Monday 16 November 2015

ਅੰਬੇਡਕਰੀ ਸੋਚ ਸਮੇਂ ਦੀ ਜ਼ਰੂਰਤ

ਦੇਸ਼ ਇਸ ਸਮੇਂ ਬੜੇ ਨਾਜ਼ੁਕ ਦੌਰ 'ਚੋਂ ਗੁਜ਼ਰ ਰਿਹਾ ਹੈ। ਅਮੀਰੀ-ਗਰੀਬੀ ਦਾ ਪਾੜਾ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਮਨੁੱਖ ਦੀਆਂ ਕਦਰਾਂ-ਕੀਮਤਾਂ ਦੀ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਰਹੀ। ਧਰਮ ਦੇ ਨਾਂ 'ਤੇ ਦੰਗੇ, ਜਾਤ ਦੇ ਨਾਂ 'ਤੇ ਦੰਗੇ, ਚੋਣਾਂ 'ਚ ਜਿੱਤ ਪ੍ਰਾਪਤ ਕਰਨ ਲਈ ਦੰਗੇ ਕਰਨੇ-ਕਰਾਉਣੇ ਭਾਰਤ ਵਿੱਚ ਆਮ ਜਿਹੀ ਗੱਲ ਹੈ। ਕਹਿਣ ਦਾ ਭਾਵ ਇਹ ਹੈ ਕਿ ਚੰਦ ਪਰਿਵਾਰਾਂ ਨੂੰ ਜਾਂ ਚੰਦ ਹਸਤੀਆਂ ਨੂੰ ਛੱਡ ਦਈਏ ਤਾਂ ਬਾਕੀ ਹਰ ਭਾਰਤੀ ਅਸੁਰੱਖਿਅਤ ਹੈ ਅਤੇ ਉਹ ਡਰ ਦੇ ਮਾਹੌਲ ਵਿੱਚ ਜੀ ਰਿਹਾ ਹੈ। ਇਸ ਦਾ ਮੁੱਖ ਕਾਰਣ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਕਾਨੂੰਨ ਦੇ ਮੁਤਾਬਕ ਚੱਲਣ ਦੀ ਬਜਾਏ ਦੇਸ਼ ਨੂੰ ਆਪਣੇ ੰਸੰਪ੍ਰਦਾਇ, ਆਪਣੇ ਧਰਮ ਮੁਤਾਬਕ ਚਲਾਉਣ ਦੀ ਕੋਸ਼ਿਸ਼ ਕੀਤੀ। ਸਰਕਾਰਾਂ ਨੇ ਦੇਸ਼ ਨੂੰ ਆਪਣੇ ਹਿੱਤ, ਆਪਣੇ ਪਰਿਵਾਰ ਦੇ ਹਿੱਤ ਅਤੇ ਆਪਣੇ ਚੇਲੇ-ਚਪਾਟਿਆਂ ਦੇ ਸਵਾਰਥ ਹਿੱਤ ਨੀਤੀਆਂ ਤਿਆਰ ਕਰਕੇ ਭਾਰਤੀ ਸੰਵਿਧਾਨ ਦੀ ਖਾਸੀਅਤ 'ਅਨੇਕਤਾ 'ਚ ਏਕਤਾ' ਨੂੰ ਪੂਰੀ ਤਰ੍ਹਾਂ ਨਸ਼ਟ ਕਰਨ ਦੇ ਪੂਰੇ ਯਤਨ ਕੀਤੇ । ਨਤੀਜੇ ਵਜੋਂ ਇਸ ਸਮੇਂ ਭਾਰਤ ਅੱਜ ਦੇ ਵਿਗਿਆਨਕ ਯੁੱਗ ਵਿੱਚ ਵਿਗਿਆਨਕ ਸੋਚ ਨੂੰ ਅਪਣਾ ਕੇ ਅੱਗੇ ਵਧਣ ਦੀ ਬਜਾਏ ਰੂੜ੍ਹੀਵਾਦੀ ਸੋਚ ਨੂੰ ਲੈ ਕੇ ਤੇਜ਼ੀ ਨਾਲ ਉਸ ਹਨ੍ਹੇਰੀ ਗੁਫਾ ਵੱਲ ਜਾ ਰਿਹਾ ਹੈ ਜਿਸ ਵਿੱਚ ਰੌਸ਼ਨੀ ਦੀ ਕਿਰਣ ਪੁੱਜਣਾ ਬਹੁਤ ਮੁਸ਼ਕਿਲ ਹੋ ਗਿਆ ਹੈ। ਜੇ ਗਹੁ ਨਾਲ ਭਾਰਤ ਦੇ ਲੋਕਾਂ ਦੇ ਹਾਲਾਤ 'ਤੇ ਝਾਤ ਮਾਰੀਏ ਤਾਂ ਭਾਰਤ ਦੀ ਸੱਚੀ ਤਸਵੀਰ ਸਾਡੇ ਸਾਹਮਣੇ ਆਵੇਗੀ, ਜਿਸ ਵਿੱਚ ਅਸੀਂ ਦੇਖ ਸਕਦੇ ਹਾਂ ਕਿ 60 ਕਰੋੜ ਲੋਕ ਅੱਜ ਵੀ ਰਾਤੀਂ ਭੁੱਖੇ ਸੌਣ ਨੂੰ ਮਜਬੂਰ ਹਨ। 70 ਕਰੋੜ ਲੋਕਾਂ ਕੋਲ ਆਪਣਾ ਘਰ-ਘਾਟ ਨਹੀਂ ਹੈ। ਦੂਜੇ ਪਾਸੇ ਧਾਰਮਿਕ ਸਥਾਨਾਂ ਵਿੱਚ 10 ਲੱਖ ਕਰੋੜ ਤੋਂ ਜ਼ਿਆਦਾ ਦਾ ਸੋਨਾ ਅਤੇ ਹੋਰ ਕਈ ਰੂਪਾਂ ਵਿੱਚ ਖਜ਼ਾਨਾ ਪਿਆ ਹੈ। ਸੱਚ ਤਾਂ ਇਹ ਹੈ ਕਿ ਜੇਕਰ ਸਮਾਂ ਰਹਿੰਦੇ ਦੇਸ਼ ਦੀ ਸਮੂਹਿਕ ਲੀਡਰਸ਼ਿਪ ਕਹਿਣ ਦਾ ਭਾਵ ਧਾਰਮਿਕ, ਸਮਾਜਿਕ ਤੇ ਖਾਸ ਕਰਕੇ ਰਾਜਨੀਤਿਕ ਲੀਡਰਸ਼ਿਪ ਨੇ ਅੰਬੇਡਕਰੀ ਸੋਚ ਨਾ ਅਪਣਾਈ ਤਾਂ ਕਿਸੇ ਵਿਦੇਸ਼ੀ ਨੂੰ ਭਾਰਤ ਵਿੱਚ ਆ ਕੇ ਭਾਰਤ ਨੂੰ ਗੁਲਾਮ ਬਣਾਉਣ ਦੀ ਲੋੜ ਨਹੀਂ, ਉਹ ਆਪਣੇ ਮੁਲਕ ਵਿੱਚ ਬੈਠ ਕੇ ਹੀ ਬੜੇ ਅਰਾਮ ਨਾਲ ਭਾਰਤ ਨੂੰ ਗੁਲਾਮ ਬਣਾ ਸਕਦਾ ਹੈ ਅਤੇ ਆਪਣੀਆਂ ਨੀਤੀਆਂ ਮੁਤਾਬਕ ਚਲਾ ਸਕਦਾ ਹੈ। ਵੈਸੇ ਇਸ ਸਮੇਂ ਵੀ ਭਾਰਤ ਨੂੰ ਚਲਾਉਣ ਵਿੱਚ ਵਿਦੇਸ਼ੀ ਤਾਕਤਾਂ ਦਾ ਹੀ ਮੁੱਖ ਹੱਥ ਹੈ। ਵਿਦੇਸ਼ਾਂ ਤੋਂ ਭਾਰਤ ਨੇ ਇੰਨਾ ਕਰਜ਼ਾ ਚੁੱਕਿਆ ਹੋਇਆ ਹੈ ਕਿ ਵਾਪਸ ਮੋੜਨਾ ਤਾਂ ਇਕ ਪਾਸੇ ਵਿਆਜ਼ ਦੇਣਾ ਵੀ ਔਖਾ ਹੋਇਆ ਹੈ। ਇਹੋ ਹਾਲ ਕੇਂਦਰ ਤੋਂ ਕਰਜ਼ਾ ਚੁੱਕ ਕੇ ਦੇਸ਼ ਦੇ ਸਾਰੇ ਪ੍ਰਾਂਤਾਂ ਦਾ ਹੋਇਆ ਹੈ। ਇੱਥੇ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਦੇਸ਼ ਨੂੰ ਚਲਾਉਣ ਬਾਰੇ ਅੰਬੇਡਕਰ ਦੀ ਸੋਚ ਕੀ ਆਖਦੀ ਹੈ। ਇਸ ਲਈ ਇਸ ਦੀ ਪੂਰੀ ਈਮਾਨਦਾਰੀ ਨਾਲ ਘੋਖ ਕਰਨ ਦੀ ਲੋੜ ਹੈ ਅਤੇ ਇਸ ਨੂੰ ਜਲਦੀ ਹੀ ਲਾਗੂ ਕਰਨ ਦੀ ਵੀ ਲੋੜ ਹੈ। ਨਹੀਂ ਤਾਂ ਦੇਸ਼ ਨੂੰ ਖੋਰਾ ਲਾ ਕੇ ਆਪਣੀਆਂ ਸੰਪਤੀਆਂ ਅਤੇ ਜ਼ਿਆਦਾ ਤੋਂ ਜ਼ਿਆਦਾ ਧਨ-ਦੌਲਤ ਇਕੱਠੇ ਕਰਨ ਵਾਲੇ ਲੋਕ ਇਹ ਗੱਲ ਕਦੇ ਨਾ ਭੁੱਲਣ ਕਿ ਜੇ ਦੇਸ਼ ਹੀ ਡੁੱਬ ਗਿਆ ਤਾਂ ਉਹ ਕਿਵੇਂ ਬਚ ਸਕਦੇ ਹਨ। ਅੰਬੇਡਕਰੀ ਸੋਚ ਦੇਸ਼ ਨੂੰ ਚਲਾਉਣ ਦੇ ਮਾਮਲੇ ਵਿੱਚ ਸਪੱਸ਼ਟ ਰੂਪ ਵਿੱਚ ਸਭ ਤੋਂ ਪਹਿਲਾਂ ਲੋਕਤੰਤਰ ਨੂੰ ਮਜ਼ਬੂਤ ਰੱਖਣ ਦੇ ਯਤਨਾਂ ਨੂੰ ਸਪੱਸ਼ਟ ਅਤੇ ਮਜ਼ਬੂਤ ਚਾਹੁੰਦੀ ਹੈ। ਅੰਬੇਡਕਰੀ ਸੋਚ ਲਾਗੂ ਕਰਨ ਲਈ ਸਾਨੂੰ ਸੰਵਿਧਾਨ ਨੂੰ ਪੂਰੀ ਈਮਾਨਦਾਰੀ ਨਾਲ ਲਾਗੂ ਕਰਨਾ ਪਵੇਗਾ। ਅੰਬੇਡਕਰੀ ਸੋਚ ਕਦੇ ਵੀ ਲੋਕਤੰਤਰ ਨੂੰ ਕਮਜ਼ੋਰ ਨਹੀਂ ਹੋਣ ਦੇਣਾ ਚਾਹੁੰਦੀ। ਅੰਬੇਡਕਰੀ ਸੋਚ ਤੋਂ ਭਾਵ ਹੈ ਕਿਸੇ ਵੀ ਵਿਅਕਤੀ ਨੂੰ ਆਪਣਾ ਅਤੇ ਦੂਸਰਿਆਂ ਦਾ ਸਮਾਂ ਖਰਾਬ ਨਹੀਂ ਕਰਨਾ ਚਾਹੀਦਾ, ਅੰਬੇਡਕਰੀ ਸੋਚ ਰਾਸ਼ਟਰ ਦੀ ਭਾਸ਼ਾ,  ਰਾਸ਼ਟਰ ਦੇ ਝੰਡੇ ਅਤੇ ਰਾਸ਼ਟਰ ਵਿੱਚ ਰਹਿ ਰਹੇ ਹਰ ਮਨੁੱਖ ਦੀਆਂ ਮੁਢਲੀਆਂ ਜ਼ਰੂਰਤਾਂ ਰੋਟੀ, ਕੱਪੜਾ ਮਕਾਨ, ਸਿਹਤ, ਸਿੱਖਿਆ ਅਤੇ ਜੌਬ ਦੀ ਸੁਰੱਖਿਆ ਦੇ ਨਾਲ-ਨਾਲ ਹਰ ਮਨੁੱਖ ਦੀ ਤਰੱਕੀ ਦੇ ਬਰਾਬਰ ਦੇ ਮੌਕੇ ਚਾਹੁੰਦੀ ਹੈ। ਅੰਬੇਡਕਰੀ ਸੋਚ ਇਹ ਵੀ ਗੱਲ ਸਪੱਸ਼ਟ ਕਰਦੀ ਹੈ ਕਿ ਦੇਸ਼ ਦਾ ਧਰਮ ਸਾਰੇ ਧਰਮਾਂ ਤੋਂ ਉੱਪਰ ਹੈ। ਅੰਬੇਡਕਰੀ ਸੋਚ ਇਹ ਵੀ ਆਖਦੀ ਹੈ ਕਿ ਧਰਮ ਮਨੁੱਖ ਲਈ ਹੈ ਮਨੁੱਖ ਧਰਮ ਲਈ ਨਹੀਂ ਹੈ। ਇਸ ਲਈ ਸਾਨੂੰ ਅੰਧ-ਵਿਸ਼ਵਾਸ, ਪਾਖੰਡ, ਵਹਿਮਾਂ-ਭਰਮਾਂ ਅਤੇ ਰੂੜ੍ਹੀਵਾਦੀ ਵਿਚਾਰਾਂ ਨੂੰ ਛੱਡ ਕੇ ਸਖਤ ਮਿਹਨਤ ਕਰਨੀ ਪਵੇਗੀ। ਹੁਣ ਸਮੇਂ ਦੀ ਮੰਗ ਹੈ ਕਿ ਅੰਬੇਡਕਰੀ ਸੋਚ ਨੂੰ ਛੇਤੀ ਲਾਗੂ ਕੀਤਾ ਜਾਵੇ ਤਾਂ ਜੋ ਇਸ ਤੋਂ ਪਹਿਲਾਂ ਕਿ ਸਮਾਂ ਤੈਅ ਕਰੇ ਉਸ ਨੇ ਸਾਡਾ ਕੀ ਕਰਨਾ ਹੈ, ਅਸੀਂ ਤੈਅ ਕਰ ਦਈਏ ਕਿ ਦੇਸ਼ ਨੂੰ ਅਤੇ ਦੇਸ਼ ਦੇ ਲੋਕਾਂ ਨੂੰ ਕਿਵੇਂ ਤੇਜ਼ੀ ਨਾਲ ਤਰੱਕੀ ਵੱਲ ਤੋਰਨਾ ਹੈ। 
                                                                                                                                 - ਅਜੇ ਕੁਮਾਰ

Tuesday 10 November 2015

ਸੋਚ ਦਾ ਦੀਵਾਲਾ

ਭਾਰਤ ਵਿੱਚ ਕਈ ਜਾਤੀਆਂ, ਅਨੇਕਾਂ ਉੱਪ ਜਾਤੀਆਂ ਅਤੇ ਵੱਖ-ਵੱਖ ਧਰਮਾਂ ਨਾਲ ਸਬੰਧਿਤ ਲੋਕ ਰਹਿੰਦੇ ਹਨ। ਇੱਥੇ ਅਨੇਕਾਂ ਦਿਨ-ਤਿਓਹਾਰ ਅਲੱਗ-ਅਲੱਗ ਤਰੀਕੇ ਨਾਲ ਆਪਣੇ-ਆਪਣੇ ਧਰਮ ਨਾਲ ਜੋੜ ਕੇ ਮਨਾਏ ਜਾਂਦੇ ਹਨ। ਮੈਨੂੰ ਇੰਝ ਲੱਗਦਾ ਹੈ ਕਿ ਦੀਵਾਲੀ ਇਕ ਅਜਿਹਾ ਤਿਓਹਾਰ ਹੈ, ਜਿਸ ਨੂੰ ਭਾਰਤ ਦੇ ਸਭ ਤੋਂ ਵੱਧ ਲੋਕ ਮਨਾਉਂਦੇ ਹਨ। ਦੀਵਾਲੀ ਵਾਲੇ ਦਿਨ ਸਾਰਿਆਂ ਦਾ ਪੂਜਾ-ਪਾਠ ਅਤੇ ਦੀਵਾਲੀ ਨੂੰ ਮਨਾਉਣ ਦਾ ਤਰੀਕਾ ਅਲੱਗ-ਅਲੱਗ ਹੈ ਪਰ ਇਨ੍ਹਾਂ ਤਿਓਹਾਰਾਂ ਵਿੱਚ ਗੰਦਗੀ ਫੈਲਾਉਣ ਲਈ ਪਟਾਕੇ ਤਕਰੀਬਨ ਸਾਰੇ ਧਰਮਾਂ ਦੇ ਲੋਕ ਸੋਚੇ-ਸਮਝੇ ਬਗੈਰ ਹੀ ਚਲਾਉਂਦੇ ਹਨ ਅਤੇ ਇਸ ਨਾਲ ਹੋਣ ਵਾਲੇ ਨੁਕਸਾਨ ਦਾ ਬਿਲਕੁਲ ਫ਼ਿਕਰ ਨਹੀਂ ਕਰਦੇ ਅਤੇ ਨਾ ਹੀ ਇਸ ਗੱਲ ਦਾ ਤਸੱਲੀਬਖਸ਼ ਜਵਾਬ ਦੇ ਪਾਉਂਦੇ ਹਨ ਕਿ ਇਹ ਕਿਸ ਜਗ੍ਹਾ 'ਤੇ ਲਿਖਿਆ ਹੈ ਜਾਂ ਕਿਸ ਗੁਰੂ ਨੇ ਕਿਹਾ ਕਿ ਦੀਵਾਲੀ 'ਤੇ ਪਟਾਕੇ ਚਲਾ ਕੇ ਰੱਜ ਕੇ ਪ੍ਰਦੂਸ਼ਣ ਫੈਲਾਓ। ਆਪਣੇ ਧਰਮ ਨੂੰ ਮੰਨਣਾ ਜਾਂ ਆਪਣੇ ਢੰਗ ਨਾਲ ਕਿਸੇ ਵੀ ਤਿਓਹਾਰ ਨੂੰ ਮਨਾਉਣਾ ਕੋਈ ਜੁਰਮ ਨਹੀਂ ਹੈ। ਆਪਣੇ-ਆਪਣੇ ਢੰਗ ਨਾਲ, ਆਪਣੇ-ਆਪਣੇ ਰੀਤੀ-ਰਿਵਾਜ਼ ਕਰਨ ਦੀ ਇਜਾਜ਼ਤ ਭਾਰਤ ਦਾ ਸੰਵਿਧਾਨ ਦਿੰਦਾ ਹੈ ਪਰ ਨਾਲ ਹੀ ਇਸ ਗੱਲ ਲਈ ਮਨ੍ਹਾ ਵੀ ਕਰਦਾ ਹੈ ਕਿ ਤੁਹਾਡੇ ਵੱਲੋਂ ਮਨਾਏ ਗਏ ਆਪਣੇ ਰੀਤੀ-ਰਿਵਾਜ਼ ਦੇ ਕਾਰਣ ਕਿਸੇ ਦੂਸਰੇ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ ਪਰ ਫਿਰ ਵੀ ਇਹ ਗੱਲ ਮੇਰੀ ਸਮਝ ਤੋਂ ਪਰ੍ਹੇ ਹੈ ਕਿ ਦੀਵਾਲੀ ਦੇ ਦਿਨਾਂ ਵਿੱਚ ਤੇ ਖ਼ਾਸ ਕਰਕੇ ਦੀਵਾਲੀ 'ਤੇ ਚਲਾਏ ਜਾਣ ਵਾਲੇ ਪਟਾਕਿਆਂ ਕਰਕੇ ਦੇਸ਼ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਇਹ ਇਸ ਸਮੇਂ ਦੇਸ਼ ਲਈ ਬਹੁਤ ਭਿਆਨਕ ਸਿਰਦਰਦੀ ਬਣ ਚੁੱਕੀ ਹੈ ਪਰ ਫਿਰ ਵੀ ਸਰਕਾਰ ਕੋਈ ਗੰਭੀਰ ਕਦਮ ਨਹੀਂ ਚੁੱਕ ਰਹੀ। ਮੈਂ ਪਾਠਕਾਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਇਕ ਸਰਵੇਖਣ ਮੁਤਾਬਿਕ ਪਟਾਕਿਆਂ ਦੇ ਚਲਾਏ ਜਾਣ ਕਰਕੇ ਖਾਸ ਕਰਕੇ ਦੀਵਾਲੀ ਵਾਲੇ ਦਿਨ ਚਲਾਏ ਜਾਣ ਵਾਲੇ ਪਟਾਕਿਆਂ ਦੇ ਕਾਰਨ 5 ਹਜ਼ਾਰ ਤੋਂ ਜ਼ਿਆਦਾ ਹਾਦਸੇ ਹੁੰਦੇ ਹਨ। ਇਨ੍ਹਾਂ ਪਟਾਕਿਆਂ ਦੇ ਚਲਾਉਣ ਕਾਰਣ ਏਨੀ ਦਹਿਸ਼ਤ ਫੈਲਦੀ ਹੈ ਕਿ ਜਾਨਵਰ ਵੀ ਦੂਰ-ਦੁਰਾਡੇ ਲੁਕ-ਛਿਪ ਜਾਂਦੇ ਹਨ। ਰੋਗੀਆਂ ਦਾ ਬਹੁਤ ਮਾੜਾ ਹਾਲ ਹੁੰਦਾ ਹੈ। ਬਜ਼ੁਰਗਾਂ ਦਾ ਬੱਚਿਆਂ ਦਾ ਸਾਹ ਲੈਣਾ ਔਖਾ ਹੋ ਜਾਂਦਾ ਹੈ। ਚੰਗਾ-ਭਲਾ ਆਦਮੀ ਪ੍ਰਦੂਸ਼ਣ ਕਰਕੇ ਡਿੱਗਣ ਨੂੰ ਫਿਰਦਾ ਹੈ। ਮੈਨੂੰ ਲੱਗਦਾ ਹੈ ਕਿ ਇਸ ਸਮੱਸਿਆ ਬਾਰੇ ਅਗਰ ਅਸੀਂ ਥੋੜ੍ਹਾ ਜਿਹਾ ਧਿਆਨ ਨਾਲ ਕੰਮ ਕਰੀਏ ਤਾਂ ਦੀਵਾਲੀ 'ਤੇ ਚਲਾਏ ਜਾਣ ਵਾਲੇ ਪਟਾਕਿਆਂ ਦੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਇਕ ਸਰਵੇਖਣ ਮੁਤਾਬਿਕ ਇਨ੍ਹਾਂ ਦਿਨਾਂ ਵਿੱਚ ਚਲਾਏ ਜਾਣ ਵਾਲੇ ਪਟਾਕਿਆਂ ਕਰਕੇ 30 ਹਜ਼ਾਰ ਕਰੋੜ ਰੁਪਏ ਦਾ ਮਾਲੀ ਨੁਕਸਾਨ ਦੇਸ਼ ਦੇ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਪਰ ਫਿਰ ਵੀ ਅਸੀਂ ਸਾਰੇ ਇਸ ਸਮੱਸਿਆ ਤੋਂ ਅਣਜਾਣ ਜਿਹੇ ਹੋ ਕੇ ਇਸ ਕਰਕੇ ਚੁਪ ਬੈਠੇ ਹਾਂ ਕਿ ਇਹ ਇਕ ਧਾਰਮਿਕ ਮਾਮਲਾ ਹੈ। ਮੇਰੇ ਖਿਆਲ ਮੁਤਾਬਿਕ ਇਨ੍ਹਾਂ ਪਟਾਕਿਆਂ ਦੇ ਚਲਾਉਣ ਦਾ ਸਬੰਧ ਕਿਸੇ ਧਰਮ ਜਾਂ ਰੀਤੀ-ਰਿਵਾਜ਼ ਨਾਲ ਨਹੀਂ, ਬਲਕਿ ਇਨ੍ਹਾਂ ਦਾ ਚਲਾਇਆ ਜਾਣਾ ਮੂਰਖਤਾ ਤੋਂ ਇਲਾਵਾ ਕੁਝ ਨਹੀਂ। ਕਦੇ ਵੀ ਪਟਾਕੇ ਨਾ ਚਲਾਉਣਾ ਸਾਡਾ ਧਰਮ ਹੋਣਾ ਚਾਹੀਦਾ ਹੈ ਤੇ ਦੂਸਰਿਆਂ ਨੂੰ ਇਸ ਤੋਂ ਰੋਕਣਾ ਸਾਡਾ ਫ਼ਰਜ਼ ਹੋਣਾ ਚਾਹੀਦਾ ਹੈ। ਕਿਉਂਕਿ ਪਟਾਕੇ ਚਲਾਉਣ ਦਾ ਮਤਲਬ ਹੈ ਕਿ ਤੁਹਾਡੀ ਸੋਚ ਦਾ ਦੀਵਾਲਾ ਨਿਕਲਿਆ ਹੋਇਆ ਹੈ। ਇਸ ਤੋਂ ਪਹਿਲਾਂ ਕਿ ਤੁਹਾਡੀ ਸੋਚ ਦੇ ਦੀਵਾਲੇ ਕਰਕੇ ਕਿਸੇ ਦਿਨ ਪੂਰਾ ਦੇਸ਼ ਹੀ ਇਨ੍ਹਾਂ ਪਟਾਕਿਆਂ ਕਾਰਣ ਅੱਗ 'ਚ ਝੁਲਸ ਜਾਵੇ, ਸਮਾਂ ਰਹਿੰਦਿਆਂ ਇਸ ਗਲਤ ਰਿਵਾਜ਼ ਨੂੰ ਬੰਦ ਕਰਨਾ ਬਹੁਤ ਜ਼ਰੂਰੀ ਹੈ। ਆਓ ਆਪਾਂ ਸਾਰੇ ਮਿਲ ਕੇ ਪਟਾਕੇ ਚਲਾਉਣ ਵਾਲਿਆਂ ਨੂੰ ਸਮਝਾਈਏ ਤਾਂ ਜੋ ਭਾਰਤ ਖੂਬਸੂਰਤ ਅਤੇ ਸਵੱਛ ਰਹਿ ਸਕੇ।                           - ਅਜੇ ਕੁਮਾਰ

Monday 2 November 2015

ਆਓ ਸਾਂਝ ਪਾਈਏ -ਮੇਰੇ ਅਨੁਭਵ ਅਤੇ ਮੇਰੇ ਨਾਲ ਵਾਪਰੀਆਂ ਕੁਝ ਚੋਣਵੀਆਂ ਘਟਨਾਵਾਂ


ਬਹੁਤ ਸਾਰੇ ਵਿਦਵਾਨ ਆਖਦੇ ਹਨ ਕਿ ਮੰਜ਼ਿਲ 'ਤੇ ਪੁੱਜਣ ਲਈ ਮਜ਼ਬੂਤ ਇੱਛਾ ਸ਼ਕਤੀ ਦਾ ਹੋਣਾ ਬਹੁਤ ਜ਼ਰੂਰੀ ਹੈ। ਇੱਛਾ ਸ਼ਕਤੀ ਨੂੰ ਕਾਇਮ ਰੱਖਣ ਲਈ ਨੀਯਤ, ਨੀਤੀ ਅਤੇ ਨਿਯਮ ਦੀ ਵੀ ਲੋੜ ਹੁੰਦੀ ਹੈ ਤਾਂ ਜੋ ਤੈਅ ਮੰਜ਼ਿਲ ਨੂੰ ਪ੍ਰਾਪਤ ਕੀਤਾ ਜਾ ਸਕੇ। ਤੁਹਾਡੇ ਲੋਕਾਂ ਦੇ ਸਹਿਯੋਗ ਸਦਕਾ ਮੈਂ ਜੀਵਨ ਮੌਤ ਦੇ ਸੰਘਰਸ਼ ਨੂੰ ਜਿੱਤ ਕੇ ਪੂਰੀ ਤਰ੍ਹਾਂ ਸਵਸਥ ਜੀਵਨ ਜੀਅ ਰਿਹਾ ਹਾਂ। ਠੀਕ ਹੈ ਕਿ ਕੁਝ ਦਿਨਾਂ ਦੀ ਬੀਮਾਰੀ ਨੇ ਸਾਡੇ ਸੰਘਰਸ਼ ਨੂੰ ਥੋੜ੍ਹਾ ਪਿੱਛੇ ਪਾ ਦਿੱਤਾ। ਪਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੈਂ ਬੀਮਾਰੀ ਕਾਰਨ ਖਰਾਬ ਹੋਏ ਵਕਤ ਦੀ ਭਰਪਾਈ ਆਪਣੀ ਸਖ਼ਤ ਮਿਹਨਤ ਅਤੇ ਤੁਹਾਡੇ ਸਾਥ ਦੇ ਨਾਲ ਜ਼ਰੂਰ ਜਲਦੀ ਹੀ ਪੂਰੀ ਕਰ ਲਵਾਂਗਾ। ਸਾਡੇ ਸਾਹਮਣੇ ਸੰਘਰਸ਼ ਦੀ ਕਠੋਰ ਅਤੇ ਲੰਬੀ ਰਾਹ ਹੈ, ਜਿਸ ਦੀਆਂ ਲਕੀਰਾਂ ਬਾਬਾ ਸਾਹਿਬ ਅੰਬੇਡਕਰ ਨੇ ਖਿੱਚ ਦਿੱਤੀਆਂ ਸਨ। ਉਸ ਮੰਜ਼ਿਲ ਨੂੰ ਪ੍ਰਾਪਤ ਕਰਨਾ ਹੀ ਸਾਡੇ ਜੀਵਨ ਦਾ ਇਕਮਾਤਰ ਮਕਸਦ ਹੈ। ਪਿਛਲੇ ਦਿਨੀਂ ਇਕ ਬਹੁਤ ਬਜ਼ੁਰਗ ਸਿਆਣੇ ਬੁੱਧੀਜੀਵੀ ਨਾਲ ਮੇਰਾ ਮੇਲ ਹੋਇਆ। ਗਹਿਰੀਆਂ ਗੱਲਾਂ ਚੱਲਦੇ ਉਨ੍ਹਾਂ ਨੇ ਕਿਹਾ ਕਾਕਾ ਤੇਰੀ ਉਮਰ ਤਾਂ ਘੱਟ ਲਗਦੀ ਹੈ ਪਰ ਗੱਲਾਂ ਤੋਂ ਲੱਗਦਾ ਹੈ ਕਿ ਤੈਨੂੰ ਬਹੁਤ ਤਜ਼ਰਬਾ ਹੈ। ਮੇਰਾ ਸਬੱਬੀ ਜਵਾਬ ਸੀ ਉਮਰ ਚਾਹੇ ਮੇਰੀ ਘੱਟ ਹੈ ਪਰ ਤਜ਼ਰਬਾ ਮੈਨੂੰ 80 ਸਾਲ ਦਾ ਹੈ। ਉਹ ਹੈਰਾਨੀ ਨਾਲ ਮੇਰਾ ਮੂੰੰਹ ਤੱਕਣ ਲੱਗ ਗਏ, ਮੈਂ ਕਿਹਾ ਕਿ ਹੈਰਾਨ ਹੋਣ ਦੀ ਕੋਈ ਗੱਲ ਨਹੀਂ, 30 ਸਾਲ ਦਾ ਅੁਨੁਭਵ  ਮੇਰੇ ਜੀਵਨ ਦਾ ਹੈ ਤੇ 50 ਸਾਲ ਦਾ ਮੇਰੇ ਪਿਤਾ ਜੀ ਦੇ ਜੀਵਨ ਦਾ ਹੈ ਜੋ ਮੇਰੇ ਨਾਲ ਹੈ। ਜਿਸ ਸਦਕਾ ਜੀਵਨ ਸੰਘਰਸ਼ ਦੇ ਵਿੱਚ ਮੈਂ ਬਾਕੀਆਂ ਨਾਲੋਂ ਦੋ ਕਦਮ ਅੱਗੇ ਨਿਕਲ ਜਾਂਦਾ ਹਾਂ। ਉਸ ਤੋਂ ਬਾਅਦ ਗੱਲਾਂ ਦਾ ਸਿਲਸਿਲਾ ਮੇਰੇ ਪਿਤਾ ਜੀ ਦੇ ਜੀਵਨ ਵਿੱਚ ਤਬਦੀਲ ਹੋ ਗਿਆ। ਮੇਰੇ ਪਿਤਾ ਸਵ. ਰਾਮਧਨ ਸਖ਼ਤ ਪਿਤਾ ਹੀ ਨਹੀਂ ਬਲਕਿ ਗਿਆਨ ਦੇਣ ਵਾਲੇ ਗੁਰੂ, ਸਾਥ ਦੇਣ ਵਾਲੇ ਭਰਾ, ਹੌਸਲਾ ਦੇਣ ਵਾਲੇ ਦੋਸਤ ਵੀ ਸਨ। ਜਦੋਂ ਮੈਂ ਆਪਣੇ ਪਿਤਾ ਜੀ ਦੇ ਜੀਵਨ ਅਤੇ ਉਨ੍ਹਾਂ ਦੇ ਕਰਮਾਂ 'ਤੇ ਕਿਤਾਬ ਲਿਖਣ ਦਾ ਮਨ ਬਣਾਇਆ, ਜਦੋਂ ਮੈਂ ਉਨ੍ਹਾਂ ਦੇ ਜੀਵਨ ਬਾਰੇ ਪੂਰੀ ਘੋਖ ਕਰਨੀ ਸ਼ੁਰੂ ਕੀਤੀ ਤਾਂ ਮੈਨੂੰ ਅਜਿਹਾ ਲੱਗਿਆ ਕਿ ਮੇਰੇ ਪਿਤਾ ਜੀ ਜਿਸ ਵੀ ਕੰਮ ਨੂੰ ਕਰਨਾ ਚਾਹੁੰਦੇ ਸਨ, ਉਸ ਕੰਮ ਨੂੰ ਕਰਨ ਲਈ ਉਨ੍ਹਾਂ ਦੀ ਇੱਛਾ ਸ਼ਕਤੀ ਬਹੁਤ ਤਕੜੀ ਹੁੰਦੀ ਸੀ ਅਤੇ ਉਸ ਇੱਛਾ ਸ਼ਕਤੀ ਨੂੰ ਤਕੜਾ ਕਰਨ ਲਈ ਨੀਯਤ, ਨੀਤੀ ਅਤੇ ਨਿਯਮ ਲਾਜਵਾਬ ਹੁੰਦੇ ਸਨ। ਤਾਹੀਓਂ ਤਾਂ 15 ਸਾਲ ਦਾ ਬੱਚਾ ਆਪਣੇ ਬਿਮਾਰ ਪਿਤਾ ਅਤੇ ਸਵਾ ਸਾਲ ਦੇ ਆਪਣੇ ਭਰਾ ਨਾਲ ਸਿਆਲਕੋਟ (ਪਾਕਿਸਤਾਨ) ਤੋਂ ਜਲੰਧਰ ਆ ਕੇ ਰੇਲਵੇ ਸਟੇਸ਼ਨ 'ਤੇ ਕੁਝ ਦਿਨ ਬੂਟ ਪਾਲਿਸ਼ ਕਰਕੇ ਨਾ ਸਿਰਫ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ। ਬਲਕਿ 1962 ਵਿੱਚ ਉਹ ਖੇਡਾਂ ਦਾ ਸਮਾਨ ਬਣਾਉਣ ਵਾਲੀ ਆਪਣੀ ਆਰ. ਡੀ. ਸਪੋਰਟਸ ਕੰਪਨੀ ਖੋਲ੍ਹਦਾ ਹੈ ਅਤੇ ਲੈਦਰ ਸਪੋਰਟਸ ਗੁਡ ਮੈਨੂਫੈਕਚਰਿੰਗ ਐਸੋਸੀਏਸ਼ਨ ਦਾ ਪ੍ਰਧਾਨ ਬਣ ਕੇ ਆਪਣੇ ਮਜ਼ਦੂਰ ਸਾਥੀਆਂ ਨੂੰ ਕੰਮ ਖੋਲ੍ਹਣ ਲਈ ਪ੍ਰੇਰਿਤ ਵੀ ਕਰਦਾ ਹੈ ਤੇ ਉਨ੍ਹਾਂ ਦੀ ਮਦਦ ਵੀ ਕਰਦਾ ਹੈ। ਉਨ੍ਹਾਂ ਨੇ ਆਪਣੇ ਜੀਵਨ ਵਿੱਚ 32 ਮਜ਼ਦੂਰਾਂ ਨੂੰ ਦੁਕਾਨਦਾਰ ਬਣਾਇਆ, ਜਿਨ੍ਹਾਂ ਦਾ ਨਾਂ ਇਸ ਸਮੇਂ ਠੀਕ-ਠਾਕ, ਇੱਜ਼ਤਦਾਰ ਸ਼ਖਸੀਅਤਾਂ ਵਿੱਚ ਵੀ ਆਉਂਦਾ ਹੈ, ਏਨਾ ਹੀ ਨਹੀਂ ਇਸ ਤੋਂ ਇਲਾਵਾ ਉਨ੍ਹਾਂ ਨੇ ਸਮਾਜ ਦੀਆਂ ਬੁਰਾਈਆਂ ਖਿਲਾਫ਼ ਡਟ ਕੇ ਆਹਢਾ ਵੀ ਲਾਇਆ ਤੇ ਕਾਮਯਾਬੀ ਵੀ ਹਾਸਿਲ ਕੀਤੀ। ਅੱਜ ਮੈਨੂੰ ਉਨ੍ਹਾਂ ਦੇ ਨਾਮ 'ਤੇ ਫ਼ਖਰ ਹੈ। ਇਸੇ ਤਰ੍ਹਾਂ ਹੀ ਮੇਰਾ ਇਕ ਅਨੁਭਵ ਮੇਰੀ ਦਾਦੀ ਸਵ. ਸ਼੍ਰੀਮਤੀ ਧਰਮੋ ਦੇਵੀ ਜੀ ਨਾਲ ਹੈ। ਮੈਂ ਕਦੇ ਉਨ੍ਹਾਂ ਨੂੰ ਪੂਜਾ-ਪਾਠ ਕਰਦੇ ਜਾਂ ਕਿਸੇ ਮੰਦਿਰ ਵਿੱਚ ਮੱਥਾ ਟੇਕਦੇ ਨਹੀਂ ਦੇਖਿਆ, ਉਨ੍ਹਾਂ ਦੀਆਂ ਕੁਝ ਖੂਬੀਆਂ ਬੜੀਆਂ ਬਾ-ਕਮਾਲ ਸਨ। ਉਹ ਸਖ਼ਤ ਸੁਭਾਅ ਹੋਣ ਦੇ ਬਾਵਜੂਦ ਕਦੇ ਕਿਸੇ ਨੂੰ ਬੱਦਦੁਆ ਨਹੀਂ ਸਨ ਦਿੰਦੇ। ਉਹ ਬੜੇ ਸਾਫ-ਸੁਥਰੇ ਰਹਿੰਦੇ ਸਨ, ਚੁਗਲੀ-ਨਿੰਦਾ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਸਨ ਕਰਦੇ। ਗਲਤ ਗੱਲ ਵਿੱਚ ਕਦੇ ਹੁੰਗਾਰਾ ਨਹੀਂ ਸਨ ਭਰਦੇ। ਆਪਣੇ ਕੰਮ ਨਾਲ ਮਤਲਬ ਰੱਖਦੇ ਸਨ। ਦੀਵਾਲੀ ਦੇ ਦਿਨਾਂ ਵਿੱਚ ਬੱਚਿਆਂ ਨੂੰ ਪਟਾਕੇ ਚਲਾਉਣ ਤੋਂ ਅਤੇ ਹੋਲੀ ਦੇ ਦਿਨਾਂ ਵਿੱਚ ਹੋਲੀ ਖੇਡਣ ਤੋਂ ਅਤੇ ਲੋਹੜੀ ਦੇ ਦਿਨਾਂ ਵਿੱਚ ਲੋਹੜੀ ਮੰਗਣ ਅਤੇ ਅੱਗ ਬਾਲਣ ਤੋਂ ਬਹੁਤ ਰੋਕਦੇ ਸਨ, ਇਹ ਸਾਰੇ ਤਿਓਹਾਰਾਂ ਨੂੰ ਫਜ਼ੂਲ ਅਤੇ ਵਾਤਾਵਰਣ ਦੇ ਵਿਰੋਧੀ ਮੰਨਦੇ ਸਨ। ਉਨ੍ਹਾਂ ਨੇ ਇਸ ਅਸੂਲ 'ਤੇ ਡਟ ਕੇ ਪਹਿਰਾ ਦਿੱਤਾ। ਕਦੇ-ਕਦੇ ਉਹ ਚਿੜੀਆਂ-ਕਾਵਾਂ ਨੂੰ ਪਾਣੀ ਜਾਂ ਥੋੜ੍ਹੇ-ਬਹੁਤ ਦਾਣੇ ਜ਼ਰੂਰ ਪਾ ਦਿੰਦੇ ਸਨ ਜਾਂ ਕਦੇ-ਕਦਾਈਂ ਕਿਸੇ ਮੰਗਤੇ ਨੂੰ ਥੋੜ੍ਹਾ-ਬਹੁਤਾ ਆਟਾ-ਛਾਟਾ ਦੇ ਦਿੰਦੇ ਸਨ। ਉਨ੍ਹਾਂ ਦੀ ਮੌਤ 85 ਸਾਲ ਦੀ ਉਮਰ ਵਿੱਚ ਹੋਈ। ਮਰਨ ਤੋਂ ਇਕ ਘੰਟਾ ਪਹਿਲਾਂ ਉਨ੍ਹਾਂ ਨੇ ਮੀਟ ਨਾਲ ਰੋਟੀ ਖਾਧੀ ਅਤੇ ਚੰਗੀਆਂ-ਭਲੀਆਂ ਗੱਲਾਂ ਕਰਦੇ ਦੁਨੀਆਂ ਤੋਂ ਤੁਰ ਗਏ। ਉਹ ਮੈਨੂੰ ਅਤੇ ਮੇਰੇ ਭਰਾ ਨੂੰ ਸਾਡੇ ਬਾਪ ਦੀ ਰੱਜ ਕੇ ਸੇਵਾ ਕਰਨ ਲਈ ਕਹਿ ਕੇ ਗਏ ਅਤੇ ਸਾਡੇ ਕੋਲੋਂ ਵਾਅਦਾ ਲਿਆ। ਹਾਲਾਂਕਿ ਮੈਂ ਇਹ ਕਹਿ ਸਕਦਾ ਹਾਂ ਕਿ ਮੈਂ ਪੂਰੀ ਈਮਾਨਦਾਰੀ ਨਾਲ ਆਪਣੀ ਡਿਊਟੀ ਨਹੀਂ ਨਿਭਾਈ। ਮੇਰੇ ਭਰਾ ਨੇ ਕਾਫ਼ੀ ਹੱਦ ਤੱਕ ਉਸ ਵਾਅਦੇ ਨੂੰ ਪੂਰਾ ਕੀਤਾ। ਆਮ ਬੰਦਾ ਸੋਚਦਾ ਹੈ ਕਿ ਜਿਹੜੇ ਲੋਕ ਪੂਜਾ-ਪਾਠ ਕਰਦੇ ਹਨ, ਉਨ੍ਹਾਂ ਦੀ ਮੌਤ ਬਹੁਤ ਅਰਾਮਦਾਇਕ ਹੁੰਦੀ ਹੈ ਪਰ ਮੈਂ ਆਪਣੀ ਜ਼ਿੰਦਗੀ ਵਿੱਚ ਅਨੇਕਾਂ ਹੀ ਬੰਦਿਆਂ ਨੂੰ ਜਾਂਦੇ ਦੇਖਿਆ, ਕਹਿਣ ਦਾ ਭਾਵ ਉਨ੍ਹਾਂ ਦੀ ਮੌਤ ਹੁੰਦੀ ਦੇਖੀ। ਕਈਆਂ ਦੀ ਮੌਤ ਮੇਰੇ ਹੱਥਾਂ 'ਚ ਹੋਈ ਤੇ ਮੇਰੇ ਸਾਹਮਣੇ ਵੀ ਹੋਈ ਪਰ ਮੈਂ ਆਪਣੀ ਦਾਦੀ ਵਾਂਗ ਕਿਸੇ ਨੂੰ ਮਰਦੇ ਨਹੀਂ ਦੇਖਿਆ। ਉਹ ਤਾਂ ਇੰਝ ਲੱਗ ਰਿਹਾ ਸੀ ਜਿਵੇਂ ਕੋਈ ਕਿਸੇ ਵਧੀਆ ਸਫ਼ਰ ਨੂੰ ਜਾ ਰਿਹਾ ਹੋਵੇ, ਬਿਲਕੁਲ ਫ਼ਿਲਮੀ ਸੀਨ ਵਾਂਗ। ਇੱਥੇ ਮੈਂ ਨਤੀਜਾ ਇਹ ਕੱਢਿਆ ਹੈ ਕਿ ਪੂਜਾ-ਪਾਠ, ਮੰਦਿਰਾਂ-ਗੁਰਦੁਆਰਿਆਂ ਦੀਆਂ ਹਾਜ਼ਰੀਆਂ ਲਗਾਉਣ ਨਾਲੋਂ ਕਿਤੇ ਬਿਹਤਰ ਹੈ ਕਿ ਕਿਸੇ ਦਾ ਦਿਲ ਨਾ ਦੁਖਾਇਆ ਜਾਵੇ। ਵਾਤਾਵਰਣ ਨਾਲ ਪਿਆਰ ਕੀਤਾ ਜਾਵੇ। ਬਾਕੀ ਆਪਣੀ ਮਨਮਰਜ਼ੀ ਦਾ ਸਿਹਤ ਮੁਤਾਬਿਕ ਖਾਣਾ-ਪੀਣਾ ਚਾਹੀਦਾ ਹੈ, ਕਿਸੇ 'ਤੇ ਖਾਣ-ਪੀਣ ਦੀ ਪਾਬੰਦੀ ਲਗਾਉਣ ਦਾ ਸਾਨੂੰ ਕੋਈ ਹੱਕ ਨਹੀਂ ਹੈ। ਮੈਂ ਇਕ ਹੋਰ ਅਨੁਭਵ ਤੁਹਾਡੇ ਨਾਲ ਸਾਂਝਾ ਕਰਦਾ ਹਾਂ। ਥੋੜ੍ਹੇ ਦਿਨ ਪਹਿਲਾਂ ਇਕ 18-19 ਸਾਲ ਦਾ ਲੜਕਾ ਮੇਰੇ ਕੋਲ ਆਇਆ। ਉਹ ਮੈਨੂੰ ਕਹਿਣ ਲੱਗਾ ਬਾਊ ਜੀ ਮੈਂ ਤੁਹਾਡਾ ਬੜਾ ਨਾਂ ਸੁਣ ਕੇ ਆਇਆ ਹਾਂ, ਮੈਂ ਉਸ ਨੂੰ ਕਿਹਾ ਕਿ ਏਦਾਂ ਦੀ ਕੋਈ ਗੱਲ ਨਹੀਂ ਭਰਾਵਾ, ਮੈਂ ਕਿਹੜਾ ਕੋਈ ਮੰਤਰੀ ਜਾਂ ਅਫ਼ਸਰ ਹਾਂ ਪਰ ਦਸ ਮੈਨੂੰ ਕੀ ਚਾਹੁੰਦਾ ਹੈਂ ਮੇਰੇ ਤੋਂ, ਉਹ ਕਹਿੰਦਾ ਕਿ ਬਾਊ ਜੀ ਮੇਰੀ ਕੁਝ ਮਦਦ ਕਰੋ, ਮੈਨੂੰ ਜ਼ਿਆਦਾ ਪੈਸੇ ਨਹੀਂ ਚਾਹੀਦੇ, ਮੈਂ ਕਿਹਾ ਦਸ ਕੀ ਚਾਹੀਦਾ ਹੈ। ਉਹ ਕਹਿੰਦਾ ਕਿ ਮੈਂ ਫਿਰ-ਤੁਰ ਕੇ ਭੀਖ ਮੰਗਦਾ ਹਾਂ, ਮੰਗ-ਠੰਗ ਕੇ ਦਿਹਾੜੀ ਦਾ 4-5 ਸੌ ਰੁਪਿਆ ਬਣਾ ਲੈਂਦਾ ਹਾਂ ਪਰ ਕਾਫੀ ਸਮੇਂ ਤੋਂ ਬਹੁਤ ਲੋਕ ਮੈਨੂੰ ਇਹੋ ਕਹਿੰਦੇ ਹਨ ਕਿ ਹੱਟਾ-ਕੱਟਾ ਵਿਅਕਤੀ ਹੈਂ ਤੂੰ ਕੋਈ ਕੰਮ ਕਰਕੇ ਖਾ, ਤੈਨੂੰ ਸ਼ਰਮ ਚਾਹੀਦੀ ਹੈ ਅਤੇ ਕਾਫੀ ਦਿਨਾਂ ਤੋਂ ਗੁਰਦਾਸ ਮਾਨ ਦਾ ਲਿਖਿਆ ਗੀਤ 'ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਿਸ਼ਾਂ ਕਰੀਏ' ਇਹ ਗੀਤ ਮੈਨੂੰ ਚੈਨ ਨਹੀਂ ਲੈਣ ਦਿੰਦਾ। ਮੈਂ ਸੋਚਿਆ ਹੈ ਕਿ ਭੀਖ ਨਹੀਂ ਮੰਗਣੀ ਚਾਹੇ ਬੂਟ-ਪਾਲਿਸ਼ਾਂ 'ਚ 100-150 ਹੀ ਬਣੇ। ਮੈਂ ਤੁਹਾਡੇ ਕੋਲ ਆਇਆ ਹਾਂ, ਤੁਸੀਂ ਮੈਨੂੰ ਕਿਤੇ ਅੱਡਾ ਲਗਾਉਣ ਲਈ ਜਗ੍ਹਾ ਦੇ ਦਿਓ ਤਾਂ ਜੋ ਮੈਂ ਹੱਕ ਦੀ ਰੋਟੀ ਖਾ ਸਕਾਂ। ਮੈਂ ਉਸ ਨੂੰ ਕਿਹਾ ਕਿ ਤੈਨੂੰ ਮੈਂ ਨਗਰ ਨਿਗਮ ਵੱਲੋਂ ਮਨਜ਼ੂਰਸ਼ੁਦਾ ਅੱਡਾ ਲੈ ਕੇ ਦੇਵਾਂਗਾ। ਉਸ ਨੂੰ ਵੀ ਮੈਂ ਆਪਣੇ ਪਿਤਾ ਦੀ ਕਹਾਣੀ ਸੁਣਾਈ ਜਿਨ੍ਵਾਂ ਨੇ ਆਪਣੇ ਜੀਵਨ ਸੰਘਰਸ਼ ਦੀ ਸ਼ੁਰੂਆਤ ਸਟੇਸ਼ਨ ਤੇ ਬੂਟ ਪਾਲਿਸ਼ ਕਰਦਿਆਂ ਕੀਤੀ ਸੀ ਤੇ ਈਮਾਨਦਾਰੀ ਅਤੇ ਮਿਹਨਤ ਸਦਕਾ ਆਪਣਾ ਜੀਵਨ ਹੀ ਇੱਜ਼ਤ-ਮਾਣ ਨਾਲ ਨਹੀਂ ਕੱਟਿਆ ਬਲਕਿ ਸਾਨੂੰ ਵੀ ਇਕ ਐਸੀ ਨੀਂਹ ਦੇ ਗਏ ਜਿਸ ਉਤੇ ਅਸੀਂ ਆਪਣੇ ਸੁਪਨਿਆਂ ਦੇ ਮਹਿਲ ਦੀ ਉਸਾਰੀ ਕਰ ਸਕਦੇ ਹਾਂ। ਤੁਹਾਡੇ ਨਾਲ ਇਨ੍ਹਾਂ  ਅਨੁਭਵਾਂ ਨੂੰ  ਸਾਂਝੇ ਕਰਨ ਦਾ ਮੇਰਾ ਕੋਈ ਐਸਾ ਮਕਸਦ ਨਹੀਂ ਕਿ ਤੁਹਾਨੂੰ ਮੈਂ ਆਪਣੀ ਨਿੱਜੀ ਜਿੰਦਗੀ ਨਾਲ ਜਾਣੂ ਕਰਵਾਵਾਂ, ਇਹਦਾ ਇਕਮਾਤਰ ਮਕਸਦ ਇਹੋ ਹੈ ਕਿ ਤੁਸੀਂ ਜਾਣ ਸਕੋ ਕਿ ਆਪਣੇ ਜੀਵਨ ਦੀ ਰਾਹ 'ਚ ਮੈਂ ਕੈਸੇ ਅਨੁਭਵ ਲੈ ਕੇ ਚੱਲ ਰਿਹਾ ਹਾਂ ਅਤੇ ਜਿਹੜੇ ਅਨੁਭਵ ਮੈਨੂੰ ਪ੍ਰੇਰਣਾ ਦਿੰਦੇ ਹਨ ਸ਼ਾਇਦ ਤੁਹਾਡੇ ਵੀ ਪ੍ਰੇਰਣਾ ਸ੍ਰੋਤ ਬਣ ਸਕਣ।
                          - ਅਜੇ ਕੁਮਾਰ