Monday 2 November 2015

ਆਓ ਸਾਂਝ ਪਾਈਏ -ਮੇਰੇ ਅਨੁਭਵ ਅਤੇ ਮੇਰੇ ਨਾਲ ਵਾਪਰੀਆਂ ਕੁਝ ਚੋਣਵੀਆਂ ਘਟਨਾਵਾਂ


ਬਹੁਤ ਸਾਰੇ ਵਿਦਵਾਨ ਆਖਦੇ ਹਨ ਕਿ ਮੰਜ਼ਿਲ 'ਤੇ ਪੁੱਜਣ ਲਈ ਮਜ਼ਬੂਤ ਇੱਛਾ ਸ਼ਕਤੀ ਦਾ ਹੋਣਾ ਬਹੁਤ ਜ਼ਰੂਰੀ ਹੈ। ਇੱਛਾ ਸ਼ਕਤੀ ਨੂੰ ਕਾਇਮ ਰੱਖਣ ਲਈ ਨੀਯਤ, ਨੀਤੀ ਅਤੇ ਨਿਯਮ ਦੀ ਵੀ ਲੋੜ ਹੁੰਦੀ ਹੈ ਤਾਂ ਜੋ ਤੈਅ ਮੰਜ਼ਿਲ ਨੂੰ ਪ੍ਰਾਪਤ ਕੀਤਾ ਜਾ ਸਕੇ। ਤੁਹਾਡੇ ਲੋਕਾਂ ਦੇ ਸਹਿਯੋਗ ਸਦਕਾ ਮੈਂ ਜੀਵਨ ਮੌਤ ਦੇ ਸੰਘਰਸ਼ ਨੂੰ ਜਿੱਤ ਕੇ ਪੂਰੀ ਤਰ੍ਹਾਂ ਸਵਸਥ ਜੀਵਨ ਜੀਅ ਰਿਹਾ ਹਾਂ। ਠੀਕ ਹੈ ਕਿ ਕੁਝ ਦਿਨਾਂ ਦੀ ਬੀਮਾਰੀ ਨੇ ਸਾਡੇ ਸੰਘਰਸ਼ ਨੂੰ ਥੋੜ੍ਹਾ ਪਿੱਛੇ ਪਾ ਦਿੱਤਾ। ਪਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੈਂ ਬੀਮਾਰੀ ਕਾਰਨ ਖਰਾਬ ਹੋਏ ਵਕਤ ਦੀ ਭਰਪਾਈ ਆਪਣੀ ਸਖ਼ਤ ਮਿਹਨਤ ਅਤੇ ਤੁਹਾਡੇ ਸਾਥ ਦੇ ਨਾਲ ਜ਼ਰੂਰ ਜਲਦੀ ਹੀ ਪੂਰੀ ਕਰ ਲਵਾਂਗਾ। ਸਾਡੇ ਸਾਹਮਣੇ ਸੰਘਰਸ਼ ਦੀ ਕਠੋਰ ਅਤੇ ਲੰਬੀ ਰਾਹ ਹੈ, ਜਿਸ ਦੀਆਂ ਲਕੀਰਾਂ ਬਾਬਾ ਸਾਹਿਬ ਅੰਬੇਡਕਰ ਨੇ ਖਿੱਚ ਦਿੱਤੀਆਂ ਸਨ। ਉਸ ਮੰਜ਼ਿਲ ਨੂੰ ਪ੍ਰਾਪਤ ਕਰਨਾ ਹੀ ਸਾਡੇ ਜੀਵਨ ਦਾ ਇਕਮਾਤਰ ਮਕਸਦ ਹੈ। ਪਿਛਲੇ ਦਿਨੀਂ ਇਕ ਬਹੁਤ ਬਜ਼ੁਰਗ ਸਿਆਣੇ ਬੁੱਧੀਜੀਵੀ ਨਾਲ ਮੇਰਾ ਮੇਲ ਹੋਇਆ। ਗਹਿਰੀਆਂ ਗੱਲਾਂ ਚੱਲਦੇ ਉਨ੍ਹਾਂ ਨੇ ਕਿਹਾ ਕਾਕਾ ਤੇਰੀ ਉਮਰ ਤਾਂ ਘੱਟ ਲਗਦੀ ਹੈ ਪਰ ਗੱਲਾਂ ਤੋਂ ਲੱਗਦਾ ਹੈ ਕਿ ਤੈਨੂੰ ਬਹੁਤ ਤਜ਼ਰਬਾ ਹੈ। ਮੇਰਾ ਸਬੱਬੀ ਜਵਾਬ ਸੀ ਉਮਰ ਚਾਹੇ ਮੇਰੀ ਘੱਟ ਹੈ ਪਰ ਤਜ਼ਰਬਾ ਮੈਨੂੰ 80 ਸਾਲ ਦਾ ਹੈ। ਉਹ ਹੈਰਾਨੀ ਨਾਲ ਮੇਰਾ ਮੂੰੰਹ ਤੱਕਣ ਲੱਗ ਗਏ, ਮੈਂ ਕਿਹਾ ਕਿ ਹੈਰਾਨ ਹੋਣ ਦੀ ਕੋਈ ਗੱਲ ਨਹੀਂ, 30 ਸਾਲ ਦਾ ਅੁਨੁਭਵ  ਮੇਰੇ ਜੀਵਨ ਦਾ ਹੈ ਤੇ 50 ਸਾਲ ਦਾ ਮੇਰੇ ਪਿਤਾ ਜੀ ਦੇ ਜੀਵਨ ਦਾ ਹੈ ਜੋ ਮੇਰੇ ਨਾਲ ਹੈ। ਜਿਸ ਸਦਕਾ ਜੀਵਨ ਸੰਘਰਸ਼ ਦੇ ਵਿੱਚ ਮੈਂ ਬਾਕੀਆਂ ਨਾਲੋਂ ਦੋ ਕਦਮ ਅੱਗੇ ਨਿਕਲ ਜਾਂਦਾ ਹਾਂ। ਉਸ ਤੋਂ ਬਾਅਦ ਗੱਲਾਂ ਦਾ ਸਿਲਸਿਲਾ ਮੇਰੇ ਪਿਤਾ ਜੀ ਦੇ ਜੀਵਨ ਵਿੱਚ ਤਬਦੀਲ ਹੋ ਗਿਆ। ਮੇਰੇ ਪਿਤਾ ਸਵ. ਰਾਮਧਨ ਸਖ਼ਤ ਪਿਤਾ ਹੀ ਨਹੀਂ ਬਲਕਿ ਗਿਆਨ ਦੇਣ ਵਾਲੇ ਗੁਰੂ, ਸਾਥ ਦੇਣ ਵਾਲੇ ਭਰਾ, ਹੌਸਲਾ ਦੇਣ ਵਾਲੇ ਦੋਸਤ ਵੀ ਸਨ। ਜਦੋਂ ਮੈਂ ਆਪਣੇ ਪਿਤਾ ਜੀ ਦੇ ਜੀਵਨ ਅਤੇ ਉਨ੍ਹਾਂ ਦੇ ਕਰਮਾਂ 'ਤੇ ਕਿਤਾਬ ਲਿਖਣ ਦਾ ਮਨ ਬਣਾਇਆ, ਜਦੋਂ ਮੈਂ ਉਨ੍ਹਾਂ ਦੇ ਜੀਵਨ ਬਾਰੇ ਪੂਰੀ ਘੋਖ ਕਰਨੀ ਸ਼ੁਰੂ ਕੀਤੀ ਤਾਂ ਮੈਨੂੰ ਅਜਿਹਾ ਲੱਗਿਆ ਕਿ ਮੇਰੇ ਪਿਤਾ ਜੀ ਜਿਸ ਵੀ ਕੰਮ ਨੂੰ ਕਰਨਾ ਚਾਹੁੰਦੇ ਸਨ, ਉਸ ਕੰਮ ਨੂੰ ਕਰਨ ਲਈ ਉਨ੍ਹਾਂ ਦੀ ਇੱਛਾ ਸ਼ਕਤੀ ਬਹੁਤ ਤਕੜੀ ਹੁੰਦੀ ਸੀ ਅਤੇ ਉਸ ਇੱਛਾ ਸ਼ਕਤੀ ਨੂੰ ਤਕੜਾ ਕਰਨ ਲਈ ਨੀਯਤ, ਨੀਤੀ ਅਤੇ ਨਿਯਮ ਲਾਜਵਾਬ ਹੁੰਦੇ ਸਨ। ਤਾਹੀਓਂ ਤਾਂ 15 ਸਾਲ ਦਾ ਬੱਚਾ ਆਪਣੇ ਬਿਮਾਰ ਪਿਤਾ ਅਤੇ ਸਵਾ ਸਾਲ ਦੇ ਆਪਣੇ ਭਰਾ ਨਾਲ ਸਿਆਲਕੋਟ (ਪਾਕਿਸਤਾਨ) ਤੋਂ ਜਲੰਧਰ ਆ ਕੇ ਰੇਲਵੇ ਸਟੇਸ਼ਨ 'ਤੇ ਕੁਝ ਦਿਨ ਬੂਟ ਪਾਲਿਸ਼ ਕਰਕੇ ਨਾ ਸਿਰਫ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ। ਬਲਕਿ 1962 ਵਿੱਚ ਉਹ ਖੇਡਾਂ ਦਾ ਸਮਾਨ ਬਣਾਉਣ ਵਾਲੀ ਆਪਣੀ ਆਰ. ਡੀ. ਸਪੋਰਟਸ ਕੰਪਨੀ ਖੋਲ੍ਹਦਾ ਹੈ ਅਤੇ ਲੈਦਰ ਸਪੋਰਟਸ ਗੁਡ ਮੈਨੂਫੈਕਚਰਿੰਗ ਐਸੋਸੀਏਸ਼ਨ ਦਾ ਪ੍ਰਧਾਨ ਬਣ ਕੇ ਆਪਣੇ ਮਜ਼ਦੂਰ ਸਾਥੀਆਂ ਨੂੰ ਕੰਮ ਖੋਲ੍ਹਣ ਲਈ ਪ੍ਰੇਰਿਤ ਵੀ ਕਰਦਾ ਹੈ ਤੇ ਉਨ੍ਹਾਂ ਦੀ ਮਦਦ ਵੀ ਕਰਦਾ ਹੈ। ਉਨ੍ਹਾਂ ਨੇ ਆਪਣੇ ਜੀਵਨ ਵਿੱਚ 32 ਮਜ਼ਦੂਰਾਂ ਨੂੰ ਦੁਕਾਨਦਾਰ ਬਣਾਇਆ, ਜਿਨ੍ਹਾਂ ਦਾ ਨਾਂ ਇਸ ਸਮੇਂ ਠੀਕ-ਠਾਕ, ਇੱਜ਼ਤਦਾਰ ਸ਼ਖਸੀਅਤਾਂ ਵਿੱਚ ਵੀ ਆਉਂਦਾ ਹੈ, ਏਨਾ ਹੀ ਨਹੀਂ ਇਸ ਤੋਂ ਇਲਾਵਾ ਉਨ੍ਹਾਂ ਨੇ ਸਮਾਜ ਦੀਆਂ ਬੁਰਾਈਆਂ ਖਿਲਾਫ਼ ਡਟ ਕੇ ਆਹਢਾ ਵੀ ਲਾਇਆ ਤੇ ਕਾਮਯਾਬੀ ਵੀ ਹਾਸਿਲ ਕੀਤੀ। ਅੱਜ ਮੈਨੂੰ ਉਨ੍ਹਾਂ ਦੇ ਨਾਮ 'ਤੇ ਫ਼ਖਰ ਹੈ। ਇਸੇ ਤਰ੍ਹਾਂ ਹੀ ਮੇਰਾ ਇਕ ਅਨੁਭਵ ਮੇਰੀ ਦਾਦੀ ਸਵ. ਸ਼੍ਰੀਮਤੀ ਧਰਮੋ ਦੇਵੀ ਜੀ ਨਾਲ ਹੈ। ਮੈਂ ਕਦੇ ਉਨ੍ਹਾਂ ਨੂੰ ਪੂਜਾ-ਪਾਠ ਕਰਦੇ ਜਾਂ ਕਿਸੇ ਮੰਦਿਰ ਵਿੱਚ ਮੱਥਾ ਟੇਕਦੇ ਨਹੀਂ ਦੇਖਿਆ, ਉਨ੍ਹਾਂ ਦੀਆਂ ਕੁਝ ਖੂਬੀਆਂ ਬੜੀਆਂ ਬਾ-ਕਮਾਲ ਸਨ। ਉਹ ਸਖ਼ਤ ਸੁਭਾਅ ਹੋਣ ਦੇ ਬਾਵਜੂਦ ਕਦੇ ਕਿਸੇ ਨੂੰ ਬੱਦਦੁਆ ਨਹੀਂ ਸਨ ਦਿੰਦੇ। ਉਹ ਬੜੇ ਸਾਫ-ਸੁਥਰੇ ਰਹਿੰਦੇ ਸਨ, ਚੁਗਲੀ-ਨਿੰਦਾ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਸਨ ਕਰਦੇ। ਗਲਤ ਗੱਲ ਵਿੱਚ ਕਦੇ ਹੁੰਗਾਰਾ ਨਹੀਂ ਸਨ ਭਰਦੇ। ਆਪਣੇ ਕੰਮ ਨਾਲ ਮਤਲਬ ਰੱਖਦੇ ਸਨ। ਦੀਵਾਲੀ ਦੇ ਦਿਨਾਂ ਵਿੱਚ ਬੱਚਿਆਂ ਨੂੰ ਪਟਾਕੇ ਚਲਾਉਣ ਤੋਂ ਅਤੇ ਹੋਲੀ ਦੇ ਦਿਨਾਂ ਵਿੱਚ ਹੋਲੀ ਖੇਡਣ ਤੋਂ ਅਤੇ ਲੋਹੜੀ ਦੇ ਦਿਨਾਂ ਵਿੱਚ ਲੋਹੜੀ ਮੰਗਣ ਅਤੇ ਅੱਗ ਬਾਲਣ ਤੋਂ ਬਹੁਤ ਰੋਕਦੇ ਸਨ, ਇਹ ਸਾਰੇ ਤਿਓਹਾਰਾਂ ਨੂੰ ਫਜ਼ੂਲ ਅਤੇ ਵਾਤਾਵਰਣ ਦੇ ਵਿਰੋਧੀ ਮੰਨਦੇ ਸਨ। ਉਨ੍ਹਾਂ ਨੇ ਇਸ ਅਸੂਲ 'ਤੇ ਡਟ ਕੇ ਪਹਿਰਾ ਦਿੱਤਾ। ਕਦੇ-ਕਦੇ ਉਹ ਚਿੜੀਆਂ-ਕਾਵਾਂ ਨੂੰ ਪਾਣੀ ਜਾਂ ਥੋੜ੍ਹੇ-ਬਹੁਤ ਦਾਣੇ ਜ਼ਰੂਰ ਪਾ ਦਿੰਦੇ ਸਨ ਜਾਂ ਕਦੇ-ਕਦਾਈਂ ਕਿਸੇ ਮੰਗਤੇ ਨੂੰ ਥੋੜ੍ਹਾ-ਬਹੁਤਾ ਆਟਾ-ਛਾਟਾ ਦੇ ਦਿੰਦੇ ਸਨ। ਉਨ੍ਹਾਂ ਦੀ ਮੌਤ 85 ਸਾਲ ਦੀ ਉਮਰ ਵਿੱਚ ਹੋਈ। ਮਰਨ ਤੋਂ ਇਕ ਘੰਟਾ ਪਹਿਲਾਂ ਉਨ੍ਹਾਂ ਨੇ ਮੀਟ ਨਾਲ ਰੋਟੀ ਖਾਧੀ ਅਤੇ ਚੰਗੀਆਂ-ਭਲੀਆਂ ਗੱਲਾਂ ਕਰਦੇ ਦੁਨੀਆਂ ਤੋਂ ਤੁਰ ਗਏ। ਉਹ ਮੈਨੂੰ ਅਤੇ ਮੇਰੇ ਭਰਾ ਨੂੰ ਸਾਡੇ ਬਾਪ ਦੀ ਰੱਜ ਕੇ ਸੇਵਾ ਕਰਨ ਲਈ ਕਹਿ ਕੇ ਗਏ ਅਤੇ ਸਾਡੇ ਕੋਲੋਂ ਵਾਅਦਾ ਲਿਆ। ਹਾਲਾਂਕਿ ਮੈਂ ਇਹ ਕਹਿ ਸਕਦਾ ਹਾਂ ਕਿ ਮੈਂ ਪੂਰੀ ਈਮਾਨਦਾਰੀ ਨਾਲ ਆਪਣੀ ਡਿਊਟੀ ਨਹੀਂ ਨਿਭਾਈ। ਮੇਰੇ ਭਰਾ ਨੇ ਕਾਫ਼ੀ ਹੱਦ ਤੱਕ ਉਸ ਵਾਅਦੇ ਨੂੰ ਪੂਰਾ ਕੀਤਾ। ਆਮ ਬੰਦਾ ਸੋਚਦਾ ਹੈ ਕਿ ਜਿਹੜੇ ਲੋਕ ਪੂਜਾ-ਪਾਠ ਕਰਦੇ ਹਨ, ਉਨ੍ਹਾਂ ਦੀ ਮੌਤ ਬਹੁਤ ਅਰਾਮਦਾਇਕ ਹੁੰਦੀ ਹੈ ਪਰ ਮੈਂ ਆਪਣੀ ਜ਼ਿੰਦਗੀ ਵਿੱਚ ਅਨੇਕਾਂ ਹੀ ਬੰਦਿਆਂ ਨੂੰ ਜਾਂਦੇ ਦੇਖਿਆ, ਕਹਿਣ ਦਾ ਭਾਵ ਉਨ੍ਹਾਂ ਦੀ ਮੌਤ ਹੁੰਦੀ ਦੇਖੀ। ਕਈਆਂ ਦੀ ਮੌਤ ਮੇਰੇ ਹੱਥਾਂ 'ਚ ਹੋਈ ਤੇ ਮੇਰੇ ਸਾਹਮਣੇ ਵੀ ਹੋਈ ਪਰ ਮੈਂ ਆਪਣੀ ਦਾਦੀ ਵਾਂਗ ਕਿਸੇ ਨੂੰ ਮਰਦੇ ਨਹੀਂ ਦੇਖਿਆ। ਉਹ ਤਾਂ ਇੰਝ ਲੱਗ ਰਿਹਾ ਸੀ ਜਿਵੇਂ ਕੋਈ ਕਿਸੇ ਵਧੀਆ ਸਫ਼ਰ ਨੂੰ ਜਾ ਰਿਹਾ ਹੋਵੇ, ਬਿਲਕੁਲ ਫ਼ਿਲਮੀ ਸੀਨ ਵਾਂਗ। ਇੱਥੇ ਮੈਂ ਨਤੀਜਾ ਇਹ ਕੱਢਿਆ ਹੈ ਕਿ ਪੂਜਾ-ਪਾਠ, ਮੰਦਿਰਾਂ-ਗੁਰਦੁਆਰਿਆਂ ਦੀਆਂ ਹਾਜ਼ਰੀਆਂ ਲਗਾਉਣ ਨਾਲੋਂ ਕਿਤੇ ਬਿਹਤਰ ਹੈ ਕਿ ਕਿਸੇ ਦਾ ਦਿਲ ਨਾ ਦੁਖਾਇਆ ਜਾਵੇ। ਵਾਤਾਵਰਣ ਨਾਲ ਪਿਆਰ ਕੀਤਾ ਜਾਵੇ। ਬਾਕੀ ਆਪਣੀ ਮਨਮਰਜ਼ੀ ਦਾ ਸਿਹਤ ਮੁਤਾਬਿਕ ਖਾਣਾ-ਪੀਣਾ ਚਾਹੀਦਾ ਹੈ, ਕਿਸੇ 'ਤੇ ਖਾਣ-ਪੀਣ ਦੀ ਪਾਬੰਦੀ ਲਗਾਉਣ ਦਾ ਸਾਨੂੰ ਕੋਈ ਹੱਕ ਨਹੀਂ ਹੈ। ਮੈਂ ਇਕ ਹੋਰ ਅਨੁਭਵ ਤੁਹਾਡੇ ਨਾਲ ਸਾਂਝਾ ਕਰਦਾ ਹਾਂ। ਥੋੜ੍ਹੇ ਦਿਨ ਪਹਿਲਾਂ ਇਕ 18-19 ਸਾਲ ਦਾ ਲੜਕਾ ਮੇਰੇ ਕੋਲ ਆਇਆ। ਉਹ ਮੈਨੂੰ ਕਹਿਣ ਲੱਗਾ ਬਾਊ ਜੀ ਮੈਂ ਤੁਹਾਡਾ ਬੜਾ ਨਾਂ ਸੁਣ ਕੇ ਆਇਆ ਹਾਂ, ਮੈਂ ਉਸ ਨੂੰ ਕਿਹਾ ਕਿ ਏਦਾਂ ਦੀ ਕੋਈ ਗੱਲ ਨਹੀਂ ਭਰਾਵਾ, ਮੈਂ ਕਿਹੜਾ ਕੋਈ ਮੰਤਰੀ ਜਾਂ ਅਫ਼ਸਰ ਹਾਂ ਪਰ ਦਸ ਮੈਨੂੰ ਕੀ ਚਾਹੁੰਦਾ ਹੈਂ ਮੇਰੇ ਤੋਂ, ਉਹ ਕਹਿੰਦਾ ਕਿ ਬਾਊ ਜੀ ਮੇਰੀ ਕੁਝ ਮਦਦ ਕਰੋ, ਮੈਨੂੰ ਜ਼ਿਆਦਾ ਪੈਸੇ ਨਹੀਂ ਚਾਹੀਦੇ, ਮੈਂ ਕਿਹਾ ਦਸ ਕੀ ਚਾਹੀਦਾ ਹੈ। ਉਹ ਕਹਿੰਦਾ ਕਿ ਮੈਂ ਫਿਰ-ਤੁਰ ਕੇ ਭੀਖ ਮੰਗਦਾ ਹਾਂ, ਮੰਗ-ਠੰਗ ਕੇ ਦਿਹਾੜੀ ਦਾ 4-5 ਸੌ ਰੁਪਿਆ ਬਣਾ ਲੈਂਦਾ ਹਾਂ ਪਰ ਕਾਫੀ ਸਮੇਂ ਤੋਂ ਬਹੁਤ ਲੋਕ ਮੈਨੂੰ ਇਹੋ ਕਹਿੰਦੇ ਹਨ ਕਿ ਹੱਟਾ-ਕੱਟਾ ਵਿਅਕਤੀ ਹੈਂ ਤੂੰ ਕੋਈ ਕੰਮ ਕਰਕੇ ਖਾ, ਤੈਨੂੰ ਸ਼ਰਮ ਚਾਹੀਦੀ ਹੈ ਅਤੇ ਕਾਫੀ ਦਿਨਾਂ ਤੋਂ ਗੁਰਦਾਸ ਮਾਨ ਦਾ ਲਿਖਿਆ ਗੀਤ 'ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਿਸ਼ਾਂ ਕਰੀਏ' ਇਹ ਗੀਤ ਮੈਨੂੰ ਚੈਨ ਨਹੀਂ ਲੈਣ ਦਿੰਦਾ। ਮੈਂ ਸੋਚਿਆ ਹੈ ਕਿ ਭੀਖ ਨਹੀਂ ਮੰਗਣੀ ਚਾਹੇ ਬੂਟ-ਪਾਲਿਸ਼ਾਂ 'ਚ 100-150 ਹੀ ਬਣੇ। ਮੈਂ ਤੁਹਾਡੇ ਕੋਲ ਆਇਆ ਹਾਂ, ਤੁਸੀਂ ਮੈਨੂੰ ਕਿਤੇ ਅੱਡਾ ਲਗਾਉਣ ਲਈ ਜਗ੍ਹਾ ਦੇ ਦਿਓ ਤਾਂ ਜੋ ਮੈਂ ਹੱਕ ਦੀ ਰੋਟੀ ਖਾ ਸਕਾਂ। ਮੈਂ ਉਸ ਨੂੰ ਕਿਹਾ ਕਿ ਤੈਨੂੰ ਮੈਂ ਨਗਰ ਨਿਗਮ ਵੱਲੋਂ ਮਨਜ਼ੂਰਸ਼ੁਦਾ ਅੱਡਾ ਲੈ ਕੇ ਦੇਵਾਂਗਾ। ਉਸ ਨੂੰ ਵੀ ਮੈਂ ਆਪਣੇ ਪਿਤਾ ਦੀ ਕਹਾਣੀ ਸੁਣਾਈ ਜਿਨ੍ਵਾਂ ਨੇ ਆਪਣੇ ਜੀਵਨ ਸੰਘਰਸ਼ ਦੀ ਸ਼ੁਰੂਆਤ ਸਟੇਸ਼ਨ ਤੇ ਬੂਟ ਪਾਲਿਸ਼ ਕਰਦਿਆਂ ਕੀਤੀ ਸੀ ਤੇ ਈਮਾਨਦਾਰੀ ਅਤੇ ਮਿਹਨਤ ਸਦਕਾ ਆਪਣਾ ਜੀਵਨ ਹੀ ਇੱਜ਼ਤ-ਮਾਣ ਨਾਲ ਨਹੀਂ ਕੱਟਿਆ ਬਲਕਿ ਸਾਨੂੰ ਵੀ ਇਕ ਐਸੀ ਨੀਂਹ ਦੇ ਗਏ ਜਿਸ ਉਤੇ ਅਸੀਂ ਆਪਣੇ ਸੁਪਨਿਆਂ ਦੇ ਮਹਿਲ ਦੀ ਉਸਾਰੀ ਕਰ ਸਕਦੇ ਹਾਂ। ਤੁਹਾਡੇ ਨਾਲ ਇਨ੍ਹਾਂ  ਅਨੁਭਵਾਂ ਨੂੰ  ਸਾਂਝੇ ਕਰਨ ਦਾ ਮੇਰਾ ਕੋਈ ਐਸਾ ਮਕਸਦ ਨਹੀਂ ਕਿ ਤੁਹਾਨੂੰ ਮੈਂ ਆਪਣੀ ਨਿੱਜੀ ਜਿੰਦਗੀ ਨਾਲ ਜਾਣੂ ਕਰਵਾਵਾਂ, ਇਹਦਾ ਇਕਮਾਤਰ ਮਕਸਦ ਇਹੋ ਹੈ ਕਿ ਤੁਸੀਂ ਜਾਣ ਸਕੋ ਕਿ ਆਪਣੇ ਜੀਵਨ ਦੀ ਰਾਹ 'ਚ ਮੈਂ ਕੈਸੇ ਅਨੁਭਵ ਲੈ ਕੇ ਚੱਲ ਰਿਹਾ ਹਾਂ ਅਤੇ ਜਿਹੜੇ ਅਨੁਭਵ ਮੈਨੂੰ ਪ੍ਰੇਰਣਾ ਦਿੰਦੇ ਹਨ ਸ਼ਾਇਦ ਤੁਹਾਡੇ ਵੀ ਪ੍ਰੇਰਣਾ ਸ੍ਰੋਤ ਬਣ ਸਕਣ।
                          - ਅਜੇ ਕੁਮਾਰ

No comments:

Post a Comment