Friday 11 June 2021

ਜਾਤਾਂ ਦੀ ਭੀੜ ਵਿੱਚ ਗੁਆਚਿਆ ਦਲਿਤ


150 ਪੀੜ੍ਹੀਆਂ ਦੀ ਗੁਲਾਮੀ ਦੇ ਖ਼ਾਤਮੇ ਦਾ ਮੁੱਢ ਬਾਬਾ ਸਾਹਿਬ ਅੰਬੇਡਕਰ ਜੀ ਨੇ ਆਪਣੇ ਪੂਰੇ ਜੀਵਨ ਦੇ ਸੰਘਰਸ਼ ਸਦਕਾ ਭਾਰਤ ਨੂੰ ਭਾਰਤੀ ਸੰਵਿਧਾਨ ਦੇ ਕੇ ਬੰਨ੍ਹ ਦਿੱਤਾ ਸੀ। ਭਾਰਤੀ ਸੰਵਿਧਾਨ ਨੂੰ ਲਾਗੂ ਹੋਣ ਦੇ 70 ਸਾਲ ਬਾਅਦ ਵੀ ਅੱਜ ਵੀ ਦਲਿਤਾਂ ਦੇ ਹਾਲਾਤ ਉਹ ਨਹੀਂ ਹਨ ਜਿਸ ਦਾ ਸੁਪਨਾ ਬਾਬਾ ਸਾਹਿਬ ਅੰਬੇਡਕਰ ਨੇ ਦੇਖਿਆ ਸੀ। ਉਸ ਦਾ ਮੁੱਖ ਕਾਰਣ ਹੈ ਭਾਰਤ ਦੇ ਸੰਵਿਧਾਨ ਦਾ ਪੂਰੀ ਇਮਾਨਦਾਰੀ ਨਾਲ ਲਾਗੂ ਨਾ ਹੋਣਾ। ਬਾਬਾ ਸਾਹਿਬ ਅੰਬੇਡਕਰ ਨੇ ਜਿਹੜੀਆਂ ਸਮਾਜਿਕ ਕੁਰੀਤੀਆਂ ਦੇ ਖ਼ਿਲਾਫ ਆਪਣੇ ਸਮਾਜ ਨੂੰ ਪੜ੍ਹ-ਲਿਖ ਕੇ ਇਕਜੁੱਟ ਹੋ ਕੇ ਉਨ੍ਹਾਂ ਦੇ ਨਾਲ ਲੜਨ ਲਈ ਕਿਹਾ ਸੀ। ਬਾਬਾ ਸਾਹਿਬ ਦਾ ਸਮਾਜ ਅੱਜ ਉਹ ਤਮਾਮ ਕੁਰੀਤੀਆਂ ਆਪਣੇ ਅੰਦਰ ਭਰ ਚੁੱਕਿਆ ਹੈ। ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ ਕਿ ਹਿੰਦੂ ਇਕ ਬਹੁਮੰਜ਼ਿਲਾ ਇਮਾਰਤ ਹੈ, ਜਿਹੜਾ ਜਿਸ ਇਮਾਰਤ ’ਚ ਜੰਮਿਆ ਹੈ, ਉਸੇ ਇਮਾਰਤ ’ਚ ਹੀ ਮਰ ਜਾਵੇਗਾ। ਅਸੀਂ ਵਿਚਾਰ ਕਰੀਏ ਕਿ ਕੀ ਦਲਿਤਾਂ ਵਿੱਚ ਵੀ ਹਿੰਦੂਆਂ ਦਾ ਇਹੋ ਸਿਸਟਮ ਪੂਰੀ ਤਰ੍ਹਾਂ ਲਾਗੂ ਨਹੀਂ ਹੈ? ਜੇਕਰ ਅਸੀਂ ਦਲਿਤ ਸਮਾਜ ਦੀ ਗੱਲ ਕਰੀਏ ਤਾਂ ਸਵਾਲ ਪੈਦਾ ਹੁੰਦਾ ਹੈ ਦਲਿਤ ਹੈ ਕਿੱਥੇ? ਜਿਵੇਂ ਅਸੀਂ ਕਿਸੇ ਕਰਿਆਨੇ ਦੀ ਦੁਕਾਨ ’ਤੇ ਲਿਖਿਆ ਪੜ੍ਹਦੇ ਹਾਂ ਕਿ ਕਰਿਆਨਾ ਜਨਰਲ ਸਟੋਰ, ਪਰ ਜਦੋਂ ਅਸੀਂ ਉਸ ਦੁਕਾਨ ਦੇ ਮਾਲਕ ਨੂੰ ਕਹੀਏ ਕਿ ਦੋ ਕਿਲੋ ਕਰਿਆਨਾ ਦੇ ਦੇ ਤਾਂ ਉਹ ਕਹੇਗਾ ਕਿ ਕਰਿਆਨਾ ਨਾਂ ਦੀ ਕੋਈ ਚੀਜ਼ ਨਹੀਂ ਹੈ। ਉਹ ਕਹੇਗਾ ਮੇਰੇ ਕੋਲ ਆਟਾ, ਦਾਲ, ਖੰਡ, ਘਿਓ, ਲੂਣ, ਮਿਰਚ, ਮਸਾਲਾ, ਤੇਲ, ਸਾਬਣ ਆਦਿ ਹਰ ਚੀਜ਼ ਹੈ ਪਰ ਕਰਿਆਨਾ ਨਾਂ ਦੀ ਕੋਈ ਚੀਜ਼ ਨਹੀਂ ਹੈ। ਇਸੇ ਤਰ੍ਹਾਂ ਅੱਜ ਕਿਸੇ ਵੀ ਦਲਿਤ ਨੂੰ ਪੁੱਛੀਏ ਤਾਂ ਉਹ ਆਖਦਾ ਹੈ ਮੈਂ ਚਮਾਰ ਹਾਂ, ਮੈਂ ਵਾਲਮੀਕਨ ਹਾਂ, ਮੈਂ ਭਗਤ ਹਾਂ, ਮੈਂ ਰਾਏ ਸਿੱਖ ਹਾਂ, ਮੈਂ ਧੋਬੀ ਹਾਂ, ਉਸ ਵਿੱਚੋਂ ਦਲਿਤ ਕਿੱਧਰੇ ਨਜ਼ਰ ਨਹੀਂ ਆਉਦਾ। ਭਾਰਤ ਵਿੱਚ ਦਲਿਤਾਂ ਨੇ ਠੀਕ ਹਿੰਦੂਆਂ ਦੀ ਤਰ੍ਹਾਂ ਆਪਣੀ ਵਿਵਸਥਾ ਕਾਇਮ ਕਰਦੇ ਹੋਏ ਇਕ ਸੰਤਰੇ ਦੀ ਤਰ੍ਹਾਂ ਰੂਪ ਲੈ ਲਿਆ ਹੈ। ਜਿਵੇਂ ਸੰਤਰੇ ਦਾ ਬਾਹਰਲਾ ਹਿੱਸਾ ਬਹੁਤ ਨਾਜ਼ੁਕ ਹੁੰਦਾ ਹੈ, ਹਲਕਾ ਜਿਹਾ ਹੱਥ ਲਾਇਆਂ ਵੀ ਛਿਲਕਾ ਟੁੱਟ ਜਾਂਦਾ ਹੈ, ਤਾਂ ਅੰਦਰੋਂ ਸੰਤਰੇ ਦੀਆਂ ਫਾੜੀਆਂ ਅਲੱਗ-ਅਲੱਗ ਨਜ਼ਰ ਆਉਦੀਆਂ ਹਨ ਜਿਨ੍ਹਾਂ ਨੂੰ ਬੜੇ ਅਰਾਮ ਨਾਲ ਖਾਧਾ ਜਾ ਸਕਦਾ ਹੈ। ਇਸੇ ਕਰਕੇ ਦਲਿਤ ਸਮਾਜ ਦੀਆਂ ਸਮੱਸਿਆਵਾਂ ਸਾਂਝੀਆਂ ਹਨ। ਪਰ ਦਲਿਤ ਸਮਾਜ ਵਿੱਚ ਫਸੀਆਂ ਜਾਤਾਂ ਤੇ ਗੋਤਰ ਆਪਣੇ-ਆਪਣੇ ਢੰਗ ਨਾਲ ਇਨ੍ਹਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਨਤੀਜੇ ਵਜੋਂ ਦਲਿਤਾਂ ਦੀ ਤਰੱਕੀ ਬਹੁਤ ਮੱਧਮ ਰਫ਼ਤਾਰ ਨਾਲ ਹੋ ਰਹੀ ਹੈ ਤੇ ਦੂਜੇ ਪਾਸੇ ਗੈਰ-ਦਲਿਤਾਂ ਨੇ ਅਸਮਾਨ ਸਿਰ ’ਤੇ ਚੁੱਕਿਆ ਹੋਇਆ ਹੈ, ਦਲਿਤ ਓਹ ਲੈ ਗਏ, ਦਲਿਤ ਓਹ ਖਾ ਗਏ। ਉਦਾਹਰਣ ਵਜੋਂ ਪੂਰੇ ਭਾਰਤ ਵਿੱਚ ਤਕਰੀਬਨ 25 ਲੱਖ ਨੌਕਰੀ ਬੈਕਲਾਗ ਕੋਟੇ ਵਜੋਂ ਕੇਂਦਰ ਸਰਕਾਰ ਦੀ ਪਈ ਹੋਈ ਹੈ ਅਤੇ ਭਾਰਤ ਦੇ ਸਾਰੇ ਰਾਜਾਂ ਦੀ ਨੌਕਰੀਆਂ ਦੇ ਬੈਕਲਾਗ ਕੋਟੇ ਦੀ ਗੱਲ ਕਰੀਏ ਤਾਂ ਇਨ੍ਹਾਂ ਦਾ ਕੁੱਲ ਜੋੜ 50 ਲੱਖ ਤੋਂ ਪਾਰ ਪਹੁੰਚਦਾ ਹੈ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਜਿਹੜੇ ਪੱਖੋਂ ਦਲਿਤਾਂ ਨੇ ਮੁੱਖ ਤਰੱਕੀ ਕਰਨੀ ਹੈ, ਉਸ ਪੱਖੋਂ ਹੀ ਸਮੇਂ ਦੀਆਂ ਸਰਕਾਰਾਂ ਨੇ ਰੁਕਾਵਟ ਪੈਦਾ ਕੀਤੀ ਹੋਈ ਹੈ। ਮਜ਼ੇ ਵਾਲੀ ਗੱਲ ਇਹ ਹੈ ਕਿ ਹਰ ਸਟੇਟ ਅਤੇ ਕੇਂਦਰ ਵਿੱਚ ਹਰ ਪਾਰਟੀ ’ਚ ਦਲਿਤਾਂ ਦੇ ਨੁਮਾਇੰਦੇ ਬੈਠੇ ਹੋਏ ਹਨ। ਉਨ੍ਹਾਂ ਦੇ ਗਲੇ ਵਿੱਚ ਆਪਣੀ-ਆਪਣੀ ਪਾਰਟੀ ਦੀ ਤਖ਼ਤੀ ਹੈ। ਇਸ ਦੇ ਬਿਲਕੁਲ ਬਰਾਬਰ ਬਾਹਰ ਕੰਮ ਕਰ ਰਹੀਆਂ ਸਮਾਜਿਕ ਜਥੇਬੰਦੀਆਂ ਉਨ੍ਹਾਂ ਕੋਲ ਵੀ ਆਪਣਾ-ਆਪਣਾ ਬੈਨਰ ਹੈ ਅਤੇ ਉਹ ਇਕ-ਦੂਜੇ ਦੇ ਬੈਨਰ ਹੇਠਾਂ ਕਿਸੇ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੁੰਦੀਆਂ। ਭਾਵੇਂ ਭਾਰਤ ਵਿੱਚ 131 ਐਮ. ਪੀ., 1120 ਐਮ. ਐਲ. ਏ., ਲੱਖਾਂ ਪੰਚ-ਸਰਪੰਚ, ਹਜ਼ਾਰਾਂ ਕੌਂਸਲਰ ਹਨ ਪਰ ਫਿਰ ਵੀ ਦਲਿਤਾਂ ਦੀ ਤਰੱਕੀ ਦੇ ਰਾਹ ਖੋਲ੍ਹਣ ਵਿੱਚ ਇਹ ਸਾਰੇ ਆਪਣੀ ਮਜ਼ਬੂਰੀ ਦਰਸਾਉਦੇ ਹਨ। ਇਸ ਲਈ ਮੈਨੂੰ ਲੱਗਦਾ ਹੈ ਕਿ ਸਮੇਂ ਦੀ ਮੰਗ ਹੈ ਜਾਤ-ਗੋਤਰ ਦੀ ਲੜ੍ਹਾਈ ਛੱਡ ਕੇ ਅਸੀਂ ਜਮਾਤ ਦੀ ਲੜ੍ਹਾਈ ਲੜੀਏ ਤਾਂ ਜੋ ਰਾਜਸੱਤਾ ’ਤੇ ਬੈਠੇ ਲੋਕ ਦਲਿਤਾਂ ਦੇ ਮੁੱਦਿਆਂ ਨੂੰ ਹੱਲ ਕਰਨ ਵੱਲ ਧਿਆਨ ਦੇਣ ਨਾ ਕਿ ਦਲਿਤਾਂ ਨੂੰ ਅਹੁਦਿਆਂ ਦਾ ਲੌਲੀਪੱਪ ਦੇ ਕੇ ਹੀ ਉਨ੍ਹਾਂ ਦਾ ਮੂੰਹ ਬੰਦ ਕਰੀ ਰੱਖਣ। ਇਥੇ ਖਾਸ ਕਰਕੇ ਇਕ ਗੱਲ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਜਿਵੇਂ ਅੱਜ ਕੱਲ੍ਹ ਪੰਜਾਬ ਵਿੱਚ ਸਾਰੀਆਂ ਪਾਰਟੀਆਂ ਦਲਿਤਾਂ ਨੂੰ ਮੂਰਖ ਬਣਾਉਣ ਲਈ ਕੋਈ ਦਲਿਤ ਮੁੱਖਮੰਤਰੀ, ਕੋਈ ਦਲਿਤ ਉਪ ਮੁੱਖ ਮੰਤਰੀ ਕਹਿ ਰਿਹਾ ਹੈ ਤੇ ਕੋਈ ਦਲਿਤਾਂ ਨੂੰ ਵੱਡੇ-ਵੱਡੇ ਅਹੁਦਿਆਂ ’ਤੇ ਬਿਠਾ ਰਿਹਾ ਹੈ। 

ਇਥੇ ਪੰਜਾਬ ਦੇ ਸਾਰੇ ਦਲਿਤਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਕੀ ਜਿਹੜੀਆਂ ਵੀ ਪਾਰਟੀਆਂ ਦਲਿਤਾਂ ਨੂੰ ਮੁੱਖ ਮੰਤਰੀ, ਉਪ ਮੁੱਖ ਮੰਤਰੀ ਜਾਂ ਹੋਰ ਵੱਡੇ ਅਹੁਦੇ ਦੇਣ ਦੀ ਗੱਲ ਕਰਦੀਆਂ ਹਨ ਕੀ ਇਸ ਨਾਲ ਦਲਿਤਾਂ ਦੇ ਮਸਲੇ ਹੱਲ ਹੋ ਜਾਣਗੇ ਜੇ ਵਾਕਿਆ ਹੀ ਉਹ ਦਲਿਤਾਂ ਦੇ ਸਾਰੇ ਮਸਲੇ ਹੱਲ ਕਰਨਾ ਚਾਹੁੰਦੇ ਹਨ ਤਾਂ ਉਹ ਪੰਜਾਬ ਵਿੱਚ ਰਹਿ ਰਹੇ ਸਾਰੇ ਦਲਿਤਾਂ ਦੇ ਲਈ ਰੋਟੀ, ਕੱਪੜਾ, ਮਕਾਨ, ਸਿਹਤ, ਸਿੱਖਿਆ ਸੁਰੱਖਿਅਤ ਹੋਵੇ ਇਹ ਗੱਲ ਯਕੀਨੀ ਬਣਾਉਣ। 

ਅਜੇ ਕੁਮਾਰ