪਾਲਿਕਾ 'ਚ ਬੈਠੇ ਜ਼ਿਆਦਾਤਰ ਅਫ਼ਸਰ ਸਹਿਬਾਨ ਕੁਰਸੀਆਂ ਨੂੰ ਆਪਣੇ ਬਜ਼ੁਰਗਾਂ ਦੀ ਖਾਨਦਾਨੀ ਜਗੀਰ ਸਮਝਦੇ ਹੋਏ ਆਪਣੇ ਬਣਦੇ ਫਰਜ਼ ਤੋਂ ਮੁਨਕਰ ਹੋਈ ਬੈਠੇ ਹਨ। ਸੰਵਿਧਾਨ ਨਿਰਮਾਤਾ ਨੇ ਜਿਸ ਨੂੰ ਇਨਸਾਫ਼ ਦਾ ਮੰਦਰ ਕਹਿ ਕੇ ਪੁਕਾਰਿਆ ਸੀ, ਉਸ ਨਿਆਂ ਪਾਲਿਕਾ ਦੀ ਵੀ ਕਹਾਣੀ ਕਿਸੇ ਤੋਂ ਜ਼ਿਆਦਾ ਲੁਕੀ-ਛੁਪੀ ਨਹੀਂ ਹੈ। ਰੋਜ਼ ਅਸੀਂ ਦੇਖ ਰਹੇ ਹਾਂ ਕਿ ਨਿਆਂ ਪਾਲਿਕਾ ਵਿੱਚ ਬੈਠੇ ਜੱਜ ਆਪਣੀ ਮਨ-ਮਰਜ਼ੀ ਦੇ ਮੁਤਾਬਕ ਬਿਨਾਂ ਕਿਸੇ ਅਪੀਲ ਤੋਂ ਹੀ ਕੇਸ ਨੂੰ ਖ਼ੁਦ ਹੀ ਨੋਟਿਸ ਕਰਕੇ ਆਪਣਾ ਫੈਸਲਾ ਸੁਣਾ ਦਿੰਦੇ ਹਨ, ਜਦਕਿ ਦੂਜੇ ਪਾਸੇ ਉਨ੍ਹਾਂ ਕੋਲ 20-20 ਸਾਲਾਂ ਤੋਂ ਕੇਸ ਪਏ ਹਨ, ਜਿਨ੍ਹਾਂ ਨੂੰ ਉਹ ਦੱਬੀ ਬੈਠੇ ਹਨ। ਕੋਈ ਕਿਸੇ ਦੀ ਸੁਣਨ ਵਾਲਾ ਨਹੀਂ ਹੈ, ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲੇ 'ਸੰਵਿਧਾਨ ਗਲਤ ਹੈ' ਇਸ ਗੱਲ ਦਾ ਰੌਲਾ ਪਾ ਰਹੇ ਹਨ। ਸਭ ਤੋਂ ਵੱਡੀ ਦੁਖਦਾਈ ਗੱਲ ਇਹ ਹੈ ਕਿ ਲੋਕਤੰਤਰ ਦਾ ਚੌਥਾ ਥੰਮ੍ਹ ਮੀਡੀਆ ਜਿਹਨੇ ਆਮ ਨਾਗਰਿਕਾਂ ਦੇ ਹੱਕਾਂ ਨੂੰ ਲੈ ਕੇ ਅਤੇ ਨਾ-ਇਨਸਾਫ਼ੀ ਕਰਨ ਵਾਲੇ ਜ਼ੋਰਾਵਰ ਲੋਕਾਂ ਖਿਲਾਫ਼ ਅਵਾਜ਼ ਬੁਲੰਦ ਕਰਨੀ ਸੀ, ਉਹ 99.99 ਪ੍ਰਤੀਸ਼ਤ ਮੀਡੀਆ ਅੱਜ ਕੰਜਰੀਆਂ ਵਾਂਗੂੰ ਅੱਯਾਸ਼ ਲੀਡਰਾਂ ਅਤੇ ਅਫ਼ਸਰਾਂ  ਦੇ ਤਲਵੇ ਚੱਟਣ 'ਚ ਹੀ ਇੰਨਾ ਮਸਤ ਤੇ ਵਿਅਸਤ ਹੈ ਕਿ ਉਹ ਇਹ ਵੀ ਗੱਲ ਭੁੱਲ ਗਿਆ ਹੈ ਕਿ ਕੱਲ੍ਹ ਜਦੋਂ ਇਤਿਹਾਸ ਵਿੱਚ ਦੇਸ਼ ਦੀ ਬਰਬਾਦੀ ਦੇ ਕਾਲੇ ਪੰਨੇ ਲਿਖੇ ਜਾਣਗੇ ਉਸ ਵਿੱਚ ਸਭ ਤੋਂ ਵੱਧ ਸਵਾਲਾਂ ਦੇ ਕਟਹਿਰੇ ਵਿੱਚ ਮੌਜੂਦਾ ਮੀਡੀਆ ਦੇ ਮੁਖੀ ਖੜੇ ਹੋਣਗੇ। ਜਿਨ੍ਹਾਂ ਨੂੰ ਆਉਣ ਵਾਲੀਆਂ ਕਈ ਪੀੜ੍ਹੀਆਂ ਬਖਸ਼ਣਗੀਆਂ ਨਹੀਂ। ਇਹੋ ਕਾਰਣ ਹੈ ਕਿ ਅੱਜ ਭਾਰਤ ਵਿੱਚ ਅੱਯਾਸ਼, ਪੁਰੋਹਿਤਵਾਦ ਤੇ ਅਵਾਰਾ ਪੂੰਜੀਪਤੀ ਦੋਨਾਂ ਦੀ ਸਾਂਝ ਇੰਨੀ ਗਹਿਰੀ ਤੇ ਮਜ਼ਬੂਤ ਹੋ ਗਈ ਹੈ ਕਿ ਹਰ ਪਾਸੇ ਤ੍ਰਾਹੀ ਮਚੀ ਹੋਈ ਹੈ। ਭਾਰਤ ਦੀ ਧਰਤੀ ਦਿਨ-ਬ-ਦਿਨ ਨਰਕਮਈ ਹੁੰਦੀ ਜਾ ਰਹੀ ਹੈ,  ਜੇ ਇੰਝ ਹੀ ਚਲਦਾ ਰਿਹਾ ਤਾਂ ਆਮ ਬੰਦੇ ਦਾ ਹਰ ਪਲ ਘੁਟ-ਘੁਟ ਕੇ ਮਰਨਾ ਨਿਸ਼ਚਿਤ ਹੈ। ਮਨੁੱਖੀ ਕਦਰਾਂ-ਕੀਮਤਾਂ ਦੀ ਗੱਲ ਇਕ ਖੁਆਬ ਬਣ ਕੇ ਰਹਿ ਗਈ ਹੈ, ਸਾਰੀਆਂ ਕਦਰਾਂ-ਕੀਮਤਾਂ ਬਰਬਾਦ ਹੋਣ ਦੇ ਕੰਢੇ ਹਨ, ਕਹਿਣ ਨੂੰ ਭਾਵੇਂ ਅਸੀਂ ਅਜ਼ਾਦ ਭਾਰਤ ਵਿੱਚ ਅਜ਼ਾਦ ਰਹਿ ਰਹੇ ਹਾਂ, ਸਾਡੇ ਮੁਲਖ 'ਚ ਲੋਕਤੰਤਰ ਹੈ, ਲੋਕਾਂ ਦੀ ਚੁਣੀ ਸਰਕਾਰ ਹੈ, ਪਰ ਅਸਲ ਵਿੱਚ ਜੇਕਰ ਝਾਤ ਮਾਰੀਏ ਤਾਂ ਜਿਸ ਮੁਲਖ ਵਿੱਚ ਮਜ਼ਦੂਰ ਸੜਕ 'ਤੇ ਹੋਵੇ, ਕਿਸਾਨ ਸੜਕ 'ਤੇ ਹੋਵੇ, ਵਿਦਿਆਰਥੀ ਸੜਕ 'ਤੇ ਹੋਵੇ, ਵਪਾਰੀ ਸੜਕ 'ਤੇ ਹੋਵੇ, ਘੱਟ ਗਿਣਤੀਆਂ ਸੜਕ 'ਤੇ ਹੋਣ, ਗਰੀਬ ਸੜਕ 'ਤੇ ਹੋਵੇ, ਤਕਰੀਬਨ ਹਰ ਵਰਗ ਸੁੱਖ ਭੋਗ ਰਹੇ ਨੇਤਾਵਾਂ ਤੇ ਅਫਸਰਾਂ ਤੋਂ ਦੁਖੀ ਹੋਵੇ ਤੇ ਫਿਰ ਵੀ ਦੇਸ਼ ਦੇ ਆਗੂ ਇਹ ਕਹਿਣ ਕਿ ਭਾਰਤ ਵਿਸ਼ਵ ਗੁਰੂ ਬਣਨ ਜਾ ਰਿਹਾ ਹੈ, ਅੱਛੇ ਦਿਨ ਆ ਚੁੱਕੇ ਹਨ ਤਾਂ ਫਿਰ ਸਾਨੂੰ ਕਿਸੇ ਨੂੰ ਵੀ ਇਸ ਗੱਲ ਦਾ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਭਾਰਤ ਵਿੱਚ ਤਾਨਾਸ਼ਾਹੀ ਰਾਜ ਚੱਲ ਰਿਹਾ ਹੈ , ਸ਼ਾਇਦ ਅਜਿਹਾ ਤਾਨਾਸ਼ਾਹੀ ਰਾਜ ਹੈ ਜਿਹੜਾ ਹਿਟਲਰ ਦੀ ਤਾਨਾਸ਼ਹੀ ਨੂੰ ਵੀ ਬੌਣਾ ਸਾਬਤ ਕਰ ਦੇਵੇਗਾ। ਮਤਲਬ ਸਾਫ ਹੈ ਭਾਰਤ ਵਿੱਚ ਲੋਕਤੰਤਰ ਦਾ ਭੋਗ ਪੈ ਚੁੱਕਾ ਹੈ, ਜਿਹੜੇ ਲੋਕ ਲੋਕਤੰਤਰ ਦੇ ਪ੍ਰੇਮੀ ਹਨ, ਉਨ੍ਹਾਂ ਨੂੰ ਬਿਨਾਂ ਕਿਸੇ ਦੇਰੀ ਦੇ ਬਿਨਾਂ ਕਿਸੇ ਆਪਸੀ ਮਤਲਬ ਤੋਂ ਉੱਪਰ ਉੱਠ ਕੇ ਹਰ ਜਗ੍ਹਾ 'ਤੇ ਲੜਾਈ ਲੜਨੀ ਚਾਹੀਦੀ ਹੈ। ਭਾਵੇਂ ਇਹ ਲੜਾਈ ਸੜਕ 'ਤੇ ਹੋਵੇ, ਭਾਵੇਂ ਕਿਸੇ ਦੇ  ਦਫ਼ਤਰ 'ਚ ਹੋਵੇ ਤੇ ਭਾਵੇਂ ਲੋਕ ਸਭਾ, ਰਾਜ ਸਭਾ, ਵਿਧਾਨ ਸਭਾ 'ਚ ਹੋਵੇ। ਨਹੀਂ ਤਾਂ ਕੋਈ ਫਾਇਦਾ ਨਹੀਂ ਹੈ ਅਜਿਹੇ ਝੂਠੇ ਲੋਕਤੰਤਰ ਦਾ। ਤੇ ਨਾਲ ਹੀ ਸਾਨੂੰ ਕਦੇ ਵੀ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਸ ਲੋਕਤੰਤਰ ਨੂੰ ਲਿਆਉਣ ਲਈ ਸਾਡੇ ਹਜ਼ਾਰਾਂ ਸ਼ਹੀਦਾਂ ਤੇ ਵਿਦਵਾਨਾਂ ਨੇ ਆਪਣੀਆਂ ਤੇ ਆਪਣੇ ਪਰਿਵਾਰ ਦੀਆਂ ਕੁਰਬਾਨੀਆਂ ਦਿੱਤੀਆਂ ਹਨ। ਦੁੱਖ ਤਾਂ ਬਹੁਤ ਹੈ ਇਸ ਗੱਲ ਦਾ ਕਿ  ਲੋਕਤੰਤਰ ਦਾ ਭੋਗ ਪੈ ਚੁੱਕਾ ਹੈ। ਪਰ ਹਾਲੇ ਵੀ ਬਹੁ-ਗਿਣਤੀ ਲੋਕ ਇਸ ਗੱਲ ਤੋਂ ਬੇਖ਼ਬਰ ਹਨ। ਜਿੱਥੇ ਮੈਨੂੰ ਦੁੱਖ ਹੈ ਉਥੇ ਮੈਨੂੰ ਮਾਣ ਵੀ ਹੈ ਕਿ ਲੋਕਤੰਤਰ ਨੂੰ ਜਿਉਂਦਾ ਕਰਨ ਲਈ ਲੜਾਈ ਮੇਰੇ ਹਿੱਸੇ ਆਈ ਹੈ ਤੇ ਮੈਂ ਇਸ ਲੜਾਈ ਨੂੰ ਤਨਦੇਹੀ ਨਾਲ ਲੜਾਂਗਾ ਕਿਉਂਕਿ ਇਹ ਲੋਕਤੰਤਰ ਸਾਨੂੰ ਖ਼ੈਰਾਤ 'ਚ ਨਹੀਂ ਬਲਕਿ ਯੁੱਗ ਪੁਰਸ਼ ਡਾ. ਭੀਮ ਰਾਓ ਅੰਬੇਡਕਰ ਅਤੇ ਅਣਖੀ ਤਰਕਸ਼ੀਲ ਯੋਧੇ ਸ. ਭਗਤ ਸਿੰਘ ਜਿਹੇ ਅਨਮੋਲ ਹੀਰੇ ਗੁਆ ਕੇ ਮਿਲਿਆ ਹੈ। ਮੈਂ ਹੋਕਾ ਦਿੰਦਾ ਹਾਂ ਲੋਕਤੰਤਰ ਨੂੰ ਬਚਾਉਣ ਲਈ ਆਉ ਮਿਲ ਕੇ ਹੰਭਲਾ ਮਾਰੀਏ। ਮੈਨੂੰ ਇੰਤਜ਼ਾਰ ਰਹੇਗਾ ਪਾਠਕਾਂ ਦੇ ਸੁਝਾਵਾਂ ਤੇ ਸਹਿਯੋਗ ਦਾ।

-ਅਜੇ ਕੁਮਾਰ

Tuesday 18 August 2020

ਤੇਰੇ ਪੈਰੋਂ ਕੇ ਨੀਚੇ ਜ਼ਮੀਨ ਨਹੀਂ ਹੈ ਫਿਰ ਵੀ ਤੁਝੇ ਯਕੀਨ ਨਹੀਂ ਹੈ

'ਤੁਮਹਾਰੀ ਦਾਸਤਾਂ ਵੀ ਨਾ ਬਚੇਗੀ ਦਾਸਤਾਨੋਂ ਮੇਂ'

ਮੈਨੂੰ ਅੱਜ ਦੇ ਪੰਜਾਬ ਦੇ ਹਾਲਾਤ ਦੇਖ ਕੇ ਇਕਬਾਲ ਦਾ ਇਕ ਸ਼ੇਅਰ ਯਾਦ ਆਉਂਦਾ ਏ 'ਨਾ ਸਮਝੋਗੇ ਤੋ ਮਿਟ ਜਾਓਗੇ, ਹਿੰਦੁਸਤਾਨ ਵਾਲੋ ਤੁਮਹਾਰੀ ਦਾਸਤਾਂ ਵੀ ਨਾ ਬਚੇਗੀ ਦਾਸਤਾਨੋਂ ਮੇ'। ਹਿੰਦੁਸਤਾਨ ਦੇ ਹਾਲਾਤਾਂ ਬਾਰੇ ਫਿਰ ਕਦੀ ਗੱਲ ਕਰਾਂਗੇ ਪਰ ਅੱਜ ਦੇ ਪੰਜਾਬ ਦੇ ਹਾਲਾਤਾਂ 'ਤੇ ਇਹ ਸ਼ੇਅਰ ਪੂਰੀ ਤਰ੍ਹਾਂ ਸਹੀ ਢੁਕਦਾ ਹੈ। ਇਕ ਜ਼ਮਾਨਾ ਸੀ ਜਦੋਂ ਪੰਜਾਬ ਦਾ ਜ਼ਿਕਰ ਆਉਂਦੇ ਹੀ ਦਿਮਾਗ ਵਿੱਚ ਖੁਸ਼ਹਾਲੀ ਦੀ ਤਸਵੀਰ ਚਮਕ ਜਾਂਦੀ ਸੀ। ਪੰਜਾਬ ਦਾ ਮਤਲਬ ਸੀ, ਲਹਿਲਾਉਂਦੇ ਖੇਤ, ਹਰ ਘਰ ਧਨ ਦੀ ਆਵਕ, ਦੱਬ ਕੇ ਵਾਹ ਤੇ ਰੱਜ ਕੇ ਖਾਹ ਦੀ ਸੋਚ ਹਰ ਕਿਸਾਨ ਦੇ ਘਰ ਸੀ, ਸਨਅਤ ਵਧਦੀ-ਫੁੱਲਦੀ ਪਈ ਸੀ, ਲੁਧਿਆਣਾ ਸਾਈਕਲ, ਸਲਾਈ ਮਸ਼ੀਨ ਤੇ ਹੌਜਰੀ, ਜਲੰਧਰ ਸਪੋਰਟਸ ਇੰਡਸਟਰੀ, ਰਬੜ, ਹੈਂਡ ਟੂਲ ਦਾ ਧੁਰਾ ਸੀ, ਬਟਾਲਾ-ਗੋਬਿੰਦਗੜ੍ਹ ਲੋਹੇ ਦੇ ਕਾਰੋਬਾਰ ਲਈ ਦੁਨੀਆਂ ਭਰ 'ਚ ਮਸ਼ਹੂਰ ਸੀ, ਗੁਰੂ ਕੀ ਨਗਰੀ ਅੰਮ੍ਰਿਤਸਰ ਵਪਾਰ ਦਾ ਗੜ੍ਹ ਸੀ। ਸਾਰੀ ਦੁਨੀਆਂ ਦੀ ਅੱਖ ਦਾ ਤਾਰਾ ਸੀ ਪੰਜਾਬ, ਪੰਜਾਬ ਦੀ ਔਸਤ ਆਮਦਨ ਦੇਸ਼ ਭਰ ਵਿੱਚ ਨੰਬਰ ਇੱਕ ਹੁੰਦੀ ਸੀ, ਪੰਜਾਬ ਅਤੇ ਭੁੱਖਮਰੀ ਦਾ ਦੂਰ-ਦੂਰ ਦਾ ਤਾਅਲੁਕ ਨਹੀਂ ਸੀ। ਪੰਜਾਬ ਨੂੰ ਅੰਨ ਦਾ ਕਟੋਰਾ ਕਿਹਾ ਜਾਂਦਾ ਸੀ, ਸਾਰੇ ਦੇਸ਼ ਦਾ ਢਿੱਡ ਪੰਜਾਬ ਦੇ ਅੰਨ ਰਾਹੀਂ ਭਰਿਆ ਜਾਂਦਾ ਸੀ। ਇਤਿਹਾਸ ਦੱਸਦਾ ਹੈ ਕਿ ਪੰਜਾਬ ਨੇ 2500 ਸਾਲ ਪਹਿਲਾਂ ਸਿਕੰਦਰ ਦਾ ਮੁਕਾਬਲਾ ਕੀਤਾ ਤੇ ਮੁਗਲ ਹੋਣ ਜਾਂ ਹੋਰ ਹਰ ਤਰ੍ਹਾਂ ਦੇ ਬਾਹਰੀ ਹਮਲਿਆਂ ਦੀ ਸਭ ਤੋਂ ਵੱਧ ਪੀੜ ਪੰਜਾਬ ਨੂੰ ਝੱਲਣੀ ਪਈ, ਇਸ ਦੇ ਬਾਵਜੂਦ ਵੀ ਪੰਜਾਬ ਸਿਰਮੌਰ ਬਣਿਆ ਰਿਹਾ। ਇਹ 2500 ਸਾਲ ਦੇ ਹਮਲੇ ਪੰਜਾਬ ਤੇ ਪੰਜਾਬੀਆਂ ਦੀ ਹਿੰਮਤ ਨਾ ਤੋੜ ਸਕੇ ਪਰ ਪਿਛਲੇ 40 ਸਾਲਾਂ 'ਚ ਸਾਡੇ ਸਿਆਸਤਦਾਨਾਂ ਨੇ ਪੰਜਾਬ ਨੂੰ ਬਰਬਾਦੀ ਦੇ ਕੰਢੇ ਲਿਆ ਕੇ ਖੜ੍ਹਾ ਕਰ ਦਿੱਤਾ। ਮੈਂ ਕਿਸੇ ਪਾਰਟੀ ਦਾ ਨਾਮ ਨਹੀਂ ਲੈਣਾ ਚਾਹੁੰਦਾ ਪਰ ਇੰਨੀ ਗੱਲ ਜ਼ਰੂਰ ਕਹਾਂਗਾ ਦੋਹਾਂ ਹੀ ਪਾਰਟੀਆਂ ਨੇ ਪੰਜਾਬ ਦੀ ਸਿਆਸਤ ਕ੍ਰਿਕੇਟ ਦੇ ਟਵੰਟੀ-20 ਮੈਚ ਵਾਂਗ ਕੀਤੀ, ਪੰਜ ਸਾਲ ਤੇਰੀ ਵਾਰੀ, ਪੰਜ ਸਾਲ ਮੇਰੀ ਵਾਰੀ। ਅਤੇ ਦੋਹਾਂ ਟੀਮਾਂ ਦਾ ਕੰਮ ਹੈ ਗੇਂਦ ਦੀ ਰੱਜ ਕੇ ਠੁਕਾਈ ਕਰਨੀ। ਮੈਨੂੰ ਲੱਗਦਾ ਹੈ ਸ਼ਾਇਦ ਇਹ ਦੱਸਣਾ ਜ਼ਰੂਰੀ ਨਹੀਂ ਕਿ ਪੰਜਾਬ ਦੀ ਸਿਆਸਤ ਦੇ ਟਵੰਟੀ-20 ਮੈਚਾਂ ਵਿੱਚ ਗੇਂਦ ਪੰਜਾਬ ਦੀ ਜਨਤਾ ਹੀ ਰਹੀ ਹੈ, ਜਿਹਨੂੰ ਰੱਜ ਕੇ ਠੁਕਾਈ ਦਾ ਸਾਹਮਣਾ ਕਰਨਾ ਪਿਆ। ਪੰਜਾਬ ਦੇ ਤਾਜ਼ਾ ਬਜਟ ਮੁਤਾਬਕ ਪੰਜਾਬ 2.50 ਲੱਖ ਕਰੋੜ ਦਾ ਕਰਜ਼ਦਾਰ ਹੈ। ਪੰਜਾਬ 'ਚ ਰਹਿੰਦਾ ਹਰ ਇਕ ਪੰਜਾਬੀ ਉਹ 90 ਸਾਲ ਦਾ ਬਜ਼ੁਰਗ ਹੋਵੇ ਭਾਵੇਂ 9 ਮਹੀਨੇ ਦਾ ਬੱਚਾ ਹੋਵੇ ਉਹ ਤਕਰੀਬਨ 1 ਲੱਖ ਰੁਪਏ ਦਾ ਕਰਜ਼ਦਾਰ ਹੈ। 10 ਲੱਖ ਪੰਜਾਬੀ ਨੌਜਵਾਨ ਆਪਣੀ ਮਿੱਟੀ ਛੱਡ ਕੇ ਵਿਦੇਸ਼ਾਂ ਦੀ ਧੂੜ ਫੱਕ ਰਿਹਾ ਹੈ। ਜੇ ਇਕ ਬੱਚੇ ਦੇ ਬਾਹਰ ਜਾਣ ਦਾ ਖਰਚਾ 20 ਲੱਖ ਰੁਪਇਆ ਵੀ ਗਿਣਿਆ ਜਾਵੇ ਤਾਂ ਪੰਜਾਬ ਦਾ 2 ਲੱਖ ਕਰੋੜ ਰੁਪਇਆ ਵਿਦੇਸ਼ਾਂ ਵਿੱਚ ਪਹੁੰਚ ਚੁੱਕਾ ਹੈ। ਕਿਸੇ ਮੁਹੱਲੇ, ਕਿਸੇ ਪਿੰਡ 'ਚ ਜਾ ਕੇ ਦੇਖ ਲਓ ਜਹਾਜ਼ਾਂ ਵਾਲੀਆਂ ਕੋਠੀਆਂ 'ਚ ਬੁੱਢੇ ਮਾਂ-ਬਾਪ ਬੈਠੇ ਹਨ ਜਾਂ ਕੋਠੀਆਂ ਨੂੰ ਤਾਲੇ ਲੱਗੇ ਹੋਏ ਹਨ। ਆਪਣੀ ਰਾਜਨੀਤੀ ਚਮਕਾਉਣ ਦੀ ਖਾਤਰ ਲੀਡਰਾਂ ਨੇ ਨੌਜਵਾਨਾਂ ਨੂੰ ਨਸ਼ੇ ਦੀ ਲਤ ਲੁਆ ਦਿੱਤੀ ਤਾਂ ਜੋ ਇਨ੍ਹਾਂ ਖਾਤਰ ਜਾਨ ਦੇਣ ਲਈ ਗੈਂਗਸਟਰਾਂ ਦੀ ਫੌਜ ਤਿਆਰ ਹੋਵੇ। ਅਸੀਂ ਸਬਮਰਸੀਬਲ ਪੰਪ ਲਾ-ਲਾ ਕੇ ਧਰਤੀ ਦਾ ਪਾਣੀ ਖਤਮ ਕਰ ਦਿੱਤਾ, ਕੀਟਨਾਸ਼ਕ ਦਵਾਈਆਂ ਤੇ ਖਾਦਾਂ ਨੇ ਸਾਡੀ ਮਿੱਟੀ ਜ਼ਹਿਰੀਲੀ ਕਰ ਦਿੱਤੀ, ਬਲਦੀ ਪਰਾਲੀ ਨੇ ਸਾਡੀ ਆਬੋ-ਹਵਾ ਸਾਹ ਲੈਣ ਜੋਗੀ ਨਹੀਂ ਰਹਿਣ ਦਿੱਤੀ ਪਰ ਸਾਡੇ ਨੇਤਾ ਇਕੋ ਹੀ ਨਾਅਰੇ 'ਚ ਵਿਸ਼ਵਾਸ ਕਰਦੇ ਨੇ, 'ਆਪਣੀ ਵਾਰੀ ਆਈ ਤੇ ਰੱਜ ਕੇ ਲੁੱਟੋ ਤੇ ਰੱਜ ਕੇ ਕੁੱਟੋ'। ਪੰਜਾਬ ਦੇ ਹਰ ਛੋਟੇ ਤੋਂ ਛੋਟੇ ਪਿੰਡ ਵਿੱਚ ਦੋ-ਦੋ ਸ਼ਮਸ਼ਾਨ ਘਾਟ ਤਾਂ ਜ਼ਰੂਰ ਹਨ ਪਰ ਬੱਚਿਆਂ ਦੇ ਖੇਡਣ ਲਈ ਗਰਾਊਂਡ ਨਹੀਂ ਹੈ, ਬੱਚੇ ਖੇਡਣ ਨੂੰ ਤਰਸਦੇ ਹੀ ਰਹਿੰਦੇ ਨੇ। ਬਜ਼ੁਰਗ ਆਪਣੇ ਸਹਾਰੇ ਗੁਆ ਕੇ ਲਾਚਾਰ ਹਨ। ਪੰਜਾਬ ਦਾ ਬਚਿਆ ਨੌਜਵਾਨ ਚੰਗੇ ਰੁਜ਼ਗਾਰ ਨੂੰ ਤਰਸ ਗਿਆ ਹੈ  ਉਹ ਆਪਣੇ ਲੀਡਰਾਂ ਨੂੰ ਹੀ ਆਦਰਸ਼ ਮੰਨ ਕੇ ਉਨ੍ਹਾਂ ਦੇ ਸਹਾਰੇ ਲੁੱਟ-ਖਸੁੱਟ ਵਿੱਚ ਹੀ ਆਪਣਾ ਭਵਿੱਖ ਲੱਭ ਰਿਹਾ ਹੈ। ਕਿਸੇ ਵੇਲੇ ਔਸਤ ਆਮਦਨੀ ਵਿੱਚ ਅੱਵਲ ਪੰਜਾਬ ਆਮਦਨੀ ਦੇ ਮਾਮਲੇ 'ਚ ਅੱਜ 17ਵੇਂ ਨੰਬਰ 'ਤੇ ਹੈ। ਦੇਖਣ ਵਿੱਚ ਆਉਂਦਾ ਹੈ ਕਿ ਰਾਜ ਭਾਵੇਂ ਕਿਸੇ ਦਾ ਹੋਵੇ ਕੁਝ ਚਿਹਰੇ ਹੀ ਰੇਤ , ਸ਼ਰਾਬ, ਦੜਾ-ਸੱਟਾ, ਟਰਾਂਸਪੋਰਟ, ਨਸ਼ਾ ਮਾਫੀਆ ਨੂੰ ਚਲਾਉਂਦੇ ਹਨ। ਇਹ ਗੱਲ ਪੂਰੀ ਤਰ੍ਹਾਂ ਸਮਝ ਆਉਂਦੀ ਹੈ ਕਿ ਗਿਲਾਸ ਬਦਲ ਜਾਂਦੇ ਹਨ ਸ਼ਰਾਬ ਪੁਰਾਣੀ ਹੀ ਚਲਦੀ ਹੈ। ਲੀਡਰਾਂ ਨਾਲ ਸੈਟਿੰਗਾਂ ਹੋ ਹੀ ਜਾਂਦੀਆਂ ਹਨ। ਪੰਜਾਬੀ ਸੱਭਿਆਚਾਰ ਦੇ ਨਾਂ 'ਤੇ ਅੱਜ ਦੇ ਪੰਜਾਬੀ ਗਾਣੇ ਸੁਣ ਲਓ, ਅੱਜ ਦੇ ਪੰਜਾਬੀ ਗਾਣੇ ਸੁਣ ਕੇ ਤੇ ਸੁਰਿੰਦਰ ਕੌਰ, ਆਸਾ ਸਿੰਘ ਮਸਤਾਨਾ ਦੀ ਰੂਹ ਸਵਰਗਾਂ 'ਚ ਵੀ ਬੈਠ ਕੇ ਕੰਬਦੀ ਹੋਵੇਗੀ ਕਿਉਂਕਿ ਪੰਜਾਬੀ ਗਾਣਿਆਂ ਦੇ ਨਾਂ ਤੇ ਬੰਦੂਕਾਂ, ਸ਼ਰਾਬਾਂ ਤੇ ਨੰਗੇਜ਼ੀ ਦਾ ਪ੍ਰਦਰਸ਼ਨ ਇੰਝ ਦਰਸਾਉਂਦਾ ਹੈ ਕਿ ਪੰਜਾਬ 'ਚ ਸਿਰਫ ਮਾਫੀਆ ਦਾ ਹੀ ਰਾਜ ਚਲਦਾ ਹੈ, ਗੈਂਗਸਟਰਾਂ ਦੀ ਹੀ ਜੈ-ਜੈ ਕਾਰ ਹੈ ਤੇ ਅਸੀਂ ਬੇਖ਼ਬਰ ਅਜੇ ਵੀ ਹਿੱਕ ਤਾਣ ਕੇ ਕਹਿੰਦੇ ਹਾਂ ਕਿ ਅਸੀਂ ਪੰਜਾਬੀ ਹੁੰਦੇ ਆਂ। ਅੰਤ ਵਿੱਚ ਮੈਂ ਇਕੋ ਗੱਲ ਕਹਾਂਗਾ ਤੇਰੇ ਪੈਰੋਂ ਕੇ ਨੀਚੇ ਜ਼ਮੀਨ ਨਹੀਂ ਹੈ, ਫਿਰ ਵੀ ਤੁਝੇ ਯਕੀਨ ਨਹੀਂ ਹੈ।


-ਅਜੇ ਕੁਮਾਰ 

ਬੇਦਮਪੁਰੇ ਤੋਂ ਬੇਗਮਪੁਰੇ ਤੱਕ

ਅੱਜ ਅਸੀਂ ਪੂਰੇ ਸੰਸਾਰ ਵਿੱਚ ਸਤਿਗੁਰ ਗੁਰੂ ਰਵਿਦਾਸ ਮਹਾਰਾਜ ਜੀ ਦਾ 643ਵਾਂ ਜਨਮ ਉਤਸਵ ਮਨਾ ਰਹੇ ਹਾਂ। ਜਿਸ ਵੇਲੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਹੋਇਆ ਸੀ ਉਸ ਸਮੇਂ ਭਾਰਤ ਵਿੱਚ ਪੂਰੀ ਤਰ੍ਹਾਂ ਜਾਤ-ਪਾਤ ਦਾ ਬੋਲਬਾਲਾ ਸੀ। ਉਹ ਯੁੱਗ ਪੱਥਰ ਯੁੱਗ ਸੀ, ਉਸ ਸਮੇਂ ਦੇ ਮਨੂੰਵਾਦੀ ਜ਼ਾਲਮ ਹਾਕਮਾਂ ਦਾ ਸਾਥ ਲੈ ਕੇ ਧਰਮ ਦੇ ਨਾਂ 'ਤੇ ਜਾਲਮ ਫਤਵੇ ਜਾਰੀ ਕਰ ਦਲਿਤਾਂ ਦਾ ਸ਼ੋਸ਼ਣ ਕਰਦੇ ਸਨ ਤੇ ਇਹ ਸਿਲਸਿਲਾ ਹਜ਼ਾਰਾਂ ਸਾਲਾਂ ਤੋਂ ਚੱਲਿਆ ਆ ਰਿਹਾ ਸੀ। ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਹਜ਼ਾਰਾਂ ਸਾਲਾਂ ਦੇ ਹਨੇਰੇ ਨੂੰ ਮਿਟਾਉਣ ਲਈ ਇਕ ਸੂਰਜ ਦੀ ਕਿਰਣ ਵਾਂਗੂੰ ਉੱਗ ਆਇਆ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਮਾਨਵਤਾਵਾਦੀ ਢੰਗ ਨਾਲ ਆਵਾਜ਼ ਉਠਾਈ, ਉਨ੍ਹਾਂ ਨੇ ਕਿਰਤ ਕਰਕੇ ਪ੍ਰਭੂ ਨਾਮ ਦੀ ਭਗਤੀ ਕਰਦੇ ਹੋਏ ਮਾਨਵਤਾਵਾਦ ਦਾ ਪ੍ਰਚਾਰ ਕੀਤਾ। ਉਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਤਕਰੀਬਨ ਪੂਰੇ ਭਾਰਤ ਦਾ ਦੌਰਾ ਕੀਤਾ। ਜਿਨ੍ਹਾਂ ਵਿੱਚੋਂ ਕੁਝ ਥਾਵਾਂ ਇਸ ਸਮੇਂ ਮੌਜੂਦਾ ਭਾਰਤ ਦੀ ਸਰਹੱਦ ਤੋਂ ਬਾਹਰ ਹਨ। ਸਮਾਜ ਨੂੰ ਜਾਗ੍ਰਿਤ ਕਰਦੇ ਹੋਏ ਉਨ੍ਹਾਂ ਨੇ 52 ਰਾਜੇ-ਰਾਣੀਆਂ ਨੂੰ ਆਪਣੀ ਚਰਨ ਛੋਹ ਬਖਸ਼ਿਸ਼ ਕਰਕੇ ਮਾਨਵਤਾ ਦਾ ਪਾਠ ਪੜ੍ਹਾਇਆ। ਇਨ੍ਹਾਂ ਸਾਰੇ ਰਾਜੇ-ਮਹਾਰਾਜਿਆਂ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦਾ ਇੱਕੋ ਹੀ ਪੈਗਾਮ ਹੁੰਦਾ ਸੀ-

'ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨੁ।
ਛੋਟ ਬੜੇ ਸਭ ਸਮ ਵਸੈ ਰਵਿਦਾਸ ਰਹੇ ਪ੍ਰਸੰਨੁ।
ਗੁਰੁ ਰਵਿਦਾਸ ਮਹਾਰਾਜ ਬੇਗਮਪੁਰੇ ਦੀ ਕਲਪਨਾ ਕਰਦੇ ਹੋਏ ਕਹਿੰਦੇ ਸਨ ਕਿ ਉਹ ਇਸ ਤਰ੍ਹਾਂ ਦੇ ਰਾਜ ਦੇ ਸਮਰਥਕ ਹਨ ਜਿਸ ਰਾਜ ਵਿੱਚ ਕਿਸੇ ਨਾਲ ਊਚ-ਨੀਚ, ਭੇਦ-ਭਾਵ ਤੇ ਕੋਈ ਜ਼ੁਲਮ-ਜਬਰ ਨਾ ਹੋਵੇ, ਕਿਸੇ ਨੂੰ ਕਿਸੇ ਪ੍ਰਕਾਰ ਦਾ ਖੌਫ਼ ਨਾ ਹੋਵੇ, ਸਭ ਨੂੰ ਆਪਣੇ ਜੀਵਨ ਵਿੱਚ ਬਰਾਬਰ ਦੇ ਮੌਕੇ ਮਿਲਣ, ਜਾਤ-ਪਾਤ ਦੇ ਆਧਾਰ ਤੇ ਇਕ ਨੂੰ ਵਧਾਵਾ ਤੇ ਦੂਸਰੇ ਨੂੰ ਨਿੰਦਿਆ ਨਾ ਜਾਵੇ। ਗੁਰੂ ਰਵਿਦਾਸ ਮਹਾਰਾਜ ਜੀ ਦੇ ਬੇਗਮਪੁਰੇ ਦੇ ਸੁਪਨੇ ਨੂੰ ਧਿਆਨ ਵਿੱਚ ਰੱਖਦੇ ਹੋਏ ਬਾਬਾ ਸਾਹਿਬ ਅੰਬੇਡਕਰ ਨੇ ਭਾਰਤ ਦਾ ਸੰਵਿਧਾਨ ਬਣਾਇਆ। ਇਸ ਸੰਵਿਧਾਨ ਦਾ ਮੂਲ ਆਧਾਰ ਬੇਗਮਪੁਰਾ ਦੀ ਸੋਚ ਹੀ ਸੀ। ਬਾਬਾ ਸਾਹਿਬ ਨੇ ਭਾਰਤ ਦੇ ਸੰਵਿਧਾਨ ਵਿੱਚ ਹਰ ਇਕ ਭਾਰਤੀ ਨਾਗਰਿਕ ਨੂੰ ਬਰਾਬਰਤਾ ਦਾ ਦਰਜਾ ਦਿੱਤਾ, ਜਾਤ-ਪਾਤ, ਧਰਮ ਦੇ ਆਧਾਰ 'ਤੇ ਕਿਸੇ ਤਰ੍ਹਾਂ ਦੇ ਵਿਤਕਰੇ ਦੀ ਭਾਰਤੀ ਸੰਵਿਧਾਨ ਵਿੱਚ ਕੋਈ ਜਗ੍ਹਾ ਨਹੀਂ ਹੈ। ਭਾਰਤੀ ਸੰਵਿਧਾਨ ਦੇ ਸਦਕੇ ਅੱਜ ਅਸੀਂ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਉਤਸਵ ਇੰਨਾ ਖੁੱਲ੍ਹ ਕੇ, ਜੋਸ਼ੋ-ਖਰੋਸ਼ ਨਾਲ ਮਨਾ ਪਾਉਂਦੇ ਹਾਂ। ਆਪਣੇ ਕਿਸੇ ਵੀ ਬਜ਼ੁਰਗ ਕੋਲੋਂ ਪੁੱਛ ਕੇ ਦੇਖ ਲਓ, ਉਹ ਤੁਹਾਨੂੰ ਦੱਸੇਗਾ ਕਿ ਅੱਜ ਤੋਂ 50-60 ਸਾਲ ਪਹਿਲਾਂ ਤੱਕ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਮਨਾਉਣਾ ਵੀ ਇਕ ਹਿੰਮਤ ਵਾਲਾ ਕੰਮ ਹੁੰਦਾ ਸੀ। ਮਨੂੰਵਾਦੀ ਤਾਕਤਾਂ ਨੂੰ ਇਹ ਬਰਦਾਸ਼ਤ ਨਹੀਂ ਸੀ ਕਿ ਅਸੀਂ ਆਪਣੇ ਗੁਰੂਆਂ-ਪੀਰਾਂ ਦੇ ਦਿਹਾੜੇ ਮਨਾ ਸਕੀਏ। ਅੱਜ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਦਾ ਪ੍ਰਚਾਰ-ਪ੍ਰਸਾਰ ਕਰਨ ਦੇ ਲਈ ਬਹੁਤ ਸਾਰੀਆਂ ਸੰਸਥਾਵਾਂ ਦਾ ਗਠਨ ਹੋ ਚੁੱਕਾ ਹੈ। ਹਰ ਇਕ ਪਿੰਡ, ਹਰ ਇਕ ਮੁਹੱਲਾ, ਜਿੱਥੇ ਗੁਰੂ ਰਵਿਦਾਸ ਨਾਮ ਲੇਵਾ ਸੰਗਤ ਮੌਜੂਦ ਹੈ ਉਥੇ ਗੁਰੂ ਮਹਾਰਾਜ ਜੀ ਦੇ ਨਾਂ 'ਤੇ ਸੰਸਥਾ ਦਾ ਗਠਨ ਹੋ ਚੁੱਕਾ ਹੈ ਜਿਨ੍ਹਾਂ ਦਾ ਮੁੱਖ ਮਕਸਦ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਦਾ ਪ੍ਰਚਾਰ-ਪ੍ਰਸਾਰ ਕਰਨਾ ਹੈ। ਇਨ੍ਹਾਂ ਸੰਸਥਾਵਾਂ ਤੋਂ ਇਲਾਵਾ ਲਗਭਗ 178 ਡੇਰੇ ਵੀ ਬਣੇ ਹੋਏ ਹਨ, ਜਿਨ੍ਹਾਂ ਦੇ ਮੁਖੀ ਆਪਣੇ ਆਪ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੀ ਸੋਚ ਦੇ ਪਹਿਰੇਦਾਰ ਦੱਸਦੇ ਹਨ। ਪੂਰੇ ਪੰਜਾਬ ਵਿੱਚ ਲਗਭਗ 2 ਹਜ਼ਾਰ ਤੋਂ ਜ਼ਿਆਦਾ ਜਗ੍ਹਾ 'ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ। ਬਹੁਤ ਸਾਰੀਆਂ ਸੰਸਥਾਵਾਂ ਦੇ ਮੁਖੀ ਜਾਂ ਕਮੇਟੀਆਂ ਦੇ ਮੈਂਬਰ ਮੇਰੇ ਮਿੱਤਰ ਹਨ। ਇਨ੍ਹਾਂ ਤੋਂ ਇਲਾਵਾ ਬਹੁਤ ਸਾਰੇ ਡੇਰਿਆਂ ਦੇ ਮੁਖੀਆਂ ਨੂੰ ਵੀ ਮੈਂ ਨਿੱਜੀ ਤੌਰ 'ਤੇ ਜਾਣਦਾ ਹਾਂ। ਬੜੇ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਇਸ ਸਮੇਂ ਜ਼ਿਆਦਾਤਰ ਸੁਸਾਇਟੀਆਂ ਅਤੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਿਆਂ ਵਿੱਚ ਗੁਰੂ ਰਵਿਦਾਸ ਜੀ ਦੇ ਫਲਸਫੇ ਦੀ ਗੱਲ ਨਹੀਂ ਬਲਕਿ ਆਪਣੇ-ਆਪਣੇ ਅਹਿਮ ਅਤੇ ਆਪੋ-ਆਪਣੀ ਹੋਂਦ ਦੀ ਗੱਲ ਹੋ ਰਹੀ ਹੈ। ਹਰ ਮੰਦਰ-ਗੁਰਦੁਆਰੇ ਵੱਚ ਧਾਰਮਿਕ ਆਗੂ ਨਹੀਂ ਬਲਕਿ ਰਾਜਨੀਤਿਕ ਪਾਰਟੀਆਂ ਦੇ ਅਹੁਦੇਦਾਰ ਆਪਣੇ ਪੈਰ ਮਜ਼ਬੂਤ ਕਰੀ ਬੈਠੇ ਹਨ। ਗੁਰੂ ਰਵਿਦਾਸ ਮਹਾਰਾਜ ਜੀ ਦੇ ਫਲਸਫੇ 'ਬੇਗਮਪੁਰਾ' ਨੂੰ ਡਾ. ਭੀਮ ਰਾਓ ਅੰਬੇਡਕਰ ਨੇ ਚੰਗੀ ਤਰ੍ਹਾਂ ਸਮਝਿਆ ਤੇ ਜਾਣਿਆ, ਉਨ੍ਹਾਂ ਨੇ ਬੇਗਮਪੁਰਾ ਨੂੰ ਅਧਾਰ ਮੰਨ ਕੇ ਭਾਰਤੀ ਸੰਵਿਧਾਨ ਵਿੱਚ ਮੂਲ ਅਧਿਕਾਰ ਅਤੇ ਮੂਲ ਕਰਤੱਵ ਲਿਖੇ ਤਾਂ ਜੋ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਅੱਗੇ ਵਧਾਇਆ ਜਾ ਸਕੇ। ਕਈ ਲੇਖਕਾਂ ਨੇ ਗੁਰੂ ਰਵਿਦਾਸ ਮਹਾਰਾਜ 'ਤੇ ਕਿਤਾਬਾਂ ਲਿਖੀਆਂ, ਕਈ ਗੀਤਕਾਰਾਂ ਨੇ ਕਵਿਤਾਵਾਂ ਰਚੀਆਂ ਤੇ ਕਈ ਗਾਇਕਾਂ ਨੇ ਬੇਗਮਪੁਰੇ ਦੇ ਗੀਤ ਗਾਏ। ਪਰ ਇਹ ਸਭ ਗੱਲਾਂ ਕਿਤਾਬਾਂ ਵਿੱਚ ਹੀ ਰਹਿ ਗਈਆਂ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸੁਪਨਿਆਂ ਦਾ ਬੇਗਮਪੁਰਾ ਅੱਜ ਤੱਕ ਸੁਪਨਿਆਂ ਵਿੱਚ ਹੀ ਹੈ। ਕਿਉਂਕਿ ਜਿਸ ਸੰਵਿਧਾਨ ਦੇ ਪੂਰੀ ਤਰ੍ਹਾਂ ਲਾਗੂ ਹੋਣ ਦੇ ਬਾਅਦ ਬੇਗਮਪੁਰਾ ਵਸਣ ਦੀ ਉਮੀਦ ਹੈ, ਉਸ ਸੰਵਿਧਾਨ ਨੂੰ ਲਾਗੂ ਕਰਵਾਉਣ ਵੱਲ ਇਸ ਸਮੇਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਕਿਸੇ ਵੀ ਪੈਰੋਕਾਰ ਦਾ ਧਿਆਨ ਨਹੀਂ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬੇਗਮਪੁਰਾ ਦੀ ਕਲਪਨਾ ਨੂੰ ਵਾਸਤਵਿਕ ਰੂਪ ਦੇਣ ਲਈ ਸਿਰਫ ਤੇ ਸਿਰਫ ਬਾਬਾ ਸਾਹਿਬ ਅੰਬੇਡਕਰ ਦਾ ਫਲਸਫਾ ਹੀ ਸਹਾਇਕ ਹੋ ਸਕਦਾ ਹੈ। ਅੱਜ ਦੇ ਹਾਲਾਤਾਂ ਵਿੱਚ ਅਜੇ ਦਮ ਘੁੱਟਦਾ ਹੈ, ਕਦੋਂ ਤੱਕ ਅਸੀਂ ਬੇਦਮਪੁਰੇ ਵਿੱਚ ਵਾਸ ਕਰਾਂਗੇ, ਕਦੋਂ ਗੁਰੂ ਮਹਾਰਾਜ ਜੀ ਦਾ ਬੇਗਮਪੁਰਾ ਕਿਤਾਬਾਂ 'ਚੋਂ ਨਿਕਲ ਕੇ ਵਾਸਤਵਿਕ ਰੂਪ ਅਖਤਿਆਰ ਕਰੇਗਾ। ਸਾਡੇ ਵਿੱਚ ਹਿੰਮਤ ਦੀ ਕਮੀ ਨਹੀਂ, ਅਸੀਂ ਬਹੁਤ ਲੰਬਾ ਸਫ਼ਰ ਤਹਿ ਕਰ ਕੇ ਆਏ ਹਾਂ ਤੇ ਹੁਣ ਬੇਗਮਪੁਰੇ ਦੀ ਮੰਜ਼ਿਲ ਜ਼ਿਆਦਾ ਦੂਰ ਨਹੀਂ। ਸਾਡੇ ਸਾਰਿਆਂ ਦੀ ਇਕੱਠੀ ਤਾਕਤ ਦਾ ਹੱਲਾ ਬੇਦਮਪੁਰੇ ਨੂੰ ਬੇਗਮਪੁਰੇ ਵਿੱਚ ਜ਼ਰੂਰ ਬਦਲ ਦੇਵੇਗਾ।
-ਅਜੇ ਕੁਮਾਰ,

ਗੁਰੂ ਨਾਨਕ ਦਾ ਹੋਕਾ-ਪਾਣੀ, ਹਵਾ ਤੇ ਧਰਤੀ ਬਚਾਓ

ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਸਾਰੇ ਵਹਿਮਾਂ-ਭਰਮਾਂ, ਪਾਖੰਡਾਂ ਅਤੇ ਉਨ੍ਹਾਂ ਸਾਰੀਆਂ ਫੋਕਟ ਰੀਤਾਂ-ਰਸਮਾਂ ਤੋਂ ਸੁਚੇਤ ਕੀਤਾ ਜਿਹੜੀਆਂ ਮਾਨਵੀ ਉਦੇਸ਼ਾਂ ਤੋਂ ਦੂਰ ਲੈ ਕੇ ਜਾਂਦੀਆਂ ਸਨ। ਉਨ੍ਹਾਂ ਨੇ ਊਚ-ਨੀਚ ਨੂੰ ਨਕਾਰਦੇ ਹੋਏ ਬਿਨਾਂ ਕਿਸੇ ਭੇਦ-ਭਾਵ ਤੋਂ ਮਾਨਵ ਧਰਮ ਦਾ ਪ੍ਰਚਾਰ ਕੀਤਾ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜੀਵਨ ਨੂੰ ਸਫ਼ਲ ਬਣਾ ਕੇ ਕੁਦਰਤ ਨਾਲ ਇਕਮਿਕ ਹੋਣ ਲਈ ਤਿੰਨ ਮੂਲ ਮੰਤਰ ਦਿੱਤੇ, ਕਿਰਤ ਕਰੋ-ਵੰਡ ਛਕੋ ਤੇ ਨਾਮ ਜਪੋ। ਉਨ੍ਹਾਂ ਨੇ ਉਸ ਸਮੇਂ ਦੀ ਗਲੀ-ਸੜੀ ਵਿਵਸਥਾ ਦਾ ਤਿਆਗ ਕਰਦੇ ਹੋਏ ਹੰਕਾਰੀ ਰਾਜਿਆਂ ਦੀ ਵੀ ਪ੍ਰਵਾਹ ਨਾ ਕੀਤੀ। ਉਨ੍ਹਾਂ ਨੇ ਉਸ ਸਮੇਂ ਦੇ ਜਾਬਰ ਰਾਜਿਆਂ ਨੂੰ ਵੀ ਆਪਣੀ ਤਰਕ ਤੇ ਦਲੀਲ ਨਾਲ ਸਾਂਝੀਵਾਲਤਾ ਦਾ ਪਾਠ ਪੜ੍ਹਾਇਆ। ਉਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਚਾਰ ਉਦਾਸੀਆਂ ਕੀਤੀਆਂ। ਇਨ੍ਹਾਂ ਉਦਾਸੀਆਂ ਦੌਰਾਨ ਉਨ੍ਹਾਂ ਦੀ ਗਿਆਨ ਗੋਸ਼ਟੀ ਕਈ ਅਜਿਹੇ ਮਹਾਂਪੁਰਸ਼ ਵਿਦਵਾਨਾਂ ਨਾਲ ਹੋਈ ਜਿਹੜੇ ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਪਹਿਲਾਂ ਹੀ ਮਾਨਵ ਧਰਮ ਦਾ ਪ੍ਰਚਾਰ-ਪ੍ਰਸਾਰ ਕਰ ਰਹੇ ਸਨ ਜਿਨ੍ਹਾਂ ਵਿੱਚੋਂ ਮੁੱਖ ਰੂਪ ਵਿੱਚ ਸ੍ਰੀ ਗੁਰੂ ਰਵਿਦਾਸ, ਸਤਿਗੁਰੂ ਕਬੀਰ ਆਦਿ ਮਹਾਂਪੁਰਸ਼ ਸਨ। ਅਜਿਹੇ ਮਹਾਂਪੁਰਸ਼ਾਂ ਦੇ ਨਾਲ ਗਿਆਨ ਚਰਚਾ ਦੌਰਾਨ ਇਨ੍ਹਾਂ ਦੀ ਗੁਰਬਾਣੀ ਅਤੇ ਹੋਰ ਵੀ ਅਜਿਹੇ ਮਹਾਂਪੁਰਸ਼ਾਂ ਦੇ ਨਾਲ ਗਿਆਨ ਗੋਸ਼ਟੀਆਂ ਕਰਕੇ ਇਕ ਅਜਿਹਾ ਫਲਸਫਾ ਤਿਆਰ ਕੀਤਾ ਜਿਸ ਤੋਂ ਸੇਧ ਲੈ ਕੇ ਅਨੇਕਾਂ ਮਨੁੱਖਾਂ ਨੇ ਮਹਾਨਤਾ ਦੇ ਉਸ ਸਿਖ਼ਰ ਨੂੰ ਛੋਹਿਆ ਜਿਸ ਦੀ ਕਲਪਨਾ ਕਰਨਾ ਵੀ ਆਮ ਮਨੁੱਖ ਦੇ ਵੱਸ ਦੀ ਗੱਲ ਨਹੀਂ ਸੀ। ਅੱਜ ਸਾਰਾ ਸੰਸਾਰ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਬੜੇ ਜ਼ੋਰਾਂ-ਸ਼ੋਰਾਂ, ਜੋਸ਼, ਸਤਿਕਾਰ ਅਤੇ ਲਗਨ ਨਾਲ ਮਨਾ ਰਿਹਾ ਹੈ। ਇਹ ਸਮਾਗਮ ਵਿਸ਼ਵ ਭਰ ਵਿੱਚ ਗੁਰੂ ਨਾਨਕ ਸਾਹਿਬ ਦੀਆਂ ਨਾਮ ਲੇਵਾ ਸੰਗਤਾਂ ਮਨਾ ਰਹੀਆਂ ਹਨ। ਜਿੱਥੇ ਗੁਰੂ ਨਾਨਕ ਸਾਹਿਬ ਨੇ ਕਿਰਤ ਕਰੋ-ਵੰਡ ਛਕੋ-ਨਾਮ ਜਪੋ ਦਾ ਮੂਲ ਮੰਤਰ ਦਿੱਤਾ ਉਥੇ ਉਨ੍ਹਾਂ ਨੇ ਪਵਨ ਗੁਰੂ, ਪਾਣੀ ਪਿਤਾ ਅਤੇ ਧਰਤ ਨੂੰ ਮਾਤਾ ਕਹਿ ਕੇ ਸੰਬੋਧਿਤ ਕੀਤਾ। ਹੁਣ ਵਿਚਾਰਨ ਵਾਲੀ ਗੱਲ ਹੈ ਕਿ ਗੁਰੂ ਨਾਨਕ ਮਹਾਰਾਜ ਜੀ ਦੇ ਨਾਮ ਤੇ ਉਸਾਰੇ ਗਏ ਗੁਰੂ ਘਰਾਂ ਵਿੱਚ ਬੜੀਆਂ ਰੌਣਕਾਂ, ਰੋਸ਼ਨੀਆਂ ਹਨ ਅਤੇ ਉਨ੍ਹਾਂ ਦੀ ਉਸਤਤ ਵਿੱਚ ਬਾਣੀ ਦੇ ਪਾਠ ਹੋ ਰਹੇ ਹਨ, ਲੰਗਰ-ਛਬੀਲਾਂ ਲਗਾਏ ਜਾ ਰਹੇ ਹਨ, ਹੋਰ ਵੀ ਕਈ ਤਰ੍ਹਾਂ ਦੇ ਧਾਰਮਿਕ, ਸਮਾਜਿਕ ਕੰਮਾਂ ਤੋਂ ਇਲਾਵਾ ਗਿਆਨ ਗੋਸ਼ਟੀਆਂ ਕਰਵਾਈਆਂ ਜਾ ਰਹੀਆਂ ਹਨ। ਪਰ ਇਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਿਤੇ ਇਹ ਸਾਰੇ ਪ੍ਰੋਗਰਾਮ ਇਕ ਸਮਾਗਮ ਤੱਕ ਹੀ ਤਾਂ ਸੀਮਤ ਨਹੀਂ ਰਹਿ  ਜਾਣਗੇ। ਜੇ ਗੁਰੂ ਨਾਨਕ ਸਾਹਿਬ ਨੇ ਇਹ ਫੁਰਮਾਇਆ ਹੈ ਕਿ ਕਿਰਤ ਕਰੋ-ਵੰਡ ਛਕੋ-ਨਾਮ ਜਪੋ। ਤਾਂ ਅਸੀਂ ਇਸ ਸਿਧਾਂਤ ਨੂੰ ਲੈ ਕੇ ਖੜ੍ਹੇ ਕਿੱਥੇ ਹਾਂ। ਇਹ ਬੜੀ ਲੰਬੀ ਅਤੇ ਡੂੰਘੀ ਵਿਚਾਰ-ਚਰਚਾ ਦਾ ਵਿਸ਼ਾ ਹੈ ਇਸ ਵੱਲ ਪੂਰੀ ਇਮਾਨਦਾਰੀ ਨਾਲ ਧਿਆਨ ਦੇਣ ਦੀ ਲੋੜ ਹੈ। ਪਰ ਇਸ ਸਮੇਂ ਜਿਸ ਸੰਕਟ ਦੇ ਦੌਰ 'ਚੋਂ ਅਸੀਂ ਗੁਜਰ ਰਹੇ ਹਾਂ ਉਸ ਸੰਕਟ ਨੂੰ ਬਿਨਾਂ ਕਿਸੇ ਦੇਰੀ ਤੋਂ ਹੱਲ ਕਰਨ ਦੇ ਲਈ ਅਸੀਂ ਕੀ ਕਰ ਰਹੇ ਹਾਂ, ਕਿੰਨੀ ਜਲਦੀ ਇਸ ਦਾ ਹੱਲ ਲੱਭਾਂਗੇ, ਮੁੱਖ ਵਿਚਾਰ ਕਰਨ ਵਾਲੀ ਇਹ ਗੱਲ ਹੈ। ਮੇਰੇ ਕਹਿਣ ਦਾ ਭਾਵ ਕਿ ਗੁਰੂ ਨਾਨਕ ਸਾਹਿਬ ਦੇ ਵਾਕਾਂ ਅਨੁਸਾਰ ਧਰਤੀ ਮਾਤਾ, ਪਵਨ ਗੁਰੂ ਅਤੇ ਪਾਣੀ ਪਿਤਾ ਹੈ, ਪਰ ਦੁੱਖ ਦੀ ਗੱਲ ਇਹ ਹੈ ਕਿ ਜਿਸ ਮਹਾਨ ਗੁਰੂ ਨੇ ਸਾਨੂੰ ਕੁਦਰਤ ਨਾਲ ਪਿਆਰ ਅਤੇ ਉਸ ਦੀ ਰੱਖਿਆ ਕਰਨ ਦੇ ਲਈ ਕਿਹਾ ਅਸੀਂ ਸਾਰੀ ਕੁਦਰਤ ਤਾਂ ਛੱਡੋ ਉਸ ਮਹਾਨ ਗੁਰੂ ਸਾਹਿਬ ਦੀ ਚਰਨ ਛੋਹ ਧਰਤੀ ਨੂੰ, ਇਥੋਂ ਦੀ ਹਵਾ ਅਤੇ ਪਾਣੀ ਤਿੰਨੋਂ ਕੁਦਰਤ ਦੇ ਬੇਮਿਸਾਲ ਤੋਹਫਿਆਂ ਨੂੰ ਜ਼ਹਿਰੀਲਾ ਕਰ ਚੁੱਕੇ ਹਾਂ ਜਾਂ ਇੰਝ ਵੀ ਕਹਿ ਸਕਦੇ ਹਾਂ ਸਾਡਾ ਪਿਤਾ, ਮਾਤਾ ਅਤੇ ਗੁਰੂ ਤਿੰਨੋਂ ਹੀ ਸਖਤ ਬੀਮਾਰ ਹਨ ਤੇ ਇਨ੍ਹਾਂ ਦਾ ਇਲਾਜ ਕਰਨ ਵੱਲ ਕਿਸੇ ਦਾ ਖਿਆਲ ਨਹੀਂ ਹੈ। ਹਾਂ ਇੰਨਾ ਜ਼ਰੂਰ ਹੈ ਕਿ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਜਾਂ ਸਮਾਜ ਵਿੱਚ ਆਪਣਾ ਦਬਦਬਾ ਬਣਾਉਣ ਲਈ ਅਸੀਂ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਸਮਾਗਮ ਕਰਕੇ ਆਪਣੇ-ਆਪ ਨੂੰ ਨਾਨਕ ਨਾਮ ਲੇਵਾ ਸਾਬਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰ ਰਹੇ ਹਾਂ। ਇਸ ਦੇ ਨਾਲ ਇਹ ਵੀ ਗੱਲ ਹੈ ਕਿ ਧਾਰਮਿਕ ਜਥੇਬੰਦੀਆਂ ਵੀ ਜ਼ਿਆਦਾਤਰ ਗੁਰੂ ਨਾਨਕ ਸਾਹਿਬ ਦੀ ਗੁਰਬਾਣੀ ਨੂੰ ਵਿਵਹਾਰਕ ਤੌਰ 'ਤੇ ਲਾਗੂ ਕਰਵਾਉਣ ਦੀ ਬਜਾਇ ਢੋਲਕੀ-ਛੈਣੇ ਵਜਾਉਣ ਵਿੱਚ ਹੀ ਰੁੱਝੀਆਂ ਹੋਈਆਂ ਹਨ। ਫਿਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਅਸੀਂ ਗੁਰੂ ਨਾਨਕ ਦੀ ਰਾਹ 'ਤੇ ਚੱਲ ਹੀ ਨਹੀਂ ਰਹੇ ਤਾਂ ਫਿਰ ਗੁਰੂ ਨਾਨਕ ਨਾਲ ਸਾਡਾ ਰਿਸ਼ਤਾ ਕੀ ਹੈ। ਗੁਰੂ ਨਾਨਕ ਨਾਲ ਸਾਡਾ ਕੀ ਵਾਸਤਾ ਹੈ। ਜੇ ਗੁਰੂ ਨਾਨਕ ਨਾਲ ਸਾਡਾ ਰਿਸ਼ਤਾ ਹੈ ਤਾਂ ਫਿਰ ਸਾਡੀ ਧਰਤੀ, ਹਵਾ ਤੇ ਪਾਣੀ ਜ਼ਹਿਰੀਲਾ ਕਿਉਂ ਹੈ। ਕੌਣ ਇਸ ਨੂੰ ਰੋਕੇਗਾ। ਕਿਵੇਂ ਤੇ ਕਦੋਂ ਮਾਤਾ, ਪਿਤਾ ਤੇ ਗੁਰੂ ਦਾ ਇਲਾਜ ਕਰਨ ਲਈ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਜੰਗੀ ਪੱਧਰ 'ਤੇ ਇਕਜੁੱਟ ਹੋ ਕੇ ਸ਼ੁਰੂਆਤ ਕਰਨਗੀਆਂ। ਨਹੀਂ ਤਾਂ ਅਸੀਂ ਜੋ ਮਰਜ਼ੀ ਕਹੀ ਜਾਈਏ, ਜੋ ਮਰਜ਼ੀ ਕਰੀ ਜਾਈਏ, ਇਤਿਹਾਸ ਦੇ ਪੰਨਿਆਂ ਤੇ ਹਮੇਸ਼ਾ ਇਹੋ ਦਰਜ ਹੋਵੇਗਾ ਕਿ ਗੁਰੂ ਨਾਨਕ ਸਾਹਿਬ ਕੁਲ ਦੁਨੀਆਂ ਨੂੰ ਤਾਰਨ ਆਏ ਸਨ ਤੇ ਉਨ੍ਹਾਂ ਦੀਆਂ ਨਾਮ ਲੇਵਾ ਸੰਗਤਾਂ ਜ਼ਿਆਦਾਤਰ ਉਹੀ ਰੀਤੀ-ਰਿਵਾਜ਼ਾਂ, ਰਸਮਾਂ ਦੇ ਘੁੰਮਣ-ਘੇਰੇ ਵਿੱਚ ਫਸੀਆਂ ਹੋਈਆਂ ਹਨ ਜਿਨ੍ਹਾਂ ਦਾ ਖੰਡਨ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਤਾ-ਉਮਰ ਕੀਤਾ।

- ਅਜੇ ਕੁਮਾਰ

ਨਹੀਂ ਸਮਝਿਆ ਕਲਮ ਦੇ ਇਸ਼ਾਰੇ ਨੂੰ

ਭਗਵਾਨ ਵਾਲਮੀਕਿ ਮਹਾਰਾਜ ਜੀ ਨੇ ਸਭ ਤੋਂ ਪਹਿਲਾ ਗ੍ਰੰਥ ਯੋਗ ਵਸ਼ਿਸ਼ਟ ਲਿਖਿਆ। ਜੋ ਕਿ ਤਾਰਕਿਕ ਧਿਆਨ ਅਤੇ ਦਰਸ਼ਨ ਸ਼ਾਸਤਰ ਹੈ। ਯੋਗ ਵਸ਼ਿਸ਼ਟ ਹਰ ਮਾਨਵ ਲਈ ਹਰ ਦੌਰ, ਹਰ ਯੁੱਗ ਵਿੱਚ ਪ੍ਰੇਰਣਾ ਸਰੋਤ ਹੈ। ਭਗਵਾਨ ਵਾਲਮੀਕਿ ਮਹਾਰਾਜ ਜੀ ਨੇ ਯੋਗ ਵਸ਼ਿਸ਼ਟ ਵਿੱਚ ਹਰ ਤਰ੍ਹਾਂ ਦੇ ਪਾਖੰਡਾਂ ਨੂੰ ਨਕਾਰਦੇ ਹੋਏ ਸਿਰਫ ਪੁਰਸ਼ਾਰਥ ਦੀ ਗੱਲ ਕਹੀ ਹੈ। ਉਨ੍ਹਾਂ ਨੇ ਤਰਕ ਅਤੇ ਵਿਵੇਕ 'ਤੇ ਜ਼ੋਰ ਦਿੱਤਾ। ਇਨ੍ਹਾਂ ਹੀ ਵਿਚਾਰਾਂ ਦਾ ਪ੍ਰਚਾਰ ਤਥਾਗਤ ਬੁੱਧ ਨੇ ਸਾਰੀ ਜ਼ਿੰਦਗੀ ਕੀਤਾ। ਇਸ ਤੋਂ ਇਲਾਵਾ ਭਾਰਤ ਦੇ ਤਕਰੀਬਨ ਸਾਰੇ ਬੁੱਧੀਜੀਵੀ, ਤਿਆਗੀ ਸੰਤਾਂ-ਮਹਾਂਪੁਰਸ਼ਾਂ, ਰਹਿਬਰਾਂ ਨੇ ਯੋਗ ਵਸ਼ਿਸ਼ਟ ਦੇ ਗਿਆਨ ਨੂੰ ਸਮਝ ਕੇ, ਵਿਚਾਰ ਕੇ ਇਸ ਦਾ ਪ੍ਰਚਾਰ ਪ੍ਰਸਾਰ ਵੀ ਕੀਤਾ। ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਸਤਿਗੁਰੂ ਕਬੀਰ ਮਹਾਰਾਜ, ਸਤਿਗੁਰੂ ਰਵਿਦਾਸ ਮਹਾਰਾਜ ਜੀ ਸਨ। ਯੋਗ ਵਸ਼ਿਸ਼ਟ ਤੋਂ ਬਾਅਦ ਵਾਲਮੀਕਿ ਮਹਾਰਾਜ ਜੀ ਨੇ ਰਮਾਇਣ ਲਿਖੀ ਜਿਸ ਵਿੱਚ ਉਨ੍ਹਾਂ ਨੇ ਉਸ ਸਮੇਂ ਦੇ ਰਾਜਿਆਂ ਦੇ ਸ਼ਾਸਨ ਪ੍ਰਬੰਧਾਂ ਦੀ ਵਿਆਖਿਆ ਕੀਤੀ ਅਤੇ ਉਸ ਸਮੇਂ ਦੀ ਸੱਭਿਅਤਾ, ਸੰਸਕ੍ਰਿਤੀ ਤੋਂ ਜਾਣੂ ਕਰਵਾਇਆ। ਇੰਨਾ ਹੀ ਨਹੀਂ ਰਮਾਇਣ ਵਿੱਚ ਉਨ੍ਹਾਂ ਨੇ ਮਹਾਮੁਨੀ ਰਿਸ਼ੀ ਸ਼ੰਭੂਕ ਜਿਹੇ ਸੂਰਵੀਰ ਗਿਆਨਵਾਨ ਵਿਦਵਾਨਾਂ ਦੇ ਨਾਲ ਕੀਤੇ ਗਏ ਜਬਰ-ਜ਼ੁਲਮ ਦੀ ਸਪੱਸ਼ਟ ਵਿਆਖਿਆ ਕੀਤੀ। ਉਨ੍ਹਾਂ ਨੇ ਅਕਸ਼ਰ-ਲਕਸ਼ ਗ੍ਰੰਥ ਵੀ ਲਿਖਿਆ ਜਿਸ ਵਿੱਚ ਉਨ੍ਹਾਂ ਨੇ ਬ੍ਰਹਿਮੰਡ ਦੇ ਭੇਦਾਂ ਨੂੰ ਸਮਝਣ ਦਾ ਗਿਆਨ ਦਿੱਤਾ, ਜਿਵੇਂ ਹਵਾ ਦੀ ਗਤੀ ਨਾਪਣਾ, ਸੂਰਜ ਦੀ ਗਰਮੀ ਦਾ ਪਤਾ ਲਗਾਉਣਾ ਆਦਿ ਅਤੇ ਇਸ ਵਿੱਚ ਉਨ੍ਹਾਂ ਨੇ ਗਣਿਤ ਦੇ 325 ਫਾਰਮੂਲੇ ਵੀ ਲਿਖੇ। ਭਗਵਾਨ ਵਾਲਮੀਕਿ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਵਿੱਚ ਮਨੁੱਖਤਾ ਹੀ ਨਹੀਂ ਬਲਕਿ ਧਰਤੀ 'ਤੇ ਰਹਿ ਰਹੇ ਸਾਰੇ ਜੀਵ-ਜੰਤੂਆਂ ਦੇ ਪ੍ਰਤੀ ਹਰ ਮਨੁੱਖ ਨੂੰ ਦਯਾ ਦਿਖਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੇ ਅਨੇਕਾਂ ਪੈਰੋਕਾਰਾਂ ਵਿੱਚੋਂ ਲਵ-ਕੁਸ਼ ਦਾ ਵਿਸ਼ੇਸ਼ ਅਤੇ ਮਹੱਤਵਪੂਰਣ ਸਥਾਨ ਹੈ ਤੇ ਬਹੁਤ ਪ੍ਰਭਾਵਸ਼ਾਲੀ ਅਤੇ ਸ਼ਕਤੀਸ਼ਾਲੀ ਇਤਿਹਾਸ ਹੈ। ਲਵ-ਕੁਸ਼ ਨੇ ਭਗਵਾਨ ਵਾਲਮੀਕਿ ਮਹਾਰਾਜ ਜੀ ਤੋਂ ਸਿੱਖਿਆ ਤੇ ਪ੍ਰੇਰਣਾ ਲੈ ਕੇ ਉਸ ਸਮੇਂ ਦੇ ਕਿਸੇ ਵੀ ਹੰਕਾਰੀ ਰਾਜੇ ਨੂੰ ਕੋਈ ਜਬਰ-ਜ਼ੁਲਮ ਨਹੀਂ ਕਰਨ ਦਿੱਤਾ। ਭਗਵਾਨ ਵਾਲਮੀਕਿ ਮਹਾਰਾਜ ਜੀ ਨੇ 21 ਆਸ਼ਰਮ- ਕੇਸ਼ਵਰੀ ਆਸ਼ਰਮ, ਚਿੱਤਰਕੂਟ ਆਸ਼ਰਮ, ਗੰਗਾ ਆਸ਼ਰਮ, ਬਾਂਦਵਾ ਆਸ਼ਰਮ, ਕਲਿੰਦੀ ਆਸ਼ਰਮ, ਹਿੰਡਨ ਆਸ਼ਰਮ, ਰਾਮ ਤੀਰਥ (ਵਾਲਮੀਕਿ ਤਪੋਵਣ ਤੀਰਥ), ਆਸ਼ਰਮ, ਕੁਰੂਕਸ਼ੇਤਰ ਆਸ਼ਰਮ, ਬੈਠੌਰ ਆਸ਼ਰਮ, ਕਲਿਆਣ ਆਸ਼ਰਮ, ਬਲਾਨੀ ਆਸ਼ਰਮ, ਸ਼ੀਆ ਵਨ ਆਸ਼ਰਮ, ਭੈਂਸਾਲੇਟਨ ਆਸ਼ਰਮ, ਬਬੀਨਾ ਆਸ਼ਰਮ, ਤਮਸਾ ਆਸ਼ਰਮ, ਸੋਨਾਰ ਆਸ਼ਰਮ, ਸੀਤਾ ਮੜੀ ਆਸ਼ਰਮ, ਸੀਤਾ ਬਾੜੀ ਆਸ਼ਰਮ, ਲੋਹੂਗਬੀਰ ਆਸ਼ਰਮ, ਤੀਰੂਵਾਨ ਆਸ਼ਰਮ, ਮਿਯੂਰ ਆਸ਼ਰਮ ਬਣਾਏ ਜਿਨ੍ਹਾਂ ਵਿੱਚ ਸੰਗੀਤ ਵਿੱਦਿਆ, ਚਿਕਿਤਸਾ ਵਿੱਦਿਆ, ਸ਼ਾਸਤਰ ਵਿੱਦਿਆ,  ਅਤੇ  ਬੇਮਿਸਾਲ ਉੱਚ ਦਰਜੇ ਦੀ ਸਿੱਖਿਆ ਦਿੱਤੀ ਜਾਂਦੀ ਸੀ ਤਾਂ ਜੋ ਇਸ ਧਰਤੀ 'ਤੇ ਮਾਨਵਤਾ ਦਾ ਝੰਡਾ ਬੁਲੰਦ ਹੋ ਸਕੇ। ਅੱਜਕੱਲ੍ਹ ਦੇਸ਼ਾਂ-ਵਿਦੇਸ਼ਾਂ ਵਿੱਚ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਪ੍ਰਗਟ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੇ ਪੈਰੋਕਾਰ ਸ਼ੋਭਾ ਯਾਤਰਾ, ਸਮਾਗਮ ਅਤੇ ਉਨ੍ਹਾਂ ਦੀ ਉਸਤਤਿ ਵਿੱਚ ਹੋਰ ਕਈ ਤਰ੍ਹਾਂ ਦੇ ਧਾਰਮਿਕ ਆਯੋਜਨ ਕਰ ਰਹੇ ਹਨ। ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅਜਿਹੇ ਬੇਮਿਸਾਲ ਕਰੁਣਾਸਾਗਰ, ਦਯਾਵਾਨ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਕਲਮ ਦੇ ਇਸ਼ਾਰੇ ਨੂੰ ਅਸੀਂ ਭਲੀ-ਭਾਂਤੀ ਸਮਝ ਨਹੀਂ ਸਕੇ ਜਾਂ ਅਸੀਂ ਹਾਲੇ ਤੱਕ ਸਮਝਣ ਨੂੰ ਤਿਆਰ ਨਹੀਂ ਹਾਂ। ਕਿਉਂਕਿ ਇਕ ਸਰਵੇਖਣ ਅਨੁਸਾਰ ਭਗਵਾਨ ਵਾਲਮੀਕਿ ਮਹਾਰਾਜ ਜੀ ਨੂੰ ਮੰਨਣ ਦਾ ਦਾਅਵਾ ਕਰਨ ਵਾਲੇ 98 ਪ੍ਰਤੀਸ਼ਤ ਲੋਕ ਅੱਜ ਵੀ ਰੋਟੀ, ਕੱਪੜਾ, ਮਕਾਨ, ਸਿਹਤ ਸਿੱਖਿਆ ਲਈ ਬਹੁਤ ਬੁਰੀ ਤਰ੍ਹਾਂ ਜੂਝ ਰਹੇ ਹਨ ਤੇ ਇਸ ਪਾਸੇ ਨਾ ਤਾਂ ਸਰਕਾਰਾਂ ਦਾ ਕੋਈ ਖਿਆਲ ਹੈ ਤੇ ਨਾ ਹੀ ਇਨ੍ਹਾਂ ਵਿੱਚੋਂ ਹੀ ਇਨ੍ਹਾਂ ਦੇ ਬਣੇ ਜ਼ਿਆਦਾਤਰ ਲੀਡਰਾਂ ਦਾ ਜਿਹੜੇ ਆਪਣੇ-ਆਪ ਨੂੰ ਵਾਲਮੀਕਿ ਮਹਾਰਾਜ ਜੀ ਦਾ ਪੈਰੋਕਾਰ ਆਖਦੇ ਹਨ। ਇਸ ਦਾ ਕੀ ਕਾਰਣ ਹੈ ਇਸ ਗੱਲ 'ਤੇ ਵੀ ਘੋਖ ਅਤੇ ਵਿਚਾਰ-ਚਰਚਾ ਅਗਲੇ ਲੇਖਾਂ ਰਾਹੀਂ ਕਰਾਂਗੇ। ਪਰ ਇੰਨਾ ਜ਼ਰੂਰ ਹੈ ਕਿ ਅਸੀਂ ਜੇਕਰ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਕਲਮ ਤੋਂ ਨਿਕਲੇ ਸ਼ਬਦਾਂ ਦੇ ਅਰਥ ਨੂੰ ਆਪਣੇ ਜੀਵਨ ਵਿੱਚ ਅਪਣਾਇਆ ਹੁੰਦਾ ਤਾਂ ਅੱਜ ਅਸੀਂ ਇਸ ਦੇਸ਼ ਦੇ ਮਾਲਕ ਹੁੰਦੇ ਤੇ ਅਸੀਂ ਬੜੇ ਗਰਵ ਨਾਲ ਕਹਿ ਸਕਦੇ ਸੀ ਕਿ ਅਸੀਂ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਅਨੁਯਾਈ ਹਾਂ ਤੇ ਅੱਜ ਅਸੀਂ ਡਾ. ਭੀਮ ਰਾਓ ਅੰਬੇਡਕਰ ਜੀ ਦਾ ਕਰਜ਼ਾ ਲਾਹ ਦਿੱਤਾ ਹੈ। ਖੈਰ, ਦੇਰ ਆਏ ਦਰੁਸਤ ਆਏ। ਮੈਂ ਆਪਣੇ ਵੱਲੋਂ ਤੇ ਅਦਾਰਾ 'ਆਪਣੀ ਮਿੱਟੀ' ਵੱਲੋਂ ਦੇਸ਼ਾਂ-ਵਿਦੇਸ਼ਾਂ ਵਿੱਚ ਰਹਿ ਰਹੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪੈਰੋਕਾਰਾਂ ਨੂੰ ਬੇਨਤੀ ਕਰਦਾ ਹਾਂ ਕਿ ਆਉ ਅਸੀਂ ਜਾਤ-ਜਮਾਤ ਤੋਂ ਉੱਪਰ ਉਠ ਕੇ ਇਕਮੁੱਠ ਹੋ ਕੇ ਅਜਿਹੇ ਪ੍ਰੋਗਰਾਮ ਉਲੀਕੀਏ ਜਿਸ ਦੇ ਸਿੱਟੇ ਵਜੋਂ ਦੀਨ-ਦੁਖੀ, ਬੇਸਹਾਰਾ ਲੋਕ ਕਿਸੇ ਦੇ ਮੁਹਤਾਜ ਨਾ ਹੋਣ। ਇਕ ਮਨੁੱਖ ਨੂੰ ਦੂਸਰੇ ਮਨੁੱਖ ਦੀਆਂ ਕਦਰਾਂ-ਕੀਮਤਾਂ ਦਾ ਭਲੀ-ਭਾਂਤੀ ਪਤਾ ਹੋਵੇ। ਦੇਸ਼ ਨੂੰ ਇਕ ਲੜੀ 'ਚ ਪਰੋਏ ਰੱਖਣ ਵਾਲੇ ਭਾਰਤੀ ਸੰਵਿਧਾਨ ਦਾ ਸਤਿਕਾਰ ਕਰੀਏ ਤੇ ਉਸ ਵਿੱਚ ਲਿਖੇ ਕਾਨੂੰਨਾਂ ਨੂੰ ਮੰਨੀਏ ਤਾਂ ਜੋ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਤੇ ਸਾਡੇ ਵੱਲੋਂ ਸੱਚੀ ਸ਼ਰਧਾ ਦੇ ਫੁੱਲ ਉਨ੍ਹਾਂ ਦੇ ਚਰਨਾਂ ਵਿੱਚ ਭੇਂਟ ਹੋ ਸਕਣ।

 ਅਜੇ ਕੁਮਾਰ

ਬੁੱਢਾ ਤੇ ਬੀਮਾਰ ਪੰਜਾਬ

ਪੰਜਾਬ ਇਸ ਵਕਤ ਬੁੱਢਾ ਤੇ ਬੀਮਾਰ ਹੈ। ਅਜਿਹੇ ਫਿਕਰੇ ਬਾਰੇ ਸੋਚਦਿਆਂ ਹੀ ਕਲੇਜਾ ਮੂੰਹ ਨੂੰ ਆਉਂਦਾ ਹੈ। ਪਰੰਤੂ ਕਬੂਤਰ ਵਾਂਗ ਅੱਖਾਂ ਮੀਟਿਆਂ ਵੀ ਕਦੋਂ ਤੱਕ ਗੁਜ਼ਾਰਾ ਹੋਵੇਗਾ। ਪੰਜਾਬ ਦੀ ਜਵਾਨੀ ਜਾਂ ਤਾਂ 'ਬ੍ਰੇਨ ਡ੍ਰੇਨ' ਹੋ ਗਈ ਤੇ ਵਿਦੇਸ਼ੀਂ ਜਾ ਬੈਠੀ। ਜਾਂ ਫਿਰ ਬੇਰੁਜ਼ਗਾਰੀ ਦੇ ਥਪੇੜੇ ਸਹਿੰਦਿਆਂ ਫਰਸਟਰੇਟ ਹੋ ਕੇ ਨਸ਼ੇ ਦੀ ਗ੍ਰਿਫ਼ਤ 'ਚ ਆ ਗਈ। ਮਾਲਵੇ ਦੀ ਕੈਂਸਰ ਪੱਟੀ ਨੇ ਹਰ ਘਰ ਨੂੰ ਆਪਣੇ ਲਪੇਟੇ 'ਚ ਲੈ ਲਿਆ। ਕਾਰਪੋਰੇਟ ਘਰਾਣਿਆਂ ਨੇ ਜ਼ਹਿਰਾਂ ਦਾ ਹੜ ਲਿਆ ਦਿੱਤਾ ਤੇ ਪੰਜਾਬ ਦੀ ਸਿਹਤ ਨੂੰ ਕੱਖੋਂ ਹੌਲੀ ਕਰ ਦਿੱਤਾ। ਛੋਟੇ-ਛੋਟੇ ਬੱਚਿਆਂ ਦੇ ਦਿਲ ਦੇ ਰੋਗਾਂ ਨਾਲ ਪੀੜਤ ਹੋ ਜਾਣਾ, ਮੰਦਬੁੱਧੀ ਬੱਚੇ ਪੈਦਾ ਹੋਣੇ, ਲਕਵੇ ਦਾ ਮਾਰਿਆ ਜਾਣਾ, ਕੁਪੋਸ਼ਣ ਉਹ ਅਲਾਮਤਾਂ ਨੇ ਜਿਹੜੀਆਂ ਕਿਸੇ ਵੇਲੇ ਹਿੰਮਤੀ ਪੰਜਾਬ ਤੋਂ ਕੋਹਾਂ ਦੂਰ ਸਨ ਤੇ ਉਹ ਆਪਣੀ ਹੱਡ ਭੰਨਵੀਂ ਮਿਹਨਤ ਨਾਲ ਦੇਸ਼ ਦੇ ਅਨਾਜ ਭੰਡਾਰ ਭਰ ਰਿਹਾ ਸੀ। ਅੱਜ ਉਹੀ ਅਣਖੀ ਕਿਸਾਨ, ਉਹੀ ਖੇਤ ਮਜ਼ਦੂਰ ਆਤਮ ਹੱਤਿਆਵਾਂ ਕਰਨ ਲਈ ਮਜ਼ਬੂਰ ਹੈ। ਇਕ ਗੇੜੀ ਮਾਰਿਆਂ ਪੰਜਾਬ ਦੇ ਪਿੰਡਾਂ 'ਚੋਂ ਜੋ ਤਸਵੀਰ ਸਾਹਮਣੇ ਆਉਂਦੀ ਹੈ ਉਹ ਬੁੱਢੇ ਤੇ ਇਕੱਲਤਾ ਦੇ ਮਾਰੇ ਪੰਜਾਬ ਦੀ ਹੀ ਆਉਂਦੀ ਹੈ। ਜਿਸ ਤਰੀਕੇ ਨਾਲ ਜ਼ਮੀਨ ਹੇਠਲੇ ਪਾਣੀ ਦੀ ਤੱਗੀ ਲਾਲ ਲਕੀਰ ਤੱਕ ਪਹੁੰਚ ਗਈ ਹੈ 80 ਫੀਸਦ ਪੰਜਾਬ ਬੰਜਰ ਹੋਣ ਕਿਨਾਰੇ ਹੈ। ਇਹ ਤੱਥ ਵੀ ਕੌੜੀ ਸੱਚਾਈ ਹੈ ਕਿ ਪੀਣ ਵਾਲੇ ਪਾਣੀ ਦੇ ਸੰਕਟ ਨੂੰ ਲੈ ਕੇ ਪੰਜਾਬ ਭਾਰਤ ਭਰ ਵਿੱਚ ਪਹਿਲੇ ਨੰਬਰ 'ਤੇ ਹੈ।

ਇਸੇ ਤਸਵੀਰ ਦਾ ਇਕ ਪਹਿਲੂ ਇਹ ਵੀ ਹੈ ਕਿ ਅੰਕੜਿਆਂ ਮੁਤਾਬਕ ਇਸ ਸਮੇਂ ਪੰਜਾਬ ਦਾ ਤਕਰੀਬਨ 7 ਲੱਖ ਵਿਦਿਆਰਥੀ ਵਿਦੇਸ਼ਾਂ ਵਿੱਚ ਔਸਤਨ 25 ਤੋਂ 50 ਲੱਖ ਰੁਪਏ ਖਰਚ ਕਰਕੇ ਪੜ੍ਹਨ ਗਿਆ ਹੋਇਆ ਹੈ। ਉਥੇ ਜਾ ਕੇ ਉਹ ਕੁਝ ਸਮਾਂ ਕੱਢ ਕੇ ਮਜ਼ਦੂਰੀ ਕਰਦਾ ਹੈ ਤੇ ਪੜ੍ਹਾਈ ਦੇ ਨਾਲ-ਨਾਲ ਆਪਣਾ ਖਰਚਾ ਚਲਾਉਂਦਾ ਹੈ। ਜਦਕਿ 70% ਵਿਦਿਆਰਥੀ ਆਪਣੇ ਮਾਂ-ਪਿਉ ਤੋਂ ਹੀ ਪੈਸਾ ਮੰਗਵਾਉਂਦੇ ਹਨ। ਜੇ ਇਸ ਦਾ ਜੋੜ ਕਰੀਏ ਤਾਂ ਕਰੀਬ 5 ਲੱਖ ਕਰੋੜ ਰੁਪਏ ਖਰਚ ਕੇ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਮਜ਼ਦੁਰੀ ਕਰ ਰਹੇ ਹਨ, ਇਸ ਦਾ ਮਤਲਬ 5 ਲੱਖ ਕਰੋੜ ਪੰਜਾਬ ਦੀ ਅਰਥ ਵਿਵਸਥਾ ਵਿੱਚੋਂ ਬਾਹਰ ਜਾ ਚੁੱਕਾ ਹੈ। ਦੂਜੇ ਪਾਸੇ 25 ਲੱਖ ਪ੍ਰਵਾਸੀ ਮਜ਼ਦੂਰ ਪੰਜਾਬ ਵਿੱਚ ਕੰਮ ਕਰਦਾ ਹੈ ਜਿਹੜਾ ਕਿ ਤਕਰੀਬਨ ਔਸਤਨ 1000 ਰੁਪਏ ਮਹੀਨਾ ਵੀ ਘਰ ਭੇਜਦਾ ਹੋਵੇ ਤਾਂ ਇਸ ਦਾ ਮਤਲਬ ਲਗਭਗ 30 ਹਜ਼ਾਰ ਕਰੋੜ ਸਲਾਨਾ। ਦੂਜੇ ਪਾਸੇ 20 ਸਾਲ ਅੱਤਵਾਦ ਨਾਲ ਲੜਨ ਵਾਲਾ ਪੰਜਾਬ ਹਾਲੇ ਵੀ ਉਸ ਕਰਜ਼ੇ ਦਾ ਵਿਆਜ ਦੇ ਰਿਹਾ ਹੈ ਜਿਹੜਾ ਕਿ ਸਹੀ ਮਾਅਨਿਆਂ ਵਿੱਚ ਕਰਜ਼ਾ ਬਣਦਾ ਹੀ ਨਹੀਂ ਸੀ, ਉਹ ਤਾਂ ਕੇਂਦਰ ਸਰਕਾਰ ਨੇ ਪੰਜਾਬ ਨਾਲ ਬੇਰੁਖੀ ਦਿਖਾਉਂਦੇ ਹੋਏ ਪੰਜਾਬ ਵੱਲ 30 ਹਜ਼ਾਰ ਕਰੋੜ ਰੁਪਏ ਕਰਜ਼ਾ ਕੱਢ ਦਿੱਤਾ ਜੋ ਕਿ ਅੱਜ ਵਧ ਕੇ ਤਕਰੀਬਨ 2.25 ਲੱਖ ਕਰੋੜ ਰੁਪਏ ਹੋ ਗਿਆ ਹੈ। ਜਾਤ ਦੇ ਅਧਾਰ 'ਤੇ ਗੁਰਦੁਆਰੇ ਤਾਂ ਛੱਡੋ ਸ਼ਮਸ਼ਾਨ ਵੀ ਬਣੇ ਹੋਏ ਹਨ ਜੋ ਗੁਰੂ ਨਾਨਕ ਸਾਹਿਬ ਦੇ ਫੁਰਮਾਨ ਸਾਂਝੀਵਾਲਤਾ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਕੁਰਬਾਨੀ ਨੂੰ ਵੀ ਠੇਂਗਾ ਦਿਖਾਉਂਦੇ ਨਜ਼ਰ ਆ ਰਹੇ ਹਨ।
ਪਰ ਸਮੇਂ ਦੀਆਂ ਘੁਕ ਸੁੱਤੀਆਂ ਸਰਕਾਰਾਂ ਪੰਜਾਬ ਤੋਂ ਇੰਝ ਪਾਸਾ ਵੱਟੀ ਬੈਠੀਆਂ ਹਨ ਜਿਵੇਂ ਕਿ ਉਨ੍ਹਾਂ ਨੇ ਮੰਨ ਲਿਆ ਹੋਵੇ ਕਿ ਪੰਜਾਬ ਨੂੰ ਤਬਾਹ ਕਰਨਾ ਉਨ੍ਹਾਂ ਦਾ ਪਹਿਲਾ ਕਰਮ ਤੇ ਮੁੱਖ ਧਰਮ ਹੈ। ਨਹੀਂ ਤਾਂ ਅਜਿਹੀ ਕੁਦਰਤ ਦੀ ਬੇਸ਼ਕੀਮਤੀ ਵਰਦਾਨ ਪ੍ਰਾਪਤ ਜ਼ਮੀਨ ਅਤੇ ਹੱਡ ਤੋੜਵੀਂ ਮਿਹਨਤ ਕਰਨ ਵਾਲੇ ਲੋਕਾਂ ਦਾ ਇਸ ਕਦਰ ਘਾਣ ਹੁੰਦਾ ਹੋਵੇ ਤਾਂ ਕੋਈ ਵੀ ਹਾਅ ਦਾ ਨਾਅਰਾ ਨਾ ਮਾਰੇ, ਕੋਈ ਵੀ ਉਸ ਨੌਜਵਾਨ ਨਸਲ ਵੱਲ ਬਾਂਹ ਨਾ ਵਧਾਵੇ ਜੋ ਗਹਿਰੀ ਖਾਈ 'ਚ ਡੁੱਬਦੀ ਜਾ ਰਹੀ ਹੈ ਤਾਂ ਇਹ ਗੱਲ ਸਾਫ ਚਿੱਟੇ ਦਿਨ ਵਾਂਗੂੰ ਸਮਝ ਆ ਰਹੀ ਹੈ ਕਿ ਸਰਕਾਰਾਂ ਯੋਜਨਾਬੱਧ ਤਰੀਕੇ ਨਾਲ ਪੰਜਾਬ ਨੂੰ ਤਬਾਹ ਕਰਨ 'ਤੇ ਤੁਲੀਆਂ ਹੋਈਆਂ ਹਨ ਤੇ ਪੰਜਾਬ ਦਾ ਬੁੱਧੀਜੀਵੀ ਕੋਈ ਆਪਣੇ-ਆਪ ਨੂੰ ਗੁਰੂ ਨਾਨਕ ਨਾਮ ਲੇਵਾ, ਕੋਈ ਗੁਰੂ ਰਵਿਦਾਸ ਨਾਮ ਲੇਵਾ, ਕੋਈ ਕਬੀਰ ਪੰਥੀਆ, ਕੋਈ ਅੰਬੇਡਕਰੀ ਤੇ ਕੋਈ ਹੋਰ ਤਗਮਾ ਲੈ ਕੇ ਆਪਣੇ ਛੋਟੇ-ਛੋਟੇ ਮਨੋਰਥਾਂ ਨੂੰ ਸਾਧਣ 'ਚ ਹੀ ਲੱਗੇ ਹੋਏ ਹਨ। ਸਿਰਫ਼ ਤੇ ਸਿਰਫ਼ ਏ. ਸੀ. ਕਮਰਿਆਂ ਵਿੱਚ ਬੈਠ ਕੇ ਗੱਲਾਂ ਕਰੀ ਜਾਣ ਨਾਲ ਹੀ ਕੁਝ ਨਹੀਂ ਸੁਧਰਨਾ, ਸਾਨੂੰ ਜ਼ਮੀਨੀ ਪੱਧਰ 'ਤੇ ਉਤਰਨਾ ਪਵੇਗਾ। ਇਸ ਵਕਤ ਤਾਂ ਖ਼ਾਸ ਕਰਕੇ ਪੰਜਾਬ, ਪੰਜਾਬੀ, ਪੰਜਾਬੀਅਤ ਨੂੰ ਬਣਾਈ ਰੱਖਣ ਲਈ ਵੀ ਮੈਦਾਨ 'ਚ ਆਉਣਾ ਪਵੇਗਾ, ਜਦੋਂ ਆਰ. ਐਸ. ਐਸ. ਆਪਣੇ ਮਨਸੂਬਿਆਂ ਨੂੰ ਲਾਗੂ ਕਰਵਾਉਣ ਲਈ ਪੰਜਾਬੀ ਭਾਸ਼ਾ 'ਤੇ ਜਾਂ ਖੇਤਰੀ ਭਾਸ਼ਾਵਾਂ 'ਤੇ ਜਿਵੇਂ ਧੌਂਸ ਦੀ ਰਾਜਨੀਤੀ ਕਰ ਰਹੀ ਹੈ, ਉਹਦੇ ਮੱਦੇਨਜ਼ਰ।
-ਅਜੇ ਕੁਮਾਰ

ਪਰਹੇਜ਼ ਇਲਾਜ ਤੋਂ ਬੇਹਤਰ ਹੈ

ਚਾਹੇ ਸਰੀਰਕ ਬਿਮਾਰੀ ਹੋਵੇ ਚਾਹੇ ਸਮਾਜਿਕ ਬਿਮਾਰੀ ਹੋਵੇ, ਇਨ੍ਹਾਂ ਦੋਨਾਂ ਬਿਮਾਰੀਆਂ ਦੇ ਵਧਣ ਦਾ ਮੁੱਖ ਕਾਰਣ ਸਮੇਂ ਸਿਰ ਪਰਹੇਜ਼ ਦਾ ਨਾ ਕਰਨਾ ਹੀ ਹੁੰਦਾ ਹੈ। ਸਰੀਰਕ ਬਿਮਾਰੀ ਦੀ ਗੱਲ ਕਰੀਏ ਤਾਂ ਇਹ ਬਿਮਾਰੀ ਘਰ ਦੀ ਗੰਦਗੀ ਤੋਂ ਲੈ ਕੇ ਬਾਹਰ ਦੀ ਗੰਦਗੀ ਤੋਂ ਸ਼ੁਰੂ ਹੁੰਦੀ ਹੈ। ਗੰਦਗੀ ਘਰ ਹੋਵੇ ਚਾਹੇ ਬਾਹਰ ਹੋਵੇ ਆਦਮੀ ਦੀ ਹੀ ਫੈਲਾਈ ਹੁੰਦੀ ਹੈ। ਆਲਸੀਆਂ ਤੇ ਮੂਰਖਾਂ ਨੂੰ ਛੱਡ ਕੇ ਘਰ ਦੀ ਸਫ਼ਾਈ ਤਕਰੀਬਨ ਸਾਰੇ ਲੋਕ ਹੀ ਕਰਦੇ ਹਨ। ਘਰ ਦੀ ਸਫ਼ਾਈ ਦੇ ਮਾਮਲੇ ਵਿੱਚ ਆਲਸੀਆਂ ਅਤੇ ਮੂਰਖਾਂ ਦੀ ਗਿਣਤੀ ਬਹੁਤ ਘੱਟ ਹੈ। ਪਰ ਬਾਹਰ ਦੀ ਸਫ਼ਾਈ ਰੱਖਣ ਵਿੱਚ ਦਿਲਚਸਪੀ ਕਿਤੇ ਲੱਖਾਂ ਵਿੱਚੋਂ ਇਕ ਜਾਂ ਦੋ ਬੰਦਿਆਂ ਦੀ ਹੀ ਹੁੰਦੀ ਹੈ। ਬਾਹਰ ਦੀ ਸਫ਼ਾਈ ਦੀ ਜ਼ਿੰਮੇਵਾਰੀ ਸਾਰੀ ਸਫ਼ਾਈ ਸੇਵਕਾਂ 'ਤੇ ਹੀ ਹੁੰਦੀ ਹੈ। ਇਕ ਪਾਸੇ ਜਿੱਥੇ ਸਮਾਜ ਦੇ ਉਹ ਲੋਕ ਜਿਹੜੇ ਗੰਦਗੀ ਫੈਲਾਉਂਦੇ ਹਨ, ਉਹ ਗੰਦਗੀ ਸਾਫ਼ ਕਰਨ ਵਾਲੇ ਕਰਮਚਾਰੀਆਂ ਨੂੰ ਨਫ਼ਰਤ ਭਰੀ ਨਿਗ੍ਹਾ ਨਾਲ ਦੇਖਦੇ ਹਨ। ਦੂਜੇ ਪਾਸੇ ਸਫ਼ਾਈ ਸੇਵਕਾਂ ਦੀ ਗਿਣਤੀ ਲੋੜ ਨਾਲੋਂ ਕਿਤੇ ਘੱਟ ਹੈ ਅਤੇ ਤਕਰੀਬਨ ਇਹ ਸਾਰੇ ਮਹਿਕਮਿਆਂ ਵਿੱਚ ਹਾਲੇ ਵੀ ਸਥਾਈ ਰੂਪ ਵਿੱਚ ਸਰਕਾਰੀ ਮੁਲਾਜ਼ਮ ਨਹੀਂ ਬਣੇ ਹਨ। ਆਮ ਜਨਤਾ ਦਾ ਆਪਣੇ ਘਰ ਦੇ ਆਲੇ-ਦੁਆਲੇ ਨੂੰ ਸਾਫ਼ ਰੱਖਣ 'ਚ ਦਿਲਚਸਪੀ ਨਾ ਲੈਣਾ ਅਤੇ ਸਫ਼ਾਈ ਕਰਮਚਾਰੀਆਂ ਦੀ ਗਿਣਤੀ ਬਹੁਤ ਜ਼ਿਆਦਾ ਘੱਟ ਹੋਣ ਕਰਕੇ ਲੋਕਾਂ ਨੂੰ ਅਨੇਕਾਂ ਪ੍ਰਕਾਰ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਰਸਾਤਾਂ ਦੇ ਦਿਨਾਂ ਵਿੱਚ ਹਰ ਸਾਲ ਕੋਈ ਨਾ ਕੋਈ ਨਵੀਂ ਬਿਮਾਰੀ ਆ ਕੇ ਲੋਕਾਂ ਨੂੰ ਚਿੰਬੜ ਜਾਂਦੀ ਹੈ ਜਿਸ ਕਰਕੇ ਖ਼ਾਸ ਕਰਕੇ ਗਰੀਬ ਵਰਗ ਦੀ ਸਿਹਤ ਦੇ ਨਾਲ-ਨਾਲ ਆਰਥਿਕ ਰੂਪ ਵਿੱਚ ਵੀ ਕਮਰ ਟੁੱਟ ਜਾਂਦੀ ਹੈ ਪਰ ਇਸ ਤਰਫ਼ ਨਾ ਤਾਂ ਸਰਕਾਰਾਂ ਦਾ ਧਿਆਨ ਹੈ ਤੇ ਨਾ ਹੀ ਉਨ੍ਹਾਂ ਲੋਕਾਂ ਦਾ ਜਿਨ੍ਹਾਂ ਨੂੰ ਇਹ ਭੁਗਤਣਾ ਪੈਂਦਾ ਹੈ। ਕਈ ਵਾਰ ਤਾਂ ਗੰਦਗੀ ਤੋਂ ਲੱਗਣ ਵਾਲੀਆਂ ਇਹ ਬਿਮਾਰੀਆਂ ਇੰਨੀਆਂ ਭਿਆਨਕ ਹੋ ਜਾਂਦੀਆਂ ਹਨ ਕਿ ਬਿਮਾਰ ਵਿਅਕਤੀ ਆਪਣਾ ਘਰ ਵੇਚ ਕੇ ਵੀ ਆਪਣੀ ਬਿਮਾਰੀ ਦਾ ਇਲਾਜ ਨਹੀਂ ਕਰਾ ਪਾਉਂਦਾ। ਆਪਣੇ ਘਰ ਤੋਂ ਬਾਹਰ ਸਫ਼ਾਈ ਰੱਖਣ ਵਿੱਚ ਯੋਗਦਾਨ ਨਾ ਪਾਉਣ ਦਾ ਖਮਿਆਜ਼ਾ ਸਾਨੂੰ ਤਕਰੀਬਨ ਸਾਰਿਆਂ ਨੂੰ ਭੁਗਤਣਾ ਪੈਂਦਾ ਹੈ। ਸਮਾਜਿਕ ਬਿਮਾਰੀਆਂ ਦਾ ਮੁੱਢ ਵੀ ਸਰੀਰਕ ਬਿਮਾਰੀ ਹੀ ਹੈ। ਅੱਜ ਸਮਾਜ ਵਿੱਚ ਨਸ਼ਾ, ਦਾਜ-ਦਹੇਜ, ਭਰੂਣ ਹੱਤਿਆ, ਜਾਤ-ਪਾਤ ਆਦਿ ਸਮਾਜਿਕ ਬੁਰਾਈਆਂ ਥੋਕ ਦੇ ਭਾਅ ਵਿੱਚ ਵਧਣ ਦਾ ਕਾਰਣ ਵੀ ਇਹ ਹੈ ਕਿ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਲਈ ਸਮੇਂ ਦੀਆਂ ਸਰਕਾਰਾਂ ਅਤੇ ਲੋਕਾਂ ਨੇ ਸਹੀ ਸਮੇਂ 'ਤੇ ਇਨ੍ਹਾਂ ਦਾ ਪਰਹੇਜ ਨਹੀਂ ਕੀਤਾ। ਹੁਣ ਇਹ ਬਿਮਾਰੀਆਂ ਵਿਕਰਾਲ ਰੂਪ ਧਾਰਨ ਕਰ ਚੁੱਕੀਆਂ ਹਨ। ਇਨ੍ਹਾਂ ਬਿਮਾਰੀਆਂ ਕਰਕੇ ਹੀ ਭਾਰਤ ਵਿੱਚ ਮਾਨਵਤਾ ਦਾ ਦਮ ਪੂਰੀ ਤਰ੍ਹਾਂ ਘੁੱਟਿਆ ਹੋਇਆ ਹੈ। ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਅੱਜ ਤੱਕ ਦੀਆਂ ਸਰਕਾਰਾਂ ਨੇ ਇਨ੍ਹਾਂ ਬਿਮਾਰੀਆਂ ਦਾ ਇਲਾਜ ਅੰਬੇਡਕਰਵਾਦ ਦੀ ਬਜਾਇ ਗਾਂਧੀਵਾਦ ਤਰੀਕੇ ਨਾਲ ਕਰਨਾ ਚਾਹਿਆ। ਗਾਂਧੀਵਾਦ ਹਰ ਬਿਮਾਰੀ ਦਾ ਹੱਲ ਟੈਂਪਰੇਰੀ ਤੌਰ 'ਤੇ ਕਰਦਾ ਹੈ, ਅੰਬੇਡਕਰਵਾਦ ਬਿਮਾਰੀ ਦਾ ਹੱਲ ਉਸ ਬਿਮਾਰੀ ਨੂੰ ਜੜ੍ਹੋਂ ਪੁੱਟ ਕੇ ਕਰਦਾ ਹੈ। ਜਿਵੇਂ ਗਾਂਧੀਵਾਦੀ ਸਰਕਾਰਾਂ ਗਰੀਬੀ ਨੂੰ ਖਤਮ ਕਰਨ ਲਈ ਸਬਸਿਡੀ, ਮੁਫ਼ਤ ਰਾਸ਼ਨ ਆਦਿ ਲੋਕਾਂ ਨੂੰ ਦੇ ਕੇ ਗਰੀਬੀ ਨੂੰ ਦੂਰ ਕਰਨਾ ਚਾਹੁੰਦੇ ਹਨ ਪਰ ਅੰਬੇਡਕਰਵਾਦ ਹਰ ਇਕ ਨੂੰ ਯੋਗ ਵਿਅਕਤੀ ਬਣਾ ਕੇ ਉਸ ਨੂੰ ਕੰਮ-ਧੰਦਾ, ਰੁਜ਼ਗਾਰ ਦੇ ਕੇ ਗਰੀਬੀ ਦੂਰ ਕਰਨਾ ਚਾਹੁੰਦਾ ਹੈ। ਗਾਂਧੀਵਾਦ ਕਹਿੰਦਾ ਹੈ ਕਿ ਜੇ ਕਿਸੇ ਬੱਚੇ ਦਾ ਸਕੂਲ ਦਾ ਇਮਤਿਹਾਨ ਹੋਵੇ ਤਾਂ ਚਾਹੇ ਉਹ ਬੱਚਾ ਘੱਟ ਪੜ੍ਹੇ, ਪਰ ਉਸ ਬੱਚੇ ਨੂੰ ਪੇਪਰ ਦੇਣ ਜਾਣ ਤੋਂ ਪਹਿਲਾਂ ਰੋਜ਼ ਦਹੀਂ ਖਾਣਾ ਚਾਹੀਦਾ ਹੈ, ਕਿਸੇ ਮੰਦਿਰ, ਮਸਜਿਦ ਜਾਂ ਕਿਸੇ ਵੀ ਧਾਰਮਿਕ ਸਥਾਨ 'ਤੇ ਜਾ ਕੇ ਮੱਥਾ ਜ਼ਰੂਰ ਟੇਕਣਾ ਚਾਹੀਦਾ ਹੈ ਪਰ ਅੰਬੇਡਕਰਵਾਦ ਕਹਿੰਦਾ ਹੈ ਕਿ ਉਸ ਬੱਚੇ ਨੂੰ ਬਿਲਕੁਲ ਆਪਣਾ ਸਮਾਂ ਕਿਸੇ ਹੋਰ ਕੰਮ 'ਚ ਖਰਾਬ ਨਹੀਂ ਕਰਨਾ ਚਾਹੀਦਾ ਬਲਕਿ ਉਸ ਨੂੰ ਆਪਣੇ ਪੇਪਰ ਦੀ ਤਿਆਰੀ ਕਰਨ ਵਿੱਚ ਹੀ ਸਾਰਾ ਸਮਾਂ ਲਗਾਉਣਾ ਚਾਹੀਦਾ ਹੈ।  ਇਸੇ ਤਰ੍ਹਾਂ ਸਮਾਜ ਵਿੱਚ ਫੈਲੀਆਂ ਹੋਰ ਬਿਮਾਰੀਆਂ ਦਾ ਇਲਾਜ ਵੀ ਸਮੇਂ ਦੀਆਂ ਸਰਕਾਰਾਂ ਗਾਂਧੀਵਾਦੀ ਤਰੀਕੇ ਨਾਲ ਅਖ਼ਬਾਰਾਂ, ਟੈਲੀਵਿਜ਼ਨ ਦੇ ਇਸ਼ਤਿਹਾਰਾਂ ਰਾਹੀਂ, ਫਲੈਕਸ ਬੋਰਡ ਲਗਾ ਕੇ ਅਤੇ ਫੋਕੇ ਦਾਅਵਿਆਂ ਨਾਲ ਕਰਨਾ ਚਾਹੁੰਦੀਆਂ ਹਨ। ਜਿਸ ਦਾ ਨਤੀਜਾ ਸਾਡੇ ਸਾਹਮਣੇ ਹੈ। ਅੱਜ ਭਾਰਤ ਦੇ ਵਿਕਾਸ ਦੀਆਂ ਨੀਹਾਂ ਦੂਸਰੇ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਕਮਜ਼ੋਰ ਹਨ। ਨਤੀਜੇ ਵਜੋਂ ਭਾਰਤ ਦੇ ਲਗਭਗ 75 ਰੁਪਏ ਦਾ ਇਕ ਅਮੇਰੀਕਨ ਡਾਲਰ ਮਿਲਦਾ ਹੈ। ਇਹ ਗਾਂਧੀਵਾਦੀ ਸੋਚ ਦਾ ਹੀ ਨਤੀਜਾ ਹੈ ਕਿ ਜਿਨ੍ਹਾਂ ਲੋਕਾਂ ਨੇ 200 ਸਾਲ ਸਾਡੇ ਦੇਸ਼ 'ਤੇ ਰਾਜ ਕੀਤਾ। ਅੱਜ ਸਾਡੇ ਦੇਸ਼ ਦਾ ਨੌਜਵਾਨ ਆਪਣਾ ਸਾਰਾ ਕੁਝ ਵੇਚ-ਵੱਟ ਕੇ ਇੱਥੋਂ ਤੱਕ ਕਿ ਆਪਣੀ ਜਿੰਦ-ਜਾਨ ਵੀ ਦਾਅ 'ਤੇ ਲਗਾ ਕੇ ਉਨ੍ਹਾਂ ਗੋਰਿਆਂ ਕੋਲ ਜਾ ਕੇ ਗੁਲਾਮੀ ਕਰਨ ਨੂੰ ਤਿਆਰ ਹੈ। ਉਹ ਸੋਚਦਾ ਹੈ ਕਿ ਇਥੇ ਦੀ ਆਜ਼ਾਦ ਜ਼ਿੰਦਗੀ ਨਾਲੋਂ ਉਥੇ ਗੋਰਿਆਂ ਦੀ ਗੁਲਾਮ ਜ਼ਿੰਦਗੀ ਚੰਗੀ ਹੈ। ਇਨ੍ਹਾਂ ਗਾਂਧੀਵਾਦੀ ਹਾਕਮਾਂ ਕਰਕੇ ਹੀ ਸਾਡਾ ਸਮਾਜ ਅਤੇ ਦੇਸ਼ ਤਰੱਕੀ ਦੀਆਂ ਲੀਹਾਂ ਤੋਂ ਉਤਰ ਕੇ ਪਾਖੰਡ ਅਤੇ ਆਡੰਬਰਵਾਦ ਵੱਲ ਵਧ ਰਿਹਾ ਹੈ ਜਿਹੜਾ ਕਿ ਸਾਡੇ ਸਾਰਿਆਂ ਦੀ ਸਿਹਤ ਲਈ ਬਹੁਤ ਖ਼ਤਰਨਾਕ ਹੈ। ਇਸ ਕਰਕੇ ਜੇ ਸਮਾਂ ਰਹਿੰਦੇ ਬਿਮਾਰੀਆਂ ਲੱਗਣ ਤੋਂ ਪਹਿਲਾਂ ਹੀ ਅਸੀਂ ਪਰਹੇਜ਼ ਨਾ ਕੀਤਾ ਤਾਂ ਸਥਿਤੀ ਹੋਰ ਵੀ ਭਿਆਨਕ ਹੋ ਜਾਵੇਗੀ। ਇਸ ਲਈ ਹਰ ਦੇਸ਼ ਵਾਸੀ ਦਾ ਪਰਮ ਧਰਮ ਅਤੇ ਫਰਜ਼ ਬਣਦਾ ਹੈ ਕਿ ਦੇਸ਼ ਨੂੰ ਨਾਜ਼ੁਕ ਦੌਰ 'ਚੋਂ ਕੱਢ ਕੇ ਸੁਨਿਹਰੀ ਯੁੱਗ ਵਿੱਚ ਲੈ ਜਾਣ ਲਈ ਭਾਰਤੀ ਸੰਵਿਧਾਨ ਦਾ ਪੂਰਾ ਸਤਿਕਾਰ ਅਤੇ ਇਮਾਨਦਾਰੀ ਨਾਲ ਇਸ ਦੀ ਪਾਲਣਾ ਕੀਤੀ ਜਾਵੇ ਕਿਉਂਕਿ ਭਾਰਤੀ ਸੰਵਿਧਾਨ ਦੇਸ਼ 'ਚ ਫੈਲੀ ਹਰ ਤਰ੍ਹਾਂ ਦੀ ਬਿਮਾਰੀ ਨੂੰ ਹੱਲ ਕਰਨ ਦੀ ਤਾਕਤ ਰੱਖਦਾ ਹੈ।

                                                                                                                            -ਅਜੇ ਕੁਮਾਰ

Friday 14 August 2020

ਬਾਬੇ ਨਾਨਕ ਦੀ ਤੱਕੜੀ ਤੇ ਗਰੀਬ ਦੇ ਹੰਝੂ

ਵਿਸ਼ਵ ਭਰ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਦਿਵਸ ਦੀਆਂ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਜਿੱਥੇ ਬਾਬੇ ਨਾਨਕ ਦੇ ਆਗਮਨ ਦਿਵਸ ਨੂੰ ਲੈ ਕੇ ਪ੍ਰਬੰਧਾਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਉੱਥੇ ਦੂਜੇ ਪਾਸੇ ਅਰਦਾਸਾਂ ਵੀ ਚੱਲ ਰਹੀਆਂ ਹਨ ਕਿ ਬਾਬੇ ਨਾਨਕ ਦਾ ਆਗਮਨ ਦਿਵਸ ਖੁਸ਼ੀਆਂ ਭਰਿਆ ਹੋਵੇ। ਅਜਿਹੇ ਮੌਕੇ 'ਤੇ ਗੁਰੂ ਨਾਨਕ ਸਾਹਿਬ ਦੇ ਜਨਮ ਸਥਾਨ ਅਤੇ ਉਨ੍ਹਾਂ ਦੀ ਕਰਮ ਭੂਮੀ ਜਿੱਥੇ ਉਨ੍ਹਾਂ ਨੇ ਸਭ ਤੋਂ ਜ਼ਿਆਦਾ ਸਮਾਂ ਬਿਤਾਇਆ ਹੈ ਉਸ ਜਗ੍ਹਾ ਦੇ ਹਾਲਾਤਾਂ 'ਤੇ ਵੀ ਗੌਰ ਫਰਮਾਉਣਾ ਲਾਜ਼ਮੀ ਹੈ। ਸ਼ਾਇਦ ਇਸ ਸਮੇਂ ਬਾਰਡਰ ਪਾਰ ਵਾਲੇ ਪੰਜਾਬ ਦੀ ਗੱਲ ਕਰਾਂਗੇ ਤਾਂ ਅਖੌਤੀ ਦੇਸ਼ ਪ੍ਰੇਮੀ ਮੇਰੇ ਵਿਚਾਰ ਨੂੰ ਤੋੜ-ਮਰੋੜ ਕੇ ਪੇਸ਼ ਕਰਕੇ ਆਪਣਾ ਹਲਵਾ-ਮੰਡਾ ਨਾ ਚਲਾ ਲੈਣ ਇਸ ਕਰਕੇ ਮੈਂ ਇਸ ਲੇਖ ਵਿੱਚ ਸਿਰਫ ਭਾਰਤ ਦੇ ਹਿੱਸੇ ਆਏ ਮੌਜੂਦਾ ਪੰਜਾਬ ਅਤੇ ਪੰਜਾਬੀਆਂ ਦੇ ਹਾਲਾਤਾਂ ਦੀ ਹੀ ਚਰਚਾ ਕਰਾਂਗਾ। ਇਸ ਸਮੇਂ ਮੌਜੂਦਾ ਪੰਜਾਬ ਦਾ ਹੇਠਲਾ ਪਾਣੀ ਗੰਧਲਾ ਵੀ ਹੈ ਤੇ ਖਤਮ ਹੋਣ ਦੀ ਕਗਾਰ 'ਤੇ ਵੀ ਹੈ। ਹਰ ਖਾਣ-ਪੀਣ ਦੀ ਚੀਜ਼ ਵਿੱਚ ਇੰਨੀ ਜ਼ਿਆਦਾ ਮਿਲਾਵਟ ਹੈ ਕਿ ਸ਼ਾਇਦ ਜੇ ਪੰਜਾਬੀਆਂ ਨੂੰ ਸ਼ੁੱਧ ਚੀਜ਼ ਖਾਣ ਨੂੰ ਮਿਲ ਜਾਵੇ ਤਾਂ 90 ਪ੍ਰਤੀਸ਼ਤ ਪੰਜਾਬੀ ਬਿਮਾਰ ਹੋ ਜਾਣਗੇ ਕਿਉਂਕਿ ਇਹ ਲੋਕ ਮਿਲਾਵਟੀ ਚੀਜ਼ਾਂ ਖਾਣ ਦੇ ਆਦੀ ਹੋ ਗਏ ਹਨ। ਪੰਜਾਬ 'ਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਦੂਸਰੇ ਪ੍ਰਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਹੈ ਤੇ ਹੋਰ ਤੇਜ਼ੀ ਨਾਲ ਵਧ ਰਹੀ ਹੈ। 7 ਲੱਖ ਨਸ਼ੇੜੀ ਆਪਣੇ ਇਰਦ-ਗਿਰਦ 70 ਲੱਖ ਲੋਕਾਂ ਨੂੰ ਸੂਲੀ 'ਤੇ ਟੰਗੀ ਬੈਠਾ ਹੈ। ਡਰੱਗ ਮਾਫੀਆ, ਰੇਤ ਮਾਫੀਆ, ਦੜਾ-ਸੱਟਾ ਮਾਫੀਆ, ਠੱਗ ਟਰੈਵਲ ਏਜੰਟਾਂ ਦੀ ਭਰਮਾਰ, ਗੈਂਗਸਟਰ ਅਤੇ ਦਮ ਤੋੜਦੀ ਕਾਨੂੰਨ ਵਿਵਸਥਾ ਸਿੱਧੇ ਤੌਰ 'ਤੇ ਸਾਫ ਬਿਆਨ ਕਰਦੀ ਹੈ ਕਿ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਵਾਲੇ ਲੋਕ ਪੰਜਾਬ ਵਿੱਚ ਨਾ-ਮਾਤਰ ਰਹਿ ਗਏ ਹਨ ਤੇ ਉਨ੍ਹਾਂ ਦੀ ਵਿਚਾਰਧਾਰਾ ਦੇ ਖਿਲਾਫ ਕੰਮ ਕਰਨ ਵਾਲੇ ਲੋਕ ਵੱਡੀ ਮਾਤਰਾ ਵਿੱਚ ਰਾਜ ਸੱਤਾ 'ਤੇ ਕਾਬਿਜ ਹੋ ਚੁੱਕੇ ਹਨ, ਦੂਜੇ ਪਾਸੇ ਉਨ੍ਹਾਂ ਦੇ ਨਾਮ 'ਤੇ ਦੁਕਾਨਦਾਰੀਆਂ ਖੋਲਣ ਵਾਲੇ ਲੋਕ ਕਾਫ਼ੀ ਹੱਦ ਤੱਕ ਧਰਮ ਦੇ ਠੇਕੇਦਾਰ ਬਣ ਕੇ ਧਾਰਮਿਕ ਪ੍ਰੋਗਰਾਮਾਂ 'ਤੇ ਸਭ ਤੋਂ ਮੂਹਰੇ ਹੁੰਦੇ ਹਨ। ਇਨ੍ਹਾਂ ਸਾਰੇ ਕਾਰਣਾਂ ਤੋਂ ਇਲਾਵਾ ਸਭ ਤੋਂ ਵੱਡੀ ਮਾਰ ਪੰਜਾਬ ਨੂੰ ਕੁਦਰਤੀ ਆਫ਼ਤਾਂ, ਪੰਜਾਬ ਦੇ ਨਾਲ ਲਗਦਾ ਗੁਆਂਢੀ ਦੁਸ਼ਮਣ ਦੇਸ਼ ਦਾ ਬਾਰਡਰ ਗਰੀਬ ਤੇ ਆਮ ਪੰਜਾਬੀ ਨੂੰ ਦਿਨ-ਰਾਤ ਰੋਣ ਲਈ ਮਜ਼ਬੂਰ ਕਰ ਰਿਹਾ ਹੈ ਤੇ ਦੂਰ-ਦੂਰ ਤੱਕ ਗਰੀਬ ਦੇ ਹੰਝੂ ਪੂੰਝਣ ਵਾਲਾ ਨਜ਼ਰ ਨਹੀਂ ਆ ਰਿਹਾ ਤੇ ਨਾ ਹੀ ਹੁਣ ਕਿਸੇ ਦੇ ਕੋਲ ਗੁਰੂ ਨਾਨਕ ਸਾਹਿਬ ਵਾਲੀ ਉਹ ਤੱਕੜੀ ਦੀ ਵਿਚਾਰਧਾਰਾ ਹੈ ਜੋ ਗਰੀਬ ਲਈ ਤੇਰਾ-ਤੇਰਾ ਤੋਲਦੀ ਸੀ। ਅਜੋਕੇ ਮਹੌਲ ਵਿੱਚ ਭਾਵੇਂ ਪੰਜਾਬ ਨੂੰ ਬਚਾਉਣ ਲਈ ਕਈ ਲੋਕ ਆਪਣੇ ਪੱਧਰ 'ਤੇ ਸਮਾਜ ਸੇਵੀ ਸੰਸਥਾਵਾਂ ਬਣਾ ਕੇ ਲੱਗੇ ਤਾਂ ਜ਼ਰੂਰ ਹੋਏ ਹਨ ਪਰ ਹਾਲੇ ਤਾਂ ਦੂਰ-ਦੂਰ ਤੱਕ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਿਤੇ ਨਜ਼ਰ ਨਹੀਂ ਆਉਂਦਾ। ਇੱਥੇ ਮੈਨੂੰ ਲੱਗਦਾ ਹੈ ਕਿ ਇਨ੍ਹਾਂ ਸਾਰੀਆਂ ਸਮਾਜਿਕ ਬੁਰਾਈਆਂ ਨੂੰ ਠੱਲ੍ਹ ਪਾਉਣ ਲਈ ਸਾਡੀ ਮਦਦ ਲਈ ਕੋਈ ਬਾਹਰੋਂ ਨਹੀਂ ਆਵੇਗਾ ਜਾਂ ਫਿਰ ਆਵੇ ਵੀ ਕਿਉਂ? ਇਸ ਦਾ ਹੱਲ ਸਾਨੂੰ ਆਪ ਹੀ ਆਪਣੇ ਪੰਜਾਬ 'ਚੋਂ ਹੀ ਲੱਭਣਾ ਪਵੇਗਾ। ਪਰ ਸਭ ਤੋਂ ਵੱਡੀ ਫਿਕਰ ਵਾਲੀ ਗੱਲ ਇਹ ਹੈ ਕਿ ਪੰਜਾਬ ਦਾ ਨੌਜਵਾਨ ਜ਼ਮੀਨਾਂ-ਜਾਇਦਾਦਾਂ ਵੇਚ ਕੇ ਆਪਣੀਆਂ ਤਮਾਮ ਸਹੂਲਤਾਂ ਛੱਡ ਕੇ ਖਾਸੇ ਪੈਸੇ ਲਾ ਕੇ ਵਿਦੇਸ਼ਾਂ ਵਿੱਚ ਦੂਸਰਿਆਂ ਦੇ ਤਰਲੇ-ਮਿੰਨਤਾਂ ਕਰਕੇ ਰੋਟੀ ਕਮਾਉਣ ਨੂੰ ਤਾਂ ਤਿਆਰ ਹੈ ਪਰ ਪੰਜਾਬ 'ਚ ਰਹਿ ਕੇ ਉੱਨੇ ਹੀ ਪੈਸੇ ਨਾਲ ਹੀ ਆਪਣਾ ਕਾਰੋਬਾਰ ਕਰਨ ਦੇ ਨਾਲ-ਨਾਲ ਪੰਜਾਬ 'ਚ ਇਨ੍ਹਾਂ ਬੁਰਾਈਆਂ ਦੇ ਖਿਲਾਫ ਲੜਨ ਤੋਂ ਕਤਰਾਉਂਦਾ ਹੈ। ਇੱਥੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਨੌਜਵਾਨਾਂ ਦੇ ਮਾਂ-ਬਾਪ ਵੀ ਇਹ ਗੱਲ ਸਮਝ ਚੁੱਕੇ ਹਨ ਕਿ ਪੰਜਾਬ ਕੰਗਾਲ ਹੋ ਚੁੱਕਿਆ ਹੈ, ਪੰਜਾਬ ਬੰਜਰ ਹੋਣ ਜਾ ਰਿਹਾ ਹੈ, ਇਸ ਲਈ ਉਹ ਸਮਾਂ ਰਹਿੰਦੇ ਆਪਣੇ ਬੱਚੇ ਦੇ ਭਵਿੱਖ ਨੂੰ ਆਪਣੀਆਂ ਅੱਖਾਂ ਅੱਗੇ ਸੰਵਰਦਾ ਦੇਖਣਾ ਚਾਹੁੰਦੇ ਹਨ। ਉਨ੍ਹਾਂ ਨੇ ਇਸ ਗੱਲ ਨਾਲ ਵੀ ਸਮਝੌਤਾ ਕਰ ਲਿਆ ਹੈ ਕਿ ਭਾਵੇਂ ਮੇਰਾ ਧੀ-ਪੁੱਤ ਬਾਹਰ ਦੂਜਿਆਂ ਦੀ ਨੌਕਰੀ ਕਰ ਲਵੇ ਪਰ ਅਜਿਹੇ ਗੰਦੇ ਮਹੌਲ ਵਿੱਚ ਮੈਂ ਉਸ ਨੂੰ ਨਹੀਂ ਰਹਿਣ ਦਿਆਂਗਾ। ਤੇ ਹੁਣ ਸਾਡਾ ਸਾਰਿਆਂ ਦਾ ਸੋਚਣਾ ਇਹ ਬਣਦਾ ਹੈ ਕਿ ਸਾਨੂੰ ਬਾਬੇ ਨਾਨਕ ਦੇ ਦਿਖਾਏ ਹੋਏ ਰਸਤੇ 'ਤੇ ਚੱਲ ਕੇ ਉਨ੍ਹਾਂ ਦੀ ਕਰਮ ਭੂਮੀ 'ਤੇ ਫੈਲ ਰਹੀਆਂ ਅਜਿਹੀਆਂ ਖਤਰਨਾਕ ਤੇ ਘਟੀਆ ਸਮਾਜਿਕ ਬੁਰਾਈਆਂ ਦੇ ਖਿਲਾਫ ਇਕਜੁੱਟ ਹੋ ਕੇ ਲੜਨ ਦੀ ਰਣਨੀਤੀ ਘੜਨੀ ਚਾਹੀਦੀ ਹੈ ਕਿ ਨਹੀਂ। ਸੋ ਮੈਂ ਆਪਣੇ ਪਾਠਕਾਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਅਸੀਂ ਅਜਿਹੀਆਂ ਸਾਰੀਆਂ ਬਿਮਾਰੀਆਂ ਦੇ ਖਿਲਾਫ ਲੜਨ ਦਾ ਮਨ ਪਿਛਲੇ ਕਈ ਸਾਲਾਂ ਤੋਂ ਬਣਾਇਆ ਹੋਇਆ ਹੈ ਤੇ ਆਪਣੀ ਸਮਰੱਥਾ ਮੁਤਾਬਕ ਲੜ ਵੀ ਰਹੇ ਹਾਂ। ਇਸ ਕੜੀ ਵਿੱਚ 'ਆਪਣੀ ਮਿੱਟੀ' ਅਖ਼ਬਾਰ ਨੇ ਕਈ ਸਮਾਜ ਸੇਵੀ ਸੰਸਥਾਵਾਂ ਜੋੜੀਆਂ ਹਨ ਜਿਨ੍ਹਾਂ ਵਿੱਚ ਖੂਨਦਾਨ ਦੇਣ ਵਾਲੀਆਂ, ਨਸ਼ਾ ਛੁਡਾਊ ਅਤੇ ਵਾਤਾਵਰਣ ਦੇ ਨਾਲ-ਨਾਲ ਸਿੱਖਿਆ ਦੇ ਖੇਤਰ ਵਿੱਚ ਕੰਮ ਕਰਨ ਵਾਲੀਆਂ ਸੰਸਥਾਵਾਂ ਹਨ। ਜੇਕਰ ਤੁਸੀਂ ਵੀ ਇਨ੍ਹਾਂ ਬੁਰਾਈਆਂ ਦੇ ਖ਼ਿਲਾਫ ਸਾਡਾ ਮਾਰਗ ਦਰਸ਼ਨ ਜਾਂ ਸਾਡਾ ਸਹਿਯੋਗ ਕਰਨਾ ਚਾਹੁੰਦੇ ਹੋ ਤਾਂ ਉਮੀਦ ਹੈ ਸਾਨੂੰ ਤੁਸੀਂ ਜ਼ਰੂਰ ਸੰਪਰਕ ਕਰੋਗੇ ਤਾਂ ਜੋ ਅਸੀਂ ਬਾਬੇ ਨਾਨਕ ਦੇ ਨਕਲੀ ਵਾਰਸਾਂ ਤੋਂ ਮੁਕਤੀ ਪਾ ਕੇ ਹਰ ਤਰ੍ਹਾਂ ਦੇ ਗਲਤ ਅਨਸਰਾਂ ਨੂੰ ਮੂੰਹ ਤੋੜ ਜਵਾਬ ਦੇ ਸਕੀਏ। ਭਾਵੇਂ ਉਹ ਖੇਤਰ ਧਾਰਮਿਕ ਹੋਵੇ, ਸਿਆਸੀ ਹੋਵੇ ਤੇ ਭਾਵੇਂ ਸਮਾਜਿਕ ਹੋਵੇ। ਹਰ ਖੇਤਰ 'ਚ ਹਰ ਤਰ੍ਹਾਂ ਦੀ ਬੁਰਾਈ ਦੇ ਖਿਲਾਫ ਲੜਾਈ ਲੜਨ ਦਾ ਤੁਹਾਨੂੰ ਖੁੱਲ੍ਹਾ ਸੱਦਾ ਹੈ।

