Sunday 27 September 2015

ਚਿੱਟੇ ਬੱਦਲ


ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਦੀ ਸਿਆਸਤ 'ਚ ਬਾਦਲ ਅਤੇ ਬਾਦਲ ਪਰਿਵਾਰ ਛਾਇਆ ਹੋਇਆ ਹੈ ਪਰ ਜਿੰਨੇ ਤਕੜੇ ਤਰੀਕੇ ਨਾਲ ਪੰਜਾਬ ਵਿੱਚ ਚਿੱਟੇ ਦਾ ਨਸ਼ਾ ਛਾਇਆ ਖਾਸ ਕਰਕੇ ਚਿੱਟਾ ਛਾਇਆ, ਉਸ ਮੂਹਰੇ ਕਿਸੇ ਵੀ ਚੰਗੇ ਸਿਆਸਤਦਾਨ ਦਾ, ਕਿਸੇ ਵੀ ਸਮਾਜਸੇਵੀ ਸੰਸਥਾ ਦਾ, ਕਿਸੇ ਵੀ ਸੂਝਵਾਨ ਦਾ ਟਿਕਣਾ ਮੁਸ਼ਕਿਲ ਹੋਇਆ ਪਿਆ ਹੈ। ਇਸ ਸਮੇਂ ਪੰਜਾਬ ਵਿੱਚ ਚਿੱਟਾ ਤਕਰੀਬਨ ਜੇ ਹਰ ਘਰ ਨਹੀਂ ਤਾਂ ਹਰ ਘਰ ਦੇ ਨੇੜੇ-ਤੇੜੇ ਜ਼ਰੂਰ ਪੁੱਜ ਗਿਆ ਹੈ। ਆਮ ਤੌਰ 'ਤੇ ਲੋਕ ਆਖਦੇ ਹਨ ਕਿ ਕਾਲੇ ਬੱਦਲ ਛਾਏ ਹੋਏ ਹਨ ਜਾਂ ਆਉਣ ਵਾਲੇ ਹਨ, ਇਹ ਜ਼ਰੂਰ ਕੋਈ ਵੱਡਾ ਨੁਕਸਾਨ ਕਰਨਗੇ ਪਰ ਜਿਹੜਾ ਚਿੱਟਾ ਪੰਜਾਬ 'ਚ ਛਾਇਆ ਹੋਇਆ ਹੈ, ਇਸ ਨੇ ਪੰਜਾਬ ਦਾ ਸਾਰਾ ਮਾਹੌਲ ਵੀ ਜ਼ਹਿਰੀਲਾ ਕੀਤਾ ਹੋਇਆ ਹੈ, ਕਿਤੇ ਲੁੱਟਾਂ-ਖੋਹਾਂ ਹੋ ਰਹੀਆਂ ਹਨ, ਔਰਤਾਂ ਨਾਲ ਬੱਦਤਮੀਜ਼ੀ ਹੋ ਰਹੀ ਹੈ, ਨੌਜਵਾਨ ਫਾਹੇ ਲੈ ਰਹੇ ਹਨ, ਕਿਤੇ ਬੈਂਕ ਲੁੱਟੇ ਜਾ ਰਹੇ ਹਨ, ਚੋਰੀਆਂ-ਡਕੈਤੀਆਂ ਹੋ ਰਹੀਆਂ ਹਨ, ਜੇਲ੍ਹਾਂ 'ਚ ਵੀ ਚਿੱਟਾ ਥੋਕ ਦੇ ਭਾਅ ਚੱਲ ਰਿਹਾ ਹੈ, ਕਈ ਜਗ੍ਹਾ ਏ. ਟੀ. ਐਮ. ਪੁੱਟੇ ਜਾ ਰਹੇ ਹਨ ਚੁੱਕੇ ਜਾ ਰਹੇ ਹਨ, ਚਿੱਟਾ ਵੇਚਣ ਖਰੀਦਣ ਤੋਂ ਗੈਂਗਵਾਰ ਹੋ ਰਹੀ ਹੈ। ਮੰਤਰੀਆਂ-ਸੰਤਰੀਆਂ ਅਫਸਰਾਂ ਦੇ ਨਾਂ ਲੱਗ ਰਹੇ ਹਨ, ਕੋਰਟਾਂ 'ਚ ਰਿੱਟਾਂ ਪਾਈਆਂ ਜਾ ਰਹੀਆਂ ਹਨ। ਸਕੂਲਾਂ-ਕਾਲਜਾਂ, ਹੋਸਟਲਾਂ, ਪੀਜੀ 'ਚ ਲੜਕੇ-ਲੜਕੀਆਂ ਨਸ਼ਿਆਂ 'ਚ ਆਮ ਦੇਖੀਆਂ ਜਾ ਸਕਦੀਆਂ ਹਨ। ਚੰਗੇ ਘਰਾਂ ਦੇ ਕਾਕੇ ਕੁਰਾਹੇ ਪਏ ਹੋਏ ਹਨ। ਕਹਿਣ ਦਾ ਭਾਵ ਚਿੱਟਾ ਪੂਰੀ ਤਰ੍ਹਾਂ ਛਾਇਆ ਹੋਇਆ ਹੈ। ਪੰਜਾਬ 'ਚ ਗਠਬੰਧਨ ਸਰਕਾਰ ਹੈ, ਸਾਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਇਹ ਸਰਕਾਰ ਪੰਜਾਬ 'ਚ ਨਸ਼ਿਆਂ ਨੂੰ ਖਤਮ ਕਰਨ ਲਈ ਨਸ਼ਾਮੁਕਤ ਪੰਜਾਬ ਦਾ ਮੁੱਦਾ ਲੈ ਕੇ ਸੱਤਾ 'ਤੇ ਕਾਬਜ਼ ਹੋਈ ਸੀ, ਹੁਣ ਹਾਲਾਤ ਵੇਖ ਲਓ ਸ਼ਰੇਆਮ ਪੰਜਾਬ ਦੇ ਮੰਤਰੀਆਂ-ਸੰਤਰੀਆਂ, ਐਮ. ਐਲ. ਏ. ਅਫ਼ਸਰਾਂ ਦੇ ਚਿੱਟਾ ਵੇਚਣ ਵਾਲਿਆਂ ਨਾਲ ਭਾਈਵਾਲੀ ਦੇ ਇਲਜ਼ਾਮ ਲੱਗਦੇ ਹਨ ਪਰ ਇਸ ਨੂੰ ਕੰਟਰੋਲ ਕਰਨ ਲਈ ਨਾ ਕਿਸੇ ਪ੍ਰਸ਼ਾਸਨਿਕ ਅਧਿਕਾਰੀ, ਨਾ ਵਿਰੋਧੀ ਧਿਰ ਤੇ ਨਾ ਹੀ ਕਿਸੇ ਮੰਤਰੀ ਨੇ ਖੁੱਲ੍ਹੀ ਚਰਚਾ ਆਪਣੇ ਹਲਕੇ ਜਾਂ ਵਿਧਾਨ ਸਭਾ 'ਚ ਕੀਤੀ। ਅਸੀਂ 28 ਸਤੰਬਰ ਨੂੰ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਨ ਮਨਾ ਰਹੇ ਹਾਂ, ਜਿਨ੍ਹਾਂ ਨੇ ਸਿਰਫ 23 ਸਾਲ 6 ਮਹੀਨੇ ਦੀ ਉਮਰ ਵਿੱਚ ਆਪਣੀ ਜਾਨ ਦੇਸ਼ ਤੋਂ ਵਾਰ ਦਿੱਤੀ। ਪੰਜਾਬ ਦੀ ਧਰਤੀ ਸਭ ਤੋਂ ਵੱਧ ਕ੍ਰਾਂਤੀਕਾਰੀਆਂ, ਗੁਰੂਆਂ-ਪੀਰਾਂ, ਫ਼ਕੀਰਾਂ ਦੀ ਕਰਮਭੂਮੀ ਰਹੀ ਹੈ। ਸਭ ਤੋਂ ਵੱਧ ਪੰਜਾਬ 'ਚ ਸ਼ਹੀਦ ਹੋਏ ਹਨ, ਤੁਸੀਂ ਵਿਚਾਰ ਕਰੋ ਕਿ ਅਸੀਂ ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਕੀ ਮੁੱਲ ਪਾਇਆ ਉਨ੍ਹਾਂ ਪੀਰਾਂ-ਫ਼ਕੀਰਾਂ ਗੁਰੂਆਂ ਦੀ ਵਿਚਾਰਧਾਰਾ ਅਤੇ ਕ੍ਰਾਂਤੀ ਦਾ ਤੇ ਇਨ੍ਹਾਂ ਸ਼ਹੀਦਾਂ ਦਾ। ਆਓ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੰਜਾਬ 'ਚੋਂ ਚਿੱਟੇ ਅਤੇ ਹੋਰ ਨਸ਼ਿਆਂ ਨੂੰ ਜੜ੍ਹੋਂ ਉਖਾੜ ਕੇ ਭਗਤ ਸਿੰਘ ਦਾ ਪੰਜਾਬ ਸਿਰਜੀਏ। ਪਿਛਲੀ ਵਾਰ ਮੈਂ ਲੇਖ ਲਿਖਿਆ ਸੀ, 'ਬੋਤਲ 'ਚ ਬੰਦ ਹਾਥੀ'। ਬਹੁਤ ਸਾਰੇ ਬਹੁਜਨ ਸਮਾਜ ਪਾਰਟੀ ਦੇ ਭੇਡ ਚਾਲ 'ਚ ਵਿਸ਼ਵਾਸ ਰੱਖਣ ਵਾਲੇ ਲੀਡਰਾਂ ਨੇ ਲੇਖ ਦਾ ਸਿਰਫ ਹੈਡਿੰਗ ਪੜ੍ਹ ਕੇ ਹੀ ਮੇਰੇ ਖਿਲਾਫ ਟਿੱਪਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ, ਜਦੋਂ ਉਨ੍ਹਾਂ ਨੂੰ ਪੂਰਾ ਲੇਖ ਪੜ੍ਹਨ ਲਈ ਕਿਹਾ ਗਿਆ ਤਾਂ ਫਿਰ ਸ਼ਰਮਿੰਦਗੀ ਨਾਲ ਉਨ੍ਹਾਂ ਨੂੰ ਆਪਣੇ ਕੁਮੈਂਟ ਬਦਲਣੇ ਪਏ। ਇਸੇ ਤਰ੍ਹਾਂ ਹੋ ਸਕਦਾ ਹੈ ਕਿ ਮੌਜੂਦਾ ਸਰਕਾਰ ਦੇ ਚਹੇਤੇ ਵੀ ਮੇਰੇ ਲੇਖ ਦਾ ਹੈਡਿੰਗ ਪੜ੍ਹ ਕੇ ਕੱਪੜਿਆਂ ਤੋਂ ਬਾਹਰ ਹੋਣ ਨੂੰ ਫਿਰਨ, ਮੈਂ ਚਾਹੁੰਦਾ ਹਾਂ ਕਿ ਲੀਡਰ ਬੇਮਤਲਬ ਦੀ ਬਿਆਨਬਾਜ਼ੀ ਕਰਨ ਦੀ ਬਜਾਏ ਕਿਸੇ ਵੀ ਮੰਚ 'ਤੇ ਮੇਰੇ ਨਾਲ ਨਸ਼ੇ ਦੇ ਮੁੱਦੇ 'ਤੇ ਬਹਿਸ ਕਰ ਸਕਦੇ ਹਨ ਤੇ ਅਸੀਂ ਮਿਲਜੁਲ ਕੇ ਘੁਣ ਦੀ ਤਰ੍ਹਾਂ ਪੰਜਾਬ ਨੂੰ ਖਾ ਰਹੇ ਚਿੱਟੇ ਨਸ਼ੇ ਤੋਂ ਛੁਟਕਾਰਾ ਪਾਉਣ ਦਾ ਕੋਈ ਚੰਗਾ ਹੱਲ ਲੱਭ ਸਕਦੇ ਹਾਂ। ਮੈਨੂੰ ਪਤਾ ਹੈ ਕਿ ਜਦੋਂ ਅਸੀਂ ਚਿੱਟੇ ਦੇ ਖਿਲਾਫ ਮੂਵਮੈਂਟ ਚਲਾਉਣੀ ਹੈ ਤਾਂ ਵੱਡੇ-ਵੱਡੇ ਧਾਕੜ ਮੰਤਰੀਆਂ ਦਾ ਵਿਰੋਧ ਵੀ ਮੈਨੂੰ ਝੱਲਣਾ ਪੈਣਾ ਹੈ। ਸਾਨੂੰ ਪਤਾ ਹੈ ਕਿ ਜੇਕਰ ਅਸੀਂ ਭਗਤ ਸਿੰਘ ਦੇ ਨਾਮ ਦਾ ਪੰਜਾਬ ਨਹੀਂ ਸਿਰਜਾਂਗੇ ਤਾਂ ਹੋਰ ਕੌਣ ਸਿਰਜੇਗਾ? ਜੇਕਰ ਚਿੱਟਾ ਵੇਚਣ ਵਾਲੇ ਮੋਟੀਆਂ ਕਮਾਈਆਂ ਅਤੇ ਆਪਣੀਆਂ ਸੁੱਖ-ਸੁਵਿਧਾਵਾਂ ਲਈ ਜਾਨ ਦੀ ਬਾਜ਼ੀ ਵੀ ਲਗਾ ਸਕਦੇ ਹਨ ਤਾਂ ਅਸੀਂ ਅੰਬੇਡਕਰੀ ਸੋਚ ਵਾਲੇ ਆਪਣੀ ਆਤਮਾ ਦੀ ਖੁਰਾਕ ਲਈ, ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ, ਆਪਣੀਆਂ ਧੀਆਂ-ਭੈਣਾਂ ਦੀ ਇੱਜ਼ਤ ਨੂੰ ਕਾਇਮ ਰੱਖਣ ਲਈ ਨਸ਼ਾਮੁਕਤ ਪੰਜਾਬ ਕਿਉਂ ਨਹੀਂ ਬਣਾ ਸਕਦੇ? ਕਿਉਂ ਲੜਾਈ ਨਹੀਂ ਲੜ ਸਕਦੇ? ਇੱਥੇ ਮੈਨੂੰ ਪੁਰਾਣੀ ਕਹਾਵਤ ਯਾਦ ਆ ਰਹੀ ਹੈ ਜੋ ਸੀਨੀਅਰ ਦਲਿਤ ਨੇਤਾ ਬਿਸ਼ਨ ਦਾਸ ਸਹੋਤਾ ਸੁਣਾਇਆ ਕਰਦੇ ਹਨ, ਇਕ ਵਾਰ ਘੁਮਿਆਰ ਮਿੱਟੀ ਦੀਆਂ ਚਿਲਮਾਂ ਬਣਾ ਰਿਹਾ ਸੀ, ਜਿਸ ਵਿੱਚ ਤੰਬਾਕੂ ਪਾ ਕੇ ਲੋਕ ਪੀਂਦੇ ਸਨ, ਉਸ ਦੀ ਲੜਕੀ ਨੇ ਕਿਹਾ ਕਿ ਤੁਸੀਂ ਚਿਲਮ ਦੀ ਥਾਂ 'ਤੇ ਪਾਣੀ ਵਾਲੀ ਸੁਰਾਹੀ ਬਣਾਇਆ ਕਰੋ ਪਾਣੀ ਠੰਡਾ ਰਹੇ ਤੇ ਲੋਕ ਪਾਣੀ ਪੀਣ ਤੇ ਤੁਹਾਨੂੰ ਯਾਦ ਕਰਨ। ਘੁਮਿਆਰ ਨੇ ਥੋੜ੍ਹੀ ਜਿਹੀ ਮਿੱਟੀ ਲੈ ਕੇ ਉਸ ਚਿਲਮ ਦੀ ਸੁਰਾਹੀ ਬਣਾਉਣੀ ਸ਼ੁਰੂ ਕਰ ਦਿੱਤੀ, ਜਦੋਂ ਉਹ ਸੁਰਾਹੀ ਬਣ ਰਹੀ ਸੀ ਤਾਂ ਮਿੱਟੀ ਨੇ ਘੁਮਿਆਰ ਨੂੰ ਸਵਾਲ ਪੁੱਛਿਆ ਕਿ ਇਹ ਤੂੰ ਕੀ ਕਰ ਰਿਹਾ ਹੈਂ, ਤੂੰ ਮਿੱਟੀ 'ਤੇ ਹੋਰ ਮਿੱਟੀ ਪਾਈ ਜਾ ਰਿਹੈ ਹੈਂ ਤਾਂ ਘੁਮਿਆਰ ਨੇ ਕਿਹਾ ਕਿ ਪਹਿਲਾਂ ਮੈਂ ਚਿਲਮ ਬਣਾਈ ਸੀ, ਹੁਣ ਮੈਂ ਸੁਰਾਹੀ ਬਣਾਉਣੀ ਹੈ, ਮੇਰਾ ਵਿਚਾਰ ਬਦਲ ਗਿਆ। ਅੱਗੋਂ ਮਿੱਟੀ ਨੇ ਜਵਾਬ ਦਿੱਤਾ ਕਿ ਜੇ ਤੇਰਾ ਵਿਚਾਰ ਬਦਲ ਗਿਆ ਹੈ ਤਾਂ ਮੇਰਾ ਸੰਸਾਰ ਬਦਲ ਗਿਆ ਹੈ। ਆਓ ਆਪਣੇ ਵਿਚਾਰਾਂ ਨਾਲ ਪੰਜਾਬ ਦਾ ਮਾਹੌਲ ਬਦਲੀਏ ਅਤੇ ਖੁਸ਼ਨੁਮਾ ਸੰਸਾਰ ਸਿਰਜੀਏ। ਆਓ ਚਿੱਟੇ ਦੇ ਕਲੰਕ ਨੂੰ ਮਿਟਾ ਕੇ ਸ਼ਾਂਤੀ ਦਾ ਬੂਟਾ ਲਾਈਏ। ਪੰਜਾਬ ਨੇ ਸਿਕੰਦਰ ਤੋਂ ਲੈ ਕੇ ਪਾਕਿਸਤਾਨ ਤੱਕ ਸਦਾ ਤੋਂ ਵਿਦੇਸ਼ੀ ਤਾਕਤਾਂ ਦੇ ਹਮਲੇ ਝੱਲੇ। ਪੰਜਾਬ ਨੂੰ ਕਮਜ਼ੋਰ ਕਰਨ ਦੀ ਖ਼ਾਤਿਰ ਵਿਦੇਸ਼ੀ ਤਾਕਤਾਂ ਨੇ ਧਰਮ ਦੇ ਨਾਂ 'ਤੇ ਪੰਜਾਬ ਵਿੱਚ ਅੱਤਵਾਦ ਫੈਲਾਇਆ, ਜਿਸ ਦਾ ਦਰਦ 30 ਸਾਲਾਂ ਬਾਅਦ ਵੀ ਮਹਿਸੂਸ ਹੁੰਦਾ ਹੈ ਪਰ ਇਕ ਗੱਲ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਕੋਈ ਵੀ ਵਿਦੇਸ਼ੀ ਹਮਲਾ ਜਾਂ ਅੱਤਵਾਦ ਪੰਜਾਬ ਲਈ ਏਨਾ ਘਾਤਕ ਹੋਇਆ ਹੈ, ਜਿੰਨਾ ਚਿੱਟੇ ਦਾ ਨਸ਼ਾ ਘਾਤਕ ਸਿੱਧ ਹੋਵੇਗਾ। ਇਕ ਪੂਰੀ ਦੀ ਪੂਰੀ ਨੌਜਵਾਨ ਪੀੜ੍ਹੀ ਨਸ਼ੇ ਦੀ ਬਲੀਬੇਦੀ 'ਤੇ ਕੁਰਬਾਨ ਹੋ ਰਹੀ ਹੈ। ਪਰਿਵਾਰਾਂ ਦੇ ਪਰਿਵਾਰ ਤਬਾਹ ਹੋ ਰਹੇ ਹਨ ਤੇ ਨਸ਼ਿਆਂ ਦੀ ਮਾਰ ਤੋਂ ਸੱਭਿਅਤਾ, ਸੰਸਕ੍ਰਿਤੀ ਬਚਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਨਸ਼ੇਬਾਜ਼ੀ ਅੰਦਰੋਂ-ਅੰਦਰੀ ਘੁਣ ਦੀ ਤਰ੍ਹਾਂ ਪੰਜਾਬ ਨੂੰ ਖਾ ਰਹੀ ਹੈ। ਉੱਪਰੋਂ ਦੇਖਣ ਨੂੰ ਮਜ਼ਬੂਤੀ ਪੂਰੀ ਹੈ ਪਰ ਜੇ ਉਂਗਲ ਲਗਾਈ ਤੇ ਝਰ-ਝਰ ਕਰਕੇ ਸਭ ਕੁਝ ਡਿੱਗ ਜਾਵੇਗਾ।
ਨਸ਼ਾ ਮੁਕਤ ਸਮਾਜ ਸਿਰਜਣ ਲਈ ਸੰਪਰਕ ਕਰੋ।
- ਅਜੇ ਕੁਮਾਰ

Sunday 20 September 2015

ਬੋਤਲ 'ਚ ਹਾਥੀ


ਵਿਹਲੇ ਖੱਪ-ਰੌਲੇ ਦੀ ਰਾਜਨੀਤੀ, ਬਿਨਾਂ ਸਿਰ-ਪੈਰ ਦੇ ਮੁੱਦੇ ਉਠਾਉਣ ਦੀ ਕਲਾ ਅਤੇ ਭਰਾ ਨੂੰ ਭਰਾ ਨਾਲ ਲੜਾਉਣ ਦੀ ਮੁਹਾਰਤ ਰੱਖਣ ਵਾਲਾ ਸਾਡੇ ਦੇਸ਼ ਵਿੱਚ ਲੀਡਰ ਅਖਵਾਉਂਦਾ ਹੈ। ਤੁਸੀਂ ਰਾਹ ਜਾਂਦੇ ਸੜਕਾਂ ਦੇ ਕੰਢੇ ਮਦਾਰੀਆਂ ਦੇ ਤਮਾਸ਼ੇ ਕਈ ਵਾਰ ਦੇਖੇ ਹੋਣਗੇ। ਮਜਮਾ ਲਾਉਣ ਦੀ ਖ਼ਾਤਿਰ ਮਦਾਰੀ ਡੁਗਡੁਗੀ ਵਜਾ ਕੇ ਲੋਕ ਇਕੱਠੇ ਕਰਦਾ ਹੈ। ਭੀੜ ਦੀ ਉਤੇਜਨਾ ਵਧਾਉਣ ਲਈ ਕਈ ਤਰ੍ਹਾਂ ਦੇ ਡਰਾਮੇ ਕੀਤੇ ਜਾਂਦੇ ਹਨ। ਮਦਾਰੀ ਨਾਲ ਆਇਆ ਬੱਚਾ ਪਹਿਲਾਂ ਤਾਂ ਉਛਲਕੂਦ ਕਰਕੇ ਭੀੜ ਦਾ ਮਨੋਰੰਜਨ ਕਰਦਾ ਹੈ, ਫਿਰ  ਮਦਾਰੀ ਉਸ ਬੱਚੇ ਨੂੰ ਚਾਕੂ ਮਾਰਦਾ ਹੈ, ਫਿਰ ਜਿਊਂਦਾ ਕਰਨ ਦੀ ਖ਼ਾਤਿਰ ਲੋਕਾਂ ਕੋਲੋਂ ਪੈਸੇ ਇਕੱਠੇ ਕਰਦਾ ਹੈ, ਅਖੀਰ 'ਚ ਪੈਸੇ ਇਕੱਠੇ ਕਰਕੇ ਬੱਚੇ ਨੂੰ ਦੁਬਾਰਾ ਜਿਊਂਦਾ ਖੜ੍ਹਾ ਕਰਕੇ ਚੱਲਦਾ ਬਣਦਾ ਹੈ। ਧਿਆਨ ਨਾਲ ਦੇਖੀਓ ਸਾਡੇ ਲੀਡਰਾਂ ਦੀਆਂ ਕਾਰਗੁਜ਼ਾਰੀਆਂ ਸੜਕ ਕੰਢੇ ਖੜ੍ਹੇ ਕਿਸੇ ਮਦਾਰੀ ਨਾਲੋਂ ਕੁਝ ਜ਼ਿਆਦਾ ਚੰਗੀਆਂ ਨਹੀਂ ਹੁੰਦੀਆਂ। ਇਹ ਵੀ ਉਸੇ ਤਰੀਕੇ ਨਾਲ ਵੱਡੀਆਂ-ਵੱਡੀਆਂ ਸਟੇਜਾਂ 'ਤੇ ਬੈਠ ਕੇ ਆਪੋ-ਆਪਣੀਆਂ ਪਾਰਟੀਆਂ ਬਣਾ ਮੀਡੀਏ ਨਾਲ ਸੈਟਿੰਗ ਕਰਕੇ ਕੁਝ ਮਦਾਰੀਆਂ ਵਾਲੀਆਂ ਹਰਕਤਾਂ ਹੀ ਕਰਦੇ ਹਨ। ਫ਼ਰਕ ਸਿਰਫ ਇਹ ਹੈ ਕਿ ਮਦਾਰੀ ਆਪਣਾ ਢਿੱਡ ਪਾਲਣ ਖ਼ਾਤਿਰ ਭੀੜ ਦੀ ਜੇਬ੍ਹ 'ਚੋਂ ਪੈਸੇ ਕਢਵਾਉਂਦਾ ਹੈ ਤੇ ਇਹ ਲੀਡਰ ਆਪਣਾ ਸਵਾਰਥ ਸਿੱਧ ਕਰਨ ਖ਼ਾਤਿਰ ਆਪਣੇ ਲੱਛੇਦਾਰਾਂ ਭਾਸ਼ਣਾਂ ਰਾਹੀਂ ਜਨਤਾ ਦਾ ਦਿਮਾਗ ਸਾਫ਼ ਕਰਕੇ ਉਨ੍ਹਾਂ ਦੀਆਂ ਵੋਟਾਂ ਹਥਿਆਉਂਦੇ ਹਨ। ਤੁਹਾਡੀਆਂ ਵੋਟਾਂ ਹਥਿਆਉਣ ਖ਼ਾਤਿਰ ਇਹ ਲੀਡਰ ਕਿਸੇ ਵੀ ਤਰ੍ਹਾਂ ਦਾ ਝੂਠ ਬੋਲਣ ਤੋਂ ਗੁਰੇਜ਼ ਨਹੀਂ ਕਰਦੇ। ਹੱਦ ਤਾਂ ਇਹ ਹੈ ਕਿ ਆਪਣੇ ਹਰ ਝੂਠ ਨੂੰ ਸੱਚ ਸਿੱਧ ਕਰਨ ਲਈ ਇਹ ਬਹੁਤ ਸਾਰੇ ਤਮਾਸ਼ੇ ਵੀ ਕਰਦੇ ਹਨ। ਮੇਰੇ ਮੁਹੱਲੇ 'ਚ ਬੜਾ ਹੀ ਚਾਲੂ ਕਿਸਮ ਦਾ ਮੁੰਡਾ ਰਹਿੰਦਾ ਸੀ ਰਾਕੇਸ਼, ਜਿਸ ਦਾ ਕੰਮ ਸੀ ਹਰ ਤੀਜੇ ਦਿਨ ਮੁਹੱਲੇ 'ਚ ਕੋਈ ਨਵਾਂ ਤਮਾਸ਼ਾ ਖੜ੍ਹਾ ਕਰ ਦੇਣਾ। ਉਸ ਦਾ ਇਕ ਤਮਾਸ਼ਾ ਮੈਨੂੰ ਅਜੇ ਤੱਕ ਯਾਦ ਹੈ, ਉਸ ਨੇ ਮੁਹੱਲੇ 'ਚ ਖੱਪ ਪਾ ਦਿੱਤੀ ਕਿ ਮੈਂ ਜਾਦੂ ਜਾਣਦਾ ਹਾਂ ਅਤੇ ਜਾਦੂ ਨਾਲ ਬੋਤਲ 'ਚ ਹਾਥੀ ਬੰਦ ਕਰ ਸਕਦਾ ਹਾਂ। ਉਸ ਦੇ ਦਾਅਵੇ ਦੀ ਸੱਚਾਈ ਪਰਖਣ ਖ਼ਾਤਿਰ ਨਾ ਕੇਵਲ ਮੁਹੱਲੇ ਦੇ ਸਾਰੇ ਬੱਚੇ, ਸਗੋਂ ਜਨਾਨੀਆਂ ਅਤੇ ਬਜ਼ੁਰਗ ਵੀ ਇਕੱਠੇ ਹੋ ਗਏ। ਜਦੋਂ ਮੁਹੱਲੇ ਦੇ ਸਾਰੇ ਲੋਕਾਂ ਨੇ ਰਾਕੇਸ਼ ਨੂੰ ਜਾਦੂ ਦਿਖਾਉਣ ਲਈ ਕਿਹਾ ਤੇ ਆਪਣੇ ਝੂਠੇ ਰੌਲੇ ਨੂੰ ਸੱਚ ਸਿੱਧ ਕਰਨ ਲਈ ਉਸ ਨੇ ਕਾਗਜ਼ 'ਤੇ ਹਾਥੀ ਦੀ ਫੋਟੋ ਬਣਾਈ ਤੇ ਉਸ ਨੂੰ ਬੋਤਲ 'ਚ ਪਾ ਦਿੱਤਾ, ਲਓ ਕਹਿੰਦਾ ਤੁਹਾਨੂੰ ਮੇਰੀ ਗੱਲ 'ਤੇ ਯਕੀਨ ਨਹੀਂ ਸੀ, ਮੈਂ ਹਾਥੀ ਬੋਤਲ 'ਚ ਪਾ ਦਿੱਤੈ, ਜੇ ਤੁਸੀਂ ਕਹੋਂ ਤਾਂ 10 ਹਾਥੀ ਹੋਰ ਬੋਤਲ 'ਚ ਪਾ ਸਕਦਾ ਹਾਂ। ਹੁਣ ਕੌਣ ਅਜਿਹੇ ਬੰਦੇ ਨਾਲ ਬਹਿਸ ਕਰੂ ਜੋ ਸ਼ਰੇਆਮ ਅੱਖਾਂ 'ਚ ਘੱਟਾ ਪਾਉਂਦਾ ਹੋਵੇ। ਅੱਜ ਜਦੋਂ ਮੋਦੀ ਦੇ ਭਾਸ਼ਣਾਂ, ਓਹਦੀ ਕਹਿਣੀ ਤੇ ਕਰਨੀ ਦੇ ਅੰਤਰ ਨੂੰ ਦੇਖਦਾ ਹਾਂ ਤਾਂ ਮੈਨੂੰ ਰਾਕੇਸ਼ ਯਾਦ ਆ ਜਾਂਦਾ ਹੈ। ਜਿਵੇਂ ਉਹ ਬੋਤਲ 'ਚ ਹਾਥੀ ਪਾਉਂਦਾ ਸੀ, ਕੁਝ ਉਸੇ ਤਰੀਕੇ ਨਾਲ ਮੋਦੀ ਵੀ ਜਨਤਾ ਲਈ ਚੰਗੇ ਦਿਨ ਲਿਆ ਰਿਹਾ ਹੈ। ਅੱਛੇ ਦਿਨਾਂ ਦਾ ਵਾਅਦਾ ਕਰਕੇ ਸੱਤਾ ਵਿੱਚ ਆਏ ਨਰਿੰਦਰ ਮੋਦੀ ਨੇ ਪਿਛਲੇ ਡੇਢ ਸਾਲਾਂ 'ਚ ਬਾਹਰਲੇ ਮੁਲਕਾਂ ਦੀਆਂ ਸੈਰਾਂ ਕਰਨ ਤੋਂ ਇਲਾਵਾ ਕੁਝ ਕੀਤਾ ਹੋਵੇ ਤਾਂ ਮੇਰੇ ਧਿਆਨ 'ਚ ਨਹੀਂ। ਹੋ ਸਕਦਾ ਹੈ ਕੁਝ ਗਿਣਤੀ ਦੇ ਵੱਡੇ ਘਰਾਣਿਆਂ ਦੇ ਜਾਂ ਮੋਦੀ ਦੇ ਸਾਥੀਆਂ ਦੇ ਅੱਛੇ ਦਿਨ ਆ ਗਏ ਹੋਣ ਪਰ ਬਹੁ-ਗਿਣਤੀ ਜਨਤਾ ਦੇ ਹਾਲਾਤਾਂ ਵਿੱਚ ਅਜੇ ਤੱਕ ਕੋਈ ਬਦਲਾਓ ਨਹੀਂ ਹੋਇਆ। ਗਰੀਬੀ ਉਦੋਂ ਵੀ ਸੀ, ਗਰੀਬੀ ਹੁਣ ਵੀ ਹੈ, ਭੁੱਖਮਰੀ ਉਦੋਂ ਵੀ ਸੀ, ਭੁੱਖਮਰੀ ਹੁਣ ਵੀ ਹੈ। ਆਮ ਬੰਦੇ ਦਾ ਪੜ੍ਹਾਈ, ਦਵਾਈ, ਰੋਟੀ, ਕੱਪੜਾ ਅਤੇ ਮਕਾਨ ਲਈ ਸੰਘਰਸ਼ ਉਦੋਂ ਵੀ ਚੱਲ ਰਿਹਾ ਸੀ ਅਤੇ ਹੁਣ ਵੀ ਜਾਰੀ ਹੈ। ਸਵੱਛ ਭਾਰਤ ਦਾ ਨਾਅਰਾ ਤਾਂ ਦਿੱਤਾ ਗਿਆ ਪਰ ਕਿ ਕੀ ਸਦੀਆਂ ਤੋਂ ਭਾਰਤ ਸਵੱਛ ਕਰਨ ਵਾਲੇ ਸਫਾਈ ਮਜ਼ਦੂਰਾਂ ਦੀ ਕੋਈ ਸੁੱਧ ਲਈ ਗਈ?