Thursday 19 November 2020

ਲੋਕਤੰਤਰ ਦਾ ਭੋਗ ਪੈ ਚੁੱਕਾ ਹੈ


ਅੱਜ ਵੀ ਬਹੁਤ ਸਾਰੇ ਵਿਦਵਾਨ, ਸਮਾਜਿਕ, ਰਾਜਨੀਤਕ ਤੇ ਧਾਰਮਿਕ ਲੀਡਰ ਆਪਣੇ ਭਾਸ਼ਣਾਂ ਵਿੱਚ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਭਾਰਤ ਵਿੱਚ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਪਰ ਅੱਜ ਦੇ ਇਸ ਸਮੇਂ ਵਿੱਚ ਭਾਰਤ 'ਚ ਲੋਕਤੰਤਰ ਨਾਂ ਦੀ ਚਿੜੀ ਦਮ ਤੋੜ ਚੁੱਕੀ ਹੈ। ਉਸ ਦੇ ਖੰਭ ਖਿੱਲਰ ਗਏ ਹਨ। ਲੋਕਤੰਤਰ ਦੀਆਂ ਧੱਜੀਆਂ ਉਡਾਉਣ ਵਾਲੇ ਕੋਈ ਬਾਹਰਲੇ ਮੁਲਖੋਂ ਨਹੀਂ ਆਏ ਹਨ।  ਲੋਕਤੰਤਰ ਦੇ ਚਾਰੇ ਥੰਮ੍ਹ ਵਿਧਾਨ ਪਾਲਿਕਾ, ਕਾਰਜ ਪਾਲਿਕਾ, ਨਿਆਂ ਪਾਲਿਕਾ ਅਤੇ ਮੀਡੀਆ ਚਾਰੇ ਖਾਨੇ ਚਿੱਤ ਹੋ ਚੁੱਕੇ ਹਨ। ਵਿਧਾਨ ਪਾਲਿਕਾ ਵਿੱਚ ਬੈਠੇ 42 ਪ੍ਰਤੀਸ਼ਤ ਨੁਮਾਇੰਦੇ ਅਪਰਾਧੀ, ਦਾਗੀ ਅਤੇ ਚਰਿੱਤਰਹੀਣ ਕਿਸਮ ਦੇ ਭੱਦਰਪੁਰਸ਼ ਹਨ। ਜਿਨ੍ਹਾਂ ਦਾ ਇਕ ਸੂਤਰੀ ਪ੍ਰੋਗਰਾਮ ਹੈ, ਆਪਣੇ ਲਈ ਅਤੇ ਆਪਣੀਆਂ ਆਉਣ ਵਾਲੀਆਂ ਸੱਤ ਪੀੜ੍ਹੀਆਂ ਲਈ ਪੈਸਾ ਸਮੇਟਣਾ। ਮੁਲਖ ਭਾਵੇਂ ਭਾੜ 'ਚ ਜਾਏ। ਕਾਰਜ ਪਾਲਿਕਾ 'ਚ ਬੈਠੇ ਜ਼ਿਆਦਾਤਰ ਅਫ਼ਸਰ ਸਹਿਬਾਨ ਕੁਰਸੀਆਂ ਨੂੰ ਆਪਣੇ ਬਜ਼ੁਰਗਾਂ ਦੀ ਖਾਨਦਾਨੀ ਜਗੀਰ ਸਮਝਦੇ ਹੋਏ ਆਪਣੇ ਬਣਦੇ ਫਰਜ਼ ਤੋਂ ਮੁਨਕਰ ਹੋਈ ਬੈਠੇ ਹਨ। ਸੰਵਿਧਾਨ ਨਿਰਮਾਤਾ ਨੇ ਜਿਸ ਨੂੰ ਇਨਸਾਫ਼ ਦਾ ਮੰਦਰ ਕਹਿ ਕੇ ਪੁਕਾਰਿਆ ਸੀ, ਉਸ ਨਿਆਂ ਪਾਲਿਕਾ ਦੀ ਵੀ ਕਹਾਣੀ ਕਿਸੇ ਤੋਂ ਜ਼ਿਆਦਾ ਲੁਕੀ-ਛੁਪੀ ਨਹੀਂ ਹੈ। ਰੋਜ਼ ਅਸੀਂ ਦੇਖ ਰਹੇ ਹਾਂ ਕਿ ਨਿਆਂ ਪਾਲਿਕਾ ਵਿੱਚ ਬੈਠੇ ਜੱਜ ਆਪਣੀ ਮਨ-ਮਰਜ਼ੀ ਦੇ ਮੁਤਾਬਕ ਬਿਨਾਂ ਕਿਸੇ ਅਪੀਲ ਤੋਂ ਹੀ ਕੇਸ ਨੂੰ ਖ਼ੁਦ ਹੀ ਨੋਟਿਸ ਕਰਕੇ ਆਪਣਾ ਫੈਸਲਾ ਸੁਣਾ ਦਿੰਦੇ ਹਨ, ਜਦਕਿ ਦੂਜੇ ਪਾਸੇ ਉਨ੍ਹਾਂ ਕੋਲ 20-20 ਸਾਲਾਂ ਤੋਂ ਕੇਸ ਪਏ ਹਨ, ਜਿਨ੍ਹਾਂ ਨੂੰ ਉਹ ਦੱਬੀ ਬੈਠੇ ਹਨ। ਕੋਈ ਕਿਸੇ ਦੀ ਸੁਣਨ ਵਾਲਾ ਨਹੀਂ ਹੈ, ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲੇ 'ਸੰਵਿਧਾਨ ਗਲਤ ਹੈ' ਇਸ ਗੱਲ ਦਾ ਰੌਲਾ ਪਾ ਰਹੇ ਹਨ। ਸਭ ਤੋਂ ਵੱਡੀ ਦੁਖਦਾਈ ਗੱਲ ਇਹ ਹੈ ਕਿ ਲੋਕਤੰਤਰ ਦਾ ਚੌਥਾ ਥੰਮ੍ਹ ਮੀਡੀਆ ਜਿਹਨੇ ਆਮ ਨਾਗਰਿਕਾਂ ਦੇ ਹੱਕਾਂ ਨੂੰ ਲੈ ਕੇ ਅਤੇ ਨਾ-ਇਨਸਾਫ਼ੀ ਕਰਨ ਵਾਲੇ ਜ਼ੋਰਾਵਰ ਲੋਕਾਂ ਖਿਲਾਫ਼ ਅਵਾਜ਼ ਬੁਲੰਦ ਕਰਨੀ ਸੀ, ਉਹ 99.99 ਪ੍ਰਤੀਸ਼ਤ ਮੀਡੀਆ ਅੱਜ ਕੰਜਰੀਆਂ ਵਾਂਗੂੰ ਅੱਯਾਸ਼ ਲੀਡਰਾਂ ਅਤੇ ਅਫ਼ਸਰਾਂ  ਦੇ ਤਲਵੇ ਚੱਟਣ 'ਚ ਹੀ ਇੰਨਾ ਮਸਤ ਤੇ ਵਿਅਸਤ ਹੈ ਕਿ ਉਹ ਇਹ ਵੀ ਗੱਲ ਭੁੱਲ ਗਿਆ ਹੈ ਕਿ ਕੱਲ੍ਹ ਜਦੋਂ ਇਤਿਹਾਸ ਵਿੱਚ ਦੇਸ਼ ਦੀ ਬਰਬਾਦੀ ਦੇ ਕਾਲੇ ਪੰਨੇ ਲਿਖੇ ਜਾਣਗੇ ਉਸ ਵਿੱਚ ਸਭ ਤੋਂ ਵੱਧ ਸਵਾਲਾਂ ਦੇ ਕਟਹਿਰੇ ਵਿੱਚ ਮੌਜੂਦਾ ਮੀਡੀਆ ਦੇ ਮੁਖੀ ਖੜੇ ਹੋਣਗੇ। ਜਿਨ੍ਹਾਂ ਨੂੰ ਆਉਣ ਵਾਲੀਆਂ ਕਈ ਪੀੜ੍ਹੀਆਂ ਬਖਸ਼ਣਗੀਆਂ ਨਹੀਂ। ਇਹੋ ਕਾਰਣ ਹੈ ਕਿ ਅੱਜ ਭਾਰਤ ਵਿੱਚ ਅੱਯਾਸ਼, ਪੁਰੋਹਿਤਵਾਦ ਤੇ ਅਵਾਰਾ ਪੂੰਜੀਪਤੀ ਦੋਨਾਂ ਦੀ ਸਾਂਝ ਇੰਨੀ ਗਹਿਰੀ ਤੇ ਮਜ਼ਬੂਤ ਹੋ ਗਈ ਹੈ ਕਿ ਹਰ ਪਾਸੇ ਤ੍ਰਾਹੀ ਮਚੀ ਹੋਈ ਹੈ। ਭਾਰਤ ਦੀ ਧਰਤੀ ਦਿਨ-ਬ-ਦਿਨ ਨਰਕਮਈ ਹੁੰਦੀ ਜਾ ਰਹੀ ਹੈ,  ਜੇ ਇੰਝ ਹੀ ਚਲਦਾ ਰਿਹਾ ਤਾਂ ਆਮ ਬੰਦੇ ਦਾ ਹਰ ਪਲ ਘੁਟ-ਘੁਟ ਕੇ ਮਰਨਾ ਨਿਸ਼ਚਿਤ ਹੈ। ਮਨੁੱਖੀ ਕਦਰਾਂ-ਕੀਮਤਾਂ ਦੀ ਗੱਲ ਇਕ ਖੁਆਬ ਬਣ ਕੇ ਰਹਿ ਗਈ ਹੈ, ਸਾਰੀਆਂ ਕਦਰਾਂ-ਕੀਮਤਾਂ ਬਰਬਾਦ ਹੋਣ ਦੇ ਕੰਢੇ ਹਨ, ਕਹਿਣ ਨੂੰ ਭਾਵੇਂ ਅਸੀਂ ਅਜ਼ਾਦ ਭਾਰਤ ਵਿੱਚ ਅਜ਼ਾਦ ਰਹਿ ਰਹੇ ਹਾਂ, ਸਾਡੇ ਮੁਲਖ 'ਚ ਲੋਕਤੰਤਰ ਹੈ, ਲੋਕਾਂ ਦੀ ਚੁਣੀ ਸਰਕਾਰ ਹੈ, ਪਰ ਅਸਲ ਵਿੱਚ ਜੇਕਰ ਝਾਤ ਮਾਰੀਏ ਤਾਂ ਜਿਸ ਮੁਲਖ ਵਿੱਚ ਮਜ਼ਦੂਰ ਸੜਕ 'ਤੇ ਹੋਵੇ, ਕਿਸਾਨ ਸੜਕ 'ਤੇ ਹੋਵੇ, ਵਿਦਿਆਰਥੀ ਸੜਕ 'ਤੇ ਹੋਵੇ, ਵਪਾਰੀ ਸੜਕ 'ਤੇ ਹੋਵੇ, ਘੱਟ ਗਿਣਤੀਆਂ ਸੜਕ 'ਤੇ ਹੋਣ, ਗਰੀਬ ਸੜਕ 'ਤੇ ਹੋਵੇ, ਤਕਰੀਬਨ ਹਰ ਵਰਗ ਸੁੱਖ ਭੋਗ ਰਹੇ ਨੇਤਾਵਾਂ ਤੇ ਅਫਸਰਾਂ ਤੋਂ ਦੁਖੀ ਹੋਵੇ ਤੇ ਫਿਰ ਵੀ ਦੇਸ਼ ਦੇ ਆਗੂ ਇਹ ਕਹਿਣ ਕਿ ਭਾਰਤ ਵਿਸ਼ਵ ਗੁਰੂ ਬਣਨ ਜਾ ਰਿਹਾ ਹੈ, ਅੱਛੇ ਦਿਨ ਆ ਚੁੱਕੇ ਹਨ ਤਾਂ ਫਿਰ ਸਾਨੂੰ ਕਿਸੇ ਨੂੰ ਵੀ ਇਸ ਗੱਲ ਦਾ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਭਾਰਤ ਵਿੱਚ ਤਾਨਾਸ਼ਾਹੀ ਰਾਜ ਚੱਲ ਰਿਹਾ ਹੈ , ਸ਼ਾਇਦ ਅਜਿਹਾ ਤਾਨਾਸ਼ਾਹੀ ਰਾਜ ਹੈ ਜਿਹੜਾ ਹਿਟਲਰ ਦੀ ਤਾਨਾਸ਼ਹੀ ਨੂੰ ਵੀ ਬੌਣਾ ਸਾਬਤ ਕਰ ਦੇਵੇਗਾ। ਮਤਲਬ ਸਾਫ ਹੈ ਭਾਰਤ ਵਿੱਚ ਲੋਕਤੰਤਰ ਦਾ ਭੋਗ ਪੈ ਚੁੱਕਾ ਹੈ, ਜਿਹੜੇ ਲੋਕ ਲੋਕਤੰਤਰ ਦੇ ਪ੍ਰੇਮੀ ਹਨ, ਉਨ੍ਹਾਂ ਨੂੰ ਬਿਨਾਂ ਕਿਸੇ ਦੇਰੀ ਦੇ ਬਿਨਾਂ ਕਿਸੇ ਆਪਸੀ ਮਤਲਬ ਤੋਂ ਉੱਪਰ ਉੱਠ ਕੇ ਹਰ ਜਗ੍ਹਾ 'ਤੇ ਲੜਾਈ ਲੜਨੀ ਚਾਹੀਦੀ ਹੈ। ਭਾਵੇਂ ਇਹ ਲੜਾਈ ਸੜਕ 'ਤੇ ਹੋਵੇ, ਭਾਵੇਂ ਕਿਸੇ ਦੇ  ਦਫ਼ਤਰ 'ਚ ਹੋਵੇ ਤੇ ਭਾਵੇਂ ਲੋਕ ਸਭਾ, ਰਾਜ ਸਭਾ, ਵਿਧਾਨ ਸਭਾ 'ਚ ਹੋਵੇ। ਨਹੀਂ ਤਾਂ ਕੋਈ ਫਾਇਦਾ ਨਹੀਂ ਹੈ ਅਜਿਹੇ ਝੂਠੇ ਲੋਕਤੰਤਰ ਦਾ। ਤੇ ਨਾਲ ਹੀ ਸਾਨੂੰ ਕਦੇ ਵੀ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਸ ਲੋਕਤੰਤਰ ਨੂੰ ਲਿਆਉਣ ਲਈ ਸਾਡੇ ਹਜ਼ਾਰਾਂ ਸ਼ਹੀਦਾਂ ਤੇ ਵਿਦਵਾਨਾਂ ਨੇ ਆਪਣੀਆਂ ਤੇ ਆਪਣੇ ਪਰਿਵਾਰ ਦੀਆਂ ਕੁਰਬਾਨੀਆਂ ਦਿੱਤੀਆਂ ਹਨ। ਦੁੱਖ ਤਾਂ ਬਹੁਤ ਹੈ ਇਸ ਗੱਲ ਦਾ ਕਿ  ਲੋਕਤੰਤਰ ਦਾ ਭੋਗ ਪੈ ਚੁੱਕਾ ਹੈ। ਪਰ ਹਾਲੇ ਵੀ ਬਹੁ-ਗਿਣਤੀ ਲੋਕ ਇਸ ਗੱਲ ਤੋਂ ਬੇਖ਼ਬਰ ਹਨ। ਜਿੱਥੇ ਮੈਨੂੰ ਦੁੱਖ ਹੈ ਉਥੇ ਮੈਨੂੰ ਮਾਣ ਵੀ ਹੈ ਕਿ ਲੋਕਤੰਤਰ ਨੂੰ ਜਿਉਂਦਾ ਕਰਨ ਲਈ ਲੜਾਈ ਮੇਰੇ ਹਿੱਸੇ ਆਈ ਹੈ ਤੇ ਮੈਂ ਇਸ ਲੜਾਈ ਨੂੰ ਤਨਦੇਹੀ ਨਾਲ ਲੜਾਂਗਾ ਕਿਉਂਕਿ ਇਹ ਲੋਕਤੰਤਰ ਸਾਨੂੰ ਖ਼ੈਰਾਤ 'ਚ ਨਹੀਂ ਬਲਕਿ ਯੁੱਗ ਪੁਰਸ਼ ਡਾ. ਭੀਮ ਰਾਓ ਅੰਬੇਡਕਰ ਅਤੇ ਅਣਖੀ ਤਰਕਸ਼ੀਲ ਯੋਧੇ ਸ. ਭਗਤ ਸਿੰਘ ਜਿਹੇ ਅਨਮੋਲ ਹੀਰੇ ਗੁਆ ਕੇ ਮਿਲਿਆ ਹੈ। ਮੈਂ ਹੋਕਾ ਦਿੰਦਾ ਹਾਂ ਲੋਕਤੰਤਰ ਨੂੰ ਬਚਾਉਣ ਲਈ ਆਉ ਮਿਲ ਕੇ ਹੰਭਲਾ ਮਾਰੀਏ। ਮੈਨੂੰ ਇੰਤਜ਼ਾਰ ਰਹੇਗਾ ਪਾਠਕਾਂ ਦੇ ਸੁਝਾਵਾਂ ਤੇ ਸਹਿਯੋਗ ਦਾ।

-ਅਜੇ ਕੁਮਾਰ