                                                                                                                            ਅਜੈ ਕੁਮਾਰ

ਲੋਕਤੰਤਰ ਜਾਂ ਲੋਕ ਛਡਯੰਤਰ

ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਲੋਕਤੰਤਰ ਤੋਂ ਭਾਵ ਹੈ ਲੋਕਾਂ ਦੁਆਰਾ, ਲੋਕਾਂ ਲਈ ਚੁਣੀ ਗਈ ਸਰਕਾਰ। ਬੀਤੀਆਂ ਲੋਕ ਸਭਾ ਚੋਣਾਂ ਦੌਰਾਨ ਲੀਡਰਾਂ ਦੀ ਬਦਜ਼ੁਬਾਨੀ, ਬੇਸ਼ਰਮੀ, ਉਨ੍ਹਾਂ ਦੇ ਸਮਰਥਕਾਂ ਵੱਲੋਂ ਗੁੰਡਾਗਰਦੀ, ਖਰੀਦੋ-ਫਰੋਖਤ ਆਦਿ ਦੀ ਵਿਸਥਾਰ ਪੂਰਵਕ ਜੇ ਚਰਚਾ ਕੀਤੀ ਜਾਵੇ ਤਾਂ ਬੀਤੀਆਂ ਚੋਣਾਂ ਲੜਨ ਵਾਲਿਆਂ ਨੇ ਸੰਵਿਧਾਨ ਦੀਆਂ ਧੱਜੀਆਂ ਉਡਾਉਂਦੇ ਹੋਏ ਹਰ ਹੱਦ ਨੂੰ ਵੀ ਪਾਰ ਕਰ ਲਿਆ ਜਿਸ ਕਾਰਣ ਸੰਵਿਧਾਨਿਕ ਵਿਭਾਗ ਚੋਣ ਕਮਿਸ਼ਨ ਵੀ ਕਟਹਿਰੇ ਵਿੱਚ ਖੜ੍ਹਾ ਹੋ ਗਿਆ। ਹਾਲਾਂਕਿ ਸਰਵੇਖਣ ਅਨੁਸਾਰ ਸਰਕਾਰ ਦਾ 5 ਹਜ਼ਾਰ ਕਰੋੜ ਰੁਪਇਆ ਚੋਣਾਂ ਕਰਾਉਣ 'ਤੇ ਖਰਚ ਆਇਆ ਹੈ। ਜਦਕਿ ਦੂਜੇ ਪਾਸੇ ਲਗਭਗ 70 ਹਜ਼ਾਰ ਕਰੋੜ ਰੁਪਇਆ ਉਮੀਦਵਾਰਾਂ, ਉਨ੍ਹਾਂ ਦੀਆਂ ਪਾਰਟੀਆਂ ਅਤੇ ਸਮਰਥਕਾਂ ਨੇ ਚੋਣਾਂ 'ਤੇ ਖਰਚ ਕੀਤਾ ਹੈ। ਸਰਸਰੀ ਝਾਤ ਮਾਰੀਏ ਤਾਂ ਅੰਕੜਿਆਂ ਅਨੁਸਾਰ 4 ਮਈ 2019 ਤੱਕ 14.2 ਕਰੋੜ ਲੀਟਰ ਨਜਾਇਜ਼ ਸ਼ਰਾਬ ਫੜੀ ਗਈ ਸੀ ਤੇ 3,331 ਕਰੋੜ ਦੀ ਨਗਦੀ ਅਤੇ ਗਹਿਣੇ ਫੜੇ ਗਏ ਸਨ। 66,417 ਕਿਲੋ ਤੋਂ ਜ਼ਿਆਦਾ ਨਸ਼ੀਲੇ ਪਦਾਰਥ ਫੜੇ ਗਏ ਸਨ। ਜਿਨ੍ਹਾਂ ਦੀ ਕੀਮਤ ਲਗਭਗ 12 ਅਰਬ 38 ਕਰੋੜ 89 ਲੱਖ ਰੁਪਏ ਸੀ। ਸਾਨੂੰ ਸਾਰਿਆਂ ਨੂੰ ਇੱਥੋਂ ਹੀ ਹਿਸਾਬ ਲਗਾ ਲੈਣਾ ਚਾਹੀਦਾ ਹੈ ਕਿ ਭਾਰਤ ਦਾ ਲੋਕਤੰਤਰ ਕਿੰਨੇ ਹੇਠਲੇ ਪੱਧਰ ਤੱਕ ਜਾ ਚੁੱਕਿਆ ਹੈ। ਤੰਤਰ ਦਾ ਹਾਲ ਤਾਂ ਸਾਰਿਆਂ ਸਾਹਮਣੇ ਹੀ ਹੈ ਕਿ ਚੋਣਾਂ ਕਰਵਾਉਣ ਲਈ ਵੀ 7 ਗੇੜਾਂ ਵਿੱਚ ਚੋਣਾਂ ਕਰਵਾਉਣੀਆਂ ਪਈਆਂ। ਪ੍ਰਦੇਸ਼ਾਂ ਦੀ ਪੁਲਿਸ ਦੇ ਨਾਲ ਲੱਖਾਂ ਦੀ ਗਿਣਤੀ ਵਿੱਚ ਅਰਧ-ਸੈਨਿਕ ਬਲ, ਮਿਲਟਰੀ ਅਤੇ ਹੋਰ ਸਰਕਾਰੀ ਖੁਫੀਆ ਏਜੰਸੀਆਂ ਦੀ ਵੀ ਡਿਊਟੀ ਲਗਾਉਣ ਦੇ ਬਾਵਜੂਦ ਚੋਣਾਂ ਦੌਰਾਨ ਲੜਾਈ-ਝਗੜੇ, ਮਾਰਕੁੱਟ, ਇਕ ਦੂਜੇ ਦੀਆਂ ਸ਼ਿਕਾਇਤਾਂ ਦੇ ਪਿਛਲੇ ਸਾਰੇ ਰਿਕਾਰਡ ਟੁੱਟ ਗਏ। ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੁਣ ਤੱਕ ਦੀਆਂ ਚੁਣੀਆਂ ਗਈਆਂ ਸਰਕਾਰਾਂ ਦੀ ਸੰਵਿਧਾਨ ਪ੍ਰਤੀ ਅਣਦੇਖੀ ਹਮੇਸ਼ਾ ਰਹੀ ਹੈ। ਜਿਸ ਦਾ ਨਤੀਜਾ ਕਰੋੜਾਂ ਲੋਕ ਭੁਗਤ ਰਹੇ ਹਨ। ਮਿਸਾਲ ਦੇ ਤੌਰ 'ਤੇ 40 ਕਰੋੜ ਭਾਰਤੀ ਰੋਜ਼ ਰਾਤੀ ਭੁੱਖੇ ਸੌਂਦੇ ਹਨ ਤੇ ਦੂਜੇ ਪਾਸੇ ਭਾਰਤ ਵਿੱਚ 2 ਕਰੋੜ ਟਨ ਤੋਂ ਵੱਧ ਅਨਾਜ ਹਰ ਸਾਲ ਖਰਾਬ ਹੁੰਦਾ ਹੈ। ਜਿੰਨਾ ਖਾਦ ਪਦਾਰਥ ਪੈਦਾ ਹੁੰਦਾ ਹੈ, ਉਸ ਦਾ 40 ਪ੍ਰਤੀਸ਼ਤ ਤੋਂ ਜ਼ਿਆਦਾ ਖਰਾਬ ਹੋ ਜਾਂਦਾ ਹੈ। ਸੰਯੁਕਤ ਰਾਸ਼ਟਰ ਮੁਤਾਬਕ ਭਾਰਤ ਵਿੱਚ ਹਰ ਸਾਲ 50 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਖਾਣਾ ਬਰਬਾਦ ਹੁੰਦਾ ਹੈ।  ਦੇਸ਼ ਵਿੱਚ ਹਰ ਰੋਜ਼ ਸਰਕਾਰੀ ਮੁਲਾਜ਼ਮਾਂ ਅਤੇ ਸਰਕਾਰ ਦੇ ਖ਼ਿਲਾਫ ਹੋਣ ਵਾਲੇ ਧਰਨੇ-ਪ੍ਰਦਰਸ਼ਨਾਂ ਦੀ ਗਿਣਤੀ ਲਗਭਗ 2 ਹਜ਼ਾਰ ਤੋਂ ਵੱਧ ਹੈ। ਜੇਕਰ ਪਿਛਲੀਆਂ ਸਰਕਾਰਾਂ ਤੇ ਉਨ੍ਹਾਂ ਦੇ ਲੀਡਰ ਭ੍ਰਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਗਏ ਸਨ ਤਾਂ ਕੀ ਕਾਰਣ ਹੈ ਕਿ ਜਿਨ੍ਹਾਂ ਲੋਕਾਂ ਨੇ ਇਸ ਵਾਰ 70 ਹਜ਼ਾਰ ਕਰੋੜ ਰੁਪਇਆ ਚੋਣਾਂ 'ਤੇ ਖਰਚ ਕੀਤਾ ਹੈ, ਉਹ ਦੇਸ਼ ਨੂੰ ਲੁੱਟਣ ਵਿੱਚ ਕਿਸੇ ਤਰ੍ਹਾਂ ਦੀ ਕਮੀ ਰੱਖਣਗੇ ਇਹ ਗੱਲ ਸਾਡੀ ਸਮਝ ਤੋਂ ਪਰ੍ਹੇ ਹੈ ਕਿਉਂਕਿ ਜਿਨ੍ਹਾਂ ਨੇ ਇੰਨਾ ਪੈਸਾ ਖਰਚਿਆ ਹੈ ਉਨ੍ਹਾਂ ਨੇ ਚੁੱਪ ਕਰਕੇ ਨਹੀਂ ਬੈਠਣਾ। ਇਸ ਲਈ ਇਹ ਗੱਲ ਯਕੀਨੀ ਹੈ ਕਿ ਪੈਸਾ ਖਰਚ ਕਰਨ ਵਾਲੇ ਆਪਣਾ ਪੈਸਾ ਕਈ ਗੁਣਾ ਜ਼ਿਆਦਾ ਜ਼ਰੂਰ ਵਸੂਲਣਗੇ, ਚਾਹੇ ਢੰਗ ਉਨ੍ਹਾਂ ਦਾ ਕੋਈ ਵੀ ਹੋਵੇ। ਸੋ ਅੱਜ ਤੱਕ ਦੀਆਂ ਚੋਣਾਂ ਦੇ ਤਰੀਕਿਆਂ ਨੂੰ ਦੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਲੋਕਤੰਤਰ ਦਾ ਬੇੜਾ ਗਰਕ ਕਰਨ ਲਈ ਕੁਝ ਲੋਕ ਮਿਲ ਕੇ ਛਡਯੰਤਰ ਰਚਦੇ ਹਨ ਜਿਨ੍ਹਾਂ ਕਰਕੇ ਚੋਣਾਂ ਦੌਰਾਨ ਵੋਟਰ ਉਨ੍ਹਾਂ ਦੇ ਝਾਂਸੇ 'ਚ ਆ ਕੇ ਆਪਣੀ ਮਨ ਮਰਜ਼ੀ ਨਾਲ ਵੋਟ ਪਾਉਣ ਤੋਂ ਵਾਂਝਾ ਰਹਿ ਜਾਂਦਾ ਹੈ ਸੋ ਇਸ ਲਈ ਲੋਕਤੰਤਰ, ਲੋਕਤੰਤਰ ਨਾ ਹੋ ਕੇ ਲੋਕ ਛਡਯੰਤਰ ਬਣ ਜਾਂਦਾ ਹੈ। ਹੁਣ ਦੇਖਣਾ ਇਹ ਹੈ ਕਿ ਚੋਣਾਂ ਜਿੱਤ ਕੇ ਬਣੀ ਨਵੀਂ ਸਰਕਾਰ ਮੂਹਰੇ ਜਿਹੜੇ ਮਸਲੇ ਫਨੀਅਰ ਸੱਪ ਵਾਂਗੂੰ ਸਾਹਮਣੇ ਖੜ੍ਹੇ ਹਨ ਉਨ੍ਹਾਂ ਦਾ ਉਹ ਕਿਸ ਢੰਗ ਨਾਲ ਹੱਲ ਕਰਦੇ ਹਨ ਤਾਂ ਜੋ ਲੋਕਤੰਤਰ ਮਜਬੂਤੀ ਨਾਲ ਬਹਾਲ ਰਹਿ ਸਕੇ ਅਤੇ ਮੌਜੂਦਾ ਤੰਤਰ ਵਿੱਚ ਵੀ ਖਾਸਾ ਤਬਦੀਲੀ ਲਿਆ ਕੇ ਇਸ ਨੂੰ ਹੋਰ ਤਾਕਤਵਰ ਬਣਾਇਆ ਜਾ ਸਕੇ। ਹੁਣ ਗੱਲ ਕਰਦੇ ਹਾਂ ਮੌਜੂਦਾ ਮੁੱਖ ਭਖਵੇਂ ਮਸਲਿਆਂ ਦੀ ਜਿਨ੍ਹਾਂ 'ਚੋਂ ਬੇਰੁਜ਼ਗਾਰੀ, ਸਹਿਮ ਦਾ ਮਹੌਲ, ਅਸੁਰੱਖਿਅਤ ਲੋਕ, ਮਹਿੰਗਾਈ, ਵਧਦੀ ਜਨ-ਸੰਖਿਆ, ਅੱਤਵਾਦ, ਗੈਂਗਸਟਰ, ਮਜ੍ਹਬੀ ਦੰਗੇ, ਡਿਗਦਾ ਸਿੱਖਿਆ ਦਾ ਪੱਧਰ ਆਦਿ ਅਜਿਹੇ ਹੋਰ ਵੀ ਕਈ ਮਸਲੇ ਹਨ ਜਿਨ੍ਹਾਂ ਨੂੰ ਹੱਲ ਕਰਨ ਵਿੱਚ ਮੌਜੂਦਾ ਸਰਕਾਰ ਪਿਛਲੀ ਵਾਰੀ ਬੁਰੀ ਤਰ੍ਹਾਂ ਨਾਕਾਮਯਾਬ ਹੋ ਗਈ ਸੀ। ਸੋ ਇਹ ਮਸਲੇ ਹਾਲੇ ਵੀ ਉਨ੍ਹਾਂ ਸਾਹਮਣੇ ਜਿਉਂ ਦੀ ਤਿਉਂ ਹੀ ਖੜ੍ਹੇ ਹਨ, ਜਿਨ੍ਹਾਂ ਦਾ ਸਮਾਂ ਰਹਿੰਦੇ ਹੱਲ ਕਰਨਾ ਉਨ੍ਹਾਂ ਲਈ ਤੇ ਦੇਸ਼ ਲਈ ਬਹੁਤ ਜ਼ਰੂਰੀ ਹੈ। ਇਸ ਗੱਲ ਦੀ ਪੱਕੀ ਗਰੰਟੀ ਹੈ ਕਿ ਜੇਕਰ ਮੌਜੂਦਾ ਸਰਕਾਰ ਦੀ ਇੱਛਾ ਸ਼ਕਤੀ ਮਜ਼ਬੂਤ ਹੋਈ ਤਾਂ ਭਾਰਤੀ ਸੰਵਿਧਾਨ ਵਿੱਚ ਇੰਨੀ ਤਾਕਤ ਜ਼ਰੂਰ ਹੈ ਕਿ ਸਾਰੇ ਮਸਲੇ ਸਰਕਾਰ ਬੜੇ ਸੁਚੱਜੇ ਢੰਗ ਨਾਲ ਹੱਲ ਕਰਕੇ ਲੋਕਤੰਤਰ ਨੂੰ ਹੋਰ ਖੂਬਸੂਰਤ ਬਣਾਉਣ ਲਈ ਤੰਤਰ ਨੂੰ ਵਧੀਆ ਤੇ ਮਜ਼ਬੂਤ ਕਰ ਸਕਦੀ ਹੈ। ਕਿਉਂਕਿ ਸਾਨੂੰ ਸਾਰਿਆਂ ਨੂੰ ਤੇ ਸਰਕਾਰ ਨੂੰ ਵੀ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਆਖਿਰਕਾਰ ਉਨ੍ਹਾਂ ਨੇ ਲੋਕਾਂ ਕੋਲੋਂ ਵੱਡਾ ਫਤਵਾ ਲਿਆ ਹੈ। ਸੋ ਅਜਿਹੇ ਸਾਰੇ ਮਸਲਿਆਂ ਦਾ ਹੱਲ ਚੁਣੀ ਹੋਈ ਸਰਕਾਰ 'ਤੇ ਨਿਰਭਰ ਕਰਦਾ ਹੈ ਕਿ ਉਹ ਇਨ੍ਹਾਂ ਮਸਲਿਆਂ ਦੇ ਨਾਲ ਬਾਕੀ ਮਸਲਿਆਂ ਨੂੰ ਕਿਵੇਂ ਹੱਲ ਕਰਦੀ ਹੈ ਤੇ ਕਿੰਨੀ ਛੇਤੀ ਤਰਜੀਹ ਦਿੰਦੀ ਹੈ।  ਇੱਥੇ ਇਹ ਵੀ ਇਕ ਖਾਸ ਜ਼ਿਕਰਯੋਗ ਗੱਲ ਹੈ  ਕਿ ਲੋਕਤੰਤਰ ਦਾ ਚੌਥਾ ਸਤੰਭ ਮੀਡੀਆ ਜਿਸ ਦਾ ਕੰਮ ਸਰਕਾਰਾਂ ਨੂੰ ਸ਼ੀਸ਼ਾ ਦਿਖਾਉਣਾ ਹੈ ਤੇ ਸਰਕਾਰ ਦੀਆਂ ਨਾਕਾਮੀਆਂ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਹੈ ਉਹ ਇਸ ਸਮੇਂ ਗਾਂਧੀ ਦੇ ਤਿੰਨ ਬਾਂਦਰਾਂ ਨੂੰ ਆਪਣਾ ਆਦਰਸ਼ ਮੰਨ ਬੈਠਾ ਹੈ। ਉਹਨੇ ਸੱਚਾਈ ਤੋਂ ਆਪਣੀਆਂ ਅੱਖਾਂ ਮੋੜ ਲਈਆਂ, ਸਰਕਾਰ ਵਿਰੋਧੀ ਕਿਸੇ ਵੀ ਗੱਲ ਤੋਂ ਕੰਨ ਬੰਦ ਕਰ ਲਏ ਤੇ ਲੋਕ ਹਿੱਤਾਂ ਵਿੱਚ ਬੋਲਣਾ ਮੀਡੀਆ ਭੁੱਲ ਹੀ ਚੁੱਕਾ ਹੈ। ਜਿਸ ਤਰ੍ਹਾਂ ਦੇ ਜ਼ਿੰਮੇਵਾਰ ਅਤੇ ਗੰਭੀਰ ਮੀਡੀਆ ਦੀ ਉਮੀਦ ਕੀਤੀ ਜਾਂਦੀ ਹੈ ਅੱਜ ਦਾ ਮੀਡੀਆ ਉਸ ਦੇ ਆਸ-ਪਾਸ ਵੀ ਨਹੀਂ ਹੈ। ਕਹਿੰਦੇ ਨੇ ਕਿ ਮੀਡੀਆ ਵਿਕ ਚੁੱਕਿਆ ਹੈ। ਜਿਸ ਦੇਸ਼ ਦਾ ਮੀਡੀਆ ਵਿਕ ਚੁੱਕਿਆ ਹੋਵੇ ਉਸ ਦੇਸ਼ ਦਾ ਲੋਕਤੰਤਰ ਕਦੋਂ ਤੱਕ ਮਜ਼ਬੂਤ ਰਹੇਗਾ, ਇਹ ਸਭ ਤੋਂ ਵੱਡੀ ਸੋਚ-ਵਿਚਾਰਨ ਦੀ ਗੱਲ ਹੈ। ਅਖੀਰ ਵਿੱਚ ਇਸ ਲੇਖ ਰਾਹੀਂ ਉਮੀਦ ਕਰਦਾ ਹਾਂ ਕਿ ਪਾਠਕ ਮੀਡੀਆ ਨੂੰ ਤਕੜਾ ਕਰਨ 'ਚ, ਸੰਵਿਧਾਨ ਨੂੰ ਲਾਗੂ ਕਰਵਾਉਣ ਵਿੱਚ ਮੂਹਰੇ ਹੋ ਕੇ ਕੰਮ ਕਰਨਗੇ ਤਾਂ ਜੋ ਲੋਕਤੰਤਰ ਨੂੰ ਲੋਕ ਛਡਯੰਤਰ ਵਿੱਚ ਬਦਲਣ ਤੋਂ ਸਮਾਂ ਰਹਿੰਦੇ ਬਚਾਇਆ ਜਾ ਸਕੇ।

-ਅਜੈ ਕੁਮਾਰ