ਤਾਂ ਜੋ ਭਾਰਤ ਦੀ ਸਵੱਛਤਾ ਦੇ ਨਾਲ-ਨਾਲ ਇਨ੍ਹਾਂ ਦੇ ਜੀਵਨ ਵਿੱਚ ਵੀ ਕੁਝ ਸਵੱਛਤਾ ਆ ਜਾਂਦੀ। ਇਨ੍ਹਾਂ ਦੇ ਜੀਵਨ 'ਚੋਂ ਕੁਝ ਗੰਦਗੀ ਤਾਂ ਸਾਫ਼ ਹੋ ਜਾਂਦੀ। ਕਾਲੇ ਧਨ ਦਾ ਜ਼ਿਕਰ ਤਾਂ ਕੀਤਾ ਗਿਆ ਅਤੇ ਭਾਸ਼ਣ ਦਿੱਤਾ ਗਿਆ ਕਿ ਵਿਦੇਸ਼ਾਂ ਤੋਂ ਕਾਲਾ ਧਨ ਮੁੜ ਦੇਸ਼ 'ਚ ਲਿਆਂਦਾ ਜਾਵੇਗਾ ਅਤੇ ਹਰ ਭਾਰਤੀ ਨੂੰ 15-15 ਲੱਖ ਮਿਲੇਗਾ। 15 ਲੱਖ ਤਾਂ ਕੀ ਮਿਲਣਾ ਸੀ, 15 ਰੁਪਏ ਵੀ ਨਾ ਮਿਲੇ। ਸਮਝ ਨਹੀਂ ਆਉਂਦਾ ਮੋਦੀ ਸਰਕਾਰ ਚਲਾ ਰਿਹਾ ਹੈ ਜਾਂ ਚੰਦੇ ਨਾਲ ਚੱਲਣ ਵਾਲੀ ਕੋਈ ਗ਼ੈਰ-ਸਰਕਾਰੀ ਸੰਸਥਾ! ਜਦੋਂ ਮੋਦੀ ਦੀ ਅਪੀਲ ਸੁਣਦਾ ਹਾਂ ਕਿ ਲੋਕ ਆਪਣੀ ਗੈਸ ਸਬਸਿਡੀ ਛੱਡਣ ਤਾਂ ਹਾਸਾ ਵੀ ਆਉਂਦਾ ਹੈ ਤੇ ਰੌਣਾ ਵੀ, ਇਹ ਕਿਹੋ ਜਿਹੀ ਸਰਕਾਰ ਹੈ ਜੋ ਲੋਕਾਂ ਤੋਂ ਦਾਨ ਲੈਣ ਖ਼ਾਤਿਰ ਕਰੋੜਾਂ ਰੁਪਏ ਦਾ ਇਸ਼ਤਿਹਾਰ 'ਤੇ ਪੈਸਾ ਖ਼ਰਚ ਰਹੀ ਹੈ ਤੇ ਦੂਜੇ ਪਾਸੇ ਵਿਰੋਧੀ ਧਿਰ ਕਾਂਗਰਸ ਦਾ ਵੀ ਮੁੱਖ ਕੰਮ ਖ਼ੱਪ-ਰੌਲਾ ਪਾਉਣਾ ਹੀ ਹੈ। ਜਿਨ੍ਹਾਂ ਨੇ ਸਹੁੰ ਖਾਧੀ ਹੈ ਕਿ ਕੁਝ ਵੀ ਹੋ ਜਾਵੇ ਸੰਸਦ ਨਹੀਂ ਚੱਲਣ ਦੇਣੀ। ਖ਼ੱਪ-ਰੌਲਾ ਪਾ ਕੇ ਕੋਈ ਵੀ ਕੰਮ ਚੱਲਦਾ ਹੋਵੇ, ਉਸ 'ਚ ਅੜਚਣ ਪਾਉਣੀ ਹੀ ਹੈ। ਤੁਸੀਂ ਦੇਸ਼ ਦੇ ਮੁੱਖ ਵਿਰੋਧੀ ਦਲ ਵਜੋਂ ਤਰਕ 'ਤੇ ਅਧਾਰਿਤ ਕੋਈ ਗੱਲ ਕਰੋਗੇ ਤਾਂ ਸਾਰਾ ਦੇਸ਼ ਉਸ ਨੂੰ ਸੁਣੇਗਾ ਪਰ ਜੇ ਸਿਰਫ਼ ਖ਼ੱਪ-ਰੌਲਾ ਪਾ ਕੇ ਕੰਮ 'ਚ ਵਿਘਨ ਹੀ ਪੈਦਾ ਕਰਨੇ ਹਨ ਤਾਂ ਤੁਹਾਡੀ ਰਾਜਨੀਤੀ ਜ਼ਿਆਦਾ ਦੇਰ ਨਹੀਂ ਚੱਲਣੀ ਜੇ ਤੁਹਾਨੂੰ ਡਰ ਹੈ ਤੇ ਬਾਬਾ ਸਾਹਿਬ ਦੇ ਜੀਵਨ 'ਤੇ ਇਕ ਝਾਤ ਜ਼ਰੂਰ ਮਾਰ ਲਈਓ, ਜਿਨ੍ਹਾਂ ਨੇ ਇਕੱਲੇ ਆਪਣੇ ਦਮ 'ਤੇ, ਆਪਣੀ ਤਰਕ ਸ਼ਕਤੀ ਨਾਲ, ਆਪਣੇ ਸਮਾਜ ਲਈ ਕ੍ਰਾਂਤੀ ਲਿਆ ਦਿੱਤੀ। ਬੋਤਲ 'ਚ ਹਾਥੀ ਪਾਉਣ ਵਾਲਿਓ ਬਹੁਤੀ ਦੇਰ ਤੱਕ ਤੁਹਾਡੀਆਂ ਇਹ ਤਮਾਸ਼ਬੀਨੀਆਂ ਚੱਲਣੀਆਂ ਨਹੀਂ।
- ਅਜੇ ਕੁਮਾਰ